ਅਧਿਐਨ ਲੇਖ 50
ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ
ਯਹੋਵਾਹ ਦੀ ਨਿਮਰਤਾ ਦੀ ਰੀਸ ਕਰੋ
“ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ।” —ਅਫ਼. 5:1.
ਕੀ ਸਿੱਖਾਂਗੇ?
ਅਸੀਂ ਕਿਹੜੇ ਚਾਰ ਤਰੀਕਿਆਂ ਰਾਹੀਂ ਯਹੋਵਾਹ ਦੀ ਨਿਮਰਤਾ ਦੀ ਰੀਸ ਕਰ ਸਕਦੇ ਹਾਂ।
1. ਯਹੋਵਾਹ ਦੀ ਨਿਮਰਤਾ ਕਿਉਂ ਕਮਾਲ ਦੀ ਹੈ?
ਜਦੋਂ ਤੁਸੀਂ ਅਜਿਹੇ ਵਿਅਕਤੀ ਵੱਲ ਧਿਆਨ ਦਿੰਦੇ ਹੋ ਜਿਸ ਕੋਲ ਅਧਿਕਾਰ ਜਾਂ ਤਾਕਤ ਹੈ, ਤਾਂ ਕੀ ਤੁਹਾਡੇ ਮਨ ਵਿਚ ਆਉਂਦਾ ਹੈ ਕਿ ਉਹ ਨਿਮਰ ਵੀ ਹੋਵੇਗਾ? ਸ਼ਾਇਦ ਨਹੀਂ। ਪਰ ਯਹੋਵਾਹ ਸਰਬਸ਼ਕਤੀਮਾਨ ਹੋਣ ਦੇ ਨਾਲ-ਨਾਲ ਨਿਮਰ ਵੀ ਹੈ। (ਜ਼ਬੂ. 113:5-8) ਉਸ ਦੇ ਹਰੇਕ ਕੰਮ ਵਿਚ ਨਿਮਰਤਾ ਦਾ ਗੁਣ ਦਿਖਾਈ ਦਿੰਦਾ ਹੈ ਅਤੇ ਉਸ ਵਿਚ ਘਮੰਡ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਇਸ ਲੇਖ ਵਿਚ ਯਹੋਵਾਹ ਦੇ ਚਾਰ ਗੁਣਾਂ ʼਤੇ ਗੌਰ ਕਰ ਕੇ ਸਾਨੂੰ ਫ਼ਾਇਦਾ ਹੋਵੇਗਾ। ਨਾਲੇ ਅਸੀਂ ਦੇਖਾਂਗੇ ਕਿ ਉਸ ਦੇ ਹਰ ਗੁਣ ਵਿਚ ਨਿਮਰਤਾ ਕਿਵੇਂ ਝਲਕਦੀ ਹੈ। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਨੇ ਯਹੋਵਾਹ ਦੇ ਇਨ੍ਹਾਂ ਗੁਣਾਂ ਦੀ ਰੀਸ ਕਿਵੇਂ ਕੀਤੀ। ਇਨ੍ਹਾਂ ਗੁਣਾਂ ʼਤੇ ਗੌਰ ਕਰ ਕੇ ਸਾਡੀ ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਅਤੇ ਉਸ ਦੀ ਨਿਮਰਤਾ ਦੀ ਹੋਰ ਵਧੀਆ ਤਰੀਕੇ ਨਾਲ ਰੀਸ ਕਰਨ ਵਿਚ ਮਦਦ ਹੋਵੇਗੀ।
ਹਰ ਕੋਈ ਯਹੋਵਾਹ ਨਾਲ ਗੱਲ ਕਰਨ ਲਈ ਖਿੱਚਿਆ ਆਉਂਦਾ ਹੈ
2. ਜ਼ਬੂਰ 62:8 ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ? (ਮੁੱਖ ਸਫ਼ੇ ਤਸਵੀਰ ਵੀ ਦੇਖੋ।)
2 ਘਮੰਡੀ ਵਿਅਕਤੀ ਨਾਲ ਅਕਸਰ ਗੱਲ ਕਰਨੀ ਬਹੁਤ ਔਖੀ ਹੁੰਦੀ ਹੈ। ਉਸ ਵਿਚ ਹੰਕਾਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਦੂਸਰੇ ਉਸ ਨਾਲ ਗੱਲ ਕਰਨ ਤੋਂ ਤਾਂ ਕਤਰਾਉਂਦੇ ਹੀ ਹਨ, ਸਗੋਂ ਉਸ ਨਾਲ ਨਜ਼ਰਾਂ ਮਿਲਾਉਣ ਤੋਂ ਵੀ ਕਤਰਾਉਂਦੇ ਹਨ। ਪਰ ਸਾਡਾ ਸਵਰਗੀ ਪਿਤਾ ਯਹੋਵਾਹ ਕਿੰਨਾ ਹੀ ਵੱਖਰਾ ਹੈ! ਸਾਡਾ ਪਿਤਾ ਇੰਨਾ ਨਿਮਰ ਹੈ ਕਿ ਉਹ ਸਾਨੂੰ ਖ਼ੁਦ ਆਪਣੇ ਨਾਲ ਗੱਲ ਕਰਨ ਦਾ ਸੱਦਾ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜੋ ਵੀ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਸ ਬਾਰੇ ਉਸ ਨਾਲ ਖੁੱਲ੍ਹ ਕੇ ਗੱਲ ਕਰੀਏ। (ਜ਼ਬੂਰ 62:8 ਪੜ੍ਹੋ।) ਜਿੱਦਾਂ ਇਕ ਪਰਵਾਹ ਕਰਨ ਵਾਲਾ ਪਿਤਾ ਝੱਟ ਆਪਣੇ ਬੱਚਿਆਂ ਦੀ ਗੱਲ ਸੁਣਨ ਲਈ ਤਿਆਰ ਹੋ ਜਾਂਦਾ ਹੈ, ਉੱਦਾਂ ਹੀ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਦਰਅਸਲ, ਉਸ ਨੇ ਇੱਦਾਂ ਦੀਆਂ ਕਈ ਪ੍ਰਾਰਥਨਾਵਾਂ ਬਾਈਬਲ ਵਿਚ ਦਰਜ ਵੀ ਕਰਵਾਈਆਂ ਹਨ। ਇਸ ਸਭ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸ਼ਖ਼ਸੀਅਤ ਇੱਦਾਂ ਦੀ ਹੈ ਕਿ ਹਰ ਕੋਈ ਉਸ ਨਾਲ ਗੱਲ ਕਰਨ ਲਈ ਉਸ ਵੱਲ ਖਿੱਚਿਆ ਆਉਂਦਾ ਹੈ। (ਯਹੋ. 10:12-14; 1 ਸਮੂ. 1:10-18) ਪਰ ਉਦੋਂ ਕੀ, ਜਦੋਂ ਸਾਨੂੰ ਕਿਸੇ ਕਾਰਨ ਕਰਕੇ ਲੱਗੇ ਕਿ ਅਸੀਂ ਪਰਮੇਸ਼ੁਰ ਨਾਲ ਗੱਲ ਕਰਨ ਦੇ ਲਾਇਕ ਨਹੀਂ ਹਾਂ?
ਯਹੋਵਾਹ ਦੀ ਰੀਸ ਕਰਦਿਆਂ ਇਕ ਪਿਤਾ ਨਿਮਰਤਾ ਨਾਲ ਆਪਣੇ ਮੁੰਡੇ ਦੀ ਗੱਲ ਸੁਣ ਰਿਹਾ ਹੈ ਜਿਸ ਕੋਲੋਂ ਖੇਡਦੇ ਹੋਏ ਗੁਲਦਸਤਾ ਟੁੱਟ ਗਿਆ ਹੈ (ਪੈਰਾ 2 ਦੇਖੋ)
3. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬਾਕਾਇਦਾ ਪ੍ਰਾਰਥਨਾ ਕਰ ਕੇ ਉਸ ਨਾਲ ਗੱਲ ਕਰੀਏ?
