ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2024 Watch Tower Bible and Tract Society of Pennsylvania
6-12 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 127-134
ਮਾਪਿਓ—ਆਪਣੀ ਅਨਮੋਲ ਵਿਰਾਸਤ ਦੀ ਦੇਖ-ਭਾਲ ਕਰਦੇ ਰਹੋ
ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ
9 ਯਹੋਵਾਹ ਨੇ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ ਹੈ। ਉਸ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਸ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਸਿਖਾਉਣ। ਯਹੋਵਾਹ ਨੇ ਦੂਤਾਂ ਨੂੰ ਬਹੁਤ ਸਾਰੀਆਂ ਕਾਬਲੀਅਤਾਂ ਦਿੱਤੀਆਂ ਹਨ, ਪਰ ਬੱਚੇ ਪੈਦਾ ਕਰਨ ਦੀ ਕਾਬਲੀਅਤ ਉਨ੍ਹਾਂ ਨੂੰ ਨਹੀਂ ਦਿੱਤੀ। ਇਹ ਕਾਬਲੀਅਤ ਉਸ ਨੇ ਸਿਰਫ਼ ਇਨਸਾਨਾਂ ਨੂੰ ਦਿੱਤੀ ਹੈ। ਮਾਪਿਓ, ਕੀ ਤੁਸੀਂ ਇਸ ਖ਼ਾਸ ਸਨਮਾਨ ਲਈ ਪਰਮੇਸ਼ੁਰ ਦਾ ਅਹਿਸਾਨ ਮੰਨਦੇ ਹੋ? ਯਹੋਵਾਹ ਨੇ ਤੁਹਾਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਬੱਚਿਆਂ ਨੂੰ “ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ” ਦਿਓ। (ਅਫ਼. 6:4; ਬਿਵ. 6:5-7; ਜ਼ਬੂ. 127:3) ਤੁਹਾਡੀ ਮਦਦ ਕਰਨ ਲਈ ਯਹੋਵਾਹ ਨੇ ਤੁਹਾਨੂੰ ਕਈ ਪ੍ਰਕਾਸ਼ਨ, ਵੀਡੀਓ, ਸੰਗੀਤ ਅਤੇ ਵੈੱਬਸਾਈਟ ਉੱਤੇ ਲੇਖ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਯਿਸੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। (ਲੂਕਾ 18:15-17) ਜਦੋਂ ਤੁਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹੋ ਅਤੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਦੇ ਹੋ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਨਾਲੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਲਈ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਦਿੰਦੇ ਹੋ।
ਮਾਪਿਓ—ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ
20 ਸਮਝਦਾਰ ਬਣੋ। ਜ਼ਬੂਰ 127 ਵਿਚ ਬੱਚਿਆਂ ਦੀ ਤੁਲਨਾ ਤੀਰਾਂ ਨਾਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 127:4 ਪੜ੍ਹੋ।) ਜਿਸ ਤਰ੍ਹਾਂ ਤੀਰ ਅਲੱਗ-ਅਲੱਗ ਚੀਜ਼ਾਂ ਤੋਂ ਬਣਾਏ ਜਾ ਸਕਦੇ ਹਨ ਅਤੇ ਇਹ ਛੋਟੇ-ਵੱਡੇ ਹੋ ਸਕਦੇ ਹਨ, ਇਸੇ ਤਰ੍ਹਾਂ ਦੋ ਬੱਚੇ ਬਿਲਕੁਲ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਮਾਪਿਆਂ ਨੂੰ ਦੇਖਣ ਦੀ ਲੋੜ ਹੈ ਕਿ ਉਹ ਆਪਣੇ ਹਰ ਬੱਚੇ ਨੂੰ ਕਿਵੇਂ ਸਿਖਲਾਈ ਦੇਣਗੇ। ਇਜ਼ਰਾਈਲ ਦੇ ਰਹਿਣ ਵਾਲੇ ਇਕ ਜੋੜੇ ਨੇ ਆਪਣੇ ਦੋ ਬੱਚਿਆਂ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਜਿਸ ਕਰਕੇ ਬੱਚੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਉਹ ਦੱਸਦੇ ਹਨ ਕਿ ਕਿਹੜੀ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ: “ਅਸੀਂ ਹਰ ਬੱਚੇ ਨਾਲ ਵੱਖੋ-ਵੱਖਰੇ ਸਮੇਂ ʼਤੇ ਸਟੱਡੀ ਕਰਦੇ ਸੀ।” ਅਸਲ ਵਿਚ, ਹਰ ਪਰਿਵਾਰ ਦਾ ਮੁਖੀ ਫ਼ੈਸਲਾ ਕਰੇਗਾ ਕਿ ਇਸ ਤਰ੍ਹਾਂ ਸਟੱਡੀ ਕਰਾਉਣੀ ਜ਼ਰੂਰੀ ਜਾਂ ਮੁਮਕਿਨ ਹੈ।
ਹੀਰੇ-ਮੋਤੀ
it-1 543
ਬਾਈਬਲ ਵਿਚ ਜ਼ਿਕਰ ਕੀਤੇ ਗਏ ਪੇੜ-ਪੌਦੇ
ਇਕ ਜ਼ਬੂਰ ਦੇ ਲਿਖਾਰੀ ਨੇ ਆਪਣੇ ਮੁੰਡਿਆਂ ਦੀ ਤੁਲਨਾ “ਦਰਖ਼ਤ ਦੀਆਂ ਲਗਰਾਂ” ਨਾਲ ਕੀਤੀ। (ਜ਼ਬੂ 128:1-3) ਅਕਸਰ ਇਕ ਵੱਡੇ ਜ਼ੈਤੂਨ ਦੇ ਦਰਖ਼ਤ ਦੀ ਇਕ ਲਗਰ ਜਾਂ ਕਲਮ ਕੱਟ ਕੇ ਉਸ ਤੋਂ ਇਕ ਨਵਾਂ ਦਰਖ਼ਤ ਉਗਾਇਆ ਜਾਂਦਾ ਹੈ। ਪਰ ਬਹੁਤ ਪੁਰਾਣੇ ਜ਼ੈਤੂਨ ਦੇ ਦਰਖ਼ਤਾਂ ਦੇ ਉੱਪਰ ਨਹੀਂ, ਸਗੋਂ ਉਨ੍ਹਾਂ ਦੀਆਂ ਜੜ੍ਹਾਂ ਤੋਂ ਵੀ ਨਵੀਆਂ ਲਗਰਾਂ ਉੱਗ ਸਕਦੀਆਂ ਹਨ। ਇਸ ਲਈ ਜਿੱਦਾਂ ਇਕ ਦਰਖ਼ਤ ਨਵੀਆਂ ਲਗਰਾਂ ਨਾਲ ਘਿਰਿਆ ਹੋਇਆ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਇਕ ਪਿਤਾ ਆਪਣੇ ਪੁੱਤਰਾਂ ਨਾਲ ਘਿਰਿਆ ਰਹਿੰਦਾ ਹੈ ਅਤੇ ਉਨ੍ਹਾਂ ਨਾਲ ਪਰਿਵਾਰ ਵਿਚ ਖ਼ੁਸ਼ਹਾਲੀ ਹੁੰਦੀ ਹੈ।
13-19 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 135-137
“ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ”
it-2 661 ਪੈਰੇ 4-5
ਸ਼ਕਤੀ, ਸ਼ਕਤੀਸ਼ਾਲੀ ਕੰਮ
