ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es25 ਸਫ਼ੇ 147-160
  • ਦਸੰਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਸੰਬਰ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
  • ਸਿਰਲੇਖ
  • ਸੋਮਵਾਰ 1 ਦਸੰਬਰ
  • ਮੰਗਲਵਾਰ 2 ਦਸੰਬਰ
  • ਬੁੱਧਵਾਰ 3 ਦਸੰਬਰ
  • ਵੀਰਵਾਰ 4 ਦਸੰਬਰ
  • ਸ਼ੁੱਕਰਵਾਰ 5 ਦਸੰਬਰ
  • ਸ਼ਨੀਵਾਰ 6 ਦਸੰਬਰ
  • ਐਤਵਾਰ 7 ਦਸੰਬਰ
  • ਸੋਮਵਾਰ 8 ਦਸੰਬਰ
  • ਮੰਗਲਵਾਰ 9 ਦਸੰਬਰ
  • ਬੁੱਧਵਾਰ 10 ਦਸੰਬਰ
  • ਵੀਰਵਾਰ 11 ਦਸੰਬਰ
  • ਸ਼ੁੱਕਰਵਾਰ 12 ਦਸੰਬਰ
  • ਸ਼ਨੀਵਾਰ 13 ਦਸੰਬਰ
  • ਐਤਵਾਰ 14 ਦਸੰਬਰ
  • ਸੋਮਵਾਰ 15 ਦਸੰਬਰ
  • ਮੰਗਲਵਾਰ 16 ਦਸੰਬਰ
  • ਬੁੱਧਵਾਰ 17 ਦਸੰਬਰ
  • ਵੀਰਵਾਰ 18 ਦਸੰਬਰ
  • ਸ਼ੁੱਕਰਵਾਰ 19 ਦਸੰਬਰ
  • ਸ਼ਨੀਵਾਰ 20 ਦਸੰਬਰ
  • ਐਤਵਾਰ 21 ਦਸੰਬਰ
  • ਸੋਮਵਾਰ 22 ਦਸੰਬਰ
  • ਮੰਗਲਵਾਰ 23 ਦਸੰਬਰ
  • ਬੁੱਧਵਾਰ 24 ਦਸੰਬਰ
  • ਵੀਰਵਾਰ 25 ਦਸੰਬਰ
  • ਸ਼ੁੱਕਰਵਾਰ 26 ਦਸੰਬਰ
  • ਸ਼ਨੀਵਾਰ 27 ਦਸੰਬਰ
  • ਐਤਵਾਰ 28 ਦਸੰਬਰ
  • ਸੋਮਵਾਰ 29 ਦਸੰਬਰ
  • ਮੰਗਲਵਾਰ 30 ਦਸੰਬਰ
  • ਬੁੱਧਵਾਰ 31 ਦਸੰਬਰ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
es25 ਸਫ਼ੇ 147-160

ਦਸੰਬਰ

ਸੋਮਵਾਰ 1 ਦਸੰਬਰ

‘ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਗਿਆ।’​—ਲੂਕਾ 20:37.

ਕੀ ਯਹੋਵਾਹ ਕੋਲ ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ? ਜੀ ਹਾਂ, ਬਿਲਕੁਲ ਹੈ! ਉਹ “ਸਰਬਸ਼ਕਤੀਮਾਨ” ਪਰਮੇਸ਼ੁਰ ਹੈ। (ਪ੍ਰਕਾ. 1:8) ਇਸ ਲਈ ਉਹ ਇੰਨਾ ਤਾਕਤਵਰ ਹੈ ਕਿ ਉਹ ਕਿਸੇ ਵੀ ਦੁਸ਼ਮਣ ਨੂੰ ਹਰਾ ਸਕਦਾ ਹੈ, ਇੱਥੋਂ ਤਕ ਕਿ ਮੌਤ ਨੂੰ ਵੀ। (1 ਕੁਰਿੰ. 15:26) ਪਰਮੇਸ਼ੁਰ ਮੁਰਦਿਆਂ ਨੂੰ ਦੁਬਾਰਾ ਜੀਉਂਦੇ ਕਰਨ ਦੇ ਕਾਬਲ ਹੈ। ਇਸ ਗੱਲ ʼਤੇ ਯਕੀਨ ਕਰਨ ਦਾ ਹੋਰ ਕਿਹੜਾ ਕਾਰਨ ਹੈ? ਇਹੀ ਕਿ ਯਹੋਵਾਹ ਦੀ ਯਾਦਾਸ਼ਤ ਬੇਮਿਸਾਲ ਹੈ। ਉਹ ਹਰੇਕ ਤਾਰੇ ਨੂੰ ਨਾਂ ਲੈ ਕੇ ਬੁਲਾਉਂਦਾ ਹੈ। (ਯਸਾ. 40:26) ਉਹ ਉਨ੍ਹਾਂ ਨੂੰ ਵੀ ਯਾਦ ਰੱਖਦਾ ਹੈ ਜੋ ਮਰ ਚੁੱਕੇ ਹਨ। (ਅੱਯੂ. 14:13; ਲੂਕਾ 20:38) ਉਹ ਜਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਨ੍ਹਾਂ ਬਾਰੇ ਹਰ ਛੋਟੀ ਤੋਂ ਛੋਟੀ ਗੱਲ ਸੌਖਿਆਂ ਹੀ ਯਾਦ ਰੱਖ ਸਕਦਾ ਹੈ। ਉਦਾਹਰਣ ਲਈ, ਉਹ ਕਿਹੋ ਜਿਹੇ ਦਿਸਦੇ ਸਨ, ਉਨ੍ਹਾਂ ਦਾ ਸੁਭਾਅ ਕਿਹੋ ਜਿਹਾ ਸੀ, ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਕੁਝ ਹੋਇਆ ਸੀ, ਉਨ੍ਹਾਂ ਦੀਆਂ ਯਾਦਾਂ ਅਤੇ ਬਾਕੀ ਸਾਰਾ ਕੁਝ। ਬਿਨਾਂ ਸ਼ੱਕ, ਅਸੀਂ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਭਵਿੱਖ ਵਿਚ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰੇਗਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਇਸ ਤਰ੍ਹਾਂ ਕਰਨਾ ਚਾਹੁੰਦਾ ਹੈ ਅਤੇ ਉਸ ਕੋਲ ਇਸ ਤਰ੍ਹਾਂ ਕਰਨ ਦੀ ਤਾਕਤ ਵੀ ਹੈ। ਅਸੀਂ ਇਕ ਹੋਰ ਕਾਰਨ ਕਰਕੇ ਪਰਮੇਸ਼ੁਰ ਦੇ ਇਸ ਵਾਅਦੇ ʼਤੇ ਵਿਸ਼ਵਾਸ ਕਰ ਸਕਦੇ ਹਾਂ। ਉਹ ਇਹ ਕਿ ਯਹੋਵਾਹ ਨੇ ਪਹਿਲਾਂ ਵੀ ਇੱਦਾਂ ਕੀਤਾ ਹੈ। ਬਾਈਬਲ ਦੇ ਜ਼ਮਾਨੇ ਵਿਚ ਉਸ ਨੇ ਆਪਣੇ ਕੁਝ ਵਫ਼ਾਦਾਰ ਆਦਮੀਆਂ ਨੂੰ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਦਿੱਤੀ ਸੀ। ਨਾਲੇ ਉਸ ਨੇ ਯਿਸੂ ਨੂੰ ਵੀ ਇਹ ਤਾਕਤ ਦਿੱਤੀ ਸੀ। w23.04 9-10 ਪੈਰੇ 7-9

ਮੰਗਲਵਾਰ 2 ਦਸੰਬਰ

ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਹਮੇਸ਼ਾ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।​—ਕੁਲੁ. 4:6.

ਜੇ ਅਸੀਂ ਸਮਝਦਾਰੀ ਤੇ ਨਰਮਾਈ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨਾਲ ਗੱਲ ਕਰਦੇ ਹਾਂ, ਤਾਂ ਸ਼ਾਇਦ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ ਜਾਂ ਗੱਲ ਜਾਰੀ ਰੱਖਣੀ ਚਾਹੁਣ। ਇਹ ਤਾਂ ਸੱਚ ਹੈ ਕਿ ਕੁਝ ਲੋਕ ਸਿਰਫ਼ ਬਹਿਸ ਕਰਨੀ ਜਾਂ ਸਾਡਾ ਮਜ਼ਾਕ ਉਡਾਉਣਾ ਚਾਹੁੰਦੇ ਹਨ। ਅਜਿਹੇ ਲੋਕਾਂ ਨਾਲ ਗੱਲਬਾਤ ਜਾਰੀ ਰੱਖਣ ਦੀ ਲੋੜ ਨਹੀਂ ਹੈ। (ਕਹਾ. 26:4) ਪਰ ਸਾਰੇ ਲੋਕ ਇਨ੍ਹਾਂ ਵਰਗੇ ਨਹੀਂ ਹੁੰਦੇ। ਸ਼ਾਇਦ ਜ਼ਿਆਦਾਤਰ ਲੋਕ ਸਾਡੀ ਗੱਲਬਾਤ ਸੁਣਨ ਲਈ ਤਿਆਰ ਹੋ ਜਾਣ। ਨਰਮਾਈ ਨਾਲ ਪੇਸ਼ ਆਉਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਨਰਮਾਈ ਨਾਲ ਪੇਸ਼ ਆਉਣ ਦੀ ਤਾਕਤ ਦੇਵੇ। ਇਸ ਤਰ੍ਹਾਂ ਤੁਸੀਂ ਉਸ ਵੇਲੇ ਵੀ ਨਰਮਾਈ ਨਾਲ ਜਵਾਬ ਦੇ ਸਕੋਗੇ ਜਦੋਂ ਕੋਈ ਤੁਹਾਡੇ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ ਜਾਂ ਤੁਹਾਡੀ ਨੁਕਤਾਚੀਨੀ ਕਰਦਾ ਹੈ। ਵੱਖੋ-ਵੱਖਰੀ ਰਾਇ ਹੋਣ ਕਰਕੇ ਝਗੜਾ ਛਿੜ ਸਕਦਾ ਹੈ, ਪਰ ਯਾਦ ਰੱਖੋ ਕਿ ਨਰਮਾਈ ਨਾਲ ਪੇਸ਼ ਆਉਣ ਕਰਕੇ ਤੁਸੀਂ ਗੱਲ ਨੂੰ ਉੱਥੇ ਹੀ ਮੁਕਾ ਸਕਦੇ ਹੋ। ਨਾਲੇ ਨਰਮਾਈ ਤੇ ਆਦਰ ਨਾਲ ਪੇਸ਼ ਆਉਣ ਕਰਕੇ ਸ਼ਾਇਦ ਕੋਈ ਤੁਹਾਡੀ ਗੱਲ ਸੁਣਨੀ ਚਾਹੇ ਅਤੇ ਗਵਾਹਾਂ ਬਾਰੇ ਤੇ ਬਾਈਬਲ ਸੱਚਾਈਆਂ ਬਾਰੇ ਆਪਣੀ ਰਾਇ ਬਦਲਣੀ ਚਾਹੇ। ਆਪਣੇ ਵਿਸ਼ਵਾਸਾਂ ਬਾਰੇ “ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ।” (1 ਪਤ. 3:15) ਜੀ ਹਾਂ, ਨਰਮਾਈ ਨਾਲ ਪੇਸ਼ ਆਉਣਾ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ! w23.09 19 ਪੈਰੇ 18-19

ਬੁੱਧਵਾਰ 3 ਦਸੰਬਰ

ਧੀਰਜ ਨੂੰ ਪਹਿਨ ਲਓ।​—ਕੁਲੁ. 3:12.

ਧਿਆਨ ਦਿਓ ਕਿ ਧੀਰਜਵਾਨ ਵਿਅਕਤੀ ਵਿਚ ਕਿਹੜੀਆਂ ਚਾਰ ਖ਼ਾਸ ਗੱਲਾਂ ਹੁੰਦੀਆਂ ਹਨ। ਪਹਿਲੀ, ਧੀਰਜਵਾਨ ਵਿਅਕਤੀ ਛੇਤੀ ਗੁੱਸਾ ਨਹੀਂ ਕਰਦਾ। ਗੁੱਸਾ ਚੜ੍ਹਾਏ ਜਾਣ ਜਾਂ ਤਣਾਅ ਵਿਚ ਹੋਣ ʼਤੇ ਉਹ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕਦਾ ਹੈ। (ਕੂਚ 34:6) ਦੂਜੀ, ਧੀਰਜਵਾਨ ਵਿਅਕਤੀ ਸ਼ਾਂਤੀ ਨਾਲ ਇੰਤਜ਼ਾਰ ਕਰਦਾ ਹੈ। ਜੇ ਧੀਰਜਵਾਨ ਵਿਅਕਤੀ ਨੂੰ ਕਿਸੇ ਚੀਜ਼ ਦਾ ਇੰਤਜ਼ਾਰ ਕਰਦਿਆਂ ਉਮੀਦ ਨਾਲੋਂ ਜ਼ਿਆਦਾ ਸਮਾਂ ਹੋ ਗਿਆ ਹੈ, ਤਾਂ ਉਹ ਬੇਚੈਨ ਨਹੀਂ ਹੁੰਦਾ ਤੇ ਨਾ ਹੀ ਖਿੱਝਦਾ ਹੈ। (ਉਪ. 7:8) ਤੀਜੀ, ਧੀਰਜਵਾਨ ਵਿਅਕਤੀ ਕਾਹਲੀ ਵਿਚ ਕੁਝ ਨਹੀਂ ਕਰਦਾ। ਜਦੋਂ ਕਿਸੇ ਧੀਰਜਵਾਨ ਵਿਅਕਤੀ ਨੇ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੁੰਦਾ ਹੈ, ਤਾਂ ਉਹ ਨਾ ਤਾਂ ਉਸ ਨੂੰ ਕਾਹਲੀ ਵਿਚ ਸ਼ੁਰੂ ਕਰਦਾ ਹੈ ਅਤੇ ਨਾ ਹੀ ਕਾਹਲੀ ਵਿਚ ਖ਼ਤਮ ਕਰਦਾ ਹੈ। ਇਸ ਦੀ ਬਜਾਇ, ਉਹ ਥੋੜ੍ਹਾ ਸਮਾਂ ਵੱਖਰਾ ਰੱਖ ਕੇ ਸੋਚਦਾ ਹੈ ਕਿ ਇਸ ਕੰਮ ਨੂੰ ਕਰਨ ਵਿਚ ਕਿੰਨਾ ਸਮਾਂ ਲੱਗੇਗਾ। ਫਿਰ ਉਹ ਇਸ ਕੰਮ ਨੂੰ ਕਰਨ ਵਿਚ ਉੱਨਾ ਸਮਾਂ ਲਾਉਂਦਾ ਹੈ, ਜਿੰਨਾ ਜ਼ਰੂਰੀ ਹੁੰਦਾ ਹੈ। ਚੌਥੀ, ਧੀਰਜਵਾਨ ਵਿਅਕਤੀ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਅਜ਼ਮਾਇਸ਼ਾਂ ਝੱਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੀਆਂ ਮੁਸ਼ਕਲਾਂ ਬਾਰੇ ਹੀ ਨਹੀਂ ਸੋਚਦਾ ਰਹਿੰਦਾ, ਸਗੋਂ ਉਹ ਚੰਗੀਆਂ ਗੱਲਾਂ ʼਤੇ ਧਿਆਨ ਲਾਉਂਦਾ ਹੈ ਅਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਕੁਲੁ. 1:11) ਮਸੀਹੀਆਂ ਵਜੋਂ, ਸਾਨੂੰ ਇਨ੍ਹਾਂ ਸਾਰੇ ਤਰੀਕਿਆਂ ਰਾਹੀਂ ਧੀਰਜ ਦਿਖਾਉਣ ਦੀ ਲੋੜ ਹੈ। w23.08 20-21 ਪੈਰੇ 3-6

ਵੀਰਵਾਰ 4 ਦਸੰਬਰ

ਦਿਲਾਂ ਨੂੰ ਜਾਂਚਣ ਵਾਲਾ ਯਹੋਵਾਹ ਹੈ।​—ਕਹਾ. 17:3.