3 ਜੇ ਸਾਨੂੰ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਨਹੀਂ ਹਾਂ, ਤਾਂ ਵੀ ਅਸੀਂ ਪ੍ਰਾਰਥਨਾ ਰਾਹੀਂ ਉਸ ਦੇ ਨੇੜੇ ਜਾ ਸਕਦੇ ਹਾਂ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਯਿਸੂ ਨੇ ਉਜਾੜੂ ਪੁੱਤਰ ਦੀ ਮਿਸਾਲ ਦਿੱਤੀ ਸੀ। ਉਸ ਨੇ ਕਹਾਣੀ ਵਿਚ ਯਹੋਵਾਹ ਦੀ ਤੁਲਨਾ ਇਕ ਕੋਮਲ ਦਿਲ ਵਾਲੇ ਪਿਤਾ ਨਾਲ ਕੀਤੀ। ਜਦੋਂ ਉਸ ਦੇ ਪੁੱਤਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਸ ਨੂੰ ਲੱਗਾ ਕਿ ਉਹ ਆਪਣੇ ਪਰਿਵਾਰ ਵਿਚ ਵਾਪਸ ਜਾਣ ਦੇ ਲਾਇਕ ਨਹੀਂ ਸੀ। ਪਰ ਪਿਤਾ ਨੇ ਕੀ ਕੀਤਾ ਜਦੋਂ ਉਸ ਦਾ ਪੁੱਤਰ ਘਰ ਵਾਪਸ ਆਇਆ? ਯਿਸੂ ਨੇ ਕਿਹਾ ਕਿ ਜਦੋਂ ਹੀ ਉਸ ਦੀ ਨਜ਼ਰ ਆਪਣੇ ਮੁੰਡੇ ʼਤੇ ਪਈ, ਤਾਂ “ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਪਿਆਰ ਨਾਲ ਉਸ ਨੂੰ ਚੁੰਮਿਆ।” (ਲੂਕਾ 15:17-20) ਯਹੋਵਾਹ ਵੀ ਬਿਲਕੁਲ ਉਸ ਪਿਤਾ ਵਾਂਗ ਹੈ। ਜਦੋਂ ਹੀ ਯਹੋਵਾਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਆਪਣੀ ਕਿਸੇ ਗ਼ਲਤੀ ਜਾਂ ਚਿੰਤਾ ਕਰਕੇ ਬਹੁਤ ਦੁਖੀ ਜਾਂ ਦੱਬੇ-ਕੁਚਲੇ ਮਹਿਸੂਸ ਕਰਦੇ ਹਨ, ਤਾਂ ਨਿਮਰ ਹੋਣ ਕਰਕੇ ਉਹ ਅਜਿਹੇ ਲੋਕਾਂ ਵੱਲ ਖ਼ਾਸ ਧਿਆਨ ਦਿੰਦਾ ਹੈ। (ਵਿਰ. 3:19, 20) ਹਮਦਰਦ ਪਿਤਾ ਹੋਣ ਕਰਕੇ ਯਹੋਵਾਹ ਉਨ੍ਹਾਂ ਵੱਲ ਭੱਜਾ ਜਾਂਦਾ ਹੈ ਤਾਂਕਿ ਉਹ ਉਨ੍ਹਾਂ ਨੂੰ ਭਰੋਸਾ ਦਿਵਾ ਸਕੇ ਕਿ ਉਹ ਉਸ ਦੇ ਪਿਆਰ ਅਤੇ ਦਇਆ ਦੇ ਲਾਇਕ ਹਨ। (ਯਸਾ. 57:15) ਅੱਜ ਯਹੋਵਾਹ ਸਾਡੇ ਵੱਲ ਵੀ ਕਿਵੇਂ “ਭੱਜ ਕੇ” ਆਉਂਦਾ ਹੈ? ਉਹ ਅਕਸਰ ਮੰਡਲੀ ਦੇ ਬਜ਼ੁਰਗਾਂ, ਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਰਾਹੀਂ ਇਸ ਤਰ੍ਹਾਂ ਕਰਦਾ ਹੈ। (ਯਾਕੂ. 5:14, 15) ਯਹੋਵਾਹ ਸਾਡੀ ਮਦਦ ਇਸ ਲਈ ਕਰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਆਈਏ।
4. ਲੋਕ ਯਿਸੂ ਨਾਲ ਬਿਨਾਂ ਝਿਜਕੇ ਗੱਲ ਕਿਉਂ ਕਰ ਸਕਦੇ ਸਨ?
4 ਯਿਸੂ ਆਪਣੇ ਪਿਤਾ ਦੀ ਰੀਸ ਕਰਦਾ ਹੈ। ਯਿਸੂ ਆਪਣੇ ਪਿਤਾ ਵਾਂਗ ਨਿਮਰ ਹੈ। ਇਸ ਕਰਕੇ ਜਦੋਂ ਉਹ ਧਰਤੀ ʼਤੇ ਆਇਆ, ਤਾਂ ਲੋਕ ਉਸ ਨਾਲ ਬਿਨਾਂ ਝਿਜਕੇ ਗੱਲ ਕਰਦੇ ਸਨ। ਉਹ ਬਿਨਾਂ ਕਿਸੇ ਡਰ ਦੇ ਉਸ ਤੋਂ ਸਵਾਲ ਪੁੱਛਦੇ ਸਨ। (ਮਰ. 4:10, 11) ਜਦੋਂ ਯਿਸੂ ਨੇ ਕਿਸੇ ਮਸਲੇ ਬਾਰੇ ਉਨ੍ਹਾਂ ਦੀ ਰਾਇ ਜਾਣਨੀ ਚਾਹੀ, ਤਾਂ ਉਨ੍ਹਾਂ ਨੇ ਖੁੱਲ੍ਹ ਕੇ ਆਪਣੀ ਰਾਇ ਦੱਸੀ। (ਮੱਤੀ 16:13-16) ਗ਼ਲਤੀ ਹੋਣ ਤੇ ਡਰਦੇ ਮਾਰੇ ਉਨ੍ਹਾਂ ਦੇ ਸਾਹ ਨਹੀਂ ਸੀ ਸੁੱਕ ਜਾਂਦੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਯਿਸੂ ਪਿਆਰ ਕਰਨ ਵਾਲਾ, ਦਿਆਲੂ ਅਤੇ ਧੀਰਜ ਰੱਖਣ ਵਾਲਾ ਵਿਅਕਤੀ ਸੀ। (ਮੱਤੀ 17:24-27) ਯਿਸੂ ਨੇ ਆਪਣੇ ਪਿਤਾ ਦੀ ਹੂ-ਬਹੂ ਰੀਸ ਕੀਤੀ। ਇਸ ਕਰਕੇ ਉਸ ਦੇ ਚੇਲੇ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕੇ ਹੋਣੇ। (ਯੂਹੰ. 14:9) ਉਨ੍ਹਾਂ ਨੇ ਸਿੱਖਿਆ ਹੋਣਾ ਕਿ ਯਹੋਵਾਹ ਦੀ ਰੀਸ ਕਰਨ ਕਰਕੇ ਯਿਸੂ ਨਾ ਤਾਂ ਜ਼ਾਲਮ ਸੀ ਤੇ ਨਾ ਹੀ ਘਮੰਡੀ ਅਤੇ ਨਾ ਹੀ ਉਸ ਜ਼ਮਾਨੇ ਦੇ ਧਾਰਮਿਕ ਆਗੂਆਂ ਵਰਗਾ ਸੀ। ਇਸ ਦੀ ਬਜਾਇ, ਉਹ ਨਿਮਰ ਸੀ ਅਤੇ ਉਸ ਦੀ ਸ਼ਖ਼ਸੀਅਤ ਇੱਦਾਂ ਦੀ ਸੀ ਕਿ ਕੋਈ ਵੀ ਉਸ ਨਾਲ ਆ ਕੇ ਗੱਲ ਕਰ ਸਕਦਾ ਸੀ।
5. ਨਿਮਰਤਾ ਦਾ ਗੁਣ ਸਾਡੀ ਅਜਿਹੇ ਇਨਸਾਨ ਬਣਨ ਵਿਚ ਕਿਵੇਂ ਮਦਦ ਕਰ ਸਕਦਾ ਹੈ ਜਿਸ ਨਾਲ ਲੋਕ ਗੱਲ ਕਰਨੀ ਚਾਹੁਣ?
