ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr25 ਮਾਰਚ ਸਫ਼ੇ 1-13
  • “ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ” ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ” ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2025
  • ਸਿਰਲੇਖ
  • 3-9 ਮਾਰਚ
  • 10-16 ਮਾਰਚ
  • 17-23 ਮਾਰਚ
  • 24-30 ਮਾਰਚ
  • 31 ਮਾਰਚ–6 ਅਪ੍ਰੈਲ
  • 7-13 ਅਪ੍ਰੈਲ
  • 14-20 ਅਪ੍ਰੈਲ
  • 21-27 ਅਪ੍ਰੈਲ
  • 28 ਅਪ੍ਰੈਲ–4 ਮਈ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2025
mwbr25 ਮਾਰਚ ਸਫ਼ੇ 1-13

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

©2024 Watch Tower Bible and Tract Society of Pennsylvania

3-9 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 3

ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ

ijwbv 14 ਪੈਰੇ 4-5

ਕਹਾਉਤਾਂ 3:5, 6​—“ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ”

“ਆਪਣੇ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖ।” ਪਰਮੇਸ਼ੁਰ ਦੀ ਇੱਛਾ ਮੁਤਾਬਕ ਕੰਮ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ʼਤੇ ਭਰੋਸਾ ਰੱਖਦੇ ਹਾਂ। ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਜਦੋਂ ਬਾਈਬਲ ਵਿਚ ਦਿਲ ਦਾ ਜ਼ਿਕਰ ਆਉਂਦਾ ਹੈ, ਤਾਂ ਇਹ ਅਕਸਰ ਸਾਡੇ ਅੰਦਰਲੇ ਇਨਸਾਨ ਨੂੰ ਦਰਸਾਉਂਦਾ ਹੈ। ਇਸ ਵਿਚ ਸਾਡੀਆਂ ਭਾਵਨਾਵਾਂ, ਸੋਚਾਂ ਤੇ ਰਵੱਈਆ ਸ਼ਾਮਲ ਹੁੰਦਾ ਹੈ। ਇਸ ਲਈ ਪੂਰੇ ਦਿਲ ਨਾਲ ਪਰਮੇਸ਼ੁਰ ʼਤੇ ਭਰੋਸਾ ਰੱਖਣ ਵਿਚ ਸਿਰਫ਼ ਸਾਡੀਆਂ ਭਾਵਨਾਵਾਂ ਹੀ ਸ਼ਾਮਲ ਨਹੀਂ ਹੁੰਦੀਆਂ। ਅਸੀਂ ਉਸ ʼਤੇ ਭਰੋਸਾ ਰੱਖਣ ਦਾ ਫ਼ੈਸਲਾ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਸਾਡਾ ਸਿਰਜਣਹਾਰ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ।​—ਰੋਮੀਆਂ 12:1.

“ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ।” ਸਾਨੂੰ ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਲੋੜ ਹੈ ਕਿਉਂਕਿ ਪਾਪੀ ਹੋਣ ਕਰਕੇ ਅਸੀਂ ਆਪਣੇ ʼਤੇ ਭਰੋਸਾ ਨਹੀਂ ਰੱਖ ਸਕਦੇ। ਜੇ ਅਸੀਂ ਸਿਰਫ਼ ਆਪਣੇ ਆਪ ʼਤੇ ਭਰੋਸਾ ਰੱਖਦੇ ਹਾਂ ਜਾਂ ਭਾਵਨਾਵਾਂ ਵਿਚ ਵਹਿ ਕੇ ਕੋਈ ਫ਼ੈਸਲਾ ਕਰਦੇ ਹਾਂ, ਤਾਂ ਸ਼ਾਇਦ ਪਹਿਲਾਂ-ਪਹਿਲ ਸਾਨੂੰ ਆਪਣੇ ਫ਼ੈਸਲੇ ਵਧੀਆ ਲੱਗਣ, ਪਰ ਅਖ਼ੀਰ ਇਸ ਦੇ ਬੁਰੇ ਨਤੀਜੇ ਨਿਕਲਦੇ ਹਨ। (ਕਹਾਉਤਾਂ 14:12; ਯਿਰਮਿਯਾਹ 17:9) ਪਰਮੇਸ਼ੁਰ ਦੀ ਬੁੱਧ ਸਾਡੇ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ। (ਯਸਾਯਾਹ 55:8, 9) ਜੇ ਅਸੀਂ ਉਸ ਦੀ ਸੋਚ ਅਨੁਸਾਰ ਚੱਲਾਂਗੇ, ਤਾਂ ਅਸੀਂ ਸਫ਼ਲ ਹੋਵਾਂਗੇ।​—ਜ਼ਬੂਰ 1:1-3; ਕਹਾਉਤਾਂ 2:6-9; 16:20.

ijwbv 14 ਪੈਰੇ 6-7

ਕਹਾਉਤਾਂ 3:5, 6​—“ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ”

“ਆਪਣੇ ਸਾਰੇ ਰਾਹਾਂ ਵਿਚ ਉਸ ਨੂੰ ਧਿਆਨ ਵਿਚ ਰੱਖ।” ਸਾਨੂੰ ਆਪਣੀ ਜ਼ਿੰਦਗੀ ਦੇ ਹਰ ਅਹਿਮ ਮਾਮਲੇ ਅਤੇ ਫ਼ੈਸਲੇ ਵਿਚ ਯਹੋਵਾਹ ਦਾ ਨਜ਼ਰੀਆ ਜਾਣਨਾ ਚਾਹੀਦਾ ਹੈ। ਇੱਦਾਂ ਕਰਨ ਲਈ ਸਾਨੂੰ ਉਸ ਨੂੰ ਸੇਧ ਲਈ ਪ੍ਰਾਰਥਨਾ ਕਰਨੀ ਅਤੇ ਉਸ ਦੇ ਬਚਨ ਬਾਈਬਲ ਵਿਚ ਦੱਸੀਆਂ ਗੱਲਾਂ ਮੁਤਾਬਕ ਚੱਲਣਾ ਚਾਹੀਦਾ ਹੈ।​—ਜ਼ਬੂਰ 25:4; 2 ਤਿਮੋਥਿਉਸ 3:16, 17.

“ਉਹ ਤੇਰੇ ਰਾਹਾਂ ਨੂੰ ਸਿੱਧਾ ਕਰੇਗਾ।” ਪਰਮੇਸ਼ੁਰ ਆਪਣੇ ਧਰਮੀ ਮਿਆਰਾਂ ਅਨੁਸਾਰ ਜ਼ਿੰਦਗੀ ਜੀਉਣ ਵਿਚ ਸਾਡੀ ਮਦਦ ਕਰ ਕੇ ਸਾਡੇ ਰਾਹਾਂ ਨੂੰ ਸਿੱਧਾ ਕਰਦਾ ਹੈ। (ਕਹਾਉਤਾਂ 11:5) ਇਸ ਤਰ੍ਹਾਂ ਅਸੀਂ ਬੇਲੋੜੀਆਂ ਮੁਸ਼ਕਲਾਂ ਵਿਚ ਪੈਣ ਤੋਂ ਬਚਦੇ ਹਾਂ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ।​—ਜ਼ਬੂਰ 19:7, 8; ਯਸਾਯਾਹ 48:17, 18.

be 76 ਪੈਰਾ 4

ਅੱਗੇ ਵਧਦੇ ਰਹੋ​—ਤਰੱਕੀ ਕਰਦੇ ਰਹੋ

ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਉਤਾਰ-ਚੜ੍ਹਾਅ ਦੇਖੇ ਹੋਣ ਉਹ ਸੋਚ ਸਕਦਾ ਹੈ: ‘ਮੈਂ ਪਹਿਲਾਂ ਵੀ ਇੱਦਾਂ ਦੇ ਹਾਲਾਤਾਂ ਵਿੱਚੋਂ ਕਈ ਵਾਰ ਨਿਕਲ ਚੁੱਕਾ ਹਾਂ, ਇਸ ਲਈ ਮੈਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈ।’ ਕਹਾਉਤਾਂ 3:7 ਤੋਂ ਸਾਨੂੰ ਚੇਤਾਵਨੀ ਮਿਲਦੀ ਹੈ: “ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਨਾ ਬਣ।” ਇਹ ਸਹੀ ਹੈ ਕਿ ਜ਼ਿੰਦਗੀ ਵਿਚ ਤਜਰਬਾ ਹਾਸਲ ਕਰਨ ਕਰਕੇ ਅਸੀਂ ਹਾਲਾਤਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਣ ਦੇ ਕਾਬਲ ਬਣ ਜਾਂਦੇ ਹਾਂ। ਪਰ ਜੇ ਅਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹਾਂ, ਤਾਂ ਸਾਨੂੰ ਆਪਣੇ ਤਜਰਬੇ ਤੋਂ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਸਫ਼ਲ ਹੋਣ ਲਈ ਯਹੋਵਾਹ ਦੀ ਬਰਕਤ ਦੀ ਲੋੜ ਹੈ। ਤਾਂ ਫਿਰ ਸਾਡੀ ਤਰੱਕੀ ਇਸ ਗੱਲ ਤੋਂ ਜ਼ਾਹਰ ਨਹੀਂ ਹੋਵੇਗੀ ਕਿ ਅਸੀਂ ਆਪਣੇ ਬਲਬੂਤੇ ਤੇ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੇ ਹਾਂ, ਸਗੋਂ ਇਸ ਗੱਲ ਤੋਂ ਹੋਵੇਗੀ ਕਿ ਅਸੀਂ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਤੁਰੰਤ ਯਹੋਵਾਹ ਦੀ ਅਗਵਾਈ ਭਾਲਦੇ ਹਾਂ। ਨਾਲੇ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਦੀ ਇਜਾਜ਼ਤ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਅਤੇ ਸਾਡਾ ਆਪਣੇ ਸਵਰਗੀ ਪਿਤਾ ਨਾਲ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਪਿਆਰ ਭਰਿਆ ਰਿਸ਼ਤਾ ਬਣਿਆ ਰਹਿੰਦਾ ਹੈ ਅਤੇ ਸਾਨੂੰ ਉਸ ʼਤੇ ਭਰੋਸਾ ਹੈ।

ਹੀਰੇ-ਮੋਤੀ

w06 9/15 17 ਪੈਰਾ 7

ਕਹਾਉਤਾਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

3:3. ਇਕ ਬੇਸ਼ਕੀਮਤੀ ਹਾਰ ਦੀ ਤਰ੍ਹਾਂ ਸਾਨੂੰ ਦਇਆ ਤੇ ਸਚਿਆਈ ਨੂੰ ਅਨਮੋਲ ਸਮਝ ਕੇ ਇਨ੍ਹਾਂ ਨੂੰ ਆਪਣਾ ਸ਼ਿੰਗਾਰ ਬਣਾਉਣਾ ਚਾਹੀਦਾ ਹੈ। ਇਹ ਦੋਵੇਂ ਗੁਣ ਸਾਡੇ ਦਿਲਾਂ ਉੱਤੇ ਲਿਖੇ ਹੋਣੇ ਚਾਹੀਦੇ ਹਨ ਯਾਨੀ ਇਹ ਸਾਡੀ ਰਗ-ਰਗ ਵਿਚ ਸਮਾਏ ਹੋਣੇ ਚਾਹੀਦੇ ਹਨ।

10-16 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 4

“ਆਪਣੇ ਦਿਲ ਦੀ ਰਾਖੀ ਕਰ”

w19.01 15 ਪੈਰਾ 4

ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?

4 ਕਹਾਉਤਾਂ 4:23 ਵਿਚ “ਮਨ” ਦਾ ਮਤਲਬ ਹੈ, ਅੰਦਰਲਾ ਇਨਸਾਨ। ਹੋਰ ਸ਼ਬਦਾਂ ਵਿਚ ਕਹੀਏ ਤਾਂ ਮਨ ਜਾਂ ਦਿਲ ਦਾ ਮਤਲਬ ਹੈ, ਸਾਡੀਆਂ ਸੋਚਾਂ, ਭਾਵਨਾਵਾਂ, ਇਰਾਦੇ ਅਤੇ ਇੱਛਾਵਾਂ। ਇਸ ਤੋਂ ਸਿਰਫ਼ ਸਾਡੇ ਬਾਹਰਲੇ ਸੁਭਾਅ ਬਾਰੇ ਹੀ ਪਤਾ ਨਹੀਂ ਲੱਗਦਾ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ।

w19.01 17 ਪੈਰੇ 10-11

ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?

10 ਆਪਣੇ ਦਿਲ ਦੀ ਰਾਖੀ ਕਰਨ ਲਈ ਸਾਨੂੰ ਖ਼ਤਰਿਆਂ ਨੂੰ ਪਛਾਣਨ ਅਤੇ ਆਪਣੀ ਰਾਖੀ ਲਈ ਝੱਟ ਕਦਮ ਚੁੱਕਣ ਦੀ ਲੋੜ ਹੈ। ਕਹਾਉਤਾਂ 4:23 ਅਨੁਵਾਦ ਕੀਤੇ “ਚੌਕਸੀ” ਸ਼ਬਦ ਤੋਂ ਸਾਨੂੰ ਪਹਿਰੇਦਾਰ ਦੇ ਕੰਮ ਦੀ ਯਾਦ ਆਉਂਦੀ ਹੈ। ਰਾਜਾ ਸੁਲੇਮਾਨ ਦੇ ਦਿਨਾਂ ਵਿਚ ਪਹਿਰੇਦਾਰ ਰਾਖੀ ਲਈ ਸ਼ਹਿਰ ਦੀ ਕੰਧ ʼਤੇ ਖੜ੍ਹਦਾ ਸੀ ਅਤੇ ਕੋਈ ਖ਼ਤਰਾ ਨਜ਼ਰ ਆਉਣ ʼਤੇ ਚੇਤਾਵਨੀ ਦਿੰਦਾ ਸੀ। ਆਪਣੇ ਮਨ ਵਿਚ ਇਹ ਤਸਵੀਰ ਬਣਾ ਕੇ ਸਾਡੀ ਇਹ ਸਮਝਣ ਵਿਚ ਮਦਦ ਹੁੰਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸ਼ੈਤਾਨ ਸਾਡੀ ਸੋਚ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ।

11 ਪੁਰਾਣੇ ਸਮੇਂ ਵਿਚ ਪਹਿਰੇਦਾਰ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਪਹਿਰਾ ਦੇਣ ਵਾਲੇ ਦਰਬਾਨ ਇਕੱਠੇ ਮਿਲ ਕੇ ਕੰਮ ਕਰਦੇ ਸਨ। (2 ਸਮੂ. 18:24-26) ਦੁਸ਼ਮਣ ਨੇੜੇ ਆਉਣ ʼਤੇ ਉਹ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੰਦੇ ਸਨ। ਇਸ ਤਰ੍ਹਾਂ ਉਹ ਇਕੱਠੇ ਮਿਲ ਕੇ ਸ਼ਹਿਰ ਦੀ ਰਾਖੀ ਕਰਦੇ ਸਨ। (ਨਹ. 7:1-3) ਬਾਈਬਲ ਦੁਆਰਾ ਸਿਖਲਾਈ ਸਾਡੀ ਜ਼ਮੀਰ ਪਹਿਰੇਦਾਰ ਵਾਂਗ ਕੰਮ ਕਰ ਸਕਦੀ ਹੈ ਅਤੇ ਸਾਨੂੰ ਚੇਤਾਵਨੀ ਦੇ ਸਕਦੀ ਹੈ ਜਦੋਂ ਸ਼ੈਤਾਨ ਸਾਡੇ ਮਨ ʼਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਯਾਨੀ ਜਦੋਂ ਉਹ ਸਾਡੀਆਂ ਸੋਚਾਂ, ਭਾਵਨਾਵਾਂ, ਇੱਛਾਵਾਂ ਜਾਂ ਸਾਡੇ ਇਰਾਦਿਆਂ ʼਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਵੀ ਸਾਡੀ ਜ਼ਮੀਰ ਸਾਨੂੰ ਚੇਤਾਵਨੀ ਦਿੰਦੀ ਹੈ, ਤਾਂ ਸਾਨੂੰ ਉਸ ਦੀ ਸੁਣਨ ਤੇ ਖ਼ਤਰੇ ਤੋਂ ਬਚਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨ ਦੀ ਲੋੜ ਹੈ।

w19.01 18 ਪੈਰਾ 14

ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?

