ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 148-160
  • ਦਸੰਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਸੰਬਰ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਐਤਵਾਰ 1 ਦਸੰਬਰ
  • ਸੋਮਵਾਰ 2 ਦਸੰਬਰ
  • ਮੰਗਲਵਾਰ 3 ਦਸੰਬਰ
  • ਬੁੱਧਵਾਰ 4 ਦਸੰਬਰ
  • ਵੀਰਵਾਰ 5 ਦਸੰਬਰ
  • ਸ਼ੁੱਕਰਵਾਰ 6 ਦਸੰਬਰ
  • ਸ਼ਨੀਵਾਰ 7 ਦਸੰਬਰ
  • ਐਤਵਾਰ 8 ਦਸੰਬਰ
  • ਸੋਮਵਾਰ 9 ਦਸੰਬਰ
  • ਮੰਗਲਵਾਰ 10 ਦਸੰਬਰ
  • ਬੁੱਧਵਾਰ 11 ਦਸੰਬਰ
  • ਵੀਰਵਾਰ 12 ਦਸੰਬਰ
  • ਸ਼ੁੱਕਰਵਾਰ 13 ਦਸੰਬਰ
  • ਸ਼ਨੀਵਾਰ 14 ਦਸੰਬਰ
  • ਐਤਵਾਰ 15 ਦਸੰਬਰ
  • ਸੋਮਵਾਰ 16 ਦਸੰਬਰ
  • ਮੰਗਲਵਾਰ 17 ਦਸੰਬਰ
  • ਬੁੱਧਵਾਰ 18 ਦਸੰਬਰ
  • ਵੀਰਵਾਰ 19 ਦਸੰਬਰ
  • ਸ਼ੁੱਕਰਵਾਰ 20 ਦਸੰਬਰ
  • ਸ਼ਨੀਵਾਰ 21 ਦਸੰਬਰ
  • ਐਤਵਾਰ 22 ਦਸੰਬਰ
  • ਸੋਮਵਾਰ 23 ਦਸੰਬਰ
  • ਮੰਗਲਵਾਰ 24 ਦਸੰਬਰ
  • ਬੁੱਧਵਾਰ 25 ਦਸੰਬਰ
  • ਵੀਰਵਾਰ 26 ਦਸੰਬਰ
  • ਸ਼ੁੱਕਰਵਾਰ 27 ਦਸੰਬਰ
  • ਸ਼ਨੀਵਾਰ 28 ਦਸੰਬਰ
  • ਐਤਵਾਰ 29 ਦਸੰਬਰ
  • ਸੋਮਵਾਰ 30 ਦਸੰਬਰ
  • ਮੰਗਲਵਾਰ 31 ਦਸੰਬਰ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 148-160

ਦਸੰਬਰ

ਐਤਵਾਰ 1 ਦਸੰਬਰ

ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?​—ਰਸੂ. 8:36.

ਕੀ ਇਥੋਪੀਆ ਦਾ ਮੰਤਰੀ ਬਪਤਿਸਮਾ ਲੈਣ ਲਈ ਸੱਚ-ਮੁੱਚ ਤਿਆਰ ਸੀ? ਧਿਆਨ ਦਿਓ ਕਿ ਇਥੋਪੀਆ ਦਾ ਉਹ ਆਦਮੀ “ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ।” (ਰਸੂ. 8:27) ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਯਹੂਦੀ ਧਰਮ ਅਪਣਾਇਆ ਸੀ। ਬਿਨਾਂ ਸ਼ੱਕ, ਉਸ ਨੇ ਇਬਰਾਨੀ ਲਿਖਤਾਂ ਤੋਂ ਯਹੋਵਾਹ ਬਾਰੇ ਸਿੱਖਿਆ ਹੋਣਾ। ਫਿਰ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਚਾਹੁੰਦਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਗੌਰ ਕਰੋ ਕਿ ਜਦੋਂ ਫ਼ਿਲਿੱਪੁਸ ਉਸ ਨੂੰ ਸੜਕ ʼਤੇ ਮਿਲਿਆ, ਤਾਂ ਉਹ ਬੜੇ ਧਿਆਨ ਨਾਲ ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ। (ਰਸੂ. 8:28) ਉਸ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹੋਰ ਵੀ ਜ਼ਿਆਦਾ ਸਿੱਖਦਾ ਰਹੇਗਾ। ਉਹ ਮੰਦਰ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਇਥੋਪੀਆ ਤੋਂ ਯਰੂਸ਼ਲਮ ਤਕ ਦਾ ਲੰਬਾ ਸਫ਼ਰ ਤੈਅ ਕਰ ਕੇ ਆਇਆ। ਇਥੋਪੀਆ ਦੇ ਉਸ ਆਦਮੀ ਨੇ ਫ਼ਿਲਿੱਪੁਸ ਤੋਂ ਕਈ ਨਵੀਆਂ ਸੱਚਾਈਆਂ ਸਿੱਖੀਆਂ, ਜਿਵੇਂ ਕਿ ਉਸ ਨੇ ਜਾਣਿਆ ਕਿ ਯਿਸੂ ਹੀ ਮਸੀਹ ਹੈ। (ਰਸੂ. 8:34, 35) ਯਹੋਵਾਹ ਅਤੇ ਯਿਸੂ ਲਈ ਉਸ ਦਾ ਪਿਆਰ ਹੋਰ ਵਧਣ ਕਰਕੇ ਉਸ ਨੇ ਇਕ ਅਹਿਮ ਫ਼ੈਸਲਾ ਕੀਤਾ। ਉਹ ਚਾਹੁੰਦਾ ਸੀ ਕਿ ਉਹ ਬਪਤਿਸਮਾ ਲੈ ਕੇ ਯਿਸੂ ਮਸੀਹ ਦਾ ਚੇਲਾ ਬਣ ਜਾਵੇ। ਨਾਲੇ ਜਦੋਂ ਫ਼ਿਲਿੱਪੁਸ ਨੇ ਦੇਖਿਆ ਕਿ ਉਹ ਤਿਆਰ ਸੀ, ਤਾਂ ਉਸ ਨੇ ਉਸ ਨੂੰ ਬਪਤਿਸਮਾ ਦੇ ਦਿੱਤਾ। w23.03 8-9 ਪੈਰੇ 3-6

ਸੋਮਵਾਰ 2 ਦਸੰਬਰ

ਤੁਸੀਂ ਹਮੇਸ਼ਾ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।​—ਕੁਲੁ. 4:6.

ਜੇ ਅਸੀਂ ਝੂਠ ਬੋਲਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ। (ਕਹਾ. 6:16, 17) ਚਾਹੇ ਅੱਜ ਬਹੁਤ ਸਾਰੇ ਲੋਕਾਂ ਲਈ ਝੂਠ ਬੋਲਣਾ ਆਮ ਗੱਲ ਹੈ, ਪਰ ਅਸੀਂ ਦੁਨੀਆਂ ਦੀ ਬਜਾਇ ਯਹੋਵਾਹ ਦੀ ਸੋਚ ਮੁਤਾਬਕ ਚੱਲਦੇ ਹਾਂ। (ਜ਼ਬੂ. 15:1, 2) ਬਿਨਾਂ ਸ਼ੱਕ, ਅਸੀਂ ਝੂਠ ਤਾਂ ਨਹੀਂ ਬੋਲਾਂਗੇ, ਪਰ ਅਸੀਂ ਅੱਧਾ-ਅਧੂਰਾ ਸੱਚ ਵੀ ਨਹੀਂ ਦੱਸਾਂਗੇ ਅਤੇ ਨਾ ਹੀ ਗੱਲ ਘੁਮਾ-ਫਿਰਾ ਕੇ ਦੱਸਾਂਗੇ ਕਿ ਸਾਮ੍ਹਣੇ ਵਾਲੇ ਨੂੰ ਸੱਚ ਪਤਾ ਹੀ ਨਾ ਲੱਗੇ। ਸਾਨੂੰ ਚੁਗ਼ਲੀਆਂ ਨਹੀਂ ਕਰਨੀਆਂ ਚਾਹੀਦੀਆਂ। (ਕਹਾ. 25:23; 2 ਥੱਸ. 3:11) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗੱਲਬਾਤ ਚੁਗ਼ਲੀਆਂ ਵੱਲ ਚਲੀ ਗਈ ਹੈ, ਤਾਂ ਤੁਸੀਂ ਆਪਣੀ ਗੱਲਬਾਤ ਦਾ ਰੁੱਖ ਚੰਗੀਆਂ ਗੱਲਾਂ ਵੱਲ ਮੋੜ ਸਕਦੇ ਹੋ। ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਘਟੀਆ ਬੋਲੀ ਬੋਲਣ ਨੂੰ ਮਾਣ ਦੀ ਗੱਲ ਸਮਝਦੇ ਹਨ। ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਸਾਡੀ ਬੋਲੀ ਰਾਹੀਂ ਯਹੋਵਾਹ ਦਾ ਜੀਅ ਖ਼ੁਸ਼ ਹੋਵੇ। ਯਹੋਵਾਹ ਸਾਨੂੰ ਜ਼ਰੂਰ ਬਰਕਤ ਦੇਵੇਗਾ ਜੇ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਜਾਂ ਦੂਜਿਆਂ ਨਾਲ ਗੱਲਬਾਤ ਕਰਦਿਆਂ ਚੰਗੀ ਬੋਲੀ ਬੋਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਬੁਰੀ ਦੁਨੀਆਂ ਦੇ ਅੰਤ ਤੋਂ ਬਾਅਦ ਸਾਡੇ ਲਈ ਹੋਰ ਵੀ ਜ਼ਿਆਦਾ ਸੌਖਾ ਹੋਵੇਗਾ ਕਿ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਦੀ ਮਹਿਮਾ ਕਰੀਏ।​—ਯਹੂ. 15. w22.04 9 ਪੈਰੇ 18-20

ਮੰਗਲਵਾਰ 3 ਦਸੰਬਰ

ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।​—1 ਯੂਹੰ. 4:19.

ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਤੇ ਯਿਸੂ ਸਾਡੇ ਨਾਲ ਕਿੰਨਾ ਪਿਆਰ ਕਰਦੇ ਹਨ, ਤਾਂ ਅਸੀਂ ਵੀ ਉਨ੍ਹਾਂ ਨੂੰ ਪਿਆਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ। (1 ਯੂਹੰ. 4:10) ਉਨ੍ਹਾਂ ਲਈ ਸਾਡਾ ਪਿਆਰ ਹੋਰ ਵੀ ਵਧ ਜਾਂਦਾ ਹੈ ਜਦੋਂ ਸਾਨੂੰ ਅਹਿਸਾਸ ਹੁੰਦਾ ਕਿ ਯਿਸੂ ਨੇ ਸਾਡੇ ਵਿੱਚੋਂ ਹਰ ਇਕ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਪੌਲੁਸ ਰਸੂਲ ਵੀ ਇਹ ਗੱਲ ਜਾਣਦਾ ਸੀ ਅਤੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦਿਆਂ ਉਸ ਨੇ ਗਲਾਤੀਆਂ ਦੇ ਮਸੀਹੀਆਂ ਨੂੰ ਲਿਖਿਆ: “ਪਰਮੇਸ਼ੁਰ ਦੇ ਪੁੱਤਰ ਨੇ . . . ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾ. 2:20) ਰਿਹਾਈ ਦੀ ਕੀਮਤ ਦੇ ਆਧਾਰ ʼਤੇ ਯਹੋਵਾਹ ਤੁਹਾਨੂੰ ਆਪਣੇ ਵੱਲ ਖਿੱਚਦਾ ਹੈ ਤਾਂਕਿ ਤੁਸੀਂ ਉਸ ਦੇ ਦੋਸਤ ਬਣ ਸਕੋ। (ਯੂਹੰ. 6:44) ਕੀ ਇਹ ਗੱਲ ਤੁਹਾਡੇ ਦਿਲ ਨੂੰ ਨਹੀਂ ਛੂਹ ਜਾਂਦੀ ਕਿ ਯਹੋਵਾਹ ਨੇ ਤੁਹਾਡੇ ਵਿਚ ਕੁਝ ਚੰਗਾ ਦੇਖਿਆ ਅਤੇ ਬਹੁਤ ਵੱਡੀ ਕੀਮਤ ਦੇ ਕੇ ਤੁਹਾਨੂੰ ਆਪਣਾ ਦੋਸਤ ਬਣਾਇਆ ਹੈ? ਕੀ ਇਸ ਕਰਕੇ ਤੁਹਾਡਾ ਯਹੋਵਾਹ ਤੇ ਯਿਸੂ ਲਈ ਪਿਆਰ ਵਧਣਾ ਨਹੀਂ ਚਾਹੀਦਾ? ਇਸ ਲਈ ਆਪਣੇ ਆਪ ਤੋਂ ਪੁੱਛੋ, ‘ਇਹ ਪਿਆਰ ਮੈਨੂੰ ਕੀ ਕਰਨ ਲਈ ਪ੍ਰੇਰਦਾ ਹੈ?’ ਯਹੋਵਾਹ ਅਤੇ ਯਿਸੂ ਮਸੀਹ ਲਈ ਪਿਆਰ ਹੋਣ ਕਰਕੇ ਅਸੀਂ ਦੂਜਿਆਂ ਲਈ ਪਿਆਰ ਜ਼ਾਹਰ ਕਰਦੇ ਹਾਂ।​—2 ਕੁਰਿੰ. 5:14, 15; 6:1, 2. w23.01 28 ਪੈਰੇ 6-7

ਬੁੱਧਵਾਰ 4 ਦਸੰਬਰ

ਮੈਂ ਲੋਕਾਂ ਨੂੰ ਇਕ ਸ਼ੁੱਧ ਭਾਸ਼ਾ ਬੋਲਣੀ ਸਿਖਾਵਾਂਗਾ।​—ਸਫ਼. 3:9.

