ਜਨਵਰੀ
ਸੋਮਵਾਰ 1 ਜਨਵਰੀ
ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਕਿਉਂਕਿ ਮਸੀਹ ਦੀ ਸੇਵਾ ਵਿਚ ਉਹ ਮੇਰਾ ਪਿਆਰਾ ਤੇ ਵਫ਼ਾਦਾਰ ਬੱਚਾ ਹੈ।—1 ਕੁਰਿੰ. 4:17.
ਤਿਮੋਥਿਉਸ ਯਹੋਵਾਹ ਦਾ ਵਧੀਆ ਸੇਵਕ ਕਿਉਂ ਸੀ? ਉਸ ਵਿਚ ਸ਼ਾਨਦਾਰ ਮਸੀਹੀ ਗੁਣ ਸਨ। (ਫ਼ਿਲਿ. 2:19-22) ਪੌਲੁਸ ਰਸੂਲ ਨੇ ਤਿਮੋਥਿਉਸ ਬਾਰੇ ਜੋ ਲਿਖਿਆ ਉਸ ਤੋਂ ਪਤਾ ਲੱਗਦਾ ਹੈ ਕਿ ਤਿਮੋਥਿਉਸ ਨਿਮਰ, ਵਫ਼ਾਦਾਰ, ਮਿਹਨਤੀ ਅਤੇ ਭਰੋਸੇਮੰਦ ਸੀ। ਉਹ ਭੈਣਾਂ-ਭਰਾਵਾਂ ਦੀ ਦਿਲੋਂ ਪਰਵਾਹ ਕਰਦਾ ਸੀ। ਇਸੇ ਕਰਕੇ ਪੌਲੁਸ ਤਿਮੋਥਿਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨੇ ਤਿਮੋਥਿਉਸ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਵੀ ਪਿਆਰ ਕਰਦਾ ਹੈ ਅਤੇ ਅਸੀਂ ਭੈਣਾਂ-ਭਰਾਵਾਂ ਦੀ ਹੋਰ ਜ਼ਿਆਦਾ ਮਦਦ ਕਰ ਸਕਦੇ ਹਾਂ। (ਜ਼ਬੂ. 25:9; 138:6) ਇਸ ਲਈ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰੋ ਕਿ ਤੁਹਾਨੂੰ ਆਪਣੇ ਅੰਦਰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਫਿਰ ਇਕ ਅਜਿਹੇ ਗੁਣ ਬਾਰੇ ਸੋਚੋ ਜੋ ਤੁਸੀਂ ਵਧਾਉਣਾ ਚਾਹੁੰਦੇ ਹੋ। ਕੀ ਤੁਸੀਂ ਹੋਰ ਵੀ ਜ਼ਿਆਦਾ ਹਮਦਰਦ ਬਣ ਸਕਦੇ ਹੋ? ਜਾਂ ਕੀ ਤੁਸੀਂ ਭੈਣਾਂ-ਭਰਾਵਾਂ ਦੀ ਹੋਰ ਵੀ ਜ਼ਿਆਦਾ ਮਦਦ ਕਰਨ ਵਾਲੇ ਬਣ ਸਕਦੇ ਹੋ? ਕੀ ਤੁਸੀਂ ਦੂਸਰਿਆਂ ਨਾਲ ਹੋਰ ਵੀ ਜ਼ਿਆਦਾ ਸ਼ਾਂਤੀ ਕਾਇਮ ਕਰਨ ਵਾਲੇ ਅਤੇ ਮਾਫ਼ ਕਰਨ ਵਾਲੇ ਬਣ ਸਕਦੇ ਹੋ? ਤੁਸੀਂ ਸ਼ਾਇਦ ਆਪਣੇ ਕਿਸੇ ਭਰੋਸੇਮੰਦ ਦੋਸਤ ਤੋਂ ਸਲਾਹ ਲੈ ਸਕਦੇ ਹੋ ਕਿ ਤੁਹਾਨੂੰ ਆਪਣੇ ਵਿਚ ਹੋਰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।—ਕਹਾ. 27:6. w22.04 23 ਪੈਰੇ 4-5
ਮੰਗਲਵਾਰ 2 ਜਨਵਰੀ
ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ।—ਗਲਾ. 6:4.
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ। ਅਸੀਂ ਇਹ ਗੱਲ ਇਸ ਲਈ ਜਾਣਦੇ ਹਾਂ ਕਿਉਂਕਿ ਖ਼ੁਸ਼ੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਨਾਲੇ ਇਹ ਵੀ ਗੱਲ ਸੱਚ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਸ ਲਈ ਜਦੋਂ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਰਸੂ. 20:35) ਅੱਜ ਦੇ ਹਵਾਲੇ ਵਿਚ ਪੌਲੁਸ ਰਸੂਲ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਾਂ। ਪਹਿਲੀ ਗੱਲ, ਅਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ। (ਮੱਤੀ 22:36-38) ਦੂਜੀ ਗੱਲ, ਸਾਨੂੰ ਕਦੇ ਵੀ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ। ਆਪਣੀ ਸਿਹਤ, ਸਿਖਲਾਈ ਜਾਂ ਕਾਬਲੀਅਤਾਂ ਕਰਕੇ ਅਸੀਂ ਜੋ ਕੁਝ ਵੀ ਕਰ ਪਾਉਂਦੇ ਹਾਂ, ਉਸ ਲਈ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਜੇ ਦੂਸਰੇ ਭੈਣ-ਭਰਾ ਸੇਵਾ ਦੇ ਕਿਸੇ ਪਹਿਲੂ ਵਿਚ ਸਾਡੇ ਨਾਲੋਂ ਜ਼ਿਆਦਾ ਵਧੀਆ ਹਨ, ਤਾਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਹੁਨਰ ਆਪਣੇ ਆਪ ਨੂੰ ਵਡਿਆਉਣ ਲਈ ਜਾਂ ਆਪਣੇ ਸੁਆਰਥ ਪੂਰੇ ਕਰਨ ਲਈ ਨਹੀਂ, ਸਗੋਂ ਯਹੋਵਾਹ ਦੀ ਵਡਿਆਈ ਕਰਨ ਲਈ ਵਰਤ ਰਹੇ ਹਨ। w22.04 10 ਪੈਰੇ 1-2
ਬੁੱਧਵਾਰ 3 ਜਨਵਰੀ
ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।—ਲੂਕਾ 21:28.
ਅਚਾਨਕ ਹੀ ਝੂਠੇ ਧਰਮਾਂ ਦਾ ਨਾਸ਼ ਹੋ ਜਾਵੇਗਾ। ਇਹ ਦੇਖ ਕੇ ਸਾਰੀ ਦੁਨੀਆਂ ਦੰਗ ਰਹਿ ਜਾਵੇਗੀ। (ਪ੍ਰਕਾ. 18:8-10) ਮਹਾਂ ਬਾਬਲ ਦਾ ਨਾਸ਼ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦੇਵੇਗਾ ਅਤੇ ਇਸ ਨਾਲ ਸ਼ਾਇਦ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ। ਪਰ ਫਿਰ ਵੀ ਪਰਮੇਸ਼ੁਰ ਦੇ ਲੋਕਾਂ ਕੋਲ ਖ਼ੁਸ਼ ਹੋਣ ਦੇ ਦੋ ਕਾਰਨ ਹੋਣਗੇ। ਪਹਿਲਾ ਕਾਰਨ, ਲੰਬੇ ਸਮੇਂ ਤੋਂ ਯਹੋਵਾਹ ਪਰਮੇਸ਼ੁਰ ਦੇ ਦੁਸ਼ਮਣ ਰਹੇ ਇਸ ਮਹਾਂ ਬਾਬਲ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਵੇਗਾ। ਦੂਜਾ ਕਾਰਨ, ਸਾਨੂੰ ਬਹੁਤ ਛੇਤੀ ਇਸ ਦੁਸ਼ਟ ਦੁਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਅੰਤ ਦੇ ਸਮੇਂ ਵਿਚ “ਸੱਚਾ ਗਿਆਨ ਬਹੁਤ ਵਧ ਜਾਵੇਗਾ।” ਅੱਜ ਅਸੀਂ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਾਂ। ਸਾਨੂੰ ਅੰਤ ਦੇ ਸਮੇਂ ਬਾਰੇ ਭਵਿੱਖਬਾਣੀਆਂ ਦੀ ਡੂੰਘੀ ਸਮਝ ਦਿੱਤੀ ਗਈ ਹੈ। (ਦਾਨੀ. 12:4, 9, 10) ਜਦੋਂ ਅਸੀਂ ਦੇਖਦੇ ਹਾਂ ਕਿ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਸੱਚੀਆਂ ਹਨ ਅਤੇ ਬਿਲਕੁਲ ਸਹੀ ਸਮੇਂ ʼਤੇ ਪੂਰੀਆਂ ਹੁੰਦੀਆਂ ਹਨ, ਤਾਂ ਸਾਡੇ ਦਿਲ ਵਿਚ ਯਹੋਵਾਹ ਅਤੇ ਉਸ ਦੇ ਬਚਨ ਲਈ ਕਦਰ ਹੋਰ ਵੀ ਵਧਦੀ ਹੈ। (ਯਸਾ. 46:10; 55:11) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਨੂੰ ਹੋਰ ਵੀ ਪੱਕਾ ਕਰਨ ਲਈ ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰੀਏ ਅਤੇ ਹੋਰ ਲੋਕਾਂ ਦੀ ਵੀ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਉਣ ਵਿਚ ਮਦਦ ਕਰੀਏ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਦੀ ਰਾਖੀ ਕਰੇਗਾ ਜੋ ਪੂਰੀ ਤਰ੍ਹਾਂ ਉਸ ʼਤੇ ਨਿਰਭਰ ਰਹਿੰਦੇ ਹਨ ਅਤੇ ਉਹ ‘ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਗਾ।’—ਯਸਾ. 26:3. w22.07 6-7 ਪੈਰੇ 16-17
ਵੀਰਵਾਰ 4 ਜਨਵਰੀ
ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।—ਪ੍ਰਕਾ. 16:16.
ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਗਿਆ ਹੈ ਅਤੇ ਸ਼ੈਤਾਨ ਨੂੰ ਧਰਤੀ ʼਤੇ ਸੁੱਟ ਦਿੱਤਾ ਗਿਆ ਹੈ। (ਪ੍ਰਕਾ. 12:1-9) ਇਸ ਕਰਕੇ ਸਵਰਗ ਵਿਚ ਸ਼ਾਂਤੀ ਹੋ ਗਈ ਹੈ, ਪਰ ਧਰਤੀ ʼਤੇ ਸਾਡੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਉਂ? ਕਿਉਂਕਿ ਸ਼ੈਤਾਨ ਬਹੁਤ ਗੁੱਸੇ ਵਿਚ ਹੈ ਅਤੇ ਉਹ ਵਫ਼ਾਦਾਰੀ ਨਾਲ ਸੇਵਾ ਕਰਨ ਵਾਲਿਆਂ ਉੱਤੇ ਆਪਣਾ ਗੁੱਸਾ ਕੱਢ ਰਿਹਾ ਹੈ। (ਪ੍ਰਕਾ. 12:12, 15, 17) ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਵੀ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? (ਪ੍ਰਕਾ. 13:10) ਇਕ ਗੱਲ ਜੋ ਸਾਡੀ ਵਫ਼ਾਦਾਰ ਰਹਿਣ ਵਿਚ ਮਦਦ ਕਰ ਸਕਦੀ ਹੈ, ਉਹ ਹੈ ਭਵਿੱਖ ਬਾਰੇ ਜਾਣਕਾਰੀ ਲੈਣੀ। ਉਦਾਹਰਣ ਲਈ, ਪ੍ਰਕਾਸ਼ ਦੀ ਕਿਤਾਬ ਵਿਚ ਯੂਹੰਨਾ ਰਸੂਲ ਨੇ ਭਵਿੱਖ ਵਿਚ ਮਿਲਣ ਵਾਲੀਆਂ ਕੁਝ ਬਰਕਤਾਂ ਬਾਰੇ ਦੱਸਿਆ ਸੀ ਜਿਨ੍ਹਾਂ ਦਾ ਅਸੀਂ ਛੇਤੀ ਹੀ ਮਜ਼ਾ ਲਵਾਂਗੇ। ਉਨ੍ਹਾਂ ਵਿੱਚੋਂ ਇਕ ਬਰਕਤ ਹੈ, ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦਾ ਨਾਸ਼। ਪ੍ਰਕਾਸ਼ ਦੀ ਕਿਤਾਬ ਦੀ ਪਹਿਲੀ ਆਇਤ ਵਿਚ ਦੱਸਿਆ ਗਿਆ ਹੈ ਕਿ ਇਸ ਕਿਤਾਬ ਵਿਚ ਦੱਸੀਆਂ ਗੱਲਾਂ “ਨਿਸ਼ਾਨੀਆਂ” ਰਾਹੀਂ ਸਮਝਾਈਆਂ ਗਈਆਂ ਹਨ।—ਪ੍ਰਕਾ. 1:1. w22.05 8 ਪੈਰੇ 1-3
ਸ਼ੁੱਕਰਵਾਰ 5 ਜਨਵਰੀ
ਆਖ਼ਰੀ ਦਿਨਾਂ ਵਿਚ ਮੈਂ ਤੈਨੂੰ ਆਪਣੇ ਦੇਸ਼ ਦੇ ਖ਼ਿਲਾਫ਼ ਲਿਆਵਾਂਗਾ ਤਾਂਕਿ ਜਦ ਮੈਂ ਤੇਰੇ ਰਾਹੀਂ ਕੌਮਾਂ ਸਾਮ੍ਹਣੇ ਆਪਣੀ ਪਵਿੱਤਰਤਾ ਜ਼ਾਹਰ ਕਰਾਂ, ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਕੌਣ ਹਾਂ।—ਹਿਜ਼. 38:16.
ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ਦੇਖ ਕੇ ਯਹੋਵਾਹ ਦੇ ਵਿਰੋਧੀ ਗੁੱਸੇ ਵਿਚ ਪਾਗਲ ਹੋ ਜਾਣਗੇ ਅਤੇ ਕੌਮਾਂ ਦਾ ਗਠਜੋੜ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰੇਗਾ। ਬਾਈਬਲ ਵਿਚ ਇਸ ਹਮਲੇ ਨੂੰ ਮਾਗੋਗ ਦੇ ਗੋਗ ਦਾ ਹਮਲਾ ਕਿਹਾ ਗਿਆ ਹੈ। (ਹਿਜ਼. 38:14, 15) ਆਪਣੇ ਲੋਕਾਂ ਉੱਤੇ ਹਮਲਾ ਹੋਣ ਤੇ ਯਹੋਵਾਹ ਕੀ ਕਰੇਗਾ? ਉਹ ਕਹਿੰਦਾ ਹੈ: “ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ।” (ਹਿਜ਼. 38:18, 21-23) ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 19 ਵਿਚ ਦੱਸਿਆ ਗਿਆ ਹੈ ਕਿ ਉਹ ਆਪਣੇ ਲੋਕਾਂ ਨੂੰ ਬਚਾਉਣ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਲਈ ਆਪਣੇ ਪੁੱਤਰ ਯਿਸੂ ਨੂੰ ਭੇਜੇਗਾ। ਉਸ ਨਾਲ “ਸਵਰਗ ਦੀਆਂ ਫ਼ੌਜਾਂ” ਯਾਨੀ ਵਫ਼ਾਦਾਰ ਦੂਤ ਅਤੇ 1,44,000 ਜਣੇ ਵੀ ਹੋਣਗੇ। (ਪ੍ਰਕਾ. 17:14; 19:11-15) ਇਸ ਯੁੱਧ ਦਾ ਕੀ ਨਤੀਜਾ ਨਿਕਲੇਗਾ? ਯਹੋਵਾਹ ਦੇ ਵਿਰੁੱਧ ਖੜ੍ਹਨ ਵਾਲੇ ਸਾਰੇ ਲੋਕਾਂ ਅਤੇ ਸੰਗਠਨਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾ. 19:19-21. w22.05 17 ਪੈਰੇ 9-10
ਸ਼ਨੀਵਾਰ 6 ਜਨਵਰੀ
‘ਮੈਂ ਤੇਰੇ ਅਤੇ ਔਰਤ ਵਿਚ ਦੁਸ਼ਮਣੀ ਪੈਦਾ ਕਰਾਂਗਾ।’—ਉਤ. 3:15.
ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਜਲਦ ਬਾਅਦ ਹੀ ਯਹੋਵਾਹ ਨੇ ਇਕ ਅਹਿਮ ਭਵਿੱਖਬਾਣੀ ਕੀਤੀ। ਇਸ ਭਵਿੱਖਬਾਣੀ ਰਾਹੀਂ ਪਰਮੇਸ਼ੁਰ ਨੇ ਉਨ੍ਹਾਂ ਦੇ ਬੱਚਿਆਂ ਨੂੰ ਉਮੀਦ ਦਿੱਤੀ। ਇਹ ਭਵਿੱਖਬਾਣੀ ਉਤਪਤ 3:15 ਵਿਚ ਦਰਜ ਹੈ ਜਿੱਥੇ ਲਿਖਿਆ ਹੈ: “ਮੈਂ ਤੇਰੇ ਅਤੇ ਔਰਤ ਵਿਚ ਅਤੇ ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿਚ ਦੁਸ਼ਮਣੀ ਪੈਦਾ ਕਰਾਂਗਾ। ਉਹ ਤੇਰੇ ਸਿਰ ਨੂੰ ਕੁਚਲੇਗਾ ਅਤੇ ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ ਕਰੇਂਗਾ।” ਇਹ ਭਵਿੱਖਬਾਣੀ ਬਾਈਬਲ ਦੀ ਪਹਿਲੀ ਕਿਤਾਬ ਵਿਚ ਦਰਜ ਹੈ ਅਤੇ ਇਹ ਬਾਈਬਲ ਦੀਆਂ ਹੋਰ ਕਿਤਾਬਾਂ ਨਾਲ ਕਿਸੇ-ਨਾ-ਕਿਸੇ ਤਰੀਕੇ ਨਾਲ ਜੁੜੀ ਹੋਈ ਹੈ। ਜਿਵੇਂ ਇਕ ਮਾਲਾ ਵਿਚ ਧਾਗਾ ਬਹੁਤ ਸਾਰੇ ਮੋਤੀਆਂ ਨੂੰ ਜੋੜ ਕੇ ਰੱਖਦਾ ਹੈ, ਉਸੇ ਤਰ੍ਹਾਂ ਉਤਪਤ 3:15 ਵਿਚ ਦਰਜ ਭਵਿੱਖਬਾਣੀ ਬਾਈਬਲ ਦੀਆਂ ਬਾਕੀ ਕਿਤਾਬਾਂ ਦੀਆਂ ਗੱਲਾਂ ਨੂੰ ਜੋੜ ਕੇ ਰੱਖਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਬਾਈਬਲ ਵਿਚ ਇੱਕੋ ਸੰਦੇਸ਼ ਦਰਜ ਹੈ ਯਾਨੀ ਪਰਮੇਸ਼ੁਰ ਇਕ ਮੁਕਤੀਦਾਤੇ ਨੂੰ ਘੱਲੇਗਾ ਜੋ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਸਾਰੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਸਮਾਂ ਕਿੰਨਾ ਖ਼ੁਸ਼ੀਆਂ ਭਰਿਆ ਹੋਵੇਗਾ! ਬਾਈਬਲ ਦਾ ਅਧਿਐਨ ਕਰ ਕੇ ਅਸੀਂ ਜਾਣਾਂਗੇ ਕਿ ਇਹ ਭਵਿੱਖਬਾਣੀ ਹੁਣ ਤਕ ਕਿਵੇਂ ਪੂਰੀ ਹੋਈ ਹੈ ਅਤੇ ਇਸ ਬਾਰੇ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ। w22.07 14 ਪੈਰੇ 1-3
ਐਤਵਾਰ 7 ਜਨਵਰੀ
ਬੁੱਧ ਯਹੋਵਾਹ ਹੀ ਦਿੰਦਾ ਹੈ।—ਕਹਾ. 2:6.
ਪ੍ਰਾਰਥਨਾ ਵਿਚ ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਉਸ ਲਈ ਗਹਿਰਾ ਪਿਆਰ ਪੈਦਾ ਕਰ ਸਕੋ। (ਯਾਕੂ. 1:5) ਯਹੋਵਾਹ ਹੀ ਸਾਨੂੰ ਸਭ ਤੋਂ ਵਧੀਆ ਸਲਾਹ ਦੇ ਸਕਦਾ ਹੈ। ਉਸ ਦੀ ਸਲਾਹ ਨੂੰ ਮੰਨਣ ਲਈ ਸਾਡੇ ਕੋਲ ਬਹੁਤ ਸਾਰੇ ਕਾਰਨ ਹਨ। ਆਓ ਆਪਾਂ ਦੋ ਕਾਰਨਾਂ ʼਤੇ ਗੌਰ ਕਰੀਏ। ਪਹਿਲਾ, ਸਾਡਾ ਪਿਤਾ ਹੋਣ ਕਰਕੇ ਉਸ ਨੂੰ ਸਾਰਿਆਂ ਨਾਲੋਂ ਜ਼ਿਆਦਾ ਤਜਰਬਾ ਹੈ। (ਜ਼ਬੂ. 36:9) ਦੂਜਾ, ਉਹ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ ਜਿਸ ਕਰਕੇ ਉਸ ਦੀ ਸਲਾਹ ਮੰਨ ਕੇ ਹਮੇਸ਼ਾ ਸਾਡਾ ਭਲਾ ਹੁੰਦਾ ਹੈ। (ਯਸਾ. 48:17) ਯਹੋਵਾਹ ਨੇ ਮਾਪਿਆਂ ਦੀ ਮਦਦ ਲਈ ਆਪਣੇ ਸੰਗਠਨ ਰਾਹੀਂ ਬਾਈਬਲ ਅਤੇ ਬਾਈਬਲ-ਆਧਾਰਿਤ ਬਹੁਤ ਸਾਰੇ ਪ੍ਰਕਾਸ਼ਨ ਦਿੱਤੇ ਹਨ। (ਮੱਤੀ 24:45) ਇਨ੍ਹਾਂ ਦੀ ਮਦਦ ਨਾਲ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਸਕਦੇ ਹਨ। ਉਦਾਹਰਣ ਲਈ, ਤੁਸੀਂ “ਪਰਿਵਾਰ ਦੀ ਮਦਦ ਲਈ” ਲੜੀਵਾਰ ਲੇਖਾਂ ਵਿਚ ਬਹੁਤ ਸਾਰੀਆਂ ਸਲਾਹਾਂ ਦੇਖ ਸਕਦੇ ਹੋ। ਇਹ ਲੇਖ ਕਈ ਸਾਲ ਪਹਿਲਾਂ ਜਾਗਰੂਕ ਬਣੋ! ਰਸਾਲੇ ਵਿਚ ਛਾਪੇ ਜਾਂਦੇ ਸਨ ਅਤੇ ਹੁਣ ਸਾਡੀ ਵੈੱਬਸਾਈਟ ʼਤੇ ਵੀ ਉਪਲਬਧ ਹਨ। ਨਾਲੇ ਸਾਡੀ ਵੈੱਬਸਾਈਟ ʼਤੇ ਬਹੁਤ ਸਾਰੀਆਂ ਵੀਡੀਓਜ਼ ਹਨ ਜਿਨ੍ਹਾਂ ਵਿੱਚੋਂ ਕਈਆਂ ਵਿਚ ਮਾਪਿਆਂ ਦੇ ਇੰਟਰਵਿਊ ਹਨ ਅਤੇ ਕਈਆਂ ਵਿਚ ਦਿਖਾਇਆ ਗਿਆ ਹੈ ਕਿ ਮਾਪੇ ਕਿਵੇਂ ਯਹੋਵਾਹ ਦੀ ਸਲਾਹ ਮੰਨ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹਨ।—ਕਹਾ. 2:4, 5. w22.05 27 ਪੈਰੇ 4-5
ਸੋਮਵਾਰ 8 ਜਨਵਰੀ
‘ਹੇ ਯਾਹ, ਜੇ ਤੂੰ ਸਾਡੀਆਂ ਗ਼ਲਤੀਆਂ ਦੇਖਦਾ ਰਹਿੰਦਾ, ਤਾਂ ਕੌਣ ਤੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ?’—ਜ਼ਬੂ. 130:3.
ਪੂਰੀ ਕਾਇਨਾਤ ਵਿਚ ਹੋਰ ਕੋਈ ਨਹੀਂ ਹੈ ਜੋ ਯਹੋਵਾਹ ਵਾਂਗ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੋਵੇ। ਅਸੀਂ ਇਹ ਗੱਲ ਕਿਸ ਆਧਾਰ ʼਤੇ ਕਹਿ ਸਕਦੇ ਹਾਂ? ਪਹਿਲੀ ਗੱਲ, ਉਹ ਸਾਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਦੂਜੀ ਗੱਲ, ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੇ ਸਾਨੂੰ ਬਣਾਇਆ ਹੈ, ਇਸ ਕਰਕੇ ਸਿਰਫ਼ ਉਹੀ ਇਹ ਗੱਲ ਜਾਣਨ ਦੇ ਪੂਰੀ ਤਰ੍ਹਾਂ ਕਾਬਲ ਹੈ ਕਿ ਅਸੀਂ ਸੱਚੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। ਤੀਜੀ ਗੱਲ, ਯਹੋਵਾਹ ਸਾਡੇ ਪਾਪ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ, ਜਿਵੇਂ ਸਲੇਟ ਨੂੰ ਪੂੰਝ ਕੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਂਦਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਅਸੀਂ ਇਸ ਤਰ੍ਹਾਂ ਹੁੰਦੇ ਹਾਂ ਜਿਵੇਂ ਅਸੀਂ ਕਦੇ ਕੋਈ ਪਾਪ ਕੀਤਾ ਹੀ ਨਾ ਹੋਵੇ। ਇਸ ਕਰਕੇ ਸਾਡੀ ਜ਼ਮੀਰ ਫਿਰ ਤੋਂ ਸਾਫ਼ ਹੋ ਜਾਂਦੀ ਹੈ ਅਤੇ ਅਸੀਂ ਯਹੋਵਾਹ ਦੀ ਮਿਹਰ ਪਾਉਂਦੇ ਹਾਂ। ਬਿਨਾਂ ਸ਼ੱਕ, ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਪਾਪ ਹੁੰਦੇ ਹੀ ਰਹਿਣਗੇ। ਪਰ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2 ਦੇ ਸਫ਼ੇ 771 ʼਤੇ ਲਿਖੀਆਂ ਗੱਲਾਂ ਤੋਂ ਸਾਨੂੰ ਦਿਲਾਸਾ ਮਿਲ ਸਕਦਾ ਹੈ। ਇੱਥੇ ਲਿਖਿਆ ਹੈ: “ਯਹੋਵਾਹ ਦਇਆਵਾਨ ਹੈ ਅਤੇ ਉਹ ਜਾਣਦਾ ਹੈ ਕਿ ਉਸ ਦੇ ਸੇਵਕਾਂ ਵਿਚ ਕਮੀਆਂ-ਕਮਜ਼ੋਰੀਆਂ ਹਨ। ਇਸ ਲਈ ਉਸ ਦੇ ਸੇਵਕਾਂ ਨੂੰ ਇਹ ਸੋਚ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਉਹ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ। (ਜ਼ਬੂ. 103:8-14; 130:3) ਜੇ ਉਹ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਪਰਮੇਸ਼ੁਰ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਹ ਖ਼ੁਸ਼ ਹੋ ਸਕਦੇ ਹਨ। (ਫ਼ਿਲਿ. 4:4-6; 1 ਯੂਹੰ. 3:19-22)।” w22.06 7 ਪੈਰੇ 18-19
ਮੰਗਲਵਾਰ 9 ਜਨਵਰੀ
ਲੋਕ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼ ਕਰਨਗੇ।—ਲੂਕਾ 21:12.
