ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਸ੍ਰੇਸ਼ਟ ਗੀਤ 1:1 - 8:14
  • ਸ੍ਰੇਸ਼ਟ ਗੀਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ੍ਰੇਸ਼ਟ ਗੀਤ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਸ੍ਰੇਸ਼ਟ ਗੀਤ

ਸ੍ਰੇਸ਼ਟ ਗੀਤ

1 ਸੁਲੇਮਾਨ ਦਾ ਸਭ ਤੋਂ ਵਧੀਆ ਗੀਤ:+

 2 “ਉਹ ਆਪਣੇ ਮੂੰਹ ਦੇ ਚੁੰਮਣਾਂ ਨਾਲ ਮੈਨੂੰ ਚੁੰਮੇ

ਕਿਉਂਕਿ ਤੇਰੇ ਪਿਆਰ ਦੇ ਇਜ਼ਹਾਰ ਦਾਖਰਸ ਨਾਲੋਂ ਕਿਤੇ ਚੰਗੇ ਹਨ।+

 3 ਤੇਰੇ ਖ਼ੁਸ਼ਬੂਦਾਰ ਤੇਲਾਂ ਦੀ ਮਹਿਕ ਕਿੰਨੀ ਮਿੱਠੀ ਹੈ!+

ਤੇਰਾ ਨਾਂ ਸੁਗੰਧਿਤ ਤੇਲ ਵਰਗਾ ਹੈ ਜੋ ਸਿਰ ʼਤੇ ਡੋਲ੍ਹਿਆ ਗਿਆ ਹੋਵੇ।+

ਇਸੇ ਲਈ ਕੁੜੀਆਂ ਤੇਰੇ ʼਤੇ ਫਿਦਾ ਹਨ।

 4 ਮੈਨੂੰ ਆਪਣੇ ਨਾਲ ਲੈ ਜਾ;* ਚੱਲ ਆਪਾਂ ਭੱਜ ਚੱਲੀਏ।

ਰਾਜਾ ਮੈਨੂੰ ਆਪਣੀਆਂ ਕੋਠੜੀਆਂ ਵਿਚ ਲੈ ਆਇਆ ਹੈ!

ਆ ਆਪਾਂ ਖ਼ੁਸ਼ੀਆਂ ਮਨਾਈਏ ਤੇ ਆਨੰਦ ਕਰੀਏ,

ਤੇਰੇ ਪਿਆਰ ਦੇ ਇਜ਼ਹਾਰ ਦੀਆਂ ਗੱਲਾਂ ਕਰੀਏ,* ਉਹ ਪਿਆਰ ਜੋ ਦਾਖਰਸ ਨਾਲੋਂ ਵੀ ਚੰਗਾ ਹੈ।

ਇਸੇ ਲਈ ਉਹ* ਤੇਰੇ ʼਤੇ ਫਿਦਾ ਹਨ।

 5 ਹੇ ਯਰੂਸ਼ਲਮ ਦੀਓ ਧੀਓ, ਮੈਂ ਸਾਂਵਲੀ* ਹਾਂ, ਪਰ ਸੋਹਣੀ ਹਾਂ,

ਕੇਦਾਰ ਦੇ ਤੰਬੂਆਂ+ ਵਰਗੀ, ਸੁਲੇਮਾਨ ਦੇ ਤੰਬੂ ਦੇ ਕੱਪੜਿਆਂ+ ਵਰਗੀ।

 6 ਸਾਂਵਲੀ ਹੋਣ ਕਰਕੇ ਮੈਨੂੰ ਘੂਰੋ ਨਾ

ਕਿਉਂਕਿ ਸੂਰਜ ਨੇ ਮੇਰੇ ਉੱਤੇ ਟਿਕਟਿਕੀ ਲਾ ਰੱਖੀ ਹੈ।

ਮੇਰੀ ਮਾਤਾ ਦੇ ਪੁੱਤਰ ਮੇਰੇ ਨਾਲ ਗੁੱਸੇ ਸਨ;

ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਕਰਨ ਲਾ ਦਿੱਤਾ,

ਪਰ ਮੈਂ ਆਪਣੇ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ।

 7 ਹੇ ਮੇਰੇ ਪ੍ਰੀਤਮ, ਮੈਨੂੰ ਦੱਸ

ਤੂੰ ਆਪਣਾ ਇੱਜੜ ਕਿੱਥੇ ਚਾਰਦਾ ਹੈਂ,+

ਤੂੰ ਸਿਖਰ ਦੁਪਹਿਰੇ ਉਨ੍ਹਾਂ ਨੂੰ ਕਿੱਥੇ ਬਿਠਾਉਂਦਾ ਹੈਂ?

ਮੈਂ ਕਿਉਂ ਤੇਰੇ ਸਾਥੀਆਂ ਦੇ ਇੱਜੜਾਂ ਵਿਚ

ਘੁੰਡ* ਕੱਢੀ ਔਰਤ ਵਾਂਗ ਘੁੰਮਦੀ ਫਿਰਾਂ?”

 8 “ਹੇ ਸਾਰੀਆਂ ਔਰਤਾਂ ਵਿੱਚੋਂ ਸੋਹਣੀਏ, ਜੇ ਤੂੰ ਨਹੀਂ ਜਾਣਦੀ,

ਤਾਂ ਇੱਜੜ ਦੇ ਖੁਰਾਂ ਦੇ ਨਿਸ਼ਾਨਾਂ ਦੇ ਪਿੱਛੇ-ਪਿੱਛੇ ਜਾਹ

ਅਤੇ ਚਰਵਾਹਿਆਂ ਦੇ ਤੰਬੂਆਂ ਦੇ ਲਾਗੇ ਆਪਣੀਆਂ ਮੇਮਣੀਆਂ ਚਾਰ।”

 9 “ਹੇ ਮੇਰੀ ਜਾਨ, ਤੂੰ ਫ਼ਿਰਊਨ ਦੇ ਰਥਾਂ ਅੱਗੇ ਜੋੜੀ ਗਈ ਘੋੜੀ* ਵਰਗੀ ਹੈਂ।+

10 ਤੇਰੀਆਂ ਗੱਲ੍ਹਾਂ ਗਹਿਣਿਆਂ ਨਾਲ* ਕਿੰਨੀਆਂ ਸੋਹਣੀਆਂ ਲੱਗਦੀਆਂ ਹਨ,

ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ ਕਿੰਨੀ ਖ਼ੂਬਸੂਰਤ ਲੱਗਦੀ ਹੈ।

11 ਅਸੀਂ ਤੇਰੇ ਲਈ ਸੋਨੇ ਦੇ ਗਹਿਣੇ*

ਚਾਂਦੀ ਨਾਲ ਮੜ੍ਹ ਕੇ ਬਣਾਵਾਂਗੇ।”

12 “ਜਦ ਤਕ ਰਾਜਾ ਆਪਣੇ ਮੇਜ਼ ʼਤੇ ਬੈਠਾ ਰਿਹਾ,

ਮੇਰੇ ਅਤਰ*+ ਦੀ ਖ਼ੁਸ਼ਬੂ ਉੱਡਦੀ ਰਹੀ।

13 ਮੇਰਾ ਮਹਿਬੂਬ ਮੇਰੇ ਲਈ ਗੰਧਰਸ ਦੀ ਪੁੜੀ ਜਿਹਾ ਹੈ+

ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ।

14 ਮੇਰਾ ਸਾਜਨ ਮੇਰੇ ਲਈ ਮਹਿੰਦੀ ਦੇ ਗੁੱਛੇ ਵਰਗਾ ਹੈ+

ਜੋ ਏਨ-ਗਦੀ+ ਦੇ ਅੰਗੂਰੀ ਬਾਗ਼ਾਂ ਵਿਚ ਹੈ।”

15 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ!

