9-15 ਮਾਰਚ 2026
ਗੀਤ 45 ਮੇਰੇ ਮਨ ਦੇ ਖ਼ਿਆਲ
ਤੁਸੀਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕਦੇ ਹੋ
“ਮੈਂ ਕਿੰਨਾ ਬੇਬੱਸ ਇਨਸਾਨ ਹਾਂ!” —ਰੋਮੀ. 7:24.
ਕੀ ਸਿੱਖਾਂਗੇ?
ਅਸੀਂ ਨਿਰਾਸ਼ ਕਰਨ ਵਾਲੀਆਂ ਸੋਚਾਂ ਅਤੇ ਭਾਵਨਾਵਾਂ ਨਾਲ ਕਿਵੇਂ ਲੜ ਸਕਦੇ ਹਾਂ।
1-2. ਕਈ ਵਾਰ ਪੌਲੁਸ ਕਿਵੇਂ ਮਹਿਸੂਸ ਕਰਦਾ ਸੀ ਅਤੇ ਅਸੀਂ ਉਸ ਦੀਆਂ ਭਾਵਨਾਵਾਂ ਨੂੰ ਕਿਉਂ ਸਮਝ ਸਕਦੇ ਹਾਂ? (ਰੋਮੀਆਂ 7:21-24)
ਜਦੋਂ ਤੁਸੀਂ ਪੌਲੁਸ ਰਸੂਲ ਬਾਰੇ ਸੋਚਦੇ ਹੋ, ਤਾਂ ਤੁਹਾਡੇ ਦਿਮਾਗ਼ ਵਿਚ ਕੀ ਆਉਂਦਾ ਹੈ? ਕੀ ਇਕ ਦਲੇਰ ਮਿਸ਼ਨਰੀ, ਇਕ ਮਹਾਨ ਸਿੱਖਿਅਕ ਜਾਂ ਫਿਰ ਇਕ ਬਾਈਬਲ ਦਾ ਬਿਹਤਰੀਨ ਲਿਖਾਰੀ? ਬਿਨਾਂ ਸ਼ੱਕ ਇਹ ਸਾਰੀਆਂ ਗੱਲਾਂ ਉਸ ਬਾਰੇ ਸੱਚ ਹਨ। ਪਰ ਪੌਲੁਸ ਗਹਿਰੀਆਂ ਭਾਵਨਾਵਾਂ ਵੀ ਰੱਖਦਾ ਸੀ। ਉਸ ਨੂੰ ਵੀ ਸਾਡੇ ਵਾਂਗ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨਾ ਪਿਆ।
2 ਰੋਮੀਆਂ 7:21-24 ਪੜ੍ਹੋ। ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਆਪਣੀਆਂ ਕਈ ਭਾਵਨਾਵਾਂ ਜ਼ਾਹਰ ਕੀਤੀਆਂ ਤੇ ਅੱਜ ਸਾਡੇ ਬਹੁਤ ਸਾਰੇ ਭੈਣ-ਭਰਾ ਵੀ ਇੱਦਾਂ ਹੀ ਮਹਿਸੂਸ ਕਰਦੇ ਹਨ। ਚਾਹੇ ਪੌਲੁਸ ਇਕ ਵਫ਼ਾਦਾਰ ਮਸੀਹੀ ਸੀ, ਪਰ ਉਸ ਦੇ ਅੰਦਰ ਇਕ ਲੜਾਈ ਚੱਲ ਰਹੀ ਸੀ। ਉਹ ਪਰਮੇਸ਼ੁਰ ਦੀ ਇੱਛਾ ਵੀ ਪੂਰੀ ਕਰਨੀ ਚਾਹੁੰਦਾ ਸੀ ਅਤੇ ਉਹ ਆਪਣੀਆਂ ਗ਼ਲਤ ਭਾਵਨਾਵਾਂ ਨਾਲ ਵੀ ਲੜ ਰਿਹਾ ਸੀ। ਇਸ ਤੋਂ ਇਲਾਵਾ, ਉਹ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਵੀ ਕਈ ਵਾਰ ਦੋਸ਼ੀ ਮਹਿਸੂਸ ਕਰਦਾ ਸੀ। ਨਾਲੇ ਉਸ ਨੂੰ ਇਕ ਅਜਿਹੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ ਜੋ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਇਨ੍ਹਾਂ ਕਰਕੇ ਉਹ ਕਦੇ-ਕਦੇ ਨਿਰਾਸ਼ ਹੋ ਜਾਂਦਾ ਸੀ।
3. ਅਸੀਂ ਇਸ ਲੇਖ ਵਿਚ ਕਿਸ ਗੱਲ ʼਤੇ ਗੌਰ ਕਰਾਂਗੇ? (“ਸ਼ਬਦਾਂ ਦਾ ਮਤਲਬ” ਵੀ ਦੇਖੋ।)
3 ਚਾਹੇ ਪੌਲੁਸ ਦੇ ਅੰਦਰ ਇਕ ਲੜਾਈ ਚੱਲ ਰਹੀ ਸੀ, ਫਿਰ ਵੀ ਉਸ ਨੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂa ਨੂੰ ਆਪਣੀ ਸੋਚ ʼਤੇ ਹਾਵੀ ਨਹੀਂ ਹੋਣ ਦਿੱਤਾ। ਇਸ ਲੇਖ ਵਿਚ ਅਸੀਂ ਇਨ੍ਹਾਂ ਕੁਝ ਸਵਾਲਾਂ ʼਤੇ ਗੌਰ ਕਰਾਂਗੇ: ਪੌਲੁਸ ਕਿਉਂ “ਬੇਬੱਸ” ਮਹਿਸੂਸ ਕਰਦਾ ਸੀ? ਉਹ ਆਪਣੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਕਿਵੇਂ ਲੜਿਆ? ਨਾਲੇ ਅਸੀਂ ਕਿਵੇਂ ਆਪਣੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕਦੇ ਹਾਂ?
ਪੌਲੁਸ ਕਿਉਂ ਨਿਰਾਸ਼ ਹੋ ਜਾਂਦਾ ਸੀ?
4. ਪੌਲੁਸ ਕਿਉਂ ਨਿਰਾਸ਼ ਹੋ ਜਾਂਦਾ ਸੀ?
