ਸਤੰਬਰ
ਸੋਮਵਾਰ 1 ਸਤੰਬਰ
ਸਵੇਰ ਦੇ ਚਾਨਣ ਵਾਂਗ ਸਾਡੇ ਉੱਤੇ ਸਵਰਗੋਂ ਚਮਕੇਗੀ।—ਲੂਕਾ 1:78.
ਪਰਮੇਸ਼ੁਰ ਨੇ ਯਿਸੂ ਨੂੰ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਦੀ ਤਾਕਤ ਦਿੱਤੀ ਹੈ। ਯਿਸੂ ਨੇ ਚਮਤਕਾਰ ਕਰ ਕੇ ਦਿਖਾਇਆ ਕਿ ਉਸ ਕੋਲ ਇਨਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਖ਼ਤਮ ਕਰਨ ਦੀ ਤਾਕਤ ਹੈ ਜਿਨ੍ਹਾਂ ਨੂੰ ਉਹ ਖ਼ੁਦ ਖ਼ਤਮ ਨਹੀਂ ਕਰ ਸਕਦੇ। ਉਦਾਹਰਣ ਲਈ, ਉਸ ਕੋਲ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਯਾਨੀ ਆਦਮ ਤੋਂ ਮਿਲੇ ਪਾਪ ਅਤੇ ਇਸ ਦੇ ਅਸਰਾਂ ਯਾਨੀ ਬੀਮਾਰੀਆਂ ਤੇ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਤਾਕਤ ਹੈ। (ਮੱਤੀ 9:1-6; ਰੋਮੀ. 5:12, 18, 19) ਉਸ ਨੇ ਚਮਤਕਾਰ ਕਰ ਕੇ ਸਾਬਤ ਕੀਤਾ ਕਿ ਉਹ “ਹਰ ਤਰ੍ਹਾਂ” ਦੀਆਂ ਬੀਮਾਰੀਆਂ ਠੀਕ ਕਰ ਸਕਦਾ ਹੈ ਅਤੇ ਇੱਥੋਂ ਤਕ ਕਿ ਮਰੇ ਹੋਇਆਂ ਨੂੰ ਵੀ ਦੁਬਾਰਾ ਜੀਉਂਦਾ ਕਰ ਸਕਦਾ ਹੈ। (ਮੱਤੀ 4:23; ਯੂਹੰ. 11:43, 44) ਇਸ ਤੋਂ ਇਲਾਵਾ, ਉਸ ਕੋਲ ਜ਼ਬਰਦਸਤ ਤੂਫ਼ਾਨ ਨੂੰ ਸ਼ਾਂਤ ਕਰਨ ਅਤੇ ਦੁਸ਼ਟ ਦੂਤਾਂ ਨੂੰ ਵੀ ਹਰਾਉਣ ਦੀ ਤਾਕਤ ਹੈ। (ਮਰ. 4:37-39; ਲੂਕਾ 8:2) ਇਹ ਜਾਣ ਕੇ ਸਾਡਾ ਹੌਸਲਾ ਵਧਦਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਇੰਨਾ ਸਾਰਾ ਕੁਝ ਕਰਨ ਦੀ ਤਾਕਤ ਦਿੱਤੀ ਹੈ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਨੇ ਆਪਣੇ ਰਾਜ ਅਧੀਨ ਜੋ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ, ਉਹ ਜ਼ਰੂਰ ਮਿਲਣਗੀਆਂ। ਧਰਤੀ ʼਤੇ ਹੁੰਦਿਆਂ ਯਿਸੂ ਨੇ ਜੋ ਚਮਤਕਾਰ ਕੀਤੇ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਹ ਵੱਡੇ ਪੈਮਾਨੇ ਤੇ ਇਹ ਕੰਮ ਕਰੇਗਾ। w23.04 3 ਪੈਰੇ 5-7
ਮੰਗਲਵਾਰ 2 ਸਤੰਬਰ
‘ਪਵਿੱਤਰ ਸ਼ਕਤੀ ਸਾਰੀਆਂ ਚੀਜ਼ਾਂ ਦੀ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ।’—1 ਕੁਰਿੰ. 2:10.
ਜੇ ਤੁਹਾਡੀ ਮੰਡਲੀ ਵੱਡੀ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਵਾਰੀ ਨਹੀਂ ਆਉਂਦੀ। ਤਾਂ ਸ਼ਾਇਦ ਤੁਹਾਡੇ ਮਨ ਵਿਚ ਆਵੇ, ‘ਕੀ ਫ਼ਾਇਦਾ ਹੱਥ ਖੜ੍ਹੇ ਕਰਨ ਦਾ?’ ਪਰ ਇੱਦਾਂ ਨਾ ਸੋਚੋ, ਸਗੋਂ ਜਵਾਬ ਦਿੰਦੇ ਰਹੋ। ਹਰ ਮੀਟਿੰਗ ਲਈ ਕਈ ਜਵਾਬ ਤਿਆਰ ਕਰੋ। ਫਿਰ ਜੇ ਅਧਿਐਨ ਦੇ ਸ਼ੁਰੂ ਵਿਚ ਤੁਹਾਡੇ ਕੋਲੋਂ ਜਵਾਬ ਨਹੀਂ ਪੁੱਛਿਆ ਜਾਂਦਾ, ਤਾਂ ਵੀ ਅਧਿਐਨ ਦੌਰਾਨ ਤੁਹਾਡੇ ਕੋਲ ਜਵਾਬ ਦੇਣ ਦੇ ਕਈ ਮੌਕੇ ਹੋਣਗੇ। ਪਹਿਰਾਬੁਰਜ ਅਧਿਐਨ ਦੀ ਤਿਆਰੀ ਕਰਦੇ ਵੇਲੇ ਸੋਚੋ ਕਿ ਹਰ ਪੈਰਾ ਲੇਖ ਦੇ ਵਿਸ਼ੇ ਨਾਲ ਕਿਵੇਂ ਜੁੜਿਆ ਹੈ। ਇਸ ਤਰ੍ਹਾਂ ਤੁਸੀਂ ਕਈ ਚੰਗੇ ਜਵਾਬ ਤਿਆਰ ਕਰ ਸਕੋਗੇ ਜਿਨ੍ਹਾਂ ਤੋਂ ਭੈਣਾਂ-ਭਰਾਵਾਂ ਦਾ ਹੌਸਲਾ ਵਧੇਗਾ। ਇਸ ਤੋਂ ਇਲਾਵਾ, ਜੇ ਤੁਸੀਂ ਚਾਹੋ, ਤਾਂ ਉਨ੍ਹਾਂ ਪੈਰਿਆਂ ਦੇ ਜਵਾਬ ਵੀ ਤਿਆਰ ਕਰ ਸਕਦੇ ਹੋ ਜਿਨ੍ਹਾਂ ਵਿਚ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਾਈਆਂ ਹੁੰਦੀਆਂ ਹਨ। ਕਿਉਂ? ਕਿਉਂਕਿ ਇਨ੍ਹਾਂ ਨੂੰ ਸਮਝਾਉਣਾ ਇੰਨਾ ਸੌਖਾ ਨਹੀਂ ਹੁੰਦਾ ਹੈ ਅਤੇ ਸ਼ਾਇਦ ਬਹੁਤ ਘੱਟ ਭੈਣ-ਭਰਾ ਹੀ ਉਨ੍ਹਾਂ ਬਾਰੇ ਜਵਾਬ ਦੇਣ ਲਈ ਹੱਥ ਖੜ੍ਹੇ ਕਰਨ। ਪਰ ਜੇ ਤੁਹਾਡੇ ਕੋਲੋਂ ਇਕ ਵੀ ਜਵਾਬ ਨਹੀਂ ਪੁੱਛਿਆ ਜਾਂਦਾ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਮੀਟਿੰਗ ਤੋਂ ਪਹਿਲਾਂ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਸਵਾਲ ਦਾ ਜਵਾਬ ਦੇਣਾ ਚਾਹੋਗੇ। w23.04 21-22 ਪੈਰੇ 9-10
ਬੁੱਧਵਾਰ 3 ਸਤੰਬਰ
‘ਯੂਸੁਫ਼ ਨੇ ਯਹੋਵਾਹ ਦੇ ਦੂਤ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੀ ਪਤਨੀ ਨੂੰ ਘਰ ਲੈ ਆਇਆ।’—ਮੱਤੀ 1:24.
ਜਦੋਂ ਯਹੋਵਾਹ ਨੇ ਯੂਸੁਫ਼ ਨੂੰ ਕੋਈ ਸਲਾਹ ਦਿੱਤੀ, ਤਾਂ ਉਸ ਨੇ ਫ਼ੌਰਨ ਉਸ ਨੂੰ ਮੰਨਿਆ। ਇਸ ਕਰਕੇ ਯੂਸੁਫ਼ ਇਕ ਵਧੀਆ ਪਤੀ ਬਣ ਸਕਿਆ। ਬਾਈਬਲ ਵਿਚ ਅਜਿਹੇ ਤਿੰਨ ਬਿਰਤਾਂਤ ਦਰਜ ਹਨ ਜਦੋਂ ਪਰਮੇਸ਼ੁਰ ਨੇ ਪਰਿਵਾਰ ਦੇ ਮਾਮਲੇ ਬਾਰੇ ਉਸ ਨੂੰ ਹਿਦਾਇਤਾਂ ਦਿੱਤੀਆਂ। ਚਾਹੇ ਕਿ ਉਨ੍ਹਾਂ ਹਿਦਾਇਤਾਂ ਨੂੰ ਮੰਨਣ ਲਈ ਉਸ ਨੂੰ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰਨੇ ਪਏ, ਫਿਰ ਵੀ ਉਸ ਨੇ ਉਨ੍ਹਾਂ ਨੂੰ ਮੰਨਿਆ। (ਮੱਤੀ 1:20; 2:13-15, 19-21) ਪਰਮੇਸ਼ੁਰ ਦੀ ਸਲਾਹ ਮੰਨ ਕੇ ਯੂਸੁਫ਼ ਮਰੀਅਮ ਦੀ ਹਿਫਾਜ਼ਤ ਕਰ ਸਕਿਆ, ਉਸ ਦਾ ਸਾਥ ਦੇ ਸਕਿਆ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰ ਸਕਿਆ। ਜ਼ਰਾ ਸੋਚੋ ਕਿ ਯੂਸੁਫ਼ ਦੇ ਇਨ੍ਹਾਂ ਕੰਮਾਂ ਨੂੰ ਦੇਖ ਕੇ ਮਰੀਅਮ ਉਸ ਨੂੰ ਹੋਰ ਜ਼ਿਆਦਾ ਪਿਆਰ ਅਤੇ ਉਸ ਦਾ ਹੋਰ ਜ਼ਿਆਦਾ ਆਦਰ ਕਰਨ ਲੱਗ ਪਈ ਹੋਣੀ। ਪਤੀਓ, ਤੁਸੀਂ ਵੀ ਪਰਿਵਾਰ ਦੀ ਦੇਖ-ਭਾਲ ਕਰਨ ਦੇ ਮਾਮਲੇ ਵਿਚ ਬਾਈਬਲ-ਆਧਾਰਿਤ ਸਲਾਹ ਮੰਨ ਕੇ ਯੂਸੁਫ਼ ਵਾਂਗ ਬਣ ਸਕਦੇ ਹੋ। ਸ਼ਾਇਦ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਆਪਣੇ ਅੰਦਰ ਬਦਲਾਅ ਕਰਨੇ ਪੈਣੇ, ਪਰ ਇੱਦਾਂ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦੇ ਹੋ। ਨਾਲੇ ਇਸ ਤਰ੍ਹਾਂ ਤੁਹਾਡਾ ਦੋਹਾਂ ਦਾ ਰਿਸ਼ਤਾ ਵੀ ਮਜ਼ਬੂਤ ਹੋ ਜਾਵੇਗਾ। ਵਨਾਵਟੂ ਦੇਸ਼ ਵਿਚ ਰਹਿਣ ਵਾਲੀ ਇਕ ਭੈਣ ਦੇ ਵਿਆਹ ਨੂੰ 20 ਤੋਂ ਜ਼ਿਆਦਾ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਜਦੋਂ ਮੇਰੇ ਪਤੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਨੇ ਕੀ ਸਲਾਹ ਦਿੱਤੀ ਹੈ ਅਤੇ ਫਿਰ ਉਸ ਨੂੰ ਲਾਗੂ ਕਰਦੇ ਹਨ, ਤਾਂ ਮੇਰੇ ਦਿਲ ਵਿਚ ਉਨ੍ਹਾਂ ਲਈ ਇੱਜ਼ਤ ਹੋਰ ਜ਼ਿਆਦਾ ਵਧ ਜਾਂਦੀ ਹੈ। ਮੈਨੂੰ ਭਰੋਸਾ ਹੋ ਜਾਂਦਾ ਹੈ ਕਿ ਉਹ ਸਹੀ ਫ਼ੈਸਲੇ ਕਰਨਗੇ ਅਤੇ ਫਿਰ ਮੈਨੂੰ ਕਿਸੇ ਗੱਲ ਦੀ ਕੋਈ ਟੈਂਸ਼ਨ ਨਹੀਂ ਰਹਿੰਦੀ।” w23.05 21 ਪੈਰਾ 5
ਵੀਰਵਾਰ 4 ਸਤੰਬਰ
ਉੱਥੇ ਇਕ ਰਾਜਮਾਰਗ ਹੋਵੇਗਾ, ਹਾਂ, ਇਕ ਰਾਹ ਜੋ ਪਵਿੱਤਰ ਰਾਹ ਕਹਾਉਂਦਾ ਹੈ।—ਯਸਾ. 35:8.