ਸ਼ੈਤਾਨ ਕਈ ਤਰੀਕਿਆਂ ਨਾਲ ਸਾਡੇ ਮਨ ਵਿਚ ਡਰ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ। ਉਦਾਹਰਣ ਲਈ, ਕਈਆਂ ਨੂੰ ਕੁੱਟ-ਮਾਰ ਨਾਲੋਂ ਜ਼ਿਆਦਾ ਡਰ ਇਸ ਗੱਲ ਦਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦੇ ਘਰਦਿਆਂ ਨੂੰ ਪਤਾ ਲੱਗੇਗਾ ਕਿ ਉਹ ਗਵਾਹ ਬਣ ਗਏ ਹਨ, ਤਾਂ ਉਹ ਕੀ ਸੋਚਣਗੇ। ਉਹ ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਵੀ ਯਹੋਵਾਹ ਤੇ ਉਸ ਦੇ ਪਿਆਰ ਬਾਰੇ ਜਾਣਨ। ਉਨ੍ਹਾਂ ਨੂੰ ਉਦੋਂ ਬਹੁਤ ਦੁੱਖ ਲੱਗਦਾ ਹੈ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਸੱਚੇ ਪਰਮੇਸ਼ੁਰ ਅਤੇ ਉਸ ਦੇ ਸੇਵਕਾਂ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਜਿਹੜੇ ਰਿਸ਼ਤੇਦਾਰ ਪਹਿਲਾਂ ਵਿਰੋਧ ਕਰਦੇ ਸਨ, ਬਾਅਦ ਵਿਚ ਉਹ ਵੀ ਸੱਚਾਈ ਵਿਚ ਆ ਗਏ। ਪਰ ਉਦੋਂ ਕੀ ਜਦੋਂ ਸਾਡੇ ਵਿਸ਼ਵਾਸਾਂ ਕਰਕੇ ਸਾਡੇ ਘਰਦੇ ਸਾਡੇ ਨਾਲ ਸਾਰੇ ਰਿਸ਼ਤੇ-ਨਾਤੇ ਤੋੜ ਲੈਂਦੇ ਹਨ? ਜ਼ਬੂਰ 27:10 ਵਿਚ ਲਿਖੀ ਗੱਲ ਪੜ੍ਹ ਕੇ ਸਾਨੂੰ ਬਹੁਤ ਦਿਲਾਸਾ ਮਿਲ ਸਕਦਾ ਹੈ। ਜਦੋਂ ਅਸੀਂ ਇਹ ਗੱਲ ਯਾਦ ਰੱਖਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ, ਤਾਂ ਸਾਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ, ਫਿਰ ਚਾਹੇ ਸਾਡੇ ਘਰਦੇ ਸਾਡਾ ਸਾਥ ਹੀ ਕਿਉਂ ਨਾ ਛੱਡ ਦੇਣ। ਨਾਲੇ ਸਾਨੂੰ ਪੱਕਾ ਭਰੋਸਾ ਹੈ ਕਿ ਉਹ ਸਾਡੇ ਧੀਰਜ ਦਾ ਸਾਨੂੰ ਜ਼ਰੂਰ ਇਨਾਮ ਦੇਵੇਗਾ। ਯਹੋਵਾਹ ਸਭ ਤੋਂ ਵਧੀਆ ਤਰੀਕੇ ਨਾਲ ਸਾਡੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈ, ਉਹ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ ਅਤੇ ਆਪਣੇ ਨਾਲ ਰਿਸ਼ਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਦਾ ਹੈ। w22.06 16-17 ਪੈਰੇ 11-13
ਬੁੱਧਵਾਰ 10 ਜਨਵਰੀ
ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।—1 ਪਤ. 2:21.
ਯਿਸੂ ਦੀ ਸੇਵਕਾਈ ਦੌਰਾਨ ਲੋਕਾਂ ਨੇ ਉਸ ʼਤੇ ਝੂਠੇ ਦੋਸ਼ ਲਾਏ ਕਿ ਉਹ ਪੇਟੂ, ਸ਼ਰਾਬੀ, ਸ਼ੈਤਾਨ ਦਾ ਚੇਲਾ, ਸਬਤ ਨੂੰ ਨਾ ਮੰਨਣ ਵਾਲਾ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ ਸੀ। (ਮੱਤੀ 11:19; 26:65; ਲੂਕਾ 11:15; ਯੂਹੰ. 9:16) ਫਿਰ ਵੀ ਯਿਸੂ ਨੇ ਕਦੇ ਉਨ੍ਹਾਂ ਨੂੰ ਗੁੱਸੇ ਨਾਲ ਜਵਾਬ ਨਹੀਂ ਦਿੱਤਾ। ਜਦੋਂ ਲੋਕ ਸਾਡੇ ਨਾਲ ਵੀ ਗੁੱਸੇ ਵਿਚ ਗੱਲ ਕਰਦੇ ਹਨ, ਤਾਂ ਸਾਨੂੰ ਯਿਸੂ ਦੀ ਰੀਸ ਕਰਦਿਆਂ ਪਿਆਰ ਨਾਲ ਜਵਾਬ ਦੇਣਾ ਚਾਹੀਦਾ। (1 ਪਤ. 2:22, 23) ਬਿਨਾਂ ਸ਼ੱਕ, ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। (ਯਾਕੂ. 3:2) ਪਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਜਦੋਂ ਪ੍ਰਚਾਰ ਵਿਚ ਤੁਹਾਡੇ ਨਾਲ ਕੋਈ ਰੁੱਖੇ ਤਰੀਕੇ ਨਾਲ ਗੱਲ ਕਰਦਾ ਹੈ, ਤਾਂ ਖਿਝੋ ਨਾ। ਭਰਾ ਸੈਮ ਦੱਸਦਾ ਹੈ: “ਮੈਂ ਹਮੇਸ਼ਾ ਇਸ ਗੱਲ ʼਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਘਰ-ਮਾਲਕ ਨੂੰ ਸੱਚਾਈ ਸੁਣਨ ਦੀ ਲੋੜ ਹੈ ਅਤੇ ਉਹ ਆਪਣੇ ਆਪ ਨੂੰ ਬਦਲ ਸਕਦਾ ਹੈ।” ਕਈ ਵਾਰ ਘਰ-ਮਾਲਕ ਇਸੇ ਕਰਕੇ ਗੁੱਸੇ ਹੋ ਜਾਂਦਾ ਹੈ ਕਿਉਂਕਿ ਅਸੀਂ ਗ਼ਲਤ ਸਮੇਂ ʼਤੇ ਉਸ ਦੇ ਘਰ ਜਾਂਦੇ ਹਾਂ। ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਪਹਿਲਾਂ ਹੀ ਬਹੁਤ ਗੁੱਸੇ ਵਿਚ ਹੈ, ਤਾਂ ਅਸੀਂ ਆਪਣੇ ਮਨ ਵਿਚ ਛੋਟੀ ਜਿਹੀ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਕਿ ਅਸੀਂ ਸ਼ਾਂਤ ਰਹਿ ਸਕੀਏ ਅਤੇ ਕੁਝ ਵੀ ਪੁੱਠਾ-ਸਿੱਧਾ ਨਾ ਕਹਿ ਦੇਈਏ। w22.04 6 ਪੈਰੇ 8-9
ਵੀਰਵਾਰ 11 ਜਨਵਰੀ
ਪਰਮੇਸ਼ੁਰ ਦੇ ਨੇੜੇ ਆਓ।—ਯਾਕੂ. 4:8.
ਯਹੋਵਾਹ ਦੇ ਨੇੜੇ ਜਾਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ ਦਾ ਇਕ ਅਹਿਮ ਤਰੀਕਾ ਹੈ, ਉਨ੍ਹਾਂ ਨੂੰ ਬਾਈਬਲ ਤੋਂ ਸਿਖਾਉਣਾ। (2 ਤਿਮੋ. 3:14-17) ਪਰ ਬਾਈਬਲ ਵਿਚ ਇਕ ਹੋਰ ਤਰੀਕਾ ਦੱਸਿਆ ਗਿਆ ਹੈ ਜਿਸ ਨਾਲ ਤੁਹਾਡੇ ਬੱਚੇ ਯਹੋਵਾਹ ਨੂੰ ਜਾਣ ਸਕਦੇ ਹਨ ਅਤੇ ਉਸ ਦੇ ਨੇੜੇ ਆ ਸਕਦੇ ਹਨ। ਕਹਾਉਤਾਂ ਦੀ ਕਿਤਾਬ ਵਿਚ ਇਕ ਪਿਤਾ ਦੀ ਗੱਲ ਕੀਤੀ ਗਈ ਹੈ ਜੋ ਆਪਣੇ ਪੁੱਤਰ ਨੂੰ ਯਹੋਵਾਹ ਦੇ ਉਨ੍ਹਾਂ ਗੁਣਾਂ ਬਾਰੇ ਦੱਸ ਰਿਹਾ ਹੈ ਜੋ ਸ੍ਰਿਸ਼ਟੀ ਤੋਂ ਸਾਫ਼ ਦਿਖਾਈ ਦਿੰਦੇ ਹਨ ਅਤੇ ਉਹ ਉਸ ਨੂੰ ਕਹਿੰਦਾ ਹੈ ਕਿ “ਉਨ੍ਹਾਂ ਨੂੰ ਅੱਖੋਂ ਓਹਲੇ ਨਾ ਹੋਣ ਦੇਈਂ।” (ਕਹਾ. 3:19-21) ਮਾਪਿਓ, ਤੁਹਾਨੂੰ ਆਪਣੇ ਬੱਚਿਆਂ ਨਾਲ ਕਿਤੇ ਬਾਹਰ ਜਾ ਕੇ ਸਮਾਂ ਬਿਤਾਉਣਾ ਬਹੁਤ ਪਸੰਦ ਹੋਣਾ। ਕਿਉਂ ਨਾ ਉਸ ਸਮੇਂ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੀਆਂ “ਬਣਾਈਆਂ ਚੀਜ਼ਾਂ” ਤੋਂ ਉਸ ਦੇ ਕਿਹੜੇ ਸ਼ਾਨਦਾਰ ਗੁਣਾਂ ਬਾਰੇ ਪਤਾ ਲੱਗਦਾ ਹੈ। (ਰੋਮੀ. 1:20) ਜ਼ਰਾ ਧਿਆਨ ਦਿਓ ਕਿ ਯਿਸੂ ਨੇ ਸ੍ਰਿਸ਼ਟੀ ਤੋਂ ਆਪਣੇ ਚੇਲਿਆਂ ਨੂੰ ਕਿਵੇਂ ਸਿਖਾਇਆ। ਇਕ ਮੌਕੇ ʼਤੇ ਉਸ ਨੇ ਆਪਣੇ ਚੇਲਿਆਂ ਨੂੰ ਕਾਵਾਂ ਅਤੇ ਜੰਗਲੀ ਫੁੱਲਾਂ ʼਤੇ ਧਿਆਨ ਦੇਣ ਲਈ ਕਿਹਾ। (ਲੂਕਾ 12:24, 27-30) ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਜਿਸ ਤਰ੍ਹਾਂ ਉਸ ਦਾ ਸਵਰਗੀ ਪਿਤਾ ਕਾਵਾਂ ਨੂੰ ਖਾਣਾ ਦਿੰਦਾ ਹੈ ਅਤੇ ਜੰਗਲੀ ਫੁੱਲਾਂ ਨੂੰ ਇੰਨੇ ਸ਼ਾਨਦਾਰ ਕੱਪੜੇ ਪਹਿਨਾਉਂਦਾ ਹੈ, ਉਸੇ ਤਰ੍ਹਾਂ ਉਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਲੋੜਾਂ ਵੀ ਪੂਰੀਆਂ ਕਰੇਗਾ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਇਕ ਅਹਿਮ ਗੱਲ ਸਿਖਾਈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਖੁੱਲ੍ਹੇ-ਦਿਲ ਨਾਲ ਦਿੰਦਾ ਹੈ ਅਤੇ ਉਨ੍ਹਾਂ ਦੀ ਬਹੁਤ ਪਰਵਾਹ ਕਰਦਾ ਹੈ। w23.03 20-21 ਪੈਰੇ 1-4
ਸ਼ੁੱਕਰਵਾਰ 12 ਜਨਵਰੀ
ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ।—ਯੂਹੰ. 14:13.
ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਦੇ ਪੁੱਤਰ ਰਾਹੀਂ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਉਹ ਯਿਸੂ ਦੇ ਨਾਂ ʼਤੇ ਕੀਤੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ। ਯਹੋਵਾਹ ਸਾਨੂੰ ਯਿਸੂ ਰਾਹੀਂ ਉਹ ਸਾਰੀਆਂ ਚੀਜ਼ਾਂ ਦਿੰਦਾ ਹੈ ਜਿਨ੍ਹਾਂ ਬਾਰੇ ਅਸੀਂ ਉਸ ਨੂੰ ਬੇਨਤੀ ਕਰਦੇ ਹਾਂ। ਨਾਲੇ ਉਹ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਹੀ ਸਾਡੇ ਪਾਪ ਮਾਫ਼ ਕਰਦਾ ਹੈ। (ਰੋਮੀ. 5:1) ਬਾਈਬਲ ਵਿਚ ਦੱਸਿਆ ਹੈ ਕਿ ‘ਸਾਡਾ ਮਹਾਂ ਪੁਜਾਰੀ ਯਿਸੂ ਸਵਰਗ ਵਿਚ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠਾ ਹੋਇਆ ਹੈ।’ (ਇਬ. 8:1) ਉਹ “ਪਿਤਾ ਕੋਲ ਸਾਡਾ ਇਕ ਮਦਦਗਾਰ ਹੈ।” (1 ਯੂਹੰ. 2:1) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਇੰਨਾ ਹਮਦਰਦ ਮਹਾਂ ਪੁਜਾਰੀ ਦਿੱਤਾ ਹੈ ਜੋ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਸਮਝਦਾ ਹੈ ਅਤੇ “ਸਾਡੇ ਵਾਸਤੇ ਬੇਨਤੀ ਕਰਦਾ ਹੈ।” (ਰੋਮੀ. 8:34; ਇਬ. 4:15) ਅਸੀਂ ਯਿਸੂ ਦੀ ਕੁਰਬਾਨੀ ਤੋਂ ਬਿਨਾਂ ਯਹੋਵਾਹ ਨੂੰ ਪ੍ਰਾਰਥਨਾ ਨਹੀਂ ਕਰ ਸਕਦੇ ਸੀ। ਬਿਨਾਂ ਸ਼ੱਕ, ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਸਾਨੂੰ ਤੋਹਫ਼ੇ ਵਜੋਂ ਦਿੱਤਾ ਹੈ। ਇਸ ਗੱਲ ਲਈ ਅਸੀਂ ਯਹੋਵਾਹ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰੀਏ ਉੱਨਾ ਹੀ ਘੱਟ ਹੋਵੇਗਾ। w22.07 23 ਪੈਰੇ 10-12
ਸ਼ਨੀਵਾਰ 13 ਜਨਵਰੀ
ਭਰੋਸੇਯੋਗ ਇਨਸਾਨ ਰਾਜ਼ ਨੂੰ ਰਾਜ਼ ਹੀ ਰੱਖਦਾ ਹੈ।—ਕਹਾ. 11:13.
