23-29 ਮਾਰਚ 2026
ਗੀਤ 18 ਰਿਹਾਈ ਲਈ ਅਹਿਸਾਨਮੰਦ
ਤੁਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾਓਗੇ?
“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ।”—2 ਕੁਰਿੰ. 5:14.
ਕੀ ਸਿੱਖਾਂਗੇ?
ਅਸੀਂ ਸਾਰੇ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ।
1-2. ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਤੋਂ ਸਾਨੂੰ ਕੀ ਕਰਨ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ ਅਤੇ ਕਿਉਂ? (2 ਕੁਰਿੰਥੀਆਂ 5:14, 15) (ਤਸਵੀਰ ਵੀ ਦੇਖੋ।)
ਜੇ ਤੁਹਾਨੂੰ ਕਿਸੇ ਢਹਿ ਚੁੱਕੀ ਇਮਾਰਤ ਦੇ ਮਲਬੇ ਹੇਠੋਂ ਬਚਾਇਆ ਗਿਆ ਹੋਵੇ, ਤਾਂ ਕੀ ਤੁਸੀਂ ਉਸ ਵਿਅਕਤੀ ਦੇ ਸ਼ੁਕਰਗੁਜ਼ਾਰ ਨਹੀਂ ਹੋਵੋਗੇ ਜਿਸ ਨੇ ਤੁਹਾਡੀ ਜ਼ਿੰਦਗੀ ਬਚਾਈ? ਚਾਹੇ ਹੋਰ ਲੋਕ ਵੀ ਬਚਾਏ ਗਏ ਹੋਣ, ਫਿਰ ਵੀ ਤੁਸੀਂ ਖ਼ੁਦ ਜਾ ਕੇ ਉਸ ਵਿਅਕਤੀ ਲਈ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਚਾਹੋਗੇ ਤਾਂਕਿ ਤੁਸੀਂ ਉਸ ਨੂੰ ਦਿਖਾ ਸਕੋ ਕਿ ਤੁਸੀਂ ਉਸ ਦੇ ਅਹਿਸਾਨ ਨੂੰ ਐਵੇਂ ਨਹੀਂ ਸਮਝਦੇ।
2 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਅਸੀਂ ਵਿਰਾਸਤ ਵਿਚ ਮਿਲੇ ਪਾਪ ਦੇ ਬੁਰੇ ਅਸਰਾਂ ਤੋਂ ਖ਼ੁਦ ਨੂੰ ਨਹੀਂ ਬਚਾ ਸਕਦੇ। ਪਰ ਯਹੋਵਾਹ ਨੇ ਇਨ੍ਹਾਂ ਤੋਂ ਸਾਨੂੰ ਬਚਾਉਣ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ। ਇਸ ਕਰਕੇ (1) ਸਾਨੂੰ ਸਾਡੇ ਪਾਪਾਂ ਤੋਂ ਮਾਫ਼ੀ ਮਿਲ ਸਕਦੀ ਹੈ, (2) ਪਾਪੀ ਹਾਲਤ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣ ਦੀ ਉਮੀਦ ਮਿਲੀ ਹੈ ਅਤੇ (3) ਯਹੋਵਾਹ ਨਾਲ ਸਾਡੀ ਸੁਲ੍ਹਾ ਹੁੰਦੀ ਹੈ। ਨਤੀਜੇ ਵਜੋਂ ਸਾਨੂੰ ਯਹੋਵਾਹ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਜੀਉਣ ਦੀ ਉਮੀਦ ਮਿਲੀ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਰਿਹਾਈ ਦੀ ਕੀਮਤ ਤੋਂ ਯਿਸੂ ਦਾ ਪਿਆਰ ਸਾਫ਼ ਜ਼ਾਹਰ ਹੁੰਦਾ ਹੈ। ਉਹ ਧਰਤੀ ʼਤੇ ਆਉਣ ਤੋਂ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਸਾਨੂੰ ਪਿਆਰ ਕਰਦਾ ਆਇਆ ਹੈ। (ਕਹਾ. 8:30, 31) ਪੌਲੁਸ ਰਸੂਲ ਨੇ ਲਿਖਿਆ ਕਿ “ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ।” (2 ਕੁਰਿੰਥੀਆਂ 5:14, 15 ਪੜ੍ਹੋ।) ਇਸ ਦਾ ਮਤਲਬ ਹੈ ਕਿ ਯਿਸੂ ਦੇ ਪਿਆਰ ਤੋਂ ਸਾਨੂੰ ਪ੍ਰੇਰਣਾ ਮਿਲਣੀ ਚਾਹੀਦੀ ਹੈ ਕਿ ਅਸੀਂ ਕਿਸੇ-ਨਾ-ਕਿਸੇ ਤਰੀਕੇ ਨਾਲ ਦਿਖਾਈਏ ਕਿ ਅਸੀਂ ਉਸ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੀ ਬਹੁਤ ਕਦਰ ਕਰਦੇ ਹਾਂ।
ਚਾਹੇ ਸਾਨੂੰ ਮਲਬੇ ਦੇ ਹੇਠੋਂ ਜਾਂ ਪਾਪ ਦੇ ਬੋਝ ਹੇਠੋਂ ਬਚਾਇਆ ਗਿਆ ਹੋਵੇ, ਅਸੀਂ ਬਚਾਉਣ ਵਾਲੇ ਦੇ ਕਰਜ਼ਦਾਰ ਹੁੰਦੇ ਹਾਂ (ਪੈਰੇ 1-2 ਦੇਖੋ)
3. ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾਉਣ ਦਾ ਹਰ ਕਿਸੇ ਦਾ ਤਰੀਕਾ ਸ਼ਾਇਦ ਵੱਖਰਾ ਕਿਉਂ ਹੋ ਸਕਦਾ ਹੈ?