4 ਉਸ ਨੇ ਪਹਿਲਾਂ ਜੋ ਗ਼ਲਤੀਆਂ ਕੀਤੀਆਂ ਸਨ। ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਨੂੰ ਸੌਲੁਸ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਨੇ ਅਜਿਹੇ ਕੰਮ ਕੀਤੇ ਜਿਨ੍ਹਾਂ ਦਾ ਉਸ ਨੂੰ ਬਾਅਦ ਵਿਚ ਪਛਤਾਵਾ ਹੋਇਆ। ਮਿਸਾਲ ਲਈ, ਜਦੋਂ ਇਸਤੀਫ਼ਾਨ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰਿਆ ਗਿਆ, ਤਾਂ ਉਹ ਇਸ ਨਾਲ ਸਹਿਮਤ ਸੀ। (ਰਸੂ. 7:58; 8:1) ਇਸ ਤੋਂ ਇਲਾਵਾ, ਉਸ ਨੇ ਅੱਗੇ ਵਧ ਕੇ ਬਹੁਤ ਸਾਰੇ ਮਸੀਹੀਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਸਤਾਇਆ।—ਰਸੂ. 8:3; 26:9-11.
5. ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਨੇ ਜੋ ਗ਼ਲਤੀਆਂ ਕੀਤੀਆਂ ਸਨ, ਉਨ੍ਹਾਂ ਬਾਰੇ ਸੋਚ ਕੇ ਉਹ ਕਿਵੇਂ ਮਹਿਸੂਸ ਕਰਦਾ ਸੀ?
5 ਮਸੀਹੀ ਬਣਨ ਤੋਂ ਬਾਅਦ, ਪੌਲੁਸ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਕਰਕੇ ਕਈ ਵਾਰ ਨਿਰਾਸ਼ ਹੋ ਜਾਂਦਾ ਸੀ। ਉਸ ਨੇ ਮਸੀਹੀਆਂ ʼਤੇ ਬੇਰਹਿਮੀ ਨਾਲ ਜ਼ੁਲਮ ਕੀਤੇ ਸਨ, ਸਮੇਂ ਦੇ ਬੀਤਣ ਨਾਲ ਸ਼ਾਇਦ ਉਨ੍ਹਾਂ ਬਾਰੇ ਸੋਚ-ਸੋਚ ਕੇ ਉਹ ਖ਼ੁਦ ਨੂੰ ਹੋਰ ਵੀ ਜ਼ਿਆਦਾ ਦੋਸ਼ੀ ਮਹਿਸੂਸ ਕਰਦਾ ਹੋਣਾ। ਮਿਸਾਲ ਲਈ, 55 ਈਸਵੀ ਵਿਚ ਜਦੋਂ ਉਸ ਨੇ ਕੁਰਿੰਥੀਆਂ ਨੂੰ ਆਪਣੀ ਪਹਿਲੀ ਚਿੱਠੀ ਲਿਖੀ, ਤਾਂ ਉਸ ਨੇ ਕਿਹਾ: “ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ।” (1 ਕੁਰਿੰ. 15:9) ਤਕਰੀਬਨ ਪੰਜ ਸਾਲਾਂ ਬਾਅਦ ਅਫ਼ਸੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਉਸ ਨੇ ਖ਼ੁਦ ਬਾਰੇ ਕਿਹਾ ਕਿ “ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ।” (ਅਫ਼. 3:8) ਤਿਮੋਥਿਉਸ ਨੂੰ ਲਿਖਦੇ ਵੇਲੇ ਪੌਲੁਸ ਨੇ ਆਪਣੇ ਬਾਰੇ ਕਿਹਾ ਕਿ “ਪਹਿਲਾਂ ਮੈਂ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ, ਅਤਿਆਚਾਰ ਕਰਨ ਵਾਲਾ ਅਤੇ ਹੰਕਾਰੀ ਸੀ।” (1 ਤਿਮੋ. 1:13) ਕਲਪਨਾ ਕਰੋ, ਪੌਲੁਸ ਨੂੰ ਉਦੋਂ ਕਿਵੇਂ ਲੱਗਦਾ ਹੋਣਾ ਜਦੋਂ ਉਹ ਕਿਸੇ ਮੰਡਲੀ ਵਿਚ ਜਾਂਦਾ ਹੋਣਾ ਅਤੇ ਉਨ੍ਹਾਂ ਮਸੀਹੀਆਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦਾ ਹੋਣਾ ਜਿਨ੍ਹਾਂ ʼਤੇ ਉਸ ਨੇ ਜ਼ੁਲਮ ਕੀਤੇ ਸਨ?
6. ਪੌਲੁਸ ਹੋਰ ਕਿਹੜੀ ਗੱਲ ਕਰਕੇ ਬਹੁਤ ਦੁਖੀ ਸੀ? (ਫੁਟਨੋਟ ਵੀ ਦੇਖੋ।)
6 ਸਰੀਰ ਵਿਚ ਇਕ ਕੰਡਾ। ਪੌਲੁਸ ਇਕ ਅਜਿਹੀ ਗੱਲ ਕਰਕੇ ਬਹੁਤ ਪਰੇਸ਼ਾਨ ਸੀ ਜਿਸ ਦੀ ਤੁਲਨਾ ਉਸ ਨੇ ‘ਸਰੀਰ ਵਿਚ ਇਕ ਕੰਡੇ’ ਨਾਲ ਕੀਤੀ। (2 ਕੁਰਿੰ. 12:7) ਪੌਲੁਸ ਰਸੂਲ ਨੇ ਇਹ ਤਾਂ ਨਹੀਂ ਦੱਸਿਆ ਕਿ ਉਹ ਕਿਹੜੀ ਗੱਲ ਕਰਕੇ ਪਰੇਸ਼ਾਨ ਸੀ। ਪਰ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਸਰੀਰਕ ਜਾਂ ਮਾਨਸਿਕ ਸਮੱਸਿਆ ਕਰਕੇ ਜਾਂ ਕਿਸੇ ਹੋਰ ਮੁਸ਼ਕਲ ਕਰਕੇ ਬਹੁਤ ਦੁੱਖ ਸਹਿ ਰਿਹਾ ਸੀ।b
7. ਪੌਲੁਸ ʼਤੇ ਖ਼ੁਦ ਦੀਆਂ ਕਮੀਆਂ-ਕਮਜ਼ੋਰੀਆਂ ਦਾ ਕੀ ਅਸਰ ਪਿਆ? (ਰੋਮੀਆਂ 7:18, 19)
7 ਉਸ ਦੀਆਂ ਕਮੀਆਂ-ਕਮਜ਼ੋਰੀਆਂ। ਪੌਲੁਸ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਜੱਦੋ-ਜਹਿਦ ਕਰਨੀ ਪਈ। (ਰੋਮੀਆਂ 7:18, 19 ਪੜ੍ਹੋ।) ਹਾਲਾਂਕਿ ਉਹ ਸਹੀ ਕੰਮ ਕਰਨੇ ਚਾਹੁੰਦਾ ਸੀ, ਪਰ ਉਸ ਦਾ ਨਾਮੁਕੰਮਲ ਸਰੀਰ ਉਸ ਦੇ ਇਸ ਇਰਾਦੇ ਨੂੰ ਕਮਜ਼ੋਰ ਕਰ ਦਿੰਦਾ ਸੀ। ਉਸ ਨੇ ਮੰਨਿਆ ਕਿ ਉਸ ਦੀਆਂ ਸਰੀਰਕ ਇੱਛਾਵਾਂ ਅਤੇ ਸਹੀ ਕੰਮ ਕਰਨ ਦੇ ਇਰਾਦੇ ਵਿਚ ਲਗਾਤਾਰ ਇਕ ਲੜਾਈ ਚੱਲ ਰਹੀ ਸੀ। ਪਰ ਫਿਰ ਵੀ ਪੌਲੁਸ ਨੇ ਆਪਣੇ ਵਿਚ ਸੁਧਾਰ ਕਰਨ ਲਈ ਸਖ਼ਤ ਮਿਹਨਤ ਕੀਤੀ। (1 ਕੁਰਿੰ. 9:27) ਉਹ ਉਸ ਵੇਲੇ ਕਿੰਨਾ ਪਰੇਸ਼ਾਨ ਹੋ ਜਾਂਦਾ ਹੋਣਾ ਜਦੋਂ ਉਸ ਦੀਆਂ ਕਮੀਆਂ-ਕਮਜ਼ੋਰੀਆਂ ਉਸ ʼਤੇ ਹਾਵੀ ਹੋ ਜਾਂਦੀਆਂ ਹੋਣੀਆਂ!
