ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2025 Watch Tower Bible and Tract Society of Pennsylvania
7-13 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 21
ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ਲਈ ਵਧੀਆ ਅਸੂਲ
ਤੁਸੀਂ ਸਹੀ ਫ਼ੈਸਲੇ ਕਿੱਦਾਂ ਕਰ ਸਕਦੇ ਹੋ?
ਜਲਦਬਾਜ਼ੀ ਵਿਚ ਅਸੀਂ ਗ਼ਲਤ ਫ਼ੈਸਲੇ ਕਰ ਸਕਦੇ ਹਾਂ। ਕਹਾਉਤਾਂ 21:5 ਵਿਚ ਚੇਤਾਵਨੀ ਦਿੱਤੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਦਾਹਰਣ ਲਈ, ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਨਹੀਂ ਤਾਂ, ਉਨ੍ਹਾਂ ਨੂੰ 18ਵੀਂ ਸਦੀ ਦੇ ਅੰਗ੍ਰੇਜ਼ ਨਾਟਕਕਾਰ ਵਿਲਿਅਮ ਕੌਂਗਰੀਵ ਦੇ ਇਨ੍ਹਾਂ ਲਫ਼ਜ਼ਾਂ ਦੀ ਹਕੀਕਤ ਦਾ ਸਾਮ੍ਹਣਾ ਕਰਨਾ ਪਵੇਗਾ: “ਜਲਦਬਾਜ਼ੀ ਵਿਚ ਵਿਆਹ ਕਰਾਓ ਤੇ ਫ਼ੁਰਸਤ ਵਿਚ ਬੈਠ ਕੇ ਪਛਤਾਓ।”
ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ
3 ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕੀਤੀ ਤਾਂਕਿ ਪਤੀ-ਪਤਨੀ ਖ਼ੁਸ਼ ਰਹਿਣ। ਦੋਵਾਂ ਵਿੱਚੋਂ ਕੋਈ ਵੀ ਮੁਕੰਮਲ ਨਹੀਂ ਹੈ ਜਿਸ ਕਰਕੇ ਉਨ੍ਹਾਂ ਵਿਚ ਅਣਬਣ ਹੋ ਸਕਦੀ ਹੈ। ਦਰਅਸਲ, ਪੌਲੁਸ ਨੇ ਲਿਖਿਆ ਸੀ ਕਿ ਵਿਆਹੁਤਾ ਜੀਵਨ ਵਿਚ ਕੁਝ ਮੁਸ਼ਕਲਾਂ ਤਾਂ ਆਉਣਗੀਆਂ ਹੀ। (1 ਕੁਰਿੰ. 7:28) ਕੁਝ ਜਣਿਆਂ ਨੂੰ ਲੱਗਦਾ ਹੈ ਕਿ ਉਹ ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਲੜਦੇ ਹੀ ਰਹਿੰਦੇ ਹਨ ਅਤੇ ਉਹ ਸ਼ਾਇਦ ਸੋਚਣ ਕਿ ਉਨ੍ਹਾਂ ਦੀ ਇਕ-ਦੂਜੇ ਨਾਲ ਨਹੀਂ ਨਿਭਣੀ। ਜੇ ਉਨ੍ਹਾਂ ਉੱਤੇ ਦੁਨੀਆਂ ਦਾ ਅਸਰ ਹੈ, ਤਾਂ ਉਹ ਜਲਦਬਾਜ਼ੀ ਵਿਚ ਤਲਾਕ ਲੈਣ ਬਾਰੇ ਸੋਚਣਗੇ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਆਪਣੇ ਭਲੇ ਬਾਰੇ ਸੋਚਣਾ ਜ਼ਿਆਦਾ ਜ਼ਰੂਰੀ ਹੈ।
4 ਮੁਸ਼ਕਲਾਂ ਆਉਣ ʼਤੇ ਸਾਨੂੰ ਆਪਣੇ ਵਿਆਹੁਤਾ ਜੀਵਨ ਤੋਂ ਅੱਕ ਨਹੀਂ ਜਾਣਾ ਚਾਹੀਦਾ। ਅਸੀਂ ਜਾਣਦੇ ਹਾਂ ਕਿ ਬਾਈਬਲ ਅਨੁਸਾਰ ਹਰਾਮਕਾਰੀ ਹੀ ਤਲਾਕ ਲੈਣ ਦਾ ਇੱਕੋ-ਇਕ ਕਾਰਨ ਹੈ। (ਮੱਤੀ 5:32) ਪੌਲੁਸ ਦੇ ਲਿਖੇ ਸ਼ਬਦਾਂ ਅਨੁਸਾਰ ਜਦੋਂ ਵਿਆਹੁਤਾ ਜੀਵਨ ਵਿਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਸਾਨੂੰ ਘਮੰਡ ਵਿਚ ਆ ਕੇ ਇਹ ਨਹੀਂ ਸੋਚਣਾ ਚਾਹੀਦਾ: ‘ਕੀ ਇਹ ਵਿਆਹੁਤਾ ਰਿਸ਼ਤਾ ਮੇਰੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ? ਕੀ ਮੈਨੂੰ ਉਹ ਪਿਆਰ ਮਿਲ ਰਿਹਾ ਹੈ ਜੋ ਮੈਨੂੰ ਮਿਲਣਾ ਚਾਹੀਦਾ ਹੈ? ਕੀ ਮੈਂ ਕਿਸੇ ਹੋਰ ਨਾਲ ਜ਼ਿਆਦਾ ਖ਼ੁਸ਼ ਰਹਿ ਸਕਦਾਂ?’ ਧਿਆਨ ਦਿਓ ਕਿ ਇਨ੍ਹਾਂ ਸਵਾਲਾਂ ਵਿਚ ਜ਼ਿਆਦਾ ਜ਼ੋਰ ਖ਼ੁਦ ʼਤੇ ਦਿੱਤਾ ਗਿਆ ਹੈ। ਦੁਨੀਆਂ ਦੀ ਬੁੱਧ ਕਹਿੰਦੀ ਹੈ ਕਿ ਆਪਣੇ ਦਿਲ ਦੀ ਸੁਣੋ ਅਤੇ ਉਹੀ ਕਰੋ ਜਿਸ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਹੈ, ਇਸ ਦੇ ਲਈ ਭਾਵੇਂ ਤੁਹਾਨੂੰ ਆਪਣਾ ਵਿਆਹੁਤਾ ਬੰਧਨ ਹੀ ਕਿਉਂ ਨਾ ਤੋੜਨਾ ਪਵੇ। ਪਰ ਪਰਮੇਸ਼ੁਰੀ ਬੁੱਧ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿ. 2:4) ਸੋ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਇਸ ਬੰਧਨ ਨੂੰ ਤੋੜਨ ਦੀ ਬਜਾਇ ਜੋੜੀ ਰੱਖੋ। (ਮੱਤੀ 19:6) ਉਹ ਚਾਹੁੰਦਾ ਹੈ ਕਿ ਪਹਿਲਾਂ ਤੁਸੀਂ ਉਸ ਬਾਰੇ ਸੋਚੋ, ਨਾ ਕਿ ਆਪਣੇ ਬਾਰੇ।
5 ਪਤੀ-ਪਤਨੀ ਨੂੰ ਇਕ-ਦੂਜੇ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। (ਅਫ਼ਸੀਆਂ 5:33 ਪੜ੍ਹੋ।) ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। (ਰਸੂ. 20:35) ਪਿਆਰ ਅਤੇ ਆਦਰ ਦਿਖਾਉਣ ਵਿਚ ਕਿਹੜਾ ਗੁਣ ਪਤੀ-ਪਤਨੀ ਦੀ ਮਦਦ ਕਰੇਗਾ? ਨਿਮਰਤਾ। ਨਿਮਰ ਪਤੀ-ਪਤਨੀ ਆਪਣੇ ਬਾਰੇ ਹੀ ਨਹੀਂ, ਸਗੋਂ ਇਕ-ਦੂਜੇ ਦੇ “ਭਲੇ” ਬਾਰੇ ਸੋਚਣਗੇ।—1 ਕੁਰਿੰ. 10:24.
“ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ”
13 ਜੇ ਇਕ-ਦੂਜੇ ਨਾਲ ਬਦਸਲੂਕੀ ਕਰਨ ਕਰਕੇ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੈ, ਤਾਂ ਉਦੋਂ ਕੀ ਕੀਤਾ ਜਾ ਸਕਦਾ ਹੈ? ਇਸ ਮੁਸ਼ਕਲ ਦਾ ਹੱਲ ਲੱਭਣ ਲਈ ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਮਿਸਾਲ ਲਈ, ਤੁਸੀਂ ਸ਼ਾਇਦ ਆਦਤ ਤੋਂ ਮਜਬੂਰ ਹੋ ਕੇ ਇਕ-ਦੂਜੇ ਨਾਲ ਰੁੱਖਾ ਬੋਲਦੇ ਹੋ। (ਕਹਾਉਤਾਂ 12:18) ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਇਸ ਦਾ ਤੁਹਾਡੇ ਵਿਆਹੁਤਾ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।” (ਕਹਾਉਤਾਂ 21:19) ਪਤਨੀ ਹੋਣ ਦੇ ਨਾਤੇ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਕੌੜੇ ਸੁਭਾਅ ਕਰਕੇ ਮੇਰਾ ਪਤੀ ਮੈਥੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ?’ ਬਾਈਬਲ ਪਤੀਆਂ ਨੂੰ ਸਲਾਹ ਦਿੰਦੀ ਹੈ: “ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।” (ਕੁਲੁੱਸੀਆਂ 3:19) ਪਤੀ ਹੋਣ ਦੇ ਨਾਤੇ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਇੰਨਾ ਕਠੋਰ ਤੇ ਰੁੱਖੇ ਸੁਭਾਅ ਦਾ ਹਾਂ ਕਿ ਮੇਰੀ ਪਤਨੀ ਦਿਲਾਸੇ ਲਈ ਕਿਸੇ ਹੋਰ ਕੋਲ ਜਾਣਾ ਪਸੰਦ ਕਰੇਗੀ?’ ਕਿੰਨਾ ਜ਼ਰੂਰੀ ਹੈ ਕਿ ਅਸੀਂ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲ ਕਰੀਏ। ਜੇ ਅਸੀਂ ਇਸ ਤਰ੍ਹਾਂ ਨਾ ਕਰੀਏ, ਤਾਂ ਹੋ ਸਕਦਾ ਹੈ ਕਿ ਅਸੀਂ ਆਪਣੇ ਸਾਥੀ ਨੂੰ ਕਿਸੇ ਹੋਰ ਕੋਲ ਜਾਣ ਲਈ ਮਜਬੂਰ ਕਰ ਰਹੇ ਹਾਂ।
ਹੀਰੇ-ਮੋਤੀ
ਪਰਮੇਸ਼ੁਰ ਦੇ ਰਾਜ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ
9 ਅੱਜ ਯਿਸੂ ਧਰਤੀ ਉੱਤੇ ਇਕ ਇਨਸਾਨ ਨਹੀਂ, ਪਰ ਸਵਰਗ ਵਿਚ ਇਕ ਸ਼ਕਤੀਸ਼ਾਲੀ ਰਾਜਾ ਹੈ। ਕਿੱਥੇ ਉਹ ਇਕ ਵਾਰ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ ਸੀ ਅਤੇ ਕਿੱਥੇ ਅੱਜ ਉਹ ਘੋੜੇ ਉੱਤੇ ਸਵਾਰ ਯੁੱਧ ਲਈ ਤਿਆਰ ਹੈ। (ਕਹਾਉਤਾਂ 21:31) ਪਰਕਾਸ਼ ਦੀ ਪੋਥੀ 6:2 ਵਿਚ ਲਿਖਿਆ ਹੈ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ।” ਇਸ ਤੋਂ ਇਲਾਵਾ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਿਸੂ ਬਾਰੇ ਲਿਖਿਆ ਸੀ: “ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।”—ਜ਼ਬੂਰਾਂ ਦੀ ਪੋਥੀ 110:2.
14-20 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 22
ਬੱਚਿਆਂ ਦੀ ਪਰਵਰਿਸ਼ ਕਰਨ ਲਈ ਵਧੀਆ ਅਸੂਲ
ਕੀ ਉਹ ਵੱਡੇ ਹੋ ਕੇ ਵੀ ਪਰਮੇਸ਼ੁਰ ਦੀ ਸੇਵਾ ਕਰਨਗੇ?