5 ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜੇ ਅਸੀਂ ਨਿਮਰਤਾ ਦਾ ਗੁਣ ਪੈਦਾ ਕਰਾਂਗੇ, ਤਾਂ ਅਸੀਂ ਅਜਿਹੇ ਇਨਸਾਨ ਬਣਾਂਗੇ ਜਿਸ ਨਾਲ ਲੋਕ ਸੌਖਿਆਂ ਹੀ ਗੱਲ ਕਰ ਸਕਣ। ਨਿਮਰਤਾ ਦਾ ਗੁਣ ਹੋਣ ਕਰਕੇ ਅਸੀਂ ਈਰਖਾਲੂ, ਘਮੰਡੀ ਅਤੇ ਦੂਜਿਆਂ ਨੂੰ ਮਾਫ਼ ਨਾ ਕਰਨ ਵਾਲੇ ਇਨਸਾਨ ਨਹੀਂ ਬਣਾਂਗੇ। ਇਹ ਅਜਿਹੇ ਔਗੁਣ ਹਨ ਜਿਨ੍ਹਾਂ ਕਰਕੇ ਲੋਕ ਸਾਡੇ ਤੋਂ ਦੂਰ-ਦੂਰ ਰਹਿਣਗੇ। ਪਰ ਜੇ ਅਸੀਂ ਨਿਮਰ ਹੋਵਾਂਗੇ, ਤਾਂ ਅਸੀਂ ਦੂਜਿਆਂ ਨੂੰ ਪਿਆਰ ਕਰਨ ਵਾਲੇ, ਧੀਰਜ ਰੱਖਣ ਵਾਲੇ ਅਤੇ ਮਾਫ਼ ਕਰਨ ਵਾਲੇ ਇਨਸਾਨ ਬਣਾਂਗੇ। ਇਹ ਅਜਿਹੇ ਗੁਣ ਹਨ ਜਿਨ੍ਹਾਂ ਕਰਕੇ ਲੋਕ ਸਾਡੇ ਵੱਲ ਖਿੱਚੇ ਆਉਣਗੇ। (ਕੁਲੁ. 3:12-14) ਖ਼ਾਸ ਕਰਕੇ ਬਜ਼ੁਰਗਾਂ ਨੂੰ ਅਜਿਹੇ ਇਨਸਾਨ ਬਣਨਾ ਚਾਹੀਦਾ ਹੈ ਜਿਨ੍ਹਾਂ ਨਾਲ ਭੈਣ-ਭਰਾ ਆ ਕੇ ਗੱਲ ਕਰਨੀ ਚਾਹੁਣ। ਇਸ ਲਈ ਜ਼ਰੂਰੀ ਹੈ ਕਿ ਉਹ ਭੈਣਾਂ-ਭਰਾਵਾਂ ਦੇ ਵਿਚ ਰਹਿਣ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਮੀਟਿੰਗਾਂ ਲਈ ਇੰਟਰਨੈੱਟ ਰਾਹੀਂ ਜੁੜਨ ਦੀ ਬਜਾਇ ਕਿੰਗਡਮ ਹਾਲ ਵਿਚ ਹਾਜ਼ਰ ਹੋਣ। ਇਸ ਤੋਂ ਇਲਾਵਾ, ਜਦੋਂ ਉਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਇਜਾਜ਼ਤ ਦੇਣ, ਤਾਂ ਉਨ੍ਹਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭੈਣਾਂ-ਭਰਾਵਾਂ ਨਾਲ ਘਰ-ਘਰ ਪ੍ਰਚਾਰ ਵੀ ਕਰਨ। ਇੱਦਾਂ ਭੈਣਾਂ-ਭਰਾਵਾਂ ਨੂੰ ਉਨ੍ਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲੇਗਾ ਅਤੇ ਲੋੜ ਪੈਣ ਤੇ ਉਹ ਬਿਨਾਂ ਝਿਜਕੇ ਉਨ੍ਹਾਂ ਨਾਲ ਗੱਲ ਕਰ ਸਕਣਗੇ।
ਯਹੋਵਾਹ ਅੜਬ ਨਹੀਂ ਹੈ
6-7. ਯਹੋਵਾਹ ਨੇ ਆਪਣੇ ਸੇਵਕਾਂ ਦੀ ਬੇਨਤੀ ਨੂੰ ਸੁਣ ਕੇ ਕਿਵੇਂ ਆਪਣੇ ਫ਼ੈਸਲਿਆਂ ਨੂੰ ਬਦਲਿਆ? ਮਿਸਾਲਾਂ ਦਿਓ।
6 ਬਹੁਤ ਸਾਰੇ ਘਮੰਡੀ ਲੋਕ ਦੂਜਿਆਂ ਨਾਲ ਪੇਸ਼ ਆਉਂਦੇ ਵੇਲੇ ਆਪਣੀਆਂ ਗੱਲਾਂ ʼਤੇ ਅੜੇ ਰਹਿੰਦੇ ਹਨ। ਯਹੋਵਾਹ ਨਿਮਰ ਹੈ, ਇਸ ਕਰਕੇ ਉਹ ਅੜਿਆ ਨਹੀਂ ਰਹਿੰਦਾ। ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ, ਭਾਵੇਂ ਕਿ ਉਹ ਸਾਰਿਆਂ ਨਾਲੋਂ ਹਰ ਤਰੀਕੇ ਵਿਚ ਮਹਾਨ ਹੈ। ਧਿਆਨ ਦਿਓ ਕਿ ਮੂਸਾ ਦੀ ਭੈਣ ਮਿਰੀਅਮ ਨਾਲ ਯਹੋਵਾਹ ਕਿਵੇਂ ਪੇਸ਼ ਆਇਆ। ਇਕ ਵਾਰ ਮਿਰੀਅਮ ਆਪਣੇ ਭਰਾ ਹਾਰੂਨ ਨਾਲ ਮਿਲ ਕੇ ਯਹੋਵਾਹ ਦੇ ਚੁਣੇ ਹੋਏ ਸੇਵਕ ਮੂਸਾ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਈ। ਇੱਦਾਂ ਕਰ ਕੇ ਉਹ ਯਹੋਵਾਹ ਦਾ ਨਿਰਾਦਰ ਕਰ ਰਹੀ ਸੀ। ਨਤੀਜੇ ਵਜੋਂ, ਯਹੋਵਾਹ ਨੂੰ ਉਸ ʼਤੇ ਬਹੁਤ ਗੁੱਸਾ ਆਇਆ ਅਤੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। ਹਾਰੂਨ ਨੇ ਮੂਸਾ ਅੱਗੇ ਬੇਨਤੀ ਕੀਤੀ ਅਤੇ ਫਿਰ ਮੂਸਾ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਦੀ ਭੈਣ ਨੂੰ ਠੀਕ ਕਰ ਦੇਵੇ। ਉਦੋਂ ਯਹੋਵਾਹ ਨੇ ਕੀ ਕੀਤਾ? ਪਰਮੇਸ਼ੁਰ ਘਮੰਡੀ ਨਹੀਂ ਹੈ ਜਿਸ ਕਰਕੇ ਉਹ ਮਿਰੀਅਮ ਨੂੰ ਸਜ਼ਾ ਦੇਣ ਦੇ ਆਪਣੇ ਫ਼ੈਸਲੇ ʼਤੇ ਅੜਿਆ ਨਹੀਂ ਰਿਹਾ, ਸਗੋਂ ਨਿਮਰ ਹੋਣ ਕਰਕੇ ਉਸ ਨੇ ਆਪਣੇ ਫ਼ੈਸਲੇ ਨੂੰ ਬਦਲਿਆ ਤੇ ਉਸ ਦਾ ਕੋੜ੍ਹ ਠੀਕ ਕਰ ਦਿੱਤਾ।—ਗਿਣ. 12:1-15.