ਬਾਈਬਲ ਦੇ ਜ਼ਰੀਏ ਯਹੋਵਾਹ ਦਾ ਮਕਸਦ ਪੂਰਾ ਹੋ ਪਾਉਂਦਾ ਹੈ ਕਿ ਉਸ ਦੇ ਸੇਵਕ “ਮੋਢੇ ਨਾਲ ਮੋਢਾ ਜੋੜ ਕੇ ਉਸ ਦੀ ਸੇਵਾ ਕਰਨ।” ਯਹੋਵਾਹ ਨੇ ਆਪਣੇ ਬਚਨ ਦੇ ਬਹੁਤ ਸਾਰੇ ਹਿੱਸੇ ਇਸ ਤਰ੍ਹਾਂ ਲਿਖਵਾਏ ਹਨ ਕਿ ਸਿਰਫ਼ ਨਿਮਰ ਲੋਕ ਹੀ ਇਸ ਨੂੰ ਸਮਝ ਸਕਦੇ ਹਨ। (ਲੂਕਾ 10:21) ਪੂਰੀ ਦੁਨੀਆਂ ਵਿਚ ਲੋਕ ਬਾਈਬਲ ਪੜ੍ਹਦੇ ਹਨ। ਪਰ ਇਸ ਵਿਚ ਲਿਖਵਾਇਆ ਸੰਦੇਸ਼ ਸਿਰਫ਼ ਨਿਮਰ ਲੋਕ ਹੀ ਸਮਝ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਨ। (2 ਕੁਰਿੰ. 3:15, 16) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਯਹੋਵਾਹ ਆਪਣੇ ਬਚਨ ਦੇ ਜ਼ਰੀਏ ਨਾ ਸਿਰਫ਼ ਸਾਨੂੰ ਸਾਰਿਆਂ ਨੂੰ, ਸਗੋਂ ਇਕੱਲੇ-ਇਕੱਲੇ ਨੂੰ ਵੀ ਸਿਖਾਉਂਦਾ ਤੇ ਦਿਲਾਸਾ ਦਿੰਦਾ ਹੈ। ਬਾਈਬਲ ਪੜ੍ਹ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਸਾਡੇ ਵਿੱਚੋਂ ਹਰੇਕ ਵਿਚ ਦਿਲਚਸਪੀ ਲੈਂਦਾ ਹੈ। (ਯਸਾ. 30:21) ਹੋ ਸਕਦਾ ਹੈ ਕਿ ਬਾਈਬਲ ਪੜ੍ਹਦਿਆਂ ਸਾਨੂੰ ਕੋਈ ਆਇਤ ਇੱਦਾਂ ਲੱਗੇ ਕਿ ਇਹ ਸਿਰਫ਼ ਸਾਡੇ ਲਈ ਲਿਖੀ ਗਈ ਹੈ। ਕੀ ਤੁਹਾਡੇ ਨਾਲ ਵੀ ਕਦੇ ਇੱਦਾਂ ਹੋਇਆ? ਕਮਾਲ ਦੀ ਗੱਲ ਤਾਂ ਇਹ ਹੈ ਕਿ ਬਾਈਬਲ ਲਿਖਵਾਈ ਹੀ ਇਸ ਤਰੀਕੇ ਨਾਲ ਗਈ ਹੈ ਕਿ ਲੱਖਾਂ ਹੀ ਲੋਕਾਂ ਨੂੰ ਬਿਲਕੁਲ ਇਸੇ ਤਰ੍ਹਾਂ ਲੱਗਦਾ ਹੈ। ਪਰ ਇਹ ਕਿੱਦਾਂ ਹੋ ਸਕਦਾ ਹੈ ਕਿ ਹਜ਼ਾਰਾਂ ਸਾਲਾਂ ਪਹਿਲਾਂ ਲਿਖੀ ਇਹ ਕਿਤਾਬ ਅੱਜ ਤੁਹਾਡੇ ਲਈ ਵੀ ਫ਼ਾਇਦੇਮੰਦ ਹੈ? ਇੱਦਾਂ ਤਾਂ ਹੀ ਹੋ ਸਕਿਆ ਹੈ ਕਿਉਂਕਿ ਇਸ ਦਾ ਲਿਖਾਰੀ ਪੂਰੀ ਕਾਇਨਾਤ ਵਿੱਚੋਂ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ।​—2 ਤਿਮੋ. 3:16, 17. w23.02 4-5 ਪੈਰੇ 8-10

ਵੀਰਵਾਰ 5 ਦਸੰਬਰ

ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰ ਅਤੇ ਇਨ੍ਹਾਂ ਵਿਚ ਮਗਨ ਰਹਿ ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ।​—1 ਤਿਮੋ. 4:15.

ਸੱਚੇ ਮਸੀਹੀ ਹੋਣ ਕਰਕੇ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਕੁਝ ਟੀਚੇ ਰੱਖਣ ਦੀ ਲੋੜ ਹੈ, ਜਿਵੇਂ ਕਿ ਮਸੀਹੀ ਗੁਣ ਪੈਦਾ ਕਰਨੇ, ਅਲੱਗ-ਅਲੱਗ ਹੁਨਰ ਸਿੱਖਣੇ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭਣੇ। ਅਸੀਂ ਸਾਰੇ ਯਹੋਵਾਹ ਦੀ ਸੇਵਾ ਵਿਚ ਹੋਰ ਤਰੱਕੀ ਕਿਉਂ ਕਰਨੀ ਚਾਹੁੰਦੇ ਹਾਂ? ਇਸ ਦਾ ਮੁੱਖ ਕਾਰਨ ਹੈ ਕਿ ਅਸੀਂ ਆਪਣੇ ਪਿਆਰੇ ਪਿਤਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਵਿਚ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਵਰਤਦੇ ਹਾਂ, ਤਾਂ ਇਸ ਨਾਲ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਦੂਜਾ ਕਾਰਨ, ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਹੋਰ ਵੀ ਮਦਦ ਕਰਨੀ ਚਾਹੁੰਦੀ ਹਾਂ। (1 ਥੱਸ. 4:9, 10) ਚਾਹੇ ਸਾਨੂੰ ਸੱਚਾਈ ਵਿਚ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ, ਫਿਰ ਵੀ ਅਸੀਂ ਸਾਰੇ ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰ ਸਕਦੇ ਹਾਂ। w22.04 22 ਪੈਰੇ 1-2

ਸ਼ੁੱਕਰਵਾਰ 6 ਦਸੰਬਰ

‘ਉਹ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ।’​—ਪ੍ਰਕਾ. 17:16.

ਰਾਜਨੀਤਿਕ ਤਾਕਤਾਂ ਛੇਤੀ ਹੀ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ʼਤੇ ਹਮਲਾ ਕਰਨਗੀਆਂ। ਇਸ ਘਟਨਾ ਨਾਲ ਮਹਾਂਕਸ਼ਟ ਦੀ ਸ਼ੁਰੂਆਤ ਹੋਵੇਗੀ। ਪਰ ਕੀ ਇਸ ਦਾ ਇਹ ਨਤੀਜਾ ਨਿਕਲੇਗਾ ਕਿ ਬਹੁਤ ਸਾਰੇ ਨਵੇਂ ਲੋਕ ਯਹੋਵਾਹ ਦੀ ਸੇਵਾ ਕਰਨ ਲੱਗ ਪੈਣਗੇ? ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ। ਇਸ ਦੀ ਬਜਾਇ, ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 6 ਵਿਚ ਲਿਖਿਆ ਹੈ ਕਿ ਉਸ ਵੇਲੇ ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਲੋਕ ਪਹਾੜਾਂ ਵਿਚ ਜਾ ਲੁਕਣਗੇ ਯਾਨੀ ਉਹ ਆਪਣੇ ਬਚਾਅ ਲਈ ਸਰਕਾਰਾਂ ਅਤੇ ਵਪਾਰ ਜਗਤ ʼਤੇ ਭਰੋਸਾ ਕਰਨਗੇ। ਉਹ ਲੋਕ ਪਰਮੇਸ਼ੁਰ ਦੇ ਰਾਜ ਦਾ ਸਾਥ ਨਹੀਂ ਦੇਣਗੇ, ਇਸ ਕਰਕੇ ਯਹੋਵਾਹ ਉਨ੍ਹਾਂ ਨੂੰ ਆਪਣਾ ਵਿਰੋਧੀ ਸਮਝੇਗਾ। (ਲੂਕਾ 11:23; ਪ੍ਰਕਾ. 6:15-17) ਮਹਾਂਕਸ਼ਟ ਦੀ ਉਸ ਔਖੀ ਘੜੀ ਵੇਲੇ ਯਹੋਵਾਹ ਦੇ ਲੋਕ ਸਾਰਿਆਂ ਨਾਲੋਂ ਵੱਖਰੇ ਨਜ਼ਰ ਆਉਣਗੇ। ਕਿਉਂ? ਕਿਉਂਕਿ ਉਸ ਵੇਲੇ ਦੁਨੀਆਂ ਵਿਚ ਸਿਰਫ਼ ਉਹੀ ਲੋਕ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਰਹੇ ਹੋਣਗੇ ਅਤੇ “ਵਹਿਸ਼ੀ ਦਰਿੰਦੇ” ਦਾ ਸਾਥ ਦੇਣ ਤੋਂ ਇਨਕਾਰ ਕਰਨਗੇ।​—ਪ੍ਰਕਾ. 13:14-17. w22.05 16-17 ਪੈਰੇ 8-9

ਸ਼ਨੀਵਾਰ 7 ਦਸੰਬਰ

‘ਦੂਤ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਦੇ ਵਾਸੀਆਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਰਿਹਾ ਸੀ।’​—ਪ੍ਰਕਾ. 14:6.

ਪਰਮੇਸ਼ੁਰ ਦੇ ਲੋਕ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਉਂਦੇ ਹਨ। (ਮੱਤੀ 24:14) ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਹੋਰ ਸੰਦੇਸ਼ ਸੁਣਾਉਣ ਵਿਚ ਦੂਤਾਂ ਦਾ ਸਾਥ ਦੇਣ ਦੀ ਲੋੜ ਹੈ। ਪ੍ਰਕਾਸ਼ ਦੀ ਕਿਤਾਬ ਦੇ 8 ਤੋਂ 10 ਅਧਿਆਵਾਂ ਵਿਚ ਦੱਸਿਆ ਹੈ ਕਿ ਦੂਤ ਉਨ੍ਹਾਂ ਲੋਕਾਂ ਨੂੰ ਆਫ਼ਤਾਂ ਦੇ ਸੰਦੇਸ਼ ਸੁਣਾਉਂਦੇ ਹਨ ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੇ ਹਨ। ਇਸ ਲਈ ਯਹੋਵਾਹ ਦੇ ਗਵਾਹ “ਗੜਿਆਂ ਅਤੇ ਅੱਗ” ਵਰਗਾ ਨਿਆਂ ਦਾ ਸੰਦੇਸ਼ ਸੁਣਾਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸ਼ੈਤਾਨ ਦੀ ਦੁਸ਼ਟ ਦੁਨੀਆਂ ਨੂੰ ਕੀ ਸਜ਼ਾ ਦੇਵੇਗਾ। (ਪ੍ਰਕਾ. 8:7, 13) ਲੋਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅੰਤ ਬਹੁਤ ਨੇੜੇ ਹੈ ਤਾਂਕਿ ਉਹ ਆਪਣੇ ਵਿਚ ਵੱਡੀਆਂ ਤਬਦੀਲੀਆਂ ਕਰ ਸਕਣ ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਤੋਂ ਬਚ ਸਕਣ। (ਸਫ਼. 2:2, 3) ਪਰ ਬਹੁਤ ਸਾਰੇ ਲੋਕਾਂ ਨੂੰ ਸਾਡਾ ਇਹ ਸੰਦੇਸ਼ ਚੰਗਾ ਨਹੀਂ ਲੱਗਦਾ। ਇਸ ਲਈ ਇਹ ਸੰਦੇਸ਼ ਸੁਣਾਉਣ ਵਾਸਤੇ ਸਾਨੂੰ ਦਲੇਰੀ ਦੀ ਲੋੜ ਹੈ। ਮਹਾਂਕਸ਼ਟ ਵਿਚ ਸਾਨੂੰ ਹੋਰ ਵੀ ਜ਼ਿਆਦਾ ਦਲੇਰੀ ਦੀ ਲੋੜ ਪਵੇਗੀ ਕਿਉਂਕਿ ਉਦੋਂ ਆਖ਼ਰੀ ਨਿਆਂ ਦਾ ਸੰਦੇਸ਼ ਸੁਣ ਕੇ ਬਹੁਤ ਸਾਰੇ ਲੋਕ ਸਾਡਾ ਹੋਰ ਵੀ ਸਖ਼ਤ ਵਿਰੋਧ ਕਰਨਗੇ।​—ਪ੍ਰਕਾ. 16:21. w22.05 7 ਪੈਰੇ 18-19

ਐਤਵਾਰ 8 ਦਸੰਬਰ

ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।​—ਮੱਤੀ 22:37.

ਜ਼ਰਾ ਇਕ ਮਸੀਹੀ ਜੋੜੇ ਦੀ ਕਲਪਨਾ ਕਰੋ ਪਹਿਲੀ ਵਾਰ ਮੰਮੀ-ਡੈਡੀ ਬਣਦਾ ਹੈ। ਚਾਹੇ ਉਨ੍ਹਾਂ ਦੋਹਾਂ ਨੇ ਪਹਿਲਾਂ ਕਈ ਵਾਰ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਬਹੁਤ ਸਾਰੇ ਭਾਸ਼ਣ ਸੁਣੇ ਹੋਣਗੇ, ਪਰ ਹੁਣ ਉਨ੍ਹਾਂ ਲਈ ਇਹ ਅਸੂਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਣ ਲੱਗ ਪੈਂਦੇ ਹਨ। ਆਪਣੇ ਬੱਚੇ ਦੀ ਪਰਵਰਿਸ਼ ਕਰਨੀ ਉਨ੍ਹਾਂ ਲਈ ਕਿੰਨੀ ਹੀ ਵੱਡੀ ਜ਼ਿੰਮੇਵਾਰੀ ਹੈ! ਬਿਨਾਂ ਸ਼ੱਕ, ਜਦੋਂ ਸਾਡੇ ਹਾਲਾਤ ਬਦਲਦੇ ਹਨ, ਤਾਂ ਬਾਈਬਲ ਦੀਆਂ ਕੁਝ ਆਇਤਾਂ ʼਤੇ ਅਸੀਂ ਹੋਰ ਵੀ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਹਾਂ। ਇਹ ਇਕ ਕਾਰਨ ਹੈ ਕਿ ਕਿਉਂ ਯਹੋਵਾਹ ਦੇ ਸੇਵਕ “ਜ਼ਿੰਦਗੀ ਭਰ” ਹਰ ਰੋਜ਼ ਬਾਈਬਲ ਪੜ੍ਹਦੇ ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਰਾਜਿਆਂ ਨੂੰ ਕਰਨ ਲਈ ਕਿਹਾ ਗਿਆ ਸੀ। (ਬਿਵ. 17:19) ਮਾਪਿਓ, ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਕਿੰਨਾ ਹੀ ਵੱਡਾ ਸਨਮਾਨ ਹੈ! ਪਰ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ਼ ਯਹੋਵਾਹ ਬਾਰੇ ਸੱਚਾਈ ਹੀ ਨਹੀਂ ਸਿਖਾਉਣੀ ਚਾਹੁੰਦੇ, ਸਗੋਂ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਗਹਿਰਾ ਪਿਆਰ ਵੀ ਪੈਦਾ ਕਰਨਾ ਚਾਹੁੰਦੇ ਹੋ। w22.05 26 ਪੈਰੇ 2-3

ਸੋਮਵਾਰ 9 ਦਸੰਬਰ

ਨਵੇਂ ਸੁਭਾਅ ਨੂੰ ਪਹਿਨ ਲਓ।​—ਕੁਲੁ. 3:10.

ਸਾਡੇ ਲਈ ਆਪਣੇ ਪਾਪਾਂ ʼਤੇ ਸਿਰਫ਼ ਅਫ਼ਸੋਸ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਕਦਮ ਵੀ ਚੁੱਕਣੇ ਚਾਹੀਦੇ ਹਨ। ਯਹੋਵਾਹ ਕਿਸੇ ਪਾਪੀ ਨੂੰ ਮਾਫ਼ ਕਰਨ ਲੱਗਿਆ ਧਿਆਨ ਵਿਚ ਰੱਖਦਾ ਹੈ ਕਿ ਪਾਪ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਬਦਲਿਆ ਹੈ ਜਾਂ ਨਹੀਂ। ਆਪਣੇ ਆਪ ਨੂੰ ਬਦਲਣ ਦਾ ਮਤਲਬ ਹੈ ਕਿ ਆਪਣੇ ਬੁਰੇ ਰਾਹਾਂ ਨੂੰ ਛੱਡ ਕੇ ਯਹੋਵਾਹ ਦੇ ਰਾਹਾਂ ʼਤੇ ਚੱਲਣਾ। (ਯਸਾ. 55:7) ਗ਼ਲਤੀ ਕਰਨ ਵਾਲੇ ਵਿਅਕਤੀ ਨੂੰ ਆਪਣੀ ਸੋਚ ਪੂਰੀ ਤਰ੍ਹਾਂ ਬਦਲਣੀ ਚਾਹੀਦੀ ਹੈ ਤਾਂਕਿ ਉਹ ਯਹੋਵਾਹ ਦੀ ਸੋਚ ਮੁਤਾਬਕ ਚੱਲ ਸਕੇ। (ਰੋਮੀ. 12:2; ਅਫ਼. 4:23) ਉਸ ਨੂੰ ਆਪਣੀਆਂ ਪੁਰਾਣੀਆਂ ਗ਼ਲਤ ਸੋਚਾਂ ਤੇ ਕੰਮਾਂ ਨੂੰ ਛੱਡਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। (ਕੁਲੁ. 3:7-9) ਬਿਨਾਂ ਸ਼ੱਕ, ਸਾਨੂੰ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਨੀ ਚਾਹੀਦੀ ਹੈ ਕਿਉਂਕਿ ਇਸੇ ਆਧਾਰ ʼਤੇ ਯਹੋਵਾਹ ਸਾਨੂੰ ਮਾਫ਼ ਕਰਦਾ ਹੈ ਅਤੇ ਸਾਡੇ ਪਾਪ ਧੋ ਦਿੰਦਾ ਹੈ। ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਸੱਚੇ ਦਿਲੋਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਨੂੰ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਮਾਫ਼ ਕਰ ਦਿੰਦਾ ਹੈ।​—1 ਯੂਹੰ. 1:7. w22.06 6 ਪੈਰੇ 16-17

ਮੰਗਲਵਾਰ 10 ਦਸੰਬਰ

ਤੂੰ ਜਿਹੜੇ ਕਸ਼ਟ ਸਹਿਣ ਵਾਲਾ ਹੈ, ਉਨ੍ਹਾਂ ਕਰਕੇ ਘਬਰਾਈਂ ਨਾ।​—ਪ੍ਰਕਾ. 2:10.

ਜਦੋਂ ਤੋਂ ਆਦਮ ਤੇ ਹੱਵਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਹੈ, ਉਦੋਂ ਤੋਂ ਇਨਸਾਨ ਇਕ-ਦੂਜੇ ʼਤੇ ਜ਼ੁਲਮ ਕਰਦੇ ਆਏ ਹਨ। (ਉਪ. 8:9) ਉਦਾਹਰਣ ਲਈ, ਅਧਿਕਾਰ ਰੱਖਣ ਵਾਲੇ ਲੋਕ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਦਿਆਂ ਦੂਜਿਆਂ ਨਾਲ ਬੁਰਾ ਸਲੂਕ ਕਰਦੇ ਹਨ ਅਤੇ ਅਪਰਾਧੀ ਹਿੰਸਾ ਤੇ ਖ਼ੂਨ-ਖ਼ਰਾਬਾ ਕਰਦੇ ਹਨ। ਨਾਲੇ ਬੱਚੇ ਸਕੂਲਾਂ ਵਿਚ ਆਪਣੇ ਨਾਲ ਪੜ੍ਹਨ ਵਾਲਿਆਂ ਦੀ ਬੇਇੱਜ਼ਤੀ ਕਰਦੇ ਹਨ, ਉਨ੍ਹਾਂ ਨੂੰ ਤੰਗ ਕਰਦੇ ਹਨ ਅਤੇ ਡਰਾਉਂਦੇ ਧਮਕਾਉਂਦੇ ਹਨ। ਇੱਥੋਂ ਤਕ ਕਿ ਕੁਝ ਲੋਕ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨਸਾਨ ਨੂੰ ਇਨਸਾਨ ਦਾ ਹੀ ਡਰ ਹੈ! ਸ਼ੈਤਾਨ ਇਨਸਾਨਾਂ ਦੇ ਡਰ ਦਾ ਕਿਵੇਂ ਫ਼ਾਇਦਾ ਚੁੱਕਦਾ ਹੈ? ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇਨਸਾਨਾਂ ਤੋਂ ਇੰਨਾ ਡਰ ਜਾਈਏ ਕਿ ਪ੍ਰਚਾਰ ਕਰਨਾ ਅਤੇ ਯਹੋਵਾਹ ਦੇ ਹੋਰ ਹੁਕਮਾਂ ਨੂੰ ਮੰਨਣਾ ਹੀ ਛੱਡ ਦੇਈਏ। ਸ਼ੈਤਾਨ ਦੇ ਪ੍ਰਭਾਵ ਹੇਠ ਆ ਕੇ ਸਰਕਾਰਾਂ ਸਾਡੇ ਕੰਮ ʼਤੇ ਪਾਬੰਦੀ ਲਾਉਂਦੀਆਂ ਹਨ ਅਤੇ ਸਾਡੇ ʼਤੇ ਜ਼ੁਲਮ ਕਰਦੀਆਂ ਹਨ। (ਲੂਕਾ 21:12) ਸ਼ੈਤਾਨ ਦੀ ਦੁਨੀਆਂ ਦੇ ਬਹੁਤ ਸਾਰੇ ਲੋਕ ਸਾਡੇ ਬਾਰੇ ਅਫ਼ਵਾਹਾਂ ਫੈਲਾਉਂਦੇ ਹਨ ਅਤੇ ਵੱਡੇ-ਵੱਡੇ ਝੂਠ ਬੋਲਦੇ ਹਨ। ਉਨ੍ਹਾਂ ਦੇ ਝੂਠ ʼਤੇ ਯਕੀਨ ਕਰ ਕੇ ਲੋਕ ਸ਼ਾਇਦ ਸਾਡਾ ਮਜ਼ਾਕ ਉਡਾਉਣ ਜਾਂ ਇੱਥੋਂ ਤਕ ਕਿ ਸਾਡੇ ʼਤੇ ਹਮਲਾ ਵੀ ਕਰਨ। (ਮੱਤੀ 10:36) ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਬਿਲਕੁਲ ਵੀ ਅਣਜਾਣ ਨਹੀਂ ਹਾਂ ਕਿਉਂਕਿ ਉਸ ਨੇ ਪਹਿਲੀ ਸਦੀ ਵਿਚ ਵੀ ਪਰਮੇਸ਼ੁਰ ਦੇ ਲੋਕਾਂ ਖ਼ਿਲਾਫ਼ ਇਹੀ ਚਾਲਾਂ ਚੱਲੀਆਂ ਸਨ।​—ਰਸੂ. 5:27, 28, 40. w22.06 16 ਪੈਰੇ 10-11

ਬੁੱਧਵਾਰ 11 ਦਸੰਬਰ

ਜਿਹੜੇ ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕਰਦੇ ਹਨ, ਉਹ ਤਾਰਿਆਂ ਵਾਂਗ ਹਮੇਸ਼ਾ-ਹਮੇਸ਼ਾ ਲਈ ਚਮਕਣਗੇ।​—ਦਾਨੀ. 12:3.

ਕਿਨ੍ਹਾਂ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀ? ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਜੋ ਆਰਮਾਗੇਡਨ ਦੇ ਯੁੱਧ ਵਿੱਚੋਂ ਬਚ ਨਿਕਲਣਗੇ। ਇਸ ਵਿਚ ਉਹ ਬੱਚੇ ਵੀ ਸ਼ਾਮਲ ਹੋਣਗੇ ਜੋ ਸ਼ਾਇਦ ਨਵੀਂ ਦੁਨੀਆਂ ਵਿਚ ਪੈਦਾ ਹੋਣਗੇ। ਹਜ਼ਾਰ ਸਾਲ ਦੇ ਅਖ਼ੀਰ ਵਿਚ ਧਰਤੀ ʼਤੇ ਰਹਿਣ ਵਾਲੇ ਸਾਰੇ ਲੋਕ ਮੁਕੰਮਲ ਹੋ ਜਾਣਗੇ। ਧਿਆਨ ਦਿਓ ਕਿ ਮੁਕੰਮਲ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ। ਜ਼ਰਾ ਆਦਮ ਤੇ ਹੱਵਾਹ ਬਾਰੇ ਸੋਚੋ। ਉਹ ਦੋਵੇਂ ਮੁਕੰਮਲ ਸਨ। ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਨ੍ਹਾਂ ਨੂੰ ਸਾਬਤ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਦੇ ਆਗਿਆਕਾਰ ਸਨ। ਪਰ ਦੁੱਖ ਦੀ ਗੱਲ ਹੈ ਕਿ ਉਹ ਯਹੋਵਾਹ ਦੇ ਆਗਿਆਕਾਰ ਨਹੀਂ ਰਹੇ ਜਿਸ ਕਰਕੇ ਉਹ ਮੁਕੰਮਲ ਹੋਣ ਦੇ ਬਾਵਜੂਦ ਹਮੇਸ਼ਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠੇ। (ਰੋਮੀ. 5:12) ਇਕ ਹਜ਼ਾਰ ਸਾਲ ਦੇ ਅਖ਼ੀਰ ਵਿਚ ਧਰਤੀ ʼਤੇ ਰਹਿਣ ਵਾਲੇ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ। ਪਰ ਕੀ ਸਾਰੇ ਮੁਕੰਮਲ ਲੋਕ ਯਹੋਵਾਹ ਦੀ ਹਕੂਮਤ ਅਧੀਨ ਹਮੇਸ਼ਾ ਲਈ ਰਹਿਣਗੇ? ਜਾਂ ਫਿਰ ਕੀ ਆਦਮ ਤੇ ਹੱਵਾਹ ਵਾਂਗ ਮੁਕੰਮਲ ਹੋਣ ਦੇ ਬਾਵਜੂਦ ਵੀ ਕੁਝ ਲੋਕ ਯਹੋਵਾਹ ਖ਼ਿਲਾਫ਼ ਬਗਾਵਤ ਕਰਨਗੇ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਅੱਜ ਸਾਡੇ ਲਈ ਬਹੁਤ ਜ਼ਰੂਰੀ ਹਨ। w22.09 22-23 ਪੈਰੇ 12-14

ਵੀਰਵਾਰ 12 ਦਸੰਬਰ

ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ।​—ਪ੍ਰਕਾ. 11:15.

