ਮੱਤੀ
12 ਇਕ ਵਾਰ ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਕਣਕ ਦੇ ਸਿੱਟੇ ਤੋੜ ਕੇ ਖਾਣ ਲੱਗ ਪਏ। 2 ਇਹ ਦੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਦੇਖ! ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ।” 3 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ? 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ। ਉਨ੍ਹਾਂ ਸਾਰਿਆਂ ਲਈ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸਨ ਕਿਉਂਕਿ ਉਨ੍ਹਾਂ ਰੋਟੀਆਂ ਨੂੰ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ। 5 ਜਾਂ ਕੀ ਤੁਸੀਂ ਮੂਸਾ ਦੇ ਕਾਨੂੰਨ ਵਿਚ ਨਹੀਂ ਪੜ੍ਹਿਆ ਕਿ ਪੁਜਾਰੀ ਸਬਤ ਦੇ ਦਿਨ ਵੀ ਮੰਦਰ ਵਿਚ ਕੰਮ ਕਰਦੇ ਸਨ ਅਤੇ ਫਿਰ ਵੀ ਨਿਰਦੋਸ਼ ਰਹਿੰਦੇ ਸਨ? 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਮੰਦਰ ਨਾਲੋਂ ਵੀ ਕੋਈ ਮਹਾਨ ਹੈ। 7 ਪਰ, ਜੇ ਤੁਸੀਂ ਇਸ ਗੱਲ ਦਾ ਮਤਲਬ ਸਮਝਦੇ, ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ,’ ਤਾਂ ਤੁਸੀਂ ਨਿਰਦੋਸ਼ ਲੋਕਾਂ ਉੱਤੇ ਦੋਸ਼ ਨਾ ਲਾਉਂਦੇ। 8 ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
9 ਉੱਥੋਂ ਯਿਸੂ ਉਨ੍ਹਾਂ ਦੇ ਸਭਾ ਘਰ ਵਿਚ ਗਿਆ, 10 ਅਤੇ ਦੇਖੋ! ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਕੁਝ ਲੋਕਾਂ ਨੇ ਯਿਸੂ ਵਿਚ ਦੋਸ਼ ਲੱਭਣ ਲਈ ਉਸ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਜਾਇਜ਼ ਹੈ ਜਾਂ ਨਹੀਂ?” 11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਵਿੱਚੋਂ ਕਿਸੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਕੀ ਉਹ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ? 12 ਇਨਸਾਨ ਦੀ ਕੀਮਤ ਤਾਂ ਭੇਡ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ! ਇਸ ਲਈ, ਸਬਤ ਦੇ ਦਿਨ ਚੰਗਾ ਕੰਮ ਕਰਨਾ ਠੀਕ ਹੈ।” 13 ਫਿਰ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਅਤੇ ਜਦ ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ, ਤਾਂ ਉਸ ਦਾ ਹੱਥ ਠੀਕ ਹੋ ਕੇ ਬਿਲਕੁਲ ਦੂਜੇ ਹੱਥ ਵਰਗਾ ਹੋ ਗਿਆ। 14 ਪਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਸ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗੇ। 