14 ਆਪਣੇ ਮਨ ਦੀ ਰਾਖੀ ਕਰਨ ਲਈ ਇਹੀ ਜ਼ਰੂਰੀ ਨਹੀਂ ਹੈ ਕਿ ਅਸੀਂ ਆਪਣੇ ʼਤੇ ਬੁਰੀਆਂ ਗੱਲਾਂ ਦਾ ਪ੍ਰਭਾਵ ਨਾ ਪੈਣ ਦੇਈਏ, ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ʼਤੇ ਚੰਗੀਆਂ ਗੱਲਾਂ ਦਾ ਵੀ ਅਸਰ ਪੈਣ ਦੇਈਏ। ਜ਼ਰਾ ਦੁਬਾਰਾ ਤੋਂ ਉਸ ਸ਼ਹਿਰ ਦੀ ਮਿਸਾਲ ʼਤੇ ਗੌਰ ਕਰੋ ਜਿਸ ਦੇ ਆਲੇ-ਦੁਆਲੇ ਕੰਧਾਂ ਹਨ। ਦਰਬਾਨ ਦੁਸ਼ਮਣਾਂ ਨੂੰ ਸ਼ਹਿਰ ʼਤੇ ਹਮਲਾ ਕਰਨ ਤੋਂ ਰੋਕਣ ਲਈ ਫਾਟਕ ਬੰਦ ਕਰ ਦਿੰਦਾ ਸੀ, ਪਰ ਹੋਰ ਸਮਿਆਂ ʼਤੇ ਉਹ ਖਾਣ-ਪੀਣ ਅਤੇ ਹੋਰ ਚੀਜ਼ਾਂ ਨੂੰ ਸ਼ਹਿਰ ਅੰਦਰ ਲੈ ਕੇ ਜਾਣ ਲਈ ਫਾਟਕ ਖੋਲ੍ਹਦਾ ਸੀ। ਜੇ ਫਾਟਕ ਕਦੇ ਨਾ ਖੋਲ੍ਹੇ ਜਾਂਦੇ, ਤਾਂ ਸ਼ਹਿਰ ਦੇ ਵਾਸੀਆਂ ਨੇ ਭੁੱਖੇ ਮਰ ਜਾਣਾ ਸੀ। ਬਿਲਕੁਲ ਇਸੇ ਤਰ੍ਹਾਂ ਸਾਨੂੰ ਬਾਕਾਇਦਾ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ ਤਾਂਕਿ ਪਰਮੇਸ਼ੁਰ ਦੀ ਸੋਚ ਦਾ ਅਸਰ ਸਾਡੇ ʼਤੇ ਪਵੇ।

w12 5/1 32 ਪੈਰਾ 2

“ਆਪਣੇ ਦਿਲ ਦੀ ਰਾਖੀ ਕਰ”

ਸਾਨੂੰ ਆਪਣੇ ਦਿਲ ਦੀ ਰਾਖੀ ਕਿਉਂ ਕਰਨੀ ਚਾਹੀਦੀ ਹੈ? ਯਹੋਵਾਹ ਨੇ ਰਾਜਾ ਸੁਲੇਮਾਨ ਦੇ ਜ਼ਰੀਏ ਲਿਖਵਾਇਆ, “ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਆਪਣੇ ਦਿਲ ਦੀ ਰਾਖੀ ਕਰ ਕਿਉਂਕਿ ਜ਼ਿੰਦਗੀ ਦੇ ਸੋਮੇ ਇਸੇ ਤੋਂ ਫੁੱਟਦੇ ਹਨ।” (ਕਹਾਉਤਾਂ 4:23) ਸਾਡੀ ਅੱਜ ਦੀ ਤੇ ਆਉਣ ਵਾਲੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਸਾਡਾ ਦਿਲ ਕਿਹੋ ਜਿਹਾ ਹੈ। (1 ਸਮੂਏਲ 16:7) ਉਹ ਸਾਨੂੰ “ਅੰਦਰੋਂ” ਦੇਖ ਕੇ ਤੈਅ ਕਰਦਾ ਹੈ ਕਿ ਅਸੀਂ ਸੱਚ-ਮੁੱਚ ਕਿਹੋ ਜਿਹੇ ਇਨਸਾਨ ਹਾਂ।​—1 ਪਤਰਸ 3:4.

ਹੀਰੇ-ਮੋਤੀ

w21.08 8 ਪੈਰਾ 4

ਕੀ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋਗੇ?

4 ਕਹਾਉਤਾਂ 4:18 ਵਿਚ ਦੱਸਿਆ ਗਿਆ ਹੈ: “ਧਰਮੀਆਂ ਦਾ ਰਾਹ ਸਵੇਰ ਦੇ ਚਾਨਣ ਵਰਗਾ ਹੈ ਜੋ ਪੂਰਾ ਦਿਨ ਚੜ੍ਹਨ ਤਕ ਵਧਦਾ ਜਾਂਦਾ ਹੈ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਆਪਣਾ ਮਕਸਦ ਹੌਲੀ-ਹੌਲੀ ਦੱਸਦਾ ਹੈ। ਪਰ ਇਹ ਅਸੂਲ ਮਸੀਹੀਆਂ ʼਤੇ ਵੀ ਲਾਗੂ ਹੁੰਦਾ ਹੈ। ਉਹ ਵੀ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਹਨ ਅਤੇ ਯਹੋਵਾਹ ਦੇ ਨੇੜੇ ਜਾਂਦੇ ਹਨ। ਪਰ ਇਸ ਤਰ੍ਹਾਂ ਰਾਤੋ-ਰਾਤ ਨਹੀਂ ਕੀਤਾ ਜਾ ਸਕਦਾ, ਇਸ ਵਿਚ ਸਮਾਂ ਲੱਗਦਾ ਹੈ। ਜੇ ਅਸੀਂ ਧਿਆਨ ਨਾਲ ਅਧਿਐਨ ਕਰਦੇ ਹਾਂ ਅਤੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਸੰਗਠਨ ਤੋਂ ਮਿਲਦੀ ਸਲਾਹ ਮੰਨਦੇ ਹਾਂ, ਤਾਂ ਸਾਡੀ ਸ਼ਖ਼ਸੀਅਤ ਹੌਲੀ-ਹੌਲੀ ਮਸੀਹ ਵਰਗੀ ਬਣਦੀ ਜਾਵੇਗੀ। ਨਾਲੇ ਪਰਮੇਸ਼ੁਰ ਬਾਰੇ ਸਾਡਾ ਗਿਆਨ ਵੀ ਵਧਦਾ ਜਾਵੇਗਾ। ਆਓ ਦੇਖੀਏ ਕਿ ਯਿਸੂ ਨੇ ਇਹ ਗੱਲ ਕਿਵੇਂ ਸਮਝਾਈ।

17-23 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 5

ਲਿੰਗੀ ਅਨੈਤਿਕਤਾ ਦੇ ਫੰਦੇ ਵਿਚ ਫਸਣ ਤੋਂ ਬਚੋ

w00 7/15 29 ਪੈਰਾ 1

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਇਸ ਕਹਾਵਤ ਵਿਚ, ਭਰਮਾਉਣ ਵਾਲੀ “ਪਰਾਈ ਤੀਵੀਂ” ਇਕ ਕੰਜਰੀ ਹੈ। ਇਹ ਤੀਵੀਂ ਸ਼ਹਿਦ ਵਰਗੇ ਮਿੱਠੇ-ਮਿੱਠੇ ਸ਼ਬਦਾਂ ਨਾਲ ਭਰਮਾਉਂਦੀ ਹੈ ਜਿਹੜੇ ਜ਼ੈਤੂਨ ਦੇ ਤੇਲ ਨਾਲੋਂ ਵੀ ਚਿਕਣੇ ਹਨ। ਕੀ ਇਹ ਸੱਚ ਨਹੀਂ ਕਿ ਇਸੇ ਤਰ੍ਹਾਂ ਦਾ ਬੋਲ-ਚਾਲ ਅਕਸਰ ਗ਼ਲਤ ਲਿੰਗੀ ਕੰਮਾਂ ਵੱਲ ਲੈ ਜਾਂਦਾ ਹੈ? ਉਦਾਹਰਣ ਲਈ, ਇਕ ਖੂਬਸੂਰਤ ਔਰਤ ਦੇ ਤਜਰਬੇ ਉੱਤੇ ਗੌਰ ਕਰੋ। ਏਮੀ 27 ਸਾਲਾਂ ਦੀ ਹੈ, ਅਤੇ ਉਹ ਸੈਕਟਰੀ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ: “ਕੰਮ ਤੇ ਇਕ ਬੰਦਾ ਮੇਰਾ ਬਹੁਤ ਖ਼ਿਆਲ ਰੱਖਦਾ ਹੈ, ਅਤੇ ਉਹ ਹਰ ਵੇਲੇ ਮੇਰੇ ਨਾਲ ਸੋਹਣੀਆਂ-ਸੋਹਣੀਆਂ ਗੱਲਾਂ ਕਰਦਾ ਹੈ। ਜਦੋਂ ਲੋਕੀਂ ਤੁਹਾਡਾ ਖ਼ਿਆਲ ਰੱਖਦੇ ਹਨ ਤਾਂ ਇਹ ਚੰਗਾ ਹੈ। ਪਰ ਮੈਨੂੰ ਸਾਫ਼-ਸਾਫ਼ ਪਤਾ ਹੈ ਕਿ ਇਸ ਆਦਮੀ ਦੇ ਇਰਾਦੇ ਨੇਕ ਨਹੀਂ ਹਨ। ਮੈਂ ਇਸ ਬੰਦੇ ਦੇ ਬੋਲ-ਚਾਲ ਤੋਂ ਧੋਖਾ ਨਹੀਂ ਖਾਵਾਂਗੀ।” ਭਰਮਾਉਣ ਵਾਲੇ ਵਿਅਕਤੀ ਦੇ ਚਾਪਲੂਸ ਸ਼ਬਦ ਮਿੱਠੇ-ਮਿੱਠੇ ਲੱਗਣਗੇ ਜੇਕਰ ਅਸੀਂ ਇਨ੍ਹਾਂ ਦਾ ਸੱਚਾ ਅਰਥ ਨਹੀਂ ਪਛਾਣਦੇ। ਇਸ ਦੀ ਪਛਾਣ ਕਰਨ ਲਈ ਮੱਤ ਦੀ ਲੋੜ ਹੈ।

w00 7/15 29 ਪੈਰਾ 2

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਅਨੈਤਿਕਤਾ ਦੇ ਨਤੀਜੇ ਨਾਗਦੋਨੇ ਵਰਗੇ ਕੌੜੇ ਅਤੇ ਦੋ ਧਾਰੀ ਤਲਵਾਰ ਜਿਹੇ ਤਿੱਖੇ ਹਨ, ਮਤਲਬ ਕਿ ਉਹ ਦੁੱਖ-ਭਰੇ ਅਤੇ ਜਾਨਲੇਵਾ ਹਨ। ਇਕ ਦੁਖੀ ਜ਼ਮੀਰ, ਅਣਚਾਹੇ ਬੱਚੇ, ਜਾਂ ਲਿੰਗੀ ਰੋਗ ਅਕਸਰ ਅਨੈਤਿਕ ਕੰਮਾਂ ਦੇ ਨਤੀਜੇ ਹੁੰਦੇ ਹਨ। ਅਤੇ ਜਦੋਂ ਪਤੀ-ਪਤਨੀ ਵਿੱਚੋਂ ਇਕ ਜਣਾ ਬੇਵਫ਼ਾ ਹੁੰਦਾ ਹੈ ਤਾਂ ਦੂਸਰੇ ਸਾਥੀ ਦੇ ਵੱਡੇ ਦੁੱਖ ਬਾਰੇ ਵੀ ਸੋਚੋ। ਇਸ ਤਰ੍ਹਾਂ ਦੀ ਬੇਵਫ਼ਾਈ ਬਹੁਤ ਦੁੱਖ ਲਿਆਉਂਦੀ ਹੈ ਜਿਸ ਦੇ ਨਿਸ਼ਾਨ ਉਮਰ-ਭਰ ਵੀ ਨਹੀਂ ਮਿਟਾਏ ਜਾ ਸਕਦੇ। ਜੀ ਹਾਂ, ਅਨੈਤਿਕ ਕੰਮਾਂ ਦਾ ਬਹੁਤ ਹੀ ਬੁਰਾ ਅਸਰ ਪੈਂਦਾ ਹੈ।

w00 7/15 29 ਪੈਰਾ 5

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਸਾਨੂੰ ਅਨੈਤਿਕ ਲੋਕਾਂ ਦੇ ਪ੍ਰਭਾਵ ਤੋਂ ਜਿੰਨਾ ਵੀ ਹੋ ਸਕੇ ਦੂਰ ਰਹਿਣਾ ਚਾਹੀਦਾ ਹੈ। ਘਟੀਆ ਸੰਗੀਤ ਸੁਣ ਕੇ, ਵਿਗੜਿਆ ਹੋਇਆ ਮਨੋਰੰਜਨ ਦੇਖ ਕੇ, ਜਾਂ ਗੰਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਅਨੈਤਿਕ ਲੋਕਾਂ ਦੇ ਰਾਹਾਂ ਵਿਚ ਤੁਰਦੇ ਹੋਵਾਂਗੇ। (ਕਹਾਉਤਾਂ 6:27; 1 ਕੁਰਿੰਥੀਆਂ 15:33; ਅਫ਼ਸੀਆਂ 5:3-5) ਕੀ ਅਸੀਂ ਉਨ੍ਹਾਂ ਵਰਗੇ ਬਣਨਾ ਚਾਹੁੰਦੇ ਹਾਂ? ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਉਨ੍ਹਾਂ ਲੋਕਾਂ ਦੇ ਮਗਰ ਲੱਗੀਏ ਜਾਂ ਆਪਣੇ ਪਹਿਰਾਵੇ ਅਤੇ ਸ਼ਿੰਗਾਰ ਰਾਹੀਂ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚੀਏ!​—1 ਤਿਮੋਥਿਉਸ 4:8; 1 ਪਤਰਸ 3:3, 4.

