ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es25 ਸਫ਼ੇ 57-70
  • ਮਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਈ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
  • ਸਿਰਲੇਖ
  • ਵੀਰਵਾਰ 1 ਮਈ
  • ਸ਼ੁੱਕਰਵਾਰ 2 ਮਈ
  • ਸ਼ਨੀਵਾਰ 3 ਮਈ
  • ਐਤਵਾਰ 4 ਮਈ
  • ਸੋਮਵਾਰ 5 ਮਈ
  • ਮੰਗਲਵਾਰ 6 ਮਈ
  • ਬੁੱਧਵਾਰ 7 ਮਈ
  • ਵੀਰਵਾਰ 8 ਮਈ
  • ਸ਼ੁੱਕਰਵਾਰ 9 ਮਈ
  • ਸ਼ਨੀਵਾਰ 10 ਮਈ
  • ਐਤਵਾਰ 11 ਮਈ
  • ਸੋਮਵਾਰ 12 ਮਈ
  • ਮੰਗਲਵਾਰ 13 ਮਈ
  • ਬੁੱਧਵਾਰ 14 ਮਈ
  • ਵੀਰਵਾਰ 15 ਮਈ
  • ਸ਼ੁੱਕਰਵਾਰ 16 ਮਈ
  • ਸ਼ਨੀਵਾਰ 17 ਮਈ
  • ਐਤਵਾਰ 18 ਮਈ
  • ਸੋਮਵਾਰ 19 ਮਈ
  • ਮੰਗਲਵਾਰ 20 ਮਈ
  • ਬੁੱਧਵਾਰ 21 ਮਈ
  • ਵੀਰਵਾਰ 22 ਮਈ
  • ਸ਼ੁੱਕਰਵਾਰ 23 ਮਈ
  • ਸ਼ਨੀਵਾਰ 24 ਮਈ
  • ਐਤਵਾਰ 25 ਮਈ
  • ਸੋਮਵਾਰ 26 ਮਈ
  • ਮੰਗਲਵਾਰ 27 ਮਈ
  • ਬੁੱਧਵਾਰ 28 ਮਈ
  • ਵੀਰਵਾਰ 29 ਮਈ
  • ਸ਼ੁੱਕਰਵਾਰ 30 ਮਈ
  • ਸ਼ਨੀਵਾਰ 31 ਮਈ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
es25 ਸਫ਼ੇ 57-70

ਮਈ

ਵੀਰਵਾਰ 1 ਮਈ

ਵੱਡਾ ਕਾਲ਼ ਪੈਣ ਵਾਲਾ ਸੀ।​—ਰਸੂ. 11:28.

ਪਹਿਲੀ ਸਦੀ ਦੇ ਮਸੀਹੀਆਂ ʼਤੇ ਵੀ ਅਜਿਹੀਆਂ ਮੁਸ਼ਕਲਾਂ ਆਈਆਂ ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਉਮੀਦ ਨਹੀਂ ਕੀਤੀ ਸੀ। ਇਕ ਵਾਰ “ਪੂਰੀ ਦੁਨੀਆਂ ਵਿਚ ਵੱਡਾ ਕਾਲ਼” ਪਿਆ ਸੀ। ਬਿਨਾਂ ਸ਼ੱਕ, ਪਰਿਵਾਰ ਦੇ ਮੁਖੀਆਂ ਨੂੰ ਚਿੰਤਾ ਹੋਈ ਹੋਣੀ ਕਿ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਤੋਰਨਗੇ। ਨਾਲੇ ਜਿਹੜੇ ਨੌਜਵਾਨ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਬਾਰੇ ਸੋਚ ਰਹੇ ਸਨ, ਉਨ੍ਹਾਂ ਨੂੰ ਕਿੱਦਾਂ ਲੱਗਾ ਹੋਣਾ? ਕੀ ਉਨ੍ਹਾਂ ਨੇ ਇਹ ਸੋਚਿਆ ਕਿ ਕਾਲ਼ ਖ਼ਤਮ ਹੋਣ ਤੋਂ ਬਾਅਦ ਹੀ ਉਹ ਇੱਦਾਂ ਕਰ ਸਕਣਗੇ? ਚਾਹੇ ਜੋ ਵੀ ਸੀ, ਉਨ੍ਹਾਂ ਮਸੀਹੀਆਂ ਨੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲਿਆ ਅਤੇ ਉਨ੍ਹਾਂ ਤੋਂ ਜਿੰਨਾ ਹੋ ਸਕਿਆ, ਉਹ ਉੱਨਾ ਪ੍ਰਚਾਰ ਕਰਦੇ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਹ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਯਹੂਦਿਯਾ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਸਾਂਝਾ ਕੀਤਾ। (ਰਸੂ. 11:29, 30) ਜਿਨ੍ਹਾਂ ਭੈਣਾਂ-ਭਰਾਵਾਂ ਤਕ ਰਾਹਤ ਦਾ ਸਾਮਾਨ ਪਹੁੰਚਾਇਆ ਗਿਆ, ਉਹ ਸਾਫ਼-ਸਾਫ਼ ਦੇਖ ਸਕੇ ਕਿ ਯਹੋਵਾਹ ਉਨ੍ਹਾਂ ਨੂੰ ਕਿਵੇਂ ਸੰਭਾਲ ਰਿਹਾ ਸੀ। (ਮੱਤੀ 6:31-33) ਨਾਲੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ ਹੋਣਾ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਹੋਣੀ। ਇਸ ਤੋਂ ਇਲਾਵਾ, ਜਿਨ੍ਹਾਂ ਭੈਣਾਂ-ਭਰਾਵਾਂ ਨੇ ਦਾਨ ਦੇ ਕੇ ਜਾਂ ਹੋਰ ਤਰੀਕਿਆਂ ਨਾਲ ਰਾਹਤ ਕੰਮ ਵਿਚ ਹੱਥ ਵਟਾਇਆ ਹੋਣਾ, ਉਨ੍ਹਾਂ ਨੂੰ ਵੀ ਜ਼ਰੂਰ ਖ਼ੁਸ਼ੀ ਮਿਲੀ ਹੋਣੀ ਕਿ ਉਹ ਆਪਣੇ ਭੈਣਾਂ-ਭਰਾਵਾਂ ਲਈ ਕੁਝ ਕਰ ਸਕੇ।​—ਰਸੂ. 20:35. w23.04 16 ਪੈਰੇ 12-13

ਸ਼ੁੱਕਰਵਾਰ 2 ਮਈ

ਸਾਨੂੰ ਇਹ ਵੀ ਭਰੋਸਾ ਹੈ ਕਿ ਅਸੀਂ ਉਸ ਤੋਂ ਜੋ ਵੀ ਮੰਗਦੇ ਹਾਂ, ਉਹ ਸਾਨੂੰ ਜ਼ਰੂਰ ਮਿਲੇਗਾ।​—1 ਯੂਹੰ. 5:15.

ਕਈ ਵਾਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਉਸ ਦੇ ਸੇਵਕ ਨਹੀਂ ਹਨ। ਉਦਾਹਰਣ ਲਈ, ਉਸ ਨੇ ਰਾਜਾ ਅਰਤਹਸ਼ਸਤਾ ਨੂੰ ਪ੍ਰੇਰਿਤ ਕੀਤਾ ਕਿ ਉਹ ਨਹਮਯਾਹ ਨੂੰ ਯਰੂਸ਼ਲਮ ਜਾਣ ਦੀ ਇਜਾਜ਼ਤ ਦੇਵੇ ਤਾਂਕਿ ਉਹ ਸ਼ਹਿਰ ਨੂੰ ਦੁਬਾਰਾ ਬਣਾਉਣ ਦਾ ਕੰਮ ਪੂਰਾ ਕਰਨ ਵਿਚ ਮਦਦ ਕਰ ਸਕੇ। (ਨਹ. 2:3-6) ਅੱਜ ਵੀ ਲੋੜ ਪੈਣ ʼਤੇ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ। ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਲਾਜਵਾਬ ਤਰੀਕੇ ਨਾਲ ਨਹੀਂ ਦਿੰਦਾ। ਪਰ ਉਹ ਸਾਨੂੰ ਜੋ ਵੀ ਜਵਾਬ ਦਿੰਦਾ ਹੈ, ਉਹ ਸਾਡੀ ਵਫ਼ਾਦਾਰੀ ਨੂੰ ਬਣਾਈ ਰੱਖਣ ਲਈ ਕਾਫ਼ੀ ਹੈ। ਇਸ ਲਈ ਹਮੇਸ਼ਾ ਧਿਆਨ ਦਿਓ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਸਾਨੂੰ ਸਮੇਂ-ਸਮੇਂ ʼਤੇ ਰੁਕ ਕੇ ਸੋਚਣਾ ਚਾਹੀਦਾ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇ ਰਿਹਾ ਹੈ। (ਜ਼ਬੂ. 66:19, 20) ਅਸੀਂ ਸਿਰਫ਼ ਪ੍ਰਾਰਥਨਾ ਕਰ ਕੇ ਹੀ ਨਹੀਂ ਦਿਖਾਉਂਦੇ ਕਿ ਸਾਨੂੰ ਯਹੋਵਾਹ ʼਤੇ ਨਿਹਚਾ ਹੈ, ਸਗੋਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜੋ ਜਵਾਬ ਦਿੰਦਾ ਹੈ, ਉਸ ਨੂੰ ਕਬੂਲ ਕਰ ਕੇ ਵੀ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ।​—ਇਬ. 11:6. w23.05 11 ਪੈਰਾ 13; 12 ਪੈਰੇ 15-16

ਸ਼ਨੀਵਾਰ 3 ਮਈ

ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ।​—ਜ਼ਬੂ. 40:8.

ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਅਸੀਂ ਉਸ ਦੀ ਭਗਤੀ ਕਰਨ ਅਤੇ ਉਸ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਸਾਨੂੰ ਇਹ ਵਾਅਦਾ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਸਮਰਪਣ ਦੇ ਵਾਅਦੇ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਸਾਡੇ ਲਈ ਬੋਝ ਨਹੀਂ ਹੈ। ਕਿਉਂ? ਕਿਉਂਕਿ ਯਹੋਵਾਹ ਨੇ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਬਣਾਇਆ ਹੈ। (ਪ੍ਰਕਾ. 4:11) ਉਸ ਨੇ ਸਾਡੇ ਵਿਚ ਇਹ ਇੱਛਾ ਪਾਈ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਦੀ ਭਗਤੀ ਕਰੀਏ। ਨਾਲੇ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ʼਤੇ ਬਣਾਇਆ ਹੈ। ਇਸ ਕਰਕੇ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ ਅਤੇ ਉਸ ਦੀ ਇੱਛਾ ਪੂਰੀ ਕਰ ਕੇ ਸਾਨੂੰ ਖ਼ੁਸ਼ੀ ਵੀ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਤੇ ਉਸ ਦੇ ਪੁੱਤਰ ਦੀ ਰੀਸ ਕਰ ਕੇ ਸਾਨੂੰ “ਤਾਜ਼ਗੀ” ਮਿਲਦੀ ਹੈ। (ਮੱਤੀ 11:28-30) ਇਸ ਲਈ ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰੋ। ਉਸ ਨੇ ਤੁਹਾਡੇ ਲਈ ਹੁਣ ਤਕ ਜੋ ਵੀ ਕੀਤਾ ਹੈ ਅਤੇ ਭਵਿੱਖ ਵਿਚ ਤੁਹਾਨੂੰ ਜੋ ਬਰਕਤਾਂ ਦੇਵੇਗਾ, ਉਸ ʼਤੇ ਸੋਚ-ਵਿਚਾਰ ਕਰਦੇ ਰਹੋ। ਪਰਮੇਸ਼ੁਰ ਲਈ ਤੁਹਾਡਾ ਪਿਆਰ ਜਿੰਨਾ ਜ਼ਿਆਦਾ ਗੂੜ੍ਹਾ ਹੋਵੇਗਾ, ਉਸ ਦਾ ਕਹਿਣਾ ਮੰਨਣਾ ਤੁਹਾਡੇ ਲਈ ਉੱਨਾ ਜ਼ਿਆਦਾ ਸੌਖਾ ਹੋਵੇਗਾ। (1 ਯੂਹੰ. 5:3) ਯਿਸੂ ਦੀ ਰੀਸ ਕਰੋ। ਉਹ ਯਹੋਵਾਹ ਦੀ ਇੱਛਾ ਪੂਰੀ ਕਰ ਸਕਿਆ ਕਿਉਂਕਿ ਉਸ ਨੇ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਆਪਣਾ ਧਿਆਨ ਇਨਾਮ ʼਤੇ ਲਾਈ ਰੱਖਿਆ। (ਇਬ. 5:7; 12:2) ਯਿਸੂ ਵਾਂਗ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਨੂੰ ਯਾਦ ਰੱਖੋ। w23.08 27-28 ਪੈਰੇ 4-5

ਐਤਵਾਰ 4 ਮਈ

ਕੀ ਤੂੰ ਇਸ ਕਰਕੇ ਪਰਮੇਸ਼ੁਰ ਦੀ ਬੇਅੰਤ ਰਹਿਮਦਿਲੀ, ਸਹਿਣਸ਼ੀਲਤਾ ਤੇ ਧੀਰਜ ਨੂੰ ਤੁੱਛ ਸਮਝਦਾ ਹੈਂ ਕਿਉਂਕਿ ਤੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ?​—ਰੋਮੀ. 2:4.

