-
ਮਰਕੁਸ 9:19-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਅਵਿਸ਼ਵਾਸੀ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲੈ ਕੇ ਆਓ।”+ 20 ਉਹ ਮੁੰਡੇ ਨੂੰ ਯਿਸੂ ਕੋਲ ਲਿਆਏ, ਪਰ ਯਿਸੂ ਨੂੰ ਦੇਖਦਿਆਂ ਸਾਰ ਦੁਸ਼ਟ ਦੂਤ ਨੇ ਮੁੰਡੇ ਨੂੰ ਮਰੋੜਿਆ-ਮਰਾੜਿਆ। ਮੁੰਡਾ ਜ਼ਮੀਨ ਉੱਤੇ ਡਿਗ ਪਿਆ ਅਤੇ ਮੂੰਹੋਂ ਝੱਗ ਛੱਡਣ ਲੱਗ ਪਿਆ। 21 ਫਿਰ ਯਿਸੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ: “ਇਸ ਦੀ ਇਹ ਹਾਲਤ ਕਿੰਨੇ ਕੁ ਚਿਰ ਤੋਂ ਹੈ?” ਉਸ ਨੇ ਕਿਹਾ: “ਛੋਟੇ ਹੁੰਦਿਆਂ ਤੋਂ ਹੀ। 22 ਦੁਸ਼ਟ ਦੂਤ ਉਸ ਨੂੰ ਅਕਸਰ ਅੱਗ ਤੇ ਪਾਣੀ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜੇ ਤੂੰ ਕੁਝ ਕਰ ਸਕਦਾ ਹੈਂ, ਤਾਂ ਸਾਡੇ ʼਤੇ ਰਹਿਮ ਕਰ ਅਤੇ ਸਾਡੀ ਮਦਦ ਕਰ।” 23 ਯਿਸੂ ਨੇ ਉਸ ਨੂੰ ਕਿਹਾ: “ਤੂੰ ਇਹ ਕਿਉਂ ਕਹਿ ਰਿਹਾ ਹੈਂ, ‘ਜੇ ਤੂੰ ਕੁਝ ਕਰ ਸਕਦਾ ਹੈਂ’? ਜੋ ਨਿਹਚਾ ਕਰਦਾ ਹੈ, ਉਸ ਲਈ ਸਭ ਕੁਝ ਮੁਮਕਿਨ ਹੈ।”+ 24 ਉਸੇ ਵੇਲੇ ਮੁੰਡੇ ਦੇ ਪਿਤਾ ਨੇ ਉੱਚੀ-ਉੱਚੀ ਕਿਹਾ: “ਮੈਂ ਨਿਹਚਾ ਕਰਦਾ ਹਾਂ! ਪਰ ਜੇ ਮੇਰੀ ਨਿਹਚਾ ਕਮਜ਼ੋਰ ਹੈ, ਤਾਂ ਇਸ ਨੂੰ ਪੱਕੀ ਕਰਨ ਵਿਚ ਮੇਰੀ ਮਦਦ ਕਰ!”+
25 ਜਦੋਂ ਯਿਸੂ ਨੇ ਦੇਖਿਆ ਕਿ ਲੋਕ ਉਨ੍ਹਾਂ ਵੱਲ ਭੱਜੇ ਆ ਰਹੇ ਸਨ, ਤਾਂ ਉਸ ਨੇ ਦੁਸ਼ਟ ਦੂਤ ਨੂੰ ਝਿੜਕਦੇ ਹੋਏ ਕਿਹਾ: “ਓਏ ਗੁੰਗੇ ਤੇ ਬੋਲ਼ੇ ਦੁਸ਼ਟ ਦੂਤਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਮੁੰਡੇ ਵਿੱਚੋਂ ਨਿਕਲ ਜਾ ਅਤੇ ਫਿਰ ਮੁੜ ਕੇ ਨਾ ਇਸ ਨੂੰ ਚਿੰਬੜੀ!”+ 26 ਉਹ ਉੱਚੀ-ਉੱਚੀ ਚੀਕਾਂ ਮਾਰ ਕੇ ਅਤੇ ਮੁੰਡੇ ਨੂੰ ਮਰੋੜ-ਮਰਾੜ ਕੇ ਉਸ ਵਿੱਚੋਂ ਨਿਕਲ ਗਿਆ ਤੇ ਮੁੰਡਾ ਮਰਿਆਂ ਵਰਗਾ ਹੋ ਗਿਆ। ਇਸ ਲਈ ਜ਼ਿਆਦਾਤਰ ਲੋਕ ਕਹਿਣ ਲੱਗੇ: “ਇਹ ਤਾਂ ਮਰ ਗਿਆ!” 27 ਪਰ ਯਿਸੂ ਨੇ ਮੁੰਡੇ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਤੇ ਉਹ ਖੜ੍ਹਾ ਹੋ ਗਿਆ।
-