ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 2 ਥੱਸਲੁਨੀਕੀਆਂ 1:1 - 3:18
  • 2 ਥੱਸਲੁਨੀਕੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2 ਥੱਸਲੁਨੀਕੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
2 ਥੱਸਲੁਨੀਕੀਆਂ

ਥੱਸਲੁਨੀਕੀਆਂ ਨੂੰ ਦੂਜੀ ਚਿੱਠੀ

1 ਮੈਂ ਪੌਲੁਸ, ਸਿਲਵਾਨੁਸ* ਅਤੇ ਤਿਮੋਥਿਉਸ+ ਨਾਲ ਮਿਲ ਕੇ ਇਹ ਚਿੱਠੀ ਥੱਸਲੁਨੀਕੀਆਂ ਦੀ ਮੰਡਲੀ ਨੂੰ ਲਿਖ ਰਿਹਾ ਹਾਂ ਜਿਹੜੀ ਸਾਡੇ ਪਿਤਾ ਪਰਮੇਸ਼ੁਰ ਨਾਲ ਅਤੇ ਪ੍ਰਭੂ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੀ ਹੋਈ ਹੈ:

2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਪਣੀ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।

3 ਭਰਾਵੋ, ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ। ਇਸ ਤਰ੍ਹਾਂ ਕਰਨਾ ਸਹੀ ਹੈ ਕਿਉਂਕਿ ਤੁਹਾਡੀ ਨਿਹਚਾ ਬਹੁਤ ਪੱਕੀ ਹੋ ਰਹੀ ਹੈ ਅਤੇ ਇਕ-ਦੂਜੇ ਲਈ ਤੁਹਾਡਾ ਸਾਰਿਆਂ ਦਾ ਪਿਆਰ ਵੀ ਵਧ ਰਿਹਾ ਹੈ।+ 4 ਇਸ ਕਰਕੇ ਅਸੀਂ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਤੁਹਾਡੇ ਬਾਰੇ ਮਾਣ ਨਾਲ ਗੱਲ ਕਰਦੇ ਹਾਂ+ ਕਿਉਂਕਿ ਤੁਸੀਂ ਇੰਨੇ ਅਤਿਆਚਾਰ ਅਤੇ ਮੁਸ਼ਕਲਾਂ* ਧੀਰਜ ਨਾਲ ਸਹਿ ਰਹੇ ਹੋ+ ਅਤੇ ਤੁਸੀਂ ਆਪਣੀ ਨਿਹਚਾ ਵੀ ਪੱਕੀ ਰੱਖੀ ਹੋਈ ਹੈ। 5 ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਸਹੀ ਨਿਆਂ ਕਰਦਾ ਹੈ ਅਤੇ ਇਸੇ ਕਰਕੇ ਤੁਹਾਨੂੰ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਯੋਗ ਗਿਣਿਆ ਗਿਆ ਹੈ ਜਿਸ ਵਾਸਤੇ ਤੁਸੀਂ ਦੁੱਖ ਝੱਲ ਰਹੇ ਹੋ।+

6 ਪਰਮੇਸ਼ੁਰ ਦਾ ਇਹ ਨਿਆਂ ਸਹੀ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਦੁੱਖ ਦੇਵੇ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ।+ 7 ਪਰ ਤੁਸੀਂ ਜਿਹੜੇ ਦੁੱਖ ਝੱਲ ਰਹੇ ਹੋ, ਪਰਮੇਸ਼ੁਰ ਤੁਹਾਨੂੰ ਸਾਡੇ ਨਾਲ ਉਦੋਂ ਆਰਾਮ ਦੇਵੇਗਾ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ।+ 8 ਉਸ ਵੇਲੇ ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਜਿਹੜੇ ਸਾਡੇ ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ।+ 9 ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।+ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਉਸ ਦੀ ਸ਼ਾਨਦਾਰ ਤਾਕਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ। 10 ਇਹ ਉਦੋਂ ਹੋਵੇਗਾ ਜਦੋਂ ਪ੍ਰਭੂ ਨੂੰ ਉਸ ਦੇ ਪਵਿੱਤਰ ਸੇਵਕਾਂ ਦੇ ਨਾਲ ਮਹਿਮਾ ਦਿੱਤੀ ਜਾਵੇਗੀ ਅਤੇ ਉਸ ਉੱਤੇ ਨਿਹਚਾ ਕਰਨ ਵਾਲੇ ਲੋਕ ਉਸ ਦਿਨ ਉਸ ਦੀ ਤਾਰੀਫ਼ ਕਰਨਗੇ। ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਹੋਵੋਗੇ ਕਿਉਂਕਿ ਤੁਸੀਂ ਸਾਡੇ ਦੁਆਰਾ ਦਿੱਤੀ ਗਵਾਹੀ ਉੱਤੇ ਨਿਹਚਾ ਕੀਤੀ ਹੈ।

