ਰਾਜ ਦਾ ਐਲਾਨ ਕਰਨ ਦੀ ਇਕ ਸਦੀ!
1. ਲਗਭਗ ਇਕ ਸਦੀ ਪਹਿਲਾਂ ਯਹੋਵਾਹ ਦੇ ਲੋਕਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ?
1 “ਦੇਖੋ, ਰਾਜਾ ਰਾਜ ਕਰ ਰਿਹਾ ਹੈ! ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦਾ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ!” ਲਗਭਗ ਇਕ ਸਦੀ ਪਹਿਲਾਂ ਭਰਾ ਰਦਰਫ਼ਰਡ ਦੇ ਕਹੇ ਇਨ੍ਹਾਂ ਸ਼ਬਦਾਂ ਤੋਂ ਯਹੋਵਾਹ ਦੇ ਲੋਕਾਂ ਨੂੰ ਦੂਰ-ਦੂਰ ਜਾ ਕੇ ਰਾਜ ਦਾ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲੀ ਸੀ। ਅਸੀਂ ਵੀ ਇਸੇ ਤਰ੍ਹਾਂ ਕੀਤਾ ਹੈ! ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ “ਆਕਾਸ਼ ਹੇਠ ਪੂਰੀ ਦੁਨੀਆਂ ਵਿਚ” ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ। (ਕੁਲੁ. 1:23) ਪਿਛਲੀ ਸਦੀ ਵਿਚ ਅਸੀਂ ਪਰਮੇਸ਼ੁਰ ਦੇ ਰਾਜ ਦਾ ਐਲਾਨ ਕਰਨ ਲਈ ਕੀ ਕੁਝ ਕੀਤਾ ਹੈ? ਅਸੀਂ ਇਹ ਐਲਾਨ ਕਿਵੇਂ ਕਰਦੇ ਰਹਿ ਸਕਦੇ ਹਾਂ ਜਿਉਂ-ਜਿਉਂ ਰਾਜ ਸ਼ੁਰੂ ਹੋਣ ਦੀ 100ਵੀਂ ਵਰ੍ਹੇਗੰਢ ਨੇੜੇ ਆ ਰਹੀ ਹੈ?
2. ਸਾਡੇ ਪ੍ਰਕਾਸ਼ਨਾਂ ਰਾਹੀਂ ਰਾਜ ਦਾ ਪ੍ਰਚਾਰ ਕਿਵੇਂ ਹੋਇਆ ਹੈ?
2 ਪਿੱਛੇ ਝਾਤੀ ਮਾਰੋ: ਕਈ ਦਹਾਕਿਆਂ ਤੋਂ ਸਾਡੇ ਪ੍ਰਕਾਸ਼ਨਾਂ ਰਾਹੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਵਧ-ਚੜ੍ਹ ਕੇ ਹੋਇਆ ਹੈ। 1939 ਤੋਂ ਸਾਡੇ ਮੁੱਖ ਰਸਾਲੇ ਦਾ ਸਿਰਲੇਖ ਰਿਹਾ ਹੈ: ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਇਹ ਰਸਾਲਾ ਵਾਰ-ਵਾਰ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਦਾ ਹੈ ਤੇ ਦੱਸਦਾ ਹੈ ਕਿ ਇਹ ਰਾਜ ਕੀ-ਕੀ ਕਰੇਗਾ। ਜਾਗਰੂਕ ਬਣੋ! ਰਸਾਲਾ ਵੀ ਦੱਸਦਾ ਹੈ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀ ਇੱਕੋ-ਇਕ ਉਮੀਦ ਹੈ। ਇਸੇ ਕਰਕੇ ਇਹ ਦੋਵੇਂ ਰਸਾਲੇ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਅਨੁਵਾਦ ਕੀਤੇ ਤੇ ਵੰਡੇ ਜਾਂਦੇ ਹਨ!—ਪ੍ਰਕਾ. 14:6.
3. ਅਸੀਂ ਰਾਜ ਦਾ ਐਲਾਨ ਕਰਨ ਲਈ ਕਿਹੜੇ ਕੁਝ ਤਰੀਕੇ ਵਰਤੇ ਹਨ?
3 ਯਹੋਵਾਹ ਦੇ ਲੋਕਾਂ ਨੇ ਵੱਖੋ-ਵੱਖਰੇ ਤਰੀਕੇ ਵਰਤ ਕੇ ਰਾਜ ਦਾ ਐਲਾਨ ਕੀਤਾ ਹੈ। ਪੁਰਾਣੇ ਸਮਿਆਂ ਵਿਚ ਅਸੀਂ ਲਾਊਡਸਪੀਕਰਾਂ ਵਾਲੀਆਂ ਕਾਰਾਂ, ਰੇਡੀਓ ਪ੍ਰਸਾਰਣ ਅਤੇ ਫੋਨੋਗ੍ਰਾਫ ਵਰਤਦੇ ਸਾਂ। ਇਨ੍ਹਾਂ ਸਾਧਨਾਂ ਦੀ ਮਦਦ ਨਾਲ ਅਸੀਂ ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਭਾਵੇਂ ਕਿ ਉਸ ਵੇਲੇ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। (ਜ਼ਬੂ. 19:4) ਹਾਲ ਹੀ ਦੇ ਸਾਲਾਂ ਵਿਚ ਅਸੀਂ jw.org ਉੱਤੇ ਜਾਣਕਾਰੀ ਪਾਈ ਹੈ। ਇਸ ਤਰ੍ਹਾਂ ਅਸੀਂ ਲੱਖਾਂ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦੇ ਹਾਂ, ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਜਿੱਥੇ ਸਾਡੇ ਪ੍ਰਚਾਰ ʼਤੇ ਪਾਬੰਦੀ ਲੱਗੀ ਹੋਈ ਹੈ।
4. ਅਸੀਂ ਪ੍ਰਚਾਰ ਕਰਨ ਦੇ ਕਿਹੜੇ ਖ਼ਾਸ ਇੰਤਜ਼ਾਮ ਕੀਤੇ ਹਨ?
