ਫਰਵਰੀ
ਵੀਰਵਾਰ 1 ਫਰਵਰੀ
ਤੁਸੀਂ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ।—ਯੂਹੰ. 15:12.
ਅੱਜ ਦੇ ਹਵਾਲੇ ਦਾ ਕੀ ਮਤਲਬ ਹੈ? ਯਿਸੂ ਨੇ ਸਮਝਾਇਆ ਕਿ ਉਨ੍ਹਾਂ ਨੂੰ ਇਕ-ਦੂਜੇ ਨਾਲ ਨਿਰਸੁਆਰਥ ਪਿਆਰ ਕਰਨਾ ਚਾਹੀਦਾ ਹੈ ਯਾਨੀ ਦੂਜਿਆਂ ਨੂੰ ਆਪਣੇ ਆਪ ਨਾਲੋਂ ਜ਼ਿਆਦਾ ਪਿਆਰ ਕਰਨਾ। ਇਸ ਪਿਆਰ ਕਰਕੇ ਲੋੜ ਪੈਣ ਤੇ ਇਕ ਮਸੀਹੀ ਦੂਜੇ ਮਸੀਹੀ ਲਈ ਆਪਣੀ ਜਾਨ ਤਕ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। ਪਰਮੇਸ਼ੁਰ ਦੇ ਬਚਨ ਵਿਚ ਪਿਆਰ ਦੇ ਗੁਣ ʼਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਕਈਆਂ ਦੀਆਂ ਮਨ-ਪਸੰਦ ਆਇਤਾਂ ਪਿਆਰ ਬਾਰੇ ਹੀ ਹਨ। ਉਦਾਹਰਣ ਲਈ, “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) “ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।” (1 ਪਤ. 4:8) “ਪਿਆਰ ਕਦੇ ਖ਼ਤਮ ਨਹੀਂ ਹੁੰਦਾ।” (1 ਕੁਰਿੰ. 13:8) ਇਨ੍ਹਾਂ ਅਤੇ ਇੱਦਾਂ ਦੀਆਂ ਹੋਰ ਆਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿਆਰ ਦੇ ਇਸ ਖ਼ੂਬਸੂਰਤ ਗੁਣ ਨੂੰ ਪੈਦਾ ਕਰਨਾ ਅਤੇ ਦੂਜਿਆਂ ਲਈ ਪਿਆਰ ਜ਼ਾਹਰ ਕਰਨਾ ਕਿੰਨਾ ਜ਼ਰੂਰੀ ਹੈ। ਸੱਚਾ ਪਿਆਰ ਪਰਮੇਸ਼ੁਰ ਤੋਂ ਹੈ। ਨਾਲੇ ਜਿਨ੍ਹਾਂ ʼਤੇ ਉਸ ਦੀ ਪਵਿੱਤਰ ਸ਼ਕਤੀ ਅਤੇ ਬਰਕਤ ਹੁੰਦੀ ਹੈ, ਸਿਰਫ਼ ਉਨ੍ਹਾਂ ਵਿਚ ਹੀ ਸੱਚਾ ਪਿਆਰ ਹੁੰਦਾ ਹੈ। (1 ਯੂਹੰ. 4:7) ਇਸੇ ਕਰਕੇ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਦੀ ਪਛਾਣ ਸੱਚੇ ਪਿਆਰ ਤੋਂ ਹੋਵੇਗੀ। ਜਿੱਦਾਂ ਯਿਸੂ ਨੇ ਦੱਸਿਆ ਸੀ, ਬਹੁਤ ਸਾਰੇ ਲੋਕ ਉਸ ਦੇ ਸੱਚੇ ਚੇਲਿਆਂ ਨੂੰ ਉਨ੍ਹਾਂ ਦੇ ਸੱਚੇ ਪਿਆਰ ਕਰਕੇ ਪਛਾਣਦੇ ਹਨ। w23.03 27-28 ਪੈਰੇ 5-8
ਸ਼ੁੱਕਰਵਾਰ 2 ਫਰਵਰੀ
ਤੇਰੇ ਪਾਪ ਮਾਫ਼ ਹੋ ਗਏ ਹਨ।—ਲੂਕਾ 7:48.
ਕੀ ਤੁਸੀਂ ਦੂਜਿਆਂ ਨੂੰ ਹੋਰ ਵੀ ਜ਼ਿਆਦਾ ਮਾਫ਼ ਕਰਨ ਵਾਲੇ ਬਣਨਾ ਚਾਹੁੰਦੇ ਹੋ? ਇਸ ਤਰ੍ਹਾਂ ਕਰਨ ਲਈ ਤੁਸੀਂ ਬਾਈਬਲ ਵਿੱਚੋਂ ਉਨ੍ਹਾਂ ਲੋਕਾਂ ਬਾਰੇ ਪੜ੍ਹ ਸਕਦੇ ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰ ਸਕਦੇ ਹੋ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਦੂਜਿਆਂ ਨੂੰ ਮਾਫ਼ ਕੀਤਾ ਅਤੇ ਜਿਨ੍ਹਾਂ ਨੇ ਨਹੀਂ ਕੀਤਾ। ਜ਼ਰਾ ਯਿਸੂ ਦੀ ਮਿਸਾਲ ʼਤੇ ਗੌਰ ਕਰੋ। ਉਹ ਦੂਸਰਿਆਂ ਨੂੰ ਦਿਲ ਖੋਲ੍ਹ ਕੇ ਮਾਫ਼ ਕਰਦਾ ਸੀ। (ਲੂਕਾ 7:47) ਯਿਸੂ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਲਾਉਣ ਦੀ ਬਜਾਇ ਇਹ ਦੇਖਦਾ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਕਿੰਨਾ ਕੁਝ ਕਰ ਸਕਦੇ ਸਨ। ਪਰ ਯਿਸੂ ਤੋਂ ਉਲਟ, ਉਸ ਦੇ ਜ਼ਮਾਨੇ ਦੇ ਫ਼ਰੀਸੀ “ਦੂਜਿਆਂ ਨੂੰ ਤੁੱਛ ਸਮਝਦੇ ਸਨ।” (ਲੂਕਾ 18:9) ਇਨ੍ਹਾਂ ਮਿਸਾਲਾਂ ʼਤੇ ਸੋਚ-ਵਿਚਾਰ ਕਰਨ ਤੋਂ ਬਾਅਦ ਆਪਣੇ ਆਪ ਨੂੰ ਪੁੱਛੋ: ‘ਮੈ ਦੂਜਿਆਂ ਵਿਚ ਕੀ ਦੇਖਦਾ ਹਾਂ? ਮੈਂ ਦੂਜਿਆਂ ਦੇ ਕਿਹੜੇ ਗੁਣਾਂ ʼਤੇ ਧਿਆਨ ਲਾਉਂਦਾ ਹਾਂ?’ ਜੇ ਤੁਹਾਨੂੰ ਕਿਸੇ ਵਿਅਕਤੀ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ, ਤਾਂ ਕਿਉਂ ਨਾ ਤੁਸੀਂ ਉਸ ਵਿਅਕਤੀ ਦੇ ਚੰਗੇ ਗੁਣ ਲਿਖੋ। ਫਿਰ ਆਪਣੇ ਆਪ ਨੂੰ ਪੁੱਛੋ: ‘ਜੇ ਯਿਸੂ ਮੇਰੀ ਜਗ੍ਹਾ ਹੁੰਦਾ, ਤਾਂ ਉਹ ਉਸ ਵਿਅਕਤੀ ਬਾਰੇ ਕੀ ਸੋਚਦਾ? ਕੀ ਉਹ ਉਸ ਨੂੰ ਮਾਫ਼ ਕਰ ਦਿੰਦਾ?’ ਇਸ ਤਰੀਕੇ ਨਾਲ ਅਧਿਐਨ ਕਰਨ ਨਾਲ ਅਸੀਂ ਆਪਣੀ ਸੋਚ ਸੁਧਾਰ ਸਕਦੇ ਹਾਂ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਸਾਨੂੰ ਉਸ ਵਿਅਕਤੀ ਨੂੰ ਮਾਫ਼ ਕਰਨਾ ਔਖਾ ਲੱਗੇ ਜਿਸ ਨੇ ਸਾਨੂੰ ਠੇਸ ਪਹੁੰਚਾਈ ਹੈ। ਪਰ ਜੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਤਾਂ ਸਮੇਂ ਦੇ ਬੀਤਣ ਨਾਲ ਸਾਡੇ ਲਈ ਦੂਜਿਆਂ ਨੂੰ ਮਾਫ਼ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। w22.04 23 ਪੈਰਾ 6
ਸ਼ਨੀਵਾਰ 3 ਫਰਵਰੀ
ਯਿਸੂ ਨੇ ਆਪਣਾ ਦੂਤ ਘੱਲ ਕੇ ਨਿਸ਼ਾਨੀਆਂ ਰਾਹੀਂ ਇਹ ਗੱਲਾਂ ਆਪਣੇ ਸੇਵਕ ਯੂਹੰਨਾ ਨੂੰ ਦੱਸੀਆਂ।—ਪ੍ਰਕਾ. 1:1.