ਤੂੰ ਬਹੁਤ ਖ਼ੂਬਸੂਰਤ ਹੈਂ। ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ।”+

16 “ਹੇ ਮੇਰੇ ਮਹਿਬੂਬ, ਤੂੰ ਵੀ ਬਹੁਤ ਸੋਹਣਾ ਤੇ ਮਨਮੋਹਣਾ ਹੈਂ।+

ਹਰਾ-ਹਰਾ ਘਾਹ ਸਾਡੀ ਸੇਜ ਹੈ।

17 ਦਿਆਰ ਸਾਡੇ ਘਰ* ਦੇ ਸ਼ਤੀਰ ਹਨ

ਅਤੇ ਸਨੋਬਰ ਦੇ ਦਰਖ਼ਤ ਉਸ ਦੇ ਬਾਲੇ।

2 “ਮੈਂ ਮੈਦਾਨਾਂ ਵਿਚ ਉੱਗਣ ਵਾਲਾ ਕੇਸਰ ਦਾ ਫੁੱਲ,

ਘਾਟੀਆਂ ਵਿਚ ਉੱਗਦਾ ਸੋਸਨ ਦਾ ਫੁੱਲ+ ਹਾਂ।”

 2 “ਜਿਵੇਂ ਕੰਡਿਆਂ ਵਿਚ ਸੋਸਨ ਦਾ ਫੁੱਲ,

ਉਵੇਂ ਕੁੜੀਆਂ ਵਿਚਕਾਰ ਮੇਰੀ ਮਹਿਬੂਬਾ ਹੈ।”

 3 “ਜਿਵੇਂ ਜੰਗਲ ਦੇ ਦਰਖ਼ਤਾਂ ਵਿਚ ਸੇਬ ਦਾ ਦਰਖ਼ਤ,

ਉਵੇਂ ਮੇਰਾ ਪ੍ਰੀਤਮ ਮੁੰਡਿਆਂ ਵਿਚਕਾਰ ਹੈ।

ਮੈਂ ਉਸ ਦੀ ਛਾਂ ਹੇਠ ਬੈਠਣ ਨੂੰ ਤਰਸਦੀ ਹਾਂ

ਅਤੇ ਉਸ ਦਾ ਫਲ ਮੈਨੂੰ ਮਿੱਠਾ ਲੱਗਦਾ ਹੈ।

 4 ਉਹ ਦਾਅਵਤ ਵਾਲੇ ਘਰ* ਮੈਨੂੰ ਲੈ ਆਇਆ

ਅਤੇ ਆਪਣੇ ਪਿਆਰ ਦਾ ਝੰਡਾ ਮੇਰੇ ਉੱਤੇ ਲਹਿਰਾਇਆ।

 5 ਸੌਗੀ ਦੀਆਂ ਟਿੱਕੀਆਂ ਖੁਆ ਕੇ ਮੇਰੇ ਵਿਚ ਜਾਨ ਪਾਓ;+

ਸੇਬਾਂ ਨਾਲ ਮੈਨੂੰ ਤਕੜਾ ਕਰੋ

ਕਿਉਂਕਿ ਮੈਂ ਪ੍ਰੇਮ ਦੀ ਰੋਗਣ ਹਾਂ।

 6 ਉਸ ਦਾ ਖੱਬਾ ਹੱਥ ਮੇਰੇ ਸਿਰ ਹੇਠ ਹੈ

ਅਤੇ ਉਸ ਦੇ ਸੱਜੇ ਹੱਥ ਨੇ ਮੈਨੂੰ ਗਲਵੱਕੜੀ ਪਾਈ ਹੈ।+

 7 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਿਕਾਰਿਆਂ*+ ਅਤੇ ਮੈਦਾਨ ਦੀਆਂ ਹਿਰਨੀਆਂ ਦੀ ਸਹੁੰ ਖੁਆਉਂਦੀ ਹਾਂ:

ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।+

 8 ਮੇਰੇ ਮਹਿਬੂਬ ਦੀ ਆਵਾਜ਼!

ਦੇਖੋ! ਉਹ ਆ ਰਿਹਾ ਹੈ,

ਪਹਾੜਾਂ ʼਤੇ ਚੜ੍ਹਦਾ ਹੋਇਆ, ਪਹਾੜੀਆਂ ਉੱਤੋਂ ਦੀ ਛਾਲਾਂ ਮਾਰਦਾ ਹੋਇਆ।

 9 ਮੇਰਾ ਮਹਿਬੂਬ ਚਿਕਾਰੇ ਵਰਗਾ ਹੈ, ਜਵਾਨ ਬਾਰਾਸਿੰਗੇ ਵਰਗਾ।+

ਦੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ,

ਖਿੜਕੀਆਂ ਵਿੱਚੋਂ ਦੀ ਝਾਕ ਰਿਹਾ ਹੈ,

ਝਰੋਖਿਆਂ ਥਾਣੀਂ ਤੱਕ ਰਿਹਾ ਹੈ।

10 ਮੇਰਾ ਪ੍ਰੇਮੀ ਬੋਲਦਾ ਹੈ, ਉਹ ਮੈਨੂੰ ਕਹਿੰਦਾ ਹੈ:

‘ਮੇਰੀ ਜਾਨ, ਉੱਠ,

ਮੇਰੀ ਸੋਹਣੀਏ, ਮੇਰੇ ਨਾਲ ਚੱਲ।

11 ਦੇਖ! ਸਰਦੀਆਂ* ਲੰਘ ਗਈਆਂ ਹਨ।

ਬਰਸਾਤਾਂ ਵੀ ਆ ਕੇ ਚਲੀਆਂ ਗਈਆਂ।

12 ਹਰ ਪਾਸੇ ਫੁੱਲ ਖਿੜੇ ਹਨ,+

ਛਾਂਗਣ ਦਾ ਸਮਾਂ ਆ ਗਿਆ ਹੈ+

ਸਾਡੇ ਖੇਤਾਂ ਵਿਚ ਘੁੱਗੀ ਦਾ ਗੀਤ ਸੁਣਾਈ ਦੇ ਰਿਹਾ ਹੈ।+

13 ਅੰਜੀਰ ਦੇ ਦਰਖ਼ਤ ʼਤੇ ਪਹਿਲੀਆਂ ਅੰਜੀਰਾਂ ਪੱਕ ਗਈਆਂ ਹਨ;+

ਅੰਗੂਰੀ ਵੇਲਾਂ ਖਿੜ ਗਈਆਂ ਹਨ ਤੇ ਆਪਣੀ ਖ਼ੁਸ਼ਬੂ ਬਿਖੇਰ ਰਹੀਆਂ ਹਨ।

ਮੇਰੀ ਜਾਨ, ਉੱਠ ਤੇ ਆ।

ਮੇਰੀ ਸੋਹਣੀਏ, ਮੇਰੇ ਨਾਲ ਚੱਲ।

14 ਹੇ ਮੇਰੀ ਘੁੱਗੀਏ, ਚਟਾਨ ਦੀਆਂ ਵਿੱਥਾਂ ਵਿੱਚੋਂ,+

ਢਲਾਣਾਂ ਦੀਆਂ ਦਰਾੜਾਂ ਵਿੱਚੋਂ

ਮੈਨੂੰ ਆਪਣੇ ਦੀਦਾਰ ਕਰ ਲੈਣ ਦੇ ਅਤੇ ਆਪਣੀ ਆਵਾਜ਼ ਸੁਣ ਲੈਣ ਦੇ+

ਕਿਉਂਕਿ ਤੇਰੀ ਆਵਾਜ਼ ਰਸੀਲੀ ਹੈ ਤੇ ਤੇਰਾ ਚਿਹਰਾ ਸੋਹਣਾ ਹੈ।’”+

15 “ਸਾਡੇ ਲਈ ਲੂੰਬੜੀਆਂ ਨੂੰ ਫੜੋ,

ਉਨ੍ਹਾਂ ਨਿੱਕੀਆਂ-ਨਿੱਕੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜਦੀਆਂ ਹਨ

ਕਿਉਂਕਿ ਸਾਡੇ ਅੰਗੂਰੀ ਬਾਗ਼ਾਂ ਵਿਚ ਫੁੱਲ ਖਿੜੇ ਹੋਏ ਹਨ।”

16 “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ।+

ਉਹ ਉੱਥੇ ਭੇਡਾਂ ਚਾਰ ਰਿਹਾ ਹੈ+ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।+

17 ਇਸ ਤੋਂ ਪਹਿਲਾਂ ਕਿ ਦਿਨ ਠੰਢਾ ਹੋ ਜਾਵੇ* ਤੇ ਪਰਛਾਵੇਂ ਭੱਜ ਜਾਣ

ਮੇਰੇ ਮਹਿਬੂਬ, ਜੁਦਾਈਆਂ ਪਾਉਣ ਵਾਲੇ ਪਹਾੜਾਂ* ਨੂੰ ਪਾਰ ਕਰ ਕੇ ਜਲਦੀ-ਜਲਦੀ ਆ,

ਚਿਕਾਰੇ+ ਤੇ ਜਵਾਨ ਬਾਰਾਸਿੰਗੇ ਵਾਂਗ ਮੁੜ ਆ।+

3 “ਰਾਤ ਨੂੰ ਆਪਣੇ ਬਿਸਤਰੇ ʼਤੇ

ਮੈਂ ਆਪਣੇ ਪਿਆਰ ਨੂੰ ਭਾਲਿਆ।+

ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।+

 2 ਮੈਂ ਉੱਠ ਕੇ ਸ਼ਹਿਰ ਵਿਚ ਘੁੰਮਾਂਗੀ;

ਗਲੀਆਂ ਵਿਚ ਤੇ ਚੌਂਕਾਂ ਵਿਚ

ਮੈਂ ਆਪਣੇ ਪਿਆਰ ਨੂੰ ਭਾਲਾਂਗੀ।

ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।

 3 ਸ਼ਹਿਰ ਵਿਚ ਚੱਕਰ ਲਾਉਣ ਵਾਲੇ ਪਹਿਰੇਦਾਰ ਮੈਨੂੰ ਮਿਲ ਪਏ।+

ਮੈਂ ਉਨ੍ਹਾਂ ਨੂੰ ਪੁੱਛਿਆ, ‘ਕੀ ਤੁਸੀਂ ਮੇਰੇ ਮਾਹੀ ਨੂੰ ਦੇਖਿਆ?’

