ਨੌਜਵਾਨ ਪੁੱਛਦੇ ਹਨ
ਉਦੋਂ ਕੀ ਜੇ ਮੇਰਾ ਦੋਸਤ ਮੈਨੂੰ ਦੁੱਖ ਪਹੁੰਚਾਵੇ?
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
ਹਰ ਰਿਸ਼ਤੇ ਵਿਚ ਕੋਈ ਨਾ ਕੋਈ ਮੁਸ਼ਕਲ ਜ਼ਰੂਰ ਆਉਂਦੀ ਹੈ। ਸਾਰੇ ਇਨਸਾਨ ਗ਼ਲਤੀਆਂ ਦੇ ਪੁਤਲੇ ਹਨ। ਇਸ ਕਰਕੇ ਸ਼ਾਇਦ ਤੁਹਾਡੇ ਕਿਸੇ ਦੋਸਤ ਨੇ ਜਾਂ ਇੱਥੋਂ ਤਕ ਕਿ ਤੁਹਾਡੇ ਪੱਕੇ ਦੋਸਤ ਨੇ ਵੀ ਕੁਝ ਅਜਿਹਾ ਕਹਿ ਦਿੱਤਾ ਹੋਵੇ ਜਾਂ ਕਰ ਦਿੱਤਾ ਹੋਵੇ ਜਿਸ ਕਰਕੇ ਤੁਹਾਨੂੰ ਦੁੱਖ ਲੱਗਾ ਹੋਵੇ। ਪਰ ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਵੀ ਕਦੇ ਕਿਸੇ ਨੂੰ ਆਪਣੀਆਂ ਗੱਲਾਂ ਜਾਂ ਕੰਮਾਂ ਰਾਹੀਂ ਦੁੱਖ ਪਹੁੰਚਾਇਆ ਸੀ?—ਯਾਕੂਬ 3:2.
ਇੰਟਰਨੈੱਟ ਕਰਕੇ ਤੁਸੀਂ ਖ਼ੁਦ ਨੂੰ ਸੌਖਿਆਂ ਹੀ ਦੁੱਖ ਪਹੁੰਚਾ ਸਕਦੇ ਹੋ। ਮਿਸਾਲ ਲਈ, ਡੇਵਿਡ ਨਾਂ ਦਾ ਨੌਜਵਾਨ ਕਹਿੰਦਾ ਹੈ: “ਜਦੋਂ ਤੁਸੀਂ ਇੰਟਰਨੈੱਟ ʼਤੇ ਆਪਣੇ ਕਿਸੇ ਦੋਸਤ ਦੀਆਂ ਫੋਟੋਆਂ ਦੇਖਦੇ ਹੋ ਜੋ ਕਿਸੇ ਪਾਰਟੀ ʼਤੇ ਗਿਆ ਸੀ, ਤਾਂ ਸ਼ਾਇਦ ਤੁਸੀਂ ਸੋਚਣ ਲੱਗ ਪਓ ਹੋ ਕਿ ਤੁਹਾਨੂੰ ਕਿਉਂ ਨਹੀਂ ਬੁਲਾਇਆ ਗਿਆ। ਇਸ ਲਈ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਨੂੰ ਧੋਖਾ ਦਿੱਤਾ ਗਿਆ ਹੈ ਅਤੇ ਤੁਸੀਂ ਉਦਾਸ ਹੋ ਜਾਓ।”
ਤੁਸੀਂ ਇਸ ਮੁਸ਼ਕਲ ਨੂੰ ਸੁਲਝਾਉਣਾ ਸਿੱਖ ਸਕਦੇ ਹੋ।
ਤੁਸੀਂ ਕੀ ਕਰ ਸਕਦੇ ਹੋ?
ਖ਼ੁਦ ਦੀ ਜਾਂਚ ਕਰੋ। ਬਾਈਬਲ ਕਹਿੰਦੀ ਹੈ: “ਕਿਸੇ ਦੀ ਗੱਲ ਦਾ ਛੇਤੀ ਬੁਰਾ ਨਾ ਮਨਾ ਕਿਉਂਕਿ ਬੁਰਾ ਮਨਾਉਣਾ ਮੂਰਖਾਂ ਦੀ ਨਿਸ਼ਾਨੀ ਹੈ।”—ਉਪਦੇਸ਼ਕ ਦੀ ਕਿਤਾਬ 7:9, ਫੁਟਨੋਟ।
“ਕਈ ਵਾਰ ਸ਼ਾਇਦ ਤੁਹਾਨੂੰ ਬਾਅਦ ਵਿਚ ਅਹਿਸਾਸ ਹੋਵੇ ਕਿ ਜਿਸ ਗੱਲ ਕਰਕੇ ਤੁਸੀਂ ਇੰਨੇ ਪਰੇਸ਼ਾਨ ਸੀ, ਅਸਲ ਵਿਚ ਉਹ ਇੰਨੀ ਵੱਡੀ ਗੱਲ ਹੈ ਹੀ ਨਹੀਂ ਸੀ।”—ਅਲੀਸਾ।
ਜ਼ਰਾ ਸੋਚੋ: ਕੀ ਤੁਸੀਂ ਦੂਜਿਆਂ ਦੀ ਗੱਲ ਝੱਟ ਹੀ ਦਿਲ ʼਤੇ ਲਾ ਲੈਂਦੇ ਹੋ? ਕੀ ਤੁਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਹੋਰ ਸਹਾਰਨਾ ਸਿੱਖ ਸਕਦੇ ਹੋ?—ਉਪਦੇਸ਼ਕ ਦੀ ਕਿਤਾਬ 7:21, 22.
