ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w26 ਜਨਵਰੀ ਸਫ਼ੇ 14-19
  • ਸਾਨੂੰ ਰਿਹਾਈ ਦੀ ਕੀਮਤ ਦੀ ਕਿਉਂ ਲੋੜ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਨੂੰ ਰਿਹਾਈ ਦੀ ਕੀਮਤ ਦੀ ਕਿਉਂ ਲੋੜ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਰਿਹਾਈ ਦੀ ਕੀਮਤ ਕਰਕੇ ਪਾਪਾਂ ਦੀ ਮਾਫ਼ੀ
  • ਰਿਹਾਈ ਦੀ ਕੀਮਤ ਕਰਕੇ ਪਾਪੀ ਹਾਲਤ ਤੋਂ ਛੁਟਕਾਰਾ
  • ਰਿਹਾਈ ਦੀ ਕੀਮਤ ਕਰਕੇ ਪਰਮੇਸ਼ੁਰ ਨਾਲ ਸੁਲ੍ਹਾ
  • ਰਿਹਾਈ ਦੀ ਕੀਮਤ ਯਹੋਵਾਹ ਦੀ ਦਇਆ ਦਾ ਸਬੂਤ
  • ਰਿਹਾਈ ਦੀ ਕੀਮਤ ਤੋਂ ਅਸੀਂ ਕੀ ਸਿੱਖਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਤੁਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾਓਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
  • ਯਹੋਵਾਹ ਦੇ ਪਿਆਰ ਕਰਕੇ ਮਿਲਣ ਵਾਲੀਆਂ ਬਰਕਤਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਹੋਵਾਹ ਦੀ ਮਾਫ਼ੀ ਲਈ ਸ਼ੁਕਰਗੁਜ਼ਾਰੀ ਦਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
w26 ਜਨਵਰੀ ਸਫ਼ੇ 14-19

16-22 ਮਾਰਚ 2026

ਗੀਤ 20 ਅੱਖਾਂ ਦਾ ਤਾਰਾ ਵਾਰਿਆ

ਸਾਨੂੰ ਰਿਹਾਈ ਦੀ ਕੀਮਤ ਦੀ ਕਿਉਂ ਲੋੜ ਹੈ?

“ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ?” ​—ਰੋਮੀ. 7:24.

ਕੀ ਸਿੱਖਾਂਗੇ?

ਰਿਹਾਈ ਦੀ ਕੀਮਤ ਕਰਕੇ ਸਾਨੂੰ ਮਾਫ਼ੀ ਮਿਲਦੀ ਹੈ, ਪਾਪੀ ਹਾਲਤ ਤੋਂ ਛੁਟਕਾਰਾ ਮਿਲਦਾ ਹੈ ਅਤੇ ਯਹੋਵਾਹ ਨਾਲ ਸੁਲ੍ਹਾ ਹੁੰਦੀ ਹੈ।

1-2. ਸਾਨੂੰ ਕਿਸ ਤੋਂ ਬਚਾਏ ਜਾਣ ਦੀ ਲੋੜ ਹੈ ਅਤੇ ਕਿਉਂ? (ਰੋਮੀਆਂ 7:22-24) (ਤਸਵੀਰ ਵੀ ਦੇਖੋ।)

ਜ਼ਰਾ ਕਲਪਨਾ ਕਰੋ ਕਿ ਇਕ ਇਮਾਰਤ ਢਹਿ-ਢੇਰੀ ਹੋ ਗਈ ਹੈ ਅਤੇ ਇਕ ਆਦਮੀ ਇਸ ਦੇ ਮਲਬੇ ਹੇਠਾਂ ਦੱਬਿਆ ਹੋਇਆ ਹੈ। ਉਹ ਜੀਉਂਦਾ ਹੈ, ਪਰ ਉਹ ਖ਼ੁਦ ਉੱਥੋਂ ਨਿਕਲ ਨਹੀਂ ਪਾ ਰਿਹਾ। ਉਹ ਜਿੱਦਾਂ-ਕਿੱਦਾਂ ਮਦਦ ਲਈ ਪੁਕਾਰਦਾ ਹੈ ਅਤੇ ਉਮੀਦ ਰੱਖਦਾ ਹੈ ਕਿ ਉਸ ਨੂੰ ਬਚਾ ਲਿਆ ਜਾਵੇਗਾ।

2 ਅਸੀਂ ਵੀ ਬਿਲਕੁਲ ਇਸੇ ਤਰ੍ਹਾਂ ਦੀ ਹਾਲਤ ਵਿਚ ਹਾਂ। ਉਹ ਕਿਵੇਂ? ਜਦੋਂ ਆਦਮ ਨੇ ਆਪਣੇ ਸਿਰਜਣਹਾਰ ਖ਼ਿਲਾਫ਼ ਬਗਾਵਤ ਕੀਤੀ, ਤਾਂ ਉਹ ਪਾਪੀ ਬਣ ਗਿਆ। ਬਾਅਦ ਵਿਚ ਉਸ ਨੇ ਆਪਣੇ ਬੱਚਿਆਂ ਨੂੰ ਵੀ ਵਿਰਾਸਤ ਵਿਚ ਪਾਪ ਦਿੱਤਾ। ਨਤੀਜੇ ਵਜੋਂ ਸਾਰੇ ਇਨਸਾਨ ਇਸ ਪਾਪ ਦੇ ਬੋਝ ਹੇਠ ਦੱਬ ਗਏ ਤੇ ਉਹ ਇਸ ਦੇ ਬੁਰੇ ਅਸਰਾਂ ਤੋਂ ਖ਼ੁਦ ਨੂੰ ਬਚਾ ਨਹੀਂ ਸਕਦੇ। ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਆਪਣੀ ਇਸ ਪਾਪੀ ਹਾਲਤ ਬਾਰੇ ਚੰਗੀ ਤਰ੍ਹਾਂ ਸਮਝਾਇਆ। (ਰੋਮੀਆਂ 7:22-24 ਪੜ੍ਹੋ।) ਉਸ ਨੇ ਤਰਲੇ ਕੀਤੇ ਕਿ ਕੋਈ ਉਸ ਨੂੰ ‘ਇਸ ਸਰੀਰ ਤੋਂ ਬਚਾਏ ਜੋ ਮਰਨ ਵਾਲਾ ਹੈ।’ ਪੌਲੁਸ ਵੀ ਇਸ ਪਾਪ ਦੇ ਬੋਝ ਹੇਠ ਦੱਬਿਆ ਹੋਇਆ ਸੀ ਜਿਸ ਕਰਕੇ ਉਸ ਨੇ ਵੀ ਮੌਤ ਦੇ ਮੂੰਹ ਵਿਚ ਚਲੇ ਜਾਣਾ ਸੀ। (ਰੋਮੀ. 6:23) ਅੱਜ ਅਸੀਂ ਵੀ ਇਸ ਬੋਝ ਹੇਠ ਦੱਬੇ ਹੋਏ ਹਾਂ ਅਤੇ ਸਾਨੂੰ ਵੀ ਇਸ ਹੇਠੋਂ ਨਿਕਲਣ ਵਿਚ ਕਿਸੇ ਦੀ ਮਦਦ ਦੀ ਲੋੜ ਹੈ।

