ਅਗਸਤ
ਸ਼ੁੱਕਰਵਾਰ 1 ਅਗਸਤ
ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ, ਪਰ ਯਹੋਵਾਹ ਉਸ ਨੂੰ ਸਾਰੀਆਂ ਮੁਸੀਬਤਾਂ ਵਿੱਚੋਂ ਕੱਢਦਾ ਹੈ।—ਜ਼ਬੂ. 34:19.
ਜ਼ਬੂਰ ਦੀ ਇਸ ਆਇਤ ਵਿਚ ਖ਼ਾਸ ਤੌਰ ʼਤੇ ਦੋ ਗੱਲਾਂ ਬਾਰੇ ਦੱਸਿਆ ਗਿਆ ਹੈ: (1) ਧਰਮੀ ਲੋਕਾਂ ʼਤੇ ਮੁਸੀਬਤਾਂ ਆਉਂਦੀਆਂ ਹਨ। (2) ਯਹੋਵਾਹ ਸਾਨੂੰ ਮੁਸੀਬਤਾਂ ਵਿੱਚੋਂ ਕੱਢਦਾ ਹੈ। ਉਹ ਇਹ ਕਿਵੇਂ ਕਰਦਾ ਹੈ? ਉਸ ਨੇ ਸਾਨੂੰ ਦੱਸਿਆ ਹੈ ਕਿ ਇਸ ਦੁਨੀਆਂ ਵਿਚ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਸਾਡੇ ਨਾਲ ਹਮੇਸ਼ਾ ਚੰਗਾ ਹੀ ਹੋਵੇਗਾ। ਉਹ ਸਾਡੇ ਨਾਲ ਇਹ ਵਾਅਦਾ ਕਰਦਾ ਹੈ ਕਿ ਉਸ ਦੀ ਸੇਵਾ ਕਰ ਕੇ ਸਾਨੂੰ ਖ਼ੁਸ਼ੀ ਮਿਲੇਗੀ, ਪਰ ਉਹ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਸਾਡੇ ʼਤੇ ਕਦੇ ਕੋਈ ਮੁਸ਼ਕਲ ਨਹੀਂ ਆਵੇਗੀ। (ਯਸਾ. 66:14) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਭਵਿੱਖ ਬਾਰੇ ਸੋਚੀਏ ਯਾਨੀ ਉਸ ਸਮੇਂ ਬਾਰੇ ਜਦੋਂ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਅਤੇ ਅਸੀਂ ਹਮੇਸ਼ਾ ਲਈ ਖ਼ੁਸ਼ ਰਹਾਂਗੇ। (2 ਕੁਰਿੰ. 4:16-18) ਪਰ ਉਹ ਸਮਾਂ ਆਉਣ ਤਕ ਪਰਮੇਸ਼ੁਰ ਹਰ ਰੋਜ਼ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਹਿੰਮਤ ਨਾ ਹਾਰੀਏ ਅਤੇ ਉਸ ਦੀ ਸੇਵਾ ਕਰਦੇ ਰਹੀਏ। (ਵਿਰ. 3:22-24) ਅਸੀਂ ਬਾਈਬਲ ਦੇ ਜ਼ਮਾਨੇ ਅਤੇ ਅੱਜ ਦੇ ਜ਼ਮਾਨੇ ਦੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਕਈ ਵਾਰ ਸਾਡੇ ʼਤੇ ਅਚਾਨਕ ਕੋਈ ਮੁਸ਼ਕਲ ਆ ਸਕਦੀ ਹੈ। ਪਰ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਉਹ ਹਮੇਸ਼ਾ ਸਾਨੂੰ ਸੰਭਾਲੇਗਾ।—ਜ਼ਬੂ. 55:22. w23.04 14-15 ਪੈਰੇ 3-4
ਸ਼ਨੀਵਾਰ 2 ਅਗਸਤ
‘ਉੱਚ ਅਧਿਕਾਰੀਆਂ ਦੇ ਅਧੀਨ ਰਹੋ।’—ਰੋਮੀ. 13:1.
ਅਸੀਂ ਮਰੀਅਮ ਅਤੇ ਯੂਸੁਫ਼ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਨੇ ਉਦੋਂ ਵੀ ਉੱਚ ਅਧਿਕਾਰੀਆਂ ਦਾ ਕਹਿਣਾ ਮੰਨਿਆ ਜਦੋਂ ਉਨ੍ਹਾਂ ਲਈ ਇੱਦਾਂ ਕਰਨਾ ਸੌਖਾ ਨਹੀਂ ਸੀ। (ਲੂਕਾ 2:1-6) ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਰੀਅਮ ਦੇ ਗਰਭ ਦਾ ਲਗਭਗ ਨੌਵਾਂ ਮਹੀਨਾ ਚੱਲ ਰਿਹਾ ਸੀ। ਰੋਮੀ ਸਮਰਾਟ ਅਗਸਤੁਸ ਨੇ ਇਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪਣੇ ਜੱਦੀ ਸ਼ਹਿਰ ਜਾਣ। ਮਰੀਅਮ ਅਤੇ ਯੂਸੁਫ਼ ਲਈ ਸਰਕਾਰ ਦੀ ਇਹ ਗੱਲ ਮੰਨਣੀ ਬਹੁਤ ਔਖੀ ਰਹੀ ਹੋਣੀ। ਕਿਉਂ? ਕਿਉਂਕਿ ਉਨ੍ਹਾਂ ਨੂੰ 150 ਕਿਲੋਮੀਟਰ (93 ਮੀਲ) ਦੂਰ ਬੈਤਲਹਮ ਤਕ ਸਫ਼ਰ ਕਰਨਾ ਪੈਣਾ ਸੀ, ਉਹ ਵੀ ਪਹਾੜੀ ਇਲਾਕਿਆਂ ਵਿੱਚੋਂ ਦੀ। ਇਹ ਸਫ਼ਰ ਖ਼ਾਸ ਕਰਕੇ ਮਰੀਅਮ ਲਈ ਬਹੁਤ ਔਖਾ ਹੋਣਾ ਸੀ। ਉਸ ਸਮੇਂ ਮਰੀਅਮ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਮਰੀਅਮ ਦੀ ਕੁੱਖ ਵਿਚ ਪਲ਼ ਰਹੇ ਬੱਚੇ ਦੀ ਵੀ ਚਿੰਤਾ ਹੋ ਰਹੀ ਹੋਣੀ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ ਕਿ ਜੇ ਉਸ ਨੂੰ ਰਾਹ ਵਿਚ ਹੀ ਜਣਨ ਪੀੜਾਂ ਸ਼ੁਰੂ ਹੋ ਗਈਆਂ, ਤਾਂ ਉਹ ਕੀ ਕਰਨਗੇ। ਨਾਲੇ ਉਸ ਦੀ ਕੁੱਖ ਵਿਚ ਪਲ਼ ਰਹੇ ਬੱਚੇ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਕੀ ਇਹ ਸਾਰਾ ਕੁਝ ਸੋਚ ਕੇ ਉਨ੍ਹਾਂ ਨੇ ਸਰਕਾਰ ਦਾ ਕਹਿਣਾ ਨਾ ਮੰਨਣ ਦੇ ਬਹਾਨੇ ਬਣਾਏ? ਨਹੀਂ, ਉਨ੍ਹਾਂ ਨੇ ਸਰਕਾਰ ਦਾ ਕਾਨੂੰਨ ਮੰਨਿਆ ਚਾਹੇ ਕਿ ਉਹ ਕਈ ਕਾਰਨਾਂ ਕਰਕੇ ਪਰੇਸ਼ਾਨ ਸਨ। ਯਹੋਵਾਹ ਨੇ ਉਨ੍ਹਾਂ ਦੀ ਆਗਿਆਕਾਰੀ ਦਾ ਇਨਾਮ ਦਿੱਤਾ। ਮਰੀਅਮ ਸੁਰੱਖਿਅਤ ਬੈਤਲਹਮ ਪਹੁੰਚ ਗਈ, ਉਸ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਅਤੇ ਇਸ ਤਰ੍ਹਾਂ ਬਾਈਬਲ ਦੀ ਇਕ ਅਹਿਮ ਭਵਿੱਖਬਾਣੀ ਵੀ ਪੂਰੀ ਹੋਈ!—ਮੀਕਾ. 5:2. w23.10 8 ਪੈਰਾ 9; 9 ਪੈਰੇ 11-12
ਐਤਵਾਰ 3 ਅਗਸਤ
‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ।’—ਇਬ. 10:25.
ਹੋ ਸਕਦਾ ਹੈ ਕਿ ਤੁਹਾਨੂੰ ਮੀਟਿੰਗਾਂ ਵਿਚ ਜਵਾਬ ਦੇਣ ਦੇ ਖ਼ਿਆਲ ਤੋਂ ਹੀ ਘਬਰਾਹਟ ਹੋਵੇ। ਇਸ ਤਰ੍ਹਾਂ ਹੋਣ ʼਤੇ ਤੁਸੀਂ ਕੀ ਕਰ ਸਕਦੇ ਹੋ? ਇਕ ਸੁਝਾਅ ਹੈ: ਚੰਗੀ ਤਰ੍ਹਾਂ ਤਿਆਰੀ ਕਰੋ। (ਕਹਾ. 21:5) ਜਿੰਨੀ ਚੰਗੀ ਤਰ੍ਹਾਂ ਤੁਸੀਂ ਜਾਣਕਾਰੀ ਤੋਂ ਵਾਕਫ਼ ਹੋਵੋਗੇ, ਤੁਹਾਡੇ ਲਈ ਜਵਾਬ ਦੇਣਾ ਉੱਨਾ ਹੀ ਸੌਖਾ ਹੋਵੇਗਾ। ਇਕ ਹੋਰ ਸੁਝਾਅ ਹੈ: ਛੋਟੇ ਜਵਾਬ ਦਿਓ। (ਕਹਾ. 15:23; 17:27) ਤੁਹਾਡਾ ਜਵਾਬ ਜਿੰਨਾ ਛੋਟਾ ਹੋਵੇਗਾ, ਤੁਹਾਡੀ ਘਬਰਾਹਟ ਉੱਨੀ ਹੀ ਘਟੇਗੀ। ਇਸ ਲਈ ਆਪਣੇ ਸ਼ਬਦਾਂ ਵਿਚ ਛੋਟਾ ਜਿਹਾ ਜਵਾਬ ਦਿਓ। ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਵਧੀਆ ਤਿਆਰੀ ਕੀਤੀ ਹੈ ਅਤੇ ਤੁਹਾਨੂੰ ਜਾਣਕਾਰੀ ਦੀ ਵੀ ਚੰਗੀ ਸਮਝ ਹੈ। ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਵਿੱਚੋਂ ਕੁਝ ਸੁਝਾਅ ਲਾਗੂ ਕੀਤੇ ਹੋਣ। ਫਿਰ ਵੀ ਤੁਸੀਂ ਇਕ ਜਾਂ ਦੋ ਤੋਂ ਜ਼ਿਆਦਾ ਵਾਰ ਜਵਾਬ ਦਿੰਦੇ ਵੇਲੇ ਘਬਰਾ ਜਾਂਦੇ ਹੋ। ਇਸ ਤਰ੍ਹਾਂ ਹੋਣ ʼਤੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਜਵਾਬ ਦੇਣ ਲਈ ਤੁਸੀਂ ਜੋ ਮਿਹਨਤ ਕਰਦੇ ਹੋ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। (ਲੂਕਾ 21:1-4) ਪਰ ਮਿਹਨਤ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਤੁਸੀਂ ਕਰ ਹੀ ਨਹੀਂ ਸਕਦੇ। (ਫ਼ਿਲਿ. 4:5) ਇਸ ਲਈ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ, ਫਿਰ ਉਸ ਮੁਤਾਬਕ ਟੀਚਾ ਰੱਖੋ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਹਾਨੂੰ ਘਬਰਾਹਟ ਨਾ ਹੋਵੇ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਤੁਸੀਂ ਇਕ ਛੋਟਾ ਜਿਹਾ ਜਵਾਬ ਦੇਣ ਦਾ ਟੀਚਾ ਰੱਖ ਸਕਦੇ ਹੋ। w23.04 21 ਪੈਰੇ 6-8
ਸੋਮਵਾਰ 4 ਅਗਸਤ
‘ਸੀਨਾਬੰਦ ਅਤੇ ਟੋਪ ਪਾਓ।’—1 ਥੱਸ. 5:8.