ਮਾਫ਼ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ। ਬਾਈਬਲ ਕਹਿੰਦੀ ਹੈ: “ਠੇਸ ਲੱਗਣ ਤੇ ਇਸ ਨੂੰ ਨਜ਼ਰਅੰਦਾਜ਼ ਕਰਨਾ ਉਸ ਦੀ ਸ਼ਾਨ ਹੈ।”—ਕਹਾਉਤਾਂ 19:11.
“ਜੇ ਤੁਹਾਡੇ ਕੋਲ ਨਾਰਾਜ਼ ਹੋਣ ਦਾ ਜਾਇਜ਼ ਕਾਰਨ ਹੈ ਵੀ, ਤਾਂ ਵੀ ਉਸ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰ ਦਿਓ। ਉਸ ਵਿਅਕਤੀ ਨੂੰ ਵਾਰ-ਵਾਰ ਉਸ ਦੀ ਗ਼ਲਤੀ ਯਾਦ ਨਾ ਕਰਾਓ ਅਤੇ ਨਾ ਹੀ ਉਸ ਨੂੰ ਅਹਿਸਾਸ ਕਰਾਓ ਕਿ ਉਹ ਤੁਹਾਡੇ ਤੋਂ ਮਾਫ਼ੀ ਮੰਗੇ। ਜਦੋਂ ਤੁਸੀਂ ਇਕ ਵਾਰ ਮਾਫ਼ ਕਰ ਦਿੰਦੇ ਹੋ, ਤਾਂ ਉਸ ਗੱਲ ʼਤੇ ਮਿੱਟੀ ਪਾ ਦਿਓ।”—ਮਾਲੋਰੀ।
ਜ਼ਰਾ ਸੋਚੋ: ਕੀ ਇਹ ਗੱਲ ਇੰਨੀ ਜ਼ਿਆਦਾ ਅਹਿਮ ਹੈ? ਕੀ ਤੁਸੀਂ ਸ਼ਾਂਤੀ ਬਣਾਈ ਰੱਖਣ ਲਈ ਉਸ ਨੂੰ ਮਾਫ਼ ਕਰ ਸਕਦੇ ਹੋ?—ਕੁਲੁੱਸੀਆਂ 3:13.
ਦੋਸਤੀ ਵਿਚ ਇਕ-ਦੂਜੇ ਦੀਆਂ ਗ਼ਲਤੀਆਂ ਬਾਰੇ ਹਰ ਵਾਰ ਗੱਲ ਕਰਨੀ ਇੱਦਾਂ ਹੈ ਜਿੱਦਾਂ ਅਸੀਂ ਸਰਦੀਆਂ ਦੇ ਮੌਸਮ ਵਿਚ ਇਕ ਨਿੱਘੇ ਕਮਰੇ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਦੇ ਹਾਂ ਤੇ ਠੰਢੀ ਹਵਾ ਨੂੰ ਅੰਦਰ ਆਉਣ ਦਿੰਦੇ ਹਾਂ
ਦੂਸਰੇ ਵਿਅਕਤੀ ਬਾਰੇ ਵੀ ਸੋਚੋ। ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4.
“ਜੇ ਤੁਸੀਂ ਆਪਣੇ ਦੋਸਤ ਨੂੰ ਪਿਆਰ ਕਰਦੇ ਹੋ ਅਤੇ ਉਸ ਦਾ ਆਦਰ ਕਰਦੇ ਹੋ, ਤਾਂ ਕੋਈ ਸਮੱਸਿਆ ਆਉਣ ਤੇ ਤੁਸੀਂ ਝੱਟ ਉਸ ਨੂੰ ਸੁਲਝਾਉਣਾ ਚਾਹੋਗੇ ਕਿਉਂਕਿ ਤੁਸੀਂ ਆਪਣੀ ਦੋਸਤੀ ਕਾਇਮ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਤੁਸੀਂ ਆਪਣੇ ਦੋਸਤ ਨੂੰ ਗੁਆਉਣਾ ਨਹੀਂ ਚਾਹੁੰਦੇ।” —ਨਿਕੋਲ।
ਜ਼ਰਾ ਸੋਚੋ: ਕੀ ਤੁਸੀਂ ਖ਼ੁਦ ਨੂੰ ਸਾਮ੍ਹਣੇ ਵਾਲੇ ਵਿਅਕਤੀ ਦੀ ਜਗ੍ਹਾ ʼਤੇ ਰੱਖ ਸਕਦੇ ਹੋ ਅਤੇ ਉਸ ਦੇ ਨਜ਼ਰੀਏ ਤੋਂ ਸੋਚ ਸਕਦੇ ਹੋ ਕਿ ਉਸ ਵਿਅਕਤੀ ਨੂੰ ਜਿੱਦਾਂ ਲੱਗ ਰਿਹਾ ਹੈ, ਉਹ ਕੁਝ ਹੱਦ ਤਕ ਠੀਕ ਹੈ?—ਫ਼ਿਲਿੱਪੀਆਂ 2:3.
ਮੁੱਖ ਗੱਲ: ਦੁੱਖ ਪਹੁੰਚਾਉਣ ਵਾਲੀਆਂ ਭਾਵਨਾਵਾਂ ਨਾਲ ਨਜਿੱਠਣਾ ਇਕ ਹੁਨਰ ਹੈ ਅਤੇ ਇਹ ਹੁਨਰ ਵੱਡੇ ਹੋ ਕੇ ਤੁਹਾਡੇ ਕੰਮ ਆਵੇਗਾ। ਤਾਂ ਫਿਰ ਕਿਉਂ ਨਾ ਹੁਣ ਤੋਂ ਹੀ ਆਪਣੇ ਅੰਦਰ ਇਹ ਹੁਨਰ ਪੈਦਾ ਕਰੋ?