ਢਹਿ ਚੁੱਕੀ ਇਮਾਰਤ ਦੇ ਮਲਬੇ ਹੇਠਾਂ ਫਸਿਆ ਇਕ ਜ਼ਖ਼ਮੀ ਆਦਮੀ ਆਪਣੀ ਬਾਂਹ ਵਧਾ ਕੇ ਬਚਾਅ ਲਈ ਮਦਦ ਮੰਗ ਰਿਹਾ ਹੈ।

ਜਿਸ ਤਰ੍ਹਾਂ ਮਲਬੇ ਹੇਠ ਫਸੇ ਆਦਮੀ ਨੂੰ ਬਚਾਅ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਵਿਰਾਸਤ ਵਿਚ ਮਿਲੇ ਪਾਪ ਦੇ ਬੋਝ ਹੇਠ ਦੱਬੇ ਹੋਣ ਕਰਕੇ ਸਾਨੂੰ ਬਚਾਅ ਦੀ ਲੋੜ ਹੈ (ਪੈਰੇ 1-2 ਦੇਖੋ)


3. ਰਿਹਾਈ ਦੀ ਕੀਮਤ ਕਰਕੇ ਸਾਨੂੰ ਕਿਹੜੇ ਤਿੰਨ ਫ਼ਾਇਦੇ ਹੁੰਦੇ ਹਨ?

3 ਪੌਲੁਸ ਨੇ ਸਿਰਫ਼ ਪਾਪ ਦੇ ਬੁਰੇ ਅਸਰਾਂ ਬਾਰੇ ਹੀ ਨਹੀਂ ਦੱਸਿਆ, ਸਗੋਂ ਉਸ ਨੇ ਇਕ ਉਮੀਦ ਬਾਰੇ ਵੀ ਦੱਸਿਆ। ਉਸ ਨੇ ਇਕ ਸਵਾਲ ਪੁੱਛਿਆ: “ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ?” ਅੱਗੇ ਉਸ ਨੇ ਆਪਣੇ ਇਸ ਸਵਾਲ ਦਾ ਜਵਾਬ ਖ਼ੁਦ ਹੀ ਦਿੱਤਾ। ਉਸ ਨੇ ਕਿਹਾ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੈਨੂੰ ਬਚਾਏਗਾ।” (ਰੋਮੀ. 7:25) ਪੌਲੁਸ ਇੱਥੇ ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤa ਬਾਰੇ ਗੱਲ ਕਰ ਰਿਹਾ ਸੀ। ਇਸ ਰਿਹਾਈ ਦੀ ਕੀਮਤ ਦੇ ਪ੍ਰਬੰਧ ਕਰਕੇ ਸਾਡਾ ਬਚਾਅ ਹੁੰਦਾ ਹੈ। ਇਸ ਪ੍ਰਬੰਧ ਕਰਕੇ: (1) ਸਾਨੂੰ ਆਪਣੇ ਪਾਪਾਂ ਤੋਂ ਮਾਫ਼ੀ ਮਿਲ ਸਕਦੀ ਹੈ, (2) ਸਾਨੂੰ ਆਪਣੀ ਪਾਪੀ ਹਾਲਤ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ (3) ਸ੍ਰਿਸ਼ਟੀਕਰਤਾ ਨਾਲ ਸਾਡੀ ਸੁਲ੍ਹਾ ਹੋ ਸਕਦੀ ਹੈ। ਜਦੋਂ ਅਸੀਂ ਇਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ, ਤਾਂ ‘ਉਮੀਦ ਦੇਣ ਵਾਲੇ ਪਰਮੇਸ਼ੁਰ’ ਯਹੋਵਾਹ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ। (ਰੋਮੀ. 15:13) ਯਿਸੂ ਮਸੀਹ ਲਈ ਵੀ ਸਾਡੀ ਕਦਰ ਵਧਦੀ ਹੈ ਜਿਸ ਨੇ “ਰਿਹਾਈ ਦੀ ਕੀਮਤ ਅਦਾ ਕਰ ਕੇ ਸਾਨੂੰ ਛੁਡਾਇਆ ਹੈ।”​—ਕੁਲੁ. 1:14.

ਰਿਹਾਈ ਦੀ ਕੀਮਤ ਕਰਕੇ ਪਾਪਾਂ ਦੀ ਮਾਫ਼ੀ

4-5. ਸਾਨੂੰ ਸਾਰਿਆਂ ਨੂੰ ਰਿਹਾਈ ਦੀ ਕੀਮਤ ਦੀ ਕਿਉਂ ਲੋੜ ਹੈ? (ਉਪਦੇਸ਼ਕ ਦੀ ਕਿਤਾਬ 7:20)

4 ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਲਈ ਰਿਹਾਈ ਦੀ ਕੀਮਤ ਦੀ ਲੋੜ ਹੈ। ਹਰ ਨਾਮੁਕੰਮਲ ਇਨਸਾਨ ਪਾਪ ਕਰਦਾ ਹੈ, ਚਾਹੇ ਉਹ ਬੋਲਣ ਵਿਚ ਹੋਵੇ ਜਾਂ ਕੰਮਾਂ ਵਿਚ। (ਉਪਦੇਸ਼ਕ ਦੀ ਕਿਤਾਬ 7:20 ਪੜ੍ਹੋ।) ਪਰ ਕੁਝ ਪਾਪ ਬਹੁਤ ਗੰਭੀਰ ਹੁੰਦੇ ਹਨ, ਜਿਵੇਂ ਕਿ ਹਰਾਮਕਾਰੀ ਅਤੇ ਕਤਲ। ਮੂਸਾ ਦੇ ਕਾਨੂੰਨ ਦੇ ਅਨੁਸਾਰ ਇਹ ਮੌਤ ਦੀ ਸਜ਼ਾ ਦੇ ਲਾਇਕ ਅਪਰਾਧ ਸਨ। (ਲੇਵੀ. 20:10; ਗਿਣ. 35:30, 31) ਬੇਸ਼ੱਕ ਸਾਰੇ ਪਾਪ ਇੰਨੇ ਗੰਭੀਰ ਨਹੀਂ ਹੁੰਦੇ, ਪਰ ਫਿਰ ਵੀ ਉਹ ਪਾਪ ਹੁੰਦੇ ਹਨ। ਮਿਸਾਲ ਲਈ, ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਮੈਂ ਸਾਵਧਾਨੀ ਵਰਤਾਂਗਾ ਤਾਂਕਿ ਮੈਂ ਆਪਣੀ ਜ਼ਬਾਨ ਨਾਲ ਕੋਈ ਪਾਪ ਨਾ ਕਰਾਂ।” (ਜ਼ਬੂ. 39:1) ਜੀ ਹਾਂ, ਕਈ ਵਾਰ ਅਸੀਂ ਆਪਣੇ ਬੋਲਣ ਵਿਚ ਵੀ ਪਾਪ ਕਰ ਸਕਦੇ ਹਾਂ।​—ਯਾਕੂ. 3:2.