ਹੀਰੇ-ਮੋਤੀ

w00 7/15 29 ਪੈਰਾ 7

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਸੁਲੇਮਾਨ ਅਨੈਤਿਕ ਕੰਮਾਂ ਵਿਚ ਪੈਣ ਦੇ ਵੱਡੇ ਨੁਕਸਾਨ ਬਾਰੇ ਚੇਤਾਵਨੀ ਦਿੰਦਾ ਹੈ। ਜ਼ਨਾਹ ਦਾ ਇਕ ਨੁਕਸਾਨ ਹੈ ਕਿ ਵਿਅਕਤੀ ਆਪਣੇ ਆਪ ਲਈ ਆਦਰ ਜਾਂ ਮਾਣ ਗੁਆ ਬੈਠਦਾ ਹੈ। ਕੀ ਇਹ ਬੇਇੱਜ਼ਤੀ ਦੀ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਸਿਰਫ਼ ਆਪਣੇ ਜਾਂ ਹੋਰ ਕਿਸੇ ਦੀ ਲਿੰਗੀ ਕਾਮਨਾ ਪੂਰੀ ਕਰਨ ਲਈ ਵਰਤੇ ਜਾਈਏ? ਕੀ ਇਹ ਬੇਇੱਜ਼ਤੀ ਦੀ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਆਪਣੇ ਵਿਆਹੁਤਾ ਸਾਥੀ ਤੋਂ ਇਲਾਵਾ ਹੋਰ ਕਿਸੇ ਨਾਲ ਲਿੰਗੀ ਸੰਬੰਧ ਰੱਖੀਏ?

24-30 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 6

ਕੀੜੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

it-1 115 ਪੈਰੇ 1-2

ਕੀੜੀ

‘ਕੁਦਰਤੀ ਬੁੱਧ।’ ਸ੍ਰਿਸ਼ਟੀਕਰਤਾ ਨੇ ਕੀੜੀਆਂ ਨੂੰ ਬੁੱਧ ਦਿੱਤੀ ਹੈ। ਬਾਈਬਲ ਵਿਚ ਦੱਸਿਆ ਹੈ ਕਿ “ਇਹ ਗਰਮੀਆਂ ਵਿਚ ਆਪਣੇ ਲਈ ਭੋਜਨ ਦਾ ਪ੍ਰਬੰਧ ਕਰਦੀ ਅਤੇ ਵਾਢੀ ਵੇਲੇ ਆਪਣੇ ਲਈ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਦੀ ਹੈ।” (ਕਹਾ 6:8) ਫਲਸਤੀਨ ਵਿਚ ਇਕ ਤਰ੍ਹਾਂ ਦੀ ਕੀੜੀ ਅਕਸਰ ਦੇਖਣ ਨੂੰ ਮਿਲਦੀ ਹੈ ਜੋ ਬਸੰਤ ਅਤੇ ਗਰਮੀਆਂ ਵਿਚ ਬਹੁਤ ਸਾਰਾ ਅਨਾਜ ਇਕੱਠਾ ਕਰ ਲੈਂਦੀ ਹੈ ਤਾਂਕਿ ਸਰਦੀਆਂ ਵਰਗੇ ਖ਼ਰਾਬ ਮੌਸਮ ਵਿਚ ਉਹ ਕੰਮ ਆਵੇ। ਜੇ ਅਨਾਜ ਮੀਂਹ ਵਿਚ ਭਿੱਜ ਜਾਂਦਾ ਹੈ, ਤਾਂ ਉਹ ਉਸ ਨੂੰ ਧੁੱਪ ਵਿਚ ਸੁਕਾਉਣ ਲਈ ਬਾਹਰ ਲਿਆਉਂਦੀਆਂ ਹਨ। ਉਹ ਬੀ ਦੇ ਇਕ ਹਿੱਸੇ ਨੂੰ ਵੀ ਕੱਢ ਦਿੰਦੀਆਂ ਹਨ ਤਾਂਕਿ ਉਹ ਪੁੰਗਰੇ ਨਾ।

ਸਬਕ। ਬਾਈਬਲ ਵਿਚ ਲਿਖਿਆ ਹੈ: “ਓਏ ਆਲਸੀਆ, ਕੀੜੀ ਕੋਲ ਜਾਹ; ਉਸ ਦੇ ਤੌਰ-ਤਰੀਕਿਆਂ ਨੂੰ ਗੌਰ ਨਾਲ ਦੇਖ ਤੇ ਬੁੱਧੀਮਾਨ ਬਣ।” (ਕਹਾ 6:6) ਕੀੜੀਆਂ ਬਾਰੇ ਅਧਿਐਨ ਕਰ ਕੇ ਅਸੀਂ ਇਨ੍ਹਾਂ ਸ਼ਬਦਾਂ ਦੇ ਮਤਲਬ ਨੂੰ ਸਮਝ ਪਾਉਂਦੇ ਹਾਂ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਉਹ ਬਿਨਾਂ ਰੁਕੇ ਕੰਮ ਕਰਦੀਆਂ ਹਨ ਤੇ ਭਵਿੱਖ ਲਈ ਵੀ ਤਿਆਰੀ ਕਰਦੀਆਂ ਹਨ। ਕੀੜੀਆਂ ਆਪਣੇ ਭਾਰ ਤੋਂ ਦੁਗਣਾ ਜਾਂ ਇਸ ਤੋਂ ਜ਼ਿਆਦਾ ਭਾਰ ਚੁੱਕ ਜਾਂ ਖਿੱਚ ਸਕਦੀਆਂ ਹਨ। ਉਹ ਹਰ ਹਾਲਾਤ ਵਿਚ ਆਪਣਾ ਕੰਮ ਪੂਰਾ ਕਰਦੀਆਂ ਹਨ। ਭਾਵੇਂ ਉਹ ਜਿੰਨੀ ਮਰਜ਼ੀ ਵਾਰ ਡਿੱਗ ਜਾਣ, ਤਿਲਕ ਜਾਣ ਜਾਂ ਢਲਾਣ ਤੋਂ ਖਿਸਕ ਜਾਣ, ਤਾਂ ਵੀ ਉਹ ਹਾਰ ਨਹੀਂ ਮੰਨਦੀਆਂ। ਉਹ ਇਕ-ਦੂਜੇ ਦਾ ਸਾਥ ਦਿੰਦੀਆਂ ਹਨ, ਆਪਣੀ ਕਲੋਨੀ ਨੂੰ ਸਾਫ਼ ਰੱਖਦੀਆਂ ਹਨ ਤੇ ਜੇ ਕਿਸੇ ਕੀੜੀ ਨੂੰ ਸੱਟ ਲੱਗ ਜਾਵੇ, ਤਾਂ ਉਸ ਨੂੰ ਕਲੋਨੀ ਤਕ ਵਾਪਸ ਲਿਆਉਂਦੀਆਂ ਹਨ।

w00 9/15 26 ਪੈਰੇ 4-5

ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਓ

ਕੀੜੀ ਵਾਂਗ ਕੀ ਸਾਨੂੰ ਵੀ ਮਿਹਨਤੀ ਨਹੀਂ ਹੋਣਾ ਚਾਹੀਦਾ? ਮਿਹਨਤੀ ਹੋਣਾ ਅਤੇ ਚੰਗੀ ਤਰ੍ਹਾਂ ਕੰਮ ਕਰਨਾ ਸਾਡੇ ਲਈ ਚੰਗਾ ਹੈ, ਭਾਵੇਂ ਕੋਈ ਨਿਗਾਹ ਰੱਖਣ ਵਾਲਾ ਹੋਵੇ ਜਾਂ ਨਾ। ਹਾਂ ਸਕੂਲੇ, ਕੰਮ ਤੇ, ਅਤੇ ਰੂਹਾਨੀ ਕੰਮਾਂ ਵਿਚ ਹਿੱਸਾ ਲੈਣ ਦੇ ਵੇਲੇ ਸਾਨੂੰ ਤਨ-ਮਨ ਲਾਉਣਾ ਚਾਹੀਦੀ ਹੈ। ਜਿਵੇਂ ਇਕ ਕੀੜੀ ਆਪਣੀ ਮਿਹਨਤ ਤੋਂ ਫਲ ਪਾਉਂਦੀ ਹੈ, ਇਸੇ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ‘ਆਪੋ ਆਪਣੇ ਧੰਦੇ ਦਾ ਲਾਭ ਭੋਗੀਏ।’ (ਉਪਦੇਸ਼ਕ ਦੀ ਪੋਥੀ 3:13, 22; 5:18) ਮਿਹਨਤੀ ਹੋਣ ਦੇ ਲਾਭ ਹਨ ਇਕ ਸ਼ੁੱਧ ਜ਼ਮੀਰ ਅਤੇ ਸੰਤੁਸ਼ਟੀ।​—ਉਪਦੇਸ਼ਕ ਦੀ ਪੋਥੀ 5:12.

ਇਕ ਆਲਸੀ ਬੰਦੇ ਨੂੰ ਜਗਾਉਣ ਦੀ ਕੋਸ਼ਿਸ਼ ਵਿਚ ਸੁਲੇਮਾਨ ਨੇ ਦੋ ਸਵਾਲ ਪੁੱਛੇ: “ਹੇ ਆਲਸੀ, ਤੂੰ ਕਦੋਂ ਤੋੜੀ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?” ਫਿਰ ਇਕ ਆਲਸ ਬੰਦੇ ਦੀ ਨਕਲ ਕਰਦੇ ਹੋਏ ਰਾਜੇ ਨੇ ਅੱਗੇ ਕਿਹਾ: “ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇਕੱਠੇ ਕਰ ਕੇ ਲੰਮਾ ਪੈਣਾ,​—ਏਸੇ ਤਰਾਂ ਗਰੀਬੀ ਧਾੜਵੀ ਵਾਂਙੁ, ਅਤੇ ਤੰਗੀ ਸ਼ਸਤ੍ਰ ਧਾਰੀ ਵਾਂਙੁ ਤੇਰੇ ਉੱਤੇ ਆ ਪਵੇਗੀ!” (ਕਹਾਉਤਾਂ 6:9-11) ਆਲਸੀ ਬੰਦੇ ਦੀ ਲਾਪਰਵਾਹੀ ਕਰਕੇ ਗ਼ਰੀਬੀ ਇਕ ਡਾਕੂ ਦੀ ਤੇਜ਼ੀ ਨਾਲ ਉਸ ਉੱਤੇ ਆ ਪੈਂਦੀ ਹੈ, ਅਤੇ ਇਕ ਹਥਿਆਰਬੰਦ ਆਦਮੀ ਵਾਂਗ ਤੰਗੀ ਉਸ ਉੱਤੇ ਹਮਲਾ ਕਰਦੀ ਹੈ। ਆਲਸੀ ਬੰਦੇ ਦੇ ਖੇਤ ਜਲਦੀ ਹੀ ਕੰਡਿਆਂ ਨਾਲ ਭਰ ਜਾਂਦੇ ਹਨ। (ਕਹਾਉਤਾਂ 24:30, 31) ਉਸ ਦੇ ਕੰਮ-ਧੰਦਿਆਂ ਦਾ ਵੀ ਬਹੁਤ ਹੀ ਛੇਤੀ ਨੁਕਸਾਨ ਹੁੰਦਾ ਹੈ। ਇਕ ਮਾਲਕ ਆਲਸੀ ਬੰਦੇ ਨੂੰ ਕਿੰਨਾ ਕੁ ਚਿਰ ਰੱਖੇਗਾ? ਅਤੇ ਕੀ ਇਕ ਵਿਦਿਆਰਥੀ ਜੋ ਪੜ੍ਹਾਈ ਕਰਨ ਵਿਚ ਧਿਆਨ ਨਹੀਂ ਦਿੰਦਾ ਸਫ਼ਲ ਹੋਵੇਗਾ?

ਹੀਰੇ-ਮੋਤੀ

w00 9/15 27 ਪੈਰਾ 4

ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਓ

ਇਸ ਕਹਾਵਤ ਵਿਚ ਸੱਤ ਮੂਲ ਗੱਲਾਂ ਦੱਸੀਆਂ ਜਾਂਦੀਆਂ ਹਨ ਅਤੇ ਅਸਲ ਵਿਚ ਇਨ੍ਹਾਂ ਸੱਤਾਂ ਗੱਲਾਂ ਵਿਚ ਹਰ ਤਰ੍ਹਾਂ ਦੀ ਗ਼ਲਤੀ ਸ਼ਾਮਲ ਹੈ। “ਉੱਚੀਆਂ ਅੱਖਾਂ” ਅਤੇ ‘ਖੋਟੀਆਂ ਜੁਗਤਾਂ ਕਰਨ ਵਾਲਾ ਮਨ,’ ਅਜਿਹੇ ਪਾਪ ਹਨ ਜੋ ਮਨ ਵਿਚ ਕੀਤੇ ਜਾਂਦੇ ਹਨ। “ਝੂਠੀ ਜੀਭ” ਅਤੇ “ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ” ਬੁਰੀਆਂ ਗੱਲਾਂ ਹਨ। “ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ” ਅਤੇ “ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ” ਬੁਰੇ ਕੰਮ ਹਨ। ਯਹੋਵਾਹ ਖ਼ਾਸ ਕਰਕੇ ਉਸ ਬੰਦੇ ਨਾਲ ਘਿਣ ਕਰਦਾ ਹੈ ਜੋ ਉਨ੍ਹਾਂ ਲੋਕਾਂ ਵਿਚਕਾਰ ਲੜਾਈ-ਝਗੜਾ ਸ਼ੁਰੂ ਕਰਨ ਵਿਚ ਖ਼ੁਸ਼ ਹੁੰਦਾ ਹੈ, ਜੋ ਆਮ ਕਰਕੇ ਸ਼ਾਂਤੀ ਵਿਚ ਰਹਿੰਦੇ ਹਨ। ਇੱਥੇ ਪਹਿਲਾਂ ਛੇ ਅਤੇ ਫਿਰ ਸੱਤ ਚੀਜ਼ਾਂ ਦੀ ਗੱਲ ਕੀਤੀ ਜਾਂਦੀ ਹੈ। ਇਹ ਦਿਖਾਉਂਦਾ ਹੈ ਕਿ ਇਹ ਲਿਸਟ ਪੂਰੀ ਨਹੀਂ ਹੈ ਕਿਉਂਕਿ ਬੰਦੇ ਹਮੇਸ਼ਾ ਬੁਰਾਈ ਅਤੇ ਪਾਪ ਕਰਦੇ ਰਹਿੰਦੇ ਹਨ।