ਆਪਣੇ ਦਿਲ ਦੀ ਰਾਖੀ ਕਰਨ ਦਾ ਇਕ ਅਹਿਮ ਕਾਰਨ ਹੈ ਕਿ ਯਹੋਵਾਹ ਸਾਡੇ ਦਿਲਾਂ ਨੂੰ ਜਾਂਚਦਾ ਹੈ। ਇਸ ਦਾ ਮਤਲਬ ਹੈ ਕਿ ਉਹ ਕਿਸੇ ਵੀ ਇਨਸਾਨ ਨਾਲੋਂ ਸਾਡੇ ਬਾਰੇ ਜ਼ਿਆਦਾ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਅਸੀਂ ਅਸਲ ਵਿਚ ਕਿਹੋ ਜਿਹੇ ਇਨਸਾਨ ਹਾਂ। ਜੇ ਅਸੀਂ ਆਪਣੇ ਦਿਲ-ਦਿਮਾਗ਼ ਨੂੰ ਪਰਮੇਸ਼ੁਰ ਦੀ ਬੁੱਧ ਨਾਲ ਭਰਾਂਗੇ, ਤਾਂ ਉਹ ਸਾਨੂੰ ਪਿਆਰ ਕਰੇਗਾ। (ਯੂਹੰ. 4:14) ਇਸ ਤਰ੍ਹਾਂ ਸ਼ੈਤਾਨ ਅਤੇ ਉਸ ਦੀ ਦੁਨੀਆਂ ਦੇ ਬੁਰੇ ਨੈਤਿਕ ਮਿਆਰਾਂ ਅਤੇ ਝੂਠੀਆਂ ਗੱਲਾਂ ਦਾ ਸਾਡੇ ʼਤੇ ਕੋਈ ਅਸਰ ਨਹੀਂ ਪਵੇਗਾ। (1 ਯੂਹੰ. 5:18, 19) ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ, ਉਸ ਲਈ ਸਾਡੇ ਦਿਲ ਵਿਚ ਪਿਆਰ ਤੇ ਆਦਰ ਹੋਰ ਵਧਦਾ ਜਾਵੇਗਾ। ਅਸੀਂ ਆਪਣੇ ਪਿਤਾ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਪਾਪ ਕਰਨ ਦੇ ਖ਼ਿਆਲ ਤੋਂ ਵੀ ਨਫ਼ਰਤ ਕਰਦੇ ਹਾਂ। ਕ੍ਰੋਏਸ਼ੀਆ ਦੀ ਰਹਿਣ ਵਾਲੀ ਭੈਣ ਮਾਰਥਾ ʼਤੇ ਹਰਾਮਕਾਰੀ ਕਰਨ ਦੀ ਅਜ਼ਮਾਇਸ਼ ਆਈ ਸੀ। ਉਹ ਲਿਖਦੀ ਹੈ: “ਮੇਰੇ ਲਈ ਸਾਫ਼-ਸਾਫ਼ ਸੋਚਣਾ ਅਤੇ ਗ਼ਲਤ ਕੰਮ ਕਰਨ ਦੀ ਇੱਛਾ ʼਤੇ ਕਾਬੂ ਪਾਉਣਾ ਬੜਾ ਔਖਾ ਸੀ। ਪਰ ਯਹੋਵਾਹ ਦਾ ਡਰ ਰੱਖਣ ਕਰਕੇ ਮੇਰੀ ਹਿਫਾਜ਼ਤ ਹੋਈ।” ਕਿਵੇਂ? ਮਾਰਥਾ ਦੱਸਦੀ ਹੈ ਕਿ ਉਸ ਨੇ ਗ਼ਲਤ ਕੰਮ ਕਰਨ ਦੇ ਨਤੀਜਿਆਂ ʼਤੇ ਸੋਚ-ਵਿਚਾਰ ਕੀਤਾ। ਅਸੀਂ ਵੀ ਇੱਦਾਂ ਕਰ ਸਕਦੇ ਹਾਂ। w23.06 20-21 ਪੈਰੇ 3-4

ਸ਼ੁੱਕਰਵਾਰ 5 ਦਸੰਬਰ

“ਜਦ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਤੁਹਾਡੇ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।​—ਹਿਜ਼. 36:23.

ਯਿਸੂ ਜਾਣਦਾ ਸੀ ਕਿ ਯਹੋਵਾਹ ਦਾ ਕੀ ਮਕਸਦ ਹੈ। ਇਹੀ ਕਿ ਉਸ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਉਸ ਦੇ ਨਾਂ ʼਤੇ ਲੱਗਾ ਕਲੰਕ ਮਿਟਾਇਆ ਜਾਵੇ। ਇਸ ਲਈ ਸਾਡੇ ਗੁਰੂ ਯਿਸੂ ਨੇ ਸਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਉਹ ਜਾਣਦਾ ਸੀ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਸਾਰੇ ਬ੍ਰਹਿਮੰਡ ਦਾ ਸਭ ਤੋਂ ਵੱਡਾ ਮਸਲਾ ਹੈ। ਉਸ ਨੇ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨ ਲਈ ਜਿੰਨਾ ਕੁਝ ਕੀਤਾ, ਉੱਨਾ ਪੂਰੇ ਜਹਾਨ ਵਿਚ ਕਿਸੇ ਨੇ ਨਹੀਂ ਕੀਤਾ। ਫਿਰ ਵੀ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਦੁਸ਼ਮਣਾਂ ਨੇ ਉਸ ʼਤੇ ਕਿਹੜਾ ਇਲਜ਼ਾਮ ਲਗਾਇਆ? ਪਰਮੇਸ਼ੁਰ ਦੀ ਨਿੰਦਿਆ ਕਰਨ ਦਾ। ਯਿਸੂ ਨੂੰ ਪਤਾ ਸੀ ਕਿ ਆਪਣੇ ਪਿਤਾ ਦੇ ਪਵਿੱਤਰ ਨਾਂ ਨੂੰ ਬਦਨਾਮ ਕਰਨਾ ਸਭ ਤੋਂ ਵੱਡਾ ਪਾਪ ਹੈ। ਉਹ ਜਾਣਦਾ ਸੀ ਕਿ ਉਸ ʼਤੇ ਇਹੀ ਇਲਜ਼ਾਮ ਲਗਾਇਆ ਜਾਵੇਗਾ। ਸ਼ਾਇਦ ਇਸੇ ਕਰਕੇ ਗਿਰਫ਼ਤਾਰ ਹੋਣ ਤੋਂ ਪਹਿਲਾਂ ਯਿਸੂ “ਮਨੋਂ ਬੜਾ ਦੁਖੀ ਹੋਇਆ।”​—ਲੂਕਾ 22:41-44. w24.02 11 ਪੈਰਾ 11

ਸ਼ਨੀਵਾਰ 6 ਦਸੰਬਰ

ਬੁੱਧ ਨਾਲ ਘਰ ਬਣਦਾ ਹੈ।​—ਕਹਾ. 24:3.

ਜ਼ਿੰਦਗੀ ਦੀ ਦੌੜ ਵਿਚ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਯਹੋਵਾਹ ਅਤੇ ਯਿਸੂ ਨੂੰ ਪਿਆਰ ਕਰਨਾ ਚਾਹੀਦਾ ਹੈ। (ਮੱਤੀ 10:37) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਇਸ ਲਈ ਨਜ਼ਰਅੰਦਾਜ਼ ਕਰ ਸਕਦੇ ਹਾਂ ਕਿਉਂਕਿ ਉਹ ਪਰਮੇਸ਼ੁਰ ਅਤੇ ਯਿਸੂ ਨੂੰ ਖ਼ੁਸ਼ ਕਰਨ ਦੇ ਰਾਹ ਵਿਚ ਰੁਕਾਵਟ ਬਣ ਰਹੀਆਂ ਹਨ। ਇਸ ਤੋਂ ਉਲਟ, ਯਹੋਵਾਹ ਤੇ ਯਿਸੂ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ। (1 ਤਿਮੋ. 5:4, 8) ਨਾਲੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਕੇ ਸਾਨੂੰ ਵੀ ਖ਼ੁਸ਼ੀ ਮਿਲੇਗੀ। ਕਿਉਂ? ਕਿਉਂਕਿ ਯਹੋਵਾਹ ਨੂੰ ਪਤਾ ਹੈ ਕਿ ਪਰਿਵਾਰ ਉਦੋਂ ਖ਼ੁਸ਼ ਹੁੰਦੇ ਹਨ ਜਦੋਂ ਪਤੀ-ਪਤਨੀ ਇਕ-ਦੂਜੇ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਂਦੇ ਹਨ, ਜਦੋਂ ਮਾਪੇ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਜਦੋਂ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹਨ। (ਅਫ਼. 5:33; 6:1, 4) ਚਾਹੇ ਤੁਸੀਂ ਪਤੀ, ਪਤਨੀ ਜਾਂ ਬੱਚੇ ਹੋ, ਪਰ ਤੁਸੀਂ ਸਾਰੇ ਜਣੇ ਬਾਈਬਲ ਵਿਚ ਦਿੱਤੀਆਂ ਵਧੀਆ ਸਲਾਹਾਂ ʼਤੇ ਭਰੋਸਾ ਕਰ ਸਕਦੇ ਹੋ। ਉਹ ਨਾ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ ਜਾਂ ਜੋ ਤੁਹਾਡੇ ਇਲਾਕੇ ਦੇ ਲੋਕ ਕਰਦੇ ਹਨ ਜਾਂ ਜੋ ਮਾਹਰ ਕਰਨ ਲਈ ਕਹਿੰਦੇ ਹਨ। ਇਸ ਤੋਂ ਉਲਟ, ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹੋ। ਇਨ੍ਹਾਂ ਵਿਚ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਬਾਰੇ ਵਧੀਆ ਸੁਝਾਅ ਦਿੱਤੇ ਜਾਂਦੇ ਹਨ। w23.08 28 ਪੈਰੇ 6-7

ਐਤਵਾਰ 7 ਦਸੰਬਰ

ਤੂੰ ਇਸ ਨੂੰ ਦਿਨ-ਰਾਤ ਧੀਮੀ ਆਵਾਜ਼ ਵਿਚ ਪੜ੍ਹੀਂ ਤਾਂਕਿ ਤੂੰ ਇਸ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰ ਸਕੇਂ; ਫਿਰ ਤੂੰ ਆਪਣੇ ਹਰ ਕੰਮ ਵਿਚ ਸਫ਼ਲ ਹੋਵੇਂਗਾ ਅਤੇ ਬੁੱਧ ਤੋਂ ਕੰਮ ਲਵੇਂਗਾ।​—ਯਹੋ. 1:8.

ਮਸੀਹੀ ਭੈਣਾਂ ਨੂੰ ਕੁਝ ਹੁਨਰ ਵੀ ਸਿੱਖਣੇ ਚਾਹੀਦੇ ਹਨ। ਜਦੋਂ ਇਕ ਵਿਅਕਤੀ ਛੋਟੀ ਉਮਰ ਵਿਚ ਕੋਈ ਹੁਨਰ ਸਿੱਖਦਾ ਹੈ, ਤਾਂ ਉਸ ਨੂੰ ਉਮਰ ਭਰ ਉਸ ਦਾ ਫ਼ਾਇਦਾ ਹੁੰਦਾ ਹੈ। ਉਦਾਹਰਣ ਲਈ, ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋ। ਕੁਝ ਸਭਿਆਚਾਰਾਂ ਵਿਚ ਔਰਤਾਂ ਲਈ ਪੜ੍ਹਨਾ-ਲਿਖਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ। ਪਰ ਹਰ ਮਸੀਹੀ ਲਈ ਪੜ੍ਹਨਾ-ਲਿਖਣਾ ਸਿੱਖਣਾ ਜ਼ਰੂਰੀ ਹੈ। (1 ਤਿਮੋ. 4:13) ਭਾਵੇਂ ਤੁਹਾਡੇ ਸਾਮ੍ਹਣੇ ਕੋਈ ਵੀ ਮੁਸ਼ਕਲ ਆਵੇ, ਫਿਰ ਵੀ ਪੱਕਾ ਇਰਾਦਾ ਕਰੋ ਕਿ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋਗੇ। ਇਸ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਤੁਹਾਨੂੰ ਕੋਈ ਨੌਕਰੀ ਮਿਲ ਸਕੇਗੀ। ਨਾਲੇ ਇਸ ਨਾਲ ਤੁਹਾਡੀ ਮਦਦ ਹੋਵੇਗੀ ਕਿ ਤੁਸੀਂ ਖ਼ੁਦ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰ ਸਕੋ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਸਿਖਾ ਸਕੋ। ਸਭ ਤੋਂ ਜ਼ਰੂਰੀ ਗੱਲ, ਬਾਈਬਲ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਓਗੇ।​—1 ਤਿਮੋ. 4:15. w23.12 20 ਪੈਰੇ 10-11

ਸੋਮਵਾਰ 8 ਦਸੰਬਰ

ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।​—2 ਪਤ. 2:9.

ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣ ਲਈ ਯਹੋਵਾਹ ਤੋਂ ਮਦਦ ਮੰਗੋ। ਨਾਮੁਕੰਮਲ ਹੋਣ ਕਰਕੇ ਸਾਨੂੰ ਹਮੇਸ਼ਾ ਗ਼ਲਤ ਕੰਮ ਕਰਨ ਦੀ ਇੱਛਾ ʼਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਸ਼ੈਤਾਨ ਵੀ ਪੂਰੀ ਵਾਹ ਲਾਉਂਦਾ ਹੈ ਤਾਂਕਿ ਅਸੀਂ ਇਸ ਜੱਦੋ-ਜਹਿਦ ਵਿਚ ਅਸਫ਼ਲ ਹੋ ਜਾਈਏ। ਉਹ ਅਨੈਤਿਕ ਮਨੋਰੰਜਨ ਰਾਹੀਂ ਸਾਡੀ ਸੋਚ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਦੇ ਮਨੋਰੰਜਨ ਕਰਕੇ ਸਾਡਾ ਮਨ ਗੰਦੇ ਖ਼ਿਆਲਾਂ ਨਾਲ ਭਰ ਸਕਦਾ ਹੈ। ਇਸ ਕਰਕੇ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਸਕਦੇ ਹਾਂ ਅਤੇ ਸਾਡੇ ਤੋਂ ਕੋਈ ਗੰਭੀਰ ਪਾਪ ਹੋ ਸਕਦਾ ਹੈ। (ਮਰ. 7:21-23; ਯਾਕੂ. 1:14, 15) ਜੇ ਸਾਡੇ ਮਨ ਵਿਚ ਗ਼ਲਤ ਕੰਮ ਕਰਨ ਦੀ ਇੱਛਾ ਪੈਦਾ ਹੁੰਦੀ ਹੈ, ਤਾਂ ਇਸ ਤੋਂ ਬਚਣ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਤਾਂ ਉਸ ਨੇ ਉਨ੍ਹਾਂ ਨੂੰ ਇਹ ਬੇਨਤੀ ਕਰਨ ਲਈ ਵੀ ਕਿਹਾ: “ਸਾਨੂੰ ਪਰੀਖਿਆ ਵਿਚ ਨਾ ਪੈਣ ਦੇ ਤੇ ਸਾਨੂੰ ਸ਼ੈਤਾਨ ਤੋਂ ਬਚਾ।” (ਮੱਤੀ 6:13) ਯਹੋਵਾਹ ਸਾਡੀ ਮਦਦ ਕਰਨੀ ਚਾਹੁੰਦਾ ਹੈ, ਪਰ ਸਾਨੂੰ ਉਸ ਤੋਂ ਮਦਦ ਮੰਗਣ ਦੀ ਲੋੜ ਹੈ। ਨਾਲੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਵੀ ਕਰਨੇ ਚਾਹੀਦੇ ਹਨ। w23.05 6-7 ਪੈਰੇ 15-17

ਮੰਗਲਵਾਰ 9 ਦਸੰਬਰ

ਤਿੰਨ ਧਾਗਿਆਂ ਦੀ ਡੋਰੀ ਛੇਤੀ ਨਹੀਂ ਟੁੱਟਦੀ।​—ਉਪ. 4:12.

ਜਦੋਂ ਪਤੀ-ਪਤਨੀ ਆਪਣੇ ਸਵਰਗੀ ਪਿਤਾ ਨਾਲ ਆਪਣੇ ਰਿਸ਼ਤੇ ਨੂੰ ਅਹਿਮੀਅਤ ਦਿੰਦੇ ਹਨ, ਤਾਂ ਉਨ੍ਹਾਂ ਲਈ ਉਸ ਦੀ ਸਲਾਹ ਮੰਨਣੀ ਸੌਖੀ ਹੁੰਦੀ ਹੈ। ਇਸ ਤਰ੍ਹਾਂ ਉਹ ਕਾਫ਼ੀ ਹੱਦ ਤਕ ਉਨ੍ਹਾਂ ਮੁਸ਼ਕਲਾਂ ਤੋਂ ਬਚ ਪਾਉਂਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਪਿਆਰ ਠੰਢਾ ਪੈ ਸਕਦਾ ਹੈ। ਨਾਲੇ ਉਹ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ ʼਤੇ ਇਨ੍ਹਾਂ ਨੂੰ ਸੁਲਝਾ ਵੀ ਪਾਉਂਦੇ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੁੰਦਾ ਹੈ, ਉਹ ਉਸ ਵਰਗੇ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਯਹੋਵਾਹ ਵਾਂਗ ਧੀਰਜ ਰੱਖਣ, ਇਕ-ਦੂਜੇ ਨੂੰ ਮਾਫ਼ ਕਰਨ ਅਤੇ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਅਫ਼. 4:32–5:1) ਜਿਹੜੇ ਜੋੜੇ ਇਹ ਗੁਣ ਦਿਖਾਉਂਦੇ ਹਨ, ਉਨ੍ਹਾਂ ਲਈ ਇਕ-ਦੂਜੇ ਨੂੰ ਪਿਆਰ ਕਰਨਾ ਹੋਰ ਵੀ ਸੌਖਾ ਹੋ ਜਾਂਦਾ ਹੈ। ਭੈਣ ਲੀਨਾ ਦੇ ਵਿਆਹ ਨੂੰ 25 ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਯਹੋਵਾਹ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੂੰ ਪਿਆਰ ਕਰਨਾ ਅਤੇ ਉਸ ਦਾ ਆਦਰ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ।” ਜ਼ਰਾ ਬਾਈਬਲ ਦੀ ਇਕ ਮਿਸਾਲ ʼਤੇ ਗੌਰ ਕਰੋ। ਜਦੋਂ ਯਹੋਵਾਹ ਨੇ ਚੁਣਨਾ ਸੀ ਕਿ ਧਰਤੀ ʼਤੇ ਮਸੀਹ ਦੇ ਮਾਪੇ ਕੌਣ ਹੋਣਗੇ, ਤਾਂ ਉਹ ਦਾਊਦ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਚੁਣ ਸਕਦਾ ਸੀ। ਫਿਰ ਉਸ ਨੇ ਯੂਸੁਫ਼ ਅਤੇ ਮਰੀਅਮ ਨੂੰ ਹੀ ਕਿਉਂ ਚੁਣਿਆ? ਕਿਉਂਕਿ ਉਨ੍ਹਾਂ ਦੋਹਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਸੀ ਅਤੇ ਯਹੋਵਾਹ ਜਾਣਦਾ ਸੀ ਕਿ ਪਤੀ-ਪਤਨੀ ਵਜੋਂ ਵੀ ਉਹ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣਗੇ। w23.05 21 ਪੈਰੇ 3-4

ਬੁੱਧਵਾਰ 10 ਦਸੰਬਰ

ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ।​—ਇਬ. 13:17.

ਭਾਵੇਂ ਕਿ ਸਾਡਾ ਆਗੂ ਯਿਸੂ ਮੁਕੰਮਲ ਹੈ, ਪਰ ਉਸ ਨੇ ਧਰਤੀ ʼਤੇ ਜਿਨ੍ਹਾਂ ਨੂੰ ਅਗਵਾਈ ਕਰਨ ਲਈ ਚੁਣਿਆ ਹੈ, ਉਹ ਨਾਮੁਕੰਮਲ ਹਨ। ਇਸ ਲਈ ਕਈ ਵਾਰ ਸ਼ਾਇਦ ਸਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਲੱਗੇ, ਖ਼ਾਸ ਕਰਕੇ ਜੇ ਉਹ ਸਾਨੂੰ ਕੁਝ ਅਜਿਹਾ ਕਰਨ ਨੂੰ ਕਹਿਣ ਜਿਸ ਨੂੰ ਕਰਨ ਦਾ ਸਾਡਾ ਦਿਲ ਨਾ ਕਰੇ। ਇਕ ਵਾਰ ਪਤਰਸ ਰਸੂਲ ਨਾਲ ਵੀ ਇੱਦਾਂ ਹੀ ਹੋਇਆ। ਇਕ ਦੂਤ ਨੇ ਉਸ ਨੂੰ ਕੁਝ ਅਜਿਹੇ ਜਾਨਵਰਾਂ ਦਾ ਮਾਸ ਖਾਣ ਨੂੰ ਕਿਹਾ ਜੋ ਮੂਸਾ ਦੇ ਕਾਨੂੰਨ ਮੁਤਾਬਕ ਅਸ਼ੁੱਧ ਸਨ। ਉਸ ਨੇ ਕਦੀ ਵੀ ਅਸ਼ੁੱਧ ਜਾਨਵਰਾਂ ਦਾ ਮਾਸ ਨਹੀਂ ਖਾਧਾ ਸੀ। ਇਸ ਲਈ ਉਸ ਨੂੰ ਇਹ ਹਿਦਾਇਤ ਸਹੀ ਨਹੀਂ ਲੱਗ ਰਹੀ ਸੀ। ਪਤਰਸ ਨੇ ਇਨ੍ਹਾਂ ਨੂੰ ਖਾਣ ਤੋਂ ਮਨ੍ਹਾ ਕਰ ਦਿੱਤਾ, ਉਹ ਵੀ ਇਕ ਵਾਰ ਨਹੀਂ, ਸਗੋਂ ਤਿੰਨ ਵਾਰ! (ਰਸੂ. 10:9-16) ਦੂਜੇ ਪਾਸੇ, ਜਦੋਂ ਯਰੂਸ਼ਲਮ ਦੀ ਮਸੀਹੀ ਮੰਡਲੀ ਦੇ ਬਜ਼ੁਰਗਾਂ ਨੇ ਪੌਲੁਸ ਰਸੂਲ ਨੂੰ ਹਿਦਾਇਤ ਦਿੱਤੀ ਕਿ ਉਹ ਚਾਰ ਆਦਮੀਆਂ ਨੂੰ ਮੰਦਰ ਲੈ ਕੇ ਜਾਵੇ ਅਤੇ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰੇ ਤਾਂਕਿ ਇਸ ਤੋਂ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਉਹ ਕਾਨੂੰਨ ਨੂੰ ਮੰਨਦਾ ਸੀ, ਤਾਂ ਉਸ ਨੇ ਉਨ੍ਹਾਂ ਦਾ ਕਹਿਣਾ ਮੰਨਿਆ। ਪੌਲੁਸ ਜਾਣਦਾ ਸੀ ਕਿ ਹੁਣ ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਸਨ ਅਤੇ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ। ਫਿਰ ਵੀ “ਅਗਲੇ ਦਿਨ ਪੌਲੁਸ ਨੇ ਉਨ੍ਹਾਂ ਆਦਮੀਆਂ ਨੂੰ ਆਪਣੇ ਨਾਲ ਲਿਆ ਅਤੇ ਉਸ ਨੇ ਉਨ੍ਹਾਂ ਸਣੇ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕੀਤਾ।” (ਰਸੂ. 21:23, 24, 26) ਪੌਲੁਸ ਦੇ ਕਹਿਣਾ ਮੰਨਣ ਕਰਕੇ ਭਰਾਵਾਂ ਵਿਚ ਏਕਤਾ ਬਣੀ ਰਹੀ।​—ਰੋਮੀ. 14:19, 21. w23.10 10 ਪੈਰੇ 15-16

ਵੀਰਵਾਰ 11 ਦਸੰਬਰ

ਜਿਹੜੇ ਯਹੋਵਾਹ ਦਾ ਡਰ ਮੰਨਦੇ ਹਨ, ਉਹ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਕਰਦਾ ਹੈ।​—ਜ਼ਬੂ. 25:14.

ਜੇ ਤੁਸੀਂ ਕਿਸੇ ਨਾਲ ਗੂੜ੍ਹੀ ਦੋਸਤੀ ਰੱਖਣੀ ਚਾਹੁੰਦੇ ਹੋ, ਤਾਂ ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਸ ਤੋਂ ਡਰਨਾ ਚਾਹੀਦਾ ਹੈ? ਤੁਸੀਂ ਸ਼ਾਇਦ ਸੋਚੋ, ‘ਨਹੀਂ, ਦੋਸਤ ਤੋਂ ਕੌਣ ਡਰਦਾ?’ ਪਰ ਜਿਹੜੇ ਲੋਕ ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਦਾ ‘ਡਰ ਮੰਨਣਾ’ ਚਾਹੀਦਾ ਹੈ। ਚਾਹੇ ਅਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਦੇ ਹੋਈਏ, ਫਿਰ ਵੀ ਸਾਨੂੰ ਸਾਰਿਆਂ ਨੂੰ ਉਸ ਦਾ ਡਰ ਰੱਖਣਾ ਚਾਹੀਦਾ ਹੈ। ਪਰ ਪਰਮੇਸ਼ੁਰ ਦਾ ਡਰ ਰੱਖਣ ਦਾ ਕੀ ਮਤਲਬ ਹੈ? ਜਿਹੜਾ ਵਿਅਕਤੀ ਪਰਮੇਸ਼ੁਰ ਦਾ ਡਰ ਰੱਖਦਾ ਹੈ, ਉਹ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਕਰਕੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਜਾਵੇ। ਯਿਸੂ “ਪਰਮੇਸ਼ੁਰ ਦਾ ਡਰ” ਰੱਖਦਾ ਸੀ। (ਇਬ. 5:7) ਪਰ ਉਹ ਯਹੋਵਾਹ ਦਾ ਖ਼ੌਫ਼ ਨਹੀਂ ਸੀ ਖਾਂਦਾ। (ਯਸਾ. 11:2, 3) ਇਸ ਦੀ ਬਜਾਇ, ਉਹ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਉਸ ਦਾ ਕਹਿਣਾ ਮੰਨਦਾ ਸੀ। (ਯੂਹੰ. 14:21, 31) ਯਿਸੂ ਵਾਂਗ ਅਸੀਂ ਵੀ ਯਹੋਵਾਹ ਦਾ ਗਹਿਰਾ ਆਦਰ ਕਰਦੇ ਹਾਂ ਅਤੇ ਉਸ ਲਈ ਸ਼ਰਧਾ ਰੱਖਦੇ ਹਾਂ ਕਿਉਂਕਿ ਯਹੋਵਾਹ ਪਿਆਰ ਕਰਨ ਵਾਲਾ, ਬੁੱਧੀਮਾਨ, ਨਿਆਂ-ਪਸੰਦ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਹੈ। ਨਾਲੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਇਸ ਲਈ ਜਦੋਂ ਅਸੀਂ ਪਰਮੇਸ਼ੁਰ ਦੀ ਸਲਾਹ ਮੰਨਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ। ਪਰ ਜਦੋਂ ਅਸੀਂ ਉਸ ਦੀ ਸਲਾਹ ਤੋਂ ਉਲਟ ਚੱਲਦੇ ਹਾਂ, ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਹੈ।​—ਜ਼ਬੂ. 78:41; ਕਹਾ. 27:11. w23.06 14 ਪੈਰੇ 1-2; 15 ਪੈਰਾ 5

ਸ਼ੁੱਕਰਵਾਰ 12 ਦਸੰਬਰ

‘ਤਾਕਤਵਰ ਹੁੰਦਿਆਂ ਹੀ ਉਸ ਦਾ ਦਿਲ ਘਮੰਡੀ ਬਣ ਗਿਆ ਅਤੇ ਉਸ ਨੇ ਯਹੋਵਾਹ ਨਾਲ ਵਿਸ਼ਵਾਸਘਾਤ ਕੀਤਾ।’​—2 ਇਤਿ. 26:16.