3 ਪਿਆਰ ਕਰਕੇ ਕੀਤਾ ਗਿਆ ਰਿਹਾਈ ਦੀ ਕੀਮਤ ਦਾ ਪ੍ਰਬੰਧ ਤੁਹਾਨੂੰ ਕੀ ਕਰਨ ਲਈ ਪ੍ਰੇਰਦਾ ਹੈ? ਸ਼ਾਇਦ ਇਸ ਦਾ ਜਵਾਬ ਸਾਰੇ ਅਲੱਗ-ਅਲੱਗ ਦੇਣ। ਕਿਉਂ? ਮਿਸਾਲ ਲਈ, ਤਿੰਨ ਵਿਅਕਤੀ ਇੱਕੋ ਮੰਜ਼ਲ ਤੇ ਜਾਣਾ ਚਾਹੁੰਦੇ ਹਨ। ਉਹ ਵੱਖੋ-ਵੱਖਰਾ ਰਾਹ ਲੈਂਦੇ ਹਨ ਕਿਉਂਕਿ ਉਹ ਵੱਖਰੇ-ਵੱਖਰੇ ਸ਼ਹਿਰ ਵਿਚ ਰਹਿੰਦੇ ਹਨ। ਇਸੇ ਤਰ੍ਹਾਂ ਆਪਣੀ ਮੰਜ਼ਲ ਯਾਨੀ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਅਸੀਂ ਜੋ ਰਾਹ ਚੁਣਦੇ ਹਾਂ, ਉਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਹੁਣ ਯਹੋਵਾਹ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇਸ ਲੇਖ ਵਿਚ ਤਿੰਨ ਤਰ੍ਹਾਂ ਦੇ ਲੋਕਾਂ ਬਾਰੇ ਗੱਲ ਕਰਾਂਗੇ: (1) ਬਾਈਬਲ ਵਿਦਿਆਰਥੀ, (2) ਬਪਤਿਸਮਾ-ਪ੍ਰਾਪਤ ਮਸੀਹੀ ਅਤੇ (3) ਯਹੋਵਾਹ ਤੋਂ ਦੂਰ ਹੋ ਚੁੱਕਿਆ ਮਸੀਹੀ।
ਬਾਈਬਲ ਵਿਦਿਆਰਥੀ
4. ਯਹੋਵਾਹ ਬਾਈਬਲ ਵਿਦਿਆਰਥੀਆਂ ਵਿਚ ਕੀ ਦੇਖਦਾ ਹੈ?
4 ਜੇ ਤੁਸੀਂ ਬਾਈਬਲ ਦਾ ਅਧਿਐਨ ਕਰ ਰਹੇ ਹੋ, ਤਾਂ ਇਸ ਬਾਰੇ ਸੋਚੋ: ਤੁਸੀਂ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ, ਇਹ ਦਿਖਾਉਂਦਾ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਹੋ ਜਿਨ੍ਹਾਂ ਨੂੰ ਯਹੋਵਾਹ ਆਪਣੇ ਵੱਲ ਖਿੱਚ ਰਿਹਾ ਹੈ ਅਤੇ ਜਿਨ੍ਹਾਂ ਨਾਲ ਉਹ ਰਿਸ਼ਤਾ ਜੋੜਨਾ ਚਾਹੁੰਦਾ ਹੈ। (ਯੂਹੰ. 6:44; ਰਸੂ. 13:48) ਬਾਈਬਲ ਕਹਿੰਦੀ ਹੈ ਕਿ ‘ਯਹੋਵਾਹ ਦਿਲਾਂ ਨੂੰ ਜਾਂਚਦਾ ਹੈ।’ ਇਸ ਦਾ ਮਤਲਬ ਹੈ ਕਿ ਉਹ ਦੇਖਦਾ ਹੈ ਕਿ ਤੁਸੀਂ ਉਸ ਬਾਰੇ ਸਿੱਖਣ ਲਈ ਕਿੰਨੀ ਮਿਹਨਤ ਕਰਦੇ ਹੋ ਅਤੇ ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਤੁਸੀਂ ਉਸ ਦੇ ਮਿਆਰਾਂ ਮੁਤਾਬਕ ਚੱਲਣ ਲਈ ਖ਼ੁਦ ਵਿਚ ਬਦਲਾਅ ਕਰਦੇ ਹੋ। (ਕਹਾ. 17:3; 27:11) ਰਿਹਾਈ ਦੀ ਕੀਮਤ ਕਰਕੇ ਤੁਹਾਡੇ ਲਈ ਯਹੋਵਾਹ ਨਾਲ ਕਰੀਬੀ ਰਿਸ਼ਤਾ ਜੋੜਨਾ ਮੁਮਕਿਨ ਹੋਇਆ ਹੈ। (ਰੋਮੀ. 5:10, 11) ਕਦੇ ਵੀ ਇਸ ਗੱਲ ਨੂੰ ਐਵੇਂ ਨਾ ਸਮਝੋ।
5. ਫ਼ਿਲਿੱਪੀਆਂ 3:16 ਵਿਚ ਦਿੱਤੀ ਸਲਾਹ ਨੂੰ ਬਾਈਬਲ ਵਿਦਿਆਰਥੀ ਕਿਵੇਂ ਲਾਗੂ ਕਰ ਸਕਦੇ ਹਨ?
5 ਬਾਈਬਲ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹੋ? ਇਸ ਦਾ ਇਕ ਤਰੀਕਾ ਹੈ ਕਿ ਤੁਸੀਂ ਉਸ ਸਲਾਹ ਨੂੰ ਲਾਗੂ ਕਰੋ ਜੋ ਪੌਲੁਸ ਨੇ ਫ਼ਿਲਿੱਪੀਆਂ ਦੀ ਮੰਡਲੀ ਨੂੰ ਦਿੱਤੀ ਸੀ। ਇਸ ਵਿਚ ਲਿਖਿਆ ਹੈ: “ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।” (ਫ਼ਿਲਿ. 3:16) ਇਸ ਸਲਾਹ ਮੁਤਾਬਕ ਮੁਸ਼ਕਲਾਂ ਦੇ ਬਾਵਜੂਦ ਵੀ ਸਾਨੂੰ ਜ਼ਿੰਦਗੀ ਦੇ ਰਾਹ ʼਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ।—ਮੱਤੀ 7:14; ਲੂਕਾ 9:62.