ਅੱਜ ਦੁਨੀਆਂ ਦੇ ਹਾਲਾਤ ਦਿਨ-ਬਦਿਨ ਵਿਗੜਦੇ ਜਾ ਰਹੇ ਹਨ। ਜੇ ਦੇਖਿਆ ਜਾਵੇ, ਤਾਂ ਪਰਿਵਾਰਾਂ ਵਿਚ ਵੀ ਪਿਆਰ ਫਿੱਕਾ ਪੈ ਚੁੱਕਾ ਹੈ। ਅੱਜ ਲੋਕ ਸੁਆਰਥੀ ਹਨ, ਉਨ੍ਹਾਂ ਦਾ ਪਾਰਾ ਛੇਤੀ ਹੀ ਚੜ੍ਹ ਜਾਂਦਾ ਹੈ ਅਤੇ ਉਹ ਇਕ-ਦੂਜੇ ਨੂੰ ਝੱਟ ਹੀ ਮਾਰਨ-ਕੁੱਟਣ ਤੇ ਉਤਾਰੂ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਰੱਖਣ ਵਾਲਿਆਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ। ਇਹ ਸਭ ਕੁਝ ਦੇਖ ਕੇ ਲੱਗਦਾ ਕਿ ਹਾਲਾਤ ਕਦੇ ਨਹੀਂ ਸੁਧਰਨਗੇ। ਪਰ ਇਨ੍ਹਾਂ ਹਾਲਾਤਾਂ ਕਰਕੇ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਵਧਦਾ ਹੈ। ਕਿਉਂ? ਕਿਉਂਕਿ ਅੱਜ ਲੋਕਾਂ ਦਾ ਰਵੱਈਆ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ ‘ਆਖ਼ਰੀ ਦਿਨਾਂ’ ਬਾਰੇ ਕੀਤੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ। (2 ਤਿਮੋ. 3:1-5) ਕੋਈ ਵੀ ਨੇਕਦਿਲ ਇਨਸਾਨ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਅੱਜ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਨਾਲੇ ਇਸ ਭਵਿੱਖਬਾਣੀ ਦੀ ਪੂਰਤੀ ਤੋਂ ਇਹ ਵੀ ਸਬੂਤ ਮਿਲਦਾ ਹੈ ਕਿ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਈਬਲ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਵੀ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਇਹ ਸਾਰੀਆਂ ਭਵਿੱਖਬਾਣੀਆਂ ਇਕ ਵੱਡੀ ਤਸਵੀਰ ਦੇ ਛੋਟੇ-ਛੋਟੇ ਟੁਕੜਿਆਂ ਵਾਂਗ ਹਨ। ਇਨ੍ਹਾਂ ਟੁਕੜਿਆਂ ਨੂੰ ਜੋੜ ਕੇ ਅਸੀਂ ਪੂਰੀ ਤਸਵੀਰ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਵਾਅਦੇ ਮੁਤਾਬਕ ਬਹੁਤ ਜਲਦੀ ਅੰਤ ਆਉਣ ਵਾਲਾ ਹੈ। w22.07 2 ਪੈਰੇ 1-2

ਸ਼ੁੱਕਰਵਾਰ 13 ਦਸੰਬਰ

ਬੁੱਧ ਆਪਣੇ ਕੰਮਾਂ ਤੋਂ ਜ਼ਾਹਰ ਹੁੰਦੀ ਹੈ।​—ਮੱਤੀ 11:19.

ਕੋਵਿਡ-19 ਮਹਾਂਮਾਰੀ ਦੌਰਾਨ ਸਾਨੂੰ ਸਾਫ਼-ਸਾਫ਼ ਹਿਦਾਇਤਾਂ ਮਿਲਦੀਆਂ ਰਹੀਆਂ ਕਿ ਅਸੀਂ ਮੀਟਿੰਗਾਂ ਕਿਵੇਂ ਚਲਾਉਣੀਆਂ ਹਨ ਅਤੇ ਪ੍ਰਚਾਰ ਦਾ ਕੰਮ ਕਿਵੇਂ ਕਰਨਾ ਹੈ। ਇਸ ਦੌਰਾਨ ਅਸੀਂ ਬਹੁਤ ਜਲਦ ਇੰਟਰਨੈੱਟ ਰਾਹੀਂ ਮੀਟਿੰਗਾਂ, ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ। ਅਸੀਂ ਚਿੱਠੀਆਂ ਲਿਖ ਕੇ ਅਤੇ ਫ਼ੋਨ ਰਾਹੀਂ ਗਵਾਹੀ ਦੇਣੀ ਵੀ ਸ਼ੁਰੂ ਕਰ ਦਿੱਤੀ। ਯਹੋਵਾਹ ਨੇ ਸਾਡੇ ਇਸ ਕੰਮ ʼਤੇ ਬਰਕਤ ਪਾਈ। ਬਹੁਤ ਸਾਰੇ ਬ੍ਰਾਂਚ ਆਫ਼ਿਸਾਂ ਨੇ ਰਿਪੋਰਟਾਂ ਭੇਜੀਆਂ ਕਿ ਇਸ ਦੌਰਾਨ ਪ੍ਰਚਾਰਕਾਂ ਦੀ ਗਿਣਤੀ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ। ਨਾਲੇ ਉਸ ਸਮੇਂ ਦੌਰਾਨ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਦਿਆਂ ਬਹੁਤ ਵਧੀਆ ਤਜਰਬੇ ਹੋਏ! ਮਹਾਂਮਾਰੀ ਦੌਰਾਨ ਸ਼ਾਇਦ ਕਈਆਂ ਨੂੰ ਲੱਗਾ ਹੋਵੇ ਕਿ ਸਾਡਾ ਸੰਗਠਨ ਹੱਦੋਂ ਵੱਧ ਸਾਵਧਾਨੀ ਵਰਤ ਰਿਹਾ ਸੀ। ਪਰ ਹਰ ਵਾਰ ਇਹ ਗੱਲ ਸਾਬਤ ਹੋਈ ਕਿ ਸਾਡੇ ਸੰਗਠਨ ਵੱਲੋਂ ਮਿਲੀਆਂ ਹਿਦਾਇਤਾਂ ਬਿਲਕੁਲ ਸਹੀ ਅਤੇ ਸਾਡੇ ਫ਼ਾਇਦੇ ਲਈ ਸਨ। ਨਾਲੇ ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਆਪਣੇ ਲੋਕਾਂ ਦੀ ਕਿੰਨੇ ਪਿਆਰ ਨਾਲ ਅਗਵਾਈ ਕਰਦਾ ਹੈ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਕੱਲ੍ਹ ਚਾਹੇ ਜੋ ਮਰਜ਼ੀ ਹੋ ਜਾਵੇ, ਯਹੋਵਾਹ ਅਤੇ ਉਸ ਦਾ ਪਿਆਰਾ ਪੁੱਤਰ ਸਾਡਾ ਸਾਥ ਕਦੇ ਨਹੀਂ ਛੱਡਣਗੇ।​—ਇਬ. 13:5, 6. w22.07 13 ਪੈਰੇ 15-16

ਸ਼ਨੀਵਾਰ 14 ਦਸੰਬਰ

ਲਗਾਤਾਰ ਪ੍ਰਾਰਥਨਾ ਕਰਦੇ ਰਹੋ। ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ। ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਤੁਹਾਡੇ ਤੋਂ ਇਹੀ ਚਾਹੁੰਦਾ ਹੈ।​—1 ਥੱਸ. 5:17, 18.

ਯਹੋਵਾਹ ਦੀ ਮਹਿਮਾ-ਵਡਿਆਈ ਕਰਨ ਤੋਂ ਇਲਾਵਾ ਸਾਨੂੰ ਉਨ੍ਹਾਂ ਸਾਰੀਆਂ ਸ਼ਾਨਦਾਰ ਚੀਜ਼ਾਂ ਲਈ ਵੀ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਉਸ ਨੇ ਸਾਨੂੰ ਦਿੱਤੀਆਂ ਹਨ। ਉਦਾਹਰਣ ਲਈ, ਅਸੀਂ ਸੋਹਣੇ-ਸੋਹਣੇ ਰੰਗ-ਬਰੰਗੇ ਫੁੱਲਾਂ ਲਈ ਅਤੇ ਅਲੱਗ-ਅਲੱਗ ਸੁਆਦਲੇ ਖਾਣੇ ਲਈ ਉਸ ਦਾ ਸ਼ੁਕਰੀਆ ਕਰ ਸਕਦੇ ਹਾਂ। ਅਸੀਂ ਉਨ੍ਹਾਂ ਦੋਸਤਾਂ ਲਈ ਵੀ ਉਸ ਦਾ ਸ਼ੁਕਰੀਆ ਕਰ ਸਕਦੇ ਹਾਂ ਜਿਨ੍ਹਾਂ ਦੇ ਸਾਥ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਸਾਡੇ ਪਿਆਰੇ ਪਿਤਾ ਨੇ ਇਨ੍ਹਾਂ ਦੇ ਨਾਲ-ਨਾਲ ਸਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ ਤਾਂਕਿ ਅਸੀਂ ਖ਼ੁਸ਼ ਰਹਿ ਸਕੀਏ। (ਜ਼ਬੂ. 104:12-15, 24) ਸਾਨੂੰ ਸਭ ਤੋਂ ਜ਼ਿਆਦਾ ਇਸ ਗੱਲ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਬਾਰੇ ਢੇਰ ਸਾਰਾ ਗਿਆਨ ਦਿੱਤਾ ਹੈ ਅਤੇ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਦਿੱਤੀ ਹੈ। ਯਹੋਵਾਹ ਸਾਡੇ ਲਈ ਬਹੁਤ ਕੁਝ ਕਰਦਾ ਹੈ। ਪਰ ਕਈ ਵਾਰ ਸ਼ਾਇਦ ਅਸੀਂ ਉਸ ਦਾ ਸ਼ੁਕਰੀਆ ਅਦਾ ਕਰਨਾ ਭੁੱਲ ਜਾਈਏ। ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਲਿਖ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੈ ਅਤੇ ਫਿਰ ਸਮੇਂ-ਸਮੇਂ ʼਤੇ ਦੇਖ ਸਕਦੇ ਹੋ ਕਿ ਉਸ ਨੇ ਤੁਹਾਡੀਆਂ ਇਨ੍ਹਾਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੱਤਾ। ਫਿਰ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਦਾ ਸ਼ੁਕਰੀਆ ਅਦਾ ਕਰ ਸਕਦੇ ਹੋ।​—ਕੁਲੁ. 3:15. w22.07 22 ਪੈਰੇ 8-9

ਐਤਵਾਰ 15 ਦਸੰਬਰ

ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।​—ਜ਼ਬੂ. 1:2.

ਇਹ ਗੱਲ ਸੱਚ ਹੈ ਕਿ ਸਾਨੂੰ ਸਿਰਫ਼ ਸੱਚਾਈ ਦਾ ਅਧਿਐਨ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਸਾਨੂੰ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਵੀ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੀ ਅਸੀਂ ਸਹੀ ਮਾਅਨੇ ਵਿਚ ਸੱਚਾਈ ਵਿਚ ਖ਼ੁਸ਼ ਰਹਿ ਸਕਾਂਗੇ। (ਯਾਕੂ. 1:25) ਪਰ ਸਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਅਸੀਂ ਸੱਚਾਈ ਮੁਤਾਬਕ ਜੀ ਰਹੇ ਹਾਂ ਜਾਂ ਨਹੀਂ? ਇਕ ਭਰਾ ਨੇ ਕਿਹਾ ਕਿ ਸਾਨੂੰ ਖ਼ੁਦ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਕਿਹੜੀਆਂ ਗੱਲਾਂ ਵਿਚ ਵਧੀਆ ਕਰ ਰਹੇ ਹਾਂ ਅਤੇ ਕਿਹੜੀਆਂ ਗੱਲਾਂ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਇਸ ਬਾਰੇ ਪੌਲੁਸ ਰਸੂਲ ਨੇ ਕਿਹਾ: “ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।” (ਫ਼ਿਲਿ. 3:16) ਜ਼ਰਾ ਸੋਚੋ ਕਿ ਜਦੋਂ ਅਸੀਂ ‘ਸੱਚਾਈ ਦੇ ਰਾਹ ਉੱਤੇ ਚੱਲਣ’ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ। ਇਸ ਨਾਲ ਨਾ ਸਿਰਫ਼ ਸਾਡੀ ਜ਼ਿੰਦਗੀ ਬਿਹਤਰ ਬਣਦੀ ਹੈ, ਸਗੋਂ ਅਸੀਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਵੀ ਖ਼ੁਸ਼ ਕਰ ਪਾਉਂਦੇ ਹਾਂ। (ਕਹਾ. 27:11; 3 ਯੂਹੰ. 4) ਵਾਕਈ, ਸਾਡੇ ਕੋਲ ਸੱਚਾਈ ਨੂੰ ਅਨਮੋਲ ਸਮਝਣ ਅਤੇ ਇਸ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਦੇ ਕਿੰਨੇ ਵਧੀਆ ਕਾਰਨ ਹਨ! w22.08 18-19 ਪੈਰੇ 16-18

ਸੋਮਵਾਰ 16 ਦਸੰਬਰ

ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ।​—1 ਪਤ. 5:2.

ਬਜ਼ੁਰਗ ਕਿਵੇਂ ਦਿਖਾ ਸਕਦੇ ਹਨ ਕਿ ਉਹ ਯਹੋਵਾਹ ਤੇ ਯਿਸੂ ਨੂੰ ਪਿਆਰ ਕਰਦੇ ਹਨ? ਇਸ ਤਰ੍ਹਾਂ ਕਰਨ ਦਾ ਇਕ ਅਹਿਮ ਤਰੀਕਾ ਹੈ, ਯਿਸੂ ਦੀਆਂ ਭੇਡਾਂ ਦੀ ਦੇਖ-ਭਾਲ ਕਰਨੀ। (1 ਪਤ. 5:1, 2) ਯਿਸੂ ਨੇ ਇਹ ਗੱਲ ਪਤਰਸ ਰਸੂਲ ਨੂੰ ਚੰਗੀ ਤਰ੍ਹਾਂ ਸਮਝਾਈ। ਯਿਸੂ ਦਾ ਤਿੰਨ ਵਾਰ ਇਨਕਾਰ ਕਰਨ ਤੋਂ ਬਾਅਦ ਪਤਰਸ ਬਹੁਤ ਦੁਖੀ ਹੋਇਆ ਅਤੇ ਉਹ ਕਿਸੇ-ਨਾ-ਕਿਸੇ ਤਰੀਕੇ ਨਾਲ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦਾ ਸੀ। ਜਦੋਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਤਾਂ ਉਸ ਨੇ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਪਤਰਸ ਆਪਣੇ ਗੁਰੂ ਲਈ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਕੁਝ ਵੀ ਕਰਨ ਲਈ ਤਿਆਰ ਹੋਣਾ। ਯਿਸੂ ਨੇ ਪਤਰਸ ਨੂੰ ਕਿਹਾ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।” (ਯੂਹੰ. 21:15-17) ਇਸ ਲਈ ਉਸ ਨੇ ਹਮੇਸ਼ਾ ਪ੍ਰਭੂ ਦੀਆਂ ਭੇਡਾਂ ਦੀ ਪਿਆਰ ਨਾਲ ਦੇਖ-ਭਾਲ ਕੀਤੀ। ਇਸ ਤਰ੍ਹਾਂ ਪਤਰਸ ਨੇ ਪੂਰੀ ਜ਼ਿੰਦਗੀ ਯਿਸੂ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ। ਬਜ਼ੁਰਗੋ, ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਪਤਰਸ ਨੂੰ ਕਹੇ ਯਿਸੂ ਦੇ ਸ਼ਬਦ ਤੁਹਾਡੇ ਲਈ ਵੀ ਅਹਿਮੀਅਤ ਰੱਖਦੇ ਹਨ? ਜਦੋਂ ਤੁਸੀਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਬਾਕਾਇਦਾ ਮਿਲਦੇ ਹੋ ਅਤੇ ਖ਼ਾਸ ਕਰਕੇ ਪ੍ਰਚਾਰ ਕਰਨਾ ਛੱਡ ਚੁੱਕੇ ਮਸੀਹੀਆਂ ਦੀ ਯਹੋਵਾਹ ਕੋਲ ਮੁੜ ਆਉਣ ਵਿਚ ਮਦਦ ਕਰਦੇ ਹੋ, ਤਾਂ ਤੁਸੀਂ ਯਹੋਵਾਹ ਅਤੇ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹੋ।​—ਹਿਜ਼. 34:11, 12. w23.01 29 ਪੈਰੇ 10-11

ਮੰਗਲਵਾਰ 17 ਦਸੰਬਰ

ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।​—1 ਕੁਰਿੰ. 10:13.

