ਜੂਨ
ਐਤਵਾਰ 1 ਜੂਨ
ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।—ਰਸੂ. 14:22.
ਯਹੋਵਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਬਰਕਤਾਂ ਦਿੱਤੀਆਂ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਢਾਲ਼ਿਆ ਸੀ। ਉਨ੍ਹਾਂ ʼਤੇ ਅਕਸਰ ਜ਼ੁਲਮ ਕੀਤੇ ਜਾਂਦੇ ਸਨ। ਕਈ ਵਾਰ ਅਜਿਹੇ ਮੌਕਿਆਂ ʼਤੇ ਜਦੋਂ ਉਨ੍ਹਾਂ ਨੇ ਉਮੀਦ ਵੀ ਨਹੀਂ ਕੀਤੀ ਹੁੰਦੀ ਸੀ। ਧਿਆਨ ਦਿਓ ਕਿ ਜਦੋਂ ਪੌਲੁਸ ਅਤੇ ਬਰਨਬਾਸ ਲੁਸਤ੍ਰਾ ਵਿਚ ਪ੍ਰਚਾਰ ਕਰ ਰਹੇ ਸਨ, ਤਾਂ ਉਨ੍ਹਾਂ ਨਾਲ ਕੀ ਹੋਇਆ। ਪਹਿਲਾਂ ਤਾਂ ਲੋਕਾਂ ਨੇ ਉਨ੍ਹਾਂ ਦਾ ਬੜੇ ਪਿਆਰ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ। ਪਰ ਬਾਅਦ ਵਿਚ ਵਿਰੋਧੀ ਉੱਥੇ ਆਏ ਅਤੇ ਉਨ੍ਹਾਂ ਨੇ “ਭੀੜ ਨੂੰ ਭੜਕਾ ਕੇ ਆਪਣੇ ਮਗਰ ਲਾ ਲਿਆ।” ਫਿਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਪੌਲੁਸ ਅਤੇ ਬਰਨਬਾਸ ਦਾ ਸੁਆਗਤ ਕੀਤਾ ਸੀ, ਉਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਮਰਿਆ ਸਮਝ ਕੇ ਛੱਡ ਕੇ ਚਲੇ ਗਏ। (ਰਸੂ. 14:19) ਫਿਰ ਪੌਲੁਸ ਅਤੇ ਬਰਨਬਾਸ ਨੇ ਕੀ ਕੀਤਾ? ਉਹ ਹੋਰ ਥਾਵਾਂ ʼਤੇ ਜਾ ਕੇ ਪ੍ਰਚਾਰ ਕਰਦੇ ਰਹੇ। ਇਸ ਦਾ ਕੀ ਨਤੀਜਾ ਨਿਕਲਿਆ? ਉਹ “ਬਹੁਤ ਸਾਰੇ ਚੇਲੇ ਬਣਾ” ਸਕੇ ਅਤੇ ਉਨ੍ਹਾਂ ਦੀਆਂ ਗੱਲਾਂ ਅਤੇ ਮਿਸਾਲਾਂ ਤੋਂ ਹੋਰ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਹੋਈ। (ਰਸੂ. 14:21, 22) ਅਚਾਨਕ ਜ਼ੁਲਮ ਹੋਣ ʼਤੇ ਪੌਲੁਸ ਅਤੇ ਬਰਨਬਾਸ ਨੇ ਹਾਰ ਨਹੀਂ ਮੰਨੀ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੋਇਆ। ਜੇ ਅਸੀਂ ਵੀ ਹਾਰ ਨਾ ਮੰਨੀਏ ਅਤੇ ਯਹੋਵਾਹ ਵੱਲੋਂ ਦਿੱਤੇ ਕੰਮ ਵਿਚ ਲੱਗੇ ਰਹੀਏ, ਤਾਂ ਉਹ ਸਾਨੂੰ ਵੀ ਬਰਕਤਾਂ ਦੇਵੇਗਾ। w23.04 16-17 ਪੈਰੇ 13-14
ਸੋਮਵਾਰ 2 ਜੂਨ
ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ; ਮੇਰੀ ਦੁਹਾਈ ਵੱਲ ਧਿਆਨ ਦੇ ਅਤੇ ਮੇਰੀ ਮਦਦ ਕਰ। ਮੈਂ ਬਿਪਤਾ ਦੇ ਵੇਲੇ ਤੈਨੂੰ ਪੁਕਾਰਦਾ ਹਾਂ, ਤੂੰ ਮੈਨੂੰ ਜ਼ਰੂਰ ਜਵਾਬ ਦੇਵੇਂਗਾ।—ਜ਼ਬੂ. 86:6, 7.
ਰਾਜਾ ਦਾਊਦ ਨੇ ਆਪਣੀ ਪੂਰੀ ਜ਼ਿੰਦਗੀ ਬਹੁਤ ਸਾਰੇ ਖ਼ਤਰਨਾਕ ਦੁਸ਼ਮਣਾਂ ਦਾ ਸਾਮ੍ਹਣਾ ਕੀਤਾ। ਇਸ ਲਈ ਉਹ ਅਕਸਰ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ। ਦਾਊਦ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਅਤੇ ਉਨ੍ਹਾਂ ਦਾ ਜਵਾਬ ਦਿੱਤਾ। ਦਾਊਦ ਵਾਂਗ ਅਸੀਂ ਵੀ ਇਹੀ ਭਰੋਸਾ ਰੱਖ ਸਕਦੇ ਹਾਂ। ਬਾਈਬਲ ਪੜ੍ਹ ਕੇ ਸਾਨੂੰ ਯਕੀਨ ਹੁੰਦਾ ਹੈ ਕਿ ਯਹੋਵਾਹ ਸਾਨੂੰ ਵੀ ਬੁੱਧ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇ ਸਕਦਾ ਹੈ। ਉਹ ਭੈਣਾਂ-ਭਰਾਵਾਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ ਜਾਂ ਉਨ੍ਹਾਂ ਰਾਹੀਂ ਵੀ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ। ਸ਼ਾਇਦ ਯਹੋਵਾਹ ਹਰ ਵਾਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਦਾਂ ਨਾ ਦੇਵੇ ਜਿੱਦਾਂ ਅਸੀਂ ਉਮੀਦ ਕੀਤੀ ਹੋਵੇ। ਪਰ ਅਸੀਂ ਜਾਣਦੇ ਹਾਂ ਕਿ ਉਹ ਜਵਾਬ ਜ਼ਰੂਰ ਦੇਵੇਗਾ। ਉਹ ਜਾਣਦਾ ਹੈ ਕਿ ਸਾਨੂੰ ਕਦੋਂ ਕਿਸ ਚੀਜ਼ ਦੀ ਲੋੜ ਹੈ ਅਤੇ ਸਹੀ ਸਮੇਂ ʼਤੇ ਉਹ ਸਾਨੂੰ ਉਹੀ ਦੇਵੇਗਾ। ਇਸ ਲਈ ਨਿਹਚਾ ਰੱਖਦੇ ਹੋਏ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ ਅਤੇ ਭਰੋਸਾ ਰੱਖੋ ਕਿ ਉਹ ਅੱਜ ਵੀ ਤੁਹਾਡਾ ਖ਼ਿਆਲ ਰੱਖੇਗਾ। ਨਾਲੇ ਨਵੀਂ ਦੁਨੀਆਂ ਵਿਚ ਉਹ ਸਾਰੇ “ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ” ਕਰੇਗਾ।—ਜ਼ਬੂ. 145:16. w23.05 8 ਪੈਰਾ 4; 13 ਪੈਰੇ 17-18
ਮੰਗਲਵਾਰ 3 ਜੂਨ
ਯਹੋਵਾਹ ਨੇ ਮੇਰੇ ʼਤੇ ਜੋ ਉਪਕਾਰ ਕੀਤੇ ਹਨ, ਉਨ੍ਹਾਂ ਦੇ ਬਦਲੇ ਮੈਂ ਉਸ ਨੂੰ ਕੀ ਦਿਆਂ? —ਜ਼ਬੂ. 116:12.
ਇਸ ਗੱਲ ʼਤੇ ਧਿਆਨ ਲਾਓ ਕਿ ਟੀਚੇ ਹਾਸਲ ਕਰਨ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। ਤੁਸੀਂ ਕਿਹੜੀਆਂ ਬਰਕਤਾਂ ʼਤੇ ਧਿਆਨ ਲਾ ਸਕਦੇ ਹੋ? ਜੇ ਤੁਹਾਡਾ ਟੀਚਾ ਬਾਈਬਲ ਪੜ੍ਹਨ ਜਾਂ ਪ੍ਰਾਰਥਨਾ ਕਰਨ ਦਾ ਹੈ, ਤਾਂ ਸੋਚੋ ਕਿ ਇਸ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਮਜ਼ਬੂਤ ਹੋਵੇਗਾ। (ਜ਼ਬੂ. 145:18, 19) ਨਾਲੇ ਜੇ ਤੁਹਾਡਾ ਟੀਚਾ ਕੋਈ ਗੁਣ ਪੈਦਾ ਕਰਨ ਦਾ ਹੈ, ਤਾਂ ਸੋਚੋ ਕਿ ਇਸ ਕਰਕੇ ਤੁਹਾਡਾ ਦੂਜਿਆਂ ਨਾਲ ਰਿਸ਼ਤਾ ਹੋਰ ਵੀ ਵਧੀਆ ਹੋਵੇਗਾ। (ਕੁਲੁ. 3:14) ਇਕ ਲਿਸਟ ਬਣਾਓ ਕਿ ਤੁਸੀਂ ਕੋਈ ਟੀਚਾ ਕਿਉਂ ਹਾਸਲ ਕਰਨਾ ਚਾਹੁੰਦੇ ਹੋ। ਫਿਰ ਸਮੇਂ-ਸਮੇਂ ʼਤੇ ਉਹ ਲਿਸਟ ਦੇਖੋ। ਨਾਲੇ ਉਨ੍ਹਾਂ ਨਾਲ ਸਮਾਂ ਬਿਤਾਓ ਜੋ ਤੁਹਾਨੂੰ ਟੀਚਾ ਹਾਸਲ ਕਰਨ ਦੀ ਹੱਲਾਸ਼ੇਰੀ ਦੇਣਗੇ। (ਕਹਾ. 13:20) ਇਹ ਸੱਚ ਹੈ ਕਿ ਕਈ ਦਿਨ ਇੱਦਾਂ ਦੇ ਹੁੰਦੇ ਹਨ ਜਦੋਂ ਸਾਡਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਆਪਣੇ ਟੀਚੇ ਹਾਸਲ ਕਰ ਹੀ ਨਹੀਂ ਸਕਦੇ? ਨਹੀਂ। ਜਦੋਂ ਸਾਡੇ ਵਿਚ ਇੱਛਾ ਨਹੀਂ ਹੁੰਦੀ, ਤਾਂ ਵੀ ਅਸੀਂ ਆਪਣੇ ਟੀਚੇ ਹਾਸਲ ਕਰਨ ਲਈ ਮਿਹਨਤ ਕਰ ਸਕਦੇ ਹਾਂ। ਭਾਵੇਂ ਕਿ ਆਪਣੀ ਮੰਜ਼ਲ ʼਤੇ ਪਹੁੰਚਣ ਲਈ ਸਾਨੂੰ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣ ਦੀ ਲੋੜ ਹੈ, ਪਰ ਜਦੋਂ ਅਸੀਂ ਆਪਣੀ ਮੰਜ਼ਲ ʼਤੇ ਪਹੁੰਚਾਂਗੇ, ਤਾਂ ਸਾਨੂੰ ਖ਼ੁਸ਼ੀ ਹੋਵੇਗੀ। w23.05 27-28 ਪੈਰੇ 5-8
ਬੁੱਧਵਾਰ 4 ਜੂਨ
ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।—ਗਲਾ. 6:7.
ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੇ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰ ਹਾਂ, ਤਾਂ ਅਸੀਂ ਪ੍ਰੇਰਿਤ ਹੁੰਦੇ ਹਾਂ ਕਿ ਅਸੀਂ ਆਪਣੇ ਪਾਪ ਕਬੂਲ ਕਰੀਏ, ਆਪਣੀਆਂ ਗ਼ਲਤੀਆਂ ਸੁਧਾਰੀਏ ਅਤੇ ਉਨ੍ਹਾਂ ਨੂੰ ਦੁਹਰਾਉਣ ਤੋਂ ਪਰਹੇਜ਼ ਕਰੀਏ। ਇਸ ਤਰ੍ਹਾਂ ਕਰ ਕੇ ਅਸੀਂ ਜ਼ਿੰਦਗੀ ਦੀ ਦੌੜ ਦੌੜਦੇ ਰਹਿ ਸਕਦੇ ਹਾਂ। ਜੇ ਤੁਹਾਡੇ ਤੋਂ ਕੋਈ ਗ਼ਲਤ ਫ਼ੈਸਲਾ ਹੋ ਗਿਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਆਪਣੇ ਗ਼ਲਤ ਫ਼ੈਸਲੇ ਦੀ ਸਫ਼ਾਈ ਪੇਸ਼ ਕਰਨ ਅਤੇ ਖ਼ੁਦ ਨੂੰ ਜਾਂ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਵਿਚ ਆਪਣਾ ਸਮਾਂ ਤੇ ਤਾਕਤ ਬਰਬਾਦ ਨਾ ਕਰੋ। ਇਸ ਦੀ ਬਜਾਇ, ਆਪਣੀਆਂ ਗ਼ਲਤੀਆਂ ਮੰਨੋ ਅਤੇ ਹੁਣ ਤੁਸੀਂ ਜੋ ਕਰ ਸਕਦੇ ਹੋ, ਉਹ ਕਰਨ ਵਿਚ ਪੂਰੀ ਵਾਹ ਲਾਓ। ਜੇ ਤੁਸੀਂ ਕਿਸੇ ਗ਼ਲਤੀ ਕਰਕੇ ਦੋਸ਼ੀ ਮਹਿਸੂਸ ਕਰ ਰਹੇ ਹੋ, ਤਾਂ ਨਿਮਰਤਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰੋ, ਆਪਣੀ ਗ਼ਲਤੀ ਮੰਨੋ ਅਤੇ ਉਸ ਤੋਂ ਮਾਫ਼ੀ ਮੰਗੋ। (ਜ਼ਬੂ. 25:11; 51:3, 4) ਨਾਲੇ ਉਨ੍ਹਾਂ ਤੋਂ ਵੀ ਮਾਫ਼ੀ ਮੰਗੋ ਜਿਨ੍ਹਾਂ ਦਾ ਸ਼ਾਇਦ ਤੁਸੀਂ ਦਿਲ ਦੁਖਾਇਆ ਹੈ। ਨਾਲੇ ਲੋੜ ਪੈਣ ਤੇ ਬਜ਼ੁਰਗਾਂ ਤੋਂ ਮਦਦ ਲਓ। (ਯਾਕੂ. 5:14, 15) ਆਪਣੀਆਂ ਗ਼ਲਤੀਆਂ ਤੋਂ ਸਿੱਖੋ ਅਤੇ ਉਨ੍ਹਾਂ ਨੂੰ ਦੁਹਰਾਉਣ ਤੋਂ ਬਚੋ। ਇਸ ਤਰ੍ਹਾਂ ਕਰ ਕੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ʼਤੇ ਦਇਆ ਕਰੇਗਾ ਅਤੇ ਹਰ ਤਰੀਕੇ ਨਾਲ ਤੁਹਾਡੀ ਮਦਦ ਕਰੇਗਾ।—ਜ਼ਬੂ. 103:8-13. w23.08 28-29 ਪੈਰੇ 8-9
ਵੀਰਵਾਰ 5 ਜੂਨ
ਜਦੋਂ ਤਕ ਯਹੋਯਾਦਾ ਪੁਜਾਰੀ ਯਹੋਆਸ਼ ਨੂੰ ਸਿੱਖਿਆ ਦਿੰਦਾ ਰਿਹਾ, ਉਨ੍ਹਾਂ ਸਾਰੇ ਦਿਨਾਂ ਦੌਰਾਨ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।—2 ਰਾਜ. 12:2.