ਬਾਬਲ ਤੋਂ ਆਪਣੇ ਦੇਸ਼ ਵਾਪਸ ਜਾ ਰਹੇ ਯਹੂਦੀਆਂ ਨੇ ਪਰਮੇਸ਼ੁਰ ਲਈ ਇਕ “ਪਵਿੱਤਰ ਪਰਜਾ” ਬਣਨਾ ਸੀ। (ਬਿਵ. 7:6) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਹੁਣ ਉਨ੍ਹਾਂ ਨੂੰ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਸੀ। ਜ਼ਿਆਦਾਤਰ ਯਹੂਦੀਆਂ ਦਾ ਜਨਮ ਬਾਬਲ ਵਿਚ ਹੋਇਆ ਸੀ, ਇਸ ਕਰਕੇ ਉਨ੍ਹਾਂ ਦੀ ਸੋਚ ਅਤੇ ਤੌਰ-ਤਰੀਕੇ ਬਾਬਲੀਆਂ ਵਰਗੇ ਹੋ ਗਏ ਸਨ। ਜਦੋਂ ਯਹੂਦੀਆਂ ਦਾ ਪਹਿਲਾ ਗਰੁੱਪ ਇਜ਼ਰਾਈਲ ਵਾਪਸ ਗਿਆ, ਤਾਂ ਕਈ ਸਾਲਾਂ ਬਾਅਦ ਰਾਜਪਾਲ ਨਹਮਯਾਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਇਜ਼ਰਾਈਲ ਵਿਚ ਪੈਦਾ ਹੋਏ ਬੱਚਿਆਂ ਨੂੰ ਤਾਂ ਯਹੂਦੀਆਂ ਦੀ ਭਾਸ਼ਾ ਵੀ ਨਹੀਂ ਆਉਂਦੀ ਸੀ। (ਬਿਵ. 6:6, 7; ਨਹ. 13:23, 24) ਪਰਮੇਸ਼ੁਰ ਦੇ ਬਚਨ ਦਾ ਜ਼ਿਆਦਾਤਰ ਹਿੱਸਾ ਇਬਰਾਨੀ ਭਾਸ਼ਾ ਵਿਚ ਲਿਖਿਆ ਸੀ, ਪਰ ਇਨ੍ਹਾਂ ਬੱਚਿਆਂ ਨੂੰ ਤਾਂ ਇਬਰਾਨੀ ਭਾਸ਼ਾ ਸਮਝ ਹੀ ਨਹੀਂ ਆਉਂਦੀ ਸੀ। ਤਾਂ ਫਿਰ, ਉਹ ਕਿੱਦਾਂ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਭਗਤੀ ਕਰਨੀ ਸਿੱਖ ਸਕਦੇ ਸਨ? (ਅਜ਼. 10:3, 44) ਇਨ੍ਹਾਂ ਉਦਾਹਰਣਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਜ਼ਰਾਈਲ ਵਾਪਸ ਆਏ ਯਹੂਦੀਆਂ ਨੂੰ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰਨੇ ਪੈਣੇ ਸਨ। ਪਰ ਉਨ੍ਹਾਂ ਲਈ ਇਜ਼ਰਾਈਲ ਵਿਚ ਰਹਿ ਕੇ ਇਹ ਬਦਲਾਅ ਕਰਨੇ ਸੌਖੇ ਹੋਣੇ ਸਨ ਜਿੱਥੇ ਸ਼ੁੱਧ ਭਗਤੀ ਹੌਲੀ-ਹੌਲੀ ਬਹਾਲ ਹੋ ਰਹੀ ਸੀ।—ਨਹ. 8:8, 9. w23.05 15 ਪੈਰੇ 6-7
ਸ਼ੁੱਕਰਵਾਰ 5 ਸਤੰਬਰ
ਯਹੋਵਾਹ ਡਿਗ ਰਹੇ ਲੋਕਾਂ ਨੂੰ ਸਹਾਰਾ ਦਿੰਦਾ ਹੈ ਅਤੇ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ।—ਜ਼ਬੂ. 145:14.
ਦੁੱਖ ਦੀ ਗੱਲ ਹੈ ਕਿ ਚਾਹੇ ਸਾਡੇ ਵਿਚ ਜਿੰਨੀ ਮਰਜ਼ੀ ਇੱਛਾ ਹੋਵੇ ਜਾਂ ਅਸੀਂ ਜਿੰਨਾ ਮਰਜ਼ੀ ਅਨੁਸ਼ਾਸਨ ਵਿਚ ਰਹੀਏ, ਫਿਰ ਵੀ ਸਾਡੇ ਸਾਮ੍ਹਣੇ ਰੁਕਾਵਟਾਂ ਆ ਸਕਦੀਆਂ ਹਨ। ਉਦਾਹਰਣ ਲਈ, ਸਾਡੇ ਨਾਲ “ਅਚਾਨਕ ਕੁਝ ਵੀ ਵਾਪਰ ਸਕਦਾ ਹੈ” ਜਿਸ ਕਰਕੇ ਸਾਡਾ ਉਹ ਸਮਾਂ ਬਰਬਾਦ ਹੋ ਸਕਦਾ ਹੈ ਜੋ ਅਸੀਂ ਟੀਚਾ ਹਾਸਲ ਕਰਨ ਵਿਚ ਲਾਉਣਾ ਸੀ। (ਉਪ. 9:11) ਸ਼ਾਇਦ ਸਾਨੂੰ ਕੋਈ ਮੁਸ਼ਕਲ ਆਵੇ ਜਿਸ ਕਰਕੇ ਅਸੀਂ ਨਿਰਾਸ਼ ਹੋ ਜਾਈਏ ਅਤੇ ਸਾਡੀ ਤਾਕਤ ਘੱਟ ਜਾਵੇ। (ਕਹਾ. 24:10) ਨਾਮੁਕੰਮਲ ਹੋਣ ਕਰਕੇ ਸ਼ਾਇਦ ਸਾਡੇ ਤੋਂ ਗ਼ਲਤੀਆਂ ਹੋ ਜਾਣ ਜਿਸ ਕਰਕੇ ਅਸੀਂ ਆਪਣਾ ਟੀਚਾ ਹਾਸਲ ਨਾ ਕਰ ਸਕੀਏ। (ਰੋਮੀ. 7:23) ਜਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਥੱਕੇ ਹੋਈਏ। (ਮੱਤੀ 26:43) ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ? ਯਾਦ ਰੱਖੋ ਕਿ ਰੁਕਾਵਟਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਹਾਰ ਗਏ ਹੋ। ਬਾਈਬਲ ਕਹਿੰਦੀ ਹੈ ਕਿ ਸਾਡੇ ʼਤੇ ਵਾਰ-ਵਾਰ ਮੁਸ਼ਕਲਾਂ ਆ ਸਕਦੀਆਂ ਹਨ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਫਿਰ ਤੋਂ ਖੜ੍ਹੇ ਹੋ ਸਕਦੇ ਹਾਂ। ਜੀ ਹਾਂ, ਰੁਕਾਵਟਾਂ ਦੇ ਬਾਵਜੂਦ ਵੀ ਜਦੋਂ ਅਸੀਂ ਅੱਗੇ ਵਧਦੇ ਰਹਿੰਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ! w23.05 30 ਪੈਰੇ 14-15
ਸ਼ਨੀਵਾਰ 6 ਸਤੰਬਰ
ਭੇਡਾਂ ਲਈ ਮਿਸਾਲ ਬਣੋ।—1 ਪਤ. 5:3.
ਜਦੋਂ ਇਕ ਨੌਜਵਾਨ ਭਰਾ ਪਾਇਨੀਅਰਿੰਗ ਕਰਦਾ ਹੈ, ਤਾਂ ਉਹ ਅਲੱਗ-ਅਲੱਗ ਲੋਕਾਂ ਨਾਲ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਨਾ ਸਿੱਖਦਾ ਹੈ। ਨਾਲੇ ਉਹ ਸਿੱਖਦਾ ਹੈ ਕਿ ਉਸ ਕੋਲ ਜੋ ਹੈ, ਉਸ ਵਿਚ ਆਪਣਾ ਗੁਜ਼ਾਰਾ ਕਿਵੇਂ ਕਰੇ। (ਫ਼ਿਲਿ. 4:11-13) ਪੂਰੇ ਸਮੇਂ ਦੀ ਸੇਵਾ ਕਰਨ ਲਈ ਵਧੀਆ ਹੋਵੇਗਾ ਕਿ ਤੁਸੀਂ ਪਹਿਲਾਂ ਕੁਝ ਸਮੇਂ ਲਈ ਔਗਜ਼ੀਲਰੀ ਪਾਇਨੀਅਰਿੰਗ ਕਰੋ। ਇੱਦਾਂ ਕਰਨ ਕਰਕੇ ਤੁਸੀਂ ਅੱਗੇ ਚੱਲ ਕੇ ਰੈਗੂਲਰ ਪਾਇਨੀਅਰਿੰਗ ਕਰਨ ਲਈ ਤਿਆਰ ਹੋ ਸਕਦੇ ਹੋ। ਪਾਇਨੀਅਰਿੰਗ ਕਰਨ ਨਾਲ ਪੂਰੇ ਸਮੇਂ ਦੀ ਸੇਵਾ ਕਰਨ ਦੇ ਹੋਰ ਵੀ ਕਈ ਦਰਵਾਜ਼ੇ ਖੁੱਲ੍ਹਦੇ ਹਨ, ਜਿਵੇਂ ਕਿ ਉਸਾਰੀ ਦਾ ਕੰਮ ਕਰਨਾ ਜਾਂ ਬੈਥਲ ਵਿਚ ਸੇਵਾ ਕਰਨੀ। ਮਸੀਹੀ ਭਰਾਵਾਂ ਨੂੰ ਬਜ਼ੁਰਗ ਬਣਨ ਦਾ ਟੀਚਾ ਰੱਖਣਾ ਚਾਹੀਦਾ ਹੈ ਤਾਂਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰ ਸਕਣ। ਬਾਈਬਲ ਕਹਿੰਦੀ ਹੈ ਕਿ ਜਿਹੜੇ ਭਰਾ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦੇ ਹਨ, ਉਨ੍ਹਾਂ ਵਿਚ “ਚੰਗਾ ਕੰਮ ਕਰਨ ਦੀ ਇੱਛਾ ਹੈ।” (1 ਤਿਮੋ. 3:1) ਇਕ ਭਰਾ ਨੂੰ ਪਹਿਲਾਂ ਸਹਾਇਕ ਸੇਵਕ ਵਜੋਂ ਸੇਵਾ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ। ਸਹਾਇਕ ਸੇਵਕ ਅਲੱਗ-ਅਲੱਗ ਤਰੀਕਿਆਂ ਨਾਲ ਬਜ਼ੁਰਗਾਂ ਦੀ ਮਦਦ ਕਰਦੇ ਹਨ। ਬਜ਼ੁਰਗ ਅਤੇ ਸਹਾਇਕ ਸੇਵਕ ਨਿਮਰਤਾ ਨਾਲ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ ਅਤੇ ਜੋਸ਼ ਨਾਲ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ। w23.12 28 ਪੈਰੇ 14-16
ਐਤਵਾਰ 7 ਸਤੰਬਰ
ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ।—2 ਇਤਿ. 34:3.
ਰਾਜਾ ਯੋਸੀਯਾਹ ਵਾਂਗ ਸਹੀ ਫ਼ੈਸਲੇ ਕਰੋ। ਨੌਜਵਾਨ ਹੁੰਦਿਆਂ ਹੀ ਯੋਸੀਯਾਹ ਨੇ ਯਹੋਵਾਹ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਸੀ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਸੀ। ਪਰ ਇਸ ਨੌਜਵਾਨ ਰਾਜੇ ਲਈ ਇਹ ਸਾਰਾ ਕੁਝ ਕਰਨਾ ਇੰਨਾ ਸੌਖਾ ਨਹੀਂ ਸੀ। ਕਿਉਂ? ਕਿਉਂਕਿ ਉਸ ਵੇਲੇ ਹਰ ਪਾਸੇ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਉਨ੍ਹਾਂ ਨੂੰ ਰੋਕਣ ਲਈ ਯੋਸੀਯਾਹ ਨੂੰ ਦਲੇਰੀ ਦਿਖਾਉਣ ਦੀ ਲੋੜ ਸੀ। ਬਿਨਾਂ ਸ਼ੱਕ, ਉਸ ਨੇ ਬਿਲਕੁਲ ਇੱਦਾਂ ਹੀ ਕੀਤਾ। ਹਾਲੇ ਉਹ 20 ਸਾਲਾਂ ਦਾ ਵੀ ਨਹੀਂ ਸੀ ਜਦੋਂ ਉਸ ਨੇ ਇਜ਼ਰਾਈਲ ਕੌਮ ਵਿੱਚੋਂ ਝੂਠੀ ਭਗਤੀ ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ। (2 ਇਤਿ. 34:1, 2) ਕੀ ਤੁਸੀਂ ਛੋਟੀ ਉਮਰ ਦੇ ਹੋ? ਜੇ ਹਾਂ, ਤਾਂ ਤੁਸੀਂ ਵੀ ਯੋਸੀਯਾਹ ਵਾਂਗ ਬਣ ਸਕਦੇ ਹੋ। ਉਹ ਕਿਵੇਂ? ਤੁਸੀਂ ਯਹੋਵਾਹ ਦੀ ਭਾਲ ਕਰ ਸਕਦੇ ਹੋ ਯਾਨੀ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੋਗੇ। ਜੋ ਲੋਕ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ, ਉਹ ਹਰ ਰੋਜ਼ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ? ਲੂਕ ਨੇ 14 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ। ਉਹ ਕਹਿੰਦਾ ਹੈ: “ਹੁਣ ਤੋਂ ਮੈਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗਾ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।” (ਮਰ. 12:30) ਜੇ ਤੁਸੀਂ ਵੀ ਇੱਦਾਂ ਹੀ ਕਰਨਾ ਚਾਹੁੰਦੇ ਹੋ, ਤਾਂ ਇਹ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ! w23.09 11 ਪੈਰੇ 12-13
ਸੋਮਵਾਰ 8 ਸਤੰਬਰ
ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਦੀ ਸੇਵਾ ਵਿਚ ਤੁਹਾਡੀ ਅਗਵਾਈ ਕਰਦੇ ਹਨ।—1 ਥੱਸ. 5:12.