6. ਜੇ ਬਾਈਬਲ ਵਿਦਿਆਰਥੀਆਂ ਨੂੰ ਕੋਈ ਸਿੱਖਿਆ ਮੰਨਣੀ ਔਖੀ ਲੱਗਦੀ ਹੈ, ਤਾਂ ਉਹ ਕੀ ਕਰ ਸਕਦੇ ਹਨ? (ਬਿਵਸਥਾ ਸਾਰ 30:11-14) (ਤਸਵੀਰ ਵੀ ਦੇਖੋ।)
6 ਹਾਲ ਹੀ ਵਿਚ ਤੁਸੀਂ ਜੋ ਬਾਈਬਲ ਸੱਚਾਈ ਸਿੱਖੀ ਹੈ, ਕੀ ਤੁਹਾਨੂੰ ਉਹ ਮੰਨਣੀ ਔਖੀ ਲੱਗਦੀ ਹੈ? ਖੋਜਬੀਨ ਕਰੋ ਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਸ ਸੱਚਾਈ ਨੂੰ ਸਮਝਣ ਵਿਚ ਉਹ ਤੁਹਾਡੀ ਮਦਦ ਕਰੇ। (ਜ਼ਬੂ. 86:11) ਜੇ ਫਿਰ ਵੀ ਤੁਹਾਨੂੰ ਕੋਈ ਸਿੱਖਿਆ ਸਮਝਣੀ ਔਖੀ ਲੱਗਦੀ ਹੈ, ਤਾਂ ਉਸ ਬਾਰੇ ਚਿੰਤਾ ਨਾ ਕਰੋ। ਪਰ ਬਾਈਬਲ ਸਟੱਡੀ ਕਰਨੀ ਨਾ ਛੱਡੋ। ਉਦੋਂ ਕੀ ਜਦੋਂ ਬਾਈਬਲ ਮੁਤਾਬਕ ਤੁਹਾਨੂੰ ਕੋਈ ਬਦਲਾਅ ਕਰਨਾ ਔਖਾ ਲੱਗਦਾ ਹੈ? ਯਾਦ ਰੱਖੋ, ਯਹੋਵਾਹ ਨਾਮੁਕੰਮਲ ਇਨਸਾਨਾਂ ਨੂੰ ਇੱਦਾਂ ਦਾ ਕੋਈ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਉਹ ਨਹੀਂ ਕਰ ਸਕਦੇ। ਤੁਸੀਂ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਸਕਦੇ ਹੋ। (ਬਿਵਸਥਾ ਸਾਰ 30:11-14 ਪੜ੍ਹੋ।) ਨਾਲੇ ਯਹੋਵਾਹ ਤੁਹਾਡੀ ਮਦਦ ਕਰਨ ਦਾ ਵਾਅਦਾ ਵੀ ਕਰਦਾ ਹੈ। (ਯਸਾ. 41:10, 13; 1 ਕੁਰਿੰ. 10:13) ਇਸ ਲਈ ਹਾਰ ਨਾ ਮੰਨੋ। ਆਪਣੀਆਂ ਚਿੰਤਾਵਾਂ ਬਾਰੇ ਸੋਚੀ ਜਾਣ ਦੀ ਬਜਾਇ ਉਨ੍ਹਾਂ ਕੰਮਾਂ ਲਈ ਸ਼ੁਕਰਗੁਜ਼ਾਰੀ ਦਿਖਾਓ ਜੋ ਯਹੋਵਾਹ ਨੇ ਹੁਣ ਤਕ ਤੁਹਾਡੇ ਲਈ ਕੀਤੇ ਹਨ, ਖ਼ਾਸ ਕਰਕੇ ਰਿਹਾਈ ਦੀ ਕੀਮਤ ਲਈ। ਜਿੱਦਾਂ-ਜਿੱਦਾਂ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਵਧਦਾ ਜਾਵੇਗਾ, ਤੁਸੀਂ ਦੇਖੋਗੇ ਕਿ “ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।”—1 ਯੂਹੰ. 5:3.a
ਯਹੋਵਾਹ ਸਾਨੂੰ ਉਹ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਨਹੀਂ ਕਰ ਸਕਦੇ, ਸਗੋਂ ਉਹ ਆਪਣੇ ਮਿਆਰਾਂ ਮੁਤਾਬਕ ਜੀਉਣ ਵਿਚ ਸਾਡੀ ਮਦਦ ਕਰੇਗਾ (ਪੈਰਾ 6 ਦੇਖੋ)
7. ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਸੱਚਾਈ ਵਿਚ ਹੋਈ ਹੈ, ਉਹ ਕਿਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਨ?
7 ਬੱਚਿਓ, ਤੁਹਾਡੇ ਬਾਰੇ ਕੀ ਜਿਨ੍ਹਾਂ ਦਾ ਪਾਲਣ-ਪੋਸ਼ਣ ਸੱਚਾਈ ਵਿਚ ਹੋ ਰਿਹਾ ਹੈ? ਤੁਸੀਂ ਵੀ ਬਾਈਬਲ ਵਿਦਿਆਰਥੀ ਹੋ। ਅਸਲ ਵਿਚ ਤੁਸੀਂ ਆਪਣੇ ਮਾਪਿਆਂ ਦੇ ਸਭ ਤੋਂ ਖ਼ਾਸ ਬਾਈਬਲ ਵਿਦਿਆਰਥੀ ਹੋ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8; 1 ਇਤਿ. 28:9) ਜੇ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਪਹਿਲ ਕਰਦੇ ਹੋ, ਤਾਂ ਉਹ ਵੀ ਤੁਹਾਡੇ ਨੇੜੇ ਆਉਂਦਾ ਹੈ। ਉਹ ਤੁਹਾਨੂੰ ਸਿਰਫ਼ ਇਕ ਸਮੂਹ ਦਾ ਹਿੱਸਾ ਨਹੀਂ ਸਮਝਦਾ, ਸਗੋਂ ਹਰੇਕ ਨੂੰ ਆਪਣੇ ਵੱਲ ਖਿੱਚਦਾ ਹੈ, ਉਨ੍ਹਾਂ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਪਰਵਰਿਸ਼ ਸੱਚਾਈ ਵਿਚ ਹੋ ਰਹੀ ਹੈ। ਕਿਹੜੀ ਚੀਜ਼ ਨੇ ਤੁਹਾਡੇ ਲਈ ਇਹ ਮੁਮਕਿਨ ਕੀਤਾ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨਾਲ ਇਕ ਨਿੱਜੀ ਰਿਸ਼ਤਾ ਜੋੜ ਸਕੋ? ਰਿਹਾਈ ਦੀ ਕੀਮਤ ਨੇ। ਨਾਲੇ ਤੁਹਾਨੂੰ ਇਸ ਨੂੰ ਕਦੇ ਵੀ ਐਵੇਂ ਨਹੀਂ ਸਮਝਣਾ ਚਾਹੀਦਾ। (ਰੋਮੀ. 5:1, 2) ਇਸ ਲਈ ਕਿਉਂ ਨਾ ਇਸ ਸਾਲ ਮੈਮੋਰੀਅਲ ਤੋਂ ਪਹਿਲਾਂ ਤੁਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰੋ ਕਿ ਯਿਸੂ ਦੀ ਮੌਤ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ? ਇੱਦਾਂ ਕਰਨ ਨਾਲ ਤੁਸੀਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਹੋਵੋਗੇ। ਇਸ ਤੋਂ ਜ਼ਾਹਰ ਹੋਵੇਗਾ ਕਿ ਤੁਸੀਂ ਰਿਹਾਈ ਦੀ ਕੀਮਤ ਦੀ ਕਦਰ ਕਰਦੇ ਹੋ ਜੋ ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਜ਼ਰੀਏ ਦਿੱਤੀ ਸੀ।b
ਬਪਤਿਸਮਾ-ਪ੍ਰਾਪਤ ਮਸੀਹੀ
8. ਬਪਤਿਸਮਾ-ਪ੍ਰਾਪਤ ਮਸੀਹੀ ਰਿਹਾਈ ਦੀ ਕੀਮਤ ʼਤੇ ਆਪਣੀ ਨਿਹਚਾ ਕਿਵੇਂ ਜ਼ਾਹਰ ਕਰਦੇ ਹਨ?