ਪੌਲੁਸ ਰਸੂਲ ਨੇ ਸਾਡੀ ਤੁਲਨਾ ਫ਼ੌਜੀਆਂ ਨਾਲ ਕੀਤੀ ਜੋ ਹਮੇਸ਼ਾ ਚੁਕੰਨੇ ਅਤੇ ਯੁੱਧ ਲਈ ਤਿਆਰ ਰਹਿੰਦੇ ਹਨ। ਇਕ ਫ਼ੌਜੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਵੇਲੇ ਯੁੱਧ ਲਈ ਤਿਆਰ ਰਹੇ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਦਿਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਉਮੀਦ ਦਾ ਟੋਪ ਪਾ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਸੀਨਾਬੰਦ ਕਰਕੇ ਫ਼ੌਜੀ ਦੇ ਦਿਲ ਦੀ ਰਾਖੀ ਹੁੰਦੀ ਹੈ। ਨਿਹਚਾ ਅਤੇ ਪਿਆਰ ਕਰਕੇ ਸਾਡੇ ਅੰਦਰਲੇ ਇਨਸਾਨ ਦੀ ਰਾਖੀ ਹੁੰਦੀ ਹੈ। ਇਹ ਗੁਣ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਅਤੇ ਯਿਸੂ ਦੀ ਰੀਸ ਕਰਨ ਵਿਚ ਸਾਡੀ ਮਦਦ ਕਰਨਗੇ। ਨਿਹਚਾ ਹੋਣ ਕਰਕੇ ਸਾਨੂੰ ਯਕੀਨ ਹੁੰਦਾ ਹੈ ਕਿ ਪੂਰੇ ਦਿਲ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਨ ਕਰਕੇ ਉਹ ਸਾਨੂੰ ਇਨਾਮ ਜ਼ਰੂਰ ਦੇਵੇਗਾ। (ਇਬ. 11:6) ਨਿਹਚਾ ਕਰਕੇ ਅਸੀਂ ਆਪਣੇ ਆਗੂ ਯਿਸੂ ਦੇ ਵਫ਼ਾਦਾਰ ਰਹਿਣ ਲਈ ਪ੍ਰੇਰਿਤ ਹੋਵਾਂਗੇ, ਫਿਰ ਚਾਹੇ ਸਾਨੂੰ ਦੁੱਖ-ਤਕਲੀਫ਼ਾਂ ਹੀ ਕਿਉਂ ਨਾ ਝੱਲਣੀਆਂ ਪੈਣ। ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ ਡਟ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ? ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ʼਤੇ ਗੌਰ ਕਰ ਸਕਦੇ ਹਾਂ ਜਿਨ੍ਹਾਂ ਨੇ ਜ਼ੁਲਮ ਅਤੇ ਪੈਸੇ ਦੀ ਤੰਗੀ ਝੱਲਦਿਆਂ ਵਫ਼ਾਦਾਰੀ ਬਣਾਈ ਰੱਖੀ ਹੈ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਰੀਸ ਕਰ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਲਈ ਆਪਣੀ ਜ਼ਿੰਦਗੀ ਸਾਦੀ ਕੀਤੀ ਹੈ। ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਅਤੇ ਚੀਜ਼ਾਂ ਇਕੱਠੀਆਂ ਕਰਨ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ। w23.06 10 ਪੈਰੇ 8-9
ਮੰਗਲਵਾਰ 5 ਅਗਸਤ
ਜਿਹੜਾ ਬੱਦਲਾਂ ʼਤੇ ਨਜ਼ਰ ਰੱਖਦਾ ਹੈ, ਉਹ ਵਾਢੀ ਨਹੀਂ ਕਰੇਗਾ।—ਉਪ. 11:4.
ਸੰਜਮ ਦਾ ਗੁਣ ਹੋਣ ਕਰਕੇ ਇਕ ਵਿਅਕਤੀ ਆਪਣੇ ਜਜ਼ਬਾਤਾਂ ਅਤੇ ਆਪਣੇ ਕੰਮਾਂ ʼਤੇ ਕਾਬੂ ਰੱਖ ਸਕਦਾ ਹੈ। ਇਹ ਗੁਣ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਆਪਣੇ ਟੀਚੇ ਹਾਸਲ ਕਰਨੇ ਹੁੰਦੇ ਹਨ, ਖ਼ਾਸ ਕਰਕੇ ਜੇ ਕੋਈ ਟੀਚਾ ਹਾਸਲ ਕਰਨਾ ਔਖਾ ਹੋਵੇ ਜਾਂ ਟੀਚਾ ਹਾਸਲ ਕਰਨ ਨੂੰ ਸਾਡਾ ਦਿਲ ਨਾ ਕਰੇ। ਯਾਦ ਰੱਖੋ ਕਿ ਸੰਜਮ ਪਵਿੱਤਰ ਸ਼ਕਤੀ ਦਾ ਗੁਣ ਹੈ। ਇਸ ਕਰਕੇ ਇਹ ਗੁਣ ਵਧਾਉਣ ਲਈ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋ। (ਲੂਕਾ 11:13; ਗਲਾ. 5:22, 23) ਹਾਲਾਤ ਸਹੀ ਹੋਣ ਦਾ ਇੰਤਜ਼ਾਰ ਨਾ ਕਰੋ। ਇਸ ਦੁਨੀਆਂ ਵਿਚ ਹਾਲਾਤ ਕਦੇ ਵੀ ਚੰਗੇ ਨਹੀਂ ਹੋਣਗੇ। ਜੇ ਅਸੀਂ ਹਾਲਾਤ ਵਧੀਆ ਹੋਣ ਦਾ ਇੰਤਜ਼ਾਰ ਕਰਦੇ ਰਹਾਂਗੇ, ਤਾਂ ਅਸੀਂ ਕਦੇ ਵੀ ਆਪਣੇ ਟੀਚੇ ਹਾਸਲ ਨਹੀਂ ਕਰ ਸਕਾਂਗੇ। ਜਦੋਂ ਸਾਨੂੰ ਕੋਈ ਟੀਚਾ ਹਾਸਲ ਕਰਨਾ ਔਖਾ ਲੱਗਦਾ ਹੈ, ਤਾਂ ਸ਼ਾਇਦ ਸਾਡੇ ਵਿਚ ਇੱਛਾ ਦੀ ਘਾਟ ਹੋ ਜਾਵੇ। ਜੇ ਤੁਹਾਡੇ ਬਾਰੇ ਇਹ ਗੱਲ ਸੱਚ ਹੈ, ਤਾਂ ਕਿਉਂ ਨਾ ਤੁਸੀਂ ਆਪਣੇ ਟੀਚਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਲਓ। ਜੇ ਤੁਸੀਂ ਕੋਈ ਗੁਣ ਪੈਦਾ ਕਰਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਤੁਸੀਂ ਛੋਟੇ-ਛੋਟੇ ਤਰੀਕਿਆਂ ਰਾਹੀਂ ਇਹ ਗੁਣ ਜ਼ਾਹਰ ਕਰੋ? ਜਾਂ ਜੇ ਤੁਸੀਂ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਤੁਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਟਾਈਮ ਬਾਈਬਲ ਪੜ੍ਹੋ? w23.05 29 ਪੈਰੇ 11-13
ਬੁੱਧਵਾਰ 6 ਅਗਸਤ
ਧਰਮੀਆਂ ਦਾ ਰਾਹ ਸਵੇਰ ਦੇ ਚਾਨਣ ਵਰਗਾ ਹੈ ਜੋ ਪੂਰਾ ਦਿਨ ਚੜ੍ਹਨ ਤਕ ਵਧਦਾ ਜਾਂਦਾ ਹੈ। —ਕਹਾ. 4:18.
ਇਨ੍ਹਾਂ ਆਖ਼ਰੀ ਦਿਨਾਂ ਵਿਚ ਵੀ ਯਹੋਵਾਹ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ “ਪਵਿੱਤਰ ਰਾਹ” ਉੱਤੇ ਕੰਮ ਹੁੰਦਾ ਰਹੇ। ਉਹ ਆਪਣੇ ਸੰਗਠਨ ਰਾਹੀਂ ਲਗਾਤਾਰ ਆਪਣੇ ਬਚਨ ਤੋਂ ਹਿਦਾਇਤਾਂ ਦੇ ਰਿਹਾ ਹੈ ਤਾਂਕਿ ਅਸੀਂ ਸਾਰੇ ਇਸ ਰਾਹ ʼਤੇ ਚੱਲਦੇ ਰਹੀਏ। (ਯਸਾ. 35:8; 48:17; 60:17) ਜਦੋਂ ਇਕ ਵਿਅਕਤੀ ਬਾਈਬਲ ਸਟੱਡੀ ਕਰਨ ਲੱਗਦਾ ਹੈ, ਤਾਂ ਉਸ ਕੋਲ “ਪਵਿੱਤਰ ਰਾਹ” ਉੱਤੇ ਚੱਲਣ ਦਾ ਮੌਕਾ ਹੁੰਦਾ ਹੈ। ਕੁਝ ਲੋਕ ਥੋੜ੍ਹੀ ਦੂਰ ਤਕ ਹੀ ਇਸ ਰਾਹ ʼਤੇ ਚੱਲਦੇ ਹਨ ਅਤੇ ਫਿਰ ਇਸ ਨੂੰ ਛੱਡ ਦਿੰਦੇ ਹਨ। ਪਰ ਦੂਜੇ ਪਾਸੇ, ਕੁਝ ਲੋਕਾਂ ਨੇ ਪੱਕਾ ਇਰਾਦਾ ਕੀਤਾ ਹੈ ਕਿ ਜਦ ਤਕ ਉਹ ਆਪਣੀ ਮੰਜ਼ਲ ʼਤੇ ਨਹੀਂ ਪਹੁੰਚ ਜਾਂਦੇ, ਤਦ ਤਕ ਉਹ ਇਸ ਰਾਹ ʼਤੇ ਚੱਲਦੇ ਰਹਿਣਗੇ। ਆਖ਼ਰ, ਉਹ ਮੰਜ਼ਲ ਹੈ ਕੀ? ਜਿਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ, ਉਨ੍ਹਾਂ ਨੂੰ ਇਹ “ਪਵਿੱਤਰ ਰਾਹ” ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਲੈ ਜਾਵੇਗਾ। (ਪ੍ਰਕਾ. 2:7) ਪਰ ਜਿਨ੍ਹਾਂ ਕੋਲ ਧਰਤੀ ʼਤੇ ਰਹਿਣ ਦੀ ਉਮੀਦ ਹੈ, ਉਹ ਇਸ ਰਾਹ ʼਤੇ ਲਗਾਤਾਰ ਚੱਲਦੇ ਹੋਏ ਮਸੀਹ ਦੇ ਹਜ਼ਾਰ ਸਾਲ ਦੇ ਅਖ਼ੀਰ ਤਕ ਮੁਕੰਮਲ ਹੋ ਜਾਣਗੇ। ਜੇ ਅੱਜ ਤੁਸੀਂ ਇਸ ਰਾਜਮਾਰਗ ʼਤੇ ਚੱਲ ਰਹੇ ਹੋ, ਤਾਂ ਪਿੱਛੇ ਮੁੜ ਕੇ ਨਾ ਦੇਖੋ। ਜਦ ਤਕ ਤੁਹਾਡਾ ਸਫ਼ਰ ਪੂਰਾ ਨਹੀਂ ਹੋ ਜਾਂਦਾ ਅਤੇ ਤੁਸੀਂ ਨਵੀਂ ਦੁਨੀਆਂ ਵਿਚ ਨਹੀਂ ਪਹੁੰਚ ਜਾਂਦੇ, ਤਦ ਤਕ ਇਸ ʼਤੇ ਚੱਲਦੇ ਰਹੋ। w23.05 17 ਪੈਰਾ 15; 19 ਪੈਰੇ 16-18
ਵੀਰਵਾਰ 7 ਅਗਸਤ
ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।—1 ਯੂਹੰ. 4:19.
ਜਦੋਂ ਤੁਸੀਂ ਇਸ ਬਾਰੇ ਸੋਚੋਗੇ ਕਿ ਯਹੋਵਾਹ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। (ਜ਼ਬੂ. 116:12-14) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਯਹੋਵਾਹ ਤੋਂ ਹੀ ਮਿਲਦੀ ਹੈ। (ਯਾਕੂ. 1:17) ਯਹੋਵਾਹ ਨੇ ਸਾਨੂੰ ਜੋ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ, ਉਹ ਹੈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ। ਜ਼ਰਾ ਸੋਚੋ ਕਿ ਇਸ ਕੁਰਬਾਨੀ ਕਰਕੇ ਕਿੰਨਾ ਕੁਝ ਮੁਮਕਿਨ ਹੋਇਆ ਹੈ! ਤੁਸੀਂ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾ ਸਕੇ ਹੋ ਅਤੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ ਹੈ। (1 ਯੂਹੰ. 4:9, 10) ਸੱਚ-ਮੁੱਚ, ਇਸ ਤੋਂ ਵੱਡੇ ਪਿਆਰ ਦਾ ਸਬੂਤ ਹੋਰ ਕੀ ਹੋ ਸਕਦਾ ਹੈ! ਜਦੋਂ ਤੁਸੀਂ ਇਸ ਬਾਰੇ ਅਤੇ ਉਨ੍ਹਾਂ ਬਰਕਤਾਂ ਬਾਰੇ ਸੋਚੋਗੇ ਜੋ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ, ਤਾਂ ਤੁਹਾਡਾ ਦਿਲ ਅਹਿਸਾਨ ਨਾਲ ਭਰ ਜਾਵੇਗਾ ਤੇ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ।—ਬਿਵ. 16:17; 2 ਕੁਰਿੰ. 5:15. w24.03 5 ਪੈਰਾ 8
ਸ਼ੁੱਕਰਵਾਰ 8 ਅਗਸਤ
ਖਰੇ ਰਾਹ ʼਤੇ ਚੱਲਣ ਵਾਲਾ ਯਹੋਵਾਹ ਦਾ ਡਰ ਰੱਖਦਾ ਹੈ।—ਕਹਾ. 14:2.