ਪੌਲੁਸ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਕਿਵੇਂ ਲੜਿਆ?
8. ਪੌਲੁਸ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਜਿੱਦਾਂ ਲੜਿਆ, ਉਸ ਬਾਰੇ ਸਾਨੂੰ ਉਸ ਦੀ ਚਿੱਠੀ ਤੋਂ ਕੀ ਪਤਾ ਲੱਗਦਾ ਹੈ?
8 ਪੌਲੁਸ ਦੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਉਹ ਅਤੇ ਉਸ ਵੇਲੇ ਦੇ ਮਸੀਹੀ ਭੈਣ-ਭਰਾ ਕਿੱਦਾਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੇ ਪਾਪੀ ਝੁਕਾਅ ਨਾਲ ਲੜ ਸਕੇ ਅਤੇ ਇਸ ʼਤੇ ਕਾਬੂ ਪਾ ਸਕੇ। (ਰੋਮੀ. 8:13; ਗਲਾ. 5:16, 17) ਪੌਲੁਸ ਨੇ ਅਕਸਰ ਉਨ੍ਹਾਂ ਔਗੁਣਾਂ ਅਤੇ ਇੱਛਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨਾਲ ਮਸੀਹੀਆਂ ਨੂੰ ਲੜਨਾ ਚਾਹੀਦਾ ਹੈ। (ਗਲਾ. 5:19-21, 26) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੌਲੁਸ ਨੇ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਸੋਚ-ਵਿਚਾਰ ਕੀਤਾ, ਪਰਮੇਸ਼ੁਰ ਦੇ ਬਚਨ ਵਿੱਚੋਂ ਸਲਾਹ ਭਾਲੀ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾਉਣ ਲਈ ਅਹਿਮ ਕਦਮ ਚੁੱਕੇ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪੌਲੁਸ ਨੇ ਜੋ ਸਲਾਹ ਦੂਜਿਆਂ ਨੂੰ ਦਿੱਤੀ, ਉਹ ਖ਼ੁਦ ਵੀ ਲਾਗੂ ਕੀਤੀ।
9-10. ਕਿਹੜੀ ਗੱਲ ਨੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਦੇ ਰਹਿਣ ਵਿਚ ਪੌਲੁਸ ਦੀ ਮਦਦ ਕੀਤੀ? (ਅਫ਼ਸੀਆਂ 1:7) (ਤਸਵੀਰ ਵੀ ਦੇਖੋ।)
9 ਭਾਵੇਂ ਪੌਲੁਸ ਕਦੀ-ਕਦੀ ਨਿਰਾਸ਼ ਹੋ ਜਾਂਦਾ ਸੀ, ਫਿਰ ਵੀ ਉਹ ਖ਼ੁਸ਼ ਰਹਿ ਸਕਿਆ। ਉਹ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਾਉਂਦਾ ਸੀ, ਜਿਵੇਂ ਕਿ ਮੰਡਲੀ ਤੋਂ ਆਈ ਕੋਈ ਚੰਗੀ ਖ਼ਬਰ ਸੁਣ ਕੇ ਉਹ ਖ਼ੁਸ਼ ਹੁੰਦਾ ਸੀ। (2 ਕੁਰਿੰ. 7:6, 7) ਕਈ ਭੈਣਾਂ-ਭਰਾਵਾਂ ਨਾਲ ਉਸ ਦੀ ਵਧੀਆ ਦੋਸਤੀ ਸੀ ਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਉਸ ਨੂੰ ਵਧੀਆ ਲੱਗਦਾ ਸੀ। (2 ਤਿਮੋ. 1:4) ਇਸ ਤੋਂ ਇਲਾਵਾ, ਪੌਲੁਸ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਖ਼ੁਸ਼ ਸੀ। ਇਸ ਲਈ ਉਹ “ਸਾਫ਼ ਜ਼ਮੀਰ ਨਾਲ” ਪਰਮੇਸ਼ੁਰ ਦੀ ਸੇਵਾ ਕਰ ਸਕਿਆ। (2 ਤਿਮੋ. 1:3) ਜਦੋਂ ਪੌਲੁਸ ਨੂੰ ਰੋਮ ਵਿਚ ਕੈਦ ਕੀਤਾ ਗਿਆ, ਉਦੋਂ ਵੀ ਉਸ ਦੀ ਖ਼ੁਸ਼ੀ ਘੱਟ ਨਹੀਂ ਹੋਈ। ਉਸ ਨੇ ਭੈਣਾਂ-ਭਰਾਵਾਂ ਨੂੰ ਲਿਖਿਆ ਕਿ ਉਹ ‘ਪ੍ਰਭੂ ਕਰਕੇ ਖ਼ੁਸ਼ ਰਹਿਣ।’ (ਫ਼ਿਲਿ. 4:4) ਪੌਲੁਸ ਦੀਆਂ ਗੱਲਾਂ ਤੋਂ ਇੱਦਾਂ ਬਿਲਕੁਲ ਨਹੀਂ ਲੱਗਦਾ ਕਿ ਉਸ ਨੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨੂੰ ਖ਼ੁਦ ʼਤੇ ਹਾਵੀ ਹੋਣ ਦਿੱਤਾ ਸੀ। ਜਦੋਂ ਵੀ ਉਸ ਦੇ ਮਨ ਵਿਚ ਬੁਰੀਆਂ ਗੱਲਾਂ ਆਉਂਦੀਆਂ ਸਨ, ਤਾਂ ਉਹ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਾਉਂਦਾ ਸੀ।
