ਵੀਰਵਾਰ 30 ਅਕਤੂਬਰ
ਜੋ ਵੀ ਹੈ, ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।—ਫ਼ਿਲਿ. 3:16.
ਜੇ ਕੋਈ ਟੀਚਾ ਹਾਸਲ ਕਰਨਾ ਤੁਹਾਡੇ ਵੱਸੋਂ ਬਾਹਰ ਹੈ, ਤਾਂ ਯਹੋਵਾਹ ਇਹ ਨਹੀਂ ਸੋਚਦਾ ਕਿ ਤੁਸੀਂ ਅਸਫ਼ਲ ਹੋ ਗਏ ਹੋ। (2 ਕੁਰਿੰ. 8:12) ਯਾਦ ਰੱਖੋ ਕਿ ਤੁਸੀਂ ਕੀ ਕੁਝ ਕੀਤਾ ਹੈ। ਰੁਕਾਵਟਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।” (ਇਬ. 6:10) ਇਸ ਲਈ ਤੁਹਾਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ। ਸੋਚੋ ਕਿ ਤੁਸੀਂ ਕੀ ਕੁਝ ਕੀਤਾ ਹੈ। ਤੁਸੀਂ ਯਹੋਵਾਹ ਨਾਲ ਦੋਸਤੀ ਕੀਤੀ ਹੈ, ਬਪਤਿਸਮਾ ਲਿਆ ਹੈ ਜਾਂ ਦੂਜਿਆਂ ਨੂੰ ਉਸ ਬਾਰੇ ਦੱਸਦੇ ਹੋ। ਜਿੱਦਾਂ ਤੁਸੀਂ ਹੁਣ ਤਕ ਤਰੱਕੀ ਕੀਤੀ ਅਤੇ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕੀਤੇ ਹਨ, ਉੱਦਾਂ ਹੀ ਤੁਸੀਂ ਅੱਗੇ ਵੀ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਰਹਿ ਸਕਦੇ ਹੋ। ਤੁਸੀਂ ਯਹੋਵਾਹ ਦੀ ਮਦਦ ਨਾਲ ਆਪਣੇ ਟੀਚੇ ਹਾਸਲ ਕਰ ਸਕਦੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹੋ, ਤਾਂ ਪੂਰੇ ਸਫ਼ਰ ਦੌਰਾਨ ਇਹ ਜ਼ਰੂਰ ਧਿਆਨ ਦਿਓ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ। ਨਾਲੇ ਤੁਹਾਨੂੰ ਕਿਵੇਂ ਬਰਕਤਾਂ ਦਿੰਦਾ ਹੈ। (2 ਕੁਰਿੰ. 4:7) ਜੇ ਤੁਸੀਂ ਹਾਰ ਨਾ ਮੰਨੋ, ਤਾਂ ਯਹੋਵਾਹ ਤੁਹਾਨੂੰ ਹੋਰ ਵੀ ਬਰਕਤਾਂ ਦੇਵੇਗਾ।—ਗਲਾ. 6:9. w23.05 31 ਪੈਰੇ 16-18
ਸ਼ੁੱਕਰਵਾਰ 31 ਅਕਤੂਬਰ
ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੇਰੇ ਨਾਲ ਪਿਆਰ ਕੀਤਾ ਹੈ ਅਤੇ ਵਿਸ਼ਵਾਸ ਕੀਤਾ ਹੈ ਕਿ ਪਿਤਾ ਨੇ ਮੈਨੂੰ ਘੱਲਿਆ ਹੈ।—ਯੂਹੰ. 16:27.
