ਅਧਿਐਨ ਲੇਖ 49
ਗੀਤ 44 ਦੁਖਿਆਰੇ ਦੀ ਦੁਆ
ਅੱਯੂਬ ਦੀ ਕਿਤਾਬ ਤੋਂ ਸਲਾਹ ਦੇਣੀ ਸਿੱਖੋ
“ਹੇ ਅੱਯੂਬ, ਹੁਣ ਕਿਰਪਾ ਕਰ ਕੇ ਮੇਰੀਆਂ ਗੱਲਾਂ ਸੁਣ।”—ਅੱਯੂ. 33:1.
ਕੀ ਸਿੱਖਾਂਗੇ?
ਅਸੀਂ ਅੱਯੂਬ ਦੀ ਕਿਤਾਬ ਤੋਂ ਸਿੱਖਾਂਗੇ ਕਿ ਦੂਜਿਆਂ ਨੂੰ ਸਲਾਹ ਦੇਣ ਵੇਲੇ ਅਸੀਂ ਕੀ ਕਹਾਂਗੇ ਅਤੇ ਕਿਵੇਂ ਕਹਾਂਗੇ।
1-2. ਅੱਯੂਬ ਦੇ ਤਿੰਨ ਦੋਸਤਾਂ ਅਤੇ ਅਲੀਹੂ ਸਾਮ੍ਹਣੇ ਕਿਹੜੇ ਹਾਲਾਤ ਸਨ?
ਅੱਯੂਬ ਆਪਣੀ ਅਮੀਰੀ ਕਰਕੇ ਦੂਰ-ਦੂਰ ਤਕ ਜਾਣਿਆ ਜਾਂਦਾ ਸੀ। ਇਸ ਲਈ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਉਹ ਆਪਣਾ ਸਭ ਕੁਝ ਗੁਆ ਬੈਠਾ ਸੀ। ਜਦੋਂ ਉਸ ਦੇ ਤਿੰਨ ਦੋਸਤ ਅਲੀਫਾਜ਼, ਬਿਲਦਦ ਅਤੇ ਸੋਫ਼ਰ ਨੂੰ ਪਤਾ ਲੱਗਾ ਕਿ ਉਸ ਨਾਲ ਕੀ ਹੋਇਆ, ਤਾਂ ਉਹ ਉਸ ਨੂੰ ਦਿਲਾਸਾ ਦੇਣ ਲਈ ਊਸ ਸ਼ਹਿਰ ਲਈ ਤੁਰ ਪਏ। ਪਰ ਜਦੋਂ ਉਹ ਉੱਥੇ ਪਹੁੰਚੇ, ਤਾਂ ਉਹ ਅੱਯੂਬ ਦੀ ਹਾਲਤ ਦੇਖ ਕੇ ਦੰਗ ਰਹਿ ਗਏ।
2 ਜ਼ਰਾ ਕਲਪਨਾ ਕਰੋ ਕਿ ਅੱਯੂਬ ਕਿੰਨਾ ਦੁਖੀ ਹੈ ਕਿਉਂਕਿ ਉਹ ਇਕ ਦਿਨ ਵਿਚ ਹੀ ਆਪਣਾ ਸਭ ਕੁਝ ਗੁਆ ਬੈਠਾ ਹੈ। ਉਸ ਕੋਲ ਊਠ, ਗਾਵਾਂ, ਬਲਦ ਅਤੇ ਗਧੇ ਸਨ, ਪਰ ਉਹ ਸਭ ਦੇ ਸਭ ਮਾਰੇ ਗਏ ਜਾਂ ਚੋਰੀ ਹੋ ਗਏ ਹਨ। ਉਸ ਦੇ ਜ਼ਿਆਦਾਤਰ ਨੌਕਰਾਂ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਜਿਸ ਘਰ ਵਿਚ ਉਸ ਦੇ ਬੱਚੇ ਇਕੱਠੇ ਹੋਏ ਹਨ, ਉਹ ਘਰ ਮਿੰਟਾਂ-ਸਕਿੰਟਾਂ ਵਿਚ ਮਲਬੇ ਦਾ ਢੇਰ ਬਣ ਗਿਆ ਹੈ ਅਤੇ ਉਸ ਹੇਠ ਆ ਕੇ ਅੱਯੂਬ ਦੇ ਸਾਰੇ ਬੱਚੇ ਮਾਰੇ ਗਏ ਹਨ। ਅੱਯੂਬ ਦੇ ਦੁੱਖਾਂ ਦਾ ਅੰਤ ਇੱਥੇ ਹੀ ਨਹੀਂ ਹੁੰਦਾ, ਅੱਯੂਬ ਨੂੰ ਇਕ ਭਿਆਨਕ ਬੀਮਾਰੀ ਲੱਗ ਗਈ ਹੈ। ਉਸ ਦਾ ਸਾਰਾ ਸਰੀਰ ਦਰਦਨਾਕ ਫੋੜਿਆਂ ਨਾਲ ਭਰ ਗਿਆ ਹੈ। ਦੂਰ ਬੈਠੇ ਉਸ ਦੇ ਦੋਸਤ ਦੇਖ ਸਕਦੇ ਹਨ ਕਿ ਅੱਯੂਬ ਸੁਆਹ ਵਿਚ ਬੈਠਾ ਹੋਇਆ ਹੈ ਅਤੇ ਕਿੰਨਾ ਦੁਖੀ ਹੈ। ਉਸ ਦੇ ਦੋਸਤ ਉਸ ਨਾਲ ਕਿੱਦਾਂ ਪੇਸ਼ ਆਉਂਦੇ ਹਨ? ਉਹ ਸੱਤ ਦਿਨਾਂ ਤਕ ਅੱਯੂਬ ਨਾਲ ਕੋਈ ਵੀ ਗੱਲ ਨਹੀਂ ਕਰਦੇ। (ਅੱਯੂ. 2:12, 13) ਕੁਝ ਸਮੇਂ ਬਾਅਦ ਅਲੀਹੂ ਨਾਂ ਦਾ ਨੌਜਵਾਨ ਉੱਥੇ ਪਹੁੰਚਦਾ ਹੈ ਅਤੇ ਉਨ੍ਹਾਂ ਕੋਲ ਬੈਠ ਜਾਂਦਾ ਹੈ। ਅਖ਼ੀਰ, ਅੱਯੂਬ ਚੁੱਪ ਤੋੜਦਾ ਹੈ ਅਤੇ ਆਪਣੇ ਜੰਮਣ ਦੇ ਦਿਨ ਨੂੰ ਕੋਸਦਾ ਹੈ ਤੇ ਮੌਤ ਮੰਗਦਾ ਹੈ। (ਅੱਯੂ. 3:1-3, 11) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਯੂਬ ਨੂੰ ਮਦਦ ਦੀ ਲੋੜ ਹੈ! ਉਸ ਦੇ ਤਿੰਨ ਦੋਸਤ ਜੋ ਕਹਿਣਗੇ ਅਤੇ ਜਿੱਦਾਂ ਕਹਿਣਗੇ, ਉਸ ਤੋਂ ਪਤਾ ਲੱਗੇਗਾ ਕਿ ਉਹ ਸੱਚ-ਮੁੱਚ ਉਸ ਦੇ ਦੋਸਤ ਹਨ ਤੇ ਉਸ ਦਾ ਭਲਾ ਚਾਹੁੰਦੇ ਹਨ।
3. ਅਸੀਂ ਕੀ ਦੇਖਾਂਗੇ?
