2 ਪਤਰਸ
3 ਪਿਆਰੇ ਭਰਾਵੋ, ਜਿਵੇਂ ਮੈਂ ਆਪਣੀ ਪਹਿਲੀ ਚਿੱਠੀ ਵਿਚ ਲਿਖਿਆ ਸੀ, ਉਸੇ ਤਰ੍ਹਾਂ ਮੈਂ ਇਸ ਦੂਸਰੀ ਚਿੱਠੀ ਵਿਚ ਕੁਝ ਗੱਲਾਂ ਚੇਤੇ ਕਰਾ ਕੇ ਇਹ ਹੱਲਾਸ਼ੇਰੀ ਦੇ ਰਿਹਾ ਹਾਂ ਕਿ ਤੁਸੀਂ ਚੰਗੀ ਤਰ੍ਹਾਂ ਸੋਚੋ, 2 ਅਤੇ ਤੁਸੀਂ ਪਵਿੱਤਰ ਨਬੀਆਂ ਦੁਆਰਾ ਪਹਿਲਾਂ ਕਹੀਆਂ ਗਈਆਂ ਗੱਲਾਂ ਨੂੰ ਅਤੇ ਰਸੂਲਾਂ ਰਾਹੀਂ ਦਿੱਤੇ ਗਏ ਪ੍ਰਭੂ ਅਤੇ ਮੁਕਤੀਦਾਤੇ ਦੇ ਹੁਕਮਾਂ ਨੂੰ ਯਾਦ ਰੱਖੋ। 3 ਸਭ ਤੋਂ ਪਹਿਲਾਂ, ਤੁਸੀਂ ਜਾਣ ਲਓ ਕਿ ਅੰਤ ਦੇ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਲੋਕ ਚੰਗੀਆਂ ਗੱਲਾਂ ਦਾ ਮਖੌਲ ਉਡਾਉਣਗੇ ਅਤੇ ਉਹ ਆਪਣੀਆਂ ਇੱਛਾਵਾਂ ਮੁਤਾਬਕ ਚੱਲਣਗੇ 4 ਅਤੇ ਕਹਿਣਗੇ: “ਉਸ ਨੇ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ ਹੁਣ? ਸਾਡੇ ਦਾਦੇ-ਪੜਦਾਦੇ ਆਏ ਤੇ ਚਲੇ ਗਏ, ਪਰ ਦੁਨੀਆਂ ਦੇ ਬਣਨ ਤੋਂ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।”
5 ਕਿਉਂਕਿ ਉਹ ਜਾਣ-ਬੁੱਝ ਕੇ ਇਸ ਗੱਲ ਨੂੰ ਅਣਗੌਲਿਆਂ ਕਰਦੇ ਹਨ ਕਿ ਪਰਮੇਸ਼ੁਰ ਦੇ ਕਹੇ ਬਚਨ ਮੁਤਾਬਕ ਹੀ ਪੁਰਾਣੇ ਜ਼ਮਾਨੇ ਤੋਂ ਆਕਾਸ਼ ਸੀ ਅਤੇ ਧਰਤੀ* ਪਾਣੀ ਤੋਂ ਉੱਪਰ ਸੀ ਅਤੇ ਪਾਣੀ ਨਾਲ ਘਿਰੀ ਹੋਈ ਸੀ; 6 ਇਸ ਰਾਹੀਂ ਉਸ ਜ਼ਮਾਨੇ ਦੀ ਦੁਨੀਆਂ ਤਬਾਹ ਹੋਈ ਜਦੋਂ ਧਰਤੀ ਉੱਤੇ ਹੜ੍ਹ ਆਇਆ ਸੀ। 7 ਇਸੇ ਬਚਨ ਦੇ ਅਨੁਸਾਰ, ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ ਅਤੇ ਇਨ੍ਹਾਂ ਨੂੰ ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ ਤਕ ਰਹਿਣ ਦਿੱਤਾ ਹੈ।
8 ਪਰ ਪਿਆਰੇ ਭਰਾਵੋ, ਤੁਸੀਂ ਇਹ ਗੱਲ ਨਾ ਭੁੱਲੋ ਕਿ ਯਹੋਵਾਹ ਲਈ ਇਕ ਦਿਨ ਇਕ ਹਜ਼ਾਰ ਸਾਲ ਦੇ ਬਰਾਬਰ ਹੈ ਅਤੇ ਇਕ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਹੈ। 9 ਯਹੋਵਾਹ ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ, ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ। 10 ਪਰ ਯਹੋਵਾਹ ਦਾ ਦਿਨ ਇਕ ਚੋਰ ਵਾਂਗ ਆਵੇਗਾ ਜਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ ਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ, ਨਾਲੇ ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।
