ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w26 ਜਨਵਰੀ ਸਫ਼ੇ 26-31
  • ਸੱਚਾਈ ਬਾਰੇ ਸਲੀਕੇ ਨਾਲ ਗੱਲ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੱਚਾਈ ਬਾਰੇ ਸਲੀਕੇ ਨਾਲ ਗੱਲ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਸੱਚਾਈ ਕਿੱਥੋਂ ਜਾਣ ਸਕਦੇ ਹਾਂ?
  • ਸਾਨੂੰ ਸੱਚਾਈ ਕਿਉਂ ਦੱਸਣੀ ਚਾਹੀਦੀ ਹੈ?
  • ਸਾਨੂੰ ਸੱਚਾਈ ਕਿਵੇਂ ਦੱਸਣੀ ਚਾਹੀਦੀ ਹੈ?
  • ਸਾਨੂੰ ਸੱਚਾਈ ਕਦੋਂ ਦੱਸਣੀ ਚਾਹੀਦਾ ਹੈ?
  • ਤੁਸੀਂ ਸੱਚ ਅਤੇ ਝੂਠ ਵਿਚ ਫ਼ਰਕ ਕਰਨਾ ਸਿੱਖ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
    2025-2026 ਸਰਕਟ ਸੰਮੇਲਨ ਦਾ ਪ੍ਰੋਗ੍ਰਾਮ​​—ਸਰਕਟ ਓਵਰਸੀਅਰ ਨਾਲ
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
w26 ਜਨਵਰੀ ਸਫ਼ੇ 26-31

30 ਮਾਰਚ–5 ਅਪ੍ਰੈਲ 2026

ਗੀਤ 76 ਦੇਖੋ, ਖਿੜੇ ਚਿਹਰੇ!

ਸੱਚਾਈ ਬਾਰੇ ਸਲੀਕੇ ਨਾਲ ਗੱਲ ਕਰੋ

‘ ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ।’​—ਜ਼ਬੂ. 31:5.

ਕੀ ਸਿੱਖਾਂਗੇ?

ਅਸੀਂ ਦੂਜਿਆਂ ਨਾਲ ਸੱਚ ਬੋਲਣਾ ਹੈ ਅਤੇ ਉਨ੍ਹਾਂ ਨੂੰ ਇੱਦਾਂ ਸੱਚਾਈ ਸਿਖਾਉਣੀ ਹੈ ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇ।

1. ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ?

ਜਦੋਂ ਅਸੀਂ ਪਹਿਲੀ ਵਾਰ ਕਿਸੇ ਯਹੋਵਾਹ ਦੇ ਗਵਾਹ ਨੂੰ ਮਿਲਦੇ ਹਾਂ, ਤਾਂ ਅਕਸਰ ਅਸੀਂ ਉਨ੍ਹਾਂ ਨੂੰ ਇਹੀ ਸਵਾਲ ਪੁੱਛਦੇ ਹਾਂ ਕਿ “ਤੁਸੀਂ ਸੱਚਾਈ ਵਿਚ ਕਿਵੇਂ ਆਏ?” ਕਈ ਕਹਿੰਦੇ ਹਨ ਕਿ ਉਹ “ਬਚਪਨ ਤੋਂ ਹੀ ਸੱਚਾਈ ਵਿਚ ਹਨ।” ਅਤੇ ਕਈ ਸ਼ਾਇਦ ਕਹਿਣ ਕਿ ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਹੀ “ਸੱਚਾਈ ਸਿੱਖੀ ਹੈ।” ਅਸੀਂ ਇਸ ਲਈ ਇਹ ਜਵਾਬ ਦਿੰਦੇ ਹਾਂ ਕਿਉਂਕਿ ਪਰਮੇਸ਼ੁਰ ਦਾ ਬਚਨ ਸਾਡੀ ਜ਼ਿੰਦਗੀ ਜੀਉਣ ਦੇ ਤਰੀਕੇ ʼਤੇ ਪ੍ਰਭਾਵ ਪਾਉਂਦਾ ਹੈ। ਕਿਵੇਂ? ਸਾਨੂੰ ਪਤਾ ਹੈ ਕਿ ਅਸੀਂ ਤਾਂ ਹੀ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣ ਸਕਦੇ ਹਾਂ ਜਦੋਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਸੱਚਾਈ ਨਾਲ ਪਿਆਰ ਕਰਦੇ ਹਾਂ ਅਤੇ ਉਸ ਮੁਤਾਬਕ ਜ਼ਿੰਦਗੀ ਜੀਉਂਦੇ ਹਾਂ। ਇਸ ਵਿਚ ਆਪਣੇ ਕੰਮਾਂ ਅਤੇ ਬੋਲੀ ਰਾਹੀਂ ਈਮਾਨਦਾਰੀ ਦਿਖਾਉਣੀ ਵੀ ਜ਼ਰੂਰੀ ਹੈ।​—ਜ਼ਬੂ. 15:1-3.

2. (ੳ) ਲੋਕ ਯਿਸੂ ਬਾਰੇ ਕੀ ਸੋਚਦੇ ਸਨ? (ਅ) ਯਿਸੂ ਨੇ ਜੋ ਸੱਚਾਈਆਂ ਸਿਖਾਈਆਂ ਉਨ੍ਹਾਂ ਦਾ ਲੋਕਾਂ ʼਤੇ ਕੀ ਅਸਰ ਪੈਣਾ ਸੀ?

2 ਯਿਸੂ ਹਮੇਸ਼ਾ ਸੱਚ ਬੋਲਦਾ ਸੀ। ਉਸ ਦੇ ਦੁਸ਼ਮਣਾਂ ਨੂੰ ਚਾਹੇ ਯਿਸੂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਨ, ਪਰ ਉਹ ਮੰਨਦੇ ਸਨ ਕਿ ਯਿਸੂ ਹਮੇਸ਼ਾ ਸੱਚ ਬੋਲਦਾ ਸੀ। (ਮੱਤੀ 22:16) ਯਿਸੂ ਨੇ ਜੋ ਸੱਚਾਈਆਂ ਸਿਖਾਈਆਂ ਉਨ੍ਹਾਂ ਦੇ ਅਸਰਾਂ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: “ਮੈਂ ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਅਤੇ ਨੂੰਹ-ਸੱਸ ਵਿਚ ਫੁੱਟ ਪਾਉਣ ਆਇਆ ਹਾਂ।” (ਮੱਤੀ 10:35) ਯਿਸੂ ਇਹ ਨਹੀਂ ਸੀ ਚਾਹੁੰਦਾ ਕਿ ਲੋਕ ਉਸ ਦੇ ਅਤੇ ਉਸ ਦੇ ਚੇਲਿਆਂ ਦੇ ਸੰਦੇਸ਼ ਦਾ ਵਿਰੋਧ ਕਰਨ, ਪਰ ਯਿਸੂ ਜਾਣਦਾ ਸੀ ਕਿ ਹਕੀਕਤ ਵਿਚ ਇੱਦਾਂ ਹੀ ਹੋਵੇਗਾ। (ਮੱਤੀ 23:37) ਉਹ ਜਾਣਦਾ ਸੀ ਕਿ ਉਸ ਦੇ ਸੰਦੇਸ਼ ਦਾ ਲੋਕਾਂ ʼਤੇ ਅਲੱਗ-ਅਲੱਗ ਅਸਰ ਹੋਵੇਗਾ। ਕੁਝ ਲੋਕ ਬਾਈਬਲ ਦੀਆਂ ਸੱਚਾਈਆਂ ਨੂੰ ਪਿਆਰ ਕਰਨਗੇ ਅਤੇ ਕੁਝ ਨਹੀਂ।​—2 ਥੱਸ. 2:9-11.