31 ਮਾਰਚ–6 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 7

ਅਜਿਹੇ ਹਾਲਾਤਾਂ ਤੋਂ ਬਚੋ ਜਿਨ੍ਹਾਂ ਵਿਚ ਤੁਸੀਂ ਕੋਈ ਗ਼ਲਤ ਕੰਮ ਕਰ ਸਕਦੇ ਹੋ

w00 11/15 29 ਪੈਰਾ 5

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

ਸੁਲੇਮਾਨ ਨੇ ਝਰੋਖੇ ਵਾਲੀ ਤਾਕੀ ਵਿੱਚੋਂ ਦੇਖਿਆ। ਹੋ ਸਕਦਾ ਹੈ ਕਿ ਇਸ ਤਾਕੀ ਦਾ ਢਾਂਚਾ ਲੱਕੜ ਦੀ ਪਤਲੀ ਜਿਹੀ ਫੱਟੀ ਦਾ ਬਣਿਆ ਹੋਇਆ ਸੀ ਜਿਸ ਉੱਤੇ ਕਾਫ਼ੀ ਬੁੱਤਕਾਰੀ ਵੀ ਸੀ। ਬਾਹਰ ਰੌਸ਼ਨੀ ਦੀ ਥਾਂ ਸੰਝ ਦਾ ਹਨੇਰਾ ਛਾਇਆ ਹੋਇਆ ਸੀ। ਰਾਜੇ ਦੀ ਨਿਗਾਹ ਇਕ ਭੋਲ਼ੇ ਜਿਹੇ ਗੱਭਰੂ ਉੱਤੇ ਪਈ ਜੋ ਬੇਸਮਝ ਅਤੇ ਨਿਰਬੁੱਧ ਸੀ। ਸ਼ਾਇਦ ਉਸ ਨੂੰ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਗੁਆਂਢ ਵਿਚ ਫਿਰ ਰਿਹਾ ਸੀ ਅਤੇ ਉਸ ਨਾਲ ਉੱਥੇ ਕੀ ਹੋ ਸਕਦਾ ਸੀ। ਉਹ ਗੱਭਰੂ ਇਸ “ਤੀਵੀਂ ਦੀ ਨੁੱਕਰ” ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ। ਇਹ ਤੀਵੀਂ ਕੌਣ ਸੀ? ਉਹ ਕੀ ਖੇਡ ਖੇਡ ਰਹੀ ਸੀ?

w00 11/15 30 ਪੈਰੇ 4-6

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

ਇਸ ਤੀਵੀਂ ਨੇ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਉਹ ਬੇਸ਼ਰਮ ਅਤੇ ਨਿਡਰ ਸੀ। ਉਸ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਇਸ ਨੌਜਵਾਨ ਨੂੰ ਫਸਾਉਣ ਲਈ ਉਹ ਕੀ ਕੀ ਕਹੇਗੀ। ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ ਕਿ ਉਸ ਨੇ ਉਸੇ ਦਿਨ ਭੇਟਾਂ ਚੜ੍ਹਾਈਆਂ ਸਨ ਅਤੇ ਆਪਣੀਆਂ ਸੁੱਖਾਂ ਭਰ ਦਿੱਤੀਆਂ ਸਨ ਕਿਉਂਕਿ ਉਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਕਿੰਨੀ ਭਲੀਮਾਣਸ ਸੀ ਅਤੇ ਪਰਮੇਸ਼ੁਰ ਨਾਲ ਕਿੰਨਾ ਪ੍ਰੇਮ ਕਰਦੀ ਸੀ। ਯਰੂਸ਼ਲਮ ਦੀ ਹੈਕਲ ਵਿਚ ਸੁਖ ਸਾਂਦ ਦੀਆਂ ਬਲੀਆਂ ਵਿਚ ਮਾਸ, ਮੈਦਾ, ਤੇਲ, ਅਤੇ ਮੈ ਸ਼ਾਮਲ ਸਨ। (ਲੇਵੀਆਂ 19:5, 6; 22:21; ਗਿਣਤੀ 15:8-10) ਕਿਉਂਕਿ ਚੜ੍ਹਾਵਾ ਚੜ੍ਹਾਉਣ ਵਾਲਾ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਖ ਸਾਂਦ ਦੀ ਬਲੀ ਦਾ ਹਿੱਸਾ ਘਰ ਲਿਜਾ ਸਕਦਾ ਸੀ, ਉਹ ਕਹਿ ਰਹੀ ਸੀ ਕਿ ਉਸ ਦੇ ਘਰ ਖਾਣ-ਪੀਣ ਲਈ ਬਹੁਤ ਕੁਝ ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਨੌਜਵਾਨ ਉੱਥੇ ਬੜਾ ਮਜ਼ਾ ਲੁੱਟੇਗਾ। ਉਹ ਉਸ ਨੂੰ ਲੱਭਣ ਲਈ ਖ਼ਾਸ ਕਰਕੇ ਘਰੋਂ ਨਿਕਲੀ ਸੀ। ਹਾਏ​—ਇਹ ਨੌਜਵਾਨ ਕਿੰਨਾ ਭੋਲਾ ਨਿਕਲਿਆ! ਉਸ ਨੇ ਇਹ ਸਭ ਕੁਝ ਸੱਚ ਮੰਨ ਲਿਆ। ਬਾਈਬਲ ਦਾ ਇਕ ਟੀਕਾਕਾਰ ਕਹਿੰਦਾ ਹੈ ਕਿ “ਇਹ ਗੱਲ ਤਾਂ ਸੱਚ ਸੀ ਕਿ ਉਹ ਤੀਵੀਂ ਕਿਸੇ-ਨ-ਕਿਸੇ ਨੂੰ ਲੱਭਣ ਲਈ ਜ਼ਰੂਰ ਨਿਕਲੀ ਸੀ, ਪਰ ਕੀ ਉਹ ਖ਼ਾਸ ਕਰਕੇ ਇਸ ਨੌਜਵਾਨ ਨੂੰ ਲੱਭ ਰਹੀ ਸੀ? ਸਿਰਫ਼ ਕੋਈ ਬੇਵਕੂਫ ਹੀ, ਸ਼ਾਇਦ ਇਹੀ ਨੌਜਵਾਨ ਉਸ ਦੀ ਗੱਲ ਸੱਚ ਮੰਨੇਗਾ।”

ਆਪਣੇ ਕੱਪੜਿਆਂ, ਆਪਣੀ ਬੋਲੀ, ਆਪਣੇ ਕਲਾਵੇ, ਅਤੇ ਆਪਣੇ ਚੁੰਮੇ ਨਾਲ ਫਸਾਉਣ ਤੋਂ ਬਾਅਦ, ਇਸ ਵੇਸਵਾ ਨੇ ਫਿਰ ਖੁਸ਼ਬੂ ਦੀ ਖਿੱਚ ਵਰਤੀ। ਉਸ ਨੇ ਕਿਹਾ ਕਿ “ਮੈਂ ਆਪਣੀ ਸੇਜ ਉੱਤੇ ਪਲੰਘ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ। ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ, ਅਤੇ ਦਾਰਚੀਨੀ ਛਿੜਕੀ ਹੈ।” (ਕਹਾਉਤਾਂ 7:16, 17) ਉਸ ਨੇ ਆਪਣੇ ਮੰਜੇ ਉੱਤੇ ਮਿਸਰ ਤੋਂ ਲਿਆਂਦਾ ਹੋਇਆ ਰੰਗਦਾਰ ਵਿਛਾਉਣਾ ਵਿਛਾਇਆ ਅਤੇ ਉਸ ਨੂੰ ਖੁਸ਼ਬੂਦਾਰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਮਹਿਕਾਇਆ ਸੀ।

ਫਿਰ ਉਹ ਕਹਿੰਦੀ ਹੈ ਕਿ “ਆ, ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ।” ਉਹ ਉਸ ਨੂੰ ਰਾਤ ਦੀ ਰੋਟੀ ਲਈ ਹੀ ਨਹੀਂ ਬੁਲਾ ਰਹੀ ਸੀ ਪਰ ਉਸ ਨਾਲ ਪਿਆਰ ਦੇ ਮਜ਼ਿਆਂ ਦਾ ਵਾਅਦਾ ਕਰ ਰਹੀ ਸੀ। ਇਸ ਨੌਜਵਾਨ ਲਈ ਇਹ ਖਿੱਚ ਬੜੀ ਜ਼ੋਰਦਾਰ ਸੀ! ਉਸ ਨੂੰ ਹੋਰ ਵੀ ਲਲਚਾਉਣ ਲਈ ਉਹ ਕਹਿੰਦੀ ਹੈ: “ਕਿਉਂ ਜੋ ਮੇਰਾ ਭਰਤਾ ਘਰ ਵਿੱਚ ਨਹੀਂ ਹੈ, ਉਹ ਦੂਰ ਦੇ ਪੈਂਡੇ ਗਿਆ ਹੋਇਆ ਹੈ। ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।” (ਕਹਾਉਤਾਂ 7:18-20) ਉਹ ਨੌਜਵਾਨ ਨੂੰ ਯਕੀਨ ਦਿਲਾ ਰਹੀ ਸੀ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਸ ਦਾ ਪਤੀ ਕੰਮ ਲਈ ਦੂਰ ਗਿਆ ਹੋਇਆ ਸੀ ਅਤੇ ਛੇਤੀ ਘਰ ਨਹੀਂ ਮੁੜਨ ਵਾਲਾ। ਉਸ ਨੌਜਵਾਨ ਨੂੰ ਭਰਮਾਉਣ ਵਿਚ ਉਹ ਕਿੰਨੀ ਚਲਾਕ ਸੀ! “ਉਹ ਨੇ ਆਪਣੀਆਂ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਹ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ।” (ਕਹਾਉਤਾਂ 7:21) ਯੂਸੁਫ਼ ਜਿੱਡਾ ਬਹਾਦਰ ਵਿਅਕਤੀ ਹੀ ਅਜਿਹੇ ਵੱਡੇ ਲਾਲਚ ਨੂੰ ਰੱਦ ਕਰ ਸਕਦਾ ਸੀ। (ਉਤਪਤ 39:9, 12) ਕੀ ਇਹ ਨੌਜਵਾਨ ਇੰਨਾ ਬਹਾਦਰ ਨਿਕਲੇਗਾ।

w00 11/15 31 ਪੈਰਾ 1

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

ਇਹ ਨੌਜਵਾਨ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਿਵੇਂ ਉਸ ਦਾ ਦਿਮਾਗ਼ ਤੂੜੀ ਨਾਲ ਭਰਿਆ ਹੋਵੇ, ਉਹ ਉਸ ਦੇ ਮਗਰ-ਮਗਰ ਤੁਰ ਪਿਆ ‘ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ।’ ਇਹ ਨੌਜਵਾਨ ਉਸੇ ਤਰ੍ਹਾਂ ਪਾਪ ਕਰਨ ਲਈ ਮਜਬੂਰ ਹੋਇਆ ਜਿਵੇਂ ਬੇੜੀ ਨਾਲ ਜਕੜਿਆ ਹੋਇਆ ਬੰਦਾ ਸਜ਼ਾ ਤੋਂ ਨਹੀਂ ਛੁੱਟ ਸਕਦਾ। ਉਸ ਨੇ ਉਦੋਂ ਤਕ ਕੋਈ ਖ਼ਤਰਾ ਨਹੀਂ ਦੇਖਿਆ ਜਦ ਤਕ ‘ਤੀਰ ਨੇ ਉਹ ਦੇ ਕਲੇਜੇ ਨੂੰ ਨਹੀਂ ਵਿੰਨ੍ਹ ਸੁਟਿਆ,’ ਯਾਨੀ ਉਦੋਂ ਤਕ ਜਦੋਂ ਉਹ ਇੰਨਾ ਜ਼ਖ਼ਮੀ ਹੋ ਗਿਆ ਕਿ ਉਹ ਮਰ ਸਕਦਾ ਸੀ। ਉਹ ਸੱਚ-ਮੁੱਚ ਮਰ ਸਕਦਾ ਸੀ ਕਿਉਂਕਿ ਉਸ ਨੂੰ ਜਿਨਸੀ ਬੀਮਾਰੀਆਂ ਲੱਗ ਸਕਦੀਆਂ ਸਨ। ਇਹ ਜ਼ਖ਼ਮ ਉਸ ਨੂੰ ਰੂਹਾਨੀ ਤੌਰ ਤੇ ਵੀ ਮਾਰ ਸਕਦਾ ਸੀ; ਇਹ “ਉਸ ਦੀ ਜਾਨ” ਦਾ ਮਾਮਲਾ ਸੀ। ਉਸ ਦੀ ਸਾਰੀ ਜ਼ਿੰਦਗੀ ਉੱਤੇ ਹੁਣ ਬੁਰਾ ਅਸਰ ਪੈਣਾ ਸੀ ਕਿਉਂਕਿ ਉਸ ਨੇ ਰੱਬ ਮੋਹਰੇ ਪਾਪ ਕੀਤਾ ਸੀ। ਉਹ ਮੌਤ ਦੇ ਪੰਜੇ ਵਿਚ ਜਾਂਦਾ-ਜਾਂਦਾ ਕਾਹਲੀ ਕਰਦਾ ਸੀ ਜਿਵੇਂ ਫਾਹੇ ਵਿਚ ਇਕ ਪੰਛੀ!   