8 ਜੇ ਤੁਸੀਂ ਬਪਤਿਸਮਾ ਲਿਆ ਹੈ, ਤਾਂ ਤੁਸੀਂ ਕਈ ਤਰੀਕਿਆਂ ਨਾਲ ਰਿਹਾਈ ਦੀ ਕੀਮਤ ʼਤੇ ਆਪਣੀ ਨਿਹਚਾ ਜ਼ਾਹਰ ਕਰ ਚੁੱਕੇ ਹੋ। ਮਿਸਾਲ ਲਈ, ਤੁਸੀਂ ਯਹੋਵਾਹ ਦੇ ਨੇੜੇ ਆਉਣ ਲਈ ਅਤੇ ਉਸ ਦੇ ਮਿਆਰਾਂ ʼਤੇ ਖਰੇ ਉਤਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਤੁਸੀਂ ਯਿਸੂ ਦਾ ਇਹ ਹੁਕਮ ਵੀ ਮੰਨਿਆ ਹੈ ਕਿ ਜਾ ਕੇ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸੋ। ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਤੇ ਬਪਤਿਸਮਾ ਲਿਆ ਹੈ। ਕੀ ਸੱਚੀ ਭਗਤੀ ਦਾ ਪੱਖ ਲੈਣ ਕਰਕੇ ਤੁਹਾਡਾ ਵਿਰੋਧ ਹੋਇਆ ਹੈ? (2 ਤਿਮੋ. 3:12) ਵਿਰੋਧ ਦੇ ਬਾਵਜੂਦ ਵੀ ਤੁਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹੋ। ਇੱਦਾਂ ਤੁਸੀਂ ਯਹੋਵਾਹ ਲਈ ਆਪਣਾ ਪਿਆਰ ਅਤੇ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹੋ ਜੋ ਉਸ ਨੇ ਆਪਣੇ ਪੁੱਤਰ ਰਾਹੀਂ ਦਿੱਤੀ ਹੈ।—ਇਬ. 12:2, 3.
9. ਇਕ ਬਪਤਿਸਮਾ-ਪ੍ਰਾਪਤ ਮਸੀਹੀ ਨੂੰ ਕਿਹੜੇ ਖ਼ਤਰੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ?
9 ਬਪਤਿਸਮਾ-ਪ੍ਰਾਪਤ ਮਸੀਹੀ ਵਜੋਂ ਸਾਨੂੰ ਇਕ ਖ਼ਤਰੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸਮੇਂ ਦੇ ਬੀਤਣ ਨਾਲ ਹੋ ਸਕਦਾ ਹੈ ਕਿ ਅਸੀਂ ਰਿਹਾਈ ਦੀ ਕੀਮਤ ਨੂੰ ਐਵੇਂ ਸਮਝਣ ਲੱਗ ਪਈਏ। ਇਹ ਕਿੱਦਾਂ ਹੋ ਸਕਦਾ ਹੈ? ਪਹਿਲੀ ਸਦੀ ਵਿਚ ਅਫ਼ਸੁਸ ਦੇ ਮਸੀਹੀਆਂ ʼਤੇ ਗੌਰ ਕਰੋ। ਜੀਉਂਦੇ ਕੀਤੇ ਜਾਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਦੇ ਧੀਰਜ ਦੀ ਤਾਰੀਫ਼ ਕੀਤੀ। ਪਰ ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਮੈਨੂੰ ਤੇਰੇ ਨਾਲ ਇਕ ਗਿਲਾ ਹੈ ਕਿ ਤੂੰ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ।” (ਪ੍ਰਕਾ. 2:3, 4) ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਹੌਲੀ-ਹੌਲੀ ਇਕ ਮਸੀਹੀ ਦੀ ਭਗਤੀ ਬੱਸ ਇਕ ਰੁਟੀਨ ਬਣ ਸਕਦੀ ਹੈ। ਹੋ ਸਕਦਾ ਹੈ ਕਿ ਉਹ ਪ੍ਰਾਰਥਨਾ ਕਰੇ, ਮੀਟਿੰਗਾਂ ਵਿਚ ਜਾਵੇ ਅਤੇ ਪ੍ਰਚਾਰ ਕਰੇ, ਪਰ ਉਹ ਇਹ ਕੰਮ ਯਹੋਵਾਹ ਨਾਲ ਪਿਆਰ ਹੋਣ ਕਰਕੇ ਨਹੀਂ, ਸਗੋਂ ਇਸ ਲਈ ਕਰੇ ਕਿਉਂਕਿ ਇਹ ਕੰਮ ਕਰਨੇ ਉਸ ਦੀ ਬੱਸ ਇਕ ਆਦਤ ਬਣ ਗਈ ਹੈ। ਜੇ ਤੁਹਾਨੂੰ ਵੀ ਲੱਗਦਾ ਹੈ ਕਿ ਯਹੋਵਾਹ ਲਈ ਤੁਹਾਡਾ ਪਿਆਰ ਘੱਟ ਰਿਹਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
10. ਤੁਸੀਂ ਕਿਵੇਂ ਯਹੋਵਾਹ ਦੀ ਸੇਵਾ ਵਿਚ “ਮਗਨ” ਰਹਿ” ਸਕਦੇ ਹੋ ਅਤੇ ਇਸ ʼਤੇ “ਸੋਚ-ਵਿਚਾਰ” ਕਰਦੇ ਰਹਿ ਸਕਦੇ ਹੋ? (1 ਤਿਮੋਥਿਉਸ 4:13, 15)