11 ਇਸੇ ਕਰਕੇ ਅਸੀਂ ਤੁਹਾਡੇ ਲਈ ਹਮੇਸ਼ਾ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੁਹਾਨੂੰ ਉਸ ਸੱਦੇ ਦੇ ਯੋਗ ਸਮਝੇ+ ਜੋ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਜੋ ਚੰਗੇ ਕੰਮ ਕਰਨੇ ਚਾਹੁੰਦਾ ਹੈ, ਉਨ੍ਹਾਂ ਨੂੰ ਆਪਣੀ ਤਾਕਤ ਨਾਲ ਪੂਰਾ ਕਰੇ ਅਤੇ ਤੁਹਾਡੇ ਹਰ ਕੰਮ ਨੂੰ ਵੀ ਸਫ਼ਲ ਕਰੇ ਜੋ ਤੁਸੀਂ ਨਿਹਚਾ ਰੱਖਣ ਕਰਕੇ ਕਰ ਰਹੇ ਹੋ। 12 ਇਹ ਇਸ ਲਈ ਹੋਵੇ ਤਾਂਕਿ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਸਦਕਾ ਤੁਹਾਡੇ ਰਾਹੀਂ ਸਾਡੇ ਪ੍ਰਭੂ ਯਿਸੂ ਦੇ ਨਾਂ ਦੀ ਮਹਿਮਾ ਹੋਵੇ ਅਤੇ ਉਸ ਨਾਲ ਏਕਤਾ ਵਿਚ ਹੋਣ ਕਰਕੇ ਤੁਹਾਡੀ ਵੀ ਮਹਿਮਾ ਹੋਵੇ।

2 ਪਰ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ+ ਅਤੇ ਸਾਡੇ ਉਸ ਨਾਲ ਇਕੱਠੇ ਹੋਣ ਦੇ ਸੰਬੰਧ ਵਿਚ+ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ 2 ਜੇ ਕੋਈ ਇਹ ਦਾਅਵਾ ਕਰੇ ਕਿ ਯਹੋਵਾਹ* ਦਾ ਦਿਨ ਨੇੜੇ+ ਆ ਗਿਆ ਹੈ, ਤਾਂ ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ ਜਾਂ ਤੁਸੀਂ ਘਬਰਾ ਨਾ ਜਾਇਓ, ਭਾਵੇਂ ਇਹ ਦਾਅਵਾ ਉਨ੍ਹਾਂ ਸੰਦੇਸ਼ਾਂ*+ ਦੇ ਆਧਾਰ ʼਤੇ ਕੀਤਾ ਜਾਵੇ ਜੋ ਪਰਮੇਸ਼ੁਰ ਵੱਲੋਂ ਆਏ ਲੱਗਦੇ ਹਨ ਜਾਂ ਤੁਹਾਨੂੰ ਜ਼ਬਾਨੀ ਦੱਸੀਆਂ ਗੱਲਾਂ ਦੇ ਆਧਾਰ ʼਤੇ ਕੀਤਾ ਜਾਵੇ ਜਾਂ ਸਾਡੇ ਵੱਲੋਂ ਆਈ ਲੱਗਦੀ ਕਿਸੇ ਚਿੱਠੀ ਦੇ ਆਧਾਰ ʼਤੇ ਕੀਤਾ ਜਾਵੇ।