ਸਾਰੀਆਂ ਕੁਦਰਤੀ ਤਾਕਤਾਂ ਪਰਮੇਸ਼ੁਰ ਦੇ ਵੱਸ ਵਿਚ ਹਨ। ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਅਸੀਂ ਉਸ ਤੋਂ ਉਮੀਦ ਰੱਖ ਸਕਦੇ ਹਾਂ ਕਿ ਸਾਰੀਆਂ ਕੁਦਰਤੀ ਤਾਕਤਾਂ ʼਤੇ ਉਸ ਦਾ ਵੱਸ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਇਕ ਖ਼ਾਸ ਤਰੀਕੇ ਨਾਲ ਵਰਤੇਗਾ। (ਜ਼ਬੂ 135:5, 6) ਜਦੋਂ ਅਸੀਂ ਸੂਰਜ, ਚੰਦ, ਤਾਰਿਆਂ ਅਤੇ ਗ੍ਰਹਿਆਂ ਨੂੰ ਚੱਕਰ ਲਾਉਂਦੇ ਦੇਖਦੇ ਹਾਂ ਜਾਂ ਸ੍ਰਿਸ਼ਟੀ ਦੀਆਂ ਦੂਜੀਆਂ ਚੀਜ਼ਾਂ ਨੂੰ ਆਪਣਾ ਕੰਮ ਕਰਦੇ ਦੇਖਦੇ ਹਾਂ, ਤਾਂ ਇਹ ਸਾਡੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੁੰਦੀ। ਪਰ ਜਦੋਂ ਯਹੋਵਾਹ ਸ੍ਰਿਸ਼ਟੀ ਦੀਆਂ ਚੀਜ਼ਾਂ ਅਤੇ ਕੁਦਰਤੀ ਤਾਕਤਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤਦਾ ਹੈ, ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਉਹੀ ਸੱਚਾ ਪਰਮੇਸ਼ੁਰ ਹੈ। ਭਾਵੇਂ ਕਿ ਆਮ ਤੋਰ ਤੇ ਸੋਕਾ, ਹਨ੍ਹੇਰੀ-ਤੂਫ਼ਾਨ ਜਾਂ ਇੱਦਾਂ ਦਾ ਹੋਰ ਬਹੁਤ ਕੁਝ ਹੁੰਦਾ ਰਹਿੰਦਾ ਹੈ, ਪਰ ਜਦੋਂ ਯਹੋਵਾਹ ਦੀ ਭਵਿੱਖਬਾਣੀ ਮੁਤਾਬਕ ਇੱਦਾਂ ਦੇ ਹਾਲਾਤ ਪੈਦਾ ਹੋਏ, ਤਾਂ ਇਹ ਖ਼ਾਸ ਹੋ ਗਏ। (1 ਰਾਜ 17:1; 18:1, 2, 41-45 ਨਾਲ ਤੁਲਨਾ ਕਰੋ) ਇਸ ਤੋਂ ਇਲਾਵਾ, ਜਦੋਂ ਵੱਡੇ ਪੈਮਾਨੇ ਤੇ ਜਾਂ ਜ਼ਬਰਦਸਤ ਹਾਲਾਤ ਪੈਦਾ ਹੋਏ, ਤਾਂ ਉਦੋਂ ਵੀ ਇਹ ਖ਼ਾਸ ਹੋ ਗਏ। (ਕੂਚ 9:24) ਨਾਲੇ ਕਦੇ-ਕਦੇ ਇਹ ਹਾਲਾਤ ਇੱਦਾਂ ਦੇ ਸਮੇਂ ਤੇ ਪੈਦਾ ਹੋਏ ਜਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਜਾਂ ਇੱਦਾਂ ਪੈਦਾ ਹੋਏ ਜਿੱਦਾਂ ਪਹਿਲਾਂ ਕਦੇ ਪੈਦਾ ਨਹੀਂ ਹੋਏ ਸੀ, ਉਦੋਂ ਵੀ ਇਹ ਖ਼ਾਸ ਹੋ ਗਏ। (ਕੂਚ 34:10; 1 ਸਮੂ 12:16-18) ਇਸ ਤਰ੍ਹਾਂ ਯਹੋਵਾਹ ਨੇ ਦਿਖਾਇਆ ਕਿ ਸਾਰੀ ਸ੍ਰਿਸ਼ਟੀ ਉਸ ਦੇ ਹੱਥ ਵਿਚ ਹੈ ਤੇ ਉਹੀ ਸੱਚਾ ਪਰਮੇਸ਼ੁਰ ਹੈ।
ਯਹੋਵਾਹ ਦਾ ਅਟੱਲ ਪਿਆਰ
16 ਜਦੋਂ ਯਹੋਵਾਹ ਸਾਡੀ ਪਨਾਹ ਬਣਦਾ ਹੈ, ਤਾਂ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਫਿਰ ਵੀ ਸ਼ਾਇਦ ਸਾਡੀ ਜ਼ਿੰਦਗੀ ਵਿਚ ਕੁਝ ਦਿਨ ਇੱਦਾਂ ਦੇ ਹੋਣ ਜਦੋਂ ਅਸੀਂ ਨਿਰਾਸ਼ ਮਹਿਸੂਸ ਕਰੀਏ ਅਤੇ ਇਨ੍ਹਾਂ ਭਾਵਨਾਵਾਂ ਵਿੱਚੋਂ ਨਿਕਲ ਨਾ ਸਕੀਏ। ਇਨ੍ਹਾਂ ਮੌਕਿਆਂ ਤੇ ਯਹੋਵਾਹ ਸਾਡੇ ਲਈ ਕੀ ਕਰਦਾ ਹੈ? (ਜ਼ਬੂਰ 136:23 ਪੜ੍ਹੋ।) ਪਰਮੇਸ਼ੁਰ ਆਪਣਾ ਹੱਥ ਵਧਾ ਕੇ ਸਾਨੂੰ ਸਹਾਰਾ ਦਿੰਦਾ ਹੈ, ਪਿਆਰ ਨਾਲ ਸਾਨੂੰ ਉਠਾਉਂਦਾ ਹੈ ਅਤੇ ਸਾਨੂੰ ਸਾਡੇ ਪੈਰਾਂ ʼਤੇ ਖੜ੍ਹਾ ਕਰਦਾ ਹੈ। (ਜ਼ਬੂ. 28:9; 94:18) ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਜਦੋਂ ਅਸੀਂ ਇਹ ਗੱਲ ਜਾਣ ਜਾਂਦੇ ਹਾਂ ਕਿ ਅਸੀਂ ਹਮੇਸ਼ਾ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ, ਤਾਂ ਅਸੀਂ ਇਹ ਦੋ ਗੱਲਾਂ ਯਾਦ ਰੱਖ ਪਾਉਂਦੇ ਹਾਂ: (1) ਚਾਹੇ ਅਸੀਂ ਕਿਤੇ ਵੀ ਰਹਿੰਦੇ ਹੋਈਏ ਯਹੋਵਾਹ ਹਮੇਸ਼ਾ ਸਾਡੀ ਹਿਫਾਜ਼ਤ ਕਰਦਾ ਹੈ। (2) ਸਾਡਾ ਪਿਆਰਾ ਸਵਰਗੀ ਪਿਤਾ ਸਾਡੀ ਬਹੁਤ ਪਰਵਾਹ ਕਰਦਾ ਹੈ।
ਹੀਰੇ-ਮੋਤੀ
it-1 1248
ਯਾਹ
ਆਮ ਤੌਰ ਤੇ ਯਹੋਵਾਹ ਦੀ ਦਿਲੋਂ ਮਹਿਮਾ ਕਰਨ ਲਈ ਗੀਤਾਂ ਅਤੇ ਪ੍ਰਾਰਥਨਾਵਾਂ ਵਿਚ “ਯਾਹ” ਸ਼ਬਦ ਇਸਤੇਮਾਲ ਕੀਤਾ ਗਿਆ ਹੈ। ਦੇਖਿਆ ਗਿਆ ਹੈ ਕਿ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਦੁਸ਼ਮਣਾਂ ਤੋਂ ਬਚਾਇਆ ਜਾਂ ਉਨ੍ਹਾਂ ਨੂੰ ਜਿੱਤ ਦਿਵਾਈ, ਉਦੋਂ ਲੋਕਾਂ ਨੇ ਖ਼ੁਸ਼ੀ ਜ਼ਾਹਰ ਕਰਨ ਲਈ ਗੀਤ ਗਾਏ ਤੇ ਪ੍ਰਾਰਥਨਾਵਾਂ ਕੀਤੀਆਂ। ਯਹੋਵਾਹ ਦੀ ਸ਼ਕਤੀ ਲਈ ਕਦਰ ਜ਼ਾਹਰ ਕਰਨ ਵਾਸਤੇ ਵੀ “ਯਾਹ” ਸ਼ਬਦ ਦਾ ਇਸਤੇਮਾਲ ਕੀਤਾ ਗਿਆ। ਪਰਮੇਸ਼ੁਰ ਦੀ ਮਹਿਮਾ ਲਈ “ਯਾਹ ਦੀ ਮਹਿਮਾ ਕਰ” (ਹਲਲੂਯਾਹ!) ਸ਼ਬਦਾਂ ਦਾ ਜ਼ਿਕਰ ਪਹਿਲੀ ਵਾਰ ਜ਼ਬੂਰਾਂ ਦੀ ਕਿਤਾਬ 104:35 ਵਿਚ ਆਉਂਦਾ ਹੈ। ਬਾਈਬਲ ਦੀਆਂ ਦੂਜੀਆਂ ਕਿਤਾਬਾਂ ਵਿਚ ਦਰਜ ਗੀਤਾਂ ਤੇ ਪ੍ਰਾਰਥਨਾਵਾਂ ਵਿਚ ਯਹੋਵਾਹ ਦੀ ਤਾਰੀਫ਼ ਕਰਦਿਆਂ “ਯਾਹ” ਸ਼ਬਦ ਇਸਤੇਮਾਲ ਕੀਤਾ ਗਿਆ ਹੈ। (ਕੂਚ 15:2) ਯਸਾਯਾਹ ਨੇ ਯਹੋਵਾਹ ਦੇ ਨਾਂ ਤੇ ਜ਼ਿਆਦਾ ਜ਼ੋਰ ਦੇਣ ਲਈ “ਯਾਹ ਯਹੋਵਾਹ” ਦੋਨਾਂ ਨਾਵਾਂ ਦਾ ਇਕੱਠੇ ਇਸਤੇਮਾਲ ਕੀਤਾ। (ਯਸਾ 12:2; 26:4) ਜਦੋਂ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਹਿਜ਼ਕੀਯਾਹ ਨੂੰ ਠੀਕ ਕੀਤਾ, ਤਾਂ ਹਿਜ਼ਕੀਯਾਹ ਨੇ ਖ਼ੁਸ਼ੀ ਦੇ ਮਾਰੇ “ਯਾਹ” ਨਾਂ ਦੁਹਰਾਇਆ। (ਯਸਾ 38:9, 11) ਦੂਜੇ ਜ਼ਬੂਰਾਂ ਵਿਚ “ਯਾਹ” ਸ਼ਬਦ ਇੱਦਾਂ ਦੀਆਂ ਪ੍ਰਾਰਥਨਾਵਾਂ ਵਿਚ ਵੀ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਵਿਚ ਯਹੋਵਾਹ ਦਾ ਇਸ ਗੱਲ ਲਈ ਧੰਨਵਾਦ ਦਿੱਤਾ ਗਿਆ ਹੈ ਕਿ ਉਹ ਸਾਨੂੰ ਛੁਟਕਾਰਾ ਦਿਵਾਉਂਦਾ, ਸਾਡੀ ਰਾਖੀ ਕਰਦਾ ਤੇ ਸਾਨੂੰ ਸੁਧਾਰਦਾ ਹੈ।—ਜ਼ਬੂ 94:12; 118:5, 14.