ਕਦੀ ਵੀ ਇਹ ਨਾ ਸੋਚੋ ਕਿ ਕੋਈ ਵੀ ਨਹੀਂ ਸਮਝ ਸਕਦਾ ਕਿ ਤੁਸੀਂ ਕਿਹੜੀ ਕਮੀ-ਕਮਜ਼ੋਰੀ ਨਾਲ ਲੜ ਰਹੇ ਹੋ। ਅਜਿਹੀ ਸੋਚ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਕਰਕੇ ਤੁਸੀਂ ਨਿਰਾਸ਼ ਹੋ ਸਕਦੇ ਹੋ ਅਤੇ ਗ਼ਲਤ ਇੱਛਾਵਾਂ ਨਾਲ ਲੜਨ ਵਿਚ ਹਾਰ ਮੰਨ ਸਕਦੇ ਹੋ। ਪਰ ਬਾਈਬਲ ਕਹਿੰਦੀ ਹੈ: “ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।” ਜਦੋਂ ਗ਼ਲਤ ਇੱਛਾਵਾਂ ਸਾਡੇ ʼਤੇ ਹਾਵੀ ਹੋਣ ਲੱਗਣ, ਤਾਂ ਅਸੀਂ ਯਹੋਵਾਹ ਦੀ ਮਦਦ ਨਾਲ ਉਨ੍ਹਾਂ ʼਤੇ ਕਾਬੂ ਪਾ ਸਕਦੇ ਹਾਂ ਅਤੇ ਗ਼ਲਤ ਕਦਮ ਚੁੱਕਣ ਤੋਂ ਬਚ ਸਕਦੇ ਹਾਂ। ਹਮੇਸ਼ਾ ਯਾਦ ਰੱਖੋ: ਨਾਮੁਕੰਮਲ ਹੋਣ ਕਰਕੇ ਸ਼ਾਇਦ ਤੁਸੀਂ ਗ਼ਲਤ ਇੱਛਾਵਾਂ ਨੂੰ ਆਪਣੇ ਮਨ ਵਿਚ ਆਉਣ ਤੋਂ ਪੂਰੀ ਤਰ੍ਹਾਂ ਰੋਕ ਨਹੀਂ ਸਕਦੇ। ਪਰ ਜਦੋਂ ਵੀ ਤੁਹਾਡੇ ਮਨ ਵਿਚ ਕੋਈ ਗ਼ਲਤ ਇੱਛਾ ਆਵੇ, ਤਾਂ ਤੁਸੀਂ ਤੁਰੰਤ ਉਸ ਨੂੰ ਆਪਣੇ ਮਨ ਵਿੱਚੋਂ ਕੱਢ ਸਕਦੇ ਹੋ। ਯੂਸੁਫ਼ ਨੇ ਵੀ ਇੱਦਾਂ ਹੀ ਕੀਤਾ ਸੀ। ਉਹ ਪੋਟੀਫ਼ਰ ਦੀ ਤੀਵੀਂ ਕੋਲੋਂ ਫਟਾਫਟ ਭੱਜ ਗਿਆ। (ਉਤ. 39:12) ਗ਼ਲਤ ਇੱਛਾ ਦੇ ਬਹਿਕਾਵੇ ਵਿਚ ਆ ਕੇ ਕਦੇ ਵੀ ਕੋਈ ਗ਼ਲਤ ਕੰਮ ਨਾ ਕਰੋ! w23.01 12-13 ਪੈਰੇ 16-17

ਬੁੱਧਵਾਰ 18 ਦਸੰਬਰ

ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।​—ਰੋਮੀ. 2:11.

ਨਿਆਂ ਯਹੋਵਾਹ ਦਾ ਗੁਣ ਹੈ। (ਬਿਵ. 32:4) ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ, ਇਸ ਲਈ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। (ਰਸੂ. 10:34, 35) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਉਸ ਨੇ ਬਾਈਬਲ ਨੂੰ ਜਿਨ੍ਹਾਂ ਭਾਸ਼ਾਵਾਂ ਵਿਚ ਲਿਖਵਾਇਆ, ਉਸ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਅੰਤ ਦੇ ਸਮੇਂ ਤਕ ਬਾਈਬਲ ਵਿਚ ਦਰਜ “ਸੱਚਾ ਗਿਆਨ ਬਹੁਤ ਵਧ ਜਾਵੇਗਾ।” ਅੱਜ ਬਿਲਕੁਲ ਇਸੇ ਤਰ੍ਹਾਂ ਹੀ ਹੋ ਰਿਹਾ ਹੈ। (ਦਾਨੀ. 12:4) ਉਹ ਕਿਵੇਂ? ਅੱਜ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ, ਛਾਪਿਆ ਜਾ ਰਿਹਾ ਹੈ ਅਤੇ ਵੰਡਿਆ ਜਾ ਰਿਹਾ ਹੈ। ਯਹੋਵਾਹ ਦੇ ਲੋਕਾਂ ਨੇ ਬਾਈਬਲ ਦੇ ਕੁਝ ਹਿੱਸੇ ਜਾਂ ਪੂਰੀ ਬਾਈਬਲ ਨੂੰ 240 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ। ਕੋਈ ਵੀ ਇਸ ਨੂੰ ਮੁਫ਼ਤ ਵਿਚ ਲੈ ਸਕਦਾ ਹੈ। ਇਸ ਕਰਕੇ ਅੰਤ ਆਉਣ ਤੋਂ ਪਹਿਲਾਂ ਸਾਰੀਆਂ ਕੌਮਾਂ ਦੇ ਲੋਕ ‘ਰਾਜ ਦੀ ਖ਼ੁਸ਼ ਖ਼ਬਰੀ’ ਬਾਰੇ ਸਿੱਖ ਰਹੇ ਹਨ। (ਮੱਤੀ 24:14) ਸਾਡਾ ਨਿਆਂ-ਪਸੰਦ ਪਰਮੇਸ਼ੁਰ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਸ ਦੇ ਬਚਨ ਨੂੰ ਪੜ੍ਹ ਕੇ ਉਸ ਬਾਰੇ ਸਿੱਖਣ ਦਾ ਮੌਕਾ ਮਿਲੇ। ਇਹ ਇਸ ਲਈ ਕਿ ਉਹ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ। w23.02 5 ਪੈਰੇ 11-12

ਵੀਰਵਾਰ 19 ਦਸੰਬਰ

ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।​—ਰੋਮੀ. 12:2.

ਕੀ ਤੁਹਾਨੂੰ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣਾ ਚੰਗਾ ਲੱਗਦਾ ਹੈ? ਬਿਨਾਂ ਸ਼ੱਕ, ਜ਼ਰੂਰ ਲੱਗਦਾ ਹੋਣਾ। ਪਰ ਅਸੀਂ ਸਾਰੇ ਨਾਮੁਕੰਮਲ ਹਾਂ। ਇਸ ਕਰਕੇ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਾਡੇ ʼਤੇ ਦੁਨੀਆਂ ਦੀ ਸੋਚ ਦਾ ਅਸਰ ਪੈ ਸਕਦਾ ਹੈ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਬਾਰੇ ਸਾਡਾ ਨਜ਼ਰੀਆ ਬਦਲ ਸਕਦਾ ਹੈ। (ਯਸਾ. 5:20) ਬਹੁਤ ਸਾਰੇ ਲੋਕ ਸੋਚਦੇ ਹਨ ਕਿ ਧਰਮੀ ਲੋਕ ਘਮੰਡੀ ਹੁੰਦੇ ਹਨ, ਦੂਜਿਆਂ ਵਿਚ ਨੁਕਸ ਕੱਢਦੇ ਹਨ ਅਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਚੰਗਾ ਸਮਝਦੇ ਹਨ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਅਜਿਹੇ ਲੋਕ ਧਰਮੀ ਨਹੀਂ ਹਨ। ਜਦੋਂ ਯਿਸੂ ਧਰਤੀ ʼਤੇ ਆਇਆ ਸੀ, ਤਾਂ ਉਸ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਝਿੜਕਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਵੱਲੋਂ ਹੀ ਧਾਰਮਿਕ ਮਿਆਰ ਬਣਾਏ ਹੋਏ ਸਨ। (ਉਪ. 7:16; ਲੂਕਾ 16:15) ਧਰਮੀ ਇਨਸਾਨ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਚੰਗਾ ਨਹੀਂ ਸਮਝਦਾ। ਧਾਰਮਿਕਤਾ ਇਕ ਬਹੁਤ ਵਧੀਆ ਗੁਣ ਹੈ। ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਧਾਰਮਿਕਤਾ ਦਾ ਮਤਲਬ ਹੈ, ਉਹ ਕੰਮ ਕਰਨੇ ਜੋ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਬਾਈਬਲ ਵਿਚ “ਧਾਰਮਿਕਤਾ” ਵਾਸਤੇ ਵੱਖੋ-ਵੱਖਰੇ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਕ ਇਨਸਾਨ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਕਿਵੇਂ ਜੀ ਸਕਦਾ ਹੈ। w22.08 27 ਪੈਰੇ 3-5

ਸ਼ੁੱਕਰਵਾਰ 20 ਦਸੰਬਰ

ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ।​—ਯੂਹੰ. 15:15.

ਚਾਹੇ ਚੇਲਿਆਂ ਨੇ ਕਈ ਵਾਰ ਗ਼ਲਤੀਆਂ ਕੀਤੀਆਂ, ਫਿਰ ਵੀ ਯਿਸੂ ਨੇ ਉਨ੍ਹਾਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। (ਯੂਹੰ. 15:16) ਇਕ ਵਾਰ ਜਦੋਂ ਯਾਕੂਬ ਅਤੇ ਯੂਹੰਨਾ ਨੇ ਯਿਸੂ ਕੋਲੋਂ ਉਸ ਦੇ ਰਾਜ ਵਿਚ ਖ਼ਾਸ ਅਧਿਕਾਰ ਮੰਗਿਆ, ਤਾਂ ਯਿਸੂ ਨੇ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਨਹੀਂ ਕੀਤਾ ਕਿ ਉਹ ਯਹੋਵਾਹ ਦੀ ਸੇਵਾ ਦਿਲੋਂ ਕਰਦੇ ਸਨ ਜਾਂ ਨਹੀਂ। ਉਸ ਨੇ ਉਨ੍ਹਾਂ ਨੂੰ ਰਸੂਲਾਂ ਵਜੋਂ ਰੱਦ ਨਹੀਂ ਕੀਤਾ। (ਮਰ. 10:35-40) ਬਾਅਦ ਵਿਚ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਉਸ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ। (ਮੱਤੀ 26:56) ਫਿਰ ਵੀ ਯਿਸੂ ਉਨ੍ਹਾਂ ʼਤੇ ਭਰੋਸਾ ਕਰਦਾ ਰਿਹਾ। ਉਹ ਆਪਣੇ ਰਸੂਲਾਂ ਦੀਆਂ ਕਮੀਆਂ-ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ, ਫਿਰ ਵੀ ਉਹ ਉਨ੍ਹਾਂ ਨੂੰ “ਮਰਦੇ ਦਮ ਤਕ ਪਿਆਰ ਕਰਦਾ ਰਿਹਾ।” (ਯੂਹੰ. 13:1) ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਯਿਸੂ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ। ਉਸ ਨੇ ਉਨ੍ਹਾਂ ਨੂੰ ਚੇਲੇ ਬਣਾਉਣ ਅਤੇ ਉਸ ਦੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ। (ਮੱਤੀ 28:19, 20; ਯੂਹੰ. 21:15-17) ਉਸ ਨੇ ਇਨ੍ਹਾਂ ਨਾਮੁਕੰਮਲ ਇਨਸਾਨਾਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਉਸ ਦੇ ਰਸੂਲ ਧਰਤੀ ਉੱਤੇ ਆਪਣੇ ਆਖ਼ਰੀ ਸਾਹ ਤਕ ਵਫ਼ਾਦਾਰ ਰਹੇ। ਯਿਸੂ ਨੇ ਨਾਮੁਕੰਮਲ ਇਨਸਾਨਾਂ ʼਤੇ ਭਰੋਸਾ ਕਰਨ ਵਿਚ ਬਹੁਤ ਵਧੀਆ ਮਿਸਾਲ ਰੱਖੀ। w22.09 6 ਪੈਰਾ 12

ਸ਼ਨੀਵਾਰ 21 ਦਸੰਬਰ

ਯਹੋਵਾਹ ਮੇਰੇ ਵੱਲ ਹੈ; ਮੈਂ ਨਹੀਂ ਡਰਾਂਗਾ।​—ਜ਼ਬੂ. 118:6.