5 ਜ਼ਰਾ ਸੋਚੋ ਕਿ ਤੁਸੀਂ ਬੀਤੇ ਸਮੇਂ ਵਿਚ ਕੀ ਕੁਝ ਕਿਹਾ ਤੇ ਕੀਤਾ ਹੈ। ਕੀ ਤੁਸੀਂ ਕਿਸੇ ਨੂੰ ਇੱਦਾਂ ਦਾ ਕੁਝ ਕਿਹਾ ਜਿਸ ਕਰਕੇ ਤੁਹਾਨੂੰ ਬਾਅਦ ਵਿਚ ਅਹਿਸਾਸ ਹੋਇਆ ਹੋਵੇ ਕਿ ਕਾਸ਼! ਮੈਂ ਇੱਦਾਂ ਨਾ ਕਿਹਾ ਹੁੰਦਾ। ਕੀ ਤੁਸੀਂ ਅਜਿਹੀ ਕੋਈ ਗ਼ਲਤੀ ਕੀਤੀ ਜਿਸ ਦਾ ਤੁਹਾਨੂੰ ਹੁਣ ਵੀ ਪਛਤਾਵਾ ਹੈ। ਬਿਨਾਂ ਸ਼ੱਕ ਤੁਹਾਡਾ ਜਵਾਬ ਹਾਂ ਹੋਣਾ। ਬਾਈਬਲ ਕਹਿੰਦੀ ਹੈ: “ਜੇ ਅਸੀਂ ਕਹਿੰਦੇ ਹਾਂ, ‘ਸਾਡੇ ਵਿਚ ਪਾਪ ਨਹੀਂ ਹੈ,’ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਅਤੇ ਸਾਡੇ ਵਿਚ ਸੱਚਾਈ ਨਹੀਂ ਹੈ।”​—1 ਯੂਹੰ. 1:8.

6-7. ਯਹੋਵਾਹ ਕਿਸ ਆਧਾਰ ʼਤੇ ਸਾਡੇ ਪਾਪ ਮਾਫ਼ ਕਰਦਾ ਹੈ? (ਤਸਵੀਰ ਵੀ ਦੇਖੋ।)

6 ਨਿਆਂ ਦਾ ਪਰਮੇਸ਼ੁਰ ਹੋਣ ਕਰਕੇ ਇਹ ਯਹੋਵਾਹ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਪਾਪ ਮਾਫ਼ ਕਰਨ ਲਈ ਉਸ ਕੋਲ ਕੋਈ ਆਧਾਰ ਹੋਵੇ। ਰਿਹਾਈ ਦੀ ਕੀਮਤ ਦੇ ਆਧਾਰ ਤੇ ਹੀ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ। (ਅਫ਼. 1:7) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਾਡੇ ਪਾਪਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ। ਇੱਦਾਂ ਨਹੀਂ ਹੈ ਕਿ ਉਸ ਨੂੰ ਸਾਡੇ ਪਾਪ ਕਰਨ ਨਾਲ ਕੋਈ ਫ਼ਰਕ ਹੀ ਨਹੀਂ ਪੈਂਦਾ। ਇਸ ਦੀ ਬਜਾਇ, ਪਾਪ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਗੰਭੀਰ ਗੱਲ ਹੈ।​—ਯਸਾ. 59:2.

7 ਮੂਸਾ ਦੇ ਕਾਨੂੰਨ ਮੁਤਾਬਕ ਇਹ ਜ਼ਰੂਰੀ ਸੀ ਕਿ ਲੋਕ ਆਪਣੇ ਪਾਪਾਂ ਦੀ ਮਾਫ਼ੀ ਲਈ ਬਲੀਆਂ ਚੜ੍ਹਾਉਣ। (ਲੇਵੀ. 4:27-31; 17:11) ਇਹ ਬਲ਼ੀਆਂ ਯਿਸੂ ਦੇ ਉੱਤਮ ਬਲੀਦਾਨ ਦਾ ਪਰਛਾਵਾਂ ਸਨ ਜਿਸ ਕਰਕੇ ਇਨਸਾਨਾਂ ਨੂੰ ਅੱਗੇ ਚੱਲ ਕੇ ਬਰਕਤਾਂ ਮਿਲਣੀਆਂ ਸਨ। ਯਿਸੂ ਦੀ ਕੁਰਬਾਨੀ ਤੋਂ ਯਹੋਵਾਹ ਨੂੰ ਸਾਡੇ ਪਾਪ ਮਾਫ਼ ਕਰਨ ਦਾ ਕਾਨੂੰਨੀ ਆਧਾਰ ਮਿਲਣਾ ਸੀ। ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਲਿਖੀ ਚਿੱਠੀ ਵਿਚ ਜੋ ਕਿਹਾ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਯਿਸੂ ਦੀ ਕੁਰਬਾਨੀ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਬੀਤੇ ਸਮੇਂ ਵਿਚ ਕੀਤੇ ਉਨ੍ਹਾਂ ਦੇ ਬੁਰੇ ਕੰਮਾਂ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਨੂੰ ਧੋ ਕੇ ਸ਼ੁੱਧ ਅਤੇ ਪਵਿੱਤਰ ਕੀਤਾ ਗਿਆ ਹੈ। ਤੁਹਾਨੂੰ ਸਾਡੇ ਪਰਮੇਸ਼ੁਰ ਦੀ ਸ਼ਕਤੀ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਧਰਮੀ ਠਹਿਰਾਇਆ ਗਿਆ ਹੈ।”​—1 ਕੁਰਿੰ. 6:9-11.

ਇਕ ਇਜ਼ਰਾਈਲੀ ਪਰਿਵਾਰ ਮੰਦਰ ਵਿਚ ਪੁਜਾਰੀ ਨੂੰ ਖ਼ੁਸ਼ੀ-ਖ਼ੁਸ਼ੀ ਭੇਡ ਦੇ ਰਿਹਾ ਹੈ।

ਪਾਪਾਂ ਦੀ ਮਾਫ਼ੀ ਲਈ ਦਿੱਤੀਆਂ ਗਈਆਂ ਜਾਨਵਰਾਂ ਦੀ ਬਲ਼ੀਆਂ ਯਿਸੂ ਵੱਲੋਂ ਦਿੱਤੀ ਜਾਣ ਵਾਲੀ ਰਿਹਾਈ ਦੀ ਕੀਮਤ ਅਤੇ ਇਸ ਕਰਕੇ ਮਿਲਣ ਵਾਲੀਆਂ ਬਰਕਤਾਂ ਦਾ ਪਰਛਾਵਾਂ ਸਨ (ਪੈਰੇ 6-7 ਦੇਖੋ)


8. ਇਸ ਸਾਲ ਤੁਸੀਂ ਮੈਮੋਰੀਅਲ ਦੀਆਂ ਤਿਆਰੀਆਂ ਕਰਦੇ ਵੇਲੇ ਕੀ ਸੋਚ ਸਕਦੇ ਹੋ?

