ਟ੍ਰੈਕਟ—ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨ ਦਾ ਇਕ ਸਰਲ ਅਤੇ ਪ੍ਰਭਾਵਕਾਰੀ ਤਰੀਕਾ
1 ਸਾਲ 1881 ਤੋਂ ਯਹੋਵਾਹ ਦੇ ਲੋਕ ਆਪਣੀ ਸੇਵਕਾਈ ਵਿਚ ਟ੍ਰੈਕਟਾਂ ਦਾ ਇਸਤੇਮਾਲ ਕਰਦੇ ਆਏ ਹਨ। ਭਰਾ ਚਾਰਲਸ ਟੇਜ਼ ਰਸਲ ਨੇ ਇਨ੍ਹਾਂ ਦੀ ਅਹਿਮੀਅਤ ਨੂੰ ਸਮਝਿਆ ਅਤੇ ਇਸ ਲਈ ਸਾਡੀ ਪਹਿਲੀ ਕਾਨੂੰਨੀ ਕਾਰਪੋਰੇਸ਼ਨ ਦਾ ਨਾਂ ਜ਼ਾਇਨ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਰੱਖਿਆ। ਪਰ ਸਾਡੇ ਬਾਰੇ ਕੀ? ਕੀ ਟ੍ਰੈਕਟਾਂ ਦਾ ਇਸਤੇਮਾਲ ਕਰਨਾ ਸਾਡੀ ਸੇਵਕਾਈ ਦਾ ਇਕ ਮਹੱਤਵਪੂਰਣ ਹਿੱਸਾ ਹੈ?
2 ਖ਼ਾਸ ਤੌਰ ਤੇ, ਸਾਲ 1987 ਤੋਂ, ਸੋਸਾਇਟੀ ਨੇ ਟ੍ਰੈਕਟਾਂ ਦਾ ਇਸਤੇਮਾਲ ਕਰਨ ਉੱਤੇ ਦੁਬਾਰਾ ਤੋਂ ਜ਼ੋਰ ਦਿੱਤਾ ਹੈ ਅਤੇ ਵੱਖੋ-ਵੱਖਰੇ ਵਿਸ਼ਿਆਂ ਤੇ ਕਾਫ਼ੀ ਸਾਰੇ ਟ੍ਰੈਕਟ ਪ੍ਰਕਾਸ਼ਿਤ ਕੀਤੇ ਹਨ ਜੋ ਕਿ ਲੋਕਾਂ ਨੂੰ ਜੀਵਨ ਦੇ ਅਲੱਗ-ਅਲੱਗ ਹਾਲਾਤਾਂ ਨਾਲ ਨਜਿੱਠਣ ਵਿਚ ਮਦਦ ਕਰ ਸਕਦੇ ਹਨ। ਉਦਾਹਰਣ ਲਈ, ਸਾਡੇ ਕੋਲ ਬਾਈਬਲ, ਪਰਿਵਾਰ, ਸਮਿਆਂ ਦੇ ਅਰਥ ਬਾਰੇ ਜਿਸ ਵਿਚ ਅਸੀਂ ਜੀ ਰਹੇ ਹਾਂ, ਮੌਤ ਅਤੇ ਪੁਨਰ-ਉਥਾਨ, ਮਨੁੱਖਜਾਤੀ ਦੇ ਭਵਿੱਖ ਅਤੇ ਹੋਰ ਬਹੁਤ ਸਾਰੇ ਅਜਿਹੇ ਵਿਸ਼ਿਆਂ ਉੱਤੇ ਟ੍ਰੈਕਟ ਹਨ।
3 ਸਾਡੇ ਵਿੱਚੋਂ ਬਹੁਤ ਸਾਰੇ ਭੈਣ-ਭਰਾ ਟ੍ਰੈਕਟਾਂ ਦੀ ਸਾਮੱਗਰੀ ਤੋਂ ਜਾਣੂ ਹਨ ਅਤੇ ਇਨ੍ਹਾਂ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਇਸਤੇਮਾਲ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਇਕ ਢੁਕਵੇਂ ਟ੍ਰੈਕਟ ਦਾ ਇਸਤੇਮਾਲ ਕਰ ਕੇ ਘਰ-ਸੁਆਮੀ ਨਾਲ ਗੱਲ-ਬਾਤ ਸ਼ੁਰੂ ਕਰਨੀ ਕਿੰਨੀ ਆਸਾਨ ਹੈ। ਇਹ ਖ਼ਾਸ ਕਰਕੇ ਉਨ੍ਹਾਂ ਬਾਰੇ ਸੱਚ ਹੈ ਜਿਹੜੇ ਅਜੇ ਸੇਵਕਾਈ ਨੂੰ ਸ਼ੁਰੂ ਹੀ ਕਰਦੇ ਹਨ। ਛੋਟੇ ਬੱਚੇ ਜਦੋਂ ਆਪਣੇ ਮਾਪਿਆਂ ਨਾਲ ਖੇਤਰ ਸੇਵਾ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਵੀ ਟ੍ਰੈਕਟਾਂ ਨੂੰ ਪੇਸ਼ ਕਰਨ ਦਾ ਆਨੰਦ ਮਾਣਦੇ ਹਨ।
4 ਅੱਜ ਟ੍ਰੈਕਟ ਜ਼ਿਆਦਾਤਰ ਭਾਸ਼ਾਵਾਂ ਵਿਚ ਉਪਲਬਧ ਹਨ ਜਿਸ ਕਰਕੇ ਅਸੀਂ ਲੱਖਾਂ ਲੋਕਾਂ ਤਕ ਪਹੁੰਚ ਸਕਦੇ ਹਾਂ। ਇਹ ਕਿੰਨਾ ਚੰਗਾ ਹੋਵੇਗਾ ਜੇਕਰ ਦੇਸ਼ ਦੇ ਹਰ ਉਸ ਵਿਅਕਤੀ ਕੋਲ, ਜਿਹੜਾ ਪੜ੍ਹ ਸਕਦਾ ਹੈ, ਉਸ ਦੀ ਆਪਣੀ ਭਾਸ਼ਾ ਵਿਚ ਸਾਡੇ ਟ੍ਰੈਕਟਾਂ ਦੀ ਇਕ ਕਾਪੀ ਹੋਵੇ। ਗ਼ਰੀਬ ਲੋਕ ਵੀ ਇਸ ਤੋਂ ਲਾਭ ਲੈ ਸਕਦੇ ਹਨ, ਕਿਉਂਕਿ ਟ੍ਰੈਕਟ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ। ਅਸੀਂ ਹਰ ਸਮੇਂ ਅਲੱਗ-ਅਲੱਗ ਭਾਸ਼ਾਵਾਂ ਵਿਚ ਵੱਖੋ-ਵੱਖਰੇ ਟ੍ਰੈਕਟ ਆਪਣੇ ਕੋਲ ਰੱਖ ਸਕਦੇ ਹਾਂ।
