ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਹੱਜਈ 1:1 - 2:23
  • ਹੱਜਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹੱਜਈ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹੱਜਈ

ਹੱਜਈ

1 ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਹੱਜਈ*+ ਨਬੀ ਦੇ ਜ਼ਰੀਏ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਜ਼ਰੁਬਾਬਲ ਯਹੂਦਾਹ ਦਾ ਰਾਜਪਾਲ ਸੀ ਅਤੇ ਯਹੋਸ਼ੁਆ ਮਹਾਂ ਪੁਜਾਰੀ ਸੀ। ਉਨ੍ਹਾਂ ਨੂੰ ਇਹ ਸੰਦੇਸ਼ ਮਿਲਿਆ:

2 “ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਇਹ ਲੋਕ ਕਹਿੰਦੇ ਹਨ, “ਯਹੋਵਾਹ ਦੇ ਘਰ* ਨੂੰ ਬਣਾਉਣ* ਦਾ ਅਜੇ ਸਮਾਂ ਨਹੀਂ ਆਇਆ।”’”+

3 ਹੱਜਈ+ ਨਬੀ ਦੇ ਜ਼ਰੀਏ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਆਇਆ: 4 “ਕੀ ਇਹ ਸਮਾਂ ਹੈ ਕਿ ਤੁਸੀਂ ਆਪ ਤਾਂ ਸੋਹਣੀ ਲੱਕੜ ਨਾਲ ਸਜਾਏ ਘਰਾਂ ਵਿਚ ਰਹੋ, ਜਦ ਕਿ ਮੇਰਾ ਘਰ ਵੀਰਾਨ ਪਿਆ ਹੈ?+ 5 ਹੁਣ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਜ਼ਰਾ ਧਿਆਨ ਦਿਓ ਕਿ ਤੁਸੀਂ ਕਰ ਕੀ ਰਹੇ ਹੋ। 6 ਤੁਸੀਂ ਬਹੁਤ ਸਾਰਾ ਬੀ ਬੀਜਦੇ ਹੋ, ਪਰ ਥੋੜ੍ਹਾ ਵੱਢਦੇ ਹੋ।+ ਤੁਸੀਂ ਖਾਂਦੇ ਤਾਂ ਹੋ, ਪਰ ਤੁਹਾਡਾ ਢਿੱਡ ਨਹੀਂ ਭਰਦਾ। ਤੁਸੀਂ ਦਾਖਰਸ ਪੀਂਦੇ ਤਾਂ ਹੋ, ਪਰ ਤੁਹਾਡੇ ਕੋਲ ਜ਼ਿਆਦਾ ਦਾਖਰਸ ਨਹੀਂ। ਤੁਸੀਂ ਕੱਪੜੇ ਤਾਂ ਪਾਉਂਦੇ ਹੋ, ਪਰ ਤੁਹਾਨੂੰ ਨਿੱਘ ਨਹੀਂ ਮਿਲਦਾ। ਮਜ਼ਦੂਰ ਆਪਣੀ ਕਮਾਈ ਅਜਿਹੀ ਥੈਲੀ ਵਿਚ ਪਾਉਂਦਾ ਹੈ ਜਿਸ ਵਿਚ ਬਹੁਤ ਸਾਰੇ ਛੇਕ ਹਨ।’”

7 “ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਜ਼ਰਾ ਧਿਆਨ ਦਿਓ ਕਿ ਤੁਸੀਂ ਕਰ ਕੀ ਰਹੇ ਹੋ।’

8 “‘ਪਹਾੜ ʼਤੇ ਜਾਓ ਅਤੇ ਉੱਥੋਂ ਲੱਕੜ ਲੈ ਕੇ ਆਓ+ ਅਤੇ ਮੇਰਾ ਘਰ ਬਣਾਓ+ ਤਾਂਕਿ ਮੈਨੂੰ ਇਸ ਘਰ ਤੋਂ ਖ਼ੁਸ਼ੀ ਹੋਵੇ ਅਤੇ ਮੇਰੀ ਮਹਿਮਾ ਹੋਵੇ,’+ ਯਹੋਵਾਹ ਕਹਿੰਦਾ ਹੈ।”