ਜਦੋਂ ਰਾਜਾ ਉਜ਼ੀਯਾਹ ਤਾਕਤਵਰ ਹੋ ਗਿਆ, ਤਾਂ ਉਹ ਇਹ ਭੁੱਲ ਗਿਆ ਕਿ ਯਹੋਵਾਹ ਨੇ ਹੀ ਉਸ ਨੂੰ ਇਹ ਤਾਕਤ ਅਤੇ ਖ਼ੁਸ਼ਹਾਲੀ ਦਿੱਤੀ ਸੀ। ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹੀ ਹੈ ਜੋ ਸਾਨੂੰ ਬਰਕਤਾਂ ਅਤੇ ਜ਼ਿੰਮੇਵਾਰੀਆਂ ਦਿੰਦਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਸ ʼਤੇ ਸ਼ੇਖ਼ੀਆਂ ਮਰਨ ਦੀ ਬਜਾਇ ਸਾਨੂੰ ਉਸ ਦਾ ਸਿਹਰਾ ਯਹੋਵਾਹ ਨੂੰ ਦੇਣਾ ਚਾਹੀਦਾ ਹੈ। (1 ਕੁਰਿੰ. 4:7) ਸਾਨੂੰ ਨਿਮਰਤਾ ਨਾਲ ਕਬੂਲ ਕਰਨਾ ਚਾਹੀਦਾ ਹੈ ਕਿ ਅਸੀਂ ਨਾਮੁਕੰਮਲ ਹਾਂ ਅਤੇ ਸਾਨੂੰ ਸੁਧਾਰ ਕਰਨ ਦੀ ਲੋੜ ਪੈ ਸਕਦੀ ਹੈ। ਲਗਭਗ 60 ਸਾਲਾਂ ਦੀ ਉਮਰ ਦੇ ਇਕ ਭਰਾ ਨੇ ਲਿਖਿਆ: “ਮੈਂ ਸਿੱਖਿਆ ਹੈ ਕਿ ਜੇ ਕੋਈ ਮੈਨੂੰ ਕੁਝ ਕਹਿ ਦਿੰਦਾ ਹੈ, ਤਾਂ ਮੈਨੂੰ ਉਸ ਦੀਆਂ ਗੱਲਾਂ ਦਿਲ ʼਤੇ ਨਹੀਂ ਲਾਉਣੀਆਂ ਚਾਹੀਦੀਆਂ। ਛੋਟੀ-ਮੋਟੀ ਗ਼ਲਤੀ ਹੋ ਜਾਣ ਤੇ ਜੇ ਕੋਈ ਮੈਨੂੰ ਸੁਧਾਰਦਾ ਹੈ, ਤਾਂ ਮੈਂ ਬੁਰਾ ਨਹੀਂ ਮਨਾਉਂਦਾ। ਇਸ ਦੀ ਬਜਾਇ, ਮੈਂ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ।” ਸੱਚ ਤਾਂ ਇਹ ਹੈ ਕਿ ਜੇ ਅਸੀਂ ਯਹੋਵਾਹ ਦਾ ਡਰ ਰੱਖਾਂਗੇ ਅਤੇ ਨਿਮਰ ਬਣੇ ਰਹਾਂਗੇ, ਤਾਂ ਸਾਡੀ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।​—ਕਹਾ. 22:4. w23.09 10 ਪੈਰੇ 10-11

ਸ਼ਨੀਵਾਰ 13 ਦਸੰਬਰ

ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲੇ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ।​—ਇਬ. 10:36.

ਪਹਿਲੀ ਸਦੀ ਦੇ ਮਸੀਹੀਆਂ ਨੂੰ ਧੀਰਜ ਰੱਖਣ ਦੀ ਲੋੜ ਸੀ। ਇਨ੍ਹਾਂ ਮਸੀਹੀਆਂ ਨੂੰ ਆਪਣੇ ਸਮੇਂ ਦੇ ਲੋਕਾਂ ਵਰਗੀਆਂ ਮੁਸ਼ਕਲਾਂ ਤਾਂ ਝੱਲਣੀਆਂ ਹੀ ਪਈਆਂ, ਪਰ ਮਸੀਹੀ ਹੋਣ ਕਰਕੇ ਇਨ੍ਹਾਂ ʼਤੇ ਹੋਰ ਵੀ ਮੁਸ਼ਕਲਾਂ ਆਈਆਂ ਸਨ। ਇਨ੍ਹਾਂ ਵਿੱਚੋਂ ਕਈ ਮਸੀਹੀਆਂ ਉੱਤੇ ਨਾ ਸਿਰਫ਼ ਯਹੂਦੀ ਧਾਰਮਿਕ ਆਗੂਆਂ ਅਤੇ ਰੋਮੀ ਅਧਿਕਾਰੀਆਂ ਨੇ ਜ਼ੁਲਮ ਕੀਤੇ, ਸਗੋਂ ਉਨ੍ਹਾਂ ਦੇ ਘਰਦਿਆਂ ਨੇ ਵੀ ਉਨ੍ਹਾਂ ʼਤੇ ਜ਼ੁਲਮ ਕੀਤੇ। (ਮੱਤੀ 10:21) ਇਸ ਤੋਂ ਇਲਾਵਾ, ਉਨ੍ਹਾਂ ਨੂੰ ਮੰਡਲੀ ਵਿਚ ਧਰਮ-ਤਿਆਗੀਆਂ ਦੇ ਅਸਰ ਅਤੇ ਉਨ੍ਹਾਂ ਦੀਆਂ ਫੁੱਟ ਪਾਉਣ ਵਾਲੀਆਂ ਸਿੱਖਿਆਵਾਂ ਤੋਂ ਬਚਣ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰਸੂ. 20:29, 30) ਫਿਰ ਵੀ ਉਨ੍ਹਾਂ ਨੇ ਧੀਰਜ ਨਾਲ ਇਹ ਸਭ ਕੁਝ ਸਹਿਆ। (ਪ੍ਰਕਾ. 2:3) ਕਿਵੇਂ? ਉਨ੍ਹਾਂ ਨੇ ਧੀਰਜ ਨਾਲ ਮੁਸ਼ਕਲਾਂ ਸਹਿਣ ਬਾਰੇ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕੀਤਾ, ਜਿਵੇਂ ਕਿ ਅੱਯੂਬ ਦੀ ਮਿਸਾਲ। (ਯਾਕੂ. 5:10, 11) ਉਨ੍ਹਾਂ ਨੇ ਹਿੰਮਤ ਲਈ ਵੀ ਪ੍ਰਾਰਥਨਾ ਕੀਤੀ। (ਰਸੂ. 4:29-31) ਨਾਲੇ ਉਨ੍ਹਾਂ ਨੇ ਆਪਣਾ ਧਿਆਨ ਇਸ ਗੱਲ ʼਤੇ ਲਾਇਆ ਕਿ ਧੀਰਜ ਰੱਖਣ ਕਰਕੇ ਯਹੋਵਾਹ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦੇਵੇਗਾ। (ਰਸੂ. 5:41) ਅਸੀਂ ਵੀ ਧੀਰਜ ਰੱਖ ਸਕਦੇ ਹਾਂ। ਕਿਵੇਂ? ਬਾਕਾਇਦਾ ਪਰਮੇਸ਼ੁਰ ਦਾ ਬਚਨ ਅਤੇ ਪ੍ਰਕਾਸ਼ਨਾਂ ਵਿੱਚੋਂ ਧੀਰਜ ਰੱਖਣ ਵਾਲਿਆਂ ਦੀਆਂ ਮਿਸਾਲਾਂ ਪੜ੍ਹ ਕੇ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰ ਕੇ। w23.07 3 ਪੈਰੇ 5-6

ਐਤਵਾਰ 14 ਦਸੰਬਰ

ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।​—ਮੱਤੀ 6:33.

ਯਹੋਵਾਹ ਅਤੇ ਯਿਸੂ ਕਦੇ ਵੀ ਸਾਨੂੰ ਨਹੀਂ ਛੱਡਣਗੇ। ਯਿਸੂ ਦਾ ਇਨਕਾਰ ਕਰਨ ਤੋਂ ਬਾਅਦ ਪਤਰਸ ਰਸੂਲ ਨੂੰ ਇਕ ਅਹਿਮ ਫ਼ੈਸਲਾ ਕਰਨਾ ਪੈਣਾ ਸੀ। ਕੀ ਉਹ ਮਸੀਹ ਦੇ ਪਿੱਛੇ ਚੱਲਣਾ ਛੱਡ ਦੇਵੇਗਾ ਜਾਂ ਮਸੀਹ ਦੇ ਚੇਲੇ ਵਜੋਂ ਸੇਵਾ ਕਰਦਾ ਰਹੇਗਾ? ਯਿਸੂ ਨੇ ਯਹੋਵਾਹ ਨੂੰ ਅਰਦਾਸ ਕੀਤੀ ਕਿ ਪਤਰਸ ਨਿਹਚਾ ਕਰਨੀ ਨਾ ਛੱਡੇ। ਯਿਸੂ ਨੇ ਪਤਰਸ ਨੂੰ ਦੱਸਿਆ ਕਿ ਉਸ ਨੇ ਇਹ ਪ੍ਰਾਰਥਨਾ ਕੀਤੀ ਹੈ ਅਤੇ ਉਸ ਨੂੰ ਭਰੋਸਾ ਸੀ ਕਿ ਪਤਰਸ ਅੱਗੇ ਜਾ ਕੇ ਆਪਣੇ ਭਰਾਵਾਂ ਨੂੰ ਤਕੜਾ ਕਰ ਸਕੇਗਾ। (ਲੂਕਾ 22:31, 32) ਯਿਸੂ ਦੀ ਕਹੀ ਇਹ ਗੱਲ ਯਾਦ ਕਰ ਕੇ ਪਤਰਸ ਨੂੰ ਕਿੰਨਾ ਹੌਸਲਾ ਮਿਲਦਾ ਹੋਣਾ! ਜਦੋਂ ਅਸੀਂ ਆਪਣੀ ਜ਼ਿੰਦਗੀ ਵਿਚ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸ਼ਾਇਦ ਯਹੋਵਾਹ ਪਰਵਾਹ ਦਿਖਾਉਣ ਵਾਲੇ ਬਜ਼ੁਰਗਾਂ ਨੂੰ ਵਰਤ ਕੇ ਸਾਨੂੰ ਭਰੋਸਾ ਦਿਵਾਏ ਕਿ ਸਾਨੂੰ ਵਫ਼ਾਦਾਰੀ ਬਣਾਈ ਰੱਖਣ ਦੀ ਲੋੜ ਹੈ। (ਅਫ਼. 4:8, 11) ਯਹੋਵਾਹ ਨੇ ਪਤਰਸ ਅਤੇ ਹੋਰ ਰਸੂਲਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਉਨ੍ਹਾਂ ਵਾਂਗ ਜੇ ਅਸੀਂ ਵੀ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗੇ, ਤਾਂ ਉਹ ਸਾਡੀਆਂ ਵੀ ਲੋੜਾਂ ਪੂਰੀਆਂ ਕਰੇਗਾ। w23.09 24-25 ਪੈਰੇ 14-15

ਸੋਮਵਾਰ 15 ਦਸੰਬਰ

ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ ਦੇਵੇਗਾ।​—ਕਹਾ. 19:17.

ਅਸੀਂ ਦੂਜਿਆਂ ਲਈ ਜੋ ਵੀ ਕਰਦੇ ਹਾਂ, ਯਹੋਵਾਹ ਉਸ ਨੂੰ ਇਕ ਅਨਮੋਲ ਬਲੀਦਾਨ ਵਾਂਗ ਸਮਝਦਾ ਹੈ। ਉਹ ਇੱਦਾਂ ਸੋਚਦਾ ਹੈ ਕਿ ਜਿਵੇਂ ਅਸੀਂ ਉਸ ਨੂੰ ਉਧਾਰ ਦਿੱਤਾ ਹੈ ਅਤੇ ਉਹ ਉਸ ਨੂੰ ਜ਼ਰੂਰ ਚੁਕਾਵੇਗਾ। ਜੇ ਤੁਸੀਂ ਪਹਿਲਾਂ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਦੇ ਸੀ, ਤਾਂ ਪਿਆਰ ਹੋਣ ਕਰਕੇ ਤੁਸੀਂ ਬੀਤੇ ਸਮੇਂ ਵਿਚ ਜੋ ਵੀ ਕੀਤਾ, ਯਹੋਵਾਹ ਉਸ ਨੂੰ ਯਾਦ ਰੱਖਦਾ ਹੈ। (1 ਕੁਰਿੰ. 15:58) ਉਹ ਇਹ ਵੀ ਦੇਖਦਾ ਹੈ ਕਿ ਤੁਸੀਂ ਹੁਣ ਪਿਆਰ ਕਿਵੇਂ ਦਿਖਾ ਰਹੇ ਹੋ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਜਣੇ ਉਸ ਲਈ ਅਤੇ ਦੂਜਿਆਂ ਲਈ ਆਪਣਾ ਪਿਆਰ ਹੋਰ ਵਧਾਉਂਦੇ ਰਹੀਏ। ਅਸੀਂ ਯਹੋਵਾਹ ਦਾ ਬਚਨ ਪੜ੍ਹ ਕੇ, ਇਸ ʼਤੇ ਸੋਚ-ਵਿਚਾਰ ਕਰ ਕੇ ਅਤੇ ਬਾਕਾਇਦਾ ਪ੍ਰਾਰਥਨਾ ਕਰ ਕੇ ਉਸ ਲਈ ਆਪਣਾ ਪਿਆਰ ਹੋਰ ਵਧਾ ਸਕਦੇ ਹਾਂ। ਆਪਣੇ ਭੈਣਾਂ-ਭਰਾਵਾਂ ਦੀ ਅਲੱਗ-ਅਲੱਗ ਤਰੀਕਿਆਂ ਨਾਲ ਮਦਦ ਕਰ ਕੇ ਅਸੀਂ ਉਨ੍ਹਾਂ ਲਈ ਵੀ ਆਪਣਾ ਪਿਆਰ ਵਧਾ ਸਕਦੇ ਹਾਂ। ਅਸੀਂ ਜਿੱਦਾਂ-ਜਿੱਦਾਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਵਧਾਵਾਂਗੇ, ਅਸੀਂ ਉੱਦਾਂ-ਉੱਦਾਂ ਉਨ੍ਹਾਂ ਦੇ ਹੋਰ ਵੀ ਨੇੜੇ ਜਾਵਾਂਗੇ। ਨਾਲੇ ਉਨ੍ਹਾਂ ਨਾਲ ਸਾਡੀ ਦੋਸਤੀ ਹਮੇਸ਼ਾ ਬਣੀ ਰਹੇਗੀ! w23.07 10 ਪੈਰਾ 11; 11 ਪੈਰਾ 13; 13 ਪੈਰਾ 18

ਮੰਗਲਵਾਰ 16 ਦਸੰਬਰ

ਹਰੇਕ ਨੂੰ ਆਪੋ-ਆਪਣਾ ਭਾਰ ਚੁੱਕਣਾ ਪਵੇਗਾ।​—ਗਲਾ. 6:5.