ਰਾਜਾ ਯਹੋਆਸ਼ ʼਤੇ ਯਹੋਯਾਦਾ ਦਾ ਚੰਗਾ ਅਸਰ ਪਿਆ ਸੀ। ਇਸ ਦਾ ਕੀ ਨਤੀਜਾ ਨਿਕਲਿਆ? ਜਦੋਂ ਰਾਜਾ ਛੋਟੀ ਉਮਰ ਦਾ ਸੀ, ਤਾਂ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਪਰ ਯਹੋਯਾਦਾ ਦੀ ਮੌਤ ਤੋਂ ਬਾਅਦ ਯਹੋਆਸ਼ ਧਰਮ-ਤਿਆਗੀ ਹਾਕਮਾਂ ਦੀ ਗੱਲ ਸੁਣਨ ਲੱਗ ਪਿਆ। (2 ਇਤਿ. 24:4, 17, 18) ਭਾਵੇਂ ਕਿ ਇਸ ਕਰਕੇ ਯਹੋਵਾਹ ਬਹੁਤ ਦੁਖੀ ਹੋਇਆ, ਫਿਰ ਵੀ “ਯਹੋਵਾਹ ਉਨ੍ਹਾਂ ਕੋਲ ਨਬੀਆਂ ਨੂੰ ਘੱਲਦਾ ਰਿਹਾ ਤਾਂਕਿ ਉਹ ਉਨ੍ਹਾਂ ਨੂੰ ਆਪਣੇ ਕੋਲ ਮੋੜ ਲਿਆਵੇ . . . , ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।” ਉਨ੍ਹਾਂ ਨੇ ਯਹੋਯਾਦਾ ਦੇ ਪੁੱਤਰ ਜ਼ਕਰਯਾਹ ਦੀ ਵੀ ਨਾ ਸੁਣੀ। ਜ਼ਕਰਯਾਹ ਨਾ ਸਿਰਫ਼ ਯਹੋਵਾਹ ਦਾ ਨਬੀ ਅਤੇ ਪੁਜਾਰੀ ਸੀ, ਸਗੋਂ ਉਹ ਰਾਜਾ ਯਹੋਆਸ਼ ਦੀ ਭੂਆ ਦਾ ਮੁੰਡਾ ਵੀ ਸੀ। ਫਿਰ ਵੀ, ਰਾਜਾ ਯਹੋਆਸ਼ ਨੇ ਜ਼ਕਰਯਾਹ ਨੂੰ ਮਰਵਾ ਦਿੱਤਾ। (2 ਇਤਿ. 22:11; 24:19-22) ਯਹੋਆਸ਼ ਨੇ ਆਪਣੇ ਮਨ ਵਿਚ ਯਹੋਵਾਹ ਦਾ ਡਰ ਬਣਾਈ ਨਹੀਂ ਰੱਖਿਆ। ਯਹੋਵਾਹ ਨੇ ਕਿਹਾ ਸੀ: “ਜੋ ਮੈਨੂੰ ਤੁੱਛ ਸਮਝਦੇ ਹਨ, ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇਗੀ।” (1 ਸਮੂ. 2:30) ਯਹੋਆਸ਼ ਨਾਲ ਇਸੇ ਤਰ੍ਹਾਂ ਹੀ ਹੋਇਆ। ਇਕ ਛੋਟੀ ਜਿਹੀ ਸੀਰੀਆਈ ਫ਼ੌਜ ਨੇ ਯਹੋਆਸ਼ ਦੀ “ਬਹੁਤ ਵੱਡੀ ਫ਼ੌਜ” ਨੂੰ ਹਰਾ ਦਿੱਤਾ ਅਤੇ ਉਸ ਨੂੰ “ਬੁਰੀ ਤਰ੍ਹਾਂ ਜ਼ਖ਼ਮੀ” ਕਰ ਦਿੱਤਾ। (2 ਇਤਿ. 24:24, 25) ਸੀਰੀਆਈ ਫ਼ੌਜ ਦੇ ਚਲੇ ਜਾਣ ਤੋਂ ਬਾਅਦ ਯਹੋਆਸ਼ ਦੇ ਆਪਣੇ ਹੀ ਸੇਵਕਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। w23.06 18-19 ਪੈਰੇ 16-17
ਸ਼ੁੱਕਰਵਾਰ 6 ਜੂਨ
ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਚਾਨਣ ਵਿਚ ਹੋ।—ਅਫ਼. 5:8.
ਪੌਲੁਸ ਰਸੂਲ ਕੁਝ ਸਮੇਂ ਅਫ਼ਸੁਸ ਵਿਚ ਸੀ। ਉਸ ਨੇ ਉੱਥੇ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਅਤੇ ਪਵਿੱਤਰ ਲਿਖਤਾਂ ਤੋਂ ਸਿਖਾਉਣ ਵਿਚ ਕਾਫ਼ੀ ਸਮਾਂ ਬਿਤਾਇਆ ਸੀ। (ਰਸੂ. 19:1, 8-10; 20:20, 21) ਉਹ ਉੱਥੇ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਅਫ਼ਸੁਸ ਦੇ ਜਿਨ੍ਹਾਂ ਮਸੀਹੀਆਂ ਨੂੰ ਪੌਲੁਸ ਨੇ ਚਿੱਠੀ ਲਿਖੀ ਸੀ, ਉਹ ਪਹਿਲਾਂ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਮੰਨਦੇ ਸਨ ਅਤੇ ਵਹਿਮਾਂ-ਭਰਮਾਂ ਵਿਚ ਫਸੇ ਹੋਏ ਸਨ। ਅਫ਼ਸੁਸ ਦੇ ਲੋਕ ਬਹੁਤ ਹੀ ਘਿਣਾਉਣੇ ਕੰਮ ਕਰਦੇ ਸਨ ਅਤੇ ਉਹ ਬੇਸ਼ਰਮ ਹੋ ਕੇ ਇਨ੍ਹਾਂ ਕੰਮਾਂ ਵਿਚ ਲੱਗੇ ਹੋਏ ਸਨ। ਉੱਥੇ ਦੇ ਥੀਏਟਰਾਂ ਵਿਚ ਬਹੁਤ ਹੀ ਅਸ਼ਲੀਲ ਨਾਟਕ ਦਿਖਾਏ ਜਾਂਦੇ ਸਨ। ਇੰਨਾ ਹੀ ਨਹੀਂ, ਧਾਰਮਿਕ ਤਿਉਹਾਰਾਂ ਵਿਚ ਵੀ ਅਕਸਰ ਅਸ਼ਲੀਲ ਗੱਲਾਂ ਸੁਣਨ ਨੂੰ ਮਿਲਦੀਆਂ ਸਨ। (ਅਫ਼. 5:3) ਉੱਥੇ ਦੇ ਜ਼ਿਆਦਾਤਰ ਲੋਕ “ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ” ਕਰ ਚੁੱਕੇ ਸਨ। (ਅਫ਼. 4:17-19) ਜਦੋਂ ਤਕ ਅਫ਼ਸੁਸ ਦੇ ਮਸੀਹੀ ਯਹੋਵਾਹ ਦੇ ਮਿਆਰ ਨਹੀਂ ਜਾਣਦੇ ਸਨ, ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਉਹ ਗ਼ਲਤ ਕੰਮ ਕਰ ਰਹੇ ਸਨ। ਉਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਸੀ। ਇਸ ਕਰਕੇ ਪੌਲੁਸ ਨੇ ਉਨ੍ਹਾਂ ਬਾਰੇ ਕਿਹਾ ਕਿ ਉਨ੍ਹਾਂ ਦੇ “ਮਨ ਹਨੇਰੇ ਵਿਚ ਹਨ ਅਤੇ ਉਹ ਉਸ ਜ਼ਿੰਦਗੀ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਤੋਂ ਹੈ।” ਅਫ਼ਸੁਸ ਦੇ ਕੁਝ ਲੋਕ ਹਮੇਸ਼ਾ ਤਕ ਹਨੇਰੇ ਵਿਚ ਨਹੀਂ ਰਹੇ। w24.03 20 ਪੈਰੇ 2, 4; 21 ਪੈਰੇ 5-6
ਸ਼ਨੀਵਾਰ 7 ਜੂਨ
‘ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਪਰ ਉਹ ਥੱਕਣਗੇ ਨਹੀਂ।’—ਯਸਾ. 40:31.
ਗਿਦਾਊਨ ਨੂੰ ਨਿਆਂਕਾਰ ਵਜੋਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਸੀ। ਜਦੋਂ ਮਿਦਿਆਨੀ ਰਾਤ ਨੂੰ ਯੁੱਧ ਦਾ ਮੈਦਾਨ ਛੱਡ ਕੇ ਭੱਜਣ ਲੱਗੇ, ਤਾਂ ਗਿਦਾਊਨ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਹ ਯਿਜ਼ਰਾਏਲ ਘਾਟੀ ਤੋਂ ਲੈ ਕੇ ਯਰਦਨ ਦਰਿਆ ਤਕ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ। (ਨਿਆ. 7:22) ਕੀ ਗਿਦਾਊਨ ਯਰਦਨ ʼਤੇ ਜਾ ਕੇ ਰੁਕ ਗਿਆ? ਬਿਲਕੁਲ ਨਹੀਂ! ਚਾਹੇ ਕਿ ਉਹ ਅਤੇ ਉਸ ਦੇ 300 ਆਦਮੀ ਕਾਫ਼ੀ ਥੱਕੇ ਹੋਏ ਸਨ, ਫਿਰ ਵੀ ਉਹ ਯਰਦਨ ਦਰਿਆ ਪਾਰ ਕਰ ਕੇ ਦੁਸ਼ਮਣਾਂ ਦਾ ਪਿੱਛਾ ਕਰਦੇ ਰਹੇ। ਅਖ਼ੀਰ, ਉਨ੍ਹਾਂ ਨੇ ਮਿਦਿਆਨੀਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਹਰਾ ਦਿੱਤਾ। (ਨਿਆ. 8:4-12) ਗਿਦਾਊਨ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਤਾਕਤ ਦੇਵੇਗਾ ਅਤੇ ਯਹੋਵਾਹ ਨੇ ਉਸ ਦਾ ਭਰੋਸਾ ਨਹੀਂ ਤੋੜਿਆ। (ਨਿਆ. 6:14, 34) ਇਕ ਵਾਰ ਗਿਦਾਊਨ ਅਤੇ ਉਸ ਦੇ ਆਦਮੀ ਦੋ ਮਿਦਿਆਨੀ ਰਾਜਿਆਂ ਦਾ ਪੈਦਲ ਪਿੱਛਾ ਕਰ ਰਹੇ ਸਨ ਜਦ ਕਿ ਰਾਜੇ ਸ਼ਾਇਦ ਊਠਾਂ ʼਤੇ ਸਵਾਰ ਸਨ। (ਨਿਆ. 8:12, 21) ਫਿਰ ਵੀ ਪਰਮੇਸ਼ੁਰ ਦੀ ਮਦਦ ਨਾਲ ਇਜ਼ਰਾਈਲੀਆਂ ਨੇ ਉਨ੍ਹਾਂ ਰਾਜਿਆਂ ਨੂੰ ਹਰਾ ਦਿੱਤਾ। ਉਸੇ ਤਰ੍ਹਾਂ ਬਜ਼ੁਰਗ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਨ ਜੋ “ਨਾ ਕਦੇ ਥੱਕਦਾ ਤੇ ਨਾ ਕਦੇ ਹੰਭਦਾ ਹੈ।” ਯਹੋਵਾਹ ਲੋੜ ਪੈਣ ਤੇ ਬਜ਼ੁਰਗਾਂ ਨੂੰ ਤਾਕਤ ਜ਼ਰੂਰ ਦੇਵੇਗਾ।—ਯਸਾ. 40:28, 29. w23.06 6 ਪੈਰੇ 14, 16
ਐਤਵਾਰ 8 ਜੂਨ
[ਯਹੋਵਾਹ] ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ।—ਬਿਵ. 31:6.