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਯਿਸੂ ਵਾਂਗ ਅਸੀਂ ਈਮਾਨਦਾਰ ਬਣਨ ਦੀ ਅਤੇ ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਭਾਵੇਂ ਕੁਝ ਲੋਕਾਂ ਨੂੰ ਸਾਡੀਆਂ ਗੱਲਾਂ ਚੰਗੀਆਂ ਨਾ ਲੱਗਣ। ਅਸੀਂ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਅਤੇ ਬਾਈਬਲ ਦੀਆਂ ਸੱਚਾਈਆਂ ਸਿਖਾਉਂਦੇ ਹਾਂ, ਫਿਰ ਭਾਵੇਂ ਕੁਝ ਲੋਕ ਸਾਡਾ ਵਿਰੋਧ ਹੀ ਕਿਉਂ ਨਾ ਕਰਨ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸੱਚਾਈ ਸਿਖਾਉਂਦੇ ਵੇਲੇ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਸਾਨੂੰ ਕਦੋਂ ਅਤੇ ਕਿਵੇਂ ਗੱਲ ਕਰਨੀ ਚਾਹੀਦੀ ਹੈ? ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ। ਇਸ ਲੇਖ ਵਿਚ ਪਹਿਲਾਂ ਅਸੀਂ ਇਸ ਜ਼ਰੂਰੀ ਸਵਾਲ ਦਾ ਜਵਾਬ ਲਵਾਂਗੇ: ਅਸੀਂ ਸੱਚਾਈ ਕਿੱਥੋਂ ਜਾਣ ਸਕਦੇ ਹਾਂ? ਫਿਰ ਅਸੀਂ ਇਸ ਸਵਾਲ ਦਾ ਜਵਾਬ ਲਵਾਂਗੇ: ਸਾਨੂੰ ਕਿਉਂ, ਕਿੱਦਾਂ ਅਤੇ ਕਦੋਂ ਸੱਚਾਈ ਦੱਸਣੀ ਚਾਹੀਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਵੇਂ ਸਲੀਕੇ ਨਾਲ, ਸੋਚ-ਸਮਝ ਕੇ ਅਤੇ ਸਹੀ ਸਮੇਂ ਤੇ ਸੱਚਾਈ ਬਾਰੇ ਗੱਲ ਕਰਨ ਦੀ ਆਪਣੀ ਕਲਾ ਨੂੰ ਹੋਰ ਨਿਖਾਰ ਸਕਦੇ ਹਾਂ।

ਅਸੀਂ ਸੱਚਾਈ ਕਿੱਥੋਂ ਜਾਣ ਸਕਦੇ ਹਾਂ?

4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸੱਚਾਈ ਦਾ ਸੋਮਾ ਹੈ?

4 ਯਹੋਵਾਹ ਸੱਚਾਈ ਦਾ ਸੋਮਾ ਹੈ। ਉਹ ਜੋ ਵੀ ਕਹਿੰਦਾ ਹੈ, ਉਹ ਸੱਚ ਹੁੰਦਾ ਹੈ। ਮਿਸਾਲ ਲਈ, ਯਹੋਵਾਹ ਹੀ ਦੱਸਦਾ ਹੈ ਕਿ ਸਹੀ ਕੀ ਹੈ ਅਤੇ ਗ਼ਲਤ ਕੀ ਹੈ। (ਜ਼ਬੂ. 19:9; 119:142, 151) ਉਹ ਭਵਿੱਖ ਬਾਰੇ ਜੋ ਵੀ ਦੱਸਦਾ ਹੈ, ਉਹ ਹਮੇਸ਼ਾ ਸੱਚ ਹੁੰਦਾ ਹੈ। (ਯਸਾ. 55:10, 11) ਉਹ ਕਦੀ ਵੀ ਆਪਣਾ ਵਾਅਦਾ ਨਹੀਂ ਤੋੜਦਾ। (ਗਿਣ. 23:19) ਅਸਲ ਵਿਚ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ! (ਇਬ. 6:18) ਇਸੇ ਕਰਕੇ ਯਹੋਵਾਹ ਨੂੰ “ਸੱਚਾਈ ਦੇ ਪਰਮੇਸ਼ੁਰ” ਵਜੋਂ ਜਾਣਿਆ ਜਾਂਦਾ ਹੈ।​—ਜ਼ਬੂ. 31:5.

5. “ਸੱਚਾਈ ਦੇ ਪਰਮੇਸ਼ੁਰ” ਨੂੰ ਜਾਣਨਾ ਕਿਉਂ ਮੁਸ਼ਕਲ ਨਹੀਂ ਹੈ? ਸਮਝਾਓ। (ਰਸੂਲਾਂ ਦੇ ਕੰਮ 17:27)

5 ਕੁਝ ਲੋਕਾਂ ਨੂੰ ਲੱਗਦਾ ਹੈ ਕਿ “ਸੱਚਾਈ ਦੇ ਪਰਮੇਸ਼ੁਰ” ਯਹੋਵਾਹ ਨੂੰ ਜਾਣਨਾ ਬਹੁਤ ਮੁਸ਼ਕਲ ਹੈ, ਪਰ ਇੱਦਾਂ ਨਹੀਂ ਹੈ। ਸਾਨੂੰ ਆਪਣੇ ਆਲੇ-ਦੁਆਲੇ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਉਸ ਦੀ ਹੋਂਦ ਦੇ ਸਬੂਤ ਮਿਲਦੇ ਹਨ। (ਰੋਮੀ. 1:20) ਪੌਲੁਸ ਜਦੋਂ ਐਥਿਨਜ਼ ਦੇ ਵਿਦਵਾਨਾਂ ਨਾਲ ਗੱਲ ਕਰ ਰਿਹਾ ਸੀ, ਤਾਂ ਉਸ ਨੇ ਕਿਹਾ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ‘ਲੱਭੀਏ’ ਕਿਉਂਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27 ਪੜ੍ਹੋ।) ਦਰਅਸਲ, ਯਹੋਵਾਹ ਸੱਚਾਈ ਨੂੰ ਭਾਲਣ ਵਾਲੇ ਨਿਮਰ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ।​—ਯੂਹੰ. 6:44.