20-26 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 138-139
ਡਰ ਦੇ ਮਾਰੇ ਪਿੱਛੇ ਨਾ ਹਟੋ
ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ
10 ਕੀ ਜਵਾਬ ਦੇਣ ਲਈ ਹੱਥ ਖੜ੍ਹਾ ਕਰਨ ਬਾਰੇ ਸੋਚ ਕੇ ਹੀ ਤੁਹਾਡੇ ਢਿੱਡ ਵਿਚ ਗੰਢ ਬੱਝ ਜਾਂਦੀ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਸੱਚ ਤਾਂ ਇਹ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਜਣਿਆਂ ਨੂੰ ਜਵਾਬ ਦੇਣ ਵੇਲੇ ਥੋੜ੍ਹਾ-ਬਹੁਤਾ ਡਰ ਤਾਂ ਲੱਗਦਾ ਹੀ ਹੈ। ਆਪਣੇ ਡਰ ʼਤੇ ਕਾਬੂ ਪਾਉਣ ਤੋਂ ਪਹਿਲਾਂ ਜਾਣੋ ਕਿ ਤੁਹਾਨੂੰ ਡਰ ਕਿਉਂ ਲੱਗਦਾ ਹੈ? ਕੀ ਤੁਹਾਨੂੰ ਇਹ ਡਰ ਲੱਗਦਾ ਹੈ ਕਿ ਤੁਸੀਂ ਵਿੱਚੇ ਹੀ ਭੁੱਲ ਜਾਓਗੇ ਜਾਂ ਕਿਤੇ ਤੁਸੀਂ ਗ਼ਲਤ ਜਵਾਬ ਨਾ ਦੇ ਦਿਓ? ਕੀ ਤੁਹਾਨੂੰ ਚਿੰਤਾ ਹੁੰਦੀ ਹੈ ਕਿ ਦੂਜਿਆਂ ਵਾਂਗ ਤੁਹਾਡਾ ਜਵਾਬ ਇੰਨਾ ਵਧੀਆ ਨਹੀਂ ਹੋਵੇਗਾ? ਦਰਅਸਲ, ਇਸ ਤਰ੍ਹਾਂ ਦਾ ਡਰ ਲੱਗਣਾ ਚੰਗੀ ਗੱਲ ਦੀ ਨਿਸ਼ਾਨੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਿਮਰ ਹੋ ਅਤੇ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦੇ ਹੋ। ਯਹੋਵਾਹ ਨੂੰ ਨਿਮਰਤਾ ਦਾ ਗੁਣ ਚੰਗਾ ਲੱਗਦਾ ਹੈ। (ਜ਼ਬੂ. 138:6; ਫ਼ਿਲਿ. 2:3) ਪਰ ਯਹੋਵਾਹ ਇਹ ਵੀ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਮਹਿਮਾ ਕਰੋ ਅਤੇ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿਓ। (1 ਥੱਸ. 5:11) ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਲੋੜ ਅਨੁਸਾਰ ਤੁਹਾਨੂੰ ਹੌਸਲਾ ਦੇਵੇਗਾ।
ਮੀਟਿੰਗਾਂ ਵਿਚ ਇਕ-ਦੂਜੇ ਨੂੰ ਹੌਸਲਾ ਦਿਓ
7 ਤੁਹਾਨੂੰ ਪਹਿਰਾਬੁਰਜ ਦੇ ਪੁਰਾਣੇ ਲੇਖਾਂ ਵਿਚ ਦਿੱਤੇ ਕੁਝ ਸੁਝਾਵਾਂ ਤੋਂ ਮਦਦ ਮਿਲ ਸਕਦੀ ਹੈ। ਉਦਾਹਰਣ ਲਈ, ਇਕ ਸੁਝਾਅ ਹੈ: ਚੰਗੀ ਤਰ੍ਹਾਂ ਤਿਆਰੀ ਕਰੋ। (ਕਹਾ. 21:5) ਜਿੰਨੀ ਚੰਗੀ ਤਰ੍ਹਾਂ ਤੁਸੀਂ ਜਾਣਕਾਰੀ ਤੋਂ ਵਾਕਫ਼ ਹੋਵੋਗੇ, ਤੁਹਾਡੇ ਲਈ ਜਵਾਬ ਦੇਣਾ ਉੱਨਾ ਹੀ ਸੌਖਾ ਹੋਵੇਗਾ। ਇਕ ਹੋਰ ਸੁਝਾਅ ਹੈ: ਛੋਟੇ ਜਵਾਬ ਦਿਓ। (ਕਹਾ. 15:23; 17:27) ਤੁਹਾਡਾ ਜਵਾਬ ਜਿੰਨਾ ਛੋਟਾ ਹੋਵੇਗਾ, ਤੁਹਾਡੀ ਘਬਰਾਹਟ ਉੱਨੀ ਹੀ ਘਟੇਗੀ। ਜੇ ਤੁਸੀਂ ਲੰਬਾ ਜਵਾਬ ਦਿਓਗੇ ਜਿਸ ਵਿਚ ਬਹੁਤ ਸਾਰੇ ਮੁੱਦੇ ਹੋਣਗੇ, ਤਾਂ ਭੈਣਾਂ-ਭਰਾਵਾਂ ਲਈ ਸਮਝਣਾ ਮੁਸ਼ਕਲ ਹੋ ਸਕਦਾ ਹੈ। ਪਰ ਜੇ ਤੁਹਾਡਾ ਜਵਾਬ ਛੋਟਾ ਹੋਵੇਗਾ ਜਾਂ ਸ਼ਾਇਦ ਇਕ-ਦੋ ਵਾਕਾਂ ਦਾ ਹੋਵੇਗਾ, ਤਾਂ ਭੈਣ-ਭਰਾ ਇਸ ਨੂੰ ਸੌਖਿਆਂ ਹੀ ਸਮਝ ਸਕਣਗੇ। ਇਸ ਲਈ ਆਪਣੇ ਸ਼ਬਦਾਂ ਵਿਚ ਛੋਟਾ ਜਿਹਾ ਜਵਾਬ ਦਿਓ। ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਵਧੀਆ ਤਿਆਰੀ ਕੀਤੀ ਹੈ ਅਤੇ ਤੁਹਾਨੂੰ ਜਾਣਕਾਰੀ ਦੀ ਵੀ ਚੰਗੀ ਸਮਝ ਹੈ।
ਹੀਰੇ-ਮੋਤੀ
it-1 862 ਪੈਰਾ 4
ਮਾਫ਼ੀ
ਇਸ ਤੋਂ ਇਲਾਵਾ, ਮਸੀਹੀਆਂ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਭਾਵੇਂ ਕੋਈ ਉਨ੍ਹਾਂ ਦੇ ਖ਼ਿਲਾਫ਼ ਬਹੁਤ ਵਾਰ ਅਪਰਾਧ ਕਰ ਕੇ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾਏ, ਫਿਰ ਵੀ ਉਹ ਉਸ ਨੂੰ ਮਾਫ਼ ਕਰ ਦੇਣ। (ਲੂਕਾ 17:3, 4; ਅਫ਼ 4:32; ਕੁਲੁ 3:13) ਜੇ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਤਾਂ ਪਰਮੇਸ਼ੁਰ ਵੀ ਸਾਨੂੰ ਮਾਫ਼ ਨਹੀਂ ਕਰੇਗਾ। (ਮੱਤੀ 6:14, 15) ਹੋ ਸਕਦਾ ਹੈ ਕਿ ਕਿਸੇ ਗੰਭੀਰ ਪਾਪ ਕਰਕੇ ਇਕ “ਦੁਸ਼ਟ“ ਨੂੰ ਮਸੀਹੀ ਮੰਡਲੀ ਵਿੱਚੋਂ ਕੱਢ ਦਿੱਤਾ ਜਾਵੇ, ਪਰ ਕੁਝ ਸਮੇਂ ਬਾਅਦ ਜੇ ਉਹ ਸੱਚੇ ਦਿਲੋਂ ਪਛਤਾਵਾ ਕਰਦਾ ਹੈ, ਤਾਂ ਉਸ ਨੂੰ ਮਾਫ਼ ਕੀਤਾ ਜਾਂਦਾ ਹੈ। ਉਸ ਸਮੇਂ ਮੰਡਲੀ ਦੇ ਸਾਰੇ ਭੈਣ-ਭਰਾ ਉਸ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾ ਸਕਦੇ ਹਨ। (1 ਕੁਰਿੰ 5:13; 2 ਕੁਰਿੰ 2:6-11) ਪਰ ਮਸੀਹੀਆਂ ਤੋਂ ਇੱਦਾਂ ਦੇ ਲੋਕਾਂ ਨੂੰ ਮਾਫ਼ ਕਰਨ ਦੀ ਮੰਗ ਨਹੀਂ ਕੀਤੀ ਜਾਂਦੀ ਜੋ ਦੂਜਿਆਂ ਦਾ ਬੁਰਾ ਚਾਹੁੰਦੇ ਹਨ, ਜਾਣ-ਬੁੱਝ ਕੇ ਪਾਪ ਕਰਨ ਵਿਚ ਲੱਗੇ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਆਪਣੇ ਬੁਰੇ ਕੰਮਾਂ ਦਾ ਕੋਈ ਪਛਤਾਵਾ ਨਹੀਂ ਹੁੰਦਾ। ਇੱਦਾਂ ਦੇ ਲੋਕ ਖ਼ੁਦ ਨੂੰ ਪਰਮੇਸ਼ੁਰ ਦੇ ਦੁਸ਼ਮਣ ਬਣਾ ਲੈਂਦੇ ਹਨ।—ਇਬ 10:26-31; ਜ਼ਬੂ 139:21, 22.
27 ਜਨਵਰੀ–2 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 140-143
ਪ੍ਰਾਰਥਨਾ ਅਨੁਸਾਰ ਕਦਮ ਚੁੱਕੋ
“ਬੁੱਧੀਮਾਨ ਦੀਆਂ ਗੱਲਾਂ ਸੁਣ”
13 ਸਲਾਹ ਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਸਮਝੋ। ਯਹੋਵਾਹ ਸਾਡੀ ਭਲਾਈ ਚਾਹੁੰਦਾ ਹੈ। (ਕਹਾ. 4:20-22) ਉਹ ਆਪਣੇ ਬਚਨ, ਬਾਈਬਲ ਆਧਾਰਿਤ ਪ੍ਰਕਾਸ਼ਨਾਂ ਜਾਂ ਕਿਸੇ ਸਮਝਦਾਰ ਮਸੀਹੀ ਰਾਹੀਂ ਸਲਾਹ ਦੇ ਕੇ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। ਇਬਰਾਨੀਆਂ 12:9, 10 ਵਿਚ ਕਿਹਾ ਗਿਆ ਹੈ: “ਪਰਮੇਸ਼ੁਰ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ।”
14 ਸਲਾਹ ਵੱਲ ਧਿਆਨ ਦਿਓ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ। ਬਿਨਾਂ ਸ਼ੱਕ, ਸਲਾਹ ਦੇਣ ਵਾਲੇ ਨੂੰ ਇਸ ਤਰੀਕੇ ਨਾਲ ਸਲਾਹ ਦੇਣੀ ਚਾਹੀਦੀ ਹੈ ਕਿ ਸੁਣਨ ਵਾਲਾ ਸੌਖਿਆਂ ਹੀ ਇਸ ਨੂੰ ਮੰਨ ਲਵੇ। (ਗਲਾ. 6:1) ਕਈ ਵਾਰ ਸ਼ਾਇਦ ਸਾਨੂੰ ਕਿਸੇ ਦਾ ਸਲਾਹ ਦੇਣ ਦਾ ਤਰੀਕਾ ਵਧੀਆ ਨਾ ਲੱਗੇ। ਪਰ ਉਸ ਵੇਲੇ ਚੰਗਾ ਹੋਵੇਗਾ ਕਿ ਅਸੀਂ ਸਲਾਹ ਵੱਲ ਧਿਆਨ ਦੇਈਏ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ। ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਭਾਵੇਂ ਮੈਨੂੰ ਉਸ ਦਾ ਸਲਾਹ ਦੇਣ ਦਾ ਤਰੀਕਾ ਬਿਲਕੁਲ ਵੀ ਵਧੀਆ ਨਹੀਂ ਲੱਗਾ, ਪਰ ਕੀ ਉਸ ਦੀ ਸਲਾਹ ਸਹੀ ਹੈ? ਕੀ ਮੈਂ ਉਸ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਸਲਾਹ ਮੰਨ ਸਕਦਾ ਹਾਂ?’ ਸਾਡੇ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਸੋਚੀਏ ਕਿ ਸਲਾਹ ਮੰਨਣ ਨਾਲ ਸਾਨੂੰ ਕਿੰਨਾ ਫ਼ਾਇਦਾ ਹੋਵੇਗਾ!—ਕਹਾ. 15:31.