ਅਸੀਂ ਆਪਣੇ ਮਨ ਵਿਚ ਪੱਕਾ ਇਰਾਦਾ ਕਰ ਸਕਦੇ ਹਾਂ, ਫਿਰ ਚਾਹੇ ਸਾਡੇ ʼਤੇ ਜਿਹੜੀ ਮਰਜ਼ੀ ਅਜ਼ਮਾਇਸ਼ ਆਵੇ। ਇਸ ਲਈ ਯਹੋਵਾਹ ʼਤੇ ਭਰੋਸਾ ਰੱਖੋ। ਜ਼ਰਾ ਗੋਰ ਕਰੋ ਕਿ ਯਹੋਵਾਹ ਦੀਆਂ ਹਿਦਾਇਤਾਂ ʼਤੇ ਭਰੋਸਾ ਕਰਨ ਕਰਕੇ ਬਾਰਾਕ ਕਿਵੇਂ ਕਾਮਯਾਬ ਹੋਇਆ। ਯਹੋਵਾਹ ਨੇ ਬਾਰਾਕ ਨੂੰ ਕਨਾਨ ਦੀ ਫ਼ੌਜ ਦੇ ਸੈਨਾਪਤੀ ਸੀਸਰਾ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਕਿਹਾ। ਉਸ ਵੇਲੇ ਸੀਸਰਾ ਦੀ ਫ਼ੌਜ ਯੁੱਧ ਲਈ ਤਿਆਰ ਸੀ, ਪਰ ਬਾਰਾਕ ਤੇ ਉਸ ਦੇ ਆਦਮੀ ਯੁੱਧ ਲਈ ਤਿਆਰ ਨਹੀਂ ਸਨ। ਉਨ੍ਹਾਂ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀ। (ਨਿਆ. 5:8) ਦਬੋਰਾਹ ਨਬੀਆ ਨੇ ਬਾਰਾਕ ਨੂੰ ਕਿਹਾ ਕਿ ਉਹ ਥੱਲੇ ਜਾ ਕੇ ਮੈਦਾਨ ਵਿਚ ਸੀਸਰਾ ਅਤੇ ਉਸ ਦੇ 900 ਰਥਾਂ ਖ਼ਿਲਾਫ਼ ਲੜੇ। ਇਜ਼ਰਾਈਲੀਆਂ ਲਈ ਪੱਧਰੀ ਜ਼ਮੀਨ ʼਤੇ ਤੇਜ਼ ਦੌੜਨ ਵਾਲੇ ਰਥਾਂ ਖ਼ਿਲਾਫ਼ ਲੜਨਾ ਬਹੁਤ ਮੁਸ਼ਕਲ ਸੀ। ਚਾਹੇ ਕਿ ਬਾਰਾਕ ਇਹ ਜਾਣਦਾ ਸੀ, ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਜਿੱਦਾਂ ਹੀ ਬਾਰਾਕ ਅਤੇ ਉਸ ਦੇ ਆਦਮੀ ਤਾਬੋਰ ਪਹਾੜ ਤੋਂ ਥੱਲੇ ਆਏ, ਯਹੋਵਾਹ ਨੇ ਬਹੁਤ ਜ਼ੋਰਦਾਰ ਮੀਂਹ ਪਾਇਆ। ਸੀਸਰਾ ਦੇ ਰਥ ਚਿੱਕੜ ਵਿਚ ਫਸ ਗਏ ਅਤੇ ਯਹੋਵਾਹ ਨੇ ਬਾਰਾਕ ਨੂੰ ਜਿੱਤ ਦਿਵਾ ਦਿੱਤੀ। (ਨਿਆ. 4:1-7, 10, 13-16) ਇਸੇ ਤਰ੍ਹਾਂ ਜੇ ਅਸੀਂ ਵੀ ਯਹੋਵਾਹ ਅਤੇ ਉਸ ਦੇ ਸੰਗਠਨ ਦੀਆਂ ਹਿਦਾਇਤਾਂ ʼਤੇ ਭਰੋਸਾ ਰੱਖਾਂਗੇ, ਤਾਂ ਯਹੋਵਾਹ ਸਾਨੂੰ ਵੀ ਜਿੱਤ ਦਿਵਾਏਗਾ। w23.07 19 ਪੈਰੇ 17-18
ਸੋਮਵਾਰ 9 ਜੂਨ
ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।—ਮੱਤੀ 24:13.
ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਧੀਰਜ ਰੱਖੀਏ। ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਸਾਨੂੰ ਵੀ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰਨ ਦੀ ਲੋੜ ਹੈ ਜਦੋਂ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰੇਗਾ। (ਇਬ. 6:11, 12) ਬਾਈਬਲ ਸਾਡੇ ਹਾਲਾਤਾਂ ਦੀ ਤੁਲਨਾ ਇਕ ਕਿਸਾਨ ਨਾਲ ਕਰਦੀ ਹੈ। (ਯਾਕੂ. 5:7, 8) ਕਿਸਾਨ ਸਖ਼ਤ ਮਿਹਨਤ ਕਰ ਕੇ ਆਪਣੀ ਫ਼ਸਲ ਬੀਜਦਾ ਅਤੇ ਪਾਣੀ ਲਾਉਂਦਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੀ ਫ਼ਸਲ ਕਦੋਂ ਵਧੇਗੀ। ਇਸ ਲਈ ਉਹ ਧੀਰਜ ਨਾਲ ਉਡੀਕ ਕਰਦਾ ਹੈ ਅਤੇ ਭਰੋਸਾ ਰੱਖਦਾ ਹੈ ਕਿ ਉਹ ਜ਼ਰੂਰ ਫ਼ਸਲ ਵੱਢੇਗਾ। ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹਿਣਾ ਚਾਹੀਦਾ ਹੈ ਚਾਹੇ ਕਿ ਅਸੀਂ “ਨਹੀਂ ਜਾਣਦੇ ਕਿ [ਸਾਡਾ] ਪ੍ਰਭੂ ਕਿਹੜੇ ਦਿਨ ਆਵੇਗਾ।” (ਮੱਤੀ 24:42) ਅਸੀਂ ਧੀਰਜ ਨਾਲ ਉਡੀਕ ਕਰਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਆਪਣੇ ਤੈਅ ਕੀਤੇ ਸਮੇਂ ʼਤੇ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ। ਪਰ ਜੇ ਅਸੀਂ ਬੇਸਬਰੇ ਹੁੰਦੇ ਹਾਂ, ਤਾਂ ਸ਼ਾਇਦ ਸਾਨੂੰ ਉਡੀਕ ਕਰਨੀ ਔਖੀ ਲੱਗੇ ਅਤੇ ਅਸੀਂ ਹੌਲੀ-ਹੌਲੀ ਸੱਚਾਈ ਤੋਂ ਦੂਰ ਹੋ ਜਾਈਏ। ਨਾਲੇ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਪਿੱਛੇ ਭੱਜਣ ਲੱਗ ਪਈਏ ਜਿਨ੍ਹਾਂ ਤੋਂ ਸ਼ਾਇਦ ਸਾਨੂੰ ਉਸੇ ਵੇਲੇ ਹੀ ਖ਼ੁਸ਼ੀ ਮਿਲੇ। ਪਰ ਜੇ ਅਸੀਂ ਧੀਰਜ ਰੱਖੀਏ, ਤਾਂ ਅਸੀਂ ਅੰਤ ਤਕ ਸਹਿੰਦੇ ਰਹਾਂਗੇ ਅਤੇ ਬਚਾਏ ਜਾਵਾਂਗੇ।—ਮੀਕਾ. 7:7. w23.08 22 ਪੈਰਾ 7
ਮੰਗਲਵਾਰ 10 ਜੂਨ
ਪੈਰਾਂ ਦੀਆਂ ਉਂਗਲਾਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ।—ਦਾਨੀ. 2:42.
ਜੇ ਅਸੀਂ ਦਾਨੀਏਲ 2:41-43 ਵਿਚ ਦਰਜ ਭਵਿੱਖਬਾਣੀ ਦੀ ਤੁਲਨਾ ਦਾਨੀਏਲ ਦੀ ਕਿਤਾਬ ਦੇ ਹੋਰ ਅਧਿਆਵਾਂ ਅਤੇ ਪ੍ਰਕਾਸ਼ ਦੀ ਕਿਤਾਬ ਨਾਲ ਕਰਦੇ ਹਾਂ, ਤਾਂ ਅਸੀਂ ਇਸ ਸਿੱਟੇ ʼਤੇ ਪਹੁੰਚਦੇ ਹਾਂ ਕਿ ਪੈਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੇ ਹਨ। ਇਹ ਦੁਨੀਆਂ ਦੀ ਸਭ ਤੋਂ ਤਾਕਤਵਰ ਵਿਸ਼ਵ-ਸ਼ਕਤੀ ਹੈ। ਇਸ ਵਿਸ਼ਵ ਸ਼ਕਤੀ ਬਾਰੇ ਦਾਨੀਏਲ ਨੇ ਕਿਹਾ ਸੀ ਕਿ “ਇਹ ਰਾਜ ਕੁਝ ਹੱਦ ਤਕ ਮਜ਼ਬੂਤ ਹੋਵੇਗਾ ਅਤੇ ਕੁਝ ਹੱਦ ਤਕ ਕਮਜ਼ੋਰ ਹੋਵੇਗਾ।” ਇਹ ਰਾਜ ਕੁਝ ਹੱਦ ਤਕ ਕਮਜ਼ੋਰ ਕਿਉਂ ਹੋਵੇਗਾ? ਕਿਉਂਕਿ ਨਰਮ ਮਿੱਟੀ ਆਮ ਲੋਕਾਂ ਨੂੰ ਦਰਸਾਉਂਦੀ ਹੈ ਜੋ ਵਿਸ਼ਵ ਸ਼ਕਤੀ ਨੂੰ ਆਪਣੀ ਪੂਰੀ ਤਾਕਤ ਨਾਲ ਰਾਜ ਨਹੀਂ ਕਰਨ ਦਿੰਦੇ। ਦਾਨੀਏਲ ਨੇ ਮੂਰਤ ਦੇ ਸੁਪਨੇ ਦਾ ਜੋ ਮਤਲਬ ਦੱਸਿਆ, ਉਸ ਤੋਂ ਅਸੀਂ ਕਈ ਅਹਿਮ ਸੱਚਾਈਆਂ ਸਿੱਖਦੇ ਹਾਂ। ਪਹਿਲੀ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਪਹਿਲਾਂ ਹੀ ਕਈ ਤਰੀਕਿਆਂ ਨਾਲ ਆਪਣੀ ਤਾਕਤ ਦਾ ਸਬੂਤ ਦਿੱਤਾ ਹੈ। ਉਦਾਹਰਣ ਲਈ, ਪਹਿਲਾ ਤੇ ਦੂਜਾ ਵਿਸ਼ਵ ਯੁੱਧ ਜਿੱਤਣ ਵਿਚ ਇਸ ਵਿਸ਼ਵ ਸ਼ਕਤੀ ਨੇ ਅਹਿਮ ਭੂਮਿਕਾ ਨਿਭਾਈ ਸੀ। ਪਰ ਇਹ ਵਿਸ਼ਵ ਸ਼ਕਤੀ ਕਮਜ਼ੋਰ ਹੋ ਗਈ ਹੈ ਅਤੇ ਹੋਰ ਵੀ ਕਮਜ਼ੋਰ ਹੁੰਦੀ ਜਾਵੇਗੀ। ਕਿਉਂ? ਕਿਉਂਕਿ ਇਸ ਦੇ ਨਾਗਰਿਕ ਆਪਸ ਵਿਚ ਅਤੇ ਸਰਕਾਰ ਦੇ ਖ਼ਿਲਾਫ਼ ਲੜਦੇ ਹਨ। ਦੂਜੀ, ਇਹ ਵਿਸ਼ਵ ਸ਼ਕਤੀ ਆਖ਼ਰੀ ਵਿਸ਼ਵ ਸ਼ਕਤੀ ਹੋਵੇਗੀ। ਇਸ ਤੋਂ ਬਾਅਦ ਪਰਮੇਸ਼ੁਰ ਦਾ ਰਾਜ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। w23.08 10-11 ਪੈਰੇ 12-13
ਬੁੱਧਵਾਰ 11 ਜੂਨ
ਬਿਪਤਾ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਮੈਂ ਆਪਣੇ ਪਰਮੇਸ਼ੁਰ ਨੂੰ ਮਦਦ ਲਈ ਦੁਹਾਈ ਦਿੰਦਾ ਰਿਹਾ। ਉਸ ਨੇ ਆਪਣੇ ਮੰਦਰ ਤੋਂ ਮੇਰੀ ਆਵਾਜ਼ ਸੁਣੀ।—ਜ਼ਬੂ. 18:6.
ਦਾਊਦ ਨੂੰ ਇਕ ਤੋਂ ਬਾਅਦ ਇਕ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਸ ਲਈ ਉਹ ਕਦੀ-ਕਦਾਈਂ ਨਿਰਾਸ਼ ਹੋ ਜਾਂਦਾ ਸੀ। ਕਈ ਵਾਰ ਉਹ ਥੱਕ ਕੇ ਚੂਰ ਹੋ ਜਾਂਦਾ ਸੀ ਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਸੀ। (ਜ਼ਬੂ. 18:4, 5) ਪਰ ਇਨ੍ਹਾਂ ਹਾਲਾਤਾਂ ਵਿਚ ਵੀ ਯਹੋਵਾਹ ਦੇ ਪਿਆਰ ਅਤੇ ਪਰਵਾਹ ਕਰਕੇ ਉਸ ਨੇ ਤਾਜ਼ਗੀ ਮਹਿਸੂਸ ਕੀਤੀ। ਇਹ ਇੱਦਾਂ ਸੀ ਕਿ ਜਿਵੇਂ ਯਹੋਵਾਹ ਆਪਣੇ ਇਸ ਦੋਸਤ ਨੂੰ “ਹਰੀਆਂ-ਹਰੀਆਂ ਚਰਾਂਦਾਂ” ਅਤੇ “ਪਾਣੀਆਂ ਦੇ ਕੰਢੇ ਆਰਾਮ ਕਰਨ ਲਈ” ਲੈ ਗਿਆ ਹੋਵੇ। ਉਸ ਸਮੇਂ ਦਾਊਦ ਵਿਚ ਇਕ ਤਰੀਕੇ ਨਾਲ ਨਵੇਂ ਸਿਰਿਓਂ ਜਾਨ ਆ ਗਈ ਅਤੇ ਉਹ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। (ਜ਼ਬੂ. 18:28-32; 23:2) ਦਾਊਦ ਵਾਂਗ ਅੱਜ ਅਸੀਂ ਵੀ ‘ਯਹੋਵਾਹ ਦੇ ਅਟੱਲ ਪਿਆਰ’ ਕਰਕੇ ਹੀ ਮੁਸ਼ਕਲਾਂ ਵਿਚ ਡਟੇ ਰਹਿ ਪਾਉਂਦੇ ਹਾਂ। (ਵਿਰ. 3:22; ਕੁਲੁ. 1:11) ਦਾਊਦ ਦੇ ਕਈ ਤਾਕਤਵਰ ਦੁਸ਼ਮਣ ਸਨ ਅਤੇ ਕਈ ਵਾਰ ਤਾਂ ਉਸ ਦੀ ਜਾਨ ਵੀ ਖ਼ਤਰੇ ਵਿਚ ਸੀ। ਪਰ ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ। ਇਸ ਲਈ ਉਹ ਸੁਰੱਖਿਅਤ ਮਹਿਸੂਸ ਕਰ ਸਕਿਆ। ਦਾਊਦ ਦੇਖ ਸਕਿਆ ਕਿ ਯਹੋਵਾਹ ਕਿੱਦਾਂ ਹਰ ਪਲ ਉਸ ਦਾ ਸਾਥ ਦੇ ਰਿਹਾ ਸੀ ਅਤੇ ਇਸ ਤੋਂ ਉਸ ਨੂੰ ਦਿਲਾਸਾ ਮਿਲਿਆ। ਇਸ ਲਈ ਉਹ ਕਹਿ ਸਕਿਆ: “[ਯਹੋਵਾਹ] ਨੇ ਮੇਰਾ ਸਾਰਾ ਡਰ ਦੂਰ ਕਰ ਦਿੱਤਾ।” (ਜ਼ਬੂ. 34:4) ਦਾਊਦ ਨੂੰ ਡਰ ਤਾਂ ਲੱਗਦਾ ਸੀ, ਪਰ ਉਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ। ਇਸ ਲਈ ਉਸ ਨੇ ਡਰ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦਿੱਤਾ। w24.01 30 ਪੈਰੇ 15-17
ਵੀਰਵਾਰ 12 ਜੂਨ
ਜੇ ਪਾਪੀ ਤੈਨੂੰ ਭਰਮਾਉਣ, ਤਾਂ ਉਨ੍ਹਾਂ ਦੀ ਮੰਨੀਂ ਨਾ।—ਕਹਾ. 1:10.