ਅਸੀਂ ਧੀਰਜ ਦਿਖਾਉਣ ਵਾਲੇ ਲੋਕਾਂ ਨੂੰ ਪਸੰਦ ਕਰਦੇ ਹਾਂ। ਕਿਉਂ? ਕਿਉਂਕਿ ਜੇ ਉਨ੍ਹਾਂ ਨੂੰ ਕਿਸੇ ਗੱਲ ਲਈ ਇੰਤਜ਼ਾਰ ਕਰਨਾ ਪਵੇ, ਤਾਂ ਉਹ ਖਿੱਝਦੇ ਨਹੀਂ ਹਨ। ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਉਹ ਗੁੱਸੇ ਵਿਚ ਨਹੀਂ ਭੜਕਦੇ, ਸਗੋਂ ਧੀਰਜ ਰੱਖਦੇ ਹਨ। ਨਾਲੇ ਅਸੀਂ ਉਸ ਭੈਣ ਜਾਂ ਭਰਾ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਨੂੰ ਬਾਈਬਲ ਸਟੱਡੀ ਕਰਾਈ ਸੀ। ਜਦੋਂ ਸਾਨੂੰ ਬਾਈਬਲ ਦੀ ਕੋਈ ਸਿੱਖਿਆ ਸਮਝਣੀ, ਕਬੂਲ ਕਰਨੀ ਜਾਂ ਲਾਗੂ ਕਰਨੀ ਔਖੀ ਲੱਗਦੀ ਸੀ, ਤਾਂ ਉਸ ਨੇ ਧੀਰਜ ਰੱਖਿਆ। ਸਭ ਤੋਂ ਜ਼ਿਆਦਾ, ਅਸੀਂ ਯਹੋਵਾਹ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਨਾਲ ਧੀਰਜ ਦਿਖਾਉਂਦਾ ਹੈ। ਭਾਵੇਂ ਕਿ ਸਾਨੂੰ ਧੀਰਜ ਦਿਖਾਉਣ ਵਾਲੇ ਲੋਕ ਪਸੰਦ ਹਨ, ਪਰ ਸ਼ਾਇਦ ਸਾਡੇ ਲਈ ਹਮੇਸ਼ਾ ਧੀਰਜ ਰੱਖਣਾ ਸੌਖਾ ਨਾ ਹੋਵੇ। ਉਦਾਹਰਣ ਲਈ, ਜੇ ਅਸੀਂ ਟ੍ਰੈਫਿਕ ਵਿਚ ਫਸੇ ਹੋਏ ਹਾਂ ਤੇ ਲੇਟ ਹੋ ਰਹੇ ਹਾਂ, ਤਾਂ ਸ਼ਾਇਦ ਸਾਡੇ ਲਈ ਸ਼ਾਂਤ ਰਹਿਣਾ ਔਖਾ ਹੋਵੇ। ਜਦੋਂ ਸਾਨੂੰ ਦੂਸਰੇ ਖਿਝ ਚੜ੍ਹਾਉਂਦੇ ਹਨ, ਤਾਂ ਸ਼ਾਇਦ ਸਾਨੂੰ ਗੁੱਸਾ ਚੜ੍ਹ ਜਾਵੇ। ਨਾਲੇ ਕਦੇ-ਕਦਾਈਂ ਯਹੋਵਾਹ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਦਾ ਇੰਤਜ਼ਾਰ ਕਰਨਾ ਸਾਡੇ ਲਈ ਔਖਾ ਹੋਵੇ। ਪਰ ਸਾਨੂੰ ਇਨ੍ਹਾਂ ਸਾਰੇ ਹਾਲਾਤਾਂ ਵਿਚ ਹੋਰ ਜ਼ਿਆਦਾ ਧੀਰਜ ਰੱਖਣ ਦੀ ਲੋੜ ਹੈ। w23.08 20 ਪੈਰੇ 1-2

ਸੋਮਵਾਰ 5 ਮਈ

ਉਸ ਨੇ ਇਜ਼ਰਾਈਲ ਦੇ ਬਾਕੀ ਸਾਰੇ ਆਦਮੀਆਂ ਨੂੰ ਵਾਪਸ ਘਰ ਭੇਜ ਦਿੱਤਾ ਤੇ ਸਿਰਫ਼ 300 ਆਦਮੀਆਂ ਨੂੰ ਹੀ ਰੱਖਿਆ।​—ਨਿਆ. 7:8.

ਯਹੋਵਾਹ ਦੇ ਕਹਿਣ ਤੇ ਗਿਦਾਊਨ ਨੇ ਆਪਣੀ ਫ਼ੌਜ ਦੇ 99 ਪ੍ਰਤਿਸ਼ਤ ਫ਼ੌਜੀਆਂ ਦੀ ਗਿਣਤੀ ਘਟਾ ਦਿੱਤੀ ਸੀ। ਉਹ ਸੋਚ ਸਕਦਾ ਸੀ, ‘ਕੀ ਇਹ ਬਦਲਾਅ ਕਰਨ ਦੀ ਵਾਕਈ ਲੋੜ ਹੈ? ਕੀ ਅਸੀਂ ਇੰਨੇ ਘੱਟ ਫ਼ੌਜੀਆਂ ਨਾਲ ਯੁੱਧ ਜਿੱਤ ਸਕਦੇ ਹਾਂ?’ ਫਿਰ ਵੀ ਗਿਦਾਊਨ ਨੇ ਕਹਿਣਾ ਮੰਨਿਆ। ਬਜ਼ੁਰਗ ਨਿਆਂਕਾਰ ਗਿਦਾਊਨ ਦੀ ਮਿਸਾਲ ʼਤੇ ਚੱਲਦਿਆਂ ਉਦੋਂ ਵੀ ਹਿਦਾਇਤਾਂ ਮੰਨਦੇ ਹਨ ਜਦੋਂ ਸੰਗਠਨ ਬਜ਼ੁਰਗਾਂ ਨੂੰ ਕੋਈ ਕੰਮ ਅਲੱਗ ਤਰੀਕੇ ਨਾਲ ਕਰਨ ਲਈ ਕਹਿੰਦਾ ਹੈ। (ਇਬ. 13:17) ਗਿਦਾਊਨ ਨੇ ਡਰ ਅਤੇ ਖ਼ਤਰਿਆਂ ਦੇ ਬਾਵਜੂਦ ਵੀ ਯਹੋਵਾਹ ਦਾ ਕਹਿਣਾ ਮੰਨਿਆ। (ਨਿਆ. 9:17) ਜਦੋਂ ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਦੀ ਰਾਖੀ ਕਰੇਗਾ, ਤਾਂ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ ਰਾਖੀ ਕਰਨ ਵਿਚ ਉਸ ਦਾ ਸਾਥ ਜ਼ਰੂਰ ਦੇਵੇਗਾ। ਅੱਜ ਜੋ ਬਜ਼ੁਰਗ ਉਨ੍ਹਾਂ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਉਹ ਗਿਦਾਊਨ ਵਾਂਗ ਦਲੇਰੀ ਦਿਖਾਉਂਦੇ ਹਨ। ਉਹ ਮੀਟਿੰਗਾਂ ਅਤੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੇ ਹਨ, ਫਿਰ ਚਾਹੇ ਇਸ ਕੰਮ ਕਰਕੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇ, ਉਨ੍ਹਾਂ ਨੂੰ ਕੰਮ ਤੋਂ ਕੱਢਿਆ ਜਾਵੇ ਜਾਂ ਉਨ੍ਹਾਂ ਨਾਲ ਮਾਰ-ਕੁੱਟ ਕੀਤੀ ਜਾਵੇ। ਮਹਾਂਕਸ਼ਟ ਦੌਰਾਨ ਮਿਲਣ ਵਾਲੀਆਂ ਹਿਦਾਇਤਾਂ ਮੰਨਣ ਲਈ ਬਜ਼ੁਰਗਾਂ ਨੂੰ ਦਲੇਰੀ ਦੀ ਲੋੜ ਪਵੇਗੀ, ਚਾਹੇ ਕਿ ਇਸ ਤਰ੍ਹਾਂ ਕਰਨ ਵਿਚ ਉਨ੍ਹਾਂ ਦੀ ਜਾਨ ਨੂੰ ਹੀ ਖ਼ਤਰਾ ਕਿਉਂ ਨਾ ਹੋਵੇ। w23.06 5-6 ਪੈਰੇ 12-13

ਮੰਗਲਵਾਰ 6 ਮਈ

ਜੋ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ।​—1 ਸਮੂ. 2:30.

ਯਹੋਵਾਹ ਨੇ ਮਹਾਂ ਪੁਜਾਰੀ ਯਹੋਯਾਦਾ ਦੇ ਚੰਗੇ ਕੰਮਾਂ ਨੂੰ ਬਾਈਬਲ ਵਿਚ ਦਰਜ ਕਰਵਾਇਆ ਤਾਂਕਿ ਅਸੀਂ ਉਸ ਤੋਂ ਸਿੱਖ ਸਕੀਏ। (ਰੋਮੀ. 15:4) ਜਦੋਂ ਯਹੋਯਾਦਾ ਦੀ ਮੌਤ ਹੋਈ, ਤਾਂ ਉਸ ਨੂੰ ਇਕ ਖ਼ਾਸ ਸਨਮਾਨ ਦਿੱਤਾ ਗਿਆ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਯਾਦਾ ਨੂੰ “ਦਾਊਦ ਦੇ ਸ਼ਹਿਰ ਵਿਚ ਰਾਜਿਆਂ ਦੇ ਨਾਲ ਦਫ਼ਨਾ ਦਿੱਤਾ ਕਿਉਂਕਿ ਉਸ ਨੇ ਸੱਚੇ ਪਰਮੇਸ਼ੁਰ ਅਤੇ ਉਸ ਦੇ ਭਵਨ ਸੰਬੰਧੀ ਇਜ਼ਰਾਈਲ ਵਿਚ ਚੰਗੇ ਕੰਮ ਕੀਤੇ ਸਨ।” (2 ਇਤਿ. 24:15, 16) ਯਹੋਯਾਦਾ ਦਾ ਬਿਰਤਾਂਤ ਪਰਮੇਸ਼ੁਰ ਦਾ ਡਰ ਪੈਦਾ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਨਿਗਾਹਬਾਨ ਖ਼ਬਰਦਾਰ ਰਹਿ ਕੇ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀਆਂ ਭੇਡਾਂ ਦੀ ਹਿਫਾਜ਼ਤ ਕਰ ਕੇ ਯਹੋਯਾਦਾ ਦੀ ਰੀਸ ਕਰ ਸਕਦੇ ਹਨ। (ਰਸੂ. 20:28) ਸਿਆਣੀ ਉਮਰ ਦੇ ਭੈਣ-ਭਰਾ ਯਹੋਯਾਦਾ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਜਦੋਂ ਉਹ ਯਹੋਵਾਹ ਦਾ ਡਰ ਰੱਖਦੇ ਹਨ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤ ਸਕਦਾ ਹੈ। ਨਾਲੇ ਨੌਜਵਾਨ ਇਸ ਗੱਲ ਵੱਲ ਧਿਆਨ ਦੇ ਸਕਦੇ ਹਨ ਕਿ ਯਹੋਵਾਹ ਯਹੋਯਾਦਾ ਨਾਲ ਕਿਵੇਂ ਪੇਸ਼ ਆਇਆ। ਯਹੋਵਾਹ ਦੀ ਰੀਸ ਕਰਦਿਆਂ ਨੌਜਵਾਨ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦਾ ਆਦਰ ਕਰ ਸਕਦੇ ਹਨ, ਖ਼ਾਸ ਕਰਕੇ ਉਨ੍ਹਾਂ ਦਾ ਜੋ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। (ਕਹਾ. 16:31) ਆਓ ਆਪਾਂ ਸਾਰੇ ਜਣੇ ‘ਅਗਵਾਈ ਕਰਨ ਵਾਲਿਆਂ’ ਦਾ ਕਹਿਣਾ ਮੰਨ ਕੇ ਵਫ਼ਾਦਾਰੀ ਨਾਲ ਉਨ੍ਹਾਂ ਦਾ ਸਾਥ ਦੇਈਏ।​—ਇਬ. 13:17. w23.06 17 ਪੈਰੇ 14-15

ਬੁੱਧਵਾਰ 7 ਮਈ

ਧਰਮੀ ਦੇ ਬੁੱਲ੍ਹ ਬਹੁਤਿਆਂ ਦਾ ਪੋਸ਼ਣ ਕਰਦੇ ਹਨ।​—ਕਹਾ. 10:21.

ਮੀਟਿੰਗਾਂ ਵਿਚ ਹੁੰਦਿਆਂ ਸੋਚ-ਸਮਝ ਕੇ ਫ਼ੈਸਲਾ ਕਰੋ ਕਿ ਤੁਸੀਂ ਕਿੰਨੀ ਕੁ ਵਾਰ ਜਵਾਬ ਦੇਣ ਲਈ ਹੱਥ ਖੜ੍ਹਾ ਕਰੋਗੇ। ਜੇ ਤੁਸੀਂ ਵਾਰ-ਵਾਰ ਹੱਥ ਖੜ੍ਹਾ ਕਰੋਗੇ, ਤਾਂ ਸ਼ਾਇਦ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਲੱਗ ਸਕਦਾ ਹੈ ਕਿ ਉਸ ਨੂੰ ਹਰ ਵਾਰ ਤੁਹਾਨੂੰ ਹੀ ਪੁੱਛਣਾ ਚਾਹੀਦਾ, ਜਦ ਕਿ ਦੂਜਿਆਂ ਨੂੰ ਸ਼ਾਇਦ ਇਕ ਵਾਰ ਵੀ ਜਵਾਬ ਦੇਣ ਦਾ ਮੌਕਾ ਨਾ ਮਿਲਿਆ ਹੋਵੇ। ਇਸ ਤਰ੍ਹਾਂ ਦੂਜੇ ਨਿਰਾਸ਼ ਹੋ ਸਕਦੇ ਹਨ ਅਤੇ ਫਿਰ ਸ਼ਾਇਦ ਉਨ੍ਹਾਂ ਦਾ ਹੱਥ ਖੜ੍ਹਾ ਕਰਨ ਨੂੰ ਜੀਅ ਹੀ ਨਾ ਕਰੇ। (ਉਪ. 3:7) ਜਦੋਂ ਬਹੁਤ ਸਾਰੇ ਜਣੇ ਅਧਿਐਨ ਦੌਰਾਨ ਹੱਥ ਖੜ੍ਹੇ ਕਰਦੇ ਹਨ, ਤਾਂ ਸ਼ਾਇਦ ਸਾਨੂੰ ਉੱਨੀ ਵਾਰ ਜਵਾਬ ਦੇਣ ਦਾ ਮੌਕਾ ਨਾ ਮਿਲੇ ਜਿੰਨੀ ਵਾਰ ਅਸੀਂ ਚਾਹੁੰਦੇ ਹਾਂ। ਨਾਲੇ ਕਈ ਵਾਰ ਸ਼ਾਇਦ ਭਾਗ ਪੇਸ਼ ਕਰਨ ਵਾਲਾ ਭਰਾ ਸਾਨੂੰ ਇਕ ਵਾਰ ਵੀ ਜਵਾਬ ਨਾ ਪੁੱਛੇ। ਇਸ ਕਰਕੇ ਅਸੀਂ ਨਿਰਾਸ਼ ਹੋ ਸਕਦੇ ਹਾਂ, ਪਰ ਸਾਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ। (ਉਪ. 7:9) ਜੇ ਤੁਹਾਨੂੰ ਉੱਨੀ ਵਾਰ ਜਵਾਬ ਦੇਣ ਦਾ ਮੌਕਾ ਨਹੀਂ ਮਿਲਦਾ ਜਿੰਨੀ ਵਾਰ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਹੋਰ ਕੀ ਕਰ ਸਕਦੇ ਹੋ? ਤੁਸੀਂ ਦੂਜਿਆਂ ਦੇ ਜਵਾਬ ਧਿਆਨ ਨਾਲ ਸੁਣ ਸਕਦੇ ਹੋ ਅਤੇ ਫਿਰ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਜਵਾਬਾਂ ਲਈ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹੋ। ਸ਼ਾਇਦ ਤੁਹਾਡੇ ਤੋਂ ਤਾਰੀਫ਼ ਸੁਣ ਕੇ ਭੈਣਾਂ-ਭਰਾਵਾਂ ਦਾ ਉੱਨਾ ਹੀ ਹੌਸਲਾ ਵਧੇ ਜਿੰਨਾ ਤੁਹਾਡਾ ਜਵਾਬ ਸੁਣ ਕੇ ਵਧਣਾ ਸੀ। w23.04 23-24 ਪੈਰੇ 14-16

ਵੀਰਵਾਰ 8 ਮਈ

ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।​—ਜ਼ਬੂ. 57:7.

ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ ਅਤੇ ਇਸ ʼਤੇ ਸੋਚ-ਵਿਚਾਰ ਕਰੋ। ਦਰਖ਼ਤ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਰਕੇ ਹੀ ਉਹ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦਾ ਹੈ। ਉਸੇ ਤਰ੍ਹਾਂ ਯਹੋਵਾਹ ʼਤੇ ਨਿਹਚਾ ਪੱਕੀ ਹੋਣ ਕਰਕੇ ਹੀ ਸਾਡਾ ਇਰਾਦਾ ਵੀ ਮਜ਼ਬੂਤ ਰਹਿ ਸਕਦਾ ਹੈ। ਦਰਖ਼ਤ ਜਿੱਦਾਂ-ਜਿੱਦਾਂ ਵਧਦਾ ਹੈ, ਉਸ ਦੀਆਂ ਜੜ੍ਹਾਂ ਉੱਦਾਂ-ਉੱਦਾਂ ਹੋਰ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਕਾਫ਼ੀ ਦੂਰ ਤਕ ਫੈਲ ਜਾਂਦੀਆਂ ਹਨ। ਇਸੇ ਤਰ੍ਹਾਂ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਨਾਲੇ ਇਸ ਗੱਲ ʼਤੇ ਸਾਡਾ ਭਰੋਸਾ ਵਧਦਾ ਹੈ ਕਿ ਪਰਮੇਸ਼ੁਰ ਦੇ ਰਾਹ ਹੀ ਸਭ ਤੋਂ ਵਧੀਆ ਹਨ। (ਕੁਲੁ. 2:6, 7) ਗੌਰ ਕਰੋ ਕਿ ਬੀਤੇ ਜ਼ਮਾਨੇ ਵਿਚ ਯਹੋਵਾਹ ਨੇ ਹਿਦਾਇਤਾਂ ਅਤੇ ਸੇਧ ਦੇ ਕੇ ਉਨ੍ਹਾਂ ਦੀ ਕਿਵੇਂ ਮਦਦ ਅਤੇ ਹਿਫਾਜ਼ਤ ਕੀਤੀ। ਉਦਾਹਰਣ ਲਈ, ਹਿਜ਼ਕੀਏਲ ਨੇ ਇਕ ਦਰਸ਼ਣ ਵਿਚ ਦੇਖਿਆ ਕਿ ਇਕ ਦੂਤ ਬੜੇ ਧਿਆਨ ਨਾਲ ਮੰਦਰ ਦੀ ਮਿਣਤੀ ਕਰ ਰਿਹਾ ਸੀ। ਇਸ ਦਰਸ਼ਣ ਕਰਕੇ ਹਿਜ਼ਕੀਏਲ ਦੀ ਨਿਹਚਾ ਮਜ਼ਬੂਤ ਹੋਈ। ਇਸ ਤੋਂ ਅਸੀਂ ਵੀ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਲਈ ਦਿੱਤੇ ਯਹੋਵਾਹ ਦੇ ਮਿਆਰਾਂ ʼਤੇ ਅਸੀਂ ਕਿਵੇਂ ਚੱਲ ਸਕਦੇ ਹਾਂ। (ਹਿਜ਼. 40:1-4; 43:10-12) ਨਾਲੇ ਜਦੋਂ ਅਸੀਂ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਦਾ ਅਧਿਐਨ ਕਰਦੇ ਹਾਂ ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਫ਼ਾਇਦਾ ਹੁੰਦਾ ਹੈ। ਅਸੀਂ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਆਪਣੇ ਮਨ ਵਿਚ ਪੱਕਾ ਇਰਾਦਾ ਕਰ ਸਕਦੇ ਹਾਂ।​—ਜ਼ਬੂ. 112:7. w23.07 18 ਪੈਰੇ 15-16

ਸ਼ੁੱਕਰਵਾਰ 9 ਮਈ

ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ।​—ਕਹਾ. 3:21.

ਬਾਈਬਲ ਵਿਚ ਅਜਿਹੇ ਬਹੁਤ ਸਾਰੇ ਆਦਮੀਆਂ ਦੀਆਂ ਵਧੀਆ ਮਿਸਾਲਾਂ ਦਰਜ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਜਿਨ੍ਹਾਂ ਨੇ ਉਸ ਦੇ ਲੋਕਾਂ ਦੀ ਦੇਖ-ਭਾਲ ਕਰਨ ਲਈ ਕਈ ਜ਼ਿੰਮੇਵਾਰੀਆਂ ਨਿਭਾਈਆਂ। ਨੌਜਵਾਨ ਭਰਾ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਨਾਲੇ ਤੁਹਾਡੇ ਪਰਿਵਾਰ ਅਤੇ ਮੰਡਲੀ ਵਿਚ ਵੀ ਕਈ ਸਮਝਦਾਰ ਭਰਾ ਹੋਣੇ ਜਿਨ੍ਹਾਂ ਦੀ ਤੁਸੀਂ ਰੀਸ ਕਰ ਸਕਦੇ ਹੋ। (ਇਬ. 13:7) ਨਾਲੇ ਯਿਸੂ ਮਸੀਹ ਤੁਹਾਡੇ ਲਈ ਸਭ ਤੋਂ ਵਧੀਆ ਮਿਸਾਲ ਹੈ। (1 ਪਤ. 2:21) ਯਿਸੂ ਤੇ ਪੁਰਾਣੇ ਸਮੇਂ ਦੇ ਸਮਝਦਾਰ ਮਸੀਹੀਆਂ ਦੀਆਂ ਮਿਸਾਲਾਂ ਦਾ ਅਧਿਐਨ ਕਰਦਿਆਂ ਅਤੇ ਅੱਜ ਦੇ ਸਮਝਦਾਰ ਭਰਾਵਾਂ ਬਾਰੇ ਸੋਚਦਿਆਂ ਉਨ੍ਹਾਂ ਦੇ ਚੰਗੇ ਗੁਣਾਂ ʼਤੇ ਧਿਆਨ ਦਿਓ। (ਇਬ. 12:1, 2) ਫਿਰ ਸੋਚੋ ਕਿ ਤੁਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹੋ। ਸੋਚਣ-ਸਮਝਣ ਦੀ ਕਾਬਲੀਅਤ ਰੱਖਣ ਵਾਲਾ ਵਿਅਕਤੀ ਬਿਨਾਂ ਸੋਚੇ-ਸਮਝੇ ਕੁਝ ਨਹੀਂ ਕਰਦਾ, ਸਗੋਂ ਪਹਿਲਾਂ ਥੋੜ੍ਹਾ ਰੁਕ ਕੇ ਸੋਚਦਾ ਹੈ। ਇਸ ਲਈ ਇਸ ਕਾਬਲੀਅਤ ਨੂੰ ਵਧਾਉਣ ਲਈ ਮਿਹਨਤ ਕਰਦੇ ਰਹੋ। ਸਭ ਤੋਂ ਪਹਿਲਾਂ ਬਾਈਬਲ ਦੇ ਅਸੂਲਾਂ ਬਾਰੇ ਸਿੱਖੋ ਅਤੇ ਸੋਚੋ ਇਨ੍ਹਾਂ ਅਸੂਲਾਂ ਨੂੰ ਮੰਨਣ ਦੇ ਕਿਉਂ ਫ਼ਾਇਦੇ ਹੁੰਦੇ ਹਨ। ਫਿਰ ਇਨ੍ਹਾਂ ਅਸੂਲਾਂ ਮੁਤਾਬਕ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ। (ਜ਼ਬੂ. 119:9) ਇਸ ਤਰ੍ਹਾਂ ਤੁਸੀਂ ਸਮਝਦਾਰ ਮਸੀਹੀ ਭਰਾ ਬਣਨ ਲਈ ਇਕ ਜ਼ਰੂਰੀ ਕਦਮ ਚੁੱਕ ਰਹੇ ਹੋਵੋਗੇ।​—ਕਹਾ. 2:11, 12; ਇਬ. 5:14. w23.12 24-25 ਪੈਰੇ 4-5

ਸ਼ਨੀਵਾਰ 10 ਮਈ

ਜੇ ਕੋਈ ਤੁਹਾਡੇ ਤੋਂ ਪੁੱਛਦਾ ਹੈ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ, ਤਾਂ ਉਸ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ।​—1 ਪਤ. 3:15.

ਮਾਪੇ ਅਸਰਕਾਰੀ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਉਹ ਕਿਵੇਂ ਨਰਮਾਈ ਨਾਲ ਜਵਾਬ ਦੇ ਸਕਦੇ ਹਨ ਜਦੋਂ ਉਨ੍ਹਾਂ ਦੇ ਵਿਸ਼ਵਾਸਾਂ ʼਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। (ਯਾਕੂ. 3:13) ਕੁਝ ਮਾਪੇ ਪਰਿਵਾਰਕ ਸਟੱਡੀ ਦੌਰਾਨ ਤਿਆਰੀ ਕਰਦੇ ਹਨ। ਉਹ ਉਨ੍ਹਾਂ ਵਿਸ਼ਿਆਂ ਬਾਰੇ ਗੱਲ ਕਰਦੇ ਹਨ ਜੋ ਸਕੂਲ ਵਿਚ ਖੜ੍ਹੇ ਹੋ ਸਕਦੇ ਹਨ। ਉਹ ਚਰਚਾ ਕਰਦੇ ਹਨ ਕਿ ਉਹ ਕਿਵੇਂ ਜਵਾਬ ਦੇ ਸਕਦੇ ਹਨ। ਫਿਰ ਉਹ ਆਪਣੇ ਬੱਚਿਆਂ ਨਾਲ ਇੱਦਾਂ ਕਰਨ ਦੀ ਪ੍ਰੈਕਟਿਸ ਕਰਦੇ ਹਨ। ਪਰਿਵਾਰ ਵਜੋਂ ਤਿਆਰੀ ਕਰਨ ਕਰਕੇ ਨੌਜਵਾਨ ਆਪਣੇ ਵਿਸ਼ਵਾਸਾਂ ਬਾਰੇ ਖ਼ੁਦ ਨੂੰ ਯਕੀਨ ਦਿਵਾ ਸਕਦੇ ਹਨ। ਨਾਲੇ ਦੂਜਿਆਂ ਨੂੰ ਦੱਸ ਸਕਦੇ ਹਨ ਕਿ ਉਹ ਇੱਦਾਂ ਕਿਉਂ ਵਿਸ਼ਵਾਸ ਕਰਦੇ ਹਨ। ਸਾਡੀ ਵੈੱਬਸਾਈਟ ਉੱਤੇ “ਨੌਜਵਾਨ ਪੁੱਛਦੇ ਹਨ” ਵਿਚ ਲੜੀਵਾਰ ਲੇਖ ਅਤੇ ਨੌਜਵਾਨਾਂ ਲਈ ਅਭਿਆਸ (ਹਿੰਦੀ) ਭਾਗ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਭਾਗਾਂ ਦੀ ਮਦਦ ਨਾਲ ਨੌਜਵਾਨ ਖ਼ੁਦ ਨੂੰ ਆਪਣੇ ਵਿਸ਼ਵਾਸਾਂ ਬਾਰੇ ਯਕੀਨ ਦਿਵਾ ਸਕਦੇ ਹਨ ਅਤੇ ਆਪਣੇ ਸ਼ਬਦਾਂ ਵਿਚ ਜਵਾਬ ਤਿਆਰ ਕਰ ਸਕਦੇ ਹਨ। ਪਰਿਵਾਰ ਵਜੋਂ ਇਨ੍ਹਾਂ ਦਾ ਅਧਿਐਨ ਕਰ ਕੇ ਅਸੀਂ ਸਿੱਖਦੇ ਹਾਂ ਕਿ ਅਸੀਂ ਕਿਵੇਂ ਪਿਆਰ ਤੇ ਨਰਮਾਈ ਨਾਲ ਆਪਣੀ ਨਿਹਚਾ ਦੇ ਪੱਖ ਵਿਚ ਬੋਲ ਸਕਦੇ ਹਾਂ। w23.09 17 ਪੈਰਾ 10; 18 ਪੈਰੇ 15-16

ਐਤਵਾਰ 11 ਮਈ

ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ʼਤੇ ਅਸੀਂ ਚੰਗੀ ਫ਼ਸਲ ਜ਼ਰੂਰ ਵੱਢਾਂਗੇ।​—ਗਲਾ. 6:9.

ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਕੋਈ ਟੀਚਾ ਰੱਖਿਆ, ਪਰ ਉਸ ਨੂੰ ਹਾਸਲ ਕਰਨ ਲਈ ਤੁਹਾਨੂੰ ਜੱਦੋ-ਜਹਿਦ ਕਰਨੀ ਪਈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਉਦਾਹਰਣ ਲਈ, ਫਿਲਿੱਪ ਚਾਹੁੰਦਾ ਸੀ ਕਿ ਉਹ ਆਪਣੀਆਂ ਪ੍ਰਾਰਥਨਾਵਾਂ ਵਿਚ ਹੋਰ ਸੁਧਾਰ ਕਰੇ ਅਤੇ ਜ਼ਿਆਦਾ ਵਾਰ ਪ੍ਰਾਰਥਨਾ ਕਰੇ, ਪਰ ਇੱਦਾਂ ਕਰਨ ਲਈ ਸਮਾਂ ਕੱਢਣਾ ਉਸ ਲਈ ਬਹੁਤ ਔਖਾ ਹੁੰਦਾ ਸੀ। ਐਰਿਕਾ ਨੇ ਟੀਚਾ ਰੱਖਿਆ ਸੀ ਕਿ ਉਹ ਪ੍ਰਚਾਰ ਲਈ ਰੱਖੀ ਹਰ ਮੀਟਿੰਗ ਵਿਚ ਸਮੇਂ ਸਿਰ ਪਹੁੰਚੇਗੀ। ਪਰ ਉਹ ਲਗਭਗ ਹਰ ਮੀਟਿੰਗ ਵਿਚ ਲੇਟ ਹੀ ਪਹੁੰਚਦੀ ਸੀ। ਜੇ ਤੁਸੀਂ ਹਾਲ ਹੀ ਵਿਚ ਕੋਈ ਟੀਚਾ ਰੱਖਿਆ ਹੈ ਜਿਸ ਨੂੰ ਤੁਸੀਂ ਹਾਸਲ ਨਹੀਂ ਕਰ ਸਕੇ, ਤਾਂ ਨਿਰਾਸ਼ ਨਾ ਹੋਵੋ। ਇਕ ਛੋਟੇ ਜਿਹੇ ਟੀਚੇ ਨੂੰ ਵੀ ਹਾਸਲ ਕਰਨ ਵਿਚ ਅਕਸਰ ਸਮਾਂ ਅਤੇ ਮਿਹਨਤ ਲੱਗਦੀ ਹੈ। ਜੇ ਤੁਸੀਂ ਅਜੇ ਵੀ ਆਪਣੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹੋ। ਨਾਲੇ ਤੁਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ। ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ਦੀ ਬਹੁਤ ਕਦਰ ਕਰਦਾ ਹੈ। ਬਿਨਾਂ ਸ਼ੱਕ, ਜਿੰਨਾ ਤੁਸੀਂ ਕਰ ਸਕਦੇ ਹੋ, ਯਹੋਵਾਹ ਤੁਹਾਡੇ ਤੋਂ ਉਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਕਰਦਾ। (ਜ਼ਬੂ. 103:14; ਮੀਕਾ. 6:8) ਇਸ ਲਈ ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਟੀਚਾ ਰੱਖੋ। w23.05 26 ਪੈਰੇ 1-2

ਸੋਮਵਾਰ 12 ਮਈ

ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?​—ਰੋਮੀ. 8:31.