ਜਦੋਂ ਪੌਲੁਸ ਰਸੂਲ ਨੇ ਥੱਸਲੁਨੀਕੀਆਂ ਦੇ ਮਸੀਹੀਆਂ ਨੂੰ ਇਹ ਚਿੱਠੀ ਲਿਖੀ, ਤਾਂ ਇਸ ਮੰਡਲੀ ਨੂੰ ਬਣਿਆ ਅਜੇ ਸਾਲ ਵੀ ਨਹੀਂ ਹੋਇਆ ਸੀ। ਇਸ ਕਰਕੇ ਹੋ ਸਕਦਾ ਹੈ ਕਿ ਅਗਵਾਈ ਕਰਨ ਵਾਲੇ ਭਰਾ ਨਾਤਜਰਬੇਕਾਰ ਹੋਣ ਅਤੇ ਸ਼ਾਇਦ ਉਨ੍ਹਾਂ ਤੋਂ ਗ਼ਲਤੀਆਂ ਵੀ ਹੋਈਆਂ ਹੋਣ। ਫਿਰ ਵੀ ਉਹ ਆਦਰ ਲੈਣ ਦੇ ਹੱਕਦਾਰ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਨੂੰ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਸੇਧ ਲੈਣ ਦੀ ਲੋੜ ਪਵੇਗੀ। ਸ਼ਾਇਦ ਮੁੱਖ ਦਫ਼ਤਰ ਅਤੇ ਬ੍ਰਾਂਚ ਆਫ਼ਿਸ ਨਾਲ ਸਾਡਾ ਸੰਪਰਕ ਟੁੱਟ ਜਾਵੇ। ਇਸ ਕਰਕੇ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਅੱਜ ਹੀ ਬਜ਼ੁਰਗਾਂ ਨੂੰ ਪਿਆਰ ਕਰਨਾ ਤੇ ਉਨ੍ਹਾਂ ਦਾ ਆਦਰ ਕਰਨਾ ਸਿੱਖੀਏ! ਚਾਹੇ ਜੋ ਵੀ ਹੋ ਜਾਵੇ, ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਆਪਣੇ ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਨਾ ਲਾਈਏ। ਇਸ ਦੀ ਬਜਾਇ, ਇਸ ਗੱਲ ʼਤੇ ਧਿਆਨ ਲਾਈਏ ਕਿ ਯਹੋਵਾਹ ਮਸੀਹ ਰਾਹੀਂ ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਅਗਵਾਈ ਕਰ ਰਿਹਾ ਹੈ। ਜਿਸ ਤਰ੍ਹਾਂ ਟੋਪ ਕਰਕੇ ਫ਼ੌਜੀ ਦੇ ਸਿਰ ਦੀ ਰਾਖੀ ਹੁੰਦੀ ਹੈ, ਉਸੇ ਤਰ੍ਹਾਂ ਮੁਕਤੀ ਦੀ ਉਮੀਦ ਕਰਕੇ ਸਾਡੀਆਂ ਸੋਚਾਂ ਦੀ ਰਾਖੀ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਇਸ ਦੁਨੀਆਂ ਦੀ ਹਰ ਚੀਜ਼ ਵਿਅਰਥ ਹੈ। (ਫ਼ਿਲਿ. 3:8) ਉਮੀਦ ਹੋਣ ਕਰਕੇ ਅਸੀਂ ਸ਼ਾਂਤ ਤੇ ਸਥਿਰ ਰਹਿ ਪਾਉਂਦੇ ਹਾਂ। w23.06 11-12 ਪੈਰੇ 11-12
ਮੰਗਲਵਾਰ 9 ਸਤੰਬਰ
ਮੂਰਖ ਔਰਤ ਖੱਪ ਪਾਉਂਦੀ ਰਹਿੰਦੀ ਹੈ। ਉਹ ਬੇਅਕਲ ਹੈ।—ਕਹਾ. 9:13.
“ਮੂਰਖ ਔਰਤ” ਦਾ ਸੱਦਾ ਸੁਣਨ ਵਾਲਿਆਂ ਨੂੰ ਇਹ ਫ਼ੈਸਲਾ ਕਰਨਾ ਪੈਣਾ ਕਿ ਉਹ ਉਸ ਦਾ ਸੱਦਾ ਕਬੂਲ ਕਰਨਗੇ ਜਾਂ ਨਹੀਂ। ਸਾਨੂੰ ਕਈ ਚੰਗੇ ਕਾਰਨਾਂ ਕਰਕੇ ਗੰਦੇ ਚਾਲ-ਚਲਣ ਅਤੇ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ। “ਮੂਰਖ ਔਰਤ” ਕਹਿੰਦੀ ਹੈ: “ਚੋਰੀ ਦਾ ਪਾਣੀ ਮਿੱਠਾ ਹੈ।” (ਕਹਾ. 9:17) “ਚੋਰੀ ਦਾ ਪਾਣੀ” ਕੀ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਵਿਆਹੁਤਾ ਜੋੜਿਆਂ ਵਿਚ ਸਰੀਰਕ ਸੰਬੰਧ ਤਾਜ਼ਗੀ ਦੇਣ ਵਾਲੇ ਪਾਣੀ ਵਾਂਗ ਹੈ। (ਕਹਾ. 5:15-18) ਜਿਸ ਆਦਮੀ ਤੇ ਔਰਤ ਦਾ ਕਾਨੂੰਨੀ ਤੌਰ ਤੇ ਵਿਆਹ ਹੋਇਆ ਹੁੰਦਾ ਹੈ, ਸਿਰਫ਼ ਉਹੀ ਇਕ-ਦੂਜੇ ਨਾਲ ਸਰੀਰਕ ਸੰਬੰਧ ਬਣਾ ਸਕਦੇ ਹਨ। ਪਰ ਇਹ ‘ਚੋਰੀ ਦੇ ਪਾਣੀ’ ਨਾਲੋਂ ਕਿਵੇਂ ਵੱਖਰਾ ਹੈ? “ਚੋਰੀ ਦਾ ਪਾਣੀ” ਵਿਆਹ ਤੋਂ ਬਗੈਰ ਜਾਂ ਨਾਜਾਇਜ਼ ਸਰੀਰਕ ਸੰਬੰਧਾਂ ਨੂੰ ਦਰਸਾ ਸਕਦਾ ਹੈ। ਜਿਵੇਂ ਚੋਰ ਅਕਸਰ ਲੁਕ-ਛਿਪ ਕੇ ਚੋਰੀ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਨਾਜਾਇਜ਼ ਸੰਬੰਧ ਵੀ ਲੁਕ-ਛਿਪ ਕੇ ਬਣਾਏ ਜਾਂਦੇ ਹਨ। “ਚੋਰੀ ਦਾ ਪਾਣੀ” ਸ਼ਾਇਦ ਉਨ੍ਹਾਂ ਨੂੰ ਮਿੱਠਾ ਲੱਗਦਾ ਹੈ ਜੋ ਸੋਚਦੇ ਹਨ ਕਿ ਉਨ੍ਹਾਂ ਦੇ ਪਾਪ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਪਰ ਇੱਦਾਂ ਸੋਚ ਕੇ ਉਹ ਆਪਣੇ ਆਪ ਨੂੰ ਕਿੰਨਾ ਵੱਡਾ ਧੋਖਾ ਦੇ ਰਹੇ ਹੁੰਦੇ ਹਨ! ਕਿਉਂ? ਕਿਉਂਕਿ ਯਹੋਵਾਹ ਸਾਰਾ ਕੁਝ ਦੇਖਦਾ ਹੈ। ਜੇ ਅਸੀਂ ਯਹੋਵਾਹ ਦੀ ਮਿਹਰ ਗੁਆ ਬੈਠੀਏ, ਤਾਂ ਇਸ ਨਾਲੋਂ ਕੌੜਾ ਹੋਰ ਕੀ ਹੋ ਸਕਦਾ ਹੈ? ਉਸ ਦੀ ਮਿਹਰ ਗੁਆ ਬੈਠਣਾ “ਮਿੱਠਾ” ਹੋ ਹੀ ਨਹੀਂ ਸਕਦਾ।—1 ਕੁਰਿੰ. 6:9, 10. w23.06 22 ਪੈਰੇ 7-9
ਬੁੱਧਵਾਰ 10 ਸਤੰਬਰ
ਜੇ ਮੈਂ ਆਪਣੀ ਇੱਛਾ ਤੋਂ ਉਲਟ ਇਹ ਕੰਮ ਕਰਦਾ ਹਾਂ, ਤਾਂ ਵੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।—1 ਕੁਰਿੰ. 9:17.
ਕੀ ਕੁਝ ਸਮੇਂ ਤੋਂ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਦਿਲੋਂ ਪ੍ਰਾਰਥਨਾ ਨਹੀਂ ਕਰ ਰਹੇ ਹੋ? ਪ੍ਰਚਾਰ ਵਿਚ ਤੁਹਾਨੂੰ ਪਹਿਲਾਂ ਵਾਂਗ ਖ਼ੁਸ਼ੀ ਨਹੀਂ ਮਿਲਦੀ? ਇਹ ਨਾ ਸੋਚੋ ਕਿ ਯਹੋਵਾਹ ਤੁਹਾਡੇ ਨਾਲ ਨਾਰਾਜ਼ ਹੈ। ਨਾਮੁਕੰਮਲ ਹੋਣ ਕਰਕੇ ਤੁਹਾਡੀਆਂ ਭਾਵਨਾਵਾਂ ਬਦਲਦੀਆਂ ਰਹਿੰਦੀਆਂ ਹਨ। ਜੇ ਤੁਹਾਡਾ ਜੋਸ਼ ਠੰਢਾ ਪੈ ਰਿਹਾ ਹੈ, ਤਾਂ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਹ ਯਿਸੂ ਦੇ ਪਿੱਛੇ-ਪਿੱਛੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦਾ ਸੀ, ਪਰ ਕਦੇ-ਕਦੇ ਉਸ ਦਾ ਵੀ ਸੇਵਾ ਕਰਨ ਦਾ ਦਿਲ ਨਹੀਂ ਸੀ ਕਰਦਾ। ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦਾ ਇਰਾਦਾ ਕੀਤਾ ਹੋਇਆ ਸੀ ਚਾਹੇ ਉਸ ਦਾ ਕਦੇ-ਕਦਾਈਂ ਇੱਦਾਂ ਕਰਨ ਦਾ ਦਿਲ ਨਹੀਂ ਕਰਦਾ ਸੀ। ਪੌਲੁਸ ਤੋਂ ਤੁਸੀਂ ਕੀ ਸਿੱਖ ਸਕਦੇ ਹੋ? ਭਾਵਨਾਵਾਂ ਵਿਚ ਵਹਿ ਕੇ ਫ਼ੈਸਲੇ ਨਾ ਕਰੋ। ਜਦੋਂ ਤੁਹਾਡਾ ਦਿਲ ਨਾ ਵੀ ਕਰੇ, ਉਦੋਂ ਵੀ ਸਹੀ ਕੰਮ ਕਰਦੇ ਰਹੋ। ਜੇ ਤੁਸੀਂ ਇੱਦਾਂ ਕਰਦੇ ਰਹੋਗੇ, ਤਾਂ ਹੌਲੀ-ਹੌਲੀ ਤੁਹਾਨੂੰ ਸਹੀ ਕੰਮ ਕਰਨਾ ਵਧੀਆ ਲੱਗੇਗਾ।—1 ਕੁਰਿੰ. 9:16. w24.03 11-12 ਪੈਰੇ 12-13
ਵੀਰਵਾਰ 11 ਸਤੰਬਰ
ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦਿਓ।—2 ਕੁਰਿੰ. 8:24.
ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਕੇ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਲਈ ਆਪਣਾ ਪਿਆਰ ਦਿਖਾ ਸਕਦੇ ਹਾਂ। ਬਦਲੇ ਵਿਚ, ਉਹ ਵੀ ਸਾਨੂੰ ਪਿਆਰ ਦਿਖਾਉਣ ਲਈ ਪ੍ਰੇਰਿਤ ਹੋਣਗੇ। (2 ਕੁਰਿੰ. 6:11-13) ਕਈ ਮੰਡਲੀਆਂ ਵਿਚ ਅਜਿਹੇ ਭੈਣ-ਭਰਾ ਹਨ ਜਿਨ੍ਹਾਂ ਦੀ ਪਰਵਰਿਸ਼ ਅਲੱਗ-ਅਲੱਗ ਮਾਹੌਲ ਵਿਚ ਹੋਈ ਹੈ ਅਤੇ ਜਿਨ੍ਹਾਂ ਦਾ ਸੁਭਾਅ ਵੀ ਅਲੱਗ-ਅਲੱਗ ਹੈ। ਅਸੀਂ ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦੇ ਕੇ ਉਨ੍ਹਾਂ ਲਈ ਆਪਣਾ ਪਿਆਰ ਹੋਰ ਵਧਾ ਸਕਦੇ ਹਾਂ। ਜਦੋਂ ਅਸੀਂ ਯਹੋਵਾਹ ਵਾਂਗ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ। ਮਹਾਂਕਸ਼ਟ ਸ਼ੁਰੂ ਹੋਣ ʼਤੇ ਸਾਨੂੰ ਸੁਰੱਖਿਆ ਕਿੱਥੇ ਮਿਲੇਗੀ? ਗੌਰ ਕਰੋ ਕਿ ਜਦੋਂ ਬਾਬਲ ʼਤੇ ਹਮਲਾ ਕੀਤਾ ਗਿਆ, ਤਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕੀ ਕਰਨ ਲਈ ਕਿਹਾ ਸੀ: “ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ ਅਤੇ ਆਪਣੇ ਬੂਹੇ ਬੰਦ ਕਰ ਲਓ। ਆਪਣੇ ਆਪ ਨੂੰ ਥੋੜ੍ਹੇ ਸਮੇਂ ਲਈ ਲੁਕਾ ਲਓ ਜਦ ਤਕ ਕ੍ਰੋਧ ਟਲ ਨਹੀਂ ਜਾਂਦਾ।” (ਯਸਾ. 26:20) ਸ਼ਾਇਦ ਮਹਾਂਕਸ਼ਟ ਦੌਰਾਨ ਸਾਨੂੰ ਵੀ ਇਹ ਹਿਦਾਇਤਾਂ ਮੰਨਣੀਆਂ ਪੈਣ। w23.07 6-7 ਪੈਰੇ 14-16
ਸ਼ੁੱਕਰਵਾਰ 12 ਸਤੰਬਰ
ਇਹ ਦੁਨੀਆਂ ਬਦਲਦੀ ਜਾ ਰਹੀ ਹੈ।—1 ਕੁਰਿੰ. 7:31.