ਅੱਜ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਇਹ ਸਭ ਦੇਖ ਕੇ ਅਸੀਂ ਧਰਮੀ ਲੂਤ ਵਾਂਗ ਮਹਿਸੂਸ ਕਰਦੇ ਹਾਂ। ਉਹ “ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸਨ।” ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਸਾਡਾ ਸਵਰਗੀ ਪਿਤਾ ਇੱਦਾਂ ਦੇ ਗ਼ਲਤ ਕੰਮਾਂ ਨਾਲ ਨਫ਼ਰਤ ਕਰਦਾ ਹੈ। (2 ਪਤ. 2:7, 8) ਪਰਮੇਸ਼ੁਰ ਦਾ ਡਰ ਰੱਖਣ ਅਤੇ ਉਸ ਨਾਲ ਪਿਆਰ ਹੋਣ ਕਰਕੇ ਲੂਤ ਆਪਣੇ ਆਲੇ-ਦੁਆਲੇ ਦੇ ਲੋਕਾਂ ਵਰਗਾ ਨਹੀਂ ਬਣਿਆ। ਅੱਜ ਅਸੀਂ ਵੀ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਯਹੋਵਾਹ ਦੇ ਮਿਆਰਾਂ ਦੀ ਥੋੜ੍ਹੀ-ਬਹੁਤੀ ਜਾਂ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਇਸ ਦੇ ਬਾਵਜੂਦ, ਜੇ ਅਸੀਂ ਯਹੋਵਾਹ ਨਾਲ ਆਪਣਾ ਪਿਆਰ ਬਣਾਈ ਰੱਖੀਏ ਅਤੇ ਆਪਣੇ ਮਨ ਵਿਚ ਉਸ ਦਾ ਡਰ ਪੈਦਾ ਕਰੀਏ, ਤਾਂ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖ ਸਕਦੇ ਹਾਂ। ਯਹੋਵਾਹ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਦਾ ਹੈ। ਉਹ ਕਹਾਉਤਾਂ ਦੀ ਕਿਤਾਬ ਦੇ ਜ਼ਰੀਏ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਇਸ ਵਿਚ ਦਰਜ ਬੁੱਧ ਦੀਆਂ ਸਲਾਹਾਂ ਤੋਂ ਸਾਰੇ ਮਸੀਹੀਆਂ ਨੂੰ ਜ਼ਰੂਰ ਫ਼ਾਇਦਾ ਹੋ ਸਕਦਾ ਹੈ, ਫਿਰ ਚਾਹੇ ਉਹ ਆਦਮੀ, ਔਰਤ, ਜਵਾਨ ਤੇ ਸਿਆਣੀ ਉਮਰ ਦੇ ਹੀ ਕਿਉਂ ਨਾ ਹੋਣ। ਯਹੋਵਾਹ ਦਾ ਡਰ ਰੱਖਣ ਕਰਕੇ ਅਸੀਂ ਗ਼ਲਤ ਕੰਮ ਕਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਦੇ। w23.06 20 ਪੈਰੇ 1-2; 21 ਪੈਰਾ 5
ਸ਼ਨੀਵਾਰ 9 ਅਗਸਤ
ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਹਰ ਰੋਜ਼ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।—ਲੂਕਾ 9:23.
ਹੋ ਸਕਦਾ ਹੈ ਕਿ ਤੁਹਾਡੇ ਘਰਦਿਆਂ ਨੇ ਤੁਹਾਡਾ ਵਿਰੋਧ ਕੀਤਾ ਹੋਵੇ ਜਾਂ ਫਿਰ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਲਈ ਤੁਸੀਂ ਜ਼ਿਆਦਾ ਪੈਸਾ ਕਮਾਉਣ ਦਾ ਮੌਕਾ ਛੱਡਿਆ ਹੋਵੇ। (ਮੱਤੀ 6:33) ਜੇ ਇੱਦਾਂ ਹੈ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਜੋ ਵੀ ਤਿਆਗ ਕੀਤੇ ਹਨ, ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। (ਇਬ. 6:10) ਹੋ ਸਕਦਾ ਹੈ ਕਿ ਇਹ ਤਿਆਗ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਯਿਸੂ ਦੀ ਕਹੀ ਇਹ ਗੱਲ ਸੱਚ ਸਾਬਤ ਹੁੰਦੀ ਦੇਖੀ ਹੋਣੀ: “ਜਿਸ ਨੇ ਵੀ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, ਉਹ ਹੁਣ ਇਹ ਸਭ 100 ਗੁਣਾ ਪਾਵੇਗਾ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਤੇ ਖੇਤ, ਪਰ ਅਤਿਆਚਾਰਾਂ ਨਾਲ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ।” (ਮਰ. 10:29, 30) ਸੱਚ-ਮੁੱਚ, ਤੁਸੀਂ ਜ਼ਰੂਰ ਇਹ ਮਹਿਸੂਸ ਕੀਤਾ ਹੋਣਾ ਕਿ ਤੁਸੀਂ ਜਿੰਨੇ ਵੀ ਤਿਆਗ ਕੀਤੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਬਰਕਤਾਂ ਮਿਲੀਆਂ ਹਨ।—ਜ਼ਬੂ. 37:4. w24.03 9 ਪੈਰਾ 5
ਐਤਵਾਰ 10 ਅਗਸਤ
ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।—ਕਹਾ. 17:17.
ਜਦੋਂ ਯਹੂਦਿਯਾ ਵਿਚ ਇਕ ਵੱਡਾ ਕਾਲ਼ ਪਿਆ, ਤਾਂ ਅੰਤਾਕੀਆ ਦੇ ਭੈਣਾਂ-ਭਰਾਵਾਂ ਨੇ “ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲੇ।” (ਰਸੂ. 11:27-30) ਭਾਵੇਂ ਕਿ ਉਹ ਯਹੂਦਿਯਾ ਦੇ ਮਸੀਹੀਆਂ ਤੋਂ ਬਹੁਤ ਦੂਰ ਰਹਿੰਦੇ ਸਨ, ਫਿਰ ਵੀ ਉਹ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ। (1 ਯੂਹੰ. 3:17, 18) ਅੱਜ ਅਸੀਂ ਵੀ ਹਮਦਰਦੀ ਦਿਖਾ ਸਕਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ʼਤੇ ਕੋਈ ਆਫ਼ਤ ਆਈ ਹੈ। ਅਸੀਂ ਝੱਟ ਕਦਮ ਚੁੱਕਦੇ ਹਾਂ, ਜਿਵੇਂ ਕਿ ਸ਼ਾਇਦ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਬਾਰੇ ਬਜ਼ੁਰਗਾਂ ਨੂੰ ਪੁੱਛ ਸਕਦੇ ਹਾਂ, ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਸਕਦੇ ਹਾਂ ਅਤੇ ਆਫ਼ਤ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਦੀ ਲੋੜ ਪਵੇ। ਹਮਦਰਦੀ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ। ਫਿਰ ਜਦੋਂ ਸਾਡਾ ਰਾਜਾ ਯਿਸੂ ਮਸੀਹ ਇਸ ਦੁਨੀਆਂ ਦਾ ਨਿਆਂ ਕਰਨ ਆਵੇਗਾ ਅਤੇ ਸਾਨੂੰ ਹਮਦਰਦੀ ਕਰਦਿਆਂ ਦੇਖੇਗਾ, ਤਾਂ ਉਹ ਸਾਨੂੰ “ਰਾਜ ਨੂੰ ਕਬੂਲ” ਕਰਨ ਦਾ ਸੱਦਾ ਦੇਵੇਗਾ।—ਮੱਤੀ 25:34-40. w23.07 4 ਪੈਰੇ 9-10; 6 ਪੈਰਾ 12
ਸੋਮਵਾਰ 11 ਅਗਸਤ
ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।—ਫ਼ਿਲਿ. 4:5.
ਯਹੋਵਾਹ ਦੀ ਰੀਸ ਕਰਦਿਆਂ ਯਿਸੂ ਵੀ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੂੰ ਧਰਤੀ ਉੱਤੇ “ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ। ਪਰ ਉਸ ਨੇ ਇਹ ਜ਼ਿੰਮੇਵਾਰੀ ਪੂਰੀ ਕਰਦਿਆਂ ਦਿਖਾਇਆ ਕਿ ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ। ਇਕ ਮੌਕੇ ʼਤੇ ਇਕ ਗ਼ੈਰ-ਇਜ਼ਰਾਈਲੀ ਔਰਤ ਉਸ ਅੱਗੇ ਤਰਲੇ ਕਰਨ ਲੱਗੀ ਕਿ ਉਹ ਉਸ ਦੀ ਧੀ ਨੂੰ ਠੀਕ ਕਰ ਦੇਵੇ। ਉਸ ਦੀ ਧੀ ਨੂੰ “ਦੁਸ਼ਟ ਦੂਤ ਚਿੰਬੜਿਆ ਹੋਇਆ” ਸੀ। ਯਿਸੂ ਨੇ ਹਮਦਰਦੀ ਦਿਖਾਉਂਦਿਆਂ ਉਸ ਔਰਤ ਦੀ ਧੀ ਨੂੰ ਠੀਕ ਕਰ ਦਿੱਤਾ। (ਮੱਤੀ 15:21-28) ਇਕ ਹੋਰ ਉਦਾਹਰਣ ʼਤੇ ਗੌਰ ਕਰੋ। ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਕਿਹਾ ਸੀ: ‘ਜੋ ਮੈਨੂੰ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਕਬੂਲ ਨਹੀਂ ਕਰਾਂਗਾ।’ (ਮੱਤੀ 10:33) ਜ਼ਰਾ ਸੋਚੋ ਕਿ ਪਤਰਸ ਨੇ ਤਾਂ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ ਸੀ, ਪਰ ਕੀ ਯਿਸੂ ਨੇ ਉਸ ਨੂੰ ਤਿਆਗ ਦਿੱਤਾ ਸੀ? ਨਹੀਂ। ਯਿਸੂ ਜਾਣਦਾ ਸੀ ਕਿ ਪਤਰਸ ਨੇ ਦਿਲੋਂ ਤੋਬਾ ਕੀਤੀ ਸੀ ਅਤੇ ਉਹ ਵਫ਼ਾਦਾਰ ਆਦਮੀ ਸੀ। ਯਿਸੂ ਜੀਉਂਦਾ ਹੋਣ ਤੋਂ ਬਾਅਦ ਪਤਰਸ ਅੱਗੇ ਪ੍ਰਗਟ ਹੋਇਆ। ਯਿਸੂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ ਅਤੇ ਉਹ ਉਸ ਨੂੰ ਅਜੇ ਵੀ ਪਿਆਰ ਕਰਦਾ ਸੀ। (ਲੂਕਾ 24:33, 34) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। ਸਾਡੇ ਬਾਰੇ ਕੀ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਵੀ ਸਮਝਦਾਰੀ ਦਿਖਾਉਂਦੇ ਹੋਏ ਫੇਰ-ਬਦਲ ਕਰਨ ਲਈ ਤਿਆਰ ਰਹੀਏ। w23.07 21 ਪੈਰੇ 6-7
ਮੰਗਲਵਾਰ 12 ਅਗਸਤ
ਮੌਤ ਨਹੀਂ ਰਹੇਗੀ।—ਪ੍ਰਕਾ. 21:4.
ਜੋ ਲੋਕ ਇਸ ਗੱਲ ʼਤੇ ਸ਼ੱਕ ਕਰਦੇ ਹਨ, ਅਸੀਂ ਉਨ੍ਹਾਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ? ਅਸੀਂ ਉਨ੍ਹਾਂ ਨੂੰ ਤਿੰਨ ਗੱਲਾਂ ਕਹਿ ਸਕਦੇ ਹਾਂ। ਪਹਿਲੀ, ਯਹੋਵਾਹ ਨੇ ਆਪ ਇਹ ਵਾਅਦਾ ਕੀਤਾ ਹੈ। ਪ੍ਰਕਾਸ਼ ਦੀ ਕਿਤਾਬ ਕਹਿੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’” ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਕੋਲ ਬੁੱਧ ਅਤੇ ਤਾਕਤ ਹੈ। ਨਾਲੇ ਉਹ ਆਪਣਾ ਵਾਅਦਾ ਪੂਰਾ ਕਰਨਾ ਵੀ ਚਾਹੁੰਦਾ ਹੈ। ਦੂਜੀ, ਯਹੋਵਾਹ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਸ ਲਈ ਇਹ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਸ ਲਈ ਉਸ ਨੇ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ। . . . ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” ਤੀਜੀ, ਯਹੋਵਾਹ ਜੋ ਵੀ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਇਸੇ ਕਰਕੇ ਉਸ ਨੇ ਕਿਹਾ: “ਮੈਂ ‘ਐਲਫਾ ਅਤੇ ਓਮੇਗਾ’ ਹਾਂ।” (ਪ੍ਰਕਾ. 21:6) ਯਹੋਵਾਹ ਸਾਬਤ ਕਰੇਗਾ ਕਿ ਸ਼ੈਤਾਨ ਝੂਠਾ ਹੈ ਅਤੇ ਉਸ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ। ਇਸ ਲਈ ਜਦੋਂ ਕੋਈ ਤੁਹਾਨੂੰ ਕਹੇ, “ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ,” ਤਾਂ ਫਿਰ ਤੁਸੀਂ ਕੀ ਕਹਿ ਸਕਦੇ ਹੋ? ਕਿਉਂ ਨਾ ਤੁਸੀਂ ਉਸ ਨੂੰ ਆਇਤਾਂ 5 ਅਤੇ 6 ਪੜ੍ਹ ਕੇ ਸਮਝਾਓ। ਉਸ ਨੂੰ ਦੱਸੋ ਕਿ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕਰਨ ਦੀ ਗਾਰੰਟੀ ਦਿੱਤੀ ਹੈ ਅਤੇ ਉਸ ਵਾਅਦੇ ਹੇਠਾਂ ਇਕ ਤਰ੍ਹਾਂ ਨਾਲ ਉਸ ਨੇ ਆਪਣੇ ਸਾਈਨ ਕੀਤੇ ਹਨ।—ਯਸਾ. 65:16. w23.11 7 ਪੈਰੇ 18-19
ਬੁੱਧਵਾਰ 13 ਅਗਸਤ
ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।—ਉਤ. 12:2.