9 “‘ਤੁਸੀਂ ਜ਼ਿਆਦਾ ਫ਼ਸਲ ਦੀ ਉਮੀਦ ਰੱਖੀ, ਪਰ ਫ਼ਸਲ ਥੋੜ੍ਹੀ ਹੋਈ; ਜਦ ਤੁਸੀਂ ਫ਼ਸਲ ਘਰ ਲੈ ਕੇ ਆਏ, ਤਾਂ ਮੈਂ ਫੂਕ ਮਾਰ ਕੇ ਉਡਾ ਦਿੱਤੀ।+ ਮੈਂ ਇਸ ਤਰ੍ਹਾਂ ਕਿਉਂ ਕੀਤਾ?’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। ‘ਕਿਉਂਕਿ ਮੇਰਾ ਘਰ ਵੀਰਾਨ ਪਿਆ ਹੈ, ਪਰ ਤੁਸੀਂ ਸਾਰੇ ਆਪੋ-ਆਪਣੇ ਘਰਾਂ ਦੀ ਦੇਖ-ਭਾਲ ਕਰਨ ਵਿਚ ਰੁੱਝੇ ਹੋਏ ਹੋ।+ 10 ਇਸੇ ਲਈ ਆਕਾਸ਼ ਨੇ ਆਪਣੀ ਤ੍ਰੇਲ ਰੋਕ ਰੱਖੀ ਅਤੇ ਧਰਤੀ ਨੇ ਆਪਣੀ ਪੈਦਾਵਾਰ ਨਹੀਂ ਦਿੱਤੀ। 11 ਮੈਂ ਧਰਤੀ ਅਤੇ ਪਹਾੜਾਂ ʼਤੇ ਸੋਕਾ ਪਾਇਆ ਜਿਸ ਕਰਕੇ ਅਨਾਜ, ਨਵੇਂ ਦਾਖਰਸ, ਤੇਲ ਅਤੇ ਜ਼ਮੀਨ ਦੀ ਹੋਰ ਪੈਦਾਵਾਰ ਵਿਚ ਕਮੀ ਆਈ। ਤੁਸੀਂ ਅਤੇ ਤੁਹਾਡੇ ਜਾਨਵਰ ਕਸ਼ਟ ਸਹਿੰਦੇ ਹਨ ਅਤੇ ਤੁਹਾਡੀ ਮਿਹਨਤ ਵਿਅਰਥ ਜਾਂਦੀ ਹੈ।’”

12 ਸ਼ਾਲਤੀਏਲ+ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ+ ਦੇ ਪੁੱਤਰ ਯਹੋਸ਼ੁਆ, ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੀ ਅਤੇ ਹੱਜਈ ਨਬੀ ਦਾ ਸੰਦੇਸ਼ ਸੁਣਿਆ ਕਿਉਂਕਿ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਘੱਲਿਆ ਸੀ। ਇਸ ਕਰਕੇ ਲੋਕ ਯਹੋਵਾਹ ਦਾ ਡਰ ਮੰਨਣ ਲੱਗੇ।

13 ਫਿਰ ਯਹੋਵਾਹ ਦੇ ਦੂਤ* ਹੱਜਈ ਨੇ ਯਹੋਵਾਹ ਦੇ ਹੁਕਮ ਅਨੁਸਾਰ ਲੋਕਾਂ ਨੂੰ ਇਹ ਸੰਦੇਸ਼ ਦਿੱਤਾ: “‘ਮੈਂ ਤੁਹਾਡੇ ਨਾਲ ਹਾਂ,’+ ਯਹੋਵਾਹ ਕਹਿੰਦਾ ਹੈ।”

14 ਯਹੋਵਾਹ ਨੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਜੋ ਯਹੂਦਾਹ ਦਾ ਰਾਜਪਾਲ ਹੈ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ,+ ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੂੰ ਪ੍ਰੇਰਿਆ।+ ਇਸ ਲਈ ਉਨ੍ਹਾਂ ਨੇ ਆ ਕੇ ਸੈਨਾਵਾਂ ਦੇ ਯਹੋਵਾਹ, ਹਾਂ, ਆਪਣੇ ਪਰਮੇਸ਼ੁਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।+ 15 ਉਨ੍ਹਾਂ ਨੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੀ 24 ਤਾਰੀਖ਼ ਨੂੰ ਸ਼ੁਰੂ ਕੀਤਾ।+