7 ਯਹੋਵਾਹ ਨੇ ਰਾਜਾ ਹਿਜ਼ਕੀਯਾਹ ਨਾਲ ਪੇਸ਼ ਆਉਂਦੇ ਵੇਲੇ ਵੀ ਨਿਮਰਤਾ ਦਿਖਾਈ। ਇੱਦਾਂ ਉਸ ਨੇ ਉਦੋਂ ਕੀਤਾ ਜਦੋਂ ਉਸ ਨੇ ਇਕ ਨਬੀ ਰਾਹੀਂ ਉਸ ਨੂੰ ਦੱਸਿਆ ਕਿ ਜਲਦ ਹੀ ਉਹ ਮਰ ਜਾਵੇਗਾ। ਹਿਜ਼ਕੀਯਾਹ ਯਹੋਵਾਹ ਅੱਗੇ ਭੁੱਬਾਂ ਮਾਰ-ਮਾਰ ਕੇ ਰੋਇਆ ਕਿ ਉਹ ਉਸ ਨੂੰ ਠੀਕ ਕਰ ਦੇਵੇ। ਨਤੀਜੇ ਵਜੋਂ, ਯਹੋਵਾਹ ਨੇ ਦਇਆ ਦਿਖਾਉਂਦੇ ਹੋਏ ਉਸ ਦੀ ਜ਼ਿੰਦਗੀ 15 ਸਾਲ ਹੋਰ ਵਧਾ ਦਿੱਤੀ। (2 ਰਾਜ. 20:1, 5, 6) ਨਿਮਰ ਹੋਣ ਕਰਕੇ ਯਹੋਵਾਹ ਸਾਡੇ ਨਾਲ ਹਮਦਰਦੀ ਰੱਖਦਾ ਹੈ ਅਤੇ ਸਾਡੀ ਗੱਲ ਸੁਣਨ ਲਈ ਤਿਆਰ ਰਹਿੰਦਾ ਹੈ।
8. ਕਿਹੜੀਆਂ ਕੁਝ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਅੜਬ ਨਹੀਂ ਹੈ? (ਮਰਕੁਸ 3:1-6)
8 ਯਿਸੂ ਆਪਣੇ ਪਿਤਾ ਦੀ ਰੀਸ ਕਰਦਾ ਹੈ। ਧਰਤੀ ʼਤੇ ਹੁੰਦਿਆਂ ਯਿਸੂ ਨੇ ਲੋਕਾਂ ਦੀਆਂ ਲੋੜਾਂ ਨੂੰ ਸਮਝਿਆ ਅਤੇ ਉਨ੍ਹਾਂ ਦਾ ਭਲਾ ਕਰਨ ਤੋਂ ਪਿੱਛੇ ਨਹੀਂ ਹਟਿਆ। ਮਿਸਾਲ ਲਈ, ਉਸ ਨੇ ਸਬਤ ਦੇ ਦਿਨ ਲੋਕਾਂ ਨੂੰ ਠੀਕ ਕੀਤਾ ਜਦ ਕਿ ਪੱਥਰ ਦਿਲ ਯਹੂਦੀ ਇੱਦਾਂ ਕਰਨ ਤੋਂ ਮਨ੍ਹਾ ਕਰਦੇ ਸੀ। (ਮਰਕੁਸ 3:1-6 ਪੜ੍ਹੋ।) ਯਿਸੂ ਮੰਡਲੀ ਦਾ ਮੁਖੀ ਹੈ ਅਤੇ ਇਸ ਦੀ ਅਗਵਾਈ ਕਰਦੇ ਵੇਲੇ ਉਹ ਅੜਬ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਮਿਸਾਲ ਲਈ, ਮੰਡਲੀ ਵਿਚ ਜੇ ਕੋਈ ਮਸੀਹੀ ਗੰਭੀਰ ਪਾਪ ਕਰ ਬੈਠਦਾ ਹੈ, ਤਾਂ ਉਹ ਉਸ ਨਾਲ ਧੀਰਜ ਰੱਖਦਾ ਹੈ ਅਤੇ ਉਸ ਨੂੰ ਸੁਧਰਨ ਦਾ ਮੌਕਾ ਦਿੰਦਾ ਹੈ।—ਪ੍ਰਕਾ. 2:2-5.
9. ਅਸੀਂ ਕਿਵੇਂ ਅਜਿਹੇ ਇਨਸਾਨ ਬਣ ਸਕਦੇ ਹਾਂ ਅਤੇ ਦਿਖਾ ਸਕਦਾ ਹਾਂ ਕਿ ਅਸੀਂ ਅੜਬ ਨਹੀਂ ਹਾਂ? (ਤਸਵੀਰਾਂ ਵੀ ਦੇਖੋ।)
9 ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਾਨੂੰ ਨਿਮਰਤਾ ਨਾਲ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ। ਸਾਨੂੰ ਯਹੋਵਾਹ ਦੀ ਰੀਸ ਕਰਦੇ ਹੋਏ ਆਪਣੀ ਸੋਚ ਅਤੇ ਆਪਣੇ ਕੰਮਾਂ ਵਿਚ ਅੜਬ ਨਹੀਂ ਬਣਨਾ ਚਾਹੀਦਾ। (ਯਾਕੂ. 3:17) ਮਿਸਾਲ ਲਈ, ਜਿਹੜੇ ਮਾਪੇ ਅੜਬ ਨਹੀਂ ਹੁੰਦੇ, ਉਹ ਆਪਣੇ ਬੱਚਿਆਂ ਨੂੰ ਖੁੱਲ੍ਹੀ ਛੂਟ ਨਹੀਂ ਦਿੰਦੇ। ਪਰ ਉਹ ਆਪਣੇ ਬੱਚਿਆਂ ਤੋਂ ਉਨ੍ਹਾਂ ਕੰਮਾਂ ਦੀ ਵੀ ਉਮੀਦ ਨਹੀਂ ਰੱਖਦੇ ਜੋ ਉਹ ਨਹੀਂ ਕਰ ਸਕਦੇ। ਯਾਕੂਬ ਇਸ ਦੀ ਇਕ ਵਧੀਆ ਮਿਸਾਲ ਹੈ। ਇਸ ਬਾਰੇ ਅਸੀਂ ਉਤਪਤ 33: 12-14 ਵਿਚ ਪੜ੍ਹ ਸਕਦੇ ਹਾਂ। ਜਿਹੜੇ ਮਾਪੇ ਅੜਬ ਨਹੀਂ ਹੁੰਦੇ, ਸਗੋਂ ਨਿਮਰ ਹੁੰਦੇ ਹਨ, ਉਹ ਆਪਣੇ ਬੱਚਿਆਂ ਦੀ ਤੁਲਨਾ ਇਕ-ਦੂਜੇ ਨਾਲ ਨਹੀਂ ਕਰਦੇ। ਮਸੀਹੀ ਬਜ਼ੁਰਗਾਂ ਨੂੰ ਵੀ ਅੜਬ ਨਹੀਂ ਹੋਣਾ ਚਾਹੀਦਾ। ਮੰਨ ਲਓ, ਬਜ਼ੁਰਗਾਂ ਦੇ ਸਮੂਹ ਦੇ ਜ਼ਿਆਦਾਤਰ ਬਜ਼ੁਰਗ ਇਕ ਫ਼ੈਸਲੇ ਨਾਲ ਸਹਿਮਤ ਹੁੰਦੇ ਹਨ, ਪਰ ਇਕ ਬਜ਼ੁਰਗ ਉਨ੍ਹਾਂ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹੁੰਦਾ। ਉਸ ਵੇਲੇ ਉਹ ਬਜ਼ੁਰਗ ਕੀ ਕਰ ਸਕਦਾ ਹੈ? ਜੇ ਉਸ ਫ਼ੈਸਲੇ ਨਾਲ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟਦਾ, ਤਾਂ ਉਹ ਅੜੇ ਰਹਿਣ ਦੀ ਬਜਾਇ ਉਨ੍ਹਾਂ ਨਾਲ ਸਹਿਮਤ ਹੋ ਸਕਦਾ ਹੈ। (1 ਤਿਮੋ. 3:2, 3) ਸਾਨੂੰ ਸਾਰਿਆਂ ਨੂੰ ਵੀ ਉਦੋਂ ਦੂਜਿਆਂ ਦੇ ਵਿਚਾਰਾਂ ਅਤੇ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਉਨ੍ਹਾਂ ਦੀ ਸੋਚ ਜਾਂ ਵਿਚਾਰ ਸਾਡੇ ਤੋਂ ਵੱਖਰੇ ਹੁੰਦੇ ਹਨ। (ਰੋਮੀ. 14:1) ਮੰਡਲੀ ਵਿਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰਿਆਂ ਨੂੰ ਸਾਡੀ ਸਮਝਦਾਰੀ ਦਾ ਸਬੂਤ ਮਿਲੇ ਯਾਨੀ ਉਨ੍ਹਾਂ ਨੂੰ ਪਤਾ ਲੱਗੇ ਕਿ ਅਸੀਂ ਅੜਬ ਨਹੀਂ ਹਾਂ।—ਫ਼ਿਲਿ. 4:5.
ਇਕ ਪਿਤਾ ਆਪਣੇ ਬੱਚਿਆਂ ਤੋਂ ਪ੍ਰਚਾਰ ਵਿਚ ਜੋ ਉਮੀਦ ਰੱਖਦਾ ਹੈ, ਉਸ ਮਾਮਲੇ ਵਿਚ ਉਹ ਅੜਬ ਨਹੀਂ ਬਣਦਾ, ਸਗੋਂ ਸਮਝਦਾਰੀ ਦਿਖਾਉਂਦੇ ਹੈ (ਪੈਰਾ 9 ਦੇਖੋ)
ਯਹੋਵਾਹ ਧੀਰਜਵਾਨ ਹੈ
10. ਯਹੋਵਾਹ ਨੇ ਕਿਹੜੇ ਕੁਝ ਤਰੀਕਿਆਂ ਨਾਲ ਧੀਰਜ ਦਿਖਾਇਆ?
10 ਤੁਸੀਂ ਦੇਖਿਆ ਹੋਣਾ ਕਿ ਘਮੰਡੀ ਲੋਕ ਅਕਸਰ ਉਡੀਕ ਨਹੀਂ ਕਰਦੇ। ਘਮੰਡ ਹੋਣ ਕਰਕੇ ਉਨ੍ਹਾਂ ਵਿਚ ਜ਼ਰਾ ਵੀ ਧੀਰਜ ਨਹੀਂ ਹੁੰਦਾ। ਪਰ ਯਹੋਵਾਹ ਬਿਲਕੁਲ ਵੀ ਇਸ ਤਰ੍ਹਾਂ ਦਾ ਨਹੀਂ ਹੈ। ਉਹ ਧੀਰਜ ਦੀ ਸਭ ਤੋਂ ਵਧੀਆ ਮਿਸਾਲ ਹੈ! ਮਿਸਾਲ ਲਈ, ਨੂਹ ਦੇ ਦਿਨਾਂ ਵਿਚ ਉਸ ਨੇ ਬੁਰਾਈ ਨੂੰ ਖ਼ਤਮ ਕਰਨ ਲਈ 120 ਸਾਲ ਉਡੀਕ ਕੀਤੀ। (ਉਤ. 6:3) ਉਸ ਸਮੇਂ ਦੌਰਾਨ ਨੂਹ ਨੂੰ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਅਤੇ ਆਪਣੇ ਪਰਿਵਾਰ ਨਾਲ ਮਿਲ ਕੇ ਕਿਸ਼ਤੀ ਬਣਾਉਣ ਦਾ ਮੌਕਾ ਮਿਲਿਆ। ਬਾਅਦ ਵਿਚ ਜਦੋਂ ਯਹੋਵਾਹ ਨੇ ਇਕ ਦੂਤ ਦੇ ਜ਼ਰੀਏ ਅਬਰਾਹਾਮ ਨਾਲ ਸਦੂਮ ਅਤੇ ਗਮੋਰਾ ਦੇ ਨਾਸ਼ ਬਾਰੇ ਗੱਲ ਕੀਤੀ, ਤਾਂ ਉਸ ਨੇ ਧੀਰਜ ਨਾਲ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਇਕ ਘਮੰਡੀ ਇਨਸਾਨ ਸ਼ਾਇਦ ਜਵਾਬ ਵਿਚ ਕਹਿੰਦਾ, ‘ਮੈਨੂੰ ਸਵਾਲ ਕਰਨ ਦੀ ਤੇਰੀ ਹਿੰਮਤ ਕਿੱਦਾਂ ਹੋਈ!’ ਪਰ ਯਹੋਵਾਹ ਧੀਰਜਵਾਨ ਹੈ, ਇਸ ਲਈ ਉਸ ਦੇ ਦੂਤ ਨੇ ਅਬਰਾਹਾਮ ਦੀ ਗੱਲ ਧੀਰਜ ਨਾਲ ਸੁਣੀ।—ਉਤ. 18:20-33.
11. ਦੂਜਾ ਪਤਰਸ 3:9 ਮੁਤਾਬਕ ਯਹੋਵਾਹ ਅੱਜ ਸਾਡੇ ਨਾਲ ਧੀਰਜ ਕਿਉਂ ਰੱਖਦਾ ਹੈ?