ਯਹੋਵਾਹ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਨੂੰ ਦੱਸਦਾ ਹੈ ਕਿ ਉਹ ਉਨ੍ਹਾਂ ਤੋਂ ਖ਼ੁਸ਼ ਹੈ। ਜਿੱਦਾਂ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਦੋ ਵਾਰ ਯਿਸੂ ਨੂੰ ਕਿਹਾ ਕਿ ਉਹ ਉਸ ਦਾ ਪਿਆਰਾ ਪੁੱਤਰ ਹੈ ਅਤੇ ਉਸ ਤੋਂ ਖ਼ੁਸ਼ ਹੈ। (ਮੱਤੀ 3:17; 17:5) ਕੀ ਤੁਸੀਂ ਵੀ ਯਹੋਵਾਹ ਤੋਂ ਇਹੀ ਸੁਣਨਾ ਚਾਹੁੰਦੇ ਹੋ ਕਿ ਉਹ ਤੁਹਾਡੇ ਤੋਂ ਖ਼ੁਸ਼ ਹੈ? ਯਹੋਵਾਹ ਸਵਰਗੋਂ ਤਾਂ ਸਾਡੇ ਨਾਲ ਗੱਲ ਨਹੀਂ ਕਰਦਾ, ਪਰ ਆਪਣੇ ਬਚਨ ਬਾਈਬਲ ਰਾਹੀਂ ਉਹ ਸਾਡੇ ਨਾਲ ਗੱਲ ਕਰਦਾ ਹੈ। ਮਿਸਾਲ ਲਈ, ਜਦੋਂ ਅਸੀਂ ਇੰਜੀਲਾਂ ਵਿੱਚੋਂ ਯਿਸੂ ਦੀਆਂ ਗੱਲਾਂ ਪੜ੍ਹਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀਆਂ ਗੱਲਾਂ ਸੁਣ ਰਹੇ ਹਾਂ। ਕਿਉਂ? ਕਿਉਂਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਆਪਣੇ ਚੇਲਿਆਂ ਨਾਲ ਕਿੱਦਾਂ ਗੱਲ ਕਰਦਾ ਸੀ, ਕਿੱਦਾਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦਾ ਸੀ, ਤਾਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਹੋਵਾਹ ਖ਼ੁਦ ਸਾਨੂੰ ਉਹ ਗੱਲਾਂ ਕਹਿ ਰਿਹਾ ਹੈ। (ਯੂਹੰ. 15:9, 15) ਜੇ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਨਹੀਂ ਹੈ। ਇਸ ਦੀ ਬਜਾਇ, ਉਸ ਸਮੇਂ ਸਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਸ ʼਤੇ ਕਿੰਨਾ ਭਰੋਸਾ ਕਰਦੇ ਹਾਂ!—ਯਾਕੂ. 1:12. w24.03 28 ਪੈਰੇ 10-11
ਸ਼ਨੀਵਾਰ 1 ਨਵੰਬਰ
ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ।—ਮੱਤੀ 21:16.
ਜੇ ਤੁਹਾਡੇ ਛੋਟੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਜਵਾਬ ਤਿਆਰ ਕਰਾ ਸਕਦੇ ਹੋ। ਕਈ ਵਾਰ ਗੰਭੀਰ ਵਿਸ਼ਿਆਂ ʼਤੇ ਚਰਚਾ ਕੀਤੀ ਜਾਂਦੀ ਹੈ, ਜਿਵੇਂ ਕਿ ਵਿਆਹੁਤਾ ਜ਼ਿੰਦਗੀ ਦੀਆਂ ਮੁਸ਼ਕਲਾਂ ਜਾਂ ਨੈਤਿਕ ਮਾਮਲਿਆਂ ਬਾਰੇ। ਪਰ ਉਦੋਂ ਵੀ ਸ਼ਾਇਦ ਇਕ-ਦੋ ਪੈਰੇ ਇੱਦਾਂ ਦੇ ਹੋਣ ਜਿਨ੍ਹਾਂ ਵਿਚ ਬੱਚੇ ਜਵਾਬ ਦੇ ਸਕਦੇ ਹਨ। ਇਸ ਤੋਂ ਇਲਾਵਾ, ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਹੱਥ ਖੜ੍ਹਾ ਕਰਨ ʼਤੇ ਉਨ੍ਹਾਂ ਤੋਂ ਹੀ ਪੁੱਛਿਆ ਜਾਵੇ। ਜੇ ਤੁਸੀਂ ਪਹਿਲਾਂ ਹੀ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕੀਤੀ ਹੋਵੇਗੀ, ਤਾਂ ਜਦੋਂ ਉਨ੍ਹਾਂ ਦੀ ਬਜਾਇ ਕਿਸੇ ਹੋਰ ਤੋਂ ਜਵਾਬ ਪੁੱਛਿਆ ਜਾਵੇਗਾ, ਤਾਂ ਉਹ ਨਿਰਾਸ਼ ਨਹੀਂ ਹੋਣਗੇ। (1 ਤਿਮੋ. 6:18) ਅਸੀਂ ਸਾਰੇ ਇੱਦਾਂ ਦੇ ਜਵਾਬ ਤਿਆਰ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੋਵੇ ਅਤੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲੇ। (ਕਹਾ. 25:11) ਕਦੇ-ਕਦੇ ਜਵਾਬ ਦਿੰਦੇ ਵੇਲੇ ਅਸੀਂ ਆਪਣਾ ਛੋਟਾ ਜਿਹਾ ਤਜਰਬਾ ਵੀ ਦੱਸ ਸਕਦੇ ਹਾਂ। ਪਰ ਸਾਨੂੰ ਆਪਣੇ ਬਾਰੇ ਜ਼ਿਆਦਾ ਗੱਲ ਨਹੀਂ ਕਰਨੀ ਚਾਹੀਦੀ। (ਕਹਾ. 27:2; 2 ਕੁਰਿੰ. 10:18) ਇਸ ਦੀ ਬਜਾਇ, ਸਾਨੂੰ ਇਸ ਤਰ੍ਹਾਂ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਭੈਣਾਂ-ਭਰਾਵਾਂ ਦਾ ਧਿਆਨ ਯਹੋਵਾਹ, ਉਸ ਦੇ ਬਚਨ ਅਤੇ ਉਸ ਦੇ ਲੋਕਾਂ ʼਤੇ ਜਾਵੇ।—ਪ੍ਰਕਾ. 4:11. w23.04 24-25 ਪੈਰੇ 17-18