2 ਹੱਜਈ ਨਬੀ ਦੇ ਜ਼ਰੀਏ ਸੱਤਵੇਂ ਮਹੀਨੇ ਦੀ 21 ਤਾਰੀਖ਼ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ,+ 2 “ਕਿਰਪਾ ਕਰ ਕੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ,+ ਜੋ ਯਹੂਦਾਹ ਦਾ ਰਾਜਪਾਲ ਹੈ+ ਅਤੇ ਯਹੋਸਾਦਾਕ+ ਦੇ ਪੁੱਤਰ ਯਹੋਸ਼ੁਆ,+ ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਲੋਕਾਂ ਨੂੰ ਪੁੱਛ: 3 ‘ਤੁਹਾਡੇ ਵਿੱਚੋਂ ਕਿਨ੍ਹਾਂ ਨੇ ਇਸ ਘਰ* ਦੀ ਪਹਿਲੀ ਸ਼ਾਨੋ-ਸ਼ੌਕਤ ਦੇਖੀ ਸੀ?+ ਹੁਣ ਇਹ ਘਰ ਦੇਖਣ ਨੂੰ ਕਿਸ ਤਰ੍ਹਾਂ ਦਾ ਲੱਗਦਾ? ਕੀ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇਸ ਦੀ ਸ਼ਾਨੋ-ਸ਼ੌਕਤ ਪਹਿਲਾਂ ਦੇ ਮੁਕਾਬਲੇ ਕੁਝ ਵੀ ਨਹੀਂ?’+

4 “ਯਹੋਵਾਹ ਕਹਿੰਦਾ ਹੈ, ‘ਜ਼ਰੁਬਾਬਲ, ਹੁਣ ਤੂੰ ਦਲੇਰ ਬਣ ਅਤੇ ਮਹਾਂ ਪੁਜਾਰੀ ਯਹੋਸ਼ੁਆ, ਯਹੋਸਾਦਾਕ ਦੇ ਪੁੱਤਰ, ਤੂੰ ਦਲੇਰ ਬਣ।’

“‘ਅਤੇ ਦੇਸ਼ ਦੇ ਸਾਰੇ ਲੋਕੋ, ਦਲੇਰ ਬਣੋ ਅਤੇ ਕੰਮ ਕਰੋ,’+ ਯਹੋਵਾਹ ਕਹਿੰਦਾ ਹੈ।

“‘ਕਿਉਂਕਿ ਮੈਂ ਤੁਹਾਡੇ ਨਾਲ ਹਾਂ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 5 ‘ਯਾਦ ਕਰੋ ਕਿ ਜਦ ਤੁਸੀਂ ਮਿਸਰ ਤੋਂ ਆਏ ਸੀ, ਤਾਂ ਮੈਂ ਤੁਹਾਡੇ ਨਾਲ ਕੀ ਵਾਅਦਾ ਕੀਤਾ ਸੀ+ ਅਤੇ ਮੈਂ ਅੱਜ ਵੀ ਆਪਣੀ ਸ਼ਕਤੀ ਨਾਲ ਤੁਹਾਡੀ ਅਗਵਾਈ ਕਰ ਰਿਹਾ ਹਾਂ।*+ ਨਾ ਡਰੋ।’”+

6 “ਕਿਉਂਕਿ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਕੁਝ ਸਮੇਂ ਬਾਅਦ ਮੈਂ ਇਕ ਵਾਰ ਫਿਰ ਆਕਾਸ਼, ਧਰਤੀ, ਸਮੁੰਦਰ ਅਤੇ ਸੁੱਕੀ ਜ਼ਮੀਨ ਨੂੰ ਹਿਲਾਵਾਂਗਾ।’+

7 “‘ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ* ਚੀਜ਼ਾਂ ਆਉਣਗੀਆਂ;+ ਮੈਂ ਇਸ ਘਰ ਨੂੰ ਸ਼ਾਨੋ-ਸ਼ੌਕਤ ਨਾਲ ਭਰ ਦਿਆਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

8 “‘ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

9 “‘ਭਵਿੱਖ ਵਿਚ ਇਸ ਘਰ ਦੀ ਸ਼ਾਨੋ-ਸ਼ੌਕਤ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗੀ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

“‘ਅਤੇ ਇਸ ਜਗ੍ਹਾ ਮੈਂ ਸ਼ਾਂਤੀ ਕਾਇਮ ਕਰਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”