ਆਪਣੇ ਚਾਲ-ਚਲਣ ਤੋਂ ਦਿਖਾਓ ਕਿ ਤੁਸੀਂ ਆਪਣੀ ਗੱਲ ʼਤੇ ਅੜੇ ਨਹੀਂ ਰਹਿੰਦੇ। ਆਪਣੇ ਆਪ ਤੋਂ ਪੁੱਛੋ: ‘ਕੀ ਲੋਕ ਸੋਚਦੇ ਹਨ ਕਿ ਮੈਂ ਸਮਝਦਾਰ ਹਾਂ ਅਤੇ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹਾਂ? ਜਾਂ ਕੀ ਮੈਂ ਅੜਬ, ਸਖ਼ਤ ਅਤੇ ਜ਼ਿੱਦੀ ਹਾਂ? ਕੀ ਮੈਂ ਦੂਜਿਆਂ ਦੀ ਸੁਣਦਾ ਹਾਂ ਅਤੇ ਫੇਰ-ਬਦਲ ਕਰਦਾ ਹਾਂ?’ ਅਸੀਂ ਜਿੰਨਾ ਜ਼ਿਆਦਾ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਾਂ, ਅਸੀਂ ਉੱਨਾ ਜ਼ਿਆਦਾ ਯਹੋਵਾਹ ਤੇ ਯਿਸੂ ਦੀ ਰੀਸ ਕਰ ਰਹੇ ਹੁੰਦੇ ਹਾਂ। ਸਮਝਦਾਰੀ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਅੜਬ ਨਾ ਬਣੀਏ, ਸਗੋਂ ਹਾਲਾਤ ਬਦਲਣ ʼਤੇ ਫੇਰ-ਬਦਲ ਕਰੀਏ। ਹਾਲਾਤ ਬਦਲਣ ʼਤੇ ਸ਼ਾਇਦ ਅਜਿਹੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਾ ਹੋਵੇ। ਸ਼ਾਇਦ ਸਾਨੂੰ ਅਚਾਨਕ ਕੋਈ ਗੰਭੀਰ ਬੀਮਾਰੀ ਲੱਗ ਜਾਵੇ। ਜਾਂ ਸਾਡੇ ਇਲਾਕੇ ਵਿਚ ਆਰਥਿਕ ਤੰਗੀ ਆ ਜਾਵੇ ਜਾਂ ਰਾਜਨੀਤਿਕ ਉਥਲ-ਪੁਥਲ ਮੱਚ ਜਾਵੇ। ਇਸ ਕਰਕੇ ਸਾਡੀ ਜ਼ਿੰਦਗੀ ਹੋਰ ਵੀ ਔਖੀ ਹੋ ਸਕਦੀ ਹੈ। (ਉਪ. 9:11) ਇੱਥੋਂ ਤਕ ਕਿ ਜਦੋਂ ਸੰਗਠਨ ਵਿਚ ਸਾਡੀ ਜ਼ਿੰਮੇਵਾਰੀ ਬਦਲਦੀ ਹੈ, ਤਾਂ ਉਸ ਵੇਲੇ ਵੀ ਸਾਡੇ ਲਈ ਔਖਾ ਹੋ ਸਕਦਾ ਹੈ। ਪਰ ਅੱਗੇ ਦੱਸੇ ਚਾਰ ਕਦਮ ਚੁੱਕ ਕੇ ਅਸੀਂ ਨਵੇਂ ਹਾਲਾਤਾਂ ਮੁਤਾਬਕ ਢਲ਼ ਸਕਦੇ ਹਾਂ: (1) ਅਸਲੀਅਤ ਸਵੀਕਾਰ ਕਰੋ, (2) ਅਗਾਂਹ ਦੀ ਸੋਚੋ, (3) ਚੰਗੀਆਂ ਗੱਲਾਂ ʼਤੇ ਧਿਆਨ ਲਾਓ ਅਤੇ (4) ਦੂਜਿਆਂ ਲਈ ਕੁਝ ਕਰੋ। w23.07 21-22 ਪੈਰੇ 7-8
ਸ਼ਨੀਵਾਰ 13 ਸਤੰਬਰ
ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ।—ਦਾਨੀ. 9:23.
ਜਦੋਂ ਦਾਨੀਏਲ ਨਬੀ ਨੌਜਵਾਨ ਸੀ, ਤਾਂ ਬਾਬਲੀ ਉਸ ਨੂੰ ਗ਼ੁਲਾਮ ਬਣਾ ਕੇ ਉਸ ਦੇ ਘਰ ਯਰੂਸ਼ਲਮ ਤੋਂ ਬਹੁਤ ਦੂਰ ਬਾਬਲ ਲੈ ਗਏ। ਬਾਬਲੀਆਂ ਨੇ ਦੇਖਿਆ ਕਿ ਦਾਨੀਏਲ ਵਿਚ ‘ਕੋਈ ਨੁਕਸ ਨਹੀਂ ਸੀ, ਸਗੋਂ ਉਹ ਸੋਹਣਾ-ਸੁਨੱਖਾ’ ਸੀ ਅਤੇ ਉੱਚੇ ਖ਼ਾਨਦਾਨ ਤੋਂ ਸੀ। ਉਸ ਦਾ “ਬਾਹਰਲਾ ਰੂਪ” ਦੇਖ ਕੇ ਬਾਬਲੀਆਂ ʼਤੇ ਚੰਗਾ ਅਸਰ ਪਿਆ। (1 ਸਮੂ. 16:7) ਇਸੇ ਕਰਕੇ ਉਨ੍ਹਾਂ ਨੇ ਸੋਚਿਆ ਕਿ ਉਹ ਦਾਨੀਏਲ ਨੂੰ ਸਿਖਲਾਈ ਦੇਣਗੇ ਤਾਂਕਿ ਉਹ ਅੱਗੇ ਜਾ ਕੇ ਮਹਿਲ ਵਿਚ ਸੇਵਾ ਕਰ ਸਕੇ। (ਦਾਨੀ. 1:3, 4, 6) ਯਹੋਵਾਹ ਦਾਨੀਏਲ ਨੂੰ ਪਿਆਰ ਕਰਦਾ ਸੀ। ਉਸ ਨੇ ਦੇਖਿਆ ਕਿ ਦਾਨੀਏਲ ਨੇ ਕਿਹੋ ਜਿਹਾ ਇਨਸਾਨ ਬਣਨ ਦਾ ਫ਼ੈਸਲਾ ਕੀਤਾ ਸੀ। ਯਹੋਵਾਹ ਨੇ ਦਾਨੀਏਲ ਬਾਰੇ ਕਿਹਾ ਕਿ ਉਹ ਨੂਹ ਅਤੇ ਅੱਯੂਬ ਵਾਂਗ ਨੇਕ ਸੀ। ਨੂਹ ਅਤੇ ਅੱਯੂਬ ਨੇ ਤਾਂ ਕਈ ਦਹਾਕਿਆਂ ਤਕ ਵਫ਼ਾਦਾਰੀ ਨਾਲ ਸੇਵਾ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਇਆ ਸੀ। ਪਰ ਜਦੋਂ ਯਹੋਵਾਹ ਨੇ ਦਾਨੀਏਲ ਬਾਰੇ ਇਹ ਗੱਲ ਕਹੀ ਸੀ, ਤਾਂ ਸ਼ਾਇਦ ਉਹ ਸਿਰਫ਼ 18-20 ਸਾਲਾਂ ਦਾ ਹੀ ਸੀ। (ਉਤ. 5:32; 6:9, 10; ਅੱਯੂ. 42:16, 17; ਹਿਜ਼. 14:14) ਦਾਨੀਏਲ ਨੇ ਇਕ ਲੰਬੀ ਜ਼ਿੰਦਗੀ ਗੁਜ਼ਾਰੀ ਅਤੇ ਉਸ ਦੀ ਜ਼ਿੰਦਗੀ ਵਿਚ ਕਈ ਉਤਾਰ-ਚੜ੍ਹਾਅ ਆਏ, ਪਰ ਯਹੋਵਾਹ ਨੇ ਕਦੀ ਉਸ ਦਾ ਸਾਥ ਨਹੀਂ ਛੱਡਿਆ। ਉਹ ਹਮੇਸ਼ਾ ਦਾਨੀਏਲ ਨੂੰ ਪਿਆਰ ਕਰਦਾ ਰਿਹਾ।—ਦਾਨੀ. 10:11, 19. w23.08 2 ਪੈਰੇ 1-2
ਐਤਵਾਰ 14 ਸਤੰਬਰ
‘ਤੁਸੀਂ ਸੱਚਾਈ ਦੀ ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝ ਸਕੋ।’—ਅਫ਼. 3:18.
ਕੋਈ ਘਰ ਖ਼ਰੀਦਣ ਤੋਂ ਪਹਿਲਾਂ ਤੁਸੀਂ ਖ਼ੁਦ ਜਾ ਕੇ ਘਰ ਦੇ ਹਰ ਹਿੱਸੇ ਦੀ ਜਾਂਚ ਕਰਨੀ ਚਾਹੋਗੇ। ਬਾਈਬਲ ਪੜ੍ਹ ਕੇ ਤੇ ਇਸ ਦਾ ਅਧਿਐਨ ਕਰ ਕੇ ਅਸੀਂ ਇੱਦਾਂ ਕਰ ਸਕਦੇ ਹਾਂ। ਜੇ ਤੁਸੀਂ ਕਾਹਲੀ-ਕਾਹਲੀ ਬਾਈਬਲ ਪੜ੍ਹਦੇ ਹੋ, ਤਾਂ ਤੁਸੀਂ ਸ਼ਾਇਦ “ਪਰਮੇਸ਼ੁਰ ਦੀ ਪਵਿੱਤਰ ਬਾਣੀ ਦੀਆਂ ਬੁਨਿਆਦੀ ਗੱਲਾਂ” ਬਾਰੇ ਹੀ ਜਾਣ ਸਕੋ। (ਇਬ. 5:12) ਜਿੱਦਾਂ ਘਰ ਖ਼ਰੀਦਣ ਲੱਗਿਆਂ ਤੁਸੀਂ ਘਰ ਦੇ ਹਰ ਹਿੱਸੇ ਦੀ ਜਾਂਚ ਕਰਦੇ ਹੋ, ਉੱਦਾਂ ਹੀ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਗਹਿਰਾਈ ਨਾਲ ਇਸ ਦਾ ਅਧਿਐਨ ਕਰੋ। ਇਸ ਤਰ੍ਹਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਇਹ ਦੇਖੋ ਕਿ ਬਾਈਬਲ ਦੀ ਇਕ ਕਿਤਾਬ ਵਿਚ ਦੱਸੀਆਂ ਗੱਲਾਂ ਦੂਜੀਆਂ ਕਿਤਾਬਾਂ ਨਾਲ ਕਿਵੇਂ ਮੇਲ ਖਾਂਦੀਆਂ ਹਨ। ਸਿਰਫ਼ ਇਹੀ ਸਮਝਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਕਿਹੜੀਆਂ ਗੱਲਾਂ ʼਤੇ ਵਿਸ਼ਵਾਸ ਕਰਦੇ ਹੋ, ਸਗੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ। ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਬਾਰੇ ਸਿੱਖਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰਨ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਉਹ “ਸੱਚਾਈ ਦੀ ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝ” ਸਕਣ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ “ਨਿਹਚਾ ਦੀ ਨੀਂਹ” ਹੋਰ ਵੀ ਪੱਕੀ ਹੋਣੀ ਸੀ ਅਤੇ ਉਨ੍ਹਾਂ ਨੇ “ਮਜ਼ਬੂਤੀ ਨਾਲ ਖੜ੍ਹੇ” ਰਹਿਣਾ ਸੀ। (ਅਫ਼. 3:14-19) ਸਾਨੂੰ ਵੀ ਇੱਦਾਂ ਹੀ ਕਰਨ ਦੀ ਲੋੜ ਹੈ। w23.10 18 ਪੈਰੇ 1-3
ਸੋਮਵਾਰ 15 ਸਤੰਬਰ
ਭਰਾਵੋ, ਤੁਸੀਂ ਦੁੱਖ ਝੱਲਣ ਅਤੇ ਧੀਰਜ ਰੱਖਣ ਦੇ ਮਾਮਲੇ ਵਿਚ ਨਬੀਆਂ ਦੀ ਮਿਸਾਲ ਉੱਤੇ ਚੱਲੋ ਜਿਨ੍ਹਾਂ ਨੇ ਯਹੋਵਾਹ ਦੇ ਨਾਂ ʼਤੇ ਸੰਦੇਸ਼ ਦਿੱਤਾ ਸੀ।—ਯਾਕੂ. 5:10.