10 ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ‘ਮਗਨ ਰਹੇ’ ਅਤੇ ਇਸ ਉੱਤੇ “ਸੋਚ-ਵਿਚਾਰ” ਕਰਦਾ ਰਹੇ। (1 ਤਿਮੋਥਿਉਸ 4:13, 15 ਪੜ੍ਹੋ।) ਇਸ ਲਈ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਹੋਰ ਵੀ ਵਧੀਆ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਸਕੋ ਅਤੇ “ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ” ਬਣੇ ਰਹੋ। (ਰੋਮੀ. 12:11) ਉਦਾਹਰਣ ਲਈ, ਤੁਸੀਂ ਮੀਟਿੰਗਾਂ ਦੀ ਹੋਰ ਵੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਤਾਂਕਿ ਤੁਸੀਂ ਮੀਟਿੰਗਾਂ ਵੱਲ ਪੂਰਾ ਧਿਆਨ ਦੇ ਸਕੋ। ਜਾਂ ਤੁਸੀਂ ਕਿਸੇ ਏਕਾਂਤ ਜਗ੍ਹਾ ਤੇ ਜਾ ਕੇ ਨਿੱਜੀ ਅਧਿਐਨ ਕਰ ਸਕਦੇ ਹੋ ਤਾਂਕਿ ਤੁਸੀਂ ਪੜ੍ਹੀਆਂ ਗੱਲਾਂ ਉੱਤੇ ਹੋਰ ਵੀ ਚੰਗੇ ਤਰੀਕੇ ਨਾਲ ਸੋਚ-ਵਿਚਾਰ ਕਰ ਸਕੋ। ਜਿੱਦਾਂ ਅੱਗ ਨੂੰ ਬਾਲ਼ੀ ਰੱਖਣ ਲਈ ਲੱਕੜ ਪਾਉਂਦੇ ਰਹਿਣ ਦੀ ਲੋੜ ਹੈ, ਉਸੇ ਤਰ੍ਹਾਂ ਰਿਹਾਈ ਦੀ ਕੀਮਤ ਲਈ ਅਤੇ ਯਹੋਵਾਹ ਪਰਮੇਸ਼ੁਰ ਨੇ ਸਾਡੇ ਲਈ ਜੋ ਵੀ ਕੀਤਾ ਹੈ, ਉਨ੍ਹਾਂ ਲਈ ਆਪਣੀ ਕਦਰਦਾਨੀ ਬਣਾਈ ਰੱਖਣ ਲਈ ਸਾਨੂੰ ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਦੀ ਲੋੜ ਹੈ। ਨਾਲੇ ਕਿਉਂ ਨਾ ਤੁਸੀਂ ਮੈਮੋਰੀਅਲ ਤੋਂ ਪਹਿਲਾਂ ਕੁਝ ਹਫ਼ਤਿਆਂ ਦੌਰਾਨ ਉਨ੍ਹਾਂ ਖ਼ਾਸ ਬਰਕਤਾਂ ਉੱਤੇ ਸੋਚ-ਵਿਚਾਰ ਕਰੋ ਜੋ ਸਾਨੂੰ ਯਹੋਵਾਹ ਦੇ ਗਵਾਹ ਹੋਣ ਕਰਕੇ ਮਿਲਦੀਆਂ ਹਨ। ਬਿਨਾਂ ਸ਼ੱਕ ਇੱਦਾਂ ਤੁਸੀਂ ਰਿਹਾਈ ਦੀ ਕੀਮਤ ਲਈ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰ ਹੋਵੋਗੇ ਜੋ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਦਾ ਆਧਾਰ ਹੈ।
11-12. ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਪਹਿਲਾਂ ਵਰਗਾ ਜੋਸ਼ ਨਹੀਂ ਰਿਹਾ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਤੁਹਾਡੇ ਤੋਂ ਆਪਣੀ ਪਵਿੱਤਰ ਸ਼ਕਤੀ ਹਟਾ ਲਈ ਹੈ? ਸਮਝਾਓ। (ਤਸਵੀਰ ਵੀ ਦੇਖੋ।)
11 ਜੇ ਕਦੇ ਤੁਹਾਨੂੰ ਲੱਗਦਾ ਹੈ ਕਿ ਸੱਚੀ ਭਗਤੀ ਲਈ ਤੁਹਾਡੇ ਵਿਚ ਪਹਿਲਾਂ ਵਰਗਾ ਜੋਸ਼ ਨਹੀਂ ਰਿਹਾ, ਤਾਂ ਨਿਰਾਸ਼ ਨਾ ਹੋਵੋ ਜਾਂ ਇਹ ਨਾ ਸੋਚੋ ਕਿ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਤੁਹਾਡੇ ਤੋਂ ਹਟਾ ਲਈ ਹੈ। ਯਾਦ ਕਰੋ ਕਿ ਪੌਲੁਸ ਰਸੂਲ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਆਪਣੀ ਸੇਵਕਾਈ ਬਾਰੇ ਕੀ ਕਿਹਾ ਸੀ। ਉਸ ਨੇ ਕਿਹਾ: “ਜੇ ਮੈਂ ਆਪਣੀ ਇੱਛਾ ਤੋਂ ਉਲਟ ਇਹ ਕੰਮ ਕਰਦਾ ਹਾਂ, ਤਾਂ ਵੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।” (1 ਕੁਰਿੰ. 9:17) ਉਸ ਦੇ ਕਹਿਣ ਦਾ ਕੀ ਮਤਲਬ ਸੀ?