ਮਈ—ਟ੍ਰੈਕਟਾਂ ਦਾ ਮਹੀਨਾ
5 ਇਸ ਮਹੀਨੇ ਪੂਰੇ ਦੇਸ਼ ਵਿਚ ਟ੍ਰੈਕਟ ਵੰਡਣ ਦੀ ਇਕ ਖ਼ਾਸ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਭਾਰਤ ਵਿਚ ਹਰ ਸਾਲ ਮਈ ਦੇ ਮਹੀਨੇ ਦੌਰਾਨ, ਅਸੀਂ ਦੋ ਗੱਲਾਂ ਦੇਖਦੇ ਹਾਂ: 1) ਇਸ ਮਹੀਨੇ ਸਕੂਲ ਦੇ ਬੱਚਿਆਂ ਨੂੰ ਗਰਮੀਆਂ ਦੀਆਂ ਸਾਲਾਨਾ ਛੁੱਟੀਆਂ ਹੁੰਦੀਆਂ ਹਨ ਅਤੇ 2) ਇਸੇ ਮਹੀਨੇ ਵੱਡੀ ਗਿਣਤੀ ਵਿਚ ਪ੍ਰਕਾਸ਼ਕ ਸਹਿਯੋਗੀ ਪਾਇਨੀਅਰ ਕੰਮ ਵਿਚ ਹਿੱਸਾ ਲੈ ਕੇ ਆਨੰਦ ਮਾਣਦੇ ਹਨ। ਇਹ ਮੁਹਿੰਮ ਬਹੁਤ ਸਾਰੇ ਤਰੀਕਿਆਂ ਨਾਲ ਸਾਡੀ ਨਿੱਜੀ ਤੌਰ ਤੇ ਮਦਦ ਹੀ ਨਹੀਂ ਕਰੇਗੀ, ਬਲਕਿ ਸਾਡੇ ਗੁਆਂਢੀਆਂ ਨੂੰ ਵੀ ਅਧਿਆਤਮਿਕ ਲਾਭ ਦੇਵੇਗੀ। ਪੂਰੇ ਸੰਸਾਰ ਵਿਚ, “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੇ ਗਏ ਮਾਰਗ-ਦਰਸ਼ਨ ਉੱਤੇ ਚੱਲਦੇ ਹੋਏ, ਸਾਡੇ ਭੈਣ-ਭਰਾ, ਜਿੱਥੇ ਕਿਤੇ ਵੀ ਲੋਕ ਮਿਲਦੇ ਹਨ ਉੱਥੇ ਉਨ੍ਹਾਂ ਨੂੰ ਮਿਲਣ ਦੇ ਤਰੀਕਿਆਂ ਉੱਤੇ ਕੰਮ ਕਰ ਰਹੇ ਹਨ। (ਮੱਤੀ 24:45-47) ਭਾਰਤ ਵਰਗੇ ਖੇਤਰ ਵਿਚ ਹੋਣ ਦਾ ਸਾਡੇ ਕੋਲ ਕਿੰਨਾ ਵਧੀਆ ਵਿਸ਼ੇਸ਼-ਸਨਮਾਨ ਹੈ, ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਲੋਕ ਮਿਲ ਜਾਂਦੇ ਹਨ। ਇਸ ਲਈ ਟ੍ਰੈਕਟ ਵੰਡਣ ਲਈ ਹਮੇਸ਼ਾ ਤਿਆਰ ਰਹਿਣ ਅਤੇ ਇਨ੍ਹਾਂ ਨੂੰ ਹਰ ਵੇਲੇ ਇਸਤੇਮਾਲ ਕਰਨ ਦੁਆਰਾ ਅਸੀਂ ਇਨ੍ਹਾਂ ਦੀ ਵਧੀਆ ਵਰਤੋਂ ਕਰ ਰਹੇ ਹੋਵਾਂਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਅਲੱਗ-ਅਲੱਗ ਵਿਸ਼ਿਆਂ ਉੱਤੇ ਅਤੇ ਅਲੱਗ-ਅਲੱਗ ਭਾਸ਼ਾਵਾਂ ਵਿਚ ਟ੍ਰੈਕਟ ਆਪਣੇ ਕੋਲ ਰੱਖੀਏ ਤੇ ਲੋਕਾਂ ਨਾਲ ਗੱਲ-ਬਾਤ ਕਰਨ ਵੇਲੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਇਸਤੇਮਾਲ ਕਰਨ ਲਈ ਤਿਆਰ ਰਹੀਏ।
6 ਇਸ ਸਮੇਂ, ਕੁਝ ਭੈਣ-ਭਰਾ ਘਰ-ਘਰ ਦੀ ਸੇਵਕਾਈ ਵਿਚ, ਦੁਕਾਨਾਂ ਤੇ ਅਤੇ ਬਸ ਅੱਡਿਆਂ ਤੇ ਟ੍ਰੈਕਟਾਂ ਦਾ ਵਧੀਆ ਇਸਤੇਮਾਲ ਕਰ ਰਹੇ ਹਨ। ਉਹ ਸਫ਼ਰ ਕਰਦੇ ਸਮੇਂ ਨਾ ਸਿਰਫ਼ ਨਾਲ ਦੀਆਂ ਸਵਾਰੀਆਂ ਨੂੰ ਟ੍ਰੈਕਟ ਦਿੰਦੇ ਹਨ, ਸਗੋਂ ਬਸ ਡਰਾਈਵਰਾਂ ਨੂੰ, ਆਟੋ ਰਿਕਸ਼ਾ ਡਰਾਈਵਰਾਂ ਅਤੇ ਟੈਕਸੀ ਡਰਾਈਵਰਾਂ ਨੂੰ ਵੀ ਦਿੰਦੇ ਹਨ। ਹਾਲ ਹੀ ਵਿਚ, ਭਾਰਤ ਵਿਚ ਇਕ ਭੈਣ ਨੇ ਬਸ ਵਿਚ ਸਫ਼ਰ ਕਰਦੇ ਹੋਏ ਨਾਲ ਦੀ ਇਕ ਸਵਾਰੀ ਨਾਲ ਦੋਸਤਾਨਾ ਤਰੀਕੇ ਨਾਲ ਗੱਲ-ਬਾਤ ਕੀਤੀ। ਗੱਲ-ਬਾਤ ਦੇ ਦੌਰਾਨ, ਉਸ ਤੀਵੀਂ ਨੇ ਭੈਣ ਨਾਲ ਬੇਇਨਸਾਫ਼ੀ ਬਾਰੇ ਗੱਲ ਕੀਤੀ। ਇਸ ਗੱਲ ਨੇ ਭੈਣ ਨੂੰ ਟ੍ਰੈਕਟ ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ ਦਿਖਾ ਕੇ ਰਾਜ ਦੇ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਅਤੇ ਟ੍ਰੈਕਟ ਵਿੱਚੋਂ ਪਰਕਾਸ਼ ਦੀ ਪੋਥੀ 21:3-5 ਵੱਲ ਉਸ ਦਾ ਧਿਆਨ ਖਿੱਚਿਆ। ਤੀਵੀਂ ਨੇ ਸੰਦੇਸ਼ ਵਿਚ ਬਹੁਤ ਦਿਲਚਸਪੀ ਦਿਖਾਈ, ਉਸ ਨੇ ਆਪਣਾ ਨਾਂ ਅਤੇ ਪਤਾ ਦਿੱਤਾ ਤੇ ਭੈਣ ਨੂੰ ਕਿਹਾ ਕਿ ਉਹ ਉਸ ਕੋਲ ਆਵੇ। ਬਹੁਤ ਸਾਰੇ ਪ੍ਰਕਾਸ਼ਕ ਪਾਉਂਦੇ ਹਨ ਕਿ ਆਪਣੇ ਕੰਮ ਦੇ ਸਥਾਨ ਤੇ ਆਪਣੇ ਸਹਿਕਰਮੀਆਂ ਨੂੰ ਇਕ ਸੰਖੇਪ ਗਵਾਹੀ ਦੇਣ ਵਿਚ ਟ੍ਰੈਕਟ ਬਹੁਤ ਵਧੀਆ ਹਨ। ਜੀ ਹਾਂ, ਭਾਵੇਂ ਕਿ ਉਹ ਆਕਾਰ ਵਿਚ ਛੋਟੇ ਹਨ, ਪਰ ਇਨ੍ਹਾਂ ਵਿਚ ਦਿੱਤਾ ਗਿਆ ਛੋਟਾ ਜਿਹਾ ਸੰਦੇਸ਼ ਧਾਰਮਿਕ ਕੰਮਾਂ ਵਿਚ ਰੁਚੀ ਰੱਖਣ ਵਾਲੇ ਅਤੇ ਸਦੀਪਕ ਜੀਵਨ ਦੇ ਯੋਗ ਵਿਅਕਤੀਆਂ ਦੀ ਪਛਾਣ ਕਰਨ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
ਆਪਣੀਆਂ ਪੇਸ਼ਕਾਰੀਆਂ ਨੂੰ ਸੁਧਾਰਨ ਲਈ ਟ੍ਰੈਕਟਾਂ ਦਾ ਇਸਤੇਮਾਲ ਕਰਨਾ
7 ਬਹੁਤ ਸਾਰੇ ਟ੍ਰੈਕਟਾਂ ਦਾ ਇਸ ਤਰ੍ਹਾਂ ਇਸਤੇਮਾਲ ਕਰਨ ਨਾਲ ਸਾਨੂੰ ਨਾ ਸਿਰਫ਼ ਹੋਰ ਜ਼ਿਆਦਾ ਲੋਕਾਂ ਨੂੰ ਮਿਲਣ ਵਿਚ ਮਦਦ ਮਿਲਦੀ ਹੈ, ਸਗੋਂ ਸਾਨੂੰ ਕਈ ਵਿਸ਼ਿਆਂ ਤੇ ਖ਼ੁਸ਼ ਖ਼ਬਰੀ ਨੂੰ ਇਕ ਸੰਖੇਪ, ਸਾਫ਼, ਸਪੱਸ਼ਟ ਅਤੇ ਵਾਰਤਾਲਾਪੀ ਤਰੀਕੇ ਨਾਲ ਪੇਸ਼ ਕਰਨ ਦੀ ਸਿਖਲਾਈ ਵੀ ਮਿਲਦੀ ਹੈ। ਇਸ ਲਈ, ਮਈ ਮਹੀਨੇ ਦੌਰਾਨ, ਜਿਉਂ-ਜਿਉਂ ਅਸੀਂ ਟ੍ਰੈਕਟਾਂ ਦਾ ਇਸਤੇਮਾਲ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਆਓ ਅਸੀਂ ਇਹ ਸਿੱਖਣ ਦੇ ਲਈ ਖ਼ਾਸ ਜਤਨ ਕਰੀਏ ਕਿ ਲੋਕਾਂ ਨਾਲ ਗੱਲ-ਬਾਤ ਕਰਦੇ ਹੋਏ ਇਸ ਤਰੀਕੇ ਨਾਲ ਕਿਵੇਂ ਖ਼ੁਸ਼ ਖ਼ਬਰੀ ਸੁਣਾਉਣੀ ਹੈ। ਸਾਨੂੰ ਆਪਣੇ ਸਰੋਤਿਆਂ ਦੇ ਦਿਲਾਂ ਤਕ ਪਹੁੰਚਣ ਲਈ ਦਿਲੋਂ ਬੋਲਣ ਦੀ ਕਲਾ ਨੂੰ ਸਿੱਖਣ ਦੀ ਲੋੜ ਹੈ। ਅਸੀਂ ਅਲੱਗ-ਅਲੱਗ ਪਿਛੋਕੜ ਅਤੇ ਵਿਸ਼ਵਾਸਾਂ ਵਾਲੇ ਲੋਕਾਂ ਨੂੰ ਮਿਲਦੇ ਹਾਂ। ਇਸ ਲਈ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ “ਕਿਰਪਾ ਦੀਆਂ ਗੱਲਾਂ” ਨੂੰ ਇਸਤੇਮਾਲ ਕਰ ਕੇ ਉਨ੍ਹਾਂ ਨਾਲ ਕਿਵੇਂ ਗੱਲ-ਬਾਤ ਕਰਨੀ ਹੈ। (ਲੂਕਾ 4:22) ਅਸੀਂ ਇਹ ਲੋਕਾਂ ਨੂੰ ਜਬਰਦਸਤੀ ਨਹੀਂ ਦਿੰਦੇ ਹਾਂ ਬਲਕਿ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਇਨ੍ਹਾਂ ਨੂੰ ਇਸਤੇਮਾਲ ਕਰਦੇ ਹਾਂ ਤਾਂਕਿ ਉਨ੍ਹਾਂ ਨੂੰ ਵੀ ਆਸ ਮਿਲੇ। ਜਿਵੇਂ ਕਿ ਰਸੂਲ ਪੌਲੁਸ ਨੇ ਕਿਹਾ ਸੀ, ਅਸੀਂ “ਸਭਨਾਂ ਲਈ ਸਭ ਕੁਝ” ਬਣਨਾ ਚਾਹੁੰਦੇ ਹਾਂ।—1 ਕੁਰਿੰ. 9:22.