3 ਧਿਆਨ ਰੱਖੋ ਕਿ ਇਸ ਮਾਮਲੇ ਵਿਚ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਗੁਮਰਾਹ ਨਾ ਕਰੇ* ਕਿਉਂਕਿ ਉਸ ਦਿਨ ਦੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਹੋਵੇਗੀ+ ਅਤੇ ਉਸ ਦੁਸ਼ਟ ਬੰਦੇ+ ਯਾਨੀ ਵਿਨਾਸ਼ ਦੇ ਪੁੱਤਰ ਨੂੰ ਪ੍ਰਗਟ ਕੀਤਾ ਜਾਵੇਗਾ।+ 4 ਉਹ ਵਿਰੋਧੀ ਬੰਦਾ ਹਰ ਉਸ ਇਨਸਾਨ ਤੋਂ ਜਿਸ ਨੂੰ ਈਸ਼ਵਰ ਕਿਹਾ ਜਾਂਦਾ ਹੈ ਅਤੇ ਹਰ ਉਸ ਚੀਜ਼ ਤੋਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ “ਪਰਮੇਸ਼ੁਰ” ਦੇ ਮੰਦਰ ਵਿਚ ਬੈਠ ਕੇ ਲੋਕਾਂ ਸਾਮ੍ਹਣੇ ਆਪਣੇ ਆਪ ਨੂੰ ਈਸ਼ਵਰ ਕਹਿੰਦਾ ਹੈ। 5 ਕੀ ਤੁਹਾਨੂੰ ਯਾਦ ਨਹੀਂ ਕਿ ਤੁਹਾਡੇ ਨਾਲ ਹੁੰਦਿਆਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹੁੰਦਾ ਸੀ?

6 ਹੁਣ ਤੁਸੀਂ ਜਾਣਦੇ ਹੋ ਕਿ ਕਿਸ ਨੇ ਉਸ ਦੁਸ਼ਟ ਬੰਦੇ ਨੂੰ ਅਜੇ ਤਕ ਰੋਕ ਕੇ ਰੱਖਿਆ ਹੋਇਆ ਹੈ ਤਾਂਕਿ ਉਸ ਨੂੰ ਆਪਣੇ ਸਮੇਂ ਤੇ ਪ੍ਰਗਟ ਕੀਤਾ ਜਾਵੇ। 7 ਇਹ ਸੱਚ ਹੈ ਕਿ ਉਸ ਦੀ ਦੁਸ਼ਟਤਾ ਇਕ ਭੇਤ ਹੈ ਜੋ ਫੈਲਣੀ ਸ਼ੁਰੂ ਹੋ ਚੁੱਕੀ ਹੈ।+ ਇਹ ਭੇਤ ਉਦੋਂ ਤਕ ਹੀ ਲੁਕਿਆ ਰਹੇਗਾ ਜਦੋਂ ਤਕ ਉਸ ਨੂੰ ਹੁਣ ਰੋਕ ਕੇ ਰੱਖਣ ਵਾਲਾ ਖ਼ਤਮ ਨਹੀਂ ਹੋ ਜਾਂਦਾ। 8 ਇਸ ਤੋਂ ਬਾਅਦ ਉਸ ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ ਅਤੇ ਜਦੋਂ ਪ੍ਰਭੂ ਯਿਸੂ ਆਪਣੀ ਮੌਜੂਦਗੀ+ ਜ਼ਾਹਰ ਕਰੇਗਾ, ਤਾਂ ਉਸ ਨੂੰ ਆਪਣੇ ਮੂੰਹ ਦੇ ਸ਼ਕਤੀਸ਼ਾਲੀ ਬਚਨਾਂ+ ਨਾਲ ਨਾਸ਼ ਕਰ ਕੇ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। 9 ਪਰ ਉਸ ਦੁਸ਼ਟ ਬੰਦੇ ਦੀ ਮੌਜੂਦਗੀ ਸ਼ੈਤਾਨ ਕਰਕੇ ਹੀ ਹੈ+ ਜਿਹੜਾ ਉਸ ਤੋਂ ਚਮਤਕਾਰ ਤੇ ਕਰਾਮਾਤਾਂ ਕਰਾਉਂਦਾ ਹੈ ਅਤੇ ਝੂਠੀਆਂ ਨਿਸ਼ਾਨੀਆਂ ਦਿਖਾਉਂਦਾ ਹੈ+ 10 ਅਤੇ ਹਰ ਗ਼ਲਤ ਤਰੀਕਾ ਵਰਤ ਕੇ ਨਾਸ਼ ਹੋਣ ਵਾਲੇ ਲੋਕਾਂ ਨੂੰ ਧੋਖਾ ਦਿੰਦਾ ਹੈ।+ ਉਹ ਨਾਸ਼ ਹੋਣਗੇ ਕਿਉਂਕਿ ਉਨ੍ਹਾਂ ਨੇ ਸੱਚਾਈ ਨੂੰ ਨਾ ਤਾਂ ਕਬੂਲ ਕੀਤਾ ਅਤੇ ਨਾ ਹੀ ਪਿਆਰ ਕੀਤਾ ਜਿਸ ਦੁਆਰਾ ਉਹ ਬਚਾਏ ਜਾ ਸਕਦੇ ਸਨ। 11 ਇਸੇ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਝੂਠੀ ਸਿੱਖਿਆ ਨਾਲ ਗੁਮਰਾਹ ਹੋਣ ਦਿੱਤਾ ਤਾਂਕਿ ਉਹ ਝੂਠ ਨੂੰ ਸੱਚ ਮੰਨਣ+ 12 ਅਤੇ ਉਨ੍ਹਾਂ ਸਾਰਿਆਂ ਦਾ ਨਿਆਂ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਸੱਚਾਈ ਉੱਤੇ ਯਕੀਨ ਨਹੀਂ ਕੀਤਾ, ਸਗੋਂ ਉਹ ਬੁਰਾਈ ਤੋਂ ਖ਼ੁਸ਼ ਹੋਏ।