ਪ੍ਰਕਾਸ਼ ਦੀ ਕਿਤਾਬ ਵਿਚ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਦਰਸਾਉਣ ਲਈ ਦਰਿੰਦਿਆਂ ਨੂੰ ਨਿਸ਼ਾਨੀ ਵਜੋਂ ਵਰਤਿਆ ਗਿਆ ਹੈ। ਇਸ ਕਿਤਾਬ ਵਿਚ ਕਈ ਦਰਿੰਦਿਆਂ ਬਾਰੇ ਦੱਸਿਆ ਗਿਆ ਹੈ। ਉਦਾਹਰਣ ਲਈ, “ਸਮੁੰਦਰ ਵਿੱਚੋਂ ਇਕ ਵਹਿਸ਼ੀ ਦਰਿੰਦਾ ਨਿਕਲਦਾ” ਹੈ ਜਿਸ ਦੇ “ਦਸ ਸਿੰਗ ਅਤੇ ਸੱਤ ਸਿਰ” ਹਨ। (ਪ੍ਰਕਾ. 13:1) ਉਸ ਤੋਂ ਬਾਅਦ ‘ਇਕ ਹੋਰ ਵਹਿਸ਼ੀ ਦਰਿੰਦਾ ਧਰਤੀ ਵਿੱਚੋਂ ਨਿਕਲਦਾ’ ਹੈ। ਇਹ ਵਹਿਸ਼ੀ ਦਰਿੰਦਾ ਇਕ ਅਜਗਰ ਵਾਂਗ ਬੋਲਣ ਲੱਗ ਪੈਂਦਾ ਹੈ ਅਤੇ “ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ।” (ਪ੍ਰਕਾ. 13:11-13) ਇਸ ਤੋਂ ਬਾਅਦ ‘ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ’ ਨਜ਼ਰ ਆਉਂਦਾ ਹੈ ਜਿਸ ਉੱਤੇ ਵੇਸਵਾ ਬੈਠੀ ਹੋਈ ਹੈ। ਇਹ ਤਿੰਨੇ ਵਹਿਸ਼ੀ ਦਰਿੰਦੇ ਪਰਮੇਸ਼ੁਰ ਦੇ ਉਨ੍ਹਾਂ ਦੁਸ਼ਮਣਾਂ ਨੂੰ ਦਰਸਾਉਂਦੇ ਹਨ ਜੋ ਲੰਬੇ ਸਮੇਂ ਤੋਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਦੇ ਵਿਰੁੱਧ ਕੰਮ ਕਰ ਰਹੇ ਹਨ। ਇਸ ਲਈ ਇਨ੍ਹਾਂ ਵਹਿਸ਼ੀ ਦਰਿੰਦਿਆਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। (ਪ੍ਰਕਾ. 17:1, 3) ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵਹਿਸ਼ੀ ਦਰਿੰਦੇ ਕਿਨ੍ਹਾਂ ਨੂੰ ਦਰਸਾਉਂਦੇ ਹਨ। ਬਾਈਬਲ ਹੀ ਇਨ੍ਹਾਂ ਦੀ ਪਛਾਣ ਕਰਨ ਵਿਚ ਸਾਡੀ ਮਦਦ ਕਰਦੀ ਹੈ। w22.05 8-9 ਪੈਰੇ 3-4
ਐਤਵਾਰ 4 ਫਰਵਰੀ
‘ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰ।’—ਮੱਤੀ 22:37.
ਯਹੋਵਾਹ ਦੇ ਕਈ ਸੇਵਕਾਂ ਲਈ ਵਧਦੀ ਉਮਰ ਜਾਂ ਖ਼ਰਾਬ ਸਿਹਤ ਕਰਕੇ ਜ਼ਿਆਦਾ ਸੇਵਾ ਕਰਨੀ ਮੁਸ਼ਕਲ ਹੋ ਸਕਦੀ ਹੈ। ਕੀ ਤੁਸੀਂ ਪਹਿਲਾਂ ਜਿੰਨੀ ਯਹੋਵਾਹ ਦੀ ਸੇਵਾ ਨਹੀਂ ਕਰ ਪਾ ਰਹੇ ਹੋ? ਜੇ ਹਾਂ, ਤਾਂ ਆਪਣੇ ਆਪ ਨੂੰ ਪੁੱਛੋ, ‘ਯਹੋਵਾਹ ਮੇਰੇ ਤੋਂ ਕੀ ਚਾਹੁੰਦਾ ਹੈ?’ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਹਾਲਾਤਾਂ ਮੁਤਾਬਕ ਪੂਰੀ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰੋ। ਜ਼ਰਾ ਇਸ ਮਿਸਾਲ ʼਤੇ ਗੌਰ ਕਰੋ। 80 ਸਾਲਾਂ ਦੀ ਇਕ ਭੈਣ ਇਸ ਗੱਲੋਂ ਨਿਰਾਸ਼ ਹੈ ਕਿ ਉਹ ਯਹੋਵਾਹ ਦੀ ਸੇਵਾ ਵਿਚ ਉੱਨਾ ਨਹੀਂ ਕਰ ਪਾ ਰਹੀ ਜਿੰਨਾ ਉਹ 40 ਸਾਲ ਦੀ ਉਮਰ ਵਿਚ ਕਰਦੀ ਸੀ। ਉਸ ਨੂੰ ਲੱਗਦਾ ਹੈ ਕਿ ਚਾਹੇ ਹੁਣ ਉਹ ਪੂਰੀ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੀ ਹੈ, ਪਰ ਇਸ ਤੋਂ ਯਹੋਵਾਹ ਖ਼ੁਸ਼ ਨਹੀਂ ਹੈ। ਕੀ ਸੱਚੀਂ ਯਹੋਵਾਹ ਉਸ ਦੀ ਸੇਵਾ ਤੋਂ ਖ਼ੁਸ਼ ਨਹੀਂ ਹੈ? ਜ਼ਰਾ ਇਸ ਬਾਰੇ ਸੋਚੋ ਕਿ ਇਹ ਭੈਣ ਪਹਿਲਾਂ 40 ਸਾਲ ਦੀ ਉਮਰ ਵਿਚ ਅਤੇ ਹੁਣ 80 ਸਾਲ ਦੀ ਉਮਰ ਵਿਚ ਪੂਰੇ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਸ ਨੇ ਕਦੇ ਵੀ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ ਅਤੇ ਇਹੀ ਗੱਲ ਯਹੋਵਾਹ ਲਈ ਮਾਅਨੇ ਰੱਖਦੀ ਹੈ। ਜਦੋਂ ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਨੂੰ ਕਹਿੰਦਾ ਹੈ: “ਸ਼ਾਬਾਸ਼!” (ਮੱਤੀ 25:20-23 ਵਿਚ ਨੁਕਤਾ ਦੇਖੋ।) ਅਸੀਂ ਜੋ ਨਹੀਂ ਕਰ ਸਕਦੇ, ਉਸ ʼਤੇ ਆਪਣਾ ਧਿਆਨ ਲਾਉਣ ਦੀ ਬਜਾਇ ਜਦੋਂ ਅਸੀਂ ਆਪਣਾ ਧਿਆਨ ਉਸ ʼਤੇ ਲਾਉਂਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਤਾਂ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। w22.04 10 ਪੈਰਾ 2; 11 ਪੈਰੇ 4-6
ਸੋਮਵਾਰ 5 ਫਰਵਰੀ
‘ਮੈਂ ਪਵਿੱਤਰ ਸ਼ਹਿਰ, ਹਾਂ, ਨਵੇਂ ਯਰੂਸ਼ਲਮ ਨੂੰ ਦੇਖਿਆ।’—ਪ੍ਰਕਾ. 21:2.
ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 21 ਵਿਚ 1,44,000 ਜਣਿਆਂ ਦੀ ਤੁਲਨਾ ਇਕ ਬਹੁਤ ਹੀ ਸੋਹਣੇ ਸ਼ਹਿਰ “ਨਵੇਂ ਯਰੂਸ਼ਲਮ” ਨਾਲ ਕੀਤੀ ਗਈ ਹੈ। ਇਸ ਸ਼ਹਿਰ ਦੀ ਨੀਂਹ 12 ਪੱਥਰਾਂ ʼਤੇ ਰੱਖੀ ਗਈ ਹੈ ਜਿਨ੍ਹਾਂ ਉੱਤੇ “ਲੇਲੇ ਦੇ 12 ਰਸੂਲਾਂ ਦੇ 12 ਨਾਂ ਲਿਖੇ ਹੋਏ” ਹਨ। (ਪ੍ਰਕਾ. 21:10-14; ਅਫ਼. 2:20) ਇਸ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਨਹੀਂ ਹੈ। ਇਸ ਸ਼ਹਿਰ ਦੀ ਵੱਡੀ ਸੜਕ ਖਾਲਸ ਸੋਨੇ ਦੀ ਬਣੀ ਹੋਈ ਹੈ। ਇਸ ਦੇ 12 ਦਰਵਾਜ਼ੇ ਮੋਤੀਆਂ ਦੇ ਬਣੇ ਹੋਏ ਹਨ। ਇਸ ਦੀਆਂ ਕੰਧਾਂ ਅਤੇ ਨੀਂਹਾਂ ਹਰ ਤਰ੍ਹਾਂ ਦੇ ਕੀਮਤੀ ਪੱਥਰਾਂ ਨਾਲ ਬਣੀਆਂ ਹੋਈਆਂ ਹਨ। ਇਸ ਸ਼ਹਿਰ ਦੀ ਲੰਬਾਈ, ਚੁੜਾਈ ਅਤੇ ਉਚਾਈ ਬਰਾਬਰ ਹੈ। (ਪ੍ਰਕਾ. 21:15-21) ਪਰ ਹਾਲੇ ਵੀ ਇਸ ਸ਼ਹਿਰ ਵਿਚ ਇਕ ਚੀਜ਼ ਦੀ ਕਮੀ ਹੈ! ਧਿਆਨ ਦਿਓ ਕਿ ਯੂਹੰਨਾ ਨੇ ਅੱਗੇ ਕੀ ਕਿਹਾ: “ਮੈਂ ਸ਼ਹਿਰ ਵਿਚ ਕੋਈ ਮੰਦਰ ਨਹੀਂ ਦੇਖਿਆ ਕਿਉਂਕਿ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਅਤੇ ਲੇਲਾ ਉਸ ਦਾ ਮੰਦਰ ਹਨ। ਸ਼ਹਿਰ ਨੂੰ ਨਾ ਸੂਰਜ ਦੀ ਅਤੇ ਨਾ ਹੀ ਚੰਦ ਦੀ ਰੌਸ਼ਨੀ ਦੀ ਲੋੜ ਹੈ ਕਿਉਂਕਿ ਉਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਦੇ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਲੇਲਾ ਉਸ ਦਾ ਚਿਰਾਗ ਹੈ।” (ਪ੍ਰਕਾ. 21:22, 23) ਜਿਨ੍ਹਾਂ ਨਾਲ ਮਿਲ ਕੇ ਨਵਾਂ ਯਰੂਸ਼ਲਮ ਬਣਿਆ ਹੈ, ਉਹ ਯਹੋਵਾਹ ਦੀ ਹਜ਼ੂਰੀ ਵਿਚ ਹੋਣਗੇ।—ਇਬ. 7:27; ਪ੍ਰਕਾ. 22:3, 4. w22.05 17-18 ਪੈਰੇ 14-15
ਮੰਗਲਵਾਰ 6 ਫਰਵਰੀ
ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।—ਕੁਲੁ. 3:13.
ਯਹੋਵਾਹ ਸਾਡਾ ਸ੍ਰਿਸ਼ਟੀਕਰਤਾ, ਕਾਨੂੰਨ ਬਣਾਉਣ ਵਾਲਾ ਅਤੇ ਸਭ ਤੋਂ ਵਧੀਆ ਨਿਆਂਕਾਰ ਹੈ। (ਜ਼ਬੂ. 100:3; ਯਸਾ. 33:22) ਇਸ ਕਰਕੇ ਉਸ ਕੋਲ ਸਾਨੂੰ ਮਾਫ਼ ਕਰਨ ਦਾ ਅਧਿਕਾਰ ਹੈ। ਪਰ ਉਹ ਸਾਡਾ ਪਿਆਰਾ ਪਿਤਾ ਵੀ ਹੈ ਅਤੇ ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਜਦੋਂ ਕੋਈ ਪਾਪ ਹੋ ਜਾਣ ਤੇ ਅਸੀਂ ਦਿਲੋਂ ਤੋਬਾ ਕਰਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂ. 86:5) ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਆਪਣੇ ਲੋਕਾਂ ਨੂੰ ਪਿਆਰ ਨਾਲ ਭਰੋਸਾ ਦਿਵਾਇਆ: “ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ, ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ।” (ਯਸਾ. 1:18) ਨਾਮੁਕੰਮਲ ਹੋਣ ਕਰਕੇ ਅਸੀਂ ਅਕਸਰ ਕੁਝ ਅਜਿਹਾ ਕਹਿ ਜਾਂ ਕਰ ਦਿੰਦੇ ਹਾਂ ਜਿਸ ਨਾਲ ਦੂਜਿਆਂ ਨੂੰ ਠੇਸ ਪਹੁੰਚਦੀ ਹੈ। (ਯਾਕੂ. 3:2) ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਾ ਹੀ ਨਹੀਂ ਸਕਦੇ। ਜੇ ਅਸੀਂ ਇਕ-ਦੂਜੇ ਨੂੰ ਮਾਫ਼ ਕਰਨਾ ਸਿੱਖੀਏ, ਤਾਂ ਅਸੀਂ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਾਈ ਰੱਖ ਸਕਾਂਗੇ। (ਕਹਾ. 17:9; 19:11; ਮੱਤੀ 18:21, 22) ਜਦੋਂ ਅਸੀਂ ਇਕ-ਦੂਜੇ ਨੂੰ ਛੋਟੀਆਂ-ਮੋਟੀਆਂ ਗੱਲਾਂ ਵਿਚ ਠੇਸ ਪਹੁੰਚਾਉਂਦੇ ਹਾਂ, ਤਾਂ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਮਾਫ਼ ਕਰੀਏ। ਇਸ ਤਰ੍ਹਾਂ ਕਰਨ ਦਾ ਸਾਡੇ ਕੋਲ ਇਕ ਚੰਗਾ ਕਾਰਨ ਹੈ ਕਿ ਸਾਡਾ ਪਿਤਾ ਯਹੋਵਾਹ ਸਾਨੂੰ “ਖੁੱਲ੍ਹੇ ਦਿਲ ਨਾਲ ਮਾਫ਼” ਕਰਦਾ ਹੈ।—ਯਸਾ. 55:7. w22.06 8 ਪੈਰੇ 1-2
ਬੁੱਧਵਾਰ 7 ਫਰਵਰੀ
ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਰੱਖਣ ਕਰਕੇ ਪਰਮੇਸ਼ੁਰ ਦੇ ਵਾਅਦਿਆਂ ਦੇ ਵਾਰਸ ਬਣਦੇ ਹਨ।—ਇਬ. 6:12.