ਦਲੇਰ ਲੋਕਾਂ ਨੂੰ ਸ਼ਾਇਦ ਡਰ ਲੱਗੇ, ਪਰ ਉਹ ਇਸ ਕਰਕੇ ਸਹੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ। ਦਾਨੀਏਲ ਇਕ ਬਹੁਤ ਹੀ ਦਲੇਰ ਨੌਜਵਾਨ ਸੀ। ਉਹ ਪਰਮੇਸ਼ੁਰ ਦੇ ਨਬੀਆਂ ਦੀਆਂ ਲਿਖਤਾਂ ਦਾ ਅਧਿਐਨ ਕਰਦਾ ਸੀ, ਜਿਵੇਂ ਕਿ ਯਿਰਮਿਯਾਹ ਦੀਆਂ ਭਵਿੱਖਬਾਣੀਆਂ ਦਾ। ਇਸ ਕਰਕੇ ਉਹ ਅੱਗੇ ਜਾ ਕੇ ਸਮਝ ਗਿਆ ਕਿ ਜਿਹੜੇ ਯਹੂਦੀ ਕਾਫ਼ੀ ਲੰਬੇ ਸਮੇਂ ਤੋਂ ਬਾਬਲ ਵਿਚ ਗ਼ੁਲਾਮ ਸਨ, ਉਨ੍ਹਾਂ ਨੂੰ ਛੇਤੀ ਹੀ ਰਿਹਾ ਕੀਤਾ ਜਾਵੇਗਾ। (ਦਾਨੀ. 9:2) ਜਦੋਂ ਦਾਨੀਏਲ ਨੇ ਦੇਖਿਆ ਕਿ ਬਾਈਬਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਸੀ, ਤਾਂ ਬਿਨਾਂ ਸ਼ੱਕ ਯਹੋਵਾਹ ʼਤੇ ਉਸ ਦਾ ਭਰੋਸਾ ਹੋਰ ਵੀ ਵਧ ਗਿਆ ਹੋਣਾ। ਇਸ ਕਰਕੇ ਦਾਨੀਏਲ ਹਰ ਹਾਲਾਤ ਵਿਚ ਦਲੇਰੀ ਦਿਖਾ ਸਕਿਆ। ਇਸ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਪਰਮੇਸ਼ੁਰ ʼਤੇ ਪੱਕਾ ਭਰੋਸਾ ਹੁੰਦਾ ਹੈ, ਉਹ ਹੋਰ ਵੀ ਦਲੇਰ ਬਣ ਸਕਦੇ ਹਨ। (ਰੋਮੀਆਂ 8:32, 37-39 ਵਿਚ ਨੁਕਤਾ ਦੇਖੋ।) ਸਭ ਤੋਂ ਅਹਿਮ ਗੱਲ ਇਹ ਹੈ ਕਿ ਦਾਨੀਏਲ ਆਪਣੇ ਸਵਰਗੀ ਪਿਤਾ ਨੂੰ ਅਕਸਰ ਪ੍ਰਾਰਥਨਾ ਕਰਦਾ ਸੀ। (ਦਾਨੀ. 6:10) ਉਹ ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਦਾ ਸੀ ਅਤੇ ਉਸ ਨੂੰ ਆਪਣੇ ਦਿਲ ਦੀ ਹਰ ਗੱਲ ਦੱਸਦਾ ਸੀ। ਨਾਲੇ ਉਹ ਪਰਮੇਸ਼ੁਰ ਤੋਂ ਮਦਦ ਵੀ ਮੰਗਦਾ ਸੀ। (ਦਾਨੀ. 9:4, 5, 19) ਦਾਨੀਏਲ ਵੀ ਸਾਡੇ ਵਰਗਾ ਸੀ ਜਿਸ ਕਰਕੇ ਉਹ ਜਨਮ ਤੋਂ ਹੀ ਦਲੇਰ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਪਵਿੱਤਰ ਲਿਖਤਾਂ ਦਾ ਅਧਿਐਨ ਕਰ ਕੇ, ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਅਤੇ ਉਸ ʼਤੇ ਭਰੋਸਾ ਕਰ ਕੇ ਇਹ ਗੁਣ ਆਪਣੇ ਵਿਚ ਪੈਦਾ ਕੀਤਾ। w23.08 3 ਪੈਰਾ 4; 4 ਪੈਰਾ 7

ਮੰਗਲਵਾਰ 13 ਮਈ

ਤੁਸੀਂ ਵੀ ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ, ਜੋ ਸਵਰਗ ਵਿਚ ਹੈ, ਵਡਿਆਈ ਕਰਨ।​—ਮੱਤੀ 5:16.

ਉੱਚ ਅਧਿਕਾਰੀਆਂ ਦਾ ਕਹਿਣਾ ਮੰਨਣ ਨਾਲ ਸਾਡਾ ਅਤੇ ਦੂਜਿਆਂ ਦਾ ਭਲਾ ਹੁੰਦਾ ਹੈ। ਕਿਵੇਂ? ਇਕ ਤਾਂ ਇਹ ਕਿ ਸਰਕਾਰ ਦਾ ਕਾਨੂੰਨ ਮੰਨਣ ਨਾਲ ਸਾਨੂੰ ਬੇਵਜ੍ਹਾ ਕੋਈ ਸਜ਼ਾ ਨਹੀਂ ਮਿਲਦੀ। (ਰੋਮੀ. 13:1, 4) ਨਾਲੇ ਜਦੋਂ ਅਸੀਂ ਸਾਰੇ ਸਰਕਾਰ ਦਾ ਕਾਨੂੰਨ ਮੰਨਦੇ ਹਾਂ, ਤਾਂ ਅਧਿਕਾਰੀ ਦੇਖ ਸਕਦੇ ਹਨ ਕਿ ਯਹੋਵਾਹ ਦੇ ਗਵਾਹ ਚੰਗੇ ਲੋਕ ਹਨ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਕੁਝ ਸਾਲ ਪਹਿਲਾਂ ਦੀ ਗੱਲ ਹੈ। ਨਾਈਜੀਰੀਆ ਵਿਚ ਇਕ ਮੀਟਿੰਗ ਦੌਰਾਨ ਕੁਝ ਫ਼ੌਜੀ ਸਾਡੇ ਕਿੰਗਡਮ ਹਾਲ ਵਿਚ ਆ ਵੜੇ। ਅਸਲ ਵਿਚ ਉਹ ਕੁਝ ਅਜਿਹੇ ਲੋਕਾਂ ਨੂੰ ਲੱਭ ਰਹੇ ਸਨ ਜੋ ਟੈਕਸ ਨਹੀਂ ਭਰਨਾ ਚਾਹੁੰਦੇ ਸਨ ਅਤੇ ਇਸ ਲਈ ਇਹ ਲੋਕ ਦੰਗੇ-ਫ਼ਸਾਦ ਕਰ ਰਹੇ ਸਨ। ਪਰ ਫ਼ੌਜੀਆਂ ਦੇ ਮੁਖੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੱਥੋਂ ਚਲੇ ਜਾਣ ਕਿਉਂਕਿ “ਯਹੋਵਾਹ ਦੇ ਗਵਾਹ ਅਜਿਹੇ ਲੋਕ ਨਹੀਂ ਹਨ, ਉਹ ਹਮੇਸ਼ਾ ਟੈਕਸ ਭਰਦੇ ਹਨ।” ਜਦੋਂ ਵੀ ਤੁਸੀਂ ਸਰਕਾਰ ਦਾ ਕਾਨੂੰਨ ਮੰਨਦੇ ਹੋ, ਤਾਂ ਅਧਿਕਾਰੀਆਂ ਦੀ ਨਜ਼ਰ ਵਿਚ ਯਹੋਵਾਹ ਦੇ ਗਵਾਹਾਂ ਦੀ ਇੱਜ਼ਤ ਹੋਰ ਵੱਧ ਜਾਂਦੀ ਹੈ। ਨਾਲੇ ਹੋ ਸਕਦਾ ਹੈ ਕਿ ਇਸ ਕਰਕੇ ਇਕ ਦਿਨ ਸਾਡੇ ਭੈਣਾਂ-ਭਰਾਵਾਂ ਦੀ ਹਿਫਾਜ਼ਤ ਹੋਵੇ। w23.10 9 ਪੈਰਾ 13

ਬੁੱਧਵਾਰ 14 ਮਈ

ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲੇ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ।​—ਇਬ. 10:36.

ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਸਾਲਾਂ ਤੋਂ ਇਸ ਦੁਨੀਆਂ ਦੇ ਅੰਤ ਦੀ ਉਡੀਕ ਕਰ ਰਹੇ ਹਨ। ਸ਼ਾਇਦ ਇਨਸਾਨੀ ਨਜ਼ਰੀਏ ਤੋਂ ਲੱਗੇ ਕਿ ਅੰਤ ਆਉਣ ਵਿਚ ਬਹੁਤ ਦੇਰ ਹੋ ਰਹੀ ਹੈ। ਯਹੋਵਾਹ ਜਾਣਦਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗ ਸਕਦਾ ਹੈ। ਇਸੇ ਲਈ ਉਸ ਨੇ ਹੱਬਕੂਕ ਨਬੀ ਨੂੰ ਯਕੀਨ ਦਿਵਾਉਂਦਿਆਂ ਕਿਹਾ: “ਇਸ ਦਰਸ਼ਣ ਦੀ ਪੂਰਤੀ ਲਈ ਇਕ ਸਮਾਂ ਮਿਥਿਆ ਗਿਆ ਹੈ, ਉਹ ਸਮਾਂ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਹ ਦਰਸ਼ਣ ਝੂਠਾ ਸਾਬਤ ਨਹੀਂ ਹੋਵੇਗਾ। ਜੇ ਲੱਗੇ ਕਿ ਦੇਰ ਹੋ ਰਹੀ ਹੈ, ਤਾਂ ਵੀ ਇਸ ਦੇ ਪੂਰਾ ਹੋਣ ਦੀ ਉਮੀਦ ਰੱਖ! ਕਿਉਂਕਿ ਇਹ ਪੂਰਾ ਹੋ ਕੇ ਹੀ ਰਹੇਗਾ। ਇਹ ਦੇਰ ਨਾ ਕਰੇਗਾ!” (ਹੱਬ. 2:3) ਯਹੋਵਾਹ ਨੇ ਹੱਬਕੂਕ ਨੂੰ ਜੋ ਯਕੀਨ ਦਿਵਾਇਆ, ਕੀ ਉਸ ਨਾਲ ਸਿਰਫ਼ ਉਸ ਨੂੰ ਹੀ ਫ਼ਾਇਦਾ ਹੋਇਆ? ਜਾਂ ਕੀ ਯਹੋਵਾਹ ਦੀ ਕਹੀ ਗੱਲ ਅੱਜ ਸਾਡੇ ਲਈ ਵੀ ਮਾਅਨੇ ਰੱਖਦੀ ਹੈ? ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਵੀ ਇਹ ਸ਼ਬਦ ਉਨ੍ਹਾਂ ਮਸੀਹੀਆਂ ਨੂੰ ਲਿਖੇ ਜੋ ਨਵੀਂ ਦੁਨੀਆਂ ਦੀ ਉਡੀਕ ਕਰ ਰਹੇ ਸਨ। (ਇਬ. 10:37) ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਨਵੀਂ ਦੁਨੀਆਂ ਬਾਰੇ ਯਹੋਵਾਹ ਦਾ ਵਾਅਦਾ “ਪੂਰਾ ਹੋ ਕੇ ਹੀ ਰਹੇਗਾ। ਇਹ ਦੇਰ ਨਾ ਕਰੇਗਾ,” ਭਾਵੇਂ ਕਿ ਸਾਨੂੰ ਲੱਗੇ ਕਿ ਉਸ ਦਾ ਵਾਅਦਾ ਪੂਰਾ ਹੋਣ ਵਿਚ ਦੇਰ ਹੋ ਰਹੀ ਹੈ। w23.04 30 ਪੈਰਾ 16

ਵੀਰਵਾਰ 15 ਮਈ

ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ।​—ਗਿਣ. 14:2.

ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਇਜ਼ਰਾਈਲੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਯਹੋਵਾਹ ਮੂਸਾ ਰਾਹੀਂ ਉਨ੍ਹਾਂ ਨੂੰ ਹਿਦਾਇਤਾਂ ਦੇ ਰਿਹਾ ਸੀ ਜਦ ਕਿ ਇਸ ਦੇ ਸਬੂਤ ਸਾਫ਼-ਸਾਫ਼ ਦਿਸ ਰਹੇ ਸਨ। (ਗਿਣ. 14:10, 11) ਉਨ੍ਹਾਂ ਨੇ ਵਾਰ-ਵਾਰ ਇੱਦਾਂ ਕੀਤਾ। ਇਸ ਕਰਕੇ ਯਹੋਵਾਹ ਨੇ ਇਜ਼ਰਾਈਲੀਆਂ ਦੀ ਉਸ ਪੀੜ੍ਹੀ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾਣ ਦਿੱਤਾ। (ਗਿਣ. 14:30) ਪਰ ਕੁਝ ਅਜਿਹੇ ਇਜ਼ਰਾਈਲੀ ਵੀ ਸਨ ਜੋ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੇ। ਉਨ੍ਹਾਂ ਵਿੱਚੋਂ ਇਕ ਸੀ, ਕਾਲੇਬ। ਯਹੋਵਾਹ ਨੇ ਕਾਲੇਬ ਬਾਰੇ ਕਿਹਾ: “ਉਹ ਪੂਰੇ ਦਿਲ ਨਾਲ ਮੇਰੇ ਦੱਸੇ ਰਾਹ ʼਤੇ ਚੱਲਦਾ ਹੈ।” (ਗਿਣ. 14:24) ਯਹੋਵਾਹ ਨੇ ਇਨਾਮ ਵਜੋਂ ਉਸ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਇਜਾਜ਼ਤ ਦਿੱਤੀ, ਇੱਥੋਂ ਤਕ ਕਿ ਉਸ ਨੂੰ ਇਹ ਵੀ ਚੁਣਨ ਦਾ ਮੌਕਾ ਦਿੱਤਾ ਕਿ ਉਹ ਉਸ ਦੇਸ਼ ਵਿਚ ਕਿੱਥੇ ਰਹਿਣਾ ਚਾਹੇਗਾ। (ਯਹੋ. 14:12-14) ਇਸ ਤੋਂ ਇਲਾਵਾ, ਇਜ਼ਰਾਈਲੀਆਂ ਦੀ ਅਗਲੀ ਪੀੜ੍ਹੀ ਵੀ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੀ ਰਹੀ। ਮੂਸਾ ਤੋਂ ਬਾਅਦ ਜਦੋਂ ਯਹੋਸ਼ੁਆ ਨੂੰ ਇਜ਼ਰਾਈਲੀਆਂ ਦਾ ਅਗਲਾ ਆਗੂ ਚੁਣਿਆ ਗਿਆ, ਤਾਂ ਇਜ਼ਰਾਈਲੀ “ਉਸ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਗਹਿਰਾ ਆਦਰ ਕਰਦੇ ਰਹੇ।” (ਯਹੋ. 4:14) ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਗਿਆ।​—ਯਹੋ. 21:43, 44. w24.02 21 ਪੈਰੇ 6-7

ਸ਼ੁੱਕਰਵਾਰ 16 ਮਈ

ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ।​—1 ਯੂਹੰ. 4:21.

ਜਿੱਦਾਂ ਡਾਕਟਰ ਨੂੰ ਸਾਡੀ ਨਬਜ਼ ਦੇਖ ਕੇ ਸਾਡੇ ਦਿਲ ਦੀ ਹਾਲਤ ਬਾਰੇ ਪਤਾ ਲੱਗ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਭੈਣਾਂ-ਭਰਾਵਾਂ ਲਈ ਸਾਡੇ ਪਿਆਰ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਦੇ ਹਾਂ। ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਘੱਟ ਰਿਹਾ ਹੈ, ਤਾਂ ਸ਼ਾਇਦ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਲਈ ਵੀ ਸਾਡਾ ਪਿਆਰ ਘੱਟ ਰਿਹਾ ਹੈ। ਪਰ ਜੇ ਅਸੀਂ ਭੈਣਾਂ-ਭਰਾਵਾਂ ਨੂੰ ਲਗਾਤਾਰ ਪਿਆਰ ਦਿਖਾਉਂਦੇ ਹਾਂ, ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਵੀ ਬਹੁਤ ਪਿਆਰ ਕਰਦੇ ਹਾਂ। ਜੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਘੱਟ ਰਿਹਾ ਹੈ, ਤਾਂ ਇਹ ਖ਼ਤਰੇ ਦੀ ਘੰਟੀ ਹੈ। ਕਿਉਂ? ਕਿਉਂਕਿ ਇਸ ਦਾ ਇਹ ਮਤਲਬ ਹੋਵੇਗਾ ਕਿ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋ ਰਿਹਾ ਹੈ। ਯੂਹੰਨਾ ਰਸੂਲ ਨੇ ਵੀ ਇਸ ਬਾਰੇ ਕੁਝ ਕਿਹਾ ਸੀ। ਉਸ ਨੇ ਲਿਖਿਆ: “ਜਿਹੜਾ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।” (1 ਯੂਹੰ. 4:20) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਯਹੋਵਾਹ ਉਦੋਂ ਹੀ ਸਾਡੇ ਤੋਂ ਖ਼ੁਸ਼ ਹੁੰਦਾ ਹੈ ਜਦੋਂ ਅਸੀਂ “ਇਕ-ਦੂਸਰੇ ਨਾਲ ਪਿਆਰ” ਕਰਦੇ ਹਾਂ।​—1 ਯੂਹੰ. 4:7-9, 11. w23.11 8 ਪੈਰਾ 3; 9 ਪੈਰੇ 5-6

ਸ਼ਨੀਵਾਰ 17 ਮਈ

ਤੇਰੇ ਮਾਤਾ-ਪਿਤਾ ਖ਼ੁਸ਼ ਹੋਣਗੇ।​—ਕਹਾ. 23:25.

ਜਦੋਂ ਯਹੋਆਸ਼ ਛੋਟਾ ਹੀ ਸੀ, ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਮਹਾਂ ਪੁਜਾਰੀ ਯਹੋਯਾਦਾ ਨੇ ਇਕ ਪਿਤਾ ਵਾਂਗ ਉਸ ਦੀ ਪਰਵਰਿਸ਼ ਕੀਤੀ ਅਤੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ। ਯਹੋਆਸ਼ ਬੁੱਧੀਮਾਨ ਸੀ ਕਿਉਂਕਿ ਉਹ ਯਹੋਯਾਦਾ ਦੀ ਸਲਾਹ ਮੰਨਦਾ ਸੀ। ਯਹੋਯਾਦਾ ਦੀ ਮਿਸਾਲ ਕਰਕੇ ਯਹੋਆਸ਼ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਦੀ ਸੇਵਾ ਕਰੇਗਾ ਅਤੇ ਲੋਕਾਂ ਦੀ ਵੀ ਇੱਦਾਂ ਕਰਨ ਵਿਚ ਮਦਦ ਕਰੇਗਾ। ਯਹੋਆਸ਼ ਨੇ ਤਾਂ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾਉਣ ਦਾ ਵੀ ਪ੍ਰਬੰਧ ਕੀਤਾ। (2 ਇਤਿ. 24:1, 2, 4, 13, 14) ਜੇ ਤੁਹਾਡੇ ਮੰਮੀ-ਡੈਡੀ ਜਾਂ ਕੋਈ ਹੋਰ ਤੁਹਾਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੇ ਮਿਆਰਾਂ ਮੁਤਾਬਕ ਜੀਉਣਾ ਸਿਖਾ ਰਿਹਾ ਹੈ, ਤਾਂ ਇਸ ਤੋਂ ਕੀਮਤੀ ਤੋਹਫ਼ਾ ਹੋਰ ਕਿਹੜਾ ਹੋ ਸਕਦਾ ਹੈ। (ਕਹਾ. 2:1, 10-12) ਮਾਪੇ ਆਪਣੇ ਬੱਚਿਆਂ ਨੂੰ ਕਈ ਤਰੀਕਿਆਂ ਨਾਲ ਸਿਖਲਾਈ ਦੇ ਸਕਦੇ ਹਨ। ਜੇ ਤੁਸੀਂ ਆਪਣੇ ਮਾਪਿਆਂ ਵੱਲੋਂ ਦਿੱਤੀ ਬਾਈਬਲ ਦੀ ਸਲਾਹ ਨੂੰ ਲਾਗੂ ਕਰੋ, ਤਾਂ ਤੁਸੀਂ ਉਨ੍ਹਾਂ ਨੂੰ ਖ਼ੁਸ਼ ਕਰੋਗੇ। ਸਭ ਤੋਂ ਵੱਧ ਕੇ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰੋਗੇ ਅਤੇ ਉਸ ਨਾਲ ਤੁਹਾਡੀ ਦੋਸਤੀ ਹੋਰ ਗੂੜ੍ਹੀ ਹੋਵੇਗੀ। (ਕਹਾ. 22:6; 23:15, 24) ਯਹੋਆਸ਼ ਨੇ ਬਚਪਨ ਵਿਚ ਜਿਸ ਤਰ੍ਹਾਂ ਸਹੀ ਫ਼ੈਸਲੇ ਕੀਤੇ, ਕਿਉਂ ਨਾ ਤੁਸੀਂ ਵੀ ਉਸ ਤੋਂ ਸਿੱਖੋ ਅਤੇ ਸਹੀ ਫ਼ੈਸਲੇ ਕਰੋ? w23.09 8-9 ਪੈਰੇ 3-5

ਐਤਵਾਰ 18 ਮਈ

ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ।​—ਯਿਰ. 29:12.

ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਉਹ ਕਦੇ ਵੀ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਜ਼ਰਅੰਦਾਜ਼ ਨਹੀਂ ਕਰੇਗਾ। (ਜ਼ਬੂ. 10:17; 37:28) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਨੂੰ ਉਹ ਹਰ ਚੀਜ਼ ਦੇਵੇਗਾ ਜੋ ਅਸੀਂ ਉਸ ਤੋਂ ਮੰਗਦੇ ਹਾਂ। ਅਸੀਂ ਜਿਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰਦੇ ਹਾਂ, ਉਨ੍ਹਾਂ ਵਿੱਚੋਂ ਕੁਝ ਸ਼ਾਇਦ ਸਾਨੂੰ ਨਵੀਂ ਦੁਨੀਆਂ ਵਿਚ ਹੀ ਮਿਲਣ। ਜਦੋਂ ਅਸੀਂ ਕਿਸੇ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਧਿਆਨ ਰੱਖਦਾ ਹੈ ਕਿ ਉਹ ਗੱਲ ਉਸ ਦੇ ਮਕਸਦ ਨਾਲ ਕਿਵੇਂ ਜੁੜੀ ਹੈ। (ਯਸਾ. 55:8, 9) ਯਹੋਵਾਹ ਦੀ ਇੱਛਾ ਹੈ ਕਿ ਧਰਤੀ ʼਤੇ ਸਾਰੇ ਇਨਸਾਨ ਉਸ ਨੂੰ ਆਪਣਾ ਰਾਜਾ ਮੰਨਣ ਅਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਨ। ਪਰ ਸ਼ੈਤਾਨ ਨੇ ਦਾਅਵਾ ਕੀਤਾ ਹੈ ਕਿ ਇਨਸਾਨ ਖ਼ੁਦ ʼਤੇ ਰਾਜ ਕਰਕੇ ਜ਼ਿਆਦਾ ਖ਼ੁਸ਼ ਰਹਿਣਗੇ। (ਉਤ. 3:1-5) ਸ਼ੈਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਕਰਨ ਲਈ ਯਹੋਵਾਹ ਨੇ ਇਨਸਾਨਾਂ ਨੂੰ ਖ਼ੁਦ ʼਤੇ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ। ਪਰ ਇਨਸਾਨੀ ਰਾਜ ਕਰਕੇ ਅਸੀਂ ਅੱਜ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ। (ਉਪ. 8:9) ਅਸੀਂ ਜਾਣਦੇ ਹਾਂ ਕਿ ਯਹੋਵਾਹ ਹੁਣੇ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗਾ। w23.11 21 ਪੈਰੇ 4-5

ਸੋਮਵਾਰ 19 ਮਈ

ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।​—ਰੋਮੀ. 4:17.

ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਹ ‘ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ’ ਅਤੇ ਉਸ ਰਾਹੀਂ “ਬਹੁਤ ਸਾਰੀਆਂ ਕੌਮਾਂ” ਨੂੰ ਬਰਕਤਾਂ ਮਿਲਣਗੀਆਂ। ਪਰ ਜਦੋਂ ਅਬਰਾਹਾਮ 100 ਸਾਲਾਂ ਦਾ ਅਤੇ ਸਾਰਾਹ 90 ਸਾਲਾਂ ਦੀ ਸੀ, ਉਦੋਂ ਵੀ ਉਨ੍ਹਾਂ ਦੇ ਮੁੰਡਾ ਨਹੀਂ ਸੀ ਹੋਇਆ। ਜੇ ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ ਇਸ ਉਮਰ ਵਿਚ ਉਨ੍ਹਾਂ ਦੇ ਬੱਚਾ ਪੈਦਾ ਹੋਣਾ ਨਾਮੁਮਕਿਨ ਸੀ। ਇਹ ਅਬਰਾਹਾਮ ਦੀ ਨਿਹਚਾ ਦੀ ਅਸਲੀ ਪਰਖ ਸੀ। ਪਰ “ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ।” (ਰੋਮੀ. 4:18, 19) ਫਿਰ ਇਕ ਦਿਨ ਉਸ ਦੀ ਇਹ ਉਮੀਦ ਪੂਰੀ ਹੋਈ। ਉਨ੍ਹਾਂ ਦੇ ਘਰ ਇਸਹਾਕ ਪੈਦਾ ਹੋਇਆ ਜਿਸ ਦੀ ਉਸ ਨੂੰ ਕਾਫ਼ੀ ਲੰਬੇ ਸਮੇਂ ਤੋਂ ਉਡੀਕ ਸੀ। (ਰੋਮੀ. 4:20-22) ਅਬਰਾਹਾਮ ਵਾਂਗ ਅਸੀਂ ਵੀ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰ ਸਕਦੇ ਹਾਂ, ਉਸ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾ ਸਕਦੇ ਹਾਂ ਅਤੇ ਉਸ ਦੇ ਦੋਸਤ ਬਣ ਸਕਦੇ ਹਾਂ। ਪੌਲੁਸ ਨੇ ਵੀ ਇਸ ਬਾਰੇ ਲਿਖਿਆ ਸੀ ਕਿ “ਇਹ ਸ਼ਬਦ, ‘ਉਸ ਨੂੰ ਧਰਮੀ ਗਿਣਿਆ ਗਿਆ’ ਸਿਰਫ਼ [ਅਬਰਾਹਾਮ] ਲਈ ਹੀ ਨਹੀਂ ਲਿਖੇ ਗਏ ਸਨ, ਸਗੋਂ ਸਾਡੇ ਲਈ ਵੀ ਲਿਖੇ ਗਏ ਹਨ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਜਾਵੇਗਾ ਕਿਉਂਕਿ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਹੈ ਜਿਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਸੀ।” (ਰੋਮੀ. 4:23, 24) ਅਬਰਾਹਾਮ ਵਾਂਗ ਸਾਨੂੰ ਵੀ ਯਹੋਵਾਹ ʼਤੇ ਨਿਹਚਾ ਰੱਖਣ, ਚੰਗੇ ਕੰਮ ਕਰਨ ਅਤੇ ਇਹ ਉਮੀਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। w23.12 7 ਪੈਰੇ 16-17

ਮੰਗਲਵਾਰ 20 ਮਈ

ਤੂੰ ਮੇਰਾ ਦੁੱਖ ਦੇਖਿਆ ਹੈ; ਤੂੰ ਮੇਰੇ ਦਿਲ ਦਾ ਦਰਦ ਸਮਝਦਾ ਹੈਂ।​—ਜ਼ਬੂ. 31:7.