ਹਰ ਮਸੀਹੀ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਦਾ ਖ਼ਿਆਲ ਕਿਵੇਂ ਰੱਖੇਗਾ। ਮਸੀਹੀਆਂ ਨੂੰ ਇਲਾਜ ਕਰਾਉਣ ਦਾ ਫ਼ੈਸਲਾ ਕਰਦਿਆਂ ਬਾਈਬਲ ਦੇ ਅਸੂਲਾਂ ਅਨੁਸਾਰ ਖ਼ੂਨ ਲੈਣ ਅਤੇ ਜਾਦੂ-ਟੂਣੇ ਤੋਂ ਦੂਰ ਰਹਿਣਾ ਚਾਹੀਦਾ ਹੈ। (ਰਸੂ. 15:20; ਗਲਾ. 5:19, 20) ਪਰ ਬਾਕੀ ਮਾਮਲਿਆਂ ਵਿਚ ਉਹ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੇ ਕਿਹੜਾ ਇਲਾਜ ਕਰਾਉਣਾ ਹੈ ਅਤੇ ਕਿਹੜਾ ਨਹੀਂ। ਚਾਹੇ ਸਾਨੂੰ ਲੱਗਦਾ ਹੈ ਕਿ ਕਿਸੇ ਕਿਸਮ ਦਾ ਇਲਾਜ ਸਹੀ ਹੈ ਜਾਂ ਨਹੀਂ, ਪਰ ਸਾਨੂੰ ਭੈਣਾਂ-ਭਰਾਵਾਂ ਵੱਲੋਂ ਇਲਾਜ ਸੰਬੰਧੀ ਲਏ ਫ਼ੈਸਲਿਆਂ ਦਾ ਆਦਰ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਾਨੂੰ ਅੱਗੇ ਦੱਸੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ: (1) ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀਆਂ ਬੀਮਾਰੀਆਂ ਨੂੰ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਠੀਕ ਕਰੇਗਾ। (ਯਸਾ. 33:24) (2) ਇਲਾਜ ਸੰਬੰਧੀ ਫ਼ੈਸਲਾ ਕਰਦਿਆਂ ਹਰ ਮਸੀਹੀ ਨੂੰ “ਯਕੀਨ” ਹੋਣਾ ਚਾਹੀਦਾ ਹੈ ਕਿ ਉਸ ਲਈ ਸਭ ਤੋਂ ਵਧੀਆ ਇਲਾਜ ਕਿਹੜਾ ਹੈ। (ਰੋਮੀ. 14:5) (3) ਅਸੀਂ ਦੂਜਿਆਂ ʼਤੇ ਦੋਸ਼ ਨਹੀਂ ਲਾਉਂਦੇ ਅਤੇ ਨਾ ਹੀ ਉਨ੍ਹਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਦੇ ਹਾਂ। (ਰੋਮੀ. 14:13) (4) ਮਸੀਹੀ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਸਮਝਦੇ ਹਨ ਕਿ ਮੰਡਲੀ ਦੀ ਏਕਤਾ ਉਨ੍ਹਾਂ ਦੀ ਸੋਚ ਨਾਲੋਂ ਜ਼ਿਆਦਾ ਮਾਅਨੇ ਰੱਖਦੀ ਹੈ।​—ਰੋਮੀ. 14:15, 19, 20. w23.07 24 ਪੈਰਾ 15

ਬੁੱਧਵਾਰ 17 ਦਸੰਬਰ

ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਯਹੋਵਾਹ ਲਈ ਪਵਿੱਤਰ ਹੈ। ​—ਗਿਣ. 6:8.

ਕੀ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹੋ? ਬੇਸ਼ੱਕ ਤੁਸੀਂ ਇੱਦਾਂ ਹੀ ਸਮਝਦੇ ਹੋਣੇ। ਪੁਰਾਣੇ ਜ਼ਮਾਨੇ ਤੋਂ ਲੈ ਕੇ ਹੁਣ ਤਕ ਇੱਦਾਂ ਦੇ ਬਹੁਤ ਸਾਰੇ ਲੋਕ ਹਨ ਜੋ ਤੁਹਾਡੇ ਵਾਂਗ ਹੀ ਮਹਿਸੂਸ ਕਰਦੇ ਹਨ। (ਜ਼ਬੂ. 104:33, 34) ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਯਹੋਵਾਹ ਦੀ ਸੇਵਾ ਵਿਚ ਕਈ ਤਿਆਗ ਕੀਤੇ। ਪੁਰਾਣੇ ਇਜ਼ਰਾਈਲ ਵਿਚ ਇੱਦਾਂ ਦੇ ਹੀ ਕੁਝ ਲੋਕ ਸਨ ਜਿਨ੍ਹਾਂ ਨੂੰ ਨਜ਼ੀਰ ਜਾਂ ਸਮਰਪਿਤ ਕਿਹਾ ਜਾਂਦਾ ਸੀ। ਇਹ ਸ਼ਬਦ ਉਨ੍ਹਾਂ ਜੋਸ਼ੀਲੇ ਇਜ਼ਰਾਈਲੀਆਂ ʼਤੇ ਬਿਲਕੁਲ ਸਹੀ ਢੁਕਦਾ ਸੀ ਜੋ ਖ਼ਾਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਤਿਆਗ ਕਰਦੇ ਸਨ। ਮੂਸਾ ਦੇ ਕਾਨੂੰਨ ਅਨੁਸਾਰ ਇਕ ਆਦਮੀ ਜਾਂ ਔਰਤ ਆਪਣੀ ਇੱਛਾ ਨਾਲ ਕੁਝ ਸਮੇਂ ਲਈ ਨਜ਼ੀਰ ਵਜੋਂ ਯਹੋਵਾਹ ਦੀ ਸੇਵਾ ਕਰਨ ਦੀ ਖ਼ਾਸ ਸੁੱਖਣਾ ਸੁੱਖ ਸਕਦਾ ਸੀ। (ਗਿਣ. 6:1, 2) ਇਹ ਸੁੱਖਣਾ ਸੁੱਖਣ ਕਰਕੇ ਇਕ ਨਜ਼ੀਰ ਨੂੰ ਕੁਝ ਅਜਿਹੀਆਂ ਹਿਦਾਇਤਾਂ ਮੰਨਣੀਆਂ ਪੈਂਦੀਆਂ ਸਨ ਜੋ ਬਾਕੀ ਇਜ਼ਰਾਈਲੀਆਂ ʼਤੇ ਲਾਗੂ ਨਹੀਂ ਹੁੰਦੀਆਂ ਸਨ। ਤਾਂ ਫਿਰ ਇਕ ਇਜ਼ਰਾਈਲੀ ਨਜ਼ੀਰ ਬਣਨ ਦੀ ਸੁੱਖਣਾ ਕਿਉਂ ਸੁੱਖਦਾ ਸੀ? ਉਹ ਇਸ ਲਈ ਕਿਉਂਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਯਹੋਵਾਹ ਵੱਲੋਂ ਦਿੱਤੀਆਂ ਬਰਕਤਾਂ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦਾ ਸੀ।​—ਬਿਵ. 6:5; 16:17. w24.02 14 ਪੈਰੇ 1-2

ਵੀਰਵਾਰ 18 ਦਸੰਬਰ

‘ਯਹੋਵਾਹ ਜੋ ਤੈਨੂੰ ਪਿਆਰ ਕਰਦੇ ਹਨ ਅਤੇ ਤੇਰੇ ਹੁਕਮ ਮੰਨਦੇ ਹਨ, ਤੂੰ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈਂ।’​—ਦਾਨੀ. 9:4.

ਬਾਈਬਲ ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਵਫ਼ਾਦਾਰੀ” ਜਾਂ “ਅਟੱਲ ਪਿਆਰ” ਕੀਤਾ ਗਿਆ ਹੈ, ਉਹ ਅਕਸਰ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਪਰਮੇਸ਼ੁਰ ਨੂੰ ਆਪਣੇ ਸੇਵਕਾਂ ਨਾਲ ਗਹਿਰਾ ਲਗਾਅ ਤੇ ਪਿਆਰ ਹੈ। ਇਹੀ ਸ਼ਬਦ ਪਰਮੇਸ਼ੁਰ ਦੇ ਸੇਵਕਾਂ ਦੇ ਆਪਸੀ ਪਿਆਰ ਨੂੰ ਦਰਸਾਉਣ ਲਈ ਵੀ ਵਰਤਿਆ ਗਿਆ ਹੈ। (2 ਸਮੂ. 9:6, 7) ਸਮੇਂ ਦੇ ਬੀਤਣ ਨਾਲ ਕਿਸੇ ਦੇ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਸਕਦਾ ਹੈ। ਧਿਆਨ ਦਿਓ ਕਿ ਦਾਨੀਏਲ ਨਬੀ ਦੇ ਮਾਮਲੇ ਵਿਚ ਇਹ ਗੱਲ ਕਿਵੇਂ ਸੱਚ ਸਾਬਤ ਹੋਈ। ਦਾਨੀਏਲ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ ਦੀ ਪਰਖ ਉਮਰ ਭਰ ਹੁੰਦੀ ਰਹੀ। ਪਰ ਉਸ ਦੀ ਵਫ਼ਾਦਾਰੀ ਦੀ ਸਭ ਤੋਂ ਵੱਡੀ ਪਰਖ ਉਦੋਂ ਹੋਈ ਜਦੋਂ ਉਹ 90 ਤੋਂ ਵੀ ਜ਼ਿਆਦਾ ਸਾਲਾਂ ਦਾ ਸੀ। ਉਸ ਦੇ ਰਾਜ ਦੇ ਦਰਬਾਰੀ ਦਾਨੀਏਲ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਨਾ ਹੀ ਉਹ ਦਾਨੀਏਲ ਦੇ ਪਰਮੇਸ਼ੁਰ ਦੀ ਕੋਈ ਇੱਜ਼ਤ ਕਰਦੇ ਸਨ। ਇਸ ਲਈ ਉਨ੍ਹਾਂ ਨੇ ਦਾਨੀਏਲ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। ਉਨ੍ਹਾਂ ਨੇ ਰਾਜੇ ਤੋਂ ਇਕ ਫ਼ਰਮਾਨ ਜਾਰੀ ਕਰਵਾਇਆ ਜਿਸ ਤੋਂ ਇਸ ਗੱਲ ਦੀ ਪਰਖ ਹੋਣੀ ਸੀ ਕਿ ਦਾਨੀਏਲ ਰਾਜੇ ਦਾ ਵਫ਼ਾਦਾਰ ਰਹੇਗਾ ਜਾਂ ਆਪਣੇ ਪਰਮੇਸ਼ੁਰ ਦਾ। ਜੇ ਦਾਨੀਏਲ 30 ਦਿਨਾਂ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਛੱਡ ਦਿੰਦਾ, ਤਾਂ ਸੌਖਿਆਂ ਹੀ ਸਾਬਤ ਹੋ ਜਾਣਾ ਸੀ ਕਿ ਉਹ ਰਾਜੇ ਦਾ ਵਫ਼ਾਦਾਰ ਹੈ । ਪਰ ਇਸ ਵਾਰ ਵੀ ਦਾਨੀਏਲ ਨੇ ਸਮਝੌਤਾ ਨਹੀਂ ਕੀਤਾ। ​—ਦਾਨੀ. 6:12-15, 20-22. w23.08 5 ਪੈਰੇ 10-12

ਸ਼ੁੱਕਰਵਾਰ 19 ਦਸੰਬਰ

‘ਇਕ-ਦੂਸਰੇ ਨੂੰ ਪਿਆਰ ਕਰਦੇ ਰਹੋ।’​—1 ਯੂਹੰ. 4:7.

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੀਏ, ਉਦੋਂ ਵੀ ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ। ਜਦੋਂ ਕੋਈ ਭੈਣ ਜਾਂ ਭਰਾ ਸਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦਾ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਸ ਨੇ ਜਾਣ-ਬੁੱਝ ਕੇ ਇੱਦਾਂ ਕੀਤਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵੀ ਯਹੋਵਾਹ ਦੇ ਹੁਕਮ ਮੰਨਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਪਰ ਸ਼ਾਇਦ ਉਸ ਨੇ ਅਣਜਾਣੇ ਵਿਚ ਸਾਡਾ ਦਿਲ ਦੁਖਾ ਦਿੱਤਾ ਹੈ। (ਕਹਾ. 12:18) ਪਰਮੇਸ਼ੁਰ ਵੀ ਆਪਣੇ ਸੇਵਕਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਦਾ ਹੈ, ਪਰ ਫਿਰ ਵੀ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਜਦੋਂ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਉਹ ਹਮੇਸ਼ਾ ਸਾਡੇ ਤੋਂ ਨਾਰਾਜ਼ ਨਹੀਂ ਰਹਿੰਦਾ ਅਤੇ ਸਾਡੇ ਨਾਲ ਦੋਸਤੀ ਨਹੀਂ ਤੋੜ ਲੈਂਦਾ। (ਜ਼ਬੂ. 103:9) ਆਓ ਆਪਾਂ ਵੀ ਆਪਣੇ ਪਿਆਰੇ ਪਿਤਾ ਯਹੋਵਾਹ ਵਰਗੇ ਬਣੀਏ ਅਤੇ ਦੂਜਿਆਂ ਨੂੰ ਮਾਫ਼ ਕਰੀਏ। (ਅਫ਼. 4:32–5:1) ਇਹ ਵੀ ਯਾਦ ਰੱਖੋ ਕਿ ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਸਾਨੂੰ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਰਹਿਣ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿਚ ਸਾਡੇ ʼਤੇ ਹੋਰ ਵੀ ਜ਼ੁਲਮ ਹੋਣਗੇ। ਸ਼ਾਇਦ ਸਾਨੂੰ ਸਾਡੇ ਵਿਸ਼ਵਾਸਾਂ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਵੇ। ਉਸ ਵੇਲੇ ਸਾਡੇ ਭੈਣ-ਭਰਾ ਹੀ ਸਾਡੇ ਕੰਮ ਆਉਣਗੇ।​—ਕਹਾ. 17:17. w24.03 15-16 ਪੈਰੇ 6-7

ਸ਼ਨੀਵਾਰ 20 ਦਸੰਬਰ

ਯਹੋਵਾਹ ਹੀ ਆਦਮੀ ਦੇ ਕਦਮਾਂ ਨੂੰ ਸੇਧ ਦਿੰਦਾ ਹੈ।​—ਕਹਾ. 20:24.