ਯਹੋਵਾਹ ਨੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਸੀ। ਉਸ ਵੇਲੇ ਅਬਰਾਹਾਮ 75 ਸਾਲਾਂ ਦਾ ਸੀ ਤੇ ਉਸ ਦੇ ਕੋਈ ਔਲਾਦ ਨਹੀਂ ਸੀ। ਕੀ ਅਬਰਾਹਾਮ ਨੇ ਇਹ ਵਾਅਦਾ ਪੂਰਾ ਹੁੰਦਾ ਦੇਖਿਆ? ਜੀ ਹਾਂ, ਪਰ ਪੂਰੀ ਤਰ੍ਹਾਂ ਨਹੀਂ। ਫ਼ਰਾਤ ਦਰਿਆ ਪਾਰ ਕਰ ਕੇ ਉਸ ਨੇ 25 ਸਾਲ ਇੰਤਜ਼ਾਰ ਕੀਤਾ। ਫਿਰ ਯਹੋਵਾਹ ਨੇ ਚਮਤਕਾਰ ਕੀਤਾ ਤੇ ਅਬਰਾਹਾਮ ਦੇ ਇਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਇਸਹਾਕ ਸੀ। ਫਿਰ 60 ਸਾਲ ਬਾਅਦ ਉਸ ਦੇ ਦੋ ਪੋਤੇ ਹੋਏ, ਏਸਾਓ ਅਤੇ ਯਾਕੂਬ। (ਇਬ. 6:15) ਪਰ ਅਬਰਾਹਾਮ ਨੇ ਕਦੇ ਵੀ ਆਪਣੀ ਪੀੜ੍ਹੀ ਨੂੰ ਇਕ ਵੱਡੀ ਕੌਮ ਬਣਦਿਆਂ ਅਤੇ ਵਾਅਦਾ ਕੀਤੇ ਹੋਏ ਦੇਸ਼ ਦੇ ਵਾਰਸ ਬਣਦਿਆਂ ਨਹੀਂ ਦੇਖਿਆ। ਪਰ ਉਹ ਵਫ਼ਾਦਾਰ ਸੀ ਜਿਸ ਕਰਕੇ ਯਹੋਵਾਹ ਨਾਲ ਉਸ ਦੀ ਗੂੜ੍ਹੀ ਦੋਸਤੀ ਸੀ। (ਯਾਕੂ. 2:23) ਨਾਲੇ ਜਦੋਂ ਅਬਰਾਹਾਮ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਸ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਵੇਗੀ ਕਿ ਉਸ ਦੀ ਨਿਹਚਾ ਅਤੇ ਧੀਰਜ ਕਰਕੇ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲੀਆਂ। (ਉਤ. 22:18) ਅਸੀਂ ਅਬਰਾਹਾਮ ਤੋਂ ਕੀ ਸਿੱਖਦੇ ਹਾਂ? ਸ਼ਾਇਦ ਅਸੀਂ ਹੁਣ ਆਪਣੀਆਂ ਅੱਖਾਂ ਨਾਲ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੁੰਦੇ ਨਾ ਦੇਖ ਸਕੀਏ। ਪਰ ਜੇ ਅਸੀਂ ਅਬਰਾਹਾਮ ਵਾਂਗ ਧੀਰਜ ਰੱਖੀਏ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨਾ ਸਿਰਫ਼ ਹੁਣ ਸਾਨੂੰ ਇਨਾਮ ਦੇਵੇਗਾ, ਸਗੋਂ ਨਵੀਂ ਦੁਨੀਆਂ ਵਿਚ ਵੀ ਬੇਸ਼ੁਮਾਰ ਬਰਕਤਾਂ ਦੇਵੇਗਾ।—ਮਰ. 10:29, 30. w23.08 24 ਪੈਰਾ 14
ਵੀਰਵਾਰ 14 ਅਗਸਤ
ਜਦੋਂ ਤਕ ਉਹ ਯਹੋਵਾਹ ਦੀ ਭਾਲ ਕਰਦਾ ਰਿਹਾ, ਸੱਚੇ ਪਰਮੇਸ਼ੁਰ ਨੇ ਉਸ ਨੂੰ ਖ਼ੁਸ਼ਹਾਲ ਬਣਾਇਆ।—2 ਇਤਿ. 26:5.
ਉਜ਼ੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਰਾਜਾ ਉਜ਼ੀਯਾਹ ਨਿਮਰ ਸੀ। ਉਸ ਨੇ “ਸੱਚੇ ਪਰਮੇਸ਼ੁਰ ਦਾ ਡਰ” ਰੱਖਣਾ ਸਿੱਖਿਆ। ਉਹ ਲਗਭਗ 68 ਸਾਲ ਜੀਉਂਦਾ ਰਿਹਾ ਅਤੇ ਜ਼ਿੰਦਗੀ ਦੇ ਜ਼ਿਆਦਾਤਰ ਸਾਲਾਂ ਦੌਰਾਨ ਉਸ ਉੱਤੇ ਯਹੋਵਾਹ ਦੀ ਬਰਕਤ ਰਹੀ। (2 ਇਤਿ. 26:1-4) ਉਜ਼ੀਯਾਹ ਨੇ ਬਹੁਤ ਸਾਰੀਆਂ ਦੁਸ਼ਮਣ ਕੌਮਾਂ ਨੂੰ ਹਰਾਇਆ ਅਤੇ ਯਰੂਸ਼ਲਮ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਵੀ ਕੁਝ ਕਦਮ ਚੁੱਕੇ। (2 ਇਤਿ. 26:6-15) ਪਰਮੇਸ਼ੁਰ ਦੀ ਮਦਦ ਨਾਲ ਉਜ਼ੀਯਾਹ ਜੋ ਵੀ ਕਰ ਸਕਿਆ, ਉਸ ਕਰਕੇ ਉਸ ਨੂੰ ਜ਼ਰੂਰ ਖ਼ੁਸ਼ੀ ਮਿਲੀ ਹੋਣੀ। (ਉਪ. 3:12, 13) ਰਾਜਾ ਉਜ਼ੀਯਾਹ ਨੂੰ ਦੂਸਰਿਆਂ ਨੂੰ ਹਿਦਾਇਤਾਂ ਦੇਣ ਦੀ ਆਦਤ ਪੈ ਗਈ ਸੀ। ਇਸ ਕਰਕੇ ਸ਼ਾਇਦ ਉਹ ਇੱਦਾਂ ਸੋਚਣ ਲੱਗ ਪਿਆ ਸੀ ਕਿ ਉਹ ਕੁਝ ਵੀ ਕਰ ਸਕਦਾ ਹੈ। ਇਕ ਦਿਨ ਉਜ਼ੀਯਾਹ ਯਹੋਵਾਹ ਦੇ ਮੰਦਰ ਵਿਚ ਗਿਆ ਅਤੇ ਘਮੰਡ ਵਿਚ ਆ ਕੇ ਉਸ ਨੇ ਵੇਦੀ ʼਤੇ ਧੂਪ ਧੁਖਾਉਣ ਦੀ ਕੋਸ਼ਿਸ਼ ਕੀਤੀ। ਇਹ ਰਾਜਿਆਂ ਦਾ ਕੰਮ ਨਹੀਂ ਸੀ। (2 ਇਤਿ. 26:16-18) ਮਹਾਂ ਪੁਜਾਰੀ ਅਜ਼ਰਯਾਹ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਜ਼ੀਯਾਹ ਉਸ ʼਤੇ ਗੁੱਸੇ ਵਿਚ ਭੜਕ ਉੱਠਿਆ। ਇਸ ਕਰਕੇ ਯਹੋਵਾਹ ਨੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। (2 ਇਤਿ. 26:19-21) ਦੁੱਖ ਦੀ ਗੱਲ ਹੈ ਕਿ ਉਜ਼ੀਯਾਹ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਜੋ ਚੰਗਾ ਨਾਂ ਕਮਾਇਆ ਸੀ, ਉਹ ਉਸ ਨੇ ਪਲਾਂ ਵਿਚ ਹੀ ਮਿੱਟੀ ਵਿਚ ਰੋਲ਼ ਦਿੱਤਾ। ਉਸ ਦੀ ਜ਼ਿੰਦਗੀ ਕਿੰਨੀ ਹੀ ਵੱਖਰੀ ਹੋਣੀ ਸੀ ਜੇ ਉਹ ਹਮੇਸ਼ਾ ਨਿਮਰ ਰਹਿੰਦਾ! w23.09 10 ਪੈਰੇ 9-10
ਸ਼ੁੱਕਰਵਾਰ 15 ਅਗਸਤ
‘ਉਹ ਉਨ੍ਹਾਂ ਤੋਂ ਡਰ ਕੇ ਗ਼ੈਰ-ਯਹੂਦੀਆਂ ਤੋਂ ਦੂਰ-ਦੂਰ ਰਹਿਣ ਲੱਗਾ।’—ਗਲਾ. 2:12.
ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਤੋਂ ਬਾਅਦ ਵੀ ਪਤਰਸ ਰਸੂਲ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। 36 ਈਸਵੀ ਵਿਚ ਪਰਮੇਸ਼ੁਰ ਨੇ ਪਤਰਸ ਨੂੰ ਕੁਰਨੇਲੀਅਸ ਕੋਲ ਭੇਜਿਆ ਜੋ ਕਿ ਇਕ ਗ਼ੈਰ-ਯਹੂਦੀ ਸੀ। ਉੱਥੇ ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਨਾਲ ਕੁਰਨੇਲੀਅਸ ਨੂੰ ਚੁਣਿਆ। ਇਸ ਤੋਂ ਇਹ ਗੱਲ ਸਾਫ਼ ਸੀ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ” ਅਤੇ ਗ਼ੈਰ-ਯਹੂਦੀ ਵੀ ਮਸੀਹੀ ਮੰਡਲੀ ਦਾ ਹਿੱਸਾ ਬਣ ਸਕਦੇ ਹਨ। (ਰਸੂ. 10:34, 44, 45) ਇਸ ਤੋਂ ਬਾਅਦ ਪਤਰਸ ਗ਼ੈਰ-ਯਹੂਦੀਆਂ ਨਾਲ ਉੱਠਣ-ਬੈਠਣ ਅਤੇ ਉਨ੍ਹਾਂ ਨਾਲ ਖਾਣ-ਪੀਣ ਲੱਗਾ। ਸ਼ਾਇਦ ਉਸ ਨੇ ਪਹਿਲਾਂ ਇੱਦਾਂ ਕਦੇ ਵੀ ਨਹੀਂ ਕੀਤਾ ਹੋਣਾ। ਪਰ ਕੁਝ ਯਹੂਦੀ ਮਸੀਹੀਆਂ ਨੂੰ ਲੱਗਦਾ ਸੀ ਕਿ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਮਿਲ ਕੇ ਖਾਣਾ-ਪੀਣਾ ਨਹੀਂ ਚਾਹੀਦਾ। ਜਦੋਂ ਅਜਿਹੀ ਸੋਚ ਰੱਖਣ ਵਾਲੇ ਯਹੂਦੀ ਮਸੀਹੀ ਅੰਤਾਕੀਆ ਆਏ, ਤਾਂ ਉਨ੍ਹਾਂ ਨੂੰ ਨਾਰਾਜ਼ ਕਰਨ ਦੇ ਡਰੋਂ ਪਤਰਸ ਨੇ ਆਪਣੇ ਗ਼ੈਰ-ਯਹੂਦੀ ਭਰਾਵਾਂ ਨਾਲ ਮਿਲ ਕੇ ਖਾਣਾ-ਪੀਣਾ ਛੱਡ ਦਿੱਤਾ। ਪੌਲੁਸ ਰਸੂਲ ਨੇ ਇਸ ਪਖੰਡ ਨੂੰ ਦੇਖਿਆ ਅਤੇ ਉਸ ਨੇ ਸਾਰਿਆਂ ਸਾਮ੍ਹਣੇ ਪਤਰਸ ਨੂੰ ਝਿੜਕਿਆ। (ਗਲਾ. 2:13, 14) ਇਸ ਗ਼ਲਤੀ ਦੇ ਬਾਵਜੂਦ ਵੀ ਪਤਰਸ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ। w23.09 22 ਪੈਰਾ 8
ਸ਼ਨੀਵਾਰ 16 ਅਗਸਤ
‘ਉਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’—1 ਪਤ. 5:10.
ਖ਼ੁਦ ਦੀ ਜਾਂਚ ਕਰ ਕੇ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਨੂੰ ਆਪਣੇ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ। ਪਰ ਹਾਰ ਨਾ ਮੰਨੋ। ਕਿਉਂ? ਕਿਉਂਕਿ “ਪ੍ਰਭੂ ਦਿਆਲੂ ਹੈ” ਅਤੇ ਉਹ ਸੁਧਾਰ ਕਰਨ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। (1 ਪਤ. 2:3) ਪਤਰਸ ਰਸੂਲ ਨੇ ਸਾਨੂੰ ਭਰੋਸਾ ਦਿਵਾਇਆ: “ਪਰਮੇਸ਼ੁਰ . . . ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ।” ਇਕ ਮੌਕੇ ʼਤੇ ਪਤਰਸ ਨੂੰ ਲੱਗਾ ਕਿ ਉਹ ਪਰਮੇਸ਼ੁਰ ਦੇ ਪੁੱਤਰ ਕੋਲ ਖੜ੍ਹੇ ਰਹਿਣ ਦੇ ਵੀ ਲਾਇਕ ਨਹੀਂ ਹੈ। (ਲੂਕਾ 5:8) ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਦੀ ਬਜਾਇ, ਯਹੋਵਾਹ ਅਤੇ ਯਿਸੂ ਦੀ ਮਦਦ ਨਾਲ ਉਹ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਇਸ ਕਰਕੇ ਯਹੋਵਾਹ ਨੇ ਪਤਰਸ ਨੂੰ ‘ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ।’ (2 ਪਤ. 1:11) ਯਹੋਵਾਹ ਨੇ ਉਸ ਨੂੰ ਕਿੰਨਾ ਹੀ ਵੱਡਾ ਸਨਮਾਨ ਦਿੱਤਾ! ਜੇ ਤੁਸੀਂ ਵੀ ਪਤਰਸ ਵਾਂਗ ਹਾਰ ਨਾ ਮੰਨੋ, ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ ਅਤੇ ਉਸ ਤੋਂ ਸਿਖਲਾਈ ਲੈਂਦੇ ਰਹੋ, ਤਾਂ ਉਹ ਤੁਹਾਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। “ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ।”—1 ਪਤ. 1:9. w23.09 31 ਪੈਰੇ 16-17
ਐਤਵਾਰ 17 ਅਗਸਤ
‘ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।’—ਪ੍ਰਕਾ. 14:7.