15 ਇਹ ਗੱਲ ਪਤਾ ਲੱਗਣ ਤੇ ਯਿਸੂ ਉੱਥੋਂ ਚਲਾ ਗਿਆ। ਬਹੁਤ ਸਾਰੇ ਲੋਕ ਵੀ ਉਸ ਦੇ ਪਿੱਛੇ-ਪਿੱਛੇ ਚਲੇ ਗਏ ਅਤੇ ਉਸ ਨੇ ਸਾਰੇ ਬੀਮਾਰ ਲੋਕਾਂ ਨੂੰ ਠੀਕ ਕੀਤਾ, 16 ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ, 17 ਤਾਂਕਿ ਯਸਾਯਾਹ ਨਬੀ ਦੀ ਇਹ ਗੱਲ ਪੂਰੀ ਹੋਵੇ:
18 “ਦੇਖੋ! ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ। ਉਹ ਮੇਰਾ ਪਿਆਰਾ ਹੈ ਅਤੇ ਮੈਂ ਉਸ ਤੋਂ ਖ਼ੁਸ਼ ਹਾਂ! ਮੈਂ ਉਸ ਨੂੰ ਆਪਣੀ ਸ਼ਕਤੀ ਦਿਆਂਗਾ ਅਤੇ ਉਹ ਕੌਮਾਂ ਨੂੰ ਦਿਖਾਵੇਗਾ ਕਿ ਸੱਚਾ ਨਿਆਂ ਕੀ ਹੁੰਦਾ ਹੈ। 19 ਉਹ ਕਿਸੇ ਨਾਲ ਲੜਾਈ-ਝਗੜਾ ਨਹੀਂ ਕਰੇਗਾ, ਨਾ ਰੌਲਾ ਪਾਵੇਗਾ ਅਤੇ ਨਾ ਹੀ ਕਿਸੇ ਨੂੰ ਉਸ ਦੀ ਆਵਾਜ਼ ਰਾਹਾਂ ਵਿਚ ਸੁਣਾਈ ਦੇਵੇਗੀ। 20 ਉਹ ਮਿੱਧੇ ਹੋਏ ਕਾਨੇ ਨੂੰ ਨਹੀਂ ਤੋੜੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ, ਜਦ ਤਕ ਉਹ ਨਿਆਂ ਨੂੰ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋ ਜਾਂਦਾ। 21 ਵਾਕਈ, ਉਸ ਦੇ ਨਾਂ ʼਤੇ ਸਾਰੀਆਂ ਕੌਮਾਂ ਉਮੀਦ ਰੱਖਣਗੀਆਂ।”
22 ਫਿਰ ਉਹ ਯਿਸੂ ਕੋਲ ਇਕ ਆਦਮੀ ਨੂੰ ਲਿਆਏ ਜਿਹੜਾ ਦੁਸ਼ਟ ਦੂਤ ਚਿੰਬੜਿਆ ਹੋਣ ਕਰਕੇ ਅੰਨ੍ਹਾ ਅਤੇ ਗੁੰਗਾ ਸੀ; ਯਿਸੂ ਨੇ ਦੁਸ਼ਟ ਦੂਤ ਨੂੰ ਕੱਢ ਕੇ ਆਦਮੀ ਨੂੰ ਠੀਕ ਕੀਤਾ ਅਤੇ ਉਹ ਗੁੰਗਾ ਆਦਮੀ ਬੋਲਣ ਤੇ ਦੇਖਣ ਲੱਗ ਪਿਆ। 23 ਇਹ ਦੇਖ ਕੇ ਭੀੜ ਹੱਕੀ-ਬੱਕੀ ਰਹਿ ਗਈ ਅਤੇ ਕਹਿਣ ਲੱਗੀ: “ਕਿਤੇ ਇਹ ਦਾਊਦ ਦਾ ਪੁੱਤਰ ਤਾਂ ਨਹੀਂ?” 24 ਇਹ ਸੁਣ ਕੇ ਫ਼ਰੀਸੀਆਂ ਨੇ ਕਿਹਾ: “ਇਹ ਬੰਦਾ ਦੁਸ਼ਟ ਦੂਤਾਂ ਦੇ ਸਰਦਾਰ ਬਆਲਜ਼ਬੂਬ* ਦੀ ਮਦਦ ਨਾਲ ਹੀ ਇਹ ਕੰਮ ਕਰਦਾ ਹੈ।” 25 ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ ਅਤੇ ਜਿਸ ਸ਼ਹਿਰ ਜਾਂ ਘਰ ਵਿਚ ਫੁੱਟ ਪੈ ਜਾਵੇ, ਉਹ ਤਬਾਹ ਹੋ ਜਾਂਦਾ ਹੈ। 26 ਇਸੇ ਤਰ੍ਹਾਂ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ, ਇਸ ਦਾ ਮਤਲਬ ਹੈ ਕਿ ਉਹ ਆਪਣੇ ਹੀ ਖ਼ਿਲਾਫ਼ ਹੋ ਗਿਆ ਹੈ; ਤਾਂ ਫਿਰ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? 27 ਇਸ ਤੋਂ ਇਲਾਵਾ, ਜੇ ਮੈਂ ਬਆਲਜ਼ਬੂਬ ਦੀ ਮਦਦ ਨਾਲ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਉਨ੍ਹਾਂ ਨੂੰ ਕੱਢਦੇ ਹਨ? ਤੁਹਾਡੇ ਚੇਲੇ ਹੀ ਤੁਹਾਨੂੰ ਗ਼ਲਤ ਸਾਬਤ ਕਰਨਗੇ। 