10 ਪੌਲੁਸ ਆਪਣੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕਿਆ ਕਿਉਂਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਉਸ ਲਈ ਵੀ ਰਿਹਾਈ ਦੀ ਕੀਮਤ ਦਿੱਤੀ ਗਈ ਸੀ। (ਗਲਾ. 2:20; ਅਫ਼ਸੀਆਂ 1:7 ਪੜ੍ਹੋ।) ਨਤੀਜੇ ਵਜੋਂ, ਉਹ ਪੂਰੀ ਤਰ੍ਹਾਂ ਯਕੀਨ ਕਰ ਸਕਿਆ ਕਿ ਯਹੋਵਾਹ ਨੇ ਯਿਸੂ ਦੇ ਜ਼ਰੀਏ ਉਸ ਦੀਆਂ ਗ਼ਲਤੀਆਂ ਮਾਫ਼ ਕਰ ਦਿੱਤੀਆਂ ਸਨ। (ਰੋਮੀ. 7:24, 25) ਇਸ ਲਈ ਉਹ ਆਪਣੀਆਂ ਪਿਛਲੀਆਂ ਗ਼ਲਤੀਆਂ ਅਤੇ ਨਾਮੁਕੰਮਲਤਾ ਦੇ ਬਾਵਜੂਦ ਵੀ ਖ਼ੁਸ਼ੀ ਨਾਲ ਯਹੋਵਾਹ ਦੀ “ਭਗਤੀ” ਕਰਦਾ ਰਿਹਾ।—ਇਬ. 9:12-14.
ਹਾਲਾਂਕਿ ਪੌਲੁਸ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਵੀ ਕਈ ਵਾਰ ਦੋਸ਼ੀ ਮਹਿਸੂਸ ਕਰਦਾ ਸੀ, ਪਰ ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰ ਕੇ ਉਹ ਆਪਣੀਆਂ ਇਨ੍ਹਾਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕਿਆ (ਪੈਰੇ 9-10 ਦੇਖੋ)
11. ਪੌਲੁਸ ਦੀ ਮਿਸਾਲ ਤੋਂ ਸਾਨੂੰ ਕੀ ਹੌਸਲਾ ਮਿਲਦਾ ਹੈ?
11 ਪੌਲੁਸ ਵਾਂਗ ਸ਼ਾਇਦ ਸਾਨੂੰ ਵੀ ਲੱਗੇ ਕਿ ਸਾਡੇ ਅੰਦਰ ਵੀ ਹਮੇਸ਼ਾ ਇਕ ਲੜਾਈ ਚੱਲਦੀ ਰਹਿੰਦੀ ਹੈ। ਹੋ ਸਕਦਾ ਹੈ ਕਿ ਅਸੀਂ ਕਦੇ ਕੁਝ ਗ਼ਲਤ ਸੋਚੀਏ, ਗ਼ਲਤ ਬੋਲੀਏ ਜਾਂ ਕੁਝ ਗ਼ਲਤ ਕਰੀਏ। ਇਸ ਕਰਕੇ ਸ਼ਾਇਦ ਅਸੀਂ ਵੀ ਪੌਲੁਸ ਵਾਂਗ ਮਹਿਸੂਸ ਕਰੀਏ ਤੇ ਕਹੀਏ ਕਿ “ਮੈਂ ਕਿੰਨਾ ਬੇਬੱਸ ਇਨਸਾਨ ਹਾਂ!” 26 ਸਾਲਾਂ ਦੀ ਭੈਣ ਅਲੀਜ਼ਾc ਆਪਣੇ ਅੰਦਰ ਚੱਲ ਰਹੀ ਲੜਾਈ ਬਾਰੇ ਕਹਿੰਦੀ ਹੈ: “ਪੌਲੁਸ ਬਾਰੇ ਸੋਚ ਕੇ ਮੈਨੂੰ ਹੌਸਲਾ ਮਿਲਦਾ ਹੈ। ਮੈਨੂੰ ਇਹ ਜਾਣ ਕੇ ਰਾਹਤ ਮਿਲਦੀ ਹੈ ਕਿ ਮੈਂ ਇਕੱਲੀ ਨਹੀਂ ਹਾਂ ਜਿਸ ਨੂੰ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨਾ ਪੈ ਰਿਹਾ ਹੈ। ਯਹੋਵਾਹ ਜਾਣਦਾ ਹੈ ਕਿ ਉਸ ਦੇ ਲੋਕ ਕਿਹੜੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਅਤੇ ਕਿੱਦਾਂ ਮਹਿਸੂਸ ਕਰ ਰਹੇ ਹਨ।” ਅਸੀਂ ਕੀ ਕਰ ਸਕਦੇ ਹਾਂ ਤਾਂਕਿ ਪੌਲੁਸ ਵਾਂਗ ਸਾਡੀ ਜ਼ਮੀਰ ਵੀ ਸਾਫ਼ ਹੋਵੇ ਅਤੇ ਅਸੀਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਦੇ ਬਾਵਜੂਦ ਖ਼ੁਸ਼ ਰਹਿ ਸਕੀਏ?
ਅਸੀਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਕਿਵੇਂ ਲੜ ਸਕਦੇ ਹਾਂ?
12. ਭਗਤੀ ਨਾਲ ਜੁੜੇ ਕੰਮ ਕਰਦੇ ਰਹਿਣ ਨਾਲ ਸਾਨੂੰ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨ ਵਿਚ ਕਿਵੇਂ ਮਦਦ ਮਿਲਦੀ ਹੈ?
12 ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹੋ। ਜਦੋਂ ਅਸੀਂ ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਾ ਪਾਉਂਦੇ ਹਾਂ। ਅਸੀਂ ਇਸ ਦੀ ਤੁਲਨਾ ਉਨ੍ਹਾਂ ਚੰਗੀਆਂ ਆਦਤਾਂ ਨਾਲ ਕਰ ਸਕਦੇ ਹਾਂ ਜਿਨ੍ਹਾਂ ਕਰਕੇ ਸਾਡੀ ਸਿਹਤ ਚੰਗੀ ਰਹਿੰਦੀ ਹੈ। ਜਦੋਂ ਅਸੀਂ ਪੌਸ਼ਟਿਕ ਖਾਣਾ ਖਾਂਦੇ ਹਾਂ, ਬਾਕਾਇਦਾ ਕਸਰਤ ਕਰਦੇ ਹਾਂ, ਚੰਗੀ ਨੀਂਦ ਲੈਂਦੇ ਹਾਂ, ਤਾਂ ਸਾਡੀ ਸਿਹਤ ਵਧੀਆ ਰਹਿੰਦੀ ਹੈ। ਉਸੇ ਤਰ੍ਹਾਂ ਜਦੋਂ ਅਸੀਂ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਾਂ, ਮੀਟਿੰਗਾਂ ਦੀ ਤਿਆਰੀ ਕਰਦੇ ਹਾਂ, ਇਨ੍ਹਾਂ ਵਿਚ ਹਾਜ਼ਰ ਹੁੰਦੇ ਤੇ ਹਿੱਸਾ ਲੈਂਦੇ ਅਤੇ ਪ੍ਰਚਾਰ ਵਿਚ ਜਾਂਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ। ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਨਾਲ ਸਾਨੂੰ ਆਪਣੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨ ਵਿਚ ਮਦਦ ਮਿਲਦੀ ਹੈ।—ਰੋਮੀ. 12:11, 12.
13-14. ਭਗਤੀ ਦੇ ਕੰਮਾਂ ਵਿਚ ਲੱਗੇ ਰਹਿਣ ਕਰਕੇ ਕੁਝ ਵਫ਼ਾਦਾਰ ਮਸੀਹੀਆਂ ਦੀ ਕਿਵੇਂ ਮਦਦ ਹੋਈ?
13 ਜ਼ਰਾ ਭਰਾ ਜੌਨ ਦੀ ਮਿਸਾਲ ਤੇ ਗੌਰ ਕਰੋ। 39 ਸਾਲਾਂ ਦੀ ਉਮਰ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਅਜਿਹਾ ਕੈਂਸਰ ਸੀ ਜੋ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ। ਪਹਿਲਾਂ-ਪਹਿਲ ਤਾਂ ਉਹ ਬਹੁਤ ਡਰ ਗਿਆ ਅਤੇ ਨਿਰਾਸ਼ ਹੋ ਗਿਆ। ਉਹ ਸੋਚਣ ਲੱਗਾ, ‘ਮੈਨੂੰ ਇਹ ਕੈਂਸਰ ਕਿੱਦਾਂ ਹੋ ਸਕਦਾ ਹੈ? ਮੇਰੀ ਤਾਂ ਹਾਲੇ ਉਮਰ ਹੀ ਬਹੁਤ ਘੱਟ ਹੈ।’ ਉਸ ਵੇਲੇ ਉਸ ਦਾ ਮੁੰਡਾ ਸਿਰਫ਼ ਤਿੰਨ ਸਾਲਾਂ ਦਾ ਸੀ। ਪਰ ਕਿਹੜੀ ਗੱਲ ਨੇ ਇਨ੍ਹਾਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨ ਵਿਚ ਉਸ ਦੀ ਮਦਦ ਕੀਤੀ? ਉਹ ਦੱਸਦਾ ਹੈ: “ਚਾਹੇ ਮੈਂ ਥੱਕਿਆ ਹੁੰਦਾ ਸੀ, ਪਰ ਮੈਂ ਧਿਆਨ ਰੱਖਦਾ ਸੀ ਕਿ ਸਾਡਾ ਪਰਿਵਾਰ ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗਾ ਰਹੇ। ਚਾਹੇ ਸਾਡੇ ਲਈ ਔਖਾ ਹੁੰਦਾ ਸੀ, ਪਰ ਫਿਰ ਵੀ ਅਸੀਂ ਸਾਰੀਆਂ ਮੀਟਿੰਗਾਂ ਵਿਚ ਜਾਂਦੇ ਸੀ, ਬਾਕਾਇਦਾ ਪ੍ਰਚਾਰ ਅਤੇ ਪਰਿਵਾਰਕ ਸਟੱਡੀ ਕਰਦੇ ਸੀ।” ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਜੌਨ ਅੱਗੇ ਦੱਸਦਾ ਹੈ: ”ਜਦੋਂ ਸਾਡੇ ʼਤੇ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਹੈਰਾਨ-ਪਰੇਸ਼ਾਨ ਰਹਿ ਜਾਂਦੇ ਹਾਂ। ਪਰ ਮੈਂ ਦੇਖਿਆ ਹੈ ਕਿ ਯਹੋਵਾਹ ਨੇ ਕਿੱਦਾਂ ਸਾਨੂੰ ਇਕਦਮ ਤਾਕਤ ਬਖ਼ਸ਼ੀ ਅਤੇ ਆਪਣੇ ਪਿਆਰ ਦਾ ਅਹਿਸਾਸ ਕਰਾਇਆ। ਯਹੋਵਾਹ ਤੁਹਾਨੂੰ ਵੀ ਤਾਕਤ ਦੇ ਸਕਦਾ ਹੈ ਜਿੱਦਾਂ ਉਸ ਨੇ ਮੈਨੂੰ ਦਿੱਤੀ ਸੀ।”