7 ਜੇ ਤੁਹਾਡਾ ਵਿਆਹ ਹੋਇਆ ਹੈ ਅਤੇ ਤੁਸੀਂ ਬੱਚੇ ਚਾਹੁੰਦੇ ਹੋ, ਤਾਂ ਖ਼ੁਦ ਨੂੰ ਪੁੱਛੋ: ‘ਕੀ ਅਸੀਂ ਨਿਮਰ ਲੋਕਾਂ ਵਜੋਂ ਯਹੋਵਾਹ ਤੇ ਉਸ ਦੇ ਬਚਨ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਉਹ ਸਾਨੂੰ ਇਕ ਨੰਨ੍ਹੀ ਜਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦੇਵੇਗਾ?’ (ਜ਼ਬੂ. 127:3, 4) ਜੇ ਤੁਸੀਂ ਮਾਪੇ ਹੋ, ਤਾਂ ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਦੀ ਅਹਿਮੀਅਤ ਸਿਖਾ ਰਿਹਾ ਹਾਂ?’ (ਉਪ. 3:12, 13) ‘ਕੀ ਸ਼ੈਤਾਨ ਦੀ ਇਸ ਦੁਨੀਆਂ ਵਿਚ ਮੈਂ ਆਪਣੇ ਬੱਚਿਆਂ ਦੀ ਸਰੀਰਕ ਅਤੇ ਅਨੈਤਿਕ ਖ਼ਤਰਿਆਂ ਤੋਂ ਰਾਖੀ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ?’ (ਕਹਾ. 22:3) ਤੁਸੀਂ ਆਪਣੇ ਬੱਚਿਆਂ ਨੂੰ ਹਰ ਖ਼ਤਰੇ ਤੋਂ ਨਹੀਂ ਬਚਾ ਸਕਦੇ। ਪਰ ਤੁਸੀਂ ਉਨ੍ਹਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਪਿਆਰ ਨਾਲ ਪਰਮੇਸ਼ੁਰ ਦੇ ਬਚਨ ਤੋਂ ਸੇਧ ਲੈਣੀ ਸਿਖਾ ਸਕਦੇ ਹੋ। (ਕਹਾਉਤਾਂ 2:1-6 ਪੜ੍ਹੋ।) ਮਿਸਾਲ ਲਈ, ਜੇ ਤੁਹਾਡਾ ਕੋਈ ਰਿਸ਼ਤੇਦਾਰ ਸੱਚਾਈ ਛੱਡ ਦਿੰਦਾ ਹੈ, ਤਾਂ ਆਪਣੇ ਬੱਚਿਆਂ ਦੀ ਪਰਮੇਸ਼ੁਰ ਦੇ ਬਚਨ ਤੋਂ ਇਹ ਸਿੱਖਣ ਵਿਚ ਮਦਦ ਕਰੋ ਕਿ ਯਹੋਵਾਹ ਦੇ ਵਫ਼ਾਦਾਰ ਰਹਿਣਾ ਕਿਉਂ ਜ਼ਰੂਰੀ ਹੈ। (ਜ਼ਬੂ. 31:23) ਜਾਂ ਜੇ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ, ਤਾਂ ਬੱਚਿਆਂ ਨੂੰ ਸਿਖਾਓ ਕਿ ਉਹ ਪਰਮੇਸ਼ੁਰ ਦਾ ਬਚਨ ਵਰਤ ਕੇ ਇਸ ਗਮ ਨੂੰ ਕਿੱਦਾਂ ਸਹਿ ਸਕਦੇ ਹਨ ਅਤੇ ਸ਼ਾਂਤੀ ਕਿਵੇਂ ਪਾ ਸਕਦੇ ਹਨ।—2 ਕੁਰਿੰ. 1:3, 4; 2 ਤਿਮੋ. 3:16.
ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ
17 ਜਿੰਨੀ ਛੇਤੀ ਹੋ ਸਕੇ, ਆਪਣੇ ਬੱਚਿਆਂ ਨੂੰ ਸਿਖਲਾਈ ਦਿਓ। ਜਿੰਨੀ ਛੇਤੀ ਮਾਪੇ ਆਪਣੇ ਬੱਚਿਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰਨਗੇ, ਉੱਨਾ ਜ਼ਿਆਦਾ ਵਧੀਆ ਹੋਵੇਗਾ। (ਕਹਾ. 22:6) ਜ਼ਰਾ ਤਿਮੋਥਿਉਸ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੇ ਬਾਅਦ ਵਿਚ ਪੌਲੁਸ ਰਸੂਲ ਨਾਲ ਸਫ਼ਰ ਕੀਤਾ। ਤਿਮੋਥਿਉਸ ਦੀ ਮਾਤਾ ਯੂਨੀਕਾ ਅਤੇ ਉਸ ਦੀ ਨਾਨੀ ਲੋਇਸ ਨੇ ਉਸ ਨੂੰ “ਛੋਟੇ ਹੁੰਦਿਆਂ ਤੋਂ” ਹੀ ਸਿਖਲਾਈ ਦਿੱਤੀ।—2 ਤਿਮੋ. 1:5; 3:15.
18 ਕੋਟ ਡਿਵੁਆਰ ਤੋਂ ਜ਼ੋਨ-ਕਲੌਡ ਅਤੇ ਪੀਸ ਨਾਂ ਦਾ ਇਕ ਹੋਰ ਜੋੜਾ ਆਪਣੇ ਛੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਸਿਖਾ ਸਕਿਆ। ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਉਨ੍ਹਾਂ ਨੇ ਯੂਨੀਕਾ ਅਤੇ ਲੋਇਸ ਦੀ ਮਿਸਾਲ ਦੀ ਰੀਸ ਕੀਤੀ। ਉਨ੍ਹਾਂ ਨੇ ਕਿਹਾ: “ਆਪਣੇ ਬੱਚਿਆਂ ਦੇ ਪੈਦਾ ਹੋਣ ਤੋਂ ਛੇਤੀ ਬਾਅਦ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣਾ ਸ਼ੁਰੂ ਕਰ ਦਿੱਤਾ।”—ਬਿਵ. 6:6, 7.
19 ਆਪਣੇ ਬੱਚਿਆਂ ਨੂੰ ਯਹੋਵਾਹ ਦੇ ਬਚਨ ਤੋਂ “ਸਿਖਲਾਓ” ਸ਼ਬਦ ਦਾ ਕੀ ਮਤਲਬ ਹੈ? “ਸਿਖਲਾਓ” ਸ਼ਬਦ ਦਾ ਮਤਲਬ ਹੈ, ‘ਵਾਰ-ਵਾਰ ਸਮਝਾਉਣਾ।’ ਇੱਦਾਂ ਕਰਨ ਲਈ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨਾਲ ਬਾਕਾਇਦਾ ਸਮਾਂ ਗੁਜ਼ਾਰਨ ਦੀ ਲੋੜ ਹੈ। ਕਦੀ-ਕਦਾਈਂ ਮਾਪੇ ਖਿੱਝ ਸਕਦੇ ਹਨ ਜਦੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇੱਕੋ ਗੱਲ ਵਾਰ-ਵਾਰ ਦੱਸਣੀ ਪੈਂਦੀ ਹੈ। ਪਰ ਮਾਪੇ ਇਸ ਨੂੰ ਆਪਣੇ ਬੱਚਿਆਂ ਦੀ ਪਰਮੇਸ਼ੁਰ ਦਾ ਬਚਨ ਸਮਝਣ ਅਤੇ ਇਸ ਨੂੰ ਲਾਗੂ ਕਰਨ ਵਿਚ ਮਦਦ ਕਰਨ ਦਾ ਮੌਕਾ ਸਮਝ ਸਕਦੇ ਹਨ।
ਮਾਪਿਓ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰੋ
ਆਮ ਤੌਰ ਤੇ ਬੱਚੇ ਸ਼ਰਾਰਤੀ ਤਾਂ ਹੁੰਦੇ ਹੀ ਹਨ, ਪਰ ਕੁਝ ਬੱਚੇ ਅੜਬ ਜਾਂ ਜ਼ਿੱਦੀ ਵੀ ਹੁੰਦੇ ਹਨ। (ਉਤਪਤ 8:21) ਜੇ ਬੱਚਾ ਜ਼ਿੱਦੀ ਹੋਵੇ, ਤਾਂ ਮਾਪੇ ਕੀ ਕਰ ਸਕਦੇ ਹਨ? ਬਾਈਬਲ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।” (ਕਹਾਉਤਾਂ 22:15) ਅੱਜ ਦੇ ਜ਼ਮਾਨੇ ਵਿਚ ਕਈਆਂ ਦਾ ਵਿਚਾਰ ਹੈ ਕਿ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਠੀਕ ਨਹੀਂ ਹੈ। ਉਨ੍ਹਾਂ ਦੇ ਭਾਣੇ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ। ਦਰਅਸਲ, ਬਾਈਬਲ ਵੀ ਹਿੰਸਾ ਜਾਂ ਕਿਸੇ ਵੀ ਕਿਸਮ ਦੀ ਬਦਸਲੂਕੀ ਦੀ ਨਿੰਦਿਆ ਕਰਦੀ ਹੈ। ਕਦੇ-ਕਦੇ ਮਾਪਿਆਂ ਨੂੰ ਸੱਚ-ਮੁੱਚ ਛਿਟੀ ਵਰਤਣੀ ਪੈਂਦੀ ਹੈ, ਪਰ ਇੱਥੇ “ਛਿਟੀ” ਮਾਪਿਆਂ ਦੇ ਅਧਿਕਾਰ ਨੂੰ ਦਰਸਾਉਂਦੀ ਹੈ। ਇਸ ਦਾ ਮਤਲਬ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਲੇ ਲਈ ਉਨ੍ਹਾਂ ਨੂੰ ਪਿਆਰ ਨਾਲ ਤਾੜਨਾ ਦੇ ਕੇ ਸੁਧਾਰਨ ਦੀ ਲੋੜ ਹੈ।—ਇਬਰਾਨੀਆਂ 12:7-11.
ਹੀਰੇ-ਮੋਤੀ
ਜੋ ਸਨਮਾਨ ਤੁਹਾਡੇ ਕੋਲ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਵੋ
11 ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੀ ਸੇਵਾ ਵਿਚ ਮਿਲੇ ਕਿਸੇ ਵੀ ਕੰਮ ਨੂੰ ਪੂਰੇ ਜੀ-ਜਾਨ ਨਾਲ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਹੋਰ ਵੀ ਜ਼ਿਆਦਾ ਖ਼ੁਸ਼ ਰਹਿ ਸਕੀਏ। ਸਾਨੂੰ “ਜ਼ੋਰ-ਸ਼ੋਰ” ਨਾਲ ਪ੍ਰਚਾਰ ਕਰਨ ਵਿਚ ਰੁੱਝੇ ਰਹਿਣਾ ਚਾਹੀਦਾ ਅਤੇ ਮੰਡਲੀ ਦੇ ਕੰਮਾਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਣਾ ਚਾਹੀਦਾ। (ਰਸੂ. 18:5; ਇਬ. 10:24, 25) ਸਾਨੂੰ ਪੂਰੀ ਤਿਆਰੀ ਕਰ ਕੇ ਮੀਟਿੰਗਾਂ ਵਿਚ ਜਾਣਾ ਚਾਹੀਦਾ ਤਾਂਕਿ ਅਸੀਂ ਹੌਸਲਾ ਵਧਾਉਣ ਵਾਲੀਆਂ ਟਿੱਪਣੀਆਂ ਦੇ ਸਕੀਏ। ਸਾਨੂੰ ਹਫ਼ਤੇ ਦੌਰਾਨ ਹੁੰਦੀਆਂ ਮੀਟਿੰਗਾਂ ਵਿਚ ਕਿਸੇ ਵੀ ਵਿਦਿਆਰਥੀ ਭਾਗ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ। ਜੇ ਸਾਨੂੰ ਮੰਡਲੀ ਵਿਚ ਕੋਈ ਵੀ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ, ਤਾਂ ਸਾਨੂੰ ਉਹ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਭਰੋਸੇਮੰਦ ਸਾਬਤ ਹੋ ਸਕਦੇ ਹਾਂ। ਸਾਨੂੰ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਕੰਮ ਨੂੰ ਹੋਰ ਵੀ ਚੰਗੀ ਤਰ੍ਹਾਂ ਕਰਨਾ ਸਿੱਖਣਾ ਚਾਹੀਦਾ ਹੈ। (ਕਹਾ. 22:29) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਕੰਮਾਂ ਅਤੇ ਜ਼ਿੰਮੇਵਾਰੀਆਂ ਨੂੰ ਜੀ-ਜਾਨ ਲਾ ਕੇ ਪੂਰਾ ਕਰਾਂਗੇ, ਉੱਨੀ ਜ਼ਿਆਦਾ ਅਸੀਂ ਤਰੱਕੀ ਕਰਾਂਗੇ ਅਤੇ ਖ਼ੁਸ਼ ਰਹਾਂਗੇ। (ਗਲਾ. 6:4) ਇਸ ਤੋਂ ਇਲਾਵਾ, ਜਦੋਂ ਕਿਸੇ ਹੋਰ ਨੂੰ ਉਹ ਜ਼ਿੰਮੇਵਾਰੀ ਮਿਲਦੀ ਹੈ ਜੋ ਸਾਨੂੰ ਚਾਹੀਦੀ ਸੀ, ਤਾਂ ਅਸੀਂ ਉਸ ਦੀ ਖ਼ੁਸ਼ੀ ਵਿਚ ਸ਼ਾਮਲ ਹੋਵਾਂਗੇ।—ਰੋਮੀ. 12:15; ਗਲਾ. 5:26.
