ਪ੍ਰਸ਼ਨ ਡੱਬੀ
◼ ਅਸੀਂ ਪਾਇਨੀਅਰਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
2009 ਦੇ ਸੇਵਾ ਸਾਲ ਦੌਰਾਨ ਪੂਰੀ ਦੁਨੀਆਂ ਵਿਚ ਤਕਰੀਬਨ 8,00,000 ਭੈਣਾਂ-ਭਰਾਵਾਂ ਨੇ ਰੈਗੂਲਰ ਜਾਂ ਸਪੈਸ਼ਲ ਪਾਇਨੀਅਰਿੰਗ ਕੀਤੀ। ਇਹ ਸਾਰੇ ਸੇਵਕ ਆਪਣੇ ਸਮੇਂ, ਆਪਣੀ ਤਾਕਤ ਅਤੇ ਆਪਣੇ ਪੈਸੇ ਦੇ ਪਹਿਲੇ ਫਲ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਲਗਾ ਦਿੰਦੇ ਹਨ। (ਕਹਾ. 3:9) ਯਹੋਵਾਹ ਇਨ੍ਹਾਂ ਦੇ ਜਤਨਾਂ ਤੋਂ ਕਿੰਨਾ ਖ਼ੁਸ਼ ਹੋਣਾ! ਅਸੀਂ ਯਹੋਵਾਹ ਦਾ ਨਜ਼ਰੀਆ ਅਪਣਾ ਕੇ ਆਪਣੇ ਪਾਇਨੀਅਰ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਖ਼ੁਸ਼ੀ ਨਾਲ ਇਸ ਕੰਮ ਵਿਚ ਲੱਗੇ ਰਹਿਣ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੋਚ-ਸਮਝ ਕੇ ਕਹੇ ਗਏ ਲਫ਼ਜ਼ ਉਨ੍ਹਾਂ ਨੂੰ ਪਾਇਨੀਅਰਿੰਗ ਕਰਦੇ ਰਹਿਣ ਦਾ ਹੌਸਲਾ ਦੇ ਸਕਦੇ ਹਨ। (ਕਹਾ. 25:11) ਕੀ ਅਸੀਂ ਹਫ਼ਤੇ ਦੌਰਾਨ ਆਪਣੇ ਕੰਮ-ਧੰਦਿਆਂ ਵਿੱਚੋਂ ਸਮਾਂ ਕੱਢ ਕੇ ਉਨ੍ਹਾਂ ਨਾਲ ਪ੍ਰਚਾਰ ਤੇ ਜਾ ਸਕਦੇ ਹਾਂ? ਜੇ ਹੋ ਸਕੇ, ਤਾਂ ਅਸੀਂ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਲਿਜਾ ਸਕਦੇ ਹਾਂ ਜਾਂ ਉਨ੍ਹਾਂ ਦੇ ਸਫ਼ਰ ਦਾ ਕਿਰਾਇਆ ਦੇ ਸਕਦੇ ਹਾਂ। ਪਰ ਜੇ ਅਸੀਂ ਉਨ੍ਹਾਂ ਦੀ ਗੱਡੀ ਵਿਚ ਜਾਂਦੇ ਹਾਂ, ਤਾਂ ਸ਼ਾਇਦ ਅਸੀਂ ਉਨ੍ਹਾਂ ਨੂੰ ਪੈਟ੍ਰੋਲ ਦਾ ਖ਼ਰਚਾ ਦੇ ਸਕਦੇ ਹਾਂ। (1 ਕੁਰਿੰ. 13:5; ਫ਼ਿਲਿ. 2:4) ਅਸੀਂ ਉਨ੍ਹਾਂ ਨੂੰ ਪਰਾਹੁਣਚਾਰੀ ਦਿਖਾ ਸਕਦੇ ਹਾਂ ਅਤੇ ਕਦੇ-ਕਦੇ ਆਪਣੇ ਘਰ ਰੋਟੀ-ਪਾਣੀ ਲਈ ਬੁਲਾ ਸਕਦੇ ਹਾਂ।—1 ਪਤ. 4:8, 9.
ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਉਸ ਦੇ ਰਾਜ ਨੂੰ ਪਹਿਲੀ ਥਾਂ ਦੇਣ ਵਾਲਿਆਂ ਦੀਆਂ ਲੋੜਾਂ ਹਮੇਸ਼ਾ ਪੂਰੀਆਂ ਕਰੇਗਾ। (ਜ਼ਬੂ. 37:25; ਮੱਤੀ 6:33) ਪਾਇਨੀਅਰਾਂ ਦੀ ਮਦਦ ਕਰਨ ਲਈ ਯਹੋਵਾਹ ਪਿਆਰੇ ਭੈਣ-ਭਰਾਵਾਂ ਨੂੰ ਵਰਤ ਸਕਦਾ ਹੈ। (1 ਯੂਹੰ. 3:16-18) ਇਸ ਦਾ ਇਹ ਮਤਲਬ ਨਹੀਂ ਹੈ ਕਿ ਪਾਇਨੀਅਰ ਇਹ ਉਮੀਦ ਰੱਖਦੇ ਹਨ ਕਿ ਦੂਸਰੇ ਭੈਣ-ਭਰਾ ਉਨ੍ਹਾਂ ਦਾ ਖ਼ਰਚਾ ਚੁੱਕਣਗੇ। ਸ਼ਾਇਦ ਉਹ ਆਪਣੀਆਂ ਲੋੜਾਂ ਬਾਰੇ ਕਿਸੇ ਨੂੰ ਨਾ ਵੀ ਦੱਸਣ। ਪਰ ਅਸੀਂ ਵਫ਼ਾਦਾਰ ਪਾਇਨੀਅਰਾਂ ਦੀ ਮਦਦ ਕਰ ਸਕਦੇ ਹਾਂ ਤੇ ਧਿਆਨ ਰੱਖ ਕੇ ਉਨ੍ਹਾਂ ਦਾ ‘ਘਾਟਾ ਪੂਰਾ’ ਕਰਨ ਵਿਚ ਸਹਾਇਤਾ ਕਰ ਸਕਦੇ ਹਾਂ।—2 ਕੁਰਿੰ. 8:14, 15.
ਪਹਿਲੀ ਸਦੀ ਵਿਚ ਕੰਖਰਿਯਾ ਦੀ ਕਲੀਸਿਯਾ ਵਿਚ ਫ਼ੀਬੀ ਨਾਂ ਦੀ ਇਕ ਭੈਣ ਹੁੰਦੀ ਸੀ ਜੋ ਬੜੇ ਜੋਸ਼ ਨਾਲ ਪ੍ਰਚਾਰ ਕਰਦੀ ਸੀ। ਜਦੋਂ ਉਹ ਰੋਮ ਗਈ, ਤਾਂ ਪੌਲੁਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਕਿਹਾ ਕਿ “ਤੁਸੀਂ ਉਹ ਦਾ ਪ੍ਰਭੁ ਵਿੱਚ ਆਦਰ ਭਾਉ ਕਰੋ ਜਿਸ ਤਰਾਂ ਸੰਤਾਂ ਨੂੰ ਜੋਗ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ ਕਰੋ।” (ਰੋਮੀ. 16:1, 2) ਅਸੀਂ ਵੀ ਆਪਣੀ ਕਲੀਸਿਯਾ ਦੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਪਿਆਰ ਨਾਲ ਸਹਾਰਾ ਦੇ ਸਕਦੇ ਹਾਂ ਜੋ ਰੈਗੂਲਰ ਅਤੇ ਸਪੈਸ਼ਲ ਪਾਇਨੀਅਰਾਂ ਵਜੋਂ ਡੱਟ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ।—ਰਸੂ. 5:42.