ਭੈੜੇ ਸਮਿਆਂ ਵਿਚ “ਦਿਲ ਦੀ ਸਫ਼ਾਈ” ਰੱਖੀ ਰੱਖੋ
ਵਿਰੋਧੀਆਂ ਦੇ ਦਬਾਅ, ਪੈਸੇ-ਧੇਲੇ ਦੀ ਤੰਗੀ ਅਤੇ ਗੰਭੀਰ ਬੀਮਾਰੀ ਕਾਰਨ ਪਰਮੇਸ਼ੁਰ ਦੇ ਕੁਝ ਸੇਵਕ ਨਿਰਾਸ਼ ਹੋਏ ਹਨ। ਰਾਜਾ ਦਾਊਦ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ: “ਮੇਰਾ [ਜੀ] ਮੇਰੇ ਅੰਦਰ ਨਢਾਲ ਹੈ, ਮੇਰਾ ਦਿਲ ਮੇਰੇ ਵਿਚਕਾਰ ਵਿਆਕੁਲ ਹੈ।” (ਜ਼ਬੂ. 143:4) ਉਹ ਇਸ ਤਰ੍ਹਾਂ ਦੇ ਪਲਾਂ ਉੱਤੇ ਕਿਵੇਂ ਕਾਬੂ ਪਾ ਸਕਿਆ? ਦਾਊਦ ਨੇ ਉਨ੍ਹਾਂ ਕੰਮਾਂ ਨੂੰ ਚੇਤੇ ਕੀਤਾ ਜੋ ਪਰਮੇਸ਼ੁਰ ਨੇ ਆਪਣੇ ਸੇਵਕਾਂ ਲਈ ਕੀਤੇ ਸਨ ਅਤੇ ਉਸ ਨੂੰ ਵੀ ਕਿਵੇਂ ਛੁਟਕਾਰਾ ਦਿਵਾਇਆ ਗਿਆ ਸੀ। ਉਸ ਨੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਆਪਣੇ ਮਹਾਨ ਨਾਂ ਦੀ ਖ਼ਾਤਰ ਕੀ ਕੁਝ ਕੀਤਾ ਸੀ। ਹਾਂ, ਦਾਊਦ ਪਰਮੇਸ਼ੁਰ ਦੇ ਕੰਮਾਂ ਬਾਰੇ ਸੋਚਦਾ ਸੀ। (ਜ਼ਬੂ. 143:5) ਇਸੇ ਤਰ੍ਹਾਂ, ਅਜ਼ਮਾਇਸ਼ਾਂ ਵਿਚ ਹੁੰਦਿਆਂ ਸਾਨੂੰ ਵੀ ਮਦਦ ਮਿਲੇਗੀ ਜਦ ਅਸੀਂ ਸੋਚ-ਵਿਚਾਰ ਕਰਾਂਗੇ ਕਿ ਸਾਡੇ ਸਿਰਜਣਹਾਰ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਅਤੇ ਕਰ ਰਿਹਾ ਹੈ।
“ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰੋ ਕੀ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ?
ਕਈ ਵਾਰ ਤੁਸੀਂ ਸ਼ਾਇਦ ਦਾਊਦ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਹੇ ਯਹੋਵਾਹ, ਮੈਨੂੰ ਉੱਤਰ ਦੇਹ, ਮੇਰਾ ਆਤਮਾ [“ਬਲ,” NW] ਬੱਸ ਹੋ ਚੱਲਿਆ, ਆਪਣਾ ਮੂੰਹ ਮੈਥੋਂ ਨਾ ਲੁਕਾ।” (ਜ਼ਬੂ. 143:5-7, 10) ਹਾਰ ਨਾ ਮੰਨੋ। ਯਹੋਵਾਹ ਨੂੰ ਇਹ ਦਿਖਾਉਣ ਦਾ ਸਮਾਂ ਦਿਓ ਕਿ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ। ਰੋਜ਼ਾਨਾ ਬਾਈਬਲ ਪੜ੍ਹ ਕੇ ਅਤੇ ਪੜ੍ਹੀਆਂ ਗੱਲਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਯਹੋਵਾਹ ਦੀ ਗੱਲ ਸੁਣੋ। ਇਸ ਤਰ੍ਹਾਂ ਕਰ ਕੇ ਤੁਹਾਡੀ ਇਹ ਜਾਣਨ ਵਿਚ ਮਦਦ ਹੋਵੇਗੀ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ ਤੇ ਪੁਰਾਣੇ ਸਮੇਂ ਵਿਚ ਉਸ ਨੇ ਆਪਣੇ ਸੇਵਕਾਂ ਦੀ ਮਦਦ ਕਿਵੇਂ ਕੀਤੀ ਸੀ। ਜਦੋਂ ਤੁਸੀਂ ਯਹੋਵਾਹ ਦੀ ਗੱਲ ਸੁਣਨ ਦੇ ਫ਼ਾਇਦੇ ਦੇਖੋਗੇ, ਤਾਂ ਤੁਹਾਡੇ ਵਿਚ ਉਸ ਦਾ ਕਹਿਣਾ ਮੰਨਦੇ ਰਹਿਣ ਦਾ ਭਰੋਸਾ ਵਧੇਗਾ।
ਹੀਰੇ-ਮੋਤੀ
it-2 1151
ਸੱਪ ਦਾ ਜ਼ਹਿਰ
ਬੁਰੇ ਲੋਕਾਂ ਦੀ ਜੀਭ ਦੀ ਤੁਲਨਾ ਸੱਪ ਦੀ ਜੀਭ ਨਾਲ ਕੀਤੀ ਗਈ ਹੈ ਕਿਉਂਕਿ ਉਹ ਜੋ ਝੂਠ ਬੋਲਦੇ ਹਨ ਅਤੇ ਦੂਜਿਆਂ ਨੂੰ ਬਦਨਾਮ ਕਰਨ ਲਈ ਜੋ ਗੱਲਾਂ ਕਹਿੰਦੇ ਹਨ, ਉਹ ਸੱਪ ਦੇ ਜ਼ਹਿਰ ਵਰਗੀਆਂ ਹੁੰਦੀਆਂ ਹਨ। ਇਸ ਤਰ੍ਹਾਂ ਬੁਰੀਆਂ ਗੱਲਾਂ ਨਾਲ ਇਕ ਵਿਅਕਤੀ ਦਾ ਚੰਗਾ ਨਾਂ ਖ਼ਰਾਬ ਹੋ ਸਕਦਾ ਹੈ।—ਜ਼ਬੂ 58:3, 4; 140:3; ਰੋਮੀ 3:13; ਯਾਕੂ 3:8.
3-9 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 144-146
“ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”
ਪਾਠਕਾਂ ਵੱਲੋਂ ਸਵਾਲ
1. ਬਾਕੀ ਜ਼ਬੂਰ ʼਤੇ ਗੌਰ ਕਰੋ। ਆਇਤਾਂ 12-14 ਵਿਚ ਦੱਸੀਆਂ ਬਰਕਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਬਰਕਤਾਂ ਧਰਮੀਆਂ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ‘ਖਿੱਚ ਕੇ ਛੁਡਾਇਆ’ ਜਾਵੇਗਾ (ਆਇਤ 11)। ਆਇਤ 15 ਵਿਚ ਇਨ੍ਹਾਂ ਲੋਕਾਂ ਨੂੰ ਦੋ ਵਾਰ “ਧੰਨ” ਕਿਹਾ ਗਿਆ ਹੈ: “ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” ਇੱਥੇ ਦੁਸ਼ਟਾਂ ਦੀ ਨਹੀਂ, ਸਗੋਂ ਧਰਮੀਆਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦਾ ਜ਼ਿਕਰ 12-14 ਆਇਤਾਂ ਵਿਚ ਕੀਤਾ ਗਿਆ ਹੈ। ਆਇਤ 11 ਮੁਤਾਬਕ ਇਹ ਲੋਕ ਦੁਸ਼ਟਾਂ ਦੇ ਹੱਥੋਂ ‘ਖਿੱਚ ਕੇ ਛੁਡਾਏ’ ਜਾਣ ਲਈ ਪ੍ਰਾਰਥਨਾ ਕਰਦੇ ਹਨ ਅਤੇ ਯਹੋਵਾਹ ਉਨ੍ਹਾਂ ਨੂੰ ਛੁਡਾ ਕੇ ਬਰਕਤਾਂ ਦਿੰਦਾ ਹੈ।
2. ਇਹ ਸਮਝ ਬਾਈਬਲ ਦੀਆਂ ਹੋਰਨਾਂ ਆਇਤਾਂ ਨਾਲ ਮੇਲ ਖਾਂਦੀ ਹੈ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਨੂੰ ਬਰਕਤਾਂ ਮਿਲਣ ਦਾ ਵਾਅਦਾ ਕੀਤਾ ਗਿਆ ਹੈ। ਇਸ ਜ਼ਬੂਰ ਵਿਚ ਦਾਊਦ ਦੀ ਇਸ ਪੱਕੀ ਉਮੀਦ ਬਾਰੇ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਇਜ਼ਰਾਈਲੀਆਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾ ਕੇ ਉਨ੍ਹਾਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦੇਵੇਗਾ। (ਲੇਵੀ. 26:9, 10; ਬਿਵ. 7:13; ਜ਼ਬੂ. 128:1-6) ਮਿਸਾਲ ਲਈ, ਬਿਵਸਥਾ ਸਾਰ 28:4 ਵਿਚ ਲਿਖਿਆ ਹੈ: “ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।” ਵਾਕਈ, ਦਾਊਦ ਦੇ ਪੁੱਤਰ ਸੁਲੇਮਾਨ ਦੇ ਰਾਜ ਦੌਰਾਨ ਕੌਮ ਵਿਚ ਅਮਨ-ਚੈਨ ਤੇ ਖ਼ੁਸ਼ਹਾਲੀ ਸੀ। ਇਸ ਤੋਂ ਇਲਾਵਾ, ਸੁਲੇਮਾਨ ਦੇ ਰਾਜ ਨੇ ਮਸੀਹ ਦੇ ਆਉਣ ਵਾਲੇ ਰਾਜ ਵੱਲ ਇਸ਼ਾਰਾ ਕੀਤਾ।—1 ਰਾਜ. 4:20, 21; ਜ਼ਬੂ. 72:1-20.