3 ਅੱਯੂਬ ਦੇ ਤਿੰਨ ਦੋਸਤਾਂ ਅਤੇ ਅਲੀਹੂ ਨੇ ਜੋ ਕਿਹਾ ਤੇ ਕੀਤਾ, ਉਸ ਬਾਰੇ ਯਹੋਵਾਹ ਨੇ ਮੂਸਾ ਨੂੰ ਲਿਖਣ ਲਈ ਪ੍ਰੇਰਿਆ। ਅਲੀਫਾਜ਼ ਦੀਆਂ ਗੱਲਾਂ ਬੇਕਾਰ ਸਨ ਅਤੇ ਲੱਗਦਾ ਹੈ ਕਿ ਉਹ ਦੁਸ਼ਟ ਦੂਤ ਦੇ ਪ੍ਰਭਾਵ ਹੇਠ ਆ ਕੇ ਬੋਲ ਰਿਹਾ ਸੀ। ਜਦ ਕਿ ਅਲੀਹੂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਵੱਲੋਂ ਬੋਲ ਰਿਹਾ ਸੀ। (ਅੱਯੂ. 4:12-16; 33:24, 25) ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਕਿਉਂ ਅੱਯੂਬ ਦੀ ਕਿਤਾਬ ਵਿਚ ਸਭ ਤੋਂ ਵਧੀਆ ਸਲਾਹਾਂ ਅਤੇ ਸਭ ਤੋਂ ਮਾੜੀਆਂ ਸਲਾਹਾਂ ਦਰਜ ਹਨ। ਅਸੀਂ ਦੇਖਾਂਗੇ ਕਿ ਜਦੋਂ ਅਸੀਂ ਆਪਣੇ ਕਿਸੇ ਦੋਸਤ ਨੂੰ ਸਲਾਹ ਦੇਣੀ ਹੋਵੇ, ਤਾਂ ਅੱਯੂਬ ਦੀ ਕਿਤਾਬ ਤੋਂ ਸਾਡੀ ਕਿਵੇਂ ਮਦਦ ਹੋ ਸਕਦੀ ਹੈ। ਅਸੀਂ ਅੱਯੂਬ ਦੇ ਤਿੰਨ ਦੋਸਤਾਂ ਦੀ ਬੁਰੀ ਮਿਸਾਲ ਅਤੇ ਫਿਰ ਅਲੀਹੂ ਦੀ ਚੰਗੀ ਮਿਸਾਲ ਉੱਤੇ ਗੌਰ ਕਰਾਂਗੇ। ਹਰ ਮਿਸਾਲ ਤੋਂ ਅਸੀਂ ਸਿੱਖਾਂਗੇ ਕਿ ਅੱਯੂਬ ਦੀ ਕਿਤਾਬ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ ਅਤੇ ਅੱਜ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ।
ਅੱਯੂਬ ਦੇ ਤਿੰਨ ਦੋਸਤਾਂ ਨੇ ਉਸ ਨੂੰ ਕਿਵੇਂ ਸਲਾਹ ਦਿੱਤੀ?
4. ਅੱਯੂਬ ਦੇ ਤਿੰਨ ਦੋਸਤ ਉਸ ਨੂੰ ਦਿਲਾਸਾ ਕਿਉਂ ਨਹੀਂ ਦੇ ਸਕੇ? (ਤਸਵੀਰ ਵੀ ਦੇਖੋ।)
4 ਬਾਈਬਲ ਦੱਸਦੀ ਹੈ ਕਿ ਜਦੋਂ ਅੱਯੂਬ ਦੇ ਤਿੰਨ ਦੋਸਤਾਂ ਨੇ ਉਸ ਦੇ ਦੁੱਖਾਂ ਬਾਰੇ ਸੁਣਿਆ, ਤਾਂ ਉਹ ਉਸ ਨਾਲ ‘ਹਮਦਰਦੀ ਜਤਾਉਣ ਅਤੇ ਦਿਲਾਸਾ ਦੇਣ’ ਲਈ ਉਸ ਕੋਲ ਆਏ। (ਅੱਯੂ. 2:11) ਪਰ ਉਨ੍ਹਾਂ ਨੇ ਉਸ ਨੂੰ ਕੋਈ ਦਿਲਾਸਾ ਨਹੀਂ ਦਿੱਤਾ। ਕਿਉਂ? ਇਸ ਦੇ ਤਿੰਨ ਕਾਰਨ ਹਨ। ਪਹਿਲਾ, ਉਨ੍ਹਾਂ ਨੇ ਝੱਟ ਨਤੀਜਾ ਕੱਢ ਲਿਆ। ਉਦਾਹਰਣ ਲਈ, ਉਨ੍ਹਾਂ ਨੇ ਸੋਚ ਲਿਆ ਕਿ ਅੱਯੂਬ ਨੇ ਜ਼ਰੂਰ ਕੋਈ ਗ਼ਲਤ ਕੰਮ ਕੀਤਾ ਹੋਣਾ। ਇਸ ਕਰਕੇ ਯਹੋਵਾਹ ਉਸ ਨੂੰ ਦੁੱਖ ਦੇ ਕੇ ਸਜ਼ਾ ਦੇ ਰਿਹਾ ਹੈ।a (ਅੱਯੂ. 4:7; 11:14) ਦੂਜਾ, ਉਨ੍ਹਾਂ ਦੀਆਂ ਜ਼ਿਆਦਾਤਰ ਸਲਾਹਾਂ ਬੇਕਾਰ, ਚੁੱਭਵੀਆਂ ਅਤੇ ਦਿਲ ਚੀਰਨ ਵਾਲੀਆਂ ਸਨ। ਉਦਾਹਰਣ ਲਈ, ਤਿੰਨਾਂ ਆਦਮੀਆਂ ਦੀਆਂ ਗੱਲਾਂ ਲੱਗ ਤਾਂ ਸਮਝਦਾਰੀ ਵਾਲੀਆਂ ਰਹੀਆਂ ਸਨ, ਪਰ ਉਹ ਆਪਣਾ ਮਕਸਦ ਯਾਨੀ ਅੱਯੂਬ ਨੂੰ ਦਿਲਾਸਾ ਦੇਣਾ ਭੁੱਲ ਗਏ। (ਅੱਯੂ. 13:12) ਬਿਲਦਦ ਨੇ ਬਿਨਾਂ ਸੋਚੇ-ਸਮਝੇ ਦੋ ਵਾਰ ਅੱਯੂਬ ਨੂੰ ਕਿਹਾ ਕਿ ਉਹ ਬਹੁਤ ਬੋਲਦਾ ਸੀ। (ਅੱਯੂ. 