ਬਾਈਬਲ ਵਿਚ ਅਜਿਹੇ ਨੌਜਵਾਨਾਂ ਦੇ ਬਿਰਤਾਂਤ ਵੀ ਦਰਜ ਹਨ ਜੋ ਯਹੋਵਾਹ ਦੇ ਨੇੜੇ ਗਏ ਅਤੇ ਜਿਨ੍ਹਾਂ ʼਤੇ ਉਸ ਦੀ ਮਿਹਰ ਸੀ। ਇਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਸੀ। ਦਾਊਦ ਵੀ ਉਨ੍ਹਾਂ ਵਿੱਚੋਂ ਇਕ ਸੀ। ਉਸ ਨੇ ਛੋਟੀ ਉਮਰ ਵਿਚ ਹੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਬਾਅਦ ਵਿਚ ਉਹ ਇਕ ਵਫ਼ਾਦਾਰ ਰਾਜਾ ਬਣਿਆ। (1 ਰਾਜ. 3:6; 9:4, 5; 14:8) ਜਦੋਂ ਤੁਸੀਂ ਦਾਊਦ ਦੀ ਮਿਸਾਲ ਦਾ ਅਧਿਐਨ ਕਰੋਗੇ, ਤਾਂ ਉਸ ਦੀ ਮਿਸਾਲ ਤੋਂ ਤੁਹਾਨੂੰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ। ਜੇ ਤੁਸੀਂ ਚਾਹੋ, ਤਾਂ ਤੁਸੀਂ ਮਰਕੁਸ ਜਾਂ ਤਿਮੋਥਿਉਸ ਦੀ ਮਿਸਾਲ ਬਾਰੇ ਵੀ ਨਿੱਜੀ ਤੌਰ ʼਤੇ ਅਧਿਐਨ ਕਰ ਸਕਦੇ ਹੋ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿਚ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਅਤੇ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। ਤੁਸੀਂ ਹੁਣ ਆਪਣੀ ਜ਼ਿੰਦਗੀ ਵਿਚ ਜੋ ਫ਼ੈਸਲੇ ਕਰਦੇ ਹੋ, ਉਸ ਤੋਂ ਪਤਾ ਲੱਗਦਾ ਹੈ ਕਿ ਅੱਗੇ ਜਾ ਕੇ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਆਪਣੇ ਆਪ ʼਤੇ ਭਰੋਸਾ ਕਰਨ ਦੀ ਬਜਾਇ ਯਹੋਵਾਹ ʼਤੇ ਭਰੋਸਾ ਰੱਖੋ, ਫਿਰ ਉਹ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰੇਗਾ। ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ ਅਤੇ ਤੁਹਾਨੂੰ ਬੇਸ਼ੁਮਾਰ ਬਰਕਤਾਂ ਮਿਲ ਸਕਦੀਆਂ ਹਨ। ਯਾਦ ਰੱਖੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹੋ, ਉਹ ਉਸ ਦੀ ਕਦਰ ਕਰਦਾ ਹੈ। ਕੀ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਾਉਣ ਨਾਲੋਂ ਬਿਹਤਰ ਕੁਝ ਹੋਰ ਹੋ ਸਕਦਾ ਹੈ? w23.09 13 ਪੈਰੇ 18-19

ਐਤਵਾਰ 21 ਦਸੰਬਰ

ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।​—ਕੁਲੁ. 3:13.

ਪੌਲੁਸ ਰਸੂਲ ਦਾ ਵੀ ਭੈਣਾਂ-ਭਰਾਵਾਂ ਨੇ ਦਿਲ ਦੁਖਾਇਆ ਸੀ। ਮਿਸਾਲ ਲਈ, ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੇ ਯਕੀਨ ਨਹੀਂ ਕੀਤਾ ਕਿ ਉਹ ਮਸੀਹ ਦਾ ਚੇਲਾ ਬਣ ਗਿਆ ਸੀ। (ਰਸੂ. 9:26) ਇਸ ਤੋਂ ਥੋੜ੍ਹੇ ਸਮੇਂ ਬਾਅਦ ਕੁਝ ਜਣਿਆਂ ਨੇ ਪੌਲੁਸ ਦੀਆਂ ਚੁਗ਼ਲੀਆਂ ਕਰ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। (2 ਕੁਰਿੰ. 10:10) ਫਿਰ ਪੌਲੁਸ ਨੇ ਇਕ ਬਜ਼ੁਰਗ ਨੂੰ ਅਜਿਹੀ ਗ਼ਲਤੀ ਕਰਦਿਆਂ ਦੇਖਿਆ ਜਿਸ ਤੋਂ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਠੋਕਰ ਲੱਗ ਸਕਦੀ ਸੀ। (ਗਲਾ. 2:11, 12) ਇਹੀ ਨਹੀਂ, ਪੌਲੁਸ ਦੇ ਇਕ ਦੋਸਤ ਮਰਕੁਸ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਪੌਲੁਸ ਬਹੁਤ ਨਿਰਾਸ਼ ਹੋ ਗਿਆ। (ਰਸੂ. 15:37, 38) ਪੌਲੁਸ ਚਾਹੁੰਦਾ ਤਾਂ ਉਹ ਆਪਣੇ ਭੈਣਾਂ-ਭਰਾਵਾਂ ਤੋਂ ਦੂਰੀ ਬਣਾ ਸਕਦਾ ਸੀ। ਪਰ ਉਸ ਨੇ ਇੱਦਾਂ ਦਾ ਕੁਝ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਹ ਸਾਰੇ ਨਾਮੁਕੰਮਲ ਹਨ। ਉਸ ਨੇ ਭੈਣਾਂ-ਭਰਾਵਾਂ ਬਾਰੇ ਸਹੀ ਸੋਚ ਬਣਾਈ ਰੱਖੀ ਅਤੇ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ। ਉਹ ਇਹ ਕਿਵੇਂ ਕਰ ਸਕਿਆ? ਪੌਲੁਸ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਕਰਕੇ ਉਸ ਨੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਨਹੀਂ, ਸਗੋਂ ਉਨ੍ਹਾਂ ਦੇ ਗੁਣਾਂ ʼਤੇ ਧਿਆਨ ਲਾਇਆ। ਪਿਆਰ ਹੋਣ ਕਰਕੇ ਪੌਲੁਸ ਉਹ ਕਰ ਸਕਿਆ ਜੋ ਅੱਜ ਦੇ ਹਵਾਲੇ ਵਿਚ ਦੱਸਿਆ ਗਿਆ ਹੈ। w24.03 15 ਪੈਰੇ 4-5

ਸੋਮਵਾਰ 22 ਦਸੰਬਰ

ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।​—2 ਤਿਮੋ. 2:24.

ਬਾਈਬਲ ਵਿਚ ਅਜਿਹੇ ਬਹੁਤ ਸਾਰੇ ਬਿਰਤਾਂਤ ਦਰਜ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨਰਮਾਈ ਨਾਲ ਪੇਸ਼ ਆਉਣਾ ਕਿੰਨਾ ਜ਼ਰੂਰੀ ਹੈ। ਜ਼ਰਾ ਇਸਹਾਕ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਫਲਿਸਤੀਆਂ ਦੇ ਇਲਾਕੇ ਗਰਾਰ ਵਿਚ ਰਹਿ ਰਿਹਾ ਸੀ, ਤਾਂ ਉਸ ਦੇ ਗੁਆਂਢੀ ਉਸ ਨਾਲ ਈਰਖਾ ਕਰਨ ਲੱਗ ਪਏ। ਫਲਿਸਤੀਆਂ ਨੇ ਉਹ ਸਾਰੇ ਖੂਹ ਮਿੱਟੀ ਨਾਲ ਪੂਰ ਦਿੱਤੇ ਜਿਹੜੇ ਉਸ ਦੇ ਪਿਤਾ ਦੇ ਨੌਕਰਾਂ ਨੇ ਪੁੱਟੇ ਸਨ। ਆਪਣੇ ਹੱਕਾਂ ਲਈ ਲੜਨ ਦੀ ਬਜਾਇ ਉਹ ਆਪਣੇ ਘਰਾਣੇ ਨਾਲ ਉਸ ਜਗ੍ਹਾ ਤੋਂ ਥੋੜ੍ਹਾ ਦੂਰ ਕਿਸੇ ਹੋਰ ਇਲਾਕੇ ਵਿਚ ਚਲਾ ਗਿਆ ਅਤੇ ਉੱਥੇ ਖੂਹ ਪੁੱਟੇ। (ਉਤ. 26:12-18) ਪਰ ਫਲਿਸਤੀਆਂ ਨੇ ਦਾਅਵਾ ਕੀਤਾ ਕਿ ਇਸ ਇਲਾਕੇ ਦੇ ਖੂਹ ਵੀ ਉਨ੍ਹਾਂ ਦੇ ਹੀ ਸਨ। ਇੱਦਾਂ ਹੋਣ ʼਤੇ ਵੀ ਇਸਹਾਕ ਉਨ੍ਹਾਂ ਨਾਲ ਸ਼ਾਂਤੀ ਨਾਲ ਪੇਸ਼ ਆਇਆ। (ਉਤ. 26:19-25) ਜਦੋਂ ਦੂਜਿਆਂ ਨੇ ਇਸਹਾਕ ਨੂੰ ਗੁੱਸਾ ਚੜ੍ਹਾਉਣ ਦੀ ਠਾਣੀ ਹੋਈ ਸੀ, ਤਾਂ ਵੀ ਕਿਹੜੀ ਗੱਲ ਨੇ ਇਸਹਾਕ ਦੀ ਨਰਮਾਈ ਨਾਲ ਪੇਸ਼ ਆਉਣ ਵਿਚ ਮਦਦ ਕੀਤੀ? ਬਿਨਾਂ ਸ਼ੱਕ, ਉਸ ਨੇ ਆਪਣੇ ਮਾਪਿਆਂ ਦੀ ਮਿਸਾਲ ਤੋਂ ਸਿੱਖਿਆ ਹੋਣਾ। ਉਸ ਨੇ ਗੌਰ ਕੀਤਾ ਹੋਣਾ ਕਿ ਉਸ ਦਾ ਪਿਤਾ ਅਬਰਾਹਾਮ ਕਿਵੇਂ ਸ਼ਾਂਤੀ ਨਾਲ ਪੇਸ਼ ਆਉਂਦਾ ਸੀ ਅਤੇ ਉਸ ਦੀ ਮਾਂ ਸਾਰਾਹ “ਸ਼ਾਂਤ ਅਤੇ ਨਰਮ ਸੁਭਾਅ” ਦੀ ਸੀ।​—1 ਪਤ. 3:4-6; ਉਤ. 21:22-34. w23.09 15 ਪੈਰਾ 4

ਮੰਗਲਵਾਰ 23 ਦਸੰਬਰ

ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।​—ਯਸਾ. 46:11.

ਯਹੋਵਾਹ ਨੇ ਆਪਣੇ ਜੇਠੇ ਪੁੱਤਰ ਨੂੰ ਧਰਤੀ ʼਤੇ ਭੇਜਿਆ ਤਾਂਕਿ ਉਹ ਸਾਨੂੰ ਇਸ ਰਾਜ ਬਾਰੇ ਸਿਖਾਵੇ। ਨਾਲੇ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਆਪਣੀ ਜਾਨ ਰਿਹਾਈ ਦੀ ਕੀਮਤ ਵਜੋਂ ਕੁਰਬਾਨ ਕਰੇ। ਫਿਰ ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਅਤੇ ਸਵਰਗ ਵਿਚ ਉਸ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ। ਬਾਈਬਲ ਦਾ ਮੁੱਖ ਵਿਸ਼ਾ ਹੈ, ਯਹੋਵਾਹ ਦਾ ਨਾਂ ਪਵਿੱਤਰ ਕਰਨਾ ਯਾਨੀ ਯਹੋਵਾਹ ਦੇ ਨਾਂ ʼਤੇ ਲੱਗੇ ਦੋਸ਼ਾਂ ਨੂੰ ਮਿਟਾਉਣਾ। ਜਦੋਂ ਯਹੋਵਾਹ ਮਸੀਹ ਦੇ ਅਧੀਨ ਆਪਣੇ ਰਾਜ ਦੇ ਜ਼ਰੀਏ ਧਰਤੀ ਲਈ ਆਪਣਾ ਮਕਸਦ ਪੂਰਾ ਕਰੇਗਾ, ਤਾਂ ਉਸ ਦੇ ਨਾਂ ʼਤੇ ਲੱਗੇ ਦੋਸ਼ ਮਿਟ ਜਾਣਗੇ। ਯਹੋਵਾਹ ਦਾ ਮਕਸਦ ਕਦੇ ਨਹੀਂ ਬਦਲ ਸਕਦਾ। ਉਸ ਨੇ ਗਾਰੰਟੀ ਦਿੱਤੀ ਹੈ ਕਿ ਉਸ ਦਾ ਮਕਸਦ ਹਰ ਹਾਲ ਵਿਚ ਪੂਰਾ ਹੋਵੇਗਾ। (ਯਸਾ. 46:10, ਫੁਟਨੋਟ; ਇਬ. 6:17, 18) ਸਮੇਂ ਦੇ ਬੀਤਣ ਨਾਲ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਇਸ ਧਰਤੀ ਉੱਤੇ ਆਦਮ ਤੇ ਹੱਵਾਹ ਦੇ ਧਰਮੀ ਤੇ ਮੁਕੰਮਲ ਬੱਚੇ ‘ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਨਗੇ।’ (ਜ਼ਬੂ. 22:26) ਪਰ ਯਹੋਵਾਹ ਸਿਰਫ਼ ਇੰਨਾ ਹੀ ਨਹੀਂ ਕਰੇਗਾ। ਅਖ਼ੀਰ ਵਿਚ, ਉਹ ਆਪਣੇ ਸਾਰੇ ਸੇਵਕਾਂ ਯਾਨੀ ਦੂਤਾਂ ਅਤੇ ਇਨਸਾਨਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹ ਦੇਵੇਗਾ। ਫਿਰ ਉਹ ਸਾਰੇ ਜਣੇ ਯਹੋਵਾਹ ਨੂੰ ਆਪਣਾ ਰਾਜਾ ਮੰਨ ਕੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨਗੇ। (ਅਫ਼. 1:8-11) ਕੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੁੰਦੀ ਕਿ ਯਹੋਵਾਹ ਸ਼ਾਨਦਾਰ ਤਰੀਕੇ ਨਾਲ ਆਪਣਾ ਮਕਸਦ ਪੂਰਾ ਕਰ ਰਿਹਾ ਹੈ? w23.10 20 ਪੈਰੇ 7-8

ਬੁੱਧਵਾਰ 24 ਦਸੰਬਰ

‘ਦਲੇਰ ਬਣੋ ਕਿਉਂਕਿ ਮੈਂ ਤੁਹਾਡੇ ਨਾਲ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।​—ਹੱਜ. 2:4.