21-27 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 23
ਸ਼ਰਾਬ ਦੀ ਵਰਤੋਂ ਬਾਰੇ ਵਧੀਆ ਅਸੂਲ
ਸ਼ਰਾਬ ਦੀ ਕੁਵਰਤੋਂ ਕਰਨ ਤੋਂ ਬਚੋ
5 ਉਦੋਂ ਕੀ ਜਦ ਕੋਈ ਪੀਣ ਦੇ ਬਾਵਜੂਦ ਧਿਆਨ ਰੱਖਦਾ ਹੈ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਉਸ ਨੂੰ ਚੜ੍ਹ ਗਈ ਹੈ? ਇਹ ਸੱਚ ਹੈ ਕਿ ਕੁਝ ਬੰਦਿਆਂ ਵਿਚ ਕਈ ਗਲਾਸੀਆਂ ਪੀਣ ਤੋਂ ਬਾਅਦ ਵੀ ਲੱਗੇ ਕਿ ਅਜੇ ਸ਼ਰਾਬ ਦਾ ਨਸ਼ਾ ਨਹੀਂ ਚੜ੍ਹਿਆ। ਪਰ ਅਜਿਹੀ ਆਦਤ ਪੈਦਾ ਕਰਨੀ ਖ਼ਤਰੇ ਤੋਂ ਬਾਹਰ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹੋ। (ਯਿਰਮਿਯਾਹ 17:9) ਹੌਲੀ-ਹੌਲੀ ਤੁਹਾਨੂੰ ਪੀਣ ਦੀ ਲਤ ਲੱਗ ਸਕਦੀ ਹੈ ਅਤੇ ਤੁਸੀਂ ‘ਮੈ ਦੇ ਗੁਲਾਮ’ ਬਣ ਸਕਦੇ ਹੋ। (ਤੀਤੁਸ 2:3) ਇਕ ਲੇਖਕ ਨੇ ਕਿਹਾ: ‘ਕੋਈ ਸ਼ਰਾਬ ਦਾ ਆਦੀ ਜਾਂ ਅਮਲੀ ਸਹਿਜੇ-ਸਹਿਜੇ ਬਣਦਾ ਹੈ।’ ਹਾਂ, ਸ਼ਰਾਬ ਤੁਹਾਨੂੰ ਧੋਖਾ ਜ਼ਰੂਰ ਦੇ ਸਕਦੀ ਹੈ!
6 ਯਿਸੂ ਦੀ ਚੇਤਾਵਨੀ ਵੱਲ ਵੀ ਧਿਆਨ ਦਿਓ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।” (ਲੂਕਾ 21:34, 35) ਭਾਵੇਂ ਕੋਈ ਸ਼ਰਾਬੀ ਹੋਣ ਦੀ ਹੱਦ ਤਕ ਨਹੀਂ ਪੀਂਦਾ, ਫਿਰ ਵੀ ਉਹ ਥੋੜ੍ਹੀ ਪੀਣ ਨਾਲ ਹੀ ਮਸਤ ਅਤੇ ਆਲਸੀ ਬਣ ਸਕਦਾ ਹੈ। ਇਸ ਦਾ ਸਾਡੇ ਸਰੀਰ ਉੱਤੇ ਅਸਰ ਪੈਣ ਤੋਂ ਇਲਾਵਾ ਸਾਡੀ ਨਿਹਚਾ ਤੇ ਵੀ ਅਸਰ ਪੈਂਦਾ ਹੈ। ਜੇ ਅਜਿਹੀ ਹਾਲਤ ਵਿਚ ਯਹੋਵਾਹ ਦਾ ਦਿਨ ਆ ਜਾਵੇ, ਤਾਂ ਸਾਡਾ ਕੀ ਬਣੇਗਾ?
it-1 656
ਸ਼ਰਾਬੀ ਹੋਣਾ
ਬਾਈਬਲ ਵਿਚ ਇਸ ਨੂੰ ਬੁਰਾ ਕਿਹਾ ਗਿਆ ਹੈ। ਬਾਈਬਲ ਵਿਚ ਬਹੁਤੀ ਸ਼ਰਾਬ ਪੀਣ ਨੂੰ ਗ਼ਲਤ ਕਿਹਾ ਗਿਆ ਹੈ। ਕਹਾਉਤਾਂ ਦੇ ਲਿਖਾਰੀ ਨੇ ਦੱਸਿਆ ਕਿ ਇਸ ਦੇ ਕਿੰਨੇ ਬੁਰੇ ਨਤੀਜੇ ਨਿਕਲਦੇ ਹਨ। ਉਹ ਨੇ ਕਿਹਾ: “ਕੌਣ ਹਾਇ-ਹਾਇ ਕਰਦਾ ਹੈ? ਕੌਣ ਬੇਚੈਨ ਹੈ? ਕੌਣ ਝਗੜੇ ਕਰਦਾ ਹੈ? ਕੌਣ ਸ਼ਿਕਾਇਤਾਂ ਕਰਦਾ ਹੈ? ਕਿਸ ਦੇ ਬਿਨਾਂ ਵਜ੍ਹਾ ਜ਼ਖ਼ਮ ਹੋਏ ਹਨ? ਕਿਸ ਦੀਆਂ ਅੱਖਾਂ ਵਿਚ ਲਾਲੀ ਰਹਿੰਦੀ ਹੈ? ਉਹ ਜਿਹੜੇ ਦੇਰ-ਦੇਰ ਤਕ ਦਾਖਰਸ ਪੀਂਦੇ ਹਨ; ਜਿਹੜੇ ਰਲ਼ੇ ਹੋਏ ਦਾਖਰਸ ਦੀ ਖੋਜ ਵਿਚ ਰਹਿੰਦੇ ਹਨ। ਦਾਖਰਸ ਦਾ ਲਾਲ ਰੰਗ ਨਾ ਦੇਖ ਜੋ ਪਿਆਲੇ ਵਿਚ ਚਮਕਦਾ ਹੈ ਅਤੇ ਆਰਾਮ ਨਾਲ ਗਲ਼ੇ ਵਿੱਚੋਂ ਉਤਰਦਾ ਹੈ ਕਿਉਂਕਿ ਅਖ਼ੀਰ ਵਿਚ ਇਹ ਸੱਪ ਵਾਂਗ ਡੱਸਦੀ ਹੈ ਅਤੇ ਜ਼ਹਿਰੀਲੇ ਸੱਪ ਵਾਂਗ ਜ਼ਹਿਰ ਉਗਲ਼ਦੀ ਹੈ [ਜ਼ਿਆਦਾ ਸ਼ਰਾਬ ਪੀਣ ਨਾਲ ਇਕ ਇਨਸਾਨ ਬੀਮਾਰ ਪੈ ਸਕਦਾ ਹੈ। ਜਿੱਦਾਂ ਲੀਵਰ ਖ਼ਰਾਬ ਹੋ ਸਕਦਾ ਹੈ। ਇਸ ਦਾ ਉਸ ਦੀ ਮਾਨਸਿਕ ਸਿਹਤ ʼਤੇ ਵੀ ਅਸਰ ਪੈ ਸਕਦਾ ਹੈ। ਜਿੱਦਾਂ ਕਿ ਉਸ ਨੂੰ ਹੋਸ਼ ਨਹੀਂ ਰਹਿੰਦਾ, ਉਹ ਉਲਝਣ ਵਿਚ ਪਿਆ ਰਹਿੰਦਾ ਹੈ, ਉਹ ਨੂੰ ਕਾਂਬਾ ਤੇ ਡਰ ਲੱਗਦਾ ਹੈ ਅਤੇ ਇੱਥੋਂ ਤਕ ਜਾਨ ਵੀ ਜਾ ਸਕਦੀ ਹੈ।] ਤੇਰੀਆਂ ਅੱਖਾਂ ਅਜੀਬੋ-ਗ਼ਰੀਬ ਚੀਜ਼ਾਂ ਦੇਖਣਗੀਆਂ [ਉਸ ਦਾ ਦਿਮਾਗ਼ੀ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅਜੀਬੋ-ਗਰੀਬ ਹਰਕਤਾਂ ਕਰਦਾ ਹੈ] ਅਤੇ ਤੇਰਾ ਦਿਲ ਪੁੱਠੀਆਂ-ਸਿੱਧੀਆਂ ਗੱਲਾਂ ਕਰੇਗਾ [ਉਸ ਮਨ ਵਿਚ ਆਈ ਗੱਲ ਬੋਲ ਜਾਂ ਕਰ ਦਿੰਦਾ ਹੈ]।”—ਕਹਾ 23:29-33; ਹੋਸ਼ੇ 4:11; ਮੱਤੀ 15:18, 19.
ਲਿਖਾਰੀ ਨੇ ਇਹ ਵੀ ਦੱਸਿਆ ਕਿ ਇਕ ਸ਼ਰਾਬੀ ਨਾਲ ਕੀ ਹੁੰਦਾ ਹੈ, “ਤੈਨੂੰ ਇਵੇਂ ਲੱਗੇਗਾ ਜਿਵੇਂ ਤੂੰ ਸਮੁੰਦਰ ਦੇ ਵਿਚਕਾਰ ਲੇਟਿਆ ਹੋਵੇਂ [ਉਹ ਨੂੰ ਲੱਗੇਗਾ ਕਿ ਜਿਵੇਂ ਉਹ ਪਾਣੀ ਵਿਚ ਡੁੱਬ ਰਿਹਾ ਹੋਵੇ ਅਤੇ ਅਖ਼ੀਰ ਉਹ ਨਸ਼ੇ ਵਿਚ ਧੁੱਤ ਹੋ ਜਾਂਦਾ ਹੈ], ਜਹਾਜ਼ ਦੇ ਮਸਤੂਲ ਦੇ ਸਿਰੇ ʼਤੇ ਲੰਮਾ ਪਿਆ ਹੋਵੇਂ [ਇੰਨੀ ਉਚਾਈ ʼਤੇ ਹੋਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਉਚਾਈ ʼਤੇ ਜਹਾਜ਼ ਜ਼ਿਆਦਾ ਡੋਲਦਾ ਹੈ। ਉਸੇ ਤਰ੍ਹਾਂ ਸ਼ਰਾਬੀ ਹੋਣ ਕਰਕੇ ਉਸ ਦੀ ਜਾਨ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ। ਉਸ ਦਾ ਐਕਸੀਡੈਂਟ ਹੋ ਸਕਦਾ ਹੈ, ਸਟ੍ਰੋਕ ਹੋ ਸਕਦਾ ਹੈ, ਕਿਸੇ ਨਾਲ ਹੱਥੋਂ-ਪਾਈ ਹੋ ਸਕਦਾ ਹੈ ਵਗੈਰਾ-ਵਗੈਰਾ ]। ਤੂੰ ਕਹੇਂਗਾ: “ਉਨ੍ਹਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਮਹਿਸੂਸ ਹੀ ਨਹੀਂ ਹੋਇਆ [ਸ਼ਰਾਬੀ ਨੂੰ ਹੋਸ਼ ਨਹੀਂ ਰਹਿੰਦੀ, ਇੱਥੋਂ ਤਕ ਕਿ ਆਪਣੇ ਸੱਟ-ਚੋਟ ਲੱਗਣ ਦਾ ਵੀ ਅਹਿਸਾਸ ਨਹੀਂ ਹੁੰਦਾ]।
ਉਨ੍ਹਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਪਤਾ ਵੀ ਨਹੀਂ ਲੱਗਾ। [ਸ਼ਰਾਬੀ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈ ਅਤੇ ਆਪਣੇ ਸੱਟ-ਚੋਟ ਲੱਗਣ ਦਾ ਵੀ ਅਹਿਸਾਸ ਨਹੀਂ ਹੁੰਦਾ] ਮੈਨੂੰ ਕਦੋਂ ਸੁਰਤ ਆਵੇਗੀ? ਮੈਨੂੰ ਹੋਰ ਪੀਣ ਨੂੰ ਚਾਹੀਦੀ ਹੈ।’[ਉਹ ਇੰਨੀ ਪੀ ਲੈਂਦਾ ਹੈ ਕਿ ਨੀਂਦ ਤੋਂ ਬਾਅਦ ਹੀ ਉਸ ਦਾ ਨਸ਼ਾ ਉਤਰਦਾ ਹੈ, ਪਰ ਨਸ਼ਾ ਉਤਰਦੇ ਹੀ ਉਹ ਹੋਰ ਪੀ ਲੈਂਦਾ ਹੈ]” ਉਹ ਆਪਣਾ ਸਾਰਾ ਪੈਸਾ ਸ਼ਰਾਬ ਪੀਣ ਵਿਚ ਬਰਬਾਦ ਕਰ ਲੈਂਦਾ ਹੈ। ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ, ਇਸ ਲਈ ਉਹ ਬਿਲਕੁਲ ਵੀ ਭਰੋਸੇ ਦੇ ਲਾਇਕ ਨਹੀਂ ਹੁੰਦਾ। ਇਸ ਸਭ ਕਰਕੇ ਉਹ ਕੰਗਾਲ ਹੋ ਜਾਂਦਾ ਹੈ।—ਕਹਾ 23:20, 21, 34, 35.