6. ਬਾਈਬਲ ਵਿਚ ਕਿਹੜੀਆਂ ਸੱਚਾਈਆਂ ਦੱਸੀਆਂ ਗਈਆਂ ਹਨ ਅਤੇ ਤੁਸੀਂ ਇਨ੍ਹਾਂ ਲਈ ਕਿਉਂ ਸ਼ੁਕਰਗੁਜ਼ਾਰ ਹੋ?

6 ਯਹੋਵਾਹ ਬਾਰੇ ਜਾਣਨ ਦਾ ਇਕ ਤਰੀਕਾ ਹੈ ਕਿ ਅਸੀਂ ਬਾਈਬਲ ਦਾ ਅਧਿਐਨ ਕਰੀਏ। ਜਿਨ੍ਹਾਂ ਆਦਮੀਆਂ ਨੇ ਬਾਈਬਲ ਲਿਖੀ, ਉਨ੍ਹਾਂ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਹੀ ਇਸ ਨੂੰ ਲਿਖਿਆ। (2 ਪਤ. 1:20, 21) ਇਸ ਲਈ ਬਾਈਬਲ ਵਿਚ ਜੋ ਵੀ ਲਿਖਿਆ ਗਿਆ ਹੈ, ਉਹ ਸੱਚ ਅਤੇ ਭਰੋਸੇਯੋਗ ਹੈ। ਮਿਸਾਲ ਲਈ, ਬ੍ਰਹਿਮੰਡ ਅਤੇ ਧਰਤੀ ਉੱਤੇ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਜੋ ਵੀ ਦੱਸਿਆ ਗਿਆ ਹੈ, ਅਸੀਂ ਉਸ ʼਤੇ ਭਰੋਸਾ ਕਰ ਸਕਦੇ ਹਾਂ। (ਉਤ. 1:1, 26) ਅਸੀਂ ਬਾਈਬਲ ਦੀ ਇਸ ਗੱਲ ʼਤੇ ਵੀ ਯਕੀਨ ਕਰ ਸਕਦੇ ਹਾਂ ਕਿ ਅਸੀਂ ਕਿਉਂ ਪਾਪ ਕਰਦੇ ਹਾਂ, ਦੁੱਖ ਸਹਿੰਦੇ ਹਾਂ ਅਤੇ ਮਰ ਜਾਂਦੇ ਹਾਂ। (ਰੋਮੀ. 5:12; 6:23) ਨਾਲੇ ਅਸੀਂ ਬਾਈਬਲ ਦੀ ਇਸ ਗੱਲ ʼਤੇ ਵੀ ਪੂਰਾ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਪੁੱਤਰ ਦੇ ਜ਼ਰੀਏ ਸ਼ੈਤਾਨ ਦੁਆਰਾ ਕੀਤੇ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ ਜੋ “ਝੂਠ ਦਾ ਪਿਉ” ਹੈ। (ਯੂਹੰ. 8:44; ਰੋਮੀ. 16:20) ਨਾਲੇ ਅਸੀਂ ਬਾਈਬਲ ਦੇ ਇਸ ਵਾਅਦੇ ʼਤੇ ਵੀ ਭਰੋਸਾ ਕਰ ਸਕਦੇ ਹਾਂ ਕਿ ਯਿਸੂ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ, ਮਰੇ ਹੋਇਆਂ ਨੂੰ ਜੀਉਂਦਾ ਕਰੇਗਾ, ਧਰਤੀ ਨੂੰ ਫਿਰ ਤੋਂ ਬਾਗ਼ ਵਰਗੀ ਬਣਾਵੇਗਾ ਅਤੇ ਸਾਡੀ ਮੁਕੰਮਲ ਬਣਨ ਵਿਚ ਮਦਦ ਕਰੇਗਾ। (ਯੂਹੰ. 11:25, 26; 1 ਯੂਹੰ. 3:8) ਸਾਡੇ ਲਈ ਇਹ ਕਿੰਨੇ ਹੀ ਮਾਣ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਇਹ ਸੱਚਾਈਆਂ ਸਿਖਾਈਆਂ ਅਤੇ ਇਹ ਸੱਚਾਈਆਂ ਦੂਜਿਆਂ ਨੂੰ ਵੀ ਦੱਸਣ ਦਾ ਮੌਕਾ ਦਿੰਦਾ ਹੈ।​—ਮੱਤੀ 28:19, 20.

ਸਾਨੂੰ ਸੱਚਾਈ ਕਿਉਂ ਦੱਸਣੀ ਚਾਹੀਦੀ ਹੈ?

7-8. ਸੱਚਾਈ ਬਾਰੇ ਗੱਲ ਕਰਨ ਪਿੱਛੇ ਸਾਡਾ ਇਰਾਦਾ ਕਿਉਂ ਮਾਅਨੇ ਰੱਖਦਾ ਹੈ? ਇਕ ਉਦਾਹਰਣ ਦਿਓ। (ਮਰਕੁਸ 3:11, 12) (ਤਸਵੀਰਾਂ ਵੀ ਦੇਖੋ।)