ਭਰੋਸੇਯੋਗ ਇਨਸਾਨ ਉਹ ਹੁੰਦਾ ਹੈ ਜੋ ਹਮੇਸ਼ਾ ਆਪਣੇ ਵਾਅਦੇ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਜੋ ਸੱਚ ਬੋਲਦਾ ਹੈ। (ਜ਼ਬੂ. 15:4) ਜਦੋਂ ਅਸੀਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਕੋਈ ਕੰਮ ਕਹਿੰਦੇ ਹਾਂ, ਤਾਂ ਸਾਨੂੰ ਪੱਕਾ ਭਰੋਸਾ ਹੁੰਦਾ ਹੈ ਕਿ ਉਹ ਸਾਡਾ ਕੰਮ ਜ਼ਰੂਰ ਕਰੇਗਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਭੈਣ-ਭਰਾ ਸਾਡੇ ਬਾਰੇ ਵੀ ਇੱਦਾਂ ਹੀ ਸੋਚਣ। ਸਿਰਫ਼ ਸਾਡੇ ਕਹਿਣ ਨਾਲ ਹੀ ਲੋਕ ਸਾਡੇ ʼਤੇ ਭਰੋਸਾ ਨਹੀਂ ਕਰਨਗੇ, ਸਗੋਂ ਸਾਨੂੰ ਭਰੋਸੇ ਦੇ ਲਾਇਕ ਕੰਮ ਵੀ ਕਰਨੇ ਪੈਣਗੇ। ਕਿਸੇ ਦਾ ਭਰੋਸਾ ਜਿੱਤਣਾ ਪੈਸੇ ਕਮਾਉਣ ਵਾਂਗ ਹੈ। ਪੈਸੇ ਕਮਾਉਣ ਅਤੇ ਕਿਸੇ ਦਾ ਭਰੋਸਾ ਜਿੱਤਣ ਵਿਚ ਸਮਾਂ ਲੱਗਦਾ ਹੈ ਅਤੇ ਮਿਹਨਤ ਕਰਨੀ ਪੈਂਦੀ ਹੈ। ਨਾਲੇ ਜਿੱਦਾਂ ਮਿੰਟਾਂ-ਸਕਿੰਟਾਂ ਵਿਚ ਹੀ ਪੈਸੇ ਖ਼ਰਚੇ ਜਾ ਸਕਦੇ ਹਨ, ਉਸੇ ਤਰ੍ਹਾਂ ਮਿੰਟਾਂ-ਸਕਿੰਟਾਂ ਵਿਚ ਹੀ ਅਸੀਂ ਕਿਸੇ ਦਾ ਭਰੋਸਾ ਗੁਆ ਸਕਦੇ ਹਾਂ। ਅਸੀਂ ਹਮੇਸ਼ਾ ਯਹੋਵਾਹ ʼਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਡਾ ਭਰੋਸਾ ਜਿੱਤਿਆ ਹੈ। ਬਾਈਬਲ ਕਹਿੰਦੀ ਹੈ: “ਉਸ ਦੇ ਹਰ ਕੰਮ ʼਤੇ ਭਰੋਸਾ ਕੀਤਾ ਜਾ ਸਕਦਾ ਹੈ।” (ਜ਼ਬੂ. 33:4) ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਵੀ ਉਸ ਦੀ ਮਿਸਾਲ ʼਤੇ ਚੱਲ ਕੇ ਭਰੋਸੇਯੋਗ ਬਣੀਏ। (ਅਫ਼. 5:1) ਅਸੀਂ ਸਾਰੇ ਜਣੇ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਅਜਿਹੇ ਭਾਈਚਾਰੇ ਦਾ ਹਿੱਸਾ ਬਣਾਇਆ ਹੈ ਜਿਸ ਵਿਚ ਸਾਰੇ ਜਣੇ ਭਰੋਸੇਯੋਗ ਹਨ ਅਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਮੰਡਲੀ ਵਿਚ ਅਜਿਹਾ ਮਾਹੌਲ ਬਣਿਆ ਰਹੇ। ਇਸ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਰੋਸਾ ਜਿੱਤੀਏ। ਇਸ ਕਰਕੇ ਸਾਨੂੰ ਸਾਰਿਆਂ ਨੂੰ ਮੰਡਲੀ ਵਿਚ ਇਕ-ਦੂਜੇ ਨਾਲ ਪਿਆਰ, ਨਿਮਰਤਾ, ਸਮਝਦਾਰੀ ਤੇ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਸੰਜਮ ਰੱਖਣਾ ਚਾਹੀਦਾ ਹੈ। ਇਸ ਵਾਸਤੇ ਸਾਨੂੰ ਲਗਾਤਾਰ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਆਓ ਆਪਾਂ ਸਾਰੇ ਜਣੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰਦੇ ਹੋਏ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰਦੇ ਰਹੀਏ। w22.09 8 ਪੈਰੇ 1-2; 13 ਪੈਰਾ 17
ਐਤਵਾਰ 14 ਜਨਵਰੀ
ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ʼਤੇ ਰਹਿੰਦੀਆਂ ਹਨ।—ਜ਼ਬੂ. 33:18.
ਚਾਹੇ ਸਾਡੀ ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ ਹਨ, ਫਿਰ ਵੀ ਕਈ ਵਾਰ ਅਸੀਂ ਇਕੱਲਾਪਣ ਮਹਿਸੂਸ ਕਰਦੇ ਹਾਂ। ਸਾਡੇ ਵਿੱਚੋਂ ਕਈ ਜਣੇ ਸ਼ਾਇਦ ਨਿਰਾਸ਼ ਮਹਿਸੂਸ ਕਰਨ ਅਤੇ ਉਹ ਸੋਚਣ ਕਿ ਉਨ੍ਹਾਂ ਨੂੰ ਆਪਣੀਆਂ ਇਨ੍ਹਾਂ ਭਾਵਨਾਵਾਂ ਨਾਲ ਆਪ ਹੀ ਲੜਨਾ ਪੈਣਾ। ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਮਹਿਸੂਸ ਕਰੀਏ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਜ਼ਰਾ ਗੌਰ ਕਰੋ ਕਿ ਯਹੋਵਾਹ ਏਲੀਯਾਹ ਨਾਲ ਕਿਵੇਂ ਪੇਸ਼ ਆਇਆ। ਯਹੋਵਾਹ ਨੇ ਏਲੀਯਾਹ ਨੂੰ ਗੱਲ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਉਸ ਨੇ ਏਲੀਯਾਹ ਨੂੰ ਦੋ ਵਾਰ ਪੁੱਛਿਆ: “ਤੂੰ ਇੱਥੇ ਕੀ ਕਰ ਰਿਹਾ ਹੈਂ?” (1 ਰਾਜ. 19:9, 13) ਹਰ ਵਾਰ ਜਦੋਂ ਏਲੀਯਾਹ ਨੇ ਯਹੋਵਾਹ ਸਾਮ੍ਹਣੇ ਆਪਣਾ ਮਨ ਖੋਲ੍ਹਿਆ, ਤਾਂ ਉਸ ਨੇ ਏਲੀਯਾਹ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ। ਨਾਲੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਹਾਲੇ ਵੀ ਜੀਉਂਦੇ ਸਨ। (1 ਰਾਜ. 19:11, 12, 18) ਬਿਨਾਂ ਸ਼ੱਕ, ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਅਤੇ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਏਲੀਯਾਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹੋਣਾ। ਯਹੋਵਾਹ ਨੇ ਏਲੀਯਾਹ ਨੂੰ ਕਈ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ। ਉਸ ਨੇ ਏਲੀਯਾਹ ਨੂੰ ਕਿਹਾ ਕਿ ਉਹ ਹਜ਼ਾਏਲ ਨੂੰ ਸੀਰੀਆ ਦਾ ਰਾਜਾ ਅਤੇ ਯੇਹੂ ਨੂੰ ਇਜ਼ਰਾਈਲ ਦਾ ਰਾਜਾ ਨਿਯੁਕਤ ਕਰੇ ਅਤੇ ਅਲੀਸ਼ਾ ਨੂੰ ਇਕ ਨਬੀ ਠਹਿਰਾਵੇ। (1 ਰਾਜ. 19:15, 16) ਯਹੋਵਾਹ ਨੇ ਏਲੀਯਾਹ ਨੂੰ ਜ਼ਿੰਮੇਵਾਰੀਆਂ ਦੇ ਕੇ ਸਹੀ ਗੱਲਾਂ ʼਤੇ ਧਿਆਨ ਲਾਉਣ ਵਿਚ ਉਸ ਦੀ ਮਦਦ ਕੀਤੀ। ਯਹੋਵਾਹ ਨੇ ਏਲੀਯਾਹ ਨੂੰ ਇਕ ਚੰਗਾ ਸਾਥੀ ਵੀ ਦਿੱਤਾ ਜਿਸ ਦਾ ਨਾਂ ਅਲੀਸ਼ਾ ਸੀ। w22.08 8 ਪੈਰਾ 3; 9 ਪੈਰਾ 5
ਸੋਮਵਾਰ 15 ਜਨਵਰੀ
ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।—1 ਥੱਸ. 5:11.
ਕੀ ਤੁਹਾਡੀ ਮੰਡਲੀ ਨੇ ਕਦੇ ਕਿੰਗਡਮ ਹਾਲ ਦੀ ਉਸਾਰੀ ਜਾਂ ਮੁਰੰਮਤ ਕੀਤੀ ਹੈ? ਜੇ ਹਾਂ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਆਪਣੇ ਕਿੰਗਡਮ ਹਾਲ ਵਿਚ ਹੋਈ ਪਹਿਲੀ ਮੀਟਿੰਗ ਹਾਲੇ ਵੀ ਯਾਦ ਹੋਣੀ। ਤੁਸੀਂ ਯਹੋਵਾਹ ਦੇ ਇੰਨੇ ਜ਼ਿਆਦਾ ਸ਼ੁਕਰਗੁਜ਼ਾਰ ਸੀ ਕਿ ਤੁਹਾਡਾ ਦਿਲ ਭਰ ਆਇਆ ਹੋਣਾ ਅਤੇ ਸ਼ਾਇਦ ਤੁਹਾਡੇ ਤੋਂ ਸ਼ੁਰੂਆਤੀ ਗੀਤ ਵੀ ਨਹੀਂ ਗਾ ਹੋਇਆ ਹੋਣਾ। ਸਾਡੇ ਕਿੰਗਡਮ ਹਾਲ ਵਧੀਆ ਢੰਗ ਨਾਲ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਵਧੀਆ ਹਾਲਤ ਵਿਚ ਰੱਖਿਆ ਜਾਂਦਾ ਹੈ। ਇਸ ਕਰਕੇ ਯਹੋਵਾਹ ਦੀ ਮਹਿਮਾ ਹੁੰਦੀ ਹੈ। ਪਰ ਭਗਤੀ ਦੀਆਂ ਥਾਵਾਂ ਦੀ ਉਸਾਰੀ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਕੰਮ ਹੈ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨਾ। ਇਸ ਨਾਲ ਯਹੋਵਾਹ ਦੀ ਹੋਰ ਵੀ ਜ਼ਿਆਦਾ ਵਡਿਆਈ ਹੁੰਦੀ ਹੈ। ਪੌਲੁਸ ਰਸੂਲ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਇਹੀ ਕਰਨ ਲਈ ਕਿਹਾ ਸੀ ਜਦੋਂ ਉਸ ਨੇ ਅੱਜ ਦੇ ਹਵਾਲੇ ਵਿਚ ਕਹੇ ਸ਼ਬਦ ਲਿਖੇ। ਪੌਲੁਸ ਰਸੂਲ ਨੂੰ ਮਸੀਹੀ ਭੈਣਾਂ-ਭਰਾਵਾਂ ਨਾਲ ਹਮਦਰਦੀ ਸੀ। ਇਸ ਲਈ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਦੇ ਮਾਮਲੇ ਵਿਚ ਉਸ ਨੇ ਬਹੁਤ ਵਧੀਆ ਮਿਸਾਲ ਰੱਖੀ। ਉਸ ਦੀ ਰੀਸ ਕਰ ਕੇ ਅੱਜ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰ ਸਕਦੇ ਹਾਂ।—1 ਕੁਰਿੰ. 11:1. w22.08 20 ਪੈਰੇ 1-2
ਮੰਗਲਵਾਰ 16 ਜਨਵਰੀ
ਤੁਹਾਡਾ ਚਾਲ-ਚਲਣ ਇਹੋ ਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੁੰਦਾ ਹੈ।—ਕੁਲੁ. 1:10.
ਜਿਹੜਾ ਮਸੀਹੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਬਣਨਾ ਚਾਹੁੰਦਾ ਹੈ, ਉਹ ਹਮੇਸ਼ਾ ਆਪਣੇ ਵਪਾਰ ਵਿਚ ਈਮਾਨਦਾਰੀ ਤੋਂ ਕੰਮ ਲੈਂਦਾ ਹੈ। ਨਾਲੇ ਧਰਮੀ ਇਨਸਾਨ ਨਿਆਂ-ਪਸੰਦ ਹੁੰਦਾ ਹੈ ਅਤੇ ਉਹ ਬੇਇਨਸਾਫ਼ੀ ਨੂੰ ਜ਼ਰਾ ਵੀ ਬਰਦਾਸ਼ਤ ਨਹੀਂ ਕਰਦਾ। ਇਸ ਤੋਂ ਇਲਾਵਾ, ਧਰਮੀ ਇਨਸਾਨ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸੋਚਦਾ ਹੈ ਕਿ ਉਹ ਫ਼ੈਸਲਾ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ ਜਾਂ ਨਹੀਂ ਤਾਂਕਿ ਪਰਮੇਸ਼ੁਰ ਉਸ ਤੋਂ “ਪੂਰੀ ਤਰ੍ਹਾਂ ਖ਼ੁਸ਼” ਹੋਵੇ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ‘ਧਾਰਮਿਕਤਾ ਦਾ ਸੋਮਾ’ ਹੈ। (ਯਿਰ. 50:7) ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਉਸ ਕੋਲ ਸਹੀ ਤੇ ਗ਼ਲਤ ਦੇ ਮਿਆਰ ਤੈਅ ਕਰਨ ਦਾ ਹੱਕ ਹੈ। ਇਸ ਕਰਕੇ ਉਹ ਬਿਹਤਰ ਤਰੀਕੇ ਨਾਲ ਜਾਣਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਪਰ ਅਸੀਂ ਸਹੀ ਅਤੇ ਗ਼ਲਤ ਵਿਚ ਫ਼ਰਕ ਨਹੀਂ ਕਰ ਪਾਉਂਦੇ। (ਕਹਾ. 14:12; ਯਸਾ. 55:8, 9) ਫਿਰ ਵੀ ਅਸੀਂ ਉਸ ਦੇ ਧਰਮੀ ਮਿਆਰਾਂ ʼਤੇ ਚੱਲ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ʼਤੇ ਬਣਾਇਆ ਹੈ। (ਉਤ. 1:27) ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੇ ਮਿਆਰਾਂ ʼਤੇ ਚੱਲਦੇ ਹਾਂ। ਆਪਣੇ ਪਿਤਾ ਨੂੰ ਪਿਆਰ ਕਰਨ ਕਰਕੇ ਅਸੀਂ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—ਅਫ਼. 5:1. w22.08 27 ਪੈਰੇ 5-6
ਬੁੱਧਵਾਰ 17 ਜਨਵਰੀ
ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ ਦੀ ਕੀ ਇੱਛਾ ਹੈ।—ਅਫ਼. 5:17.