ਹੀਰੇ-ਮੋਤੀ

w00 11/15 29 ਪੈਰਾ 1

“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”

‘ਮੇਰੇ ਹੁਕਮਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ।’ (ਕਹਾਉਤਾਂ 7:3) ਸਾਡੀਆਂ ਉਂਗਲਾਂ ਹਮੇਸ਼ਾ ਸਾਡੀਆਂ ਨਜ਼ਰਾਂ ਸਾਮ੍ਹਣੇ ਹੁੰਦੀਆਂ ਹਨ, ਨਾਲੇ ਇਹ ਹਰੇਕ ਕੰਮ ਲਈ ਜ਼ਰੂਰੀ ਹੁੰਦੀਆਂ ਹਨ। ਇਸੇ ਤਰ੍ਹਾਂ ਸਾਨੂੰ ਉਨ੍ਹਾਂ ਸਬਕਾਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਸਾਮ੍ਹਣੇ ਰੱਖਣਾ ਚਾਹੀਦਾ ਹੈ ਅਤੇ ਲਾਭਦਾਇਕ ਪਾਉਣਾ ਚਾਹੀਦਾ ਹੈ ਜੋ ਅਸੀਂ ਬਾਈਬਲ ਦੀ ਸਿੱਖਿਆ ਤੋਂ ਅਤੇ ਉਸ ਦੇ ਗਿਆਨ ਤੋਂ ਆਪਣੀ ਪਰਵਰਿਸ਼ ਦੌਰਾਨ ਲੈਂਦੇ ਹਾਂ। ਸਾਨੂੰ ਯਹੋਵਾਹ ਦੇ ਹੁਕਮ ਆਪਣੇ ਦਿਲ ਉੱਤੇ ਲਿਖ ਲੈਣੇ ਚਾਹੀਦੇ ਹਨ, ਮਤਲਬ ਕਿ ਸਾਨੂੰ ਉਨ੍ਹਾਂ ਨੂੰ ਅਪਣਾ ਲੈਣਾ ਚਾਹੀਦਾ ਹੈ।

7-13 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 8

ਯਿਸੂ ਦੀ ਸੁਣੋ ਅਤੇ ਬੁੱਧ ਪਾਓ

cf 153 ਪੈਰਾ 7

“ਮੈਂ ਪਿਤਾ ਨਾਲ ਪਿਆਰ ਕਰਦਾ ਹਾਂ”

7 ਆਇਤ 22 ਵਿਚ ਬੁੱਧ ਕਹਿੰਦੀ ਹੈ: “ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।” ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਸ ਆਇਤ ਵਿਚ ਬੁੱਧ ਦੇ ਗੁਣ ਦੀ ਨਹੀਂ, ਸਗੋਂ ਯਿਸੂ ਦੀ ਗੱਲ ਕੀਤੀ ਗਈ ਹੈ? ਬੁੱਧ ਦੇ ਗੁਣ ਨੂੰ ਨਾ ਤਾਂ “ਰਚਿਆ” ਗਿਆ ਤੇ ਨਾ ਹੀ ਇਸ ਦੀ ਕੋਈ ਸ਼ੁਰੂਆਤ ਹੈ। ਇਸ ਦਾ ਸੋਮਾ ਯਹੋਵਾਹ ਹੈ ਜੋ ਹਮੇਸ਼ਾ-ਹਮੇਸ਼ਾ ਤੋਂ ਹੈ। (ਜ਼ਬੂਰਾਂ ਦੀ ਪੋਥੀ 90:2) ਪਰ ਯਹੋਵਾਹ ਨੇ ਯਿਸੂ ਨੂੰ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਬਣਾਇਆ ਸੀ। ਹਾਂ, ਉਹ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਹੈ। (ਕੁਲੁੱਸੀਆਂ 1:15) ਤਾਂ ਫਿਰ, ਅਸੀਂ ਕਹਿ ਸਕਦੇ ਹਾਂ ਕਿ ਕਹਾਉਤਾਂ 8:22-31 ਵਿਚ ਯਿਸੂ ਬਾਰੇ ਗੱਲ ਕੀਤੀ ਗਈ ਹੈ। ਨਾਲੇ “ਸ਼ਬਦ” ਯਾਨੀ ਪਰਮੇਸ਼ੁਰ ਦੇ ਬੁਲਾਰੇ ਵਜੋਂ ਉਸ ਨੇ ਯਹੋਵਾਹ ਦੀ ਬੁੱਧ ਜ਼ਾਹਰ ਕੀਤੀ ਸੀ।​—ਯੂਹੰਨਾ 1:1.

cf 153-154 ਪੈਰੇ 8-9

“ਮੈਂ ਪਿਤਾ ਨਾਲ ਪਿਆਰ ਕਰਦਾ ਹਾਂ”

8 ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਅਰਬਾਂ-ਖਰਬਾਂ ਸਾਲਾਂ ਲਈ ਕੀ ਕਰ ਰਿਹਾ ਸੀ? ਆਇਤ 30 ਦੱਸਦੀ ਹੈ ਕਿ ਉਹ ਪਰਮੇਸ਼ੁਰ ਨਾਲ “ਰਾਜ ਮਿਸਤਰੀ” ਵਜੋਂ ਕੰਮ ਕਰ ਰਿਹਾ ਸੀ। ਇਸ ਦਾ ਕੀ ਮਤਲਬ ਹੈ? ਕੁਲੁੱਸੀਆਂ 1:16 ਦੱਸਦਾ ਹੈ: “ਸਵਰਗ ਵਿਚ ਅਤੇ ਧਰਤੀ ਉੱਤੇ . . . ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।” ਸਾਰੀਆਂ ਚੀਜ਼ਾਂ ਬਣਾਉਣ ਲਈ ਸਾਡੇ ਸਿਰਜਣਹਾਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਰਾਜ ਮਿਸਤਰੀ ਵਜੋਂ ਇਸਤੇਮਾਲ ਕੀਤਾ। ਹਾਂ, ਉਸ ਰਾਹੀਂ ਸਵਰਗ ਵਿਚ ਸਾਰੇ ਫ਼ਰਿਸ਼ਤੇ, ਸਾਰੀ ਕਾਇਨਾਤ ਅਤੇ ਧਰਤੀ ਉੱਪਰ ਭਾਂਤ-ਭਾਂਤ ਦੇ ਪੌਦੇ ਤੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਬਣਾਏ ਗਏ ਸਨ। ਪਰ ਉਨ੍ਹਾਂ ਦੀ ਸਭ ਤੋਂ ਕਮਾਲ ਦੀ ਰਚਨਾ ਸੀ ਇਨਸਾਨ! ਅਸੀਂ ਕਹਿ ਸਕਦੇ ਹਾਂ ਕਿ ਪਿਉ-ਪੁੱਤ ਨੇ ਉਵੇਂ ਮਿਲ ਕੇ ਕੰਮ ਕੀਤਾ ਜਿਵੇਂ ਇਕ ਆਰਕੀਟੈਕਟ ਕਿਸੇ ਰਾਜ ਮਿਸਤਰੀ ਜਾਂ ਠੇਕੇਦਾਰ ਨਾਲ ਮਿਲ ਕੇ ਕੰਮ ਕਰਦਾ ਹੈ। ਰਾਜ ਮਿਸਤਰੀ, ਆਰਕੀਟੈਕਟ ਦੇ ਡੀਜ਼ਾਈਨਾਂ ਨੂੰ ਸ਼ਕਲ-ਸੂਰਤ ਦਿੰਦਾ ਹੈ। ਜਦੋਂ ਅਸੀਂ ਸ੍ਰਿਸ਼ਟੀ ਦੇ ਅਜੂਬਿਆਂ ਨੂੰ ਦੇਖਦੇ ਹਾਂ, ਤਾਂ ਅਸੀਂ ਆਪ-ਮੁਹਾਰੇ ਯਹੋਵਾਹ ਦੀ ਮਹਿਮਾ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 19:1) ਨਾਲੇ ਯਾਦ ਰੱਖੋ ਕਿ ਸਾਡੇ ਸਿਰਜਣਹਾਰ ਤੇ ਉਸ ਦੇ “ਰਾਜ ਮਿਸਤਰੀ” ਨੇ ਲੰਬੇ ਸਮੇਂ ਤੋਂ ਖ਼ੁਸ਼ੀ-ਖ਼ੁਸ਼ੀ ਇਕ-ਦੂਜੇ ਨਾਲ ਕੰਮ ਕੀਤਾ।

9 ਨਾਮੁਕੰਮਲ ਇਨਸਾਨਾਂ ਲਈ ਕਦੇ-ਕਦੇ ਇਕੱਠੇ ਮਿਲ ਕੇ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਪਰ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਇੱਦਾਂ ਨਹੀਂ ਕਿਹਾ ਜਾ ਸਕਦਾ। ਪੁੱਤਰ ਨੇ ਆਪਣੇ ਪਿਤਾ ਨਾਲ ਅਰਬਾਂ-ਖਰਬਾਂ ਸਾਲ ਕੰਮ ਕੀਤਾ ਅਤੇ ਉਸ ਨੇ “ਹਰ ਸਮੇਂ ਉਸਦੀ ਹਾਜ਼ਰੀ ਵਿੱਚ ਆਨੰਦ ਮਾਣਿਆ।” (ਕਹਾਉਤਾਂ 8:30, ERV) ਪਿਉ-ਪੁੱਤਰ ਨੂੰ ਇਕ-ਦੂਜੇ ਨਾਲ ਸਮਾਂ ਬਿਤਾ ਕੇ ਬੇਹੱਦ ਖ਼ੁਸ਼ੀ ਹੁੰਦੀ ਸੀ। ਇਸ ਤਰ੍ਹਾਂ ਪੁੱਤਰ ਹੂ-ਬਹੂ ਆਪਣੇ ਪਿਤਾ ਵਰਗਾ ਬਣਦਾ ਗਿਆ ਅਤੇ ਪਰਮੇਸ਼ੁਰ ਦੇ ਗੁਣ ਅਪਣਾਉਂਦਾ ਗਿਆ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਦੋਹਾਂ ਦਾ ਰਿਸ਼ਤਾ ਇੰਨਾ ਗੂੜ੍ਹਾ ਕਿਵੇਂ ਬਣ ਸਕਿਆ। ਸਾਰੀ ਕਾਇਨਾਤ ਵਿਚ ਇਹ ਪਿਆਰ ਦਾ ਸਭ ਤੋਂ ਮਜ਼ਬੂਤ ਤੇ ਪੁਰਾਣਾ ਬੰਧਨ ਹੈ!

w09 4/15 31 ਪੈਰਾ 14

ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਦੀ ਕਦਰ ਕਰੋ

14 ਧਰਤੀ ʼਤੇ ਸਿਰਫ਼ ਇਕ ਇਨਸਾਨ ਹੋਇਆ ਜੋ ਸੁਲੇਮਾਨ ਤੋਂ ਕਿਤੇ ਬੁੱਧੀਮਾਨ ਸੀ। ਉਹ ਸੀ ਯਿਸੂ ਮਸੀਹ ਜਿਸ ਨੇ ਆਪਣੇ ਬਾਰੇ ਕਿਹਾ ਕਿ ਉਹ ‘ਸੁਲੇਮਾਨ ਨਾਲੋਂ ਵੀ ਵੱਡਾ ਹੈ।’ (ਮੱਤੀ 12:42) ਯਿਸੂ ਨੇ “ਸਦੀਪਕ ਜੀਉਣ ਦੀਆਂ ਗੱਲਾਂ” ਦੱਸੀਆਂ। (ਯੂਹੰ. 6:68) ਮਿਸਾਲ ਲਈ, ਸੁਲੇਮਾਨ ਦੀਆਂ ਕੁਝ ਕਹਾਉਤਾਂ ਵਿਚ ਦੱਸੇ ਸਿਧਾਂਤਾਂ ਉੱਤੇ ਗੱਲ ਕਰਦੇ ਹੋਏ ਯਿਸੂ ਨੇ ਪਹਾੜੀ ਉਪਦੇਸ਼ ਵਿਚ ਹੋਰ ਇਹੋ ਜਿਹੇ ਸਿਧਾਂਤ ਦੱਸੇ। ਸੁਲੇਮਾਨ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਤੋਂ ਯਹੋਵਾਹ ਦੇ ਭਗਤਾਂ ਨੂੰ ਖ਼ੁਸ਼ੀ ਮਿਲਦੀ ਹੈ। (ਕਹਾ. 3:13; 8:32, 33; 14:21; 16:20) ਯਿਸੂ ਨੇ ਜ਼ੋਰ ਦਿੱਤਾ ਕਿ ਸੱਚੀ ਖ਼ੁਸ਼ੀ ਉਨ੍ਹਾਂ ਗੱਲਾਂ ਤੋਂ ਮਿਲਦੀ ਹੈ ਜੋ ਪਰਮੇਸ਼ੁਰ ਦੀ ਭਗਤੀ ਅਤੇ ਉਸ ਦੇ ਵਾਅਦਿਆਂ ਦੀ ਪੂਰਤੀ ਨਾਲ ਜੁੜੀਆਂ ਹੋਈਆਂ ਹਨ। ਉਸ ਨੇ ਕਿਹਾ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਿਕ ਲੋੜ ਨੂੰ ਜਾਣਦੇ ਹਨ; ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ।” (ਮੱਤੀ 5:3, CL) ਯਿਸੂ ਦੀਆਂ ਸਿੱਖਿਆਵਾਂ ਵਿਚ ਪਾਏ ਜਾਂਦੇ ਸਿਧਾਂਤਾਂ ਨੂੰ ਲਾਗੂ ਕਰਨ ਵਾਲੇ ਲੋਕ ਯਹੋਵਾਹ ਦੇ ਕਰੀਬ ਜਾ ਸਕਦੇ ਹਨ ਜੋ “ਜੀਉਣ ਦਾ ਚਸ਼ਮਾ” ਹੈ। (ਜ਼ਬੂ. 36:9; ਕਹਾ. 22:11; ਮੱਤੀ 5:8) ਮਸੀਹ “ਪਰਮੇਸ਼ੁਰ ਦਾ ਗਿਆਨ” ਯਾਨੀ ਬੁੱਧ ਹੈ। (1 ਕੁਰਿੰ. 1:24, 30) ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਿਸੂ ਮਸੀਹ ਕੋਲ ਪਰਮੇਸ਼ੁਰ ਦੀ “ਬੁੱਧ” ਹੈ।​—ਯਸਾ. 11:2.

ਹੀਰੇ-ਮੋਤੀ

g 7/14 16

‘ਬੁੱਧ ਪੁਕਾਰ ਰਹੀ ਹੈ’​—ਕੀ ਤੁਹਾਨੂੰ ਇਹ ਆਵਾਜ਼ ਸੁਣਾਈ ਦਿੰਦੀ ਹੈ?

▪ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਬਾਈਬਲ ਦੁਨੀਆਂ ਦੀ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ। ਨਾਲੇ ਹੋਰ ਕਿਸੇ ਵੀ ਕਿਤਾਬ ਨਾਲੋਂ ਬਾਈਬਲ ਦਾ ਸਭ ਤੋਂ ਜ਼ਿਆਦਾ ਵਾਰ ਅਤੇ ਸਭ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਤਰਜਮਾ ਕੀਤਾ ਗਿਆ ਹੈ।” ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 2,600 ਭਾਸ਼ਾਵਾਂ ਵਿਚ ਮਿਲ ਸਕਦੇ ਹਨ। ਇਸ ਦਾ ਮਤਲਬ ਹੈ ਕਿ ਦੁਨੀਆਂ ਦੇ 90% ਤੋਂ ਜ਼ਿਆਦਾ ਲੋਕ ਇਸ ਨੂੰ ਆਪਣੀ ਮਾਂ-ਬੋਲੀ ਵਿਚ ਪੜ੍ਹ ਸਕਦੇ ਹਨ।

▪ ਪਰ ਇਕ ਹੋਰ ਤਰੀਕੇ ਨਾਲ ਵੀ ‘ਬੁੱਧ ਹਾਕ ਮਾਰਦੀ ਹੈ।’ ਮੱਤੀ 24:14 ਵਿਚ ਅਸੀਂ ਪੜ੍ਹਦੇ ਹਾਂ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ [ਇਸ ਦੁਨੀਆਂ ਦਾ] ਅੰਤ ਆਵੇਗਾ।”

14-20 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 9

ਬੁੱਧੀਮਾਨ ਇਸਾਨ ਬਣੋ, ਨਾ ਕਿ ਮਖੌਲੀਏ

w22.02 9 ਪੈਰਾ 4

“ਬੁੱਧੀਮਾਨ ਦੀਆਂ ਗੱਲਾਂ ਸੁਣ”