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਮਿਸਾਲ ਲਈ, ਮੋਟਾਪਾ ਪੇਟੂਪੁਣੇ ਦਾ ਲੱਛਣ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਮੋਟਾ ਆਦਮੀ ਪੇਟੂ ਹੈ। ਕਿਸੇ ਬੀਮਾਰੀ ਕਾਰਨ ਵੀ ਮੋਟਾਪਾ ਆ ਸਕਦਾ ਹੈ। ਜਾਂ ਮੋਟਾਪਾ ਖ਼ਾਨਦਾਨੀ ਵੀ ਹੋ ਸਕਦਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੋਟਾਪੇ ਦਾ ਸੰਬੰਧ ਸਿਹਤ ਨਾਲ ਹੈ, ਜਦ ਕਿ ਪੇਟੂਪੁਣਾ ਇਕ ਵਿਅਕਤੀ ਦੇ ਰਵੱਈਏ ਨਾਲ ਸੰਬੰਧ ਰੱਖਦਾ ਹੈ। “ਸਰੀਰ ਵਿਚ ਚਰਬੀ ਵਧ ਜਾਣ” ਨੂੰ ਮੋਟਾਪਾ ਕਹਿੰਦੇ ਹਨ, ਜਦ ਕਿ “ਲੋਭ ਨਾਲ ਹੱਦੋਂ ਬਾਹਰਾ ਖਾਣ-ਪੀਣ” ਨੂੰ ਪੇਟੂਪੁਣਾ ਕਹਿੰਦੇ ਹਨ। ਇਸ ਤਰ੍ਹਾਂ ਕਿਸੇ ਦੇ ਵਜ਼ਨ ਨੂੰ ਦੇਖ ਕੇ ਉਸ ਨੂੰ ਪੇਟੂ ਨਹੀਂ ਕਿਹਾ ਜਾ ਸਕਦਾ, ਪਰ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਪੇਟੂ ਹੈ ਜਾਂ ਨਹੀਂ। ਇਕ ਵਿਅਕਤੀ ਸ਼ਾਇਦ ਮੋਟਾ ਨਾ ਹੋਵੇ ਜਾਂ ਉਹ ਪਤਲਾ ਵੀ ਹੋ ਸਕਦਾ ਹੈ, ਪਰ ਹੋ ਸਕਦਾ ਉਹ ਪੇਟੂ ਹੋਵੇ। ਇਸ ਤੋਂ ਇਲਾਵਾ, ਕੌਣ ਮੋਟਾ ਹੈ ਜਾਂ ਪਤਲਾ, ਇਸ ਬਾਰੇ ਵੱਖ-ਵੱਖ ਥਾਵਾਂ ਦੇ ਲੋਕਾਂ ਦੇ ਵਿਚਾਰ ਵੱਖੋ-ਵੱਖਰੇ ਹਨ।
28 ਜੁਲਾਈ–3 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 24
ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਲਈ ਖ਼ੁਦ ਨੂੰ ਮਜ਼ਬੂਤ ਕਰੋ
it-2 610 ਪੈਰਾ 8
ਜ਼ੁਲਮ
ਮਸੀਹੀ ਜਾਣਦੇ ਹਨ ਕਿ ਜੇ ਉਹ ਧੀਰਜ ਰੱਖਣਗੇ, ਤਾਂ ਉਨ੍ਹਾਂ ਨੂੰ ਜ਼ਰੂਰ ਇਨਾਮ ਮਿਲੇਗਾ। ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:10) ਮਸੀਹੀ ਇਹ ਵੀ ਜਾਣਦੇ ਹਨ ਕਿ ਮਰੇ ਹੋਇਆ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਵੀ ਜਾਣਦੇ ਹਨ ਜਿਸ ਨੇ ਇਹ ਉਮੀਦ ਦਿੱਤੀ ਹੈ। ਇਸ ਤੋਂ ਉਨ੍ਹਾਂ ਨੂੰ ਹਿੰਮਤ ਮਿਲਦੀ ਹੈ। ਉਹ ਯਹੋਵਾਹ ਦੇ ਵਫ਼ਾਦਾਰ ਰਹਿ ਪਾਉਂਦੇ ਹਨ, ਉਸ ਵੇਲੇ ਵੀ ਜਦੋਂ ਦੁਸ਼ਮਣ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਯਿਸੂ ਦੀ ਕੁਰਬਾਨੀ ʼਤੇ ਨਿਹਚਾ ਹੈ, ਇਸ ਲਈ ਉਹ ਦੁਸ਼ਮਣਾਂ ਦੇ ਹੱਥੋਂ ਮਰਨ ਤੋਂ ਵੀ ਨਹੀਂ ਡਰਦੇ। (ਇਬ 2:14, 15) ਜ਼ੁਲਮ ਸਹਿੰਦੇ ਹੋਏ ਜੇ ਇਕ ਵਿਅਕਤੀ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦਾ ਹੈ, ਤਾਂ ਉਸ ਲਈ ਯਿਸੂ ਵਰਗੀ ਸੋਚ ਰੱਖਣੀ ਜ਼ਰੂਰੀ ਹੈ। ਬਾਈਬਲ ਵਿਚ ਲਿਖਿਆ ਹੈ, “ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ। . . . ਉਹ ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ।” (ਫ਼ਿਲਿ 2:5-8) “ਉਸ [ਯਿਸੂ] ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ।”—ਇਬ 12:2; 2 ਕੁਰਿੰ 12:10; 2 ਥੱਸ 1:4; 1 ਪਤ 2:21-23.
ਮੁਸ਼ਕਲ ਘੜੀਆਂ ਵਿਚ ਵੀ ਖ਼ੁਸ਼ ਰਹੋ
12 ਕਹਾਉਤਾਂ 24:10 ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਇਕ ਹੋਰ ਕਹਾਵਤ ਕਹਿੰਦੀ ਹੈ: “ਸੋਗੀ ਮਨ ਵਾਲੇ ਮਨੁੱਖ ਦਾ ਮੂੰਹ ਉਤਰਿਆ ਹੁੰਦਾ ਹੈ।” (ਕਹਾ. 15:13, CL) ਕੁਝ ਮਸੀਹੀ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਬਾਈਬਲ ਦਾ ਅਧਿਐਨ ਕਰਨਾ ਅਤੇ ਇਸ ਉੱਤੇ ਮਨਨ ਕਰਨਾ ਹੀ ਛੱਡ ਦਿੱਤਾ ਹੈ। ਉਨ੍ਹਾਂ ਦੀਆਂ ਪ੍ਰਾਰਥਨਾਵਾਂ ਰੁਟੀਨ ਬਣ ਕੇ ਰਹਿ ਗਈਆਂ ਹਨ ਅਤੇ ਉਹ ਦੂਜੇ ਭੈਣਾਂ-ਭਰਾਵਾਂ ਤੋਂ ਦੂਰ-ਦੂਰ ਰਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਚਿਰਾਂ ਤਕ ਨਿਰਾਸ਼ ਰਹਿਣਾ ਨੁਕਸਾਨਦੇਹ ਹੈ।—ਕਹਾ. 18:1, 14.
13 ਦੂਸਰੇ ਪਾਸੇ, ਜੇ ਅਸੀਂ ਸਹੀ ਨਜ਼ਰੀਆ ਰੱਖਦੇ ਹਾਂ, ਤਾਂ ਅਸੀਂ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ʼਤੇ ਜ਼ਿਆਦਾ ਧਿਆਨ ਦੇਵਾਂਗੇ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। ਦਾਊਦ ਨੇ ਲਿਖਿਆ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।” (ਜ਼ਬੂ. 40:8) ਜਦ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਨੂੰ ਕਦੇ ਵੀ ਪਰਮੇਸ਼ੁਰ ਦੀ ਭਗਤੀ ਕਰਨੀ ਨਹੀਂ ਛੱਡਣੀ ਚਾਹੀਦੀ। ਦਰਅਸਲ, ਉਦਾਸੀ ਦੂਰ ਕਰਨ ਦਾ ਇਕ ਨੁਸਖਾ ਹੈ: ਉਨ੍ਹਾਂ ਕੰਮਾਂ ਵਿਚ ਰੁੱਝ ਜਾਓ ਜਿਨ੍ਹਾਂ ਤੋਂ ਖ਼ੁਸ਼ੀ ਮਿਲਦੀ ਹੈ। ਯਹੋਵਾਹ ਦੱਸਦਾ ਹੈ ਕਿ ਅਸੀਂ ਉਸ ਦੇ ਬਚਨ ਨੂੰ ਪੜ੍ਹ ਕੇ ਅਤੇ ਬਾਕਾਇਦਾ ਇਸ ਉੱਤੇ ਮਨਨ ਕਰ ਕੇ ਖ਼ੁਸ਼ ਰਹਿ ਸਕਦੇ ਹਾਂ। (ਜ਼ਬੂ. 1:1, 2; ਯਾਕੂ. 1:25) ਸਾਨੂੰ ਬਾਈਬਲ ਅਤੇ ਮਸੀਹੀ ਸਭਾਵਾਂ ਵਿਚ “ਸ਼ੁਭ ਬਚਨ” ਪੜ੍ਹਨ-ਸੁਣਨ ਨੂੰ ਮਿਲਦੇ ਹਨ ਜੋ ਸਾਨੂੰ ਨਿਰਾਸ਼ਾ ਵਿੱਚੋਂ ਬਾਹਰ ਕੱਢ ਸਕਦੇ ਹਨ ਅਤੇ ਦਿਲ ਖ਼ੁਸ਼ ਕਰ ਸਕਦੇ ਹਨ।—ਕਹਾ. 12:25; 16:24.
w20.12 15
ਪਾਠਕਾਂ ਵੱਲੋਂ ਸਵਾਲ
ਕਹਾਉਤਾਂ 24:16 ਵਿਚ ਲਿਖਿਆ, “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।” ਕੀ ਇੱਥੇ ਉਸ ਵਿਅਕਤੀ ਦੀ ਗੱਲ ਕੀਤੀ ਗਈ ਹੈ ਜੋ ਵਾਰ-ਵਾਰ ਪਾਪ ਕਰਦਾ ਰਹਿੰਦਾ ਹੈ, ਪਰ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦਿੰਦਾ ਹੈ?