ਚਾਹੇ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ, ਫਿਰ ਵੀ ਅਸੀਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸਿੱਖਣ ਲਈ ਸਾਡੇ ਕੋਲ ਸਭ ਤੋਂ ਵਧੀਆ ਮਿਸਾਲ ਯਿਸੂ ਦੀ ਹੈ। ਭਾਵੇਂ ਕਿ ਯਿਸੂ ਮੁਕੰਮਲ ਸੀ, ਫਿਰ ਵੀ ਉਸ ਨੇ ਜੋ ਸ਼ਾਨਦਾਰ ਗੁਣ ਦਿਖਾਏ ਅਤੇ ਕੰਮ ਕੀਤੇ, ਉਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। (1 ਪਤ. 2:21) ਜਦੋਂ ਅਸੀਂ ਧਿਆਨ ਨਾਲ ਯਿਸੂ ਦੀ ਰੀਸ ਕਰਾਂਗੇ, ਤਾਂ ਅਸੀਂ ਯਹੋਵਾਹ ਦੇ ਵਧੀਆ ਸੇਵਕ ਬਣਾਂਗੇ। ਪਰਮੇਸ਼ੁਰ ਦੇ ਬਚਨ ਵਿਚ ਕਈ ਵਫ਼ਾਦਾਰ ਸੇਵਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਵਧੀਆ ਮਿਸਾਲ ਰੱਖੀ। ਉਨ੍ਹਾਂ ਵਿੱਚੋਂ ਇਕ ਹੈ, ਰਾਜਾ ਦਾਊਦ। ਉਸ ਨੇ ਕੁਝ ਗੰਭੀਰ ਗ਼ਲਤੀਆਂ ਕੀਤੀਆਂ ਸਨ। ਪਰ ਫਿਰ ਵੀ ਯਹੋਵਾਹ ਨੇ ਕਿਹਾ ਕਿ ਉਹ “ਮੇਰੇ ਦਿਲ ਨੂੰ ਭਾਉਂਦਾ ਹੈ।” (ਰਸੂ. 13:22) ਯਹੋਵਾਹ ਨੇ ਇੱਦਾਂ ਕਿਉਂ ਕਿਹਾ? ਕਿਉਂਕਿ ਗ਼ਲਤੀ ਕਰਨ ਤੋਂ ਬਾਅਦ ਜਦੋਂ ਦਾਊਦ ਨੂੰ ਸੁਧਾਰਿਆ ਗਿਆ ਅਤੇ ਉਸ ਨੂੰ ਸਲਾਹ ਦਿੱਤੀ ਗਈ, ਤਾਂ ਉਸ ਨੇ ਆਪਣੇ ਬਾਰੇ ਕੋਈ ਸਫ਼ਾਈ ਨਹੀਂ ਦਿੱਤੀ। ਇਸ ਦੀ ਬਜਾਇ, ਉਸ ਨੇ ਆਪਣੀ ਗ਼ਲਤੀ ਮੰਨੀ ਅਤੇ ਦਿਲੋਂ ਮਾਫ਼ੀ ਮੰਗਣ ਕਰਕੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ।—ਜ਼ਬੂ. 51:3, 4, 10-12. w22.04 13 ਪੈਰੇ 11-12
ਵੀਰਵਾਰ 8 ਫਰਵਰੀ
ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ।—ਅੱਯੂ. 2:4.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮੌਤ ਸਾਡੀ ਦੁਸ਼ਮਣ ਹੈ। (1 ਕੁਰਿੰ. 15:25, 26) ਜਦੋਂ ਅਸੀਂ ਜਾਂ ਸਾਡਾ ਕੋਈ ਅਜ਼ੀਜ਼ ਬਹੁਤ ਜ਼ਿਆਦਾ ਬੀਮਾਰ ਹੁੰਦਾ ਹੈ, ਤਾਂ ਅਸੀਂ ਮੌਤ ਦੇ ਖ਼ਿਆਲ ਤੋਂ ਹੀ ਡਰ ਜਾਂਦੇ ਹਾਂ। ਅਸੀਂ ਮੌਤ ਤੋਂ ਕਿਉਂ ਡਰਦੇ ਹਾਂ? ਕਿਉਂਕਿ ਯਹੋਵਾਹ ਨੇ ਸਾਡੇ ਵਿਚ ਹਮੇਸ਼ਾ ਜੀਉਂਦੇ ਰਹਿਣ ਦੀ ਇੱਛਾ ਪਾਈ ਹੈ। (ਉਪ. 3:11) ਕੁਝ ਹੱਦ ਤਕ ਮੌਤ ਦਾ ਡਰ ਹੋਣਾ ਫ਼ਾਇਦੇਮੰਦ ਵੀ ਹੈ। ਇਸ ਕਰਕੇ ਅਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹਾਂ, ਚੰਗਾ ਖਾਂਦੇ-ਪੀਂਦੇ ਹਾਂ, ਬਾਕਾਇਦਾ ਕਸਰਤ ਕਰਦੇ ਹਾਂ, ਬੀਮਾਰ ਪੈਣ ਤੇ ਡਾਕਟਰ ਕੋਲ ਜਾਂਦੇ ਹਾਂ ਅਤੇ ਦਵਾਈ ਵੀ ਲੈਂਦੇ ਹਾਂ। ਨਾਲੇ ਬਿਨਾਂ ਵਜ੍ਹਾ ਅਸੀਂ ਆਪਣੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾਉਂਦੇ। ਸ਼ੈਤਾਨ ਜਾਣਦਾ ਹੈ ਕਿ ਅਸੀਂ ਜੀਉਣਾ ਚਾਹੁੰਦੇ ਹਾਂ। ਉਹ ਦਾਅਵਾ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣ ਲਈ ਕੋਈ ਵੀ ਚੀਜ਼ ਦਾਅ ʼਤੇ ਲਾਉਣ ਲਈ ਤਿਆਰ ਹੋ ਜਾਵਾਂਗੇ, ਇੱਥੋਂ ਤਕ ਕਿ ਯਹੋਵਾਹ ਨਾਲ ਆਪਣੇ ਰਿਸ਼ਤਾ ਵੀ। (ਅੱਯੂ. 2:5) ਸ਼ੈਤਾਨ ਦਾ ਇਹ ਦਾਅਵਾ ਸਰਾਸਰ ਗ਼ਲਤ ਹੈ! “ਸ਼ੈਤਾਨ ਕੋਲ ਮੌਤ ਦੇ ਹਥਿਆਰ ਹਨ,” ਇਸ ਕਰਕੇ ਉਹ ਮੌਤ ਦਾ ਡਰਾਵਾ ਦੇ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।—ਇਬ. 2:14, 15. w22.06 18 ਪੈਰੇ 15-16
ਸ਼ੁੱਕਰਵਾਰ 9 ਫਰਵਰੀ
ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।—ਅਫ਼. 4:26.
ਜਦੋਂ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੁੰਦੀ ਹੈ, ਤਾਂ ਸ਼ਾਇਦ ਸਾਨੂੰ ਉਦੋਂ ਛੋਟੇ-ਛੋਟੇ ਗਰੁੱਪਾਂ ਵਿਚ ਮਿਲਣਾ ਪਵੇ। ਉਦੋਂ ਸਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਸ ਵਿਚ ਸ਼ਾਂਤੀ ਬਣਾਈ ਰੱਖੀਏ। ਅਸੀਂ ਸ਼ੈਤਾਨ ਨਾਲ ਲੜਨਾ ਹੈ ਨਾ ਕਿ ਇਕ-ਦੂਜੇ ਨਾਲ। ਜਦੋਂ ਸਾਨੂੰ ਕਿਸੇ ਭੈਣ-ਭਰਾ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ, ਤਾਂ ਅਸੀਂ ਉਸ ਗੱਲ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। ਜਾਂ ਜਦੋਂ ਸਾਡੀ ਕਿਸੇ ਭੈਣ ਜਾਂ ਭਰਾ ਨਾਲ ਅਣਬਣ ਹੋ ਜਾਂਦੀ ਹੈ, ਤਾਂ ਅਸੀਂ ਜਲਦੀ ਤੋਂ ਜਲਦੀ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। (ਕਹਾ. 19:11) ਅਸੀਂ ਅੱਗੇ ਵੱਧ ਕੇ ਇਕ-ਦੂਜੇ ਦੀ ਮਦਦ ਕਰ ਸਕਦੇ ਹਾਂ। (ਤੀਤੁ. 3:14) ਜਦੋਂ ਇਕ ਭੈਣ ਨੂੰ ਮਦਦ ਦੀ ਲੋੜ ਸੀ, ਉਦੋਂ ਉਸ ਦੇ ਪ੍ਰਚਾਰ ਦੇ ਗਰੁੱਪ ਦੇ ਭੈਣਾਂ-ਭਰਾਵਾਂ ਨੇ ਉਸ ਦੀ ਮਦਦ ਕੀਤੀ। ਤੁਹਾਨੂੰ ਪਤਾ ਇਸ ਦਾ ਗਰੁੱਪ ਦੇ ਸਾਰੇ ਭੈਣਾਂ-ਭਰਾਵਾਂ ʼਤੇ ਕੀ ਅਸਰ ਹੋਇਆ? ਉਹ ਇਕ-ਦੂਜੇ ਦੇ ਹੋਰ ਵੀ ਨੇੜੇ ਆਏ। (ਜ਼ਬੂ. 133:1) ਅੱਜ ਕਈ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਪਰ ਫਿਰ ਵੀ ਸਾਡੇ ਹਜ਼ਾਰਾਂ ਹੀ ਭੈਣ-ਭਰਾ ਯਹੋਵਾਹ ਦੀ ਸੇਵਾ ਕਰਦੇ ਹਨ। ਉਨ੍ਹਾਂ ਵਿੱਚੋਂ ਕੁਝ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਜੋ ਜੇਲ੍ਹ ਵਿਚ ਬੰਦ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਹਨ, ਉਨ੍ਹਾਂ ਤਕ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਉਂਦੇ ਹਨ ਅਤੇ ਅਦਾਲਤਾਂ ਵਿਚ ਉਨ੍ਹਾਂ ਦੇ ਪੱਖ ਵਿਚ ਬੋਲਦੇ ਹਨ। ਚਾਹੇ ਉਨ੍ਹਾਂ ਨੂੰ ਵੀ ਗਿਰਫ਼ਤਾਰ ਕੀਤਾ ਜਾ ਸਕਦਾ ਹੈ, ਪਰ ਉਹ ਦਲੇਰੀ ਦਿਖਾਉਂਦੇ ਹੋਏ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। (ਕੁਲੁ. 4:3, 18) ਸਾਨੂੰ ਕਦੇ ਵੀ ਪ੍ਰਾਰਥਨਾ ਕਰਨ ਦੀ ਅਹਿਮੀਅਤ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ, ਸਗੋਂ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।—2 ਥੱਸ. 3:1, 2; 1 ਤਿਮੋ. 2:1, 2. w22.12 26-27 ਪੈਰੇ 15-16
ਸ਼ਨੀਵਾਰ 10 ਫਰਵਰੀ
‘ਤੂੰ ਹੋਰਾਂ ਨੂੰ ਤਾਂ ਸਿਖਾਉਂਦਾ ਹੈਂ, ਪਰ ਕੀ ਤੂੰ ਆਪਣੇ ਆਪ ਨੂੰ ਸਿਖਾਉਂਦਾ ਹੈਂ?’—ਰੋਮੀ. 2:21.