ਡੇਰੇ ਵਿਚ ਇਕ ਵਿਹੜਾ ਵੀ ਸੀ ਜਿਸ ਦੇ ਚਾਰੇ ਪਾਸੇ ਵਾੜ ਲੱਗੀ ਹੋਈ ਸੀ। ਇਸ ਵਿਹੜੇ ਵਿਚ ਪੁਜਾਰੀ ਸੇਵਾ ਕਰਦੇ ਸਨ। ਇੱਥੇ ਹੋਮ-ਬਲ਼ੀਆਂ ਚੜ੍ਹਾਉਣ ਲਈ ਤਾਂਬੇ ਦੀ ਇਕ ਵੱਡੀ ਸਾਰੀ ਵੇਦੀ ਸੀ। ਵਿਹੜੇ ਵਿਚ ਤਾਂਬੇ ਦਾ ਇਕ ਹੌਦ ਵੀ ਸੀ ਜਿਸ ਵਿਚ ਪਾਣੀ ਭਰਿਆ ਰਹਿੰਦਾ ਸੀ। ਪਵਿੱਤਰ ਸੇਵਾ ਕਰਨ ਤੋਂ ਪਹਿਲਾਂ ਪੁਜਾਰੀ ਇਸੇ ਪਾਣੀ ਨਾਲ ਆਪਣੇ ਹੱਥ-ਪੈਰ ਧੋ ਕੇ ਆਪਣੇ ਆਪ ਨੂੰ ਸ਼ੁੱਧ ਕਰਦੇ ਸਨ। (ਕੂਚ 30:17-20; 40:6-8) ਬਾਕੀ ਚੁਣੇ ਹੋਏ ਮਸੀਹੀ ਅੱਜ ਧਰਤੀ ʼਤੇ ਮਹਾਨ ਮੰਦਰ ਦੇ ਅੰਦਰਲੇ ਵਿਹੜੇ ਵਿਚ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਇਸ ਵਿਹੜੇ ਵਿਚ ਪਾਣੀ ਦਾ ਜੋ ਵੱਡਾ ਹੌਦ ਸੀ, ਉਹ ਉਨ੍ਹਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਇਕ ਜ਼ਰੂਰੀ ਗੱਲ ਯਾਦ ਦਿਵਾਉਂਦਾ ਹੈ ਕਿ ਸਾਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੀਦਾ ਤੇ ਸ਼ੁੱਧ ਭਗਤੀ ਕਰਨੀ ਚਾਹੀਦੀ ਹੈ। ਤਾਂ ਫਿਰ “ਵੱਡੀ ਭੀੜ” ਕਿੱਥੇ ਸੇਵਾ ਕਰ ਰਹੀ ਹੈ? ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਕਿ ਉਹ “ਸਿੰਘਾਸਣ ਦੇ ਸਾਮ੍ਹਣੇ” ਖੜ੍ਹੀ ਹੈ। ਇਸ ਦਾ ਮਤਲਬ ਹੈ ਕਿ ਉਹ ਧਰਤੀ ʼਤੇ ਮੰਦਰ ਦੇ ਬਾਹਰਲੇ ਵਿਹੜੇ ਵਿਚ “ਦਿਨ-ਰਾਤ [ਪਰਮੇਸ਼ੁਰ] ਦੀ ਪਵਿੱਤਰ ਸੇਵਾ” ਕਰ ਰਹੀ ਹੈ। (ਪ੍ਰਕਾ. 7:9, 13-15) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਸਾਰਿਆਂ ਨੂੰ ਉਸ ਦੇ ਮਹਾਨ ਮੰਦਰ ਵਿਚ ਸ਼ੁੱਧ ਭਗਤੀ ਕਰਨ ਦੀ ਥਾਂ ਦਿੱਤੀ ਹੈ! w23.10 28 ਪੈਰੇ 15-16
ਸੋਮਵਾਰ 18 ਅਗਸਤ
‘ਉਸ ਨੂੰ ਪਰਮੇਸ਼ੁਰ ਦੇ ਵਾਅਦੇ ʼਤੇ ਨਿਹਚਾ ਸੀ, ਇਸ ਲਈ ਉਸ ਨੇ ਆਪਣੀ ਨਿਹਚਾ ਨੂੰ ਮਜ਼ਬੂਤ ਕੀਤਾ।’—ਰੋਮੀ. 4:20.
ਯਹੋਵਾਹ ਮੰਡਲੀ ਦੇ ਬਜ਼ੁਰਗਾਂ ਰਾਹੀਂ ਵੀ ਤੁਹਾਨੂੰ ਤਾਕਤ ਦਿੰਦਾ ਹੈ। (ਯਸਾ. 32:1, 2) ਇਸ ਲਈ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ, ਤਾਂ ਆਪਣੀਆਂ ਚਿੰਤਾਵਾਂ ਬਾਰੇ ਬਜ਼ੁਰਗਾਂ ਨਾਲ ਗੱਲ ਕਰੋ। ਜਦੋਂ ਉਹ ਤੁਹਾਡੀ ਮਦਦ ਕਰਦੇ ਹਨ, ਤਾਂ ਬਿਨਾਂ ਝਿਜਕੇ ਬਜ਼ੁਰਗਾਂ ਉਨ੍ਹਾਂ ਤੋਂ ਮਦਦ ਲਓ। ਉਨ੍ਹਾਂ ਰਾਹੀਂ ਯਹੋਵਾਹ ਤੁਹਾਨੂੰ ਤਕੜਾ ਕਰ ਸਕਦਾ ਹੈ। ਸਾਨੂੰ ਬਾਈਬਲ ਤੋਂ ਜੋ ਉਮੀਦ ਮਿਲੀ ਹੈ, ਉਸ ਕਰਕੇ ਸਾਨੂੰ ਤਾਕਤ ਮਿਲ ਸਕਦੀ ਹੈ, ਚਾਹੇ ਇਹ ਉਮੀਦ ਸਵਰਗ ਵਿਚ ਹਮੇਸ਼ਾ ਲਈ ਰਹਿਣ ਦੀ ਹੋਵੇ ਜਾਂ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਤਕ ਰਹਿਣ ਦੀ। (ਰੋਮੀ. 4:3, 18, 19) ਸਾਡੀ ਇਸ ਉਮੀਦ ਕਰਕੇ ਸਾਨੂੰ ਅਜ਼ਮਾਇਸ਼ਾਂ ਸਹਿਣ, ਖ਼ੁਸ਼ ਖ਼ਬਰੀ ਸੁਣਾਉਣ ਅਤੇ ਮੰਡਲੀ ਵਿਚ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਤਾਕਤ ਮਿਲਦੀ ਹੈ। (1 ਥੱਸ. 1:3) ਇਸੇ ਉਮੀਦ ਕਰਕੇ ਪੌਲੁਸ ਰਸੂਲ ਨੂੰ ਵੀ ਤਾਕਤ ਮਿਲੀ। ਉਹ ‘ਮੁਸੀਬਤਾਂ ਨਾਲ ਘਿਰਿਆ ਹੋਇਆ’ ਸੀ। ਉਹ “ਉਲਝਣ” ਵਿਚ ਸੀ। ਉਸ ਉੱਤੇ “ਅਤਿਆਚਾਰ” ਕੀਤੇ ਜਾਂਦੇ ਸਨ। ਉਸ ਨੂੰ “ਡੇਗਿਆ” ਜਾਂਦਾ ਸੀ। ਇੱਥੋਂ ਤਕ ਕਿ ਉਸ ਦੀ ਜਾਨ ਵੀ ਖ਼ਤਰੇ ਵਿਚ ਸੀ। (2 ਕੁਰਿੰ. 4:8-10) ਪੌਲੁਸ ਨੇ ਆਪਣੀ ਉਮੀਦ ʼਤੇ ਧਿਆਨ ਲਾ ਕੇ ਤਾਕਤ ਹਾਸਲ ਕੀਤੀ। (2 ਕੁਰਿੰ. 4:16-18) ਪੌਲੁਸ ਨੇ ਆਪਣਾ ਧਿਆਨ ਸਵਰਗ ਵਿਚ ਮਿਲਣ ਵਾਲੀ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ʼਤੇ ਲਾਇਆ। ਇਸ ਉਮੀਦ ʼਤੇ ਸੋਚ-ਵਿਚਾਰ ਕਰਨ ਕਰਕੇ ਪੌਲੁਸ ਨੂੰ ਲੱਗਦਾ ਸੀ ਕਿ ਉਹ ‘ਦਿਨ-ਬਦਿਨ ਨਵਾਂ’ ਬਣਦਾ ਜਾ ਰਿਹਾ ਹੈ। w23.10 15-16 ਪੈਰੇ 14-17
ਮੰਗਲਵਾਰ 19 ਅਗਸਤ
ਯਹੋਵਾਹ ਆਪਣੀ ਪਰਜਾ ਨੂੰ ਤਾਕਤ ਬਖ਼ਸ਼ੇਗਾ। ਯਹੋਵਾਹ ਆਪਣੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ।—ਜ਼ਬੂ. 29:11.
ਪ੍ਰਾਰਥਨਾ ਕਰਦਿਆਂ ਸੋਚੋ, ਕੀ ਯਹੋਵਾਹ ਦੀ ਨਜ਼ਰ ਵਿਚ ਤੁਹਾਡੀ ਪ੍ਰਾਰਥਨਾ ਦਾ ਜਵਾਬ ਦੇਣ ਦਾ ਇਹ ਸਹੀ ਸਮਾਂ ਹੈ? ਸ਼ਾਇਦ ਅਸੀਂ ਸੋਚੀਏ ਕਿ ਸਾਨੂੰ ਹੁਣੇ ਹੀ ਸਾਡੀ ਪ੍ਰਾਰਥਨਾ ਦਾ ਜਵਾਬ ਮਿਲ ਜਾਣਾ ਚਾਹੀਦਾ ਹੈ। ਪਰ ਯਹੋਵਾਹ ਜਾਣਦਾ ਹੈ ਕਿ ਸਾਡੀ ਪ੍ਰਾਰਥਨਾ ਦਾ ਜਵਾਬ ਦੇਣ ਦਾ ਸਹੀ ਸਮਾਂ ਕਿਹੜਾ ਹੈ। (ਇਬ. 4:16) ਜਦੋਂ ਸਾਡੀ ਕਿਸੇ ਪ੍ਰਾਰਥਨਾ ਦਾ ਜਵਾਬ ਸਾਨੂੰ ਨਹੀਂ ਮਿਲਦਾ, ਤਾਂ ਅਸੀਂ ਸ਼ਾਇਦ ਸੋਚੀਏ ਕਿ ਯਹੋਵਾਹ ਦਾ ਜਵਾਬ ਹੈ, ‘ਨਹੀਂ।’ ਪਰ ਸ਼ਾਇਦ ਉਸ ਦਾ ਜਵਾਬ ਹੋਵੇ, ‘ਅਜੇ ਨਹੀਂ।’ ਇਕ ਨੌਜਵਾਨ ਭਰਾ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਸ ਦੀ ਬੀਮਾਰੀ ਠੀਕ ਹੋ ਜਾਵੇ। ਪਰ ਉਸ ਦੀ ਬੀਮਾਰੀ ਠੀਕ ਨਹੀਂ ਹੋਈ। ਜੇ ਯਹੋਵਾਹ ਕੋਈ ਚਮਤਕਾਰ ਕਰ ਕੇ ਉਸ ਨੂੰ ਠੀਕ ਕਰ ਦਿੰਦਾ, ਤਾਂ ਸ਼ਾਇਦ ਸ਼ੈਤਾਨ ਯਹੋਵਾਹ ਨੂੰ ਇਹ ਮਿਹਣਾ ਮਾਰਦਾ ਕਿ ਉਹ ਭਰਾ ਸਿਰਫ਼ ਇਸ ਲਈ ਉਸ ਦੀ ਸੇਵਾ ਕਰ ਰਿਹਾ ਹੈ ਕਿਉਂਕਿ ਉਸ ਨੂੰ ਠੀਕ ਕਰ ਦਿੱਤਾ ਗਿਆ। (ਅੱਯੂ. 1:9-11; 2:4) ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਪਹਿਲਾਂ ਤੋਂ ਹੀ ਉਹ ਸਮਾਂ ਤੈਅ ਕੀਤਾ ਹੈ ਜਦੋਂ ਉਹ ਸਾਰੀਆਂ ਬੀਮਾਰੀਆਂ ਨੂੰ ਖ਼ਤਮ ਕਰ ਦੇਵੇਗਾ। (ਯਸਾ. 33:24; ਪ੍ਰਕਾ. 21:3, 4) ਉਦੋਂ ਤਕ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਯਹੋਵਾਹ ਚਮਤਕਾਰ ਕਰ ਕੇ ਸਾਡੀ ਕਿਸੇ ਬੀਮਾਰੀ ਨੂੰ ਠੀਕ ਕਰੇਗਾ। ਇਸ ਲਈ ਉਹ ਭਰਾ ਇਹ ਪ੍ਰਾਰਥਨਾ ਕਰ ਸਕਦਾ ਹੈ ਕਿ ਯਹੋਵਾਹ ਉਸ ਨੂੰ ਇਸ ਬੀਮਾਰੀ ਨਾਲ ਲੜਨ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਦੀ ਤਾਕਤ ਅਤੇ ਮਨ ਦੀ ਸ਼ਾਂਤੀ ਦੇਵੇ। w23.11 24 ਪੈਰਾ 13
ਬੁੱਧਵਾਰ 20 ਅਗਸਤ
ਉਹ ਸਾਡੇ ਪਾਪਾਂ ਮੁਤਾਬਕ ਸਾਡੇ ਨਾਲ ਪੇਸ਼ ਨਹੀਂ ਆਇਆ ਅਤੇ ਨਾ ਹੀ ਸਾਡੀਆਂ ਗ਼ਲਤੀਆਂ ਮੁਤਾਬਕ ਸਾਨੂੰ ਸਜ਼ਾ ਦਿੱਤੀ।—ਜ਼ਬੂ. 103:10.