ਯਹੋਆਸ਼ ਦੇ ਗ਼ਲਤ ਫ਼ੈਸਲਿਆਂ ਤੋਂ ਸਬਕ ਸਿੱਖੋ। ਮਹਾਂ ਪੁਜਾਰੀ ਯਹੋਯਾਦਾ ਦੀ ਮੌਤ ਤੋਂ ਬਾਅਦ ਯਹੋਆਸ਼ ਨੇ ਗ਼ਲਤ ਦੋਸਤ ਬਣਾ ਲਏ। (2 ਇਤਿ. 24:17, 18) ਉਹ ਯਹੂਦਾਹ ਦੇ ਹਾਕਮਾਂ ਦੀ ਸਲਾਹ ਮੰਨਣ ਲੱਗ ਪਿਆ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ ਸਨ ਅਤੇ ਬਹੁਤ ਭੈੜੇ ਕੰਮ ਕਰਦੇ ਸਨ। ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਯਹੋਆਸ਼ ਨੂੰ ਇਹੋ ਜਿਹੇ ਦੋਸਤ ਨਹੀਂ ਬਣਾਉਣੇ ਚਾਹੀਦੇ ਸਨ। ਪਰ ਇਸ ਤਰ੍ਹਾਂ ਕਰਨ ਦੀ ਬਜਾਇ ਉਸ ਨੇ ਆਪਣੇ ਦੋਸਤਾਂ ਦੀ ਗ਼ਲਤ ਸਲਾਹ ਨੂੰ ਮੰਨਿਆ। ਦਰਅਸਲ, ਜਦੋਂ ਯਹੋਆਸ਼ ਦੀ ਭੂਆ ਦੇ ਮੁੰਡੇ ਜ਼ਕਰਯਾਹ ਨੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, ਤਾਂ ਯਹੋਆਸ਼ ਨੇ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (2 ਇਤਿ. 24:20, 21; ਮੱਤੀ 23:35) ਇਹ ਕਿੰਨਾ ਹੀ ਭਿਆਨਕ ਅਤੇ ਮੂਰਖਤਾ ਭਰਿਆ ਕੰਮ ਸੀ! ਯਹੋਆਸ਼ ਨੇ ਸ਼ੁਰੂ-ਸ਼ੁਰੂ ਵਿਚ ਤਾਂ ਵਧੀਆ ਕੰਮ ਕੀਤੇ, ਪਰ ਦੁੱਖ ਦੀ ਗੱਲ ਹੈ ਕਿ ਬਾਅਦ ਵਿਚ ਉਹ ਇਕ ਧਰਮ-ਤਿਆਗੀ ਅਤੇ ਕਾਤਲ ਬਣ ਗਿਆ। ਅਖ਼ੀਰ, ਉਸ ਦੇ ਆਪਣੇ ਹੀ ਨੌਕਰਾਂ ਨੇ ਉਸ ਨੂੰ ਮਾਰ ਦਿੱਤਾ। (2 ਇਤਿ. 24:22-25) ਜ਼ਰਾ ਸੋਚੋ ਕਿ ਉਸ ਦੀ ਜ਼ਿੰਦਗੀ ਕਿੰਨੀ ਹੀ ਵੱਖਰੀ ਹੋਣੀ ਸੀ ਜੇ ਉਹ ਯਹੋਵਾਹ ਅਤੇ ਉਸ ਨੂੰ ਪਿਆਰ ਕਰਨ ਵਾਲਿਆਂ ਦੀ ਗੱਲ ਮੰਨਦਾ ਰਹਿੰਦਾ! w23.09 9 ਪੈਰਾ 6
ਸ਼ੁੱਕਰਵਾਰ 13 ਜੂਨ
ਡਰ ਨਾ।—ਲੂਕਾ 5:10.
ਯਿਸੂ ਨੂੰ ਪਤਾ ਸੀ ਕਿ ਪਤਰਸ ਰਸੂਲ ਵਫ਼ਾਦਾਰ ਰਹਿ ਸਕਦਾ ਹੈ। ਇਸ ਲਈ ਯਿਸੂ ਨੇ ਪਿਆਰ ਨਾਲ ਪਤਰਸ ਨੂੰ ਕਿਹਾ, “ਡਰ ਨਾ।” ਯਿਸੂ ਨੇ ਪਤਰਸ ʼਤੇ ਜੋ ਭਰੋਸਾ ਦਿਖਾਇਆ, ਉਸ ਨਾਲ ਪਤਰਸ ਦੀ ਜ਼ਿੰਦਗੀ ਬਦਲ ਗਈ। ਬਾਅਦ ਵਿਚ ਪਤਰਸ ਅਤੇ ਉਸ ਦੇ ਭਰਾ ਅੰਦ੍ਰਿਆਸ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਉਹ ਪੂਰਾ ਸਮਾਂ ਯਿਸੂ ਮਸੀਹ ਨਾਲ ਰਹਿ ਕੇ ਸੇਵਾ ਕਰਨ ਲੱਗ ਪਏ। ਉਨ੍ਹਾਂ ਦੇ ਇਸ ਫ਼ੈਸਲੇ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। (ਮਰ. 1:16-18) ਮਸੀਹ ਦੇ ਚੇਲੇ ਵਜੋਂ ਪਤਰਸ ਨੇ ਬਹੁਤ ਸਾਰੇ ਸ਼ਾਨਦਾਰ ਕੰਮ ਹੁੰਦੇ ਦੇਖੇ। ਉਸ ਨੇ ਦੇਖਿਆ ਕਿ ਯਿਸੂ ਨੇ ਬੀਮਾਰਾਂ ਨੂੰ ਠੀਕ ਕੀਤਾ, ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਕੱਢਿਆ ਅਤੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ। (ਮੱਤੀ 8:14-17; ਮਰ. 5:37, 41, 42) ਪਤਰਸ ਨੇ ਇਕ ਸ਼ਾਨਦਾਰ ਦਰਸ਼ਣ ਵੀ ਦੇਖਿਆ। ਇਸ ਵਿਚ ਉਸ ਨੇ ਦੇਖਿਆ ਕਿ ਜਦੋਂ ਯਿਸੂ ਭਵਿੱਖ ਵਿਚ ਰਾਜਾ ਬਣੇਗਾ, ਤਾਂ ਉਸ ਦੀ ਕਿਹੋ ਜਿਹੀ ਮਹਿਮਾ ਹੋਵੇਗੀ। ਪਤਰਸ ਇਸ ਦਰਸ਼ਣ ਨੂੰ ਕਦੇ ਨਹੀਂ ਭੁੱਲ ਸਕਿਆ ਹੋਣਾ। (ਮਰ. 9:1-8; 2 ਪਤ. 1:16-18) ਜ਼ਰਾ ਸੋਚੋ ਜੇ ਉਹ ਯਿਸੂ ਦਾ ਚੇਲਾ ਨਾ ਬਣਦਾ, ਤਾਂ ਉਹ ਇਹ ਸਾਰਾ ਕੁਝ ਕਦੇ ਨਾ ਦੇਖ ਪਾਉਂਦਾ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਹ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾ ਸਕਿਆ ਅਤੇ ਉਸ ਨੂੰ ਇਹ ਸਾਰੀਆਂ ਬਰਕਤਾਂ ਮਿਲੀਆਂ! w23.09 21 ਪੈਰੇ 4-5
ਸ਼ਨੀਵਾਰ 14 ਜੂਨ
ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ, ਸੱਤ ਵਾਰ ਨਹੀਂ, ਸਗੋਂ 77 ਵਾਰ।”—ਮੱਤੀ 18:22.
ਪਤਰਸ ਰਸੂਲ ਨੇ ਆਪਣੀ ਪਹਿਲੀ ਚਿੱਠੀ ਵਿਚ ਲਿਖਿਆ, “ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ।” ਇਸ ਤਰ੍ਹਾਂ ਦਾ ਪਿਆਰ ਨਾ ਸਿਰਫ਼ ਕੁਝ ਪਾਪ, ਸਗੋਂ “ਇਕ-ਦੂਜੇ ਦੇ ਬਹੁਤ ਸਾਰੇ ਪਾਪ ਢਕ” ਲੈਂਦਾ ਹੈ। (1 ਪਤ. 4:8) ਪਤਰਸ ਸ਼ਾਇਦ ਮਾਫ਼ ਕਰਨ ਬਾਰੇ ਯਿਸੂ ਤੋਂ ਸਿੱਖੇ ਉਸ ਸਬਕ ਨੂੰ ਯਾਦ ਕਰ ਰਿਹਾ ਸੀ ਜੋ ਉਸ ਨੇ ਕਈ ਸਾਲ ਪਹਿਲਾਂ ਸਿੱਖਿਆ ਸੀ। ਉਸ ਵੇਲੇ ਪਤਰਸ ਨੂੰ ਲੱਗਦਾ ਸੀ ਕਿ ਉਹ ਆਪਣੇ ਭਰਾ ਨੂੰ “ਸੱਤ ਵਾਰ” ਮਾਫ਼ ਕਰ ਕੇ ਖੁੱਲ੍ਹ-ਦਿਲੀ ਦਿਖਾ ਰਿਹਾ ਸੀ। ਪਰ ਯਿਸੂ ਨੇ ਉਸ ਨੂੰ ਅਤੇ ਸਾਨੂੰ ਸਿਖਾਇਆ ਕਿ ਆਪਣੇ ਭਰਾ ਨੂੰ “77 ਵਾਰ” ਮਾਫ਼ ਕਰਨਾ ਚਾਹੀਦਾ ਹੈ ਯਾਨੀ ਮਾਫ਼ ਕਰਨ ਦੀ ਕੋਈ ਹੱਦ ਨਹੀਂ ਹੋਣੀ ਚਾਹੀਦੀ। (ਮੱਤੀ 18:21) ਜੇ ਤੁਹਾਨੂੰ ਇਹ ਸਲਾਹ ਮੰਨਣੀ ਔਖੀ ਲੱਗਦੀ ਹੈ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਦੇ ਸਾਰੇ ਨਾਮੁਕੰਮਲ ਸੇਵਕਾਂ ਨੂੰ ਕਦੇ-ਕਦਾਈਂ ਇਕ-ਦੂਜੇ ਨੂੰ ਮਾਫ਼ ਕਰਨਾ ਔਖਾ ਲੱਗਾ ਹੈ। ਪਰ ਅਹਿਮ ਗੱਲ ਹੈ ਕਿ ਜੇ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਹੈ, ਤਾਂ ਉਸ ਨੂੰ ਮਾਫ਼ ਕਰਨ ਲਈ ਜ਼ਰੂਰੀ ਕਦਮ ਚੁੱਕੋ ਅਤੇ ਉਸ ਨਾਲ ਸ਼ਾਂਤੀ ਕਾਇਮ ਕਰੋ। w23.09 29 ਪੈਰਾ 12
ਐਤਵਾਰ 15 ਜੂਨ
‘ਮੈਂ ਦੁੱਖ ਦੇ ਮਾਰੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।’—ਯੂਨਾ. 2:2.