ਬਾਈਬਲ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਧੀਰਜ ਦਿਖਾਇਆ ਸੀ। ਕਿਉਂ ਨਾ ਤੁਸੀਂ ਇਨ੍ਹਾਂ ਦੀਆਂ ਮਿਸਾਲਾਂ ਦਾ ਅਧਿਐਨ ਕਰੋ? ਤੁਸੀਂ ਦਾਊਦ ਬਾਰੇ ਅਧਿਐਨ ਕਰ ਸਕਦੇ ਹੋ। ਦਾਊਦ ਨੂੰ ਛੋਟੀ ਉਮਰ ਵਿਚ ਹੀ ਇਜ਼ਰਾਈਲ ਦੇ ਰਾਜੇ ਵਜੋਂ ਨਿਯੁਕਤ ਕਰ ਦਿੱਤਾ ਗਿਆ ਸੀ। ਪਰ ਉਸ ਨੂੰ ਰਾਜੇ ਵਜੋਂ ਹਕੂਮਤ ਹਾਸਲ ਕਰਨ ਲਈ ਕਈ ਸਾਲਾਂ ਤਕ ਉਡੀਕ ਕਰਨੀ ਪਈ। ਮਸੀਹ ਦੀ ਉਡੀਕ ਕਰਦਿਆਂ ਸ਼ਿਮਓਨ ਅਤੇ ਅੱਨਾ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। (ਲੂਕਾ 2:25, 36-38) ਇਸ ਤਰ੍ਹਾਂ ਦੀਆਂ ਮਿਸਾਲਾਂ ਦਾ ਅਧਿਐਨ ਕਰਦਿਆਂ ਇਨ੍ਹਾਂ ਸਵਾਲਾਂ ਬਾਰੇ ਸੋਚੋ: ‘ਇਹ ਵਿਅਕਤੀ ਧੀਰਜ ਕਿਉਂ ਰੱਖ ਸਕਿਆ? ਉਸ ਨੂੰ ਧੀਰਜ ਰੱਖਣ ਦੇ ਕਿਹੜੇ ਫ਼ਾਇਦੇ ਹੋਏ? ਮੈਂ ਉਸ ਦੀ ਰੀਸ ਕਿਵੇਂ ਕਰ ਸਕਦਾ ਹਾਂ?’ ਤੁਹਾਨੂੰ ਸ਼ਾਇਦ ਉਨ੍ਹਾਂ ਦੀਆਂ ਮਿਸਾਲਾਂ ਤੋਂ ਵੀ ਫ਼ਾਇਦਾ ਹੋਵੇ ਜਿਨ੍ਹਾਂ ਨੇ ਧੀਰਜ ਨਹੀਂ ਰੱਖਿਆ। (1 ਸਮੂ. 13:8-14) ਤੁਸੀਂ ਸ਼ਾਇਦ ਪੁੱਛੋ: ‘ਇਹ ਵਿਅਕਤੀ ਧੀਰਜ ਕਿਉਂ ਨਹੀਂ ਰੱਖ ਸਕਿਆ? ਧੀਰਜ ਨਾ ਰੱਖਣ ਕਰਕੇ ਉਸ ਨੂੰ ਕਿਹੜੇ ਅੰਜਾਮ ਭੁਗਤਣੇ ਪਏ?’ w23.08 25 ਪੈਰਾ 15
ਮੰਗਲਵਾਰ 16 ਸਤੰਬਰ
ਸਾਨੂੰ ਵਿਸ਼ਵਾਸ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।—ਯੂਹੰ. 6:69.
ਪਤਰਸ ਰਸੂਲ ਵਫ਼ਾਦਾਰ ਸੀ, ਉਸ ਨੇ ਕਿਸੇ ਵੀ ਗੱਲ ਕਰਕੇ ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਨਹੀਂ ਛੱਡਿਆ। ਉਦਾਹਰਣ ਲਈ, ਇਕ ਮੌਕੇ ʼਤੇ ਯਿਸੂ ਨੇ ਕੁਝ ਅਜਿਹਾ ਕਿਹਾ ਜੋ ਉਸ ਦੇ ਚੇਲਿਆਂ ਨੂੰ ਸਮਝ ਨਹੀਂ ਆਇਆ। (ਯੂਹੰ. 6:68) ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਛੱਡ ਦਿੱਤਾ। ਉਨ੍ਹਾਂ ਨੇ ਨਾ ਤਾਂ ਯਿਸੂ ਦੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਇੰਤਜ਼ਾਰ ਕੀਤਾ ਕਿ ਯਿਸੂ ਉਨ੍ਹਾਂ ਨੂੰ ਉਸ ਗੱਲ ਦਾ ਮਤਲਬ ਸਮਝਾਵੇ। ਪਰ ਪਤਰਸ ਵਫ਼ਾਦਾਰ ਸੀ ਅਤੇ ਉਸ ਨੇ ਯਿਸੂ ਦਾ ਸਾਥ ਨਹੀਂ ਛੱਡਿਆ। ਉਹ ਜਾਣਦਾ ਸੀ ਕਿ ਸਿਰਫ਼ ਯਿਸੂ ਕੋਲ ਹੀ “ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ” ਹਨ। ਯਿਸੂ ਜਾਣਦਾ ਸੀ ਕਿ ਪਤਰਸ ਅਤੇ ਦੂਜੇ ਰਸੂਲ ਉਸ ਨੂੰ ਛੱਡ ਦੇਣਗੇ। ਫਿਰ ਵੀ ਯਿਸੂ ਨੇ ਪਤਰਸ ਨੂੰ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਉਹ ਤੋਬਾ ਕਰ ਕੇ ਮੁੜੇਗਾ ਅਤੇ ਵਫ਼ਾਦਾਰ ਰਹੇਗਾ। (ਲੂਕਾ 22:31, 32) ਯਿਸੂ ਸਮਝਦਾ ਸੀ ਕਿ “ਦਿਲ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।” (ਮਰ. 14:38) ਇਸ ਲਈ ਜਦੋਂ ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ, ਤਾਂ ਵੀ ਉਸ ਨੇ ਪਤਰਸ ਦਾ ਸਾਥ ਨਹੀਂ ਛੱਡਿਆ। ਯਿਸੂ ਦੁਬਾਰਾ ਜੀ ਉੱਠਣ ਤੋਂ ਬਾਅਦ ਪਤਰਸ ਅੱਗੇ ਪ੍ਰਗਟ ਹੋਇਆ। ਸ਼ਾਇਦ ਉਸ ਵੇਲੇ ਪਤਰਸ ਇਕੱਲਾ ਸੀ। (ਮਰ. 16:7; ਲੂਕਾ 24:34; 1 ਕੁਰਿੰ. 15:5) ਜ਼ਰਾ ਸੋਚੋ ਕਿ ਆਪਣੇ ਪ੍ਰਭੂ ਨੂੰ ਦੇਖ ਕੇ ਇਸ ਨਿਰਾਸ਼ ਰਸੂਲ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! w23.09 22 ਪੈਰੇ 9-10
ਬੁੱਧਵਾਰ 17 ਸਤੰਬਰ
ਖ਼ੁਸ਼ ਹਨ ਉਹ ਜਿਨ੍ਹਾਂ ਦੇ ਗ਼ਲਤ ਕੰਮ ਮਾਫ਼ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਪਾਪ ਢਕ ਲਏ ਗਏ ਹਨ।—ਰੋਮੀ. 4:7.
ਜਿਹੜਾ ਵੀ ਇਨਸਾਨ ਪਰਮੇਸ਼ੁਰ ʼਤੇ ਨਿਹਚਾ ਕਰਦਾ ਹੈ, ਪਰਮੇਸ਼ੁਰ ਉਸ ਦੇ ਪਾਪ ਢਕ ਲੈਂਦਾ ਹੈ। ਉਹ ਉਸ ਦੇ ਪਾਪ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ ਅਤੇ ਉਨ੍ਹਾਂ ਦਾ ਹਿਸਾਬ ਨਹੀਂ ਰੱਖਦਾ। (ਜ਼ਬੂ. 32:1, 2) ਉਹ ਇੱਦਾਂ ਦੇ ਇਨਸਾਨ ਨੂੰ ਉਸ ਦੀ ਨਿਹਚਾ ਦੇ ਆਧਾਰ ʼਤੇ ਨਿਰਦੋਸ਼ ਅਤੇ ਧਰਮੀ ਠਹਿਰਾਉਂਦਾ ਹੈ। ਭਾਵੇਂ ਕਿ ਅਬਰਾਹਾਮ, ਦਾਊਦ ਅਤੇ ਹੋਰ ਵਫ਼ਾਦਾਰ ਸੇਵਕਾਂ ਨੂੰ ਧਰਮੀ ਠਹਿਰਾਇਆ ਗਿਆ ਸੀ, ਪਰ ਦੇਖਿਆ ਜਾਵੇ ਤਾਂ ਉਹ ਨਾਮੁਕੰਮਲ ਤੇ ਪਾਪੀ ਇਨਸਾਨ ਹੀ ਸਨ। ਪਰ ਉਨ੍ਹਾਂ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਿਰਦੋਸ਼ ਸਮਝਿਆ, ਖ਼ਾਸ ਕਰਕੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਜੋ ਉਸ ʼਤੇ ਨਿਹਚਾ ਨਹੀਂ ਕਰਦੇ ਸਨ। (ਅਫ਼. 2:12) ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਸਮਝਾਇਆ ਕਿ ਪਰਮੇਸ਼ੁਰ ਦੇ ਦੋਸਤ ਬਣਨ ਲਈ ਨਿਹਚਾ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਹ ਗੱਲ ਅਬਰਾਹਾਮ ਤੇ ਦਾਊਦ ਦੇ ਮਾਮਲੇ ਬਾਰੇ ਸੱਚ ਸੀ ਤੇ ਇਹ ਗੱਲ ਅੱਜ ਸਾਡੇ ਬਾਰੇ ਵੀ ਸੱਚ ਹੈ। w23.12 3 ਪੈਰੇ 6-7
ਵੀਰਵਾਰ 18 ਸਤੰਬਰ
ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾਈਏ ਯਾਨੀ ਉਸ ਦੇ ਨਾਂ ਦਾ ਐਲਾਨ ਕਰ ਕੇ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾਈਏ।—ਇਬ. 13:15.
ਅੱਜ ਸਾਰੇ ਮਸੀਹੀਆਂ ਕੋਲ ਯਹੋਵਾਹ ਸਾਮ੍ਹਣੇ ਬਲੀਦਾਨ ਚੜ੍ਹਾਉਣ ਦਾ ਸਨਮਾਨ ਹੈ। ਅਸੀਂ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਆਪਣਾ ਸਮਾਂ, ਤਾਕਤ ਅਤੇ ਸਾਧਨ ਵਰਤਦੇ ਹਾਂ। ਯਹੋਵਾਹ ਨੂੰ ਸਭ ਤੋਂ ਵਧੀਆ ਬਲੀਦਾਨ ਚੜ੍ਹਾ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਦੀ ਭਗਤੀ ਕਰਨ ਦੇ ਖ਼ਾਸ ਸਨਮਾਨ ਦੀ ਬਹੁਤ ਕਦਰ ਕਰਦੇ ਹਾਂ। ਪੌਲੁਸ ਰਸੂਲ ਨੇ ਭਗਤੀ ਨਾਲ ਜੁੜੇ ਕੁਝ ਅਜਿਹੇ ਕੰਮਾਂ ਬਾਰੇ ਦੱਸਿਆ ਜੋ ਸਾਨੂੰ ਹਮੇਸ਼ਾ ਕਰਨੇ ਚਾਹੀਦੇ ਹਨ। (ਇਬ. 10:22-25) ਜਿਵੇਂ ਯਹੋਵਾਹ ਨੂੰ ਪ੍ਰਾਰਥਨਾ ਕਰਨੀ, ਆਪਣੀ ਉਮੀਦ ਬਾਰੇ ਦੂਜਿਆਂ ਨੂੰ ਦੱਸਣਾ, ਮੀਟਿੰਗਾਂ ਵਿਚ ਇਕੱਠੇ ਹੋਣਾ ਅਤੇ ‘ਯਹੋਵਾਹ ਦੇ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਕ-ਦੂਜੇ ਨੂੰ ਹੋਰ ਵੀ ਜ਼ਿਆਦਾ ਹੌਸਲਾ ਦੇਣਾ।’ ਪ੍ਰਕਾਸ਼ ਦੀ ਕਿਤਾਬ ਦੇ ਅਖ਼ੀਰ ਵਿਚ ਯਹੋਵਾਹ ਦੇ ਇਕ ਦੂਤ ਨੇ ਕਿਹਾ: “ਪਰਮੇਸ਼ੁਰ ਦੀ ਭਗਤੀ ਕਰ।” (ਪ੍ਰਕਾ. 19:10; 22:9) ਉਸ ਨੇ ਦੋ ਵਾਰ ਇਹ ਗੱਲ ਕਹਿ ਕੇ ਦਿਖਾਇਆ ਕਿ ਇੱਦਾਂ ਕਰਨਾ ਕਿੰਨਾ ਜ਼ਰੂਰੀ ਹੈ। ਤਾਂ ਫਿਰ ਆਓ ਆਪਾਂ ਯਹੋਵਾਹ ਦੇ ਮਹਾਨ ਮੰਦਰ ਬਾਰੇ ਸਿੱਖੀਆਂ ਡੂੰਘੀਆਂ ਗੱਲਾਂ ਨੂੰ ਕਦੇ ਨਾ ਭੁੱਲੀਏ ਅਤੇ ਨਾ ਹੀ ਇਹ ਭੁੱਲੀਏ ਕਿ ਸਾਨੂੰ ਆਪਣੇ ਮਹਾਨ ਪਰਮੇਸ਼ੁਰ ਦੀ ਭਗਤੀ ਕਰਨ ਦਾ ਕਿੰਨਾ ਵੱਡਾ ਸਨਮਾਨ ਮਿਲਿਆ ਹੈ! w23.10 29 ਪੈਰੇ 17-18
ਸ਼ੁੱਕਰਵਾਰ 19 ਸਤੰਬਰ
‘ਇਕ-ਦੂਸਰੇ ਨੂੰ ਪਿਆਰ ਕਰਦੇ ਰਹੋ।’—1 ਯੂਹੰ. 4:7.