12 ਪੌਲੁਸ ਵਿਚ ਕਦੇ-ਕਦੇ ਪ੍ਰਚਾਰ ਕਰਨ ਦੀ ਇੱਛਾ ਨਹੀਂ ਹੁੰਦੀ ਸੀ। ਪਰ ਉਸ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਚਾਹੇ ਉਸ ਨੂੰ ਜਿੱਦਾਂ ਮਰਜ਼ੀ ਲੱਗ ਰਿਹਾ ਹੋਵੇ, ਉਹ ਸੇਵਕਾਈ ਦੇ ਕੰਮ ਵਿਚ ਲੱਗਾ ਰਹੇਗਾ। ਪੌਲੁਸ ਵਾਂਗ ਤੁਸੀਂ ਵੀ ਪੱਕਾ ਇਰਾਦਾ ਕਰ ਸਕਦੇ ਕਿ ਚਾਹੇ ਤੁਹਾਡਾ ਮਨ ਨਾ ਵੀ ਕਰੇ, ਤਾਂ ਵੀ ਤੁਸੀਂ ਭਗਤੀ ਦੇ ਕੰਮਾਂ ਵਿਚ ਲੱਗੇ ਰਹੋਗੇ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਵਿਚ “ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ” ਵੀ ਬਖ਼ਸ਼ੇ। (ਫ਼ਿਲਿ. 2:13) ਭਗਤੀ ਦੇ ਕੰਮਾਂ ਵਿਚ ਲੱਗੇ ਰਹੋ ਤਾਂਕਿ ਤੁਸੀਂ ਯਹੋਵਾਹ ਦੇ ਨੇੜੇ ਰਹਿ ਸਕੋ। ਭਰੋਸਾ ਰੱਖੋ ਕਿ ਤੁਹਾਡੇ ਕੰਮਾਂ ਦਾ ਤੁਹਾਡੀਆਂ ਭਾਵਨਾਵਾਂ ʼਤੇ ਅਸਰ ਪਵੇਗਾ ਅਤੇ ਯਹੋਵਾਹ ਲਈ ਤੁਹਾਡਾ ਪਿਆਰ ਫਿਰ ਤੋਂ ਗੂੜ੍ਹਾ ਹੋ ਜਾਵੇਗਾ।
ਚਾਹੇ ਤੁਹਾਡੇ ਵਿਚ ਜੋਸ਼ ਦੀ ਕਮੀ ਹੋਵੇ, ਫਿਰ ਵੀ ਭਗਤੀ ਦੇ ਕੰਮਾਂ ਵਿਚ ਲੱਗੇ ਰਹੋ (ਪੈਰੇ 11-12 ਦੇਖੋ)
13. ਅਸੀਂ ਆਪਣੀ ਜਾਂਚ ਕਿੱਦਾਂ ਕਰਦੇ ਰਹਿ ਸਕਦੇ ਹਾਂ ਕਿ ਅਸੀਂ ‘ਮਸੀਹੀ ਰਾਹ ʼਤੇ ਚੱਲ ਰਹੇ ਹਾਂ ਜਾਂ ਨਹੀਂ’?
13 ਦੂਜਾ ਕੁਰਿੰਥੀਆਂ 13:5 ਮੁਤਾਬਕ ਅਸੀਂ ਸਮੇਂ-ਸਮੇਂ ਤੇ ਆਪਣੀ ਜਾਂਚ ਕਰ ਸਕਦੇ ਹਾਂ। ਇੱਥੇ ਲਿਖਿਆ ਹੈ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ; ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।” ਇਸ ਲਈ ਅਸੀਂ ਆਪਣੇ ਆਪ ਤੋਂ ਕੁਝ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਰਾਜ ਦੇ ਕੰਮਾਂ ਨੂੰ ਪਹਿਲੀ ਥਾਂ ਦਿੰਦਾ ਹਾਂ?’ (ਮੱਤੀ 6:33) ‘ਕੀ ਮੇਰੇ ਮਨੋਰੰਜਨ ਤੋਂ ਪਤਾ ਲੱਗਦਾ ਕਿ ਮੈਂ ਬੁਰਾਈ ਤੋਂ ਨਫ਼ਰਤ ਕਰਦਾ ਹਾਂ?’ (ਜ਼ਬੂ. 97:10) ‘ਕੀ ਮੈਂ ਆਪਣੀ ਬੋਲੀ ਅਤੇ ਕੰਮਾਂ ਰਾਹੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ?’ (ਅਫ਼. 4:2, 3) ਮੈਮੋਰੀਅਲ ਇਕ ਇੱਦਾਂ ਦਾ ਮੌਕਾ ਹੈ ਜਦੋਂ ਅਸੀਂ ਖ਼ਾਸ ਤੌਰ ਤੇ ਯਹੋਵਾਹ ਵੱਲੋਂ ਕੀਤੇ ਰਿਹਾਈ ਦੇ ਪ੍ਰਬੰਧ ʼਤੇ ਸੋਚ-ਵਿਚਾਰ ਕਰਦੇ ਹਾਂ। ਨਾਲੇ ਸਾਨੂੰ ਖ਼ੁਦ ਦੀ ਜਾਂਚ ਕਰਨ ਅਤੇ ਇਹ ਪੱਕਾ ਕਰਨ ਦਾ ਮੌਕਾ ਮਿਲਦਾ ਹੈ ਕਿ ਅਸੀਂ ਮਸੀਹ ਲਈ ਜੀਈਏ, ਨਾ ਕਿ ਆਪਣੇ ਲਈ।c
ਯਹੋਵਾਹ ਤੋਂ ਦੂਰ ਹੋ ਚੁੱਕੇ ਮਸੀਹੀ
14. ਕੁਝ ਮਸੀਹੀ ਮੰਡਲੀ ਤੋਂ ਕਿਉਂ ਦੂਰ ਹੋ ਗਏ?
14 ਕਈ ਮਹੀਨਿਆਂ ਜਾਂ ਇੱਥੋਂ ਤਕ ਕਿ ਕਈ ਸਾਲਾਂ ਤਕ ਵਫ਼ਾਦਾਰੀ ਨਾਲ ਸੇਵਾ ਕਰਨ ਤੋਂ ਬਾਅਦ ਕੁਝ ਮਸੀਹੀਆਂ ਨੇ ਮੰਡਲੀਆਂ ਵਿਚ ਆਉਣਾ ਛੱਡ ਦਿੱਤਾ। ਕਿਉਂ? ਕਿਉਂਕਿ ਕੁਝ ਜਣੇ “ਜ਼ਿੰਦਗੀ ਦੀਆਂ ਚਿੰਤਾਵਾਂ” ਦੇ ਬੋਝ ਹੇਠ ਦੱਬ ਗਏ। (ਲੂਕਾ 21:34) ਕੁਝ ਜਣਿਆਂ ਨੂੰ ਕਿਸੇ ਮਸੀਹੀ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਠੋਕਰ ਲੱਗੀ। (ਯਾਕੂ. 3:2) ਕੁਝ ਗੰਭੀਰ ਪਾਪ ਕਰ ਬੈਠੇ ਅਤੇ ਉਨ੍ਹਾਂ ਨੇ ਮਦਦ ਨਹੀਂ ਮੰਗੀ। ਕਾਰਨ ਚਾਹੇ ਜੋ ਵੀ ਹੋਵੇ, ਪਰ ਜੇ ਤੁਸੀਂ ਝੁੰਡ ਤੋਂ ਵਿਛੜ ਗਏ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਰਿਹਾਈ ਦੀ ਕੀਮਤ ਦਾ ਪਿਆਰ ਭਰਿਆ ਪ੍ਰਬੰਧ ਤੁਹਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗਾ?
15. ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਮੰਡਲੀਆਂ ਤੋਂ ਦੂਰ ਜਾ ਚੁੱਕੇ ਮਸੀਹੀਆਂ ਦੀ ਉਸ ਨੂੰ ਪਰਵਾਹ ਹੈ? (ਹਿਜ਼ਕੀਏਲ 34:11, 12, 16)
15 ਜ਼ਰਾ ਸੋਚੋ, ਯਹੋਵਾਹ ਉਨ੍ਹਾਂ ਮਸੀਹੀਆਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਮੰਡਲੀਆਂ ਤੋਂ ਦੂਰ ਹੋ ਗਏ ਹਨ। ਯਹੋਵਾਹ ਉਨ੍ਹਾਂ ਨੂੰ ਠੁਕਰਾਉਂਦਾ ਨਹੀਂ ਹੈ, ਸਗੋਂ ਯਹੋਵਾਹ ਆਪਣੀਆਂ ਗੁਆਚੀਆਂ ਹੋਈਆਂ ਭੇਡਾਂ ਨੂੰ ਲੱਭਦਾ ਹੈ। ਉਹ ਉਨ੍ਹਾਂ ਨੂੰ ਆਪਣਾ ਗਿਆਨ ਦਿੰਦਾ ਹੈ ਅਤੇ ਮੰਡਲੀਆਂ ਵਿਚ ਵਾਪਸ ਆਉਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। (ਹਿਜ਼ਕੀਏਲ 34:11, 12, 16 ਪੜ੍ਹੋ।) ਕੀ ਯਹੋਵਾਹ ਤੁਹਾਡੀ ਵੀ ਮਦਦ ਕਰ ਰਿਹਾ ਹੈ? ਜੀ ਹਾਂ! ਜੇ ਤੁਸੀਂ ਇਹ ਜਾਣਕਾਰੀ ਪੜ੍ਹ ਰਹੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਹਾਲੇ ਵੀ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ। ਯਹੋਵਾਹ ਨੇ ਦੇਖਿਆ ਸੀ ਕਿ ਤੁਹਾਡਾ ਦਿਲ ਕਿੰਨਾ ਚੰਗਾ ਹੈ, ਇਸ ਲਈ ਉਸ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਸੀ। ਯਹੋਵਾਹ ਅੱਜ ਵੀ ਦੇਖ ਸਕਦਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ ਅਤੇ ਉਹ ਤੁਹਾਨੂੰ ਵਾਪਸ ਆਪਣੇ ਵੱਲ ਖਿੱਚ ਰਿਹਾ ਹੈ।
16. ਕਿਹੜੀ ਗੱਲ ਦੂਰ ਜਾ ਚੁੱਕੇ ਮਸੀਹੀ ਦੀ ਯਹੋਵਾਹ ਵੱਲ ਮੁੜਨ ਵਿਚ ਮਦਦ ਕਰ ਸਕਦੀ ਹੈ? (ਤਸਵੀਰ ਵੀ ਦੇਖੋ।)
16 ਯਹੋਵਾਹ ਕੋਲ ਮੁੜ ਆਓ ਬਰੋਸ਼ਰ ਵਿਚ ਇਹ ਹੌਸਲੇ ਭਰੇ ਸ਼ਬਦ ਲਿਖੇ ਹਨ: “ਇਸ ਗੱਲ ਦਾ ਭਰੋਸਾ ਰੱਖੋ ਕਿ ਜਦ ਤੁਸੀਂ ਯਹੋਵਾਹ ਕੋਲ ਮੁੜੋਗੇ, ਤਾਂ ਉਹ ਹੱਥ ਵਧਾ ਕੇ ਤੁਹਾਡੀ ਮਦਦ ਕਰੇਗਾ। ਯਹੋਵਾਹ ਚਿੰਤਾ ʼਤੇ ਕਾਬੂ ਪਾਉਣ ਅਤੇ ਠੇਸ ਪਹੁੰਚਾਉਣ ਵਾਲਿਆਂ ਨਾਲ ਸੁਲ੍ਹਾ ਕਰਨ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। ਨਾਲੇ ਉਹ ਤੁਹਾਨੂੰ ਮਨ ਦੀ ਸ਼ਾਂਤੀ ਬਖ਼ਸ਼ੇਗਾ ਜੋ ਸ਼ੁੱਧ ਜ਼ਮੀਰ ਹੋਣ ਕਾਰਨ ਮਿਲਦੀ ਹੈ। ਫਿਰ ਸ਼ਾਇਦ ਤੁਹਾਡੇ ਅੰਦਰ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਦੀ ਚਾਹ ਦੁਬਾਰਾ ਪੈਦਾ ਹੋ ਜਾਵੇ।” ਯਾਦ ਰੱਖੋ, ਬਜ਼ੁਰਗ ਵੀ ਤੁਹਾਡੀ ਮਦਦ ਕਰਨ ਲਈ ਬੇਤਾਬ ਹਨ। ਉਹ ਤੁਹਾਡੇ ਲਈ “ਹਨੇਰੀ ਤੋਂ ਲੁਕਣ ਦੀ ਥਾਂ” ਅਤੇ “ਵਾਛੜ ਤੋਂ ਬਚਣ ਦੀ ਜਗ੍ਹਾ” ਸਾਬਤ ਹੋ ਸਕਦੇ ਹਨ। (ਯਸਾ. 32:2) ਅਸੀਂ ਜਾਣਦੇ ਹਾਂ ਕਿ ਤੁਸੀਂ ਰਿਹਾਈ ਦੀ ਕੀਮਤ ਦੀ ਬਹੁਤ ਕਦਰ ਕਰਦੇ ਹੋ ਅਤੇ ਇਹ ਜ਼ਾਹਰ ਕਰਨਾ ਚਾਹੁੰਦੇ ਹੋ ਕਿ ਤੁਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹੋ। ਇਸ ਲਈ ਖ਼ੁਦ ਨੂੰ ਪੁੱਛੋ: ‘ਮੈਂ ਹੁਣ ਕੀ ਕਰ ਸਕਦਾ ਹਾਂ ਤਾਂਕਿ ਮੈਂ ਯਹੋਵਾਹ ਨਾਲ “ਮਾਮਲਾ ਸੁਲਝਾ” ਸਕਾਂ?’ (ਯਸਾ. 1:18; 1 ਪਤ. 2:25) ਮਿਸਾਲ ਲਈ, ਕੀ ਤੁਸੀਂ ਮੀਟਿੰਗਾਂ ਲਈ ਕਿੰਗਡਮ ਹਾਲ ਵਿਚ ਜਾ ਸਕਦੇ ਹੋ? ਕੀ ਤੁਸੀਂ ਮੰਡਲੀ ਦੇ ਕਿਸੇ ਬਜ਼ੁਰਗ ਨਾਲ ਗੱਲ ਕਰ ਸਕਦੇ ਹੋ ਤੇ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਮਦਦ ਮੰਗ ਸਕਦੇ ਹੋ? ਉਹ ਬਜ਼ੁਰਗ ਪ੍ਰਬੰਧ ਕਰੇਗਾ ਕਿ ਕੋਈ ਤੁਹਾਡੇ ਨਾਲ ਬਾਈਬਲ ਸਟੱਡੀ ਕਰੇ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਤੁਸੀਂ ਪ੍ਰਾਰਥਨਾ ਕਰ ਕੇ ਜੋ ਵੀ ਕਰਦੇ ਹੋ, ਯਹੋਵਾਹ ਉਸ ʼਤੇ ਬਰਕਤ ਪਾਵੇਗਾ।
ਖ਼ੁਦ ਨੂੰ ਪੁੱਛੋ: ‘ਮੈਂ ਹੁਣ ਕੀ ਕਰ ਸਕਦਾ ਹਾਂ ਤਾਂਕਿ ਮੈਂ ਯਹੋਵਾਹ ਨਾਲ “ਮਾਮਲਾ ਸੁਲਝਾ” ਸਕਾਂ?’ (ਪੈਰਾ 16 ਦੇਖੋ)
ਤੁਸੀਂ ਕੀ ਕਰੋਗੇ?