ਮੱਛੀ ਦੇ ਢਿੱਡ ਵਿਚ ਹੁੰਦਿਆਂ ਯੂਨਾਹ ਆਪਣੀ ਕੀਤੀ ʼਤੇ ਪਛਤਾ ਰਿਹਾ ਸੀ ਅਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਦੀ ਪ੍ਰਾਰਥਨਾ ਜ਼ਰੂਰ ਸੁਣੇਗਾ ਅਤੇ ਉਸ ਦੀ ਜ਼ਰੂਰ ਮਦਦ ਕਰੇਗਾ। ਬਾਅਦ ਵਿਚ ਮੱਛੀ ਨੇ ਉਸ ਨੂੰ ਸੁੱਕੀ ਜ਼ਮੀਨ ʼਤੇ ਉਗਲ਼ ਦਿੱਤਾ। ਹੁਣ ਉਹ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਸੀ। (ਯੂਨਾ. 2:10–3:4) ਕੀ ਕਿਸੇ ਅਜ਼ਮਾਇਸ਼ ਦੌਰਾਨ ਤੁਹਾਨੂੰ ਕਦੇ ਲੱਗਾ ਹੈ ਕਿ ਤੁਸੀਂ ਸਹੀ ਤਰ੍ਹਾਂ ਪ੍ਰਾਰਥਨਾ ਨਹੀਂ ਕਰ ਸਕਦੇ? ਜਾਂ ਕੀ ਤੁਹਾਨੂੰ ਕਦੇ ਲੱਗਾ ਹੈ ਕਿ ਤੁਸੀਂ ਇੰਨਾ ਜ਼ਿਆਦਾ ਥੱਕੇ ਹੋ ਕਿ ਤੁਸੀਂ ਅਧਿਐਨ ਵੀ ਨਹੀਂ ਕਰ ਸਕਦੇ? ਜੇ ਹਾਂ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਜੇ ਤੁਸੀਂ ਛੋਟੀ ਜਿਹੀ ਵੀ ਪ੍ਰਾਰਥਨਾ ਕਰੋ, ਤਾਂ ਯਹੋਵਾਹ ਤੁਹਾਨੂੰ ਉਹ ਹਰ ਚੀਜ਼ ਦੇਵੇਗਾ ਜਿਸ ਦੀ ਤੁਹਾਨੂੰ ਲੋੜ ਹੈ। (ਅਫ਼. 3:20) ਜੇ ਸਰੀਰਕ ਜਾਂ ਮਾਨਸਿਕ ਤੌਰ ਤੇ ਥੱਕੇ ਹੋਣ ਕਰਕੇ ਤੁਹਾਨੂੰ ਪੜ੍ਹਨਾ ਜਾਂ ਅਧਿਐਨ ਕਰਨਾ ਔਖਾ ਲੱਗਦਾ ਹੈ, ਤਾਂ ਕਿਉਂ ਨਾ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀਆਂ ਆਡੀਓ ਰਿਕਾਰਡਿੰਗਾਂ ਸੁਣੋ। ਤੁਹਾਨੂੰ jw.org/pa ʼਤੇ ਸਾਡੇ ਗੀਤ ਅਤੇ ਕੋਈ ਵੀਡੀਓ ਦੇਖ ਕੇ ਵੀ ਫ਼ਾਇਦਾ ਹੋ ਸਕਦਾ ਹੈ। ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ ਅਤੇ ਫਿਰ ਬਾਈਬਲ ਤੇ ਉਸ ਦੇ ਹੋਰ ਪ੍ਰਬੰਧਾਂ ਰਾਹੀਂ ਆਪਣੀ ਪ੍ਰਾਰਥਨਾ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਉਸ ਨੂੰ ਮੌਕਾ ਦੇ ਰਹੇ ਹੋਵੋਗੇ ਕਿ ਉਹ ਤੁਹਾਨੂੰ ਤਕੜਾ ਕਰੇ। w23.10 13 ਪੈਰਾ 6; 14 ਪੈਰਾ 9
ਸੋਮਵਾਰ 16 ਜੂਨ
ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਪਵਿੱਤਰ ਸ਼ਕਤੀ ਇਹ ਗੱਲ ਸਾਫ਼ ਦੱਸਦੀ ਹੈ ਕਿ ਜਿੰਨਾ ਚਿਰ ਪਹਿਲਾ ਤੰਬੂ ਖੜ੍ਹਾ ਸੀ, ਉੱਨਾ ਚਿਰ ਪਵਿੱਤਰ ਸਥਾਨ ਵਿਚ ਜਾਣ ਦਾ ਰਾਹ ਨਹੀਂ ਖੁੱਲ੍ਹਿਆ ਸੀ।—ਇਬ. 9:8.
ਡੇਰੇ ਅਤੇ ਅੱਗੇ ਜਾ ਕੇ ਯਰੂਸ਼ਲਮ ਵਿਚ ਜੋ ਮੰਦਰ ਬਣਾਏ ਗਏ, ਉਨ੍ਹਾਂ ਵਿਚ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਉਨ੍ਹਾਂ ਦੇ ਅੰਦਰ ਦੋ ਹਿੱਸੇ ਸਨ, ਇਕ “ਪਵਿੱਤਰ ਕਮਰਾ” ਅਤੇ ਦੂਜਾ “ਅੱਤ ਪਵਿੱਤਰ ਕਮਰਾ।” ਇਨ੍ਹਾਂ ਦੋਹਾਂ ਹਿੱਸਿਆਂ ਦੇ ਵਿਚਕਾਰ ਇਕ ਪਰਦਾ ਸੀ ਜਿਸ ʼਤੇ ਕਢਾਈ ਕੀਤੀ ਗਈ ਸੀ। (ਇਬ. 9:2-5; ਕੂਚ 26:31-33) ਪਵਿੱਤਰ ਕਮਰੇ ਅੰਦਰ ਸੋਨੇ ਦਾ ਇਕ ਸ਼ਮਾਦਾਨ, ਧੂਪ ਧੁਖਾਉਣ ਲਈ ਇਕ ਵੇਦੀ ਅਤੇ ਚੜ੍ਹਾਵੇ ਦੀਆਂ ਰੋਟੀਆਂ ਲਈ ਇਕ ਮੇਜ਼ ਸੀ। ਇਸ ਹਿੱਸੇ ਵਿਚ ਸਿਰਫ਼ ਉਹੀ ਆਦਮੀ ਪਵਿੱਤਰ ਸੇਵਾ ਕਰ ਸਕਦੇ ਸਨ ਜਿਨ੍ਹਾਂ ਨੂੰ ‘ਪੁਜਾਰੀਆਂ ਵਜੋਂ ਚੁਣਿਆ ਜਾਂਦਾ ਸੀ।’ (ਗਿਣ. 3:3, 7, 10) ਅੱਤ ਪਵਿੱਤਰ ਕਮਰੇ ਵਿਚ ਸੋਨੇ ਨਾਲ ਮੜ੍ਹਿਆ ਇਕਰਾਰ ਦਾ ਸੰਦੂਕ ਸੀ ਜੋ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। (ਕੂਚ 25:21, 22) ਸਿਰਫ਼ ਮਹਾਂ ਪੁਜਾਰੀ ਨੂੰ ਹੀ ਪਰਦੇ ਦੇ ਦੂਜੇ ਪਾਸੇ ਜਾਣ ਦੀ ਯਾਨੀ ਅੱਤ ਪਵਿੱਤਰ ਕਮਰੇ ਵਿਚ ਜਾਣ ਦੀ ਇਜਾਜ਼ਤ ਸੀ। ਉਹ ਸਾਲ ਵਿਚ ਇਕ ਵਾਰ ਪਾਪ ਮਿਟਾਉਣ ਦੇ ਦਿਨ ਉੱਥੇ ਜਾਂਦਾ ਸੀ। (ਲੇਵੀ. 16:2, 17) ਉਹ ਜਾਨਵਰਾਂ ਦਾ ਖ਼ੂਨ ਲੈ ਕੇ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ ਤਾਂਕਿ ਉਸ ਨੂੰ ਆਪਣੇ ਪਾਪਾਂ ਅਤੇ ਪੂਰੀ ਕੌਮ ਦੇ ਪਾਪਾਂ ਦੀ ਮਾਫ਼ੀ ਮਿਲ ਸਕੇ। ਬਾਅਦ ਵਿਚ ਯਹੋਵਾਹ ਨੇ ਜ਼ਾਹਰ ਕੀਤਾ ਕਿ ਡੇਰੇ ਦੇ ਇਨ੍ਹਾਂ ਹਿੱਸਿਆਂ ਦਾ ਅਸਲ ਵਿਚ ਕੀ ਮਤਲਬ ਸੀ।—ਇਬ. 9:6, 7. w23.10 27 ਪੈਰਾ 12
ਮੰਗਲਵਾਰ 17 ਜੂਨ
ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ।—ਯੂਹੰ. 15:17.
ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਇਹ ਵਾਰ-ਵਾਰ ਹੁਕਮ ਦਿੱਤਾ ਗਿਆ ਹੈ ਕਿ ਅਸੀਂ “ਇਕ-ਦੂਜੇ ਨਾਲ ਪਿਆਰ” ਕਰੀਏ। (ਯੂਹੰ. 15:12; ਰੋਮੀ. 13:8; 1 ਥੱਸ. 4:9; 1 ਪਤ. 1:22; 1 ਯੂਹੰ. 4:11) ਹੋ ਸਕਦਾ ਹੈ ਕਿ ਸਾਡੇ ਦਿਲ ਵਿਚ ਭੈਣਾਂ-ਭਰਾਵਾਂ ਲਈ ਪਿਆਰ ਹੋਵੇ। ਪਰ ਕੋਈ ਵੀ ਸਾਡਾ ਦਿਲ ਨਹੀਂ ਪੜ੍ਹ ਸਕਦਾ ਕਿ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ ਜਾਂ ਨਹੀਂ। ਇਸ ਲਈ ਸਾਨੂੰ ਪਿਆਰ ਜ਼ਾਹਰ ਕਰਨ ਦੀ ਲੋੜ ਹੈ। ਪਰ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ। ਅਸੀਂ ਕਈ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ। ਬਾਈਬਲ ਕਹਿੰਦੀ ਹੈ: “ਇਕ-ਦੂਜੇ ਨਾਲ ਸੱਚ ਬੋਲੋ।” (ਜ਼ਕ. 8:16) “ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ।” (ਮਰ. 9:50) “ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।” (ਰੋਮੀ. 12:10) “ਇਕ-ਦੂਜੇ ਨੂੰ ਕਬੂਲ ਕਰੋ।” (ਰੋਮੀ. 15:7) “ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” (ਕੁਲੁ. 3:13) “ਇਕ-ਦੂਜੇ ਦਾ ਬੋਝ ਉਠਾਉਂਦੇ ਰਹੋ।” (ਗਲਾ. 6:2) “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।” (1 ਥੱਸ. 4:18) “ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।” (1 ਥੱਸ. 5:11) “ਇਕ-ਦੂਜੇ ਲਈ ਪ੍ਰਾਰਥਨਾ ਕਰੋ।”—ਯਾਕੂ. 5:16. w23.11 9 ਪੈਰੇ 7-8
ਬੁੱਧਵਾਰ 18 ਜੂਨ
ਆਪਣੀ ਉਮੀਦ ਕਰਕੇ ਖ਼ੁਸ਼ ਰਹੋ।—ਰੋਮੀ. 12:12.
ਅਸੀਂ ਹਰ ਰੋਜ਼ ਅਜਿਹੇ ਕਈ ਫ਼ੈਸਲੇ ਕਰਦੇ ਹਾਂ ਜਿਨ੍ਹਾਂ ਲਈ ਮਜ਼ਬੂਤ ਨਿਹਚਾ ਹੋਣੀ ਜ਼ਰੂਰੀ ਹੈ। ਉਦਾਹਰਣ ਲਈ, ਦੋਸਤੀ, ਮਨੋਰੰਜਨ, ਪੜ੍ਹਾਈ-ਲਿਖਾਈ, ਵਿਆਹ, ਬੱਚੇ, ਅਤੇ ਕੰਮ-ਕਾਰ ਦੇ ਮਾਮਲਿਆਂ ਵਿਚ। ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੇਰੇ ਫ਼ੈਸਲਿਆਂ ਤੋਂ ਕੀ ਪਤਾ ਲੱਗਦਾ ਹੈ? ਕੀ ਇਹ ਕਿ ਮੈਨੂੰ ਯਕੀਨ ਹੈ ਕਿ ਇਹ ਦੁਨੀਆਂ ਬੱਸ ਥੋੜ੍ਹੇ ਹੀ ਸਮੇਂ ਲਈ ਹੈ ਅਤੇ ਬਹੁਤ ਜਲਦ ਯਹੋਵਾਹ ਨਵੀਂ ਦੁਨੀਆਂ ਲਿਆਉਣ ਵਾਲਾ ਹੈ? ਜਾਂ ਕੀ ਮੇਰੇ ਫ਼ੈਸਲਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਮੈਂ ਦੁਨੀਆਂ ਦੇ ਲੋਕਾਂ ਵਾਂਗ ਸੋਚਣ ਲੱਗ ਪਿਆ ਹਾਂ ਜੋ ਸਿਰਫ਼ ਅੱਜ ਲਈ ਜੀਉਂਦੇ ਹਨ?’ (ਮੱਤੀ 6:19, 20; ਲੂਕਾ 12:16-21) ਜੇ ਅਸੀਂ ਇਸ ਗੱਲ ʼਤੇ ਆਪਣੀ ਨਿਹਚਾ ਮਜ਼ਬੂਤ ਕਰੀਏ ਕਿ ਨਵੀਂ ਦੁਨੀਆਂ ਬਹੁਤ ਜਲਦੀ ਆਉਣ ਵਾਲੀ ਹੈ, ਤਾਂ ਅਸੀਂ ਚੰਗੇ ਫ਼ੈਸਲੇ ਕਰ ਸਕਾਂਗੇ। ਮੁਸ਼ਕਲਾਂ ਝੱਲਣ ਲਈ ਵੀ ਸਾਡੇ ਵਿਚ ਮਜ਼ਬੂਤ ਨਿਹਚਾ ਹੋਣੀ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਾਡੇ ʼਤੇ ਜ਼ੁਲਮ ਕੀਤੇ ਜਾਣ, ਸਾਨੂੰ ਕੋਈ ਗੰਭੀਰ ਬੀਮਾਰੀ ਹੋ ਜਾਵੇ ਜਾਂ ਸਾਡੇ ਨਾਲ ਕੁਝ ਅਜਿਹਾ ਹੋ ਜਾਵੇ ਜਿਸ ਕਰਕੇ ਅਸੀਂ ਨਿਰਾਸ਼ ਹੋ ਜਾਈਏ। ਸ਼ਾਇਦ ਸ਼ੁਰੂ-ਸ਼ੁਰੂ ਵਿਚ ਅਸੀਂ ਡਟ ਕੇ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰੀਏ। ਪਰ ਜਦੋਂ ਕੋਈ ਮੁਸ਼ਕਲ ਬਹੁਤ ਲੰਬੇ ਸਮੇਂ ਤਕ ਰਹਿੰਦੀ ਹੈ, ਜਿੱਦਾਂ ਅਕਸਰ ਹੁੰਦਾ ਹੀ ਹੈ, ਉਦੋਂ ਨਿਹਚਾ ਮਜ਼ਬੂਤ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇੱਦਾਂ ਕਰ ਕੇ ਹੀ ਅਸੀਂ ਮੁਸ਼ਕਲਾਂ ਦੌਰਾਨ ਧੀਰਜ ਰੱਖ ਸਕਾਂਗੇ ਅਤੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਾਂਗੇ।—1 ਪਤ. 1:6, 7. w23.04 27 ਪੈਰੇ 4-5
ਵੀਰਵਾਰ 19 ਜੂਨ
ਲਗਾਤਾਰ ਪ੍ਰਾਰਥਨਾ ਕਰਦੇ ਰਹੋ।—1 ਥੱਸ. 5:17.
