ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 136-148
  • ਨਵੰਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੰਬਰ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਸ਼ੁੱਕਰਵਾਰ 1 ਨਵੰਬਰ
  • ਸ਼ਨੀਵਾਰ 2 ਨਵੰਬਰ
  • ਐਤਵਾਰ 3 ਨਵੰਬਰ
  • ਸੋਮਵਾਰ 4 ਨਵੰਬਰ
  • ਮੰਗਲਵਾਰ 5 ਨਵੰਬਰ
  • ਬੁੱਧਵਾਰ 6 ਨਵੰਬਰ
  • ਵੀਰਵਾਰ 7 ਨਵੰਬਰ
  • ਸ਼ੁੱਕਰਵਾਰ 8 ਨਵੰਬਰ
  • ਸ਼ਨੀਵਾਰ 9 ਨਵੰਬਰ
  • ਐਤਵਾਰ 10 ਨਵੰਬਰ
  • ਸੋਮਵਾਰ 11 ਨਵੰਬਰ
  • ਮੰਗਲਵਾਰ 12 ਨਵੰਬਰ
  • ਬੁੱਧਵਾਰ 13 ਨਵੰਬਰ
  • ਵੀਰਵਾਰ 14 ਨਵੰਬਰ
  • ਸ਼ੁੱਕਰਵਾਰ 15 ਨਵੰਬਰ
  • ਸ਼ਨੀਵਾਰ 16 ਨਵੰਬਰ
  • ਐਤਵਾਰ 17 ਨਵੰਬਰ
  • ਸੋਮਵਾਰ 18 ਨਵੰਬਰ
  • ਮੰਗਲਵਾਰ 19 ਨਵੰਬਰ
  • ਬੁੱਧਵਾਰ 20 ਨਵੰਬਰ
  • ਵੀਰਵਾਰ 21 ਨਵੰਬਰ
  • ਸ਼ੁੱਕਰਵਾਰ 22 ਨਵੰਬਰ
  • ਸ਼ਨੀਵਾਰ 23 ਨਵੰਬਰ
  • ਐਤਵਾਰ 24 ਨਵੰਬਰ
  • ਸੋਮਵਾਰ 25 ਨਵੰਬਰ
  • ਮੰਗਲਵਾਰ 26 ਨਵੰਬਰ
  • ਬੁੱਧਵਾਰ 27 ਨਵੰਬਰ
  • ਵੀਰਵਾਰ 28 ਨਵੰਬਰ
  • ਸ਼ੁੱਕਰਵਾਰ 29 ਨਵੰਬਰ
  • ਸ਼ਨੀਵਾਰ 30 ਨਵੰਬਰ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 136-148

ਨਵੰਬਰ

ਸ਼ੁੱਕਰਵਾਰ 1 ਨਵੰਬਰ

ਤੁਹਾਡੇ ਮੂੰਹੋਂ ਇਕ ਵੀ ਬੁਰੀ ਗੱਲ ਨਾ ਨਿਕਲੇ, ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ।​—ਅਫ਼. 4:29.

ਮਸੀਹੀਆਂ ਨੂੰ ਗਾਲ਼ਾਂ ਬਿਲਕੁਲ ਨਹੀਂ ਕੱਢਣੀਆਂ ਚਾਹੀਦੀਆਂ। ਪਰ ਜੇ ਅਸੀਂ ਧਿਆਨ ਨਾ ਦੇਈਏ, ਤਾਂ ਸ਼ਾਇਦ ਅਸੀਂ ਦੂਜਿਆਂ ਬਾਰੇ ਗ਼ਲਤ ਗੱਲਾਂ ਕਰਨ ਲੱਗ ਸਕਦੇ ਹਾਂ। ਉਦਾਹਰਣ ਲਈ, ਸਾਨੂੰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਦੂਜਿਆਂ ਦੇ ਸਭਿਆਚਾਰ, ਦੇਸ਼ ਜਾਂ ਕੌਮ ਬਾਰੇ ਬੁਰੀਆਂ ਗੱਲਾਂ ਨਾ ਕਰੀਏ ਅਤੇ ਨਾ ਹੀ ਉਨ੍ਹਾਂ ਦਾ ਮਜ਼ਾਕ ਉਡਾਈਏ। ਨਾਲੇ ਸਾਨੂੰ ਕਦੇ ਵੀ ਦੂਜਿਆਂ ਦਾ ਦਿਲ ਦੁਖਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਆਪਣੀ ਬੋਲੀ ਰਾਹੀਂ ਦੂਜਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਨੁਕਤਾਚੀਨੀ ਜਾਂ ਸ਼ਿਕਾਇਤ ਕਰਨ ਦੀ ਬਜਾਇ ਦੂਜਿਆਂ ਦੀ ਤਾਰੀਫ਼ ਕਰਨ ਵਿਚ ਪਹਿਲ ਕਰੋ। ਜ਼ਰਾ ਸੋਚੋ ਕਿ ਇਜ਼ਰਾਈਲੀਆਂ ਨੂੰ ਬਹੁਤ ਸਾਰੀਆਂ ਗੱਲਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ, ਪਰ ਉਹ ਅਕਸਰ ਸ਼ਿਕਾਇਤ ਕਰਦੇ ਸਨ। ਜਦੋਂ ਅਸੀਂ ਸ਼ਿਕਾਇਤ ਕਰਦੇ ਹਾਂ, ਤਾਂ ਦੂਸਰੇ ਵੀ ਸਾਨੂੰ ਦੇਖ ਕੇ ਸ਼ਿਕਾਇਤ ਕਰਨ ਲੱਗ ਸਕਦੇ ਹਨ। ਯਾਦ ਕਰੋ, ਜਦੋਂ ਦਸ ਜਾਸੂਸਾਂ ਨੇ ਬੁਰੀ ਖ਼ਬਰ ਲਿਆਂਦੀ, ਤਾਂ ਇਸ ਕਰਕੇ ਬਾਕੀ ‘ਇਜ਼ਰਾਈਲੀ ਵੀ ਮੂਸਾ ਖ਼ਿਲਾਫ਼ ਬੁੜ-ਬੁੜ ਕਰਨ ਲੱਗ’ ਪਏ। (ਗਿਣ. 13:31–14:4) ਇਸ ਤੋਂ ਉਲਟ, ਦੂਜਿਆਂ ਦੀ ਤਾਰੀਫ਼ ਕਰਨ ਨਾਲ ਉਨ੍ਹਾਂ ਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਇਸ ਲਈ ਸਾਨੂੰ ਮੌਕਾ ਮਿਲਣ ʼਤੇ ਦੂਜਿਆਂ ਦੀ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ। w22.04 8 ਪੈਰੇ 16-17

ਸ਼ਨੀਵਾਰ 2 ਨਵੰਬਰ

ਮੈਨੂੰ ਜਨਮ ਤੋਂ ਹੀ ਤੇਰੀ ਛਤਰ-ਛਾਇਆ ਹੇਠ ਕੀਤਾ ਗਿਆ; ਜਦੋਂ ਮੈਂ ਆਪਣੀ ਮਾਂ ਦੀ ਕੁੱਖ ਵਿਚ ਸੀ, ਤੂੰ ਉਦੋਂ ਤੋਂ ਹੀ ਮੇਰਾ ਪਰਮੇਸ਼ੁਰ ਹੈਂ।​—ਜ਼ਬੂ. 22:10.

ਬਾਈਬਲ ਸਮਿਆਂ ਤੋਂ ਯਹੋਵਾਹ ਨੇ ਬਹੁਤ ਸਾਰੇ ਨੌਜਵਾਨਾਂ ਦੀ ਉਸ ਦੇ ਦੋਸਤ ਬਣਨ ਵਿਚ ਮਦਦ ਕੀਤੀ ਹੈ। ਜੇ ਤੁਹਾਡੇ ਬੱਚੇ ਵੀ ਉਸ ਦੇ ਦੋਸਤ ਬਣਨਾ ਚਾਹੁੰਦੇ ਹਨ, ਤਾਂ ਉਹ ਉਨ੍ਹਾਂ ਦੀ ਵੀ ਜ਼ਰੂਰ ਮਦਦ ਕਰੇਗਾ। (1 ਕੁਰਿੰ. 3:6, 7) ਭਾਵੇਂ ਤੁਹਾਡੇ ਬੱਚੇ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਨਹੀਂ ਵੀ ਕਰਦੇ, ਤਾਂ ਵੀ ਉਹ ਉਨ੍ਹਾਂ ਨੂੰ ਪਿਆਰ ਕਰਦਾ ਰਹੇਗਾ। (ਜ਼ਬੂ. 11:4) ਜਦੋਂ ਉਹ ਥੋੜ੍ਹਾ ਜਿਹਾ ਵੀ ਦਿਖਾਉਂਦੇ ਹਨ ਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨ ਲਈ “ਦਿਲੋਂ ਤਿਆਰ” ਹਨ, ਤਾਂ ਉਹ ਉਸੇ ਵੇਲੇ ਉਨ੍ਹਾਂ ਦੀ ਮਦਦ ਕਰੇਗਾ। (ਰਸੂ. 13:48; 2 ਇਤਿ. 16:9) ਉਹ ਸ਼ਾਇਦ ਤੁਹਾਡੀ ਸਹੀ ਸਮੇਂ ਤੇ ਉਹ ਗੱਲ ਕਹਿਣ ਵਿਚ ਮਦਦ ਕਰੇ ਜੋ ਤੁਹਾਡੇ ਬੱਚਿਆਂ ਨੂੰ ਸੁਣਨ ਦੀ ਸਭ ਤੋਂ ਜ਼ਿਆਦਾ ਲੋੜ ਹੈ। (ਕਹਾ. 15:23) ਜਾਂ ਮੰਡਲੀ ਵਿੱਚੋਂ ਕਿਸੇ ਪਰਵਾਹ ਦਿਖਾਉਣ ਵਾਲੇ ਭੈਣ ਜਾਂ ਭਰਾ ਨੂੰ ਉਨ੍ਹਾਂ ਵਿਚ ਖ਼ਾਸ ਦਿਲਚਸਪੀ ਦਿਖਾਉਣ ਲਈ ਉਕਸਾਏ। ਨਾਲੇ ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਣਗੇ, ਉਦੋਂ ਵੀ ਯਹੋਵਾਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਚੇਤੇ ਕਰਾ ਸਕਦਾ ਹੈ ਜੋ ਤੁਸੀਂ ਉਨ੍ਹਾਂ ਨੂੰ ਛੋਟੇ ਹੁੰਦਿਆਂ ਤੋਂ ਸਿਖਾਉਂਦੇ ਹੋ। (ਯੂਹੰ. 14:26) ਇਸ ਲਈ ਜੇ ਤੁਸੀਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹੋਗੇ, ਤਾਂ ਯਹੋਵਾਹ ਤੁਹਾਨੂੰ ਬਰਕਤਾਂ ਦਿੰਦਾ ਰਹੇਗਾ। w22.04 21 ਪੈਰਾ 18

ਐਤਵਾਰ 3 ਨਵੰਬਰ

‘ਅਜਗਰ ਨੂੰ ਬਹੁਤ ਗੁੱਸਾ ਆਇਆ।’​—ਪ੍ਰਕਾ. 12:17.

ਸ਼ੈਤਾਨ ਨੂੰ ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਸ ਲਈ ਸਵਰਗ ਦੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। ਇਸ ਕਰਕੇ ਸ਼ੈਤਾਨ ਨੇ ਅੱਗੇ ਕੀ ਕੀਤਾ? ਉਸ ਨੇ ਧਰਤੀ ʼਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਉੱਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਇਹ ਮਸੀਹੀ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੇ ਰਾਜਦੂਤ ਹਨ ਅਤੇ ਇਨ੍ਹਾਂ ਨੂੰ “ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।” (2 ਕੁਰਿੰ. 5:20; ਅਫ਼. 6:19, 20) 1918 ਵਿਚ ਅਗਵਾਈ ਕਰਨ ਵਾਲੇ ਅੱਠ ਭਰਾਵਾਂ ʼਤੇ ਝੂਠੇ ਦੋਸ਼ ਲਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਇੱਦਾਂ ਲੱਗਾ ਕਿ ਇਸ ਨਾਲ ਚੁਣੇ ਹੋਏ ਮਸੀਹੀਆਂ ਦਾ ਕੰਮ ਬੰਦ ਹੋ ਗਿਆ। (ਪ੍ਰਕਾ. 11:3, 7-11) ਮਾਰਚ 1919 ਵਿਚ ਇਨ੍ਹਾਂ ਸਾਰੇ ਭਰਾਵਾਂ ਨੂੰ ਰਿਹਾ ਕਰ ਦਿੱਤਾ ਗਿਆ। ਬਾਅਦ ਵਿਚ ਇਨ੍ਹਾਂ ਭਰਾਵਾਂ ʼਤੇ ਲਾਏ ਸਾਰੇ ਦੋਸ਼ ਵੀ ਖ਼ਾਰਜ ਹੋ ਗਏ। ਭਰਾਵਾਂ ਨੇ ਰਿਹਾ ਹੋਣ ਤੋਂ ਤੁਰੰਤ ਬਾਅਦ ਜੋਸ਼ ਨਾਲ ਰਾਜ ਦੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਸ਼ੈਤਾਨ ਵੀ ਹੱਥ ʼਤੇ ਹੱਥ ਧਰ ਕੇ ਨਹੀਂ ਬੈਠਾ ਰਿਹਾ। ਉਹ ਉਦੋਂ ਤੋਂ ਪਰਮੇਸ਼ੁਰ ਦੇ ਸਾਰੇ ਲੋਕਾਂ ʼਤੇ ਜ਼ੁਲਮਾਂ ਦਾ “ਦਰਿਆ” ਵਗਾ ਰਿਹਾ ਹੈ। (ਪ੍ਰਕਾ. 12:15) ਇਸ ਕਰਕੇ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਸਾਡੇ ਸਾਰਿਆਂ ਵਾਸਤੇ “ਧੀਰਜ ਅਤੇ ਨਿਹਚਾ ਰੱਖਣੀ ਜ਼ਰੂਰੀ ਹੈ।”​—ਪ੍ਰਕਾ. 13:10. w22.05 5-6 ਪੈਰੇ 14-16

ਸੋਮਵਾਰ 4 ਨਵੰਬਰ

ਮੈਂ ਉਨ੍ਹਾਂ ਦੀ ਗਿਣਤੀ ਸੁਣੀ। ਉਨ੍ਹਾਂ ਦੀ ਗਿਣਤੀ 1,44,000 ਸੀ।​—ਪ੍ਰਕਾ. 7:4.