 4 ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ

ਕਿ ਮੇਰਾ ਮਾਹੀ ਮੈਨੂੰ ਮਿਲ ਗਿਆ।

ਮੈਂ ਉਸ ਨਾਲ ਚਿੰਬੜ ਗਈ, ਮੈਂ ਉਸ ਨੂੰ ਜਾਣ ਨਹੀਂ ਦਿੱਤਾ

ਜਦ ਤਕ ਮੈਂ ਉਸ ਨੂੰ ਆਪਣੀ ਮਾਤਾ ਦੇ ਘਰ,

ਹਾਂ, ਆਪਣੀ ਜਣਨੀ ਦੇ ਅੰਦਰਲੇ ਕਮਰੇ ਵਿਚ ਨਾ ਲੈ ਆਈ।+

 5 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਿਕਾਰਿਆਂ* ਅਤੇ ਮੈਦਾਨ ਦੀਆਂ ਹਿਰਨੀਆਂ

ਦੀ ਸਹੁੰ ਖੁਆਉਂਦੀ ਹਾਂ:

ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।”+

 6 “ਉਜਾੜ ਵਿੱਚੋਂ ਧੂੰਏ ਦੇ ਥੰਮ੍ਹਾਂ ਵਰਗਾ ਇਹ ਕੀ ਆ ਰਿਹਾ ਹੈ

ਜੋ ਗੰਧਰਸ ਤੇ ਲੋਬਾਨ ਨਾਲ,

ਵਪਾਰੀਆਂ ਦੀਆਂ ਵੰਨ-ਸੁਵੰਨੀਆਂ ਸੁਗੰਧੀਆਂ ਨਾਲ ਮਹਿਕ ਰਿਹਾ ਹੈ?”+

 7 “ਦੇਖੋ! ਇਹ ਸੁਲੇਮਾਨ ਦਾ ਆਸਣ ਹੈ।

ਇਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨ

ਜੋ ਇਜ਼ਰਾਈਲ ਦੇ ਤਾਕਤਵਰ ਆਦਮੀਆਂ ਵਿੱਚੋਂ ਹਨ।+

 8 ਉਹ ਸਾਰੇ ਤਲਵਾਰ ਨਾਲ ਲੈਸ ਹਨ,

ਸਾਰੇ ਯੁੱਧ ਵਿਚ ਮਾਹਰ ਹਨ,

ਹਰ ਇਕ ਨੇ ਆਪਣੇ ਪੱਟ ʼਤੇ ਤਲਵਾਰ ਬੰਨ੍ਹੀ ਹੋਈ ਹੈ

ਤਾਂਕਿ ਰਾਤ ਦੇ ਖ਼ੌਫ਼ ਦਾ ਸਾਮ੍ਹਣਾ ਕੀਤਾ ਜਾ ਸਕੇ।”

 9 “ਇਹ ਰਾਜਾ ਸੁਲੇਮਾਨ ਦੀ ਸ਼ਾਹੀ ਪਾਲਕੀ* ਹੈ

ਜੋ ਉਸ ਨੇ ਲਬਾਨੋਨ ਦੇ ਦਰਖ਼ਤਾਂ ਤੋਂ ਆਪਣੇ ਲਈ ਬਣਾਈ ਹੈ।+

10 ਇਸ ਦੇ ਥੰਮ੍ਹ ਚਾਂਦੀ ਦੇ

ਅਤੇ ਟੇਕਾਂ ਸੋਨੇ ਦੀਆਂ ਬਣੀਆਂ ਹਨ।

ਇਸ ਦੀ ਗੱਦੀ ਬੈਂਗਣੀ ਉੱਨ ਦੀ ਬਣੀ ਹੈ;

ਯਰੂਸ਼ਲਮ ਦੀਆਂ ਧੀਆਂ ਨੇ ਇਸ ਨੂੰ

ਅੰਦਰੋਂ ਬੜੇ ਪਿਆਰ ਨਾਲ ਸ਼ਿੰਗਾਰਿਆ ਹੈ।”

11 “ਹੇ ਸੀਓਨ ਦੀਓ ਧੀਓ, ਬਾਹਰ ਜਾਓ,

ਰਾਜਾ ਸੁਲੇਮਾਨ ਨੂੰ ਦੇਖੋ

ਜਿਸ ਨੇ ਵਿਆਹ ਵਾਲਾ ਤਾਜ* ਪਹਿਨਿਆ ਹੋਇਆ ਹੈ ਜੋ ਉਸ ਦੀ ਮਾਤਾ+ ਨੇ

ਉਸ ਵਾਸਤੇ ਉਸ ਦੇ ਵਿਆਹ ਦੇ ਦਿਨ,

ਹਾਂ, ਉਸ ਦਿਨ ਬਣਾਇਆ ਜਦੋਂ ਉਸ ਦਾ ਦਿਲ ਪ੍ਰਸੰਨ ਸੀ।”

4 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ!

ਤੂੰ ਬਹੁਤ ਖ਼ੂਬਸੂਰਤ ਹੈਂ।

ਘੁੰਡ ਵਿਚ ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ।

ਤੇਰੇ ਵਾਲ਼ ਗਿਲਆਦ ਦੇ ਪਹਾੜਾਂ ਤੋਂ ਉੱਤਰ ਰਹੀਆਂ

ਬੱਕਰੀਆਂ ਦੇ ਇੱਜੜ ਵਰਗੇ ਹਨ।+

 2 ਤੇਰੇ ਦੰਦ ਹੁਣੇ-ਹੁਣੇ ਮੁੰਨ੍ਹੀਆਂ ਗਈਆਂ ਭੇਡਾਂ ਦੇ ਇੱਜੜ ਵਾਂਗ ਹਨ

ਜੋ ਨਹਾ ਕੇ ਉਤਾਂਹ ਆਈਆਂ ਹਨ,

ਉਨ੍ਹਾਂ ਸਾਰੀਆਂ ਦੇ ਜੌੜੇ ਹਨ,

ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।

 3 ਤੇਰੇ ਬੁੱਲ੍ਹ ਸੁਰਖ਼ ਲਾਲ ਧਾਗੇ ਵਰਗੇ ਹਨ,

ਤੇਰੀ ਜ਼ਬਾਨ ਮਿੱਠੀ ਹੈ।

ਘੁੰਡ ਵਿਚ ਤੇਰੀਆਂ ਗੱਲ੍ਹਾਂ*

ਅਨਾਰ ਦੀ ਫਾੜੀ ਵਰਗੀਆਂ ਹਨ।

 4 ਤੇਰੀ ਗਰਦਨ+ ਦਾਊਦ ਦੇ ਬੁਰਜ ਵਰਗੀ ਹੈ+

ਜੋ ਪੱਥਰ ਦੇ ਰਦਿਆਂ ਨਾਲ ਬਣਿਆ ਹੈ

ਜਿਸ ਉੱਤੇ ਹਜ਼ਾਰਾਂ ਹੀ ਢਾਲਾਂ ਟੰਗੀਆਂ ਹੋਈਆਂ ਹਨ,

ਹਾਂ, ਸੂਰਮਿਆਂ ਦੀਆਂ ਸਾਰੀਆਂ ਗੋਲ ਢਾਲਾਂ।+

 5 ਤੇਰੀਆਂ ਛਾਤੀਆਂ ਹਿਰਨੀ ਦੇ ਦੋ ਬੱਚਿਆਂ ਵਰਗੀਆਂ ਹਨ,

ਹਾਂ, ਚਿਕਾਰੇ ਦੇ ਜੌੜਿਆਂ ਵਰਗੀਆਂ+

ਜੋ ਸੋਸਨ ਦੇ ਫੁੱਲਾਂ ਵਿਚ ਚਰਦੇ ਹਨ।”