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰੀਏ। ਸ਼ਾਇਦ ਇਕ ਭਰਾ ਯਹੋਵਾਹ ਨੂੰ ਪ੍ਰਾਰਥਨਾ ਕਰੇ ਕਿ ਸੰਮੇਲਨ ʼਤੇ ਜਾਣ ਲਈ ਉਸ ਨੂੰ ਕੰਮ ਤੋਂ ਛੁੱਟੀ ਮਿਲ ਜਾਵੇ। ਯਹੋਵਾਹ ਸ਼ਾਇਦ ਕਿੱਦਾਂ ਉਸ ਦੀਆਂ ਪ੍ਰਾਰਥਨਾ ਦਾ ਜਵਾਬ ਦੇਵੇ? ਹੋ ਸਕਦਾ ਹੈ ਕਿ ਉਹ ਭਰਾ ਨੂੰ ਆਪਣੇ ਮਾਲਕ ਨਾਲ ਗੱਲ ਕਰਨ ਦੀ ਹਿੰਮਤ ਦੇਵੇ। ਪਰ ਫਿਰ ਵੀ ਮਾਲਕ ਨਾਲ ਗੱਲ ਤਾਂ ਉਸ ਭਰਾ ਨੂੰ ਹੀ ਕਰਨੀ ਪੈਣੀ। ਸ਼ਾਇਦ ਉਸ ਨੂੰ ਵਾਰ-ਵਾਰ ਆਪਣੇ ਮਾਲਕ ਨਾਲ ਇਸ ਬਾਰੇ ਗੱਲ ਕਰਨੀ ਪਵੇ। ਉਹ ਮਾਲਕ ਨੂੰ ਇਹ ਵੀ ਕਹਿ ਸਕਦਾ ਹੈ ਕਿ ਉਹ ਛੁੱਟੀ ਵਾਲੇ ਦਿਨ ਦਾ ਕੰਮ ਕਿਸੇ ਹੋਰ ਦਿਨ ਕਰ ਦੇਵੇਗਾ ਜਾਂ ਉਸ ਦੀ ਛੁੱਟੀ ਦੇ ਪੈਸੇ ਕੱਟ ਲਏ ਜਾਣ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਚਿੰਤਾਵਾਂ ਲਈ ਉਸ ਨੂੰ ਵਾਰ-ਵਾਰ ਪ੍ਰਾਰਥਨਾ ਕਰੀਏ। ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਕਈ ਵਾਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਸਾਨੂੰ ਉਸੇ ਵੇਲੇ ਨਾ ਮਿਲੇ। (ਲੂਕਾ 11:9) ਇਸ ਲਈ ਹਾਰ ਨਾ ਮੰਨੋ। ਵਾਰ-ਵਾਰ ਅਤੇ ਦਿਲੋਂ ਪ੍ਰਾਰਥਨਾ ਕਰੋ। (ਲੂਕਾ 18:1-7) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਲਈ ਉਹ ਗੱਲ ਬਹੁਤ ਜ਼ਰੂਰੀ ਹੈ। ਇੱਦਾਂ ਕਰਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ। w23.11 22 ਪੈਰੇ 10-11
ਸ਼ੁੱਕਰਵਾਰ 20 ਜੂਨ
ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ।—ਰੋਮੀ. 5:5.
ਯਹੋਵਾਹ ਨੇ ਆਪਣੇ ਦੋਸਤ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਸੰਤਾਨ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ। (ਉਤ. 15:5; 22:18) ਅਬਰਾਹਾਮ ਨੂੰ ਪਰਮੇਸ਼ੁਰ ʼਤੇ ਪੱਕੀ ਨਿਹਚਾ ਸੀ। ਇਸ ਕਰਕੇ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਜਦੋਂ ਅਬਰਾਹਾਮ 100 ਸਾਲਾਂ ਦਾ ਅਤੇ ਸਾਰਾਹ 90 ਸਾਲਾਂ ਦੀ ਸੀ ਉਦੋਂ ਇਸ ਜੋੜੇ ਦੇ ਕੋਈ ਪੁੱਤਰ ਨਹੀਂ ਸੀ। (ਉਤ. 21:1-7) ਪਰ ਬਾਈਬਲ ਕਹਿੰਦੀ ਹੈ: “ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ, ਉਸ ਨੇ ਇਸ ਗੱਲ ਉੱਤੇ ਭਰੋਸਾ ਕੀਤਾ ਸੀ।” (ਰੋਮੀ. 4:18) ਅਸੀਂ ਜਾਣਦੇ ਹਾਂ ਕਿ ਅਬਰਾਹਾਮ ਦੀ ਉਮੀਦ ਪੂਰੀ ਹੋਈ। ਉਨ੍ਹਾਂ ਦੇ ਘਰ ਇਸਹਾਕ ਪੈਦਾ ਹੋਇਆ ਜਿਸ ਦੀ ਉਹ ਕਾਫ਼ੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ। ਅਬਰਾਹਾਮ ਨੂੰ ਕਿਉਂ ਭਰੋਸਾ ਸੀ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ? ਅਬਰਾਹਾਮ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ। ਇਸ ਲਈ “ਉਸ ਨੂੰ ਪੱਕਾ ਭਰੋਸਾ ਸੀ ਕਿ ਪਰਮੇਸ਼ੁਰ ਆਪਣਾ ਵਾਅਦਾ ਪੂਰਾ” ਕਰੇਗਾ। (ਰੋਮੀ. 4:21) ਅਬਰਾਹਾਮ ਦੀ ਨਿਹਚਾ ਕਰਕੇ ਯਹੋਵਾਹ ਉਸ ਤੋਂ ਖ਼ੁਸ਼ ਸੀ ਅਤੇ ਉਸ ਨੇ ਉਸ ਨੂੰ ਧਰਮੀ ਠਹਿਰਾਇਆ।—ਯਾਕੂ. 2:23. w23.12 8 ਪੈਰੇ 1-2
ਸ਼ਨੀਵਾਰ 21 ਜੂਨ
ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੁੰਦਾ ਹੈ ਅਤੇ ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਬੇਈਮਾਨ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੁੰਦਾ ਹੈ।—ਲੂਕਾ 16:10.
ਜਿਹੜਾ ਨੌਜਵਾਨ ਭਰੋਸੇਮੰਦ ਹੁੰਦਾ ਹੈ, ਉਹ ਆਪਣੀ ਹਰ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਹੈ। ਇਸ ਮਾਮਲੇ ਵਿਚ ਯਿਸੂ ਸਭ ਤੋਂ ਵਧੀਆ ਮਿਸਾਲ ਹੈ। ਉਹ ਨਾ ਤਾਂ ਲਾਪਰਵਾਹ ਸੀ ਤੇ ਨਾ ਹੀ ਗ਼ੈਰ-ਜ਼ਿੰਮੇਵਾਰ। ਇਸ ਦੀ ਬਜਾਇ, ਉਸ ਨੇ ਯਹੋਵਾਹ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਪੂਰਾ ਕੀਤਾ, ਉਦੋਂ ਵੀ ਜਦੋਂ ਉਸ ਲਈ ਇੱਦਾਂ ਕਰਨਾ ਔਖਾ ਸੀ। ਉਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ, ਖ਼ਾਸ ਕਰਕੇ ਆਪਣੇ ਚੇਲਿਆਂ ਨੂੰ। ਇਸ ਲਈ ਉਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਖ਼ਾਤਰ ਆਪਣੀ ਜਾਨ ਦੇ ਦਿੱਤੀ। (ਯੂਹੰ. 13:1) ਸੋ ਭਰਾਵੋ, ਯਿਸੂ ਵਾਂਗ ਬਣੋ ਤੇ ਤੁਹਾਨੂੰ ਜੋ ਕੰਮ ਦਿੱਤਾ ਜਾਂਦਾ ਹੈ, ਉਸ ਨੂੰ ਪੂਰਾ ਕਰਨ ਵਿਚ ਸਖ਼ਤ ਮਿਹਨਤ ਕਰੋ। ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੋਈ ਕੰਮ ਕਿਵੇਂ ਕਰਨਾ ਹੈ, ਤਾਂ ਨਿਮਰ ਹੋ ਕੇ ਸਮਝਦਾਰ ਭਰਾਵਾਂ ਤੋਂ ਮਦਦ ਮੰਗੋ। ਕਦੀ ਵੀ ਕੋਈ ਕੰਮ ਖ਼ਾਨਾ-ਪੂਰਤੀ ਲਈ ਨਾ ਕਰੋ। (ਰੋਮੀ. 12:11) ਇਸ ਦੀ ਬਜਾਇ, ਤੁਹਾਨੂੰ ਜੋ ਕੰਮ ਦਿੱਤਾ ਜਾਂਦਾ ਹੈ, ਉਸ ਨੂੰ ਚੰਗੀ ਤਰ੍ਹਾਂ ਪੂਰਾ ਕਰੋ। ਇਹ ਸੋਚ ਕੇ ਕੰਮ ਕਰੋ ਕਿ ‘ਤੁਸੀਂ ਯਹੋਵਾਹ ਲਈ ਕਰ ਰਹੇ ਹੋ, ਨਾ ਕਿ ਇਨਸਾਨਾਂ ਲਈ।’ (ਕੁਲੁ. 3:23) ਤੁਸੀਂ ਮੁਕੰਮਲ ਨਹੀਂ ਹੋ, ਇਸ ਲਈ ਨਿਮਰ ਬਣੋ ਅਤੇ ਕੋਈ ਗ਼ਲਤੀ ਹੋਣ ਤੇ ਆਪਣੀ ਗ਼ਲਤੀ ਮੰਨੋ।—ਕਹਾ. 11:2. w23.12 26 ਪੈਰਾ 8
ਐਤਵਾਰ 22 ਜੂਨ
ਉਸ ਇਨਸਾਨ ਨੂੰ ਬਰਕਤ ਮਿਲਦੀ ਹੈ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈ।—ਯਿਰ. 17:7.
ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਅਤੇ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਹ ਸਨਮਾਨ ਮਿਲਣ ਕਰਕੇ ਅਸੀਂ ਉੱਦਾਂ ਹੀ ਮਹਿਸੂਸ ਕਰਦੇ ਹਾਂ ਜਿੱਦਾਂ ਦਾਊਦ ਨੇ ਕੀਤਾ ਸੀ। ਉਸ ਨੇ ਕਿਹਾ: “ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ [ਯਹੋਵਾਹ] ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂ ਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।” (ਜ਼ਬੂ. 65:4) ਯਹੋਵਾਹ ਹਰ ਕਿਸੇ ਨੂੰ ਆਪਣੇ ਵੱਲ ਨਹੀਂ ਖਿੱਚਦਾ। ਯਹੋਵਾਹ ਉਨ੍ਹਾਂ ਲੋਕਾਂ ਨੂੰ ਹੀ ਆਪਣੇ ਵੱਲ ਖਿੱਚਦਾ ਹੈ ਜੋ ਸੱਚ-ਮੁੱਚ ਉਸ ਦੇ ਨੇੜੇ ਆਉਣਾ ਚਾਹੁੰਦੇ ਹਨ। (ਯਾਕੂ. 4:8) ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ ਅਤੇ ਬਪਤਿਸਮਾ ਲੈਂਦੇ ਹੋ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਉਹ ‘ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵੇਗਾ ਕਿ ਤੁਹਾਨੂੰ ਕੋਈ ਕਮੀ ਨਹੀਂ ਹੋਵੇਗੀ।’ (ਮਲਾ. 3:10; ਯਿਰ. 17:8) ਬਪਤਿਸਮਾ ਤਾਂ ਸਿਰਫ਼ ਇਕ ਸ਼ੁਰੂਆਤ ਹੈ। ਤੁਸੀਂ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਜ਼ਿੰਦਗੀ ਜੀਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੋਗੇ, ਉਦੋਂ ਵੀ ਜਦੋਂ ਤੁਹਾਨੂੰ ਗ਼ਲਤ ਕੰਮ ਕਰਨ ਲਈ ਬਹਿਕਾਇਆ ਜਾਵੇ ਜਾਂ ਤੁਹਾਡੀ ਨਿਹਚਾ ਦੀ ਪਰਖ ਹੋਵੇ। (ਉਪ. 5:4, 5) ਯਿਸੂ ਦੇ ਚੇਲਿਆਂ ਵਜੋਂ ਤੁਸੀਂ ਉਸ ਦੀ ਰੀਸ ਕਰਨ ਅਤੇ ਉਸ ਦੇ ਹੁਕਮਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰੋਗੇ।—ਮੱਤੀ 28:19, 20; 1 ਪਤ. 2:21. w24.03 8 ਪੈਰੇ 1-3
ਸੋਮਵਾਰ 23 ਜੂਨ
ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ।—ਉਤ. 2:24.