8:2; 18:2) ਸੋਫ਼ਰ ਨੇ ਵੀ ਰੁੱਖੇ ਤਰੀਕੇ ਨਾਲ ਅੱਯੂਬ ਦੀ ਤੁਲਨਾ “ਮੂਰਖ ਆਦਮੀ” ਨਾਲ ਕੀਤੀ। (ਅੱਯੂ. 11:12) ਤੀਜਾ, ਚਾਹੇ ਇਨ੍ਹਾਂ ਆਦਮੀਆਂ ਨੇ ਅੱਯੂਬ ਨਾਲ ਉੱਚੀ ਆਵਾਜ਼ ਵਿਚ ਗੱਲ ਨਹੀਂ ਕੀਤੀ, ਪਰ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਅੱਯੂਬ ਲਈ ਨਾ ਤਾਂ ਪਿਆਰ ਸੀ ਤੇ ਨਾ ਹੀ ਆਦਰ। ਇਸ ਦੀ ਬਜਾਇ, ਉਨ੍ਹਾਂ ਦੀਆਂ ਗੱਲਾਂ ਕਰਕੇ ਅੱਯੂਬ ਨੇ ਹੋਰ ਵੀ ਜ਼ਿਆਦਾ ਦੋਸ਼ੀ ਮਹਿਸੂਸ ਕੀਤਾ। (ਅੱਯੂ. 15:7-11) ਇਹ ਤਿੰਨੇ ਆਦਮੀ ਅੱਯੂਬ ਨੂੰ ਗ਼ਲਤ ਸਾਬਤ ਕਰਨ ਲੱਗੇ ਰਹੇ। ਇਨ੍ਹਾਂ ਨੇ ਨਾ ਤਾਂ ਅੱਯੂਬ ਨੂੰ ਦਿਲਾਸਾ ਦਿੱਤਾ ਤੇ ਨਾ ਹੀ ਉਸ ਦੀ ਨਿਹਚਾ ਤਕੜੀ ਕੀਤੀ।
ਕਿਸੇ ਨੂੰ ਸਲਾਹ ਦਿੰਦੇ ਵੇਲੇ ਉਸ ਨੂੰ ਇਹ ਨਾ ਜਤਾਓ ਕਿ ਤੁਸੀਂ ਉਸ ਨਾਲੋਂ ਵਧੀਆ ਹੋ। ਤੁਹਾਡਾ ਟੀਚਾ ਉਸ ਦੀ ਮਦਦ ਕਰਨ ਦਾ ਹੋਣਾ ਚਾਹੀਦਾ ਹੈ (ਪੈਰਾ 4 ਦੇਖੋ)
5. ਅੱਯੂਬ ਦੇ ਦੋਸਤਾਂ ਦੀ ਸਲਾਹ ਦੇ ਕੀ ਨਤੀਜੇ ਨਿਕਲੇ?
5 ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਯੂਬ ਦੇ ਦੋਸਤਾਂ ਦੀ ਸਲਾਹ ਦੇ ਚੰਗੇ ਨਤੀਜੇ ਨਹੀਂ ਨਿਕਲੇ। ਉਨ੍ਹਾਂ ਦੀਆਂ ਗੱਲਾਂ ਕਰਕੇ ਅੱਯੂਬ ਦਾ ਮਨ ਚੂਰ-ਚੂਰ ਹੋ ਗਿਆ। (ਅੱਯੂ. 19:2) ਉਨ੍ਹਾਂ ਨੇ ਅੱਯੂਬ ਨੂੰ ਜਿੰਨਾ ਜ਼ਿਆਦਾ ਦੋਸ਼ੀ ਮਹਿਸੂਸ ਕਰਾਇਆ, ਅੱਯੂਬ ਨੇ ਖ਼ੁਦ ਨੂੰ ਉੱਨਾ ਜ਼ਿਆਦਾ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਸਮਝ ਗਏ ਹੋਣੇ ਕਿ ਕਿਉਂ ਅੱਯੂਬ ਲਈ ਖ਼ੁਦ ਨੂੰ ਸਹੀ ਸਾਬਤ ਕਰਨਾ ਜ਼ਰੂਰੀ ਹੋ ਗਿਆ ਸੀ। ਇਸੇ ਕਰਕੇ ਅੱਯੂਬ ਬਹੁਤ ਪਰੇਸ਼ਾਨ ਹੋ ਗਿਆ ਅਤੇ ਉਸ ਮੂੰਹੋਂ ਆਵਾਗੌਣ ਗੱਲਾਂ ਨਿਕਲੀਆਂ। (ਅੱਯੂ. 6:3, 26) ਅੱਯੂਬ ਦੇ ਦੋਸਤਾਂ ਦੀਆਂ ਗੱਲਾਂ ਯਹੋਵਾਹ ਦੀ ਸੋਚ ਮੁਤਾਬਕ ਸਹੀ ਨਹੀਂ ਸਨ। ਉਨ੍ਹਾਂ ਨੇ ਅੱਯੂਬ ਨਾਲ ਕੋਈ ਹਮਦਰਦੀ ਨਹੀਂ ਦਿਖਾਈ। ਨਤੀਜੇ ਵਜੋਂ, ਉਹ ਅਣਜਾਣੇ ਵਿਚ ਸ਼ੈਤਾਨ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਤੇ ਉਨ੍ਹਾਂ ਨੇ ਅੱਯੂਬ ਨੂੰ ਨਿਰਾਸ਼ ਕਰ ਦਿੱਤਾ। (ਅੱਯੂ. 2:4, 6) ਅੱਯੂਬ ਦੀ ਕਹਾਣੀ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ ਅਤੇ ਅੱਜ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
6. ਅੱਯੂਬ ਦੀ ਕਹਾਣੀ ਵਿਚ ਦਰਜ ਤਿੰਨ ਬੁਰੀਆਂ ਮਿਸਾਲਾਂ ਤੋਂ ਇਜ਼ਰਾਈਲ ਦੇ ਬਜ਼ੁਰਗ ਕੀ ਸਿੱਖ ਸਕਦੇ ਸਨ?