ਆਪਣੀ ਉਮੀਦ ਪੱਕੀ ਰੱਖੋ
16 ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਪਰਮੇਸ਼ੁਰ ਵੱਲੋਂ ਸਾਡੇ ਲਈ ਬੇਸ਼ਕੀਮਤੀ ਤੋਹਫ਼ਾ ਹੈ। ਸਾਨੂੰ ਪੱਕਾ ਭਰੋਸਾ ਹੈ ਕਿ ਸਾਡੀ ਇਹ ਉਮੀਦ ਜ਼ਰੂਰ ਪੂਰੀ ਹੋਵੇਗੀ ਅਤੇ ਅਸੀਂ ਇਸ ਸ਼ਾਨਦਾਰ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਸਾਡੀ ਉਮੀਦ ਇਕ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ ਜੋ ਤੂਫ਼ਾਨ ਵਰਗੀਆਂ ਮੁਸ਼ਕਲਾਂ ਵਿਚ ਵੀ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਇਸ ਉਮੀਦ ਕਰਕੇ ਅਸੀਂ ਉਦੋਂ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਪਾਉਂਦੇ ਹਾਂ ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ ਅਤੇ ਇੱਥੋਂ ਤਕ ਕਿ ਸਾਡੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ। ਇਹ ਉਮੀਦ ਫ਼ੌਜੀ ਦੇ ਟੋਪ ਵਾਂਗ ਵੀ ਹੈ ਜੋ ਗ਼ਲਤ ਸੋਚਾਂ ਤੋਂ ਸਾਡੀ ਰਾਖੀ ਕਰਦੀ ਹੈ ਅਤੇ ਚੰਗੀਆਂ ਗੱਲਾਂ ʼਤੇ ਧਿਆਨ ਲਾਉਣ ਵਿਚ ਸਾਡੀ ਮਦਦ ਕਰਦੀ ਹੈ। ਬਾਈਬਲ ਵਿਚ ਦਿੱਤੀ ਉਮੀਦ ਕਰਕੇ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਂਦੇ ਹਾਂ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ! ਜਿੱਦਾਂ-ਜਿੱਦਾਂ ਅਸੀਂ ਆਪਣੀ ਇਹ ਉਮੀਦ ਪੱਕੀ ਕਰਦੇ ਜਾਂਦੇ ਹਾਂ, ਉੱਦਾਂ-ਉੱਦਾਂ ਸਾਨੂੰ ਇਸ ਦੇ ਹੋਰ ਵੀ ਜ਼ਿਆਦਾ ਫ਼ਾਇਦੇ ਹੁੰਦੇ ਹਨ।
17 ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਆਪਣੀ ਉਮੀਦ ਕਰਕੇ ਖ਼ੁਸ਼ ਰਹਿਣ’। (ਰੋਮੀ. 12:12) ਪੌਲੁਸ ਦੀ ਖ਼ੁਸ਼ੀ ਬਣੀ ਰਹੀ ਕਿਉਂਕਿ ਉਸ ਨੂੰ ਪੂਰਾ ਯਕੀਨ ਸੀ ਕਿ ਜੇ ਉਹ ਵਫ਼ਾਦਾਰ ਰਹੇਗਾ, ਤਾਂ ਉਸ ਨੂੰ ਸਵਰਗ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਅਸੀਂ ਵੀ ਆਪਣੀ ਉਮੀਦ ਕਰਕੇ ਖ਼ੁਸ਼ ਰਹਿ ਸਕਦੇ ਹਾਂ ਕਿਉਂਕਿ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਵੀ ਕਿਹਾ ਸੀ: ‘ਖ਼ੁਸ਼ ਹੈ ਉਹ ਇਨਸਾਨ ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ ਜੋ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ।’—ਜ਼ਬੂ. 146:5, 6.
ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?
19 ਸ਼ੈਤਾਨ ਦੀ ਦੁਨੀਆਂ ਵਿਚ ਇਨਸਾਨਾਂ ਨੂੰ ਦੁੱਖ ਝੱਲਦਿਆਂ ਤਕਰੀਬਨ 6,000 ਸਾਲ ਬੀਤ ਚੁੱਕੇ ਹਨ। ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਧਰਤੀ ਇਹੋ ਜਿਹੇ ਲੋਕਾਂ ਨਾਲ ਭਰੀ ਹੋਈ ਹੈ ਜੋ ਆਪਣੇ ਆਪ ਨੂੰ, ਪੈਸੇ ਅਤੇ ਮੌਜ-ਮਸਤੀ ਨੂੰ ਪਿਆਰ ਕਰਦੇ ਹਨ। ਉਨ੍ਹਾਂ ਨੂੰ ਸਿਰਫ਼ ਆਪਣੀ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਪਈ ਹੋਈ ਹੈ। ਪਰ ਇਸ ਤਰ੍ਹਾਂ ਦੇ ਲੋਕਾਂ ਕੋਲ ਸੱਚੀ ਖ਼ੁਸ਼ੀ ਨਹੀਂ ਹੈ। ਇਸ ਤੋਂ ਉਲਟ, ਬਾਈਬਲ ਕਹਿੰਦੀ ਹੈ: “ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!”—ਜ਼ਬੂ. 146:5.
20 ਯਹੋਵਾਹ ਦੇ ਸੇਵਕ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਹਰ ਸਾਲ ਬਹੁਤ ਸਾਰੇ ਲੋਕ ਉਸ ਨੂੰ ਜਾਣਨਾ ਅਤੇ ਪਿਆਰ ਕਰਨਾ ਸ਼ੁਰੂ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ ਅਤੇ ਬਹੁਤ ਜਲਦ ਸਾਡੀਆਂ ਸੋਚਾਂ ਤੋਂ ਵੀ ਪਰੇ ਪਰਮੇਸ਼ੁਰ ਸਾਨੂੰ ਬਰਕਤਾਂ ਦੇਵੇਗਾ। ਯਹੋਵਾਹ ਦੀ ਮਰਜ਼ੀ ਅਨੁਸਾਰ ਚੱਲ ਕੇ ਅਸੀਂ ਉਸ ਦਾ ਜੀ ਖ਼ੁਸ਼ ਕਰਦੇ ਹਾਂ ਅਤੇ ਇਸ ਨਾਲ ਸਾਨੂੰ ਵੀ ਸੱਚੀ ਖ਼ੁਸ਼ੀ ਮਿਲਦੀ ਹੈ। ਯਹੋਵਾਹ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਖ਼ੁਸ਼ੀਆਂ ਮਨਾਉਣਗੇ। ਅਗਲੇ ਲੇਖ ਵਿਚ ਅਸੀਂ ਸੁਆਰਥੀ ਪਿਆਰ ਕਰਕੇ ਪੈਦਾ ਹੋਣ ਵਾਲੇ ਔਗੁਣਾਂ ʼਤੇ ਗੌਰ ਕਰਾਂਗੇ। ਨਾਲੇ ਅਸੀਂ ਯਹੋਵਾਹ ਦੇ ਸੇਵਕਾਂ ਦੇ ਚੰਗੇ ਗੁਣਾਂ ʼਤੇ ਵੀ ਗੌਰ ਕਰਾਂਗੇ।
ਹੀਰੇ-ਮੋਤੀ
it-1 111 ਪੈਰਾ 9
ਜਾਨਵਰ
ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਜਾਨਵਰਾਂ ਤੇ ਜ਼ੁਲਮ ਨਾ ਕਰੀਏ, ਬਲਕਿ ਉਨ੍ਹਾਂ ਦੀ ਪਰਵਾਹ ਤੇ ਦੇਖ-ਭਾਲ ਕਰੀਏ। ਯਹੋਵਾਹ ਪਿਆਰ ਨਾਲ ਸਾਰੇ ਜੀਉਂਦੇ ਪ੍ਰਾਣੀਆਂ ਨੂੰ ਖਾਣ-ਪੀਣ ਨੂੰ ਦਿੰਦਾ ਹੈ ਅਤੇ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ। (ਕਹਾ 12:10; ਜ਼ਬੂ 145:15, 16) ਉਸ ਨੇ ਜਦੋਂ ਇਜ਼ਰਾਈਲੀਆਂ ਨੂੰ ਮੂਸਾ ਦਾ ਕਾਨੂੰਨ ਦਿੱਤਾ, ਤਾਂ ਉਸ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਪਾਲਤੂ ਜਾਨਵਰਾਂ ਦਾ ਵਧੀਆ ਖ਼ਿਆਲ ਰੱਖਣਾ ਚਾਹੀਦਾ ਹੈ। (ਕੂਚ 23:4, 5; ਬਿਵ 22:10; 25:4) ਇਸ ਤੋਂ ਇਲਾਵਾ ਸਬਤ ਦੇ ਦਿਨ ਜਾਨਵਰਾਂ ਨੂੰ ਵੀ ਆਰਾਮ ਕਰਨ ਦੇਣਾ ਚਾਹੀਦਾ ਸੀ।—ਕੂਚ 20:10; 23:12; ਬਿਵ 5:14.
10-16 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 147-150
ਯਹੋਵਾਹ ਦੀ ਮਹਿਮਾ ਕਰਨ ਦੇ ਕਈ ਕਾਰਨ
“ਯਾਹ ਦੀ ਜੈ-ਜੈਕਾਰ” ਕਿਉਂ ਕਰੀਏ?
5 ਯਹੋਵਾਹ ਨੇ ਨਾ ਸਿਰਫ਼ ਪੂਰੀ ਕੌਮ ਨੂੰ, ਸਗੋਂ ਇਕੱਲੇ-ਇਕੱਲੇ ਇਜ਼ਰਾਈਲੀ ਨੂੰ ਦਿਲਾਸਾ ਦਿੱਤਾ। ਅੱਜ ਵੀ ਯਹੋਵਾਹ ਇਕੱਲੇ-ਇਕੱਲੇ ਸੇਵਕ ਦਾ ਖ਼ਿਆਲ ਰੱਖਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਕਿ ਪਰਮੇਸ਼ੁਰ: “ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂ. 147:3) ਜਦੋਂ ਅਸੀਂ ਬੀਮਾਰ ਜਾਂ ਬਹੁਤ ਹੀ ਦੁਖੀ ਹੁੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਯਹੋਵਾਹ ਸਾਨੂੰ ਦਿਲਾਸਾ ਦੇਣ ਅਤੇ ਸਾਡੇ ਜ਼ਖ਼ਮਾਂ ʼਤੇ ਪੱਟੀ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। (ਜ਼ਬੂ. 34:18; ਯਸਾ. 57:15) ਉਹ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਸਾਨੂੰ ਤਾਕਤ ਤੇ ਬੁੱਧ ਦਿੰਦਾ ਹੈ।—ਯਾਕੂ. 1:5.