ਬੱਚੇ ਆਪਣੇ ਮਾਪਿਆਂ ਦੀ ਰੀਸ ਕਰਦੇ ਹਨ। ਇਹ ਤਾਂ ਸੱਚ ਹੈ ਕਿ ਸਾਰੇ ਮਾਪੇ ਨਾਮੁਕੰਮਲ ਹਨ। (ਰੋਮੀ. 3:23) ਫਿਰ ਵੀ ਸਮਝਦਾਰ ਮਾਪੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਪੂਰੀ ਵਾਹ ਲਾਉਂਦੇ ਹਨ। ਇਕ ਪਿਤਾ ਦੱਸਦਾ ਹੈ: “ਬੱਚੇ ਸਪੰਜ ਵਾਂਗ ਹੁੰਦੇ ਹਨ। ਉਹ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਗੱਲਾਂ ਸੋਖ ਲੈਂਦੇ ਹਨ। ਜੇ ਅਸੀਂ ਉਨ੍ਹਾਂ ਗੱਲਾਂ ʼਤੇ ਆਪ ਨਹੀਂ ਚੱਲਦੇ ਜੋ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ, ਤਾਂ ਬੱਚੇ ਤੁਰੰਤ ਸਾਨੂੰ ਦੱਸ ਦਿੰਦੇ ਹਨ।” ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਯਹੋਵਾਹ ਨੂੰ ਪਿਆਰ ਕਰਨ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪੈਣਾ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਕੀ ਇਹ ਸਾਡੀ ਕਹਿਣੀ ਤੇ ਕਰਨੀ ਰਾਹੀਂ ਜ਼ਾਹਰ ਹੁੰਦਾ ਹੈ। ਮਾਪਿਓ, ਤੁਸੀਂ ਕਈ ਤਰੀਕਿਆਂ ਨਾਲ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਸਕਦੇ ਹੋ। 17 ਸਾਲਾਂ ਦਾ ਐਂਡਰੂ ਕੀ ਕਹਿੰਦਾ ਹੈ: “ਮੇਰੇ ਮਾਪਿਆਂ ਨੇ ਹਮੇਸ਼ਾ ਪ੍ਰਾਰਥਨਾ ਕਰਨ ਨੂੰ ਅਹਿਮੀਅਤ ਦਿੱਤੀ। ਹਰ ਰਾਤ ਡੈਡੀ ਸੌਣ ਤੋਂ ਪਹਿਲਾਂ ਮੇਰੇ ਨਾਲ ਪ੍ਰਾਰਥਨਾ ਕਰਦਾ ਸੀ, ਫਿਰ ਚਾਹੇ ਮੈਂ ਪਹਿਲਾਂ ਹੀ ਪ੍ਰਾਰਥਨਾ ਕਿਉਂ ਨਾ ਕਰ ਲਈ ਹੋਵੇ। . . . ਹੁਣ ਮੇਰੇ ਲਈ ਪ੍ਰਾਰਥਨਾ ਕਰਨੀ ਬਹੁਤ ਸੌਖੀ ਹੈ ਤੇ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰਾ ਪਿਤਾ ਹੈ ਜੋ ਮੈਨੂੰ ਬਹੁਤ ਪਿਆਰ ਕਰਦਾ ਹੈ।” ਮਾਪਿਓ, ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਯਹੋਵਾਹ ਲਈ ਤੁਹਾਡਾ ਪਿਆਰ ਤੁਹਾਡੇ ਬੱਚਿਆਂ ਦੇ ਦਿਲਾਂ ʼਤੇ ਗਹਿਰੀ ਛਾਪ ਛੱਡ ਸਕਦਾ ਹੈ। w22.05 28 ਪੈਰੇ 7-8
ਐਤਵਾਰ 11 ਫਰਵਰੀ
‘ਬਪਤਿਸਮਾ ਹੁਣ ਤੁਹਾਨੂੰ ਵੀ ਬਚਾ ਰਿਹਾ ਹੈ।’—1 ਪਤ. 3:21.
ਬਪਤਿਸਮੇ ਦੀ ਤਿਆਰੀ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਾਪਾਂ ਤੋਂ ਦਿਲੋਂ ਤੋਬਾ ਕਰਨੀ ਚਾਹੀਦੀ ਹੈ। (ਰਸੂ. 2:37, 38) ਜਦੋਂ ਅਸੀਂ ਸੱਚੇ ਦਿਲੋਂ ਤੋਬਾ ਕਰਾਂਗੇ, ਤਾਂ ਅਸੀਂ ਆਪਣੇ ਆਪ ਨੂੰ ਸੱਚ-ਮੁੱਚ ਬਦਲ ਸਕਾਂਗੇ। ਕੀ ਤੁਸੀਂ ਉਹ ਸਾਰੇ ਕੰਮ ਕਰਨੇ ਛੱਡ ਦਿੱਤੇ ਹਨ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ, ਜਿਵੇਂ ਕਿ ਅਨੈਤਿਕ ਜ਼ਿੰਦਗੀ ਜੀਉਣੀ, ਤਮਾਖੂ ਖਾਣਾ, ਗੰਦੀ ਬੋਲੀ ਬੋਲਣੀ ਜਾਂ ਗਾਲ਼ਾਂ ਕੱਢਣੀਆਂ? (1 ਕੁਰਿੰ. 6:9, 10; 2 ਕੁਰਿੰ. 7:1; ਅਫ਼. 4:29) ਆਪਣੇ ਆਪ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰਦੇ ਰਹੋ। ਤੁਹਾਨੂੰ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਨਾਲ ਗੱਲ ਕਰੋ ਜਾਂ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਮੰਗੋ। ਜੇ ਤੁਸੀਂ ਜਵਾਨ ਹੋ, ਤਾਂ ਤੁਸੀਂ ਆਪਣੇ ਮਾਪਿਆਂ ਤੋਂ ਮਦਦ ਮੰਗ ਸਕਦੇ ਹੋ ਤਾਂਕਿ ਤੁਸੀਂ ਆਪਣੀ ਕਿਸੇ ਬੁਰੀ ਆਦਤ ਨੂੰ ਛੱਡ ਸਕੋ ਅਤੇ ਬਪਤਿਸਮੇ ਲਈ ਤਿਆਰ ਹੋ ਸਕੋ। ਯਹੋਵਾਹ ਦੀ ਭਗਤੀ ਦੇ ਕੰਮਾਂ ਵਿਚ ਲੱਗੇ ਰਹਿਣਾ ਵੀ ਬਹੁਤ ਜ਼ਰੂਰੀ ਹੈ, ਜਿਵੇਂ ਕਿ ਬਾਕਾਇਦਾ ਮੀਟਿੰਗਾਂ ਵਿਚ ਜਾਣਾ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ। (ਇਬ. 10:24, 25) ਨਾਲੇ ਜੇ ਤੁਸੀਂ ਪ੍ਰਚਾਰਕ ਬਣ ਗਏ ਹੋ, ਤਾਂ ਪ੍ਰਚਾਰ ਤੇ ਲਗਾਤਾਰ ਜਾਣ ਦੀ ਕੋਸ਼ਿਸ਼ ਕਰਦੇ ਰਹੋ। w23.03 10-11 ਪੈਰੇ 14-16
ਸੋਮਵਾਰ 12 ਫਰਵਰੀ
ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਕਿਹਾ: ‘ਕਿਉਂਕਿ ਤੂੰ ਇਹ ਕੰਮ ਕੀਤਾ ਹੈ, ਇਸ ਕਰਕੇ ਤੂੰ ਸਰਾਪੀ ਹੈਂ।’—ਉਤ. 3:14.