6 ਇਜ਼ਰਾਈਲੀਆਂ ਨੂੰ ਅੱਯੂਬ ਦੀ ਕਹਾਣੀ ਤੋਂ ਕੀ ਫ਼ਾਇਦਾ ਹੋ ਸਕਦਾ ਸੀ? ਜਦੋਂ ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਚੁਣਿਆ, ਤਾਂ ਉਸ ਨੇ ਕਾਬਲ ਆਦਮੀਆਂ, ਬਜ਼ੁਰਗਾਂ ਨੂੰ ਨਿਯੁਕਤ ਕੀਤਾ ਕਿ ਉਹ ਉਸ ਦੇ ਧਰਮੀ ਮਿਆਰਾਂ ਮੁਤਾਬਕ ਲੋਕਾਂ ਦਾ ਨਿਆਂ ਕਰਨ। (ਬਿਵ. 1:15-18; 27:1) ਅਜਿਹੇ ਆਦਮੀਆਂ ਨੂੰ ਕੋਈ ਸਲਾਹ ਦੇਣ ਜਾਂ ਕੋਈ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਧਿਆਨ ਨਾਲ ਸਾਮ੍ਹਣੇ ਵਾਲੇ ਦੀ ਗੱਲ ਸੁਣਨ ਦੀ ਲੋੜ ਸੀ। (2 ਇਤਿ. 19:6) ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਸਾਰੀ ਗੱਲ ਪਤਾ ਸੀ, ਸਗੋਂ ਉਨ੍ਹਾਂ ਨੂੰ ਸਾਮ੍ਹਣੇ ਵਾਲੇ ਤੋਂ ਕੁਝ ਸਵਾਲ ਪੁੱਛਣੇ ਚਾਹੀਦੇ ਸਨ। (ਬਿਵ. 19:18) ਜੇ ਕੋਈ ਉਨ੍ਹਾਂ ਕੋਲ ਮਦਦ ਲਈ ਆਉਂਦਾ ਸੀ, ਤਾਂ ਉਨ੍ਹਾਂ ਨੂੰ ਉਸ ਨਾਲ ਰੁੱਖੇ ਤਰੀਕੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ। ਕਿਉਂ? ਕਿਉਂਕਿ ਇਸ ਕਰਕੇ ਸ਼ਾਇਦ ਉਹ ਵਿਅਕਤੀ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਨਾ ਦੱਸ ਪਾਉਂਦਾ। (ਕੂਚ 22:22-24) ਇਹ ਕੁਝ ਸਬਕ ਹਨ ਜੋ ਇਜ਼ਰਾਈਲ ਦੇ ਬਜ਼ੁਰਗ ਅੱਯੂਬ ਦੀ ਕਹਾਣੀ ਤੋਂ ਸਿੱਖ ਸਕਦੇ ਸਨ।
7. ਇਜ਼ਰਾਈਲ ਵਿਚ ਬਜ਼ੁਰਗਾਂ ਤੋਂ ਇਲਾਵਾ ਹੋਰ ਕੌਣ ਸਲਾਹ ਦੇ ਸਕਦੇ ਸਨ ਅਤੇ ਉਨ੍ਹਾਂ ਨੂੰ ਅੱਯੂਬ ਦੀ ਕਹਾਣੀ ਤੋਂ ਕੀ ਫ਼ਾਇਦਾ ਹੋ ਸਕਦਾ ਸੀ? (ਕਹਾਉਤਾਂ 27:9)
7 ਬਿਨਾਂ ਸ਼ੱਕ ਇਜ਼ਰਾਈਲ ਵਿਚ ਕਾਬਲ ਆਦਮੀਆਂ ਨੂੰ ਸਲਾਹ ਦੇਣ ਲਈ ਨਿਯੁਕਤ ਕੀਤਾ ਸੀ। ਪਰ ਸਾਰੇ ਇਜ਼ਰਾਈਲੀ ਲੋੜ ਪੈਣ ʼਤੇ ਇਕ-ਦੂਜੇ ਨੂੰ ਸਲਾਹ ਦੇ ਸਕਦੇ ਸਨ, ਫਿਰ ਚਾਹੇ ਉਹ ਜਵਾਨ ਸਨ ਜਾਂ ਬੁੱਢੇ, ਆਦਮੀ ਸਨ ਜਾਂ ਔਰਤਾਂ। ਉਹ ਕਿਸੇ ਨੂੰ ਵੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਸਲਾਹ ਦੇ ਸਕਦੇ ਸਨ। ਜਾਂ ਫਿਰ ਉਹ ਕਿਸੇ ਨੂੰ ਖ਼ੁਦ ਵਿਚ ਸੁਧਾਰ ਕਰਨ ਲਈ ਸਲਾਹ ਦੇ ਸਕਦੇ ਸਨ। (ਜ਼ਬੂ. 141:5) ਸੱਚੇ ਦੋਸਤ ਇੱਦਾਂ ਇਕ-ਦੂਜੇ ਦੀ ਮਦਦ ਕਰਦੇ ਹਨ। (ਕਹਾਉਤਾਂ 27:9 ਪੜ੍ਹੋ।) ਇਜ਼ਰਾਈਲੀਆਂ ਸਾਮ੍ਹਣੇ ਅੱਯੂਬ ਦੇ ਤਿੰਨ ਦੋਸਤਾਂ ਦੀ ਬੁਰੀ ਮਿਸਾਲ ਸੀ ਜਿਨ੍ਹਾਂ ਤੋਂ ਉਹ ਸਿੱਖ ਸਕਦੇ ਸਨ ਕਿ ਸਲਾਹ ਦਿੰਦੇ ਵੇਲੇ ਉਨ੍ਹਾਂ ਨੂੰ ਕੀ ਨਹੀਂ ਕਹਿਣਾ ਅਤੇ ਕੀ ਨਹੀਂ ਕਰਨਾ ਚਾਹੀਦਾ।
8. ਦੂਜਿਆਂ ਨੂੰ ਸਲਾਹ ਦਿੰਦੇ ਵੇਲੇ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
8 ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਮਸੀਹੀ ਹੋਣ ਦੇ ਨਾਤੇ ਅਸੀਂ ਦੁੱਖਾਂ ਵਿੱਚੋਂ ਲੰਘ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਪਰ ਇੱਦਾਂ ਕਰਦਿਆਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅੱਯੂਬ ਦੇ ਦੋਸਤਾਂ ਵਰਗੇ ਨਾ ਬਣੀਏ। ਅਸੀਂ ਕੀ ਧਿਆਨ ਵਿਚ ਰੱਖ ਸਕਦੇ ਹਾਂ? ਪਹਿਲਾ, ਸਲਾਹ ਦੇਣ ਤੋਂ ਪਹਿਲਾਂ ਸਾਨੂੰ ਝੱਟ ਨਤੀਜੇ ਤੇ ਨਹੀਂ ਪਹੁੰਚ ਜਾਣਾ ਚਾਹੀਦਾ, ਸਗੋਂ ਸਾਨੂੰ ਸਾਰੀ ਗੱਲ ਸਹੀ-ਸਹੀ ਪਤਾ ਹੋਣੀ ਚਾਹੀਦੀ ਹੈ। ਦੂਜਾ, ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਲਾਹ ਦੇਈਏ, ਨਾ ਕਿ ਆਪਣੇ ਤਜਰਬੇ ਮੁਤਾਬਕ ਜਿੱਦਾਂ ਅਕਸਰ ਅਲੀਫ਼ਜ਼ ਨੇ ਕੀਤਾ ਸੀ। (ਅੱਯੂ. 4:8; 5:3, 27) ਤੀਜਾ, ਸਲਾਹ ਦਿੰਦਿਆਂ ਸਾਨੂੰ ਰੁੱਖੇ ਤਰੀਕੇ ਨਾਲ ਨਹੀਂ ਬੋਲਣਾ ਚਾਹੀਦਾ ਜਾਂ ਚੁੱਭਵੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਯਾਦ ਕਰੋ ਕਿ ਅਲੀਫ਼ਜ਼ ਅਤੇ ਉਸ ਦੇ ਦੋਸਤਾਂ ਦੀਆਂ ਕੁਝ ਗੱਲਾਂ ਸੱਚੀਆਂ ਸਨ ਅਤੇ ਬਾਅਦ ਵਿਚ ਪੌਲੁਸ ਨੇ ਵੀ ਉਨ੍ਹਾਂ ਦੀ ਇਕ ਗੱਲ ਦੁਹਰਾਈ। (ਅੱਯੂਬ 5:13 ਦੀ 1 ਕੁਰਿੰਥੀਆਂ 3:19 ਨਾਲ ਤੁਲਨਾ ਕਰੋ।) ਫਿਰ ਵੀ ਕਈ ਵਾਰ ਉਨ੍ਹਾਂ ਨੇ ਇੱਦਾਂ ਦੀਆਂ ਗੱਲਾਂ ਕਹੀਆਂ ਜੋ ਯਹੋਵਾਹ ਬਾਰੇ ਸੱਚ ਨਹੀਂ ਸਨ ਅਤੇ ਅੱਯੂਬ ਨੂੰ ਦੁੱਖ ਪਹੁੰਚਾਇਆ। ਇਸ ਲਈ ਯਹੋਵਾਹ ਨੇ ਉਨ੍ਹਾਂ ਬਾਰੇ ਕਿਹਾ ਕਿ ਉਨ੍ਹਾਂ ਨੇ ਮੇਰੇ ਬਾਰੇ ਸੱਚ ਨਹੀਂ ਬੋਲਿਆ। (ਅੱਯੂ. 42:7, 8) ਚੰਗੀ ਸਲਾਹ ਦੇਣ ਵਾਲੇ ਦੀਆਂ ਗੱਲਾਂ ਤੋਂ ਸਾਮ੍ਹਣੇ ਵਾਲੇ ਨੂੰ ਕਦੇ ਵੀ ਇੱਦਾਂ ਨਹੀਂ ਲੱਗੇਗਾ ਕਿ ਯਹੋਵਾਹ ਕਠੋਰ ਹੈ, ਉਸ ਬਾਰੇ ਸੋਚਦਾ ਨਹੀਂ ਜਾਂ ਉਸ ਨੂੰ ਪਿਆਰ ਨਹੀਂ ਕਰਦਾ। ਆਓ ਹੁਣ ਆਪਾਂ ਗੌਰ ਕਰੀਏ ਕਿ ਅਸੀਂ ਅਲੀਹੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
ਜਦੋਂ ਸਲਾਹ ਦੇਣੀ ਹੋਵੇ, ਤਾਂ (1) ਮਾਮਲੇ ਦੀ ਪੂਰੀ ਜਾਣਕਾਰੀ ਲਓ, (2) ਪਰਮੇਸ਼ੁਰ ਦੇ ਬਚਨ ਵਿੱਚੋਂ ਦਿਓ ਅਤੇ (3) ਪਿਆਰ ਨਾਲ ਦਿਓ (ਪੈਰਾ 8 ਦੇਖੋ)
ਅਲੀਹੂ ਨੇ ਅੱਯੂਬ ਨੂੰ ਕਿਵੇਂ ਸਲਾਹ ਦਿੱਤੀ?