ਇਸ ਆਇਤ ਦਾ ਇਹ ਮਤਲਬ ਨਹੀਂ ਹੈ। ਪਰ ਇੱਥੇ ਉਸ ਵਿਅਕਤੀ ਦੇ ਡਿਗਣ ਬਾਰੇ ਗੱਲ ਕੀਤੀ ਗਈ ਹੈ ਜਿਸ ʼਤੇ ਵਾਰ-ਵਾਰ ਮੁਸ਼ਕਲਾਂ ਆਉਂਦੀਆਂ ਹਨ, ਪਰ ਉਹ ਉੱਠ ਖੜ੍ਹਦਾ ਹੈ ਯਾਨੀ ਇਨ੍ਹਾਂ ਨੂੰ ਪਾਰ ਕਰ ਲੈਂਦਾ ਹੈ।
ਸੋ ਕਹਾਉਤਾਂ 24:16 ਵਿਚ ਪਾਪ ਕਰਕੇ ਡਿਗਣ ਦੀ ਨਹੀਂ, ਸਗੋਂ ਵਾਰ-ਵਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦੁਸ਼ਟ ਦੁਨੀਆਂ ਵਿਚ ਇਕ ਧਰਮੀ ਇਨਸਾਨ ਨੂੰ ਸਿਹਤ ਸਮੱਸਿਆ ਜਾਂ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਸ਼ਾਇਦ ਸਰਕਾਰ ਉਸ ʼਤੇ ਅਤਿਆਚਾਰ ਵੀ ਕਰੇ, ਪਰ ਉਹ ਭਰੋਸਾ ਰੱਖ ਸਕਦਾ ਹੈ ਕਿ ਪਰਮੇਸ਼ੁਰ ਮੁਸ਼ਕਲਾਂ ਸਹਿਣ ਅਤੇ ਸਫ਼ਲ ਹੋਣ ਵਿਚ ਉਸ ਦੀ ਮਦਦ ਕਰੇਗਾ। ਖ਼ੁਦ ਨੂੰ ਪੁੱਛੋ, ‘ਕੀ ਮੈਂ ਨਹੀਂ ਦੇਖਿਆ ਕਿ ਪਰਮੇਸ਼ੁਰ ਦੇ ਲੋਕ ਅਕਸਰ ਮੁਸ਼ਕਲਾਂ ਪਾਰ ਕਰ ਲੈਂਦੇ ਹਨ?’ ਸਾਨੂੰ ਯਕੀਨ ਹੈ ਕਿ “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।”—ਜ਼ਬੂ. 41:1-3; 145:14-19.
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਪੁਰਾਣੇ ਜ਼ਮਾਨੇ ਵਿਚ ਜੇ ਆਦਮੀ ‘ਆਪਣਾ ਘਰ ਬਣਾਉਣਾ’ ਯਾਨੀ ਵਿਆਹ ਕਰਾ ਕੇ ਪਰਿਵਾਰ ਬਣਾਉਣਾ ਚਾਹੁੰਦਾ ਸੀ, ਤਾਂ ਉਸ ਨੂੰ ਆਪਣੇ ਤੋਂ ਪੁੱਛਣ ਦੀ ਲੋੜ ਸੀ, ‘ਕੀ ਮੈਂ ਆਪਣੀ ਪਤਨੀ ਅਤੇ ਬਾਅਦ ਵਿਚ ਹੋਣ ਵਾਲੇ ਬੱਚਿਆਂ ਦੀ ਦੇਖ-ਭਾਲ ਕਰ ਸਕਾਂਗਾ ਤੇ ਉਨ੍ਹਾਂ ਦਾ ਗੁਜ਼ਾਰਾ ਤੋਰ ਸਕਾਂਗਾ?’ ਪਰਿਵਾਰ ਬਣਾਉਣ ਤੋਂ ਪਹਿਲਾਂ ਉਹ ਜ਼ਰੂਰ ਕੰਮ ਕਰਦਾ ਸੀ ਯਾਨੀ ਉਹ ਆਪਣੇ ਖੇਤਾਂ ਜਾਂ ਫ਼ਸਲਾਂ ਦੀ ਦੇਖ-ਭਾਲ ਕਰਦਾ ਸੀ। ਇਸ ਲਈ ਟੂਡੇਜ਼ ਇੰਗਲਿਸ਼ ਵਰਯਨ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਸਮਝਾਇਆ ਹੈ: “ਤਦ ਤਕ ਆਪਣਾ ਘਰ ਤੇ ਪਰਿਵਾਰ ਨਾ ਬਣਾ ਜਦ ਤਕ ਤੇਰੇ ਖੇਤ ਤਿਆਰ ਨਹੀਂ ਹੁੰਦੇ ਅਤੇ ਤੈਨੂੰ ਪੱਕਾ ਪਤਾ ਨਹੀਂ ਕਿ ਤੂੰ ਕਮਾ ਸਕਦਾ ਹੈ।” ਕੀ ਇਹ ਸਿਧਾਂਤ ਅੱਜ ਵੀ ਲਾਗੂ ਹੁੰਦਾ ਹੈ?
ਜੀ ਹਾਂ। ਜੇ ਆਦਮੀ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਚੰਗੀ ਤਰ੍ਹਾਂ ਤਿਆਰ ਹੋਣ ਦੀ ਲੋੜ ਹੈ। ਜੇ ਉਹ ਤੰਦਰੁਸਤ ਹੈ, ਤਾਂ ਉਸ ਨੂੰ ਕੰਮ ਕਰਨਾ ਹੀ ਪਵੇਗਾ। ਪਰ ਉਸ ਨੂੰ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਆਪਣਾ ਸਾਰਾ ਸਮਾਂ ਕੰਮ ਕਰਨ ਵਿਚ ਹੀ ਨਹੀਂ ਲਾ ਦੇਣਾ ਚਾਹੀਦਾ। ਪਰਮੇਸ਼ੁਰ ਦਾ ਬਚਨ ਸਮਝਾਉਂਦਾ ਹੈ ਕਿ ਜਿਹੜਾ ਆਦਮੀ ਆਪਣੇ ਪਰਿਵਾਰ ਦੀਆਂ ਭੌਤਿਕ ਅਤੇ ਜਜ਼ਬਾਤੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਨਹੀਂ ਦਿੰਦਾ, ਉਹ ਉਸ ਬੰਦੇ ਨਾਲੋਂ ਵੀ ਬਦਤਰ ਹੈ ਜੋ ਨਿਹਚਾ ਨਹੀਂ ਕਰਦਾ! (1 ਤਿਮੋ. 5:8) ਇਸ ਲਈ ਵਿਆਹ ਕਰਨ ਤੇ ਪਰਿਵਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਕ ਆਦਮੀ ਨੂੰ ਆਪਣੇ ਤੋਂ ਇਹੋ ਜਿਹੇ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹਾਂ? ਕੀ ਮੈਂ ਬਾਈਬਲ ਦੇ ਅਨੁਸਾਰ ਪਰਿਵਾਰ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਪਾਵਾਂਗਾ? ਕੀ ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ ਬਾਕਾਇਦਾ ਪਰਿਵਾਰਕ ਬਾਈਬਲ ਸਟੱਡੀ ਕਰ ਪਾਵਾਂਗਾ?’ ਪਰਮੇਸ਼ੁਰ ਦਾ ਬਚਨ ਇਨ੍ਹਾਂ ਜ਼ਰੂਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਉੱਤੇ ਜ਼ੋਰ ਦਿੰਦਾ ਹੈ।—ਬਿਵ. 6:6-8; ਅਫ਼. 6:4.
ਜੇ ਮੁੰਡਾ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਗੰਭੀਰਤਾ ਨਾਲ ਕਹਾਉਤਾਂ 24:27 ਦੇ ਸਿਧਾਂਤ ਬਾਰੇ ਸੋਚਣਾ ਚਾਹੀਦਾ ਹੈ। ਇਸੇ ਤਰ੍ਹਾਂ ਕੁੜੀ ਨੂੰ ਵੀ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਪਤਨੀ ਤੇ ਮਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ? ਪਤੀ-ਪਤਨੀ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਬੱਚੇ ਪੈਦਾ ਕਰਨੇ ਚਾਹੁੰਦੇ ਹਨ ਜਾਂ ਨਹੀਂ। (ਲੂਕਾ 14:28) ਪਰਮੇਸ਼ੁਰ ਵੱਲੋਂ ਮਿਲੀ ਸੇਧ ਅਨੁਸਾਰ ਚੱਲ ਕੇ ਪਰਮੇਸ਼ੁਰ ਦੇ ਲੋਕ ਕਈ ਦੁੱਖਾਂ ਤੋਂ ਬਚ ਸਕਦੇ ਹਨ ਤੇ ਖ਼ੁਸ਼ੀਆਂ ਭਰੀ ਪਰਿਵਾਰਕ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ।
4-10 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 25
ਚੰਗੀ ਬੋਲੀ ਲਈ ਵਧੀਆ ਸਲਾਹ
ਜ਼ਬਾਨ ਦੀ ਸਹੀ ਵਰਤੋਂ ਕਰੋ
6 ਕਹਾਉਤਾਂ 25:11 ਵਿਚ ਬੋਲਣ ਦੇ ਸਹੀ ਸਮੇਂ ਦੀ ਚੋਣ ਕਰਨ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” ਸੋਨੇ ਦੇ ਸੇਬ ਬਹੁਤ ਸੋਹਣੇ ਲੱਗਦੇ ਹਨ, ਪਰ ਜਦੋਂ ਇਨ੍ਹਾਂ ਨੂੰ ਚਾਂਦੀ ਦੇ ਭਾਂਡੇ ਵਿਚ ਰੱਖਿਆ ਜਾਂਦਾ ਹੈ, ਤਾਂ ਇਹ ਹੋਰ ਵੀ ਸੋਹਣੇ ਲੱਗਦੇ ਹਨ। ਇਸੇ ਤਰ੍ਹਾਂ ਅਸੀਂ ਕਿਸੇ ਨਾਲ ਗੱਲ ਕਰਨ ਲਈ ਸਹੀ ਸਮੇਂ ਦੀ ਚੋਣ ਕਰ ਕੇ ਉਸ ਦੀ ਹੋਰ ਵੀ ਜ਼ਿਆਦਾ ਮਦਦ ਕਰ ਸਕਦੇ ਹਾਂ। ਪਰ ਅਸੀਂ ਸਹੀ ਸਮਾਂ ਕਿਵੇਂ ਚੁਣ ਸਕਦੇ ਹਾਂ?