ਇਕ ਦਰਸ਼ਣ ਵਿਚ ਯੂਹੰਨਾ ਰਸੂਲ ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਵਾਲਿਆਂ ਦੇ ਦੋ ਸਮੂਹ ਦੇਖਦਾ ਹੈ ਜਿਨ੍ਹਾਂ ਨੂੰ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਪਹਿਲੇ ਸਮੂਹ ਵਿਚ 1,44,000 ਲੋਕ ਹਨ। ਉਨ੍ਹਾਂ ਨੂੰ ਧਰਤੀ ਤੋਂ ਸਵਰਗ ਲਿਜਾਇਆ ਗਿਆ ਹੈ ਤਾਂਕਿ ਉਹ ਯਿਸੂ ਨਾਲ ਧਰਤੀ ʼਤੇ ਰਾਜ ਕਰਨ। (ਪ੍ਰਕਾ. 5:9, 10; 14:3, 4) ਦਰਸ਼ਣ ਵਿਚ ਯੂਹੰਨਾ ਦੇਖਦਾ ਹੈ ਕਿ ਇਹ 1,44,000 ਲੋਕ ਸਵਰਗ ਵਿਚ ਯਿਸੂ ਨਾਲ ਸੀਓਨ ਪਹਾੜ ʼਤੇ ਖੜ੍ਹੇ ਹਨ। (ਪ੍ਰਕਾ. 14:1) ਪਹਿਲੀ ਸਦੀ ਤੋਂ ਇਨ੍ਹਾਂ 1,44,000 ਲੋਕਾਂ ਨੂੰ ਚੁਣਨਾ ਸ਼ੁਰੂ ਹੋ ਗਿਆ ਸੀ। (ਲੂਕਾ 12:32; ਰੋਮੀ. 8:17) ਯੂਹੰਨਾ ਨੂੰ ਦੱਸਿਆ ਜਾਂਦਾ ਹੈ ਕਿ ਆਖ਼ਰੀ ਦਿਨਾਂ ਵਿਚ ਧਰਤੀ ਉੱਤੇ ਚੁਣੇ ਹੋਏ ਮਸੀਹੀਆਂ ਵਿੱਚੋਂ ਸਿਰਫ਼ ਕੁਝ ਜਣੇ ਹੀ ਬਚਣਗੇ। (ਪ੍ਰਕਾ. 12:17) ਫਿਰ ਮਹਾਂਕਸ਼ਟ ਦੌਰਾਨ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਉਠਾ ਲਿਆ ਜਾਵੇਗਾ ਤਾਂਕਿ ਉਹ ਪਹਿਲਾਂ ਹੀ ਸਵਰਗ ਜਾ ਚੁੱਕੇ ਚੁਣੇ ਹੋਏ ਮਸੀਹੀਆਂ ਦੇ ਨਾਲ ਹੋਣ। ਉੱਥੇ ਉਹ ਸਾਰੇ 1,44,000 ਜਣੇ ਯਿਸੂ ਨਾਲ ਮਿਲ ਕੇ ਪਰਮੇਸ਼ੁਰ ਦੇ ਰਾਜ ਵਿਚ ਹਕੂਮਤ ਕਰਨਗੇ।​—ਮੱਤੀ 24:31; ਪ੍ਰਕਾ. 5:9, 10. w22.05 16 ਪੈਰੇ 4-5

ਮੰਗਲਵਾਰ 5 ਨਵੰਬਰ

ਮੇਰੇ ਹੁਕਮਾਂ ਵੱਲ ਧਿਆਨ ਦੇਵੇ।​—ਯਸਾ. 48:18.

ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ। ਉਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ: “ਤੁਹਾਡੇ ਤਾਂ ਸਗੋਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।” (ਮੱਤੀ 10:30) ਯਿਸੂ ਦੀ ਇਸ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ, ਖ਼ਾਸ ਤੌਰ ʼਤੇ ਉਦੋਂ ਜਦੋਂ ਅਸੀਂ ਆਪਣੇ ਆਪ ਵਿਚ ਬਹੁਤ ਨਿਕੰਮੇ ਮਹਿਸੂਸ ਕਰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹਾਂ ਅਤੇ ਉਹ ਸਾਡੇ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ। ਜੇ ਯਹੋਵਾਹ ਸਾਨੂੰ ਆਪਣੀ ਭਗਤੀ ਅਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਾਇਕ ਸਮਝਦਾ ਹੈ, ਤਾਂ ਸਾਨੂੰ ਕਦੇ ਵੀ ਇਸ ਗੱਲ ʼਤੇ ਸ਼ੱਕ ਨਹੀਂ ਕਰਨਾ ਚਾਹੀਦਾ। ਲਗਭਗ 15 ਸਾਲ ਪਹਿਲਾਂ ਪਹਿਰਾਬੁਰਜ ਵਿਚ ਸਹੀ ਨਜ਼ਰੀਆ ਰੱਖਣ ਬਾਰੇ ਇਹ ਸਲਾਹ ਦਿੱਤੀ ਗਈ ਸੀ: “ਸਾਨੂੰ ਨਾ ਹੀ ਆਪਣੇ ਆਪ ਨੂੰ ਇੰਨਾ ਉੱਚਾ ਸਮਝ ਕੇ ਘਮੰਡੀ ਬਣਨਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਆਪ ਨੂੰ ਬਿਲਕੁਲ ਨਿਕੰਮਾ ਸਮਝਣਾ ਚਾਹੀਦਾ ਹੈ। ਸਾਨੂੰ ਆਪਣੀਆਂ ਕਾਬਲੀਅਤਾਂ ਅਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਬਾਰੇ ਸਹੀ ਨਜ਼ਰੀਆ ਪੈਦਾ ਕਰਨ ਦੀ ਲੋੜ ਹੈ।” w22.05 24-25 ਪੈਰੇ 14-16

ਬੁੱਧਵਾਰ 6 ਨਵੰਬਰ

‘ਮੈਂ ਫ਼ਰਿਆਦ ਕਰਦਾ ਹਾਂ ਕਿ ਉਨ੍ਹਾਂ ਸਾਰਿਆਂ ਵਿਚ ਏਕਤਾ ਹੋਵੇ।’​—ਯੂਹੰ. 17:20, 21.

ਮੰਡਲੀ ਦੀ ਏਕਤਾ ਨੂੰ ਬਣਾਈ ਰੱਖਣ ਲਈ ਸਾਡੇ ਵਿੱਚੋਂ ਹਰੇਕ ਦੀ ਕੀ ਜ਼ਿੰਮੇਵਾਰੀ ਹੈ? ਸਾਨੂੰ ਸ਼ਾਂਤੀ ਕਾਇਮ ਕਰਨ ਵਾਲੇ ਹੋਣਾ ਚਾਹੀਦਾ ਹੈ। (ਮੱਤੀ 5:9; ਰੋਮੀ. 12:18) ਹਰ ਵਾਰ ਜਦੋਂ ਅਸੀਂ ਮੰਡਲੀ ਦੀ ਸ਼ਾਂਤੀ ਵਧਾਉਣ ਲਈ ਪਹਿਲ ਕਰਦੇ ਹਾਂ, ਤਾਂ ਇਸ ਨਾਲ ਮੰਡਲੀ ਦੀ ਖ਼ੂਬਸੂਰਤੀ ਬਰਕਰਾਰ ਰਹਿੰਦੀ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਨੇ ਹੀ ਮੰਡਲੀ ਦੇ ਹਰੇਕ ਭੈਣ-ਭਰਾ ਨੂੰ ਸ਼ੁੱਧ ਭਗਤੀ ਕਰਨ ਲਈ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਮੰਡਲੀ ਦੇ ਭੈਣ-ਭਰਾ ਯਹੋਵਾਹ ਲਈ ਬਹੁਤ ਅਨਮੋਲ ਹਨ। ਜ਼ਰਾ ਕਲਪਨਾ ਕਰੋ ਕਿ ਜਦੋਂ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! (ਯਸਾ. 26:3; ਹੱਜ. 2:7) ਯਹੋਵਾਹ ਆਪਣੇ ਸੇਵਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ। ਇਨ੍ਹਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਉਸ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਸਕਦੇ ਹਾਂ। ਇਸ ਤਰ੍ਹਾਂ ਅਧਿਐਨ ਅਤੇ ਸੋਚ-ਵਿਚਾਰ ਕਰਨ ਨਾਲ ਸਾਡੇ ਵਿਚ ਮਸੀਹੀ ਗੁਣ ਪੈਦਾ ਹੋਣਗੇ ਜਿਸ ਕਰਕੇ ਅਸੀਂ ਦਿਲੋਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ “ਪਿਆਰ ਅਤੇ ਮੋਹ” ਰੱਖਾਂਗੇ।​—ਰੋਮੀ. 12:10. w22.11 12-13 ਪੈਰੇ 16-18

ਵੀਰਵਾਰ 7 ਨਵੰਬਰ

ਮੈਂ ਉਨ੍ਹਾਂ ਦੀ ਗ਼ਲਤੀ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।​—ਯਿਰ. 31:34.

ਜਦੋਂ ਅਸੀਂ ਇਹ ਗੱਲ ਮੰਨ ਲੈਂਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ, ਤਾਂ ਸਾਡੇ ਲਈ “ਰਾਹਤ ਦੇ ਦਿਨ” ਆਉਂਦੇ ਹਨ। ਨਾਲੇ ਸਾਨੂੰ ਮਨ ਦੀ ਸ਼ਾਂਤੀ ਅਤੇ ਸਾਫ਼ ਜ਼ਮੀਰ ਮਿਲਦੀ ਹੈ। ਸਿਰਫ਼ “ਯਹੋਵਾਹ ਵੱਲੋਂ” ਮਾਫ਼ੀ ਮਿਲਣ ʼਤੇ ਹੀ ਅਸੀਂ ਇੱਦਾਂ ਮਹਿਸੂਸ ਕਰਦੇ ਹਾਂ, ਨਾ ਕਿ ਕਿਸੇ ਇਨਸਾਨ ਵੱਲੋਂ ਮਾਫ਼ੀ ਮਿਲਣ ਤੇ। (ਰਸੂ. 3:19) ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਨਾਲ ਦੁਬਾਰਾ ਇਸ ਤਰ੍ਹਾਂ ਰਿਸ਼ਤਾ ਜੋੜਦਾ ਹੈ ਜਿੱਦਾਂ ਅਸੀਂ ਕਦੇ ਕੋਈ ਪਾਪ ਕੀਤਾ ਹੀ ਨਾ ਹੋਵੇ। ਇਕ ਵਾਰ ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਉਹ ਫਿਰ ਕਦੇ ਵੀ ਸਾਨੂੰ ਉਸ ਪਾਪ ਲਈ ਦੋਸ਼ੀ ਨਹੀਂ ਠਹਿਰਾਉਂਦਾ ਜਾਂ ਦੁਬਾਰਾ ਉਸ ਲਈ ਸਜ਼ਾ ਨਹੀਂ ਦਿੰਦਾ। (ਯਸਾ. 43:25) ਉਹ ਸਾਡੇ ਪਾਪ ਸਾਡੇ ਤੋਂ ਇੰਨੀ ਦੂਰ ਸੁੱਟ ਦਿੰਦਾ ਹੈ “ਜਿੰਨਾ ਪੂਰਬ ਪੱਛਮ ਤੋਂ ਦੂਰ ਹੈ।” (ਜ਼ਬੂ. 103:12) ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਮਾਫ਼ ਕਰਨ ਵਿਚ ਕਿੰਨਾ ਬੇਮਿਸਾਲ ਹੈ, ਤਾਂ ਕੀ ਸਾਡੇ ਦਿਲ ਸ਼ਰਧਾ ਨਾਲ ਨਹੀਂ ਭਰ ਜਾਂਦੇ। (ਜ਼ਬੂ. 130:4) ਯਹੋਵਾਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਇਸ ਆਧਾਰ ʼਤੇ ਨਹੀਂ ਕਰਦਾ ਕਿ ਉਸ ਦਾ ਪਾਪ ਕਿੰਨਾ ਵੱਡਾ ਜਾਂ ਛੋਟਾ ਹੈ। ਯਹੋਵਾਹ ਸਾਡਾ ਸ੍ਰਿਸ਼ਟੀਕਰਤਾ, ਕਾਨੂੰਨ ਬਣਾਉਣ ਵਾਲਾ ਅਤੇ ਨਿਆਂਕਾਰ ਹੈ, ਇਸ ਕਰਕੇ ਉਸ ਕੋਲ ਸਾਰੀ ਜਾਣਕਾਰੀ ਹੁੰਦੀ ਹੈ ਜਿਸ ਦੇ ਆਧਾਰ ਤੇ ਉਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦਾ ਹੈ। w22.06 5 ਪੈਰੇ 12-14

ਸ਼ੁੱਕਰਵਾਰ 8 ਨਵੰਬਰ

ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।​—ਇਬ. 11:6.

ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਬੀਮਾਰੀਆਂ, ਦੁੱਖ-ਦਰਦ ਅਤੇ ਮੌਤ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾ. 21:3, 4) ਉਹ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣ ਵਿਚ “ਹਲੀਮ” ਲੋਕਾਂ ਦੀ ਮਦਦ ਕਰੇਗਾ। (ਜ਼ਬੂਰ. 37:9-11) ਭਾਵੇਂ ਕਿ ਅੱਜ ਵੀ ਸਾਡਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੈ, ਪਰ ਭਵਿੱਖ ਵਿਚ ਅਸੀਂ ਉਸ ਦੇ ਹੋਰ ਵੀ ਨੇੜੇ ਮਹਿਸੂਸ ਕਰਾਂਗੇ। ਕਿੰਨੀ ਹੀ ਸ਼ਾਨਦਾਰ ਉਮੀਦ! ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ? ਕਿਉਂਕਿ ਹੁਣ ਤਕ ਉਸ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਸ ਕਰਕੇ ਅਸੀਂ “ਯਹੋਵਾਹ ʼਤੇ ਉਮੀਦ ਲਾਈ ਰੱਖ” ਸਕਦੇ ਹਾਂ। (ਜ਼ਬੂ. 27:14) ਸਾਨੂੰ ਧੀਰਜ ਰੱਖਦਿਆਂ ਖ਼ੁਸ਼ੀ-ਖ਼ੁਸ਼ੀ ਉਸ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰੇਗਾ। (ਯਸਾ. 55:10, 11) ਆਓ ਅਸੀਂ ਵੀ ਯਹੋਵਾਹ ਦੇ ਵਫ਼ਾਦਾਰ ਰਹੀਏ ਅਤੇ ਭਰੋਸਾ ਰੱਖੀਏ ਕਿ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦੇਵੇਗਾ “ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” w22.06 20 ਪੈਰਾ 1; 25 ਪੈਰਾ 18

ਸ਼ਨੀਵਾਰ 9 ਨਵੰਬਰ

ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।​—ਮੱਤੀ 6:8.

ਅਸੀਂ ਭਰੋਸਾ ਰੱਖ ਸਕਦੇ ਹਾਂ ਕਿ 1 ਤਿਮੋਥਿਉਸ 5:8 ਵਿਚ ਯਹੋਵਾਹ ਨੇ ਜੋ ਹੁਕਮ ਪਰਿਵਾਰ ਦੇ ਮੁਖੀਆਂ ਨੂੰ ਦਿੱਤਾ ਹੈ, ਉਹ ਹੁਕਮ ਉਹ ਖ਼ੁਦ ਵੀ ਲਾਗੂ ਕਰਦਾ ਹੈ। ਜਦੋਂ ਸਾਨੂੰ ਇਸ ਗੱਲ ਦਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਤੇ ਸਾਡੇ ਪਰਿਵਾਰ ਨੂੰ ਪਿਆਰ ਕਰਦਾ ਹੈ, ਤਾਂ ਸਾਡੇ ਲਈ ਇਸ ਗੱਲ ʼਤੇ ਯਕੀਨ ਕਰਨਾ ਔਖਾ ਨਹੀਂ ਹੁੰਦਾ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:31-33) ਜਦੋਂ ਯਹੋਵਾਹ ਨੇ ਧਰਤੀ ਬਣਾਈ, ਤਾਂ ਉਸ ਨੇ ਨਾ ਸਿਰਫ਼ ਉਹ ਚੀਜ਼ਾਂ ਬਣਾਈਆਂ ਜੋ ਸਾਡੇ ਜੀਉਂਦੇ ਰਹਿਣ ਲਈ ਜ਼ਰੂਰੀ ਹਨ, ਸਗੋਂ ਉਹ ਚੀਜ਼ਾਂ ਵੀ ਬਣਾਈਆਂ ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਦਾ ਮਜ਼ਾ ਲੈਂਦੇ ਹਾਂ। (ਉਤ. 2:9) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾ ਸਿਰਫ਼ ਸਾਡੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ, ਸਗੋਂ ਉਹ ਖੁੱਲ੍ਹ-ਦਿਲਾ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਜੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿਆਦਾ ਚੀਜ਼ਾਂ ਨਹੀਂ ਖ਼ਰੀਦ ਸਕਦੇ, ਤਾਂ ਅਸੀਂ ਸੋਚ ਸਕਦੇ ਹਾਂ ਕਿ ਯਹੋਵਾਹ ਸਾਨੂੰ ਉਹ ਸਾਰੀਆਂ ਚੀਜ਼ਾਂ ਤਾਂ ਦੇ ਹੀ ਰਿਹਾ ਹੈ ਜਿਨ੍ਹਾਂ ਦੀ ਸਾਨੂੰ ਲੋੜ ਹੈ। (ਮੱਤੀ 6:11) ਜੇ ਅਸੀਂ ਯਹੋਵਾਹ ਲਈ ਆਪਣੀਆਂ ਕੀਮਤੀ ਚੀਜ਼ਾਂ ਦੀ ਕੁਰਬਾਨੀ ਕਰਦੇ ਹਾਂ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਅੱਜ ਅਤੇ ਭਵਿੱਖ ਵਿਚ ਸਾਨੂੰ ਜੋ ਬੇਸ਼ੁਮਾਰ ਬਰਕਤਾਂ ਦੇਵੇਗਾ, ਉਨ੍ਹਾਂ ਸਾਮ੍ਹਣੇ ਇਹ ਚੀਜ਼ਾਂ ਕੁਝ ਵੀ ਨਹੀਂ ਹਨ।​—ਯਸਾ. 65:21, 22. w22.06 15 ਪੈਰੇ 7-8

ਐਤਵਾਰ 10 ਨਵੰਬਰ

ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ।​—ਇਬ. 5:14.

ਸਿਰਫ਼ ਨਵੇਂ ਲੋਕਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਯਹੋਵਾਹ ਬਾਰੇ ਸਹੀ ਗਿਆਨ ਦੀ ਲੋੜ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਜੇ ਅਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਅਸੀਂ “ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ” ਸਕਾਂਗੇ। ਇਸ ਮੁਸ਼ਕਲ ਸਮੇਂ ਵਿਚ ਸਾਡੇ ਲਈ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣਾ ਸੱਚ-ਮੁੱਚ ਔਖਾ ਹੋ ਸਕਦਾ ਹੈ ਕਿਉਂਕਿ ਲੋਕਾਂ ਦੇ ਨੈਤਿਕ ਮਿਆਰ ਦਿਨ-ਬਦਿਨ ਡਿਗਦੇ ਜਾ ਰਹੇ ਹਨ। ਪਰ ਯਿਸੂ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਭੋਜਨ ਮਿਲਦਾ ਰਹੇ ਤਾਂਕਿ ਸਾਡੀ ਨਿਹਚਾ ਪੱਕੀ ਹੁੰਦੀ ਰਹੇ। ਯਿਸੂ ਵਾਂਗ ਅਸੀਂ ਵੀ ਯਹੋਵਾਹ ਦੇ ਨਾਂ ਨੂੰ ਪੂਰਾ ਆਦਰ-ਮਾਣ ਦਿੰਦੇ ਹਾਂ ਕਿਉਂਕਿ ਉਹ ਇਸ ਦਾ ਹੱਕਦਾਰ ਹੈ। (ਯੂਹੰ. 17:6, 26) ਉਦਾਹਰਣ ਲਈ, 1931 ਵਿਚ ਅਸੀਂ ਯਹੋਵਾਹ ਦੇ ਗਵਾਹ ਨਾਂ ਅਪਣਾਇਆ ਜੋ ਬਾਈਬਲ ਤੋਂ ਲਿਆ ਗਿਆ ਹੈ। ਇਹ ਨਾਂ ਅਪਣਾ ਕੇ ਅਸੀਂ ਦਿਖਾਇਆ ਕਿ ਸਾਡੇ ਲਈ ਪਰਮੇਸ਼ੁਰ ਦਾ ਨਾਂ ਕਿੰਨਾ ਜ਼ਿਆਦਾ ਅਹਿਮੀਅਤ ਰੱਖਦਾ ਹੈ ਅਤੇ ਅਸੀਂ ਆਪਣੇ ਸਵਰਗੀ ਪਿਤਾ ਦੇ ਨਾਂ ਤੋਂ ਪਛਾਣੇ ਜਾਣਾ ਚਾਹੁੰਦੇ ਹਾਂ। (ਯਸਾ. 43:10-12) ਇਸ ਦੇ ਨਾਲ-ਨਾਲ ਪਵਿੱਤਰ ਲਿਖਤਾਂ​—ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਉੱਥੇ ਪਾਇਆ ਗਿਆ ਜਿੱਥੇ ਇਹ ਹੋਣਾ ਚਾਹੀਦਾ ਹੈ। w22.07 11 ਪੈਰੇ 11-12

ਸੋਮਵਾਰ 11 ਨਵੰਬਰ

ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਚਾਨਣ ਹੈ।​—ਜ਼ਬੂ. 119:105.

ਸੱਚਾਈ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਵੀ ਸ਼ਾਮਲ ਹੈ। ਯਿਸੂ ਨੇ ਰਾਜ ਬਾਰੇ ਸੱਚਾਈ ਦੀ ਤੁਲਨਾ ਲੁਕਾਏ ਹੋਏ ਖ਼ਜ਼ਾਨੇ ਨਾਲ ਕੀਤੀ। ਮੱਤੀ 13:44 ਵਿਚ ਯਿਸੂ ਨੇ ਕਿਹਾ: “ਸਵਰਗ ਦਾ ਰਾਜ ਖੇਤ ਵਿਚ ਲੁਕਾਏ ਹੋਏ ਖ਼ਜ਼ਾਨੇ ਵਰਗਾ ਹੈ ਜੋ ਇਕ ਆਦਮੀ ਨੂੰ ਲੱਭਿਆ ਅਤੇ ਉਸ ਨੇ ਦੁਬਾਰਾ ਉਸ ਨੂੰ ਲੁਕੋ ਦਿੱਤਾ; ਖ਼ੁਸ਼ੀ ਦੇ ਮਾਰੇ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।” ਗੌਰ ਕਰਨ ਵਾਲੀ ਗੱਲ ਹੈ ਕਿ ਇਹ ਆਦਮੀ ਖ਼ਜ਼ਾਨੇ ਦੀ ਭਾਲ ਨਹੀਂ ਕਰ ਰਿਹਾ ਸੀ। ਪਰ ਜਦੋਂ ਉਸ ਨੂੰ ਇਹ ਖ਼ਜ਼ਾਨਾ ਮਿਲਿਆ, ਤਾਂ ਉਸ ਨੇ ਇਸ ਖ਼ਜ਼ਾਨੇ ਨੂੰ ਪਾਉਣ ਲਈ ਆਪਣਾ ਸਭ ਕੁਝ ਵੇਚ ਦਿੱਤਾ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਇਹ ਖ਼ਜ਼ਾਨਾ ਕਿੰਨਾ ਅਨਮੋਲ ਹੈ। ਸਾਨੂੰ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਪਰਮੇਸ਼ੁਰ ਦੇ ਰਾਜ ਵਿਚ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਮਿਲੀ ਹੈ। ਇਨ੍ਹਾਂ ਬਰਕਤਾਂ ਸਾਮ੍ਹਣੇ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਬੇਕਾਰ ਹਨ। ਜੀ ਹਾਂ, ਯਹੋਵਾਹ ਨਾਲ ਕਰੀਬੀ ਰਿਸ਼ਤਾ ਬਣਾਈ ਰੱਖਣ ਲਈ ਅਸੀਂ ਕੋਈ ਵੀ ਤਿਆਗ ਕਰਨ ਲਈ ਤਿਆਰ ਰਹਿੰਦੇ ਹਾਂ। ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਅਸੀਂ “ਉਸ ਨੂੰ ਪੂਰੀ ਤਰ੍ਹਾਂ ਖ਼ੁਸ਼” ਕਰੀਏ।​—ਕੁਲੁ. 1:10. w22.08 15 ਪੈਰੇ 8-9; 17 ਪੈਰਾ 12

ਮੰਗਲਵਾਰ 12 ਨਵੰਬਰ

ਮੈਂ ਇੰਨਾ ਵੱਡਾ ਕੁਕਰਮ ਕਰ ਕੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਿਵੇਂ ਕਰ ਸਕਦਾ ਹਾਂ?​—ਉਤ. 39:9.