14 ਅਲੀਜ਼ਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦੀ ਹੈ: “ਹਰ ਵਾਰ ਜਦੋਂ ਮੈਂ ਮੀਟਿੰਗਾਂ ਵਿਚ ਹਾਜ਼ਰ ਹੁੰਦੀ ਹਾਂ ਤੇ ਨਿੱਜੀ ਅਧਿਐਨ ਕਰਦੀ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਮੇਰੀ ਪ੍ਰਾਰਥਨਾ ਸੁਣਦਾ ਹੈ ਤੇ ਮੈਨੂੰ ਪਿਆਰ ਕਰਦਾ ਹੈ। ਇਸ ਲਈ ਮੈਂ ਖ਼ੁਸ਼ ਰਹਿੰਦੀ ਹਾਂ।” ਅਫ਼ਰੀਕਾ ਵਿਚ ਰਹਿਣ ਵਾਲਾ ਸਰਕਟ ਓਵਰਸੀਅਰ ਨੋਲਾਨ ਆਪਣੇ ਬਾਰੇ ਤੇ ਆਪਣੀ ਪਤਨੀ ਡੀਏਨ ਬਾਰੇ ਦੱਸਦਾ ਹੈ: “ਅਸੀਂ ਉਦੋਂ ਵੀ ਭਗਤੀ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਾਂ ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ। ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਕਰਕੇ ਯਹੋਵਾਹ ਦੀ ਮਦਦ ਨਾਲ ਅਸੀਂ ਸਹੀ ਸੋਚ ਰੱਖ ਪਾਉਂਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਮੇਸ਼ਾ ਇਹ ਗੱਲ ਯਾਦ ਰੱਖੀਏ ਕਿ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ ਅਤੇ ਸਾਡੀ ਮਦਦ ਕਰੇਗਾ। ਅਸੀਂ ਨਹੀਂ ਜਾਣਦੇ ਕਿੱਦਾਂ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਉਹ ਕਰੇਗਾ ਜ਼ਰੂਰ।”
15. ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
15 ਜੇ ਅਸੀਂ ਫਿਰ ਵੀ ਨਿਰਾਸ਼ ਮਹਿਸੂਸ ਕਰਦੇ ਹਾਂ, ਤਾਂ ਸ਼ਾਇਦ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਪਵੇ। ਮਿਸਾਲ ਲਈ, ਕਲਪਨਾ ਕਰੋ ਕਿ ਤੁਹਾਡੀ ਕਮਰ ਵਿਚ ਦਰਦ ਹੈ। ਇਸ ਤੋਂ ਰਾਹਤ ਪਾਉਣ ਲਈ ਸ਼ਾਇਦ ਤੁਹਾਨੂੰ ਰੋਜ਼ ਸੈਰ ਕਰਨ ਤੋਂ ਇਲਾਵਾ ਵੀ ਕੁਝ ਹੋਰ ਕਰਨ ਦੀ ਲੋੜ ਪਵੇ। ਤੁਹਾਨੂੰ ਦਰਦ ਦਾ ਕਾਰਨ ਜਾਣਨ ਲਈ ਖੋਜਬੀਨ ਕਰਨੀ ਪੈ ਸਕਦੀ ਹੈ ਅਤੇ ਡਾਕਟਰ ਨਾਲ ਵੀ ਗੱਲ ਕਰਨ ਦੀ ਲੋੜ ਪੈ ਸਕਦੀ ਹੈ। ਇਸੇ ਤਰ੍ਹਾਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਕਿਵੇਂ ਪਾਉਣਾ ਹੈ, ਇਹ ਸਿੱਖਣ ਲਈ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰਨ ਅਤੇ ਕਿਸੇ ਸਮਝਦਾਰ ਮਸੀਹੀ ਨਾਲ ਗੱਲ ਕਰਨ ਦੀ ਵੀ ਲੋੜ ਪੈ ਸਕਦੀ ਹੈ। ਆਓ ਕੁਝ ਹੋਰ ਸੁਝਾਅ ਦੇਖੀਏ ਜਿਨ੍ਹਾਂ ਨਾਲ ਸਾਡੀ ਮਦਦ ਹੋ ਸਕਦੀ ਹੈ।
16. ਕਿਹੜੀ ਗੱਲ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਦੇ ਕਾਰਨ ਨੂੰ ਪਛਾਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ? (ਜ਼ਬੂਰ 139:1-4, 23, 24)
16 ਪ੍ਰਾਰਥਨਾ ਕਰ ਕੇ ਆਪਣੀ ਨਿਰਾਸ਼ਾ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਦਾਊਦ ਨੂੰ ਪਤਾ ਸੀ ਕਿ ਯਹੋਵਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਦਾਊਦ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੀਆਂ “ਚਿੰਤਾਵਾਂ” ਦਾ ਕਾਰਨ ਜਾਣਨ ਵਿਚ ਉਸ ਦੀ ਮਦਦ ਕਰੇ। (ਜ਼ਬੂਰ 139:1-4, 23, 24 ਪੜ੍ਹੋ।) ਤੁਸੀਂ ਵੀ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹੋ ਕਿ ਉਹ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਦਾ ਕਾਰਨ ਜਾਣਨ ਅਤੇ ਇਹ ਸਮਝਣ ਵਿਚ ਮਦਦ ਕਰੇ ਕਿ ਤੁਸੀਂ ਇਨ੍ਹਾਂ ਉੱਤੇ ਕਿਵੇਂ ਕਾਬੂ ਪਾ ਸਕਦੇ ਹੋ। ਤੁਸੀਂ ਸ਼ਾਇਦ ਖ਼ੁਦ ਨੂੰ ਇਹ ਸਵਾਲ ਪੁੱਛ ਸਕਦੇ ਹੋ: ‘ਮੇਰੀਆਂ ਚਿੰਤਾਵਾਂ ਦਾ ਅਸਲੀ ਕਾਰਨ ਕੀ ਹੈ? ਕੀ ਕਿਸੇ ਗੱਲ ਜਾਂ ਚੀਜ਼ ਕਰਕੇ ਮੇਰੇ ਅੰਦਰ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਆਉਂਦੀਆਂ ਹਨ? ਕੀ ਮੈਂ ਇਨ੍ਹਾਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨੂੰ ਉਸੇ ਵੇਲੇ ਆਪਣੇ ਮਨ ਵਿੱਚੋਂ ਕੱਢ ਦਿੰਦਾ ਹਾਂ ਜਾਂ ਇਨ੍ਹਾਂ ਨੂੰ ਵਧਣ ਦਿੰਦਾ ਹਾਂ?’