6 ਜ਼ਬੂਰਾਂ ਦੇ ਲਿਖਾਰੀ ਨੇ ਫਿਰ ਆਕਾਸ਼ ਵੱਲ ਦੇਖ ਕੇ ਕਿਹਾ ਕਿ ਯਹੋਵਾਹ “ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।” (ਜ਼ਬੂ. 147:4) ਜ਼ਬੂਰਾਂ ਦਾ ਲਿਖਾਰੀ ਤਾਰਿਆਂ ਨੂੰ ਦੇਖ ਸਕਦਾ ਸੀ, ਪਰ ਉਨ੍ਹਾਂ ਨੂੰ ਗਿਣ ਨਹੀਂ ਸੀ ਸਕਦਾ। ਅੱਜ ਵਿਗਿਆਨੀਆਂ ਨੂੰ ਪਤਾ ਹੈ ਕਿ ਸਾਡੀ ਆਕਾਸ਼-ਗੰਗਾ ਨਾਂ ਦੀ ਗਲੈਕਸੀ ਵਿਚ ਅਰਬਾਂ ਹੀ ਤਾਰੇ ਹਨ, ਪਰ ਪੂਰੇ ਬ੍ਰਹਿਮੰਡ ਵਿਚ ਅਰਬਾਂ-ਖਰਬਾਂ ਗਲੈਕਸੀਆਂ ਹਨ। ਇਨਸਾਨ ਕਦੇ ਵੀ ਤਾਰਿਆਂ ਦੀ ਗਿਣਤੀ ਨਹੀਂ ਕਰ ਸਕਦਾ, ਪਰ ਸਾਡਾ ਸ੍ਰਿਸ਼ਟੀਕਰਤਾ ਕਰ ਸਕਦਾ ਹੈ। ਉਹ ਹਰ ਤਾਰੇ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਇਕੱਲੇ-ਇਕੱਲੇ ਦਾ ਨਾਂ ਲੈ ਕੇ ਬੁਲਾਉਂਦਾ ਹੈ। (1 ਕੁਰਿੰ. 15:41) ਜੇ ਪਰਮੇਸ਼ੁਰ ਹਰੇਕ ਤਾਰੇ ਨੂੰ ਜਾਣਦਾ ਹੈ, ਤਾਂ ਕੀ ਉਹ ਸਾਨੂੰ ਨਹੀਂ ਜਾਣਦਾ ਹੋਵੇਗਾ? ਉਸ ਨੂੰ ਸਾਡੀ ਇਕ-ਇਕ ਗੱਲ ਪਤਾ ਹੈ, ਜਿਵੇਂ ਕਿ ਅਸੀਂ ਕਿੱਥੇ ਹਾਂ, ਸਾਡੇ ਉੱਤੇ ਕੀ ਬੀਤ ਰਹੀ ਹੈ ਅਤੇ ਸਾਨੂੰ ਕਿਸ ਚੀਜ਼ ਦੀ ਲੋੜ ਹੈ।
“ਯਾਹ ਦੀ ਜੈ-ਜੈਕਾਰ” ਕਿਉਂ ਕਰੀਏ?
7 ਯਹੋਵਾਹ ਨੂੰ ਪਤਾ ਹੈ ਕਿ ਸਾਡੇ ʼਤੇ ਕੀ ਬੀਤ ਰਹੀ ਹੈ। ਸਾਨੂੰ ਮੁਸ਼ਕਲਾਂ ਵਿੱਚੋਂ ਕੱਢਣ ਲਈ ਉਸ ਕੋਲ ਅਸੀਮ ਤਾਕਤ ਹੈ। (ਜ਼ਬੂਰਾਂ ਦੀ ਪੋਥੀ 147:5 ਪੜ੍ਹੋ।) ਸ਼ਾਇਦ ਸਾਨੂੰ ਲੱਗੇ ਕਿ ਸਾਡੇ ਹਾਲਾਤ ਬਹੁਤ ਔਖੇ ਹਨ ਅਤੇ ਸਾਡੇ ਸਹਿਣ ਤੋਂ ਬਾਹਰ ਹਨ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਕਿੰਨਾ ਸਹਿ ਸਕਦੇ ਹਾਂ ਅਤੇ “ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂ. 103:14) ਪਾਪੀ ਹੋਣ ਕਰਕੇ ਅਸੀਂ ਵਾਰ-ਵਾਰ ਉਹੀ ਗ਼ਲਤੀਆਂ ਕਰਦੇ ਰਹਿੰਦੇ ਹਾਂ। ਸ਼ਾਇਦ ਇਸ ਕਰਕੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਸਾਨੂੰ ਉਦੋਂ ਕਿੰਨਾ ਪਛਤਾਵਾ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਕੁਝ ਗ਼ਲਤ ਕਹਿ ਦਿੰਦੇ ਹਾਂ, ਸਾਡੇ ਮਨ ਵਿਚ ਕਦੀ-ਕਦੀ ਗ਼ਲਤ ਖ਼ਿਆਲ ਆ ਜਾਂਦੇ ਹਨ ਜਾਂ ਅਸੀਂ ਕਿਸੇ ਤੋਂ ਈਰਖਾ ਕਰਦੇ ਹਾਂ। ਭਾਵੇਂ ਯਹੋਵਾਹ ਵਿਚ ਇੱਦਾਂ ਦੀ ਕੋਈ ਵੀ ਕਮੀ ਨਹੀਂ, ਪਰ ਉਹ ਫਿਰ ਵੀ ਸਾਡੇ ਦਿਲ ਦੀ ਹਾਲਤ ਜਾਣਦਾ ਹੈ ਕਿ ਸਾਡੇ ਉੱਤੇ ਕੀ ਬੀਤ ਰਹੀ ਹੈ।—ਯਸਾ. 40:28.
“ਯਾਹ ਦੀ ਜੈ-ਜੈਕਾਰ” ਕਿਉਂ ਕਰੀਏ?
18 ਜ਼ਬੂਰਾਂ ਦਾ ਲਿਖਾਰੀ ਜਾਣਦਾ ਸੀ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਆਪਣੇ ਲੋਕਾਂ ਵਜੋਂ ਚੁਣਿਆ ਸੀ। ਸਿਰਫ਼ ਇਸ ਕੌਮ ਕੋਲ ਪਰਮੇਸ਼ੁਰ ਦੇ “ਹੁਕਮ” ਅਤੇ ਉਸ ਦੀਆਂ “ਬਿਧੀਆਂ” ਸਨ। (ਜ਼ਬੂਰਾਂ ਦੀ ਪੋਥੀ 147:19, 20 ਪੜ੍ਹੋ।) ਅੱਜ ਸਾਡੇ ਲਈ ਪਰਮੇਸ਼ੁਰ ਦੇ ਨਾਂ ਤੋਂ ਪਛਾਣੇ ਜਾਣਾ ਇਕ ਸਨਮਾਨ ਦੀ ਗੱਲ ਹੈ। ਅਸੀਂ ਪਰਮੇਸ਼ੁਰ ਦੇ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ, ਸੇਧ ਲਈ ਸਾਡੇ ਕੋਲ ਉਸ ਦਾ ਬਚਨ ਹੈ ਅਤੇ ਸਾਡਾ ਉਸ ਨਾਲ ਕਰੀਬੀ ਰਿਸ਼ਤਾ ਹੈ। 147ਵੇਂ ਜ਼ਬੂਰ ਦੇ ਲਿਖਾਰੀ ਵਾਂਗ ਸਾਡੇ ਕੋਲ ਵੀ “ਯਾਹ ਦੀ ਜੈ-ਜੈਕਾਰ” ਕਰਨ ਦੇ ਅਤੇ ਦੂਸਰਿਆਂ ਨੂੰ ਇਸ ਤਰ੍ਹਾਂ ਕਰਨ ਲਈ ਉਤਸ਼ਾਹਿਤ ਕਰਨ ਦੇ ਬਹੁਤ ਸਾਰੇ ਕਾਰਨ ਹਨ।
ਹੀਰੇ-ਮੋਤੀ
it-1 316
ਪੰਛੀ
ਕਿਸ ਤਰੀਕੇ ਨਾਲ ਪੰਛੀ ਯਹੋਵਾਹ ਦੀ ਤਾਰੀਫ਼ ਕਰਦੇ ਹਨ? (ਜ਼ਬੂ 148:1, 10) ਪੰਛੀਆਂ ਦੀ ਬਣਾਵਟ ਬਹੁਤ ਗੁੰਝਲਦਾਰ ਹੈ। ਉਨ੍ਹਾਂ ਦੇ ਖੰਭ ਅਲੱਗ-ਅਲੱਗ ਜੋੜਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਦੀ ਰਚਨਾ ਬਹੁਤ ਹੀ ਬਾਰੀਕ ਤੇ ਪੇਚੀਦਾ ਹੁੰਦੀ ਹੈ। ਉਨ੍ਹਾਂ ਦੀਆਂ ਹੱਡੀਆਂ ਖੋਖਲੀਆਂ ਹੁੰਦੀਆਂ ਹਨ ਜਿਸ ਕਰਕੇ ਇਹ ਬਹੁਤ ਹਲਕੇ ਹੁੰਦੇ ਹਨ ਅਤੇ ਜ਼ਿਆਦਾ ਤਾਕਤ ਲਗਾਏ ਬਿਨਾਂ ਜਿੱਦਾਂ ਚਾਹੁਣ ਉੱਡ ਸਕਦੇ ਹਨ। ਇਸ ਲਈ ਇਹ ਨਵੇਂ ਬਣਾਏ ਜਾਂਦੇ ਹਵਾਈ-ਜਹਾਜ਼ਾਂ ਨੂੰ ਵੀ ਪਿੱਛੇ ਛੱਡ ਦਿੰਦੇ ਹਨ। ਪੰਛੀਆਂ ਦੀ ਲਾਜਵਾਬ ਬਣਾਵਟ ਤੋਂ ਅਸੀਂ ਸਮਝ ਪਾਉਂਦੇ ਹਾਂ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਯਹੋਵਾਹ ਪਰਮੇਸ਼ੁਰ ਕਿੰਨਾ ਮਹਾਨ ਹੈ ਅਤੇ ਅਸੀਂ ਉਸ ਦੀ ਮਹਿਮਾ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ।
17-23 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 1
ਨੌਜਵਾਨੋ—ਤੁਸੀਂ ਕਿਸ ਦੀ ਸੁਣੋਗੇ?
ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ
16 ਨੌਜਵਾਨੋ, ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਤੁਹਾਨੂੰ ਨਹੀਂ ਸਮਝਦੇ ਜਾਂ ਤੁਹਾਡੇ ʼਤੇ ਬਹੁਤ ਪਾਬੰਦੀਆਂ ਲਾਉਂਦੇ ਹਨ? ਸ਼ਾਇਦ ਇਸ ਕਰਕੇ ਤੁਸੀਂ ਇੰਨੇ ਪਰੇਸ਼ਾਨ ਹੋ ਜਾਵੋ ਕਿ ਯਹੋਵਾਹ ਦੀ ਸੇਵਾ ਕਰਨ ਨੂੰ ਤੁਹਾਡਾ ਦਿਲ ਹੀ ਨਾ ਕਰੇ। ਪਰ ਜੇ ਤੁਸੀਂ ਯਹੋਵਾਹ ਨੂੰ ਛੱਡ ਵੀ ਦਿੰਦੇ ਹੋ, ਤਾਂ ਇਹ ਗੱਲ ਅਜ਼ਮਾ ਕੇ ਦੇਖ ਲਵੋ ਕਿ ਦੁਨੀਆਂ ਵਿਚ ਤੁਹਾਨੂੰ ਉਹ ਪਿਆਰ ਨਹੀਂ ਮਿਲਣਾ ਜੋ ਤੁਹਾਨੂੰ ਆਪਣੇ ਮਸੀਹੀ ਮਾਪਿਆਂ ਅਤੇ ਮੰਡਲੀ ਤੋਂ ਮਿਲਦਾ ਹੈ।
17 ਜ਼ਰਾ ਸੋਚੋ, ਜੇ ਤੁਹਾਡੇ ਮਾਪੇ ਤੁਹਾਨੂੰ ਅਨੁਸ਼ਾਸਨ ਨਾ ਦੇਣ, ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਤੁਹਾਡੀ ਪਰਵਾਹ ਕਰਦੇ ਹਨ? (ਇਬ. 12:8) ਸ਼ਾਇਦ ਤੁਹਾਨੂੰ ਉਨ੍ਹਾਂ ਦੇ ਅਨੁਸ਼ਾਸਨ ਦੇਣ ਦੇ ਤਰੀਕੇ ʼਤੇ ਗੁੱਸਾ ਆਵੇ। ਪਰ ਆਪਣਾ ਧਿਆਨ ਅਨੁਸ਼ਾਸਨ ਦੇਣ ਦੇ ਤਰੀਕੇ ʼਤੇ ਨਾ ਲਾਓ। ਇਸ ਦੀ ਬਜਾਇ, ਉਹ ਜੋ ਵੀ ਕਹਿੰਦੇ ਜਾਂ ਕਰਦੇ ਹਨ ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਸ਼ਾਂਤ ਰਹੋ ਅਤੇ ਛੇਤੀ ਗੁੱਸੇ ਨਾ ਹੋਵੋ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।” (ਕਹਾ. 17:27) ਸਮਝਦਾਰ ਇਨਸਾਨ ਬਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਕਿਉਂ ਨਾ ਦਿੱਤਾ ਜਾਵੇ। (ਕਹਾ. 1:8) ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਮਾਪੇ ਤੁਹਾਡੇ ਲਈ ਸੱਚ-ਮੁੱਚ ਇਕ ਬਰਕਤ ਹਨ। ਉਹ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੋ।
ਯਾਦ ਰੱਖੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ
11 ਲੋਕਾਂ ਨੂੰ ਨਹੀਂ, ਪਰ ਪਰਮੇਸ਼ੁਰ ਨੂੰ ਖ਼ੁਸ਼ ਕਰੋ। ਅਸੀਂ ਜਿਨ੍ਹਾਂ ਲੋਕਾਂ ਨਾਲ ਆਉਣੀ-ਜਾਣੀ ਉੱਠਣੀ-ਬੈਠਣੀ ਰੱਖਦੇ ਹਾਂ, ਉਨ੍ਹਾਂ ਤੋਂ ਪਤਾ ਲੱਗਦਾ ਕਿ ਅਸੀਂ ਕੌਣ ਹਾਂ। ਸਾਡੇ ਵਿੱਚੋਂ ਹਰੇਕ ਜਣੇ ਨੂੰ ਦੋਸਤਾਂ ਦੀ ਲੋੜ ਹੈ ਅਤੇ ਜਦ ਸਾਡੇ ਨਾਲ ਕੋਈ ਦੋਸਤੀ ਕਰਦਾ ਹੈ, ਤਾਂ ਸਾਡਾ ਦਿਲ ਖ਼ੁਸ਼ ਹੁੰਦਾ ਹੈ। ਹਾਣੀਆਂ ਦਾ ਦਬਾਅ ਸਾਡੇ ਸਾਰਿਆਂ ਤੇ ਕਾਫ਼ੀ ਅਸਰ ਪਾਉਂਦਾ ਹੈ, ਪਰ ਅੱਲ੍ਹੜ ਮਨਾਂ ਤੇ ਇਸ ਦਾ ਕੁਝ ਜ਼ਿਆਦਾ ਹੀ ਪ੍ਰਭਾਵ ਪੈਂਦਾ ਹੈ। ਨੌਜਵਾਨ ਅਕਸਰ ਆਪਣੇ ਸਾਥੀਆਂ ਦੀ ਨਕਲ ਕਰ ਕੇ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਪਰ ਸਾਡੇ ਸਾਥੀ ਜਾਂ ਹਾਣੀ ਹਮੇਸ਼ਾ ਸਾਡੀ ਭਲਾਈ ਬਾਰੇ ਨਹੀਂ ਸੋਚਦੇ। ਕਈ ਵਾਰ ਉਹ ਭੈੜੀ ਚਾਲ ਚਲਣ ਵਿਚ ਸਿਰਫ਼ ਸਾਡਾ ਸਾਥ ਹੀ ਚਾਹੁੰਦੇ ਹਨ। (ਕਹਾਉਤਾਂ 1:11-19) ਜਦ ਕੋਈ ਗ਼ਲਤ ਕੰਮ ਕਰਨ ਲੱਗਦਾ ਹੈ, ਤਾਂ ਉਹ ਇਹ ਨਹੀਂ ਚਾਹੁੰਦਾ ਕਿ ਕੋਈ ਜਾਣੇ ਉਹ ਯਿਸੂ ਦਾ ਚੇਲਾ ਹੈ। (ਜ਼ਬੂਰਾਂ ਦੀ ਪੋਥੀ 26:4) ਪੌਲੁਸ ਰਸੂਲ ਨੇ ਇਹ ਚੇਤਾਵਨੀ ਦਿੱਤੀ: “ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ।” (ਰੋਮੀਆਂ 12:2, ਈਜ਼ੀ ਟੂ ਰੀਡ ਵਰਯਨ) ਤਾਂ ਫਿਰ ਅਸੀਂ ਭੈੜੇ ਦਬਾਅ ਹੇਠ ਆਉਣ ਤੋਂ ਕਿਵੇਂ ਬਚ ਸਕਦੇ ਹਾਂ? ਯਹੋਵਾਹ ਸਾਡਾ ਪਰਮੇਸ਼ੁਰ ਸਾਡੀ ਮਦਦ ਕਰਦਾ ਹੈ।—ਇਬਰਾਨੀਆਂ 13:6.
12 ਜਦ ਸਾਡੇ ਤੇ ਆਪਣੀ ਨਿਹਚਾ ਦਾ ਸਮਝੌਤਾ ਕਰਨ ਦਾ ਦਬਾਅ ਆਉਂਦਾ ਹੈ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੂੰ ਵਫ਼ਾਦਾਰ ਰਹਿਣਾ ਲੋਕਾਂ ਨੂੰ ਖ਼ੁਸ਼ ਕਰਨ ਤੋਂ ਜ਼ਿਆਦਾ ਜ਼ਰੂਰੀ ਹੈ। ਭਾਵੇਂ ਸਾਰੀ ਦੁਨੀਆਂ ਇਕ ਪਾਸੇ ਜਾ ਰਹੀ ਹੋਵੇ, ਪਰ ਸਾਨੂੰ ਪਰਮੇਸ਼ੁਰ ਦੇ ਸਹੀ ਰਾਹ ਤੇ ਤੁਰਦੇ ਰਹਿਣਾ ਚਾਹੀਦਾ ਹੈ। ਕੂਚ 23:2 ਵਿਚ ਸਾਨੂੰ ਇਕ ਬਹੁਤ ਹੀ ਵਧੀਆ ਸਲਾਹ ਮਿਲਦੀ ਹੈ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” ਕਾਲੇਬ ਦੀ ਮਿਸਾਲ ਤੇ ਗੌਰ ਕਰੋ। ਜਦ ਜ਼ਿਆਦਾਤਰ ਇਸਰਾਏਲੀ ਯਹੋਵਾਹ ਦੇ ਵਾਅਦਿਆਂ ਉੱਤੇ ਸ਼ੱਕ ਕਰਨ ਲੱਗੇ, ਤਾਂ ਕਾਲੇਬ ਉਨ੍ਹਾਂ ਮਗਰ ਨਹੀਂ ਲੱਗਿਆ। ਉਸ ਨੂੰ ਯਹੋਵਾਹ ਤੇ ਪੂਰਾ ਭਰੋਸਾ ਸੀ ਅਤੇ ਇਸ ਲਈ ਉਸ ਨੂੰ ਬਰਕਤਾਂ ਮਿਲੀਆਂ ਸਨ। (ਗਿਣਤੀ 13:30; ਯਹੋਸ਼ੁਆ 14:6-11) ਕੀ ਤੁਸੀਂ ਵੀ ਯਹੋਵਾਹ ਨਾਲ ਆਪਣੀ ਦੋਸਤੀ ਦੀ ਰਾਖੀ ਕਰਦੇ ਹੋ? ਕੀ ਤੁਸੀਂ ਬਹੁਤਿਆਂ ਦੇ ਮਗਰ ਲੱਗਣ ਤੋਂ ਬਚਦੇ ਹੋ?
ਹੀਰੇ-ਮੋਤੀ
it-1 846
ਮੂਰਖ
ਬਾਈਬਲ ਵਿਚ ਹਮੇਸ਼ਾ “ਮੂਰਖ” ਦਾ ਮਤਲਬ ਇੱਦਾਂ ਦਾ ਇਨਸਾਨ ਨਹੀਂ ਹੈ ਜਿਸ ਨੂੰ ਅਕਲ ਨਹੀਂ ਹੈ। ਆਮ ਤੌਰ ਤੇ ਇਹ ਸ਼ਬਦ ਇੱਦਾਂ ਦੇ ਲੋਕਾਂ ਲਈ ਵਰਤਿਆ ਗਿਆ ਹੈ ਜੋ ਨਾ ਤਾਂ ਯਹੋਵਾਹ ਦੇ ਮਿਆਰਾਂ ʼਤੇ ਸੋਚ-ਵਿਚਾਰ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਮੁਤਾਬਕ ਜ਼ਿੰਦਗੀ ਜੀਉਂਦੇ ਹਨ। ਬਾਈਬਲ ਵਿਚ ਅਜਿਹੇ ਲੋਕਾਂ ਲਈ ਅਲੱਗ-ਅਲੱਗ ਇਬਰਾਨੀ ਅਤੇ ਯੂਨਾਨੀ ਸ਼ਬਦ ਇਸਤੇਮਾਲ ਕੀਤੇ ਗਏ ਹਨ।—ਕਹਾ 1:22; 12:15; 17:7; 13:1; ਲੂਕਾ 12:20; ਗਲਾ 3:1; ਮੱਤੀ 23:17; 25:2.