8 ਇਸ ਸਾਲ ਜਦੋਂ ਤੁਸੀਂ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰੋਗੇ, ਤਾਂ ਸਮਾਂ ਕੱਢ ਕੇ ਸੋਚੋ ਕਿ ਯਹੋਵਾਹ ਦੀ ਮਾਫ਼ੀ ਤੁਹਾਡੇ ਲਈ ਕੀ ਅਹਿਮੀਅਤ ਰੱਖਦੀ ਹੈ। ਮਿਸਾਲ ਲਈ, ਰਿਹਾਈ ਦੀ ਕੀਮਤ ਕਰਕੇ ਤੁਹਾਨੂੰ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੋਸ਼ੀ ਮਹਿਸੂਸ ਕਰਨ ਦੀ ਲੋੜ ਨਹੀਂ ਹੈ ਜਿਨ੍ਹਾਂ ਲਈ ਤੁਸੀਂ ਤੋਬਾ ਕਰ ਲਈ ਹੈ। ਉਦੋਂ ਕੀ ਜਦੋਂ ਤੁਹਾਨੂੰ ਇਹ ਮੰਨਣਾ ਔਖਾ ਲੱਗੇ ਕਿ ਤੁਹਾਡੇ ਪਾਪ ਮਾਫ਼ ਹੋ ਗਏ ਹਨ? ਸ਼ਾਇਦ ਤੁਸੀਂ ਖ਼ੁਦ ਨੂੰ ਕਹੋ, ‘ਮੈਨੂੰ ਪਤਾ ਹੈ ਕਿ ਯਹੋਵਾਹ ਮੈਨੂੰ ਮਾਫ਼ ਕਰ ਸਕਦਾ ਹੈ, ਪਰ ਮੈਂ ਖ਼ੁਦ ਨੂੰ ਨਹੀਂ ਮਾਫ਼ ਕਰ ਸਕਦਾ।’ ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਹੀ ਹੈ ਜੋ ਤੁਹਾਨੂੰ ਮਾਫ਼ ਕਰਦਾ ਹੈ ਅਤੇ ਉਸ ਨੇ ਨਿਆਂ ਕਰਨ ਦਾ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ। ਉਸ ਨੇ ਤੁਹਾਨੂੰ ਜਾਂ ਕਿਸੇ ਵੀ ਇਨਸਾਨ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਨਹੀਂ ਦਿੱਤਾ ਕਿ ਕੌਣ ਉਸ ਦੀ ਦਇਆ ਦੇ ਲਾਇਕ ਹੈ ਜਾਂ ਨਹੀਂ। ਬਾਈਬਲ ਕਹਿੰਦੀ ਹੈ: “ਜੇ ਅਸੀਂ ਚਾਨਣ ਵਿਚ ਚੱਲਦੇ ਹਾਂ, ਜਿਵੇਂ ਪਰਮੇਸ਼ੁਰ ਆਪ ਚਾਨਣ ਵਿਚ ਹੈ, ਤਾਂ . . . ਉਸ ਦੇ ਪੁੱਤਰ ਯਿਸੂ ਦਾ ਖ਼ੂਨ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।” (1 ਯੂਹੰ. 1:6, 7) ਅਸੀਂ ਇਸ ਗੱਲ ʼਤੇ ਉੱਨਾ ਹੀ ਭਰੋਸਾ ਕਰ ਸਕਦੇ ਹਾਂ ਜਿੰਨਾ ਅਸੀਂ ਬਾਈਬਲ ਦੀ ਕਿਸੇ ਹੋਰ ਸੱਚਾਈ ʼਤੇ ਕਰਦੇ ਹਾਂ। ਰਿਹਾਈ ਦੀ ਕੀਮਤ ਨੇ ਯਹੋਵਾਹ ਨੂੰ ਸਾਡੇ ʼਤੇ ਦਇਆ ਦਿਖਾਉਣ ਦਾ ਕਾਨੂੰਨੀ ਆਧਾਰ ਦਿੱਤਾ ਹੈ ਅਤੇ ਉਸ ਦਾ ਬਚਨ ਕਹਿੰਦਾ ਹੈ ਕਿ ਉਹ “ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।”​—ਜ਼ਬੂ. 86:5.

ਰਿਹਾਈ ਦੀ ਕੀਮਤ ਕਰਕੇ ਪਾਪੀ ਹਾਲਤ ਤੋਂ ਛੁਟਕਾਰਾ

9. ਬਾਈਬਲ ਅਨੁਸਾਰ ਪਾਪ ਦਾ ਕੀ ਮਤਲਬ ਹੈ? (ਜ਼ਬੂਰ 51:5 ਅਤੇ ਫੁਟਨੋਟ)

9 ਬਾਈਬਲ ਵਿਚ “ਪਾਪ” ਸ਼ਬਦ ਸਿਰਫ਼ ਸਾਡੇ ਗ਼ਲਤ ਕੰਮਾਂ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਇਹ ਸਾਡੀ ਪਾਪੀ ਹਾਲਤ ਨੂੰ ਵੀ ਦਰਸਾਉਂਦਾ ਹੈ ਜੋ ਸਾਨੂੰ ਜਨਮ ਤੋਂ ਹੀ ਮਿਲੀ ਹੈ। (ਜ਼ਬੂਰ 51:5 ਅਤੇ ਫੁਟਨੋਟ ਪੜ੍ਹੋ।) ਪਾਪੀ ਹਾਲਤ ਕਰਕੇ ਸਾਡਾ ਝੁਕਾਅ ਸਿਰਫ਼ ਗ਼ਲਤ ਕੰਮ ਕਰਨ ਵੱਲ ਹੀ ਨਹੀਂ ਹੁੰਦਾ, ਸਗੋਂ ਇਸ ਕਰਕੇ ਸਾਡੇ ਸਰੀਰ ਵਿਚ ਕਈ ਕਮੀਆਂ-ਕਮਜ਼ੋਰੀਆਂ ਵੀ ਆਈਆਂ ਜਿਨ੍ਹਾਂ ਦਾ ਨਤੀਜਾ ਬੀਮਾਰੀ, ਬੁਢਾਪਾ ਤੇ ਮੌਤ ਹੁੰਦਾ ਹੈ। ਇਸ ਕਰਕੇ ਬੱਚੇ ਜਿਨ੍ਹਾਂ ਨੇ ਕੋਈ ਪਾਪ ਵੀ ਨਹੀਂ ਕੀਤਾ ਹੁੰਦਾ, ਉਹ ਵੀ ਬੀਮਾਰ ਹੋ ਸਕਦੇ ਅਤੇ ਮਰ ਸਕਦੇ ਹਨ। ਇਸ ਕਰਕੇ ਅਸੀਂ ਇਹ ਗੱਲ ਵੀ ਸਮਝ ਸਕਦੇ ਹਾਂ ਕਿ ਚੰਗੇ ਤੇ ਬੁਰੇ ਲੋਕ ਕਿਉਂ ਦੁੱਖ ਸਹਿੰਦੇ ਅਤੇ ਮਰਦੇ ਹਨ। ਆਦਮ ਨੇ ਆਪਣੀ ਔਲਾਦ ਯਾਨੀ ਸਾਰੇ ਲੋਕਾਂ ਨੂੰ ਵਿਰਾਸਤ ਵਿਚ ਇਹ ਪਾਪ ਦਿੱਤਾ।

10. ਪਾਪੀ ਹਾਲਤ ਦਾ ਆਦਮ ਤੇ ਹੱਵਾਹ ʼਤੇ ਕੀ ਅਸਰ ਪਿਆ?