9. (ੳ) ਸਮਝਾਓ ਕਿ ਅੱਯੂਬ ਨੂੰ ਆਪਣੇ ਦੋਸਤਾਂ ਨਾਲ ਗੱਲ ਕਰਨ ਤੋਂ ਬਾਅਦ ਵੀ ਮਦਦ ਦੀ ਕਿਉਂ ਲੋੜ ਸੀ। (ਅ) ਯਹੋਵਾਹ ਨੇ ਅੱਯੂਬ ਦੀ ਮਦਦ ਕਿਵੇਂ ਕੀਤੀ?
9 ਜਦੋਂ ਅੱਯੂਬ ਤੇ ਉਸ ਦੇ ਦੋਸਤਾਂ ਵਿਚ ਬਹਿਸ ਬੰਦ ਹੋ ਗਈ, ਤਾਂ ਮਾਹੌਲ ਬਹੁਤ ਗੰਭੀਰ ਹੋ ਗਿਆ ਸੀ। ਉਨ੍ਹਾਂ ਨੇ ਇੰਨੀਆਂ ਗੱਲਾਂ ਕਹੀਆਂ ਕਿ ਅੱਯੂਬ ਦੀ ਕਿਤਾਬ ਦੇ 28 ਅਧਿਆਇ ਉਨ੍ਹਾਂ ਦੀਆਂ ਗੱਲਾਂ ਨਾਲ ਭਰ ਗਏ! ਇਨ੍ਹਾਂ ਵਿੱਚੋਂ ਜ਼ਿਆਦਾਤਰ ਗੱਲਾਂ ਗੁੱਸੇ ਵਿਚ ਅਤੇ ਖਿੱਝ ਕੇ ਕਹੀਆਂ ਗਈਆਂ ਸਨ। ਹੁਣ ਅਸੀਂ ਸਮਝ ਸਕਦੇ ਹਾਂ ਕਿ ਅੱਯੂਬ ਆਪਣੇ ਤਿੰਨ ਦੋਸਤਾਂ ਨਾਲ ਗੱਲ ਕਰਨ ਤੋਂ ਬਾਅਦ ਵੀ ਕਿਉਂ ਇੰਨਾ ਨਿਰਾਸ਼ ਸੀ। ਨਾਲੇ ਉਸ ਨੂੰ ਕਿਉਂ ਹਾਲੇ ਵੀ ਦਿਲਾਸੇ ਤੇ ਸੁਧਾਰੇ ਜਾਣ ਦੀ ਲੋੜ ਸੀ। ਯਹੋਵਾਹ ਨੇ ਅੱਯੂਬ ਦੀ ਮਦਦ ਕਿਵੇਂ ਕੀਤੀ? ਉਸ ਨੇ ਅਲੀਹੂ ਦੇ ਜ਼ਰੀਏ ਅੱਯੂਬ ਨੂੰ ਸਲਾਹ ਦਿੱਤੀ। ਅਲੀਹੂ ਪਹਿਲਾਂ ਚੁੱਪ ਕਿਉਂ ਰਿਹਾ? ਅਲੀਹੂ ਨੇ ਕਿਹਾ: “ਮੈਂ ਛੋਟਾ ਹਾਂ ਅਤੇ ਤੁਸੀਂ ਉਮਰ ਵਿਚ ਵੱਡੇ ਹੋ। ਇਸ ਲਈ ਆਦਰ ਦੇ ਕਾਰਨ ਮੈਂ ਰੁਕਿਆ ਰਿਹਾ।” (ਅੱਯੂ. 32:6, 7) ਅੱਜ ਦੇ ਬਹੁਤ ਸਾਰੇ ਲੋਕਾਂ ਵਾਂਗ ਨੌਜਵਾਨ ਅਲੀਹੂ ਨੂੰ ਵੀ ਪਤਾ ਸੀ ਕਿ ਜ਼ਿਆਦਾ ਉਮਰ ਦੇ ਲੋਕ ਵਧੀਆ ਸਲਾਹ ਦੇ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਨੌਜਵਾਨਾਂ ਨਾਲੋਂ ਜ਼ਿਆਦਾ ਕੁਝ ਦੇਖਿਆ ਤੇ ਸਿੱਖਿਆ ਹੁੰਦਾ ਹੈ, ਇਸ ਕਰਕੇ ਉਨ੍ਹਾਂ ਕੋਲ ਜ਼ਿਆਦਾ ਬੁੱਧ ਤੇ ਤਜਰਬਾ ਹੁੰਦਾ ਹੈ। ਪਰ ਧੀਰਜ ਨਾਲ ਅੱਯੂਬ ਤੇ ਉਸ ਦੇ ਦੋਸਤਾਂ ਦੀ ਬਹਿਸ ਸੁਣਨ ਤੋਂ ਬਾਅਦ ਅਲੀਹੂ ਚੁੱਪ ਨਹੀਂ ਰਿਹਾ। ਉਸ ਨੇ ਕਿਹਾ: “ਸਿਰਫ਼ ਉਮਰ ਕਿਸੇ ਨੂੰ ਬੁੱਧੀਮਾਨ ਨਹੀਂ ਬਣਾਉਂਦੀ, ਨਾ ਹੀ ਇਕੱਲੇ ਬਿਰਧ ਆਦਮੀਆਂ ਨੂੰ ਇਹ ਸਮਝ ਹੈ ਕਿ ਸਹੀ ਕੀ ਹੈ।” (ਅੱਯੂ. 32:9) ਅਲੀਹੂ ਨੇ ਅੱਗੇ ਕੀ ਕਿਹਾ ਤੇ ਕਿਵੇਂ ਕਿਹਾ?