4 ਜਦੋਂ ਕੋਈ ਸਾਨੂੰ ਸਲਾਹ ਦਿੰਦਾ ਹੈ, ਤਾਂ ਸ਼ਾਇਦ ਸਾਨੂੰ ਉਸ ਨੂੰ ਮੰਨਣਾ ਔਖਾ ਲੱਗੇ ਅਤੇ ਸ਼ਾਇਦ ਬੁਰਾ ਵੀ ਲੱਗੇ। ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਜਦੋਂ ਕੋਈ ਦੂਜਾ ਵਿਅਕਤੀ ਸਾਨੂੰ ਸਾਡੀ ਗ਼ਲਤੀ ਦੱਸੇ ਅਤੇ ਸਾਨੂੰ ਸਲਾਹ ਦੇਵੇ, ਤਾਂ ਸਾਨੂੰ ਸ਼ਾਇਦ ਚੰਗਾ ਨਾ ਲੱਗੇ। (ਉਪਦੇਸ਼ਕ ਦੀ ਕਿਤਾਬ 7:9 ਪੜ੍ਹੋ।) ਹੋ ਸਕਦਾ ਹੈ ਕਿ ਅਸੀਂ ਸਫ਼ਾਈ ਦੇਣ ਲੱਗ ਪਈਏ, ਸਲਾਹ ਦੇਣ ਵਾਲੇ ਦੇ ਇਰਾਦਿਆਂ ʼਤੇ ਸ਼ੱਕ ਕਰਨ ਲੱਗ ਪਈਏ ਜਾਂ ਸਾਨੂੰ ਉਸ ਦਾ ਸਲਾਹ ਦੇਣ ਦਾ ਤਰੀਕਾ ਪਸੰਦ ਨਾ ਆਵੇ। ਅਸੀਂ ਸ਼ਾਇਦ ਉਸ ਵਿਚ ਕਮੀਆਂ ਕੱਢਣ ਲੱਗ ਪਈਏ ਤੇ ਸੋਚੀਏ: ‘ਉਹ ਕੌਣ ਹੁੰਦਾ ਹੈ ਮੈਨੂੰ ਸਲਾਹ ਦੇਣ ਵਾਲਾ? ਉਹ ਆਪ ਕਿਹੜਾ ਗ਼ਲਤੀਆਂ ਨਹੀਂ ਕਰਦਾ!’ ਸਲਾਹ ਪਸੰਦ ਨਾ ਆਉਣ ਤੇ ਸ਼ਾਇਦ ਅਸੀਂ ਉਸ ਦੀ ਸਲਾਹ ਨੂੰ ਅਣਸੁਣਿਆ ਕਰ ਦੇਈਏ ਜਾਂ ਕਿਸੇ ਅਜਿਹੇ ਵਿਅਕਤੀ ਤੋਂ ਸਲਾਹ ਲਈਏ ਜੋ ਉਹੀ ਕਹੇਗਾ ਜੋ ਅਸੀਂ ਸੁਣਨਾ ਚਾਹੁੰਦੇ ਹਾਂ।

w22.02 12 ਪੈਰੇ 12-14

“ਬੁੱਧੀਮਾਨ ਦੀਆਂ ਗੱਲਾਂ ਸੁਣ”

12 ਸਲਾਹ ਮੰਨਣ ਲਈ ਨਿਮਰ ਬਣਨਾ ਬਹੁਤ ਜ਼ਰੂਰੀ ਹੈ। ਯਾਦ ਰੱਖੋ ਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਕਈ ਵਾਰ ਬਿਨਾਂ ਸੋਚੇ-ਸਮਝੇ ਕੁਝ ਵੀ ਕਰ ਦਿੰਦੇ ਹਾਂ। ਅਸੀਂ ਪਹਿਲਾਂ ਦੇਖਿਆ ਕਿ ਇਕ ਸਮੇਂ ʼਤੇ ਅੱਯੂਬ ਦੀ ਸੋਚ ਗ਼ਲਤ ਹੋ ਗਈ ਸੀ, ਪਰ ਬਾਅਦ ਵਿਚ ਉਸ ਨੇ ਆਪਣੀ ਸੋਚ ਸੁਧਾਰੀ ਅਤੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। ਉਸ ਨੇ ਆਪਣੀ ਸੋਚ ਕਿਉਂ ਬਦਲੀ? ਕਿਉਂਕਿ ਉਹ ਨਿਮਰ ਸੀ। ਚਾਹੇ ਅਲੀਹੂ ਉਮਰ ਵਿਚ ਅੱਯੂਬ ਤੋਂ ਛੋਟਾ ਸੀ, ਫਿਰ ਵੀ ਨਿਮਰ ਹੋਣ ਕਰਕੇ ਉਸ ਨੇ ਅਲੀਹੂ ਦੀ ਸਲਾਹ ਮੰਨੀ। (ਅੱਯੂ. 32:6, 7) ਹੋ ਸਕਦਾ ਹੈ ਕਿ ਕਈ ਵਾਰ ਸਾਨੂੰ ਲੱਗੇ ਕਿ ਸਾਨੂੰ ਬਿਨਾਂ ਵਜ੍ਹਾ ਸਲਾਹ ਦਿੱਤੀ ਜਾ ਰਹੀ ਹੈ ਜਾਂ ਕੋਈ ਅਜਿਹਾ ਵਿਅਕਤੀ ਸਾਨੂੰ ਸਲਾਹ ਦੇ ਰਿਹਾ ਜੋ ਸਾਡੇ ਤੋਂ ਉਮਰ ਵਿਚ ਛੋਟਾ ਹੈ। ਉਸ ਸਮੇਂ ਜੇ ਅਸੀਂ ਨਿਮਰ ਰਹਾਂਗੇ, ਤਾਂ ਹੀ ਅਸੀਂ ਸਲਾਹ ਮੰਨ ਸਕਾਂਗੇ। ਕੈਨੇਡਾ ਵਿਚ ਰਹਿਣ ਵਾਲਾ ਇਕ ਬਜ਼ੁਰਗ ਕਹਿੰਦਾ ਹੈ: “ਸ਼ਾਇਦ ਸਾਨੂੰ ਆਪਣੇ ਆਪ ਵਿਚ ਉਹ ਗੱਲਾਂ ਨਜ਼ਰ ਨਾ ਆਉਣ ਜੋ ਦੂਜੇ ਸਾਡੇ ਵਿਚ ਦੇਖ ਸਕਦੇ ਹਨ, ਇਸ ਲਈ ਦੂਜਿਆਂ ਦੀ ਸਲਾਹ ਤੋਂ ਬਿਨਾਂ ਸਾਡੇ ਲਈ ਤਰੱਕੀ ਕਰਨੀ ਔਖੀ ਹੋ ਸਕਦੀ ਹੈ।” ਅਸੀਂ ਸਾਰੇ ਜਣੇ ਆਪਣੇ ਵਿਚ ਪਵਿੱਤਰ ਸ਼ਕਤੀ ਦੇ ਗੁਣ ਵਧਾਉਂਦੇ ਰਹਿਣਾ ਚਾਹੁੰਦੇ ਹਾਂ ਅਤੇ ਖ਼ੁਸ਼ ਖ਼ਬਰੀ ਦੇ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਸਲਾਹ ਦੀ ਲੋੜ ਹੈ।​—ਜ਼ਬੂਰ 141:5 ਪੜ੍ਹੋ।

13 ਸਲਾਹ ਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਸਮਝੋ। ਯਹੋਵਾਹ ਸਾਡੀ ਭਲਾਈ ਚਾਹੁੰਦਾ ਹੈ। (ਕਹਾ. 4:20-22) ਉਹ ਆਪਣੇ ਬਚਨ, ਬਾਈਬਲ ਆਧਾਰਿਤ ਪ੍ਰਕਾਸ਼ਨਾਂ ਜਾਂ ਕਿਸੇ ਸਮਝਦਾਰ ਮਸੀਹੀ ਰਾਹੀਂ ਸਲਾਹ ਦੇ ਕੇ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। ਇਬਰਾਨੀਆਂ 12:9, 10 ਵਿਚ ਕਿਹਾ ਗਿਆ ਹੈ: “ਪਰਮੇਸ਼ੁਰ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ।”

14 ਸਲਾਹ ਵੱਲ ਧਿਆਨ ਦਿਓ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ। ਬਿਨਾਂ ਸ਼ੱਕ, ਸਲਾਹ ਦੇਣ ਵਾਲੇ ਨੂੰ ਇਸ ਤਰੀਕੇ ਨਾਲ ਸਲਾਹ ਦੇਣੀ ਚਾਹੀਦੀ ਹੈ ਕਿ ਸੁਣਨ ਵਾਲਾ ਸੌਖਿਆਂ ਹੀ ਇਸ ਨੂੰ ਮੰਨ ਲਵੇ। (ਗਲਾ. 6:1) ਕਈ ਵਾਰ ਸ਼ਾਇਦ ਸਾਨੂੰ ਕਿਸੇ ਦਾ ਸਲਾਹ ਦੇਣ ਦਾ ਤਰੀਕਾ ਵਧੀਆ ਨਾ ਲੱਗੇ। ਪਰ ਉਸ ਵੇਲੇ ਚੰਗਾ ਹੋਵੇਗਾ ਕਿ ਅਸੀਂ ਸਲਾਹ ਵੱਲ ਧਿਆਨ ਦੇਈਏ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ। ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਭਾਵੇਂ ਮੈਨੂੰ ਉਸ ਦਾ ਸਲਾਹ ਦੇਣ ਦਾ ਤਰੀਕਾ ਬਿਲਕੁਲ ਵੀ ਵਧੀਆ ਨਹੀਂ ਲੱਗਾ, ਪਰ ਕੀ ਉਸ ਦੀ ਸਲਾਹ ਸਹੀ ਹੈ? ਕੀ ਮੈਂ ਉਸ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਸਲਾਹ ਮੰਨ ਸਕਦਾ ਹਾਂ?’ ਸਾਡੇ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਸੋਚੀਏ ਕਿ ਸਲਾਹ ਮੰਨਣ ਨਾਲ ਸਾਨੂੰ ਕਿੰਨਾ ਫ਼ਾਇਦਾ ਹੋਵੇਗਾ!​—ਕਹਾ. 15:31.

w01 5/15 30 ਪੈਰੇ 1-2

‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’

ਮਖੌਲੀਏ ਤੋਂ ਉਲਟ, ਇਕ ਬੁੱਧਵਾਨ ਬੰਦਾ ਤਾੜਨਾ ਨੂੰ ਕਬੂਲ ਕਰਦਾ ਹੈ। ਸੁਲੇਮਾਨ ਨੇ ਇਸ ਬਾਰੇ ਕਿਹਾ: “ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਵੀ ਬੁੱਧਵਾਨ ਹੋਵੇਗਾ।” (ਕਹਾਉਤਾਂ 9:8ਅ, 9ੳ) ਬੁੱਧਵਾਨ ਬੰਦਾ ਜਾਣਦਾ ਹੈ ਕਿ “ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਭਾਵੇਂ ਕਿ ਤਾੜਨਾ ਮਿਲਣ ਕਰਕੇ ਸਾਨੂੰ ਦੁੱਖ ਲੱਗਦਾ ਹੈ, ਪਰ ਜੇਕਰ ਉਸ ਨੂੰ ਕਬੂਲ ਕਰਨ ਨਾਲ ਅਸੀਂ ਬੁੱਧਵਾਨ ਬਣ ਜਾਵਾਂਗੇ, ਤਾਂ ਬਦਲਾ ਲੈਣ ਜਾਂ ਬਹਾਨੇ ਬਣਾਉਣ ਦੀ ਬਜਾਇ ਅਸੀਂ ਉਸ ਨੂੰ ਮਨਜ਼ੂਰ ਕਿਉਂ ਨਾ ਕਰ ਲਈਏ।

ਬੁੱਧਵਾਨ ਪਾਤਸ਼ਾਹ ਅੱਗੇ ਕਹਿੰਦਾ ਹੈ: “ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ।” (ਕਹਾਉਤਾਂ 9:9ਅ) ਕੋਈ ਵੀ ਵਿਅਕਤੀ ਨਾ ਹੀ ਇੰਨਾ ਬੁੱਧਵਾਨ ਹੈ ਅਤੇ ਨਾ ਹੀ ਇੰਨਾ ਬੁੱਢਾ ਹੈ ਕਿ ਉਹ ਹੋਰ ਸਿੱਖਿਆ ਨਹੀਂ ਲੈ ਸਕਦਾ। ਜਦੋਂ ਅਸੀਂ ਬੜੀ ਵੱਡੀ ਉਮਰ ਦੇ ਬੰਦਿਆਂ ਨੂੰ ਵੀ ਸੱਚਾਈ ਸਿੱਖ ਕੇ ਯਹੋਵਾਹ ਨੂੰ ਸਮਰਪਿਤ ਹੁੰਦੇ ਦੇਖਦੇ ਹਾਂ, ਤਾਂ ਸਾਡਾ ਜੀਅ ਕਿੰਨਾ ਖ਼ੁਸ਼ ਹੁੰਦਾ ਹੈ! ਆਓ ਆਪਾਂ ਨਵੀਂਆਂ-ਨਵੀਂਆਂ ਚੀਜ਼ਾਂ ਸਿੱਖਣ ਲਈ ਤਿਆਰ ਰਹਿ ਕੇ ਆਪਣੇ ਦਿਮਾਗ਼ਾਂ ਨੂੰ ਚੁਸਤ ਰੱਖੀਏ।

w01 5/15 30 ਪੈਰਾ 5

‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’

ਬੁੱਧ ਹਾਸਲ ਕਰਨੀ ਸਾਡੀ ਆਪਣੀ ਜ਼ਿੰਮੇਵਾਰੀ ਹੈ। ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਸੁਲੇਮਾਨ ਨੇ ਲਿਖਿਆ: “ਜੇ ਤੂੰ ਬੁੱਧਵਾਨ ਹੈਂ ਤਾਂ ਤੂੰ ਆਪਣੇ ਲਈ ਬੁੱਧਵਾਨ ਹੈਂ, ਪਰ ਜੇ ਤੂੰ ਮਖੌਲੀਆ ਹੈਂ ਤਾਂ ਤੂੰ ਇਕੱਲਾ ਹੀ ਉਹ ਨੂੰ ਚੁੱਕੇਂਗਾ।” (ਕਹਾਉਤਾਂ 9:12) ਬੁੱਧਵਾਨ ਆਪਣੇ ਫ਼ਾਇਦੇ ਵਾਸਤੇ ਬੁੱਧਵਾਨ ਬਣਦਾ ਹੈ, ਅਤੇ ਮਖੌਲੀਏ ਦਾ ਦੁੱਖ ਉਸ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਇਹ ਬਿਲਕੁਲ ਸੱਚ ਹੈ ਕਿ ਅਸੀਂ ਜੋ ਕੁਝ ਬੀਜਦੇ ਹਾਂ ਸੋਈਓ ਵੱਢਦੇ ਹਾਂ। ਇਸ ਕਰਕੇ ਆਓ ਆਪਾਂ ‘ਬੁੱਧ ਵੱਲ ਕੰਨ ਲਾਈਏ।’​—ਕਹਾਉਤਾਂ 2:2.