17. ਕਿਨ੍ਹਾਂ ਵਿਸ਼ਿਆਂ ਬਾਰੇ ਅਧਿਐਨ ਕਰ ਕੇ ਤੁਸੀਂ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਾਈ ਰੱਖ ਸਕਦੇ ਹੋ? (ਤਸਵੀਰ ਵੀ ਦੇਖੋ।)
17 ਆਪਣੀਆਂ ਲੋੜਾਂ ਮੁਤਾਬਕ ਨਿੱਜੀ ਅਧਿਐਨ ਕਰੋ। ਸਮੇਂ-ਸਮੇਂ ʼਤੇ ਯਹੋਵਾਹ ਦੀ ਸ਼ਖ਼ਸੀਅਤ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਅਧਿਐਨ ਕਰ ਕੇ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ। ਮਿਸਾਲ ਲਈ, ਪੌਲੁਸ ਰਸੂਲ ਨੂੰ ਰਿਹਾਈ ਦੀ ਕੀਮਤ ਅਤੇ ਯਹੋਵਾਹ ਵੱਲੋਂ ਮਿਲਣ ਵਾਲੀ ਮਾਫ਼ੀ ʼਤੇ ਸੋਚ-ਵਿਚਾਰ ਕਰ ਕੇ ਬਹੁਤ ਫ਼ਾਇਦਾ ਹੋਇਆ ਸੀ। ਤੁਸੀਂ ਵੀ ਇੱਦਾਂ ਕਰ ਸਕਦੇ ਹੋ। ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਤੇ ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ ਵਿੱਚੋਂ ਅਤੇ ਤੁਹਾਡੀ ਭਾਸ਼ਾ ਵਿਚ ਅਧਿਐਨ ਕਰਨ ਲਈ ਉਪਲਬਧ ਪ੍ਰਕਾਸ਼ਨਾਂ ਵਿੱਚੋਂ ਪਰਮੇਸ਼ੁਰ ਦੇ ਗੁਣਾਂ ਬਾਰੇ ਖੋਜਬੀਨ ਕਰ ਸਕਦੇ ਹੋ। ਤੁਸੀਂ ਯਹੋਵਾਹ ਦੀ ਦਇਆ, ਮਾਫ਼ੀ ਅਤੇ ਅਟੱਲ ਪਿਆਰ ਵਰਗੇ ਵਿਸ਼ਿਆਂ ʼਤੇ ਖੋਜਬੀਨ ਕਰ ਸਕਦੇ ਹੋ। ਜਦੋਂ ਤੁਸੀਂ ਉਹ ਲੇਖ ਲੱਭ ਲਓਗੇ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ, ਤਾਂ ਉਨ੍ਹਾਂ ਦੀ ਇਕ ਲਿਸਟ ਬਣਾਓ। ਇਸ ਨੂੰ ਇੱਦਾਂ ਦੀ ਜਗ੍ਹਾ ʼਤੇ ਲਾਓ ਜਿੱਥੇ ਤੁਸੀਂ ਇਸ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਨਾਲੇ ਜਦੋਂ ਤੁਹਾਡੇ ਅੰਦਰ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਤਾਂ ਉਨ੍ਹਾਂ ਲੇਖਾਂ ਦਾ ਅਧਿਐਨ ਕਰੋ ਅਤੇ ਪੜ੍ਹੀਆਂ ਗੱਲਾਂ ਨੂੰ ਆਪਣੇ ਹਾਲਾਤਾਂ ਮੁਤਾਬਕ ਲਾਗੂ ਕਰਨ ਦੀ ਕੋਸ਼ਿਸ਼ ਕਰੋ।—ਫ਼ਿਲਿ. 4:8.
ਅਧਿਐਨ ਕਰਨ ਲਈ ਅਜਿਹੇ ਵਿਸ਼ੇ ਚੁਣੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕੋ (ਪੈਰਾ 17 ਦੇਖੋ)
18. ਕਿਨ੍ਹਾਂ ਵਿਸ਼ਿਆਂ ਬਾਰੇ ਅਧਿਐਨ ਕਰ ਕੇ ਕੁਝ ਮਸੀਹੀਆਂ ਦੀ ਮਦਦ ਹੋਈ ਹੈ?
18 ਅਲੀਜ਼ਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਉਸ ਨੇ ਆਪਣੇ ਨਿੱਜੀ ਅਧਿਐਨ ਦੌਰਾਨ ਬਾਈਬਲ ਵਿੱਚੋਂ ਅੱਯੂਬ ਬਾਰੇ ਅਧਿਐਨ ਕੀਤਾ। ਉਹ ਕਹਿੰਦੀ ਹੈ: “ਮੇਰੀ ਤੇ ਅੱਯੂਬ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਉਸ ਉੱਤੇ ਇਕ ਤੋਂ ਬਾਅਦ ਇਕ ਕਈ ਮੁਸ਼ਕਲਾਂ ਆਈਆਂ ਜਿਸ ਕਰਕੇ ਉਹ ਬਹੁਤ ਨਿਰਾਸ਼ ਹੋ ਗਿਆ ਸੀ। ਭਾਵੇਂ ਉਸ ਨੂੰ ਪਤਾ ਨਹੀਂ ਸੀ ਕਿ ਉਸ ਉੱਤੇ ਮੁਸ਼ਕਲਾਂ ਕਿਉਂ ਆ ਰਹੀਆਂ ਸਨ, ਫਿਰ ਵੀ ਉਸ ਨੇ ਮਦਦ ਲਈ ਯਹੋਵਾਹ ʼਤੇ ਨਜ਼ਰਾਂ ਲਾਈ ਰੱਖੀਆਂ।” (ਅੱਯੂ. 42:1-6) ਡੀਏਨ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਕਹਿੰਦੀ ਹੈ: “ਮੈਂ ਤੇ ਮੇਰਾ ਪਤੀ ਯਹੋਵਾਹ ਦੇ ਨੇੜੇ ਰਹੋ ਕਿਤਾਬ ਦਾ ਅਧਿਐਨ ਕਰ ਰਹੇ ਹਾਂ। ਇਸ ਤੋਂ ਅਸੀਂ ਸਮਝ ਸਕੇ ਹਾਂ ਕਿ ਯਹੋਵਾਹ ਸਾਨੂੰ ਉਸੇ ਤਰ੍ਹਾਂ ਢਾਲ਼ਦਾ ਹੈ ਜਿੱਦਾਂ ਇਕ ਘੁਮਿਆਰ ਮਿੱਟੀ ਨੂੰ ਢਾਲ਼ਦਾ ਹੈ। ਹੁਣ ਅਸੀਂ ਆਪਣੀਆਂ ਗ਼ਲਤੀਆਂ ਬਾਰੇ ਸੋਚ ਕੇ ਨਿਰਾਸ਼ ਹੋਣ ਦੀ ਬਜਾਇ ਇਸ ਗੱਲ ʼਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਯਹੋਵਾਹ ਸਾਨੂੰ ਢਾਲ਼ ਰਿਹਾ ਹੈ ਤੇ ਇਕ ਵਧੀਆ ਇਨਸਾਨ ਬਣਨ ਵਿਚ ਸਾਡੀ ਮਦਦ ਕਰ ਰਿਹਾ ਹੈ। ਇਸ ਕਰਕੇ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਏ ਹਾਂ।”—ਯਸਾ. 64:8.
ਮਦਦ ਲਈ ਯਹੋਵਾਹ ਉੱਤੇ ਭਰੋਸਾ ਰੱਖੋ
19. ਅਸੀਂ ਕੀ ਉਮੀਦ ਰੱਖ ਸਕਦੇ ਹਾਂ?