7 ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਜੇ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਪਰ ਯਹੋਵਾਹ ਨੂੰ ਖ਼ੁਸ਼ ਕਰਨ ਲਈ ਇੰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਯਹੋਵਾਹ ਲਈ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਅਸੀਂ ਸੱਚ ਕਿਉਂ ਬੋਲਦੇ ਹਾਂ। ਜ਼ਰਾ ਸੋਚੋ ਕਿ ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਇਕ ਮੌਕੇ ਤੇ ਪ੍ਰਚਾਰ ਕਰਦੇ ਵੇਲੇ ਕੀ ਹੋਇਆ। (ਮਰਕੁਸ 3:11, 12 ਪੜ੍ਹੋ।) ਜਦੋਂ ਯਿਸੂ ਗਲੀਲ ਝੀਲ ਦੇ ਲਾਗੇ ਪ੍ਰਚਾਰ ਕਰ ਰਿਹਾ ਸੀ, ਤਾਂ ਉਸ ਦੇ ਆਲੇ-ਦੁਆਲੇ ਇਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ। ਭੀੜ ਵਿਚ ਕੁਝ ਲੋਕਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਤੇ ਉਹ ਉਸ ਅੱਗੇ ਝੁਕ ਕੇ ਉੱਚੀ ਆਵਾਜ਼ ਵਿਚ ਕਹਿਣ ਲੱਗੇ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” ਦੁਸ਼ਟ ਦੂਤਾਂ ਨੇ ਯਿਸੂ ਬਾਰੇ ਸੱਚ ਕਿਉਂ ਬੋਲਿਆ ਸੀ? ਉਹ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੇ ਸਨ ਅਤੇ ਫਿਰ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨਾ ਚਾਹੁੰਦੇ ਸਨ। ਦੁਸ਼ਟ ਦੂਤਾਂ ਨੇ ਯਿਸੂ ਬਾਰੇ ਸੱਚ ਬੋਲਿਆ ਸੀ, ਪਰ ਉਸ ਪਿੱਛੇ ਉਨ੍ਹਾਂ ਦਾ ਸੁਆਰਥੀ ਇਰਾਦਾ ਸੀ। ਉਹ ਯਿਸੂ ਨੂੰ ਬੇਵਕੂਫ਼ ਨਹੀਂ ਬਣਾ ਸਕੇ ਤੇ ਨਾ ਹੀ ਉਸ ਨੂੰ ਖ਼ੁਸ਼ ਕਰ ਸਕੇ, ਸਗੋਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਬਾਰੇ ਗਵਾਹੀ ਨਾ ਦੇਣ।

8 ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸੱਚਾਈ ਬਾਰੇ ਗੱਲ ਕਰਨ ਪਿੱਛੇ ਸਾਡਾ ਜੋ ਇਰਾਦਾ ਹੁੰਦਾ ਹੈ, ਉਹ ਯਹੋਵਾਹ ਲਈ ਬਹੁਤ ਮਾਅਨੇ ਰੱਖਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਦੂਜਿਆਂ ਨੂੰ ਸੱਚਾਈ ਸਿਖਾਉਂਦੇ ਵੇਲੇ ਸਾਡਾ ਇਰਾਦਾ ਨੇਕ ਹੋਵੇ ਅਤੇ ਇਸ ਕਰਕੇ ਜੇ ਲੋਕ ਸਾਡੀ ਮਹਿਮਾ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਦਾ ਧਿਆਨ ਯਹੋਵਾਹ ਵੱਲ ਲੈ ਜਾਣਾ ਚਾਹੀਦਾ ਹੈ ਤਾਂਕਿ ਉਸ ਦੀ ਮਹਿਮਾ ਹੋਵੇ, ਨਾ ਕਿ ਸਾਡੀ।​—ਮੱਤੀ 5:16; ਰਸੂ. 14:12-15 ਵਿਚ ਨੁਕਤਾ ਦੇਖੋ।

ਦੋਵੇਂ ਤਸਵੀਰਾਂ ਵਿਚ ਇਕ ਭੈਣ ਇਕ ਜਵਾਨ ਔਰਤ ਨੂੰ ਅਲੱਗ-ਅਲੱਗ ਤਰੀਕੇ ਨਾਲ ਸਟੱਡੀ ਕਰਵਾਉਂਦੀ ਹੋਈ। 1. ਇਹ ਭੈਣ ਆਪਣੇ ਬਾਰੇ ਦੀ ਗੱਲ ਕਰ ਰਹੀ ਹੈ ਜਦਕਿ ਉਸ ਦੀ ਬਾਈਬਲ ਮੇਜ਼ ਉੱਤੇ ਪੁੱਠੀ ਪਈ ਹੋਈ ਹੈ। 2. ਉਹੀ ਭੈਣ ਨੇ ਬਾਈਬਲ ਖੋਲ੍ਹ ਕੇ ਫੜੀ ਹੋਈ ਹੈ ਅਤੇ ਬਾਈਬਲ ਵਿਦਿਆਰਥੀ ਨੂੰ ਆਇਤ ਦਿਖਾ ਰਹੀ ਹੈ।

ਤੁਸੀਂ ਕਦੋਂ ਸੱਚਾਈ ਸਿਖਾਓਗੇ ਅਤੇ ਕਿਸ ਵੱਲ ਲੋਕਾਂ ਦਾ ਧਿਆਨ ਦਿਵਾਓਗੇ? (ਪੈਰੇ 7-8 ਦੇਖੋ)


9. ਸਾਨੂੰ ਕਿਹੜੀ ਗੱਲ ਤੋਂ ਬਚਣਾ ਚਾਹੀਦਾ ਹੈ ਅਤੇ ਕਿਉਂ?

9 ਜ਼ਰਾ ਇਕ ਹੋਰ ਹਾਲਾਤ ਬਾਰੇ ਸੋਚੋ ਜਦੋਂ ਸਾਨੂੰ ਆਪਣੀ ਵਾਹ-ਵਾਹ ਕਰਾਉਣ ਤੋਂ ਬਚਣਾ ਚਾਹੀਦਾ ਹੈ। ਮੰਨ ਲਓ, ਕੋਈ ਜ਼ਿੰਮੇਵਾਰ ਭਰਾ ਸਾਡੇ ʼਤੇ ਭਰੋਸਾ ਕਰ ਕੇ ਸਾਨੂੰ ਅਜਿਹੀ ਜਾਣਕਾਰੀ ਦਿੰਦਾ ਹੈ ਜੋ ਸਾਨੂੰ ਆਪਣੇ ਤਕ ਸੀਮਿਤ ਰੱਖਣੀ ਚਾਹੀਦੀ ਹੈ। ਪਰ ਅਸੀਂ ਉਹ ਜਾਣਕਾਰੀ ਹੋਰ ਲੋਕਾਂ ਨੂੰ ਵੀ ਦੱਸ ਦਿੰਦੇ ਹਾਂ। ਜਦੋਂ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗੇਗਾ ਕਿ ਅਸੀਂ ਜੋ ਕਿਹਾ ਸੀ, ਉਹ ਸਹੀ ਸੀ, ਤਾਂ ਹੋ ਸਕਦਾ ਹੈ ਕਿ ਉਹ ਸਾਡੀ ਵਾਹ-ਵਾਹ ਕਰਨ ਲੱਗ ਪੈਣ ਅਤੇ ਸੋਚਣ ਕਿ ਸਾਨੂੰ ਹੋਰ ਵੀ ਰਾਜ਼ ਦੀਆਂ ਗੱਲਾਂ ਪਤਾ ਹੋਣੀਆਂ। ਇੱਦਾਂ ਕਰਨ ਨਾਲ ਸ਼ਾਇਦ ਅਸੀਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਛਾ ਜਾਈਏ, ਪਰ ਅਸੀਂ ਕਦੇ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਨਹੀਂ ਛਾ ਸਕਾਂਗੇ। (ਕਹਾ. 11:13) ਕਿਉਂ? ਕਿਉਂਕਿ ਅਸੀਂ ਸਿਰਫ਼ ਰਾਜ਼ ਦੀਆਂ ਗੱਲਾਂ ਹੀ ਜ਼ਾਹਰ ਨਹੀਂ ਕੀਤੀਆਂ, ਸਗੋਂ ਸੱਚ ਬੋਲਣ ਪਿੱਛੇ ਸਾਡਾ ਇਰਾਦਾ ਵੀ ਨੇਕ ਨਹੀਂ ਸੀ।