ਉਤਪਤ 3:14, 15 ਵਿਚ “ਸੱਪ” ਅਤੇ ‘ਸੱਪ ਦੀ ਸੰਤਾਨ,’ ਬਾਰੇ ਗੱਲ ਕੀਤੀ ਗਈ ਹੈ। ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਜੋ ਗੱਲ ਕਹੀ ਸੀ, ਉਹ ਸੱਚ-ਮੁੱਚ ਦੇ ਸੱਪ ਨੂੰ ਸਮਝ ਨਹੀਂ ਆਉਣੀ ਸੀ। ਇਸ ਦਾ ਮਤਲਬ ਹੈ ਕਿ ਯਹੋਵਾਹ ਕਿਸੇ ਜਾਨਵਰ ਨਾਲ ਨਹੀਂ, ਸਗੋਂ ਅਜਿਹੇ ਸ਼ਖ਼ਸ ਨਾਲ ਗੱਲ ਕਰ ਰਿਹਾ ਸੀ ਜੋ ਉਸ ਦੀ ਗੱਲ ਸਮਝ ਸਕਦਾ ਸੀ। ਉਹ ਕੌਣ ਸੀ? ਪ੍ਰਕਾਸ਼ ਦੀ ਕਿਤਾਬ 12:9 ਤੋਂ ਸਾਨੂੰ ਇਸ ਗੱਲ ਦਾ ਸਾਫ਼ ਜਵਾਬ ਮਿਲਦਾ ਹੈ। ਇੱਥੇ ਦੱਸਿਆ ਹੈ ਕਿ ਇਹ ‘ਪੁਰਾਣਾ ਸੱਪ’ ਸ਼ੈਤਾਨ ਹੈ। ਬਾਈਬਲ ਵਿਚ ਕਈ ਵਾਰ ਸੰਤਾਨ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜੋ ਕਿਸੇ ਦੇ ਨਕਸ਼ੇ-ਕਦਮਾਂ ʼਤੇ ਹੂ-ਬਹੂ ਚੱਲਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸੱਪ ਦੀ ਸੰਤਾਨ ਉਹ ਦੂਤ ਤੇ ਇਨਸਾਨ ਹਨ ਜੋ ਸ਼ੈਤਾਨ ਵਾਂਗ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦਾ ਵਿਰੋਧ ਕਰਦੇ ਹਨ। ਇਸ ਵਿਚ ਉਹ ਦੂਤ ਸ਼ਾਮਲ ਹਨ ਜੋ ਨੂਹ ਦੇ ਜ਼ਮਾਨੇ ਵਿਚ ਸਵਰਗੋਂ ਆਪਣੀ ਜਗ੍ਹਾ ਛੱਡ ਕੇ ਧਰਤੀ ʼਤੇ ਆਏ ਸਨ। ਨਾਲੇ ਇਸ ਵਿਚ ਉਹ ਦੁਸ਼ਟ ਲੋਕ ਵੀ ਸ਼ਾਮਲ ਹਨ ਜੋ ਆਪਣੇ ਪਿਓ ਸ਼ੈਤਾਨ ਵਾਂਗ ਪੇਸ਼ ਆਉਂਦੇ ਹਨ।—ਉਤ. 6:1, 2; ਯੂਹੰ. 8:44; 1 ਯੂਹੰ. 5:19; ਯਹੂ. 6. w22.07 14-15 ਪੈਰੇ 4-5
ਮੰਗਲਵਾਰ 13 ਫਰਵਰੀ
ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।—ਫ਼ਿਲਿ. 1:10.
ਪੌਲੁਸ ਰਸੂਲ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ ਸਨ। ਇਸ ਲਈ ਉਹ ਮੁਸ਼ਕਲਾਂ ਝੱਲ ਰਹੇ ਭੈਣਾਂ-ਭਰਾਵਾਂ ਲਈ ਦਇਆ ਤੇ ਹਮਦਰਦੀ ਦਿਖਾ ਸਕਿਆ। ਇਕ ਵਾਰ ਪੌਲੁਸ ਕੋਲ ਪੈਸੇ ਖ਼ਤਮ ਹੋ ਗਏ ਸਨ, ਇਸ ਲਈ ਆਪਣੀਆਂ ਅਤੇ ਆਪਣੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਸ ਨੂੰ ਕੰਮ ਲੱਭਣਾ ਪਿਆ। (ਰਸੂ. 20:34) ਉਹ ਤੰਬੂ ਬਣਾਉਣ ਦਾ ਕੰਮ ਕਰਦਾ ਸੀ। ਜਦੋਂ ਉਹ ਕੁਰਿੰਥੁਸ ਪਹੁੰਚਿਆ, ਤਾਂ ਪਹਿਲਾਂ ਉਸ ਨੇ ਆਪਣੇ ਸਾਥੀਆਂ ਅਕੂਲਾ ਤੇ ਪ੍ਰਿਸਕਿੱਲਾ ਨਾਲ ਮਿਲ ਕੇ ਤੰਬੂ ਬਣਾਉਣ ਦਾ ਕੰਮ ਕੀਤਾ। ਫਿਰ ਵੀ ਉਹ “ਹਰ ਸਬਤ ਦੇ ਦਿਨ” ਯਹੂਦੀਆਂ ਤੇ ਯੂਨਾਨੀਆਂ ਨੂੰ ਪ੍ਰਚਾਰ ਕਰਦਾ ਰਿਹਾ। ਜਦੋਂ ਸੀਲਾਸ ਤੇ ਤਿਮੋਥਿਉਸ ਉਸ ਕੋਲ ਆਏ, ਤਾਂ “ਪੌਲੁਸ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ।” (ਰਸੂ. 18:2-5) ਪੌਲੁਸ ਦੀ ਜ਼ਿੰਦਗੀ ਦਾ ਮਕਸਦ ਯਹੋਵਾਹ ਦੀ ਸੇਵਾ ਕਰਨੀ ਸੀ ਅਤੇ ਉਹ ਇਸ ਮਕਸਦ ਨੂੰ ਕਦੇ ਨਹੀਂ ਭੁੱਲਿਆ। ਪੌਲੁਸ ਨੇ ਯਹੋਵਾਹ ਦੀ ਸੇਵਾ ਕਰਨ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਿਚ ਸਖ਼ਤ ਮਿਹਨਤ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। ਇਸ ਕਰਕੇ ਉਹ ਆਪਣੇ ਭੈਣਾਂ-ਭਰਾਵਾਂ ਨੂੰ ਵੀ ਇਸ ਤਰ੍ਹਾਂ ਕਰਨ ਦਾ ਹੌਸਲਾ ਦੇ ਸਕਿਆ। ਉਹ ਉਨ੍ਹਾਂ ਨੂੰ ਯਾਦ ਕਰਾ ਸਕਿਆ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਪਰਿਵਾਰ ਦੀਆਂ ਲੋੜਾਂ ਦੀ ਹੱਦੋਂ ਵੱਧ ਚਿੰਤਾ ਕਰਨ ਕਰਕੇ ਕਿਤੇ ਉਹ “ਜ਼ਿਆਦਾ ਜ਼ਰੂਰੀ ਗੱਲਾਂ” ਯਾਨੀ ਯਹੋਵਾਹ ਦੀ ਭਗਤੀ ਦੇ ਸਾਰੇ ਕੰਮਾਂ ਨੂੰ ਨਾ ਭੁੱਲ ਜਾਣ। w22.08 20 ਪੈਰਾ 3
ਬੁੱਧਵਾਰ 14 ਫਰਵਰੀ
ਸਾਰੀਆਂ ਕੌਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। —ਮਰ. 13:10.