7 ਸਹੀ ਸਮੇਂ ʼਤੇ ਗੱਲ ਨਾ ਕਰਨ ਕਰਕੇ ਲੋਕ ਸ਼ਾਇਦ ਸਾਡੀ ਗੱਲ ਨਾ ਤਾਂ ਸਮਝਣ ਅਤੇ ਨਾ ਹੀ ਇਸ ਨਾਲ ਸਹਿਮਤ ਹੋਣ। (ਕਹਾਉਤਾਂ 15:23 ਪੜ੍ਹੋ।) ਮਿਸਾਲ ਲਈ, ਮਾਰਚ 2011 ਵਿਚ ਪੂਰਬ ਜਪਾਨ ਦੇ ਕਈ ਸ਼ਹਿਰ ਭੁਚਾਲ਼ ਅਤੇ ਸੁਨਾਮੀ ਲਹਿਰਾਂ ਕਰਕੇ ਢਹਿ-ਢੇਰੀ ਹੋ ਗਏ। 15,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਭਾਵੇਂ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਦੇ ਆਪਣੇ ਪਰਿਵਾਰ ਅਤੇ ਦੋਸਤ ਮੌਤ ਦੇ ਮੂੰਹ ਵਿਚ ਚਲੇ ਗਏ, ਫਿਰ ਵੀ ਉਹ ਆਪਣੇ ਵਰਗੇ ਹਲਾਤਾਂ ਵਿੱਚੋਂ ਦੀ ਲੰਘ ਰਹੇ ਲੋਕਾਂ ਦੀ ਬਾਈਬਲ ਤੋਂ ਮਦਦ ਕਰਨੀ ਚਾਹੁੰਦੇ ਸਨ। ਪਰ ਉਹ ਜਾਣਦੇ ਸਨ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਬੋਧੀ ਸਨ ਜੋ ਬਾਈਬਲ ਬਾਰੇ ਥੋੜ੍ਹਾ-ਬਹੁਤਾ ਜਾਂ ਬਿਲਕੁਲ ਵੀ ਨਹੀਂ ਜਾਣਦੇ ਸਨ। ਸੋ ਸਾਡੇ ਭੈਣਾਂ-ਭਰਾਵਾਂ ਨੇ ਉਸ ਵੇਲੇ ਲੋਕਾਂ ਨੂੰ ਮੁੜ ਜੀਉਂਦੇ ਹੋਣ ਦੀ ਉਮੀਦ ਬਾਰੇ ਦੱਸਣ ਦੀ ਬਜਾਇ ਦਿਲਾਸਾ ਦਿੱਤਾ। ਨਾਲੇ ਉਨ੍ਹਾਂ ਨੂੰ ਬਾਈਬਲ ਤੋਂ ਸਮਝਾਇਆ ਕਿ ਚੰਗੇ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਕਿਉਂ ਹੁੰਦੀਆਂ ਹਨ।
ਜ਼ਬਾਨ ਦੀ ਸਹੀ ਵਰਤੋਂ ਕਰੋ
15 ਅਸੀਂ ਜਿਸ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਦੇ ਹਾਂ, ਉਹ ਵੀ ਬਹੁਤ ਮਾਅਨੇ ਰੱਖਦਾ ਹੈ। ਲੋਕ ਯਿਸੂ ਦੀਆਂ ਗੱਲਾਂ ਦਾ ਆਨੰਦ ਮਾਣਦੇ ਸਨ ਕਿਉਂਕਿ ਉਹ “ਦਿਲ ਨੂੰ ਜਿੱਤ ਲੈਣ ਵਾਲੀਆਂ ਗੱਲਾਂ” ਕਰਦਾ ਸੀ। (ਲੂਕਾ 4:22) ਜਦੋਂ ਅਸੀਂ ਯਿਸੂ ਵਾਂਗ ਪਿਆਰ ਨਾਲ ਗੱਲ ਕਰਦੇ ਹਾਂ, ਤਾਂ ਲੋਕ ਸਾਡੀਆਂ ਗੱਲਾਂ ਦਾ ਆਨੰਦ ਮਾਣਦੇ ਹਨ ਅਤੇ ਉਨ੍ਹਾਂ ਨਾਲ ਸਹਿਮਤ ਹੁੰਦੇ ਹਨ। (ਕਹਾ. 25:15) ਜੇ ਅਸੀਂ ਦੂਜਿਆਂ ਦੀ ਇੱਜ਼ਤ ਕਰਾਂਗੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਾਂਗੇ, ਤਾਂ ਹੀ ਅਸੀਂ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰ ਸਕਾਂਗੇ। ਯਿਸੂ ਨੇ ਇੱਦਾਂ ਹੀ ਕੀਤਾ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਦੇਖਿਆ ਕਿ ਭੀੜ ਉਸ ਦੀਆਂ ਗੱਲਾਂ ਸੁਣਨ ਲਈ ਕੋਸ਼ਿਸ਼ ਕਰ ਕੇ ਆਈ ਸੀ, ਤਾਂ ਉਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਸਿਖਾਇਆ। (ਮਰ. 6:34) ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ।—1 ਪਤ. 2:23.
16 ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪਿਆਰ ਕਰਦੇ ਹਾਂ, ਪਰ ਸ਼ਾਇਦ ਅਸੀਂ ਕਦੀ-ਕਦਾਈਂ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਕੁਝ ਕਹਿ ਦੇਈਏ। ਸ਼ਾਇਦ ਅਸੀਂ ਸੋਚੀਏ ਕਿ ਅਸੀਂ ਉਨ੍ਹਾਂ ਨੂੰ ਜੋ ਮਰਜ਼ੀ ਕਹਿ ਸਕਦੇ ਹਾਂ ਕਿਉਂਕਿ ਉਹ ਸਾਡੇ ਆਪਣੇ ਹਨ। ਪਰ ਯਿਸੂ ਆਪਣੇ ਕਰੀਬੀ ਦੋਸਤਾਂ ਨਾਲ ਕਦੀ ਵੀ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਇਆ। ਜਦੋਂ ਉਸ ਦੇ ਚੇਲੇ ਆਪਸ ਵਿਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ, ਤਾਂ ਉਸ ਨੇ ਇਕ ਛੋਟੇ ਬੱਚੇ ਦੀ ਮਿਸਾਲ ਦੇ ਕੇ ਪਿਆਰ ਨਾਲ ਉਨ੍ਹਾਂ ਦੀ ਸੋਚ ਨੂੰ ਸੁਧਾਰਿਆ। (ਮਰ. 9:33-37) ਯਿਸੂ ਦੀ ਰੀਸ ਕਰਦਿਆਂ ਮੰਡਲੀ ਦੇ ਬਜ਼ੁਰਗ ਦੂਜਿਆਂ ਨੂੰ “ਨਰਮਾਈ ਨਾਲ” ਸਲਾਹ ਦੇ ਸਕਦੇ ਹਨ।—ਗਲਾ. 6:1.
ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰੋ—ਕਿਵੇਂ?
8 ਆਪਣੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ, ਅਸੀਂ ਸਾਰੇ ਹੀ ਇਕ ਦੂਸਰੇ ਨੂੰ ਉਭਾਰ ਸਕਦੇ ਹਾਂ। ਯਿਸੂ ਨੇ ਯਕੀਨਨ ਹੀ ਆਪਣੇ ਸੁਣਨ ਵਾਲਿਆਂ ਨੂੰ ਉਭਾਰਿਆ ਸੀ। ਉਹ ਮਸੀਹੀ ਸੇਵਕਾਈ ਦੇ ਕਾਰਜ ਨੂੰ ਪਸੰਦ ਕਰਦਾ ਸੀ ਅਤੇ ਉਸ ਨੇ ਸੇਵਕਾਈ ਨੂੰ ਉੱਚਾ ਕੀਤਾ। ਉਸ ਨੇ ਆਖਿਆ ਕਿ ਇਹ ਉਸ ਦੇ ਲਈ ਭੋਜਨ ਵਾਂਗ ਸੀ। (ਯੂਹੰਨਾ 4:34; ਰੋਮੀਆਂ 11:13) ਅਜਿਹਾ ਜੋਸ਼ ਪ੍ਰਭਾਵ-ਸੰਚਾਰੀ ਹੋ ਸਕਦਾ ਹੈ। ਕੀ ਤੁਸੀਂ ਵੀ ਇਸੇ ਤਰ੍ਹਾਂ ਸੇਵਕਾਈ ਵਿਚ ਆਪਣਾ ਆਨੰਦ ਦਿਖਾ ਸਕਦੇ ਹੋ? ਸ਼ੇਖੀ-ਭਰੇ ਲਹਿਜੇ ਤੋਂ ਪਰਹੇਜ਼ ਕਰਦੇ ਹੋਏ, ਕਲੀਸਿਯਾ ਵਿਚ ਦੂਸਰਿਆਂ ਨਾਲ ਆਪਣੇ ਚੰਗੇ ਅਨੁਭਵ ਸਾਂਝੇ ਕਰੋ। ਜਦੋਂ ਤੁਸੀਂ ਦੂਸਰਿਆਂ ਨੂੰ ਆਪਣੇ ਨਾਲ ਕੰਮ ਕਰਨ ਲਈ ਆਖਦੇ ਹੋ, ਤਾਂ ਇਸ ਚੀਜ਼ ਉੱਤੇ ਧਿਆਨ ਦਿਓ ਕਿ ਕੀ ਤੁਸੀਂ ਉਨ੍ਹਾਂ ਨੂੰ ਦੂਸਰਿਆਂ ਨਾਲ ਮਹਾਨ ਸ੍ਰਿਸ਼ਟੀਕਰਤਾ, ਯਹੋਵਾਹ ਬਾਰੇ ਗੱਲਾਂ ਕਰਨ ਵਿਚ ਸੱਚਾ ਆਨੰਦ ਪ੍ਰਾਪਤ ਕਰਨ ਦੀ ਮਦਦ ਕਰ ਸਕਦੇ ਹੋ।—ਕਹਾਉਤਾਂ 25:25.
ਹੀਰੇ-ਮੋਤੀ
it-2 399
ਨਰਮਾਈ
ਕਹਾਉਤਾਂ 25:28 ਵਿਚ ਅਜਿਹੇ ਵਿਅਕਤੀ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਨਰਮਾਈ ਹੈ ਨਹੀਂ। ਇੱਥੇ ਲਿਖਿਆ ਹੈ: “ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ, ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਸਕਦਾ।” ਜਿਹੜਾ ਵਿਅਕਤੀ ਖ਼ੁਦ ʼਤੇ ਕਾਬੂ ਨਹੀਂ ਰੱਖਦਾ, ਉਹ ਆਪਣੇ ਮਨ ਦੀ ਰਾਖੀ ਨਹੀਂ ਕਰ ਪਾਉਂਦਾ। ਉਸ ਦੇ ਮਨ ਵਿਚ ਸੌਖਿਆਂ ਹੀ ਗ਼ਲਤ ਗੱਲਾਂ ਆ ਸਕਦੀਆਂ ਹਨ। ਨਤੀਜੇ ਵਜੋਂ ਉਹ ਗ਼ਲਤ ਕੰਮ ਕਰਨ ਲੱਗ ਸਕਦਾ ਹੈ।
11-17 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 26
“ਮੂਰਖ” ਤੋਂ ਦੂਰ ਰਹੋ
it-2 729 ਪੈਰਾ 6
ਮੀਂਹ
ਮੌਸਮ। ਵਾਅਦਾ ਕੀਤੇ ਹੋਏ ਦੇਸ਼ ਵਿਚ ਖ਼ਾਸਕਰ ਦੋ ਮੌਸਮ ਹੁੰਦੇ ਸੀ। ਗਰਮੀਆਂ ਦਾ ਮੌਸਮ ਸੁੱਕਾ ਹੁੰਦਾ ਸੀ ਅਤੇ ਸਿਆਲ਼ਾਂ ਵਿਚ ਮੀਂਹ ਪੈਂਦਾ ਸੀ। (ਜ਼ਬੂ 32:4; ਸ੍ਰੇਸ਼ 2:11 ਵਿਚ ਨੁਕਤਾ ਦੇਖੋ।) ਅਪ੍ਰੈਲ ਦੇ ਵਿਚਕਾਰ ਤੋਂ ਲੈ ਕੇ ਅਕਤੂਬਰ ਦੇ ਵਿਚਕਾਰ ਤਕ ਬਹੁਤ ਘੱਟ ਮੀਂਹ ਪੈਂਦਾ ਸੀ। ਇਨ੍ਹਾਂ ਮਹੀਨਿਆਂ ਦੌਰਾਨ ਫ਼ਸਲ ਦੀ ਵਾਢੀ ਵੀ ਕੀਤੀ ਜਾਂਦੀ ਸੀ। ਇਸ ਦੌਰਾਨ ਜੇ ਮੀਂਹ ਪੈ ਜਾਂਦਾ, ਤਾਂ ਫ਼ਸਲ ਬਰਬਾਦ ਹੋ ਸਕਦੀ ਸੀ। ਇਹੀ ਕਾਰਨ ਹੈ ਕਿ ਲੋਕਾਂ ਨੂੰ ਬਿਨ-ਮੌਸਮ ਬਰਸਾਤ ਪਸੰਦ ਕਿਉਂ ਨਹੀਂ ਸੀ।—ਕਹਾਉਤਾਂ 26:1.
w87 10/1 19 ਪੈਰਾ 12
ਸੁਧਾਰੇ ਜਾਣ ਨਾਲ ਸ਼ਾਂਤੀ ਪੈਦਾ ਹੁੰਦੀ ਹੈ
12 ਕਹਾਉਤਾਂ 26:3 ਵਿਚ ਲਿਖਿਆ ਹੈ: “ਘੋੜੇ ਲਈ ਚਾਬਕ, ਗਧੇ ਲਈ ਲਗਾਮ ਅਤੇ ਮੂਰਖ ਲੋਕਾਂ ਦੀ ਪਿੱਠ ਲਈ ਡੰਡਾ ਹੈ।” ਇਸ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਸਖ਼ਤੀ ਨਾਲ ਸੁਧਾਰੇ ਜਾਣ ਦੀ ਲੋੜ ਹੁੰਦੀ ਹੈ। ਇਹੀ ਗੱਲ ਇਜ਼ਰਾਈਲੀਆਂ ਬਾਰੇ ਵੀ ਸੱਚ ਸੀ। ਕਈ ਵਾਰ ਯਹੋਵਾਹ ਨੇ ਉਨ੍ਹਾਂ ਨੂੰ ਨਿਮਰ ਕਰਨ ਲਈ ਉਨ੍ਹਾਂ ʼਤੇ ਉਹ ਮੁਸੀਬਤਾਂ ਆਉਣ ਦਿੱਤੀਆਂ ਜੋ ਉਨ੍ਹਾਂ ਨੇ ਖ਼ੁਦ ਆਪਣੇ ʼਤੇ ਲਿਆਂਦੀਆਂ ਸੀ, ਜਿਵੇਂ ਦੂਸਰੀਆਂ ਕੌਮਾਂ ਨੂੰ ਉਨ੍ਹਾਂ ʼਤੇ ਕਬਜ਼ਾ ਕਰਨ ਦਿੱਤਾ। (ਜ਼ਬੂ 107:11-13) ਪਰ ਕੁਝ ਮੂਰਖ ਲੋਕ ਨਿਮਰ ਨਹੀਂ ਹੁੰਦੇ, ਸਗੋਂ ਹੋਰ ਢੀਠ ਹੋ ਜਾਂਦੇ ਹਨ। ਉਨ੍ਹਾਂ ਨੂੰ ਜਿੰਨਾ ਮਰਜ਼ੀ ਸੁਧਾਰ ਲਵੋ, ਉਹ ਨਹੀਂ ਸੁਧਰਦੇ।—ਕਹਾਉਤਾਂ 29:1.