ਅਸੀਂ ਸਾਰੇ ਹੀ “ਇਕ-ਦੂਸਰੇ ਨੂੰ ਪਿਆਰ ਕਰਦੇ” ਰਹਿਣਾ ਚਾਹੁੰਦੇ ਹਾਂ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਇਕ ਸਮਾਂ ਅਜਿਹਾ ਆਵੇਗਾ ਜਦੋਂ “ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।” (ਮੱਤੀ 24:12) ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਉਸ ਦੇ ਜ਼ਿਆਦਾਤਰ ਚੇਲਿਆਂ ਦਾ ਪਿਆਰ ਠੰਢਾ ਪੈ ਜਾਵੇਗਾ। ਪਰ ਜੇ ਦੁਨੀਆਂ ਦੇ ਲੋਕਾਂ ਦੀ ਗੱਲ ਕਰੀਏ, ਤਾਂ ਅੱਜ ਇੱਦਾਂ ਹੀ ਹੋ ਰਿਹਾ ਹੈ। ਉਨ੍ਹਾਂ ਵਿਚ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਲਈ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ ਕਿ ਕਿਤੇ ਅਸੀਂ ਵੀ ਉਨ੍ਹਾਂ ਵਰਗੇ ਨਾ ਬਣ ਜਾਈਏ। ਤਾਂ ਫਿਰ ਆਓ ਇਕ ਜ਼ਰੂਰੀ ਸਵਾਲ ʼਤੇ ਧਿਆਨ ਦੇਈਏ: ਅਸੀਂ ਇਹ ਕਿੱਦਾਂ ਜਾਣ ਸਕਦੇ ਹਾਂ ਕਿ ਅਸੀਂ ਅਜੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ? ਅਸੀਂ ਭੈਣਾਂ-ਭਰਾਵਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ? ਇਹ ਜਾਣਨ ਦਾ ਇਕ ਤਰੀਕਾ ਹੈ, ਇਸ ਗੱਲ ʼਤੇ ਧਿਆਨ ਦੇਣਾ ਕਿ ਕੁਝ ਹਾਲਾਤਾਂ ਵਿਚ ਸਾਡਾ ਰਵੱਈਆ ਕਿਹੋ ਜਿਹਾ ਹੁੰਦਾ ਹੈ। (2 ਕੁਰਿੰ. 8:8) ਇਸ ਬਾਰੇ ਪਤਰਸ ਰਸੂਲ ਨੇ ਕਿਹਾ: “ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਦੇ ਬਹੁਤ ਸਾਰੇ ਪਾਪ ਢੱਕ ਲੈਂਦੇ ਹਨ।” (1 ਪਤ. 4:8, ਫੁਟਨੋਟ) ਇਸ ਦਾ ਮਤਲਬ ਕਿ ਜਦੋਂ ਸਾਡੇ ਕਿਸੇ ਭੈਣ ਜਾਂ ਭਰਾ ਤੋਂ ਗ਼ਲਤੀ ਹੋ ਜਾਂਦੀ ਹੈ ਜਾਂ ਉਹ ਕੁਝ ਅਜਿਹਾ ਕਰ ਦਿੰਦੇ ਹਨ ਜਿਸ ਤੋਂ ਸਾਨੂੰ ਠੇਸ ਪਹੁੰਚਦੀ ਹੈ, ਤਾਂ ਉਸ ਵੇਲੇ ਸਾਡੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ। w23.11 10-11 ਪੈਰੇ 12-13
ਸ਼ਨੀਵਾਰ 20 ਸਤੰਬਰ
ਇਕ-ਦੂਜੇ ਨਾਲ ਪਿਆਰ ਕਰੋ।—ਯੂਹੰ. 13:34.
ਜੇ ਅਸੀਂ ਮੰਡਲੀ ਵਿਚ ਕੁਝ ਜਣਿਆਂ ਨੂੰ ਪਿਆਰ ਕਰਦੇ ਹਾਂ ਅਤੇ ਬਾਕੀਆਂ ਨੂੰ ਨਹੀਂ ਕਰਦੇ, ਤਾਂ ਅਸੀਂ ਪਿਆਰ ਬਾਰੇ ਦਿੱਤੇ ਯਿਸੂ ਦੇ ਹੁਕਮ ਨੂੰ ਨਹੀਂ ਮੰਨ ਰਹੇ ਹੋਵਾਂਗੇ। ਇਹ ਸੱਚ ਹੈ ਕਿ ਯਿਸੂ ਵਾਂਗ ਸ਼ਾਇਦ ਸਾਡਾ ਵੀ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨਾਲ ਜ਼ਿਆਦਾ ਮੋਹ ਹੋਵੇ। (ਯੂਹੰ. 13:23; 20:2) ਪਰ ਪਤਰਸ ਰਸੂਲ ਨੇ ਸਾਨੂੰ ਯਾਦ ਕਰਾਇਆ ਕਿ ਸਾਨੂੰ ਸਾਰੇ ਮਸੀਹੀਆਂ ਨਾਲ ਭਰਾਵਾਂ ਵਰਗਾ “ਮੋਹ” ਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹਨ। (1 ਪਤ. 2:17) ਪਤਰਸ ਨੇ ਸਾਨੂੰ ਗੁਜ਼ਾਰਸ਼ ਕੀਤੀ ਕਿ ਅਸੀਂ “ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ” ਕਰੀਏ। (1 ਪਤ. 1:22) ਪਤਰਸ ਦੇ ਕਹਿਣ ਦਾ ਮਤਲਬ ਸੀ ਕਿ ਜੇ ਸਾਡਾ ਕਿਸੇ ਵਿਅਕਤੀ ਨੂੰ ਪਿਆਰ ਕਰਨ ਦਾ ਮਨ ਨਾ ਵੀ ਕਰੇ, ਤਾਂ ਵੀ ਅਸੀਂ ਉਸ ਨੂੰ ਪਿਆਰ ਕਰੀਏ। ਉਦਾਹਰਣ ਲਈ, ਹੋ ਸਕਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਸਾਨੂੰ ਠੇਸ ਪਹੁੰਚਾਈ ਹੋਵੇ। ਇੱਦਾਂ ਹੋਣ ਤੇ ਸ਼ਾਇਦ ਸਾਡਾ ਜੀਅ ਕਰੇ ਕਿ ਅਸੀਂ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਈਏ। ਪਰ ਪਤਰਸ ਨੇ ਯਿਸੂ ਤੋਂ ਸਿੱਖਿਆ ਕਿ ਜਦੋਂ ਅਸੀਂ ਬਦਲਾ ਲੈਂਦੇ ਹਾਂ, ਤਾਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ। (ਯੂਹੰ. 18:10, 11) ਪਤਰਸ ਨੇ ਲਿਖਿਆ: “ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ ਅਤੇ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਬਦਲੇ ਵਿਚ ਉਸ ਦੀ ਬੇਇੱਜ਼ਤੀ ਨਾ ਕਰੋ। ਇਸ ਦੀ ਬਜਾਇ, ਉਨ੍ਹਾਂ ਦਾ ਭਲਾ ਕਰੋ।” (1 ਪਤ. 3:9) ਗੂੜ੍ਹਾ ਪਿਆਰ ਹੋਣ ਕਰਕੇ ਤੁਸੀਂ ਹਮਦਰਦੀ ਤੇ ਲਿਹਾਜ਼ ਦਿਖਾਓਗੇ। w23.09 28-29 ਪੈਰੇ 9-11
ਐਤਵਾਰ 21 ਸਤੰਬਰ
‘ਭੈਣਾਂ ਹਰ ਗੱਲ ਵਿਚ ਸੰਜਮ ਰੱਖਣ ਅਤੇ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਰਹਿਣ।’—1 ਤਿਮੋ. 3:11.
ਅਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਇਕ ਬੱਚਾ ਕਿੰਨੀ ਛੇਤੀ ਵੱਡਾ ਹੋ ਜਾਂਦਾ ਹੈ। ਇੱਦਾਂ ਕਰਨ ਲਈ ਉਸ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ। ਪਰ ਸਮਝਦਾਰ ਮਸੀਹੀ ਬਣਨ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। (1 ਕੁਰਿੰ. 13:11; ਇਬ. 6:1) ਸਮਝਦਾਰ ਮਸੀਹੀ ਬਣਨ ਲਈ ਸਾਡਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੋਣਾ ਚਾਹੀਦਾ ਹੈ। ਨਾਲੇ ਸਾਨੂੰ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਨ, ਵਧੀਆ ਹੁਨਰ ਸਿੱਖਣ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪਵਿੱਤਰ ਸ਼ਕਤੀ ਦੀ ਲੋੜ ਹੈ। (ਕਹਾ. 1:5) ਯਹੋਵਾਹ ਨੇ ਇਨਸਾਨਾਂ ਨੂੰ ਆਦਮੀ ਤੇ ਔਰਤ ਬਣਾਇਆ ਸੀ। (ਉਤ. 1:27) ਬੇਸ਼ੱਕ, ਆਦਮੀ ਤੇ ਔਰਤ ਦੇਖਣ ਨੂੰ ਤਾਂ ਇਕ-ਦੂਜੇ ਤੋਂ ਵੱਖਰੇ ਲੱਗਦੇ ਹੀ ਹਨ, ਪਰ ਉਹ ਹੋਰ ਤਰੀਕਿਆਂ ਨਾਲ ਵੀ ਇਕ-ਦੂਜੇ ਤੋਂ ਵੱਖਰੇ ਹਨ। ਮਿਸਾਲ ਲਈ, ਯਹੋਵਾਹ ਨੇ ਆਦਮੀ ਤੇ ਔਰਤਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਸ ਲਈ ਇਹ ਜ਼ਿੰਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਆਪਣੇ ਵਿਚ ਕੁਝ ਗੁਣ ਪੈਦਾ ਕਰਨ ਅਤੇ ਹੁਨਰ ਸਿੱਖਣ ਦੀ ਲੋੜ ਹੈ।—ਉਤ. 2:18. w23.12 18 ਪੈਰੇ 1-2
ਸੋਮਵਾਰ 22 ਸਤੰਬਰ
ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ ਅਤੇ ਪੁੱਤਰ ਦੇ ਨਾਂ ʼਤੇ ਬਪਤਿਸਮਾ ਦਿਓ।—ਮੱਤੀ 28:19.
ਯਿਸੂ ਚਾਹੁੰਦਾ ਸੀ ਕਿ ਲੋਕ ਯਹੋਵਾਹ ਨੂੰ ਜਾਣਨ ਅਤੇ ਉਸ ਦਾ ਨਾਂ ਲੈਣ। ਉਸ ਦੇ ਜ਼ਮਾਨੇ ਦੇ ਕੁਝ ਧਾਰਮਿਕ ਗੁਰੂਆਂ ਦਾ ਸ਼ਾਇਦ ਇਹ ਮੰਨਣਾ ਸੀ ਕਿ ਪਰਮੇਸ਼ੁਰ ਦਾ ਨਾਂ ਇੰਨਾ ਪਵਿੱਤਰ ਹੈ ਕਿ ਉਸ ਨੂੰ ਜ਼ਬਾਨ ʼਤੇ ਨਹੀਂ ਲਿਆਉਣਾ ਚਾਹੀਦਾ। ਪਰ ਯਿਸੂ ਨੇ ਇਨਸਾਨਾਂ ਦੀਆਂ ਇੱਦਾਂ ਦੀਆਂ ਧਾਰਣਾਵਾਂ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦਿੱਤਾ। ਉਹ ਆਪਣੇ ਪਿਤਾ ਦੇ ਨਾਂ ਦੀ ਮਹਿਮਾ ਕਰਦਾ ਰਿਹਾ। ਜ਼ਰਾ ਇਕ ਉਦਾਹਰਣ ʼਤੇ ਧਿਆਨ ਦਿਓ। ਇਕ ਵਾਰ ਗਿਰਸੇਨੀਆਂ ਦੇ ਇਲਾਕੇ ਵਿਚ ਉਸ ਨੇ ਇਕ ਅਜਿਹੇ ਆਦਮੀ ਨੂੰ ਠੀਕ ਕੀਤਾ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। ਇਹ ਦੇਖ ਕੇ ਲੋਕ ਬਹੁਤ ਡਰ ਗਏ। ਉਹ ਯਿਸੂ ਨੂੰ ਬੇਨਤੀ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕੇ ਨੂੰ ਛੱਡ ਕੇ ਚਲਾ ਜਾਵੇ। (ਮਰ. 5:16, 17) ਪਰ ਯਿਸੂ ਚਾਹੁੰਦਾ ਸੀ ਕਿ ਉੱਥੇ ਦੇ ਲੋਕ ਵੀ ਯਹੋਵਾਹ ਦਾ ਨਾਂ ਜਾਣਨ। ਇਸ ਲਈ ਉਸ ਨੇ ਜਿਸ ਆਦਮੀ ਨੂੰ ਠੀਕ ਕੀਤਾ ਸੀ, ਉਸ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾ ਕੇ ਦੱਸੇ ਕਿ ਯਹੋਵਾਹ ਨੇ ਉਸ ਲਈ ਕੀ-ਕੀ ਕੀਤਾ ਹੈ, ਨਾ ਕਿ ਯਿਸੂ ਨੇ। (ਮਰ. 5:19) ਯਿਸੂ ਅੱਜ ਵੀ ਇਹੀ ਚਾਹੁੰਦਾ ਹੈ ਕਿ ਪੂਰੀ ਦੁਨੀਆਂ ਵਿਚ ਉਸ ਦੇ ਪਿਤਾ ਦੇ ਨਾਂ ਦਾ ਐਲਾਨ ਕੀਤਾ ਜਾਵੇ। (ਮੱਤੀ 24:14; 28:20) ਜਦੋਂ ਅਸੀਂ ਇਸ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਡਾ ਰਾਜਾ ਯਿਸੂ ਬਹੁਤ ਖ਼ੁਸ਼ ਹੁੰਦਾ ਹੈ। w24.02 10 ਪੈਰਾ 10
ਮੰਗਲਵਾਰ 23 ਸਤੰਬਰ
ਤੂੰ ਮੇਰੇ ਨਾਂ ਦੀ ਖ਼ਾਤਰ ਬਹੁਤ ਮੁਸੀਬਤਾਂ ਝੱਲੀਆਂ ਹਨ, ਪਰ ਤੂੰ ਹਾਰ ਨਹੀਂ ਮੰਨੀ।—ਪ੍ਰਕਾ. 2:3.
ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਪਰ ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਾਂ। ਯਹੋਵਾਹ ਨੇ ਸਾਨੂੰ ਮੰਡਲੀ ਵਿਚ ਭੈਣ-ਭਰਾ ਦਿੱਤੇ ਹਨ ਜੋ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ ਅਤੇ ਏਕਤਾ ਵਿਚ ਰਹਿੰਦੇ ਹਨ। (ਜ਼ਬੂ. 133:1) ਉਸ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ ਪਤੀ, ਪਤਨੀ ਅਤੇ ਬੱਚੇ ਕਿੱਦਾਂ ਖ਼ੁਸ਼ ਰਹਿ ਸਕਦੇ ਹਨ। (ਅਫ਼. 5:33–6:1) ਨਾਲੇ ਆਪਣੀਆਂ ਚਿੰਤਾਵਾਂ ਦਾ ਸਾਮ੍ਹਣਾ ਕਰਨ ਤੇ ਖ਼ੁਸ਼ ਰਹਿਣ ਲਈ ਉਸ ਨੇ ਸਾਨੂੰ ਸਮਝ ਤੇ ਬੁੱਧ ਵੀ ਦਿੱਤੀ ਹੈ। ਪਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਸਾਨੂੰ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਪਰ ਕਿਉਂ? ਕਿਉਂਕਿ ਸ਼ਾਇਦ ਕਦੇ-ਕਦਾਈਂ ਕੋਈ ਭੈਣ ਜਾਂ ਭਰਾ ਇੱਦਾਂ ਦਾ ਕੁਝ ਕਹਿ ਜਾਂ ਕਰ ਦੇਵੇ ਜਿਸ ਨਾਲ ਸਾਨੂੰ ਬਹੁਤ ਦੁੱਖ ਲੱਗੇ। ਜਾਂ ਸ਼ਾਇਦ ਅਸੀਂ ਆਪਣੀ ਕਿਸੇ ਕਮਜ਼ੋਰੀ ਕਰਕੇ ਵਾਰ-ਵਾਰ ਇਕ ਹੀ ਗ਼ਲਤੀ ਕਰੀਏ ਤੇ ਨਿਰਾਸ਼ ਹੋ ਜਾਈਏ। ਅਸੀਂ ਉਦੋਂ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹਿ ਸਕਦੇ ਹਾਂ (1) ਜਦੋਂ ਕੋਈ ਭੈਣ ਜਾਂ ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ, (2) ਜਦੋਂ ਸਾਡਾ ਜੀਵਨ-ਸਾਥੀ ਸਾਡਾ ਦਿਲ ਦੁਖਾਉਂਦਾ ਹੈ ਅਤੇ (3) ਜਦੋਂ ਅਸੀਂ ਆਪਣੀ ਕਿਸੇ ਗ਼ਲਤੀ ਕਰਕੇ ਨਿਰਾਸ਼ ਹੋ ਜਾਂਦੇ ਹਾਂ। w24.03 14 ਪੈਰੇ 1-2
ਬੁੱਧਵਾਰ 24 ਸਤੰਬਰ
ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।—ਫ਼ਿਲਿ. 3:16.
ਸਮੇਂ-ਸਮੇਂ ʼਤੇ ਤੁਸੀਂ ਇੱਦਾਂ ਦੇ ਭੈਣਾਂ-ਭਰਾਵਾਂ ਦੇ ਤਜਰਬੇ ਸੁਣੋਗੇ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰਨ ਦਾ ਫ਼ੈਸਲਾ ਕੀਤਾ। ਸ਼ਾਇਦ ਉਹ ‘ਰਾਜ ਪ੍ਰਚਾਰਕਾਂ ਦੇ ਸਕੂਲ’ ਵਿਚ ਗਏ ਹੋਣ ਜਾਂ ਉਸ ਜਗ੍ਹਾ ਗਏ ਹੋਣ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜੇ ਤੁਹਾਡੇ ਹਾਲਾਤ ਇਜਾਜ਼ਤ ਦਿੰਦੇ ਹਨ, ਤਾਂ ਤੁਸੀਂ ਵੀ ਇੱਦਾਂ ਦਾ ਕੋਈ ਟੀਚਾ ਰੱਖ ਸਕਦੇ ਹੋ। ਯਹੋਵਾਹ ਦੇ ਲੋਕ ਉਸ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰਨ ਲਈ ਉਤਾਵਲੇ ਰਹਿੰਦੇ ਹਨ। (ਰਸੂ. 16:9) ਪਰ ਉਦੋਂ ਕੀ ਜੇ ਤੁਸੀਂ ਆਪਣੇ ਹਾਲਾਤਾਂ ਕਰਕੇ ਅਜੇ ਇੱਦਾਂ ਨਹੀਂ ਕਰ ਸਕਦੇ? ਇਹ ਨਾ ਸੋਚੋ ਕਿ ਤੁਸੀਂ ਉਨ੍ਹਾਂ ਸਾਮ੍ਹਣੇ ਕੁਝ ਵੀ ਨਹੀਂ ਹੋ ਜੋ ਵਧ-ਚੜ੍ਹ ਕੇ ਸੇਵਾ ਕਰ ਰਹੇ ਹਨ। ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਧੀਰਜ ਨਾਲ ਦੌੜਦੇ ਰਹਿਣ। (ਮੱਤੀ 10:22) ਤੁਸੀਂ ਆਪਣੇ ਹਾਲਾਤਾਂ ਤੇ ਕਾਬਲੀਅਤਾਂ ਅਨੁਸਾਰ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹੋ, ਉਸ ਨੂੰ ਐਵੇਂ ਨਾ ਸਮਝੋ। ਇਸ ਤਰ੍ਹਾਂ ਬਪਤਿਸਮੇ ਤੋਂ ਬਾਅਦ ਵੀ ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿ ਸਕਦੇ ਹੋ।—ਜ਼ਬੂ. 26:1. w24.03 10 ਪੈਰਾ 11
ਵੀਰਵਾਰ 25 ਸਤੰਬਰ
ਪਰਮੇਸ਼ੁਰ ਨੇ ਦਇਆ ਕਰ ਕੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ।—ਕੁਲੁ. 2:13.
ਸਾਡੇ ਪਿਤਾ ਯਹੋਵਾਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਅਸੀਂ ਤੋਬਾ ਕਰੀਏ, ਤਾਂ ਉਹ ਸਾਨੂੰ ਜ਼ਰੂਰ ਮਾਫ਼ ਕਰੇਗਾ। (ਜ਼ਬੂ. 86:5) ਇਸ ਲਈ ਜੇ ਅਸੀਂ ਦਿਲੋਂ ਤੋਬਾ ਕੀਤੀ ਹੈ, ਤਾਂ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖਦਾ। ਉਹ ਸਾਨੂੰ ਕਦੀ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਨਹੀਂ ਕਰ ਸਕਦੇ। ਇਸ ਦੀ ਬਜਾਇ, ਜਦੋਂ ਅਸੀਂ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਦੇ ਹਾਂ, ਤਾਂ ਉਹ ਇਸ ਦੀ ਬਹੁਤ ਕਦਰ ਕਰਦਾ ਹੈ। ਸਾਨੂੰ ਬਾਈਬਲ ਵਿਚ ਦਿੱਤੀਆਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ʼਤੇ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਪੂਰੇ ਦਿਲ ਨਾਲ ਉਸ ਦੀ ਸੇਵਾ ਕੀਤੀ ਸੀ। ਜ਼ਰਾ ਫਿਰ ਤੋਂ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਕਈ ਸਾਲਾਂ ਤਕ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕੀਤੀ, ਹਜ਼ਾਰਾਂ ਕਿਲੋਮੀਟਰ ਤਕ ਦਾ ਸਫ਼ਰ ਤੈਅ ਕੀਤਾ ਅਤੇ ਕਈ ਮੰਡਲੀਆਂ ਸਥਾਪਿਤ ਕੀਤੀਆਂ। ਪਰ ਜਦੋਂ ਉਸ ਦੇ ਹਾਲਾਤ ਬਦਲ ਗਏ, ਤਾਂ ਉਹ ਉੱਨਾ ਪ੍ਰਚਾਰ ਨਹੀਂ ਕਰ ਪਾ ਰਿਹਾ ਸੀ ਜਿੰਨਾ ਉਹ ਪਹਿਲਾਂ ਕਰਦਾ ਸੀ। ਕੀ ਇਸ ਕਰਕੇ ਯਹੋਵਾਹ ਉਸ ਤੋਂ ਨਾਖ਼ੁਸ਼ ਸੀ? ਬਿਲਕੁਲ ਨਹੀਂ। ਪੌਲੁਸ ਜਿੰਨਾ ਕਰ ਸਕਦਾ ਸੀ, ਉਹ ਕਰਦਾ ਰਿਹਾ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। (ਰਸੂ. 28:30, 31) ਉਸੇ ਤਰ੍ਹਾਂ ਸਾਡੇ ਹਾਲਾਤ ਵੀ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਅਸੀਂ ਕਦੇ ਜ਼ਿਆਦਾ ਕਰ ਪਾਉਂਦੇ ਹਾਂ ਤੇ ਕਦੇ ਘੱਟ। ਪਰ ਯਹੋਵਾਹ ਇਸ ਗੱਲ ʼਤੇ ਧਿਆਨ ਨਹੀਂ ਦਿੰਦਾ, ਸਗੋਂ ਉਹ ਇਹ ਦੇਖਦਾ ਹੈ ਕਿ ਅਸੀਂ ਕਿਸ ਇਰਾਦੇ ਨਾਲ ਉਸ ਦੀ ਸੇਵਾ ਕਰ ਰਹੇ ਹਾਂ। w24.03 27 ਪੈਰੇ 7, 9
ਸ਼ੁੱਕਰਵਾਰ 26 ਸਤੰਬਰ
ਫਿਰ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, [ਯਿਸੂ] ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।—ਮਰ. 1:35.
ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਆਪਣੇ ਚੇਲਿਆਂ ਲਈ ਇਕ ਵਧੀਆ ਮਿਸਾਲ ਰੱਖੀ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਵਾਰ-ਵਾਰ ਪ੍ਰਾਰਥਨਾ ਕੀਤੀ। ਭਾਵੇਂ ਕਿ ਉਹ ਅਕਸਰ ਬਿਜ਼ੀ ਰਹਿੰਦਾ ਸੀ ਅਤੇ ਲੋਕਾਂ ਨਾਲ ਘਿਰਿਆ ਰਹਿੰਦਾ ਸੀ, ਫਿਰ ਵੀ ਉਹ ਪ੍ਰਾਰਥਨਾ ਕਰਨ ਲਈ ਸਮਾਂ ਕੱਢਦਾ ਸੀ। (ਮਰ. 6:31, 45, 46) ਉਹ ਸਵੇਰੇ ਜਲਦੀ ਉੱਠਦਾ ਸੀ ਤਾਂਕਿ ਉਸ ਨੂੰ ਇਕੱਲਿਆਂ ਪ੍ਰਾਰਥਨਾ ਕਰਨ ਦਾ ਸਮਾਂ ਮਿਲ ਸਕੇ। ਇਕ ਵਾਰ ਤਾਂ ਉਸ ਨੇ ਇਕ ਜ਼ਰੂਰੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਰੀ ਰਾਤ ਪ੍ਰਾਰਥਨਾ ਕੀਤੀ। (ਲੂਕਾ 6:12, 13) ਨਾਲੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਵਾਰ-ਵਾਰ ਪ੍ਰਾਰਥਨਾ ਕੀਤੀ ਕਿਉਂਕਿ ਉਦੋਂ ਉਸ ਨੇ ਧਰਤੀ ʼਤੇ ਯਹੋਵਾਹ ਵੱਲੋਂ ਮਿਲੀ ਸਭ ਤੋਂ ਔਖੀ ਜ਼ਿੰਮੇਵਾਰੀ ਪੂਰੀ ਕਰਨੀ ਸੀ। (ਮੱਤੀ 26:39, 42, 44) ਯਿਸੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਚਾਹੇ ਅਸੀਂ ਜਿੰਨੇ ਮਰਜ਼ੀ ਬਿਜ਼ੀ ਹੋਈਏ, ਪਰ ਸਾਨੂੰ ਪ੍ਰਾਰਥਨਾ ਕਰਨ ਲਈ ਸਮਾਂ ਕੱਢਣ ਦੀ ਲੋੜ ਹੈ। ਯਿਸੂ ਵਾਂਗ ਸਾਨੂੰ ਵੀ ਪ੍ਰਾਰਥਨਾ ਕਰਨ ਲਈ ਪੱਕਾ ਸਮਾਂ ਰੱਖਣਾ ਚਾਹੀਦਾ ਹੈ। ਇੱਦਾਂ ਕਰਨ ਲਈ ਅਸੀਂ ਸਵੇਰੇ ਜਲਦੀ ਉੱਠ ਸਕਦੇ ਹਾਂ ਜਾਂ ਰਾਤ ਨੂੰ ਲੇਟ ਸੌਂ ਸਕਦੇ ਹਾਂ। ਇੱਦਾਂ ਅਸੀਂ ਯਹੋਵਾਹ ਨੂੰ ਦਿਖਾਵਾਂਗੇ ਕਿ ਅਸੀਂ ਪ੍ਰਾਰਥਨਾ ਦੇ ਖ਼ਾਸ ਸਨਮਾਨ ਦੀ ਕਿੰਨੀ ਕਦਰ ਕਰਦੇ ਹਾਂ। w23.05 3 ਪੈਰੇ 4-5
ਸ਼ਨੀਵਾਰ 27 ਸਤੰਬਰ
ਜੋ ਪਵਿੱਤਰ ਸ਼ਕਤੀ ਸਾਨੂੰ ਦਿੱਤੀ ਗਈ ਹੈ, ਉਸ ਰਾਹੀਂ ਪਰਮੇਸ਼ੁਰ ਨੇ ਸਾਡੇ ਦਿਲਾਂ ਨੂੰ ਆਪਣੇ ਪਿਆਰ ਨਾਲ ਭਰ ਦਿੱਤਾ ਹੈ।—ਰੋਮੀ. 5:5.