 6 ਇਸ ਤੋਂ ਪਹਿਲਾਂ ਕਿ ਦਿਨ ਠੰਢਾ ਹੋ ਜਾਵੇ* ਤੇ ਪਰਛਾਵੇਂ ਭੱਜ ਜਾਣ,

ਮੈਂ ਗੰਧਰਸ ਦੇ ਪਹਾੜ ਵੱਲ

ਅਤੇ ਲੋਬਾਨ ਦੀ ਪਹਾੜੀ ਵੱਲ ਜਾਵਾਂਗੀ।”+

 7 “ਮੇਰੀ ਜਾਨ, ਤੂੰ ਸਿਰ ਤੋਂ ਲੈ ਕੇ ਪੈਰਾਂ ਤਕ ਖ਼ੂਬਸੂਰਤ ਹੈਂ,+

ਤੇਰੇ ਵਿਚ ਕੋਈ ਨੁਕਸ ਨਹੀਂ।

 8 ਹੇ ਮੇਰੀ ਦੁਲਹਨ, ਮੇਰੇ ਨਾਲ ਲਬਾਨੋਨ ਤੋਂ ਆ,

ਹਾਂ, ਲਬਾਨੋਨ ਤੋਂ ਮੇਰੇ ਨਾਲ ਚਲੀ ਆ।+

ਅਮਾਨਾਹ* ਦੀ ਚੋਟੀ ਤੋਂ,

ਸਨੀਰ ਦੀ ਚੋਟੀ ਤੋਂ, ਹਾਂ, ਹਰਮੋਨ ਦੀ ਚੋਟੀ ਤੋਂ,+

ਸ਼ੇਰਾਂ ਦੇ ਘੁਰਨਿਆਂ ਤੋਂ, ਚੀਤਿਆਂ ਦੇ ਪਹਾੜਾਂ ਤੋਂ ਉਤਰ ਆ।

 9 ਹੇ ਮੇਰੀ ਪਿਆਰੀਏ, ਮੇਰੀ ਲਾੜੀਏ, ਤੂੰ ਮੇਰਾ ਦਿਲ ਚੁਰਾ ਲਿਆ ਹੈ,+

ਆਪਣੀ ਇਕ ਨਜ਼ਰ ਨਾਲ ਤੂੰ ਮੇਰਾ ਦਿਲ ਮੋਹ ਲਿਆ,

ਹਾਂ, ਆਪਣੀ ਮਾਲਾ ਦੇ ਇਕ ਮੋਤੀ ਨਾਲ ਹੀ।

10 ਹੇ ਮੇਰੀ ਪਿਆਰੀ, ਮੇਰੀ ਦੁਲਹਨ, ਤੇਰੇ ਪਿਆਰ ਦੇ ਇਜ਼ਹਾਰ ਕਿੰਨੇ ਸੁਹਾਵਣੇ ਹਨ!+

ਤੇਰੇ ਪਿਆਰ ਦੇ ਇਜ਼ਹਾਰ ਦਾਖਰਸ ਨਾਲੋਂ ਕਿਤੇ ਜ਼ਿਆਦਾ ਚੰਗੇ ਹਨ+

ਅਤੇ ਤੇਰੇ ਅਤਰ ਦੀ ਖ਼ੁਸ਼ਬੂ ਹਰ ਤਰ੍ਹਾਂ ਦੀ ਸੁਗੰਧ ਨਾਲੋਂ ਬਿਹਤਰ ਹੈ!+

11 ਹੇ ਮੇਰੀਏ ਲਾੜੀਏ, ਤੇਰੇ ਬੁੱਲ੍ਹਾਂ ਤੋਂ ਛੱਤੇ ਦਾ ਸ਼ਹਿਦ ਚੋਂਦਾ ਹੈ।+

ਤੇਰੀ ਜੀਭ ਦੇ ਥੱਲੇ ਸ਼ਹਿਦ ਤੇ ਦੁੱਧ ਹੈ+

ਅਤੇ ਤੇਰੇ ਕੱਪੜਿਆਂ ਦੀ ਖ਼ੁਸ਼ਬੂ ਲਬਾਨੋਨ ਦੀ ਮਹਿਕ ਵਰਗੀ ਹੈ।

12 ਮੇਰੀ ਪਿਆਰੀ, ਮੇਰੀ ਦੁਲਹਨ ਇਕ ਤਾਲੇ-ਬੰਦ ਬਾਗ਼ ਵਰਗੀ ਹੈ,

ਹਾਂ, ਤਾਲੇ-ਬੰਦ ਬਾਗ਼ ਵਰਗੀ, ਮੁਹਰ ਲਾ ਕੇ ਬੰਦ ਕੀਤੇ ਚਸ਼ਮੇ ਵਰਗੀ।

13 ਤੇਰੀਆਂ ਟਾਹਣੀਆਂ* ਅਨਾਰਾਂ ਦਾ ਬਾਗ਼ ਹਨ

ਜਿਸ ਵਿਚ ਵਧੀਆ ਤੋਂ ਵਧੀਆ ਫਲ, ਮਹਿੰਦੀ ਤੇ ਜਟਾਮਾਸੀ ਦੇ ਪੌਦੇ,

14 ਹਾਂ, ਜਟਾਮਾਸੀ+ ਅਤੇ ਕੇਸਰ, ਕੁਸਾ*+ ਤੇ ਦਾਲਚੀਨੀ,+

ਲੋਬਾਨ ਦੇ ਹਰ ਤਰ੍ਹਾਂ ਦੇ ਦਰਖ਼ਤ, ਗੰਧਰਸ, ਅਗਰ ਦੇ ਦਰਖ਼ਤ+

ਅਤੇ ਵੰਨ-ਸੁਵੰਨੇ ਉੱਤਮ ਖ਼ੁਸ਼ਬੂਦਾਰ ਪੌਦੇ+ ਹਨ।

15 ਤੂੰ ਬਾਗ਼ ਦਾ ਚਸ਼ਮਾ, ਤਾਜ਼ੇ ਪਾਣੀ ਦਾ ਖੂਹ ਹੈਂ

ਅਤੇ ਲਬਾਨੋਨ ਤੋਂ ਵਗਦੀਆਂ ਨਦੀਆਂ ਵਰਗੀ ਹੈਂ।+

16 ਹੇ ਉੱਤਰ ਦੀ ਹਵਾ, ਜਾਗ;

ਹੇ ਦੱਖਣ ਦੀ ਹਵਾ, ਆ।

ਮੇਰੇ ਬਾਗ਼ ਉੱਤੇ ਵਗ।

ਇਸ ਦੀ ਖ਼ੁਸ਼ਬੂ ਫੈਲਣ ਦੇ।”

“ਮੇਰਾ ਮਹਿਬੂਬ ਆਪਣੇ ਬਾਗ਼ ਵਿਚ ਆਵੇ

ਤੇ ਇਸ ਦੇ ਵਧੀਆ ਤੋਂ ਵਧੀਆ ਫਲ ਖਾਵੇ।”

5 “ਮੇਰੀਏ ਪਿਆਰੀਏ, ਮੇਰੀਏ ਲਾੜੀਏ,

ਮੈਂ ਆਪਣੇ ਬਾਗ਼ ਵਿਚ ਆ ਗਿਆ ਹਾਂ।+

ਮੈਂ ਆਪਣਾ ਗੰਧਰਸ ਅਤੇ ਆਪਣੀਆਂ ਸੁਗੰਧੀਆਂ ਲੈ ਲਈਆਂ ਹਨ।+

ਮੈਂ ਮਧੂ-ਮੱਖੀਆਂ ਦੇ ਛੱਤੇ ਸਣੇ ਆਪਣਾ ਸ਼ਹਿਦ ਖਾ ਲਿਆ ਹੈ;

ਮੈਂ ਆਪਣਾ ਦਾਖਰਸ ਅਤੇ ਦੁੱਧ ਪੀ ਲਿਆ ਹੈ।”+

“ਹੇ ਪਿਆਰਿਓ, ਖਾਓ-ਪੀਓ!

ਆਪਣੇ ਪਿਆਰ ਦੇ ਇਜ਼ਹਾਰਾਂ ਨਾਲ ਮਦਹੋਸ਼ ਹੋ ਜਾਓ!”+

 2 “ਮੈਂ ਸੁੱਤੀ ਹਾਂ, ਪਰ ਮੇਰਾ ਮਨ ਜਾਗਦਾ ਹੈ।+

ਮੇਰੇ ਮਹਿਬੂਬ ਦੇ ਬੂਹਾ ਖੜਕਾਉਣ ਦੀ ਆਵਾਜ਼ ਆ ਰਹੀ ਹੈ!

‘ਮੇਰੀ ਪਿਆਰੀ, ਮੇਰੀ ਜਾਨ,

ਮੇਰੀਏ ਘੁੱਗੀਏ, ਮੇਰੀ ਬੇਦਾਗ਼ ਮਹਿਬੂਬਾ, ਦਰਵਾਜ਼ਾ ਖੋਲ੍ਹ!

ਮੇਰਾ ਸਿਰ ਤ੍ਰੇਲ ਨਾਲ ਭਿੱਜਿਆ ਪਿਆ ਹੈ,

ਮੇਰੇ ਵਾਲ਼ਾਂ ਦੀਆਂ ਲਟਾਂ ਰਾਤ ਦੀ ਨਮੀ ਨਾਲ।’+

 3 ਮੈਂ ਆਪਣਾ ਚੋਗਾ ਲਾਹ ਚੁੱਕੀ ਹਾਂ।

ਮੈਂ ਉਸ ਨੂੰ ਦੁਬਾਰਾ ਕਿਵੇਂ ਪਾਵਾਂ?

ਮੈਂ ਆਪਣੇ ਪੈਰ ਧੋ ਚੁੱਕੀ ਹਾਂ।

ਮੈਂ ਉਨ੍ਹਾਂ ਨੂੰ ਦੁਬਾਰਾ ਕਿਵੇਂ ਮੈਲ਼ੇ ਕਰਾਂ?