it-2 191 ਪੈਰਾ 4
ਲੰਗੜਾ, ਲੰਗੜਾਉਣਾ
ਕਹਾਉਤਾਂ। “ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਮਾਮਲੇ ਨੂੰ ਮੂਰਖ ਦੇ ਹੱਥ ਸੌਂਪ ਦੇਣ ਵਾਲਾ ਉਸ ਇਨਸਾਨ ਵਰਗਾ ਹੈ ਜੋ ਆਪਣੇ ਹੀ ਪੈਰਾਂ ਨੂੰ ਅਪਾਹਜ ਕਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਕਹਾ 26:6) ਜੋ ਕੋਈ “ਮੂਰਖ” ʼਤੇ ਭਰੋਸਾ ਕਰਦਾ ਹੈ ਅਤੇ ਉਸ ਨੂੰ ਕੰਮ ʼਤੇ ਰੱਖਦਾ ਹੈ, ਉਹ ਖ਼ੁਦ ਦਾ ਨੁਕਸਾਨ ਕਰ ਰਿਹਾ ਹੁੰਦਾ ਹੈ। ਆਪਣਾ ਕੰਮ ਪੂਰਾ ਕਰਨ ਲਈ ਉਹ ਜੋ ਵੀ ਯੋਜਨਾਵਾਂ ਬਣਾਵੇਗਾ, ਉਹ ਕਾਮਯਾਬ ਨਹੀਂ ਹੋਣਗੀਆਂ। ਨਾਲੇ ਉਸ ਨੂੰ ਜੋ ਵੀ ਘਾਟਾ ਹੋਵੇਗਾ, ਉਹ ਵੀ ਉਸ ਨੂੰ ਹੀ ਸਹਾਰਨਾ ਪਵੇਗਾ।
ਹੀਰੇ-ਮੋਤੀ
it-1 846
ਮੂਰਖ
ਕਹਾਉਤਾਂ 26:4 ਵਿਚ ਲਿਖਿਆ ਹੈ ਕਿ “ਮੂਰਖ ਨੂੰ ਉਸ ਦੀ ਮੂਰਖਤਾ ਮੁਤਾਬਕ ਜਵਾਬ ਨਾ ਦੇ।” ਇਸ ਦਾ ਮਤਲਬ ਹੈ ਕਿ ਜਿਸ ਤਰੀਕੇ ਨਾਲ ਇਕ ਮੂਰਖ ਗੱਲ ਕਰਦਾ ਹੈ, ਉਸ ਤਰੀਕੇ ਨਾਲ ਸਾਨੂੰ ਉਸ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਇਸ ਤੋਂ ਲੱਗੇਗਾ ਕਿ ਅਸੀਂ ਉਸ ਦੇ ਗ਼ਲਤ ਵਿਚਾਰਾਂ ਨਾਲ ਸਹਿਮਤ ਹਾਂ। ਪਰ ਅਗਲੀ ਆਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ “ਮੂਰਖ ਨੂੰ ਉਸ ਦੀ ਮੂਰਖਤਾ ਅਨੁਸਾਰ ਜਵਾਬ ਦੇ।” (ਕਹਾ 26:5) ਪਰ ਇਹ ਤਾਂ ਬਿਲਕੁਲ ਉਲਟ ਗੱਲ ਕਹੀ ਗਈ ਹੈ। ਇਸ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਅਜਿਹਾ ਜਵਾਬ ਦੇਈਏ ਜਿਸ ਤੋਂ ਉਸ ਦੀਆਂ ਗੱਲਾਂ ਬੇਤੁਕੀਆਂ ਸਾਬਤ ਹੋਣ ਅਤੇ ਦਿਖਾਵੇ ਕਿ ਉਸ ਦੀਆਂ ਦਲੀਲਾਂ ਉਸ ਦੀ ਗੱਲ ਨੂੰ ਸਹੀ ਸਾਬਤ ਨਹੀਂ ਕਰ ਰਹੀਆਂ।
18-24 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 27
ਸੱਚਾ ਦੋਸਤ ਕੌਣ ਹੁੰਦਾ ਹੈ?
ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ
12 ਨਿਮਰ ਇਨਸਾਨ ਸਲਾਹ ਦੇਣ ਵਾਲੇ ਦਾ ਸ਼ੁਕਰਗੁਜ਼ਾਰ ਹੁੰਦਾ ਹੈ। ਮਿਸਾਲ ਲਈ, ਕਲਪਨਾ ਕਰੋ ਕਿ ਤੁਸੀਂ ਮੀਟਿੰਗ ਵਿਚ ਹੋ। ਤੁਸੀਂ ਕਈ ਭੈਣਾਂ-ਭਰਾਵਾਂ ਨਾਲ ਗੱਲ ਕਰ ਲਈ ਹੈ। ਇਸ ਤੋਂ ਬਾਅਦ ਕੋਈ ਭੈਣ ਜਾਂ ਭਰਾ ਤੁਹਾਨੂੰ ਇਕ ਪਾਸੇ ਲਿਜਾ ਕੇ ਦੱਸਦਾ ਹੈ ਕਿ ਤੁਹਾਡੇ ਦੰਦਾਂ ਵਿਚ ਕੁਝ ਫਸਿਆ ਹੋਇਆ ਹੈ। ਬਿਨਾਂ ਸ਼ੱਕ, ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋਗੇ। ਪਰ ਕੀ ਤੁਸੀਂ ਉਸ ਭੈਣ ਜਾਂ ਭਰਾ ਦੇ ਸ਼ੁਕਰਗੁਜ਼ਾਰ ਨਹੀਂ ਹੋਵੋਗੇ ਜਿਸ ਨੇ ਤੁਹਾਨੂੰ ਦੱਸਿਆ? ਅਸਲ ਵਿਚ, ਸ਼ਾਇਦ ਤੁਸੀਂ ਚਾਹੁੰਦੇ ਹੋਣੇ ਕਿ ਕਾਸ਼ ਕੋਈ ਪਹਿਲਾਂ ਹੀ ਤੁਹਾਨੂੰ ਇਸ ਬਾਰੇ ਦੱਸ ਦਿੰਦਾ! ਇਸੇ ਤਰ੍ਹਾਂ ਸਾਨੂੰ ਨਿਮਰਤਾ ਦਿਖਾਉਂਦੇ ਹੋਏ ਉਨ੍ਹਾਂ ਭੈਣਾਂ-ਭਰਾਵਾਂ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੀਦੀ ਹੈ ਜੋ ਲੋੜ ਪੈਣ ʼਤੇ ਸਾਨੂੰ ਸਲਾਹ ਦੇਣ ਦੀ ਹਿੰਮਤ ਕਰਦੇ ਹਨ। ਇਸ ਤਰ੍ਹਾਂ ਦੇ ਇਨਸਾਨ ਨੂੰ ਅਸੀਂ ਆਪਣਾ ਦੁਸ਼ਮਣ ਨਹੀਂ, ਸਗੋਂ ਦੋਸਤ ਸਮਝਾਂਗੇ।—ਕਹਾਉਤਾਂ 27:5, 6 ਪੜ੍ਹੋ; ਗਲਾ. 4:16.
it-2 491 ਪੈਰਾ 3
ਗੁਆਂਢੀ
ਕਹਾਉਤਾਂ: 27:10 ਵਿਚ ਸਲਾਹ ਦਿੱਤੀ ਗਈ ਹੈ ਕਿ ਬਿਪਤਾ ਵੇਲੇ ਦੂਰ ਰਹਿੰਦੇ ਕਿਸੇ ਰਿਸ਼ਤੇਦਾਰ, ਜਿਵੇਂ ਕਿ ਸਕੇ ਭਰਾ ਤੋਂ ਮਦਦ ਲੈਣ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਨੇੜੇ ਦੇ ਗੁਆਂਢੀ ਤੋਂ ਮਦਦ ਲਈਏ। ਇਹ ਸਲਾਹ ਇਸ ਲਈ ਦਿੱਤੀ ਗਈ ਹੈ ਕਿਉਂਕਿ ਸ਼ਾਇਦ ਸਾਡਾ ਉਹ ਰਿਸ਼ਤੇਦਾਰ ਸਾਡੀ ਮਦਦ ਕਰਨ ਦੀ ਹਾਲਤ ਵਿਚ ਨਾ ਹੋਵੇ। ਇਸ ਲਈ ਸਾਨੂੰ ਕਰੀਬੀ ਦੋਸਤਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਮਦਦ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ।
ਨੌਜਵਾਨੋ—ਤੁਸੀਂ ਕਿਹੋ ਜਿਹੀ ਜ਼ਿੰਦਗੀ ਜੀਉਣੀ ਚਾਹੁੰਦੇ ਹੋ?
7 ਇਕ ਸਬਕ ਜੋ ਅਸੀਂ ਯਹੋਆਸ਼ ਦੇ ਬੁਰੇ ਫ਼ੈਸਲੇ ਤੋਂ ਸਿੱਖ ਸਕਦੇ ਹਾਂ, ਉਹ ਹੈ ਕਿ ਸਾਨੂੰ ਸਿਰਫ਼ ਉਹੀ ਦੋਸਤ ਬਣਾਉਣੇ ਚਾਹੀਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਇਹ ਦੋਸਤ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰਨਗੇ। ਨਾਲੇ ਸਾਨੂੰ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਹੀ ਦੋਸਤੀ ਨਹੀਂ ਕਰਨੀ ਚਾਹੀਦੀ। ਯਾਦ ਰੱਖੋ, ਯਹੋਆਸ਼ ਆਪਣੇ ਦੋਸਤ ਯਹੋਯਾਦਾ ਤੋਂ ਬਹੁਤ ਛੋਟਾ ਸੀ। ਦੋਸਤਾਂ ਦੀ ਚੋਣ ਦੇ ਮਾਮਲੇ ਵਿਚ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦੋਸਤ ਮੇਰੀ ਮਦਦ ਕਰਦੇ ਹਨ ਕਿ ਮੈਂ ਯਹੋਵਾਹ ʼਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂ? ਕੀ ਉਹ ਮੈਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਨ? ਕੀ ਉਹ ਯਹੋਵਾਹ ਅਤੇ ਉਸ ਦੀਆਂ ਅਨਮੋਲ ਸੱਚਾਈਆਂ ਬਾਰੇ ਗੱਲ ਕਰਦੇ ਹਨ? ਕੀ ਉਹ ਯਹੋਵਾਹ ਦੇ ਮਿਆਰਾਂ ਦਾ ਆਦਰ ਕਰਦੇ ਹਨ? ਕੀ ਉਹ ਮੈਨੂੰ ਸਿਰਫ਼ ਉਹੀ ਗੱਲਾਂ ਕਹਿੰਦੇ ਹਨ ਜੋ ਮੈਂ ਸੁਣਨੀਆਂ ਚਾਹੁੰਦਾ ਹਾਂ? ਜਾਂ ਉਹ ਹਿੰਮਤ ਕਰਕੇ ਮੈਨੂੰ ਸੁਧਾਰਦੇ ਹਨ ਜਦੋਂ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ?’ (ਕਹਾ. 27:5, 6, 17) ਸੱਚ ਤਾਂ ਇਹ ਹੈ ਕਿ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਤੁਹਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਰ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਨਾਲ ਦੋਸਤੀ ਬਣਾਈ ਰੱਖੋ। ਉਹ ਹਮੇਸ਼ਾ ਤੁਹਾਡੀ ਮਦਦ ਕਰਨਗੇ।—ਕਹਾ. 13:20.