ਹੀਰੇ-ਮੋਤੀ

w23.06 22-23 ਪੈਰੇ 9-10

9 ਸਾਨੂੰ ਕਈ ਚੰਗੇ ਕਾਰਨਾਂ ਕਰਕੇ ਗੰਦੇ ਚਾਲ-ਚਲਣ ਅਤੇ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ। “ਮੂਰਖ ਔਰਤ” ਕਹਿੰਦੀ ਹੈ: “ਚੋਰੀ ਦਾ ਪਾਣੀ ਮਿੱਠਾ ਹੈ।” “ਚੋਰੀ ਦਾ ਪਾਣੀ” ਕੀ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਵਿਆਹੁਤਾ ਜੋੜਿਆਂ ਵਿਚ ਸਰੀਰਕ ਸੰਬੰਧ ਤਾਜ਼ਗੀ ਦੇਣ ਵਾਲੇ ਪਾਣੀ ਵਾਂਗ ਹੈ। (ਕਹਾ. 5:15-18) ਜਿਸ ਆਦਮੀ ਤੇ ਔਰਤ ਦਾ ਕਾਨੂੰਨੀ ਤੌਰ ਤੇ ਵਿਆਹ ਹੋਇਆ ਹੁੰਦਾ ਹੈ, ਸਿਰਫ਼ ਉਹੀ ਇਕ-ਦੂਜੇ ਨਾਲ ਸਰੀਰਕ ਸੰਬੰਧ ਬਣਾ ਸਕਦੇ ਹਨ। ਪਰ ਇਹ ‘ਚੋਰੀ ਦੇ ਪਾਣੀ’ ਨਾਲੋਂ ਕਿਵੇਂ ਵੱਖਰਾ ਹੈ? “ਚੋਰੀ ਦਾ ਪਾਣੀ” ਵਿਆਹ ਤੋਂ ਬਗੈਰ ਜਾਂ ਨਾਜਾਇਜ਼ ਸਰੀਰਕ ਸੰਬੰਧਾਂ ਨੂੰ ਦਰਸਾ ਸਕਦਾ ਹੈ। ਜਿਵੇਂ ਚੋਰ ਅਕਸਰ ਲੁਕ-ਛਿਪ ਕੇ ਚੋਰੀ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਨਾਜਾਇਜ਼ ਸੰਬੰਧ ਵੀ ਲੁਕ-ਛਿਪ ਕੇ ਬਣਾਏ ਜਾਂਦੇ ਹਨ। “ਚੋਰੀ ਦਾ ਪਾਣੀ” ਸ਼ਾਇਦ ਉਨ੍ਹਾਂ ਨੂੰ ਮਿੱਠਾ ਲੱਗਦਾ ਹੈ ਜੋ ਸੋਚਦੇ ਹਨ ਕਿ ਉਨ੍ਹਾਂ ਦੇ ਪਾਪ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਪਰ ਇੱਦਾਂ ਸੋਚ ਕੇ ਉਹ ਆਪਣੇ ਆਪ ਨੂੰ ਕਿੰਨਾ ਵੱਡਾ ਧੋਖਾ ਦੇ ਰਹੇ ਹੁੰਦੇ ਹਨ! ਕਿਉਂ? ਕਿਉਂਕਿ ਯਹੋਵਾਹ ਸਾਰਾ ਕੁਝ ਦੇਖਦਾ ਹੈ। ਜੇ ਅਸੀਂ ਯਹੋਵਾਹ ਦੀ ਮਿਹਰ ਗੁਆ ਬੈਠੀਏ, ਤਾਂ ਇਸ ਨਾਲੋਂ ਕੌੜਾ ਹੋਰ ਕੀ ਹੋ ਸਕਦਾ ਹੈ? ਉਸ ਦੀ ਮਿਹਰ ਗੁਆ ਬੈਠਣਾ “ਮਿੱਠਾ” ਹੋ ਹੀ ਨਹੀਂ ਸਕਦਾ। (1 ਕੁਰਿੰ. 6:9, 10) ਪਰ ਇਸ ਦੇ ਹੋਰ ਵੀ ਬੁਰੇ ਅੰਜਾਮ ਭੁਗਤਣੇ ਪੈਂਦੇ ਹਨ।

10 ਹਰਾਮਕਾਰੀ ਕਰਨ ਕਰਕੇ ਸ਼ਰਮਿੰਦਗੀ ਹੋ ਸਕਦੀ ਹੈ, ਇਕ ਵਿਅਕਤੀ ਆਪਣੀਆਂ ਹੀ ਨਜ਼ਰਾਂ ਵਿਚ ਡਿਗ ਸਕਦਾ ਹੈ, ਅਣਚਾਹਿਆ ਗਰਭ ਠਹਿਰ ਸਕਦਾ ਹੈ ਅਤੇ ਪਰਿਵਾਰ ਟੁੱਟ ਸਕਦੇ ਹਨ। ਯਹੋਵਾਹ ਨਾਲ ਦੋਸਤੀ ਟੁੱਟਣ ਦੇ ਨਾਲ-ਨਾਲ ਨਾਜਾਇਜ਼ ਸੰਬੰਧ ਬਣਾਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਕਰਕੇ ਉਹ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੂਰਖ ਔਰਤ ਦੇ “ਘਰ” ਨਾ ਜਾਣਾ ਅਤੇ ਉੱਥੇ ਰੋਟੀ ਨਾ ਖਾਣੀ ਹੀ ਬੁੱਧੀਮਾਨੀ ਵਾਲਾ ਫ਼ੈਸਲਾ ਹੈ। (ਕਹਾ. 7:23, 26) ਅਧਿਆਇ 9 ਦੀ 18ਵੀਂ ਆਇਤ ਦੱਸਦੀ ਹੈ: “ਉਸ ਦੇ ਮਹਿਮਾਨ ਕਬਰ ਦੀਆਂ ਡੂੰਘਾਈਆਂ ਵਿਚ ਹਨ।” ਪਰ ਫਿਰ ਵੀ ਬਹੁਤ ਸਾਰੇ ਲੋਕ ਉਸ ਦੇ ਸੱਦੇ ਨੂੰ ਕਬੂਲ ਕਰ ਕੇ ਆਪਣੇ ਗਲ਼ ਆਫ਼ਤਾਂ ਦਾ ਫੰਦਾ ਕਿਉਂ ਪਾ ਲੈਂਦੇ ਹਨ?​—ਕਹਾ. 9:13-18.

21-27 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 10

ਸੱਚ-ਮੁੱਚ ਅਮੀਰ ਹੋਣ ਲਈ ਕੀ ਜ਼ਰੂਰੀ ਹੈ?

w01 7/15 25 ਪੈਰੇ 1-3

‘ਧਰਮੀ ਨੂੰ ਅਸੀਸਾਂ ਮਿਲਦੀਆਂ ਹਨ’

ਧਰਮੀ ਇਨਸਾਨ ਨੂੰ ਇਕ ਹੋਰ ਤਰੀਕੇ ਵਿਚ ਵੀ ਅਸੀਸ ਮਿਲਦੀ ਹੈ। “ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ। ਜਿਹੜਾ ਉਨ੍ਹਾਲ ਵਿੱਚ ਇਕੱਠਿਆਂ ਕਰਦਾ ਹੈ ਉਹ ਸਿਆਣਾ ਪੁੱਤ੍ਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੌਂ ਰਹਿੰਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤ੍ਰ ਹੈ।”​—ਕਹਾਉਤਾਂ 10:4, 5.

ਰਾਜੇ ਦੇ ਸ਼ਬਦ ਵਾਢੀ ਵੱਢਣ ਵਾਲਿਆਂ ਲਈ ਖ਼ਾਸ ਤੌਰ ਤੇ ਮਹੱਤਤਾ ਰੱਖਦੇ ਹਨ। ਵਾਢੀ ਦਾ ਵੇਲਾ ਸੌਣ ਦਾ ਵੇਲਾ ਨਹੀਂ ਹੁੰਦਾ। ਉਸ ਵੇਲੇ ਸਵੇਰ ਤੋਂ ਸ਼ਾਮ ਤਕ ਮਿਹਨਤ ਦੀ ਬਹੁਤ ਜ਼ਰੂਰਤ ਹੁੰਦੀ ਹੈ।

ਯਿਸੂ ਦਾਣਿਆਂ ਦੀ ਵਾਢੀ ਨਹੀਂ, ਪਰ ਲੋਕਾਂ ਦੀ ਵਾਢੀ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ “ਇਸ ਲਈ ਤੁਸੀਂ ਖੇਤੀ ਦੇ ਮਾਲਕ [ਯਾਨੀ ਯਹੋਵਾਹ ਪਰਮੇਸ਼ੁਰ] ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:35-38) ਪਿੱਛਲੇ ਸਾਲ ਇਕ ਕਰੋੜ ਚਾਲੀ ਲੱਖ ਲੋਕ ਯਿਸੂ ਦੀ ਮੌਤ ਦੇ ਸਮਾਰਕ ਤੇ ਹਾਜ਼ਰ ਹੋਏ। ਇਹ ਗਿਣਤੀ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਨਾਲੋਂ ਦੁਗਣੀ ਹੈ। ਫਿਰ ਕੀ ‘ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ’ ਨਹੀਂ ਹੋ ਗਈਆਂ? (ਯੂਹੰਨਾ 4:35) ਸੱਚੇ ਭਗਤ ਮਾਲਕ ਤੋਂ ਹੋਰ ਵਾਢਿਆਂ ਲਈ ਬੇਨਤੀ ਕਰਦੇ ਹਨ। ਨਾਲੋਂ-ਨਾਲ ਉਹ ਆਪਣੀਆਂ ਬੇਨਤੀਆਂ ਦੇ ਅਨੁਸਾਰ ਚੇਲੇ ਬਣਾਉਣ ਦੇ ਕੰਮ ਵਿਚ ਮਿਹਨਤ ਕਰਦੇ ਰਹਿੰਦੇ ਹਨ। (ਮੱਤੀ 28:19, 20) ਯਹੋਵਾਹ ਨੇ ਉਨ੍ਹਾਂ ਦੇ ਜਤਨਾਂ ਉੱਤੇ ਕਿੰਨੀ ਬਰਕਤ ਪਾਈ ਹੈ! ਪਿੱਛਲੇ ਸਾਲ ਦੌਰਾਨ, 2,80,000 ਨਵੇਂ ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ ਸੀ। ਉਹ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਉਮੀਦ ਹੈ ਕਿ ਸਾਨੂੰ ਵੀ ਵਾਢੀ ਦੀ ਰੁੱਤ ਵਿਚ ਆਨੰਦ ਮਿਲੇਗਾ ਜਿਉਂ-ਜਿਉਂ ਅਸੀਂ ਚੇਲੇ ਬਣਾਉਣ ਦੇ ਇਸ ਕੰਮ ਵਿਚ ਪੂਰਾ ਹਿੱਸਾ ਲੈਂਦੇ ਹਾਂ।

w01 9/15 24 ਪੈਰੇ 3-4

‘ਸਿੱਧੇ ਮਾਰਗ’ ਉੱਤੇ ਚੱਲੋ

ਸੁਲੇਮਾਨ ਨੇ ਧਰਮ ਦੇ ਗੁਣ ਦੀ ਜ਼ਰੂਰਤ ਵੱਲ ਧਿਆਨ ਖਿੱਚਿਆ। ਉਹ ਨੇ ਕਿਹਾ ਕਿ “ਧਨੀ ਦਾ ਧਨ ਉਹ ਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦਾ ਵਿਨਾਸ ਓਹਨਾਂ ਦੀ ਥੁੜੋਂ ਹੈ। ਧਰਮੀ ਦੀ ਮਿਹਨਤ ਜੀਉਣ ਲਈ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ।”​—ਕਹਾਉਤਾਂ 10:15, 16.

ਜ਼ਿੰਦਗੀ ਵਿਚ ਕਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਜੇ ਸਾਡੇ ਕੋਲ ਕੁਝ ਪੈਸਾ ਹੋਵੇ ਤਾਂ ਇਸ ਨਾਲ ਸਾਨੂੰ ਸੁਰੱਖਿਆ ਮਿਲ ਸਕਦੀ ਹੈ, ਜਿਸ ਤਰ੍ਹਾਂ ਕਿਸੇ ਹੱਦ ਤਕ ਇਕ ਨਗਰ ਆਪਣੇ ਵਾਸੀਆਂ ਦੀ ਸੁਰੱਖਿਆ ਕਰਦਾ ਹੈ। ਦੂਜੇ ਹੱਥ, ਹਾਲਾਤ ਬਦਲ ਜਾਣ ਤੇ ਗ਼ਰੀਬੀ ਸਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ! (ਉਪਦੇਸ਼ਕ ਦੀ ਪੋਥੀ 7:12) ਪਰ ਹੋ ਸਕਦਾ ਹੈ ਕਿ ਬੁੱਧਵਾਨ ਰਾਜਾ ਸੁਲੇਮਾਨ ਅਮੀਰੀ ਅਤੇ ਗ਼ਰੀਬੀ ਦੋਹਾਂ ਦੇ ਖ਼ਤਰਿਆਂ ਬਾਰੇ ਗੱਲ ਕਰ ਰਿਹਾ ਸੀ। ਇਕ ਅਮੀਰ ਬੰਦਾ ਸ਼ਾਇਦ ਆਪਣੀ ਧਨ-ਦੌਲਤ ਵਿਚ ਪੂਰਾ ਭਰੋਸਾ ਰੱਖਦਾ ਹੋਵੇ। ਉਹ ਸ਼ਾਇਦ ਸੋਚਦਾ ਹੋਵੇ ਕਿ ਉਸ ਦੀਆਂ ਕੀਮਤੀ ਚੀਜ਼ਾਂ “ਉੱਚੀ ਸ਼ਹਿਰ ਪਨਾਹ ਵਾਂਙੁ” ਹਨ। (ਕਹਾਉਤਾਂ 18:11) ਇਕ ਗ਼ਰੀਬ ਬੰਦਾ ਸ਼ਾਇਦ ਸੋਚਦਾ ਹੋਵੇ ਕਿ ਗ਼ਰੀਬੀ ਕਾਰਨ ਉਸ ਦਾ ਭਵਿੱਖ ਨਿਕੰਮਾ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਚੰਗੀ ਨੇਕਨਾਮੀ ਨਹੀਂ ਖੱਟਦੇ।

it-1 340

ਬਰਕਤ

ਜੋ ਬਰਕਤਾਂ ਯਹੋਵਾਹ ਇਨਸਾਨਾਂ ਨੂੰ ਦਿੰਦਾ ਹੈ। “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਹ ਇਸ ਨਾਲ ਕੋਈ ਸੋਗ ਨਹੀਂ ਮਿਲਾਉਂਦਾ।” (ਕਹਾ 10:22) ਯਹੋਵਾਹ ਜਿਨ੍ਹਾਂ ਨੂੰ ਮਨਜ਼ੂਰ ਕਰਦਾ ਹੈ ਉਨ੍ਹਾਂ ਨੂੰ ਬਰਕਤ ਦਿੰਦਾ ਹੈ। ਉਹ ਉਨ੍ਹਾਂ ਦੀ ਰਾਖੀ ਕਰਦਾ ਹੈ, ਉਨ੍ਹਾਂ ਨੂੰ ਰਾਹ ਦਿਖਾਉਂਦਾ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਅਤੇ ਸਫ਼ਲ ਹੋਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਯਹੋਵਾਹ ਦੀ ਬਰਕਤ ਨਾਲ ਇਨਸਾਨਾਂ ਨੂੰ ਫ਼ਾਇਦਾ ਹੁੰਦਾ ਹੈ।