 4 ਮੇਰੇ ਮਹਿਬੂਬ ਨੇ ਦਰਵਾਜ਼ੇ ਦੇ ਛੇਕ ਵਿੱਚੋਂ ਆਪਣਾ ਹੱਥ ਖਿੱਚ ਲਿਆ

ਅਤੇ ਮੇਰਾ ਦਿਲ ਉਸ ਲਈ ਤੜਫ ਉੱਠਿਆ।

 5 ਮੈਂ ਆਪਣੇ ਮਹਿਬੂਬ ਲਈ ਦਰਵਾਜ਼ਾ ਖੋਲ੍ਹਣ ਉੱਠੀ;

ਮੇਰੇ ਹੱਥਾਂ ਤੋਂ ਗੰਧਰਸ ਟਪਕ ਰਿਹਾ ਸੀ

ਅਤੇ ਮੇਰੀਆਂ ਉਂਗਲਾਂ ਤੋਂ ਚੋ ਰਿਹਾ ਗੰਧਰਸ

ਦਰਵਾਜ਼ੇ ਦੇ ਅਰਲ ʼਤੇ ਪੈ ਗਿਆ।

 6 ਮੈਂ ਆਪਣੇ ਦਿਲਦਾਰ ਲਈ ਦਰਵਾਜ਼ਾ ਖੋਲ੍ਹਿਆ,

ਪਰ ਮੇਰਾ ਪ੍ਰੀਤਮ ਮੁੜ ਗਿਆ ਸੀ, ਉਹ ਜਾ ਚੁੱਕਾ ਸੀ।

ਮੈਂ ਉਦਾਸ ਹੋ ਗਈ* ਜਦ ਉਹ ਚਲਾ ਗਿਆ।*

ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਮਿਲਿਆ ਨਹੀਂ।+

ਮੈਂ ਉਸ ਨੂੰ ਪੁਕਾਰਿਆ, ਪਰ ਉਸ ਨੇ ਮੈਨੂੰ ਜਵਾਬ ਨਹੀਂ ਦਿੱਤਾ।

 7 ਸ਼ਹਿਰ ਵਿਚ ਚੱਕਰ ਲਾਉਣ ਵਾਲੇ ਪਹਿਰੇਦਾਰ ਮੈਨੂੰ ਮਿਲ ਪਏ।

ਉਨ੍ਹਾਂ ਨੇ ਮੈਨੂੰ ਮਾਰਿਆ, ਮੈਨੂੰ ਜ਼ਖ਼ਮੀ ਕਰ ਦਿੱਤਾ।

ਕੰਧਾਂ ਦੀ ਪਹਿਰੇਦਾਰੀ ਕਰਨ ਵਾਲਿਆਂ ਨੇ ਮੇਰਾ ਸ਼ਾਲ ਖੋਹ ਲਿਆ।

 8 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਖੁਆਉਂਦੀ ਹਾਂ:

ਜੇ ਤੁਹਾਨੂੰ ਮੇਰਾ ਮਹਿਬੂਬ ਮਿਲੇ,

ਤਾਂ ਉਸ ਨੂੰ ਦੱਸਿਓ ਕਿ ਮੈਂ ਪ੍ਰੇਮ ਦੀ ਰੋਗਣ ਹਾਂ।”

 9 “ਹੇ ਔਰਤਾਂ ਵਿੱਚੋਂ ਸਭ ਤੋਂ ਸੋਹਣੀਏ,

ਤੇਰਾ ਪ੍ਰੇਮੀ ਹੋਰ ਪ੍ਰੇਮੀਆਂ ਨਾਲੋਂ ਬਿਹਤਰ ਕਿਵੇਂ ਹੈ?

ਤੇਰਾ ਪ੍ਰੀਤਮ ਕਿਹੜੀ ਗੱਲੋਂ ਕਿਸੇ ਹੋਰ ਪ੍ਰੇਮੀ ਨਾਲੋਂ ਚੰਗਾ ਹੈ ਕਿ

ਤੂੰ ਸਾਨੂੰ ਇੱਦਾਂ ਦੀ ਸਹੁੰ ਖੁਆ ਰਹੀ ਹੈਂ?”

10 “ਮੇਰਾ ਮਹਿਬੂਬ ਸੋਹਣਾ-ਸੁਨੱਖਾ ਹੈ ਤੇ ਉਸ ਦਾ ਰੰਗ ਲਾਲ ਹੈ;

ਉਹ ਦਸਾਂ ਹਜ਼ਾਰਾਂ ਵਿੱਚੋਂ ਵੱਖਰਾ ਹੀ ਦਿਸਦਾ ਹੈ।

11 ਉਸ ਦਾ ਸਿਰ ਸੋਨਾ ਹੈ, ਹਾਂ, ਖਾਲਸ ਸੋਨਾ।

ਉਸ ਦੇ ਵਾਲ਼ਾਂ ਦੀਆਂ ਲਟਾਂ ਖਜੂਰ ਦੇ ਪੱਤਿਆਂ* ਵਾਂਗ ਲਹਿਰਾਉਂਦੀਆਂ ਹਨ

ਜੋ ਕਾਂ ਵਰਗੀਆਂ ਕਾਲੀਆਂ ਹਨ।

12 ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਲਾਗਲੀਆਂ ਘੁੱਗੀਆਂ ਵਰਗੀਆਂ ਹਨ

ਜੋ ਦੁੱਧ ਵਿਚ ਨਹਾ ਰਹੀਆਂ ਹੋਣ

ਅਤੇ ਨੱਕੋ-ਨੱਕ ਭਰੇ ਤਲਾਬ* ਕੋਲ ਬੈਠੀਆਂ ਹੋਣ।

13 ਉਸ ਦੀਆਂ ਗੱਲ੍ਹਾਂ ਇਵੇਂ ਹਨ ਜਿਵੇਂ ਖ਼ੁਸ਼ਬੂਦਾਰ ਪੌਦਿਆਂ ਦੀ ਕਿਆਰੀ ਹੋਵੇ,+

ਹਾਂ, ਸੁਗੰਧਿਤ ਜੜ੍ਹੀ-ਬੂਟੀਆਂ ਦੇ ਢੇਰ ਵਰਗੀਆਂ।

ਉਸ ਦੇ ਬੁੱਲ੍ਹ ਸੋਸਨ ਦੇ ਫੁੱਲ ਹਨ ਜਿਨ੍ਹਾਂ ਤੋਂ ਗੰਧਰਸ ਚੋਂਦਾ ਹੈ।+

14 ਉਸ ਦੇ ਹੱਥ ਸੋਨੇ ਦੇ ਵੇਲਣੇ ਹਨ ਜਿਨ੍ਹਾਂ ਉੱਤੇ ਸਬਜ਼ਾ ਜੜੇ ਹਨ।

ਉਸ ਦਾ ਢਿੱਡ ਚਮਕਦੇ ਹਾਥੀ-ਦੰਦ ਵਰਗਾ ਹੈ ਜਿਸ ਉੱਤੇ ਨੀਲਮ ਜੜੇ ਹਨ।

15 ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹ ਹਨ ਜੋ ਉੱਤਮ ਸੋਨੇ ਦੀਆਂ ਚੌਂਕੀਆਂ ਉੱਤੇ ਰੱਖੇ ਹਨ।

ਉਹ ਦੇਖਣ ਨੂੰ ਲਬਾਨੋਨ ਵਰਗਾ ਹੈ, ਦਿਆਰ ਵਾਂਗ ਬੇਮਿਸਾਲ ਹੈ।+

16 ਉਸ ਦੇ ਮੂੰਹ* ਦੇ ਬੋਲ ਮਿੱਠੇ ਹਨ,

ਉਹ ਹਰ ਪੱਖੋਂ ਮਨਮੋਹਣਾ ਹੈ।+

ਹੇ ਯਰੂਸ਼ਲਮ ਦੀਓ ਧੀਓ, ਮੇਰਾ ਮਹਿਬੂਬ ਇਹੋ ਜਿਹਾ ਹੈ, ਹਾਂ, ਅਜਿਹਾ ਹੈ ਮੇਰਾ ਮਾਹੀ।”

6 “ਹੇ ਔਰਤਾਂ ਵਿੱਚੋਂ ਸਭ ਤੋਂ ਸੋਹਣੀਏ,

ਤੇਰਾ ਮਹਿਬੂਬ ਕਿੱਥੇ ਚਲਾ ਗਿਆ ਹੈ?

ਤੇਰਾ ਮਹਿਬੂਬ ਕਿੱਧਰ ਨੂੰ ਮੁੜਿਆ ਹੈ?

ਚੱਲ ਆਪਾਂ ਉਹਨੂੰ ਲੱਭੀਏ?”