10 ਜ਼ਰਾ ਸੋਚੋ ਕਿ ਪਾਪ ਦਾ ਪਹਿਲੇ ਜੋੜੇ ʼਤੇ ਕੀ ਅਸਰ ਹੋਇਆ। ਇਸ ਕਰਕੇ ਉਨ੍ਹਾਂ ਦੇ ਮਨਾਂ ਅੰਦਰ ਉਥਲ-ਪੁਥਲ ਮੱਚ ਗਈ। ਪਰਮੇਸ਼ੁਰ ਦੇ “ਕਾਨੂੰਨ ਦੀਆਂ ਗੱਲਾਂ ਉਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ” ਸਨ। (ਰੋਮੀ. 2:15) ਪਰ ਜਦੋਂ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਪਰਮੇਸ਼ੁਰ ਦਾ ਕਾਨੂੰਨ ਤੋੜਿਆ, ਤਾਂ ਉਨ੍ਹਾਂ ਨੂੰ ਤੁਰੰਤ ਇਸ ਦੇ ਅੰਜਾਮ ਭੁਗਤਣੇ ਪਏ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕੁਝ ਗ਼ਲਤ ਹੋ ਗਿਆ ਸੀ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਢੱਕਣ ਦੀ ਲੋੜ ਸੀ ਅਤੇ ਉਹ ਖ਼ੁਦ ਨੂੰ ਆਪਣੇ ਸਿਰਜਣਹਾਰ ਤੋਂ ਇੱਦਾਂ ਲੁਕਾਉਣ ਲੱਗੇ ਜਿੱਦਾਂ ਉਹ ਅਪਰਾਧੀ ਹੋਣ। (ਉਤ. 3:7, 8) ਇਹ ਪਹਿਲੀ ਵਾਰ ਸੀ ਜਦੋਂ ਆਦਮ ਤੇ ਹੱਵਾਹ ਨੂੰ ਚਿੰਤਾ, ਦੁੱਖ, ਸ਼ਰਮ ਅਤੇ ਦੋਸ਼ੀ ਭਾਵਨਾਵਾਂ ਮਹਿਸੂਸ ਹੋਈਆਂ। ਮਰਦੇ ਦਮ ਤਕ ਉਨ੍ਹਾਂ ਨੂੰ ਇਹ ਭਾਵਨਾਵਾਂ ਪਰੇਸ਼ਾਨ ਕਰਦੀਆਂ ਹੋਣੀਆਂ।​—ਉਤ. 3:16-19.

11. ਸਾਡੀ ਪਾਪੀ ਹਾਲਤ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ?

11 ਪਾਪੀ ਹਾਲਤ ਦਾ ਸਾਡੇ ਉੱਤੇ ਵੀ ਉਹੀ ਅਸਰ ਹੋਇਆ ਹੈ ਜੋ ਪਹਿਲੇ ਜੋੜੇ ʼਤੇ ਹੋਇਆ ਸੀ। ਪਾਪੀ ਹਾਲਤ ਦਾ ਸਾਡੇ ਸਰੀਰ, ਸੋਚਾਂ ਤੇ ਭਾਵਨਾਵਾਂ ʼਤੇ ਅਸਰ ਪਿਆ ਹੈ। ਅਸੀਂ ਆਪਣੀ ਪਾਪੀ ਹਾਲਤ ਨੂੰ ਸੁਧਾਰਨ ਲਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਪਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਸੁਧਾਰ ਨਹੀਂ ਸਕਦੇ। ਕਿਉਂ? ਕਿਉਂਕਿ ਬਾਈਬਲ ਕਹਿੰਦੀ ਹੈ ਕਿ ਸਾਨੂੰ “ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ।” (ਰੋਮੀ. 8:20) ਇਹ ਗੱਲ ਸਿਰਫ਼ ਸਾਡੇ ਬਾਰੇ ਹੀ ਨਹੀਂ, ਸਗੋਂ ਸਾਰੀ ਮਨੁੱਖਜਾਤੀ ਬਾਰੇ ਸੱਚ ਸਾਬਤ ਹੁੰਦੀ ਹੈ। ਮਿਸਾਲ ਲਈ, ਜ਼ਰਾ ਇਸ ਬਾਰੇ ਸੋਚੋ ਕਿ ਇਨਸਾਨ ਵਾਤਾਵਰਣ ਨੂੰ ਸੁਧਾਰਨ, ਅਪਰਾਧ ਨੂੰ ਰੋਕਣ, ਗ਼ਰੀਬੀ ਨੂੰ ਖ਼ਤਮ ਕਰਨ ਅਤੇ ਦੇਸ਼ਾਂ ਵਿਚਕਾਰ ਸ਼ਾਂਤੀ ਲਿਆਉਣ ਦੀਆਂ ਕਿੰਨੀਆਂ ਕੋਸ਼ਿਸ਼ਾਂ ਕਰ ਰਹੇ ਹਨ। ਚਾਹੇ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਕੁਝ ਹੱਦ ਤਕ ਕਾਮਯਾਬ ਹੋਈਆਂ ਹਨ, ਪਰ ਆਖ਼ਰਕਾਰ ਉਨ੍ਹਾਂ ਦੀ ਮਿਹਨਤ ਬੇਕਾਰ ਚਲੀ ਗਈ ਹੈ। ਤਾਂ ਫਿਰ ਰਿਹਾਈ ਦੀ ਕੀਮਤ ਸਾਨੂੰ ਇਸ ਪਾਪੀ ਹਾਲਤ ਤੋਂ ਕਿਵੇਂ ਬਚਾ ਸਕਦੀ ਹੈ?

12. ਰਿਹਾਈ ਦੀ ਕੀਮਤ ਕਰਕੇ ਸਾਨੂੰ ਕੀ ਉਮੀਦ ਮਿਲੀ ਹੈ?

12 ਰਿਹਾਈ ਦੀ ਕੀਮਤ ਕਰਕੇ ਸਾਨੂੰ ਉਮੀਦ ਮਿਲਦੀ ਹੈ ਕਿ ‘ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਆਜ਼ਾਦੀ ਪਾਵੇਗੀ।’ (ਰੋਮੀ. 8:21) ਜਦੋਂ ਯਹੋਵਾਹ ਨਵੀਂ ਦੁਨੀਆਂ ਵਿਚ ਰਿਹਾਈ ਦੀ ਕੀਮਤ ਦੇ ਫ਼ਾਇਦੇ ਪੂਰੀ ਤਰ੍ਹਾਂ ਲਾਗੂ ਕਰੇਗਾ, ਤਾਂ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਦੁੱਖ ਨਹੀਂ ਝੱਲਾਂਗੇ ਅਤੇ ਨਾ ਹੀ ਦੋਸ਼, ਚਿੰਤਾ, ਡਰ, ਦੁੱਖ ਤੇ ਸ਼ਰਮਿੰਦਗੀ ਵਰਗੀਆਂ ਭਾਵਨਾਵਾਂ ਸਾਨੂੰ ਸਤਾਉਣਗੀਆਂ। ਇਸ ਤੋਂ ਇਲਾਵਾ ਇਸ ਧਰਤੀ ਨੂੰ ਸੁਆਰਨ ਲਈ ਅਤੇ ਸ਼ਾਂਤੀ ਕਾਇਮ ਕਰਨ ਲਈ ਅਸੀਂ ਜੋ ਵੀ ਜਤਨ ਕਰਾਂਗੇ, ਉਹ ਬੇਕਾਰ ਨਹੀਂ ਜਾਣਗੇ। ਅਸੀਂ ਹਰ ਕੰਮ ਵਿਚ ਸਫ਼ਲ ਹੋਵਾਂਗੇ ਕਿਉਂਕਿ ਅਸੀਂ ਇਹ ਸਾਰੇ ਕੰਮ “ਸ਼ਾਂਤੀ ਦੇ ਰਾਜਕੁਮਾਰ” ਯਿਸੂ ਮਸੀਹ ਦੀ ਅਗਵਾਈ ਅਧੀਨ ਚੱਲ ਕੇ ਕਰਾਂਗੇ ਜਿਸ ਨੇ ਸਾਡੀ ਖ਼ਾਤਰ ਰਿਹਾਈ ਦੀ ਕੀਮਤ ਦਿੱਤੀ।​—ਯਸਾ. 9:6, 7.

