ਮੈਮੋਰੀਅਲ ਲਈ ਪੂਰੀ ਤਰ੍ਹਾਂ ਤਿਆਰੀ ਕਰੋ
ਯਿਸੂ ਮਸੀਹ ਦੇ ਚੇਲਿਆਂ ਲਈ ਉਸ ਦੀ ਮੌਤ ਦੀ ਯਾਦ ਵਿਚ ਮਨਾਏ ਜਾਂਦੇ ਮੈਮੋਰੀਅਲ ਲਈ ਪੂਰੀ ਤਰ੍ਹਾਂ ਤਿਆਰੀ ਕਰਨੀ ਬਹੁਤ ਖ਼ੁਸ਼ੀ ਤੇ ਸਨਮਾਨ ਦੀ ਗੱਲ ਹੈ! (ਲੂਕਾ 22:19) ਇਸ ਮੌਕੇ ਤੇ ਸਾਨੂੰ ਕੀ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ?
◼ ਸਮਾਂ ਤੇ ਥਾਂ: ਸਾਰਿਆਂ ਨੂੰ ਠੀਕ-ਠੀਕ ਪਤਾ ਹੋਣਾ ਚਾਹੀਦਾ ਹੈ ਕਿ ਮੈਮੋਰੀਅਲ ਕਿੱਥੇ ਤੇ ਕਿੰਨੇ ਵਜੇ ਮਨਾਇਆ ਜਾਵੇਗਾ। ਜੇ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਿਚ ਮੈਮੋਰੀਅਲ ਮਨਾਉਣਗੀਆਂ, ਤਾਂ ਸਾਰਿਆਂ ਲਈ ਪ੍ਰੋਗ੍ਰਾਮ ਤੇ ਸਮੇਂ ਸਿਰ ਪਹੁੰਚਣਾ ਤੇ ਬਾਅਦ ਵਿਚ ਬਿਨਾਂ ਦੇਰ ਕਰਦਿਆਂ ਚਲੇ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਭਾਵਾਂ ਦਰਮਿਆਨ ਸਮਾਂ ਥੋੜ੍ਹਾ ਹੁੰਦਾ ਹੈ। ਇਸ ਤਰ੍ਹਾਂ ਚੰਗੇ ਤਾਲਮੇਲ ਨਾਲ ਮੁੱਖ ਦਰਵਾਜ਼ੇ, ਸੜਕ ਅਤੇ ਪਾਰਕਿੰਗ ਥਾਵਾਂ ਤੇ ਭੀੜ ਨਾ ਲੱਗੇਗੀ।
◼ ਸੱਦਾ-ਪੱਤਰ: ਕੀ ਸਾਰਿਆਂ ਪਬਲੀਸ਼ਰਾਂ ਕੋਲ ਬਥੇਰੇ ਸੱਦੇ-ਪੱਤਰ ਹਨ ਤੇ ਕੀ ਉਨ੍ਹਾਂ ਨੂੰ ਪਤਾ ਹੈ ਕਿ ਇਸ ਵਿਚ ਕੀ ਦੱਸਿਆ ਗਿਆ ਹੈ? ਕੀ ਤੁਸੀਂ ਇਸ ਨੂੰ ਪੇਸ਼ ਕਰਨ ਦੀ ਰੀਹਰਸਲ ਕੀਤੀ ਹੈ? ਤੁਸੀਂ ਇਹ ਸੱਦੇ-ਪੱਤਰ ਕਿਸ-ਕਿਸ ਨੂੰ ਦੇਵੋਗੇ? ਸਾਰੇ ਸੱਦੇ-ਪੱਤਰ ਵੰਡਣ ਦੀ ਪੂਰੀ ਕੋਸ਼ਿਸ਼ ਕਰੋ।
◼ ਆਉਣ-ਜਾਣ ਦਾ ਬੰਦੋਬਸਤ: ਦਿਲਚਸਪੀ ਰੱਖਣ ਵਾਲੇ ਕਈਆਂ ਲੋਕਾਂ ਅਤੇ ਭੈਣ-ਭਰਾਵਾਂ ਨੂੰ ਮੈਮੋਰੀਅਲ ਤੇ ਪਹੁੰਚਣ ਜਾਂ ਹੋਰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਲਈ ਕੀ ਇੰਤਜ਼ਾਮ ਕੀਤੇ ਗਏ ਹਨ?