ਜਦੋਂ ਸਾਨੂੰ ਇਸ ਗੱਲ ਦਾ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਸਾਡੇ ਵੱਲ ਹੈ, ਤਾਂ ਅਸੀਂ ਸ਼ੈਤਾਨ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ ਜੋ ਉਹ ਸਾਨੂੰ ਡਰਾਉਣ ਲਈ ਪਾਉਂਦਾ ਹੈ। ਉਦਾਹਰਣ ਲਈ, ਜ਼ਬੂਰ 118 ਦੇ ਲਿਖਾਰੀ ਨੂੰ ਬਹੁਤ ਸਾਰੀਆਂ ਔਖੀਆਂ ਘੜੀਆਂ ਵਿੱਚੋਂ ਲੰਘਣਾ ਪਿਆ। ਉਸ ਦੇ ਬਹੁਤ ਸਾਰੇ ਦੁਸ਼ਮਣ ਸਨ ਜਿਨ੍ਹਾਂ ਵਿੱਚੋਂ ਕਈ ਜਣੇ ਉੱਚੀਆਂ ਪਦਵੀਆਂ ʼਤੇ ਸਨ। (ਆਇਤਾਂ 9, 10) ਕਈ ਵਾਰ ਉਹ ਬਹੁਤ ਜ਼ਿਆਦਾ ਤਣਾਅ ਵਿਚ ਹੁੰਦਾ ਸੀ। (ਆਇਤ 13) ਨਾਲੇ ਯਹੋਵਾਹ ਨੇ ਵੀ ਉਸ ਨੂੰ ਸਖ਼ਤ ਅਨੁਸ਼ਾਸਨ ਦਿੱਤਾ। (ਆਇਤ 18) ਫਿਰ ਵੀ ਉਹ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਮੈਂ ਨਹੀਂ ਡਰਾਂਗਾ।” ਉਹ ਜਾਣਦਾ ਸੀ ਕਿ ਚਾਹੇ ਯਹੋਵਾਹ ਨੇ ਉਸ ਨੂੰ ਅਨੁਸ਼ਾਸਨ ਦਿੱਤਾ ਸੀ, ਫਿਰ ਵੀ ਉਸ ਦਾ ਸਵਰਗੀ ਪਿਤਾ ਉਸ ਨੂੰ ਪਿਆਰ ਕਰਦਾ ਸੀ। ਉਸ ਨੂੰ ਪੱਕਾ ਭਰੋਸਾ ਸੀ ਕਿ ਉਹ ਚਾਹੇ ਜਿਹੜੇ ਮਰਜ਼ੀ ਹਾਲਾਤ ਵਿਚ ਹੋਵੇ, ਉਸ ਦਾ ਪਿਆਰਾ ਸਵਰਗੀ ਪਿਤਾ ਹਮੇਸ਼ਾ ਉਸ ਦੀ ਮਦਦ ਕਰੇਗਾ। (ਜ਼ਬੂ. 118:29) ਸਾਨੂੰ ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਨਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਇਸ ਗੱਲ ʼਤੇ ਭਰੋਸਾ ਕਰਨ ਕਰਕੇ ਅਸੀਂ ਆਪਣੇ ਇਨ੍ਹਾਂ ਡਰਾਂ ʼਤੇ ਕਾਬੂ ਪਾ ਸਕਦੇ ਹਾਂ: (1) ਆਪਣੇ ਪਰਿਵਾਰ ਦਾ ਗੁਜ਼ਾਰਾ ਨਾ ਤੋਰ ਸਕਣ ਦੇ ਡਰ ʼਤੇ, (2) ਇਨਸਾਨਾਂ ਦੇ ਡਰ ʼਤੇ ਅਤੇ (3) ਮੌਤ ਦੇ ਡਰ ʼਤੇ। w22.06 15 ਪੈਰੇ 3-4

ਐਤਵਾਰ 22 ਦਸੰਬਰ

ਖ਼ੁਸ਼ ਹੈ ਉਹ ਇਨਸਾਨ ਜਿਹੜਾ ਅਜ਼ਮਾਇਸ਼ਾਂ ਸਹਿੰਦਾ ਰਹਿੰਦਾ ਹੈ ਕਿਉਂਕਿ ਖਰਾ ਸਾਬਤ ਹੋਣ ਤੋਂ ਬਾਅਦ ਉਸ ਨੂੰ ਜ਼ਿੰਦਗੀ ਦਾ ਇਨਾਮ ਮਿਲੇਗਾ।​—ਯਾਕੂ. 1:12.

ਸਾਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ। ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਸਿਰਫ਼ ਤੇ ਸਿਰਫ਼ ਯਹੋਵਾਹ ਹੀ ਸਾਡੀ ਸੱਚੀ ਭਗਤੀ ਦਾ ਹੱਕਦਾਰ ਹੈ। (ਪ੍ਰਕਾ. 4:11; 14:6, 7) ਇਸ ਲਈ ਸਾਡੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਉਸ ਤਰੀਕੇ ਨਾਲ ਹੀ ਕਰੀਏ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ “ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਭਗਤੀ” ਕਰੀਏ। (ਯੂਹੰ. 4:23, 24) ਸਾਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਲੋੜ ਹੈ ਤਾਂਕਿ ਅਸੀਂ ਬਾਈਬਲ ਵਿਚ ਲਿਖੀਆਂ ਸੱਚਾਈਆਂ ਮੁਤਾਬਕ ਹੀ ਉਸ ਦੀ ਭਗਤੀ ਕਰ ਸਕੀਏ। ਅਸੀਂ ਸ਼ਾਇਦ ਕਿਸੇ ਅਜਿਹੇ ਦੇਸ਼ ਵਿਚ ਰਹਿੰਦੇ ਹਾਂ ਜਿੱਥੇ ਸਾਡੇ ਕੰਮ ʼਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਜਾਂ ਕੁਝ ਕੰਮਾਂ ʼਤੇ ਰੋਕ ਲਾਈ ਗਈ ਹੈ। ਉੱਥੇ ਵੀ ਸਾਨੂੰ ਯਹੋਵਾਹ ਦੀ ਭਗਤੀ ਦੇ ਕੰਮਾਂ ਨੂੰ ਪਹਿਲੀ ਥਾਂ ਦਿੰਦੇ ਰਹਿਣਾ ਚਾਹੀਦਾ ਹੈ। ਅੱਜ ਸਾਡੇ 100 ਤੋਂ ਵੀ ਜ਼ਿਆਦਾ ਭੈਣ-ਭਰਾ ਜੇਲ੍ਹਾਂ ਵਿਚ ਬੰਦ ਹਨ, ਉਹ ਵੀ ਸਿਰਫ਼ ਇਸ ਕਰਕੇ ਕਿਉਂਕਿ ਉਹ ਯਹੋਵਾਹ ਦੇ ਗਵਾਹ ਹਨ। ਜੇਲ੍ਹਾਂ ਵਿਚ ਹੋਣ ਦੇ ਬਾਵਜੂਦ ਵੀ ਉਹ ਪ੍ਰਾਰਥਨਾ ਕਰਨ, ਅਧਿਐਨ ਕਰਨ, ਸਾਡੇ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਦੂਜਿਆਂ ਨੂੰ ਦੱਸਣ ਲਈ ਜੋ ਵੀ ਕਰ ਸਕਦੇ ਹਨ, ਉਹ ਖ਼ੁਸ਼ੀ-ਖ਼ੁਸ਼ੀ ਕਰਦੇ ਹਨ। ਜੇ ਸਾਡੇ ʼਤੇ ਵੀ ਜ਼ੁਲਮ ਕੀਤੇ ਜਾਂਦੇ ਹਨ ਜਾਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਅਸੀਂ ਇਹ ਗੱਲ ਯਾਦ ਰੱਖ ਕੇ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਸਾਰਾ ਕੁਝ ਸਹਿਣ ਵਿਚ ਸਾਡੀ ਮਦਦ ਕਰੇਗਾ ਅਤੇ ਸਾਨੂੰ ਇਨਾਮ ਵੀ ਜ਼ਰੂਰ ਦੇਵੇਗਾ।​—1 ਪਤ. 4:14. w22.10 9 ਪੈਰਾ 13

ਸੋਮਵਾਰ 23 ਦਸੰਬਰ

ਬੁੱਧ ਸੁਰੱਖਿਆ ਦਿੰਦੀ ਹੈ।​—ਉਪ. 7:12.

ਕਹਾਉਤਾਂ ਦੀ ਕਿਤਾਬ ਵਿਚ ਯਹੋਵਾਹ ਨੇ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਨੂੰ ਮੰਨ ਕੇ ਜਿੰਨਾ ਪੁਰਾਣੇ ਸਮੇਂ ਵਿਚ ਲੋਕਾਂ ਨੂੰ ਫ਼ਾਇਦਾ ਹੋਇਆ ਸੀ, ਉੱਨਾ ਹੀ ਸਾਨੂੰ ਹੁੰਦਾ ਹੈ। ਆਓ ਅਜਿਹੀਆਂ ਦੋ ਸਲਾਹਾਂ ʼਤੇ ਗੌਰ ਕਰੀਏ। ਪਹਿਲਾ, ਤੁਹਾਡੇ ਕੋਲ ਜੋ ਕੁਝ ਹੈ, ਉਸ ਵਿਚ ਹੀ ਸੰਤੁਸ਼ਟ ਰਹੋ। ਕਹਾਉਤਾਂ 23:4, 5 ਵਿਚ ਇਹ ਸਲਾਹ ਦਿੱਤੀ ਗਈ ਹੈ: ‘ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ। ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।’ ਇਹ ਗੱਲ ਸੱਚ ਹੈ ਕਿ ਪੈਸੇ ਤੇ ਚੀਜ਼ਾਂ ਦੀ ਕੋਈ ਗਾਰੰਟੀ ਨਹੀਂ ਹੈ, ਇਹ ਅੱਜ ਹਨ ਤੇ ਕੱਲ੍ਹ ਨਹੀਂ। ਫਿਰ ਵੀ ਸਾਰੇ ਅਮੀਰ ਅਤੇ ਗ਼ਰੀਬ ਲੋਕਾਂ ʼਤੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦਾ ਜਨੂਨ ਸਵਾਰ ਹੈ। ਇਸ ਕਰਕੇ ਉਹ ਅਜਿਹੇ ਕੰਮ ਕਰ ਬੈਠਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਉਹ ਆਪਣਾ ਇੱਜ਼ਤ-ਮਾਣ, ਆਪਣੇ ਰਿਸ਼ਤੇ-ਨਾਤੇ, ਇੱਥੋਂ ਤਕ ਕਿ ਆਪਣੀ ਸਿਹਤ ਵੀ ਦਾਅ ʼਤੇ ਲਾ ਦਿੰਦੇ ਹਨ। (ਕਹਾ. 28:20; 1 ਤਿਮੋ. 6:9, 10) ਦੂਜਾ, ਸੋਚ-ਸਮਝ ਕੇ ਗੱਲ ਕਰੋ। ਜੇ ਅਸੀਂ ਬੋਲਣ ਲੱਗਿਆਂ ਧਿਆਨ ਨਹੀਂ ਰੱਖਦੇ, ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ। ਕਹਾਉਤਾਂ 12:18: “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ, ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” ਜਦੋਂ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਕਿਸੇ ਨਾਲ ਚੁਗ਼ਲੀਆਂ ਨਹੀਂ ਕਰਦੇ, ਤਾਂ ਅਸੀਂ ਸ਼ਾਂਤੀ ਭਰਿਆ ਮਾਹੌਲ ਬਣਾਈ ਰੱਖਦੇ ਹਾਂ।​—ਕਹਾ. 20:19. w22.10 21 ਪੈਰਾ 14; 22 ਪੈਰੇ 16-17

ਮੰਗਲਵਾਰ 24 ਦਸੰਬਰ

ਇਸ ਪੱਤਰੀ ਨੂੰ ਖਾ ਲੈ ਅਤੇ ਜਾ ਕੇ ਇਜ਼ਰਾਈਲ ਦੇ ਘਰਾਣੇ ਨਾਲ ਗੱਲ ਕਰ।​—ਹਿਜ਼. 3:1.