ਪਰਮੇਸ਼ੁਰ ਦੀ ਇੱਛਾ ਹੈ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ʼਤੇ ਕੀਤਾ ਜਾਵੇ। (1 ਤਿਮੋ. 2:3, 4) ਇਹ ਕੰਮ ਯਹੋਵਾਹ ਦਾ ਹੈ ਅਤੇ ਇਹ ਉਸ ਨੂੰ ਇੰਨਾ ਪਿਆਰਾ ਹੈ ਕਿ ਉਸ ਨੇ ਇਸ ਕੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਪੁੱਤਰ ਨੂੰ ਦਿੱਤੀ ਹੈ। ਯਿਸੂ ਇਕ ਕਾਬਲ ਆਗੂ ਹੈ, ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਅਗਵਾਈ ਅਧੀਨ ਅੰਤ ਆਉਣ ਤੋਂ ਪਹਿਲਾਂ ਪ੍ਰਚਾਰ ਦਾ ਕੰਮ ਯਹੋਵਾਹ ਦੀ ਇੱਛਾ ਮੁਤਾਬਕ ਪੂਰਾ ਕੀਤਾ ਜਾਵੇਗਾ। (ਮੱਤੀ 24:14) ਅਸੀਂ ਇਹ ਗੱਲ ਇੰਨੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ? ਕਿਉਂਕਿ ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਗਲੀਲ ਦੇ ਇਕ ਪਹਾੜ ʼਤੇ ਆਪਣੇ ਕਈ ਵਫ਼ਾਦਾਰ ਚੇਲਿਆਂ ਨੂੰ ਮਿਲਿਆ। ਉਸ ਨੇ ਉਨ੍ਹਾਂ ਨੂੰ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।” ਧਿਆਨ ਦਿਓ ਕਿ ਇਸ ਤੋਂ ਤੁਰੰਤ ਬਾਅਦ ਉਸ ਨੇ ਕੀ ਕਿਹਾ: “ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:18, 19) ਇਨ੍ਹਾਂ ਆਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਨੂੰ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਨਾਲੇ ਅੱਜ ਵੀ ਪ੍ਰਚਾਰ ਦਾ ਕੰਮ ਯਿਸੂ ਦੀ ਨਿਗਰਾਨੀ ਅਧੀਨ ਕੀਤਾ ਜਾ ਰਿਹਾ ਹੈ। w22.07 8 ਪੈਰਾ 1, 3; 9 ਪੈਰਾ 4
ਵੀਰਵਾਰ 15 ਫਰਵਰੀ
ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ ਅਤੇ ਜਿਹੜੇ ਚੰਗੇ ਕੰਮ ਕਰਦੇ ਹਨ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।—ਯੂਹੰ. 5:28, 29.
ਮਰਨ ਤੋਂ ਪਹਿਲਾਂ ਚੰਗੇ ਕੰਮ ਕਰਨ ਵਾਲੇ ਧਰਮੀ ਲੋਕਾਂ ਨੂੰ ਜੀਉਂਦਾ ਕਰ ਕੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਦੇ ਨਾਂ ਪਹਿਲਾਂ ਹੀ ਜੀਵਨ ਦੀ ਕਿਤਾਬ ਵਿਚ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੇ ‘ਚੰਗੇ ਕੰਮਾਂ’ ਬਾਰੇ ਯੂਹੰਨਾ 5:29 ਵਿਚ ਦੱਸਿਆ ਗਿਆ ਹੈ, ਉਨ੍ਹਾਂ ਲੋਕਾਂ ਨੂੰ ਰਸੂਲਾਂ ਦੇ ਕੰਮ 24:15 ਵਿਚ “ਧਰਮੀ” ਕਿਹਾ ਗਿਆ ਹੈ। ਗੌਰ ਕਰੋ ਕਿ ਰੋਮੀਆਂ 6:7 ਵਿਚ ਕੀ ਕਿਹਾ ਗਿਆ ਹੈ: “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” ਜਦੋਂ ਧਰਮੀ ਲੋਕਾਂ ਦੀ ਮੌਤ ਹੋ ਜਾਂਦੀ ਹੈ, ਤਾਂ ਯਹੋਵਾਹ ਉਨ੍ਹਾਂ ਦੇ ਪਾਪ ਮਾਫ਼ ਕਰ ਦਿੰਦਾ ਹੈ। ਪਰ ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਕਦੇ ਨਹੀਂ ਭੁੱਲਦਾ। (ਇਬ. 6:10) ਪਰ ਜੇ ਧਰਮੀ ਲੋਕ ਆਪਣਾ ਨਾਂ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਲਿਖਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜੀਉਂਦੇ ਕੀਤੇ ਜਾਣ ਤੋਂ ਬਾਅਦ ਵੀ ਯਹੋਵਾਹ ਦੇ ਵਫ਼ਾਦਾਰ ਰਹਿਣਾ ਪਵੇਗਾ। w22.09 18 ਪੈਰੇ 13, 15
ਸ਼ੁੱਕਰਵਾਰ 16 ਫਰਵਰੀ
[ਯਹੋਵਾਹ] ਦੇ ਹਰ ਕੰਮ ʼਤੇ ਭਰੋਸਾ ਕੀਤਾ ਜਾ ਸਕਦਾ ਹੈ।—ਜ਼ਬੂ. 33:4.
ਦਾਨੀਏਲ ਨਬੀ ਇਕ ਭਰੋਸੇਯੋਗ ਇਨਸਾਨ ਸੀ। ਚਾਹੇ ਉਹ ਬਾਬਲ ਵਿਚ ਸਿਰਫ਼ ਇਕ ਗ਼ੁਲਾਮ ਸੀ, ਫਿਰ ਵੀ ਉਸ ਨੇ ਜਲਦ ਹੀ ਆਪਣੇ ਆਪ ਨੂੰ ਭਰੋਸੇਯੋਗ ਇਨਸਾਨ ਸਾਬਤ ਕੀਤਾ। ਲੋਕ ਉਸ ʼਤੇ ਉਦੋਂ ਹੋਰ ਵੀ ਜ਼ਿਆਦਾ ਭਰੋਸਾ ਕਰਨ ਲੱਗ ਪਏ ਜਦੋਂ ਉਸ ਨੇ ਯਹੋਵਾਹ ਦੀ ਮਦਦ ਨਾਲ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੁਪਨਿਆਂ ਦਾ ਮਤਲਬ ਦੱਸਿਆ। (ਦਾਨੀ. 4:20-22, 25) ਕਈ ਸਾਲਾਂ ਬਾਅਦ, ਦਾਨੀਏਲ ਨੇ ਫਿਰ ਤੋਂ ਸਾਬਤ ਕੀਤਾ ਕਿ ਉਹ ਭਰੋਸੇਯੋਗ ਸੀ। ਇਕ ਵਾਰ ਬਾਬਲ ਵਿਚ ਮਹਿਲ ਦੀ ਕੰਧ ਉੱਤੇ ਇਕ ਭੇਤ ਭਰਿਆ ਸੰਦੇਸ਼ ਲਿਖਿਆ ਗਿਆ ਅਤੇ ਦਾਨੀਏਲ ਨੇ ਉਸ ਸੰਦੇਸ਼ ਦਾ ਸਹੀ-ਸਹੀ ਮਤਲਬ ਦੱਸਿਆ। (ਦਾਨੀ. 5:5, 25-29) ਬਾਅਦ ਵਿਚ ਮਾਦੀ ਰਾਜਾ ਦਾਰਾ ਅਤੇ ਉਸ ਦੇ ਅਧਿਕਾਰੀਆਂ ਨੇ ਇਸ ਗੱਲ ʼਤੇ ਧਿਆਨ ਦਿੱਤਾ ਕਿ ਦਾਨੀਏਲ ਬਹੁਤ “ਜ਼ਿਆਦਾ ਕਾਬਲ ਅਤੇ ਸਿਆਣਾ” ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਦਾਨੀਏਲ “ਭਰੋਸੇਮੰਦ ਸੀ” ਅਤੇ “ਉਹ ਲਾਪਰਵਾਹ ਜਾਂ ਬੇਈਮਾਨ ਨਹੀਂ ਸੀ।” (ਦਾਨੀ. 6:3, 4) ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਦੁਨੀਆਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਭਰੋਸੇਯੋਗ ਇਨਸਾਨ ਹਾਂ?’ ਜਦੋਂ ਅਸੀਂ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ। w22.09 8-9 ਪੈਰੇ 2-4
ਸ਼ਨੀਵਾਰ 17 ਫਰਵਰੀ
ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ।—ਅਫ਼. 5:1.