13 ਪਰ ਭਰਾਵੋ, ਯਹੋਵਾਹ* ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਤੁਹਾਨੂੰ ਮੁਕਤੀ ਪਾਉਣ ਲਈ ਚੁਣਿਆ ਹੈ।+ ਉਸ ਨੇ ਆਪਣੀ ਸ਼ਕਤੀ ਨਾਲ ਤੁਹਾਨੂੰ ਪਵਿੱਤਰ ਕਰ ਕੇ+ ਇਸ ਤਰ੍ਹਾਂ ਕੀਤਾ ਹੈ ਕਿਉਂਕਿ ਤੁਸੀਂ ਸੱਚਾਈ ਉੱਤੇ ਨਿਹਚਾ ਕਰਦੇ ਹੋ। 14 ਉਸ ਨੇ ਸਾਡੇ ਦੁਆਰਾ ਸੁਣਾਈ ਖ਼ੁਸ਼ ਖ਼ਬਰੀ ਰਾਹੀਂ ਤੁਹਾਨੂੰ ਇਸ ਮੁਕਤੀ ਵਾਸਤੇ ਸੱਦਿਆ ਤਾਂਕਿ ਤੁਹਾਨੂੰ ਵੀ ਸਾਡੇ ਪ੍ਰਭੂ ਯਿਸੂ ਮਸੀਹ ਵਾਂਗ ਮਹਿਮਾ ਦਿੱਤੀ ਜਾਵੇ।+ 15 ਇਸ ਲਈ ਭਰਾਵੋ, ਮਜ਼ਬੂਤੀ ਨਾਲ ਖੜ੍ਹੇ ਰਹੋ+ ਅਤੇ ਉਨ੍ਹਾਂ ਗੱਲਾਂ* ʼਤੇ ਪੱਕੇ ਰਹੋ ਜਿਹੜੀਆਂ ਅਸੀਂ ਤੁਹਾਨੂੰ ਸਿਖਾਈਆਂ ਹਨ,+ ਭਾਵੇਂ ਅਸੀਂ ਇਹ ਗੱਲਾਂ ਤੁਹਾਨੂੰ ਜ਼ਬਾਨੀ ਜਾਂ ਆਪਣੀ ਕਿਸੇ ਚਿੱਠੀ ਵਿਚ ਦੱਸੀਆਂ ਸਨ। 16 ਸਾਡਾ ਪਿਤਾ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ+ ਅਤੇ ਉਸ ਨੇ ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਹਮੇਸ਼ਾ ਰਹਿਣ ਵਾਲਾ ਦਿਲਾਸਾ ਦਿੱਤਾ ਹੈ ਅਤੇ ਇਕ ਸ਼ਾਨਦਾਰ ਉਮੀਦ ਵੀ ਦਿੱਤੀ ਹੈ।+ ਸਾਡੀ ਇਹੀ ਦੁਆ ਹੈ ਕਿ ਉਹ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਦੋਵੇਂ 17 ਤੁਹਾਡੇ ਦਿਲਾਂ ਨੂੰ ਦਿਲਾਸਾ ਦੇਣ ਅਤੇ ਤੁਹਾਨੂੰ ਤਕੜਾ ਕਰਨ ਤਾਂਕਿ ਤੁਸੀਂ ਉਹੀ ਕਰੋ ਅਤੇ ਕਹੋ ਜੋ ਚੰਗਾ ਹੈ।