4 ਯਹੋਵਾਹ ਦੇ ਲੋਕਾਂ ਨੇ ਰਾਜ ਦਾ ਸੰਦੇਸ਼ ਸੁਣਾਉਣ ਲਈ ਖ਼ਾਸ ਇੰਤਜ਼ਾਮ ਵੀ ਕੀਤੇ ਹਨ। ਮਿਸਾਲ ਲਈ, ਅਸੀਂ ਘਰ-ਘਰ ਪ੍ਰਚਾਰ ਕਰਨ ਤੋਂ ਇਲਾਵਾ 1995 ਤੋਂ ਪਾਰਕਾਂ, ਪਾਰਕਿੰਗ ਥਾਵਾਂ ਤੇ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਲ ਹੀ ਵਿਚ ਅਸੀਂ ਕੁਝ ਦੇਸ਼ਾਂ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੇ ਇੰਤਜ਼ਾਮ ਕੀਤੇ ਹਨ। ਇਸ ਤੋਂ ਇਲਾਵਾ, ਕਈ ਮੰਡਲੀਆਂ ਆਪਣੇ ਇਲਾਕੇ ਦੀਆਂ ਉਨ੍ਹਾਂ ਪਬਲਿਕ ਥਾਵਾਂ ʼਤੇ ਟ੍ਰਾਲੀਆਂ ਅਤੇ ਮੇਜ਼ਾਂ ਉੱਤੇ ਪ੍ਰਕਾਸ਼ਨ ਰੱਖ ਕੇ ਪ੍ਰਚਾਰ ਕਰਦੀਆਂ ਹਨ ਜਿੱਥੇ ਜ਼ਿਆਦਾ ਲੋਕ ਆਉਂਦੇ-ਜਾਂਦੇ ਹਨ। ਪਰ ਸਾਡਾ ਪ੍ਰਚਾਰ ਕਰਨ ਦਾ ਮੁੱਖ ਤਰੀਕਾ ਹਾਲੇ ਵੀ ਘਰ-ਘਰ ਜਾਣਾ ਹੈ।—ਰਸੂ. 20:20.
5. ਨਵਾਂ ਸੇਵਾ ਸਾਲ ਸ਼ੁਰੂ ਹੋਣ ਤੇ ਸਾਡੇ ਵਿੱਚੋਂ ਕਈਆਂ ਨੂੰ ਕਿਹੜੇ ਮੌਕੇ ਮਿਲਣਗੇ?
5 ਅੱਗੇ ਬਾਰੇ ਸੋਚੋ: ਸਤੰਬਰ ਵਿਚ ਨਵਾਂ ਸੇਵਾ ਸਾਲ ਸ਼ੁਰੂ ਹੋਣ ਤੇ ਕਈ ਭੈਣ-ਭਰਾ ਰੈਗੂਲਰ ਪਾਇਨੀਅਰਾਂ ਵਜੋਂ ਸੇਵਾ ਕਰਨੀ ਸ਼ੁਰੂ ਕਰਨਗੇ। ਕੀ ਤੁਸੀਂ ਰੈਗੂਲਰ ਪਾਇਨੀਅਰਿੰਗ ਕਰ ਸਕਦੇ ਹੋ? ਜੇ ਨਹੀਂ, ਤਾਂ ਕੀ ਤੁਸੀਂ ਕਦੇ-ਕਦਾਈਂ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ? ਭਾਵੇਂ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ ਜਾਂ ਨਹੀਂ, ਪਰ ਯਹੋਵਾਹ ਉਸ ਹਰ ਕੁਰਬਾਨੀ ਲਈ ਤੁਹਾਨੂੰ ਜ਼ਰੂਰ ਬਰਕਤ ਦੇਵੇਗਾ ਜੋ ਤੁਸੀਂ ਰਾਜ ਦਾ ਵਧ-ਚੜ੍ਹ ਕੇ ਐਲਾਨ ਕਰਨ ਲਈ ਕਰਦੇ ਹੋ।—ਮਲਾ. 3:10.
6. ਅਕਤੂਬਰ 2014 ਇੰਨਾ ਖ਼ਾਸ ਕਿਉਂ ਹੋਵੇਗਾ?
6 ਅਕਤੂਬਰ 2014 ਨੂੰ ਰਾਜ ਸ਼ੁਰੂ ਹੋਏ ਨੂੰ 100 ਸਾਲ ਪੂਰੇ ਹੋ ਜਾਣਗੇ। ਅੱਗੇ ਬਾਰੇ ਸੋਚਦਿਆਂ, ਆਓ ਆਪਾਂ ਸਾਰੇ ਜਣੇ ਉਨ੍ਹਾਂ ਲੋਕਾਂ ਨੂੰ ‘ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈਏ’ ਜੋ ਸੁਣਨਾ ਚਾਹੁੰਦੇ ਹਨ।—ਰਸੂ. 8:12.