ਜਦੋਂ ਤੁਹਾਡੇ ʼਤੇ ਕੋਈ ਮੁਸੀਬਤ ਆਉਂਦੀ ਹੈ ਅਤੇ ਤੁਸੀਂ ਬਹੁਤ ਡਰ ਜਾਂਦੇ ਹੋ, ਤਾਂ ਯਾਦ ਰੱਖੋ ਕਿ ਯਹੋਵਾਹ ਧਿਆਨ ਦਿੰਦਾ ਹੈ ਕਿ ਤੁਸੀਂ ਕਿਸ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਹੋ ਅਤੇ ਤੁਹਾਡੇ ʼਤੇ ਕੀ ਬੀਤ ਰਹੀ ਹੈ। ਮਿਸਾਲ ਲਈ, ਪੁਰਾਣੇ ਸਮੇਂ ਵਿਚ ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ, ਤਾਂ ਯਹੋਵਾਹ ਨੇ ਸਿਰਫ਼ ਇਹੀ ਨਹੀਂ ਦੇਖਿਆ ਕਿ ਉਨ੍ਹਾਂ ʼਤੇ ਕਿਹੜੇ ਜ਼ੁਲਮ ਕੀਤੇ ਜਾ ਰਹੇ ਸਨ, ਸਗੋਂ ਉਹ ‘ਉਨ੍ਹਾਂ ਦਾ ਦਰਦ ਵੀ ਚੰਗੀ ਤਰ੍ਹਾਂ ਜਾਣਦਾ ਸੀ।’ (ਕੂਚ 3:7) ਜੇ ਤੁਸੀਂ ਕਿਸੇ ਮੁਸ਼ਕਲ ਹਾਲਾਤ ਵਿੱਚੋਂ ਗੁਜ਼ਰ ਰਹੇ ਹੋ ਤੇ ਤੁਹਾਨੂੰ ਡਰ ਲੱਗ ਰਿਹਾ ਹੈ, ਤਾਂ ਸ਼ਾਇਦ ਤੁਸੀਂ ਇਹ ਨਾ ਦੇਖ ਸਕੋ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਦੇਖ ਸਕੋ ਕਿ ਉਹ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ। (2 ਰਾਜ. 6:15-17) ਫਿਰ ਸੋਚੋ: ਕੀ ਮੀਟਿੰਗ ਵਿਚ ਕਿਸੇ ਦੇ ਭਾਸ਼ਣ ਜਾਂ ਕਿਸੇ ਦੇ ਜਵਾਬ ਕਰਕੇ ਤੁਹਾਡਾ ਹੌਸਲਾ ਵਧਿਆ ਹੈ? ਕੀ ਕਿਸੇ ਪ੍ਰਕਾਸ਼ਨ, ਵੀਡੀਓ ਜਾਂ ਬ੍ਰਾਡਕਾਸਟਿੰਗ ਦੇ ਗੀਤ ਕਰਕੇ ਤੁਹਾਡੀ ਹਿੰਮਤ ਵਧੀ ਹੈ? ਕੀ ਕਿਸੇ ਭੈਣ-ਭਰਾ ਨੇ ਤੁਹਾਨੂੰ ਕੋਈ ਅਜਿਹੀ ਆਇਤ ਦਿਖਾਈ ਜਾਂ ਗੱਲ ਕਹੀ ਜਿਸ ਕਰਕੇ ਤੁਹਾਨੂੰ ਵਧੀਆ ਲੱਗਾ ਹੋਵੇ? ਸ਼ਾਇਦ ਅਸੀਂ ਇਸ ਗੱਲ ਨੂੰ ਮਾਮੂਲੀ ਜਿਹਾ ਸਮਝੀਏ ਕਿ ਸਾਡੇ ਭੈਣ-ਭਰਾ ਸਾਨੂੰ ਕਿੰਨਾ ਪਿਆਰ ਕਰਦੇ ਹਨ ਤੇ ਬਾਈਬਲ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਪਰ ਇਹ ਯਹੋਵਾਹ ਵੱਲੋਂ ਸ਼ਾਨਦਾਰ ਤੋਹਫ਼ੇ ਹਨ। (ਯਸਾ. 65:13; ਮਰ. 10:29, 30) ਇਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪਰਮੇਸ਼ੁਰ ਸਾਡੀ ਕਿੰਨੀ ਪਰਵਾਹ ਕਰਦਾ ਹੈ। (ਯਸਾ. 49:14-16) ਨਾਲੇ ਇਨ੍ਹਾਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਕਰ ਸਕਦੇ ਹਾਂ। w24.01 4-5 ਪੈਰੇ 9-10

ਬੁੱਧਵਾਰ 21 ਮਈ

ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ।​—ਰਸੂ. 4:29.

ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਇਕ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ “ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ” ਉਸ ਬਾਰੇ ਗਵਾਹੀ ਦੇਣੀ ਸੀ। (ਰਸੂ. 1:8; ਲੂਕਾ 24:46-48) ਇਸ ਤੋਂ ਥੋੜ੍ਹੇ ਸਮੇਂ ਬਾਅਦ ਯਹੂਦੀ ਧਾਰਮਿਕ ਆਗੂਆਂ ਨੇ ਪਤਰਸ ਅਤੇ ਯੂਹੰਨਾ ਰਸੂਲ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ। ਉਨ੍ਹਾਂ ਨੇ ਰਸੂਲਾਂ ਨੂੰ ਡਰਾਇਆ-ਧਮਕਾਇਆ ਅਤੇ ਹੁਕਮ ਦਿੱਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ। (ਰਸੂ. 4:18, 21) ਪਤਰਸ ਅਤੇ ਯੂਹੰਨਾ ਨੇ ਕਿਹਾ: “ਤੁਸੀਂ ਆਪ ਸੋਚੋ, ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।” (ਰਸੂ. 4:19, 20) ਜਦੋਂ ਪਤਰਸ ਅਤੇ ਯੂਹੰਨਾ ਨੂੰ ਰਿਹਾ ਕੀਤਾ ਗਿਆ, ਤਾਂ ਉਨ੍ਹਾਂ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਬਾਰੇ ਉੱਚੀ ਆਵਾਜ਼ ਵਿਚ ਬੇਨਤੀ ਕੀਤੀ। ਯਹੋਵਾਹ ਨੇ ਦਿਲੋਂ ਕੀਤੀ ਇਸ ਬੇਨਤੀ ਦਾ ਜਵਾਬ ਦਿੱਤਾ।​—ਰਸੂ. 4:31. w23.05 5 ਪੈਰੇ 11-12

ਵੀਰਵਾਰ 22 ਮਈ

ਇਹ ਮੇਰਾ ਪਿਆਰਾ ਪੁੱਤਰ ਹੈ।​—ਮੱਤੀ 17:5.

ਯਹੋਵਾਹ ਅਤੇ ਉਸ ਦੇ ਪੁੱਤਰ ਨੇ ਇਕੱਠੇ ਜਿੰਨਾ ਸਮਾਂ ਬਿਤਾਇਆ ਹੈ, ਉੱਨਾ ਸਮਾਂ ਇਸ ਦੁਨੀਆਂ ਵਿਚ ਹੋਰ ਕਿਸੇ ਨੇ ਨਹੀਂ ਬਿਤਾਇਆ। ਉਹ ਅਰਬਾਂ-ਖਰਬਾਂ ਸਾਲਾਂ ਤੋਂ ਸਵਰਗ ਵਿਚ ਇਕੱਠੇ ਸਨ। ਤਾਂ ਸੋਚੋ, ਉਨ੍ਹਾਂ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੋਣਾ ਅਤੇ ਉਹ ਇਕ-ਦੂਜੇ ਨਾਲ ਕਿੰਨਾ ਪਿਆਰ ਕਰਦੇ ਹੋਣੇ। ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਯਿਸੂ ਨੂੰ ਬਹੁਤ ਪਿਆਰ ਕਰਦਾ ਹੈ। ਇਹ ਗੱਲ ਅਸੀਂ ਅੱਜ ਦੇ ਹਵਾਲੇ ਵਿਚ ਪੜ੍ਹ ਸਕਦੇ ਹਾਂ। ਯਹੋਵਾਹ ਚਾਹੁੰਦਾ ਤਾਂ ਸਿਰਫ਼ ਇਹ ਕਹਿ ਸਕਦਾ ਸੀ, ‘ਇਹ ਉਹ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।’ ਪਰ ਉਸ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ।” ਉਸ ਨੇ ਇੱਦਾਂ ਇਸ ਲਈ ਕਿਹਾ ਕਿਉਂਕਿ ਉਹ ਚਾਹੁੰਦਾ ਸੀ ਕਿ ਅਸੀਂ ਇਹ ਜਾਣੀਏ ਕਿ ਉਹ ਆਪਣੇ ਪੁੱਤਰ ਨਾਲ ਕਿੰਨਾ ਪਿਆਰ ਕਰਦਾ ਹੈ। ਯਹੋਵਾਹ ਨੂੰ ਯਿਸੂ ʼਤੇ ਬਹੁਤ ਮਾਣ ਸੀ, ਖ਼ਾਸ ਕਰਕੇ ਇਸ ਲਈ ਕਿ ਉਹ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ। (ਅਫ਼. 1:7) ਯਿਸੂ ਨੂੰ ਵੀ ਆਪਣੇ ਪਿਤਾ ਦੇ ਪਿਆਰ ʼਤੇ ਜ਼ਰਾ ਵੀ ਸ਼ੱਕ ਨਹੀਂ ਸੀ। ਉਹ ਹਰ ਪਲ ਮਹਿਸੂਸ ਕਰ ਸਕਦਾ ਸੀ ਕਿ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਹੈ। ਨਾਲੇ ਉਸ ਨੇ ਕਈ ਵਾਰ ਪੂਰੇ ਯਕੀਨ ਨਾਲ ਲੋਕਾਂ ਨੂੰ ਵੀ ਕਿਹਾ ਸੀ ਕਿ ਉਸ ਦਾ ਪਿਤਾ ਉਸ ਨਾਲ ਪਿਆਰ ਕਰਦਾ ਹੈ।​—ਯੂਹੰ. 3:35; 10:17; 17:24. w24.01 28 ਪੈਰਾ 8

ਸ਼ੁੱਕਰਵਾਰ 23 ਮਈ

ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ ਚੁਣਨਾ ਚਾਹੀਦਾ ਹੈ।​—ਕਹਾ. 22:1.

ਮੰਨ ਲਓ ਕਿ ਤੁਹਾਡਾ ਕੋਈ ਆਪਣਾ ਤੁਹਾਡੇ ʼਤੇ ਝੂਠਾ ਇਲਜ਼ਾਮ ਲਾਉਂਦਾ ਹੈ ਅਤੇ ਕੁਝ ਲੋਕ ਉਸ ਦੀ ਗੱਲ ਨੂੰ ਸੱਚ ਮੰਨ ਲੈਂਦੇ ਹਨ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਉਹ ਇਸ ਬਾਰੇ ਦੂਜਿਆਂ ਨੂੰ ਵੀ ਦੱਸਣ ਲੱਗ ਪੈਂਦੇ ਹਨ ਅਤੇ ਉਹ ਵੀ ਇਸ ਗੱਲ ʼਤੇ ਯਕੀਨ ਕਰ ਲੈਂਦੇ ਹਨ। ਇਹ ਦੇਖ ਕੇ ਤੁਹਾਨੂੰ ਕਿੱਦਾਂ ਲੱਗੇਗਾ? ਤੁਹਾਨੂੰ ਜ਼ਰੂਰ ਬਹੁਤ ਬੁਰਾ ਲੱਗੇਗਾ। ਇਸ ਉਦਾਹਰਣ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਗਿਆ ਸੀ, ਤਾਂ ਉਸ ਨੂੰ ਕਿੱਦਾਂ ਲੱਗਾ ਹੋਣਾ। ਸਵਰਗ ਵਿਚ ਰਹਿਣ ਵਾਲੇ ਉਸ ਦੇ ਆਪਣੇ ਹੀ ਇਕ ਪੁੱਤਰ ਨੇ ਉਸ ਬਾਰੇ ਪਹਿਲੀ ਔਰਤ ਹੱਵਾਹ ਨਾਲ ਝੂਠ ਬੋਲਿਆ ਅਤੇ ਉਸ ਔਰਤ ਨੇ ਉਸ ʼਤੇ ਯਕੀਨ ਕਰ ਲਿਆ। ਇਸੇ ਕਰਕੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਅਤੇ ਇੱਦਾਂ ਸਾਰੇ ਇਨਸਾਨਾਂ ਵਿਚ ਪਾਪ ਤੇ ਮੌਤ ਆ ਗਈ। (ਉਤ. 3:1-6; ਰੋਮੀ. 5:12) ਅੱਜ ਪੂਰੀ ਦੁਨੀਆਂ ਵਿਚ ਇਨਸਾਨਾਂ ਨੂੰ ਜੋ ਕੁਝ ਸਹਿਣਾ ਪੈ ਰਿਹਾ ਹੈ, ਉਹ ਸਭ ਕੁਝ ਇਸ ਝੂਠ ਕਰਕੇ ਹੀ ਹੈ ਜੋ ਸ਼ੈਤਾਨ ਨੇ ਬੋਲਿਆ ਸੀ। ਇਸੇ ਕਰਕੇ ਅੱਜ ਇਨਸਾਨਾਂ ਨੂੰ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਯੁੱਧ ਹੁੰਦੇ ਹਨ ਅਤੇ ਲੋਕ ਮਰਦੇ ਹਨ। ਇਹ ਸਭ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਹੁੰਦਾ ਹੈ। ਪਰ ਇੱਦਾਂ ਨਹੀਂ ਹੈ ਕਿ ਉਹ ਕੁੜੱਤਣ ਨਾਲ ਭਰ ਗਿਆ ਹੈ ਅਤੇ ਹਮੇਸ਼ਾ ਗੁੱਸੇ ਵਿਚ ਰਹਿੰਦਾ ਹੈ। ਅਸਲ ਵਿਚ, ਬਾਈਬਲ ਕਹਿੰਦੀ ਹੈ, ਉਹ “ਖ਼ੁਸ਼ਦਿਲ ਪਰਮੇਸ਼ੁਰ” ਹੈ।​—1 ਤਿਮੋ. 1:11. w24.02 8 ਪੈਰੇ 1-2

ਸ਼ਨੀਵਾਰ 24 ਮਈ

ਮੈਂ ਇੰਨਾ ਵੱਡਾ ਕੁਕਰਮ ਕਰ ਕੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਿਵੇਂ ਕਰ ਸਕਦਾ ਹਾਂ?​—ਉਤ. 39:9.