10. ਸਲਾਹ ਦੇਣ ਤੋਂ ਪਹਿਲਾਂ ਅਲੀਹੂ ਨੇ ਕੀਤਾ? (ਅੱਯੂਬ 33:6, 7)
10 ਅੱਯੂਬ ਨੂੰ ਕੋਈ ਵੀ ਸਲਾਹ ਦੇਣ ਤੋਂ ਪਹਿਲਾਂ ਅਲੀਹੂ ਨੇ ਮਾਹੌਲ ਨੂੰ ਸ਼ਾਂਤ ਕੀਤਾ। ਕਿਵੇਂ? ਸਭ ਤੋਂ ਪਹਿਲਾਂ ਉਸ ਨੇ ਆਪਣੇ ਜਜ਼ਬਾਤਾਂ ʼਤੇ ਕਾਬੂ ਪਾਇਆ। ਬਾਈਬਲ ਵਿਚ ਲਿਖਿਆ ਹੈ ਕਿ ਇਕ ਸਮੇਂ ʼਤੇ ਅਲੀਹੂ ਨੂੰ ਬਹੁਤ ਗੁੱਸਾ ਚੜ੍ਹ ਗਿਆ ਸੀ। (ਅੱਯੂ. 32:2-5) ਪਰ ਉਸ ਨੇ ਆਪਣੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਉਸ ਨੇ ਅੱਯੂਬ ਨਾਲ ਖਿੱਝ ਕੇ ਜਾਂ ਰੁੱਖੇ ਤਰੀਕੇ ਨਾਲ ਗੱਲ ਨਹੀਂ ਕੀਤੀ। ਇਸ ਤੋਂ ਉਲਟ, ਉਸ ਨੇ ਅੱਯੂਬ ਨਾਲ ਇਕ ਸੱਚੇ ਦੋਸਤ ਵਾਂਗ ਪਿਆਰ ਤੇ ਨਰਮਾਈ ਨਾਲ ਗੱਲ ਕੀਤੀ। ਉਦਾਹਰਣ ਲਈ, ਉਸ ਨੇ ਅੱਯੂਬ ਨੂੰ ਕਿਹਾ: “ਦੇਖ! ਸੱਚੇ ਪਰਮੇਸ਼ੁਰ ਅੱਗੇ ਮੈਂ ਬਿਲਕੁਲ ਤੇਰੇ ਵਰਗਾ ਹੀ ਹਾਂ।” (ਅੱਯੂਬ 33:6, 7 ਪੜ੍ਹੋ।) ਉਸ ਨੇ ਸਲਾਹ ਦੇਣ ਤੋਂ ਪਹਿਲਾਂ ਅੱਯੂਬ ਦੀਆਂ ਛੇ ਖ਼ਾਸ-ਖ਼ਾਸ ਗੱਲਾਂ ਨੂੰ ਦੁਹਰਾਇਆ ਵੀ। (ਅੱਯੂ. 32:11; 33:8-11) ਇੱਦਾਂ ਉਸ ਨੇ ਦਿਖਾਇਆ ਕਿ ਉਸ ਨੇ ਅੱਯੂਬ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਸੀ। ਅੱਯੂਬ ਨੂੰ ਦੁਬਾਰਾ ਸਲਾਹ ਦੇਣ ਵੇਲੇ ਵੀ ਅਲੀਹੂ ਨੇ ਉਸ ਦੀਆਂ ਗੱਲਾਂ ਨੂੰ ਦੁਹਰਾਇਆ।—ਅੱਯੂ. 34:5, 6, 9; 35:1-4.
11. ਅਲੀਹੂ ਨੇ ਅੱਯੂਬ ਨੂੰ ਕਿਵੇਂ ਸਲਾਹ ਦਿੱਤੀ? (ਅੱਯੂਬ 33:1)
11 ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਨੂੰ ਸਲਾਹ ਦਿੰਦੇ ਵੇਲੇ ਅਲੀਹੂ ਆਦਰ ਨਾਲ ਪੇਸ਼ ਆਇਆ। ਮਿਸਾਲ ਲਈ, ਅਲੀਹੂ ਨੇ ਅੱਯੂਬ ਦਾ ਨਾਂ ਲਿਆ ਜੋ ਕਿ ਸ਼ਾਇਦ ਬਾਕੀ ਦੇ ਤਿੰਨ ਆਦਮੀਆਂ ਨੇ ਨਹੀਂ ਲਿਆ ਸੀ। (ਅੱਯੂਬ 33:1 ਪੜ੍ਹੋ।) ਜਦੋਂ ਅੱਯੂਬ ਤੇ ਉਸ ਦੇ ਤਿੰਨ ਦੋਸਤ ਬਹਿਸ ਕਰ ਰਹੇ ਸਨ, ਤਾਂ ਸ਼ਾਇਦ ਉਹ ਵੀ ਉਸ ਨਾਲ ਗੱਲ ਕਰਨੀ ਚਾਹੁੰਦਾ ਹੋਣਾ। ਪਰ ਹੁਣ ਜਦੋਂ ਅਲੀਹੂ ਖ਼ੁਦ ਅੱਯੂਬ ਨੂੰ ਸਲਾਹ ਦੇ ਰਿਹਾ ਸੀ, ਤਾਂ ਉਸ ਨੇ ਹਮਦਰਦੀ ਦਿਖਾਉਂਦਿਆਂ ਅੱਯੂਬ ਨੂੰ ਵੀ ਬੋਲਣ ਦਾ ਮੌਕਾ ਦਿੱਤਾ। (ਅੱਯੂ. 32:4; 33:32) ਅਲੀਹੂ ਨੇ ਅੱਯੂਬ ਨੂੰ ਸਾਫ਼-ਸਾਫ਼ ਕਿਹਾ ਕਿ ਜੋ ਗੱਲਾਂ ਉਸ ਨੇ ਕਹੀਆਂ, ਉਹ ਸਹੀ ਨਹੀਂ ਸਨ। ਅਲੀਹੂ ਨੇ ਉਸ ਨੂੰ ਯਹੋਵਾਹ ਦੀ ਬੁੱਧ, ਤਾਕਤ, ਨਿਆਂ ਅਤੇ ਅਟੱਲ ਪਿਆਰ ਬਾਰੇ ਯਾਦ ਕਰਾਇਆ। (ਅੱਯੂ. 36:18, 21-26; 37:23, 24) ਬਿਨਾਂ ਸ਼ੱਕ ਅਲੀਹੂ ਦੀ ਚੰਗੀ ਸਲਾਹ ਕਰਕੇ ਅੱਯੂਬ ਆਪਣੀ ਸੋਚ ਸੁਧਾਰ ਸਕਿਆ ਅਤੇ ਯਹੋਵਾਹ ਤੋਂ ਹੋਰ ਵੀ ਸਲਾਹਾਂ ਲੈਣ ਲਈ ਤਿਆਰ ਹੋਇਆ। (ਅੱਯੂ. 38:1-3) ਅਲੀਹੂ ਦੀ ਮਿਸਾਲ ਤੋਂ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ ਅਤੇ ਅੱਜ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
12. (ੳ) ਯਹੋਵਾਹ ਨੇ ਆਪਣੇ ਲੋਕਾਂ ਦੀ ਮਦਦ ਕਰਨ ਲਈ ਨਬੀਆਂ ਨੂੰ ਕਿਵੇਂ ਵਰਤਿਆ? (ਅ) ਅਲੀਹੂ ਦੀ ਮਿਸਾਲ ਤੋਂ ਇਜ਼ਰਾਈਲੀਆਂ ਦੀ ਕਿਵੇਂ ਮਦਦ ਹੋਈ?