ਹੋ ਸਕਦਾ ਹੈ ਕਿ ਤੁਹਾਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਾ ਵਧੀਆ ਹੀ ਨਾ ਲੱਗਦਾ ਹੋਵੇ। ਫਿਰ ਤੁਸੀਂ ਕੀ ਕਰ ਸਕਦੇ ਹੋ? ਜ਼ਰਾ ਅੱਗ ਦੀ ਉਦਾਹਰਣ ʼਤੇ ਗੌਰ ਕਰੋ। ਅੱਗ ਬਾਲ਼ਣ ਤੋਂ ਤੁਰੰਤ ਬਾਅਦ ਹੀ ਉਸ ਵਿੱਚੋਂ ਲਾਟਾਂ ਨਹੀਂ ਨਿਕਲਣ ਲੱਗ ਪੈਂਦੀਆਂ, ਸਗੋਂ ਸਾਨੂੰ ਹੌਲੀ-ਹੌਲੀ ਇਸ ਵਿਚ ਲੱਕੜਾਂ ਪਾਉਣੀਆਂ ਪੈਂਦੀਆਂ ਹਨ, ਪਹਿਲਾਂ ਛੋਟੀਆਂ ਲੱਕੜਾਂ ਅਤੇ ਫਿਰ ਵੱਡੀਆਂ। ਇਸੇ ਤਰ੍ਹਾਂ ਕਿਉਂ ਨਾ ਹਰ ਰੋਜ਼ ਕੁਝ ਸਮਾਂ ਇਕੱਠਿਆਂ ਬਿਤਾਓ? ਧਿਆਨ ਰੱਖੋ ਕਿ ਤੁਸੀਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਨੂੰ ਦੋਹਾਂ ਨੂੰ ਮਜ਼ਾ ਆਵੇ। (ਯਾਕੂ. 3:18) ਇਸ ਤਰ੍ਹਾਂ ਜਦੋਂ ਤੁਸੀਂ ਇਕ-ਦੂਜੇ ਨਾਲ ਥੋੜ੍ਹਾ-ਥੋੜ੍ਹਾ ਸਮਾਂ ਬਿਤਾਓਗੇ, ਤਾਂ ਤੁਹਾਡਾ ਇਕ-ਦੂਜੇ ਲਈ ਪਿਆਰ ਫਿਰ ਤੋਂ ਜਾਗ ਜਾਵੇਗਾ। ਪਤੀ-ਪਤਨੀ ਨੂੰ ਇਕ-ਦੂਜੇ ਦਾ ਆਦਰ ਵੀ ਕਰਨਾ ਚਾਹੀਦਾ ਹੈ। ਇਹ ਆਕਸੀਜਨ ਦੀ ਤਰ੍ਹਾਂ ਹੈ ਜੋ ਅੱਗ ਨੂੰ ਬਾਲ਼ੀ ਰੱਖਦੀ ਹੈ। ਪਰ ਆਕਸੀਜਨ ਤੋਂ ਬਿਨਾਂ ਅੱਗ ਛੇਤੀ ਹੀ ਬੁੱਝ ਜਾਵੇਗੀ। ਇਸੇ ਤਰ੍ਹਾਂ ਜੇ ਪਤੀ-ਪਤਨੀ ਇਕ-ਦੂਜੇ ਦੀ ਇੱਜ਼ਤ ਨਾ ਕਰਨ, ਤਾਂ ਉਨ੍ਹਾਂ ਦਾ ਪਿਆਰ ਛੇਤੀ ਹੀ ਠੰਢਾ ਪੈ ਜਾਵੇਗਾ। ਦੂਜੇ ਪਾਸੇ, ਜੇ ਪਤੀ-ਪਤਨੀ ਇਕ-ਦੂਜੇ ਦਾ ਆਦਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦਾ ਪਿਆਰ ਬਣਿਆ ਰਹੇਗਾ। ਪਰ ਇਹ ਗੱਲ ਧਿਆਨ ਵਿਚ ਰੱਖੋ: ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਆਪਣੇ ਸਾਥੀ ਦਾ ਆਦਰ ਕਰਦੇ ਹੋ, ਪਰ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਸਾਥੀ ਨੂੰ ਵੀ ਮਹਿਸੂਸ ਹੋਵੇ ਕਿ ਤੁਸੀਂ ਉਸ ਦਾ ਆਦਰ ਕਰਦੇ ਹੋ। w23.05 22 ਪੈਰਾ 9; 24 ਪੈਰੇ 14-15
ਮੰਗਲਵਾਰ 24 ਜੂਨ
ਜਦੋਂ ਮੈਂ ਚਿੰਤਾਵਾਂ ਨਾਲ ਘਿਰਿਆ ਹੋਇਆ ਸੀ, ਤਾਂ ਤੂੰ ਮੈਨੂੰ ਦਿਲਾਸਾ ਅਤੇ ਸਕੂਨ ਦਿੱਤਾ।—ਜ਼ਬੂ. 94:19.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕ ਵੀ ਬਹੁਤ ਡਰ ਗਏ ਸਨ ਅਤੇ ਥਰ-ਥਰ ਕੰਬਣ ਲੱਗ ਪਏ ਸਨ ਕਿਉਂਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਦੀ ਜਾਨ ਪਿੱਛੇ ਪਏ ਸਨ ਜਾਂ ਉਹ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ। (ਜ਼ਬੂ. 18:4; 55: 1, 5) ਉਸੇ ਤਰ੍ਹਾਂ, ਯਹੋਵਾਹ ਦੀ ਸੇਵਾ ਕਰਨ ਕਰਕੇ ਅੱਜ ਸ਼ਾਇਦ ਸਾਡੇ ਨਾਲ ਕੰਮ ਕਰਨ ਵਾਲੇ, ਸਕੂਲ ਵਿਚ ਦੂਜੇ ਬੱਚੇ, ਸਾਡੇ ਘਰਦੇ ਜਾਂ ਸਰਕਾਰ ਸਾਡਾ ਵਿਰੋਧ ਕਰੇ। ਜਾਂ ਹੋ ਸਕਦਾ ਹੈ ਕਿ ਸਾਨੂੰ ਕੋਈ ਜਾਨਲੇਵਾ ਬੀਮਾਰੀ ਹੋਵੇ। ਇੱਦਾਂ ਦੇ ਹਾਲਾਤਾਂ ਵਿਚ ਸ਼ਾਇਦ ਅਸੀਂ ਵੀ ਬਹੁਤ ਡਰ ਜਾਈਏ ਅਤੇ ਬੇਬੱਸ ਮਹਿਸੂਸ ਕਰੀਏ। ਅਸੀਂ ਸ਼ਾਇਦ ਇਕ ਛੋਟੇ ਬੱਚੇ ਵਾਂਗ ਮਹਿਸੂਸ ਕਰੀਏ ਜੋ ਕੁਝ ਨਹੀਂ ਕਰ ਸਕਦਾ। ਇੱਦਾਂ ਦੇ ਹਾਲਾਤਾਂ ਵਿਚ ਯਹੋਵਾਹ ਸਾਡੀ ਕਿੱਦਾਂ ਮਦਦ ਕਰਦਾ ਹੈ? ਯਹੋਵਾਹ ਸਾਨੂੰ ਦਿਲਾਸਾ ਅਤੇ ਸਕੂਨ ਦਿੰਦਾ ਹੈ। ਇਸ ਲਈ ਲਗਾਤਾਰ ਪ੍ਰਾਰਥਨਾ ਕਰੋ ਅਤੇ ਬਾਈਬਲ ਪੜ੍ਹੋ। ਇੱਦਾਂ ਕਰ ਕੇ ਯਹੋਵਾਹ ਨਾਲ ਸਮਾਂ ਬਿਤਾਓ। (ਜ਼ਬੂ. 77:1, 12-14) ਜੇ ਤੁਸੀਂ ਇੱਦਾਂ ਕਰਨ ਦੀ ਆਦਤ ਬਣਾ ਲਓ, ਤਾਂ ਜੇ ਕਦੀ ਤੁਸੀਂ ਪਰੇਸ਼ਾਨ ਹੋਵੋਗੇ, ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਤਾ ਯਹੋਵਾਹ ਨੂੰ ਪੁਕਾਰੋਗੇ। ਉਸ ਨੂੰ ਆਪਣੀ ਹਰ ਪਰੇਸ਼ਾਨੀ ਦੱਸੋ, ਉਸ ਨੂੰ ਦੱਸੋ ਕਿ ਤੁਹਾਨੂੰ ਕਿਉਂ ਡਰ ਲੱਗ ਰਿਹਾ ਹੈ। ਫਿਰ ਬਾਈਬਲ ਪੜ੍ਹੋ ਅਤੇ ਯਹੋਵਾਹ ਦੀ ਵੀ ਸੁਣੋ। ਫਿਰ ਤੁਸੀਂ ਮਹਿਸੂਸ ਕਰ ਸਕੋਗੇ ਕਿ ਯਹੋਵਾਹ ਤੁਹਾਨੂੰ ਦਿਲਾਸਾ ਦੇ ਰਿਹਾ ਹੈ।—ਜ਼ਬੂ. 119:28. w24.01 24-25 ਪੈਰੇ 14-16
ਬੁੱਧਵਾਰ 25 ਜੂਨ
ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ਦਾ ਹੈ।—ਫ਼ਿਲਿ. 2:13.
ਕਿਸੇ ਟੀਚੇ ਨੂੰ ਹਾਸਲ ਕਰਨ ਲਈ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਜਿਸ ਵਿਅਕਤੀ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਜ਼ਬਰਦਸਤ ਇੱਛਾ ਹੁੰਦੀ ਹੈ, ਉਹ ਇਸ ਨੂੰ ਹਾਸਲ ਕਰਨ ਵਿਚ ਸਖ਼ਤ ਮਿਹਨਤ ਕਰਦਾ ਹੈ। ਨਾਲੇ ਜਿੰਨੀ ਜ਼ਿਆਦਾ ਸਾਡੇ ਵਿਚ ਇੱਛਾ ਹੁੰਦੀ ਹੈ, ਉੱਨਾ ਜ਼ਿਆਦਾ ਅਸੀਂ ਆਪਣੇ ਟੀਚੇ ਹਾਸਲ ਕਰ ਸਕਦੇ ਹਾਂ। ਇਸ ਲਈ ਤੁਸੀਂ ਆਪਣੀ ਇੱਛਾ ਨੂੰ ਹੋਰ ਵਧਾਉਣ ਲਈ ਕੀ ਕਰ ਸਕਦੇ ਹੋ? ਪ੍ਰਾਰਥਨਾ ਕਰੋ ਕਿ ਤੁਹਾਡੀ ਇੱਛਾ ਹੋਰ ਵਧੇ। ਯਹੋਵਾਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਤੁਹਾਡੇ ਅੰਦਰ ਟੀਚੇ ਹਾਸਲ ਕਰਨ ਦੀ ਇੱਛਾ ਪੈਦਾ ਕਰ ਸਕਦਾ ਹੈ। ਕਈ ਵਾਰ ਅਸੀਂ ਕੋਈ ਟੀਚਾ ਰੱਖਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਨੂੰ ਇੱਦਾਂ ਕਰਨਾ ਚਾਹੀਦਾ ਹੈ ਅਤੇ ਇਹ ਚੰਗੀ ਗੱਲ ਹੈ। ਪਰ ਹੋ ਸਕਦਾ ਹੈ ਕਿ ਉਸ ਨੂੰ ਹਾਸਲ ਕਰਨ ਦੀ ਸਾਡੇ ਅੰਦਰ ਇੱਛਾ ਹੀ ਨਾ ਹੋਵੇ। ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ। (ਜ਼ਬੂ. 143:5) ਪੌਲੁਸ ਰਸੂਲ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਉਸ ʼਤੇ ਕਿੰਨੀ ਅਪਾਰ ਕਿਰਪਾ ਕੀਤੀ ਹੈ। ਇਸ ਕਰਕੇ ਉਸ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਹੋਰ ਵਧੀ ਅਤੇ ਉਸ ਨੇ ਸਖ਼ਤ ਮਿਹਨਤ ਕੀਤੀ। (1 ਕੁਰਿੰ. 15:9, 10; 1 ਤਿਮੋ. 1:12-14) ਇਸੇ ਤਰ੍ਹਾਂ ਅਸੀਂ ਜਿੰਨਾ ਜ਼ਿਆਦਾ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਉੱਨਾ ਜ਼ਿਆਦਾ ਸਾਡੇ ਵਿਚ ਆਪਣੇ ਟੀਚੇ ਹਾਸਲ ਕਰਨ ਦੀ ਇੱਛਾ ਵਧੇਗੀ।—ਜ਼ਬੂ. 116:12. w23.05 27 ਪੈਰੇ 3-5
ਵੀਰਵਾਰ 26 ਜੂਨ
ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।—ਜ਼ਬੂ. 113:1.
ਜਦੋਂ ਅਸੀਂ ਸਵਰਗ ਵਿਚ ਰਹਿਣ ਵਾਲੇ ਆਪਣੇ ਪਿਤਾ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਜ਼ਬੂ. 119:108) ਇੱਦਾਂ ਨਹੀ ਹੈ ਕਿ ਉਸ ਨੂੰ ਇਨਸਾਨਾਂ ਤੋਂ ਮਹਿਮਾ ਦੀ ਲੋੜ ਹੈ ਜਿੱਦਾਂ ਇਨਸਾਨਾਂ ਨੂੰ ਤਾਰੀਫ਼ ਜਾਂ ਹੌਸਲੇ ਦੀ ਲੋੜ ਹੈ। ਜਦੋਂ ਅਸੀਂ ਸਵਰਗ ਵਿਚ ਰਹਿਣ ਵਾਲੇ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰਦੇ ਹਾਂ, ਤਾਂ ਅਸੀਂ ਸ਼ੈਤਾਨ ਦੇ ਇਕ ਹੋਰ ਇਲਜ਼ਾਮ ਨੂੰ ਝੂਠਾ ਸਾਬਤ ਕਰਦੇ ਹਾਂ ਜੋ ਉਸ ਨੇ ਸਾਡੇ ਸਾਰਿਆਂ ʼਤੇ ਲਾਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਇਨਸਾਨ ਹਮੇਸ਼ਾ ਯਹੋਵਾਹ ਦੇ ਨਾਂ ਦਾ ਪੱਖ ਨਹੀਂ ਲਵੇਗਾ। ਉਹ ਕਹਿੰਦਾ ਹੈ ਕਿ ਜੇ ਇਕ ਇਨਸਾਨ ʼਤੇ ਮੁਸ਼ਕਲਾਂ ਆਉਣ ਜਾਂ ਉਸ ਨੂੰ ਲੱਗੇ ਕਿ ਪਰਮੇਸ਼ੁਰ ਦੀ ਗੱਲ ਨਾ ਮੰਨਣ ਵਿਚ ਹੀ ਉਸ ਦੀ ਭਲਾਈ ਹੈ, ਤਾਂ ਉਹ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦੇਵੇਗਾ। (ਅੱਯੂ. 1:9-11; 2:4) ਪਰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਨੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ। ਕੀ ਤੁਸੀਂ ਵੀ ਇੱਦਾਂ ਹੀ ਕਰੋਗੇ? ਸਾਡੇ ਵਿੱਚੋਂ ਹਰੇਕ ਕੋਲ ਇਹ ਮੌਕਾ ਹੈ ਕਿ ਅਸੀਂ ਆਪਣੇ ਪਿਤਾ ਦੇ ਨਾਂ ਦਾ ਪੱਖ ਲਈਏ ਅਤੇ ਹਮੇਸ਼ਾ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਕੇ ਉਸ ਦਾ ਦਿਲ ਖ਼ੁਸ਼ ਕਰੀਏ। (ਕਹਾ. 27:11) ਸੱਚੀਂ ਸਾਡੇ ਲਈ ਇਹ ਕਿੰਨੇ ਹੀ ਸਨਮਾਨ ਦੀ ਗੱਲ ਹੈ! w24.02 8-9 ਪੈਰੇ 3-5
ਸ਼ੁੱਕਰਵਾਰ 27 ਜੂਨ
ਉਸ ਦੇ ਨਬੀਆਂ ʼਤੇ ਨਿਹਚਾ ਕਰੋ ਅਤੇ ਤੁਸੀਂ ਸਫ਼ਲ ਹੋਵੋਗੇ।—2 ਇਤਿ. 20:20.