ਹੀਰੇ-ਮੋਤੀ

w06 5/15 30 ਪੈਰਾ 18

ਸੱਚਾਈ ਨਾਲ ਚੱਲਣ ਦੀਆਂ ਖ਼ੁਸ਼ੀਆਂ

18 “ਯਹੋਵਾਹ ਦੀ ਬਰਕਤ” ਕਾਰਨ ਹੀ ਉਸ ਦੇ ਲੋਕ ਖ਼ੁਸ਼ਹਾਲ ਹਨ ਅਤੇ “ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾਉਤਾਂ 10:22) ਪਰ ਜੇ ਇਹ ਗੱਲ ਹੈ, ਤਾਂ ਫਿਰ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਇੰਨੀਆਂ ਮੁਸੀਬਤਾਂ ਕਿਉਂ ਆਉਂਦੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਦੁੱਖ ਸਹਿਣੇ ਪੈਂਦੇ ਹਨ? ਮੁਸ਼ਕਲਾਂ ਤੇ ਦੁੱਖ-ਤਕਲੀਫ਼ਾਂ ਦੇ ਤਿੰਨ ਕਾਰਨ ਹਨ। (1) ਅਸੀਂ ਗ਼ਲਤੀਆਂ ਦੇ ਪੁਤਲੇ ਹਾਂ। (ਉਤਪਤ 6:5; 8:21; ਯਾਕੂਬ 1:14, 15) (2) ਸ਼ਤਾਨ ਅਤੇ ਉਸ ਦੇ ਬੁਰੇ ਦੂਤ। (ਅਫ਼ਸੀਆਂ 6:11, 12) (3) ਇਹ ਦੁਸ਼ਟ ਦੁਨੀਆਂ। (ਯੂਹੰਨਾ 15:19) ਯਹੋਵਾਹ ਸਾਡੇ ਉੱਤੇ ਦੁੱਖ ਆਉਣ ਜ਼ਰੂਰ ਦਿੰਦਾ ਹੈ, ਪਰ ਉਹ ਇਨ੍ਹਾਂ ਲਈ ਜ਼ਿੰਮੇਵਾਰ ਨਹੀਂ ਹੈ। ਇਸ ਦੀ ਬਜਾਇ, “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।” (ਯਾਕੂਬ 1:17) ਯਹੋਵਾਹ ਦੀਆਂ ਬਰਕਤਾਂ ਸਾਡੀ ਜ਼ਿੰਦਗੀ ਵਿਚ ਕਦੀ ਵੀ ਦੁੱਖ ਨਹੀਂ ਲਿਆਉਂਦੀਆਂ।

28 ਅਪ੍ਰੈਲ–4 ਮਈ

ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 11

ਜ਼ਬਾਨ ʼਤੇ ਲਗਾਮ ਪਾਓ

w02 5/15 26 ਪੈਰਾ 4

ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ

ਨੇਕ ਲੋਕਾਂ ਦੀ ਖਰਿਆਈ ਦਾ ਅਤੇ ਦੁਸ਼ਟ ਲੋਕਾਂ ਦੀ ਬੁਰਾਈ ਦਾ ਦੂਸਰਿਆਂ ਉੱਤੇ ਅਸਰ ਪੈਂਦਾ ਹੈ। ਇਸਰਾਏਲ ਦੇ ਰਾਜੇ ਨੇ ਕਿਹਾ: “ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।” (ਕਹਾਉਤਾਂ 11:9) ਕੌਣ ਇਸ ਗੱਲ ਦਾ ਇਨਕਾਰ ਕਰ ਸਕਦਾ ਹੈ ਕਿ ਤੁਹਮਤ ਲਾਉਣੀ, ਚੁਗ਼ਲੀਆਂ ਕਰਨੀਆਂ, ਅਤੇ ਫਜ਼ੂਲ ਗੱਲਾਂ ਕਰਨੀਆਂ ਦੂਸਰਿਆਂ ਦਾ ਨੁਕਸਾਨ ਕਰ ਸਕਦੀਆਂ ਹਨ? ਦੂਜੇ ਪਾਸੇ ਧਰਮੀ ਇਨਸਾਨ ਦੀ ਬੋਲੀ ਪਵਿੱਤਰ ਹੁੰਦੀ ਹੈ ਅਤੇ ਉਹ ਸੋਚ-ਸਮਝ ਕੇ ਬੋਲਦਾ ਹੈ। ਗਿਆਨ ਉਸ ਨੂੰ ਛੁਡਾਉਂਦਾ ਹੈ ਕਿਉਂਕਿ ਉਸ ਵਿਚ ਖਰਿਆਈ ਦਾ ਗੁਣ ਸਬੂਤ ਦਿੰਦਾ ਹੈ ਕਿ ਉਸ ਉੱਤੇ ਦੋਸ਼ ਲਾਉਣ ਵਾਲੇ ਝੂਠ ਬੋਲ ਰਹੇ ਹਨ।

w02 5/15 27 ਪੈਰੇ 3-4

ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ

ਨਗਰ ਦੇ ਨੇਕ ਵਾਸੀ ਸੁਖ-ਸ਼ਾਂਤੀ ਫੈਲਾਉਂਦੇ ਹਨ ਅਤੇ ਬਾਕੀ ਲੋਕਾਂ ਦਾ ਹੌਸਲਾ ਵਧਾਉਂਦੇ ਹਨ। ਇਸ ਤਰ੍ਹਾਂ ਨਗਰ ਦਾ ਵਾਧਾ ਹੁੰਦਾ ਹੈ। ਜਿਹੜੇ ਲੋਕ ਤੁਹਮਤ-ਭਰੀਆਂ, ਦੁਖਦਾਇਕ, ਅਤੇ ਗ਼ਲਤ ਗੱਲਾਂ ਕਰਦੇ ਹਨ ਉਹ ਗੜਬੜ, ਉਦਾਸੀ, ਫੁੱਟ, ਅਤੇ ਮੁਸੀਬਤ ਪੈਦਾ ਕਰਦੇ ਹਨ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਇਨ੍ਹਾਂ ਲੋਕਾਂ ਦੀ ਕੋਈ ਉੱਚੀ ਪਦਵੀ ਹੁੰਦੀ ਹੈ। ਅਜਿਹੇ ਨਗਰ ਵਿਚ ਗੜਬੜ, ਵਿਗਾੜ, ਅਨੈਤਿਕਤਾ, ਅਤੇ ਸ਼ਾਇਦ ਮਾਲੀ ਨੁਕਸਾਨ ਵੀ ਹੋਵੇ।

ਕਹਾਉਤਾਂ 11:11 ਦਾ ਅਸੂਲ ਯਹੋਵਾਹ ਦੇ ਲੋਕਾਂ ਉੱਤੇ ਵੀ ਲਾਗੂ ਹੁੰਦਾ ਹੈ ਕਿਉਂਕਿ ਉਹ ਨਗਰ ਵਰਗੀਆਂ ਕਲੀਸਿਯਾਵਾਂ ਵਿਚ ਇਕ ਦੂਜੇ ਨਾਲ ਸੰਗਤ ਕਰਦੇ ਹਨ। ਉਨ੍ਹਾਂ ਕਲੀਸਿਯਾਵਾਂ ਵਿਚ ਜਿੱਥੇ ਧਰਮੀ ਲੋਕ ਵੱਸਦੇ ਹਨ ਅਤੇ ਖਰਿਆਈ ਨੇਕ ਲੋਕਾਂ ਦੀ ਅਗਵਾਈ ਕਰਦੀ ਹੈ, ਉੱਥੇ ਲੋਕ ਖ਼ੁਸ਼ ਤੇ ਵਿਅਸਤ ਹੁੰਦੇ ਹਨ, ਅਤੇ ਦੂਸਰਿਆਂ ਦੀ ਮਦਦ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਯਹੋਵਾਹ ਅਜਿਹੀਆਂ ਕਲੀਸਿਯਾਵਾਂ ਨੂੰ ਬਰਕਤ ਦਿੰਦਾ ਹੈ ਅਤੇ ਉਹ ਰੂਹਾਨੀ ਤੌਰ ਤੇ ਮਜ਼ਬੂਤ ਹੁੰਦੀਆਂ ਹਨ। ਜਿਹੜੇ ਕੁਝ ਲੋਕ ਸ਼ਾਇਦ ਅਸੰਤੁਸ਼ਟ ਹੋਣ, ਦੂਸਰਿਆਂ ਵਿਚ ਨੁਕਸ ਕੱਢਣ, ਅਤੇ ਬੁੜ-ਬੁੜ ਕਰਨ, ਉਹ “ਕੁੜੱਤਣ ਦੀ ਜੜ੍ਹ” ਵਰਗੇ ਹਨ ਜੋ ਫੈਲ ਕੇ ਹੋਰਨਾਂ ਵਿਚ ਵੀ ਜ਼ਹਿਰ ਭਰ ਸਕਦੇ ਹਨ। (ਇਬਰਾਨੀਆਂ 12:15) ਕਈ ਵਾਰ ਅਜਿਹੇ ਲੋਕ ਅਧਿਕਾਰ ਅਤੇ ਆਪਣੀ ਵਡਿਆਈ ਚਾਹੁੰਦੇ ਹਨ। ਉਹ ਝੂਠ ਫੈਲਾਉਂਦੇ ਹਨ ਕਿ ਕਲੀਸਿਯਾ ਵਿਚ ਬਜ਼ੁਰਗ ਬੇਇਨਸਾਫ਼ੀ, ਪੱਖ-ਪਾਤ, ਅਤੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਉਨ੍ਹਾਂ ਦੀਆਂ ਗੱਲਾਂ ਕਲੀਸਿਯਾ ਵਿਚ ਫੁੱਟ ਪਾ ਸਕਦੀਆਂ ਹਨ। ਸਾਨੂੰ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਨਹੀਂ ਚਾਹੀਦੀਆਂ ਪਰ ਸਾਨੂੰ ਕਲੀਸਿਯਾ ਵਿਚ ਸ਼ਾਂਤੀ ਅਤੇ ਏਕਤਾ ਵਧਾਉਂਦੇ ਹੋਏ ਰੂਹਾਨੀ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।   

w02 5/15 27 ਪੈਰਾ 6

ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ

“ਨਿਰਬੁੱਧ” ਇਨਸਾਨ ਬਿਨਾਂ ਸੋਚੇ-ਸਮਝੇ ਕਿੰਨਾ ਨੁਕਸਾਨ ਕਰ ਸਕਦਾ ਹੈ! ਉਹ ਬਕਵਾਸ ਕਰ ਕੇ ਤੁਹਮਤ ਲਾਉਂਦਾ ਹੈ ਅਤੇ ਗਾਲ੍ਹਾਂ ਕੱਢਦਾ ਹੈ। ਬਜ਼ੁਰਗਾਂ ਨੂੰ ਅਜਿਹੇ ਬੁਰੇ ਅਸਰਾਂ ਨੂੰ ਜਲਦੀ ਖ਼ਤਮ ਕਰਨ ਦੀ ਲੋੜ ਹੈ। “ਨਿਰਬੁੱਧ” ਤੋਂ ਉਲਟ ਬੁੱਧਵਾਨ ਜਾਣਦਾ ਹੈ ਕਿ ਉਸ ਨੂੰ ਚੁੱਪ ਕਦੋਂ ਰਹਿਣਾ ਚਾਹੀਦਾ ਹੈ। ਉਹ ਕਿਸੇ ਦੀ ਗੱਲ ਦਾ ਭੇਤ ਨਹੀਂ ਦੱਸਦਾ। ਉਹ ਇਹ ਵੀ ਜਾਣਦਾ ਹੈ ਕਿ ਬੇਲਗਾਮ ਜ਼ਬਾਨ ਬਹੁਤ ਨੁਕਸਾਨ ਕਰ ਸਕਦੀ ਹੈ, ਇਸ ਲਈ ਉਹ “ਮਾਤਬਰ ਰੂਹ ਵਾਲਾ” ਹੁੰਦਾ ਹੈ। ਉਹ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ ਅਤੇ ਉਹ ਅਜਿਹੀ ਕੋਈ ਗੱਲ ਨਹੀਂ ਦੱਸਦਾ ਜੋ ਉਨ੍ਹਾਂ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਖਰਿਆਈ ਰੱਖਣ ਵਾਲੇ ਅਜਿਹੇ ਵਿਅਕਤੀ ਕਲੀਸਿਯਾ ਲਈ ਇਕ ਵੱਡੀ ਬਰਕਤ ਹਨ!

ਹੀਰੇ-ਮੋਤੀ

g20.1 11, ਡੱਬੀ

ਤਣਾਅ ਨਾਲ ਲੜਨ ਦੇ ਤਰੀਕੇ

ਪਿਆਰ ਦਿਖਾ ਕੇ ਤਣਾਅ ਤੋਂ ਛੁਟਕਾਰਾ ਪਾਓ

“ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁਖ ਦਿੰਦਾ ਹੈ।”​—ਕਹਾਉਤਾਂ 11:17.

ਡਾਕਟਰ ਟਿਮ ਕੈਨਟੌਫਰ ਦੀ ਕਿਤਾਬ ਦੇ ਪਾਠ ਦਾ ਵਿਸ਼ਾ ਹੈ: “ਪਿਆਰ ਦਿਖਾ ਕੇ ਤਣਾਅ ਤੋਂ ਛੁਟਕਾਰਾ ਪਾਓ।” ਉਸ ਮੁਤਾਬਕ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ ਕਰਕੇ ਤੁਹਾਡੀ ਸਿਹਤ ਸੁਧਰ ਸਕਦੀ ਹੈ ਅਤੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ। ਇਸ ਦੇ ਉਲਟ ਰੁੱਖਾ ਇਨਸਾਨ ਦੁਖੀ ਹੁੰਦਾ ਹੈ ਕਿਉਂਕਿ ਦੂਸਰੇ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਤੋਂ ਦੂਰ-ਦੂਰ ਭੱਜਦੇ ਹਨ।

ਆਪਣੇ ਆਪ ਨੂੰ ਪਿਆਰ ਕਰਨ ਨਾਲ ਵੀ ਤਣਾਅ ਘਟਾਇਆ ਜਾ ਸਕਦਾ ਹੈ। ਮਿਸਾਲ ਲਈ, ਨਾ ਤਾਂ ਸਾਨੂੰ ਆਪਣੇ ਆਪ ਤੋਂ ਹੱਦੋਂ-ਵੱਧ ਉਮੀਦਾਂ ਲਾਉਣੀਆਂ ਚਾਹੀਦੀਆਂ ਤੇ ਨਾ ਹੀ ਆਪਣੇ ਆਪ ਨੂੰ ਨੀਵਾਂ ਸਮਝਣਾ ਚਾਹੀਦਾ ਹੈ। ਯਿਸੂ ਮਸੀਹ ਨੇ ਕਿਹਾ ਸੀ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”​—ਮਰਕੁਸ 12:31.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