28 ਪਰ ਜੇ ਮੈਂ ਪਰਮੇਸ਼ੁਰ ਦੀ ਸ਼ਕਤੀ* ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਅਚਾਨਕ ਤੁਹਾਡੇ ਉੱਤੇ ਆ ਗਿਆ ਹੈ। 29 ਜਾਂ ਕੌਣ ਕਿਸੇ ਤਾਕਤਵਰ ਆਦਮੀ ਦੇ ਘਰ ਵੜ ਕੇ ਉਸ ਦੀਆਂ ਚੀਜ਼ਾਂ ਖੋਹ ਸਕਦਾ ਹੈ? ਉਹ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਬੰਨ੍ਹੇਗਾ ਅਤੇ ਫਿਰ ਉਸ ਦਾ ਘਰ ਲੁੱਟੇਗਾ। 30 ਜਿਹੜਾ ਮੇਰੇ ਵੱਲ ਨਹੀਂ ਹੈ, ਉਹ ਮੇਰੇ ਖ਼ਿਲਾਫ਼ ਹੈ ਅਤੇ ਜਿਹੜਾ ਮੇਰੇ ਨਾਲ ਲੋਕਾਂ ਨੂੰ ਇਕੱਠਾ ਨਹੀਂ ਕਰਦਾ, ਉਹ ਲੋਕਾਂ ਨੂੰ ਖਿੰਡਾਉਂਦਾ ਹੈ।
31 “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ: ਕਿਸੇ ਵੀ ਤਰ੍ਹਾਂ ਦਾ ਪਾਪ ਅਤੇ ਨਿੰਦਿਆ* ਕਰਨ ਵਾਲੇ ਇਨਸਾਨ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਰਮੇਸ਼ੁਰ ਦੀ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। 32 ਉਦਾਹਰਣ ਲਈ, ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਮਾਫ਼ ਕੀਤਾ ਜਾਵੇਗਾ, ਪਰ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਮਾਫ਼ ਨਹੀਂ ਕੀਤਾ ਜਾਵੇਗਾ, ਨਾ ਇਸ ਯੁਗ ਵਿਚ ਨਾ ਹੀ ਆਉਣ ਵਾਲੇ ਯੁਗ ਵਿਚ।
33 “ਜੇ ਤੁਹਾਡਾ ਦਰਖ਼ਤ ਚੰਗਾ ਹੈ, ਤਾਂ ਫਲ ਵੀ ਚੰਗਾ ਦੇਵੇਗਾ; ਪਰ ਜੇ ਤੁਹਾਡਾ ਦਰਖ਼ਤ ਮਾੜਾ ਹੈ, ਤਾਂ ਫਲ ਵੀ ਮਾੜਾ ਦੇਵੇਗਾ; ਕਿਉਂਕਿ ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ ਹੁੰਦੀ ਹੈ। 34 ਹੇ ਸੱਪਾਂ ਦੇ ਬੱਚਿਓ, ਤੁਸੀਂ ਦੁਸ਼ਟ ਹੁੰਦੇ ਹੋਏ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ। 35 ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਜਦ ਕਿ ਦੁਸ਼ਟ ਇਨਸਾਨ ਆਪਣੇ ਦੁਸ਼ਟ ਖ਼ਜ਼ਾਨੇ ਵਿੱਚੋਂ ਦੁਸ਼ਟ ਗੱਲਾਂ ਕੱਢਦਾ ਹੈ। 36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀਆਂ ਵੀ ਵਿਅਰਥ ਗੱਲਾਂ ਕਰਦੇ ਹਨ, ਉਨ੍ਹਾਂ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ, 37 ਕਿਉਂਕਿ ਤੁਸੀਂ ਜੋ ਕੁਝ ਕਹਿੰਦੇ ਹੋ, ਉਸੇ ਦੇ ਆਧਾਰ ʼਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ।”