ਸਾਨੂੰ ਸੱਚਾਈ ਕਿਵੇਂ ਦੱਸਣੀ ਚਾਹੀਦੀ ਹੈ?

10. “ਸਲੀਕੇ ਨਾਲ ਗੱਲ” ਕਰਨ ਦਾ ਕੀ ਮਤਲਬ ਹੈ? (ਕੁਲੁੱਸੀਆਂ 4:6)

10 ਕੁਲੁੱਸੀਆਂ 4:6 ਪੜ੍ਹੋ। ਪੌਲੁਸ ਰਸੂਲ ਨੇ ਕੁਲੁੱਸੈ ਵਿਚ ਰਹਿੰਦੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ “ਹਮੇਸ਼ਾ ਸਲੀਕੇ ਨਾਲ ਗੱਲ” ਕਰਨੀ ਚਾਹੀਦੀ ਹੈ। ਇਸ ਦਾ ਕੀ ਮਤਲਬ ਹੈ? ਯੂਨਾਨੀ ਭਾਸ਼ਾ ਵਿਚ ਇਸ ਦਾ ਮਤਲਬ ਹੈ ਕਿ ਇੱਦਾਂ ਗੱਲ ਕਰਨੀ ਜਿਸ ਨਾਲ ਨਾ ਸਿਰਫ਼ ਦੂਜਿਆਂ ਨੂੰ ਫ਼ਾਇਦਾ ਹੋਵੇ, ਸਗੋਂ ਇਸ ਤੋਂ ਪਿਆਰ ਝਲਕੇ ਅਤੇ ਇਹ ਉਨ੍ਹਾਂ ਦੇ ਦਿਲਾਂ ਨੂੰ ਛੂਹ ਜਾਵੇ।

11-12. ਸਾਨੂੰ ਸੱਚਾਈ ਸਿਖਾਉਂਦੇ ਵੇਲੇ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? ਮਿਸਾਲ ਦਿਓ। (ਤਸਵੀਰਾਂ ਵੀ ਦੇਖੋ।)

11 ਸਾਨੂੰ ਵੀ ਪੌਲੁਸ ਦੀ ਇਹ ਸਲਾਹ ਲਾਗੂ ਕਰਨ ਦੀ ਲੋੜ ਹੈ ਕਿ ਅਸੀਂ ਦੂਜਿਆਂ ਨੂੰ ਸੱਚਾਈ ਸਿਖਾਉਂਦੇ ਵੇਲੇ ਸਲੀਕੇ ਨਾਲ ਗੱਲ ਕਰੀਏ। ਬਾਈਬਲ ਵਿਚ ਸੱਚਾਈ ਨੂੰ ਦੋ ਧਾਰੀ ਤਲਵਾਰ ਕਿਹਾ ਗਿਆ ਹੈ ਜੋ ਜ਼ਾਹਰ ਕਰਦੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਹਾਂ ਅਤੇ ਬਾਹਰੋਂ ਕਿਹੋ ਜਿਹੇ ਹਾਂ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਇਸ ਨਾਲ ਸਾਡੀਆਂ ਭਾਵਨਾਵਾਂ ਤੇ ਇਰਾਦੇ ਜ਼ਾਹਰ ਹੁੰਦੇ ਹਨ। (ਇਬ. 4:12) ਪਰ ਜੇ ਅਸੀਂ ਬਾਈਬਲ ਨੂੰ ਸਹੀ ਢੰਗ ਨਾਲ ਨਹੀਂ ਵਰਤਦੇ, ਤਾਂ ਅਸੀਂ ਕਿਸੇ ਨੂੰ ਗੁੱਸਾ ਚੜ੍ਹਾ ਸਕਦੇ ਹਾਂ ਅਤੇ ਬਿਨਾਂ ਵਜ੍ਹਾ ਬਹਿਸ ਵਿਚ ਫਸ ਸਕਦੇ ਹਾਂ। ਇਹ ਕਿਵੇਂ ਹੋ ਸਕਦਾ ਹੈ?

12 ਮੰਨ ਲਓ ਤੁਸੀਂ ਪ੍ਰਚਾਰ ਦੌਰਾਨ ਅਜਿਹੇ ਵਿਅਕਤੀ ਨੂੰ ਮਿਲਦੇ ਹੋ ਜੋ ਰੱਬ ਨੂੰ ਬਹੁਤ ਮੰਨਦਾ ਹੈ, ਮੂਰਤੀਆਂ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਪਰਿਵਾਰ ਨਾਲ ਮਿਲ ਕੇ ਕ੍ਰਿਸਮਸ ਤੇ ਈਸਟਰ ਮਨਾਉਂਦਾ ਹੈ। ਤੁਸੀਂ ਬਾਈਬਲ ਦੀ ਵਰਤੋਂ ਕਰ ਕੇ ਉਸ ਨੂੰ ਦਿਖਾ ਸਕਦੇ ਹੋ ਕਿ ਬੇਜਾਨ ਮੂਰਤੀਆਂ ਅੱਗੇ ਪ੍ਰਾਰਥਨਾ ਕਰਨੀ ਕਿੰਨੀ ਮੂਰਖਤਾ ਵਾਲੀ ਗੱਲ ਹੈ। ਨਾਲੇ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਕ੍ਰਿਸਮਸ ਤੇ ਈਸਟਰ ਝੂਠੇ ਧਰਮਾਂ ਨਾਲ ਜੁੜੇ ਤਿਉਹਾਰ ਹਨ। (ਯਸਾ. 44:14-20; 2 ਕੁਰਿੰ. 6:14-17) ਪਰ ਜੇ ਤੁਸੀਂ ਪਹਿਲੀ ਮੁਲਾਕਾਤ ਵਿਚ ਹੀ ਉਸ ਨੂੰ ਇਹ ਸਭ ਕੁਝ ਦੱਸ ਦਿੰਦੇ ਹੋ, ਤਾਂ ਤੁਸੀਂ ਸੱਚਾਈ ਤਾਂ ਦੱਸ ਰਹੇ ਹੋਵੋਗੇ, ਪਰ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਸਮਝਦਾਰੀ ਨਾਲ ਨਹੀਂ ਵਰਤ ਰਹੇ ਹੋਵੋਗੇ।