ਜਦੋਂ ਯਹੂਦੀ ਬਾਬਲ ਛੱਡ ਕੇ ਯਰੂਸ਼ਲਮ ਪਹੁੰਚੇ, ਤਾਂ ਜਲਦੀ ਹੀ ਉਨ੍ਹਾਂ ਨੂੰ ਪੈਸੇ ਦੀ ਤੰਗੀ ਝੱਲਣੀ ਪਈ, ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਅਤੇ ਉੱਥੇ ਰਾਜਨੀਤਿਕ ਹਲਚਲ ਵੀ ਹੋ ਰਹੀ ਸੀ। ਇਸ ਲਈ ਕੁਝ ਜਣਿਆਂ ਨੂੰ ਮੰਦਰ ਬਣਾਉਣ ਦੇ ਕੰਮ ʼਤੇ ਧਿਆਨ ਲਾਉਣਾ ਔਖਾ ਲੱਗ ਰਿਹਾ ਸੀ। ਪਰ ਫਿਰ ਯਹੋਵਾਹ ਨੇ ਹੱਜਈ ਤੇ ਜ਼ਕਰਯਾਹ ਨਾਂ ਦੇ ਦੋ ਨਬੀਆਂ ਨੂੰ ਯਰੂਸ਼ਲਮ ਭੇਜਿਆ ਤਾਂਕਿ ਉਹ ਜਾ ਕੇ ਲੋਕਾਂ ਵਿਚ ਦੁਬਾਰਾ ਤੋਂ ਜੋਸ਼ ਭਰਨ। ਇਨ੍ਹਾਂ ਨਬੀਆਂ ਵੱਲੋਂ ਦਿੱਤੇ ਹੌਸਲੇ ਦਾ ਯਹੂਦੀਆਂ ਨੂੰ ਫ਼ਾਇਦਾ ਹੋਇਆ। (ਹੱਜ. 1:1; ਜ਼ਕ. 1:1) ਪਰ ਇਸ ਤੋਂ ਲਗਭਗ 50 ਸਾਲਾਂ ਬਾਅਦ ਇਨ੍ਹਾਂ ਯਹੂਦੀਆਂ ਨੂੰ ਫਿਰ ਤੋਂ ਹੌਸਲੇ ਦੀ ਲੋੜ ਪਈ। ਫਿਰ ਯਹੋਵਾਹ ਨੇ ਕਾਨੂੰਨ ਦੇ ਮਾਹਰ ਨਕਲਨਵੀਸ ਅਜ਼ਰਾ ਨੂੰ ਬਾਬਲ ਤੋਂ ਯਰੂਸ਼ਲਮ ਭੇਜਿਆ। ਅਜ਼ਰਾ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦੇਣ ਦੀ ਹੱਲਾਸ਼ੇਰੀ ਦਿੱਤੀ। (ਅਜ਼. 7:1, 6) ਪੁਰਾਣੇ ਸਮੇਂ ਵਿਚ ਹੱਜਈ ਅਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਕਰਕੇ ਪਰਮੇਸ਼ੁਰ ਦੇ ਲੋਕਾਂ ਨੇ ਵਿਰੋਧ ਦੇ ਬਾਵਜੂਦ ਵੀ ਯਹੋਵਾਹ ʼਤੇ ਭਰੋਸਾ ਬਣਾਈ ਰੱਖਿਆ। ਅੱਜ ਇਨ੍ਹਾਂ ਭਵਿੱਖਬਾਣੀਆਂ ਤੋਂ ਸਾਨੂੰ ਵੀ ਔਖੀਆਂ ਘੜੀਆਂ ਦੌਰਾਨ ਯਹੋਵਾਹ ʼਤੇ ਭਰੋਸਾ ਬਣਾਈ ਰੱਖਣ ਵਿਚ ਮਦਦ ਮਿਲ ਸਕਦੀ ਹੈ।​—ਕਹਾ. 22:19. w23.11 14-15 ਪੈਰੇ 2-3

ਵੀਰਵਾਰ 25 ਦਸੰਬਰ

ਤੁਸੀਂ ਪਿਆਰ ਨੂੰ ਪਹਿਨ ਲਓ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।​—ਕੁਲੁ. 3:14.

ਅਸੀਂ ਇਕ-ਦੂਜੇ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ? ਇਕ ਤਰੀਕਾ ਹੈ, ਇਕ-ਦੂਜੇ ਨੂੰ ਦਿਲਾਸਾ ਦੇ ਕੇ। ਅਸੀਂ “ਇਕ-ਦੂਜੇ ਨੂੰ ਦਿਲਾਸਾ” ਉਦੋਂ ਹੀ ਦੇ ਸਕਦੇ ਹਾਂ ਜਦੋਂ ਸਾਡੇ ਦਿਲ ਵਿਚ ਉਨ੍ਹਾਂ ਲਈ ਹਮਦਰਦੀ ਹੋਵੇਗੀ। (1 ਥੱਸ. 4:18) ਅਸੀਂ ਇਕ-ਦੂਜੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ? ਦੂਜਿਆਂ ਨੂੰ ਮਾਫ਼ ਕਰ ਕੇ, ਉਦੋਂ ਵੀ ਜਦੋਂ ਸਾਨੂੰ ਇੱਦਾਂ ਕਰਨਾ ਔਖਾ ਲੱਗਦਾ ਹੈ। ਇਕ-ਦੂਜੇ ਨੂੰ ਪਿਆਰ ਕਰਨਾ ਖ਼ਾਸ ਕਰਕੇ ਅੱਜ ਹੋਰ ਵੀ ਜ਼ਰੂਰੀ ਕਿਉਂ ਹੈ? ਧਿਆਨ ਦਿਓ ਕਿ ਪਤਰਸ ਨੇ ਕੀ ਕਿਹਾ। ਉਸ ਨੇ ਲਿਖਿਆ: “ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ। ਇਸ ਲਈ . . . ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ।” (1 ਪਤ. 4:7, 8) ਜਿੱਦਾਂ-ਜਿੱਦਾਂ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਸਾਨੂੰ ਕਿਸ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।” (ਮੱਤੀ 24:9) ਨਾਲੇ ਸ਼ੈਤਾਨ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਰਹੇਗਾ। ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਅਸੀਂ ਉਦੋਂ ਹੀ ਕਰ ਸਕਾਂਗੇ ਜਦੋਂ ਸਾਡੇ ਵਿਚ ਏਕਤਾ ਹੋਵੇਗੀ। ਇਹ ਏਕਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਸਾਡੇ ਵਿਚ ਪਿਆਰ ਹੋਵੇ।​—ਫ਼ਿਲਿ. 2:1, 2. w23.11 13 ਪੈਰੇ 18-19

ਸ਼ੁੱਕਰਵਾਰ 26 ਦਸੰਬਰ

ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।​—1 ਕੁਰਿੰ. 3:9.

ਪਰਮੇਸ਼ੁਰ ਦੇ ਬਚਨ ਵਿਚ ਜ਼ਬਰਦਸਤ ਤਾਕਤ ਹੈ। ਜਦੋਂ ਅਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਯਹੋਵਾਹ ਬਾਰੇ ਸਿਖਾਉਂਦੇ ਹਾਂ ਤੇ ਇਹ ਦੱਸਦੇ ਹਾਂ ਕਿ ਉਹ ਅਸਲ ਵਿਚ ਕਿਹੋ ਜਿਹਾ ਪਰਮੇਸ਼ੁਰ ਹੈ, ਤਾਂ ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਸ਼ੈਤਾਨ ਨੇ ਲੋਕਾਂ ਦੀਆਂ ਅੱਖਾਂ ʼਤੇ ਝੂਠ ਦਾ ਜੋ ਪਰਦਾ ਪਾਇਆ ਹੈ, ਉਹ ਹਟ ਜਾਂਦਾ ਹੈ ਅਤੇ ਲੋਕ ਸਾਡੇ ਵਾਂਗ ਯਹੋਵਾਹ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਯਹੋਵਾਹ ਦੀ ਅਸੀਮ ਤਾਕਤ ਬਾਰੇ ਜਾਣ ਕੇ ਉਨ੍ਹਾਂ ਦੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ। (ਯਸਾ. 40:26) ਉਸ ਦੇ ਨਿਆਂ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਤਸੱਲੀ ਮਿਲਦੀ ਹੈ। (ਬਿਵ. 32:4) ਉਸ ਦੀ ਜ਼ਬਰਦਸਤ ਬੁੱਧ ਬਾਰੇ ਜਾਣ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। (ਯਸਾ. 55:9; ਰੋਮੀ. 11:33) ਜਦੋਂ ਉਹ ਸਿੱਖਦੇ ਹਨ ਕਿ ਬਾਈਬਲ ਵਿਚ ਯਹੋਵਾਹ ਨੂੰ ਪਿਆਰ ਕਿਹਾ ਗਿਆ ਹੈ, ਤਾਂ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਦਾ ਹੈ। (1 ਯੂਹੰ. 4:8) ਉਹ ਯਹੋਵਾਹ ਵੱਲ ਖਿੱਚੇ ਜਾਂਦੇ ਹਨ, ਹੌਲੀ-ਹੌਲੀ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਜਾਂਦਾ ਹੈ ਅਤੇ ਉਸ ਦੇ ਬੱਚਿਆਂ ਵਜੋਂ ਹਮੇਸ਼ਾ ਜੀਉਂਦੇ ਰਹਿਣ ਦੀ ਉਨ੍ਹਾਂ ਦੀ ਉਮੀਦ ਪੱਕੀ ਹੁੰਦੀ ਜਾਂਦੀ ਹੈ। ਸੱਚ-ਮੁੱਚ, ਆਪਣੇ ਪਿਤਾ ਯਹੋਵਾਹ ਦੇ ਨੇੜੇ ਆਉਣ ਵਿਚ ਲੋਕਾਂ ਦੀ ਮਦਦ ਕਰਨੀ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ! ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਆਪਣੇ ਨਾਲ “ਮਿਲ ਕੇ ਕੰਮ” ਕਰਨ ਵਾਲੇ ਸਮਝਦਾ ਹੈ।​—1 ਕੁਰਿੰ. 3:5. w24.02 12 ਪੈਰਾ 15

ਸ਼ਨੀਵਾਰ 27 ਦਸੰਬਰ

ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ ਚੰਗਾ ਹੈ ਕਿ ਤੂੰ ਸੁੱਖਣਾ ਸੁੱਖੇਂ ਹੀ ਨਾ।​—ਉਪ. 5:5.

ਜੇ ਤੁਸੀਂ ਇਕ ਬਾਈਬਲ ਵਿਦਿਆਰਥੀ ਹੋ ਜਾਂ ਆਪਣੇ ਮੰਮੀ-ਡੈਡੀ ਨਾਲ ਸਟੱਡੀ ਕਰ ਰਹੇ ਹੋ, ਤਾਂ ਕੀ ਤੁਸੀਂ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਇਹ ਬਹੁਤ ਵਧੀਆ ਗੱਲ ਹੈ। ਪਰ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਦੀ ਲੋੜ ਹੈ। ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਕਿਵੇਂ ਸਮਰਪਿਤ ਕਰ ਸਕਦੇ ਹੋ? ਤੁਸੀਂ ਖ਼ਾਸ ਪ੍ਰਾਰਥਨਾ ਕਰ ਕੇ ਉਸ ਨਾਲ ਇਹ ਵਾਅਦਾ ਕਰ ਸਕਦੇ ਹੋ ਕਿ ਤੁਸੀਂ ਹੁਣ ਤੋਂ ਸਿਰਫ਼ ਉਸ ਦੀ ਹੀ ਭਗਤੀ ਕਰੋਗੇ ਅਤੇ ਉਸ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿਓਗੇ। ਇੱਦਾਂ ਕਰ ਕੇ ਤੁਸੀਂ ਇਕ ਤਰੀਕੇ ਨਾਲ ਉਸ ਨੂੰ ਕਹਿ ਰਹੇ ਹੁੰਦੇ ਹੋ ਕਿ ਤੁਸੀਂ “ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ” ਉਸ ਨੂੰ ਪਿਆਰ ਕਰਦੇ ਰਹੋਗੇ। (ਮਰ. 12:30) ਸਮਰਪਣ ਤੁਹਾਡੇ ਤੇ ਯਹੋਵਾਹ ਵਿਚਕਾਰ ਹੁੰਦਾ ਹੈ। ਪਰ ਬਪਤਿਸਮਾ ਤੁਸੀਂ ਸਾਰਿਆਂ ਸਾਮ੍ਹਣੇ ਲੈਂਦੇ ਹੋ। ਇਸ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ। ਸਮਰਪਣ ਯਹੋਵਾਹ ਨਾਲ ਕੀਤਾ ਇਕ ਖ਼ਾਸ ਵਾਅਦਾ ਹੈ। ਤੁਸੀਂ ਜ਼ਰੂਰ ਆਪਣਾ ਇਹ ਵਾਅਦਾ ਨਿਭਾਉਣਾ ਚਾਹੋਗੇ ਅਤੇ ਯਹੋਵਾਹ ਵੀ ਤੁਹਾਡੇ ਤੋਂ ਇਹੀ ਉਮੀਦ ਰੱਖਦਾ ਹੈ।​—ਉਪ. 5:4. w24.03 2 ਪੈਰਾ 2; 3 ਪੈਰਾ 5

ਐਤਵਾਰ 28 ਦਸੰਬਰ

ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।​—ਅਫ਼. 5:33.

ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ। ਬਾਈਬਲ ਵਿਚ ਇਹ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਵਿਆਹੇ ਲੋਕਾਂ ਨੂੰ “ਜ਼ਿੰਦਗੀ ਵਿਚ ਮੁਸੀਬਤਾਂ” ਦਾ ਸਾਮ੍ਹਣਾ ਕਰਨਾ ਪਵੇਗਾ। (1 ਕੁਰਿੰ. 7:28) ਉਹ ਇਸ ਕਰਕੇ ਕਿਉਂਕਿ ਪਤੀ-ਪਤਨੀ ਦੋਵੇਂ ਨਾਮੁਕੰਮਲ ਹੁੰਦੇ ਹਨ। ਦੋਵਾਂ ਦੀ ਪਸੰਦ-ਨਾਪਸੰਦ ਤੇ ਸੁਭਾਅ ਇਕ-ਦੂਜੇ ਤੋਂ ਵੱਖਰਾ ਹੁੰਦਾ ਹੈ। ਸ਼ਾਇਦ ਉਨ੍ਹਾਂ ਦੀ ਪਰਵਰਿਸ਼ ਅਲੱਗ-ਅਲੱਗ ਮਾਹੌਲ ਵਿਚ ਹੋਈ ਹੋਵੇ ਜਾਂ ਉਨ੍ਹਾਂ ਦਾ ਪਿਛੋਕੜ ਵੱਖੋ-ਵੱਖਰਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਾਥੀ ਦੀਆਂ ਕੁਝ ਅਜਿਹੀਆਂ ਆਦਤਾਂ ਜਾਂ ਕਮਜ਼ੋਰੀਆਂ ਪਤਾ ਲੱਗਣ ਜਿਨ੍ਹਾਂ ʼਤੇ ਉਨ੍ਹਾਂ ਦਾ ਪਹਿਲਾਂ ਧਿਆਨ ਨਾ ਗਿਆ ਹੋਵੇ। ਇਸ ਕਰਕੇ ਉਨ੍ਹਾਂ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜਦੋਂ ਇੱਦਾਂ ਹੁੰਦਾ ਹੈ, ਤਾਂ ਪਤੀ-ਪਤਨੀ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਆਪਣੀ ਕੀ ਗ਼ਲਤੀ ਸੀ ਅਤੇ ਫਿਰ ਮੁਸ਼ਕਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਇੱਦਾਂ ਕਰਨ ਦੀ ਬਜਾਇ ਸ਼ਾਇਦ ਕੁਝ ਜੋੜੇ ਇਕ-ਦੂਜੇ ʼਤੇ ਦੋਸ਼ ਲਾਉਣ ਲੱਗ ਪੈਣ। ਉਹ ਸ਼ਾਇਦ ਇਹ ਵੀ ਸੋਚਣ ਲੱਗ ਪੈਣ ਕਿ ਅਲੱਗ ਹੋਣਾ ਜਾਂ ਤਲਾਕ ਲੈਣਾ ਹੀ ਇਸ ਮੁਸ਼ਕਲ ਦਾ ਹੱਲ ਹੈ। ਕੀ ਇੱਦਾਂ ਕਰਨ ਨਾਲ ਮੁਸ਼ਕਲ ਹੱਲ ਹੋ ਜਾਵੇਗੀ? ਨਹੀਂ। ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਵਿਆਹੁਤਾ ਰਿਸ਼ਤੇ ਨੂੰ ਪਵਿੱਤਰ ਸਮਝਣ। ਉਹ ਉਦੋਂ ਵੀ ਇਕ-ਦੂਜੇ ਨਾਲ ਰਹਿਣ ਜਦੋਂ ਇੱਦਾਂ ਕਰਨਾ ਔਖਾ ਹੋਵੇ। w24.03 16 ਪੈਰਾ 8; 17 ਪੈਰਾ 11

ਸੋਮਵਾਰ 29 ਦਸੰਬਰ

ਇਹ ਉਮੀਦ ਸਾਨੂੰ ਨਿਰਾਸ਼ ਨਹੀਂ ਕਰਦੀ।​—ਰੋਮੀ. 5:5.

ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਤੁਸੀਂ ਯਹੋਵਾਹ ਬਾਰੇ ਸਿੱਖਦੇ ਰਹੇ ਤੇ ਉਸ ਨਾਲ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਏ। ਇਸ ਨਾਲ ਧਰਤੀ ʼਤੇ ਰਹਿਣ ਦੀ ਤੁਹਾਡੀ ਉਮੀਦ ਹੋਰ ਵੀ ਜ਼ਿਆਦਾ ਪੱਕੀ ਹੋ ਗਈ। (ਇਬ. 5:13–6:1) ਰੋਮੀਆਂ 5:2-4 ਵਿਚ ਜੋ ਗੱਲਾਂ ਦੱਸੀਆਂ ਗਈਆਂ ਹਨ, ਸ਼ਾਇਦ ਤੁਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਸੱਚ ਹੁੰਦਿਆਂ ਦੇਖਿਆ ਹੋਵੇ। ਤੁਹਾਡੇ ʼਤੇ ਵੱਖੋ-ਵੱਖਰੀਆਂ ਮੁਸੀਬਤਾਂ ਆਈਆਂ ਹੋਣੀਆਂ, ਪਰ ਤੁਸੀਂ ਧੀਰਜ ਰੱਖਦਿਆਂ ਉਨ੍ਹਾਂ ਦਾ ਸਾਮ੍ਹਣਾ ਕੀਤਾ ਅਤੇ ਮਹਿਸੂਸ ਕੀਤਾ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ। ਇਸ ਕਰਕੇ ਤੁਹਾਨੂੰ ਹੋਰ ਵੀ ਯਕੀਨ ਹੋ ਗਿਆ ਕਿ ਉਸ ਨੇ ਜੋ ਵਾਅਦੇ ਕੀਤੇ ਹਨ, ਉਹ ਜ਼ਰੂਰ ਪੂਰੇ ਹੋਣਗੇ। ਸ਼ੁਰੂ-ਸ਼ੁਰੂ ਵਿਚ ਤੁਹਾਨੂੰ ਜੋ ਉਮੀਦ ਮਿਲੀ ਸੀ, ਉਹ ਹੁਣ ਹੋਰ ਵੀ ਜ਼ਿਆਦਾ ਪੱਕੀ ਹੋ ਗਈ ਹੈ। ਹੁਣ ਤੁਹਾਡੇ ਲਈ ਇਹ ਉਮੀਦ ਕੋਈ ਸੁਪਨਾ ਨਹੀਂ, ਸਗੋਂ ਹਕੀਕਤ ਹੈ। ਇਹ ਉਮੀਦ ਜ਼ਰੂਰ ਪੂਰੀ ਹੋਵੇਗੀ। ਇਸ ਉਮੀਦ ਦਾ ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ ʼਤੇ ਗਹਿਰਾ ਅਸਰ ਪੈਂਦਾ ਹੈ। ਮਿਸਾਲ ਲਈ, ਤੁਸੀਂ ਆਪਣੇ ਪਰਿਵਾਰ ਨਾਲ ਜਿੱਦਾਂ ਪੇਸ਼ ਆਉਂਦੇ ਸੀ, ਜਿੱਦਾਂ ਦੇ ਫ਼ੈਸਲੇ ਲੈਂਦੇ ਸੀ ਅਤੇ ਇੱਥੋਂ ਤਕ ਕਿ ਜਿੱਦਾਂ ਆਪਣਾ ਸਮਾਂ ਵਰਤਦੇ ਸੀ, ਹੁਣ ਉਹ ਸਭ ਬਦਲ ਗਿਆ ਹੈ। ਇਹ ਦੱਸਣ ਤੋਂ ਬਾਅਦ ਕਿ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲੇਗੀ, ਪੌਲੁਸ ਰਸੂਲ ਨੇ ਉਮੀਦ ਬਾਰੇ ਇਕ ਹੋਰ ਅਹਿਮ ਗੱਲ ਦੱਸੀ। ਉਹ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਤੁਹਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ।​—ਰੋਮੀ. 15:13. w23.12 12-13 ਪੈਰੇ 16-19

ਮੰਗਲਵਾਰ 30 ਦਸੰਬਰ

‘ਯਹੋਵਾਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’​—1 ਪਤ. 5:10.

ਜਦੋਂ ਅਸੀਂ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ, ਤਾਂ ਸਾਡਾ ਮੂਡ ਇੱਕੋ ਜਿਹਾ ਨਹੀਂ ਰਹਿੰਦਾ, ਅਸੀਂ ਚੰਗੀ ਤਰ੍ਹਾਂ ਸੋਚ ਨਹੀਂ ਪਾਉਂਦੇ ਅਤੇ ਸ਼ਾਇਦ ਸਾਡੇ ਵਤੀਰੇ ਵਿਚ ਵੀ ਬਦਲਾਅ ਆ ਜਾਵੇ। ਸਾਨੂੰ ਸ਼ਾਇਦ ਇੱਦਾਂ ਲੱਗੇ ਜਿੱਦਾਂ ਅਸੀਂ ਜਜ਼ਬਾਤਾਂ ਦੀਆਂ ਲਹਿਰਾਂ ਵਿਚ ਇੱਧਰ-ਉੱਧਰ ਉਛਾਲ਼ੇ ਜਾ ਰਹੇ ਹਾਂ। ਸੋ ਜਦੋਂ ਚਿੰਤਾਵਾਂ ਅਤੇ ਪਰੇਸ਼ਾਨੀਆਂ ਸਾਨੂੰ ਡੁਬਾਉਣ ਲੱਗਦੀਆਂ ਹਨ, ਤਾਂ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ? ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਸਾਨੂੰ ਡੋਲਣ ਨਹੀਂ ਦੇਵੇਗਾ। ਜਦੋਂ ਇਕ ਜਹਾਜ਼ ਤੂਫ਼ਾਨ ਵਿਚ ਫਸ ਜਾਂਦਾ ਹੈ, ਤਾਂ ਉਹ ਬਹੁਤ ਬੁਰੀ ਤਰ੍ਹਾਂ ਇੱਧਰ-ਉੱਧਰ ਡਿੱਕੋ-ਡੋਲੇ ਖਾਣ ਲੱਗਦਾ ਹੈ। ਇਸ ਲਈ ਕਈ ਜਹਾਜ਼ਾਂ ਦੇ ਥੱਲੇ ਦੋਨੋਂ ਪਾਸੇ ਇਕ ਤਰ੍ਹਾਂ ਦਾ ਯੰਤਰ (ਸਟੈਬਲਾਈਜ਼ਰ) ਲੱਗਾ ਹੁੰਦਾ ਹੈ ਜਿਸ ਦੀ ਮਦਦ ਨਾਲ ਤੂਫ਼ਾਨ ਵਿਚ ਵੀ ਜਹਾਜ਼ ਕਾਫ਼ੀ ਹੱਦ ਤਕ ਸੰਭਲ ਜਾਂਦਾ ਹੈ। ਉਸ ʼਤੇ ਬੈਠੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ। ਪਰ ਇਹ ਯੰਤਰ ਅਕਸਰ ਉਦੋਂ ਸਭ ਤੋਂ ਵਧੀਆ ਕੰਮ ਕਰਦੇ ਹਨ ਜਦੋਂ ਜਹਾਜ਼ ਅੱਗੇ ਵੱਲ ਨੂੰ ਵੱਧ ਰਿਹਾ ਹੋਵੇ। ਉਸੇ ਤਰ੍ਹਾਂ ਜੇ ਮੁਸ਼ਕਲਾਂ ਦੌਰਾਨ ਅਸੀਂ ਅੱਗੇ ਵਧਦੇ ਰਹਿੰਦੇ ਹਾਂ ਯਾਨੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ਸਾਨੂੰ ਵੀ ਡੋਲਣ ਨਹੀਂ ਦੇਵੇਗਾ। w24.01 22 ਪੈਰੇ 7-8

ਬੁੱਧਵਾਰ 31 ਦਸੰਬਰ

ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ।​—ਜ਼ਬੂ 56:4.

ਜਦੋਂ ਤੁਹਾਨੂੰ ਡਰ ਲੱਗਦਾ ਹੈ, ਤਾਂ ਆਪਣੇ ਆਪ ਤੋਂ ਪੁੱਛੋ, ‘ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ?’ ਉਸ ਦੀਆਂ ਬਣਾਈਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰੋ। ਮਿਸਾਲ ਲਈ, ਪੰਛੀਆਂ ਤੇ ਫੁੱਲਾਂ ਨੂੰ “ਧਿਆਨ ਨਾਲ ਦੇਖੋ।” ਉਨਾਂ ਨੂੰ ਨਾ ਤਾਂ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਹੈ ਤੇ ਨਾ ਹੀ ਉਹ ਉਸ ਦੀ ਭਗਤੀ ਕਰ ਸਕਦੇ ਹਨ। ਪਰ ਫਿਰ ਵੀ ਉਹ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ। ਤਾਂ ਫਿਰ ਕੀ ਉਹ ਤੁਹਾਡਾ ਖ਼ਿਆਲ ਨਹੀਂ ਰੱਖੇਗਾ? ਇਸ ਤਰ੍ਹਾਂ ਸ੍ਰਿਸ਼ਟੀ ਦੀਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ʼਤੇ ਤੁਹਾਡਾ ਭਰੋਸਾ ਵਧੇਗਾ। (ਮੱਤੀ 6:25-32) ਨਾਲੇ ਸੋਚੋ ਕਿ ਯਹੋਵਾਹ ਨੇ ਆਪਣੇ ਸੇਵਕਾਂ ਲਈ ਹੁਣ ਤਕ ਕੀ-ਕੀ ਕੀਤਾ ਹੈ। ਤੁਸੀਂ ਬਾਈਬਲ ਵਿਚ ਦੱਸੇ ਕਿਸੇ ਪਾਤਰ ਬਾਰੇ ਪੜ੍ਹ ਸਕਦੇ ਹੋ ਜਿਸ ਨੇ ਪਰਮੇਸ਼ੁਰ ʼਤੇ ਪੱਕੀ ਨਿਹਚਾ ਰੱਖੀ ਸੀ ਜਾਂ ਸ਼ਾਇਦ ਤੁਸੀਂ ਅੱਜ ਦੇ ਜ਼ਮਾਨੇ ਦੇ ਕਿਸੇ ਭੈਣ-ਭਰਾ ਦਾ ਤਜਰਬਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ, ਇਹ ਵੀ ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਹੁਣ ਤਕ ਕੀ ਕੁਝ ਕੀਤਾ ਹੈ। ਜਿਵੇਂ, ਉਸ ਨੇ ਤੁਹਾਨੂੰ ਸੱਚਾਈ ਵੱਲ ਕਿੱਦਾਂ ਖਿੱਚਿਆ? (ਯੂਹੰ. 6:44) ਉਸ ਨੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਕਿੱਦਾਂ ਜਵਾਬ ਦਿੱਤਾ? (1 ਯੂਹੰ. 5:14) ਉਸ ਦੇ ਪਿਆਰੇ ਪੁੱਤਰ ਦੀ ਕੁਰਬਾਨੀ ਤੋਂ ਤੁਹਾਨੂੰ ਹਰ ਰੋਜ਼ ਕਿੱਦਾਂ ਫ਼ਾਇਦਾ ਹੋ ਰਿਹਾ ਹੈ?​—ਅਫ਼. 1:7; ਇਬ. 4:14-16. w24.01 4 ਪੈਰਾ 6; 7 ਪੈਰਾ 17

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