38 ਫਿਰ ਉਸ ਨੂੰ ਜਵਾਬ ਦਿੰਦੇ ਹੋਏ ਕੁਝ ਗ੍ਰੰਥੀ ਅਤੇ ਫ਼ਰੀਸੀ ਕਹਿਣ ਲੱਗੇ: “ਗੁਰੂ ਜੀ, ਸਾਨੂੰ ਕੋਈ ਨਿਸ਼ਾਨੀ ਦਿਖਾ।” 39 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਹ ਦੁਸ਼ਟ ਅਤੇ ਹਰਾਮਕਾਰ* ਪੀੜ੍ਹੀ ਨਿਸ਼ਾਨੀ ਦਿਖਾਉਣ ਲਈ ਵਾਰ-ਵਾਰ ਕਹਿੰਦੀ ਹੈ, ਪਰ ਇਸ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿੱਤੀ ਜਾਵੇਗੀ। 40 ਜਿਵੇਂ ਯੂਨਾਹ ਨਬੀ ਤਿੰਨ ਦਿਨ ਤੇ ਤਿੰਨ ਰਾਤਾਂ ਵੱਡੀ ਸਾਰੀ ਮੱਛੀ ਦੇ ਢਿੱਡ ਵਿਚ ਰਿਹਾ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਧਰਤੀ ਦੇ ਗਰਭ ਵਿਚ ਰਹੇਗਾ। 41 ਨਿਆਂ ਦੇ ਦਿਨ ਇਸ ਪੀੜ੍ਹੀ ਨਾਲ ਨੀਨਵਾਹ ਦੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਜਿਹੜੇ ਇਸ ਪੀੜ੍ਹੀ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਨਬੀ ਦੀਆਂ ਗੱਲਾਂ ਸੁਣ ਕੇ ਤੋਬਾ ਕੀਤੀ ਸੀ, ਪਰ ਦੇਖੋ! ਇੱਥੇ ਯੂਨਾਹ ਨਬੀ ਨਾਲੋਂ ਵੀ ਕੋਈ ਮਹਾਨ ਹੈ। 42 ਨਿਆਂ ਦੇ ਦਿਨ ਦੱਖਣ ਦੀ ਰਾਣੀ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੇ ਦੂਜੇ ਪਾਸਿਓਂ ਸੁਲੇਮਾਨ ਤੋਂ ਬੁੱਧੀਮਾਨੀ ਦੀਆਂ ਗੱਲਾਂ ਸੁਣਨ ਆਈ, ਪਰ ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।
43 “ਜਦੋਂ ਕਿਸੇ ਆਦਮੀ ਵਿੱਚੋਂ ਦੁਸ਼ਟ ਦੂਤ ਨਿਕਲਦਾ ਹੈ, ਤਾਂ ਉਹ ਦੁਸ਼ਟ ਦੂਤ ਰਹਿਣ ਵਾਸਤੇ ਜਗ੍ਹਾ ਲੱਭਣ ਲਈ ਬੰਜਰ ਇਲਾਕਿਆਂ ਵਿਚ ਭਟਕਦਾ ਹੈ ਅਤੇ ਉਸ ਨੂੰ ਕੋਈ ਜਗ੍ਹਾ ਨਹੀਂ ਮਿਲਦੀ। 44 ਫਿਰ ਉਹ ਕਹਿੰਦਾ ਹੈ, ‘ਮੈਂ ਵਾਪਸ ਆਪਣੇ ਉਸੇ ਘਰ ਵਿਚ ਜਾਵਾਂਗਾ ਜਿਸ ਵਿੱਚੋਂ ਮੈਂ ਨਿਕਲਿਆ ਸੀ,’ ਅਤੇ ਉਹ ਵਾਪਸ ਆ ਕੇ ਦੇਖਦਾ ਹੈ ਕਿ ਘਰ ਖਾਲੀ ਪਿਆ ਹੈ, ਨਾਲੇ ਝਾੜ-ਪੂੰਝ ਕੇ ਸਜਾਇਆ ਹੋਇਆ ਹੈ। 45 ਫਿਰ ਉਹ ਜਾ ਕੇ ਆਪਣੇ ਨਾਲ ਹੋਰ ਸੱਤ ਦੂਤਾਂ ਨੂੰ ਲਿਆਉਂਦਾ ਹੈ ਜਿਹੜੇ ਉਸ ਨਾਲੋਂ ਵੀ ਜ਼ਿਆਦਾ ਦੁਸ਼ਟ ਹਨ, ਅਤੇ ਉਹ ਉਸ ਵਿਚ ਵੜ ਕੇ ਉੱਥੇ ਰਹਿਣ ਲੱਗ ਪੈਂਦੇ ਹਨ, ਅਤੇ ਉਸ ਆਦਮੀ ਦਾ ਹਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਹੋ ਜਾਂਦਾ ਹੈ। ਇਸ ਦੁਸ਼ਟ ਪੀੜ੍ਹੀ ਨਾਲ ਵੀ ਇਸੇ ਤਰ੍ਹਾਂ ਹੋਵੇਗਾ।”
46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ ਬਾਹਰ ਖੜ੍ਹੇ ਸਨ ਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ। 47 ਕਿਸੇ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।” 48 ਉਸ ਨੂੰ ਜਵਾਬ ਦਿੰਦੇ ਹੋਏ ਯਿਸੂ ਨੇ ਕਿਹਾ: “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਆਪਣੇ ਚੇਲਿਆਂ ਵੱਲ ਹੱਥ ਕਰ ਕੇ ਉਸ ਨੇ ਕਿਹਾ: “ਦੇਖੋ! ਮੇਰੀ ਮਾਤਾ ਅਤੇ ਮੇਰੇ ਭਰਾ! 50 ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”