11 ਯਹੋਵਾਹ ਨਿਮਰ ਹੈ। ਇਸ ਲਈ ਉਹ ਅੱਜ ਸਾਡੇ ਨਾਲ ਵੀ ਧੀਰਜ ਨਾਲ ਪੇਸ਼ ਆਉਂਦਾ ਹੈ। ਉਸ ਨੇ ਇਸ ਦੁਨੀਆਂ ਦੇ ਨਾਸ਼ ਦਾ ਜੋ ਸਮਾਂ ਤੈਅ ਕੀਤਾ ਹੈ, ਉਹ ਉਸ ਸਮੇਂ ਦੀ ਧੀਰਜ ਨਾਲ ਉਡੀਕ ਕਰ ਰਿਹਾ ਹੈ। ਪਰ ਯਹੋਵਾਹ ਕਿਉਂ ਧੀਰਜ ਰੱਖਦਾ ਹੈ? “ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤਰਸ 3:9 ਪੜ੍ਹੋ।) ਪਰ ਕੀ ਯਹੋਵਾਹ ਦਾ ਧੀਰਜ ਧਰਨਾ ਬੇਕਾਰ ਹੈ? ਨਹੀਂ। ਲੱਖਾਂ ਨੇਕ ਦਿਲ ਲੋਕ ਉਸ ਵੱਲ ਖਿੱਚੇ ਆ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਹੋਰ ਲੱਖਾਂ ਲੋਕ ਉਸ ਵੱਲ ਖਿੱਚੇ ਵੀ ਆਉਣਗੇ। ਪਰ ਯਹੋਵਾਹ ਦੇ ਧੀਰਜ ਦੀ ਇਕ ਹੱਦ ਹੈ। ਚਾਹੇ ਯਹੋਵਾਹ ਲੋਕਾਂ ਨੂੰ ਪਿਆਰ ਕਰਦਾ ਹੈ, ਪਰ ਉਹ ਹਮੇਸ਼ਾ ਦੁਸ਼ਟ ਲੋਕਾਂ ਨੂੰ ਆਪਣੀ ਮਨ-ਮਰਜ਼ੀ ਨਹੀਂ ਕਰਨ ਦੇਵੇਗਾ। ਉਹ ਹਮੇਸ਼ਾ ਲਈ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰੇਗਾ।—ਹੱਬ. 2:3.
12. ਯਿਸੂ ਯਹੋਵਾਹ ਦੇ ਧੀਰਜ ਦੀ ਰੀਸ ਕਿਵੇਂ ਕਰਦਾ ਹੈ?
12 ਯਿਸੂ ਆਪਣੇ ਪਿਤਾ ਦੀ ਰੀਸ ਕਰਦਾ ਹੈ। ਯਿਸੂ ਹਜ਼ਾਰਾਂ ਸਾਲਾਂ ਤੋਂ ਯਹੋਵਾਹ ਦੇ ਧੀਰਜ ਦੀ ਰੀਸ ਕਰਦਾ ਆ ਰਿਹਾ ਹੈ। ਯਿਸੂ ਨੇ ਦੇਖਿਆ ਹੈ ਕਿ ਸ਼ੈਤਾਨ ਨੇ ਕਿਵੇਂ ਯਹੋਵਾਹ ਅਤੇ ਵਫ਼ਾਦਾਰ ਇਨਸਾਨਾਂ ʼਤੇ ਝੂਠੇ ਦੋਸ਼ ਲਾਏ ਹਨ। (ਉਤ. 3:4, 5; ਅੱਯੂ. 1:11; ਪ੍ਰਕਾ. 12:10) ਯਿਸੂ ਨੇ ਇਹ ਵੀ ਦੇਖਿਆ ਹੈ ਕਿ ਲੋਕ ਕਿੰਨੇ ਦੁੱਖ ਝੱਲ ਰਹੇ ਹਨ। ਸੋਚੋ, ਯਿਸੂ “ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰਨ ਲਈ ਕਿੰਨਾ ਬੇਤਾਬ ਹੋਣਾ! (1 ਯੂਹੰ. 3:8) ਪਰ ਯਿਸੂ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਯਹੋਵਾਹ ਉਸ ਨੂੰ ਸ਼ੈਤਾਨ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰਨ ਦਾ ਹੁਕਮ ਦੇਵੇਗਾ। ਕਿਹੜੀ ਗੱਲ ਧੀਰਜ ਰੱਖਣ ਵਿਚ ਉਸ ਦੀ ਮਦਦ ਕਰਦੀ ਹੈ? ਨਿਮਰ ਹੋਣ ਕਰਕੇ ਯਿਸੂ ਨੂੰ ਪਤਾ ਹੈ ਕਿ ਇਹ ਤੈਅ ਕਰਨ ਦਾ ਹੱਕ ਸਿਰਫ਼ ਯਹੋਵਾਹ ਦਾ ਹੈ ਕਿ ਦੁਸ਼ਟ ਦੁਨੀਆਂ ਦੇ ਨਾਸ਼ ਕਦੋਂ ਕਰਨਾ ਹੈ।—ਰਸੂ. 1:7.
13. ਯਿਸੂ ਨੇ ਆਪਣੇ ਰਸੂਲਾਂ ਨਾਲ ਕਿਵੇਂ ਅਤੇ ਕਿਉਂ ਧੀਰਜ ਰੱਖਿਆ?
13 ਧਰਤੀ ʼਤੇ ਹੁੰਦਿਆਂ ਯਿਸੂ ਨੇ ਆਪਣੇ ਰਸੂਲਾਂ ਨਾਲ ਵੀ ਧੀਰਜ ਰੱਖਿਆ। ਮਿਸਾਲ ਲਈ, ਜਦੋਂ ਉਸ ਦੇ ਰਸੂਲ ਵਾਰ-ਵਾਰ ਇਸ ਗੱਲ ʼਤੇ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ, ਤਾਂ ਯਿਸੂ ਨੇ ਅੱਕ ਕੇ ਹੱਥ ਖੜ੍ਹੇ ਨਹੀਂ ਕਰ ਦਿੱਤੇ। ਇਸ ਦੀ ਬਜਾਇ, ਉਸ ਨੇ ਲਗਾਤਾਰ ਉਨ੍ਹਾਂ ਨਾਲ ਧੀਰਜ ਰੱਖਿਆ। (ਲੂਕਾ 9:46; 22:24-27) ਉਸ ਨੂੰ ਭਰੋਸਾ ਸੀ ਕਿ ਸਮੇਂ ਦੇ ਬੀਤਣ ਨਾਲ ਉਹ ਜ਼ਰੂਰ ਬਦਲਾਅ ਕਰਨਗੇ ਅਤੇ ਨਿਮਰ ਬਣਨਗੇ। ਕੀ ਤੁਹਾਡੇ ਤੋਂ ਵੀ ਇੱਕੋ ਗ਼ਲਤੀ ਵਾਰ-ਵਾਰ ਹੁੰਦੀ ਹੈ? ਜੇ ਹਾਂ, ਤਾਂ ਕੀ ਤੁਸੀਂ ਸ਼ੁਕਰਗੁਜ਼ਾਰ ਨਹੀਂ ਹੋ ਕਿ ਤੁਹਾਡਾ ਰਾਜਾ ਕਿੰਨਾ ਨਿਮਰ ਅਤੇ ਧੀਰਜਵਾਨ ਹੈ?
14. ਅਸੀਂ ਧੀਰਜ ਕਿਵੇਂ ਦਿਖਾ ਸਕਦੇ ਹਾਂ?