ਯੂਸੁਫ਼ ਕਿਵੇਂ ਜਾਣਦਾ ਸੀ ਕਿ ਹਰਾਮਕਾਰੀ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ “ਵੱਡਾ ਕੁਕਰਮ” ਹੈ? ਦੇਖਿਆ ਜਾਵੇ ਤਾਂ ਯੂਸੁਫ਼ ਤੋਂ ਲਗਭਗ 200 ਸਾਲ ਬਾਅਦ ਜਾ ਕੇ ਮੂਸਾ ਦਾ ਕਾਨੂੰਨ ਦਿੱਤਾ ਗਿਆ ਸੀ ਜਿਸ ਵਿਚ ਇਹ ਹੁਕਮ ਸਾਫ਼-ਸਾਫ਼ ਦਿੱਤਾ ਗਿਆ ਸੀ: “ਤੂੰ ਹਰਾਮਕਾਰੀ ਨਾ ਕਰ।” (ਕੂਚ 20:14) ਪਰ ਯੂਸੁਫ਼ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਜਿਸ ਕਰਕੇ ਉਹ ਹਰਾਮਕਾਰੀ ਬਾਰੇ ਉਸ ਦੇ ਨਜ਼ਰੀਏ ਨੂੰ ਸਮਝ ਸਕਿਆ। ਮਿਸਾਲ ਲਈ, ਯੂਸੁਫ਼ ਜਾਣਦਾ ਸੀ ਕਿ ਯਹੋਵਾਹ ਨੇ ਸ਼ੁਰੂਆਤ ਵਿਚ ਆਦਮੀ ਅਤੇ ਔਰਤ ਵਿਚ ਵਿਆਹ ਕਰਵਾਇਆ ਸੀ ਅਤੇ ਸਰੀਰਕ ਸੰਬੰਧ ਸਿਰਫ਼ ਪਤੀ-ਪਤਨੀ ਵਿਚ ਹੀ ਹੋਣੇ ਚਾਹੀਦੇ ਹਨ। ਉਸ ਨੇ ਇਹ ਵੀ ਸੁਣਿਆ ਹੋਣਾ ਕਿ ਯਹੋਵਾਹ ਨੇ ਦੋ ਵਾਰ ਉਸ ਦੀ ਪੜਦਾਦੀ ਸਾਰਾਹ ਦੀ ਇੱਜ਼ਤ ਬਚਾਈ ਸੀ। (ਉਤ. 2:24; 12:14-20; 20:2-7) ਇਨ੍ਹਾਂ ਸਾਰੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਯੂਸੁਫ਼ ਸਮਝਿਆ ਹੋਣਾ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਯੂਸੁਫ਼ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ ਸੀ। w22.08 26 ਪੈਰੇ 1-2

ਬੁੱਧਵਾਰ 13 ਨਵੰਬਰ

ਜ਼ਮੀਨ ਦੀ ਮਿੱਟੀ ਵਿਚ ਸੁੱਤੇ ਪਏ ਲੋਕਾਂ ਵਿੱਚੋਂ ਬਹੁਤ ਸਾਰੇ ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।​—ਦਾਨੀ. 12:2.

ਪਹਿਲਾਂ ਅਸੀਂ ਮੰਨਦੇ ਸੀ ਕਿ ਇਹ ਭਵਿੱਖਬਾਣੀ ਆਖ਼ਰੀ ਦਿਨਾਂ ਵਿਚ ਪੂਰੀ ਹੋਈ ਜਦੋਂ ਪਰਮੇਸ਼ੁਰ ਨੇ ਆਪਣੇ ਲੋਕਾਂ ਵਿਚ ਦੁਬਾਰਾ ਜਾਨ ਪਾਈ। ਪਰ ਇਹ ਭਵਿੱਖਬਾਣੀ ਨਵੀਂ ਦੁਨੀਆਂ ਵਿਚ ਪੂਰੀ ਹੋਵੇਗੀ ਜਦੋਂ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜ਼ਰਾ ਦਾਨੀਏਲ 12:2 ਵਿਚ “ਮਿੱਟੀ” ਸ਼ਬਦ ʼਤੇ ਧਿਆਨ ਦਿਓ। ਆਪਣੀ ਮੌਤ ਬਾਰੇ ਗੱਲ ਕਰਦਿਆਂ ਅੱਯੂਬ ਨੇ ਵੀ “ਮਿੱਟੀ ਵਿਚ ਮਿਲ” ਜਾਣ ਜਾਂ “ਕਬਰ” ਵਿਚ ਜਾਣ ਵਰਗੇ ਸ਼ਬਦ ਵਰਤੇ ਸਨ। (ਅੱਯੂ. 17:16) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਦਾਨੀਏਲ 12:2 ਵਿਚ ਉਨ੍ਹਾਂ ਲੋਕਾਂ ਨੂੰ ਜੀਉਂਦੇ ਕਰਨ ਦੀ ਗੱਲ ਕੀਤੀ ਗਈ ਹੈ ਜੋ ਮਿੱਟੀ ਵਿਚ ਮਿਲ ਗਏ ਹਨ ਯਾਨੀ ਸੱਚੀ-ਮੁੱਚੀ ਮਰ ਗਏ ਹਨ। ਇਨ੍ਹਾਂ ਨੂੰ ਅੰਤ ਦੇ ਸਮੇਂ ਤੋਂ ਬਾਅਦ ਯਾਨੀ ਆਰਮਾਗੇਡਨ ਤੋਂ ਬਾਅਦ ਜੀਉਂਦਾ ਕੀਤਾ ਜਾਵੇਗਾ। ਦਾਨੀਏਲ 12:2 ਵਿਚ ਲਿਖਿਆ ਹੈ ਕਿ ਕੁਝ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਲਈ ਜੀਉਂਦਾ ਕੀਤਾ ਜਾਵੇਗਾ। ਇਸ ਦਾ ਕੀ ਮਤਲਬ ਹੈ? 1,000 ਸਾਲ ਦੌਰਾਨ ਜਿਹੜੇ ਲੋਕ ਯਹੋਵਾਹ ਤੇ ਯਿਸੂ ਨੂੰ ਜਾਣਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਕਹਿਣਾ ਮੰਨਣਗੇ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।​—ਯੂਹੰ. 17:3. w22.09 21 ਪੈਰੇ 6-7

ਵੀਰਵਾਰ 14 ਨਵੰਬਰ

[ਪਿਆਰ] ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ।​—1 ਕੁਰਿੰ. 13:7.

“ਸਾਰੀਆਂ ਗੱਲਾਂ ਉੱਤੇ ਭਰੋਸਾ” ਕਰਨ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਅੱਖਾਂ ਬੰਦ ਕਰ ਕੇ ਸਾਰੀਆਂ ਗੱਲਾਂ ʼਤੇ ਯਕੀਨ ਕਰ ਲਈਏ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਕੰਮਾਂ ʼਤੇ ਧਿਆਨ ਲਾਈਏ ਤਾਂਕਿ ਅਸੀਂ ਉਨ੍ਹਾਂ ʼਤੇ ਭਰੋਸਾ ਕਰ ਸਕੀਏ। ਕਿਸੇ ʼਤੇ ਭਰੋਸਾ ਕਰਨ ਵਿਚ ਸਮਾਂ ਲੱਗਦਾ ਹੈ। ਭੈਣਾਂ-ਭਰਾਵਾਂ ʼਤੇ ਭਰੋਸਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣੋ। ਮੀਟਿੰਗਾਂ ʼਤੇ ਉਨ੍ਹਾਂ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਨਾਲ ਪ੍ਰਚਾਰ ʼਤੇ ਜਾਓ। ਧੀਰਜ ਰੱਖਦੇ ਹੋਏ ਉਨ੍ਹਾਂ ਨੂੰ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰਨ ਦਾ ਮੌਕਾ ਦਿਓ। ਜਦੋਂ ਤੁਸੀਂ ਕਿਸੇ ਨੂੰ ਜਾਣਨਾ ਸ਼ੁਰੂ ਕਰਦੇ ਹੋ, ਤਾਂ ਸ਼ਾਇਦ ਤੁਸੀਂ ਉਸ ਨਾਲ ਸਾਰੀਆਂ ਗੱਲਾਂ ਸਾਂਝੀਆਂ ਨਾ ਕਰੋ। ਪਰ ਜਦੋਂ ਤੁਹਾਡਾ ਉਸ ਨਾਲ ਵਧੀਆ ਰਿਸ਼ਤਾ ਬਣ ਜਾਂਦਾ ਹੈ, ਤਾਂ ਸ਼ਾਇਦ ਤੁਸੀਂ ਉਸ ਨੂੰ ਆਪਣੇ ਮਨ ਦੀਆਂ ਗੱਲਾਂ ਵੀ ਦੱਸੋ। (ਲੂਕਾ 16:10) ਪਰ ਉਦੋਂ ਕੀ ਜਦੋਂ ਕੋਈ ਤੁਹਾਡਾ ਭਰੋਸਾ ਤੋੜ ਦਿੰਦਾ ਹੈ? ਇਕਦਮ ਉਸ ਨਾਲ ਆਪਣੀ ਦੋਸਤੀ ਖ਼ਤਮ ਨਾ ਕਰੋ, ਸਗੋਂ ਉਸ ਨੂੰ ਸਮਾਂ ਦਿਓ। ਕੁਝ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਕਰਕੇ ਇਹ ਨਾ ਸੋਚੋ ਕਿ ਤੁਸੀਂ ਕਿਸੇ ਵੀ ਭੈਣ-ਭਰਾ ʼਤੇ ਭਰੋਸਾ ਨਹੀਂ ਕਰ ਸਕਦੇ। w22.09 4 ਪੈਰੇ 7-8

ਸ਼ੁੱਕਰਵਾਰ 15 ਨਵੰਬਰ

ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ।​—2 ਇਤਿ. 16:9.

ਮੀਕੇਆਸ ਨਾਂ ਦੇ ਬਜ਼ੁਰਗ ਨੂੰ ਲੱਗਦਾ ਸੀ ਕਿ ਮੰਡਲੀ ਦੇ ਬਜ਼ੁਰਗਾਂ ਨੇ ਉਸ ਨਾਲ ਬੁਰਾ ਸਲੂਕ ਕੀਤਾ। ਫਿਰ ਵੀ ਮੀਕੇਆਸ ਹੋਸ਼ ਵਿਚ ਰਿਹਾ ਅਤੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। ਉਹ ਵਾਰ-ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਪਵਿੱਤਰ ਸ਼ਕਤੀ ਮੰਗਦਾ ਰਿਹਾ ਤਾਂਕਿ ਉਹ ਇਹ ਸਭ ਕੁਝ ਸਹਿ ਸਕੇ। ਨਾਲੇ ਉਹ ਮਦਦ ਵਾਸਤੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਵੀ ਖੋਜਬੀਨ ਕਰਦਾ ਰਿਹਾ। ਮੀਕੇਆਸ ਤੋਂ ਤੁਸੀਂ ਕੀ ਸਿੱਖਦੇ ਹੋ? ਜੇ ਤੁਹਾਨੂੰ ਵੀ ਲੱਗਦਾ ਹੈ ਕਿ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਹੈ, ਤਾਂ ਸ਼ਾਂਤ ਰਹੋ ਅਤੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਨਹੀਂ ਪਤਾ ਕਿ ਸਾਮ੍ਹਣੇ ਵਾਲੇ ਨੇ ਕਿਸ ਵਜ੍ਹਾ ਕਰਕੇ ਕੋਈ ਗੱਲ ਕਹੀ ਜਾਂ ਕੋਈ ਕੰਮ ਕੀਤਾ। ਇਸ ਲਈ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਉਸ ਭੈਣ ਜਾਂ ਭਰਾ ਦੇ ਨਜ਼ਰੀਏ ਤੋਂ ਮਾਮਲੇ ਨੂੰ ਦੇਖ ਸਕੋ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਭੈਣ ਜਾਂ ਭਰਾ ਨੇ ਜਾਣ-ਬੁੱਝ ਕੇ ਤੁਹਾਨੂੰ ਦੁੱਖ ਨਹੀਂ ਪਹੁੰਚਾਇਆ ਅਤੇ ਫਿਰ ਤੁਸੀਂ ਉਸ ਨੂੰ ਸੌਖਿਆਂ ਹੀ ਮਾਫ਼ ਕਰ ਸਕੋਗੇ। (ਕਹਾ. 19:11) ਯਾਦ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਤੁਹਾਨੂੰ ਸਹਿਣ ਦੀ ਤਾਕਤ ਜ਼ਰੂਰ ਦੇਵੇਗਾ।​—ਉਪ. 5:8. w22.11 21 ਪੈਰਾ 5

ਸ਼ਨੀਵਾਰ 16 ਨਵੰਬਰ

ਮੈਂ ਪਖੰਡੀਆਂ ਤੋਂ ਦੂਰ ਰਹਿੰਦਾ ਹਾਂ।​—ਜ਼ਬੂ. 26:4.

ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰੋ। ਚੰਗੇ ਦੋਸਤ ਸਮਝਦਾਰ ਮਸੀਹੀ ਬਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਇਸ ਕਰਕੇ ਸੋਚ-ਸਮਝ ਕੇ ਆਪਣੇ ਦੋਸਤ ਚੁਣੋ। (ਕਹਾ. 13:20) ਜੂਲੀਅਨ ਜੋ ਹੁਣ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ, ਉਹ ਦੱਸਦਾ ਹੈ: “ਜਦੋਂ ਮੈਂ ਨੌਜਵਾਨ ਸੀ, ਤਾਂ ਮੈਂ ਪ੍ਰਚਾਰ ਕਰਦਿਆਂ ਬਹੁਤ ਸਾਰੇ ਚੰਗੇ ਦੋਸਤ ਬਣਾਏ। ਮੇਰੇ ਇਹ ਦੋਸਤ ਜੋਸ਼ ਨਾਲ ਪ੍ਰਚਾਰ ਕਰਦੇ ਸਨ। ਉਨ੍ਹਾਂ ਨਾਲ ਪ੍ਰਚਾਰ ਕਰ ਕੇ ਮੈਨੂੰ ਵੀ ਪ੍ਰਚਾਰ ਵਿਚ ਮਜ਼ਾ ਆਉਣ ਲੱਗਾ। . . . ਪਹਿਲਾਂ ਮੈਂ ਸਿਰਫ਼ ਆਪਣੀ ਉਮਰ ਦੇ ਲੋਕਾਂ ਨੂੰ ਹੀ ਆਪਣੇ ਦੋਸਤ ਬਣਾਇਆ ਸੀ, ਪਰ ਮੈਂ ਦੇਖਿਆ ਕਿ ਹੋਰ ਵੀ ਵਧੀਆ ਦੋਸਤ ਬਣਾਉਣ ਲਈ ਮੈਂ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਵੀ ਦੋਸਤੀ ਕਰ ਸਕਦਾ ਹਾਂ।” ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਕੁਝ ਜਣਿਆਂ ਨਾਲ ਦੋਸਤੀ ਕਰ ਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ? ਪੌਲੁਸ ਵੀ ਇਹ ਗੱਲ ਜਾਣਦਾ ਸੀ ਕਿ ਉਸ ਸਮੇਂ ਮੰਡਲੀ ਵਿਚ ਕੁਝ ਜਣਿਆਂ ਦੀ ਸੋਚ ਜਾਂ ਕੰਮ ਮਸੀਹੀਆਂ ਵਰਗੇ ਨਹੀਂ ਸਨ। ਇਸ ਕਰਕੇ ਉਸ ਨੇ ਤਿਮੋਥਿਉਸ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। (2 ਤਿਮੋ. 2:20-22) ਸਾਡੇ ਲਈ ਯਹੋਵਾਹ ਨਾਲ ਸਾਡੀ ਦੋਸਤੀ ਬਹੁਤ ਅਨਮੋਲ ਹੈ ਕਿਉਂਕਿ ਯਹੋਵਾਹ ਦੇ ਨੇੜੇ ਜਾਣ ਲਈ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਇਸ ਕਰਕੇ ਅਸੀਂ ਕਦੇ ਵੀ ਅਜਿਹੇ ਦੋਸਤ ਨਹੀਂ ਬਣਾਵਾਂਗੇ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਟੁੱਟ ਜਾਵੇ। w22.08 5-6 ਪੈਰੇ 13-15

ਐਤਵਾਰ 17 ਨਵੰਬਰ

ਮੂਰਖ ਆਦਮੀ ਤੋਂ ਦੂਰ ਹੀ ਰਹਿ।​—ਕਹਾ. 14:7.

ਮੂਰਖ ਲੋਕ ਪਰਮੇਸ਼ੁਰ ਦੀ ਸਲਾਹ ਨੂੰ ਸੁਣਨਾ ਹੀ ਨਹੀਂ ਚਾਹੁੰਦੇ। ਪਰ ਅਸੀਂ ਪਰਮੇਸ਼ੁਰ ਦੀ ਸੋਚ ਅਤੇ ਉਸ ਦੇ ਕਾਨੂੰਨਾਂ ਮੁਤਾਬਕ ਦਿਲੋਂ ਚੱਲਣਾ ਚਾਹੁੰਦੇ ਹਾਂ। ਅਸੀਂ ਆਪਣੇ ਦਿਲ ਵਿਚ ਇਸ ਤਰ੍ਹਾਂ ਕਰਨ ਦਾ ਆਪਣਾ ਇਰਾਦਾ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ? ਅਸੀਂ ਉਨ੍ਹਾਂ ਲੋਕਾਂ ਵਿਚ ਤੁਲਨਾ ਕਰ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ ਅਤੇ ਜਿਨ੍ਹਾਂ ਨੇ ਕਹਿਣਾ ਨਹੀਂ ਮੰਨਿਆ। ਨਾਲੇ ਲੋਕਾਂ ਦੀਆਂ ਉਨ੍ਹਾਂ ਮੁਸ਼ਕਲਾਂ ʼਤੇ ਵੀ ਗੌਰ ਕਰੋ ਜੋ ਉਨ੍ਹਾਂ ʼਤੇ ਸਿਰਫ਼ ਇਸ ਕਰਕੇ ਆਈਆਂ ਕਿਉਂਕਿ ਉਨ੍ਹਾਂ ਨੇ ਮੂਰਖਤਾ ਕੀਤੀ ਤੇ ਯਹੋਵਾਹ ਦੀ ਸਲਾਹ ਨੂੰ ਠੁਕਰਾ ਦਿੱਤਾ। ਫਿਰ ਇਸ ਗੱਲ ʼਤੇ ਵੀ ਗੌਰ ਕਰੋ ਕਿ ਯਹੋਵਾਹ ਦੀ ਸਲਾਹ ਮੁਤਾਬਕ ਚੱਲ ਕੇ ਤੁਹਾਡੀ ਜ਼ਿੰਦਗੀ ਹੋਰ ਵੀ ਬਿਹਤਰ ਕਿਵੇਂ ਬਣੀ ਹੈ। (ਜ਼ਬੂ. 32:8, 10) ਯਹੋਵਾਹ ਸਾਰਿਆਂ ਨੂੰ ਬੁੱਧ ਹਾਸਲ ਕਰਨ ਦਾ ਮੌਕਾ ਦਿੰਦਾ ਹੈ, ਪਰ ਉਹ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦਾ। ਚਾਹੇ ਉਹ ਇੱਦਾਂ ਨਹੀਂ ਕਰਦਾ, ਪਰ ਉਹ ਇੰਨਾ ਜ਼ਰੂਰ ਦੱਸਦਾ ਹੈ ਕਿ ਜੇ ਅਸੀਂ ਉਸ ਦੀ ਬੁੱਧ ਦੀ ਆਵਾਜ਼ ਨਹੀਂ ਸੁਣਾਂਗੇ, ਤਾਂ ਇਸ ਦੇ ਕੀ ਨਤੀਜੇ ਨਿਕਲਣਗੇ। (ਕਹਾ. 1:29-32) ਜਿਹੜੇ ਲੋਕ ਯਹੋਵਾਹ ਦਾ ਕਹਿਣਾ ਨਹੀਂ ਮੰਨਦੇ, “ਉਹ ਆਪਣੀ ਕਰਨੀ ਦੇ ਨਤੀਜੇ ਭੁਗਤਣਗੇ।” ਉਹ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਹਨ, ਉਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਦੁੱਖ-ਦਰਦ ਤੇ ਮੁਸੀਬਤਾਂ ਹੀ ਆਉਂਦੀਆਂ ਹਨ ਅਤੇ ਅਖ਼ੀਰ ਯਹੋਵਾਹ ਅਜਿਹੇ ਲੋਕਾਂ ਦਾ ਨਾਸ਼ ਕਰ ਦੇਵੇਗਾ। ਦੂਜੇ ਪਾਸੇ, ਜਿਹੜੇ ਲੋਕ ਯਹੋਵਾਹ ਦੀ ਬੁੱਧ ਭਰੀ ਸਲਾਹ ਨੂੰ ਸੁਣਦੇ ਅਤੇ ਉਸ ਮੁਤਾਬਕ ਚੱਲਦੇ ਹਨ, ਉਹ ਉਨ੍ਹਾਂ ਨਾਲ ਵਾਅਦਾ ਕਰਦਾ ਹੈ: “ਮੇਰੀ ਗੱਲ ਸੁਣਨ ਵਾਲਾ ਸੁੱਖ-ਸਾਂਦ ਨਾਲ ਵੱਸੇਗਾ ਅਤੇ ਬਿਪਤਾ ਦੇ ਖ਼ੌਫ਼ ਤੋਂ ਬਚਿਆ ਰਹੇਗਾ।”​—ਕਹਾ. 1:33. w22.10 21 ਪੈਰੇ 11-13

ਸੋਮਵਾਰ 18 ਨਵੰਬਰ

ਖ਼ੁਸ਼ ਹੈ ਹਰ ਉਹ ਇਨਸਾਨ ਜਿਹੜਾ ਯਹੋਵਾਹ ਦਾ ਡਰ ਮੰਨਦਾ ਹੈ, ਜਿਹੜਾ ਉਸ ਦੇ ਰਾਹਾਂ ʼਤੇ ਚੱਲਦਾ ਹੈ।​—ਜ਼ਬੂ. 128:1.

ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਕਿ ਉਸ ਲਈ ਗਹਿਰਾ ਆਦਰ ਹੋਣ ਕਰਕੇ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਉਸ ਦਾ ਦਿਲ ਦੁਖੀ ਹੋਵੇ। (ਕਹਾ. 16:6) ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦੱਸਿਆ ਹੈ ਕਿ ਉਸ ਦੀਆਂ ਨਜ਼ਰਾਂ ਵਿਚ ਕੀ ਸਹੀ ਅਤੇ ਕੀ ਗ਼ਲਤ ਹੈ। ਇਸ ਲਈ ਅਸੀਂ ਉਸ ਦੇ ਮਿਆਰਾਂ ʼਤੇ ਚੱਲਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (2 ਕੁਰਿੰ. 7:1) ਜੇ ਅਸੀਂ ਉਹ ਕੰਮ ਕਰਾਂਗੇ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ ਅਤੇ ਉਹ ਕੰਮ ਨਹੀਂ ਕਰਾਂਗੇ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ, ਤਾਂ ਅਸੀਂ ਖ਼ੁਸ਼ ਰਹਾਂਗੇ। (ਜ਼ਬੂ. 37:27; 97:10; ਰੋਮੀ. 12:9) ਇਕ ਵਿਅਕਤੀ ਸ਼ਾਇਦ ਜਾਣਦਾ ਹੈ ਕਿ ਸਿਰਫ਼ ਯਹੋਵਾਹ ਕੋਲ ਹੀ ਸਹੀ ਅਤੇ ਗ਼ਲਤ ਬਾਰੇ ਮਿਆਰ ਠਹਿਰਾਉਣ ਦਾ ਹੱਕ ਹੈ, ਪਰ ਉਸ ਲਈ ਪਰਮੇਸ਼ੁਰ ਦੇ ਮਿਆਰਾਂ ਨੂੰ ਮੰਨਣਾ ਵੀ ਜ਼ਰੂਰੀ ਹੈ। (ਰੋਮੀ. 12:2) ਸਾਡੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਮੰਨਦੇ ਹਾਂ ਕਿ ਯਹੋਵਾਹ ਦੇ ਮਿਆਰਾਂ ʼਤੇ ਚੱਲਣ ਵਿਚ ਹੀ ਸਾਡੀ ਭਲਾਈ ਹੈ। (ਕਹਾ. 12:28) ਦਾਊਦ ਨੇ ਵੀ ਆਪਣੀ ਜ਼ਿੰਦਗੀ ਵਿਚ ਇਹ ਗੱਲ ਸਵੀਕਾਰ ਕੀਤੀ ਅਤੇ ਉਸ ਨੇ ਯਹੋਵਾਹ ਬਾਰੇ ਕਿਹਾ: “ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈਂ। ਤੇਰੀ ਹਜ਼ੂਰੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ; ਤੇਰੇ ਸੱਜੇ ਹੱਥ ਰਹਿ ਕੇ ਮੈਨੂੰ ਸਦਾ ਆਨੰਦ ਮਿਲਦਾ ਹੈ।”​—ਜ਼ਬੂ. 16:11. w22.10 8 ਪੈਰੇ 9-10

ਮੰਗਲਵਾਰ 19 ਨਵੰਬਰ

ਪੁੱਤਰ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ, ਪਰ ਆਪਣੇ ਪਿਤਾ ਨੂੰ ਜੋ ਕਰਦਿਆਂ ਦੇਖਦਾ ਹੈ, ਪੁੱਤਰ ਸਿਰਫ਼ ਉਹੀ ਕਰਦਾ ਹੈ।​—ਯੂਹੰ. 5:19.