8 ਜੇਕਰ ਅਸੀਂ ਹਰ ਵੇਲੇ ਸਿਰਫ਼ ਰੱਟਿਆ-ਰਟਾਇਆ ਸੰਦੇਸ਼ ਦਿੰਦੇ ਰਹਿੰਦੇ ਹਾਂ, ਤਾਂ ਉਹ ਸਾਡੇ ਦਿਲੋਂ ਨਹੀਂ ਹੋਵੇਗਾ। ਜੇਕਰ ਘਰ-ਸੁਆਮੀ ਕਾਫ਼ੀ ਸਮੇਂ ਤੋਂ ਅਲੱਗ-ਅਲੱਗ ਪ੍ਰਕਾਸ਼ਕਾਂ ਕੋਲੋਂ ਹਰ ਵੇਲੇ ਇੱਕੋ ਹੀ ਸੰਦੇਸ਼ ਸੁਣਦੇ ਹਨ, ਤਾਂ ਇਹ ਉਨ੍ਹਾਂ ਨੂੰ ਖਿਝਾ ਸਕਦਾ ਹੈ ਅਤੇ ਇੱਥੋਂ ਤਕ ਕਿ ਵਿਰੋਧੀ ਬਣਾ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਉਹ ਸਾਡੇ ਨਾਲ ਭੈੜੇ ਤਰੀਕੇ ਨਾਲ ਵਰਤਾਉ ਕਰ ਸਕਦੇ ਹਨ। ਜੇਕਰ ਸਾਡੇ ਪਰਿਵਾਰ ਦਾ ਇਕ ਮੈਂਬਰ ਹਮੇਸ਼ਾ ਇੱਕੋ ਹੀ ਸੁਰ ਵਾਰ-ਵਾਰ ਗੁਣਗੁਣਾਉਂਦਾ ਹੈ ਜਾਂ ਜੇਕਰ ਸਾਡੇ ਗੁਆਂਢੀ ਵਾਰ-ਵਾਰ ਇੱਕੋ ਹੀ ਤਰ੍ਹਾਂ ਦਾ ਸੰਗੀਤ ਵਜਾਉਂਦੇ ਹਨ, ਤਾਂ ਅਸੀਂ ਕਿਵੇਂ ਮਹਿਸੂਸ ਕਰਾਂਗੇ? ਜਾਂ ਅਸੀਂ ਕੀ ਨਤੀਜਾ ਕੱਢਾਂਗੇ ਜੇਕਰ ਸਾਡਾ ਇਕ ਵਾਕਫ਼ ਵਾਰ-ਵਾਰ ਇੱਕੋ ਹੀ ਤਰ੍ਹਾਂ ਦੀ ਕਹਾਣੀ ਸੁਣਾਉਂਦਾ ਹੈ? ਜੇਕਰ ਸਾਡੇ ਖੇਤਰ ਦੇ ਲੋਕ ਹਰ ਵੇਲੇ ਇੱਕੋ ਹੀ ਤਰ੍ਹਾਂ ਦੀ ਪੇਸ਼ਕਾਰੀ ਸੁਣਦੇ ਹਨ, ਤਾਂ ਉਹ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਬਾਰੇ ਕੀ ਸਮਝਣਗੇ?