11 ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਿਘਲ ਜਾਣਗੀਆਂ, ਇਸ ਲਈ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ 12 ਅਤੇ ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ* ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਦਿਨ ਆਕਾਸ਼ ਅੱਗ ਵਿਚ ਸਾੜ ਦਿੱਤਾ ਜਾਵੇਗਾ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। 13 ਪਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ ਰਹੇਗੀ।
14 ਇਸ ਲਈ ਪਿਆਰੇ ਭਰਾਵੋ, ਇਨ੍ਹਾਂ ਚੀਜ਼ਾਂ ਦੀ ਉਡੀਕ ਕਰਦੇ ਹੋਏ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਅਖ਼ੀਰ ਵਿਚ ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਪਾਏ ਜਾਓ। 15 ਨਾਲੇ, ਆਪਣੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਪਾਉਣ ਦਾ ਮੌਕਾ ਸਮਝੋ, ਠੀਕ ਜਿਵੇਂ ਸਾਡੇ ਭਰਾ ਪੌਲੁਸ ਨੇ ਵੀ ਉਸ ਬੁੱਧ ਦੀ ਮਦਦ ਨਾਲ ਜੋ ਉਸ ਨੂੰ ਪਰਮੇਸ਼ੁਰ ਨੇ ਦਿੱਤੀ ਸੀ, ਇਸ ਬਾਰੇ ਲਿਖਿਆ ਸੀ। 16 ਅਸਲ ਵਿਚ, ਉਸ ਨੇ ਆਪਣੀਆਂ ਸਾਰੀਆਂ ਚਿੱਠੀਆਂ ਵਿਚ ਇਨ੍ਹਾਂ ਗੱਲਾਂ ਬਾਰੇ ਲਿਖਿਆ ਹੈ। ਪਰ ਇਨ੍ਹਾਂ ਚਿੱਠੀਆਂ ਦੀਆਂ ਕੁਝ ਗੱਲਾਂ ਸਮਝਣੀਆਂ ਔਖੀਆਂ ਹਨ ਅਤੇ ਇਨ੍ਹਾਂ ਗੱਲਾਂ ਨੂੰ ਅਣਜਾਣ ਅਤੇ ਡਾਵਾਂ-ਡੋਲ ਲੋਕ ਤੋੜ-ਮਰੋੜ ਰਹੇ ਹਨ। ਇਹ ਲੋਕ ਧਰਮ-ਗ੍ਰੰਥ ਦੀਆਂ ਬਾਕੀ ਗੱਲਾਂ ਨੂੰ ਵੀ ਤੋੜਦੇ-ਮਰੋੜਦੇ ਹਨ ਤੇ ਇਸ ਤਰ੍ਹਾਂ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰਦੇ ਹਨ।
17 ਪਿਆਰੇ ਭਰਾਵੋ, ਤੁਸੀਂ ਪਹਿਲਾਂ ਤੋਂ ਹੀ ਇਹ ਗੱਲਾਂ ਜਾਣਦੇ ਹੋ, ਇਸ ਲਈ ਤੁਸੀਂ ਖ਼ਬਰਦਾਰ ਰਹੋ ਕਿ ਅਜਿਹੇ ਲੋਕਾਂ ਵਾਂਗ ਤੁਸੀਂ ਵੀ ਬੁਰੇ ਲੋਕਾਂ ਦੇ ਗ਼ਲਤ ਕੰਮਾਂ ਰਾਹੀਂ ਨਿਹਚਾ ਦੇ ਰਾਹ ਤੋਂ ਭਟਕ ਨਾ ਜਾਇਓ ਅਤੇ ਨਿਹਚਾ ਵਿਚ ਡਾਵਾਂ-ਡੋਲ ਨਾ ਹੋ ਜਾਇਓ। 18 ਇਸ ਦੀ ਬਜਾਇ, ਤੁਸੀਂ ਅਪਾਰ ਕਿਰਪਾ ਅਤੇ ਆਪਣੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦਾ ਵੱਧ ਤੋਂ ਵੱਧ ਗਿਆਨ ਪਾਉਂਦੇ ਜਾਓ। ਹੁਣ ਤੇ ਯੁਗੋ-ਯੁਗ ਉਸ ਦੀ ਮਹਿਮਾ ਹੁੰਦੀ ਰਹੇ।