17-18. ਇਸ ਸਾਲ ਮੈਮੋਰੀਅਲ ਤੋਂ ਪਹਿਲਾਂ ਅਸੀਂ ਆਪਣਾ ਸਮਾਂ ਕਿਵੇਂ ਸਮਝਦਾਰੀ ਨਾਲ ਵਰਤ ਸਕਦੇ ਹਾਂ?
17 ਯਿਸੂ ਨੇ ਕਿਹਾ ਕਿ ਰਿਹਾਈ ਦੀ ਕੀਮਤ ਇਸ ਲਈ ਦਿੱਤੀ ਗਈ ਸੀ ਕਿ “ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਰਿਹਾਈ ਦੀ ਕੀਮਤ ਯਹੋਵਾਹ ਦਾ ਉਹ ਪ੍ਰਬੰਧ ਹੈ ਜਿਸ ਰਾਹੀਂ ਉਹ ਸਾਨੂੰ ਪਾਪ ਦੇ ਅਸਰਾਂ ਅਤੇ ਮੌਤ ਤੋਂ ਬਚਾਉਂਦਾ ਹੈ। ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਨੂੰ ਐਂਵੇ ਨਹੀਂ ਸਮਝਣਾ ਚਾਹੀਦਾ। (ਰੋਮੀ. 3:23, 24; 2 ਕੁਰਿੰ. 6:1) ਮੈਮੋਰੀਅਲ ਤੋਂ ਕੁਝ ਦਿਨ ਪਹਿਲਾਂ ਸਾਡੇ ਕੋਲ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਦੇ ਪਿਆਰ ʼਤੇ ਸੋਚ-ਵਿਚਾਰ ਕਰਨ ਦਾ ਮੌਕਾ ਹੁੰਦਾ ਹੈ। ਇਹ ਪਿਆਰ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਉਨ੍ਹਾਂ ਲਈ ਸ਼ੁਕਰਗੁਜ਼ਾਰੀ ਦਿਖਾਈਏ।
18 ਤੁਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾਓਗੇ? ਸ਼ਾਇਦ ਤੁਹਾਡਾ ਜਵਾਬ ਦੂਜਿਆਂ ਨਾਲੋਂ ਵੱਖਰਾ ਹੋਵੇ। ਪਰ ਤੁਸੀਂ ਇਹ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਪਰਮੇਸ਼ੁਰ ਤੁਹਾਡੀਆਂ ਅਤੇ ਉਨ੍ਹਾਂ ਲੱਖਾਂ ਮਸੀਹੀਆਂ ਦੀਆਂ ਕੋਸ਼ਿਸ਼ਾਂ ਉੱਤੇ ਬਰਕਤ ਪਾਵੇਗਾ ਜੋ ‘ਆਪਣੇ ਲਈ ਨਹੀਂ, ਸਗੋਂ ਉਸ ਲਈ ਜੀਉਂਦੇ ਹਨ ਜੋ ਉਨ੍ਹਾਂ ਦੀ ਖ਼ਾਤਰ ਮਰਿਆ।’—2 ਕੁਰਿੰ. 5:15.
ਗੀਤ 14 ਰਾਜਿਆਂ ਦੇ ਰਾਜੇ ਯਿਸੂ ਦੀ ਤਾਰੀਫ਼ ਕਰੋ
a ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਹਰ ਪਾਠ ਦੇ ਅਖ਼ੀਰ ਵਿਚ “ਟੀਚਾ” ਨਾਂ ਦੀ ਡੱਬੀ ਵਰਤੋ।
b ਯਹੋਵਾਹ ਦੀ ਸੇਵਾ ਵਿਚ ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ, ਇਹ ਜਾਣਨ ਲਈ ਦਸੰਬਰ 2017 ਦੇ ਪਹਿਰਾਬੁਰਜ ਵਿਚ “ਨੌਜਵਾਨੋ—‘ਮੁਕਤੀ ਪਾਉਣ ਦਾ ਜਤਨ ਕਰਦੇ ਰਹੋ’” ਨਾਂ ਦਾ ਲੇਖ ਦੇਖੋ।
c ਯਹੋਵਾਹ ਨੇ ਤੁਹਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਤੁਸੀਂ ਆਪਣੇ ਦਿਲ ਵਿਚ ਕਦਰ ਕਿਵੇਂ ਬਣਾਈ ਰੱਖ ਸਕਦੇ ਹੋ? ਇਹ ਜਾਣਨ ਲਈ 15 ਜੂਨ 1995 ਦੇ ਪਹਿਰਾਬੁਰਜ ਵਿਚ “ਪਰਮੇਸ਼ੁਰ ਦੀ ਸੇਵਾ ਕਰਨ ਲਈ ਤੁਹਾਨੂੰ ਕੀ ਪ੍ਰੇਰਿਤ ਕਰਦਾ ਹੈ?” (ਹਿੰਦੀ) ਨਾਂ ਦਾ ਲੇਖ ਦੇਖੋ।