◼ ਰੋਟੀ ਅਤੇ ਵਾਈਨ: ਧਿਆਨ ਰੱਖੋ ਕਿ ਰੋਟੀ ਅਤੇ ਵਾਈਨ ਨੂੰ ਸੂਰਜ ਡੁੱਬਣ ਤੋਂ ਬਾਅਦ ਹੀ ਵਰਤਾਇਆ ਜਾਵੇ। ਜਿਹੜੇ ਮਸਹ ਕੀਤੇ ਹੋਏ ਭੈਣ-ਭਰਾ ਬਹੁਤ ਹੀ ਬੁੱਢੇ ਜਾਂ ਬੀਮਾਰ ਹੋਣ ਕਰਕੇ ਹਾਜ਼ਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਰੋਟੀ ਤੇ ਵਾਈਨ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ। ਸਹੀ ਪ੍ਰਕਾਰ ਦੀ ਰੋਟੀ ਤੇ ਵਾਈਨ ਨੂੰ ਤਿਆਰ ਰੱਖਿਆ ਜਾਣਾ ਚਾਹੀਦਾ ਹੈ।—ਪਹਿਰਾਬੁਰਜ, 15 ਫਰਵਰੀ 2003, ਸਫ਼ੇ 14-15 ਪੈਰੇ 14, 17 ਦੇਖੋ।
◼ ਕਿੰਗਡਮ ਹਾਲ: ਕਿੰਗਡਮ ਹਾਲ ਦੀ ਪਹਿਲਾਂ ਹੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਪਲੇਟਾਂ, ਗਲਾਸ, ਮੇਜ਼ ਤੇ ਮੇਜ਼ਪੋਸ਼ ਪਹਿਲਾਂ ਹੀ ਹਾਲ ਵਿਚ ਲਿਆ ਕੇ ਸਹੀ ਥਾਂ ਤੇ ਰੱਖੇ ਜਾਣੇ ਚਾਹੀਦੇ ਹਨ। ਜੇ ਕਿੰਗਡਮ ਹਾਲ ਦੀ ਬਜਾਇ ਕਿਸੇ ਹੋਰ ਥਾਂ ਤੇ ਮੈਮੋਰੀਅਲ ਮਨਾਇਆ ਜਾਵੇਗਾ, ਤਾਂ ਧਿਆਨ ਰੱਖੋ ਕਿ ਉੱਥੇ ਦਾ ਸਾਉਂਡ ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੋਵੇ ਤਾਂਕਿ ਸਾਰਿਆਂ ਨੂੰ ਭਾਸ਼ਣ ਸਾਫ਼-ਸਾਫ਼ ਸੁਣਾਈ ਦੇਵੇ। ਅਟੈਂਡੰਟਾਂ ਅਤੇ ਰੋਟੀ ਤੇ ਵਾਈਨ ਵਰਤਾਉਣ ਵਾਲਿਆਂ ਨੂੰ ਸਮਝਾਓ ਕਿ ਉਨ੍ਹਾਂ ਨੂੰ ਕੀ-ਕੀ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਵੀ ਯਾਦ ਦਿਲਾਓ ਕਿ ਉਹ ਢੁਕਵੇਂ ਕੱਪੜੇ ਪਹਿਨਣ।
ਯਿਸੂ ਮਸੀਹ ਦੀ ਮੌਤ ਦੀ ਵਰ੍ਹੇਗੰਢ ਦੇ ਇਸ ਅਹਿਮ ਮੌਕੇ ਤੇ ਸਾਨੂੰ ਖ਼ੁਦ ਨਾਲੇ ਕਲੀਸਿਯਾ ਵਜੋਂ ਪੂਰੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ। ਬਿਨਾਂ ਸ਼ੱਕ ਯਹੋਵਾਹ ਦੀ ਭਰਪੂਰ ਬਰਕਤ ਉਨ੍ਹਾਂ ਸਾਰਿਆਂ ʼਤੇ ਹੋਵੇਗੀ ਜੋ ਉਸ ਦੇ ਪਿਆਰੇ ਪੁੱਤਰ ਯਿਸੂ ਮਸੀਹ ਦੇ ਬਲੀਦਾਨ ਦੇ ਜ਼ਰੀਏ ਮਨੁੱਖਜਾਤੀ ਨੂੰ ਦਿੱਤੀਆਂ ਸਾਰੀਆਂ ਚੀਜ਼ਾਂ ਦੀ ਦਿਲੋਂ ਕਦਰ ਕਰਦੇ ਹਨ।