9 ਇਸ ਮਹੀਨੇ ਟ੍ਰੈਕਟ ਵੰਡਣ ਦੀ ਮੁਹਿੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈਣ ਨਾਲ ਸਾਰਿਆਂ ਨੂੰ ਇਸ ਮਾਮਲੇ ਵਿਚ ਬਹੁਤ ਮਦਦ ਮਿਲੇਗੀ। ਜੇਕਰ ਤੁਸੀਂ ਨਵੇਂ-ਨਵੇਂ ਪ੍ਰਕਾਸ਼ਕ ਬਣੇ ਹੋ, ਤਾਂ ਜਿਹੜਾ ਤੁਹਾਨੂੰ ਬਾਈਬਲ ਦਾ ਅਧਿਐਨ ਕਰਾਉਂਦਾ ਹੈ, ਉਸ ਦੇ ਨਾਲ ਟ੍ਰੈਕਟਾਂ ਦਾ ਅਧਿਐਨ ਕਰਨ ਅਤੇ ਚਰਚਾ ਕਰਨ ਲਈ ਸਮਾਂ ਕੱਢੋ ਕਿ ਉਨ੍ਹਾਂ ਵਿਚ ਪਾਈ ਜਾਂਦੀ ਜਾਣਕਾਰੀ ਤੁਹਾਡੇ ਖੇਤਰ ਵਿਚ ਕਿਵੇਂ ਇਸਤੇਮਾਲ ਕੀਤੀ ਜਾ ਸਕਦੀ ਹੈ। ਜੇਕਰ ‘ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ’ ਪ੍ਰੋਗ੍ਰਾਮ ਦੁਆਰਾ ਇਕ ਪਾਇਨੀਅਰ ਤੁਹਾਡੀ ਸਹਾਇਤਾ ਕਰ ਰਿਹਾ ਹੈ, ਤਾਂ ਫਿਰ ਕਿਉਂ ਨਾ ਟ੍ਰੈਕਟਾਂ ਦਾ ਇਸਤੇਮਾਲ ਕਰਨ ਲਈ ਉਸ ਤੋਂ ਮਦਦ ਲਈਏ? ਤੁਸੀਂ ਅਤੇ ਜਿਹੜਾ ਪਾਇਨੀਅਰ ਤੁਹਾਡੀ ਮਦਦ ਕਰ ਰਿਹਾ ਹੈ, ਦੋਵੇਂ ਖ਼ੁਸ਼ ਖਬਰੀ ਨੂੰ ਪੇਸ਼ ਕਰਨ ਲਈ ਇਨ੍ਹਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਇਸਤੇਮਾਲ ਕਰਨ ਦਾ ਅਭਿਆਸ ਕਰ ਸਕਦੇ ਹੋ। ਮਾਪਿਓ, ਤੁਸੀਂ ਪੂਰਾ ਪਰਿਵਾਰ ਮਿਲ ਕੇ ਇਸ ਦਾ ਅਭਿਆਸ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਖੇਤਰ ਸੇਵਕਾਈ ਵਿਚ ਭਾਗ ਲੈਂਦੇ ਸਮੇਂ ਤੁਸੀਂ ਅਤੇ ਤੁਹਾਡੇ ਬੱਚੇ ਹਰ ਇਕ ਟ੍ਰੈਕਟ ਨੂੰ ਕਿਵੇਂ ਇਸਤੇਮਾਲ ਕਰੋਗੇ। ਅਸਲ ਵਿਚ, ਸਾਰੇ ਹੀ ਪ੍ਰਕਾਸ਼ਕ ਹੋਰ ਜ਼ਿਆਦਾ ਪ੍ਰਭਾਵਕਾਰੀ ਤਰੀਕੇ ਨਾਲ ਟ੍ਰੈਕਟ ਦੇਣ ਲਈ ਖ਼ਾਸ ਜਤਨ ਕਰ ਸਕਦੇ ਹਨ। ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਸਾਡੇ ਕੋਲ ਇਕ ਚੰਗਾ ਸਾਧਨ ਹੈ ਜੋ ਆਪਣੀਆਂ ਪੇਸ਼ਕਾਰੀਆਂ ਨੂੰ ਤਿਆਰ ਕਰਨ ਵਿਚ ਸਾਡੀ ਮਦਦ ਕਰਦੀ ਹੈ ਜਿਹੜੀਆਂ ਸਾਡੇ ਖੇਤਰ ਦੇ ਲਈ ਉਪਯੁਕਤ ਹੋਣਗੀਆਂ। ਅਸੀਂ ਸਾਡੀ ਰਾਜ ਸੇਵਕਾਈ ਦੇ ਪਿਛਲੇ ਅੰਕਾਂ ਨੂੰ ਵੀ ਦੇਖ ਸਕਦੇ ਹਾਂ ਜਿਸ ਵਿਚ ਟ੍ਰੈਕਟਾਂ ਦੇ ਇਸਤੇਮਾਲ ਉੱਤੇ ਲੇਖ ਦਿੱਤੇ ਗਏ ਹਨ। ਅਗਸਤ 1993 (ਅੰਗ੍ਰੇਜ਼ੀ) ਪੈਰੇ 3-4; ਫਰਵਰੀ 1991 (ਅੰਗ੍ਰੇਜ਼ੀ) ਦਾ ਸਫ਼ਾ 4; ਫਰਵਰੀ 1990 (ਅੰਗ੍ਰੇਜ਼ੀ) ਦਾ ਸਫ਼ਾ 4 ਦੇਖੋ।
10 ਸੁਝਾਏ ਹੋਏ ਤਰੀਕੇ ਜਿਨ੍ਹਾਂ ਦੁਆਰਾ ਇਹ ਕੁਝ ਟ੍ਰੈਕਟ ਪੇਸ਼ ਕੀਤੇ ਜਾ ਸਕਦੇ ਹਨ:
ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ
ਨਮਸਤੇ ਕਹਿਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ, “ਭਾਵੇਂ ਕਿ ਬਾਈਬਲ ਹੁਣ ਦੋ ਹਜ਼ਾਰ ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ, ਤੁਸੀਂ ਕਿਉਂ ਸੋਚਦੇ ਹੋ ਕਿ ਬਹੁਤ ਘੱਟ ਲੋਕ ਇਸ ਵਿਚ ਦਿਲਚਸਪੀ ਰੱਖਦੇ ਹਨ?” [ਜਵਾਬ ਲਈ ਸਮਾਂ ਦਿਓ] ਫਿਰ ਇਹ ਕਹਿਣ ਦੁਆਰਾ ਗੱਲ-ਬਾਤ ਜਾਰੀ ਰੱਖੋ “ਬਾਈਬਲ ਦਾ ਅਧਿਐਨ ਕਰਨ ਤੇ ਅਸੀਂ ਜਾਣਿਆ ਹੈ ਕਿ ਇਸ ਪੁਸਤਕ ਬਾਰੇ ਪੂਰੇ ਇਤਿਹਾਸ ਦੌਰਾਨ ਗ਼ਲਤ ਗੱਲਾਂ ਕਹੀਆਂ ਗਈਆਂ ਹਨ। ਕੀ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦਿਖਾ ਸਕਦਾ ਹਾਂ ਕਿ ਇਸ ਵਿਚ ਸਾਰੇ ਲੋਕਾਂ ਦੇ ਲਈ ਕੀ ਸੰਦੇਸ਼ ਹੈ?” ਫਿਰ ਤੁਸੀਂ ਘਰ-ਸੁਆਮੀ ਨੂੰ ਸਫ਼ਾ 4 ਉੱਤੇ ਦਿੱਤਾ ਗਿਆ ਸਿਰਲੇਖ “ਭਵਿੱਖ ਬਾਰੇ ਪਹਿਲਾਂ ਦੱਸਣਾ” ਦਿਖਾ ਸਕਦੇ ਹੋ। ਟ੍ਰੈਕਟ ਦੇ ਸਫ਼ਾ 5 ਅਤੇ 6 ਉੱਤੇ ਦਿੱਤੇ ਗਏ ਆਖ਼ਰੀ ਚਾਰ ਪੈਰਿਆਂ ਤੇ ਵਿਚਾਰ ਕਰੋ। ਇਕ ਸੰਖੇਪ ਗੱਲ-ਬਾਤ ਤੋਂ ਬਾਅਦ ਕੋਈ ਇਕ ਰਸਾਲਾ ਜਾਂ ਮੰਗ ਬਰੋਸ਼ਰ ਪੇਸ਼ ਕੀਤਾ ਜਾ ਸਕਦਾ ਹੈ।
ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?