ਹਿਜ਼ਕੀਏਲ ਨੇ ਪੱਤਰੀ ਵਿਚ ਲਿਖਿਆ ਸੰਦੇਸ਼ ਚੰਗੀ ਤਰ੍ਹਾਂ ਸਮਝਣਾ ਸੀ ਅਤੇ ਇਸ ʼਤੇ ਆਪਣਾ ਭਰੋਸਾ ਪੱਕਾ ਕਰਨਾ ਸੀ ਤਾਂਕਿ ਉਸ ਨੂੰ ਇਸ ਸੰਦੇਸ਼ ਨੂੰ ਸੁਣਾਉਣ ਦੀ ਪ੍ਰੇਰਣਾ ਮਿਲੇ। ਫਿਰ ਇਕ ਹੈਰਾਨ ਕਰਨ ਵਾਲੀ ਗੱਲ ਹੋਈ। ਹਿਜ਼ਕੀਏਲ ਨੂੰ ਇਹ ਪੱਤਰੀ “ਸ਼ਹਿਦ ਵਾਂਗ ਮਿੱਠੀ ਲੱਗੀ।” (ਹਿਜ਼. 3:3) ਕਿਉਂ? ਕਿਉਂਕਿ ਹਿਜ਼ਕੀਏਲ ਲਈ ਯਹੋਵਾਹ ਦਾ ਸੰਦੇਸ਼ ਸੁਣਾਉਣਾ ਬੜੇ ਮਾਣ ਦੀ ਗੱਲ ਸੀ! (ਜ਼ਬੂ. 19:8-11) ਉਹ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਨੂੰ ਆਪਣੇ ਨਬੀ ਵਜੋਂ ਸੇਵਾ ਕਰਨ ਲਈ ਚੁਣਿਆ ਸੀ। ਬਾਅਦ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਮੈਂ ਤੈਨੂੰ ਜੋ ਵੀ ਦੱਸ ਰਿਹਾ ਹਾਂ, ਉਸ ਨੂੰ ਸੁਣ ਅਤੇ ਆਪਣੇ ਦਿਲ ਵਿਚ ਬਿਠਾ।” (ਹਿਜ਼. 3:10) ਇਨ੍ਹਾਂ ਹਿਦਾਇਤਾਂ ਨਾਲ ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ ਕਿ ਉਹ ਪੱਤਰੀ ਵਿਚ ਲਿਖੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਵੇ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰੇ। ਜਦੋਂ ਹਿਜ਼ਕੀਏਲ ਨੇ ਇਸ ਤਰ੍ਹਾਂ ਕੀਤਾ, ਤਾਂ ਉਸ ਦੀ ਨਿਹਚਾ ਹੋਰ ਵੀ ਪੱਕੀ ਹੋਈ। ਹੁਣ ਉਸ ਨੇ ਇਹ ਜ਼ਬਰਦਸਤ ਸੰਦੇਸ਼ ਲੋਕਾਂ ਨੂੰ ਸੁਣਾਉਣਾ ਸੀ। (ਹਿਜ਼. 3:11) ਪਰਮੇਸ਼ੁਰ ਦੇ ਸੰਦੇਸ਼ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾ ਕੇ ਹਿਜ਼ਕੀਏਲ ਹੁਣ ਇਸ ਸੰਦੇਸ਼ ਨੂੰ ਪੂਰੇ ਯਕੀਨ ਨਾਲ ਸੁਣਾਉਣ ਲਈ ਅਤੇ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਸੀ। w22.11 6 ਪੈਰੇ 12-14

ਬੁੱਧਵਾਰ 25 ਦਸੰਬਰ

‘ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਜ਼ਿਆਦਾ ਚੰਗਾ ਹੈ।’​—1 ਸਮੂ. 15:22.

ਜੇ ਸੰਗਠਨ ਵਿਚ ਤਬਦੀਲੀਆਂ ਹੋਣ ਤੇ ਤੁਹਾਡੀ ਵਫ਼ਾਦਾਰੀ ਦੀ ਪਰਖੀ ਹੁੰਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਨੂੰ ਸਵੀਕਾਰ ਕਰੋ। ਜਦੋਂ ਇਜ਼ਰਾਈਲੀ ਉਜਾੜ ਵਿਚ ਸਫ਼ਰ ਕਰਦੇ ਸਨ, ਤਾਂ ਕੁਝ ਕਹਾਥੀ ਸਾਰੇ ਲੋਕਾਂ ਦੇ ਅੱਗੇ-ਅੱਗੇ ਨੇਮ ਦਾ ਸੰਦੂਕ ਲੈ ਕੇ ਜਾਂਦੇ ਸਨ। (ਗਿਣ. 3:29, 31; 10:33; ਯਹੋ. 3:2-4) ਉਨ੍ਹਾਂ ਲਈ ਇਹ ਕਿੰਨਾ ਹੀ ਵੱਡਾ ਸਨਮਾਨ ਸੀ! ਪਰ ਵਾਅਦਾ ਕੀਤੇ ਹੋਏ ਦੇਸ਼ ਵਿਚ ਇਜ਼ਰਾਈਲੀਆਂ ਦੇ ਵੱਸਣ ਤੋਂ ਬਾਅਦ ਨੇਮ ਦੇ ਸੰਦੂਕ ਨੂੰ ਵਾਰ-ਵਾਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਦੀ ਲੋੜ ਨਹੀਂ ਰਹੀ। ਫਿਰ ਕਹਾਥੀਆਂ ਨੂੰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। (1 ਇਤਿ. 6:31-33; 26:1, 24) ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਕਹਾਥੀਆਂ ਨੇ ਕਦੇ ਵੀ ਸ਼ਿਕਾਇਤ ਕੀਤੀ ਹੋਵੇ ਜਾਂ ਇਹ ਮੰਗ ਕੀਤੀ ਹੋਵੇ ਕਿ ਉਨ੍ਹਾਂ ਨੂੰ ਪਹਿਲਾਂ ਵਾਂਗ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਕਹਾਥੀਆਂ ਤੋਂ ਤੁਸੀਂ ਕੀ ਸਿੱਖਦੇ ਹੋ? ਯਹੋਵਾਹ ਦੇ ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਨੂੰ ਪੂਰੇ ਦਿਲੋਂ ਸਵੀਕਾਰ ਕਰੋ, ਫਿਰ ਚਾਹੇ ਤੁਹਾਡੀਆਂ ਜ਼ਿੰਮੇਵਾਰੀਆਂ ਕਿਉਂ ਨਾ ਬਦਲ ਜਾਣ। ਤੁਹਾਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ, ਉਸ ਵਿਚ ਖ਼ੁਸ਼ੀ ਪਾਓ। ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਕਿਸੇ ਜ਼ਿੰਮੇਵਾਰੀ ਕਰ ਕੇ ਅਨਮੋਲ ਨਹੀਂ ਸਮਝਦਾ। ਇਸ ਦੀ ਬਜਾਇ, ਤੁਹਾਡੀ ਜ਼ਿੰਮੇਵਾਰੀ ਨਾਲੋਂ ਤੁਹਾਡੀ ਆਗਿਆਕਾਰੀ ਉਸ ਲਈ ਜ਼ਿਆਦਾ ਮਾਅਨੇ ਰੱਖਦੀ ਹੈ। w22.11 23 ਪੈਰੇ 10-11

ਵੀਰਵਾਰ 26 ਦਸੰਬਰ

ਮੇਰੇ ਜੇਲ੍ਹ ਵਿਚ ਬੇੜੀਆਂ ਨਾਲ ਜਕੜਿਆ ਹੋਣ ਕਰਕੇ ਉਸ ਨੇ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ।​—2 ਤਿਮੋ. 1:16.

ਰੋਮ ਵਿਚ ਹੁੰਦਿਆਂ ਉਨੇਸਿਫੁਰੁਸ ਨੇ ਪੌਲੁਸ ਰਸੂਲ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਫਿਰ ਜਦੋਂ ਪੌਲੁਸ ਉਸ ਨੂੰ ਮਿਲਿਆ, ਤਾਂ ਉਸ ਨੇ ਪੌਲੁਸ ਨੂੰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ। ਪੌਲੁਸ ਦੀ ਮਦਦ ਕਰਨ ਲਈ ਉਸ ਨੇ ਆਪਣੀ ਜਾਨ ਤਕ ਵੀ ਖ਼ਤਰੇ ਵਿਚ ਪਾ ਦਿੱਤੀ। ਉਨੇਸਿਫੁਰੁਸ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਸਾਡੇ ਭਰਾਵਾਂ ʼਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਸਾਨੂੰ ਇਨਸਾਨਾਂ ਦੇ ਡਰ ਕਰਕੇ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਦੇ ਪੱਖ ਵਿਚ ਖੜ੍ਹਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। (ਕਹਾ. 17:17) ਕਿਉਂ? ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਸਾਡੇ ਪਿਆਰ ਅਤੇ ਸਹਾਰੇ ਦੀ ਬਹੁਤ ਲੋੜ ਹੁੰਦੀ ਹੈ। ਜ਼ਰਾ ਸੋਚੋ ਕਿ ਰੂਸ ਦੀਆਂ ਜੇਲ੍ਹਾਂ ਵਿਚ ਬੰਦ ਭੈਣਾਂ-ਭਰਾਵਾਂ ਦੀ ਉੱਥੋਂ ਦੇ ਬਾਕੀ ਭੈਣ-ਭਰਾ ਕਿਵੇਂ ਮਦਦ ਕਰ ਰਹੇ ਹਨ। ਜਦੋਂ ਕੁਝ ਮਸੀਹੀਆਂ ʼਤੇ ਮੁਕੱਦਮਾ ਚਲਾਇਆ ਜਾਂਦਾ ਹੈ, ਤਾਂ ਉੱਥੋਂ ਦੇ ਕਈ ਭੈਣ-ਭਰਾ ਉਨ੍ਹਾਂ ਦਾ ਸਾਥ ਦੇਣ ਲਈ ਅਦਾਲਤਾਂ ਵਿਚ ਆਉਂਦੇ ਹਨ। ਰੂਸ ਦੇ ਭੈਣਾਂ-ਭਰਾਵਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ʼਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਡਰੋ ਨਾ। ਇਸ ਦੀ ਬਜਾਇ, ਉਨ੍ਹਾਂ ਲਈ ਪ੍ਰਾਰਥਨਾ ਕਰੋ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਦੇਖ-ਭਾਲ ਕਰੋ ਅਤੇ ਦੇਖੋ ਕਿ ਤੁਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦਾ ਸਾਥ ਦੇ ਸਕਦੇ ਹੋ।​—ਰਸੂ. 12:5; 2 ਕੁਰਿੰ. 1:10, 11. w22.11 17 ਪੈਰੇ 11-12

ਸ਼ੁੱਕਰਵਾਰ 27 ਦਸੰਬਰ

ਇਨ੍ਹਾਂ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ ਹੈ।​—ਕੁਲੁ. 4:11.

ਜਦੋਂ ਕੋਈ ਆਫ਼ਤ ਆਉਂਦੀ ਹੈ, ਤਾਂ ਬਜ਼ੁਰਗ ਪੱਕਾ ਕਰਦੇ ਹਨ ਕਿ ਸਾਰੇ ਭੈਣ-ਭਰਾ ਸੁਰੱਖਿਅਤ ਹਨ ਅਤੇ ਉਨ੍ਹਾਂ ਕੋਲ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ ਅਤੇ ਰਹਿਣ ਲਈ ਜਗ੍ਹਾ ਹੈ। ਇਸ ਦੇ ਨਾਲ-ਨਾਲ ਉਹ ਬਾਈਬਲ ਵਿੱਚੋਂ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿੰਦੇ ਹਨ ਤੇ ਨਿਰਾਸ਼ ਭੈਣਾਂ-ਭਰਾਵਾਂ ਦਾ ਸਾਥ ਦਿੰਦੇ ਹਨ। (1 ਪਤ. 5:2) ਆਫ਼ਤ ਵਿੱਚੋਂ ਬਚਣ ਵਾਲੇ ਭੈਣਾਂ-ਭਰਾਵਾਂ ਨੂੰ ਮਦਦ ਤੇ ਸਹਾਰੇ ਦੀ ਕਈ ਮਹੀਨਿਆਂ ਤਕ ਲੋੜ ਹੋ ਸਕਦੀ ਹੈ। (ਯੂਹੰ. 21:15) ਭਰਾ ਹੈਰਲਡ ਬ੍ਰਾਂਚ ਕਮੇਟੀ ਦਾ ਮੈਂਬਰ ਹੈ। ਉਹ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹੈ। ਉਹ ਦੱਸਦਾ ਹੈ: “ਭੈਣਾਂ-ਭਰਾਵਾਂ ਨੂੰ ਆਪਣੇ ਗਮ ਵਿੱਚੋਂ ਨਿਕਲਣ ਵਿਚ ਸਮਾਂ ਲੱਗਦਾ ਹੈ। ਕਿਸੇ ਆਫ਼ਤ ਵਿਚ ਸ਼ਾਇਦ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਵੇ ਜਾਂ ਫਿਰ ਉਨ੍ਹਾਂ ਦੀ ਕੋਈ ਖ਼ਾਨਦਾਨੀ ਜਾਂ ਕੀਮਤੀ ਚੀਜ਼ ਚਲੀ ਜਾਵੇ ਜਾਂ ਉਹ ਉਸ ਆਫ਼ਤ ਵਿੱਚੋਂ ਬਹੁਤ ਮੁਸ਼ਕਲ ਨਾਲ ਬਚੇ ਹੋਣ। ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਯਾਦ ਵਾਰ-ਵਾਰ ਆ ਸਕਦੀ ਹੈ। ਇਸ ਕਰਕੇ ਉਨ੍ਹਾਂ ਦਾ ਗਮ ਤਾਜ਼ਾ ਹੋ ਸਕਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਹੈ, ਸਗੋਂ ਇਨਸਾਨ ਹੋਣ ਕਰਕੇ ਇੱਦਾਂ ਹੁੰਦਾ ਹੈ।” ਬਜ਼ੁਰਗ ਦਿਲੋਂ ਇਸ ਸਲਾਹ ਨੂੰ ਲਾਗੂ ਕਰਦੇ ਹਨ ਕਿ “ਰੋਣ ਵਾਲਿਆਂ ਨਾਲ ਰੋਵੋ।”​—ਰੋਮੀ. 12:15. w22.12 22 ਪੈਰਾ 1; 24-25 ਪੈਰੇ 10-11

ਸ਼ਨੀਵਾਰ 28 ਦਸੰਬਰ

ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋ, ਇਸ ਤਰ੍ਹਾਂ ਤੁਸੀਂ ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰੋਗੇ।​—ਗਲਾ. 5:16.