13. ਇਸ ਸਾਲ ਮੈਮੋਰੀਅਲ ਵਿਚ ਹਾਜ਼ਰ ਹੋਣ ਦੀਆਂ ਤਿਆਰੀਆਂ ਕਰਦੇ ਵੇਲੇ ਤੁਸੀਂ ਹੋਰ ਕੀ ਸੋਚ ਸਕਦੇ ਹਾਂ?

13 ਜ਼ਰਾ ਸੋਚੋ ਕਿ ਉਦੋਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਤੁਹਾਨੂੰ ਆਪਣੀ ਪਾਪੀ ਹਾਲਤ ਤੋਂ ਛੁਟਕਾਰਾ ਮਿਲ ਜਾਵੇਗਾ। ਤੁਸੀਂ ਹਰ ਸਵੇਰ ਤੰਦਰੁਸਤ ਉੱਠੋਗੇ। ਤੁਹਾਨੂੰ ਇਹ ਚਿੰਤਾ ਨਹੀਂ ਹੋਵੇਗੀ ਕਿ ਤੁਹਾਨੂੰ ਤੇ ਤੁਹਾਡੇ ਪਿਆਰਿਆਂ ਨੂੰ ਭੁੱਖੇ ਢਿੱਡ ਸੌਣਾ ਪਵੇਗਾ, ਤੁਸੀਂ ਬੀਮਾਰ ਹੋ ਜਾਓਗੇ ਜਾਂ ਤੁਹਾਡੀ ਮੌਤ ਹੋ ਜਾਏਗੀ। ਇਸ ਉਮੀਦ ਕਰਕੇ ਤੁਹਾਨੂੰ ਅੱਜ ਵੀ ਕੁਝ ਹੱਦ ਤਕ ਸ਼ਾਂਤੀ ਮਿਲ ਸਕਦੀ ਹੈ ਜੇ ਤੁਸੀਂ ‘ਇਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੋ। ਇਹ ਉਮੀਦ ਤੁਹਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।’ (ਇਬ. 6:18, 19) ਜਿਵੇਂ ਲੰਗਰ ਨਾਲ ਸਮੁੰਦਰੀ ਜਹਾਜ਼ ਸਥਿਰ ਰਹਿੰਦਾ ਹੈ, ਉਸੇ ਤਰ੍ਹਾਂ ਉਮੀਦ ਕਰਕੇ ਤੁਹਾਡੀ ਨਿਹਚਾ ਸਥਿਰ ਰਹਿੰਦੀ ਹੈ ਤੇ ਅੱਜ ਵੀ ਤੁਹਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲਦੀ ਹੈ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬ. 11:6) ਰਿਹਾਈ ਦੀ ਕੀਮਤ ਕਰਕੇ ਹੀ ਅੱਜ ਤੁਹਾਨੂੰ ਦਿਲਾਸਾ ਅਤੇ ਭਵਿੱਖ ਲਈ ਉਮੀਦ ਮਿਲਦੀ ਹੈ।

ਰਿਹਾਈ ਦੀ ਕੀਮਤ ਕਰਕੇ ਪਰਮੇਸ਼ੁਰ ਨਾਲ ਸੁਲ੍ਹਾ

14. ਪਾਪ ਦਾ ਸਾਡੇ ਸਿਰਜਣਹਾਰ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪਿਆ ਅਤੇ ਕਿਉਂ?

14 ਜਦੋਂ ਤੋਂ ਆਦਮ ਅਤੇ ਹੱਵਾਹ ਨੇ ਪਾਪ ਕੀਤਾ, ਉਦੋਂ ਤੋਂ ਇਨਸਾਨ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ। ਬਾਈਬਲ ਇਹ ਵੀ ਕਹਿੰਦੀ ਹੈ ਕਿ ਪੂਰੀ ਮਨੁੱਖਜਾਤੀ ਦਾ ਆਪਣੇ ਸਿਰਜਣਹਾਰ ਨਾਲੋਂ ਨਾਤਾ ਟੁੱਟ ਚੁੱਕਾ ਹੈ। (ਰੋਮੀ. 8:7, 8; ਕੁਲੁ. 1:21) ਕਿਉਂ? ਯਹੋਵਾਹ ਦੇ ਮਿਆਰ ਉੱਚੇ-ਸੁੱਚੇ ਹਨ, ਇਸ ਕਰਕੇ ਉਹ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਬਾਈਬਲ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਤੇਰੀ ਨਜ਼ਰ ਇੰਨੀ ਪਵਿੱਤਰ ਹੈ ਕਿ ਇਹ ਬੁਰਾਈ ਦੇਖ ਹੀ ਨਹੀਂ ਸਕਦੀ ਅਤੇ ਤੂੰ ਦੁਸ਼ਟਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ।” (ਹੱਬ. 1:13) ਪਾਪ ਕਰਕੇ ਪਰਮੇਸ਼ੁਰ ਅਤੇ ਇਨਸਾਨ ਦੇ ਰਿਸ਼ਤੇ ਵਿਚ ਦਰਾੜ ਆ ਗਈ। ਅਸੀਂ ਉਦੋਂ ਤਕ ਯਹੋਵਾਹ ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਨਹੀਂ ਜੋੜ ਸਕਦੇ ਜਦੋਂ ਤਕ ਕਿ ਇਸ ਦਰਾੜ ਨੂੰ ਭਰਿਆ ਨਹੀਂ ਜਾਂਦਾ। ਰਿਹਾਈ ਦੀ ਕੀਮਤ ਕਰਕੇ ਹੀ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਦੁਬਾਰਾ ਰਿਸ਼ਤਾ ਜੋੜਨਾ ਸੰਭਵ ਹੋਇਆ ਹੈ।

15. ਰਿਹਾਈ ਦੀ ਕੀਮਤ ਤੋਂ ਯਹੋਵਾਹ ਨੂੰ ਕੀ ਖ਼ੁਸ਼ੀ ਮਿਲੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