ਦੋਵੇਂ ਤਸਵੀਰਾਂ ਵਿਚ ਇਕ ਜੋੜਾ ਇਕ ਵਿਅਕਤੀ ਨੂੰ ਅਲੱਗ-ਅਲੱਗ ਤਰੀਕੇ ਨਾਲ ਗਵਾਹੀ ਦੇ ਰਿਹਾ ਹੈ ਜਦਕਿ ਉਸ ਦਾ ਪਰਿਵਾਰ ਘਰ ਦੇ ਅੰਦਰ ਕ੍ਰਿਸਮਸ ਦਾ ਦਰਖ਼ਤ ਸਜਾ ਰਿਹਾ ਹੈ। 1. ਜੋੜਾ ਉਸ ਆਦਮੀ ਨੂੰ jw.org ਤੋਂ “ਬਾਈਬਲ ਕ੍ਰਿਸਮਸ ਮਨਾਉਣ ਬਾਰੇ ਕੀ ਕਹਿੰਦੀ ਹੈ?” ਨਾਂ ਦਾ ਲੇਖ ਦਿਖਾ ਰਿਹਾ ਹੈ। 2. ਜੋੜਾ ਉਸ ਆਦਮੀ ਨੂੰ jw.org ਤੋਂ “ਕਿਵੇਂ ਬਣਾ ਇਕ ਚੰਗਾ ਪਿਤਾ?” ਨਾਂ ਦਾ ਲੇਖ ਦਿਖਾ ਰਿਹਾ ਹੈ। ਆਦਮੀ ਉਨ੍ਹਾਂ ਦੀ ਗੱਲ ਸੁਣ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ।

ਤੁਸੀਂ ਕਿਵੇਂ ਵਧੀਆ ਢੰਗ ਨਾਲ ਸੱਚਾਈ ਸਿਖਾ ਸਕਦੇ ਹੋ? (ਪੈਰੇ 11-12 ਦੇਖੋ)a


13. ਅਸੀਂ ਸਲੀਕੇ ਨਾਲ ਗੱਲ ਕਿਵੇਂ ਕਰ ਸਕਦੇ ਹਾਂ?

13 ਪੌਲੁਸ ਨੇ ਆਪਣੀ ਚਿੱਠੀ ਪੜ੍ਹਨ ਵਾਲਿਆਂ ਨੂੰ ਕਿਹਾ ਸੀ ਕਿ ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਸਾਡੀਆਂ ਗੱਲਾਂ ਦੂਜਿਆਂ ਨੂੰ ਚੰਗੀਆਂ ਲੱਗਣੀਆਂ ਚਾਹੀਦੀਆਂ ਹਨ। ਪਰ ਪੌਲੁਸ ਦਾ ਇਹ ਮਤਲਬ ਨਹੀਂ ਸੀ ਕਿ ਸਾਨੂੰ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਚਾਹੀਦਾ ਹੈ ਜਾਂ ਸਾਨੂੰ ਸੱਚ ਨੂੰ ਲੁਕਾਉਣਾ ਚਾਹੀਦਾ ਹੈ। ਇਸ ਦੀ ਬਜਾਇ, ਉਸ ਨੇ ਹੱਲਾਸ਼ੇਰੀ ਦਿੱਤੀ ਕਿ ਸਾਨੂੰ “ਸਲੀਕੇ” ਨਾਲ ਗੱਲ ਕਰਨੀ ਚਾਹੀਦੀ ਹੈ ਤਾਂਕਿ ਦੂਜਿਆਂ ਨੂੰ ਸੱਚਾਈ ਚੰਗੀ ਲੱਗੇ। (ਅੱਯੂ. 12:11) ਪਰ ਇੱਦਾਂ ਕਰਨਾ ਔਖਾ ਹੋ ਸਕਦਾ ਹੈ। ਉਦਾਹਰਣ ਲਈ, ਜੇ ਸਾਨੂੰ ਕੋਈ ਖਾਣਾ ਸੁਆਦ ਲੱਗਦਾ ਹੈ, ਤਾਂ ਅਸੀਂ ਸ਼ਾਇਦ ਸੋਚੀਏ ਕਿ ਦੂਜਿਆਂ ਨੂੰ ਵੀ ਉਹੀ ਸੁਆਦ ਲੱਗੇਗਾ। ਬਿਲਕੁਲ ਇਸੇ ਤਰ੍ਹਾਂ ਸ਼ਾਇਦ ਅਸੀਂ ਆਪਣੇ ਗੱਲ ਕਰਨ ਦੇ ਤਰੀਕੇ ਬਾਰੇ ਸੋਚੀਏ। ਸਾਨੂੰ ਲੱਗੇ ਕਿ ਸਾਰਿਆਂ ਨੂੰ ਸਾਡੇ ਗੱਲ ਕਰਨ ਦਾ ਤਰੀਕਾ ਪਸੰਦ ਹੈ। ਪਰ ਇੱਦਾਂ ਨਹੀਂ ਹੁੰਦਾ। ਮਿਸਾਲ ਲਈ, ਇਕ ਸਭਿਆਚਾਰ ਦੇ ਲੋਕ ਸ਼ਾਇਦ ਆਪਣੀ ਰਾਇ ਦੂਜਿਆਂ ਨੂੰ ਸਿੱਧੇ-ਸਿੱਧੇ ਦੱਸ ਦੇਣ, ਇੱਥੋਂ ਤਕ ਕਿ ਆਪਣੇ ਤੋਂ ਵੱਡੀ ਉਮਰ ਵਾਲਿਆਂ ਨੂੰ ਵੀ। ਪਰ ਸ਼ਾਇਦ ਦੂਜੇ ਸਭਿਆਚਾਰ ਦੇ ਲੋਕਾਂ ਨੂੰ ਇੱਦਾਂ ਗੱਲ ਕਰਨਾ ਬੁਰਾ ਤੇ ਅਪਮਾਨਜਨਕ ਲੱਗੇ। ਪੌਲੁਸ ਨੇ ਕਿਹਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ “ਅਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।” ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਸੋਚ ਜਾਂ ਸਭਿਆਚਾਰ ਮੁਤਾਬਕ ਨਹੀਂ, ਸਗੋਂ ਦੂਜਿਆਂ ਦੀ ਸੋਚ ਤੇ ਸਭਿਆਚਾਰ ਮੁਤਾਬਕ ਗੱਲ ਕਰਨੀ ਚਾਹੀਦੀ ਹੈ।

ਸਾਨੂੰ ਸੱਚਾਈ ਕਦੋਂ ਦੱਸਣੀ ਚਾਹੀਦਾ ਹੈ?