ਜ਼ਰਾ ਅੱਜ ਦੇ ਹਵਾਲੇ ਵਿਚ ਦਰਜ ਸ਼ਬਦਾਂ “ਭਰ ਦਿੱਤਾ ਹੈ” ਉੱਤੇ ਗੌਰ ਕਰੋ। ਇਕ ਸ਼ਬਦ-ਕੋਸ਼ ਵਿਚ ਇਨ੍ਹਾਂ ਸ਼ਬਦਾਂ ਦਾ ਮਤਲਬ ਕੁਝ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਯਹੋਵਾਹ ਉਨ੍ਹਾਂ ਨਾਲ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਜਿੱਦਾਂ ਉਨ੍ਹਾਂ ਦੇ ਦਿਲਾਂ ਵਿਚ ਪਿਆਰ ਦੀ ਧਾਰਾ ਡੋਲ੍ਹੀ ਜਾ ਹੀ ਹੋਵੇ। ਚੁਣੇ ਹੋਏ ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ “ਪਿਆਰ ਕਰਦਾ ਹੈ।” (ਯਹੂ. 1) ਯੂਹੰਨਾ ਨੇ ਲਿਖਿਆ: “ਗੌਰ ਕਰੋ ਕਿ ਪਿਤਾ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਸ ਨੇ ਸਾਨੂੰ ਆਪਣੇ ਬੱਚੇ ਕਹਾਉਣ ਦਾ ਮਾਣ ਬਖ਼ਸ਼ਿਆ ਹੈ।” (1 ਯੂਹੰ. 3:1) ਇਸ ਤੋਂ ਪਤਾ ਲੱਗਦਾ ਹੈ ਕਿ ਚੁਣੇ ਹੋਏ ਮਸੀਹੀ ਪਰਮੇਸ਼ੁਰ ਦੇ ਪਿਆਰ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਪਰ ਕੀ ਯਹੋਵਾਹ ਸਿਰਫ਼ ਚੁਣੇ ਹੋਏ ਮਸੀਹੀਆਂ ਨੂੰ ਹੀ ਪਿਆਰ ਕਰਦਾ ਹੈ? ਨਹੀਂ। ਯਹੋਵਾਹ ਨੇ ਜ਼ਾਹਰ ਕੀਤਾ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਸਾਡੇ ਲਈ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕੀ ਹੈ? ਰਿਹਾਈ ਦੀ ਕੀਮਤ। ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ!—ਯੂਹੰ. 3:16; ਰੋਮੀ. 5:8. w24.01 28 ਪੈਰੇ 9-10
ਐਤਵਾਰ 28 ਸਤੰਬਰ
ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਾਂਗਾ, ਤਾਂ ਮੇਰੇ ਦੁਸ਼ਮਣ ਨੱਠ ਜਾਣਗੇ। ਮੈਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਮੇਰੇ ਵੱਲ ਹੈ।—ਜ਼ਬੂ. 56:9.
ਉੱਪਰ ਦਿੱਤੀ ਆਇਤ ਵਿਚ ਇਕ ਤਰੀਕਾ ਦੱਸਿਆ ਗਿਆ ਹੈ ਜਿਸ ਦੀ ਮਦਦ ਨਾਲ ਦਾਊਦ ਆਪਣੇ ਡਰ ʼਤੇ ਕਾਬੂ ਪਾ ਸਕਿਆ। ਭਾਵੇਂ ਕਿ ਉਸ ਦੀ ਜ਼ਿੰਦਗੀ ਖ਼ਤਰੇ ਵਿਚ ਸੀ, ਪਰ ਉਸ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਉਸ ਲਈ ਅੱਗੇ ਕੀ ਕਰੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਸਹੀ ਸਮੇਂ ʼਤੇ ਉਸ ਨੂੰ ਬਚਾਵੇਗਾ ਕਿਉਂਕਿ ਯਹੋਵਾਹ ਨੇ ਹੀ ਕਿਹਾ ਸੀ ਕਿ ਦਾਊਦ ਇਜ਼ਰਾਈਲ ਦਾ ਅਗਲਾ ਰਾਜਾ ਬਣੇਗਾ। (1 ਸਮੂ. 16:1, 13) ਦਾਊਦ ਨੂੰ ਭਰੋਸਾ ਸੀ ਕਿ ਇਕ ਵਾਰ ਯਹੋਵਾਹ ਨੇ ਜੋ ਕਹਿ ਦਿੱਤਾ, ਉਹ ਪੂਰਾ ਹੋ ਕੇ ਹੀ ਰਹੇਗਾ। ਯਹੋਵਾਹ ਨੇ ਤੁਹਾਡੇ ਲਈ ਕੀ ਕਰਨ ਦਾ ਵਾਅਦਾ ਕੀਤਾ ਹੈ? ਅੱਜ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਯਹੋਵਾਹ ਸਾਡੇ ʼਤੇ ਕੋਈ ਮੁਸੀਬਤ ਨਹੀਂ ਆਉਣ ਦੇਵੇਗਾ। ਪਰ ਉਹ ਵਾਅਦਾ ਕਰਦਾ ਹੈ ਕਿ ਨਵੀਂ ਦੁਨੀਆਂ ਵਿਚ ਉਹ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗਾ। (ਯਸਾ. 25:7-9) ਸਾਡੇ ਪਰਮੇਸ਼ੁਰ ਯਹੋਵਾਹ ਕੋਲ ਇੰਨੀ ਤਾਕਤ ਹੈ ਕਿ ਉਹ ਸਾਨੂੰ ਪੂਰੀ ਤਰ੍ਹਾਂ ਤੰਦਰੁਸਤ ਕਰ ਸਕਦਾ ਹੈ ਅਤੇ ਸਾਡੇ ਦਿਲ ਦੇ ਸਾਰੇ ਜ਼ਖ਼ਮ ਭਰ ਸਕਦਾ ਹੈ। ਉਹ ਸਾਡੇ ਸਾਰੇ ਵਿਰੋਧੀਆਂ ਨੂੰ ਖ਼ਤਮ ਕਰ ਸਕਦਾ ਹੈ ਅਤੇ ਉਹ ਮੌਤ ਦੀ ਨੀਂਦ ਸੌਂ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰ ਸਕਦਾ ਹੈ।—1 ਯੂਹੰ. 4:4. w24.01 6 ਪੈਰੇ 12-13
ਸੋਮਵਾਰ 29 ਸਤੰਬਰ
ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਅਪਰਾਧ ਮਾਫ਼ ਕੀਤਾ ਗਿਆ ਹੈ ਅਤੇ ਜਿਸ ਦਾ ਪਾਪ ਢਕਿਆ ਗਿਆ ਹੈ।—ਜ਼ਬੂ. 32:1.
ਆਪਣੇ ਸਮਰਪਣ ਅਤੇ ਬਪਤਿਸਮੇ ਬਾਰੇ ਸੋਚ-ਵਿਚਾਰ ਕਰੋ। ਯਹੋਵਾਹ ਦਾ ਪੱਖ ਲੈਣ ਲਈ ਤੁਸੀਂ ਇਹ ਕਦਮ ਚੁੱਕੇ ਸਨ। ਜ਼ਰਾ ਸੋਚੋ ਕਿ ਕਿਹੜੀ ਗੱਲ ਕਰਕੇ ਤੁਹਾਨੂੰ ਯਕੀਨ ਹੋ ਗਿਆ ਕਿ ਤੁਹਾਨੂੰ ਸੱਚਾਈ ਮਿਲ ਗਈ ਹੈ। ਤੁਸੀਂ ਯਹੋਵਾਹ ਬਾਰੇ ਸਹੀ ਗਿਆਨ ਲਿਆ, ਉਸ ਨੂੰ ਆਪਣੇ ਸਵਰਗੀ ਪਿਤਾ ਵਜੋਂ ਪਿਆਰ ਕਰਨ ਲੱਗ ਪਏ ਅਤੇ ਉਸ ਦਾ ਆਦਰ ਕਰਨ ਲੱਗ ਪਏ। ਤੁਸੀਂ ਨਿਹਚਾ ਕਰਨ ਲੱਗ ਪਏ ਅਤੇ ਦਿਲੋਂ ਤੋਬਾ ਕਰਨ ਲਈ ਪ੍ਰੇਰਿਤ ਹੋਏ। ਨਾਲੇ ਤੁਸੀਂ ਬੁਰੇ ਕੰਮ ਕਰਨੇ ਛੱਡੇ ਦਿੱਤੇ ਅਤੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ। ਤੁਹਾਨੂੰ ਇਹ ਜਾਣ ਕੇ ਸਕੂਨ ਮਿਲਿਆ ਕਿ ਪਰਮੇਸ਼ੁਰ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ। (ਜ਼ਬੂ. 32:2) ਤੁਸੀਂ ਮੀਟਿੰਗਾਂ ਵਿਚ ਜਾਣ ਲੱਗ ਪਏ ਅਤੇ ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸਣ ਲੱਗ ਪਏ। ਫਿਰ ਤੁਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਹੁਣ ਤੁਸੀਂ ਜ਼ਿੰਦਗੀ ਦੇ ਰਾਹ ʼਤੇ ਚੱਲ ਰਹੇ ਹੋ। ਤੁਸੀਂ ਪੱਕਾ ਇਰਾਦਾ ਕਰ ਲਿਆ ਹੈ ਕਿ ਤੁਸੀਂ ਇਸ ਰਾਹ ʼਤੇ ਚੱਲਦੇ ਰਹੋਗੇ। (ਮੱਤੀ 7:13, 14) ਸਾਡੀ ਦੁਆ ਹੈ ਕਿ ਤੁਸੀਂ ਆਪਣਾ ਇਰਾਦਾ ਮਜ਼ਬੂਤ ਰੱਖੋ, ਯਹੋਵਾਹ ਦੀ ਸੇਵਾ ਵਿਚ ਲੱਗੇ ਰਹੋ ਅਤੇ ਹਰ ਹਾਲ ਵਿਚ ਉਸ ਦੇ ਹੁਕਮ ਮੰਨਦੇ ਰਹੋ। w23.07 17 ਪੈਰਾ 14; 19 ਪੈਰਾ 19
ਮੰਗਲਵਾਰ 30 ਸਤੰਬਰ
ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ। ਇਸ ਦੀ ਬਜਾਇ, ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।—1 ਕੁਰਿੰ. 10:13.
ਸਮਰਪਣ ਦੀ ਆਪਣੀ ਪ੍ਰਾਰਥਨਾ ʼਤੇ ਸੋਚ-ਵਿਚਾਰ ਕਰਨ ਕਰਕੇ ਬਹਿਕਾਏ ਜਾਣ ʼਤੇ ਵੀ ਤੁਸੀਂ ਵਫ਼ਾਦਾਰ ਰਹਿ ਸਕੋਗੇ। ਮਿਸਾਲ ਲਈ, ਕੀ ਤੁਸੀਂ ਕਿਸੇ ਦੇ ਜੀਵਨ-ਸਾਥੀ ਨਾਲ ਅੱਖ-ਮਟੱਕਾ ਕਰੋਗੇ? ਕਦੇ ਵੀ ਨਹੀਂ। ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਯਹੋਵਾਹ ਨਾਲ ਵਾਅਦਾ ਕੀਤਾ ਹੈ ਕਿ ਤੁਸੀਂ ਹਰ ਹਾਲ ਵਿਚ ਉਸ ਦੇ ਵਫ਼ਾਦਾਰ ਰਹੋਗੇ। ਸੋ ਜੇ ਤੁਸੀਂ ਆਪਣੇ ਦਿਲ ਵਿਚ ਕਿਸੇ ਗ਼ਲਤ ਇੱਛਾ ਨੂੰ ਜੜ੍ਹ ਹੀ ਨਹੀਂ ਫੜਨ ਦਿਓਗੇ, ਤਾਂ ਬਾਅਦ ਵਿਚ ਤੁਹਾਨੂੰ ਇਸ ਨੂੰ ਪੁੱਟਣ ਦੀ ਲੋੜ ਹੀ ਨਹੀਂ ਪਵੇਗੀ। ਤੁਸੀਂ “ਦੁਸ਼ਟਾਂ ਦੇ ਰਾਹ” ਉੱਤੇ ਚੱਲਣ ਤੋਂ ‘ਮੂੰਹ ਮੋੜ ਲਓਗੇ।’ (ਕਹਾ. 4:14, 15) ਤੁਸੀਂ ਯਿਸੂ ਦੀ ਮਿਸਾਲ ਯਾਦ ਰੱਖੋਗੇ ਜੋ ਹਰ ਹਾਲ ਵਿਚ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਤੁਸੀਂ ਇੱਦਾਂ ਦਾ ਕੁਝ ਵੀ ਕਰਨ ਤੋਂ ਤੁਰੰਤ ਨਾਂਹ ਕਰ ਦਿਓਗੇ ਜਿਸ ਕਰਕੇ ਤੁਹਾਡੇ ਲਈ ਯਹੋਵਾਹ ਦੀ ਇੱਛਾ ਪੂਰੀ ਕਰਨੀ ਔਖੀ ਹੋ ਜਾਵੇ। (ਮੱਤੀ 4:10; ਯੂਹੰ. 8:29) ਜਦੋਂ ਤੁਹਾਨੂੰ ਬਹਿਕਾਇਆ ਜਾਂਦਾ ਹੈ ਜਾਂ ਤੁਹਾਡੇ ʼਤੇ ਕੋਈ ਮੁਸ਼ਕਲ ਆਉਂਦੀ ਹੈ, ਤਾਂ ਤੁਹਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਤੁਸੀਂ ਹਰ ਹਾਲ ਵਿਚ ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਚਾਹੁੰਦੇ ਹੋ। ਨਾਲੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਇੱਦਾਂ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਰੇਗਾ। w24.03 9-10 ਪੈਰੇ 8-10