15 ਬਾਈਬਲ ਵਿਚ ਦੱਸਿਆ ਹੈ ਕਿ ਯਿਸੂ ਨੇ ਪਰਮੇਸ਼ੁਰ ਨਾਲ ਸਾਡੀ “ਸੁਲ੍ਹਾ ਕਰਾਉਣ ਲਈ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਕੁਰਬਾਨੀ ਦਿੱਤੀ।” (1 ਯੂਹੰ. 2:2) ਇੱਥੇ ਯੂਨਾਨੀ ਵਿਚ ਪਰਮੇਸ਼ੁਰ ਨਾਲ “ਸੁਲ੍ਹਾ” ਕਰਨ ਲਈ ਜੋ ਸ਼ਬਦ ਵਰਤਿਆ ਗਿਆ ਹੈ, ਉਸ ਦਾ ਮਤਲਬ ਹੈ, ‘ਪਰਮੇਸ਼ੁਰ ਨੂੰ ਖ਼ੁਸ਼ ਕਰਨਾ।’ ਯਹੋਵਾਹ ਨੂੰ ਰਿਹਾਈ ਦੀ ਕੀਮਤ ਤੋਂ ਕਿਉਂ ਖ਼ੁਸ਼ੀ ਮਿਲੀ? ਅਸੀਂ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ੁਰ ਨੂੰ ਆਪਣੇ ਪੁੱਤਰ ਦੀ ਮੌਤ ਤੋਂ ਕਿਸੇ ਤਰ੍ਹਾਂ ਦੀ ਖ਼ੁਸ਼ੀ ਹੋਈ। ਇਸ ਦੀ ਬਜਾਇ, ਉਸ ਨੂੰ ਇਹ ਖ਼ੁਸ਼ੀ ਮਿਲੀ ਕਿ ਰਿਹਾਈ ਦੀ ਕੀਮਤ ਉਸ ਦੇ ਨਿਆਂ ਦੇ ਮਿਆਰਾਂ ʼਤੇ ਖਰੀ ਉੱਤਰੀ। ਹੁਣ ਉਹ ਇਸ ਦੇ ਆਧਾਰ ਤੇ ਇਨਸਾਨਾਂ ਨਾਲ ਦੁਬਾਰਾ ਰਿਸ਼ਤਾ ਜੋੜ ਸਕਦਾ ਸੀ। (ਰੋਮੀ. 3:23-26) ਯਹੋਵਾਹ ਉਨ੍ਹਾਂ ਲੋਕਾਂ ਨੂੰ ਵੀ ਧਰਮੀ ਠਹਿਰਾ ਸਕਦਾ ਸੀ ਜੋ ਮਸੀਹ ਦੀ ਮੌਤ ਤੋਂ ਪਹਿਲਾਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਸਨ। (ਉਤ. 15:1, 6) ਕਿਉਂ? ਕਿਉਂਕਿ ਯਹੋਵਾਹ ਨੂੰ ਪੂਰਾ ਭਰੋਸਾ ਸੀ ਕਿ ਉਸ ਦਾ ਪੁੱਤਰ ਯਿਸੂ ਜ਼ਰੂਰ ਰਿਹਾਈ ਦੀ ਕੀਮਤ ਅਦਾ ਕਰੇਗਾ। (ਯਸਾ. 46:10) ਇਸ ਰਿਹਾਈ ਦੀ ਕੀਮਤ ਕਰਕੇ ਇਨਸਾਨਾਂ ਲਈ ਪਰਮੇਸ਼ੁਰ ਨਾਲ ਫਿਰ ਤੋਂ ਸੁਲ੍ਹਾ ਕਰਨ ਦਾ ਰਾਹ ਖੁੱਲ੍ਹ ਗਿਆ।

16. ਮੈਮੋਰੀਅਲ ਵਿਚ ਹਾਜ਼ਰ ਹੋਣ ਦੀ ਤਿਆਰੀ ਕਰਦੇ ਵੇਲੇ ਅਸੀਂ ਹੋਰ ਕਿਸ ਗੱਲ ਬਾਰੇ ਸੋਚ ਸਕਦੇ ਹਾਂ? (ਤਸਵੀਰ ਵੀ ਦੇਖੋ।)

16 ਜ਼ਰਾ ਸੋਚੋ ਕਿ ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਜੋੜਨਾ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ। ਮਿਸਾਲ ਲਈ, ਯਿਸੂ ਨੇ ਸਿਖਾਇਆ ਸੀ ਕਿ ਤੁਸੀਂ ਯਹੋਵਾਹ ਨੂੰ ਆਪਣਾ “ਪਿਤਾ” ਕਹਿ ਸਕਦੇ ਹੋ। (ਮੱਤੀ 6:9) ਤੁਸੀਂ ਸ਼ਾਇਦ ਯਹੋਵਾਹ ਨੂੰ ਆਪਣਾ “ਦੋਸਤ” ਵੀ ਕਹਿੰਦੇ ਹੋਣੇ। ਪਰ ਯਹੋਵਾਹ ਨੂੰ “ਪਿਤਾ” ਜਾਂ “ਦੋਸਤ” ਕਹਿੰਦਿਆਂ ਸਾਡੇ ਦਿਲ ਵਿਚ ਸ਼ਰਧਾ ਅਤੇ ਨਿਮਰਤਾ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਪਾਪੀ ਹੋਣ ਕਰਕੇ ਅਸੀਂ ਕਦੇ ਵੀ ਆਪਣੇ ਦਮ ʼਤੇ ਯਹੋਵਾਹ ਦੇ ਇੰਨੇ ਨੇੜੇ ਨਹੀਂ ਜਾ ਸਕਦੇ। ਸਿਰਫ਼ ਰਿਹਾਈ ਦੀ ਕੀਮਤ ਕਰਕੇ ਹੀ ਯਹੋਵਾਹ ਨਾਲ ਸਾਡਾ ਇੰਨਾ ਵਧੀਆ ਰਿਸ਼ਤਾ ਬਣ ਸਕਿਆ ਹੈ। ਯਿਸੂ ਰਾਹੀਂ ਯਹੋਵਾਹ ਨੇ ਹੀ ਮੁਮਕਿਨ ਕੀਤਾ ਕਿ ‘ਤਸੀਹੇ ਦੀ ਸੂਲ਼ੀ ਉੱਤੇ ਵਹਾਏ [ਯਿਸੂ] ਦੇ ਖ਼ੂਨ ਰਾਹੀਂ ਸਾਰੀਆਂ ਚੀਜ਼ਾਂ ਨਾਲ ਸ਼ਾਂਤੀ ਕਾਇਮ ਕਰ ਕੇ ਸੁਲ੍ਹਾ ਕਰੇ।’ (ਕੁਲੁ. 1:19, 20) ਇਸੇ ਕਰਕੇ ਹੀ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਨਾਲ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਾਂ ।

ਰੋਮੀ ਫ਼ੌਜੀ ਯਿਸੂ ਨੂੰ ਤਸੀਹੇ ਦੀ ਸੂਲ਼ੀ ʼਤੇ ਟੰਗਣ ਦੀ ਤਿਆਰੀ ਕਰ ਰਹੇ ਹਨ। ਦੋ ਰੋਮੀ ਫ਼ੌਜੀ ਯਿਸੂ ਨੂੰ ਸੂਲ਼ੀ ਕੋਲ ਲਿਆ ਰਹੇ ਹਨ ਅਤੇ ਤੀਜੇ ਫ਼ੌਜੀ ਨੇ ਹੱਥ ਵਿਚ ਹਥੌੜਾ ਅਤੇ ਕਿੱਲ ਫੜਿਆ ਹੋਇਆ ਹੈ।