ਯਿਸੂ ਹਮੇਸ਼ਾ ਨਿਮਰ ਰਿਹਾ। ਸਵਰਗ ਵਿਚ ਹੁੰਦਿਆਂ ਉਸ ਨੇ ਯਹੋਵਾਹ ਦੀ ਸੇਵਾ ਕਰਦਿਆਂ ਬਹੁਤ ਹੀ ਸ਼ਾਨਦਾਰ ਕੰਮ ਕੀਤੇ ਸਨ। ਯਿਸੂ ਰਾਹੀਂ “ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਅਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ।” (ਕੁਲੁ. 1:16) ਯਿਸੂ ਨੂੰ ਆਪਣੇ ਬਪਤਿਸਮੇ ਵੇਲੇ ਉਹ ਸਾਰੇ ਕੰਮ ਯਾਦ ਆਏ ਹੋਣੇ ਜੋ ਉਸ ਨੇ ਸਵਰਗ ਵਿਚ ਆਪਣੇ ਪਿਤਾ ਨਾਲ ਕੀਤੇ ਸਨ। (ਮੱਤੀ 3:16; ਯੂਹੰ. 17:5) ਪਰ ਇਹ ਸਾਰਾ ਕੁਝ ਯਾਦ ਆਉਣ ਤੇ ਉਹ ਘਮੰਡੀ ਨਹੀਂ ਬਣ ਗਿਆ। ਉਸ ਨੇ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਹੀਂ ਸਮਝਿਆ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ “ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ” ਸੀ। (ਮੱਤੀ 20:28) ਉਸ ਨੇ ਨਿਮਰਤਾ ਨਾਲ ਇਹ ਗੱਲ ਵੀ ਮੰਨੀ ਕਿ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ ਸੀ। ਯਿਸੂ ਨੇ ਕਿੰਨੀ ਨਿਮਰਤਾ ਦਿਖਾਈ! ਉਸ ਨੇ ਸਾਡੇ ਲਈ ਬਹੁਤ ਵਧੀਆ ਮਿਸਾਲ ਰੱਖੀ। w22.05 24 ਪੈਰਾ 13

ਬੁੱਧਵਾਰ 20 ਨਵੰਬਰ

‘ਯਹੋਵਾਹ ਵੱਲ ਮੁੜ।’​—ਯਸਾ. 55:7.

ਕਿਸੇ ਪਾਪੀ ਨੂੰ ਮਾਫ਼ ਕਰਦਿਆਂ ਯਹੋਵਾਹ ਗੌਰ ਕਰਦਾ ਹੈ: ਕੀ ਪਾਪ ਕਰਨ ਵਾਲੇ ਨੂੰ ਪਤਾ ਸੀ ਕਿ ਉਹ ਜੋ ਕਰ ਰਿਹਾ ਸੀ, ਉਹ ਗ਼ਲਤ ਸੀ? ਯਿਸੂ ਨੇ ਵੀ ਇਸ ਬਾਰੇ ਲੂਕਾ 12:47, 48 ਵਿਚ ਦੱਸਿਆ। ਜੇ ਕੋਈ ਵਿਅਕਤੀ ਸਕੀਮਾਂ ਘੜ ਕੇ ਕੋਈ ਅਜਿਹਾ ਕੰਮ ਕਰਦਾ ਹੈ ਜੋ ਉਸ ਨੂੰ ਪਤਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ, ਤਾਂ ਉਹ ਗੰਭੀਰ ਪਾਪ ਕਰਦਾ ਹੈ। ਇਸ ਤਰ੍ਹਾਂ ਹੋਣ ਤੇ ਸ਼ਾਇਦ ਯਹੋਵਾਹ ਉਸ ਨੂੰ ਮਾਫ਼ ਨਾ ਕਰੇ। (ਮਰ. 3:29; ਯੂਹੰ. 9:41) ਤਾਂ ਫਿਰ, ਕੋਈ ਉਮੀਦ ਹੈ ਕਿ ਯਹੋਵਾਹ ਮਾਫ਼ ਕਰੇਗਾ? ਜੀ ਹਾਂ, ਯਹੋਵਾਹ ਇਸ ਤਰ੍ਹਾਂ ਦੇ ਮਾਮਲੇ ਵਿਚ ਮਾਫ਼ ਕਰਨ ਤੋਂ ਪਹਿਲਾਂ ਧਿਆਨ ਰੱਖਦਾ ਹੈ: ਕੀ ਪਾਪ ਕਰਨ ਵਾਲੇ ਨੇ ਸੱਚੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। ਸੱਚੇ ਦਿਲੋਂ ਤੋਬਾ ਕਰਨ ਦਾ ਮਤਲਬ ਹੈ, “ਆਪਣੀ ਗ਼ਲਤ ਸੋਚ, ਰਵੱਈਏ ਜਾਂ ਇਰਾਦੇ ਨੂੰ ਪੂਰੀ ਤਰ੍ਹਾਂ ਬਦਲਣਾ।” ਇਸ ਦਾ ਮਤਲਬ ਹੈ ਕਿ ਤੋਬਾ ਕਰਨ ਵਾਲੇ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੋਣਾ ਚਾਹੀਦਾ ਹੈ ਕਿ ਉਸ ਨੇ ਗ਼ਲਤ ਕੰਮ ਕੀਤਾ ਜਾਂ ਉਸ ਨੂੰ ਜੋ ਸਹੀ ਕੰਮ ਕਰਨਾ ਚਾਹੀਦਾ ਸੀ, ਉਸ ਨੇ ਨਹੀਂ ਕੀਤਾ। ਇੰਨਾ ਹੀ ਨਹੀਂ, ਉਸ ਨੂੰ ਇਸ ਗੱਲ ਦਾ ਵੀ ਦੁੱਖ ਹੋਣਾ ਚਾਹੀਦਾ ਹੈ ਕਿ ਉਸ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਕਮਜ਼ੋਰ ਹੋਣ ਦਿੱਤਾ ਜਿਸ ਕਰਕੇ ਉਸ ਨੇ ਪਾਪ ਕੀਤਾ। w22.06 5-6 ਪੈਰੇ 15-17

ਵੀਰਵਾਰ 21 ਨਵੰਬਰ

ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।​—2 ਤਿਮੋ. 3:12.

ਜੋ ਲੋਕ ਸਾਡੇ ਕੰਮ ਦਾ ਵਿਰੋਧ ਕਰਦੇ ਹਨ, ਉਹ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ। (ਜ਼ਬੂ. 31:13) ਕੁਝ ਭਰਾਵਾਂ ਨੂੰ ਤਾਂ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਪਰਾਧੀ ਕਰਾਰ ਦਿੱਤਾ ਗਿਆ ਹੈ। ਪਹਿਲੀ ਸਦੀ ਵਿਚ ਪੌਲੁਸ ਰਸੂਲ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ। ਉਸ ਉੱਤੇ ਝੂਠੇ ਦੋਸ਼ ਲਾਏ ਗਏ ਅਤੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਜਦੋਂ ਪੌਲੁਸ ਰੋਮ ਵਿਚ ਕੈਦ ਸੀ, ਤਾਂ ਕੁਝ ਮਸੀਹੀਆਂ ਨੇ ਉਸ ਦਾ ਸਾਥ ਛੱਡ ਦਿੱਤਾ। (2 ਤਿਮੋ. 1:8, 15; 2 ਤਿਮੋ. 2:8, 9) ਜ਼ਰਾ ਸੋਚੋ ਕਿ ਪੌਲੁਸ ʼਤੇ ਉਦੋਂ ਕੀ ਬੀਤੀ ਹੋਣੀ। ਉਸ ਨੇ ਬਹੁਤ ਸਾਰੀਆਂ ਦੁੱਖ-ਮੁਸੀਬਤਾਂ ਝੱਲੀਆਂ ਸਨ ਅਤੇ ਇੱਥੋਂ ਤਕ ਕਿ ਉਸ ਨੇ ਭੈਣਾਂ-ਭਰਾਵਾਂ ਦੀ ਖ਼ਾਤਰ ਆਪਣੀ ਜਾਨ ਵੀ ਖ਼ਤਰੇ ਵਿਚ ਪਾਈ ਸੀ। (ਰਸੂ. 20:18-21; 2 ਕੁਰਿੰ. 1:8) ਅਸੀਂ ਕਦੇ ਵੀ ਇਨ੍ਹਾਂ ਮਸੀਹੀਆਂ ਵਰਗੇ ਨਹੀਂ ਬਣਨਾ ਚਾਹੁੰਦੇ! ਇਸ ਲਈ ਜਦੋਂ ਸ਼ੈਤਾਨ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਸ਼ੈਤਾਨ ਇਹ ਸਭ ਇਸ ਕਰਕੇ ਕਰਦਾ ਹੈ ਤਾਂਕਿ ਇਹ ਭਰਾ ਯਹੋਵਾਹ ਦੇ ਵਫ਼ਾਦਾਰ ਨਾ ਰਹਿਣ ਅਤੇ ਸਾਡੇ ਮਨ ਵਿਚ ਵੀ ਡਰ ਬੈਠ ਜਾਵੇ। (1 ਪਤ. 5:8) ਵਫ਼ਾਦਾਰੀ ਨਾਲ ਆਪਣੇ ਭਰਾਵਾਂ ਦਾ ਸਾਥ ਦਿੰਦੇ ਰਹੋ ਅਤੇ ਉਨ੍ਹਾਂ ਦੀ ਮਦਦ ਕਰਦੇ ਰਹੋ।​—2 ਤਿਮੋ. 1:16-18. w22.11 16-17 ਪੈਰੇ 8-11

ਸ਼ੁੱਕਰਵਾਰ 22 ਨਵੰਬਰ

ਤੈਨੂੰ ਜ਼ਰਾ ਵੀ ਰੱਬ ਦਾ ਡਰ ਨਹੀਂ?​—ਲੂਕਾ 23:40.

ਲੱਗਦਾ ਹੈ ਕਿ ਜਿਸ ਅਪਰਾਧੀ ਨੂੰ ਯਿਸੂ ਨਾਲ ਟੰਗਿਆ ਗਿਆ ਸੀ, ਉਸ ਨੇ ਮਰਨ ਤੋਂ ਪਹਿਲਾਂ ਤੋਬਾ ਕੀਤੀ ਸੀ, ਉਹ ਇਕ ਯਹੂਦੀ ਸੀ। ਯਹੂਦੀ ਸਿਰਫ਼ ਇੱਕੋ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਪਰ ਹੋਰ ਕੌਮਾਂ ਦੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਮੰਨਦੇ ਸਨ। (ਕੂਚ 20:2, 3; 1 ਕੁਰਿੰ. 8:5, 6) ਜੇ ਉਹ ਅਪਰਾਧੀ ਕਿਸੇ ਹੋਰ ਕੌਮ ਵਿੱਚੋਂ ਹੁੰਦਾ, ਤਾਂ ਅੱਜ ਦੇ ਹਵਾਲੇ ਵਿਚ ਦਿੱਤੇ ਸਵਾਲ ਦੀ ਬਜਾਇ ਉਹ ਸ਼ਾਇਦ ਇਹ ਸਵਾਲ ਪੁੱਛਦਾ, “ਤੈਨੂੰ ਦੇਵੀ-ਦੇਵਤਿਆਂ ਦਾ ਜ਼ਰਾ ਵੀ ਡਰ ਨਹੀਂ ਹੈ?” ਇਸ ਤੋਂ ਇਲਾਵਾ, ਯਿਸੂ ਨੂੰ ਹੋਰ ਕੌਮਾਂ ਦੇ ਲੋਕਾਂ ਕੋਲ ਨਹੀਂ, ਸਗੋਂ “ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ” ਸੀ। (ਮੱਤੀ 15:24) ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦੱਸਿਆ ਸੀ ਕਿ ਉਹ ਮਰੇ ਹੋਇਆ ਨੂੰ ਜੀਉਂਦਾ ਕਰੇਗਾ। ਅਪਰਾਧੀ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਉਹ ਇਹ ਗੱਲ ਜਾਣਦਾ ਸੀ ਅਤੇ ਉਸ ਨੇ ਸੋਚਿਆ ਹੋਣਾ ਕਿ ਯਹੋਵਾਹ ਯਿਸੂ ਨੂੰ ਜੀਉਂਦਾ ਕਰ ਕੇ ਆਪਣੇ ਰਾਜ ਦਾ ਰਾਜਾ ਬਣਾਵੇਗਾ। ਉਸ ਨੂੰ ਇਹ ਵੀ ਉਮੀਦ ਸੀ ਕਿ ਯਹੋਵਾਹ ਉਸ ਨੂੰ ਵੀ ਜੀਉਂਦਾ ਕਰੇਗਾ। ਜੇ ਉਹ ਅਪਰਾਧੀ ਇਕ ਯਹੂਦੀ ਸੀ, ਤਾਂ ਹੋ ਸਕਦਾ ਹੈ ਕਿ ਉਹ ਆਦਮ ਤੇ ਹੱਵਾਹ ਬਾਰੇ ਜਾਣਦਾ ਹੋਣਾ। ਉਹ ਸ਼ਾਇਦ ਇਹ ਵੀ ਜਾਣਦਾ ਹੋਣਾ ਕਿ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਸੋਹਣੇ ਬਾਗ਼ ਵਿਚ ਰੱਖਿਆ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਯਿਸੂ ਨੇ ਉਸ ਨੂੰ ਲੂਕਾ 23:43 ਵਿਚ ਦਰਜ ਜ਼ਿੰਦਗੀ ਦੇ ਬਾਗ਼ ਬਾਰੇ ਦੱਸਿਆ, ਤਾਂ ਉਸ ਨੇ ਧਰਤੀ ʼਤੇ ਇਕ ਸੋਹਣੇ ਬਾਗ਼ ਬਾਰੇ ਹੀ ਸੋਚਿਆ ਹੋਣਾ।​—ਉਤ. 2:15. w22.12 8-9 ਪੈਰੇ 2-3

ਸ਼ਨੀਵਾਰ 23 ਨਵੰਬਰ

‘ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੋ।’​—ਰਸੂ. 1:14.