24 ਫਰਵਰੀ–2 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 2
ਤੁਹਾਨੂੰ ਦਿਲ ਲਾ ਕੇ ਨਿੱਜੀ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ’
16 ਸ਼ਾਇਦ ਸਾਨੂੰ ਸਾਰਿਆਂ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਪਸੰਦ ਨਾ ਹੋਵੇ। ਪਰ ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਸੱਚਾਈ ਦੀ “ਭਾਲ” ਕਰਦੇ ਰਹੀਏ ਤਾਂਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ। (ਕਹਾਉਤਾਂ 2:4-6 ਪੜ੍ਹੋ।) ਜਦੋਂ ਅਸੀਂ ਇਸ ਤਰ੍ਹਾਂ ਕਰਨ ਵਿਚ ਮਿਹਨਤ ਕਰਦੇ ਹਾਂ, ਤਾਂ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਭਰਾ ਕੌਰੀ ਦੱਸਦਾ ਹੈ ਕਿ ਉਹ ਬਾਈਬਲ ਪੜ੍ਹਦੇ ਵੇਲੇ ਇਕ ਸਮੇਂ ʼਤੇ ਸਿਰਫ਼ ਇਕ ਆਇਤ ʼਤੇ ਧਿਆਨ ਦਿੰਦਾ ਹੈ। ਉਹ ਕਹਿੰਦਾ ਹੈ: “ਮੈਂ ਹਰ ਆਇਤ ਨਾਲ ਜੁੜਿਆ ਫੁਟਨੋਟ ਤੇ ਉਸ ਆਇਤ ਨਾਲ ਸੰਬੰਧਿਤ ਹੋਰ ਆਇਤਾਂ ਦੇਖਦਾ ਹਾਂ ਅਤੇ ਉਸ ਬਾਰੇ ਹੋਰ ਖੋਜਬੀਨ ਕਰਦਾ ਹਾਂ। ਇਸ ਤਰੀਕੇ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਸਿੱਖ ਪਾਉਂਦਾ ਹਾਂ।” ਜਦੋਂ ਅਸੀਂ ਇਸ ਤਰੀਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਅਧਿਐਨ ਕਰਨ ਵਿਚ ਆਪਣਾ ਸਮਾਂ ਲਾਉਂਦੇ ਹਾਂ ਅਤੇ ਮਿਹਨਤ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਸੱਚਾਈ ਦੀ ਕਿੰਨੀ ਕਦਰ ਹੈ।—ਜ਼ਬੂ. 1:1-3.
ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ
3 ਬੁੱਧ ਤੋਂ ਕੰਮ ਲੈਣ ਦਾ ਮਤਲਬ ਹੈ ਗਿਆਨ ਤੇ ਸਮਝ ਨੂੰ ਵਰਤ ਕੇ ਸਹੀ ਫ਼ੈਸਲੇ ਕਰਨੇ। ਪਰ ਸੱਚੀ ਬੁੱਧ ਹਾਸਲ ਕਰਨ ਲਈ ਸਾਨੂੰ ਹੋਰ ਵੀ ਕੁਝ ਕਰਨ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ ਅਤੇ ਅੱਤ ਪਵਿੱਤਰ ਪਰਮੇਸ਼ੁਰ ਦਾ ਗਿਆਨ ਹੀ ਸਮਝ ਹੈ।” (ਕਹਾ. 9:10) ਇਸ ਲਈ ਸਾਨੂੰ ਜਦੋਂ ਵੀ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਉਸ ਬਾਰੇ ਯਹੋਵਾਹ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯਾਨੀ ‘ਅੱਤ ਪਵਿੱਤਰ ਪਰਮੇਸ਼ੁਰ ਦੇ ਗਿਆਨ’ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰ ਕੇ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੱਚੀ ਬੁੱਧ ਤੋਂ ਕੰਮ ਲੈ ਰਹੇ ਹਾਂ।—ਕਹਾ. 2:5-7.
4 ਸਿਰਫ਼ ਯਹੋਵਾਹ ਹੀ ਸਾਨੂੰ ਸੱਚੀ ਬੁੱਧ ਦੇ ਸਕਦਾ ਹੈ। (ਰੋਮੀ. 16:27) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਸ ਦੇ ਤਿੰਨ ਕਾਰਨਾਂ ʼਤੇ ਧਿਆਨ ਦਿਓ: ਪਹਿਲਾ, ਉਹ ਸ੍ਰਿਸ਼ਟੀਕਰਤਾ ਹੈ, ਇਸ ਲਈ ਉਹ ਆਪਣੀ ਸ੍ਰਿਸ਼ਟੀ ਬਾਰੇ ਹਰ ਗੱਲ ਜਾਣਦਾ ਹੈ। (ਜ਼ਬੂ. 104:24) ਦੂਜਾ, ਯਹੋਵਾਹ ਦੇ ਕੰਮਾਂ ਤੋਂ ਉਸ ਦੀ ਬੁੱਧ ਝਲਕਦੀ ਹੈ। (ਰੋਮੀ. 11:33) ਤੀਜਾ, ਯਹੋਵਾਹ ਦੀਆਂ ਬੁੱਧ ਦੀਆਂ ਗੱਲਾਂ ʼਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। (ਕਹਾ. 2:10-12) ਜੇ ਅਸੀਂ ਸੱਚੀ ਬੁੱਧ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਤਿੰਨ ਸੱਚਾਈਆਂ ਨੂੰ ਸਵੀਕਾਰ ਕਰੀਏ ਅਤੇ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਜਾਂ ਕੰਮ ਕਰੀਏ।
ਨੌਜਵਾਨੋ, ਆਪਣੀ ਨਿਹਚਾ ਮਜ਼ਬੂਤ ਕਰੋ
2 ਸ਼ਾਇਦ ਤੁਸੀਂ ਯਹੋਵਾਹ ਦੇ ਨੌਜਵਾਨ ਸੇਵਕ ਹੋ ਜਾਂ ਸ਼ਾਇਦ ਤੁਸੀਂ ਉਸ ਬਾਰੇ ਸਿੱਖ ਰਹੇ ਹੋ? ਕੀ ਤੁਹਾਡੇ ਉੱਤੇ ਉਹ ਗੱਲਾਂ ਮੰਨਣ ਦਾ ਦਬਾਅ ਹੈ ਜੋ ਬਾਕੀ ਸਾਰੇ ਮੰਨਦੇ ਹਨ, ਜਿਵੇਂ ਕਿ ਇਕ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨ ਦੀ ਬਜਾਇ ਵਿਕਾਸਵਾਦ ਨੂੰ ਮੰਨਣਾ? ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਤੁਸੀਂ ਆਪਣੀ ਨਿਹਚਾ ਮਜ਼ਬੂਤ ਕਰਨ ਅਤੇ ਇਸ ਨੂੰ ਮਜ਼ਬੂਤ ਬਣਾਈ ਰੱਖਣ ਲਈ ਕੀ ਕਰ ਸਕਦੇ ਹੋ? ਇਕ ਗੱਲ ਹੈ, ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਇਸਤੇਮਾਲ ਕਰੋ ਜੋ ਤੁਹਾਡੀ “ਪਾਲਨਾ ਕਰੇਗੀ।” ਇਹ ਤੁਹਾਡੀ ਝੂਠੀਆਂ ਗੱਲਾਂ ਨਾ ਮੰਨਣ ਅਤੇ ਯਹੋਵਾਹ ਉੱਤੇ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰੇਗੀ।—ਕਹਾਉਤਾਂ 2:10-12 ਪੜ੍ਹੋ।
3 ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਹੀ ਨਿਹਚਾ ਮਜ਼ਬੂਤ ਹੁੰਦੀ ਹੈ। (1 ਤਿਮੋ. 2:4) ਇਸ ਲਈ ਪਰਮੇਸ਼ੁਰ ਦੇ ਬਚਨ ਅਤੇ ਮਸੀਹੀ ਪ੍ਰਕਾਸ਼ਨਾਂ ਦੀ ਸਟੱਡੀ ਉੱਪਰੋਂ-ਉੱਪਰੋਂ ਨਾ ਕਰੋ। ਇਸ ਦੀ ਬਜਾਇ, ਪੜ੍ਹੀਆਂ ਗੱਲਾਂ ਦਾ ‘ਮਤਲਬ ਸਮਝਣ’ ਲਈ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਇਸਤੇਮਾਲ ਕਰੋ। (ਮੱਤੀ 13:23) ਆਓ ਆਪਾਂ ਦੇਖੀਏ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਸ੍ਰਿਸ਼ਟੀਕਰਤਾ ਅਤੇ ਬਾਈਬਲ ਉੱਤੇ ਆਪਣੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਬਾਰੇ ਬਹੁਤ ਸਾਰੇ “ਸਬੂਤ” ਹਨ।—ਇਬ. 11:1.
ਹੀਰੇ-ਮੋਤੀ
it-1 1211 ਪੈਰਾ 4
ਖਰਿਆਈ
ਜੇ ਅਸੀਂ ਖਰਿਆਈ ਬਣਾਈ ਰੱਖਣੀ ਚਾਹੁੰਦੇ ਹਾਂ ਯਾਨੀ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰਨਾ ਤੇ ਉਸ ਦੀ ਭਗਤੀ ਕਰਨਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਉਸ ʼਤੇ ਪੱਕੀ ਨਿਹਚਾ ਅਤੇ ਭਰੋਸਾ ਰੱਖੀਏ ਕਿ ਉਹ ਸਾਨੂੰ ਬਚਾ ਸਕਦਾ ਹੈ। (ਜ਼ਬੂ 25:21) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਨਿਰਦੋਸ਼ ਜਾਂ ਖਰੀ ਚਾਲ ਚੱਲਣ ਵਾਲਿਆਂ ਲਈ “ਢਾਲ” ਅਤੇ “ਪੱਕਾ ਕਿਲਾ” ਹੈ। (ਕਹਾ 2:6-8; 10:29; ਜ਼ਬੂ 41:12) ਉਹ ਯਹੋਵਾਹ ਦੀ ਮਨਜ਼ੂਰੀ ਪਾਉਣ ਲਈ ਹਮੇਸ਼ਾ ਪੂਰੀ ਵਾਹ ਲਾਉਂਦੇ ਹਨ। ਇਸ ਲਈ ਉਹ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਤੇ ਇਸ ਕਰਕੇ ਉਹ ਬਿਨਾਂ ਡਗਮਗਾਏ ਇਸ ਰਾਹ ʼਤੇ ਚੱਲਦੇ ਰਹਿੰਦੇ ਹਨ। (ਜ਼ਬੂ 26:1-3; ਕਹਾ 11:5; 28:18) ਭਾਵੇਂ ਉਹ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਜਾਂ ਭਾਵੇਂ ਉਨ੍ਹਾਂ ਦੀ ਮੌਤ ਹੋ ਜਾਵੇ, ਫਿਰ ਵੀ ਯਹੋਵਾਹ ਇਹ ਨਹੀਂ ਭੁੱਲਦਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੀ-ਕੁਝ ਕੀਤਾ ਹੈ ਅਤੇ ਉਹ ਉਨ੍ਹਾਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ।—ਅੱਯੂ 9:20-22; ਜ਼ਬੂ 37:18, 19, 37; 84:11; ਕਹਾ 28:10.