ਨਮਸਤੇ ਕਹਿਣ ਤੋਂ ਬਾਅਦ, ਟ੍ਰੈਕਟ ਦਾ ਇਸਤੇਮਾਲ ਕਰਦੇ ਹੋਏ ਅਸੀਂ ਇਹ ਕਹਿਣ ਦੁਆਰਾ ਗੱਲ-ਬਾਤ ਸ਼ੁਰੂ ਕਰ ਸਕਦੇ ਹਾਂ, “ਤੁਹਾਡੇ ਖ਼ਿਆਲ ਵਿਚ ਸਮਾਜ ਦੇ ਸਾਰੇ ਲੋਕਾਂ ਦੀ ਸ਼ਾਂਤੀ ਨਾਲ ਮਿਲ-ਜੁਲ ਕੇ ਰਹਿਣ ਵਿਚ ਕਿਹੜੀ ਚੀਜ਼ ਮਦਦ ਕਰੇਗੀ?” [ਜਵਾਬ ਲਈ ਸਮਾਂ ਦਿਓ] ਫਿਰ ਅਸੀਂ ਕਹਿ ਸਕਦੇ ਹਾਂ, “ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਅਸੀਂ ਮਹਿਸੂਸ ਕਰਦੇ ਹਾਂ ਕਿ ਇਕ ਦੂਜੇ ਦੇ ਵਿਸ਼ਵਾਸਾਂ ਨੂੰ ਅਤੇ ਜੀਵਨ ਦੇ ਢੰਗ ਨੂੰ ਜਾਣਨ ਦੁਆਰਾ ਹੀ ਅਸੀਂ ਇਕ-ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?” [ਜਵਾਬ ਲਈ ਸਮਾਂ ਦਿਓ] ਤੁਸੀਂ ਇਹ ਕਹਿਣ ਦੁਆਰਾ ਗੱਲ-ਬਾਤ ਜਾਰੀ ਰੱਖ ਸਕਦੇ ਹੋ: “ਕਿਉਂਕਿ ਅਸੀਂ ਵੀ ਇਸ ਸਮਾਜ ਦਾ ਹਿੱਸਾ ਹਾਂ ਅਤੇ ਬਹੁਤ ਥੋੜ੍ਹੇ ਲੋਕ ਸਾਡੇ ਬਾਰੇ ਜਾਣਦੇ ਹਨ, ਅਸੀਂ ਇਹ ਛੋਟਾ ਜਿਹਾ ਟ੍ਰੈਕਟ ਤੁਹਾਡੇ ਕੋਲ ਛੱਡਣਾ ਚਾਹੁੰਦੇ ਹਾਂ ਜੋ ਤੁਹਾਡੀ ਇਹ ਜਾਣਨ ਵਿਚ ਮਦਦ ਕਰੇਗਾ ਕਿ ਅਸੀਂ ਕੌਣ ਹਾਂ ਅਤੇ ਅਸੀਂ ਕੀ ਵਿਸ਼ਵਾਸ ਕਰਦੇ ਹਨ।” ਤੁਸੀਂ ਟ੍ਰੈਕਟ ਵਿੱਚੋਂ ਇਕ ਖ਼ਾਸ ਨੁਕਤਾ ਉਜਾਗਰ ਕਰਨ ਲਈ ਚੁਣ ਸਕਦੇ ਹੋ ਜਾਂ ਵਾਪਸ ਆਉਣ ਦਾ ਇਕਰਾਰ ਕਰੋ।
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ
ਨਮਸਤੇ ਕਰਨ ਤੋਂ ਬਾਅਦ ਤੁਸੀਂ ਸ਼ਾਇਦ ਇਹ ਕਹਿਣਾ ਚਾਹੋਗੇ, “ਅਸੀਂ ਅੱਜ ਇਸ ਖੇਤਰ ਵਿਚ ਰਹਿ ਰਹੇ ਸਾਰੇ ਲੋਕਾਂ ਨੂੰ ਮਿਲਣ ਦਾ ਜਤਨ ਕਰ ਰਹੇ ਹਾਂ ਅਤੇ ਅਸੀਂ ਤੁਹਾਨੂੰ ਘਰ ਵਿਚ ਮਿਲ ਕੇ ਬਹੁਤ ਖ਼ੁਸ਼ ਹਾਂ। ਅਸੀਂ ਤੁਹਾਡੇ ਕੋਲੋਂ ਇਕ ਸਵਾਲ ਪੁੱਛਣਾ ਚਾਹੁੰਦੇ ਹਾਂ ਅਤੇ ਅਸੀਂ ਇਸ ਬਾਰੇ ਤੁਹਾਡੀ ਰਾਇ ਦੀ ਕਦਰ ਕਰਾਂਗੇ। ਭਾਰਤ ਵਿਚ, ਬਹੁਤ ਸਾਰੇ ਲੋਕ ਕਈ ਅਲੱਗ-ਅਲੱਗ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਫਿਰ ਵੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੀ ਰਾਇ ਹੈ ਕਿ ਇਕ ਪਰਮਾਤਮਾ ਹੈ ਜਿਸ ਦੇ ਬਾਰੇ ਉਹ ਕਹਿੰਦੇ ਹਨ ਕਿ ਉਸ ਨੇ ਹੀ ਸਾਰੀਆਂ ਜਿਉਂਦੀਆਂ ਚੀਜ਼ਾਂ ਵਿਚ ਜੀਵਨ ਸ਼ਕਤੀ ਪਾਈ ਹੈ। ਕੀ ਤੁਸੀਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ?” [ਜਵਾਬ ਲਈ ਸਮਾਂ ਦਿਓ] ਫਿਰ ਤੁਸੀਂ ਕਹਿ ਸਕਦੇ ਹੋ, “ਪਰਮਾਤਮਾ ਦੇ ਇਸ ਧਰਤੀ ਨੂੰ ਅਤੇ ਇਸ ਉੱਤੇ ਸਾਰੀਆਂ ਚੀਜ਼ਾਂ ਨੂੰ ਬਣਾਉਣ ਦੇ ਉਦੇਸ਼ ਬਾਰੇ ਤੁਸੀਂ ਕੀ ਕਹੋਗੇ।” ਫਿਰ ਇਸ ਬਾਰੇ ਚਰਚਾ ਕਰਦੇ ਹੋਏ ਟ੍ਰੈਕਟ ਵਿਚ ਦਿੱਤੀ ਗਈ ਸਾਮੱਗਰੀ ਨੂੰ ਦਿਖਾਓ ਕਿ ਧਰਤੀ ਨੂੰ ਮਨੁੱਖ ਦੇ ਲਈ ਅਤੇ ਮਨੁੱਖ ਨੂੰ ਧਰਤੀ ਉੱਤੇ ਸਦਾ ਲਈ ਜਿਉਂਦੇ ਰਹਿਣ ਵਾਸਤੇ ਬਣਾਇਆ ਗਿਆ ਸੀ। ਪਹਿਲੇ ਤਿੰਨ ਪੈਰਿਆਂ ਦੀ ਚਰਚਾ ਤੋਂ ਬਾਅਦ ਇਸ ਚਰਚਾ ਨੂੰ ਜਾਰੀ ਰੱਖਣ ਲਈ ਵਾਪਸ ਆਉਣ ਦਾ ਪੱਕਾ ਇੰਤਜ਼ਾਮ ਕਰੋ।
ਮਰੇ ਹੋਏ ਪਿਆਰਿਆਂ ਲਈ ਕੀ ਉਮੀਦ?
ਇਕ ਸੁਝਾਈ ਗਈ ਪੇਸ਼ਕਾਰੀ ਇਹ ਹੋ ਸਕਦੀ ਹੈ, “ਭਾਵੇਂ ਕਿ ਅਸੀਂ ਮੰਨਦੇ ਹਾਂ ਕਿ ਹਰ ਇਨਸਾਨ ਨੂੰ ਇਕ ਦਿਨ ਮਰਨਾ ਪੈਂਦਾ ਹੈ, ਕੀ ਤੁਸੀਂ ਸੋਚਦੇ ਹੋ ਕਿ ਇਹ ਕੁਦਰਤੀ ਹੈ?” [ਜਵਾਬ ਲਈ ਸਮਾਂ ਦਿਓ] ਫਿਰ ਤੁਸੀਂ ਕਹਿ ਸਕਦੇ ਹੋ, “ਕਿਉਂਕਿ ਇਹ ਕੁਦਰਤੀ ਨਹੀਂ ਹੈ, ਇਸ ਲਈ ਅਸੀਂ ਮਰਨ ਦੀ ਇੱਛਾ ਨਹੀਂ ਰੱਖਦੇ ਹਾਂ ਜਾਂ ਅਸੀਂ ਮਰਨਾ ਨਹੀਂ ਚਾਹੁੰਦੇ ਹਾਂ। ਲੋਕ ਨਾ ਸਿਰਫ਼ ਆਪਣੇ ਮਰੇ ਹੋਇਆਂ ਲਈ ਸੋਗ ਕਰਦੇ ਹਨ ਬਲਕਿ ਉਹ ਆਸ ਕਰਦੇ ਹਨ ਕਿ ਉਹ ਅਜੇ ਤਕ ਕਿਤੇ ਜਿਉਂਦੇ ਹਨ। ਇਸ ਸੰਬੰਧ ਵਿਚ ਬਹੁਤ ਸਾਰੀਆਂ ਸਿੱਖਿਆਵਾਂ ਹਨ। ਕੀ ਤੁਸੀਂ ਕਦੀ ਹੈਰਾਨ ਹੋਏ ਹੋ ਕਿ ਆਪਣੇ ਮਰੇ ਹੋਏ ਪਿਆਰਿਆਂ ਨੂੰ ਦੁਬਾਰਾ ਮਿਲਣਾ ਸੰਭਵ ਹੈ?” ਫਿਰ ਉਨ੍ਹਾਂ ਨੂੰ ਸਫ਼ਾ 2 ਉੱਤੋਂ ਪੈਰੇ 1-3 ਦਿਖਾਓ। ਪੁਨਰ-ਉਥਾਨ ਦੀ ਆਸ ਦਾ ਜ਼ਿਕਰ ਕਰ ਕੇ ਗੱਲ-ਬਾਤ ਸਮਾਪਤ ਕਰੋ। ਪੁਨਰ-ਉਥਾਨ ਦੀ ਆਸ ਦੇ ਵਿਸ਼ੇ ਤੇ ਚਰਚਾ ਕਰਨ ਦਾ ਇਕਰਾਰ ਕਰੋ।
ਤੁਸੀਂ ਸਿੱਧਾ ਘਰ ਬਾਈਬਲ ਅਧਿਐਨ ਦੀ ਪੇਸ਼ਕਸ਼ ਕਰ ਸਕਦੇ ਹੋ ਅਤੇ ਕੋਈ ਵੀ ਟ੍ਰੈਕਟ ਇਸਤੇਮਾਲ ਕਰਨ ਦੁਆਰਾ ਇਸ ਨੂੰ ਪ੍ਰਦਰਸ਼ਿਤ ਕਰ ਸਕਦੇ ਹੋ।
ਗੱਲ-ਬਾਤ ਜੋ ਕਿ ਜਾਨ ਬਚਾਉਂਦੀ ਹੈ
11 ਇਹ ਮੁਹਿੰਮ ਨਿਰਸੰਦੇਹ ਹੋਰ ਬਹੁਤ ਸਾਰੇ ਲੋਕਾਂ ਦੀ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਕਰੇਗੀ। ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲਾਂਗੇ, ਉਨ੍ਹਾਂ ਨਾਲ ਬਹੁਤ ਸਾਰੀਆਂ ਦਿਲਚਸਪ ਗੱਲਾਂ-ਬਾਤਾਂ ਦਾ ਆਨੰਦ ਮਾਣਨ ਦਾ ਸਾਡੇ ਕੋਲ ਮੌਕਾ ਹੋਵੇਗਾ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਸਾਡੇ ਲਈ ਘਰ-ਸੁਆਮੀ ਹਨ। ਪਰ ਉਨ੍ਹਾਂ ਦੇ ਲਈ ਅਸੀਂ ਹਮੇਸ਼ਾ ਬਿਲਕੁਲ ਅਜਨਬੀ ਹਾਂ। ਇਸ ਲਈ ਸਾਨੂੰ ਚੌਕਸ ਹੋਣ ਦੀ ਲੋੜ ਹੈ ਕਿ ਅਸੀਂ ਉਨ੍ਹਾਂ ਨੂੰ ਕੀ ਕਹਿਣਾ ਹੈ, ਇਉਂ ਨਾ ਹੋਵੇ ਕਿ ਅਸੀਂ ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਨਾਰਾਜ਼ ਕਰ ਦੇਈਏ। ਇਸ ਕਰਕੇ ਸਾਨੂੰ ਆਪਣੀਆਂ ਪ੍ਰਸਤਾਵਨਾਵਾਂ ਤੇ ਧਿਆਨ ਨਾਲ ਵਿਚਾਰ ਕਰਨ ਦੀ ਲੋੜ ਹੈ ਅਤੇ ਨਾ ਸਿਰਫ਼ ਉਨ੍ਹਾਂ ਨੂੰ ਸਥਾਨਕ ਲੋੜਾਂ ਦੇ ਮੁਤਾਬਕ ਬਲਕਿ ਖੇਤਰ ਦੇ ਹਾਲਾਤਾਂ ਦੇ ਅਨੁਸਾਰ ਢਾਲਣ ਦੀ ਲੋੜ ਹੈ। ਉਦਾਹਰਣ ਲਈ, ਕੀ ਅਸੀਂ ਆਪਣੀ ਬੋਲੀ ਅਤੇ ਤੌਰ-ਤਰੀਕਿਆਂ ਦੁਆਰਾ ਇਹ ਪ੍ਰਭਾਵ ਪਾਉਂਦੇ ਹਾਂ ਕਿ ਅਸੀਂ ਈਸਾਈ-ਜਗਤ ਦੇ ਲੋਕਾਂ ਵਰਗੇ ਹਾਂ ਜਾਂ ਕੀ ਅਸੀਂ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਵੱਖਰੇ ਨਜ਼ਰ ਆਉਂਦੇ ਹਾਂ? ਕੀ ਸਾਡੀਆਂ ਪ੍ਰਸਤਾਵਨਾਵਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਇਕ ਰਾਜਨੀਤਿਕ ਪਾਰਟੀ ਜਾਂ ਕਿਸੇ ਹੋਰ ਦਾ ਸਮਰਥਨ ਕਰਦੇ ਹਾਂ? ਜਾਂ ਕੀ ਲੋਕ ਸਪੱਸ਼ਟ ਤੌਰ ਤੇ ਦੇਖਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਨਿਰਪੱਖ ਹਾਂ ਅਤੇ ਕਿਸੇ ਵੀ ਸਰਕਾਰ, ਜਿਸ ਨੂੰ ਯਹੋਵਾਹ ਇਜਾਜ਼ਤ ਦਿੰਦਾ ਹੈ, ਪ੍ਰਤੀ ਤੁਲਨਾਤਮਕ ਅਧੀਨਤਾ ਦਿਖਾਉਂਦੇ ਹਾਂ?
12 ਸੰਸਾਰ ਭਰ ਵਿਚ, ਯਹੋਵਾਹ ਦੇ ਲੋਕ ਈਮਾਨਦਾਰ, ਮਿਹਨਤੀ ਅਤੇ ਉੱਚੇ ਨੈਤਿਕ ਮਿਆਰਾਂ ਵਰਗੇ ਬਾਈਬਲ ਦੇ ਸਿਧਾਂਤਾਂ ਦੀ ਪੈਰਵੀ ਕਰਨ ਕਰਕੇ ਮਸ਼ਹੂਰ ਹਨ। ਕਦੀ-ਕਦਾਈਂ ਗ਼ਲਤਫ਼ਹਿਮੀਆਂ ਦੇ ਕਾਰਨ, ਕੁਝ ਲੋਕਾਂ ਦੀ ਪ੍ਰਚਲਿਤ ਰਾਇ ਕਰਕੇ ਕੁਝ ਭੈਣ-ਭਰਾਵਾਂ ਤੇ ਗ਼ਲਤ ਇਲਜ਼ਾਮ ਲਗਾਏ ਗਏ ਹਨ। ਇਸ ਤਰ੍ਹਾਂ ਦੀ ਗ਼ਲਤ ਸੋਚ ਨੂੰ ਠੀਕ ਕਰਨ ਲਈ, ਸਾਨੂੰ ਵਾਰਤਾਲਾਪੀ, ਕਿਰਪਾਲੂ ਅਤੇ ਸਮਝਦਾਰ ਹੋਣ ਦੀ ਲੋੜ ਹੈ ਜਿਵੇਂ ਕਿ ਪਹਿਲੀ ਸਦੀ ਵਿਚ ਯਿਸੂ ਮਸੀਹ ਨੇ ਲੋਕਾਂ ਨਾਲ ਵਰਤਾਉ ਕਰਕੇ ਪ੍ਰਦਰਸ਼ਿਤ ਕੀਤਾ ਸੀ। ਇਸ ਮਹੀਨੇ ਦੌਰਾਨ ਅਸੀਂ ਟ੍ਰੈਕਟਾਂ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਨਾਲ ਗੱਲ-ਬਾਤ ਕਰ ਕੇ ਅਜਿਹੀਆਂ ਗ਼ਲਤਫਹਿਮੀਆਂ ਨੂੰ ਦੂਰ ਕਰ ਸਕਦੇ ਹਾਂ।