ਯੂਸੁਫ਼ ਵਾਂਗ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਪਹਿਲਾਂ ਤੋਂ ਹੀ ਸੋਚ ਸਕਦੇ ਹੋ ਕਿ ਬਹਿਕਾਏ ਜਾਣ ʼਤੇ ਤੁਸੀਂ ਕੀ ਕਰੋਗੇ? ਇੱਦਾਂ ਦਾ ਕੰਮ ਕਰਨ ਤੋਂ ਤੁਰੰਤ ਮਨ੍ਹਾ ਕਰ ਦਿਓ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ, ਇੱਥੋਂ ਤਕ ਕਿ ਉਸ ਬਾਰੇ ਸੋਚੋ ਵੀ ਨਾ। (ਜ਼ਬੂ. 97:10; 119:165) ਇੱਦਾਂ ਕਰ ਕੇ ਬਹਿਕਾਏ ਜਾਣ ʼਤੇ ਵੀ ਤੁਸੀਂ ਆਪਣੇ ਇਰਾਦੇ ʼਤੇ ਪੱਕੇ ਰਹੋਗੇ। ਸ਼ਾਇਦ ਤੁਹਾਨੂੰ ਯਕੀਨ ਹੋਵੇ ਕਿ ਤੁਸੀਂ ਜੋ ਸਿੱਖ ਰਹੇ ਹੋ, ਉਹ ਸੱਚਾਈ ਹੈ ਅਤੇ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ। ਪਰ ਫਿਰ ਵੀ ਕਿਸੇ ਕਾਰਨ ਕਰਕੇ ਤੁਸੀਂ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਝਿਜਕ ਰਹੇ ਹੋ। ਜੇ ਇਹ ਗੱਲ ਹੈ, ਤਾਂ ਤੁਸੀਂ ਰਾਜਾ ਦਾਊਦ ਵਾਂਗ ਯਹੋਵਾਹ ਨੂੰ ਬੇਨਤੀ ਕਰ ਸਕਦੇ ਹੋ: “ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ। ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ ਨੂੰ ਜਾਣ। ਦੇਖ ਕਿਤੇ ਮੇਰਾ ਝੁਕਾਅ ਗ਼ਲਤ ਕੰਮਾਂ ਵੱਲ ਤਾਂ ਨਹੀਂ, ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਲੈ ਚੱਲ।” (ਜ਼ਬੂ. 139:23, 24) ਇਸ ਤਰ੍ਹਾਂ ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ ਅਤੇ ਸਮਰਪਣ ਤੇ ਬਪਤਿਸਮਾ ਲੈਣ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਿਹਨਤ ਕਰੋਗੇ, ਤਾਂ ਤੁਸੀਂ ਦਿਖਾਓਗੇ ਕਿ ਤੁਸੀਂ “ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼” ਕਰ ਰਹੇ ਹੋ। ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ।​—ਇਬ. 11:6. w24.03 6 ਪੈਰੇ 13-15

ਐਤਵਾਰ 25 ਮਈ

‘ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ।’​—ਇਬ. 7:27.

ਮਹਾਂ ਪੁਜਾਰੀ ਲੋਕਾਂ ਵੱਲੋਂ ਪਰਮੇਸ਼ੁਰ ਸਾਮ੍ਹਣੇ ਜਾਂਦਾ ਸੀ। ਯਹੋਵਾਹ ਨੇ ਡੇਰੇ ਦੇ ਉਦਘਾਟਨ ਵੇਲੇ ਇਜ਼ਰਾਈਲੀਆਂ ਦੇ ਪਹਿਲੇ ਮਹਾਂ ਪੁਜਾਰੀ ਹਾਰੂਨ ਨੂੰ ਨਿਯੁਕਤ ਕੀਤਾ ਸੀ। ਪਰ ਜਿੱਦਾਂ ਪੌਲੁਸ ਰਸੂਲ ਨੇ ਦੱਸਿਆ ਸੀ: “ਹਾਰੂਨ ਦੀ ਔਲਾਦ ਵਿੱਚੋਂ ਇਕ ਤੋਂ ਬਾਅਦ ਇਕ ਕਈ ਆਦਮੀ ਪੁਜਾਰੀ ਬਣੇ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਪੁਜਾਰੀ ਬਣੇ ਨਾ ਰਹਿਣ ਦਿੱਤਾ।” (ਇਬ. 7:23-26) ਨਾਲੇ ਨਾਮੁਕੰਮਲ ਹੋਣ ਕਰਕੇ ਇਨ੍ਹਾਂ ਮਹਾਂ ਪੁਜਾਰੀਆਂ ਨੂੰ ਵੀ ਆਪਣੇ ਪਾਪਾਂ ਲਈ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲੀਆਂ ਦੇ ਮਹਾਂ ਪੁਜਾਰੀਆਂ ਅਤੇ ਸਾਡੇ ਉੱਤਮ ਮਹਾਂ ਪੁਜਾਰੀ ਯਿਸੂ ਮਸੀਹ ਵਿਚ ਕਿੰਨਾ ਵੱਡਾ ਫ਼ਰਕ ਹੈ! ਸਾਡਾ ਮਹਾਂ ਪੁਜਾਰੀ ਯਿਸੂ ‘ਉਸ ਅਸਲੀ ਤੰਬੂ ਵਿਚ ਸੇਵਾ ਕਰਦਾ ਹੈ ਜਿਸ ਨੂੰ ਇਨਸਾਨਾਂ ਨੇ ਨਹੀਂ, ਸਗੋਂ ਯਹੋਵਾਹ ਨੇ ਖੜ੍ਹਾ ਕੀਤਾ ਹੈ।’ (ਇਬ. 8:1, 2) ਪੌਲੁਸ ਨੇ ਸਮਝਾਇਆ ਕਿ “ਯਿਸੂ ਹਮੇਸ਼ਾ ਜੀਉਂਦਾ ਰਹਿੰਦਾ ਹੈ, ਇਸ ਲਈ ਉਹ ਹਮੇਸ਼ਾ ਪੁਜਾਰੀ ਬਣਿਆ ਰਹੇਗਾ, ਉਸ ਤੋਂ ਬਾਅਦ ਹੋਰ ਕੋਈ ਪੁਜਾਰੀ ਨਹੀਂ ਬਣੇਗਾ।” ਪੌਲੁਸ ਨੇ ਇਹ ਵੀ ਦੱਸਿਆ ਕਿ ਯਿਸੂ ‘ਬੇਦਾਗ਼ ਹੈ ਅਤੇ ਬਿਲਕੁਲ ਵੀ ਪਾਪੀਆਂ ਵਰਗਾ ਨਹੀਂ ਹੈ।’ ਇਸ ਲਈ ਉਸ ਨੂੰ ਇਜ਼ਰਾਈਲ ਦੇ ਮਹਾਂ ਪੁਜਾਰੀਆਂ ਵਾਂਗ ‘ਰੋਜ਼ ਆਪਣੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ।’ w23.10 26 ਪੈਰੇ 8-9

ਸੋਮਵਾਰ 26 ਮਈ

ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ।​—ਪ੍ਰਕਾ. 21:1.

“ਪੁਰਾਣਾ ਆਕਾਸ਼” ਧਰਤੀ ਦੀਆਂ ਸਾਰੀਆਂ ਸਰਕਾਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ʼਤੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਪ੍ਰਭਾਵ ਹੈ। (ਮੱਤੀ 4:8, 9; 1 ਯੂਹੰ. 5:19) ਬਾਈਬਲ ਵਿਚ “ਧਰਤੀ” ਸ਼ਬਦ ਅਕਸਰ ਇਨਸਾਨਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। (ਉਤ. 11:1; ਜ਼ਬੂ. 96:1) ਇਸ ਲਈ “ਪੁਰਾਣੀ ਧਰਤੀ” ਅੱਜ ਦੇ ਦੁਸ਼ਟ ਇਨਸਾਨਾਂ ਨੂੰ ਦਰਸਾਉਂਦੀ ਹੈ। ਯਹੋਵਾਹ ਪੁਰਾਣੇ “ਆਕਾਸ਼” ਅਤੇ ਪੁਰਾਣੀ “ਧਰਤੀ” ਯਾਨੀ ਸਰਕਾਰਾਂ ਤੇ ਦੁਸ਼ਟ ਇਨਸਾਨਾਂ ਨੂੰ ਸੁਧਾਰੇਗਾ ਨਹੀਂ, ਸਗੋਂ ਉਹ ਉਨ੍ਹਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਵੇਗਾ ਅਤੇ ਇਸ ਦੀ ਜਗ੍ਹਾ “ਨਵਾਂ ਆਕਾਸ਼ ਅਤੇ ਨਵੀਂ ਧਰਤੀ” ਲਿਆਵੇਗਾ ਯਾਨੀ ਨਵੀਂ ਸਰਕਾਰ ਅਤੇ ਧਰਮੀ ਲੋਕਾਂ ਦਾ ਨਵਾਂ ਸਮਾਜ। ਯਹੋਵਾਹ ਇਨਸਾਨਾਂ ਅਤੇ ਧਰਤੀ ਦੀ ਹਾਲਤ ਇੰਨੀ ਵਧੀਆ ਕਰ ਦੇਵੇਗਾ ਕਿ ਉਹ ਇਕਦਮ ਨਵੀਂ ਵਰਗੀ ਹੋ ਜਾਵੇਗੀ। ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, ਪੂਰੀ ਧਰਤੀ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਈ ਜਾਵੇਗੀ। ਨਾਲੇ ਹਰ ਇਨਸਾਨ ਮੁਕੰਮਲ ਹੋ ਜਾਵੇਗਾ। ਉਹ ਇੱਦਾਂ ਹੋਣਗੇ ਜਿਵੇਂ ਉਨ੍ਹਾਂ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ। ਜਿਹੜੇ ਤੁਰ-ਫਿਰ ਨਹੀਂ ਸਕਦੇ, ਦੇਖ ਨਹੀਂ ਸਕਦੇ ਤੇ ਸੁਣ ਨਹੀਂ ਸਕਦੇ, ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਵੇਗਾ ਅਤੇ ਇੱਥੋਂ ਤਕ ਕਿ ਮਰ ਚੁੱਕੇ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ।​—ਯਸਾ. 25:8; 35:1-7. w23.11 4 ਪੈਰੇ 9-10

ਮੰਗਲਵਾਰ 27 ਮਈ

‘ਤੁਸੀਂ ਹਮੇਸ਼ਾ ਤਿਆਰ ਰਹੋ।’​—ਮੱਤੀ 24:44.

“ਮਹਾਂਕਸ਼ਟ” ਅਚਾਨਕ ਆ ਜਾਵੇਗਾ। (ਮੱਤੀ 24:21) ਪਰ ਮਹਾਂਕਸ਼ਟ ਦੂਜੀਆਂ ਆਫ਼ਤਾਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਮਹਾਂਕਸ਼ਟ ਜ਼ਰੂਰ ਆਵੇਗਾ। ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ ਕਿ ਉਹ ਇਸ ਦਿਨ ਲਈ ਤਿਆਰ ਰਹਿਣ। ਜੇ ਅਸੀਂ ਇਸ ਲਈ ਪਹਿਲਾਂ ਤੋਂ ਹੀ ਤਿਆਰੀ ਕਰਾਂਗੇ, ਤਾਂ ਸਾਡੇ ਲਈ ਇਸ ਔਖੇ ਸਮੇਂ ਵਿੱਚੋਂ ਲੰਘਣਾ ਅਤੇ ਦੂਜਿਆਂ ਦੀ ਮਦਦ ਕਰਨੀ ਜ਼ਿਆਦਾ ਸੌਖੀ ਹੋਵੇਗੀ। (ਲੂਕਾ 21:36) ਧੀਰਜ ਰੱਖਣ ਕਰਕੇ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ ਅਤੇ ਭਰੋਸਾ ਰੱਖਾਂਗੇ ਕਿ ਉਹ ਸਾਡੀ ਹਿਫਾਜ਼ਤ ਜ਼ਰੂਰ ਕਰੇਗਾ। ਅਸੀਂ ਉਦੋਂ ਕੀ ਕਰਾਂਗੇ ਜਦੋਂ ਸਾਡੇ ਭੈਣ-ਭਰਾ ਆਪਣੀਆਂ ਕੁਝ ਚੀਜ਼ਾਂ ਜਾਂ ਆਪਣਾ ਸਾਰਾ ਕੁਝ ਗੁਆ ਬੈਠਣ? (ਹੱਬ. 3:17, 18) ਹਮਦਰਦੀ ਹੋਣ ਕਰਕੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ। ਅਸੀਂ ਉਦੋਂ ਕੀ ਕਰਾਂਗੇ ਜਦੋਂ ਕੌਮਾਂ ਦੇ ਗਠਜੋੜ ਦੇ ਹਮਲੇ ਕਰਕੇ ਸਾਨੂੰ ਥੋੜ੍ਹੇ ਸਮੇਂ ਲਈ ਇੱਕੋ ਥਾਂ ʼਤੇ ਇਕੱਠਿਆਂ ਰਹਿਣਾ ਪਵੇਗਾ? (ਹਿਜ਼. 38:10-12) ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਇਸ ਔਖੇ ਸਮੇਂ ਵਿੱਚੋਂ ਨਿਕਲ ਸਕਾਂਗੇ। w23.07 2 ਪੈਰੇ 2-3

ਬੁੱਧਵਾਰ 28 ਮਈ

ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।​—ਅਫ਼. 5:15, 16.