14 ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜਦੋਂ ਅਸੀਂ ਆਪਣੇ ਅੰਦਰ “ਮਸੀਹ ਦਾ ਮਨ” ਪੈਦਾ ਕਰਾਂਗੇ, ਤਾਂ ਅਸੀਂ ਹੋਰ ਵੀ ਜ਼ਿਆਦਾ ਯਹੋਵਾਹ ਵਾਂਗ ਸੋਚ ਸਕਾਂਗੇ ਅਤੇ ਕੰਮ ਕਰ ਸਕਾਂਗੇ। (1 ਕੁਰਿੰ. 2:16) ਅਸੀਂ ਮਸੀਹ ਦੇ ਮਨ ਨੂੰ ਚੰਗੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ? ਇਹ ਖ਼ੁਦ-ਬਖ਼ੁਦ ਨਹੀਂ ਹੋ ਸਕਦਾ। ਇਸ ਲਈ ਸਾਨੂੰ ਬਾਈਬਲ ਵਿਚ ਦਿੱਤੀਆਂ ਇੰਜੀਲਾਂ ਨੂੰ ਪੜ੍ਹਨਾ ਚਾਹੀਦਾ ਹੈ। ਨਾਲੇ ਸਾਨੂੰ ਸਮਾਂ ਕੱਢ ਕੇ ਇਨ੍ਹਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਕਿ ਇਨ੍ਹਾਂ ਤੋਂ ਮੈਨੂੰ ਯਿਸੂ ਦੀ ਸੋਚ ਬਾਰੇ ਕੀ ਪਤਾ ਲੱਗਦਾ ਹੈ। ਬਿਨਾਂ ਸ਼ੱਕ ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ ਕਿ ਅਸੀਂ ਯਿਸੂ ਵਾਂਗ ਨਿਮਰ ਬਣ ਸਕੀਏ ਅਤੇ ਉਸ ਦੀ ਸੋਚ ਅਪਣਾ ਸਕੀਏ। ਜਦੋਂ ਅਸੀਂ ਆਪਣੇ ਅੰਦਰ ਮਸੀਹ ਦਾ ਮਨ ਪੈਦਾ ਕਰਾਂਗੇ, ਤਾਂ ਅਸੀਂ ਹੋਰ ਵੀ ਪਰਮੇਸ਼ੁਰ ਵਰਗੇ ਬਣਾਂਗੇ ਅਤੇ ਆਪਣੇ ਨਾਲ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਹੋਰ ਵੀ ਜ਼ਿਆਦਾ ਧੀਰਜ ਰੱਖ ਸਕਾਂਗੇ।—ਮੱਤੀ 18:26-30, 35.
ਯਹੋਵਾਹ ਨਿਮਰ ਲੋਕਾਂ ਵੱਲ ਧਿਆਨ ਦਿੰਦਾ ਹੈ
15. ਜ਼ਬੂਰ 138:6 ਦੇ ਸ਼ਬਦ ਯਹੋਵਾਹ ਬਾਰੇ ਕਿਵੇਂ ਸੱਚ ਹਨ?
15 ਜ਼ਬੂਰ 138:6 ਪੜ੍ਹੋ। ਨਿਮਰ ਲੋਕਾਂ ਲਈ ਇਹ ਕਿੰਨੇ ਹੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਪੂਰੇ ਬ੍ਰਹਿਮੰਡ ਦਾ ਮਾਲਕ ਜਾਣਦਾ ਹੈ। ਯਹੋਵਾਹ ਸਦੀਆਂ ਤੋਂ ਹੀ ਨਿਮਰ ਲੋਕਾਂ ਵੱਲ ਧਿਆਨ ਦਿੰਦਾ ਆਇਆ ਹੈ। ਜ਼ਰਾ ਕੁਝ ਮਿਸਾਲਾਂ ʼਤੇ ਧਿਆਨ ਦਿਓ। ਇਨ੍ਹਾਂ ਵਿੱਚੋਂ ਕੁਝ ਮਿਸਾਲਾਂ ਅਜਿਹੀਆਂ ਹਨ ਜਿਨ੍ਹਾਂ ਦਾ ਖ਼ਿਆਲ ਸ਼ਾਇਦ ਇਕਦਮ ਸਾਡੇ ਦਿਮਾਗ਼ ਵਿਚ ਨਾ ਆਵੇ। ਪਰ ਉਹ ਬਾਈਬਲ ਵਿਚ ਦਰਜ ਕਰਵਾਈਆਂ ਗਈਆਂ ਹਨ। ਯਹੋਵਾਹ ਨੇ ਮੂਸਾ ਨੂੰ ਪ੍ਰੇਰਿਆ ਕਿ ਉਹ ਦਬੋਰਾਹ ਨਾਂ ਦੀ ਦਾਈ ਬਾਰੇ ਬਾਈਬਲ ਵਿਚ ਲਿਖੇ ਜੋ ਮੂਸਾ ਦੇ ਪੂਰਵਜਾਂ ਦੇ ਸਮੇਂ ਦੌਰਾਨ ਜੀਉਂਦੀ ਸੀ। ਉਸ ਨੇ ਵਫ਼ਾਦਾਰੀ ਨਾਲ ਤਕਰੀਬਨ 125 ਸਾਲ ਇਸਹਾਕ ਅਤੇ ਯਾਕੂਬ ਦੇ ਘਰਾਣੇ ਲਈ ਕੰਮ ਕੀਤਾ। ਭਾਵੇਂ ਕਿ ਇਸ ਵਫ਼ਾਦਾਰ ਔਰਤ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ, ਪਰ ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਬਾਰੇ ਜੋ ਵੀ ਲਿਖਿਆ ਜਾਵੇ, ਉਸ ਤੋਂ ਪਤਾ ਲੱਗੇ ਕਿ ਯਾਕੂਬ ਤੇ ਉਸ ਦਾ ਪਰਿਵਾਰ ਉਸ ਨੂੰ ਕਿੰਨਾ ਪਿਆਰ ਕਰਦਾ ਸੀ। (ਉਤ. 24:59; 35:8, ਫੁਟਨੋਟ।) ਇਸ ਤੋਂ ਸਦੀਆਂ ਬਾਅਦ ਯਹੋਵਾਹ ਨੇ ਦਾਊਦ ਵੱਲ ਧਿਆਨ ਦਿੱਤਾ। ਉਸ ਨੇ ਦਾਊਦ ਨੂੰ ਇਜ਼ਰਾਈਲ ਕੌਮ ਦਾ ਰਾਜਾ ਬਣਨ ਲਈ ਚੁਣਿਆ। ਉਸ ਸਮੇਂ ਉਹ ਹਾਲੇ ਮੁੰਡਾ ਹੀ ਸੀ ਤੇ ਆਪਣੇ ਪਿਤਾ ਦੀਆਂ ਭੇਡਾਂ ਚਾਰਦਾ ਸੀ। (2 ਸਮੂ. 22: 1, 36) ਯਿਸੂ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਪਰਮੇਸ਼ੁਰ ਨੇ ਦੂਤਾਂ ਰਾਹੀਂ ਨਿਮਰ ਚਰਵਾਹਿਆਂ ਨੂੰ ਦੱਸਿਆ ਕਿ ਮਸੀਹ ਬੈਤਲਹਮ ਵਿਚ ਪੈਦਾ ਹੋਇਆ ਸੀ। (ਲੂਕਾ 2: 8- 11) ਜਦੋਂ ਯੂਸੁਫ਼ ਤੇ ਮਰੀਅਮ ਯਿਸੂ ਨੂੰ ਲੈ ਕੇ ਮੰਦਰ ਵਿਚ ਆਏ, ਤਾਂ ਯਹੋਵਾਹ ਨੇ ਬਜ਼ੁਰਗ ਸ਼ਿਮਓਨ ਅਤੇ ਅੱਨਾ ਨੂੰ ਯਿਸੂ ਨੂੰ ਦੇਖਣ ਦਾ ਸਨਮਾਨ ਬਖ਼ਸ਼ਿਆ। (ਲੂਕਾ 2:25-30, 36-38) ਹਾਂ, ਇਹ ਗੱਲ ਬਿਲਕੁਲ ਸੱਚ ਹੈ, “ਭਾਵੇਂ ਯਹੋਵਾਹ ਅੱਤ ਉੱਚਾ ਹੈ, ਫਿਰ ਵੀ ਉਹ ਨਿਮਰ ਲੋਕਾਂ ਵੱਲ ਧਿਆਨ ਦਿੰਦਾ ਹੈ।”
16. ਆਪਣੇ ਪਿਤਾ ਦੀ ਰੀਸ ਕਰਦਿਆਂ ਯਿਸੂ ਲੋਕਾਂ ਨਾਲ ਕਿਵੇਂ ਪੇਸ਼ ਆਇਆ?