ਜਦੋਂ ਅਸੀਂ ਨਿਰਾਸ਼ ਜਾਂ ਕਿਸੇ ਮੁਸ਼ਕਲ ਵਿਚ ਹੁੰਦੇ ਹਾਂ, ਤਾਂ ਸ਼ਾਇਦ ਅਸੀਂ ਇਨ੍ਹਾਂ ਤੋਂ ਆਪਣਾ ਧਿਆਨ ਹਟਾਉਣ ਲਈ ਕੋਈ ਕੰਮ ਕਰਨ ਬਾਰੇ ਸੋਚੀਏ। ਇਸ ਤਰ੍ਹਾਂ ਕਰਨਾ ਗ਼ਲਤ ਨਹੀਂ ਹੈ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹਾ ਕੋਈ ਕੰਮ ਨਾ ਕਰ ਬੈਠੀਏ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ। (ਅਫ਼. 5:10-12, 15, 16) ਫ਼ਿਲਿੱਪੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਕਿ ‘ਉਹ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੇ ਰਹਿਣ ਜਿਹੜੀਆਂ ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ ਅਤੇ ਸ਼ੁੱਧ ਹਨ।’ (ਫ਼ਿਲਿ. 4:8) ਭਾਵੇਂ ਕਿ ਪੌਲੁਸ ਇੱਥੇ ਖ਼ਾਸ ਕਰਕੇ ਮਨੋਰੰਜਨ ਦੇ ਵਿਸ਼ੇ ਬਾਰੇ ਗੱਲ ਨਹੀਂ ਕਰ ਰਿਹਾ ਸੀ, ਪਰ ਇਸ ਆਇਤ ਵਿਚ ਦਿੱਤੀ ਸਲਾਹ ਮਨੋਰੰਜਨ ਚੁਣਨ ਵਿਚ ਸਾਡੀ ਮਦਦ ਕਰ ਸਕਦੀ ਹੈ। ਕੋਈ ਫ਼ਿਲਮ ਦੇਖਣ ਤੋਂ ਪਹਿਲਾਂ ਅਸੀਂ ਸੋਚ ਸਕਦੇ ਹਾਂ: ਕੀ ਇਹ ਫ਼ਿਲਮ ਸਹੀ ਹੈ, ਸਾਫ਼-ਸੁਥਰੀ ਹੈ, ਪਿਆਰ ਪੈਦਾ ਕਰਨ ਵਾਲੀ ਹੈ, ਚੰਗੀਆਂ ਤੇ ਸ਼ੁੱਧ ਗੱਲਾਂ ਨਾਲ ਭਰੀ ਹੋਈ ਹੈ? ਇਸੇ ਤਰ੍ਹਾਂ ਕੋਈ ਗਾਣਾ ਸੁਣਨ, ਕੋਈ ਕਿਤਾਬ ਪੜ੍ਹਨ ਜਾਂ ਕੋਈ ਵੀਡੀਓ ਗੇਮ ਖੇਡਣ ਤੋਂ ਪਹਿਲਾਂ ਅਸੀਂ ਖ਼ੁਦ ਨੂੰ ਇਹੀ ਸਵਾਲ ਪੁੱਛ ਸਕਦੇ ਹਾਂ। ਇਹ ਸਾਰੀਆਂ ਗੱਲਾਂ ਸੋਚਣ ਨਾਲ ਅਸੀਂ ਜਾਣ ਸਕਾਂਗੇ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਅਤੇ ਕੀ ਗ਼ਲਤ। ਜੇ ਅਸੀਂ ਯਹੋਵਾਹ ਦੇ ਮਿਆਰਾਂ ਨੂੰ ਮੰਨਾਂਗੇ, ਤਾਂ ਸਾਡੀ ਜ਼ਮੀਰ ਸਾਫ਼ ਰਹੇਗੀ।—ਜ਼ਬੂ. 119:1-3. w22.10 9 ਪੈਰੇ 11-12
ਵੀਰਵਾਰ 18 ਜਨਵਰੀ
ਉਹ ਆਪ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਸੀ।—ਯੂਹੰ. 2:25.
“ਕੁਧਰਮੀ ਲੋਕਾਂ” ਵਿੱਚੋਂ ਕੁਝ ਜਣਿਆਂ ਨੇ ਮਰਨ ਤੋਂ ਪਹਿਲਾਂ ਬਹੁਤ ਨੀਚ ਕੰਮ ਕੀਤੇ ਸਨ। ਇਸ ਲਈ ਉਨ੍ਹਾਂ ਨੂੰ ਇਹ ਸਿੱਖਣ ਦੀ ਲੋੜ ਪਵੇਗੀ ਕਿ ਉਹ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਕਿੱਦਾਂ ਜੀ ਸਕਦੇ ਹਨ। ਇਸ ਕਰਕੇ ਪਰਮੇਸ਼ੁਰ ਦੇ ਰਾਜ ਵਿਚ ਅਜਿਹੇ ਲੋਕਾਂ ਨੂੰ ਸਿਖਾਇਆ ਜਾਵੇਗਾ। ਇਹ ਕੰਮ ਇੰਨੇ ਵੱਡੇ ਪੱਧਰ ʼਤੇ ਹੋਵੇਗਾ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ। ਕੁਧਰਮੀ ਲੋਕਾਂ ਨੂੰ ਕੌਣ ਸਿਖਾਵੇਗਾ? ਵੱਡੀ ਭੀੜ ਦੇ ਲੋਕ ਅਤੇ ਧਰਮੀ ਲੋਕ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਪਰ ਕੁਧਰਮੀ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਉਦੋਂ ਹੀ ਲਿਖੇ ਜਾਣਗੇ ਜਦੋਂ ਉਹ ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨਗੇ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨਗੇ। ਯਿਸੂ ਮਸੀਹ ਅਤੇ ਉਸ ਦੇ ਨਾਲ ਰਾਜ ਕਰਨ ਵਾਲੇ ਰਾਜੇ ਸਵਰਗ ਤੋਂ ਬੜੇ ਧਿਆਨ ਨਾਲ ਦੇਖਣਗੇ ਕਿ ਕੁਧਰਮੀ ਲੋਕ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਰਹੇ ਹਨ ਜਾਂ ਨਹੀਂ। (ਪ੍ਰਕਾ. 20:4) ਜਿਹੜੇ ਲੋਕ ਖ਼ੁਦ ਨੂੰ ਨਹੀਂ ਬਦਲਣਗੇ, ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ, ਫਿਰ ਚਾਹੇ ਉਨ੍ਹਾਂ ਦੀ ਉਮਰ 100 ਸਾਲ ਹੀ ਕਿਉਂ ਨਾ ਹੋਵੇ। (ਯਸਾ. 65:20) ਯਹੋਵਾਹ ਅਤੇ ਯਿਸੂ ਲੋਕਾਂ ਦੇ ਦਿਲ ਪੜ੍ਹ ਸਕਦੇ ਹਨ, ਇਸ ਲਈ ਉਹ ਨਵੀਂ ਦੁਨੀਆਂ ਵਿਚ ਇੱਦਾਂ ਦੇ ਕਿਸੇ ਵੀ ਇਨਸਾਨ ਨੂੰ ਬਰਦਾਸ਼ਤ ਨਹੀਂ ਕਰਨਗੇ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਵੇਗਾ ਜਾਂ ਤਬਾਹੀ ਮਚਾਵੇਗਾ।—ਯਸਾ. 11:9; 60:18; 65:25. w22.09 17 ਪੈਰੇ 11-12
ਸ਼ੁੱਕਰਵਾਰ 19 ਜਨਵਰੀ
ਹਰ ਇਨਸਾਨ ਉੱਚ ਅਧਿਕਾਰੀਆਂ ਦੇ ਅਧੀਨ ਰਹੇ।—ਰੋਮੀ. 13:1.
ਇਸ ਆਇਤ ਵਿਚ ਸ਼ਬਦ ‘ਉੱਚ ਅਧਿਕਾਰੀ’ ਇਨਸਾਨੀ ਅਧਿਕਾਰੀਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਕੋਲ ਤਾਕਤ ਅਤੇ ਦੂਜਿਆਂ ʼਤੇ ਅਧਿਕਾਰ ਹੁੰਦਾ ਹੈ। ਮਸੀਹੀ ਇਨ੍ਹਾਂ ਦੇ ਅਧੀਨ ਰਹਿੰਦੇ ਹਨ। ਅਧਿਕਾਰੀ ਧਿਆਨ ਰੱਖਦੇ ਹਨ ਕਿ ਸ਼ਾਂਤੀ ਬਣੀ ਰਹੇ ਅਤੇ ਲੋਕ ਕਾਨੂੰਨਾਂ ਦੀ ਪਾਲਣਾ ਕਰਨ। ਨਾਲੇ ਕਈ ਵਾਰ ਤਾਂ ਇਹ ਅਧਿਕਾਰੀ ਯਹੋਵਾਹ ਦੇ ਲੋਕਾਂ ਦੇ ਪੱਖ ਵਿਚ ਫ਼ੈਸਲੇ ਵੀ ਕਰਦੇ ਹਨ। (ਪ੍ਰਕਾ. 12:16) ਇਸ ਲਈ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਅਸੀਂ ਸਰਕਾਰਾਂ ਨੂੰ ਟੈਕਸ ਜਾਂ ਚੁੰਗੀ ਦੇਈਏ, ਉਨ੍ਹਾਂ ਦਾ ਡਰ ਰੱਖੀਏ ਅਤੇ ਉਨ੍ਹਾਂ ਦਾ ਆਦਰ ਕਰੀਏ। (ਰੋਮੀ. 13:7) ਪਰ ਇਨਸਾਨੀ ਸਰਕਾਰਾਂ ਕੋਲ ਸਿਰਫ਼ ਇਸ ਲਈ ਅਧਿਕਾਰ ਹੈ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੰਦਾ ਹੈ। ਯਿਸੂ ਨੇ ਵੀ ਇਹ ਗੱਲ ਸਪੱਸ਼ਟ ਕੀਤੀ ਜਦੋਂ ਰੋਮੀ ਰਾਜਪਾਲ ਪੁੰਤੀਅਸ ਪਿਲਾਤੁਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਸੀ। ਜਦੋਂ ਪਿਲਾਤੁਸ ਨੇ ਯਿਸੂ ਦੀ ਜਾਨ ਬਚਾਉਣ ਜਾਂ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਆਪਣੇ ਅਧਿਕਾਰ ਬਾਰੇ ਦੱਸਿਆ, ਤਾਂ ਯਿਸੂ ਨੇ ਉਸ ਨੂੰ ਕਿਹਾ: “ਜੇ ਤੈਨੂੰ ਇਹ ਅਧਿਕਾਰ ਪਰਮੇਸ਼ੁਰ ਤੋਂ ਨਾ ਮਿਲਿਆ ਹੁੰਦਾ, ਤਾਂ ਤੈਨੂੰ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ।” (ਯੂਹੰ. 19:11) ਇਸ ਤੋਂ ਪਤਾ ਲੱਗਦਾ ਹੈ ਕਿ ਪਿਲਾਤੁਸ ਵਾਂਗ ਅੱਜ ਸਾਰੇ ਇਨਸਾਨੀ ਰਾਜਿਆਂ ਅਤੇ ਹਕੂਮਤਾਂ ਕੋਲ ਕੁਝ ਹੱਦ ਤਕ ਹੀ ਅਧਿਕਾਰ ਹੈ। w22.10 14 ਪੈਰਾ 6
ਸ਼ਨੀਵਾਰ 20 ਜਨਵਰੀ
ਦੁਸ਼ਟ ਖ਼ਤਮ ਹੋ ਜਾਣਗੇ।—ਜ਼ਬੂ. 37:10.
ਰਾਜਾ ਦਾਊਦ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਸੀ ਕਿ ਜਦੋਂ ਬੁੱਧੀਮਾਨ ਅਤੇ ਵਫ਼ਾਦਾਰ ਰਾਜਾ ਰਾਜ ਕਰੇਗਾ, ਤਾਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ। (ਜ਼ਬੂ. 37:10, 11, 29) ਜਦੋਂ ਅਸੀਂ ਦੂਜਿਆਂ ਨਾਲ ਬਾਗ਼ ਵਰਗੀ ਸੋਹਣੀ ਧਰਤੀ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਅਕਸਰ ਉਨ੍ਹਾਂ ਨਾਲ ਜ਼ਬੂਰ 37:11 ʼਤੇ ਚਰਚਾ ਕਰਦੇ ਹਾਂ। ਇਸ ਤਰ੍ਹਾਂ ਕਰਨਾ ਸਹੀ ਵੀ ਹੈ ਕਿਉਂਕਿ ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਸ ਆਇਤ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਇਸ ਆਇਤ ਦੀਆਂ ਗੱਲਾਂ ਭਵਿੱਖ ਵਿਚ ਵੀ ਪੂਰੀਆਂ ਹੋਣਗੀਆਂ। (ਮੱਤੀ 5:5) ਦਾਊਦ ਦੇ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸੁਲੇਮਾਨ ਦੇ ਰਾਜ ਦੌਰਾਨ ਜ਼ਿੰਦਗੀ ਕਿਹੋ ਜਿਹੀ ਹੋਣੀ ਸੀ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਇਜ਼ਰਾਈਲ ਵਿਚ ‘ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਣਗੀਆਂ।’ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਹ ਵੀ ਕਿਹਾ ਸੀ: ‘ਜੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰਦੇ ਰਹੋਗੇ, ਤਾਂ ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ ਅਤੇ ਤੁਹਾਨੂੰ ਕੋਈ ਨਹੀਂ ਡਰਾਵੇਗਾ।’ (ਲੇਵੀ. 20:24; 26:3, 6) ਯਹੋਵਾਹ ਦੇ ਸਾਰੇ ਵਾਅਦੇ ਸੁਲੇਮਾਨ ਦੇ ਰਾਜ ਵਿਚ ਪੂਰੇ ਹੋਏ। (1 ਇਤਿ. 22:9; 29:26-28) ਜਦੋਂ ਸੁਲੇਮਾਨ ਰਾਜ ਕਰਦਾ ਸੀ, ਤਾਂ ਪਰਮੇਸ਼ੁਰ ਦੇ ਲੋਕਾਂ ਵਿਚ ਸੱਚੀ ਸ਼ਾਂਤੀ ਸੀ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜ਼ਬੂਰ 37:10, 11, 29 ਵਿਚ ਲਿਖੀਆਂ ਗੱਲਾਂ ਬੀਤੇ ਸਮੇਂ ਵਿਚ ਵੀ ਪੂਰੀਆਂ ਹੋਈਆਂ ਅਤੇ ਭਵਿੱਖ ਵਿਚ ਵੀ ਜ਼ਰੂਰ ਪੂਰੀਆਂ ਹੋਣਗੀਆਂ। w22.12 10 ਪੈਰਾ 8
ਐਤਵਾਰ 21 ਜਨਵਰੀ
ਜੋ [ਬੁੱਧ] ਨੂੰ ਘੁੱਟ ਕੇ ਫੜੀ ਰੱਖਦੇ ਹਨ, ਉਹ ਖ਼ੁਸ਼ ਕਹਾਏ ਜਾਣਗੇ।—ਕਹਾ. 3:18.