ਪਤੀ-ਪਤਨੀ ਪ੍ਰਿਸਕਿੱਲਾ ਤੇ ਅਕੂਲਾ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਨ। ਪਹਿਲੀ ਸਦੀ ਦੇ ਮਸੀਹੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। (ਰੋਮੀ. 16:3, 4) ਉਨ੍ਹਾਂ ਨੇ ਮਿਲ ਕੇ ਕੰਮ ਕੀਤਾ, ਪ੍ਰਚਾਰ ਕੀਤਾ ਅਤੇ ਦੂਜਿਆਂ ਦੀ ਮਦਦ ਕੀਤੀ। (ਰਸੂ. 18:2, 3, 24-26) ਦਰਅਸਲ, ਬਾਈਬਲ ਵਿਚ ਜਦੋਂ ਵੀ ਪ੍ਰਿਸਕਿੱਲਾ ਅਤੇ ਅਕੂਲਾ ਦੇ ਨਾਂ ਆਏ ਹਨ, ਤਾਂ ਉਨ੍ਹਾਂ ਦਾ ਜ਼ਿਕਰ ਹਮੇਸ਼ਾ ਇਕੱਠਿਆਂ ਹੀ ਕੀਤਾ ਗਿਆ ਹੈ। ਪਤੀ-ਪਤਨੀ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਨ? ਤੁਸੀਂ ਦੋਵੇਂ ਪੂਰਾ ਦਿਨ ਬਹੁਤ ਸਾਰੇ ਕੰਮ ਕਰਦੇ ਹੋਣੇ। ਕੀ ਇਨ੍ਹਾਂ ਵਿੱਚੋਂ ਕੁਝ ਕੰਮ ਤੁਸੀਂ ਮਿਲ ਕੇ ਕਰ ਸਕਦੇ ਹੋ? ਉਦਾਹਰਣ ਲਈ, ਪ੍ਰਿਸਕਿੱਲਾ ਤੇ ਅਕੂਲਾ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਸਨ। ਕੀ ਤੁਸੀਂ ਵੀ ਅਕਸਰ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਹੋ? ਪ੍ਰਿਸਕਿੱਲਾ ਤੇ ਅਕੂਲਾ ਇਕੱਠੇ ਮਿਲ ਕੇ ਕੰਮ ਕਰਦੇ ਸਨ। ਸ਼ਾਇਦ ਤੁਸੀਂ ਅਤੇ ਤੁਹਾਡਾ ਸਾਥੀ ਇੱਕੋ ਜਗ੍ਹਾ ʼਤੇ ਨੌਕਰੀ ਜਾਂ ਕੰਮ ਨਹੀਂ ਕਰਦੇ ਹੋਣੇ। ਪਰ ਕੀ ਤੁਸੀਂ ਘਰ ਦੇ ਕੰਮ ਇਕੱਠੇ ਮਿਲ ਕੇ ਕਰ ਸਕਦੇ ਹੋ? (ਉਪ. 4:9) ਜਦੋਂ ਤੁਸੀਂ ਕਿਸੇ ਕੰਮ ਵਿਚ ਇਕ-ਦੂਜੇ ਦਾ ਹੱਥ ਵਟਾਉਂਦੇ ਹੋ, ਤਾਂ ਤੁਸੀਂ ਇਕ ਟੀਮ ਵਾਂਗ ਮਹਿਸੂਸ ਕਰਦੇ ਹੋ ਅਤੇ ਤੁਹਾਡੇ ਕੋਲ ਗੱਲ ਕਰਨ ਦਾ ਮੌਕਾ ਹੁੰਦਾ ਹੈ। w23.05 22-23 ਪੈਰੇ 10-12

ਵੀਰਵਾਰ 29 ਮਈ

ਜਦ ਮੈਨੂੰ ਡਰ ਲੱਗਦਾ ਹੈ, ਤਾਂ ਮੈਂ ਤੇਰੇ ʼਤੇ ਭਰੋਸਾ ਰੱਖਦਾ ਹਾਂ।​—ਜ਼ਬੂ. 56:3.

ਸਾਨੂੰ ਸਾਰਿਆਂ ਨੂੰ ਕਦੇ-ਨਾ-ਕਦੇ ਡਰ ਲੱਗਦਾ ਹੈ। ਇਕ ਵਾਰ ਜਦੋਂ ਦਾਊਦ ਰਾਜਾ ਸ਼ਾਊਲ ਤੋਂ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ, ਤਾਂ ਭੱਜਦੇ-ਭੱਜਦੇ ਉਹ ਫਲਿਸਤੀਆਂ ਦੇ ਸ਼ਹਿਰ ਗਥ ਪਹੁੰਚ ਗਿਆ। ਕੁਝ ਸਮੇਂ ਬਾਅਦ ਗਥ ਦੇ ਰਾਜਾ ਆਕੀਸ਼ ਨੂੰ ਪਤਾ ਲੱਗਾ ਕਿ ਦਾਊਦ ਤਾਂ ਉਹੀ ਯੋਧਾ ਹੈ ਜਿਸ ਦੀ ਸ਼ਾਨ ਵਿਚ ਇਕ ਗੀਤ ਗਾਇਆ ਗਿਆ ਕਿ ਉਸ ਨੇ ‘ਲੱਖਾਂ ਫਲਿਸਤੀਆਂ ਨੂੰ’ ਮਾਰਿਆ ਸੀ। ਉਸ ਸਮੇਂ ਦਾਊਦ “ਬਹੁਤ ਡਰ ਗਿਆ।” (1 ਸਮੂ. 21:10-12) ਉਸ ਨੂੰ ਚਿੰਤਾ ਹੋਣ ਲੱਗੀ ਕਿ ਪਤਾ ਨਹੀਂ ਹੁਣ ਆਕੀਸ਼ ਉਸ ਨਾਲ ਕੀ ਕਰੇਗਾ। ਤਾਂ ਫਿਰ ਦਾਊਦ ਨੇ ਆਪਣੇ ਡਰ ʼਤੇ ਕਾਬੂ ਕਿਵੇਂ ਪਾਇਆ? ਜ਼ਬੂਰ 56 ਵਿਚ ਅਸੀਂ ਪੜ੍ਹਦੇ ਹਾਂ ਕਿ ਗਥ ਵਿਚ ਹੁੰਦਿਆਂ ਦਾਊਦ ਨੂੰ ਕਿੱਦਾਂ ਲੱਗ ਰਿਹਾ ਸੀ। ਇਸ ਜ਼ਬੂਰ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਕਿਉਂ ਇੰਨਾ ਡਰ ਲੱਗ ਰਿਹਾ ਸੀ ਅਤੇ ਇਸ ਡਰ ʼਤੇ ਉਸ ਨੇ ਕਾਬੂ ਕਿਵੇਂ ਪਾਇਆ। ਜਦੋਂ ਦਾਊਦ ਡਰ ਗਿਆ ਸੀ, ਤਾਂ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ। (ਜ਼ਬੂ. 56:1-3, 11) ਯਹੋਵਾਹ ʼਤੇ ਉਸ ਦਾ ਭਰੋਸਾ ਰੱਖਣਾ ਜ਼ਾਇਆ ਨਹੀਂ ਗਿਆ। ਯਹੋਵਾਹ ਦੀ ਮਦਦ ਨਾਲ ਦਾਊਦ ਨੇ ਇਕ ਤਰਕੀਬ ਸੋਚੀ। ਇਹ ਤਰਕੀਬ ਥੋੜ੍ਹੀ ਅਜੀਬ ਤਾਂ ਸੀ, ਪਰ ਕੰਮ ਕਰ ਗਈ। ਉਸ ਨੇ ਪਾਗਲ ਹੋਣ ਦਾ ਢੌਂਗ ਕੀਤਾ। ਇਸ ਕਰਕੇ ਹੁਣ ਰਾਜਾ ਆਕੀਸ਼ ਉਸ ਨੂੰ ਮਾਰਨ ਦੀ ਬਜਾਇ ਉਸ ਤੋਂ ਕਿਸੇ ਤਰ੍ਹਾਂ ਪਿੱਛਾ ਛੁਡਾਉਣਾ ਚਾਹੁੰਦਾ ਸੀ। ਇੱਦਾਂ ਦਾਊਦ ਦੀ ਜਾਨ ਬਚ ਗਈ।​—1 ਸਮੂ. 21:13–22:1. w24.01 2 ਪੈਰੇ 1-3

ਸ਼ੁੱਕਰਵਾਰ 30 ਮਈ

ਜਿਹੜੇ ਵਫ਼ਾਦਾਰ ਸੇਵਕ ਲੇਲੇ ਦੇ ਨਾਲ ਹਨ ਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸੱਦਿਆ ਅਤੇ ਚੁਣਿਆ ਹੈ, ਉਹ ਵੀ ਉਨ੍ਹਾਂ ਉੱਤੇ ਜਿੱਤ ਹਾਸਲ ਕਰਨਗੇ।​—ਪ੍ਰਕਾ. 17:14.

ਅੱਜ ਦੇ ਹਵਾਲੇ ਵਿਚ ਦੱਸੇ ਸੇਵਕ ਕੌਣ ਹਨ? ਉਹ ਸਾਰੇ ਚੁਣੇ ਹੋਏ ਮਸੀਹੀ ਜਿਹੜੇ ਸਵਰਗ ਜਾ ਚੁੱਕੇ ਹੋਣਗੇ। ਮਹਾਂਕਸ਼ਟ ਖ਼ਤਮ ਤੋਂ ਥੋੜ੍ਹੀ ਦੇਰ ਪਹਿਲਾਂ ਜਦੋਂ ਬਚੇ ਹੋਏ ਚੁਣੇ ਹੋਏ ਮਸੀਹੀ ਵੀ ਸਵਰਗ ਜਾ ਚੁੱਕੇ ਹੋਣਗੇ, ਤਾਂ ਉਨ੍ਹਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਕਿਹੜਾ ਕੰਮ ਦਿੱਤਾ ਜਾਵੇਗਾ? ਉਨ੍ਹਾਂ ਨੂੰ ਯੁੱਧ ਕਰਨ ਦਾ ਕੰਮ ਦਿੱਤਾ ਜਾਵੇਗਾ। ਸਵਰਗ ਜਾ ਕੇ ਉਹ ਮਸੀਹ ਅਤੇ ਉਸ ਦੇ ਪਵਿੱਤਰ ਦੂਤਾਂ ਨਾਲ ਮਿਲ ਕੇ ਯਹੋਵਾਹ ਦੇ ਦੁਸ਼ਮਣਾਂ ਖ਼ਿਲਾਫ਼ ਆਖ਼ਰੀ ਯੁੱਧ ਲੜਨਗੇ। ਜ਼ਰਾ ਇਸ ਬਾਰੇ ਵੀ ਸੋਚੋ। ਅੱਜ ਕੁਝ ਚੁਣੇ ਹੋਏ ਮਸੀਹੀ ਸਿਆਣੀ ਉਮਰ ਦੇ ਹਨ ਅਤੇ ਕਮਜ਼ੋਰ ਹਨ। ਪਰ ਜਦੋਂ ਉਨ੍ਹਾਂ ਨੂੰ ਸਵਰਗ ਵਿਚ ਜੀਵਨ ਦਿੱਤਾ ਜਾਵੇਗਾ, ਤਾਂ ਉਹ ਬਹੁਤ ਤਾਕਤਵਰ ਹੋਣਗੇ ਅਤੇ ਅਮਰ ਹੋਣਗੇ। ਉਹ ਆਪਣੇ ਰਾਜੇ ਯਿਸੂ ਮਸੀਹ ਨਾਲ ਮਿਲ ਕੇ ਲੜਾਈ ਕਰਨਗੇ। ਆਰਮਾਗੇਡਨ ਦੇ ਯੁੱਧ ਤੋਂ ਬਾਅਦ ਉਹ ਯਿਸੂ ਨਾਲ ਮਿਲ ਕੇ ਇਨਸਾਨਾਂ ਦੀ ਮੁਕੰਮਲ ਹੋਣ ਵਿਚ ਮਦਦ ਕਰਨਗੇ। ਬਿਨਾਂ ਸ਼ੱਕ, ਜਦੋਂ ਸਾਰੇ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਤਾਂ ਉਹ ਸਾਡੀ ਖ਼ਾਤਰ ਅਜਿਹੇ ਵੱਡੇ-ਵੱਡੇ ਕੰਮ ਕਰਨਗੇ ਜੋ ਉਹ ਅੱਜ ਚਾਹ ਕੇ ਵੀ ਨਹੀਂ ਕਰ ਸਕਦੇ। w24.02 6-7 ਪੈਰੇ 15-16

ਸ਼ਨੀਵਾਰ 31 ਮਈ

ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋ, ਇਸ ਤਰ੍ਹਾਂ ਤੁਸੀਂ ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰੋਗੇ।​—ਗਲਾ. 5:16.

ਕੁਝ ਜਣੇ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦੇ ਯੋਗ ਹਨ, ਪਰ ਫਿਰ ਵੀ ਉਹ ਇਹ ਕਦਮ ਚੁੱਕਣ ਤੋਂ ਝਿਜਕਦੇ ਹਨ। ਉਹ ਸ਼ਾਇਦ ਸੋਚਣ, ‘ਜੇ ਮੇਰੇ ਤੋਂ ਕੋਈ ਗੰਭੀਰ ਗ਼ਲਤੀ ਹੋ ਗਈ ਤੇ ਮੈਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ, ਫਿਰ?’ ਜੇ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ, ਤਾਂ ਫ਼ਿਕਰ ਨਾ ਕਰੋ। ਯਕੀਨ ਰੱਖੋ ਕਿ ਯਹੋਵਾਹ ਅਜਿਹਾ ਚਾਲ-ਚਲਣ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰੇਗਾ “ਜਿਹੋ ਜਿਹਾ ਯਹੋਵਾਹ ਦੇ ਸੇਵਕਾਂ” ਹੋਣਾ ਚਾਹੀਦਾ ਹੈ ਤਾਂਕਿ “ਤੁਸੀਂ ਉਸ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰ ਸਕੋ।” (ਕੁਲੁ. 1:10) ਨਾਲੇ ਉਹ ਸਹੀ ਕੰਮ ਕਰਨ ਲਈ ਤੁਹਾਨੂੰ ਹਿੰਮਤ ਵੀ ਦੇਵੇਗਾ ਜਿਵੇਂ ਉਸ ਨੇ ਆਪਣੇ ਕਈ ਸੇਵਕਾਂ ਨੂੰ ਦਿੱਤੀ ਹੈ। (1 ਕੁਰਿੰ. 10:13) ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ। ਇਸੇ ਕਰਕੇ ਬਹੁਤ ਹੀ ਘੱਟ ਲੋਕਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਸੱਚ-ਮੁੱਚ, ਯਹੋਵਾਹ ਆਪਣੇ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰਦਾ ਹੈ ਤਾਂਕਿ ਉਹ ਉਸ ਦੇ ਵਫ਼ਾਦਾਰ ਰਹਿ ਸਕਣ। ਨਾਮੁਕੰਮਲ ਹੋਣ ਕਰਕੇ ਸਾਡੇ ਸਾਰਿਆਂ ਵਿਚ ਗ਼ਲਤ ਕੰਮ ਕਰਨ ਦਾ ਝੁਕਾਅ ਹੁੰਦਾ ਹੈ। (ਯਾਕੂ. 1:14) ਪਰ ਤੁਸੀਂ ਗ਼ਲਤ ਕੰਮ ਕਰੋਗੇ ਜਾਂ ਨਹੀਂ, ਇਹ ਤੁਹਾਡੇ ʼਤੇ ਨਿਰਭਰ ਹੈ। ਤੁਸੀਂ ਖ਼ੁਦ ਤੈਅ ਕਰ ਸਕਦੇ ਹੋ ਕਿ ਤੁਸੀਂ ਕੀ ਕਰੋਗੇ ਤੇ ਕਿਹੋ ਜਿਹੀ ਜ਼ਿੰਦਗੀ ਜੀਓਗੇ। ਪਰ ਸ਼ਾਇਦ ਕੁਝ ਲੋਕ ਕਹਿਣ ਕਿ ਉਹ ਆਪਣੀਆਂ ਇੱਛਾਵਾਂ ʼਤੇ ਕਾਬੂ ਨਹੀਂ ਪਾ ਸਕਦੇ, ਇਹ ਉਨ੍ਹਾਂ ਦੇ ਵੱਸੋਂ ਬਾਹਰ ਹੈ। ਪਰ ਇੱਦਾਂ ਬਿਲਕੁਲ ਨਹੀਂ ਹੈ। ਤੁਸੀਂ ਆਪਣੀਆਂ ਇੱਛਾਵਾਂ ʼਤੇ ਕਾਬੂ ਪਾ ਸਕਦੇ ਹੋ। w24.03 5 ਪੈਰੇ 11-12

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