 2 “ਮੇਰਾ ਮਹਿਬੂਬ ਹੇਠਾਂ ਆਪਣੇ ਬਾਗ਼ ਵਿਚ,

ਖ਼ੁਸ਼ਬੂਦਾਰ ਪੌਦਿਆਂ ਦੀਆਂ ਕਿਆਰੀਆਂ ਵਿਚ ਗਿਆ ਹੈ,

ਬਾਗ਼ਾਂ ਵਿਚ ਭੇਡਾਂ ਚਾਰਨ

ਅਤੇ ਸੋਸਨ ਦੇ ਫੁੱਲ ਚੁਗਣ ਗਿਆ ਹੈ।+

 3 ਮੈਂ ਆਪਣੇ ਮਹਿਬੂਬ ਦੀ ਹਾਂ

ਅਤੇ ਮੇਰਾ ਮਹਿਬੂਬ ਮੇਰਾ ਹੈ।+

ਉਹ ਉੱਥੇ ਭੇਡਾਂ ਚਾਰ ਰਿਹਾ ਹੈ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।”+

 4 “ਹੇ ਮੇਰੀ ਜਾਨ,+ ਤੂੰ ਤਿਰਸਾਹ*+ ਜਿੰਨੀ ਸੋਹਣੀ,

ਯਰੂਸ਼ਲਮ ਜਿੰਨੀ ਪਿਆਰੀ ਹੈਂ,+

ਤੂੰ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈਂ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ।+

 5 “ਆਪਣੀਆਂ ਨਜ਼ਰਾਂ+ ਮੇਰੇ ਤੋਂ ਹਟਾ ਲੈ,

ਇਹ ਮੈਨੂੰ ਬੇਤਾਬ ਕਰ ਦਿੰਦੀਆਂ ਹਨ।

ਤੇਰੇ ਵਾਲ਼ ਗਿਲਆਦ ਦੀਆਂ ਢਲਾਣਾਂ ਤੋਂ ਉਤਰ ਰਹੀਆਂ

ਬੱਕਰੀਆਂ ਦੇ ਇੱਜੜ ਵਰਗੇ ਹਨ।+

 6 ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗ ਹਨ

ਜੋ ਨਹਾ ਕੇ ਉਤਾਂਹ ਆਈਆਂ ਹਨ,

ਉਨ੍ਹਾਂ ਸਾਰੀਆਂ ਦੇ ਜੌੜੇ ਹਨ,

ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।

 7 ਘੁੰਡ ਵਿਚ ਤੇਰੀਆਂ ਗੱਲ੍ਹਾਂ*

ਅਨਾਰ ਦੀ ਫਾੜੀ ਵਰਗੀਆਂ ਹਨ।

 8 ਭਾਵੇਂ 60 ਰਾਣੀਆਂ, 80 ਰਖੇਲਾਂ

ਅਤੇ ਅਣਗਿਣਤ ਜਵਾਨ ਕੁੜੀਆਂ ਹਨ,+

 9 ਪਰ ਮੇਰੀ ਘੁੱਗੀ+ ਇੱਕੋ ਹੈ, ਮੇਰੀ ਬੇਦਾਗ਼ ਮਹਿਬੂਬਾ।

ਉਹ ਆਪਣੀ ਮਾਤਾ ਦੀ ਇਕਲੌਤੀ ਹੈ।

ਉਹ ਆਪਣੀ ਜਣਨੀ ਦੀ ਲਾਡਲੀ* ਹੈ।

ਕੁੜੀਆਂ ਉਸ ਨੂੰ ਦੇਖਦੀਆਂ ਹਨ ਤੇ ਉਸ ਨੂੰ ਧੰਨ ਕਹਿੰਦੀਆਂ ਹਨ;

ਰਾਣੀਆਂ ਤੇ ਰਖੇਲਾਂ ਉਸ ਦੀ ਤਾਰੀਫ਼ ਕਰਦੀਆਂ ਹਨ।

10 ‘ਇਹ ਕੌਣ ਹੈ ਜੋ ਸਵੇਰ ਦੇ ਚਾਨਣ ਵਾਂਗ ਚਮਕਦੀ ਹੈ,*

ਪੂਰਨਮਾਸੀ ਦੇ ਚੰਨ ਜਿੰਨੀ ਖ਼ੂਬਸੂਰਤ,

ਸੂਰਜ ਦੀ ਰੌਸ਼ਨੀ ਵਾਂਗ ਨਿਰਮਲ ਹੈ

ਅਤੇ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ?’”+

11 “ਮੈਂ ਹੇਠਾਂ ਮੇਵਿਆਂ ਦੇ ਬਾਗ਼ ਵਿਚ ਗਈ+ ਕਿ

ਘਾਟੀ ਵਿਚ ਖਿੜੀਆਂ ਕਲੀਆਂ ਨੂੰ ਦੇਖਾਂ,

ਅੰਗੂਰੀ ਵੇਲਾਂ ਨੂੰ ਦੇਖਾਂ ਕਿ ਉਹ ਪੁੰਗਰੀਆਂ ਹਨ ਜਾਂ ਨਹੀਂ,

ਅਨਾਰਾਂ ਦੇ ਦਰਖ਼ਤਾਂ ʼਤੇ ਫੁੱਲ ਖਿੜੇ ਹਨ ਕਿ ਨਹੀਂ।

12 ਮੈਨੂੰ ਪਤਾ ਵੀ ਨਹੀਂ ਲੱਗਾ

ਕਿ ਕਦੋਂ ਮੇਰੀ ਖ਼ਾਹਸ਼

ਮੈਨੂੰ ਆਪਣੇ ਮੰਨੇ-ਪ੍ਰਮੰਨੇ ਲੋਕਾਂ ਦੇ ਰਥਾਂ ਵੱਲ ਲੈ ਗਈ।”

13 “ਮੁੜ ਆ, ਮੁੜ ਆ, ਹੇ ਸ਼ੂਲਮੀਥ!

ਮੁੜ ਆ, ਮੁੜ ਆ

ਤਾਂਕਿ ਅਸੀਂ ਤੈਨੂੰ ਤੱਕੀਏ!”

“ਤੁਸੀਂ ਸ਼ੂਲਮੀਥ ਨੂੰ ਕਿਉਂ ਤੱਕਦੇ ਹੋ?”+

“ਉਹ ਦੋ ਟੋਲੀਆਂ ਦੇ ਨਾਚ ਵਰਗੀ ਹੈ!”*

7 “ਹੇ ਸੁਸ਼ੀਲ ਕੁੜੀਏ,

ਤੇਰੀ ਜੁੱਤੀ ਵਿਚ ਤੇਰੇ ਪੈਰ ਕਿੰਨੇ ਸੋਹਣੇ ਲੱਗਦੇ ਹਨ!

ਤੇਰੇ ਪੱਟਾਂ ਦੀਆਂ ਗੋਲਾਈਆਂ ਗਹਿਣਿਆਂ ਵਰਗੀਆਂ ਹਨ

ਜੋ ਕਿਸੇ ਕਾਰੀਗਰ ਦੇ ਹੱਥਾਂ ਦਾ ਕਮਾਲ ਹਨ।

 2 ਤੇਰੀ ਧੁੰਨੀ ਇਕ ਗੋਲ ਕਟੋਰਾ ਹੈ।

ਇਸ ਵਿੱਚੋਂ ਰਲ਼ਿਆ ਹੋਇਆ ਦਾਖਰਸ ਕਦੇ ਨਾ ਮੁੱਕੇ।

ਤੇਰਾ ਢਿੱਡ ਕਣਕ ਦਾ ਇਕ ਢੇਰ ਹੈ

ਜਿਸ ਦੇ ਆਲੇ-ਦੁਆਲੇ ਸੋਸਨ ਦੇ ਫੁੱਲ ਹਨ।

 3 ਤੇਰੀਆਂ ਛਾਤੀਆਂ ਹਿਰਨੀ ਦੇ ਦੋ ਬੱਚਿਆਂ ਵਰਗੀਆਂ ਹਨ,

ਹਾਂ, ਚਿਕਾਰੇ ਦੇ ਜੌੜਿਆਂ ਵਰਗੀਆਂ।+

 4 ਤੇਰੀ ਗਰਦਨ+ ਹਾਥੀ-ਦੰਦ ਦੇ ਬੁਰਜ ਵਰਗੀ ਹੈ+

ਤੇਰੀਆਂ ਅੱਖਾਂ+ ਹਸ਼ਬੋਨ+ ਵਿਚਲੇ ਸਰੋਵਰਾਂ ਵਰਗੀਆਂ ਹਨ

ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ।

ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ

ਜਿਸ ਦਾ ਰੁਖ ਦਮਿਸਕ ਵੱਲ ਨੂੰ ਹੈ।

 5 ਤੇਰਾ ਸਿਰ ਕਰਮਲ ਪਹਾੜ ਵਾਂਗ ਤੇਰੀ ਸ਼ੋਭਾ ਹੈ,+

ਤੇਰੇ ਵਾਲ਼ਾਂ ਦੀਆਂ ਲਟਾਂ*+ ਬੈਂਗਣੀ ਉੱਨ ਵਰਗੀਆਂ ਹਨ।+

ਰਾਜਾ ਤੇਰੀਆਂ ਲਹਿਰਾਉਂਦੀਆਂ ਜ਼ੁਲਫ਼ਾਂ ʼਤੇ ਮੋਹਿਤ ਹੈ।*

 6 ਹੇ ਮੇਰੀ ਜਾਨ, ਤੂੰ ਕਿੰਨੀ ਸੋਹਣੀ ਹੈਂ, ਕਿੰਨੀ ਮਨਮੋਹਣੀ ਹੈਂ,

ਤੂੰ ਹੀ ਮੇਰੀ ਸਭ ਤੋਂ ਵੱਡੀ ਖ਼ੁਸ਼ੀ ਹੈਂ!