19 ਭਾਵੇਂ ਕਿ ਅਸੀਂ ਭਗਤੀ ਨਾਲ ਜੁੜੇ ਕੰਮਾਂ ਵਿਚ ਰੁੱਝੇ ਰਹੀਏ ਅਤੇ ਸਾਡੇ ਕੋਲ ਆਪਣੀਆਂ ਲੋੜਾਂ ਮੁਤਾਬਕ ਇਕ ਵਧੀਆ ਨਿੱਜੀ ਅਧਿਐਨ ਦੀ ਯੋਜਨਾ ਵੀ ਹੋਵੇ, ਤਾਂ ਵੀ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਨਿਰਾਸ਼ ਕਰਨ ਵਾਲੀਆਂ ਸੋਚਾਂ ਅਤੇ ਭਾਵਨਾਵਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ। ਅਜਿਹੇ ਦਿਨ ਹੋ ਸਕਦੇ ਹਨ ਜਦੋਂ ਅਸੀਂ ਬੇਬੱਸ ਮਹਿਸੂਸ ਕਰੀਏ! ਪਰ ਯਹੋਵਾਹ ਪਰਮੇਸ਼ੁਰ ਦੀ ਮਦਦ ਨਾਲ ਅਸੀਂ ਇਨ੍ਹਾਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾ ਸਕਦੇ ਹਾਂ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜ਼ਿਆਦਾਤਰ ਦਿਨਾਂ ਦੌਰਾਨ ਸਾਡੀ ਜ਼ਮੀਰ ਸਾਫ਼ ਰਹੇਗੀ ਅਤੇ ਸਾਡੇ ਕੋਲ ਆਪਣੀ ਜ਼ਿੰਦਗੀ ਅਤੇ ਯਹੋਵਾਹ ਦੀ ਸੇਵਾ ਵਿਚ ਖ਼ੁਸ਼ ਹੋਣ ਦਾ ਹਰੇਕ ਕਾਰਨ ਹੋਵੇਗਾ।
20. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
20 ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣੇ ਅਤੀਤ, ਆਪਣੀਆਂ ਮੁਸ਼ਕਲਾਂ ਅਤੇ ਕਮੀਆਂ-ਕਮਜ਼ੋਰੀਆਂ ਕਰਕੇ ਆਪਣੇ ਮਨ ਉੱਤੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨੂੰ ਹਾਵੀ ਨਹੀਂ ਹੋਣ ਦੇਵਾਂਗੇ। ਅਸੀਂ ਯਹੋਵਾਹ ਦੀ ਮਦਦ ਨਾਲ ਇਨ੍ਹਾਂ ʼਤੇ ਕਾਬੂ ਪਾ ਸਕਦੇ ਹਾਂ। (ਜ਼ਬੂ. 143:10) ਅਸੀਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਸਾਨੂੰ ਚੰਗੀਆਂ ਗੱਲਾਂ ʼਤੇ ਧਿਆਨ ਲਾਉਣ ਲਈ ਜੱਦੋ-ਜਹਿਦ ਨਹੀਂ ਕਰਨੀ ਪਵੇਗੀ। ਇਸ ਦੀ ਬਜਾਇ, ਉਸ ਸਮੇਂ ਅਸੀਂ ਰੋਜ਼ ਸਵੇਰੇ ਬਿਨਾਂ ਕਿਸੇ ਚਿੰਤਾ ਦੇ ਉੱਠਾਂਗੇ ਅਤੇ ਖ਼ੁਸ਼ੀ ਨਾਲ ਆਪਣੇ ਪਿਆਰੇ ਪਰਮੇਸ਼ੁਰ ਦੀ ਸੇਵਾ ਕਰ ਪਾਵਾਂਗੇ!
ਗੀਤ 34 ਵਫ਼ਾ ਦੇ ਰਾਹ ʼਤੇ ਚੱਲੋ
a ਸ਼ਬਦਾਂ ਦਾ ਮਤਲਬ: ਇਸ ਲੇਖ ਵਿਚ ਜਿੱਥੇ ਵੀ “ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ” ਦੀ ਗੱਲ ਕੀਤੀ ਗਈ ਹੈ, ਉੱਥੇ ਕਦੇ-ਕਦੇ ਹੋਣ ਵਾਲੀ ਉਦਾਸੀ, ਮੂਡ ਵਿਚ ਬਦਲਾਅ ਦੀ ਗੱਲ ਕੀਤੀ ਹੈ, ਨਾ ਕਿ ਡਿਪਰੈਸ਼ਨ ਦੀ ਜਿਸ ਕਰਕੇ ਸਾਨੂੰ ਡਾਕਟਰ ਕੋਲ ਜਾਣਾ ਪਵੇ।
b ਪੌਲੁਸ ਦੀਆਂ ਚਿੱਠੀਆਂ ਤੋਂ ਇੱਦਾਂ ਲੱਗਦਾ ਹੈ ਕਿ ਉਸ ਦੀ ਨਜ਼ਰ ਕਮਜ਼ੋਰ ਹੋ ਗਈ ਸੀ ਜਿਸ ਕਰਕੇ ਉਸ ਲਈ ਮੰਡਲੀਆਂ ਨੂੰ ਚਿੱਠੀਆਂ ਲਿਖਣੀਆਂ, ਸਫ਼ਰ ਕਰਨਾ ਤੇ ਪ੍ਰਚਾਰ ਕਰਨਾ ਮੁਸ਼ਕਲ ਹੋ ਗਿਆ ਹੋਣਾ। (ਗਲਾ. 4:15; 6:11) ਜਾਂ ਸ਼ਾਇਦ ਉਹ ਮੰਡਲੀਆਂ ਵਿਚ ਝੂਠੇ ਸਿੱਖਿਅਕਾਂ ਦੀਆਂ ਗੱਲਾਂ ਕਰਕੇ ਪਰੇਸ਼ਾਨ ਰਹਿੰਦਾ ਸੀ। (2 ਕੁਰਿੰ. 10:10; 11:5, 13) ਉਸ ਦੀ ਪਰੇਸ਼ਾਨੀ ਦਾ ਕਾਰਨ ਚਾਹੇ ਜੋ ਵੀ ਰਿਹਾ ਹੋਵੇ, ਉਸ ਨਾਲ ਪੌਲੁਸ ਨੂੰ ਬਹੁਤ ਤਕਲੀਫ਼ ਹੋ ਰਹੀ ਸੀ।
c ਕੁਝ ਨਾਂ ਬਦਲੇ ਗਏ ਹਨ।