ਸੱਚੇ ਮਸੀਹੀਆਂ ਵਜੋਂ ਸਾਨੂੰ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ। ਬਾਈਬਲ ਕਹਿੰਦੀ ਹੈ: “ਬੁੱਧ ਭਰੀ ਸਲਾਹ ਲੈ ਕੇ ਤੂੰ ਆਪਣਾ ਯੁੱਧ ਲੜੇਂਗਾ ਅਤੇ ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ” ਮਿਲੇਗੀ। (ਕਹਾ. 24:6, ਫੁਟਨੋਟ) ਗੌਰ ਕਰੋ ਕਿ ਇਸ ਅਸੂਲ ਨੂੰ ਲਾਗੂ ਕਰ ਕੇ ਅਸੀਂ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ। ਜਦੋਂ ਅਸੀਂ ਇਸ ਅਸੂਲ ਨੂੰ ਧਿਆਨ ਵਿਚ ਰੱਖਾਂਗੇ, ਤਾਂ ਅਸੀਂ ਆਪਣੇ ਤਰੀਕੇ ਨਾਲ ਪ੍ਰਚਾਰ ਕਰਨ ਦੀ ਬਜਾਇ ਉਨ੍ਹਾਂ ਹਿਦਾਇਤਾਂ ਨੂੰ ਮੰਨਾਂਗੇ ਜੋ ਸਾਨੂੰ ਸੰਗਠਨ ਵੱਲੋਂ ਮਿਲਦੀਆਂ ਹਨ। ਇਸ ਤਰ੍ਹਾਂ ਅਸੀਂ ਹੋਰ ਵੀ ਵਧੀਆ ਢੰਗ ਨਾਲ ਪ੍ਰਚਾਰ ਕਰ ਸਕਾਂਗੇ ਅਤੇ ਸਿਖਾ ਸਕਾਂਗੇ। ਮੀਟਿੰਗਾਂ ਵਿਚ ਅਸੀਂ ਬੁੱਧ ਦੀਆਂ ਗੱਲਾਂ ਸਿੱਖਦੇ ਹਾਂ। ਨਾਲੇ ਇਸ ਵਿਚ ਤਜਰਬੇਕਾਰ ਮਸੀਹੀ ਜੋ ਭਾਗ ਪੇਸ਼ ਕਰਦੇ ਹਨ ਅਤੇ ਭਾਸ਼ਣ ਦਿੰਦੇ ਹਨ, ਉਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਕਿ ਬਾਈਬਲ ਵਿੱਚੋਂ ਦੂਜਿਆਂ ਨੂੰ ਵਧੀਆ ਢੰਗ ਨਾਲ ਕਿਵੇਂ ਸਿਖਾਉਣਾ ਹੈ। ਇਸ ਦੇ ਨਾਲ-ਨਾਲ ਯਹੋਵਾਹ ਦੇ ਸੰਗਠਨ ਨੇ ਸਾਨੂੰ ਅਜਿਹੇ ਔਜ਼ਾਰ ਯਾਨੀ ਪ੍ਰਕਾਸ਼ਨ ਤੇ ਵੀਡੀਓ ਦਿੱਤੇ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਲੋਕਾਂ ਦੀ ਬਾਈਬਲ ਨੂੰ ਸੌਖੇ ਤਰੀਕੇ ਨਾਲ ਸਮਝਣ ਵਿਚ ਮਦਦ ਕਰ ਸਕਦੇ ਹਾਂ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਬੁੱਧ ਦੀਆਂ ਗੱਲਾਂ ਲਿਖਵਾਈਆਂ ਹਨ! ਜੇ ਪਰਮੇਸ਼ੁਰ ਨੇ ਇਹ ਸਲਾਹਾਂ ਨਾ ਲਿਖਵਾਈਆਂ ਹੁੰਦੀਆਂ, ਤਾਂ ਸਾਡਾ ਕੀ ਹੁੰਦਾ? ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਯਹੋਵਾਹ ਵੱਲੋਂ ਮਿਲਦੀ ਬੁੱਧ ਮੁਤਾਬਕ ਚੱਲਦੇ ਰਹਾਂਗੇ।—ਕਹਾ. 3:13-17. w22.10 23 ਪੈਰੇ 18-19
ਸੋਮਵਾਰ 22 ਜਨਵਰੀ
ਤੇਰੀਆਂ ਗੱਲਾਂ ਮੇਰੀ ਜੀਭ ਨੂੰ ਕਿੰਨੀਆਂ ਮਿੱਠੀਆਂ ਲੱਗਦੀਆਂ ਹਨ, ਹਾਂ, ਸ਼ਹਿਦ ਤੋਂ ਵੀ ਜ਼ਿਆਦਾ ਮਿੱਠੀਆਂ!—ਜ਼ਬੂ. 119:103.
ਜਦੋਂ ਅਸੀਂ ਖਾਣਾ ਖਾਂਦੇ ਹਾਂ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ, ਤਾਂ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ ਅਤੇ ਇਸ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਬਚਨ ਵਿਚ ਲਿਖੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੀਏ। ਅਸੀਂ ਪ੍ਰਾਰਥਨਾ ਕਰ ਕੇ, ਉਸ ਦੇ ਬਚਨ ਨੂੰ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਉਦਾਹਰਣ ਲਈ, ਬਾਈਬਲ ਵਿੱਚੋਂ ਕੁਝ ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰ ਕੇ ਆਪਣੇ ਦਿਲ ਨੂੰ ਤਿਆਰ ਕਰੋ। ਫਿਰ ਬਚਨ ਨੂੰ ਪੜ੍ਹੋ ਅਤੇ ਥੋੜ੍ਹਾ ਰੁਕ ਕੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋ। ਇਸ ਦਾ ਕੀ ਨਤੀਜਾ ਨਿਕਲੇਗਾ? ਅਸੀਂ ਪਰਮੇਸ਼ੁਰ ਦੇ ਬਚਨ ʼਤੇ ਜਿੰਨਾ ਜ਼ਿਆਦਾ ਸੋਚ-ਵਿਚਾਰ ਕਰਾਂਗੇ, ਸਾਡੀ ਨਿਹਚਾ ਉੱਨੀ ਜ਼ਿਆਦਾ ਪੱਕੀ ਹੋਵੇਗੀ। ਸਾਡੇ ਲਈ ਬਾਈਬਲ ਪੜ੍ਹਨੀ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਇਸ ਨਾਲ ਸਾਨੂੰ ਰਾਜ ਦਾ ਸੰਦੇਸ਼ ਸੁਣਾਉਣ ਦੀ ਤਾਕਤ ਮਿਲਦੀ ਹੈ। ਨਾਲੇ ਸਾਨੂੰ ਭਵਿੱਖ ਵਿਚ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਉਣ ਦੀ ਵੀ ਤਾਕਤ ਮਿਲੇਗੀ। ਇਸ ਤੋਂ ਇਲਾਵਾ, ਜਦੋਂ ਅਸੀਂ ਪਰਮੇਸ਼ੁਰ ਦੇ ਸ਼ਾਨਦਾਰ ਗੁਣਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡਾ ਉਸ ਨਾਲ ਰਿਸ਼ਤਾ ਹੋਰ ਵੀ ਜ਼ਿਆਦਾ ਗੂੜ੍ਹਾ ਹੁੰਦਾ ਹੈ। w22.11 6-7 ਪੈਰੇ 16-17
ਮੰਗਲਵਾਰ 23 ਜਨਵਰੀ
ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।—ਯੂਹੰ. 13:35.
ਯਿਸੂ ਨੇ ਦੱਸਿਆ ਕਿ ਉਸ ਦੇ ਚੇਲਿਆਂ ਵਿਚ ਨਿਰਸੁਆਰਥ ਪਿਆਰ ਦੇਖ ਕੇ ਨਾ ਸਿਰਫ਼ ਮੰਡਲੀ ਦੇ ਲੋਕ, ਸਗੋਂ ਬਾਹਰਲੇ ਲੋਕ ਵੀ ਜਾਣ ਸਕਣਗੇ ਕਿ ਉਹ ਉਸ ਦੇ ਸੱਚੇ ਚੇਲੇ ਹਨ। ਨਾਲੇ ਯਹੋਵਾਹ ਦੇ ਗਵਾਹਾਂ ਵਿਚ ਜੋ ਪਿਆਰ ਹੈ, ਉਹ ਸੱਚ-ਮੁੱਚ ਬੜੇ ਕਮਾਲ ਦਾ ਹੈ! ਪਰ ਇਹ ਵੀ ਸੱਚ ਹੈ ਕਿ ਯਹੋਵਾਹ ਦੇ ਗਵਾਹ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਵੀ ਗ਼ਲਤੀਆਂ ਹੋ ਸਕਦੀਆਂ ਹਨ। (1 ਯੂਹੰ. 1:8) ਅਸੀਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜਿੰਨਾ ਜ਼ਿਆਦਾ ਜਾਣਨ ਲੱਗਦੇ ਹਾਂ, ਉੱਨਾ ਜ਼ਿਆਦਾ ਸਾਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦਿੱਸਣ ਲੱਗ ਪੈਂਦੀਆਂ ਹਨ। (ਰੋਮੀ. 3:23) ਦੁੱਖ ਦੀ ਗੱਲ ਹੈ ਕਿ ਕੁਝ ਜਣਿਆਂ ਨੇ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ। ਯਿਸੂ ਨੇ ਆਪਣੇ ਰਸੂਲਾਂ ਨੂੰ ਪਿਆਰ ਕਿਵੇਂ ਦਿਖਾਇਆ? ਨਾਲੇ ਅੱਜ ਸੱਚੇ ਮਸੀਹੀ ਯਿਸੂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਨ? ਸਾਨੂੰ ਯਹੋਵਾਹ ਦੇ ਗਵਾਹਾਂ ਨੂੰ ਵੀ ਇਨ੍ਹਾਂ ਸਵਾਲਾਂ ਦੇ ਜਵਾਬਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਕਰਕੇ ਸ਼ਾਇਦ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨਾਲ ਹੋਰ ਵੀ ਜ਼ਿਆਦਾ ਪਿਆਰ ਨਾਲ ਪੇਸ਼ ਆ ਸਕਾਂਗੇ।—ਅਫ਼. 5:2. w23.03 26-27 ਪੈਰੇ 2-4
ਬੁੱਧਵਾਰ 24 ਜਨਵਰੀ
ਵਫ਼ਾਦਾਰ ਇਨਸਾਨ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ। —ਜ਼ਬੂ. 18:25.
ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਮੰਡਲੀ ਵਿਚ ਅਜਿਹੇ ਹਾਲਾਤ ਖੜ੍ਹੇ ਹੋਣਗੇ ਜਿਨ੍ਹਾਂ ਕਰਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਇਸ ਲਈ ਇਨ੍ਹਾਂ ਹਾਲਾਤਾਂ ਵਿਚ ਸਾਨੂੰ ਹੋਸ਼ ਵਿਚ ਰਹਿਣਾ ਚਾਹੀਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਭੈਣ ਜਾਂ ਭਰਾ ਨੇ ਜਾਂ ਕਿਸੇ ਬਜ਼ੁਰਗ ਨੇ ਤੁਹਾਡੇ ਨਾਲ ਬਦਸਲੂਕੀ ਕੀਤੀ ਹੈ, ਤਾਂ ਉਸ ਪ੍ਰਤੀ ਆਪਣੇ ਮਨ ਵਿਚ ਕੁੜੱਤਣ ਨਾ ਭਰੋ। ਜੇ ਤੁਹਾਨੂੰ ਅਨੁਸ਼ਾਸਨ ਮਿਲਦਾ ਹੈ, ਤਾਂ ਉਸ ਬਾਰੇ ਸੋਚ-ਸੋਚ ਕੇ ਸ਼ਰਮਿੰਦੇ ਨਾ ਹੋਵੋ। ਇਸ ਦੀ ਬਜਾਇ, ਅਨੁਸ਼ਾਸਨ ਨੂੰ ਸਵੀਕਾਰ ਕਰੋ ਅਤੇ ਆਪਣੇ ਵਿਚ ਜ਼ਰੂਰੀ ਬਦਲਾਅ ਕਰੋ। ਜਦੋਂ ਸੰਗਠਨ ਕੁਝ ਅਜਿਹੀਆਂ ਤਬਦੀਲੀਆਂ ਕਰਦਾ ਹੈ ਜਿਨ੍ਹਾਂ ਦਾ ਅਸਰ ਤੁਹਾਡੇ ʼਤੇ ਪੈਂਦਾ ਹੈ, ਤਾਂ ਪੂਰੇ ਦਿਲੋਂ ਤਬਦੀਲੀਆਂ ਨੂੰ ਸਵੀਕਾਰ ਕਰੋ ਅਤੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੁਤਾਬਕ ਚੱਲੋ। ਵਫ਼ਾਦਾਰੀ ਦੀ ਪਰਖ ਹੋਣ ਤੇ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਭਰੋਸਾ ਕਰਦੇ ਰਹੋ। ਸ਼ਾਂਤ ਰਹੋ, ਹਰ ਮਾਮਲੇ ਬਾਰੇ ਧਿਆਨ ਨਾਲ ਸੋਚੋ ਅਤੇ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗੋ ਅਤੇ ਕਦੇ ਵੀ ਮੰਡਲੀ ਤੋਂ ਦੂਰ ਨਾ ਜਾਓ, ਸਗੋਂ ਭੈਣਾਂ-ਭਰਾਵਾਂ ਨੂੰ ਮਿਲਦੇ ਰਹੋ। ਫਿਰ ਚਾਹੇ ਜੋ ਮਰਜ਼ੀ ਹੋ ਜਾਵੇ, ਸ਼ੈਤਾਨ ਸਾਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਕਦੇ ਵੀ ਦੂਰ ਨਹੀਂ ਕਰ ਸਕੇਗਾ।—ਯਾਕੂ. 4:7. w22.11 24-25 ਪੈਰੇ 14-16
ਵੀਰਵਾਰ 25 ਜਨਵਰੀ
ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ।—1 ਪਤ. 2:17.