ਜਦੋਂ ਅਸੀਂ ਗ਼ਲਤ ਇੱਛਾਵਾਂ ਨਾਲ ਲੜਨ ਤੇ ਸਹੀ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਖੁੱਲ੍ਹੇ ਦਿਲ ਨਾਲ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਸੀਂ ਉਸ ਦੀ ਪਵਿੱਤਰ ਸ਼ਕਤੀ ਨੂੰ ਆਪਣੇ ʼਤੇ ਅਸਰ ਕਰਨ ਦਿੰਦੇ ਹਾਂ। ਮੀਟਿੰਗਾਂ ਵਿਚ ਜਾ ਕੇ ਵੀ ਸਾਨੂੰ ਉਸ ਦੀ ਪਵਿੱਤਰ ਸ਼ਕਤੀ ਮਿਲਦੀ ਹੈ। ਮੀਟਿੰਗਾਂ ਵਿਚ ਅਸੀਂ ਅਜਿਹੇ ਭੈਣਾਂ-ਭਰਾਵਾਂ ਨੂੰ ਮਿਲਦੇ ਹਾਂ ਜੋ ਸਾਡੇ ਵਾਂਗ ਸਹੀ ਕੰਮ ਕਰਨ ਲਈ ਜਦੋਂ-ਜਹਿਦ ਕਰ ਰਹੇ ਹੁੰਦੇ ਹਨ। ਨਾਲੇ ਇਨ੍ਹਾਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਨੂੰ ਹੱਲਾਸ਼ੇਰੀ ਮਿਲਦੀ ਹੈ। (ਇਬ. 10:24, 25; 13:7) ਇਸ ਤੋਂ ਇਲਾਵਾ, ਜਦੋਂ ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾਉਣ ਲਈ ਉਸ ਅੱਗੇ ਤਰਲੇ ਕਰਦੇ ਹਾਂ, ਤਾਂ ਉਹ ਸਾਨੂੰ ਇਨ੍ਹਾਂ ਨਾਲ ਲੜਦੇ ਰਹਿਣ ਲਈ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਹ ਸਭ ਕੁਝ ਕਰਨ ਨਾਲ ਸਾਡੀਆਂ ਗ਼ਲਤ ਇੱਛਾਵਾਂ ਖ਼ਤਮ ਤਾਂ ਨਹੀਂ ਹੁੰਦੀਆਂ, ਪਰ ਇਨ੍ਹਾਂ ਵਿਚ ਲੱਗੇ ਰਹਿਣ ਨਾਲ ਸਾਡੇ ʼਤੇ ਇਹ ਇੱਛਾਵਾਂ ਹਾਵੀ ਨਹੀਂ ਹੁੰਦੀਆਂ। ਨਾਲੇ ਅਸੀਂ ਗ਼ਲਤ ਕੰਮ ਕਰਨ ਤੋਂ ਖ਼ੁਦ ਨੂੰ ਰੋਕ ਪਾਉਂਦੇ ਹਾਂ। ਜਿਨ੍ਹਾਂ ਕੰਮਾਂ ਕਰਕੇ ਸਾਡਾ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਦਾ ਹੈ, ਸਾਨੂੰ ਲਗਾਤਾਰ ਉਹ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਚੰਗੀਆਂ ਇੱਛਾਵਾਂ ਆਪਣੇ ਅੰਦਰ ਪੈਦਾ ਕਰਦੇ ਰਹਿਣਾ ਚਾਹੀਦਾ ਹੈ। w23.01 11 ਪੈਰੇ 13-14

ਐਤਵਾਰ 29 ਦਸੰਬਰ

ਮੈਂ ਕਿਸੇ ਵੀ ਚੀਜ਼ ਦਾ ਗ਼ੁਲਾਮ ਨਹੀਂ ਬਣਾਂਗਾ।​—1 ਕੁਰਿੰ. 6:12.

ਬਾਈਬਲ ਕੋਈ ਸਿਹਤ-ਸੰਭਾਲ ਜਾਂ ਚੰਗੇ ਖਾਣ-ਪੀਣ ਬਾਰੇ ਦੱਸਣ ਵਾਲੀ ਕਿਤਾਬ ਨਹੀਂ ਹੈ। ਪਰ ਇਹ ਸਾਨੂੰ ਇਨ੍ਹਾਂ ਗੱਲਾਂ ਬਾਰੇ ਯਹੋਵਾਹ ਦੀ ਸੋਚ ਜ਼ਰੂਰ ਦੱਸਦੀ ਹੈ। ਉਦਾਹਰਣ ਲਈ, ਯਹੋਵਾਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ “ਨੁਕਸਾਨਦੇਹ ਕੰਮਾਂ ਤੋਂ” ਦੂਰ ਰਹੀਏ ਜਿਨ੍ਹਾਂ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। (ਉਪ. 11:10) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਬਹੁਤ ਜ਼ਿਆਦਾ ਸ਼ਰਾਬ ਨਾ ਪੀਈਏ ਅਤੇ ਨਾ ਹੀ ਹੱਦੋਂ ਵੱਧ ਖਾਈਏ। ਕਿਉਂਕਿ ਇਨ੍ਹਾਂ ਆਦਤਾਂ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ, ਇੱਥੋਂ ਤਕ ਕਿ ਸਾਡੀ ਜਾਨ ਵੀ ਜਾ ਸਕਦੀ ਹੈ। (ਕਹਾ. 23:20) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਹ ਫ਼ੈਸਲਾ ਲੈਂਦੇ ਵੇਲੇ ਸੰਜਮ ਤੋਂ ਕੰਮ ਲਈਏ ਕਿ ਅਸੀਂ ਕੀ ਖਾਣਾ-ਪੀਣਾ ਹੈ ਤੇ ਕਿੰਨਾ ਖਾਣਾ-ਪੀਣਾ ਹੈ। (1 ਕੁਰਿੰ. 9:25) ਜਦੋਂ ਅਸੀਂ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਯਹੋਵਾਹ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਲਈ ਕਦਰ ਦਿਖਾਉਂਦੇ ਹਾਂ। (ਜ਼ਬੂ. 119:99, 100; ਕਹਾ. 2:11) ਉਦਾਹਰਣ ਲਈ, ਖਾਣ-ਪੀਣ ਦੀ ਹੀ ਗੱਲ ਲੈ ਲਓ। ਜੇ ਸਾਨੂੰ ਕੋਈ ਖਾਣਾ ਬਹੁਤ ਪਸੰਦ ਹੈ ਅਤੇ ਸਾਨੂੰ ਪਤਾ ਹੈ ਕਿ ਉਸ ਨੂੰ ਖਾ ਕੇ ਅਸੀਂ ਬੀਮਾਰ ਹੋ ਜਾਂਦੇ ਹਾਂ, ਤਾਂ ਇਹ ਸਮਝਦਾਰੀ ਹੋਵੇਗੀ ਕਿ ਅਸੀਂ ਉਹ ਨਾ ਖਾਈਏ। ਚੰਗੀ ਨੀਂਦ ਲੈ ਕੇ, ਬਾਕਾਇਦਾ ਕਸਰਤ ਕਰ ਕੇ ਅਤੇ ਆਪਣੇ ਆਪ ਨੂੰ ਤੇ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣ ਦੀ ਚੰਗੀ ਆਦਤ ਪਾ ਕੇ ਵੀ ਅਸੀਂ ਸਮਝਦਾਰੀ ਤੋਂ ਕੰਮ ਲੈ ਰਹੇ ਹੁੰਦੇ ਹਾਂ। w23.02 21 ਪੈਰੇ 6-7

ਸੋਮਵਾਰ 30 ਦਸੰਬਰ

ਤੂੰ ਕੀ ਪੜ੍ਹਿਆ ਹੈ?​—ਲੂਕਾ 10:26.

ਬਾਈਬਲ ਪੜ੍ਹਦੇ ਵੇਲੇ ਤੁਸੀਂ ਅਨਮੋਲ ਸੱਚਾਈਆਂ ਕਿਵੇਂ ਲੱਭ ਸਕਦੇ ਹੋ? ਧਿਆਨ ਦਿਓ ਕਿ 2 ਤਿਮੋਥਿਉਸ 3:16, 17 ਵਿਚ ਕੀ ਦੱਸਿਆ ਗਿਆ ਹੈ। “ਪੂਰਾ ਧਰਮ-ਗ੍ਰੰਥ” (1) ਸਿਖਾਉਣ, (2) ਤਾੜਨ, (3) ਸੁਧਾਰਨ ਅਤੇ (4) ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ। ਤੁਹਾਨੂੰ ਇਹ ਚਾਰ ਫ਼ਾਇਦੇ ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਤੋਂ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਇੰਨਾ ਨਹੀਂ ਪੜ੍ਹਦੇ। ਕਿਸੇ ਵੀ ਬਿਰਤਾਂਤ ਨੂੰ ਪੜ੍ਹਦੇ ਵੇਲੇ ਸੋਚੋ ਕਿ ਇਹ ਤੁਹਾਨੂੰ ਯਹੋਵਾਹ, ਉਸ ਦੇ ਮਕਸਦ ਜਾਂ ਉਸ ਦੇ ਅਸੂਲਾਂ ਬਾਰੇ ਕੀ ਸਿਖਾਉਂਦਾ ਹੈ। ਸੋਚੋ ਕਿ ਇਸ ਬਿਰਤਾਂਤ ਤੋਂ ਤੁਹਾਨੂੰ ਕੀ ਤਾੜਨਾ ਮਿਲਦੀ ਹੈ। ਇਸ ਤਰ੍ਹਾਂ ਕਰਨ ਲਈ ਦੇਖੋ ਕਿ ਇਨ੍ਹਾਂ ਆਇਤਾਂ ਦੀ ਮਦਦ ਨਾਲ ਤੁਸੀਂ ਕਿਵੇਂ ਆਪਣੀ ਗ਼ਲਤ ਸੋਚ ਜਾਂ ਰਵੱਈਏ ਦੀ ਜਾਂਚ ਕਰ ਕੇ ਉਸ ਨੂੰ ਛੱਡ ਸਕਦੇ ਹੋ ਅਤੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹੋ। ਇਹ ਵੀ ਦੇਖੋ ਕਿ ਇਸ ਬਿਰਤਾਂਤ ਨੂੰ ਗ਼ਲਤ ਸੋਚ ਨੂੰ ਸੁਧਾਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਪ੍ਰਚਾਰ ਕਰਦੇ ਵੇਲੇ। ਨਾਲੇ ਇਹ ਵੀ ਦੇਖੋ ਕਿ ਇਨ੍ਹਾਂ ਆਇਤਾਂ ਵਿਚ ਕੀ ਅਨੁਸ਼ਾਸਨ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਯਹੋਵਾਹ ਵਾਂਗ ਸੋਚਣਾ ਸਿੱਖ ਸਕਦੇ ਹੋ। ਜਦੋਂ ਤੁਸੀਂ ਇਨ੍ਹਾਂ ਚਾਰ ਫ਼ਾਇਦਿਆਂ ਨੂੰ ਮਨ ਵਿਚ ਰੱਖਦੇ ਹੋ, ਤਾਂ ਤੁਸੀਂ ਬਾਈਬਲ ਪੜ੍ਹਦਿਆਂ ਵੱਧ ਤੋਂ ਵੱਧ ਅਨਮੋਲ ਸੱਚਾਈਆਂ ਲੱਭ ਸਕੋਗੇ। w23.02 11 ਪੈਰਾ 11

ਮੰਗਲਵਾਰ 31 ਦਸੰਬਰ

ਉਸ ਦਾ ਰਾਜ ਕਦੇ ਨਾਸ਼ ਨਹੀਂ ਹੋਵੇਗਾ।​—ਦਾਨੀ. 7:14.

ਦਾਨੀਏਲ ਦੀ ਕਿਤਾਬ ਵਿਚ ਦਰਜ ਇਕ ਹੋਰ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਰਾਜ ਸੱਤ ਸਮੇਂ ਪੂਰੇ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਿਸੂ ਨੇ ਕਦੋਂ ਰਾਜ ਕਰਨਾ ਸ਼ੁਰੂ ਕੀਤਾ? (ਦਾਨੀ. 4:10-17) “ਸੱਤ ਸਮਿਆਂ” ਦਾ ਮਤਲਬ ਹੈ 2,520 ਸਾਲ। ਇਹ ਸਮਾਂ 607 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਜਦੋਂ ਬਾਬਲੀਆਂ ਨੇ ਯਰੂਸ਼ਲਮ ਵਿਚ ਯਹੋਵਾਹ ਦੇ ਸਿੰਘਾਸਣ ਤੋਂ ਆਖ਼ਰੀ ਰਾਜੇ ਨੂੰ ਹਟਾ ਦਿੱਤਾ। ਇਹ ਸਮਾਂ 1914 ਈਸਵੀ ਵਿਚ ਖ਼ਤਮ ਹੋਇਆ ਜਦੋਂ ਯਹੋਵਾਹ ਨੇ ਆਪਣੇ ਰਾਜ ਦੇ ਰਾਜੇ ਵਜੋਂ ਯਿਸੂ ਨੂੰ ਸਿੰਘਾਸਣ ʼਤੇ ਬਿਠਾਇਆ ਜਿਸ ਕੋਲ ਇਸ ʼਤੇ ਬੈਠਣ ਦਾ “ਕਾਨੂੰਨੀ ਹੱਕ” ਹੈ। (ਹਿਜ਼. 21:25-27) ਇਸ ਭਵਿੱਖਬਾਣੀ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਜਦੋਂ ਅਸੀਂ “ਸੱਤ ਸਮਿਆਂ” ਦੀ ਭਵਿੱਖਬਾਣੀ ਬਾਰੇ ਸਮਝ ਹਾਸਲ ਕਰਦੇ ਹਾਂ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਯਹੋਵਾਹ ਆਪਣੇ ਬਾਕੀ ਸਾਰੇ ਵਾਅਦੇ ਵੀ ਸਹੀ ਸਮੇਂ ʼਤੇ ਪੂਰੇ ਕਰੇਗਾ। ਯਹੋਵਾਹ ਨੇ ਪਹਿਲਾਂ ਹੀ ਤੈਅ ਕੀਤਾ ਸੀ ਕਿ ਉਹ ਯਿਸੂ ਨੂੰ ਕਦੋਂ ਆਪਣੇ ਰਾਜ ਦਾ ਰਾਜਾ ਬਣਾਵੇਗਾ ਅਤੇ ਉਸ ਨੇ ਸਹੀ ਸਮੇਂ ʼਤੇ ਇਸ ਤਰ੍ਹਾਂ ਕੀਤਾ ਵੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਬਾਕੀ ਸਾਰੀਆਂ ਭਵਿੱਖਬਾਣੀਆਂ ਵੀ ਬਿਲਕੁਲ ਸਹੀ ਸਮੇਂ ʼਤੇ ਪੂਰੀਆਂ ਕਰੇਗਾ। ਜੀ ਹਾਂ, ਉਹ “ਦੇਰ ਨਾ ਕਰੇਗਾ।”​—ਹੱਬ. 2:3. w22.07 3 ਪੈਰੇ 3-5

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