ਅਸੀਂ ਵੀ ਸਿਰਫ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਸਦਕਾ ਹੀ ਪ੍ਰਚਾਰ ਦਾ ਕੰਮ ਕਰ ਸਕਦੇ ਹਾਂ। ਕਿਉਂ? ਕਿਉਂਕਿ ਸ਼ੈਤਾਨ ਸਾਡਾ ਪ੍ਰਚਾਰ ਦਾ ਕੰਮ ਰੋਕਣ ਲਈ ਸਾਡੇ ਨਾਲ ਯੁੱਧ ਲੜਦਾ ਹੈ। (ਪ੍ਰਕਾ. 12:17) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਸਾਡਾ ਸ਼ੈਤਾਨ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ। ਪਰ ਅਸੀਂ ਪ੍ਰਚਾਰ ਦੇ ਕੰਮ ਰਾਹੀਂ ਉਸ ʼਤੇ ਜਿੱਤ ਹਾਸਲ ਕਰ ਸਕਦੇ ਹਾਂ! (ਪ੍ਰਕਾ. 12:9-11) ਉਹ ਕਿਵੇਂ? ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸ਼ੈਤਾਨ ਦੀਆਂ ਧਮਕੀਆਂ ਤੋਂ ਡਰਦੇ ਨਹੀਂ। ਹਰ ਵਾਰ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਸ਼ੈਤਾਨ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਸਾਡੇ ਨਾਲ ਹੈ ਅਤੇ ਸਾਡੇ ʼਤੇ ਉਸ ਦੀ ਮਿਹਰ ਹੈ। (ਮੱਤੀ 5:10-12; 1 ਪਤ. 4:14) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਪ੍ਰਚਾਰ ਕਰਦੇ ਰਹਿੰਦੇ ਹਾਂ। (2 ਕੁਰਿੰ. 4:7-9) ਤਾਂ ਫਿਰ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਂਦੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਹੈ ਅਤੇ ਭਰੋਸਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। w22.11 5 ਪੈਰੇ 10-11

ਐਤਵਾਰ 24 ਨਵੰਬਰ

ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਅਣਆਗਿਆਕਾਰ ਮਸੀਹੀਆਂ ਨੂੰ ਚੇਤਾਵਨੀ ਦਿਓ, ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।​—1 ਥੱਸ. 5:14.

ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਰਹੇ ਹੁੰਦੇ ਹਾਂ। ਅਸੀਂ ਯਹੋਵਾਹ ਦੀ ਮਿਸਾਲ ʼਤੇ ਚੱਲ ਕੇ ਦੂਜਿਆਂ ਨੂੰ ਮਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜ਼ਰਾ ਸੋਚੋ: ਜੇ ਯਹੋਵਾਹ ਨੇ ਸਾਡੇ ਪਾਪ ਮਾਫ਼ ਕਰਨ ਲਈ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ, ਤਾਂ ਕੀ ਸਾਨੂੰ ਵੀ ਸਾਡੇ ਖ਼ਿਲਾਫ਼ ਪਾਪ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਰਹਿਣਾ ਚਾਹੀਦਾ? ਅਸੀਂ ਕਦੇ ਵੀ ਯਿਸੂ ਦੀ ਮਿਸਾਲ ਵਿਚ ਦੱਸੇ ਦੁਸ਼ਟ ਨੌਕਰ ਵਰਗੇ ਨਹੀਂ ਬਣਨਾ ਚਾਹੁੰਦੇ। ਚਾਹੇ ਉਸ ਦੇ ਮਾਲਕ ਨੇ ਉਸ ਦਾ ਬਹੁਤ ਵੱਡਾ ਕਰਜ਼ਾ ਮਾਫ਼ ਕਰ ਦਿੱਤਾ ਸੀ, ਪਰ ਉਸ ਨੌਕਰ ਨੇ ਦੂਜੇ ਨੌਕਰ ਦਾ ਥੋੜ੍ਹਾ ਜਿਹਾ ਕਰਜ਼ਾ ਵੀ ਮਾਫ਼ ਨਹੀਂ ਕੀਤਾ। (ਮੱਤੀ 18:23-35) ਜੇ ਮੰਡਲੀ ਵਿਚ ਤੁਹਾਨੂੰ ਕਿਸੇ ਭੈਣ ਜਾਂ ਭਰਾ ਬਾਰੇ ਕੋਈ ਗ਼ਲਤਫ਼ਹਿਮੀ ਹੈ, ਤਾਂ ਕਿਉਂ ਨਾ ਮੈਮੋਰੀਅਲ ਤੋਂ ਪਹਿਲਾਂ ਤੁਸੀਂ ਪਹਿਲ ਕਰ ਕੇ ਉਸ ਨਾਲ ਸੁਲ੍ਹਾ ਕਰੋ। (ਮੱਤੀ 5:23, 24) ਇਸ ਤੋਂ ਸਾਫ਼ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ਅਤੇ ਯਿਸੂ ਨੂੰ ਬਹੁਤ ਪਿਆਰ ਕਰਦੇ ਹੋ। w23.01 29 ਪੈਰੇ 8-9

ਸੋਮਵਾਰ 25 ਨਵੰਬਰ

ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ।​—ਕਹਾ. 19:17.

ਭੈਣਾਂ-ਭਰਾਵਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹ ਜਾਣਨ ਲਈ ਤੁਸੀਂ ਉਨ੍ਹਾਂ ਨੂੰ ਕੁਝ ਸਵਾਲ ਪੁੱਛ ਸਕਦੇ ਹੋ। (ਕਹਾ. 20:5) ਪਰ ਉਨ੍ਹਾਂ ਤੋਂ ਕੋਈ ਅਜਿਹਾ ਸਵਾਲ ਨਾ ਪੁੱਛੋ ਜਿਸ ਕਰਕੇ ਉਹ ਸ਼ਰਮਿੰਦੇ ਹੋ ਜਾਣ। ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਨ੍ਹਾਂ ਕੋਲ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਹਨ। ਜਾਂ ਕਿਤੇ ਇੱਦਾਂ ਤਾਂ ਨਹੀਂ ਕਿ ਉਨ੍ਹਾਂ ਦਾ ਕੰਮ ਛੁੱਟਣ ਵਾਲਾ ਹੈ ਜਾਂ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਦੇ ਪੈਸੇ ਨਹੀਂ ਹਨ। ਜਾਂ ਜੇ ਸਰਕਾਰ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਕੋਈ ਪ੍ਰਬੰਧ ਕੀਤਾ ਹੈ, ਤਾਂ ਤੁਸੀਂ ਭੈਣਾਂ-ਭਰਾਵਾਂ ਨੂੰ ਪੁੱਛ ਸਕਦੇ ਹੋ ਕਿ ਉਸ ਤੋਂ ਫ਼ਾਇਦਾ ਲੈਣ ਲਈ ਉਨ੍ਹਾਂ ਨੂੰ ਕੋਈ ਮਦਦ ਤਾਂ ਨਹੀਂ ਚਾਹੀਦੀ। ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਦੀ ਮਦਦ ਕਰੀਏ ਤੇ ਉਨ੍ਹਾਂ ਨੂੰ ਹੌਸਲਾ ਦੇਈਏ। (ਗਲਾ. 6:10) ਜੇ ਕੋਈ ਭੈਣ-ਭਰਾ ਬੀਮਾਰ ਹੈ, ਤਾਂ ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ? ਛੋਟੇ ਬੱਚੇ ਕਿਸੇ ਬੀਮਾਰ ਭੈਣ ਜਾਂ ਭਰਾ ਲਈ ਕਾਰਡ ਜਾਂ ਡਰਾਇੰਗ ਬਣਾ ਸਕਦੇ ਹਨ। ਜਵਾਨ ਭੈਣ-ਭਰਾ ਉਨ੍ਹਾਂ ਲਈ ਖ਼ਰੀਦਾਰੀ ਕਰ ਸਕਦੇ ਹਨ ਜਾਂ ਕਿਸੇ ਹੋਰ ਕੰਮ ਵਿਚ ਉਨ੍ਹਾਂ ਦਾ ਹੱਥ ਵਟਾ ਸਕਦੇ ਹਨ। ਜਾਂ ਫਿਰ ਭੈਣ-ਭਰਾ ਉਨ੍ਹਾਂ ਲਈ ਖਾਣਾ ਬਣਾ ਸਕਦੇ ਹਨ ਕੁਝ ਭੈਣ-ਭਰਾ ਬਜ਼ੁਰਗਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਮੈਸਿਜ ਜਾਂ ਕਾਰਡ ਭੇਜਦੇ ਹਨ। ਇਹ ਕਿੰਨਾ ਵਧੀਆ ਹੈ ਕਿ ਅਸੀਂ ‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੀਏ।’​—1 ਥੱਸ. 5:11. w22.12 22 ਪੈਰਾ 2; 23 ਪੈਰੇ 5, 6

ਮੰਗਲਵਾਰ 26 ਨਵੰਬਰ

ਤੁਹਾਡੀ ਸੋਚ ਬਹੁਤ ਹੀ ਗ਼ਲਤ ਹੈ।​—ਮਰ. 12:27.

ਸਦੂਕੀ ਇਬਰਾਨੀ ਲਿਖਤਾਂ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਚੰਗੀ ਤਰ੍ਹਾਂ ਜਾਣਦੇ ਤਾਂ ਸਨ, ਪਰ ਉਹ ਇਨ੍ਹਾਂ ਕਿਤਾਬਾਂ ਵਿਚ ਦਰਜ ਅਹਿਮ ਸੱਚਾਈਆਂ ਨੂੰ ਕਬੂਲ ਨਹੀਂ ਕਰਦੇ ਸਨ। ਉਦਾਹਰਣ ਲਈ, ਜ਼ਰਾ ਗੌਰ ਕਰੋ ਕਿ ਜਦੋਂ ਸਦੂਕੀਆਂ ਨੇ ਯਿਸੂ ਨੂੰ ਮੁਰਦਿਆਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਸਵਾਲ ਪੁੱਛੇ, ਤਾਂ ਯਿਸੂ ਨੇ ਕੀ ਕਿਹਾ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਮੂਸਾ ਦੀ ਕਿਤਾਬ ਵਿਚਲੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਜਦੋਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਸੀ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?” (ਮਰ. 12:18, 26) ਚਾਹੇ ਕਿ ਸਦੂਕੀਆਂ ਨੇ ਇਸ ਬਾਰੇ ਕਈ ਵਾਰ ਪੜ੍ਹਿਆ ਹੋਣਾ, ਪਰ ਯਿਸੂ ਦੇ ਸਵਾਲ ਤੋਂ ਪਤਾ ਲੱਗਾ ਕਿ ਉਹ ਮੁਰਦਿਆਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਅਹਿਮ ਸੱਚਾਈ ਨੂੰ ਕਬੂਲ ਨਹੀਂ ਕਰਦੇ ਸਨ। (ਲੂਕਾ 20:38) ਅਸੀਂ ਕੀ ਸਿੱਖਿਆ? ਬਾਈਬਲ ਪੜ੍ਹਦਿਆਂ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਸੇ ਆਇਤ ਜਾਂ ਬਿਰਤਾਂਤ ਤੋਂ ਕਿਹੜੀ ਗੱਲ ਸਿੱਖ ਸਕਦੇ ਹਾਂ। ਸਾਨੂੰ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਵੱਲ ਹੀ ਨਹੀਂ, ਸਗੋਂ ਡੂੰਘੀਆਂ ਸੱਚਾਈਆਂ ਅਤੇ ਅਸੂਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। w23.02 11 ਪੈਰੇ 9-10

ਬੁੱਧਵਾਰ 27 ਨਵੰਬਰ

ਸਾਨੂੰ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਘੇਰਿਆ ਹੋਇਆ ਹੈ।​—ਇਬ. 12:1.