ਬਜ਼ੁਰਗੋ, ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ ਤਾਂਕਿ ਉਹ ਪਹਿਲਾਂ ਤੋਂ ਹੀ ਆਫ਼ਤਾਂ ਤੋਂ ਬਚਣ ਦੀ ਤਿਆਰੀ ਕਰ ਸਕਣ। ਇਸ ਗੱਲ ਦਾ ਪੂਰਾ ਧਿਆਨ ਰੱਖੋ ਕਿ ਸਾਰੇ ਭੈਣਾਂ-ਭਰਾਵਾਂ ਨੂੰ ਇਹ ਪਤਾ ਹੋਵੇ ਕਿ ਕੋਈ ਵੀ ਆਫ਼ਤ ਆਉਣ ʼਤੇ ਉਨ੍ਹਾਂ ਨੇ ਕੀ ਕਰਨਾ ਹੈ। ਨਾਲੇ ਉਨ੍ਹਾਂ ਨੂੰ ਦੱਸੋ ਕਿ ਜੇ ਅਜਿਹਾ ਕੁਝ ਹੁੰਦਾ ਹੈ, ਤਾਂ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ ਹਨ। ਤੁਸੀਂ ਖ਼ੁਦ ਕੀ ਕਰ ਸਕਦੇ ਹੋ? ਜੇ ਤੁਹਾਡੇ ਘਰ ਦੇ ਕਿਸੇ ਨੇੜੇ ਦੇ ਇਲਾਕੇ ਵਿਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਤੁਸੀਂ ਮਦਦ ਕਰਨ ਲਈ ਮੰਡਲੀ ਦੇ ਬਜ਼ੁਰਗਾਂ ਨੂੰ ਪੁੱਛ ਸਕਦੇ ਹੋ। ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਵਿਚ ਜਗ੍ਹਾ ਦੇ ਸਕਦੇ ਹੋ ਜਿਨ੍ਹਾਂ ਦੇ ਘਰ ਕੁਦਰਤੀ ਆਫ਼ਤ ਕਰਕੇ ਤਬਾਹ ਹੋ ਗਏ ਹਨ ਜਾਂ ਜਿਹੜੇ ਭੈਣ-ਭਰਾ ਰਾਹਤ ਦੇ ਕੰਮ ਵਿਚ ਹੱਥ ਵਟਾਉਣ ਲਈ ਆਏ ਹਨ। ਤੁਸੀਂ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਸਕਦੇ ਹੋ। ਜੇ ਕੋਈ ਕੁਦਰਤੀ ਆਫ਼ਤ ਉਸ ਇਲਾਕੇ ਵਿਚ ਆਉਂਦੀ ਹੈ ਜੋ ਤੁਹਾਡੇ ਇਲਾਕੇ ਤੋਂ ਕਾਫ਼ੀ ਦੂਰ ਹੈ, ਤਾਂ ਵੀ ਤੁਸੀਂ ਮਦਦ ਕਰ ਸਕਦੇ ਹੋ। ਕਿਵੇਂ? ਤੁਸੀਂ ਉੱਥੋਂ ਦੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ। (2 ਕੁਰਿੰ. 1:8-11) ਨਾਲੇ ਤੁਸੀਂ ਪੂਰੀ ਦੁਨੀਆਂ ਵਿਚ ਰਾਹਤ ਦੇ ਕੰਮ ਲਈ ਦਾਨ ਦੇ ਕੇ ਵੀ ਮਦਦ ਕਰ ਸਕਦੇ ਹੋ। (2 ਕੁਰਿੰ. 8:2-5) ਜੇ ਤੁਸੀਂ ਸਫ਼ਰ ਕਰ ਕੇ ਉਸ ਇਲਾਕੇ ਵਿਚ ਜਾ ਸਕਦੇ ਹੋ ਜਿੱਥੇ ਕੋਈ ਕੁਦਰਤੀ ਆਫ਼ਤ ਆਈ ਹੈ, ਤਾਂ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਪੁੱਛੋ। ਜੇ ਤੁਹਾਨੂੰ ਇਸ ਕੰਮ ਲਈ ਬੁਲਾਇਆ ਜਾਂਦਾ ਹੈ, ਤਾਂ ਪਹਿਲਾਂ ਤੁਹਾਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤਰ੍ਹਾਂ ਲੋੜ ਪੈਣ ਤੇ ਤੁਸੀਂ ਵਧੀਆ ਢੰਗ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰ ਸਕੋਗੇ। w22.12 24 ਪੈਰਾ 8; 25 ਪੈਰੇ 11-12
ਸ਼ੁੱਕਰਵਾਰ 26 ਜਨਵਰੀ
ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।—1 ਕੁਰਿੰ. 10:13.
ਪੌਲੁਸ ਨੇ ਇਹ ਗੱਲ ਕੁਰਿੰਥੁਸ ਦੇ ਮਸੀਹੀਆਂ ਨੂੰ ਕਹੀ ਸੀ ਜਿਨ੍ਹਾਂ ਵਿੱਚੋਂ ਕੁਝ ਜਣੇ ਪਹਿਲਾਂ ਹਰਾਮਕਾਰ, ਸਮਲਿੰਗੀ ਅਤੇ ਸ਼ਰਾਬੀ ਸਨ। (1 ਕੁਰਿੰ. 6:9-11) ਕੀ ਬਪਤਿਸਮੇ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਕੋਈ ਵੀ ਗ਼ਲਤ ਇੱਛਾ ਨਹੀਂ ਆਈ ਹੋਣੀ? ਨਹੀਂ, ਇੱਦਾਂ ਬਿਲਕੁਲ ਵੀ ਨਹੀਂ ਸੀ। ਭਾਵੇਂ ਕਿ ਉਹ ਸਾਰੇ ਜਣੇ ਚੁਣੇ ਹੋਏ ਮਸੀਹੀ ਸਨ, ਪਰ ਹੈਗੇ ਤਾਂ ਨਾਮੁਕੰਮਲ ਸੀ। ਬਿਨਾਂ ਸ਼ੱਕ, ਉਨ੍ਹਾਂ ਨੂੰ ਵੀ ਕਦੇ-ਕਦੇ ਗ਼ਲਤ ਇੱਛਾਵਾਂ ਨਾਲ ਲੜਨਾ ਪੈਂਦਾ ਸੀ। ਇਹ ਗੱਲ ਜਾਣ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ? ਕਿਉਂਕਿ ਬਹੁਤ ਸਾਰੇ ਭੈਣ-ਭਰਾ ਆਪਣੀਆਂ ਗ਼ਲਤ ਇੱਛਾਵਾਂ ʼਤੇ ਜਿੱਤ ਹਾਸਲ ਕਰ ਸਕੇ ਹਨ। ਇਸ ਲਈ ਅਸੀਂ ਵੀ ਜਿੱਤ ਹਾਸਲ ਕਰ ਸਕਦੇ ਹਾਂ। ਜੀ ਹਾਂ, ‘ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਸਕਦੇ ਹੋ ਅਤੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।’—1 ਪਤ. 5:9. w23.01 12 ਪੈਰਾ 15
ਸ਼ਨੀਵਾਰ 27 ਜਨਵਰੀ
ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।—ਯੂਹੰ. 16:33.
ਯਿਸੂ ਨੇ ਯਹੋਵਾਹ ਨੂੰ ਉਸ ਦੇ ਚੇਲਿਆਂ ਦੀ ਰੱਖਿਆ ਕਰਨ ਲਈ ਕਿਹਾ। (ਯੂਹੰ. 17:11) ਇਸ ਗੱਲ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ? ਕਿਉਂਕਿ ਸਾਡੀ ਰਾਖੀ ਕਰਨ ਵਾਲਾ ਯਹੋਵਾਹ ਸਾਡੇ ਦੁਸ਼ਮਣਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। (1 ਯੂਹੰ. 4:4) ਉਸ ਦੀਆਂ ਅੱਖਾਂ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ। ਸਾਨੂੰ ਯਕੀਨ ਹੈ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਅਸੀਂ ਆਪਣੇ ਡਰ ʼਤੇ ਕਾਬੂ ਪਾ ਕੇ ਦਲੇਰੀ ਦਿਖਾ ਸਕਾਂਗੇ। ਕੀ ਕਦੇ-ਕਦੇ ਤੁਹਾਨੂੰ ਯਹੋਵਾਹ ਦੇ ਗਵਾਹ ਵਜੋਂ ਆਪਣੀ ਪਛਾਣ ਕਰਾਉਣ ਵਿਚ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ? ਕੀ ਤੁਸੀਂ ਸਿਰਫ਼ ਇਸ ਕਰਕੇ ਪ੍ਰਚਾਰਕ ਬਣਨ ਜਾਂ ਬਪਤਿਸਮਾ ਲੈਣ ਤੋਂ ਆਪਣੇ ਆਪ ਨੂੰ ਰੋਕ ਰਹੇ ਹੋ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਣਗੇ? ਜੇ ਤੁਹਾਡੇ ਮਨ ਵਿਚ ਵੀ ਇਹ ਖ਼ਿਆਲ ਆਉਂਦੇ ਹਨ, ਤਾਂ ਵੀ ਸਹੀ ਕੰਮ ਕਰਨ ਤੋਂ ਪਿੱਛੇ ਨਾ ਹਟੋ। ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਉਸ ਨੂੰ ਕਹੋ ਕਿ ਉਹ ਤੁਹਾਡੀ ਦਲੇਰ ਬਣਨ ਵਿਚ ਮਦਦ ਕਰੇ ਤਾਂਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ। ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ, ਤਾਂ ਤੁਸੀਂ ਹੋਰ ਵੀ ਜ਼ਿਆਦਾ ਤਕੜੇ ਹੋਵੋਗੇ ਤੇ ਦਲੇਰ ਬਣੋਗੇ।—ਯਸਾ. 41:10, 13. w23.01 29 ਪੈਰਾ 12; 30 ਪੈਰਾ 14
ਐਤਵਾਰ 28 ਜਨਵਰੀ
ਕੀ ਤੁਸੀਂ ਇਹ ਨਹੀਂ ਪੜ੍ਹਿਆ?—ਮੱਤੀ 12:3.
ਯਿਸੂ ਨੇ ਫ਼ਰੀਸੀਆਂ ਨੂੰ ਇਹ ਪੁੱਛਿਆ ਸੀ: “ਕੀ ਤੁਸੀਂ ਇਹ ਨਹੀਂ ਪੜ੍ਹਿਆ?” (ਮੱਤੀ 12:1-7) ਉਸ ਨੇ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਫ਼ਰੀਸੀ ਪਵਿੱਤਰ ਲਿਖਤਾਂ ਨੂੰ ਸਹੀ ਇਰਾਦੇ ਨਾਲ ਨਹੀਂ ਪੜ੍ਹਦੇ ਸਨ। ਉਸ ਮੌਕੇ ʼਤੇ ਉਨ੍ਹਾਂ ਨੇ ਯਿਸੂ ਦੇ ਚੇਲਿਆਂ ʼਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਬਤ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਫਿਰ ਯਿਸੂ ਨੇ ਫ਼ਰੀਸੀਆਂ ਨੂੰ ਪਵਿੱਤਰ ਲਿਖਤਾਂ ਵਿੱਚੋਂ ਦੋ ਮਿਸਾਲਾਂ ਦਿੱਤੀਆਂ ਅਤੇ ਹੋਸ਼ੇਆ ਦੀ ਕਿਤਾਬ ਵਿੱਚੋਂ ਇਕ ਹਵਾਲਾ ਦਿੱਤਾ। ਇਨ੍ਹਾਂ ਤੋਂ ਸਾਬਤ ਹੋਇਆ ਕਿ ਫ਼ਰੀਸੀ ਇਹ ਨਹੀਂ ਸਮਝਦੇ ਸਨ ਕਿ ਸਬਤ ਦਾ ਕਾਨੂੰਨ ਕਿਉਂ ਦਿੱਤਾ ਗਿਆ ਸੀ ਅਤੇ ਇਸ ਕਰਕੇ ਉਹ ਦੂਸਰਿਆਂ ʼਤੇ ਦਇਆ ਨਹੀਂ ਕਰਦੇ ਸਨ। ਫ਼ਰੀਸੀ ਪਰਮੇਸ਼ੁਰ ਦੇ ਬਚਨ ਮੁਤਾਬਕ ਆਪਣੀ ਸੋਚ ਕਿਉਂ ਨਹੀਂ ਢਾਲ਼ ਸਕੇ? ਕਿਉਂਕਿ ਉਹ ਘਮੰਡੀ ਸਨ ਅਤੇ ਦੂਜਿਆਂ ਵਿੱਚ ਨੁਕਸ ਕੱਢਣ ਦੇ ਇਰਾਦੇ ਨਾਲ ਪਵਿੱਤਰ ਲਿਖਤਾਂ ਪੜ੍ਹਦੇ ਸਨ। ਉਹ ਆਪਣੇ ਇਸ ਰਵੱਈਏ ਕਰਕੇ ਪੜ੍ਹੀਆਂ ਗੱਲਾਂ ਦਾ ਸਹੀ ਮਤਲਬ ਨਹੀਂ ਸਮਝ ਸਕੇ। (ਮੱਤੀ 23:23; ਯੂਹੰ. 5:39, 40) ਨਾਲੇ ਮੱਤੀ 19:4-6 ਵੀ ਦੇਖੋ ਜਿੱਥੇ ਯਿਸੂ ਨੇ ਫ਼ਰੀਸੀਆਂ ਨੂੰ ਉਹੀ ਸਵਾਲ ਪੁੱਛਿਆ ਸੀ: “ਕੀ ਤੁਸੀਂ ਨਹੀਂ ਪੜ੍ਹਿਆ?” ਚਾਹੇ ਕਿ ਉਨ੍ਹਾਂ ਨੇ ਕਈ ਵਾਰ ਪੜ੍ਹਿਆ ਸੀ ਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਆਦਮੀ ਅਤੇ ਔਰਤ ਨੂੰ ਇਕ ਬੰਧਨ ਵਿਚ ਬੰਨ੍ਹਿਆ ਸੀ, ਫਿਰ ਵੀ ਉਹ ਵਿਆਹ ਬਾਰੇ ਪਰਮੇਸ਼ੁਰ ਦੀ ਸੋਚ ਨੂੰ ਸਮਝ ਨਹੀਂ ਸਕੇ। ਯਿਸੂ ਨੇ ਫ਼ਰੀਸੀਆਂ ਨੂੰ ਜੋ ਕਿਹਾ ਸੀ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸਹੀ ਇਰਾਦੇ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ। ਜੇ ਅਸੀਂ ਫ਼ਰੀਸੀਆਂ ਵਾਂਗ ਘਮੰਡੀ ਬਣਾਂਗੇ ਜਾਂ ਦੂਜਿਆਂ ਵਿਚ ਨੁਕਸ ਕੱਢਣ ਦੇ ਇਰਾਦੇ ਨਾਲ ਬਾਈਬਲ ਪੜ੍ਹਾਂਗੇ, ਤਾਂ ਸਾਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਸਾਨੂੰ ਨਿਮਰ ਬਣਨਾ ਚਾਹੀਦਾ ਹੈ ਅਤੇ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ। w23.02 12 ਪੈਰੇ 12-13
ਸੋਮਵਾਰ 29 ਜਨਵਰੀ
ਸੋਚਣ-ਸਮਝਣ ਦੀ ਕਾਬਲੀਅਤ ਤੇਰੇ ʼਤੇ ਨਿਗਾਹ ਰੱਖੇਗੀ।—ਕਹਾ. 2:11.