3 ਅਖ਼ੀਰ ਵਿਚ ਭਰਾਵੋ, ਪ੍ਰਾਰਥਨਾ ਕਰਦੇ ਰਹੋ+ ਕਿ ਸਾਡੇ ਰਾਹੀਂ ਯਹੋਵਾਹ* ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ+ ਅਤੇ ਇਸ ਨੂੰ ਆਦਰ ਨਾਲ ਕਬੂਲ ਕੀਤਾ ਜਾਵੇ, ਠੀਕ ਜਿਵੇਂ ਤੁਸੀਂ ਕੀਤਾ ਹੈ। 2 ਇਹ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਨੂੰ ਖ਼ਤਰਨਾਕ ਅਤੇ ਦੁਸ਼ਟ ਇਨਸਾਨਾਂ ਤੋਂ ਬਚਾਵੇ+ ਕਿਉਂਕਿ ਸਾਰੇ ਲੋਕ ਨਿਹਚਾ ਨਹੀਂ ਕਰਦੇ।+ 3 ਪਰ ਪ੍ਰਭੂ ਵਫ਼ਾਦਾਰ ਹੈ ਅਤੇ ਉਹ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਸ਼ੈਤਾਨ* ਤੋਂ ਤੁਹਾਡੀ ਰੱਖਿਆ ਕਰੇਗਾ। 4 ਪ੍ਰਭੂ ਦੇ ਚੇਲੇ ਹੋਣ ਕਰਕੇ ਸਾਨੂੰ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਸਾਡੀਆਂ ਹਿਦਾਇਤਾਂ ਨੂੰ ਮੰਨਦੇ ਹੋ ਅਤੇ ਅੱਗੇ ਵੀ ਮੰਨਦੇ ਰਹੋਗੇ। 5 ਸਾਡੀ ਦੁਆ ਹੈ ਕਿ ਪ੍ਰਭੂ ਤੁਹਾਡੇ ਦਿਲਾਂ ਨੂੰ ਸਹੀ ਪਾਸੇ ਲਾਈ ਰੱਖੇ ਯਾਨੀ ਤੁਸੀਂ ਪਰਮੇਸ਼ੁਰ ਨਾਲ ਪਿਆਰ+ ਕਰਦੇ ਰਹੋ ਅਤੇ ਮਸੀਹ ਦੀ ਖ਼ਾਤਰ ਧੀਰਜ+ ਰੱਖੋ।

6 ਹੁਣ ਭਰਾਵੋ, ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਹਿਦਾਇਤਾਂ ਦਿੰਦੇ ਹਾਂ ਕਿ ਤੁਸੀਂ ਹਰ ਉਸ ਭਰਾ ਤੋਂ ਦੂਰ ਰਹੋ ਜਿਹੜਾ ਗ਼ਲਤ ਤਰੀਕੇ ਨਾਲ ਚੱਲਦਾ ਹੈ,+ ਨਾ ਕਿ ਉਨ੍ਹਾਂ ਹਿਦਾਇਤਾਂ* ਅਨੁਸਾਰ ਚੱਲਦਾ ਹੈ ਜਿਹੜੀਆਂ ਅਸੀਂ ਤੁਹਾਨੂੰ* ਦਿੱਤੀਆਂ ਹਨ।+ 7 ਤੁਸੀਂ ਆਪ ਜਾਣਦੇ ਹੋ ਕਿ ਤੁਹਾਨੂੰ ਸਾਡੀ ਮਿਸਾਲ ਉੱਤੇ ਕਿਵੇਂ ਚੱਲਣਾ ਚਾਹੀਦਾ ਹੈ+ ਕਿਉਂਕਿ ਅਸੀਂ ਤੁਹਾਡੇ ਵਿਚ ਰਹਿੰਦਿਆਂ ਗ਼ਲਤ ਤਰੀਕੇ ਨਾਲ ਨਹੀਂ ਚੱਲੇ 8 ਅਤੇ ਨਾ ਹੀ ਕਿਸੇ ਦੇ ਘਰੋਂ ਮੁਫ਼ਤ ਵਿਚ* ਰੋਟੀ ਖਾਧੀ।+ ਇਸ ਦੀ ਬਜਾਇ, ਅਸੀਂ ਦਿਨ-ਰਾਤ ਅਣਥੱਕ ਮਿਹਨਤ ਕੀਤੀ ਤਾਂਕਿ ਅਸੀਂ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+ 9 ਸਾਡੇ ਕੋਲ ਤੁਹਾਡੇ ਤੋਂ ਮਦਦ ਮੰਗਣ ਦਾ ਹੱਕ ਹੈ,+ ਫਿਰ ਵੀ ਅਸੀਂ ਇਸ ਹੱਕ ਨੂੰ ਇਸਤੇਮਾਲ ਨਹੀਂ ਕਰਦੇ ਤਾਂਕਿ ਅਸੀਂ ਤੁਹਾਡੇ ਲਈ ਮਿਸਾਲ ਬਣੀਏ।+ 10 ਅਸਲ ਵਿਚ, ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਇਹ ਹੁਕਮ ਦਿੰਦੇ ਹੁੰਦੇ ਸੀ: “ਜਿਹੜਾ ਇਨਸਾਨ ਕੰਮ ਨਹੀਂ ਕਰਨਾ ਚਾਹੁੰਦਾ, ਉਸ ਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ।”+ 11 ਅਸੀਂ ਸੁਣਿਆ ਹੈ ਕਿ ਤੁਹਾਡੇ ਵਿਚ ਕੁਝ ਜਣੇ ਗ਼ਲਤ ਤਰੀਕੇ ਨਾਲ ਚੱਲਦੇ ਹਨ+ ਅਤੇ ਕੋਈ ਕੰਮ ਨਹੀਂ ਕਰਦੇ, ਸਗੋਂ ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੇ ਹਨ।+ 12 ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਹੁਕਮ ਦਿੰਦੇ ਹਾਂ ਅਤੇ ਤਾਕੀਦ ਕਰਦੇ ਹਾਂ ਕਿ ਉਹ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰਨ ਅਤੇ ਆਪਣੇ ਹੱਥੀਂ ਕੰਮ ਕਰ ਕੇ ਰੋਟੀ ਖਾਣ।+