12 ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ? ਜੇ ਅਸੀਂ ਇਜ਼ਰਾਈਲ ਕੌਮ ਦੇ ਇਤਿਹਾਸ ʼਤੇ ਨਜ਼ਰ ਮਾਰੀਏ, ਤਾਂ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਉਨ੍ਹਾਂ ਨੂੰ ਸਿਖਾਇਆ ਤੇ ਸੁਧਾਰਿਆ ਸੀ। ਉਦਾਹਰਣ ਲਈ, ਨਿਆਈਆਂ ਦੇ ਸਮੇਂ ਦੌਰਾਨ ਯਹੋਵਾਹ ਨੇ ਦਬੋਰਾਹ ਨੂੰ ਵਰਤਿਆ। ਦਬੋਰਾਹ ਨੇ ਇਕ ਮਾਂ ਵਾਂਗ ਇਜ਼ਰਾਈਲੀਆਂ ਨੂੰ ਸਹੀ ਰਾਹ ਦਿਖਾਇਆ। ਨਾਲੇ ਯਹੋਵਾਹ ਨੇ ਸਮੂਏਲ ਨੂੰ ਵੀ ਵਰਤਿਆ। ਉਹ ਜਵਾਨੀ ਤੋਂ ਹੀ ਲੋਕਾਂ ਨੂੰ ਯਹੋਵਾਹ ਵੱਲੋਂ ਹਿਦਾਇਤਾਂ ਦਿੰਦਾ ਰਿਹਾ। (ਨਿਆ. 4:4-7; 5:7; 1 ਸਮੂ. 3:19, 20) ਫਿਰ ਰਾਜਿਆਂ ਦੇ ਸਮੇਂ ਦੌਰਾਨ ਯਹੋਵਾਹ ਅਲੱਗ-ਅਲੱਗ ਨਬੀਆਂ ਨੂੰ ਵਰਤਦਾ ਰਿਹਾ ਤਾਂਕਿ ਇਜ਼ਰਾਈਲੀਆਂ ਦਾ ਉਸ ਨਾਲ ਵਧੀਆ ਰਿਸ਼ਤਾ ਬਣਿਆ ਰਹੇ। ਨਾਲੇ ਜਦੋਂ ਇਜ਼ਰਾਈਲੀ ਸ਼ੁੱਧ ਭਗਤੀ ਕਰਨ ਤੋਂ ਹਟ ਜਾਂਦੇ ਸਨ, ਉਦੋਂ ਵੀ ਯਹੋਵਾਹ ਨੇ ਨਬੀਆਂ ਰਾਹੀਂ ਉਨ੍ਹਾਂ ਨੂੰ ਸੁਧਾਰਿਆ। (2 ਸਮੂ. 12:1-4; ਰਸੂ. 3:24) ਬਾਈਬਲ ਵਿਚ ਦਰਜ ਅਲੀਹੂ ਦੀ ਮਿਸਾਲ ਤੋਂ ਵਫ਼ਾਦਾਰ ਆਦਮੀ ਤੇ ਔਰਤਾਂ ਸਿੱਖ ਸਕਦੇ ਸਨ ਕਿ ਕਿਸੇ ਨੂੰ ਸਲਾਹ ਦੇਣ ਵੇਲੇ ਉਨ੍ਹਾਂ ਨੇ ਕੀ ਕਹਿਣਾ ਸੀ ਅਤੇ ਕਿਵੇਂ ਕਹਿਣਾ ਸੀ।
13. ਅੱਜ ਮਸੀਹੀ ਇਕ-ਦੂਜੇ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?
13 ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਇਨ੍ਹਾਂ ਨਬੀਆਂ ਵਾਂਗ ਅਸੀਂ ਵੀ ਬਾਈਬਲ ਵਿੱਚੋਂ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਦੱਸਦੇ ਹਾਂ। ਇਸ ਤੋਂ ਇਲਾਵਾ, ਇਨ੍ਹਾਂ ਨਬੀਆਂ ਵਾਂਗ ਅਸੀਂ ਆਪਣੀਆਂ ਗੱਲਾਂ ਰਾਹੀਂ ਭੈਣਾਂ-ਭਰਾਵਾਂ ਨੂੰ ਦਿਲਾਸਾ ਤੇ ਹੌਸਲਾ ਦਿੰਦੇ ਹਾਂ। (1 ਕੁਰਿੰ. 14:3) ਖ਼ਾਸ ਕਰਕੇ ਬਜ਼ੁਰਗਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਭੈਣਾਂ-ਭਰਾਵਾਂ ਨੂੰ “ਦਿਲਾਸਾ” ਦੇਣ, ਉਦੋਂ ਵੀ ਜਦੋਂ ਕੋਈ ਖਿੱਝ ਕੇ ਜਾਂ “ਆਵਾਗੌਣ ਗੱਲਾਂ” ਕਰੇ।—1 ਥੱਸ. 5:14; ਅੱਯੂ. 6:3.
14-15. ਇਕ ਮਿਸਾਲ ਰਾਹੀਂ ਸਮਝਾਓ ਕਿ ਬਜ਼ੁਰਗ ਅਲੀਹੂ ਵਾਂਗ ਸਲਾਹ ਕਿਵੇਂ ਦੇ ਸਕਦੇ ਹਨ।
14 ਜ਼ਰਾ ਇਕ ਹਾਲਾਤ ʼਤੇ ਗੌਰ ਕਰੋ। ਇਕ ਬਜ਼ੁਰਗ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਡਲੀ ਦੀ ਇਕ ਭੈਣ ਬਹੁਤ ਨਿਰਾਸ਼ ਹੈ। ਉਹ ਇਕ ਹੋਰ ਬਜ਼ੁਰਗ ਨੂੰ ਲੈ ਕੇ ਉਸ ਭੈਣ ਨੂੰ ਮਿਲਣ ਜਾਂਦਾ ਹੈ। ਉਹ ਦੱਸਦੀ ਹੈ ਕਿ ਚਾਹੇ ਉਹ ਮੀਟਿੰਗਾਂ ਅਤੇ ਪ੍ਰਚਾਰ ਤੇ ਜਾਂਦੀ ਹੈ, ਪਰ ਉਸ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। ਉਸ ਭੈਣ ਦੀ ਗੱਲ ਸੁਣ ਕੇ ਭਰਾ ਕਿੱਦਾਂ ਪੇਸ਼ ਆਉਣਗੇ?