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜੋ ਕਾਨੂੰਨ ਦਿੱਤਾ ਸੀ, ਉਸ ਦੀਆਂ ਗੱਲਾਂ ਨੂੰ ਮੰਨ ਕੇ ਉਹ ਘਰ ਅਤੇ ਕੰਮ ਦੀ ਥਾਂ ʼਤੇ ਹਾਦਸਿਆਂ ਤੋਂ ਬਚ ਸਕਦੇ ਸਨ ਅਤੇ ਸੁਰੱਖਿਅਤ ਰਹਿ ਸਕਦੇ ਸਨ। (ਕੂਚ 21:28, 29; ਬਿਵ. 22:8) ਜੇ ਕਿਸੇ ਕੋਲੋਂ ਅਣਜਾਣੇ ਵਿਚ ਵੀ ਕੁਝ ਅਜਿਹਾ ਹੋ ਜਾਂਦਾ ਸੀ ਜਿਸ ਨਾਲ ਕਿਸੇ ਦੀ ਜਾਨ ਚਲੀ ਜਾਂਦੀ ਸੀ, ਤਾਂ ਉਸ ਨੂੰ ਇਸ ਦਾ ਗੰਭੀਰ ਨਤੀਜਾ ਭੁਗਤਣਾ ਪੈਂਦਾ ਸੀ। (ਬਿਵ. 19:4, 5) ਕਾਨੂੰਨ ਵਿਚ ਇਹ ਵੀ ਕਿਹਾ ਗਿਆ ਸੀ ਕਿ ਜੇ ਕੋਈ ਵਿਅਕਤੀ ਅਣਜਾਣੇ ਵਿਚ ਕਿਸੇ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚਾਉਂਦਾ ਸੀ, ਤਾਂ ਉਸ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ। (ਕੂਚ 21:22, 23) ਇਸ ਤਰ੍ਹਾਂ ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਸਾਵਧਾਨੀ ਵਰਤੀਏ ਅਤੇ ਸੁਰੱਖਿਅਤ ਰਹੀਏ। ਜਦੋਂ ਅਸੀਂ ਘਰੇ ਅਤੇ ਕੰਮ ʼਤੇ ਸੁਰੱਖਿਅਤ ਰਹਿਣ ਲਈ ਸਾਵਧਾਨੀ ਵਰਤਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ। ਅਸੀਂ ਧਿਆਨ ਰੱਖਦੇ ਹਾਂ ਕਿ ਤੇਜ਼ ਧਾਰ ਵਾਲੀਆਂ ਚੀਜ਼ਾਂ, ਦਵਾਈਆਂ ਤੇ ਕੈਮੀਕਲ ਵਗੈਰਾ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਣ। ਨਾਲੇ ਇਨ੍ਹਾਂ ਚੀਜ਼ਾਂ ਨੂੰ ਸੁੱਟਣ ਵੇਲੇ ਅਸੀਂ ਧਿਆਨ ਰੱਖਦੇ ਹਾਂ ਕਿ ਇਨ੍ਹਾਂ ਕਰਕੇ ਦੂਜਿਆਂ ਦਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ, ਅਸੀਂ ਅੱਗ ਬਾਲ਼ਣ, ਪਾਣੀ ਉਬਾਲਣ ਜਾਂ ਕੋਈ ਹੋਰ ਔਜ਼ਾਰ ਇਸਤੇਮਾਲ ਕਰਦਿਆਂ ਸਾਵਧਾਨੀ ਵਰਤਦੇ ਹਾਂ ਅਤੇ ਇਨ੍ਹਾਂ ਨੂੰ ਇੱਦਾਂ ਹੀ ਛੱਡ ਕੇ ਨਹੀਂ ਚਲੇ ਜਾਂਦੇ। ਅਸੀਂ ਉਦੋਂ ਗੱਡੀ ਨਹੀਂ ਚਲਾਉਂਦੇ ਜਦੋਂ ਸ਼ਰਾਬ ਜਾਂ ਕਿਸੇ ਦਵਾਈ ਦੇ ਅਸਰ ਕਰਕੇ ਜਾਂ ਨੀਂਦ ਨਾ ਪੂਰੀ ਹੋਣ ਕਰਕੇ ਸਾਡੇ ਲਈ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣੀ ਔਖੀ ਹੋਵੇ। ਨਾਲੇ ਅਸੀਂ ਗੱਡੀ ਚਲਾਉਂਦਿਆਂ ਫ਼ੋਨ ਵਗੈਰਾ ਵੀ ਇਸਤੇਮਾਲ ਨਹੀਂ ਕਰਦੇ। w23.02 21-22 ਪੈਰੇ 7-9
ਮੰਗਲਵਾਰ 30 ਜਨਵਰੀ
ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ। —ਯਸਾ. 30:20.
ਯਹੋਵਾਹ ਤੁਹਾਡੇ ਨਾਲ ਧੀਰਜ ਰੱਖਦਾ ਹੈ, ਤੁਹਾਡੇ ʼਤੇ ਦਇਆ ਕਰਦਾ ਹੈ ਅਤੇ ਤੁਹਾਨੂੰ ਸਮਝਦਾ ਹੈ। ਨਾਲੇ ਉਹ ਤੁਹਾਡੇ ਵਿਚ ਖ਼ੂਬੀਆਂ ਦੇਖਦਾ ਹੈ। (ਜ਼ਬੂ. 130:3) ਪਰ ਉਹ ਤੁਹਾਡੇ ਤੋਂ ਕਦੇ ਵੀ ਕੁਝ ਇੱਦਾਂ ਦਾ ਕਰਨ ਦੀ ਉਮੀਦ ਨਹੀਂ ਰੱਖਦਾ ਜੋ ਤੁਸੀਂ ਕਰ ਹੀ ਨਹੀਂ ਸਕਦੇ। ਯਾਦ ਰੱਖੋ ਕਿ ਯਹੋਵਾਹ ਨੇ ਹੀ ਤੁਹਾਡਾ ਦਿਮਾਗ਼ ਬਣਾਇਆ ਹੈ। ਇਹ ਬੜੇ ਕਮਾਲ ਦਾ ਤੋਹਫ਼ਾ ਹੈ। (ਜ਼ਬੂ. 139:14) ਸਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਸਿੱਖਦੇ ਰਹੀਏ ਅਤੇ ਇਸ ਤੋਂ ਖ਼ੁਸ਼ੀ ਪਾਈਏ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਹੁਣ ਤੋਂ ਹੀ ਬਾਈਬਲ ਦੀਆਂ ਸੱਚਾਈਆਂ ਲਈ ‘ਭੁੱਖ ਪੈਦਾ ਕਰੀਏ।’ (1 ਪਤ. 2:2) ਉਹ ਟੀਚੇ ਰੱਖੋ ਜੋ ਤੁਸੀਂ ਹਾਸਲ ਕਰ ਸਕਦੇ ਹੋ। ਨਾਲੇ ਬਾਈਬਲ ਪੜ੍ਹਾਈ ਅਤੇ ਅਧਿਐਨ ਲਈ ਤੁਸੀਂ ਜੋ ਸ਼ਡਿਉਲ ਬਣਾਇਆ ਹੈ, ਉਸ ਮੁਤਾਬਕ ਚੱਲੋ। (ਯਹੋ. 1:8) ਯਹੋਵਾਹ ਦੀ ਮਦਦ ਸਦਕਾ ਤੁਹਾਨੂੰ ਪੜ੍ਹਾਈ ਕਰ ਕੇ ਅਤੇ ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਸਿੱਖ ਕੇ ਖ਼ੁਸ਼ੀ ਮਿਲੇਗੀ। ਸਿਰਫ਼ ਗਿਆਨ ਲੈਣਾ ਹੀ ਕਾਫ਼ੀ ਨਹੀਂ ਹੈ। ਗਿਆਨ ਲੈਣ ਪਿੱਛੇ ਤੁਹਾਡਾ ਮਕਸਦ ਯਹੋਵਾਹ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਅਤੇ ਚੰਗੇ ਗੁਣ ਪੈਦਾ ਕਰਨਾ ਹੋਣਾ ਚਾਹੀਦਾ ਹੈ, ਜਿਵੇਂ ਕਿ ਯਹੋਵਾਹ ਲਈ ਪਿਆਰ ਅਤੇ ਨਿਹਚਾ। (1 ਕੁਰਿੰ. 8:1-3) ਉਸ ਬਾਰੇ ਸਿੱਖਦੇ ਰਹਿਣ ਦੇ ਨਾਲ-ਨਾਲ ਪ੍ਰਾਰਥਨਾ ਵਿਚ ਉਸ ਤੋਂ ਮਦਦ ਮੰਗਦੇ ਰਹੋ ਕਿ ਉਹ ਤੁਹਾਡੀ ਨਿਹਚਾ ਵਧਾਵੇ। (ਲੂਕਾ 17:5) ਉਹ ਅਜਿਹੀਆਂ ਪ੍ਰਾਰਥਨਾਵਾਂ ਦਾ ਜਵਾਬ ਖੁੱਲ੍ਹ-ਦਿਲੀ ਨਾਲ ਦਿੰਦਾ ਹੈ। w23.03 10 ਪੈਰੇ 11, 13
ਬੁੱਧਵਾਰ 31 ਜਨਵਰੀ
ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।—ਕੁਲੁ. 4:5.
ਯਿਸੂ ਦੇ ਚੇਲਿਆਂ ਨੂੰ ਪਤਾ ਸੀ ਕਿ ਯਰੂਸ਼ਲਮ ਅਤੇ ਉਸ ਦੇ ਮੰਦਰ ਦਾ ਨਾਸ਼ ਹੋਣ ਵਾਲਾ ਸੀ, ਪਰ ਉਦੋਂ ਤਕ ਉਨ੍ਹਾਂ ਨੇ ਹੱਥ ʼਤੇ ਹੱਥ ਧਰ ਕੇ ਬੈਠੇ ਨਹੀਂ ਰਹਿਣਾ ਸੀ। ਯਿਸੂ ਨੇ ਉਨ੍ਹਾਂ ਨੂੰ ਇਕ ਕੰਮ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ “ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। (ਰਸੂ. 1:6-8) ਉਨ੍ਹਾਂ ਚੇਲਿਆਂ ਨੂੰ ਕਿੰਨੀ ਵੱਡੀ ਜ਼ਿੰਮੇਵਾਰੀ ਮਿਲੀ ਸੀ! ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਨ੍ਹਾਂ ਨੇ ਜੀ-ਜਾਨ ਲਾ ਕੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਿਆ। ਜਦੋਂ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਦੇ ਹਾਂ, ਤਾਂ ਅਸੀਂ ਆਪਣੇ ਆਪ ਵੱਲ ਧਿਆਨ ਦੇ ਰਹੇ ਹੁੰਦੇ ਹਾਂ। ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣਾ ਸਮਾਂ ਕਿਨ੍ਹਾਂ ਕੰਮਾਂ ਵਿਚ ਲਾਉਂਦੇ ਹਾਂ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਕਿਸੇ ʼਤੇ ਵੀ “ਬੁਰਾ ਸਮਾਂ” ਆ ਸਕਦਾ ਹੈ। (ਉਪ. 9:11) ਹੋ ਸਕਦਾ ਹੈ ਕਿ ਅਚਾਨਕ ਸਾਡੀ ਮੌਤ ਹੋ ਜਾਵੇ। ਅੱਜ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ? ਯਹੋਵਾਹ ਦੀ ਇੱਛਾ ਪੂਰੀ ਕਰ ਕੇ ਅਤੇ ਉਸ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਕੇ। (ਯੂਹੰ. 14:21) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ‘ਤਕੜੇ ਹੋਈਏ, ਦ੍ਰਿੜ੍ਹ ਬਣੀਏ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੀਏ।’ (1 ਕੁਰਿੰ. 15:58) ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਪਹਿਲਾਂ ਜਾਂ ਸਾਡੀ ਮੌਤ ਤੋਂ ਪਹਿਲਾਂ ਸਾਨੂੰ ਇਹ ਸੋਚ ਕੇ ਬਿਲਕੁਲ ਵੀ ਅਫ਼ਸੋਸ ਨਹੀਂ ਹੋਵੇਗਾ, ‘ਕਾਸ਼! ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਕੁਝ ਕੀਤਾ ਹੁੰਦਾ।’—ਮੱਤੀ 24:13; ਰੋਮੀ. 14:8. w23.02 18 ਪੈਰੇ 12-14