14. ਕੀ ਯਿਸੂ ਨੇ ਧਰਤੀ ਉੱਤੇ ਹੁੰਦਿਆਂ ਆਪਣੇ ਚੇਲਿਆਂ ਨੂੰ ਉਹ ਸਾਰੀਆਂ ਗੱਲਾਂ ਸਿਖਾਈਆਂ ਜੋ ਉਸ ਨੂੰ ਪਤਾ ਸਨ? ਸਮਝਾਓ।

14 ਯਿਸੂ ਨੇ ਆਪਣੇ ਚੇਲਿਆਂ ਨਾਲ ਹਮੇਸ਼ਾ ਸਲੀਕੇ ਨਾਲ ਗੱਲ ਕੀਤੀ ਅਤੇ ਉਸ ਨੇ ਪਿਆਰ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ। (ਮਰ. 6:34) ਪਰ ਹਾਲੇ ਵੀ ਉਨ੍ਹਾਂ ਦੇ ਸਿੱਖਣ ਲਈ ਬਹੁਤ ਕੁਝ ਸੀ। ਯਿਸੂ ਨੇ ਉਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕੁਝ ਉਸ ਨੂੰ ਪਤਾ ਸੀ। ਉਹ ਉਨ੍ਹਾਂ ਦੀਆਂ ਹੱਦਾਂ ਨੂੰ ਪਛਾਣਦਾ ਸੀ। ਓਹ ਸਮਝਦਾ ਸੀ ਕਿ ਉਨ੍ਹਾਂ ਨੂੰ ਕੁਝ ਸੱਚਾਈਆਂ ਸਿਖਾਉਣ ਦਾ ਇਹ ਹਾਲੇ ਸਹੀ ਸਮਾਂ ਨਹੀਂ ਸੀ। ਉਸ ਨੇ ਕਿਹਾ ਕਿ ਇਸ ਵੇਲੇ ਓਹ ਕੁਝ ਸੱਚਾਈਆਂ ਨੂੰ ਸਮਝ ਨਹੀਂ ਸਕਦੇ। (ਯੂਹੰ. 16:12) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

15. ਕੀ ਸਾਨੂੰ ਆਪਣੇ ਬਾਈਬਲ ਵਿਦਿਆਰਥੀ ਨੂੰ ਸਾਰੀਆਂ ਗੱਲਾਂ ਇੱਕੋ ਵਾਰ ਵਿਚ ਹੀ ਦੱਸ ਦੇਣੀਆਂ ਚਾਹੀਦੀਆਂ ਹਨ? ਸਮਝਾਓ। (ਕਹਾਉਤਾਂ 25:11) (ਤਸਵੀਰ ਵੀ ਦੇਖੋ।)

15 ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਕਿਸੇ ਨੂੰ ਇੱਕੋ ਵਾਰ ਵਿਚ ਹੀ ਸੱਚਾਈ ਬਾਰੇ ਉਹ ਸਾਰੀ ਜਾਣਕਾਰੀ ਨਹੀਂ ਦੇ ਦੇਣੀ ਚਾਹੀਦੀ ਜੋ ਸਾਨੂੰ ਪਤਾ ਹੈ। ਅਸੀਂ ਯਿਸੂ ਦੀ ਮਿਸਾਲ ਉੱਤੇ ਕਿੱਦਾਂ ਚੱਲ ਸਕਦੇ ਹਾਂ? ਸਾਨੂੰ ਲੋਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਜ਼ਰਾ ਉਸ ਆਦਮੀ ਬਾਰੇ ਦੁਬਾਰਾ ਸੋਚੋ ਜਿਸ ਨੂੰ ਆਪਣੇ ਪਰਿਵਾਰ ਨਾਲ ਕ੍ਰਿਸਮਸ ਜਾਂ ਈਸਟਰ ਮਨਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਸਾਰੇ ਦਿਨ-ਤਿਉਹਾਰ ਝੂਠੇ ਧਰਮਾਂ ਤੋਂ ਆਏ ਹਨ ਅਤੇ ਯਹੋਵਾਹ ਇਨ੍ਹਾਂ ਤੋਂ ਖ਼ੁਸ਼ ਨਹੀਂ ਹੁੰਦਾ। ਪਰ ਹੁਣ ਕਲਪਨਾ ਕਰੋ ਕਿ ਤੁਸੀਂ ਕ੍ਰਿਸਮਸ ਤੋਂ ਇਕ ਜਾਂ ਦੋ ਹਫ਼ਤੇ ਪਹਿਲਾਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰਦੇ ਹੋ। ਕੀ ਤੁਸੀਂ ਸਲੀਕੇ ਨਾਲ ਗੱਲ ਕਰ ਰਹੇ ਹੋਵੋਗੇ ਜੇ ਤੁਸੀਂ ਉਸ ਨੂੰ ਬਾਈਬਲ ਵਿੱਚੋਂ ਦਿਖਾਉਂਦੇ ਹੋ ਕਿ ਇੱਦਾਂ ਦੇ ਦਿਨ-ਤਿਉਹਾਰ ਝੂਠੇ ਧਰਮਾਂ ਤੋਂ ਆਏ ਹਨ ਤੇ ਉਮੀਦ ਰੱਖਦੇ ਹੋ ਕਿ ਓਹ ਹੁਣ ਤੋਂ ਕ੍ਰਿਸਮਸ ਮਨਾਉਣਾ ਛੱਡ ਦੇਵੇ? ਇਹ ਗੱਲ ਸੱਚ ਹੈ ਕਿ ਕੁਝ ਬਾਈਬਲ ਵਿਦਿਆਰਥੀ ਸਿੱਖੀਆਂ ਗੱਲਾਂ ਨੂੰ ਝੱਟ ਲਾਗੂ ਕਰਦੇ ਹਨ। ਪਰ ਕੁਝ ਜਣਿਆਂ ਨੂੰ ਆਪਣੇ ਸੋਚ ਅਤੇ ਕੰਮਾਂ ਵਿਚ ਬਦਲਾਅ ਕਰਨ ਵਿਚ ਸਮਾਂ ਲੱਗਦਾ ਹੈ। ਅਸੀਂ ਆਪਣੇ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਮਦਦ ਕਰ ਰਹੇ ਹੋਵਾਂਗੇ ਜੇ ਧਿਆਨ ਰੱਖਾਂਗੇ ਕਿ ਅਸੀਂ ਕਦੋਂ ਕਿਹੜੀ ਗੱਲ ਕਹਿਣੀ ਹੈ ਤੇ ਕਦੋਂ ਉਹ ਸਾਡੀ ਗੱਲ ਸਮਝ ਸਕੇਗਾ।​—ਕਹਾਉਤਾਂ 25:11 ਪੜ੍ਹੋ।