ਸਮਸੂਨ ਨੇ ਇਕ ਗੰਭੀਰ ਗ਼ਲਤੀ ਕੀਤੀ, ਪਰ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਫਲਿਸਤੀਆਂ ਖ਼ਿਲਾਫ਼ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਮੌਕਾ ਲੱਭਿਆ। (ਨਿਆ. 16:28-30) ਸਮਸੂਨ ਨੇ ਯਹੋਵਾਹ ਅੱਗੇ ਤਰਲੇ ਕਰਦਿਆਂ ਕਿਹਾ: ‘ਮੈਨੂੰ ਫਲਿਸਤੀਆਂ ਤੋਂ ਬਦਲਾ ਲੈ ਲੈਣ ਦੇ।’ ਸੱਚੇ ਪਰਮੇਸ਼ੁਰ ਨੇ ਸਮਸੂਨ ਦੀ ਫ਼ਰਿਆਦ ਸੁਣੀ ਅਤੇ ਉਸ ਨੂੰ ਦੁਬਾਰਾ ਤੋਂ ਖ਼ਾਸ ਤਾਕਤ ਦਿੱਤੀ। ਨਤੀਜੇ ਵਜੋਂ, ਇਸ ਮੌਕੇ ʼਤੇ ਸਮਸੂਨ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਫਲਿਸਤੀਆਂ ਨੂੰ ਮਾਰ ਮੁਕਾਇਆ। ਭਾਵੇਂ ਕਿ ਸਮਸੂਨ ਨੂੰ ਆਪਣੀ ਗ਼ਲਤੀ ਦੇ ਦੁਖਦਾਈ ਨਤੀਜੇ ਭੁਗਤਣੇ ਪਏ, ਫਿਰ ਵੀ ਉਸ ਨੇ ਯਹੋਵਾਹ ਦੀ ਇੱਛਾ ਪੂਰੀ ਕਰਨੀ ਨਹੀਂ ਛੱਡੀ। ਜੇ ਸਾਡੇ ਤੋਂ ਵੀ ਕੋਈ ਗ਼ਲਤੀ ਹੋ ਜਾਂਦੀ ਹੈ ਅਤੇ ਸਾਨੂੰ ਤਾੜਨਾ ਦਿੱਤੀ ਜਾਂਦੀ ਹੈ ਜਾਂ ਸਾਡੇ ਤੋਂ ਕੋਈ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ, ਤਾਂ ਵੀ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਾਦ ਰੱਖੋ ਕਿ ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂ. 103:8, 9) ਸਾਡੀਆਂ ਗ਼ਲਤੀਆਂ ਦੇ ਬਾਵਜੂਦ ਯਹੋਵਾਹ ਸਮਸੂਨ ਵਾਂਗ ਸਾਨੂੰ ਵੀ ਉਸ ਦੀ ਇੱਛਾ ਪੂਰੀ ਕਰਨ ਲਈ ਤਾਕਤ ਦੇ ਸਕਦਾ ਹੈ। w23.09 6 ਪੈਰੇ 15-16
ਵੀਰਵਾਰ 21 ਅਗਸਤ
ਧੀਰਜ ਰੱਖਣ ਨਾਲ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ; ਇਸ ਮਨਜ਼ੂਰੀ ਕਾਰਨ ਸਾਨੂੰ ਉਮੀਦ ਮਿਲਦੀ ਹੈ।—ਰੋਮੀ. 5:4.
ਧੀਰਜ ਰੱਖਣ ਕਰਕੇ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ ਯਾਨੀ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਯਹੋਵਾਹ ਇਸ ਗੱਲ ਤੋਂ ਖ਼ੁਸ਼ ਹੁੰਦਾ ਹੈ ਕਿ ਤੁਹਾਡੇ ʼਤੇ ਮੁਸੀਬਤਾਂ ਆ ਰਹੀਆਂ ਹਨ। ਉਹ ਤਾਂ ਇਸ ਗੱਲ ਤੋਂ ਖ਼ੁਸ਼ ਹੁੰਦਾ ਹੈ ਕਿ ਮੁਸੀਬਤਾਂ ਆਉਣ ʼਤੇ ਤੁਸੀਂ ਧੀਰਜ ਨਾਲ ਉਨ੍ਹਾਂ ਦਾ ਸਾਮ੍ਹਣਾ ਕਰਦੇ ਹੋ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹੋ। ਇਹ ਜਾਣ ਕੇ ਸਾਡਾ ਕਿੰਨਾ ਹੌਸਲਾ ਵਧਦਾ ਹੈ ਕਿ ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ! (ਜ਼ਬੂ. 5:12) ਜ਼ਰਾ ਅਬਰਾਹਾਮ ਬਾਰੇ ਸੋਚੋ। ਉਸ ਨੇ ਧੀਰਜ ਰੱਖਦਿਆਂ ਮੁਸੀਬਤਾਂ ਦਾ ਸਾਮ੍ਹਣਾ ਕੀਤਾ ਅਤੇ ਯਹੋਵਾਹ ਉਸ ਤੋਂ ਖ਼ੁਸ਼ ਸੀ। ਯਹੋਵਾਹ ਨੇ ਉਸ ਨੂੰ ਆਪਣਾ ਦੋਸਤ ਕਿਹਾ ਤੇ ਉਸ ਨੂੰ ਧਰਮੀ ਠਹਿਰਾਇਆ। (ਉਤ. 15:6; ਰੋਮੀ. 4:13, 22) ਯਹੋਵਾਹ ਸਾਡੇ ਤੋਂ ਵੀ ਖ਼ੁਸ਼ ਹੋ ਸਕਦਾ ਹੈ। ਉਹ ਇਹ ਦੇਖ ਕੇ ਖ਼ੁਸ਼ ਨਹੀਂ ਹੁੰਦਾ ਹੈ ਕਿ ਅਸੀਂ ਕਿੰਨਾ ਕੰਮ ਕਰ ਰਹੇ ਹਾਂ ਜਾਂ ਸਾਡੇ ਕੋਲ ਕਿਹੜੀ ਜ਼ਿੰਮੇਵਾਰੀ ਹੈ। ਪਰ ਉਹ ਇਹ ਦੇਖ ਕੇ ਖ਼ੁਸ਼ ਹੁੰਦਾ ਹੈ ਕਿ ਅਸੀਂ ਧੀਰਜ ਨਾਲ ਮੁਸੀਬਤਾਂ ਦਾ ਸਾਮ੍ਹਣਾ ਕਰ ਰਹੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹਾਂ। ਧੀਰਜ ਰੱਖਣਾ ਸਾਡੀ ਉਮਰ, ਸਾਡੇ ਹਾਲਾਤਾਂ ਜਾਂ ਸਾਡੀ ਕਾਬਲੀਅਤ ʼਤੇ ਨਿਰਭਰ ਨਹੀਂ ਕਰਦਾ। ਕੀ ਹੁਣ ਕਿਸੇ ਮੁਸੀਬਤ ਦਾ ਸਾਮ੍ਹਣਾ ਕਰਦਿਆਂ ਵੀ ਤੁਸੀਂ ਯਹੋਵਾਹ ਦੇ ਵਫ਼ਾਦਾਰ ਹੋ? ਜੇ ਹਾਂ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ। ਨਾਲੇ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਹੈ, ਤਾਂ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ। w23.12 11 ਪੈਰੇ 13-14
ਸ਼ੁੱਕਰਵਾਰ 22 ਅਗਸਤ
ਮਰਦ ਬਣ।—1 ਰਾਜ. 2:2.
ਇਕ ਮਸੀਹੀ ਭਰਾ ਨੂੰ ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖਣੀ ਚਾਹੀਦੀ ਹੈ। ਜਿਸ ਵਿਅਕਤੀ ਨੂੰ ਚੰਗੀ ਤਰ੍ਹਾਂ ਗੱਲਬਾਤ ਕਰਨੀ ਆਉਂਦੀ ਹੈ, ਉਹ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਦੀ ਸੋਚ ਤੇ ਭਾਵਨਾਵਾਂ ਨੂੰ ਸਮਝਦਾ ਹੈ। (ਕਹਾ. 20:5) ਉਹ ਦੂਜਿਆਂ ਦੇ ਬੋਲਣ ਦੇ ਲਹਿਜੇ ਤੋਂ ਅਤੇ ਉਨ੍ਹਾਂ ਦੇ ਹਾਵਾਂ-ਭਾਵਾਂ ਤੋਂ ਉਨ੍ਹਾਂ ਬਾਰੇ ਬਹੁਤ ਕੁਝ ਸਮਝ ਜਾਂਦਾ ਹੈ। ਪਰ ਤੁਸੀਂ ਇਹ ਹੁਨਰ ਦੂਜਿਆਂ ਨਾਲ ਸਮਾਂ ਬਿਤਾਏ ਬਗੈਰ ਨਹੀਂ ਸਿੱਖ ਸਕਦੇ। ਜੇ ਤੁਸੀਂ ਹਮੇਸ਼ਾ ਈ-ਮੇਲ ਜਾਂ ਮੈਸਿਜ ਕਰ ਕੇ ਹੀ ਲੋਕਾਂ ਨਾਲ ਗੱਲਬਾਤ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨਾਲ ਆਮ੍ਹੋ-ਸਾਮ੍ਹਣੇ ਮਿਲ ਕੇ ਗੱਲ ਕਰਨੀ ਔਖੀ ਲੱਗੇਗੀ। ਇਸ ਲਈ ਦੂਜਿਆਂ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨ ਦੇ ਮੌਕੇ ਭਾਲੋ। (2 ਯੂਹੰ. 12) ਇਕ ਸਮਝਦਾਰ ਮਸੀਹੀ ਭਰਾ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਵੀ ਕਾਬਲ ਹੋਣਾ ਚਾਹੀਦਾ ਹੈ। (1 ਤਿਮੋ. 5:8) ਕੋਈ-ਨਾ-ਕੋਈ ਹੁਨਰ ਸਿੱਖਣਾ ਵਧੀਆ ਗੱਲ ਹੈ। ਇਸ ਨਾਲ ਅੱਗੇ ਚੱਲ ਕੇ ਤੁਹਾਨੂੰ ਕੋਈ ਨੌਕਰੀ ਮਿਲ ਸਕੇਗੀ। (ਰਸੂ. 18:2, 3; 20:34; ਅਫ਼. 4:28) ਉਸ ਵਿਅਕਤੀ ਵਜੋਂ ਆਪਣੀ ਪਛਾਣ ਬਣਾਓ ਜੋ ਮਿਹਨਤੀ ਹੈ ਅਤੇ ਹਰ ਉਹ ਕੰਮ ਪੂਰਾ ਕਰਦਾ ਹੈ ਜੋ ਉਸ ਨੂੰ ਦਿੱਤਾ ਜਾਂਦਾ ਹੈ। ਇਸ ਕਰਕੇ ਤੁਹਾਨੂੰ ਸੌਖਿਆਂ ਹੀ ਨੌਕਰੀ ਮਿਲ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢਿਆ ਵੀ ਨਾ ਜਾਵੇ। w23.12 27 ਪੈਰੇ 12-13
ਸ਼ਨੀਵਾਰ 23 ਅਗਸਤ
ਯਹੋਵਾਹ ਦਾ ਦਿਨ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।—1 ਥੱਸ. 5:2.
ਬਾਈਬਲ ਵਿਚ ਜਦੋਂ “ਯਹੋਵਾਹ ਦੇ ਦਿਨ” ਦਾ ਜ਼ਿਕਰ ਆਉਂਦਾ ਹੈ, ਤਾਂ ਇਸ ਦਾ ਮਤਲਬ ਉਹ ਸਮਾਂ ਹੁੰਦਾ ਹੈ ਜਦੋਂ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਪੁਰਾਣੇ ਸਮੇਂ ਵਿਚ ਯਹੋਵਾਹ ਨੇ ਕਈ ਵਾਰ ਕੁਝ ਕੌਮਾਂ ਨੂੰ ਸਜ਼ਾ ਦਿੱਤੀ। (ਯਸਾ. 13:1, 6; ਹਿਜ਼. 13:5; ਸਫ਼. 1:8) ਸਾਡੇ ਸਮੇਂ ਵਿਚ “ਯਹੋਵਾਹ ਦਾ ਦਿਨ” ਮਹਾਂ ਬਾਬਲ ʼਤੇ ਹੋਣ ਵਾਲੇ ਹਮਲੇ ਨਾਲ ਸ਼ੁਰੂ ਹੋਵੇਗਾ ਅਤੇ ਆਰਮਾਗੇਡਨ ਦੇ ਯੁੱਧ ਨਾਲ ਖ਼ਤਮ ਹੋਵੇਗਾ। ਇਸ “ਦਿਨ” ਵਿੱਚੋਂ ਬਚ ਨਿਕਲਣ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ ਸੀ ਕਿ ਸਾਨੂੰ “ਮਹਾਂਕਸ਼ਟ” ਲਈ ਸਿਰਫ਼ ਤਿਆਰ ਹੀ ਨਹੀਂ ਹੋਣਾ ਚਾਹੀਦਾ, ਸਗੋਂ ‘ਹਮੇਸ਼ਾ ਤਿਆਰ ਰਹਿਣਾ’ ਚਾਹੀਦਾ ਹੈ। (ਮੱਤੀ 24:21; ਲੂਕਾ 12:40) ਪੌਲੁਸ ਰਸੂਲ ਨੇ ਥੱਸਲੁਨੀਕੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਬਹੁਤ ਸਾਰੀਆਂ ਮਿਸਾਲਾਂ ਵਰਤੀਆਂ। ਇਨ੍ਹਾਂ ਕਰਕੇ ਉਸ ਸਮੇਂ ਦੇ ਮਸੀਹੀਆਂ ਦੀ ਯਹੋਵਾਹ ਦੇ ਮਹਾਨ ਦਿਨ ਲਈ ਤਿਆਰ ਰਹਿਣ ਵਿਚ ਮਦਦ ਹੋ ਸਕੀ। ਪੌਲੁਸ ਜਾਣਦਾ ਸੀ ਕਿ ਯਹੋਵਾਹ ਦਾ ਦਿਨ ਉਸੇ ਵੇਲੇ ਨਹੀਂ ਆਵੇਗਾ। (2 ਥੱਸ. 2:1-3) ਫਿਰ ਵੀ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਉਸ ਦਿਨ ਲਈ ਉੱਦਾਂ ਤਿਆਰ ਰਹਿਣ ਜਿੱਦਾਂ ਉਹ ਦਿਨ ਕੱਲ੍ਹ ਹੀ ਆਉਣ ਵਾਲਾ ਹੋਵੇ। ਅਸੀਂ ਵੀ ਉਸ ਦੀ ਇਹ ਸਲਾਹ ਲਾਗੂ ਕਰ ਸਕਦੇ ਹਾਂ। w23.06 8 ਪੈਰੇ 1-2
ਐਤਵਾਰ 24 ਅਗਸਤ
ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ, ਦ੍ਰਿੜ੍ਹ ਬਣੋ।—1 ਕੁਰਿੰ. 15:58.