ਮੂਸਾ ਅਤੇ ਯਹੋਸ਼ੁਆ ਤੋਂ ਬਾਅਦ ਯਹੋਵਾਹ ਨੇ ਆਪਣੇ ਲੋਕਾਂ ਨੂੰ ਰਾਹ ਦਿਖਾਉਣ ਲਈ ਨਿਆਈਆਂ ਨੂੰ ਚੁਣਿਆ। ਫਿਰ ਰਾਜਿਆਂ ਦੇ ਜ਼ਮਾਨੇ ਵਿਚ ਯਹੋਵਾਹ ਨੇ ਨਬੀਆਂ ਦੇ ਜ਼ਰੀਏ ਆਪਣੇ ਲੋਕਾਂ ਨੂੰ ਰਾਹ ਦਿਖਾਇਆ। ਵਫ਼ਾਦਾਰ ਰਾਜਿਆਂ ਨੇ ਇਨ੍ਹਾਂ ਨਬੀਆਂ ਦੀ ਸੁਣੀ। ਜਿਵੇਂ, ਜਦੋਂ ਨਾਥਾਨ ਨਬੀ ਨੇ ਰਾਜਾ ਦਾਊਦ ਨੂੰ ਉਸ ਦੀ ਗ਼ਲਤੀ ਦੱਸੀ, ਤਾਂ ਉਸ ਨੇ ਨਿਮਰ ਹੋ ਕੇ ਆਪਣੀ ਗ਼ਲਤੀ ਮੰਨੀ। (2 ਸਮੂ. 12:7, 13; 1 ਇਤਿ. 17:3, 4) ਰਾਜਾ ਯਹੋਸ਼ਾਫਾਟ ਨੇ ਯਹਜ਼ੀਏਲ ਨਬੀ ਦੀ ਸਲਾਹ ਮੰਨੀ ਅਤੇ ਯਹੂਦਾਹ ਦੇ ਲੋਕਾਂ ਨੂੰ “[ਪਰਮੇਸ਼ੁਰ] ਦੇ ਨਬੀਆਂ ʼਤੇ ਨਿਹਚਾ” ਕਰਨ ਦੀ ਹੱਲਾਸ਼ੇਰੀ ਦਿੱਤੀ। (2 ਇਤਿ. 20:14, 15) ਜਦੋਂ ਰਾਜਾ ਹਿਜ਼ਕੀਯਾਹ ਬਹੁਤ ਪਰੇਸ਼ਾਨ ਸੀ, ਤਾਂ ਉਸ ਨੇ ਯਸਾਯਾਹ ਤੋਂ ਮਦਦ ਮੰਗੀ। (ਯਸਾ. 37:1-6) ਜਦੋਂ ਵੀ ਰਾਜੇ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਸਨ, ਤਾਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਸੀ ਅਤੇ ਸਾਰੀ ਕੌਮ ਦੀ ਹਿਫਾਜ਼ਤ ਕਰਦਾ ਸੀ। (2 ਇਤਿ. 20:29, 30; 32:22) ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਯਹੋਵਾਹ ਨਬੀਆਂ ਨੂੰ ਵਰਤ ਕੇ ਆਪਣੇ ਲੋਕਾਂ ਨੂੰ ਰਾਹ ਦਿਖਾ ਰਿਹਾ ਸੀ। w24.02 21 ਪੈਰਾ 8
ਸ਼ਨੀਵਾਰ 28 ਜੂਨ
ਉਨ੍ਹਾਂ ਦੇ ਕੰਮਾਂ ਵਿਚ ਹਿੱਸੇਦਾਰ ਨਾ ਬਣੋ।—ਅਫ਼. 5:7.
ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਅਜਿਹੇ ਲੋਕਾਂ ਨਾਲ ਸੰਗਤ ਕਰੀਏ ਜਿਨ੍ਹਾਂ ਕਰਕੇ ਸਾਡੇ ਲਈ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਣਾ ਔਖਾ ਹੋ ਜਾਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਗਤ ਕਰਨ ਦਾ ਮਤਲਬ ਸਿਰਫ਼ ਇਹੀ ਨਹੀਂ ਹੈ ਕਿ ਅਸੀਂ ਕਿਨ੍ਹਾਂ ਲੋਕਾਂ ਨਾਲ ਉੱਠਦੇ-ਬੈਠਦੇ ਹਾਂ, ਸਗੋਂ ਇਹ ਵੀ ਕਿ ਅਸੀਂ ਸੋਸ਼ਲ ਮੀਡੀਆ ʼਤੇ ਕਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਇਹ ਦੁਨੀਆਂ ਸਾਨੂੰ ਵਾਰ-ਵਾਰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਨੈਤਿਕ ਕੰਮ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਇਹ ਗ਼ਲਤ ਹੈ। ਇਸ ਲਈ ਸਾਨੂੰ ਜੀ-ਜਾਨ ਲਾਉਣ ਦੀ ਲੋੜ ਹੈ ਤਾਂਕਿ ਦੁਨੀਆਂ ਦੀ ਸੋਚ ਸਾਡੇ ʼਤੇ ਹਾਵੀ ਨਾ ਹੋ ਜਾਵੇ। (ਅਫ਼. 4:19, 20) ਸਾਨੂੰ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ, ‘ਜਦੋਂ ਯਹੋਵਾਹ ਦੇ ਮਿਆਰਾਂ ਨੂੰ ਮੰਨਣ ਕਰਕੇ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ ਜਾਂ ਮੈਨੂੰ ਬੁਰਾ-ਭਲਾ ਕਹਿੰਦੇ ਹਨ, ਕੀ ਮੈਂ ਉਦੋਂ ਵੀ ਹਿੰਮਤ ਤੋਂ ਕੰਮ ਲੈਂਦਾ ਹਾਂ ਅਤੇ ਉਸ ਦੇ ਮਿਆਰਾਂ ਨੂੰ ਮੰਨਦਾ ਹਾਂ? ਕੀ ਮੈਂ ਇਸ ਗੱਲ ਦਾ ਧਿਆਨ ਰੱਖਦਾ ਹਾਂ ਕਿ ਮੈਂ ਬਿਨ੍ਹਾਂ ਵਜ੍ਹਾ ਅਜਿਹੇ ਲੋਕਾਂ ਨਾਲ ਸਮਾਂ ਨਾ ਬਿਤਾਵਾਂ ਜੋ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ, ਜਿਵੇਂ ਨਾਲ ਪੜ੍ਹਨ ਵਾਲੇ, ਨਾਲ ਕੰਮ ਕਰਨ ਵਾਲੇ ਅਤੇ ਹੋਰ ਲੋਕ?’ 2 ਤਿਮੋਥਿਉਸ 2:20-22 ਤੋਂ ਪਤਾ ਲੱਗਦਾ ਹੈ ਕਿ ਸਾਨੂੰ ਮੰਡਲੀ ਵਿਚ ਵੀ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ। ਕਿਉਂ? ਕਿਉਂਕਿ ਮੰਡਲੀ ਵਿਚ ਵੀ ਕੁਝ ਜਣੇ ਇੱਦਾਂ ਦੇ ਹੋ ਸਕਦੇ ਹਨ ਜੋ ਸਾਨੂੰ ਯਹੋਵਾਹ ਤੋਂ ਦੂਰ ਲੈ ਜਾਣ। w24.03 22-23 ਪੈਰੇ 11-12
ਐਤਵਾਰ 29 ਜੂਨ
ਪਿਤਾ ਤੁਹਾਡੇ ਨਾਲ ਪਿਆਰ ਕਰਦਾ ਹੈ।—ਯੂਹੰ. 16:27.
ਕੀ ਤੁਸੀਂ ਕਦੀ ਸੋਚਿਆ ਕਿ ਯਹੋਵਾਹ ਦੇਖਣ ਨੂੰ ਕਿੱਦਾਂ ਦਾ ਲੱਗਦਾ ਹੈ? ਵੈਸੇ ਤਾਂ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਪਰ ਬਾਈਬਲ ਵਿਚ ਉਸ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਇਸ ਵਿਚ ਯਹੋਵਾਹ ਬਾਰੇ ਕਿਹਾ ਗਿਆ ਹੈ ਕਿ ਉਹ “ਸਾਡਾ ਸੂਰਜ ਅਤੇ ਸਾਡੀ ਢਾਲ ਹੈ” ਅਤੇ “ਭਸਮ ਕਰ ਦੇਣ ਵਾਲੀ ਅੱਗ ਹੈ।” (ਜ਼ਬੂ. 84:11; ਇਬ. 12:29) ਇਕ ਹੋਰ ਜਗ੍ਹਾ ʼਤੇ ਉਸ ਬਾਰੇ ਕਿਹਾ ਗਿਆ ਹੈ ਕਿ ਉਹ ਸੋਨੇ-ਚਾਂਦੀ ਵਾਂਗ ਚਮਕ ਰਿਹਾ ਹੈ, ਉਹ ਨੀਲਮ ਪੱਥਰ ਦੇ ਸਿੰਘਾਸਣ ʼਤੇ ਬੈਠਾ ਹੋਇਆ ਹੈ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਰੌਸ਼ਨੀ ਨਜ਼ਰ ਆਉਂਦੀ ਹੈ ਜਿਵੇਂ ਸਤਰੰਗੀ ਪੀਂਘ ਵਿਚ ਹੁੰਦੀ ਹੈ। (ਹਿਜ਼. 1:26-28) ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ। ਇਸ ਲਈ ਸ਼ਾਇਦ ਸਾਨੂੰ ਇਹ ਮੰਨਣਾ ਔਖਾ ਲੱਗੇ ਕਿ ਉਹ ਸਾਨੂੰ ਪਿਆਰ ਕਰਦਾ ਹੈ। ਕੁਝ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਹਿਆ ਹੈ, ਇਸ ਲਈ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰ ਸਕਦਾ ਹੈ। ਯਹੋਵਾਹ ਇਹ ਸਭ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਜਾਣਦਾ ਹੈ ਕਿ ਕਿਉਂ ਕੁਝ ਲੋਕਾਂ ਨੂੰ ਉਸ ਦੇ ਨੇੜੇ ਆਉਣਾ ਔਖਾ ਲੱਗਦਾ ਹੈ। ਇਸ ਲਈ ਉਸ ਨੇ ਆਪਣੇ ਬਚਨ ਵਿਚ ਖੁੱਲ੍ਹ ਕੇ ਦੱਸਿਆ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ, ਜੇ ਅਸੀਂ ਇਸ ਨੂੰ ਇਕ ਸ਼ਬਦ ਵਿਚ ਦੱਸਣਾ ਹੋਵੇ, ਤਾਂ ਉਹ ਹੈ ਪਿਆਰ। ਬਾਈਬਲ ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਉਹ ਜੋ ਵੀ ਕਰਦਾ ਹੈ, ਪਿਆਰ ਕਰਕੇ ਹੀ ਕਰਦਾ ਹੈ। ਯਹੋਵਾਹ ਪਿਆਰ ਦਾ ਸਾਗਰ ਹੈ। ਉਹ ਉਨ੍ਹਾਂ ਨੂੰ ਵੀ ਪਿਆਰ ਕਰਦਾ ਹੈ ਜੋ ਉਸ ਨੂੰ ਪਿਆਰ ਨਹੀਂ ਕਰਦੇ।—ਮੱਤੀ 5:44, 45. w24.01 26 ਪੈਰੇ 1-3
ਸੋਮਵਾਰ 30 ਜੂਨ
ਉਹ ਉਨ੍ਹਾਂ ਨਾਲ ਬੱਦਲ ਦੇ ਥੰਮ੍ਹ ਵਿੱਚੋਂ ਦੀ ਗੱਲ ਕਰਦਾ ਸੀ।—ਜ਼ਬੂ. 99:7.
ਯਹੋਵਾਹ ਨੇ ਮੂਸਾ ਨੂੰ ਚੁਣਿਆ ਤਾਂਕਿ ਉਹ ਉਸ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਵੇ। ਇਸ ਦੇ ਸਬੂਤ ਵਜੋਂ ਯਹੋਵਾਹ ਦਿਨ ਵੇਲੇ ਬੱਦਲ ਦੇ ਥੰਮ੍ਹ ਅਤੇ ਰਾਤ ਵੇਲੇ ਅੱਗ ਦੇ ਥੰਮ੍ਹ ਨੂੰ ਵਰਤਦਾ ਸੀ। (ਕੂਚ 13:21) ਮੂਸਾ ਥੰਮ੍ਹ ਦੇ ਪਿੱਛੇ-ਪਿੱਛੇ ਚੱਲਿਆ ਅਤੇ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਨੇੜੇ ਲੈ ਆਇਆ। ਪਰ ਜਦੋਂ ਇਜ਼ਰਾਈਲੀਆਂ ਨੇ ਦੇਖਿਆ ਕਿ ਅੱਗੇ ਲਾਲ ਸਮੁੰਦਰ ਹੈ ਤੇ ਪਿੱਛੇ ਮਿਸਰੀ ਫ਼ੌਜ, ਤਾਂ ਉਹ ਬਹੁਤ ਡਰ ਗਏ। ਪਰ ਇਹ ਕੋਈ ਗ਼ਲਤੀ ਨਹੀਂ ਸੀ। ਯਹੋਵਾਹ ਮੂਸਾ ਦੇ ਜ਼ਰੀਏ ਸੋਚ-ਸਮਝ ਕੇ ਆਪਣੇ ਲੋਕਾਂ ਨੂੰ ਇੱਥੇ ਲਿਆਇਆ ਸੀ। (ਕੂਚ 14:2) ਫਿਰ ਯਹੋਵਾਹ ਨੇ ਸ਼ਾਨਦਾਰ ਤਰੀਕੇ ਨਾਲ ਉਨ੍ਹਾਂ ਨੂੰ ਬਚਾਇਆ। (ਕੂਚ 14:26-28) ਇਸ ਤੋਂ ਬਾਅਦ, ਅਗਲੇ 40 ਸਾਲਾਂ ਤਕ ਮੂਸਾ ਬੱਦਲ ਦੇ ਥੰਮ੍ਹ ਦੇ ਪਿੱਛੇ-ਪਿੱਛੇ ਚੱਲਦਾ ਰਿਹਾ ਅਤੇ ਉਜਾੜ ਵਿਚ ਯਹੋਵਾਹ ਦੇ ਲੋਕਾਂ ਨੂੰ ਰਾਹ ਦਿਖਾਉਂਦਾ ਰਿਹਾ। (ਕੂਚ 33:7, 9-10) ਯਹੋਵਾਹ ਉਸ ਥੰਮ੍ਹ ਵਿੱਚੋਂ ਮੂਸਾ ਨੂੰ ਹਿਦਾਇਤਾਂ ਦਿੰਦਾ ਸੀ। ਫਿਰ ਮੂਸਾ ਇਹ ਹਿਦਾਇਤਾਂ ਲੋਕਾਂ ਨੂੰ ਦਿੰਦਾ ਸੀ। ਸੱਚ-ਮੁੱਚ, ਇਜ਼ਰਾਈਲੀ ਇਹ ਸਾਫ਼-ਸਾਫ਼ ਦੇਖ ਸਕਦੇ ਸਨ ਕਿ ਯਹੋਵਾਹ ਮੂਸਾ ਰਾਹੀਂ ਉਨ੍ਹਾਂ ਨੂੰ ਰਾਹ ਦਿਖਾ ਰਿਹਾ ਸੀ। w24.02 21 ਪੈਰੇ 4-5