ਪਹਿਲੀ ਤਸਵੀਰ ਵਿਚ ਦਿਖਾਇਆ ਜੋੜਾ ਉਸ ਆਦਮੀ ਦੇ ਘਰ ਵਿਚ ਉਸ ਨਾਲ “ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!” ਬਰੋਸ਼ਰ ਵਿੱਚੋਂ ਸਟੱਡੀ ਕਰ ਰਿਹਾ ਹੈ। ਕੋਲ ਹੀ ਕ੍ਰਿਸਮਸ ਟ੍ਰੀ ਪਿਆ ਹੋਇਆ ਹੈ।

ਯਿਸੂ ਵਾਂਗ ਤੈਅ ਕਰੋ ਕਿ ਦੂਜਿਆਂ ਨਾਲ ਬਾਈਬਲ ਦੀਆਂ ਸੱਚਾਈਆਂ ਬਾਰੇ ਕਦੋਂ ਗੱਲ ਕਰੋਗੇ ਅਤੇ ਇਨ੍ਹਾਂ ਬਾਰੇ ਕਿੰਨਾ ਕੁ ਦੱਸੋਗੇ (ਪੈਰਾ 15 ਦੇਖੋ)


16. ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ “ਸੱਚਾਈ ਦੇ ਰਾਹ ਉੱਤੇ” ਚੱਲਦੇ ਰਹਿਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ?

16 ਜਿੰਨੀ ਖ਼ੁਸ਼ੀ ਸਾਨੂੰ ਲੋਕਾਂ ਨੂੰ ਸੱਚਾਈ ਸਿਖਾ ਕੇ ਮਿਲਦੀ ਹੈ, ਉੱਨੀ ਖ਼ੁਸ਼ੀ ਸ਼ਾਇਦ ਹੀ ਸਾਨੂੰ ਕਿਸੇ ਹੋਰ ਚੀਜ਼ ਤੋਂ ਮਿਲਦੀ ਹੋਵੇ। ਅਸੀਂ ਉਨ੍ਹਾਂ ਦੀ “ਸੱਚਾਈ ਦੇ ਰਾਹ” ਉੱਤੇ ਚੱਲਦੇ ਰਹਿਣ ਵਿਚ ਮਦਦ ਕਰ ਸਕਦੇ ਹਾਂ ਜੇ ਅਸੀਂ ਅੱਗੇ ਦਿੱਤੇ ਕੰਮ ਕਰਦੇ ਹਾਂ। ਉਨ੍ਹਾਂ ਅੱਗੇ ਆਪਣੀ ਚੰਗੀ ਮਿਸਾਲ ਰੱਖੋ। (3 ਯੂਹੰ. 3, 4) ਧਿਆਨ ਰੱਖੋ ਕਿ ਤੁਹਾਡੇ ਜੀਉਣ ਦੇ ਤਰੀਕੇ ਤੋਂ ਸਾਬਤ ਹੋਵੇ ਕਿ ਤੁਹਾਨੂੰ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਵਾਅਦਿਆਂ ਉੱਤੇ ਪੂਰਾ ਭਰੋਸਾ ਹੈ। ਸੱਚਾਈ ਬਾਰੇ ਨੇਕ ਇਰਾਦੇ ਨਾਲ ਗੱਲ ਕਰੋ। ਪਿਆਰ ਤੇ ਸਲੀਕੇ ਨਾਲ ਅਤੇ ਸਹੀ ਸਮੇਂ ਉੱਤੇ ਸੱਚਾਈ ਸਿਖਾਓ। ਇੱਦਾਂ ਗੱਲ ਕਰੋ ਕਿ ਯਹੋਵਾਹ ਦੀ ਹੀ ਮਹਿਮਾ ਹੋਵੇ। ਇਹ ਸਭ ਕਰ ਕੇ ਤੁਸੀਂ ਸਾਬਤ ਕਰਦੇ ਹੋ ਕਿ ਤੁਸੀਂ ਸੱਚਾਈ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦੇ ਹੋ।

ਤੁਸੀਂ ਅੱਗੇ ਦਿੱਤੀਆਂ ਆਇਤਾਂ ਤੋਂ ਕੀ ਸਿੱਖਿਆ?

  • ਰਸੂਲਾਂ ਦੇ ਕੰਮ 17:27

  • ਕੁਲੁੱਸੀਆਂ 4:6

  • ਕਹਾਉਤਾਂ 25:11

ਗੀਤ 160 “ਖ਼ੁਸ਼ ਖ਼ਬਰੀ”!

a ਤਸਵੀਰ ਬਾਰੇ ਜਾਣਕਾਰੀ: ਪਹਿਲੀ ਤਸਵੀਰ ਵਿਚ ਇਕ ਭਰਾ ਘਰ ਮਾਲਕ ਦੇ ਘਰ ਕ੍ਰਿਸਮਸ ਦਾ ਦਰਖ਼ਤ ਦੇਖਦਾ ਹੈ ਅਤੇ ਉਸ ਘਰ ਦੇ ਮਾਲਕ ਨੂੰ ਇਕ ਲੇਖ ਦਿਖਾਉਂਦਾ ਕਿ ਜਿਸ ਵਿਚ ਦੱਸਿਆ ਹੈ ਕਿ ਕ੍ਰਿਸਮਸ ਦਾ ਸੰਬੰਧ ਝੂਠੇ ਧਰਮਾਂ ਨਾਲ ਹੈ। ਦੂਜੀ ਤਸਵੀਰ ਵਿਚ ਉਹੀ ਭਰਾ ਘਰ-ਮਾਲਕ ਨੂੰ ਇਕ ਲੇਖ ਦਿਖਾਉਂਦਾ ਹੈ ਜਿਸ ਵਿਚ ਇਕ ਚੰਗੇ ਪਿਤਾ ਲਈ ਕੁਝ ਸਲਾਹਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਿਹੜਾ ਤਰੀਕਾ ਅਸਰਦਾਰ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