 7 ਤੇਰਾ ਕੱਦ-ਕਾਠ ਖਜੂਰ ਦੇ ਦਰਖ਼ਤ ਵਰਗਾ ਹੈ,

ਤੇਰੀਆਂ ਛਾਤੀਆਂ ਖਜੂਰਾਂ ਦੇ ਗੁੱਛਿਆਂ ਵਾਂਗ ਹਨ।+

 8 ਮੈਂ ਕਿਹਾ, ‘ਮੈਂ ਖਜੂਰ ਦੇ ਦਰਖ਼ਤ ʼਤੇ ਚੜ੍ਹਾਂਗਾ

ਤਾਂਕਿ ਇਸ ਦੇ ਫਲਾਂ ਦੀਆਂ ਟਾਹਣੀਆਂ ਨੂੰ ਫੜਾਂ।’

ਤੇਰੀਆਂ ਛਾਤੀਆਂ ਅੰਗੂਰਾਂ ਦੇ ਗੁੱਛਿਆਂ ਵਾਂਗ ਹੋਣ,

ਤੇਰਾ ਸਾਹ ਸੇਬਾਂ ਵਾਂਗ ਮਹਿਕੇ

 9 ਅਤੇ ਤੇਰਾ ਮੂੰਹ* ਉੱਤਮ ਦਾਖਰਸ ਵਰਗਾ ਹੋਵੇ।”

“ਇਹ ਮੇਰੇ ਮਹਿਬੂਬ ਦੇ ਗਲ਼ੇ ਵਿੱਚੋਂ ਆਸਾਨੀ ਨਾਲ ਹੇਠਾਂ ਉੱਤਰ ਜਾਵੇ,

ਉਸ ਦਾਖਰਸ ਵਾਂਗ ਜੋ ਉਨ੍ਹਾਂ ਦੇ ਬੁੱਲ੍ਹਾਂ ਉੱਤੋਂ ਦੀ ਵਹਿੰਦੀ ਹੈ ਜੋ ਸੌਂ ਜਾਂਦੇ ਹਨ।

10 ਮੈਂ ਆਪਣੇ ਮਹਿਬੂਬ ਦੀ ਹਾਂ+

ਅਤੇ ਉਹ ਮੇਰੇ ਲਈ ਤੜਫਦਾ ਹੈ।

11 ਹੇ ਮੇਰੇ ਮਹਿਬੂਬ, ਆ,

ਚੱਲ ਆਪਾਂ ਮੈਦਾਨਾਂ ਵਿਚ ਚੱਲੀਏ;

ਚੱਲ ਆਪਾਂ ਮਹਿੰਦੀ ਦੇ ਪੌਦਿਆਂ+ ਵਿਚਕਾਰ ਵੱਸੀਏ।

12 ਚੱਲ ਆਪਾਂ ਸਵੇਰੇ ਛੇਤੀ ਉੱਠ ਕੇ ਅੰਗੂਰਾਂ ਦੇ ਬਾਗ਼ਾਂ ਨੂੰ ਜਾਈਏ

ਤਾਂਕਿ ਦੇਖੀਏ ਕਿ ਅੰਗੂਰੀ ਵੇਲਾਂ ਪੁੰਗਰੀਆਂ ਹਨ ਕਿ ਨਹੀਂ,

ਫੁੱਲ ਖਿੜੇ ਹਨ ਕਿ ਨਹੀਂ,+

ਅਨਾਰਾਂ ਦੇ ਦਰਖ਼ਤਾਂ ʼਤੇ ਫੁੱਲ ਲੱਗੇ ਹਨ ਜਾਂ ਨਹੀਂ।+

ਉੱਥੇ ਮੈਂ ਤੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਾਂਗੀ।+

13 ਦੂਦੀਆਂ*+ ਆਪਣੀ ਮਹਿਕ ਫੈਲਾਉਂਦੀਆਂ ਹਨ;

ਸਾਡੇ ਦਰਵਾਜ਼ਿਆਂ ਕੋਲ ਹਰ ਤਰ੍ਹਾਂ ਦੇ ਵਧੀਆ-ਵਧੀਆ ਫਲ ਹਨ।+

ਹੇ ਮੇਰੇ ਮਹਿਬੂਬ, ਤਾਜ਼ੇ ਅਤੇ ਪੁਰਾਣੇ ਫਲ

ਮੈਂ ਤੇਰੇ ਲਈ ਸਾਂਭ ਕੇ ਰੱਖੇ ਹਨ।

8 “ਕਾਸ਼! ਤੂੰ ਮੇਰੇ ਭਰਾ ਵਰਗਾ ਹੁੰਦਾ

ਜਿਸ ਨੇ ਮੇਰੀ ਮਾਤਾ ਦਾ ਦੁੱਧ ਪੀਤਾ!

ਫਿਰ ਜੇ ਤੂੰ ਮੈਨੂੰ ਬਾਹਰ ਮਿਲਦਾ, ਤਾਂ ਮੈਂ ਤੈਨੂੰ ਚੁੰਮ ਲੈਂਦੀ+

ਤੇ ਕਿਸੇ ਨੇ ਵੀ ਮੇਰੇ ਨਾਲ ਘਿਰਣਾ ਨਹੀਂ ਸੀ ਕਰਨੀ।

 2 ਮੈਂ ਤੇਰੀ ਅਗਵਾਈ ਕਰਦੀ;

ਮੈਂ ਤੈਨੂੰ ਆਪਣੀ ਮਾਤਾ ਦੇ ਘਰ ਅੰਦਰ ਲੈ ਜਾਂਦੀ+

ਜਿਸ ਨੇ ਮੈਨੂੰ ਸਿੱਖਿਆ ਦਿੱਤੀ।

ਮੈਂ ਤੈਨੂੰ ਰਲ਼ਿਆ ਹੋਇਆ ਦਾਖਰਸ ਪੀਣ ਨੂੰ ਦਿੰਦੀ,

ਅਨਾਰਾਂ ਦਾ ਤਾਜ਼ਾ ਰਸ ਦਿੰਦੀ।

 3 ਉਸ ਦਾ ਖੱਬਾ ਹੱਥ ਮੇਰੇ ਸਿਰ ਹੇਠ ਹੁੰਦਾ

ਅਤੇ ਉਸ ਦੇ ਸੱਜੇ ਹੱਥ ਨੇ ਮੈਨੂੰ ਗਲਵੱਕੜੀ ਪਾਈ ਹੁੰਦੀ।+

 4 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਖੁਆਉਂਦੀ ਹਾਂ:

ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।”+

 5 “ਇਹ ਕੌਣ ਹੈ ਜੋ ਆਪਣੇ ਮਹਿਬੂਬ ਦੇ ਮੋਢੇ ʼਤੇ ਸਿਰ ਰੱਖੀ

ਉਜਾੜ ਵੱਲੋਂ ਆ ਰਹੀ ਹੈ?”

“ਸੇਬ ਦੇ ਦਰਖ਼ਤ ਹੇਠ ਮੈਂ ਤੈਨੂੰ ਜਗਾਇਆ।

ਉੱਥੇ ਤੈਨੂੰ ਜਣਨ ਲਈ ਤੇਰੀ ਮਾਤਾ ਨੂੰ ਜਣਨ-ਪੀੜਾਂ ਲੱਗੀਆਂ।

ਉੱਥੇ ਉਸ ਨੇ ਜਣਨ-ਪੀੜਾਂ ਵਿਚ ਤੈਨੂੰ ਜਨਮ ਦਿੱਤਾ।

 6 ਮੈਨੂੰ ਆਪਣੇ ਦਿਲ ʼਤੇ ਮੁਹਰ ਵਾਂਗ ਲਗਾ ਲੈ,

ਆਪਣੀ ਬਾਂਹ ʼਤੇ ਮੁਹਰ ਵਾਂਗ ਛਾਪ ਲੈ

ਕਿਉਂਕਿ ਪਿਆਰ ਵਿਚ ਮੌਤ ਜਿੰਨੀ ਤਾਕਤ ਹੈ+

ਅਤੇ ਸੱਚੀ ਵਫ਼ਾ* ਕਬਰ* ਵਾਂਗ ਕਿਸੇ ਅੱਗੇ ਨਹੀਂ ਝੁਕਦੀ।

ਇਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਹਾਂ, ਯਾਹ* ਦੀ ਲਾਟ।+

 7 ਠਾਠਾਂ ਮਾਰਦੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ,+

ਨਾ ਹੀ ਨਦੀਆਂ ਇਸ ਨੂੰ ਵਹਾ ਕੇ ਲਿਜਾ ਸਕਦੀਆਂ ਹਨ।+

ਜੇ ਕੋਈ ਆਦਮੀ ਪਿਆਰ ਦੇ ਬਦਲੇ ਆਪਣੇ ਘਰ ਦੀ ਸਾਰੀ ਦੌਲਤ ਵੀ ਦੇ ਦੇਵੇ,

ਇਸ* ਨੂੰ ਵੀ ਫ਼ੌਰਨ ਠੁਕਰਾ ਦਿੱਤਾ ਜਾਵੇਗਾ।”

 8 “ਸਾਡੀ ਇਕ ਛੋਟੀ ਭੈਣ ਹੈ,+

ਉਸ ਦੀਆਂ ਛਾਤੀਆਂ ਨਹੀਂ ਉੱਭਰੀਆਂ।

ਅਸੀਂ ਆਪਣੀ ਭੈਣ ਲਈ ਕੀ ਕਰਾਂਗੇ

ਜਿਸ ਦਿਨ ਉਸ ਦੇ ਵਿਆਹ ਦੀ ਗੱਲ ਚੱਲੇਗੀ?”