ਹੀਰੇ-ਮੋਤੀ
ਕਹਾਉਤਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
27:21. ਕਿਸੇ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣਨ ਤੇ ਜ਼ਾਹਰ ਹੋ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਅਗਰ ਪ੍ਰਸ਼ੰਸਾ ਸੁਣ ਕੇ ਅਸੀਂ ਯਹੋਵਾਹ ਨੂੰ ਵਡਿਆਉਣ ਤੇ ਉਸ ਦੀ ਸੇਵਾ ਵਿਚ ਰੁੱਝੇ ਰਹਿਣ ਲਈ ਪ੍ਰੇਰਿਤ ਹੁੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਨਿਮਰ ਇਨਸਾਨ ਹਾਂ। ਲੇਕਿਨ ਜੇ ਅਸੀਂ ਫੁੱਲ ਜਾਂਦੇ ਹਾਂ, ਤਾਂ ਇਸ ਤੋਂ ਸਾਡਾ ਘਮੰਡ ਜ਼ਾਹਰ ਹੁੰਦਾ ਹੈ।
25-31 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 28
ਦੁਸ਼ਟ ਅਤੇ ਧਰਮੀ ਵਿਚ ਫ਼ਰਕ
w93 5/15 26 ਪੈਰਾ 2
ਕੀ ਤੁਸੀਂ ਦਿਲੋਂ ਯਹੋਵਾਹ ਦੀ ਗੱਲ ਮੰਨਦੇ ਹੋ?
“ਧਰਮੀ ਸ਼ੇਰ ਵਾਂਗ ਨਿਡਰ ਰਹਿੰਦੇ ਹਨ।” (ਕਹਾਉਤਾਂ 28:1) ਉਸ ਨੂੰ ਪਰਮੇਸ਼ੁਰ ਦੇ ਬਚਨ ʼਤੇ ਪੂਰਾ ਭਰੋਸਾ ਹੁੰਦਾ ਹੈ, ਫਿਰ ਚਾਹੇ ਉਸ ਦੇ ਸਾਮ੍ਹਣੇ ਕੋਈ ਵੀ ਖ਼ਤਰਾ ਕਿਉਂ ਨਾ ਆ ਜਾਵੇ।
it-2 1139 ਪੈਰਾ 3
ਸਮਝ
ਜੋ ਸਮਝ ਦੇਣ ਵਾਲੇ ਪਰਮੇਸ਼ੁਰ ਦੀ ਨਹੀਂ ਮੰਨਦੇ। ਇਕ ਇਨਸਾਨ ਜਦੋਂ ਪਰਮੇਸ਼ੁਰ ਦੀ ਗੱਲ ਨਹੀਂ ਮੰਨਦਾ, ਤਾਂ ਉਹ ਫ਼ੈਸਲੇ ਲੈਂਦਿਆਂ ਯਹੋਵਾਹ ਦੇ ਅਸੂਲਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪੈਂਦਾ ਹੈ। (ਅੱਯੂ 34:27) ਸਮੇਂ ਦੇ ਬੀਤਣ ਨਾਲ ਉਸ ਨੂੰ ਲੱਗਣ ਲੱਗ ਪੈਂਦਾ ਹੈ ਕਿ ਉਸ ਦੇ ਕੰਮ ਗ਼ਲਤ ਨਹੀਂ ਹਨ ਤੇ ਉਹ ਆਪਣੀ ਸੂਝ-ਬੂਝ ਗੁਆ ਲੈਂਦਾ ਹੈ। (ਜ਼ਬੂ 36:1-4) ਕਹਿਣ ਨੂੰ ਤਾਂ ਉਹ ਪਰਮੇਸ਼ੁਰ ਦੇ ਹੁਕਮ ਮੰਨਦਾ ਹੈ, ਪਰ ਉਸ ਦੇ ਕੰਮ ਇਨਸਾਨੀ ਸੋਚ ਮੁਤਾਬਕ ਹੁੰਦੇ ਹਨ। (ਯਸਾ 29:13, 14) ਉਹ ਆਪਣੇ ਬੁਰੇ ਵਿਵਹਾਰ ਨੂੰ “ਖੇਡ” ਸਮਝਦਾ ਹੈ। (ਕਹਾ 10:23) ਆਪਣੀ ਪੁੱਠੀ ਸੋਚ ਕਰਕੇ ਉਹ ਮੂਰਖਤਾ ਕਰਦਾ ਹੈ ਅਤੇ ਸੋਚਦਾ ਹੈ ਕਿ ਪਰਮੇਸ਼ੁਰ ਨੂੰ ਕੋਈ ਦੇਖ ਨਹੀਂ ਸਕਦਾ, ਇਸ ਲਈ ਪਰਮੇਸ਼ੁਰ ਉਸ ਦੇ ਗ਼ਲਤ ਕੰਮ ਨਹੀਂ ਦੇਖ ਸਕੇਗਾ। (ਜ਼ਬੂ 94:4-10; ਯਸਾ 29:15, 16; ਯਿਰ 10:21) ਇਸ ਤਰ੍ਹਾਂ ਉਹ ਕਹਿ ਰਿਹਾ ਹੁੰਦਾ ਹੈ, “ਕੋਈ ਯਹੋਵਾਹ ਨਹੀਂ ਹੈ।” (ਜ਼ਬੂ 14:1-3) ਨਤੀਜੇ ਵਜੋਂ ਉਹ ਸਹੀ ਤੇ ਗ਼ਲਤ ਵਿਚ ਫ਼ਰਕ ਨਹੀਂ ਕਰ ਪਾਉਂਦਾ, ਕਿਸੇ ਮਾਮਲੇ ਨੂੰ ਸਹੀ ਤਰ੍ਹਾਂ ਦੇਖ ਨਹੀਂ ਪਾਉਂਦਾ ਅਤੇ ਨਾ ਹੀ ਸਹੀ ਫ਼ੈਸਲੇ ਲੈ ਪਾਉਂਦਾ ਹੈ।
it-1 1211 ਪੈਰਾ 4
ਖਰਿਆਈ, ਖਰੇ ਰਾਹ ʼਤੇ ਚੱਲਣ ਵਾਲਾ, ਵਫ਼ਾਦਾਰੀ
ਇਕ ਨੇਕ ਇਨਸਾਨ ਚਾਹੇ ਗ਼ਰੀਬ ਹੋਵੇ, ਪਰ ਉਸ ਦਾ ਮੁੱਲ ਇਕ ਅਮੀਰ ਤੇ ਦੁਸ਼ਟ ਆਦਮੀ ਨਾਲੋਂ ਕਿਤੇ ਜ਼ਿਆਦਾ ਹੈ। ਯਹੋਵਾਹ ʼਤੇ ਪੱਕੀ ਨਿਹਚਾ ਅਤੇ ਭਰੋਸਾ ਹੋਣ ਕਰਕੇ ਉਹ ਯਹੋਵਾਹ ਦੇ ਵਫ਼ਾਦਾਰ ਰਹਿ ਪਾਉਂਦਾ ਹੈ। (ਜ਼ਬੂ 25:21) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਅਜਿਹੇ ਨਿਰਦੋਸ਼ ਇਨਸਾਨ ਲਈ “ਢਾਲ” ਅਤੇ “ਪੱਕਾ ਕਿਲਾ” ਸਾਬਤ ਹੋਵੇਗਾ। (ਕਹਾ 2:6-8; 10:29; ਜ਼ਬੂ 41:12) ਇਕ ਵਫ਼ਾਦਾਰ ਤੇ ਨੇਕ ਇਨਸਾਨ ਹਮੇਸ਼ਾ ਅਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਉਹ ਮੁਸ਼ਕਲਾਂ ਵਿਚ ਪੈਣ ਤੋਂ ਬਚਦਾ ਹੈ। (ਜ਼ਬੂ 26:1-3; ਕਹਾ 11:5; 28:18) ਕਈ ਵਾਰ ਦੁਸ਼ਟ ਲੋਕਾਂ ਕਰਕੇ ਨਿਰਦੋਸ਼ ਲੋਕਾਂ ਨੂੰ ਦੁੱਖ ਸਹਿਣਾ ਪੈਂਦਾ ਹੈ। ਪਰ ਯਹੋਵਾਹ ਤੋਂ ਕੁਝ ਨਹੀਂ ਲੁਕਿਆ, ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਨਿਰਦੋਸ਼ ਲੋਕਾਂ ਨੂੰ ਸਕੂਨ ਦੀ ਜ਼ਿੰਦਗੀ ਦੇਵੇਗਾ। (ਅੱਯੂ 9:20-22; ਜ਼ਬੂ 37:18, 19, 37; 84:11; ਕਹਾ 28:10) ਅੱਯੂਬ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਦੇ ਵਫ਼ਾਦਾਰ ਰਹਿਣਾ, ਦੌਲਤਮੰਦ ਹੋਣ ਨਾਲੋਂ ਕਿਤੇ ਚੰਗਾ ਹੈ।—ਕਹਾ 19:1; 28:6.
ਹੀਰੇ-ਮੋਤੀ
ਅਧਿਆਤਮਿਕ ਦਿਲ ਦੇ ਦੌਰੇ ਤੋਂ ਤੁਸੀਂ ਬਚ ਸਕਦੇ ਹੋ
ਹੱਦੋਂ ਵੱਧ ਭਰੋਸਾ। ਦਿਲ ਦੇ ਦੌਰੇ ਦੇ ਬਹੁਤ ਸਾਰੇ ਮਰੀਜ਼ ਦੌਰਾ ਪੈਣ ਤੋਂ ਪਹਿਲਾਂ ਆਪਣੀ ਸਿਹਤ ਉੱਤੇ ਲੋੜੋਂ ਵੱਧ ਭਰੋਸਾ ਕਰਦੇ ਸਨ। ਉਨ੍ਹਾਂ ਨੇ ਅਕਸਰ ਆਪਣੀ ਸਿਹਤ ਦੀ ਡਾਕਟਰੀ ਜਾਂਚ ਨਹੀਂ ਕਰਵਾਈ ਜਾਂ ਹੱਸ ਕੇ ਟਾਲ ਦਿੱਤਾ ਕਿ ਇਸ ਦੀ ਕੋਈ ਲੋੜ ਨਹੀਂ। ਇਸੇ ਤਰ੍ਹਾਂ ਕੁਝ ਲੋਕ ਸ਼ਾਇਦ ਮਹਿਸੂਸ ਕਰਨ ਕਿ ਉਹ ਕਾਫ਼ੀ ਸਮੇਂ ਤੋਂ ਮਸੀਹੀ ਹਨ, ਇਸ ਲਈ ਉਨ੍ਹਾਂ ਨਾਲ ਕੋਈ ਮਾੜੀ ਗੱਲ ਹੋ ਹੀ ਨਹੀਂ ਸਕਦੀ। ਉਹ ਕੋਈ ਆਫ਼ਤ ਆਉਣ ਤੋਂ ਪਹਿਲਾਂ ਸ਼ਾਇਦ ਅਧਿਆਤਮਿਕ ਤੌਰ ਤੇ ਆਪਣੀ ਜਾਂਚ ਨਾ ਕਰਨ ਦੀ ਅਣਗਹਿਲੀ ਕਰਨ। ਪੌਲੁਸ ਰਸੂਲ ਦੁਆਰਾ ਆਪਣੇ ਉੱਤੇ ਹੱਦੋਂ ਵੱਧ ਭਰੋਸਾ ਨਾ ਰੱਖਣ ਸੰਬੰਧੀ ਦਿੱਤੀ ਚੰਗੀ ਸਲਾਹ ਵੱਲ ਧਿਆਨ ਦੇਣਾ ਜ਼ਰੂਰੀ ਹੈ: “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” ਇਹ ਬੜੀ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਆਪਣੇ ਨਾਮੁਕੰਮਲ ਸੁਭਾਅ ਨੂੰ ਪਛਾਣੀਏ ਅਤੇ ਸਮੇਂ-ਸਮੇਂ ਤੇ ਅਧਿਆਤਮਿਕ ਤੌਰ ਤੇ ਆਪਣੀ ਜਾਂਚ ਕਰਦੇ ਰਹੀਏ।—1 ਕੁਰਿੰਥੀਆਂ 10:12; ਕਹਾਉਤਾਂ 28:14.