13 ਪਰ ਭਰਾਵੋ, ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਭਲੇ ਕੰਮ ਕਰਦਿਆਂ ਹਾਰ ਨਾ ਮੰਨੋ। 14 ਪਰ ਜੇ ਕੋਈ ਭਰਾ ਇਸ ਚਿੱਠੀ ਵਿਚ ਲਿਖੀਆਂ ਸਾਡੀਆਂ ਗੱਲਾਂ ਨੂੰ ਨਹੀਂ ਮੰਨਦਾ, ਤਾਂ ਉਸ ਉੱਤੇ ਨਜ਼ਰ ਰੱਖੋ ਅਤੇ ਉਸ ਨਾਲ ਮਿਲਣਾ-ਗਿਲਣਾ ਛੱਡ ਦਿਓ+ ਤਾਂਕਿ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। 15 ਪਰ ਉਸ ਨੂੰ ਆਪਣਾ ਦੁਸ਼ਮਣ ਨਾ ਸਮਝੋ, ਸਗੋਂ ਭਰਾ ਹੋਣ ਦੇ ਨਾਤੇ ਉਸ ਨੂੰ ਸਮਝਾਉਂਦੇ ਰਹੋ।+

16 ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪ੍ਰਭੂ ਹਰ ਤਰੀਕੇ ਨਾਲ ਤੁਹਾਨੂੰ ਹਮੇਸ਼ਾ ਸ਼ਾਂਤੀ ਬਖ਼ਸ਼ਦਾ ਰਹੇ+ ਅਤੇ ਪ੍ਰਭੂ ਤੁਹਾਡੇ ਸਾਰਿਆਂ ਨਾਲ ਹੋਵੇ।

17 ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।+ ਇਹ ਮੇਰੀ ਹਰ ਚਿੱਠੀ ਦੀ ਪਛਾਣ ਹੈ ਅਤੇ ਮੇਰੇ ਲਿਖਣ ਦਾ ਇਹੀ ਤਰੀਕਾ ਹੈ।

18 ਤੁਹਾਡੇ ਸਾਰਿਆਂ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਹੋਵੇ।

ਸੀਲਾਸ ਦਾ ਇਕ ਹੋਰ ਨਾਂ।

ਜਾਂ, “ਕਸ਼ਟ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਜਾਂ, “ਨਾ ਬਹਿਕਾਵੇ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਰੀਤਾਂ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਉਸ ਦੁਸ਼ਟ।”

ਜਾਂ, “ਰੀਤਾਂ।”

ਜਾਂ ਸੰਭਵ ਹੈ, “ਉਨ੍ਹਾਂ ਨੂੰ।”

ਜਾਂ, “ਪੈਸੇ ਦਿੱਤੇ ਬਿਨਾਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