15 ਪਹਿਲਾ, ਭਰਾ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਉਹ ਭੈਣ ਨਿਰਾਸ਼ ਕਿਉਂ ਹੈ। ਇਸ ਲਈ ਭਰਾ ਉਸ ਦੀ ਗੱਲ ਧਿਆਨ ਨਾਲ ਸੁਣਨਗੇ। ਨਾਲੇ ਭਰਾ ਇਹ ਵੀ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਕਿਤੇ ਭੈਣ ਨੂੰ ਇੱਦਾਂ ਤਾਂ ਨਹੀਂ ਲੱਗ ਰਿਹਾ ਕਿ ਉਹ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਨਹੀਂ ਹੈ। ਜਾਂ ਫਿਰ ਉਹ ਆਪਣੀ “ਜ਼ਿੰਦਗੀ ਦੀਆਂ ਚਿੰਤਾਵਾਂ” ਕਰਕੇ ਪਰੇਸ਼ਾਨ ਹੈ। (ਲੂਕਾ 21:34) ਦੂਜਾ, ਉਹ ਬਜ਼ੁਰਗ ਭਰਾ ਉਸ ਭੈਣ ਦੀ ਤਾਰੀਫ਼ ਕਰਨ ਦਾ ਮੌਕਾ ਵੀ ਭਾਲਣਗੇ। ਸ਼ਾਇਦ ਉਹ ਉਸ ਦੀ ਤਾਰੀਫ਼ ਕਰਦੇ ਹੋਏ ਕਹਿ ਸਕਦੇ ਹਨ ਕਿ ਉਹ ਨਿਰਾਸ਼ ਹੋਣ ਦੇ ਬਾਵਜੂਦ ਵੀ ਲਗਾਤਾਰ ਮੀਟਿੰਗਾਂ ਅਤੇ ਪ੍ਰਚਾਰ ਤੇ ਜਾਂਦੀ ਹੈ। ਤੀਜਾ, ਜਦੋਂ ਬਜ਼ੁਰਗ ਉਸ ਦੀ ਨਿਰਾਸ਼ਾ ਦੇ ਕਾਰਨ ਅਤੇ ਉਸ ਦੇ ਹਾਲਾਤਾਂ ਨੂੰ ਸਮਝ ਜਾਣਗੇ, ਤਾਂ ਉਹ ਬਾਈਬਲ ਦੇ ਜ਼ਰੀਏ ਉਸ ਦਾ ਹੌਸਲਾ ਵਧਾ ਸਕਣਗੇ ਅਤੇ ਉਸ ਨੂੰ ਯਕੀਨ ਦਿਵਾ ਸਕਣਗੇ ਕਿ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਹੈ।—ਗਲਾ. 2:20.
ਅੱਯੂਬ ਦੀ ਕਿਤਾਬ ਤੋਂ ਹਮੇਸ਼ਾ ਫ਼ਾਇਦਾ ਪਾਓ
16. ਅਸੀਂ ਅੱਯੂਬ ਦੀ ਕਿਤਾਬ ਤੋਂ ਕਿਵੇਂ ਫ਼ਾਇਦਾ ਪਾਉਂਦੇ ਰਹਿ ਸਕਦੇ ਹਾਂ?
16 ਅੱਯੂਬ ਦੀ ਕਿਤਾਬ ʼਤੇ ਗੌਰ ਕਰ ਕੇ ਅਸੀਂ ਬਹੁਤ ਹੀ ਵਧੀਆ ਸਬਕ ਸਿੱਖੇ। ਪਿਛਲੇ ਲੇਖ ਵਿਚ ਅਸੀਂ ਸਿਰਫ਼ ਇਹੀ ਨਹੀਂ ਸਿੱਖਿਆ ਕਿ ਪਰਮੇਸ਼ੁਰ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ, ਸਗੋਂ ਇਹ ਵੀ ਸਿੱਖਿਆ ਕਿ ਅਸੀਂ ਕਿਵੇਂ ਇਨ੍ਹਾਂ ਨੂੰ ਧੀਰਜ ਨਾਲ ਸਹਿ ਸਕਦੇ ਹਾਂ। ਇਸ ਲੇਖ ਵਿਚ ਅਸੀਂ ਗੌਰ ਕੀਤਾ ਕਿ ਜੇ ਅਸੀਂ ਅਸਰਦਾਰ ਤਰੀਕੇ ਨਾਲ ਸਲਾਹ ਦੇਣੀ ਚਾਹੁੰਦੇ ਹਾਂ, ਤਾਂ ਸਾਨੂੰ ਅੱਯੂਬ ਦੇ ਤਿੰਨ ਦੋਸਤਾਂ ਵਾਂਗ ਨਹੀਂ, ਸਗੋਂ ਅਲੀਹੂ ਵਾਂਗ ਸਲਾਹ ਦੇਣੀ ਚਾਹੀਦੀ ਹੈ। ਕਿਉਂ ਨਾ ਅਗਲੀ ਵਾਰ ਕਿਸੇ ਨੂੰ ਸਲਾਹ ਦੇਣ ਤੋਂ ਪਹਿਲਾਂ ਅੱਯੂਬ ਦੀ ਕਿਤਾਬ ਤੋਂ ਸਿੱਖੇ ਸਬਕਾਂ ʼਤੇ ਗੌਰ ਕਰੋ? ਜੇ ਤੁਹਾਨੂੰ ਅੱਯੂਬ ਦੀ ਕਿਤਾਬ ਨੂੰ ਪੜ੍ਹੇ ਕਾਫ਼ੀ ਸਮਾਂ ਹੋ ਗਿਆ ਹੈ, ਤਾਂ ਇਸ ਸ਼ਾਨਦਾਰ ਕਿਤਾਬ ਨੂੰ ਦੁਬਾਰਾ ਪੜ੍ਹਨ ਦਾ ਟੀਚਾ ਰੱਖੋ। ਇਹ ਕਿਤਾਬ ਅੱਜ ਵੀ ਉੱਨੀ ਫ਼ਾਇਦੇਮੰਦ ਹੈ, ਜਿੰਨੀ ਉਸ ਸਮੇਂ ਸੀ ਜਦੋਂ ਇਹ ਲਿਖੀ ਗਈ ਸੀ।
ਗੀਤ 125 “ਖ਼ੁਸ਼ ਹਨ ਦਇਆਵਾਨ!”
a ਲੱਗਦਾ ਹੈ ਕਿ ਇਕ ਦੁਸ਼ਟ ਦੂਤ ਨੇ ਅਲੀਫ਼ਜ਼ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਵੀ ਇਨਸਾਨ ਧਰਮੀ ਨਹੀਂ ਹੈ ਅਤੇ ਇਸ ਕਰਕੇ ਕੋਈ ਵੀ ਇਨਸਾਨ ਯਹੋਵਾਹ ਨੂੰ ਕਦੀ ਵੀ ਖ਼ੁਸ਼ ਨਹੀਂ ਕਰ ਸਕਦਾ। ਇਹ ਗ਼ਲਤ ਖ਼ਿਆਲ ਅਲੀਫ਼ਜ਼ ਦੇ ਦਿਮਾਗ਼ ਵਿਚ ਘਰ ਕਰ ਗਿਆ ਸੀ। ਇਸ ਲਈ ਉਸ ਨੇ ਆਪਣੀ ਹਰ ਗੱਲ ਵਿਚ ਇਸ ਦਾ ਜ਼ਿਕਰ ਕੀਤਾ।—ਅੱਯੂ. 4:17; 15:15, 16; 22:2.