ਕੀ ਪਰਮੇਸ਼ੁਰ ਦਾ ਬਚਨ ਤੁਹਾਡੀ ਜ਼ਿੰਦਗੀ ʼਤੇ ਅਸਰ ਕਰਦਾ ਹੈ?
ਹਰ ਰੋਜ਼ ਬਾਈਬਲ ਪੜ੍ਹਨ ਨਾਲ ਸਾਡੀ ਸੱਚਾਈ ਵਿਚ “ਜੜ੍ਹਾਂ ਪੱਕੀਆਂ” ਕਰਨ ਅਤੇ ‘ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹਿਣ’ ਵਿਚ ਮਦਦ ਹੋ ਸਕਦੀ ਹੈ। (ਕੁਲੁ. 2:6, 7) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਦਾ ਸਾਡੀ ਜ਼ਿੰਦਗੀ ʼਤੇ ਅਸਰ ਪਵੇ, ਤਾਂ ਸਾਨੂੰ ਇਸ ਨੂੰ ਧਿਆਨ ਨਾਲ ਪੜ੍ਹਨ ਅਤੇ ਇਸ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ। (ਇਬ. 4:12; ਯਾਕੂ. 1:22-25) ਯਹੋਸ਼ੁਆ 1:8 ਵਿਚ ਬਾਈਬਲ ਪੜ੍ਹਨ ਦੇ ਤਿੰਨ ਅਸਰਦਾਰ ਤਰੀਕੇ ਦੱਸੇ ਗਏ ਹਨ: (1) ਪਰਮੇਸ਼ੁਰ ਦੇ ਬਚਨ ਨੂੰ “ਦਿਨ ਰਾਤ” ਪੜ੍ਹੋ। (2) “ਧਿਆਨ” ਨਾਲ ਪੜ੍ਹੋ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਅਸੀਂ ਅਜਿਹੀ ਰਫ਼ਤਾਰ ਨਾਲ ਪੜ੍ਹੀਏ ਤਾਂਕਿ ਅਸੀਂ ਸੋਚ-ਵਿਚਾਰ ਕਰ ਸਕੀਏ ਅਤੇ ਕਲਪਨਾ ਕਰ ਸਕੀਏ ਕਿ ਕਿਸੇ ਥਾਂ ʼਤੇ ਕਿਹੋ ਜਿਹੇ ਹਾਲਾਤ ਸਨ। (3) ਜੋ ਵੀ ਬਚਨ ਵਿਚ “ਲਿਖਿਆ” ਹੈ, ਉਸ ਨੂੰ ਦਿਲੋਂ ਲਾਗੂ ਕਰੋ। ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਨਾਲ ਅਸੀਂ ‘ਸਫ਼ਲ’ ਹੋਵਾਂਗੇ ਅਤੇ ਆਪਣੀ ਜ਼ਿੰਦਗੀ ਵਿਚ ਸਮਝਦਾਰੀ ਨਾਲ ਚੱਲਾਂਗੇ।