ਅੱਜ ਦੇ ਹਵਾਲੇ ਵਿਚ ਜ਼ਿਕਰ ਕੀਤੇ ਗਵਾਹਾਂ ਨੂੰ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਸਹਿਣੀਆਂ ਪਈਆਂ, ਪਰ ਫਿਰ ਵੀ ਉਹ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹੇ। (ਇਬ. 11:36-40) ਉਨ੍ਹਾਂ ਨੇ ਜੋ ਧੀਰਜ ਰੱਖਿਆ ਅਤੇ ਸਖ਼ਤ ਮਿਹਨਤ ਕੀਤੀ, ਕੀ ਉਹ ਸਭ ਕੁਝ ਬੇਕਾਰ ਗਿਆ? ਬਿਲਕੁਲ ਨਹੀਂ! ਚਾਹੇ ਉਨ੍ਹਾਂ ਨੇ ਜੀਉਂਦੇ-ਜੀ ਯਹੋਵਾਹ ਦੇ ਵਾਅਦੇ ਪੂਰੇ ਹੁੰਦੇ ਨਹੀਂ ਦੇਖੇ, ਪਰ ਫਿਰ ਵੀ ਉਨ੍ਹਾਂ ਨੇ ਯਹੋਵਾਹ ʼਤੇ ਉਮੀਦ ਲਾਈ ਰੱਖੀ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਸੀ, ਇਸ ਕਰਕੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੁੰਦੇ ਦੇਖਣਗੇ। (ਇਬ. 11:4, 5) ਉਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਵੀ ਯਹੋਵਾਹ ʼਤੇ ਉਮੀਦ ਲਾਈ ਰੱਖੀਏ। ਅੱਜ ਦੁਨੀਆਂ ਦੇ ਲੋਕ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। (2 ਤਿਮੋ. 3:13) ਨਾਲੇ ਸ਼ੈਤਾਨ ਨੇ ਵੀ ਪਰਮੇਸ਼ੁਰ ਦੀ ਸੇਵਕਾਂ ਨੂੰ ਪਰਖਣਾ ਨਹੀਂ ਛੱਡਿਆ ਹੈ। ਫਿਰ ਵੀ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਚਾਹੇ ਸਾਨੂੰ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ ਅਤੇ “ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ” ਰੱਖਾਂਗੇ।​—1 ਤਿਮੋ. 4:10. w22.06 25 ਪੈਰੇ 17-18

ਵੀਰਵਾਰ 28 ਨਵੰਬਰ

‘ਕੀ ਫ਼ਾਇਦਾ ਜੇ ਮੈਂ ਮਰ ਗਿਆ? ਕੀ ਮਿੱਟੀ ਤੇਰੀ ਮਹਿਮਾ ਕਰੇਗੀ?’​—ਜ਼ਬੂ. 30:9.

ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਇਕ ਕਾਰਨ ਇਹ ਹੈ ਕਿ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। (ਮਰ. 12:30) ਅਸੀਂ ਹਰ ਉਸ ਚੀਜ਼ ਤੋਂ ਦੂਰ ਰਹਿੰਦੇ ਹਾਂ ਜਿਸ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। (ਰੋਮੀ. 12:1) ਇਹ ਤਾਂ ਸੱਚ ਹੈ ਕਿ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਦੀ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਅਸੀਂ ਕਦੇ-ਨਾ-ਕਦੇ ਬੀਮਾਰ ਹੋ ਹੀ ਜਾਂਦੇ ਹਾਂ। ਪਰ ਜਦੋਂ ਅਸੀਂ ਚੰਗੀ ਤਰ੍ਹਾਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਿੰਨੀ ਕਦਰ ਕਰਦੇ ਹਾਂ! ਬੀਮਾਰੀ ਅਤੇ ਬੁਢਾਪੇ ਕਰਕੇ ਸ਼ਾਇਦ ਅਸੀਂ ਉਹ ਸਾਰੇ ਕੰਮ ਨਾ ਕਰ ਸਕੀਏ ਜੋ ਅਸੀਂ ਪਹਿਲਾਂ ਕਰਦੇ ਸੀ। ਇਸ ਕਰਕੇ ਹੋ ਸਕਦਾ ਹੈ ਕਿ ਸਾਨੂੰ ਆਪਣੇ ਆਪ ʼਤੇ ਗੁੱਸਾ ਆਵੇ ਅਤੇ ਅਸੀਂ ਦੁਖੀ ਹੋ ਜਾਈਏ। ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਸਾਨੂੰ ਆਪਣੀ ਸਿਹਤ ਦਾ ਪੂਰਾ-ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਕਿਉਂ? ਕਿਉਂਕਿ ਚਾਹੇ ਅਸੀਂ ਸਿਆਣੀ ਉਮਰ ਦੇ ਹੋਈਏ ਜਾਂ ਬੀਮਾਰ ਹੋਈਏ, ਫਿਰ ਵੀ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਰਹਿ ਸਕਦੇ ਹਾਂ ਜਿਸ ਤਰ੍ਹਾਂ ਰਾਜਾ ਦਾਊਦ ਨੇ ਕੀਤੀ ਸੀ। ਇਹ ਗੱਲ ਸਾਡੇ ਦਿਲ ਨੂੰ ਛੂਹ ਜਾਂਦੀ ਹੈ ਕਿ ਬੀਮਾਰੀ ਦੀ ਹਾਲਤ ਜਾਂ ਸਿਆਣੀ ਉਮਰ ਵਿਚ ਵੀ ਯਹੋਵਾਹ ਸਾਨੂੰ ਪਹਿਲਾਂ ਜਿੰਨਾ ਹੀ ਅਨਮੋਲ ਸਮਝਦਾ ਹੈ! (ਮੱਤੀ 10:29-31) ਇੱਥੋਂ ਤਕ ਕਿ ਜੇ ਸਾਡੀ ਮੌਤ ਹੋ ਜਾਵੇ, ਤਾਂ ਵੀ ਯਹੋਵਾਹ ਸਾਨੂੰ ਜੀਉਂਦਾ ਕਰ ਦੇਵੇਗਾ। ਉਹ ਇਸ ਤਰ੍ਹਾਂ ਕਰਨ ਲਈ ਤਰਸਦਾ ਹੈ! (ਅੱਯੂ. 14:14, 15) ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਦ ਤਕ ਅਸੀਂ ਜੀਉਂਦੇ ਹਾਂ, ਉਦੋਂ ਤਕ ਅਸੀਂ ਆਪਣੀ ਸਿਹਤ ਦਾ ਪੂਰਾ ਖ਼ਿਆਲ ਰੱਖੀਏ ਅਤੇ ਆਪਣੀ ਜਾਨ ਦੀ ਹਿਫਾਜ਼ਤ ਕਰੀਏ। w23.02 20-21 ਪੈਰੇ 3-5

ਸ਼ੁੱਕਰਵਾਰ 29 ਨਵੰਬਰ

ਜਿਹੜਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ।​—ਮਰ. 3:29.

ਹੋਰ ਭੇਡਾਂ ਦੇ ਨਾਂ ਆਰਮਾਗੇਡਨ ਵਿੱਚੋਂ ਬਚਣ ਤੋਂ ਬਾਅਦ ਵੀ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹੋਣਗੇ? ਹਾਂਜੀ, ਬਿਲਕੁਲ ਲਿਖੇ ਹੋਣਗੇ। (ਪ੍ਰਕਾ. 7:14) ਯਿਸੂ ਨੇ ਕਿਹਾ ਸੀ ਕਿ ਇਹ ਭੇਡਾਂ ਵਰਗੇ ਲੋਕ “ਹਮੇਸ਼ਾ ਦੀ ਜ਼ਿੰਦਗੀ” ਪਾਉਣਗੇ। (ਮੱਤੀ 25:46) ਪਰ ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਲੋਕਾਂ ਨੂੰ ਉਦੋਂ ਹੀ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। ਹਜ਼ਾਰ ਸਾਲ ਦੌਰਾਨ ਯਿਸੂ “ਉਨ੍ਹਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ ਲੈ ਜਾਵੇਗਾ।” ਜਿਹੜੇ ਲੋਕ ਮਸੀਹ ਦੀ ਅਗਵਾਈ ਅਧੀਨ ਚੱਲਣਗੇ ਅਤੇ ਆਖ਼ਰੀ ਪਰੀਖਿਆ ਦੌਰਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਗੇ, ਉਨ੍ਹਾਂ ਦੇ ਨਾਂ ਹੀ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਲਿਖੇ ਜਾਣਗੇ। (ਪ੍ਰਕਾ. 7:16, 17) ਪਰ ਬੱਕਰੀਆਂ ਵਰਗੇ ਲੋਕ ਨੂੰ ਆਰਮਾਗੇਡਨ ਵਿਚ ਨਾਸ਼ ਕਰ ਦਿੱਤਾ ਜਾਵੇਗਾ। ਯਿਸੂ ਨੇ ਕਿਹਾ ਸੀ ਕਿ ਉਹ “ਹਮੇਸ਼ਾ ਲਈ ਖ਼ਤਮ ਹੋ ਜਾਣਗੇ।” (ਮੱਤੀ 25:46) ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਵੀ ਕਿਹਾ ਕਿ “ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ” ਦਿੱਤਾ ਜਾਵੇਗਾ।​—2 ਥੱਸ. 1:9; 2 ਪਤ. 2:9. w22.09 16 ਪੈਰੇ 7-8

ਸ਼ਨੀਵਾਰ 30 ਨਵੰਬਰ

ਹਰ ਚੀਜ਼ ਦਾ ਇਕ ਸਮਾਂ ਹੈ।​—ਉਪ. 3:1.

ਜਦੋਂ ਪਰਿਵਾਰ ਵਿਚ ਸਾਰੇ ਜਣੇ ਮਿਲ ਕੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦੇਖਦੇ ਹਨ ਅਤੇ ਉਨ੍ਹਾਂ ਦਾ ਮਜ਼ਾ ਲੈਂਦੇ ਹਨ, ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੈ। ਨਾਲੇ ਸਾਰੇ ਇਕ-ਦੂਜੇ ਦੇ ਹੋਰ ਵੀ ਨੇੜੇ ਆਉਂਦੇ ਹਨ। ਯਹੋਵਾਹ ਨੇ ਅਜਿਹੀਆਂ ਬਹੁਤ ਸਾਰੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਜਿਵੇਂ ਕਿ ਪਹਾੜ, ਸਮੁੰਦਰ ਅਤੇ ਜੰਗਲ। ਕਈ ਪਰਿਵਾਰਾਂ ਨੂੰ ਅਜਿਹੀਆਂ ਥਾਵਾਂ ʼਤੇ ਜਾ ਕੇ ਸਮਾਂ ਬਿਤਾਉਣਾ ਬਹੁਤ ਵਧੀਆ ਲੱਗਦਾ ਹੈ। ਨਵੀਂ ਦੁਨੀਆਂ ਵਿਚ ਮਾਪੇ ਅਤੇ ਬੱਚੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਹੋਰ ਵੀ ਜ਼ਿਆਦਾ ਮਜ਼ਾ ਲੈਣਗੇ। ਉਦੋਂ ਨਾ ਤਾਂ ਅਸੀਂ ਜਾਨਵਰਾਂ ਤੋਂ ਡਰਾਂਗੇ ਅਤੇ ਨਾ ਹੀ ਉਹ ਸਾਡੇ ਤੋਂ ਡਰਨਗੇ। (ਯਸਾ. 11:6-9) ਉਸ ਵੇਲੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖਣ ਅਤੇ ਉਨ੍ਹਾਂ ਦਾ ਮਜ਼ਾ ਲੈਣ ਲਈ ਸਾਡੇ ਕੋਲ ਖੁੱਲ੍ਹਾ ਸਮਾਂ ਹੋਵੇਗਾ। (ਜ਼ਬੂ. 22:26) ਪਰ ਮਾਪਿਓ ਉਸ ਸਮੇਂ ਤਕ ਇੰਤਜ਼ਾਰ ਨਾ ਕਰੋ, ਸਗੋਂ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਸਿਖਾਓ ਕਿ ਉਹ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲੈਣ। ਨਾਲੇ ਉਨ੍ਹਾਂ ਚੀਜ਼ਾਂ ਤੋਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ। ਫਿਰ ਉਹ ਵੀ ਰਾਜਾ ਦਾਊਦ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਣਗੇ: “ਤੇਰੇ ਵਰਗੇ ਕੰਮ ਕੋਈ ਨਹੀਂ ਕਰ ਸਕਦਾ।”​—ਜ਼ਬੂ. 86:8. w23.03 25 ਪੈਰੇ 16-17

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