 9 “ਜੇ ਉਹ ਕੰਧ ਹੈ,

ਤਾਂ ਅਸੀਂ ਉਸ ਉੱਤੇ ਚਾਂਦੀ ਦੀ ਇਕ ਵਾੜ ਲਗਾਵਾਂਗੇ,

ਪਰ ਜੇ ਉਹ ਦਰਵਾਜ਼ਾ ਹੈ,

ਤਾਂ ਅਸੀਂ ਦਿਆਰ ਦੇ ਫੱਟੇ ਨਾਲ ਉਸ ਨੂੰ ਬੰਦ ਕਰ ਦਿਆਂਗੇ।”

10 “ਮੈਂ ਕੰਧ ਹਾਂ

ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ।

ਇਸ ਲਈ ਮੈਂ ਉਸ ਦੀਆਂ ਨਜ਼ਰਾਂ ਵਿਚ ਅਜਿਹੀ ਹਾਂ

ਜਿਸ ਨੂੰ ਸ਼ਾਂਤੀ ਮਿਲਦੀ ਹੈ।

11 ਬਆਲ-ਹਮੋਨ ਵਿਚ ਸੁਲੇਮਾਨ ਦਾ ਅੰਗੂਰਾਂ ਦਾ ਬਾਗ਼ ਸੀ।+

ਉਸ ਨੇ ਇਹ ਬਾਗ਼ ਰਾਖਿਆਂ ਨੂੰ ਸੌਂਪ ਦਿੱਤਾ।

ਹਰ ਰਾਖਾ ਇਸ ਦੇ ਫਲ ਲਈ ਚਾਂਦੀ ਦੇ ਹਜ਼ਾਰ ਟੁਕੜੇ ਲਿਆਉਂਦਾ ਸੀ।

12 ਮੇਰਾ ਆਪਣਾ ਅੰਗੂਰਾਂ ਦਾ ਬਾਗ਼ ਹੈ ਜੋ ਸਿਰਫ਼ ਮੇਰੇ ਲਈ ਹੈ।

ਹੇ ਸੁਲੇਮਾਨ, ਤੇਰੇ ਚਾਂਦੀ ਦੇ ਹਜ਼ਾਰ ਟੁਕੜੇ* ਤੈਨੂੰ ਮੁਬਾਰਕ,

ਇਸ ਦੇ ਫਲਾਂ ਦੇ ਰਾਖਿਆਂ ਨੂੰ ਆਪਣੇ ਦੋ ਸੌ ਟੁਕੜੇ ਮੁਬਾਰਕ।

13 “ਹੇ ਬਾਗ਼ਾਂ ਵਿਚ ਰਹਿਣ ਵਾਲੀਏ,+

ਮੇਰੇ ਸਾਥੀ ਤੇਰੀ ਆਵਾਜ਼ ਸੁਣਨੀ ਚਾਹੁੰਦੇ ਹਨ।

ਮੈਨੂੰ ਵੀ ਆਪਣੀ ਆਵਾਜ਼ ਸੁਣਾ।”+

14 “ਮੇਰੇ ਮਹਿਬੂਬ,

ਖ਼ੁਸ਼ਬੂਦਾਰ ਪੌਦਿਆਂ ਵਾਲੇ ਪਹਾੜਾਂ ਨੂੰ ਪਾਰ ਕਰ ਕੇ ਆਜਾ,

ਚਿਕਾਰੇ ਤੇ ਜਵਾਨ ਬਾਰਾਸਿੰਗੇ ਵਾਂਗ ਜਲਦੀ ਆ।”+

ਇਬ, “ਮੈਨੂੰ ਖਿੱਚ ਲੈ।”

ਜਾਂ, “ਦੀ ਤਾਰੀਫ਼ ਕਰੀਏ।”

ਯਾਨੀ, ਕੁੜੀਆਂ।

ਇਬ, “ਕਾਲੀ।”

ਜਾਂ, “ਮਾਤਮ ਦਾ ਘੁੰਡ।”

ਜਾਂ, “ਮੇਰੀ ਘੋੜੀ।”

ਜਾਂ ਸੰਭਵ ਹੈ, “ਵਾਲ਼ਾਂ ਦੀਆਂ ਲਟਾਂ ਵਿਚ।”

ਜਾਂ, “ਤਾਜ।”

ਇਬ, “ਜਟਾਮਾਸੀ।”

ਜਾਂ, “ਆਲੀਸ਼ਾਨ ਘਰ।”

ਇਬ, “ਦਾਖਰਸ ਵਾਲੇ ਘਰ।”

ਹਿਰਨ ਦੀ ਇਕ ਕਿਸਮ।

ਜਾਂ, “ਬਰਸਾਤ ਦਾ ਮੌਸਮ।”

ਇਬ, “ਦਿਨ ਸਾਹ ਲਵੇ।”

ਜਾਂ ਸੰਭਵ ਹੈ, “ਦੁਫਾੜ ਹੋਏ ਪਹਾੜਾਂ।” ਜਾਂ, “ਬਥਰ ਦੇ ਪਹਾੜਾਂ।”

ਹਿਰਨ ਦੀ ਇਕ ਕਿਸਮ।

ਕਿਸੇ ਮੰਨੇ-ਪ੍ਰਮੰਨੇ ਵਿਅਕਤੀ ਨੂੰ ਲਿਜਾਣ ਲਈ ਛੱਤ ਵਾਲੀ ਮੰਜੀ।

ਜਾਂ, “ਗੁੰਦਿਆ ਹੋਇਆ ਤਾਜ; ਹਾਰ।”

ਜਾਂ, “ਪੁੜਪੁੜੀਆਂ।”

ਇਬ, “ਦਿਨ ਸਾਹ ਲਵੇ।”

ਜਾਂ, “ਪੂਰਬੀ ਲਬਾਨੋਨ ਪਹਾੜ।”

ਜਾਂ ਸੰਭਵ ਹੈ, “ਚਮੜੀ।”

ਇਕ ਖ਼ੁਸ਼ਬੂਦਾਰ ਘਾਹ।

ਜਾਂ, “ਮੇਰੀ ਜਾਨ ਨਿਕਲ ਗਈ।”

ਜਾਂ ਸੰਭਵ ਹੈ, “ਮੇਰੀ ਜਾਨ ਨਿਕਲ ਗਈ ਜਦ ਉਹ ਬੋਲਿਆ।”

ਜਾਂ ਸੰਭਵ ਹੈ, “ਖਜੂਰਾਂ ਦੇ ਗੁੱਛਿਆਂ।”

ਜਾਂ ਸੰਭਵ ਹੈ, “ਫੁਹਾਰੇ।”

ਇਬ, “ਤਾਲੂ।”

ਜਾਂ, “ਮਨਭਾਉਂਦੇ ਸ਼ਹਿਰ।”

ਜਾਂ, “ਪੁੜਪੁੜੀਆਂ।”

ਇਬ, “ਪਾਕ।”

ਇਬ, “ਹੇਠਾਂ ਦੇਖਦੀ ਹੈ।”

ਜਾਂ, “ਮਹਨਾਇਮ ਦੇ ਨਾਚ।”

ਇਬ, “ਤੇਰਾ ਸਿਰ।”

ਜਾਂ, “ਜਕੜਿਆ ਹੈ।”

ਇਬ, “ਤਾਲੂ।”

ਇਹ ਆਲੂ ਪ੍ਰਜਾਤੀ ਦਾ ਇਕ ਪੌਦਾ ਹੈ। ਮੰਨਿਆ ਜਾਂਦਾ ਸੀ ਕਿ ਇਸ ਦਾ ਫਲ ਖਾਣ ਨਾਲ ਔਰਤਾਂ ਦੀ ਜਣਨ-ਸ਼ਕਤੀ ਵਧ ਜਾਂਦੀ ਸੀ।

ਜਾਂ, “ਅਣਵੰਡੀ ਭਗਤੀ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।

ਜਾਂ ਸੰਭਵ ਹੈ, “ਉਸ ਆਦਮੀ।”

ਇਬ, “ਤੇਰੇ ਇਕ ਹਜ਼ਾਰ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