16 ਯਿਸੂ ਆਪਣੇ ਪਿਤਾ ਦੀ ਰੀਸ ਕਰਦਾ ਹੈ। ਆਪਣੇ ਪਿਤਾ ਦੀ ਰੀਸ ਕਰਦਿਆਂ ਯਿਸੂ ਨੇ ਨਿਮਰ ਲੋਕਾਂ ਵੱਲ ਧਿਆਨ ਦਿੱਤਾ। ਉਸ ਨੇ “ਘੱਟ ਪੜ੍ਹੇ-ਲਿਖੇ ਅਤੇ ਆਮ” ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਸੱਚਾਈਆਂ ਸਿਖਾਈਆਂ। (ਰਸੂ. 4:13; ਮੱਤੀ 11:25) ਉਸ ਨੇ ਬੀਮਾਰਾਂ ਨੂੰ ਠੀਕ ਵੀ ਕੀਤਾ। ਉਸ ਨੇ ਸਿਰਫ਼ ਲੋਕਾਂ ਨੂੰ ਠੀਕ ਹੀ ਨਹੀਂ ਕੀਤਾ, ਸਗੋਂ ਉਸ ਵੇਲੇ ਉਹ ਉਨ੍ਹਾਂ ਨਾਲ ਜਿੱਦਾਂ ਪੇਸ਼ ਆਇਆ, ਉਸ ਤੋਂ ਉਨ੍ਹਾਂ ਨੂੰ ਪਿਆਰ ਤੇ ਆਦਰ ਵੀ ਮਹਿਸੂਸ ਹੋਇਆ। (ਲੂਕਾ 5:13) ਧਰਤੀ ʼਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਯਿਸੂ ਨੇ ਉਹ ਕੰਮ ਕੀਤਾ ਜੋ ਅਕਸਰ ਘਰ ਦੇ ਨੌਕਰ ਕਰਦੇ ਸਨ। ਉਸ ਨੇ ਆਪਣੇ ਰਸੂਲਾਂ ਦੇ ਪੈਰ ਧੋਤੇ। (ਯੂਹੰ. 13:5) ਸਵਰਗ ਉਠਾਏ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਸਭ ਤੋਂ ਅਹਿਮ ਕੰਮ ਸੌਂਪਿਆ। ਇਹ ਅਹਿਮ ਕੰਮ ਹੈ, ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਵਿਚ ਲੋਕਾਂ ਦੀ ਮਦਦ ਕਰਨੀ।—ਮੱਤੀ 28:19, 20.
17. ਅਸੀਂ ਇਕ-ਦੂਜੇ ਲਈ ਕਿਵੇਂ ਆਦਰ ਦਿਖਾ ਸਕਦੇ ਹਾਂ? (ਤਸਵੀਰ ਵੀ ਦੇਖੋ।)
17 ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਉਨ੍ਹਾਂ ਲਈ ਆਦਰ ਦਿਖਾਉਂਦੇ ਹਾਂ, ਫਿਰ ਚਾਹੇ ਉਨ੍ਹਾਂ ਦਾ ਪਿਛੋਕੜ ਜਾਂ ਰੰਗ-ਰੂਪ ਵੱਖਰਾ ਹੋਵੇ ਜਾਂ ਫਿਰ ਉਹ ਪੜ੍ਹੇ-ਲਿਖੇ ਹੋਣ ਜਾਂ ਅਨਪੜ੍ਹ। ਨਾਲੇ ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਪਣੇ ਨਾਲੋਂ ਵਧੀਆ ਸਮਝਦੇ ਹਾਂ, ਤਾਂ ਅਸੀਂ ਉਨ੍ਹਾਂ ਲਈ ਵੀ ਆਦਰ ਦਿਖਾਉਂਦੇ ਹਾਂ, ਫਿਰ ਚਾਹੇ ਸਾਡੇ ਕੋਲ ਜਿਹੜੇ ਮਰਜ਼ੀ ਹੁਨਰ ਜਾਂ ਸਨਮਾਨ ਹੋਣ। (ਫ਼ਿਲਿ. 2:3) ਜਦੋਂ ਅਸੀਂ ਨਿਮਰਤਾ ਨਾਲ “ਪਹਿਲ” ਕਰ ਕੇ ਇਨ੍ਹਾਂ ਅਤੇ ਹੋਰ ਤਰੀਕਿਆਂ ਨਾਲ ਇਕ-ਦੂਜੇ ਨੂੰ ਆਦਰ ਦਿਖਾਉਂਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ।—ਰੋਮੀ. 12:10; ਸਫ਼. 3:12.
ਜਦੋਂ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ, ਤਾਂ ਅਸੀਂ ਯਹੋਵਾਹ ਦੀ ਨਿਮਰਤਾ ਦੀ ਰੀਸ ਕਰਦੇ ਹਾਂ (ਪੈਰਾ 17 ਦੇਖੋ)a
18. ਤੁਸੀਂ ਯਹੋਵਾਹ ਦੀ ਨਿਮਰਤਾ ਦੀ ਰੀਸ ਕਿਉਂ ਕਰਨੀ ਚਾਹੁੰਦੇ ਹੋ?
18 ਜਦੋਂ ਅਸੀਂ ਆਪਣੇ ਸਵਰਗੀ ਪਿਤਾ ਵਾਂਗ ਨਿਮਰ ਬਣਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਅਜਿਹੇ ਇਨਸਾਨ ਬਣਾਂਗੇ ਜਿਸ ਕੋਲ ਲੋਕ ਬਿਨਾਂ ਝਿਜਕੇ ਆ ਸਕਣ ਤੇ ਗੱਲ ਕਰ ਸਕਣ। ਅਸੀਂ ਅੜਬ ਨਹੀਂ ਹੋਵਾਂਗੇ, ਸਗੋਂ ਬਦਲਣ ਲਈ ਤਿਆਰ ਰਹਾਂਗੇ ਅਤੇ ਹੋਰ ਜ਼ਿਆਦਾ ਧੀਰਜਵਾਨ ਬਣਾਂਗੇ। ਅਸੀਂ ਯਹੋਵਾਹ ਵਾਂਗ ਉਨ੍ਹਾਂ ਲੋਕਾਂ ਵੱਲ ਵੀ ਧਿਆਨ ਦੇਵਾਂਗੇ ਜਿਨ੍ਹਾਂ ਨੂੰ ਦੂਜੇ ਨੀਵਾਂ ਜਾਂ ਘਟੀਆਂ ਸਮਝਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਆਪਣੇ ਜਤਨਾਂ ਕਰਕੇ ਆਪਣੇ ਨਿਮਰ ਪਰਮੇਸ਼ੁਰ ਦੇ ਹੋਰ ਵੀ ਜ਼ਿਆਦਾ ਨੇੜੇ ਜਾਵਾਂਗੇ। ਨਾਲੇ ਅਸੀਂ ਇਹ ਉਮੀਦ ਵੀ ਕਰਦੇ ਹਾ ਕਿ ਉਸ ਦਾ ਹਰ ਸੇਵਕ ਉਸ ਦੀਆਂ ਨਜ਼ਰਾਂ ਵਿਚ ਹੋਰ ਵੀ ਜ਼ਿਆਦਾ ਅਨਮੋਲ ਬਣੇਗਾ।—ਯਸਾ. 43:4.
ਗੀਤ 159 ਯਹੋਵਾਹ ਦੀ ਮਹਿਮਾ ਕਰੋ
a ਤਸਵੀਰ ਬਾਰੇ ਜਾਣਕਾਰੀ : ਜੇਲ੍ਹ ਵਿਚ ਲੋਕਾਂ ਨੂੰ ਬਾਈਬਲ ਤੋਂ ਸਿਖਾ ਕੇ ਭੈਣਾਂ ਨਿਮਰਤਾ ਨਾਲ ਯਹੋਵਾਹ ਦੀ ਰੀਸ ਕਰ ਰਹੀਆਂ ਹਨ।