1978 ਵਿਚ ਜਪਾਨ ਦੇ ਟੋਕੀਓ ਸ਼ਹਿਰ ਵਿਚ 60 ਮੰਜ਼ਲਾ ਉੱਚੀ ਬਿਲਡਿੰਗ ਬਣਾਈ ਗਈ ਸੀ ਜੋ ਆਸਮਾਨ ਨੂੰ ਛੂੰਹਦੀ ਸੀ। ਲੋਕ ਇਸ ਗੱਲੋਂ ਹੈਰਾਨ ਸਨ ਕਿ ਇਹ ਬਿਲਡਿੰਗ ਕਿੱਦਾਂ ਖੜ੍ਹੀ ਰਹੇਗੀ ਕਿਉਂਕਿ ਉਸ ਸ਼ਹਿਰ ਵਿਚ ਅਕਸਰ ਭੁਚਾਲ਼ ਆਉਂਦੇ ਸਨ। ਭੁਚਾਲ਼ ਦੇ ਬਾਵਜੂਦ ਵੀ ਇਸ ਬਿਲਡਿੰਗ ਦੇ ਖੜ੍ਹੇ ਰਹਿਣ ਦਾ ਕੀ ਰਾਜ਼ ਸੀ? ਇੰਜੀਨੀਅਰਾਂ ਨੇ ਇਸ ਬਿਲਡਿੰਗ ਨੂੰ ਇਸ ਤਰ੍ਹਾਂ ਤਿਆਰ ਕੀਤਾ ਸੀ ਕਿ ਇਹ ਮਜ਼ਬੂਤ ਹੋਣ ਦੇ ਨਾਲ-ਨਾਲ ਲਚਕਦਾਰ ਵੀ ਸੀ। ਇਸ ਕਰਕੇ ਇਹ ਭੁਚਾਲ਼ ਆਉਣ ʼਤੇ ਝੂਲਣ ਦੇ ਬਾਵਜੂਦ ਵੀ ਡਿਗਣੀ ਨਹੀਂ ਸੀ। ਮਸੀਹੀ ਵੀ ਇਸ ਉੱਚੀ ਬਿਲਡਿੰਗ ਵਾਂਗ ਹਨ। ਕਿਵੇਂ? ਉੱਚੀ ਬਿਲਡਿੰਗ ਵਾਂਗ ਮਸੀਹੀਆਂ ਨੂੰ ਮਜ਼ਬੂਤ ਹੋਣ ਦੇ ਨਾਲ-ਨਾਲ ਲਚਕਦਾਰ ਯਾਨੀ ਹਾਲਾਤਾਂ ਮੁਤਾਬਕ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮਸੀਹੀਆਂ ਨੂੰ ਯਹੋਵਾਹ ਦੇ ਕਾਨੂੰਨਾਂ ਅਤੇ ਮਿਆਰਾਂ ਮੁਤਾਬਕ ਚੱਲਣ ਦਾ ਦ੍ਰਿੜ੍ਹ ਇਰਾਦਾ ਰੱਖਣਾ ਚਾਹੀਦਾ ਹੈ। ਉਹ “ਕਹਿਣਾ ਮੰਨਣ ਲਈ ਤਿਆਰ” ਰਹਿੰਦੇ ਹਨ ਅਤੇ ਕਦੇ ਵੀ ਸਮਝੌਤਾ ਨਹੀਂ ਕਰਦੇ, ਪਰ ਉਹ ਹਾਲਾਤਾਂ ਜਾਂ ਲੋੜ ਮੁਤਾਬਕ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। (ਯਾਕੂ. 3:17) ਜਿਹੜੇ ਮਸੀਹੀਆਂ ਨੇ ਇਸ ਤਰ੍ਹਾਂ ਦਾ ਸਹੀ ਨਜ਼ਰੀਆ ਬਣਾਈ ਰੱਖਣਾ ਸਿੱਖਿਆ ਹੈ, ਉਹ ਨਾ ਤਾਂ ਅੜਬ ਹੁੰਦੇ ਹਨ ਤੇ ਨਾ ਹੀ ਖੁੱਲ੍ਹ ਦੇਣ ਵਾਲੇ। w23.07 14 ਪੈਰੇ 1-2
ਸੋਮਵਾਰ 25 ਅਗਸਤ
ਭਾਵੇਂ ਤੁਸੀਂ ਮਸੀਹ ਨੂੰ ਕਦੇ ਨਹੀਂ ਦੇਖਿਆ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ।—1 ਪਤ. 1:8.
ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਇੱਥੋਂ ਤਕ ਕਿ ਉਸ ਨੇ ਯਿਸੂ ʼਤੇ ਦਬਾਅ ਪਾਇਆ ਕਿ ਉਹ ਯਹੋਵਾਹ ਨਾਲ ਬੇਵਫ਼ਾਈ ਕਰੇ। (ਮੱਤੀ 4:1-11) ਸ਼ੈਤਾਨ ਨੇ ਤਾਂ ਜਿੱਦਾਂ ਸਹੁੰ ਹੀ ਖਾ ਲਈ ਸੀ ਕਿ ਉਹ ਯਿਸੂ ਤੋਂ ਪਾਪ ਕਰਵਾ ਕੇ ਹੀ ਰਹੇਗਾ ਤਾਂਕਿ ਉਹ ਰਿਹਾਈ ਦੀ ਕੀਮਤ ਨਾ ਚੁਕਾ ਸਕੇ। ਜਦੋਂ ਯਿਸੂ ਨੇ ਧਰਤੀ ʼਤੇ ਸੇਵਕਾਈ ਸ਼ੁਰੂ ਕੀਤੀ, ਤਾਂ ਉਸ ਨੂੰ ਹੋਰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪਿਆ। ਉਸ ਦੇ ਦੁਸ਼ਮਣਾਂ ਨੇ ਉਸ ʼਤੇ ਜ਼ੁਲਮ ਕੀਤੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। (ਲੂਕਾ 4:28, 29; 13:31) ਨਾਲੇ ਉਸ ਦੇ ਚੇਲੇ ਨਾਮੁਕੰਮਲ ਸਨ ਜਿਸ ਕਰਕੇ ਉਸ ਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਵੀ ਸਹਿਣੀਆਂ ਪਈਆਂ। (ਮਰ. 9:33, 34) ਫਿਰ ਜਦੋਂ ਉਸ ʼਤੇ ਮੁਕੱਦਮਾ ਚਲਾਇਆ ਗਿਆ, ਤਾਂ ਉਸ ਦਾ ਮਜ਼ਾਕ ਉਡਾਇਆ ਗਿਆ ਅਤੇ ਉਸ ਨੂੰ ਬਹੁਤ ਤੜਫਾਇਆ ਗਿਆ। (ਇਬ. 12:1-3) ਆਪਣੇ ਆਖ਼ਰੀ ਸਾਹਾਂ ਦੌਰਾਨ ਉਸ ਨੂੰ ਜੋ ਦਰਦ ਸਹਿਣਾ ਪਿਆ, ਉਸ ਨੇ ਉਹ ਸਭ ਯਹੋਵਾਹ ਦੀ ਮਦਦ ਤੋਂ ਬਿਨਾਂ ਹੀ ਸਹਿਆ। (ਮੱਤੀ 27:46) ਰਿਹਾਈ ਦੀ ਕੀਮਤ ਦੇਣ ਲਈ ਯਿਸੂ ਨੂੰ ਬਹੁਤ ਕੁਝ ਸਹਿਣਾ ਪਿਆ। ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਕਿ ਯਿਸੂ ਨੇ ਸਾਡੀ ਖ਼ਾਤਰ ਕਿੰਨਾ ਕੁਝ ਸਹਿਆ, ਤਾਂ ਸਾਡਾ ਦਿਲ ਉਸ ਲਈ ਪਿਆਰ ਅਤੇ ਕਦਰਦਾਨੀ ਨਾਲ ਭਰ ਜਾਂਦਾ ਹੈ। w24.01 10-11 ਪੈਰੇ 7-9
ਮੰਗਲਵਾਰ 26 ਅਗਸਤ
ਕਾਹਲੀ ਕਰਨ ਵਾਲੇ ਸਾਰੇ ਗ਼ਰੀਬੀ ਵੱਲ ਵਧਦੇ ਜਾਂਦੇ ਹਨ।—ਕਹਾ. 21:5.
ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਵਧੀਆ ਰਿਸ਼ਤੇ ਬਣਦੇ ਹਨ। ਇਸ ਗੁਣ ਕਰਕੇ ਅਸੀਂ ਧਿਆਨ ਨਾਲ ਦੂਜਿਆਂ ਦੀ ਗੱਲ ਸੁਣਦੇ ਹਾਂ। (ਯਾਕੂ. 1:19) ਅਸੀਂ ਦੂਜਿਆਂ ਨਾਲ ਸ਼ਾਂਤੀ ਵੀ ਬਣਾਈ ਰੱਖਦੇ ਹਾਂ। ਤਣਾਅ ਵਿਚ ਹੁੰਦਿਆਂ ਅਸੀਂ ਕਿਸੇ ਨੂੰ ਬੁਰਾ-ਭਲਾ ਨਹੀਂ ਕਹਿੰਦੇ ਤੇ ਨਾ ਹੀ ਬਿਨਾਂ ਸੋਚੇ-ਸਮਝੇ ਕੁਝ ਕਰਦੇ ਹਾਂ। ਨਾਲੇ ਜੇ ਕੋਈ ਸਾਨੂੰ ਠੇਸ ਪਹੁੰਚਾਵੇ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੋਵਾਂਗੇ ਅਤੇ ਨਾ ਹੀ ਬਦਲਾ ਲਵਾਂਗੇ। ਇਸ ਦੀ ਬਜਾਇ, ਅਸੀਂ ‘ਇਕ-ਦੂਜੇ ਦੀ ਸਹਿੰਦੇ ਰਹਾਂਗੇ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹਾਂਗੇ।’ (ਕੁਲੁ. 3:12, 13) ਧੀਰਜ ਰੱਖਣ ਕਰਕੇ ਅਸੀਂ ਸਹੀ ਫ਼ੈਸਲੇ ਵੀ ਕਰ ਸਕਦੇ ਹਾਂ। ਅਸੀਂ ਕਾਹਲੀ ਵਿਚ ਜਾਂ ਬਿਨਾਂ ਸੋਚੇ-ਸਮਝੇ ਕੋਈ ਫ਼ੈਸਲਾ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਸਮਾਂ ਲਾ ਕੇ ਖੋਜਬੀਨ ਕਰਾਂਗੇ ਅਤੇ ਸੋਚਾਂਗੇ ਕਿ ਸਾਡੇ ਲਈ ਕੀ ਕਰਨਾ ਸਭ ਤੋਂ ਵਧੀਆ ਹੋਵੇਗਾ। ਉਦਾਹਰਣ ਲਈ, ਜੇ ਅਸੀਂ ਕੰਮ ਲੱਭ ਰਹੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਉਹ ਕੰਮ ਕਰਨ ਲਈ ਤਿਆਰ ਹੋ ਜਾਈਏ ਜੋ ਸਾਨੂੰ ਸਭ ਤੋਂ ਪਹਿਲਾ ਮਿਲੇ। ਪਰ ਜੇ ਅਸੀਂ ਧੀਰਜ ਰੱਖੀਏ, ਤਾਂ ਅਸੀਂ ਸਮਾਂ ਕੱਢ ਕੇ ਸੋਚਾਂਗੇ ਕਿ ਇਸ ਕੰਮ ਦਾ ਸਾਡੇ ਪਰਿਵਾਰ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪਵੇਗਾ। ਧੀਰਜਵਾਨ ਹੋਣ ਕਰਕੇ ਅਸੀਂ ਗ਼ਲਤ ਫ਼ੈਸਲੇ ਲੈਣ ਤੋਂ ਬਚ ਸਕਦੇ ਹਾਂ। w23.08 22 ਪੈਰੇ 8-9
ਬੁੱਧਵਾਰ 27 ਅਗਸਤ
ਮੈਂ ਆਪਣੇ ਸਰੀਰ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਵਿਚ ਹੈ।—ਰੋਮੀ. 7:23.
