ਯਿਰਮਿਯਾਹ
47 ਯਿਰਮਿਯਾਹ ਨਬੀ ਨੂੰ ਫਲਿਸਤੀਆਂ ਬਾਰੇ ਯਹੋਵਾਹ ਦਾ ਸੰਦੇਸ਼ ਮਿਲਿਆ।+ ਇਹ ਸੰਦੇਸ਼ ਉਸ ਨੂੰ ਫ਼ਿਰਊਨ ਵੱਲੋਂ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਮਿਲਿਆ ਸੀ। 2 ਯਹੋਵਾਹ ਇਹ ਕਹਿੰਦਾ ਹੈ:
“ਦੇਖੋ! ਉੱਤਰ ਵੱਲੋਂ ਪਾਣੀ ਆ ਰਿਹਾ ਹੈ।
ਹੜ੍ਹ ਠਾਠਾਂ ਮਾਰਦਾ ਆ ਰਿਹਾ ਹੈ।
ਇਹ ਸਾਰੇ ਦੇਸ਼ ਨੂੰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਰੋੜ੍ਹ ਕੇ ਲੈ ਜਾਵੇਗਾ,
ਨਾਲੇ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨੂੰ ਵੀ।
ਲੋਕ ਚੀਕ-ਚਿਹਾੜਾ ਪਾਉਣਗੇ
ਅਤੇ ਦੇਸ਼ ਦਾ ਹਰ ਵਾਸੀ ਉੱਚੀ-ਉੱਚੀ ਰੋਵੇਗਾ।
3 ਉਸ ਦੇ ਜੰਗੀ ਘੋੜਿਆਂ ਦੇ ਖੁਰਾਂ ਦੀਆਂ ਟਾਪਾਂ ਸੁਣ ਕੇ,
ਉਸ ਦੇ ਰਥਾਂ ਦਾ ਸ਼ੋਰ ਅਤੇ ਉਸ ਦੇ ਪਹੀਆਂ ਦੀ ਖੜ-ਖੜ ਸੁਣ ਕੇ
ਪਿਤਾ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਪਿੱਛੇ ਨਹੀਂ ਮੁੜੇਗਾ
ਕਿਉਂਕਿ ਉਸ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ।
4 ਉਸ ਦਿਨ ਸਾਰੇ ਫਲਿਸਤੀਆਂ ਨੂੰ ਨਾਸ਼ ਕੀਤਾ ਜਾਵੇਗਾ;+
ਸੋਰ+ ਅਤੇ ਸੀਦੋਨ+ ਦੇ ਬਚੇ ਹੋਏ ਸਹਾਇਕਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।
5 ਗਾਜ਼ਾ ਆਪਣਾ ਸਿਰ ਮੁਨਾਵੇਗਾ।*
ਅਸ਼ਕਲੋਨ ਨੂੰ ਚੁੱਪ ਕਰਾ ਦਿੱਤਾ ਗਿਆ ਹੈ।+
ਹੇ ਵਾਦੀ ਦੇ ਬਾਕੀ ਬਚੇ ਹੋਏ ਲੋਕੋ,
ਤੁਸੀਂ ਕਦੋਂ ਤਕ ਆਪਣੇ ਆਪ ਨੂੰ ਕੱਟਦੇ-ਵੱਢਦੇ ਰਹੋਗੇ?+
6 ਹੇ ਯਹੋਵਾਹ ਦੀ ਤਲਵਾਰ,+
ਤੂੰ ਕਦੋਂ ਸ਼ਾਂਤ ਹੋਵੇਂਗੀ?
ਆਪਣੀ ਮਿਆਨ ਵਿਚ ਵਾਪਸ ਚਲੀ ਜਾਹ।
ਆਰਾਮ ਕਰ ਅਤੇ ਚੁੱਪ ਰਹਿ।
7 ਇਹ ਕਿਵੇਂ ਸ਼ਾਂਤ ਰਹਿ ਸਕਦੀ ਹੈ?
ਇਸ ਨੂੰ ਯਹੋਵਾਹ ਨੇ ਹੁਕਮ ਦਿੱਤਾ ਹੈ,
ਉਸ ਨੇ ਇਸ ਨੂੰ ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ ਭੇਜਿਆ ਹੈ।”+