ਸਿਰਫ਼ ਯਿਸੂ ਦੀ ਮੌਤ ਹੀ ਇਕ ਕਾਨੂੰਨੀ ਆਧਾਰ ਹੈ ਜਿਸ ਕਰਕੇ ਯਹੋਵਾਹ ਅਤੇ ਇਨਸਾਨਾਂ ਵਿਚ ਫਿਰ ਤੋਂ ਇਕ ਵਧੀਆ ਰਿਸ਼ਤਾ ਕਾਇਮ ਹੋਇਆ (ਪੈਰਾ 16 ਦੇਖੋ)


ਰਿਹਾਈ ਦੀ ਕੀਮਤ ਯਹੋਵਾਹ ਦੀ ਦਇਆ ਦਾ ਸਬੂਤ

17. ਰਿਹਾਈ ਦੀ ਕੀਮਤ ਤੋਂ ਯਹੋਵਾਹ ਦੀ ਦਇਆ ਦਾ ਸਬੂਤ ਕਿਵੇਂ ਮਿਲਦਾ ਹੈ? (ਅਫ਼ਸੀਆਂ 2:4, 5)

17 ਰਿਹਾਈ ਦੀ ਕੀਮਤ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ “ਦਇਆ ਦਾ ਸਾਗਰ” ਹੈ। ਯਹੋਵਾਹ ਨੇ ‘ਸਾਨੂੰ ਜੀਉਂਦਾ ਕੀਤਾ, ਭਾਵੇਂ ਕਿ ਅਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ।’ (ਅਫ਼ਸੀਆਂ 2:4, 5 ਪੜ੍ਹੋ।) “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ” ਹਨ, ਉਹ ਮਦਦ ਲਈ ਪੁਕਾਰਦੇ ਹਨ, ਉਹ ਸਮਝਦੇ ਹਨ ਕਿ ਉਹ ਵਿਰਾਸਤ ਵਿਚ ਮਿਲੇ ਪਾਪ ਦੇ ਬੋਝ ਹੇਠ ਦੱਬੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਅ ਲਈ ਕਿਸੇ ਦੀ ਮਦਦ ਦੀ ਲੋੜ ਹੈ। (ਰਸੂ. 13:48) ਯਹੋਵਾਹ ਉਨ੍ਹਾਂ ਦੀ ਮਦਦ ਦੀ ਪੁਕਾਰ ਦਾ ਜਵਾਬ ਆਪਣੇ ਰਾਜ ਦੇ ਸੰਦੇਸ਼ ਰਾਹੀਂ ਦਿੰਦਾ ਹੈ ਤਾਂਕਿ ਉਹ ਉਸ ਨੂੰ ਅਤੇ ਉਸ ਦੇ ਪੁੱਤਰ ਯਿਸੂ ਨੂੰ ਜਾਣ ਸਕਣ। (ਯੂਹੰ. 17:3) ਜੇ ਸ਼ੈਤਾਨ ਨੂੰ ਲੱਗਾ ਕਿ ਆਦਮ ਅਤੇ ਹੱਵਾਹ ਤੋਂ ਪਾਪ ਕਰਵਾ ਕੇ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕ ਦਿੱਤਾ, ਤਾਂ ਇਹ ਉਸ ਦੀ ਗ਼ਲਤਫ਼ਹਿਮੀ ਸੀ।

18. ਰਿਹਾਈ ਦੀ ਕੀਮਤ ਉੱਤੇ ਸੋਚ-ਵਿਚਾਰ ਕਰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

18 ਜਦੋਂ ਅਸੀਂ ਇਸ ਗੱਲ ਉੱਤੇ ਸੋਚ-ਵਿਚਾਰ ਕਰਦੇ ਹਾਂ ਕਿ ਰਿਹਾਈ ਦੀ ਕੀਮਤ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੋਏ ਹਨ, ਤਾਂ ਸਾਨੂੰ ਰਿਹਾਈ ਦੀ ਕੀਮਤ ਦਿੱਤੇ ਜਾਣ ਦੇ ਮੁੱਖ ਕਾਰਨ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਰਿਹਾਈ ਦੀ ਕੀਮਤ ਸਿਰਫ਼ ਸਾਨੂੰ ਬਚਾਉਣ ਲਈ ਹੀ ਦਿੱਤੀ ਗਈ, ਸਗੋਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਇਸ ਦੇ ਜ਼ਰੀਏ ਅਦਨ ਦੇ ਬਾਗ਼ ਵਿਚ ਸ਼ੈਤਾਨ ਦੁਆਰ ਦਿੱਤੀ ਚੁਣੌਤੀ ਦਾ ਵੀ ਜਵਾਬ ਦਿੰਦਾ ਹੈ। (ਉਤ. 3:1-5, 15) ਰਿਹਾਈ ਦੀ ਕੀਮਤ ਦੇ ਜ਼ਰੀਏ ਯਹੋਵਾਹ ਆਪਣਾ ਨਾਂ ਪਵਿੱਤਰ ਕਰਦਾ ਹੈ, ਆਪਣੇ ʼਤੇ ਲੱਗੇ ਦੋਸ਼ ਮਿਟਾਉਂਦਾ ਹੈ। ਇਸ ਨਾਲ ਉਹ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਉਂਦਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਇਹ ਯਹੋਵਾਹ ਦੀ ਅਪਾਰ ਕਿਰਪਾ ਹੀ ਹੈ ਕਿ ਸਾਡੀ ਪਾਪੀ ਹਾਲਤ ਦੇ ਬਾਵਜੂਦ ਵੀ ਯਹੋਵਾਹ ਸਾਨੂੰ ਉਸ ਨਾਲ ਮਿਲ ਕੇ ਸ਼ੈਤਾਨ ਦੀ ਇਸ ਚੁਣੌਤੀ ਦਾ ਜਵਾਬ ਦੇਣ ਦਾ ਮੌਕਾ ਦਿੰਦਾ ਹੈ। (ਕਹਾ. 27:11) ਅਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਲੇਖ ਵਿਚ ਲਵਾਂਗੇ।

ਰਿਹਾਈ ਦੀ ਕੀਮਤ ਕਰਕੇ . . .

  • ਮਾਫ਼ੀ ਕਿਵੇਂ ਮਿਲਦੀ ਹੈ?

  • ਪਾਪੀ ਹਾਲਤ ਤੋਂ ਛੁਟਕਾਰਾ ਕਿਵੇਂ ਮਿਲਦਾ ਹੈ?

  • ਪਰਮੇਸ਼ੁਰ ਨਾਲ ਸੁਲ੍ਹਾ ਕਿਵੇਂ ਹੁੰਦੀ ਹੈ?

ਗੀਤ 19 ਪ੍ਰਭੂ ਦਾ ਭੋਜਨ

a ਸ਼ਬਦਾਂ ਦਾ ਮਤਲਬ: ਰਿਹਾਈ ਦੀ ਕੀਮਤ ਕਿਸੇ ਨੂੰ ਛੁਡਾਉਣ ਲਈ ਦਿੱਤੀ ਜਾਂਦੀ ਹੈ। ਯਿਸੂ ਦੀ ਕੁਰਬਾਨੀ ਉਹ ਰਿਹਾਈ ਦੀ ਕੀਮਤ ਹੈ ਜੋ ਆਗਿਆਕਾਰ ਇਨਸਾਨਾਂ ਨੂੰ ਪਾਪ ਤੇ ਮੌਤ ਦੀ ਚੁੰਗਲ ਵਿੱਚੋਂ ਛੁਡਾਉਂਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