ਜੇ ਤੁਸੀਂ ਵੀ ਆਪਣੇ ਪਾਪੀ ਝੁਕਾਅ ਕਰਕੇ ਨਿਰਾਸ਼ ਹੋ ਜਾਂਦੇ ਹੋ, ਤਾਂ ਸਮਰਪਣ ਦੇ ਵਾਅਦੇ ਨੂੰ ਯਾਦ ਰੱਖਣ ਕਰਕੇ ਤੁਸੀਂ ਇਸ ਨਾਲ ਲੜ ਸਕਦੇ ਹੋ, ਫਿਰ ਚਾਹੇ ਤੁਹਾਡੇ ʼਤੇ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ। ਕਿਵੇਂ? ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਇੱਛਾਵਾਂ ਅਤੇ ਟੀਚਿਆਂ ਨੂੰ ਤਿਆਗ ਦਿੰਦੇ ਹੋ ਜੋ ਯਹੋਵਾਹ ਦੀ ਇੱਛਾ ਦੇ ਖ਼ਿਲਾਫ਼ ਹਨ। (ਮੱਤੀ 16:24) ਇਸ ਲਈ ਜਦੋਂ ਤੁਹਾਡੇ ʼਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਪਵੇਗਾ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ। ਕਿਉਂ? ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਹੁੰਦਾ ਹੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਤੁਸੀਂ ਯਹੋਵਾਹ ਦੇ ਹੀ ਵਫ਼ਾਦਾਰ ਰਹੋਗੇ। ਤੁਸੀਂ ਉਹੀ ਕਰੋਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਇੱਦਾਂ ਕਰ ਕੇ ਤੁਸੀਂ ਅੱਯੂਬ ਵਰਗਾ ਰਵੱਈਆ ਦਿਖਾ ਰਹੇ ਹੋਵੋਗੇ। ਉਸ ਨੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਫਿਰ ਵੀ ਉਸ ਨੇ ਕਿਹਾ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!”—ਅੱਯੂ. 27:5. w24.03 9 ਪੈਰੇ 6-7
ਵੀਰਵਾਰ 28 ਅਗਸਤ
ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ, ਹਾਂ, ਜੋ ਸੱਚੇ ਦਿਲੋਂ ਉਸ ਨੂੰ ਪੁਕਾਰਦੇ ਹਨ।—ਜ਼ਬੂ. 145:18.
‘ਪਿਆਰ ਦਾ ਪਰਮੇਸ਼ੁਰ’ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ। (2 ਕੁਰਿੰ. 13:11) ਉਹ ਸਾਡੇ ਵਿੱਚੋਂ ਹਰੇਕ ʼਤੇ ਧਿਆਨ ਦਿੰਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ “ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ” ਹਾਂ। (ਜ਼ਬੂ. 32:10) ਜਿੰਨਾ ਜ਼ਿਆਦਾ ਅਸੀਂ ਇਸ ਬਾਰੇ ਸੋਚਾਂਗੇ ਕਿ ਯਹੋਵਾਹ ਨੇ ਸਾਨੂੰ ਕਿਵੇਂ ਪਿਆਰ ਦਿਖਾਇਆ ਹੈ, ਉੱਨਾ ਜ਼ਿਆਦਾ ਉਹ ਸਾਡੇ ਲਈ ਅਸਲੀ ਹੁੰਦਾ ਜਾਵੇਗਾ ਅਤੇ ਅਸੀਂ ਉਸ ਦੇ ਹੋਰ ਵੀ ਨੇੜੇ ਮਹਿਸੂਸ ਕਰਾਂਗੇ। ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰ ਪਾਵਾਂਗੇ ਅਤੇ ਉਸ ਨੂੰ ਦੱਸ ਸਕਾਂਗੇ ਕਿ ਅਸੀਂ ਉਸ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਉਸ ਨੂੰ ਆਪਣੀ ਹਰ ਚਿੰਤਾ, ਪਰੇਸ਼ਾਨੀ ਦੱਸ ਸਕਾਂਗੇ ਅਤੇ ਯਕੀਨ ਰੱਖ ਸਕਾਂਗੇ ਕਿ ਉਹ ਸਾਨੂੰ ਸਮਝਦਾ ਹੈ ਅਤੇ ਸਾਡੀ ਮਦਦ ਕਰਨ ਲਈ ਬੇਤਾਬ ਹੈ। (ਜ਼ਬੂ. 145:19) ਠੰਢ ਵਿਚ ਜੇ ਕਿਤੇ ਅੱਗ ਬਲ਼ਦੀ ਹੋਵੇ, ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਯਹੋਵਾਹ ਦਾ ਪਿਆਰ ਵੀ ਇਸ ਬਰਫ਼ੀਲੀ ਦੁਨੀਆਂ ਵਿਚ ਅੱਗ ਵਾਂਗ ਹੈ ਜਿਸ ਦੀ ਗਰਮਾਹਟ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਇਸ ਪਿਆਰ ਵਿਚ ਜ਼ਬਰਦਸਤ ਤਾਕਤ ਵੀ ਹੈ, ਪਰ ਇਹ ਬਹੁਤ ਕੋਮਲ ਵੀ ਹੈ। ਸੱਚ-ਮੁੱਚ, ਯਹੋਵਾਹ ਸਾਨੂੰ ਬਹੁਤ-ਬਹੁਤ ਪਿਆਰ ਕਰਦਾ ਹੈ। ਆਓ ਆਪਾਂ ਵੀ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹੀਏ ਅਤੇ ਕਹੀਏ: “ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ।”—ਜ਼ਬੂ. 116:1. w24.01 31 ਪੈਰੇ 19-20
ਸ਼ੁੱਕਰਵਾਰ 29 ਅਗਸਤ
ਮੈਂ ਤੇਰੇ ਨਾਂ ਬਾਰੇ ਦੱਸਿਆ ਹੈ।—ਯੂਹੰ. 17:26.
ਯਿਸੂ ਨੇ ਲੋਕਾਂ ਨੂੰ ਸਿਰਫ਼ ਇਹੀ ਨਹੀ ਦੱਸਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਦਰਅਸਲ, ਉਹ ਜਿਨ੍ਹਾਂ ਯਹੂਦੀਆਂ ਨੂੰ ਸਿਖਾਉਂਦਾ ਸੀ, ਉਹ ਤਾਂ ਪਹਿਲਾਂ ਤੋਂ ਹੀ ਪਰਮੇਸ਼ੁਰ ਦਾ ਨਾਂ ਜਾਣਦੇ ਸਨ। ਉਸ ਨੇ ਉਨ੍ਹਾਂ ਨੂੰ “ਪਿਤਾ” ਬਾਰੇ ਚੰਗੀ ਤਰ੍ਹਾਂ “ਸਮਝਾਇਆ।” (ਯੂਹੰ. 1:17, 18) ਜਿਵੇਂ ਇਬਰਾਨੀ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ। (ਕੂਚ 34:5-7) ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਯਿਸੂ ਨੇ ਇਕ ਪਿਤਾ ਅਤੇ ਉਸ ਦੇ ਗੁਆਚੇ ਹੋਏ ਪੁੱਤਰ ਦੀ ਮਿਸਾਲ ਦਿੱਤੀ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਪੁੱਤਰ ਤੋਬਾ ਕਰਦਾ ਹੈ ਅਤੇ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦਾ ਹੈ। ਪਰ ਜਦੋਂ ਪੁੱਤਰ ਅਜੇ “ਦੂਰ ਹੀ ਸੀ,” ਤਾਂ ਪਿਤਾ ਦੀ ਨਜ਼ਰ ਉਸ ਉੱਤੇ ਪੈਂਦੀ ਹੈ। ਉਹ ਭੱਜ ਕੇ ਉਸ ਕੋਲ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਗਲ਼ੇ ਲਾ ਲੈਂਦਾ ਹੈ। ਪਿਤਾ ਦਿਲੋਂ ਉਸ ਨੂੰ ਮਾਫ਼ ਕਰ ਦਿੰਦਾ ਹੈ। ਇੱਦਾਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿੰਨਾ ਦਇਆਵਾਨ ਅਤੇ ਰਹਿਮਦਿਲ ਹੈ। (ਲੂਕਾ 15:11-32) ਯਿਸੂ ਨੇ ਆਪਣੇ ਪਿਤਾ ਦੀ ਬਿਲਕੁਲ ਉਸੇ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਿੱਦਾਂ ਦਾ ਉਹ ਅਸਲ ਵਿਚ ਹੈ। w24.02 10 ਪੈਰੇ 8-9
ਸ਼ਨੀਵਾਰ 30 ਅਗਸਤ
‘ਅਸੀਂ ਪਰਮੇਸ਼ੁਰ ਤੋਂ ਦਿਲਾਸਾ ਪਾ ਕੇ ਉਸ ਦਿਲਾਸੇ ਨਾਲ ਦੂਸਰਿਆਂ ਨੂੰ ਦਿਲਾਸਾ ਦੇ ਸਕੀਏ।’—2 ਕੁਰਿੰ. 1:4.
ਯਹੋਵਾਹ ਤੋਂ ਦਿਲਾਸਾ ਪਾ ਕੇ ਨਿਰਾਸ਼ ਲੋਕਾਂ ਨੂੰ ਤਾਜ਼ਗੀ ਮਿਲਦੀ ਹੈ। ਯਹੋਵਾਹ ਵਾਂਗ ਸਾਡੇ ਦਿਲ ਵਿਚ ਵੀ ਲੋਕਾਂ ਲਈ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਵੀ ਉਨ੍ਹਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਆਪਣੇ ਅੰਦਰ ਅਜਿਹੇ ਗੁਣ ਵਧਾ ਸਕਦੇ ਹਾਂ ਜਿਨ੍ਹਾਂ ਨਾਲ ਸਾਡਾ ਦਿਲ ਕਰੇ ਕਿ ਅਸੀਂ ਲੋਕਾਂ ਨੂੰ ਦਿਲਾਸਾ ਦੇਈਏ। ਇਹ ਗੁਣ ਕਿਹੜੇ ਹਨ? ਇਕ-ਦੂਸਰੇ ਨੂੰ ਪਿਆਰ ਕਰਦੇ ਰਹਿਣ ਅਤੇ “ਦਿਲਾਸਾ ਦਿੰਦੇ ਰਹਿਣ” ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (1 ਥੱਸ. 4:18) ਸਾਨੂੰ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦੇਣ ਦੀ ਲੋੜ ਹੈ, ਭਰਾਵਾਂ ਵਾਂਗ ਪਿਆਰ ਕਰਨ ਅਤੇ ਦਇਆ ਦਿਖਾਉਣ ਦੀ ਲੋੜ ਹੈ। (ਕੁਲੁ. 3:12; 1 ਪਤ. 3:8) ਇਹ ਗੁਣ ਸਾਡੀ ਕਿੱਦਾਂ ਮਦਦ ਕਰਨਗੇ? ਜਦੋਂ ਇਹ ਗੁਣ ਸਾਡੇ ਸੁਭਾਅ ਦਾ ਹਿੱਸਾ ਬਣ ਜਾਣਗੇ, ਤਾਂ ਅਸੀਂ ਦੂਜਿਆਂ ਨੂੰ ਦੁੱਖ ਵਿਚ ਦੇਖ ਹੀ ਨਹੀਂ ਸਕਾਂਗੇ ਤੇ ਫ਼ੌਰਨ ਉਨ੍ਹਾਂ ਨੂੰ ਦਿਲਾਸਾ ਦੇਵਾਂਗੇ। ਨਾਲੇ ਯਿਸੂ ਨੇ ਵੀ ਕਿਹਾ ਸੀ ਕਿ “ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ। ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ।” (ਮੱਤੀ 12:34, 35) ਜਿਹੜੇ ਭੈਣ-ਭਰਾ ਕਿਸੇ ਤਕਲੀਫ਼ ਵਿਚ ਹਨ, ਉਨ੍ਹਾਂ ਨੂੰ ਦਿਲਾਸਾ ਦੇਣਾ ਬਹੁਤ ਜ਼ਰੂਰੀ ਹੈ। ਇਸ ਨਾਲ ਉਹ ਜਾਣ ਸਕਣਗੇ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ। w23.11 10 ਪੈਰੇ 10-11
ਐਤਵਾਰ 31 ਅਗਸਤ
ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।—ਦਾਨੀ. 12:10.
ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਕਿਸੇ ਤੋਂ ਮਦਦ ਲੈਣੀ ਪੈਣੀ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਕਲਪਨਾ ਕਰੋ ਕਿ ਤੁਸੀਂ ਕਿਸੇ ਅਜਿਹੀ ਜਗ੍ਹਾ ਘੁੰਮਣ ਗਏ ਹੋ ਜਿਸ ਬਾਰੇ ਤੁਹਾਨੂੰ ਜ਼ਿਆਦਾ ਕੁਝ ਨਹੀਂ ਪਤਾ। ਪਰ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਆਇਆ ਹੈ। ਉਹ ਇਸ ਜਗ੍ਹਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਕਿਹੜਾ ਰਾਹ ਕਿੱਥੇ ਜਾਂਦਾ ਹੈ। ਤੁਸੀਂ ਕਿੰਨੇ ਖ਼ੁਸ਼ ਹੋਣੇ ਕਿ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਆਇਆ ਹੈ। ਯਹੋਵਾਹ ਵੀ ਇਸ ਦੋਸਤ ਵਾਂਗ ਹੈ। ਯਹੋਵਾਹ ਨੂੰ ਪਤਾ ਹੈ ਕਿ ਅਸੀਂ ਕਿਹੜੇ ਸਮੇਂ ਵਿਚ ਜੀ ਰਹੇ ਹਾਂ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਣ ਲਈ ਸਾਨੂੰ ਨਿਮਰ ਹੋ ਕੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। (ਦਾਨੀ. 2:28; 2 ਪਤ. 1:19, 20) ਇਕ ਚੰਗੇ ਪਿਤਾ ਵਾਂਗ ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਦੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ। (ਯਿਰ. 29:11) ਪਰ ਕਿਸੇ ਵੀ ਇਨਸਾਨੀ ਪਿਤਾ ਤੋਂ ਉਲਟ ਯਹੋਵਾਹ ਸਹੀ-ਸਹੀ ਦੱਸ ਸਕਦਾ ਹੈ ਕਿ ਭਵਿੱਖ ਵਿਚ ਕੀ-ਕੀ ਹੋਵੇਗਾ। ਇਸ ਲਈ ਉਸ ਨੇ ਆਪਣੇ ਬਚਨ ਵਿਚ ਭਵਿੱਖਬਾਣੀਆਂ ਦਰਜ ਕਰਵਾਈਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਅਸੀਂ ਪਹਿਲਾਂ ਤੋਂ ਹੀ ਜਾਣ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਕੀ-ਕੀ ਹੋਵੇਗਾ।—ਯਸਾ. 46:10. w23.08 8 ਪੈਰੇ 3-4