10 ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਨੌਵੇਂ ਮਹੀਨੇ ਦੀ 24 ਤਾਰੀਖ਼ ਨੂੰ ਹੱਜਈ ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 11 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਕਿਰਪਾ ਕਰ ਕੇ ਪੁਜਾਰੀਆਂ ਤੋਂ ਕਾਨੂੰਨ ਸੰਬੰਧੀ ਇਹ ਗੱਲ ਪੁੱਛ:+ 12 “ਜੇ ਕੋਈ ਆਦਮੀ ਆਪਣੇ ਕੱਪੜੇ ਦੇ ਪੱਲੇ ਵਿਚ ਪਵਿੱਤਰ ਬਲ਼ੀ ਦਾ ਮਾਸ ਲਿਜਾ ਰਿਹਾ ਹੋਵੇ ਅਤੇ ਉਸ ਦਾ ਕੱਪੜਾ ਰੋਟੀ ਜਾਂ ਤਰੀ ਜਾਂ ਦਾਖਰਸ ਜਾਂ ਤੇਲ ਜਾਂ ਕਿਸੇ ਹੋਰ ਖਾਣ ਵਾਲੀ ਚੀਜ਼ ਨੂੰ ਛੂਹ ਜਾਵੇ, ਤਾਂ ਕੀ ਉਹ ਚੀਜ਼ ਪਵਿੱਤਰ ਹੋ ਜਾਵੇਗੀ?”’”

ਪੁਜਾਰੀਆਂ ਨੇ ਜਵਾਬ ਦਿੱਤਾ: “ਨਹੀਂ!”

13 ਫਿਰ ਹੱਜਈ ਨੇ ਪੁੱਛਿਆ: “ਜੇ ਕੋਈ ਇਨਸਾਨ ਕਿਸੇ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਜਾਵੇ ਅਤੇ ਫਿਰ ਉਹ ਇਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਛੂਹ ਲਵੇ, ਤਾਂ ਕੀ ਉਹ ਚੀਜ਼ ਅਸ਼ੁੱਧ ਹੋ ਜਾਵੇਗੀ?”+

ਪੁਜਾਰੀਆਂ ਨੇ ਕਿਹਾ: “ਹਾਂ, ਅਸ਼ੁੱਧ ਹੋ ਜਾਵੇਗੀ।”

14 ਹੱਜਈ ਨੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਇਸੇ ਤਰ੍ਹਾਂ ਇਹ ਲੋਕ ਅਤੇ ਇਹ ਕੌਮ ਮੇਰੀਆਂ ਨਜ਼ਰਾਂ ਵਿਚ ਅਸ਼ੁੱਧ ਹੈ ਅਤੇ ਇਸੇ ਤਰ੍ਹਾਂ ਇਨ੍ਹਾਂ ਦੇ ਸਾਰੇ ਕੰਮ ਅਸ਼ੁੱਧ ਹਨ; ਇਹ ਲੋਕ ਜੋ ਵੀ ਭੇਟਾਂ ਚੜ੍ਹਾਉਂਦੇ ਹਨ, ਉਹ ਅਸ਼ੁੱਧ ਹਨ।’

15 “‘ਪਰ ਹੁਣ ਕਿਰਪਾ ਕਰ ਕੇ ਅੱਜ ਤੋਂ ਇਸ ਗੱਲ ਵੱਲ ਧਿਆਨ ਦਿਓ: ਯਹੋਵਾਹ ਦੇ ਮੰਦਰ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਹੋਣ ਤੋਂ+ 16 ਪਹਿਲਾਂ ਕੀ ਹੁੰਦਾ ਸੀ? ਤੁਸੀਂ ਉਮੀਦ ਰੱਖਦੇ ਸੀ ਕਿ ਅਨਾਜ ਦੇ ਢੇਰ ਵਿੱਚੋਂ 20 ਬੋਰੀਆਂ ਨਿਕਲਣਗੀਆਂ, ਪਰ ਨਿਕਲਦੀਆਂ ਸਿਰਫ਼ 10 ਸਨ। ਤੁਸੀਂ ਉਮੀਦ ਰੱਖਦੇ ਸੀ ਕਿ ਚੁਬੱਚੇ ਵਿੱਚੋਂ 50 ਘੜੇ ਦਾਖਰਸ ਨਿਕਲੇਗਾ, ਪਰ ਨਿਕਲਦੇ ਸਿਰਫ਼ 20 ਸਨ।+ 17 ਮੈਂ ਲੂ, ਉੱਲੀ+ ਅਤੇ ਗੜਿਆਂ ਨਾਲ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਨੁਕਸਾਨ ਪਹੁੰਚਾਇਆ, ਪਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਵੱਲ ਨਹੀਂ ਮੁੜਿਆ,’ ਯਹੋਵਾਹ ਕਹਿੰਦਾ ਹੈ।

18 “‘ਅੱਜ ਨੌਵੇਂ ਮਹੀਨੇ ਦੀ 24 ਤਾਰੀਖ਼ ਨੂੰ ਯਹੋਵਾਹ ਦੇ ਮੰਦਰ ਦੀ ਨੀਂਹ ਰੱਖੀ ਗਈ ਹੈ।+ ਕਿਰਪਾ ਕਰ ਕੇ ਤੁਸੀਂ ਧਿਆਨ ਦਿਓ ਕਿ ਅੱਜ ਤੋਂ ਕੀ ਹੋਵੇਗਾ। 19 ਅਨਾਜ ਦੇ ਭੰਡਾਰ ਵਿਚ ਕੋਈ ਬੀ ਨਹੀਂ ਬਚਿਆ ਹੈ+ ਅਤੇ ਅੰਗੂਰਾਂ ਦੀਆਂ ਵੇਲਾਂ, ਅੰਜੀਰ, ਅਨਾਰ ਅਤੇ ਜ਼ੈਤੂਨ ਦੇ ਦਰਖ਼ਤਾਂ ਨੇ ਅਜੇ ਤਕ ਕੋਈ ਫਲ ਨਹੀਂ ਦਿੱਤਾ ਹੈ। ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ।’”+

20 ਉਸ ਮਹੀਨੇ ਦੀ 24 ਤਾਰੀਖ਼ ਨੂੰ ਹੱਜਈ ਨੂੰ ਯਹੋਵਾਹ ਦਾ ਸੰਦੇਸ਼ ਦੂਸਰੀ ਵਾਰ ਮਿਲਿਆ:+ 21 “ਯਹੂਦਾਹ ਦੇ ਰਾਜਪਾਲ ਜ਼ਰੁਬਾਬਲ ਨੂੰ ਕਹਿ, ‘ਮੈਂ ਆਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ।+ 22 ਮੈਂ ਰਾਜਿਆਂ ਦੇ ਸਿੰਘਾਸਣ ਪਲਟਾ ਦਿਆਂਗਾ ਅਤੇ ਕੌਮਾਂ ਦੀਆਂ ਹਕੂਮਤਾਂ ਦੀ ਤਾਕਤ ਨੂੰ ਖ਼ਤਮ ਕਰ ਦਿਆਂਗਾ;+ ਮੈਂ ਰਥਾਂ ਨੂੰ ਉਨ੍ਹਾਂ ਦੇ ਸਵਾਰਾਂ ਸਣੇ ਉਲਟਾ ਦਿਆਂਗਾ ਅਤੇ ਘੋੜੇ ਆਪਣੇ ਸਵਾਰਾਂ ਸਣੇ ਡਿਗ ਜਾਣਗੇ। ਉਹ ਇਕ-ਦੂਜੇ ਨੂੰ ਤਲਵਾਰ ਨਾਲ ਵੱਢ ਦੇਣਗੇ।’”+

23 “‘ਉਸ ਦਿਨ’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਜ਼ਰੁਬਾਬਲ,+ ਸ਼ਾਲਤੀਏਲ ਦੇ ਪੁੱਤਰ,+ ਮੈਂ ਤੈਨੂੰ ਸੱਦਾਂਗਾ,’ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਤੈਨੂੰ ਮੁਹਰ ਵਾਲੀ ਅੰਗੂਠੀ ਵਾਂਗ ਰੱਖਾਂਗਾ ਕਿਉਂਕਿ ਮੈਂ ਤੈਨੂੰ ਹੀ ਚੁਣਿਆ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”

ਮਤਲਬ “ਤਿਉਹਾਰ ਦੇ ਦਿਨ ਪੈਦਾ ਹੋਇਆ।”

ਜਾਂ, “ਮੰਦਰ।”

ਜਾਂ, “ਦੁਬਾਰਾ ਬਣਾਉਣ।”

ਜਾਂ, “ਸੰਦੇਸ਼ ਦੇਣ ਵਾਲੇ।”

ਜਾਂ, “ਮੰਦਰ।”

ਜਾਂ ਸੰਭਵ ਹੈ, “ਅਤੇ ਜਦੋਂ ਮੇਰੀ ਸ਼ਕਤੀ ਤੁਹਾਡੇ ਵਿਚ ਖੜ੍ਹੀ ਸੀ।”

ਜਾਂ, “ਮਨਭਾਉਂਦੀਆਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