ਸਹੀ ਅਤੇ ਗ਼ਲਤ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਚੱਲ ਕੇ ਸਾਨੂੰ ਫ਼ਾਇਦਾ ਹੁੰਦਾ ਹੈ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਜ਼ਰਾ ਕਲਪਨਾ ਕਰੋ, ਜੇ ਰੋਜ਼ਾਨਾ ਜ਼ਿੰਦਗੀ ਵਿਚ ਨਿਯਮ ਜਾਂ ਕਾਨੂੰਨ ਨਾ ਹੁੰਦੇ, ਤਾਂ ਕਿੰਨੀਆਂ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਸਨ। ਉਦਾਹਰਣ ਲਈ, ਜੇ ਹਰ ਚੌਂਕ ਵਿਚ ਲਾਲ, ਪੀਲੀ ਤੇ ਹਰੀ ਬੱਤੀ ਦੀ ਬਜਾਇ ਅਲੱਗ-ਅਲੱਗ ਰੰਗ ਦੀਆਂ ਬੱਤੀਆਂ ਹੋਣ, ਤਾਂ ਇਸ ਨਾਲ ਗੜਬੜੀ ਹੋ ਸਕਦੀ ਹੈ ਅਤੇ ਕਿੰਨੇ ਹਾਦਸੇ ਹੋ ਸਕਦੇ ਹਨ। ਜੇ ਕੋਈ ਠੇਕੇਦਾਰ ਉਸਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਇਮਾਰਤਾਂ ਬਣਾਉਂਦਾ ਹੈ, ਤਾਂ ਇਸ ਨਾਲ ਜਾਨ-ਮਾਲ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ। ਜੇ ਕੋਈ ਡਾਕਟਰ ਇਲਾਜ ਸੰਬੰਧੀ ਨਿਯਮਾਂ ਤੋਂ ਉਲਟ ਜਾ ਕੇ ਮਰੀਜ਼ਾਂ ਦਾ ਇਲਾਜ ਕਰਦਾ ਹੈ, ਤਾਂ ਲੋਕਾਂ ਦੀ ਜਾਨ ਜਾ ਸਕਦੀ ਹੈ। ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਸਹੀ ਤੇ ਗ਼ਲਤ ਬਾਰੇ ਮਿਆਰ ਹੋਣੇ ਕਿੰਨੇ ਜ਼ਰੂਰੀ ਹਨ। ਇਸੇ ਤਰ੍ਹਾਂ ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲ ਕੇ ਸਾਡੀ ਹਿਫਾਜ਼ਤ ਹੁੰਦੀ ਹੈ। ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੇ ਧਰਮੀ ਮਿਆਰਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਵਾਅਦਾ ਕਰਦਾ ਹੈ: “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂ. 37:29) ਜ਼ਰਾ ਕਲਪਨਾ ਕਰੋ, ਜਦੋਂ ਸਾਰੇ ਲੋਕ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣਗੇ, ਉਦੋਂ ਲੋਕਾਂ ਵਿਚ ਕਿੰਨੀ ਏਕਤਾ, ਸ਼ਾਂਤੀ ਅਤੇ ਖ਼ੁਸ਼ੀ ਹੋਵੇਗੀ। ਯਹੋਵਾਹ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਇਹੋ ਜਿਹੀ ਹੋਵੇ। ਬਿਨਾਂ ਸ਼ੱਕ, ਸਾਡੇ ਕੋਲ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣ ਦੇ ਬਹੁਤ ਸਾਰੇ ਕਾਰਨ ਹਨ। w22.08 27-28 ਪੈਰੇ 6-8
ਐਤਵਾਰ 18 ਫਰਵਰੀ
ਸਾਰੀਆਂ ਗੱਲਾਂ ਵਿਚ ਹੋਸ਼ ਵਿਚ ਰਹਿ।—2 ਤਿਮੋ. 4:5
ਜਦੋਂ ਸਾਡੀ ਜ਼ਿੰਦਗੀ ਵਿਚ ਕੁਝ ਅਜਿਹਾ ਹੁੰਦਾ ਹੈ ਜਿਸ ਕਰਕੇ ਅਸੀਂ ਨਿਰਾਸ਼ ਜਾਂ ਪਰੇਸ਼ਾਨ ਹੋ ਜਾਂਦੇ ਹਾਂ, ਤਾਂ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਅਜਿਹੇ ਹਾਲਾਤਾਂ ਵਿਚ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਹੋਸ਼ ਵਿਚ ਤੇ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਨਿਹਚਾ ਪੱਕੀ ਰੱਖਣੀ ਚਾਹੀਦੀ ਹੈ। ਹੋਸ਼ ਵਿਚ ਰਹਿਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਸ਼ਾਂਤ ਰਹਿਣਾ, ਕਿਸੇ ਮਾਮਲੇ ਬਾਰੇ ਧਿਆਨ ਨਾਲ ਸੋਚਣਾ ਅਤੇ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਨੀ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਆਪਣੀਆਂ ਭਾਵਨਾਵਾਂ ਵਿਚ ਵਹਿ ਕੇ ਨਹੀਂ, ਸਗੋਂ ਸੋਚ-ਸਮਝ ਕੇ ਫ਼ੈਸਲੇ ਕਰਾਂਗੇ। ਸ਼ਾਇਦ ਸਾਨੂੰ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ ਜਾਂ ਸ਼ਾਇਦ ਕਿਸੇ ਬਜ਼ੁਰਗ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ ਸ਼ਾਇਦ ਉਸ ਦਾ ਇਰਾਦਾ ਤੁਹਾਨੂੰ ਦੁੱਖ ਪਹੁੰਚਾਉਣ ਦਾ ਨਹੀਂ ਸੀ। (ਰੋਮੀ. 3:23; ਯਾਕੂ. 3:2) ਪਰ ਤੁਹਾਨੂੰ ਲੱਗਾ ਕਿ ਉਸ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ। ਇਸ ਕਰਕੇ ਸ਼ਾਇਦ ਕਿ ਤੁਸੀਂ ਇਹ ਸੋਚਣ ਲੱਗ ਪਏ ਹੋਵੋ, ‘ਕੀ ਇਹ ਸੱਚੀਂ ਯਹੋਵਾਹ ਦੇ ਲੋਕ ਹਨ? ਕੀ ਸੱਚੀਂ ਯਹੋਵਾਹ ਇਸ ਸੰਗਠਨ ਨੂੰ ਚਲਾਉਂਦਾ ਹੈ?’ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇੱਦਾਂ ਹੀ ਸੋਚੀਏ। (2 ਕੁਰਿੰ. 2:11) ਅਜਿਹੀਆਂ ਗੱਲਾਂ ਸੋਚਣ ਕਰਕੇ ਅਸੀਂ ਹੌਲੀ-ਹੌਲੀ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਦੂਰ ਜਾ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਦਿਲ ਵਿਚ ਕਦੇ ਵੀ ਕੁੜੱਤਣ ਨਹੀਂ ਭਰਨੀ ਚਾਹੀਦੀ। w22.11 20 ਪੈਰੇ 1, 3; 21 ਪੈਰਾ 4
ਸੋਮਵਾਰ 19 ਫਰਵਰੀ
ਯਹੋਵਾਹ ʼਤੇ ਉਮੀਦ ਲਾਈ ਰੱਖ।—ਜ਼ਬੂ. 27:14.
ਯਹੋਵਾਹ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੀ ਸ਼ਾਨਦਾਰ ਉਮੀਦ ਦਿੱਤੀ ਹੈ। ਕੁਝ ਜਣਿਆਂ ਕੋਲ ਸਵਰਗ ਵਿਚ ਅਮਰ ਜੀਵਨ ਹਾਸਲ ਕਰਨ ਦੀ ਉਮੀਦ ਹੈ। (1 ਕੁਰਿੰ. 15:50, 53) ਪਰ ਬਹੁਤ ਜਣਿਆਂ ਕੋਲ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੀ ਉਮੀਦ ਹੈ, ਜਿੱਥੇ ਉਹ ਤੰਦਰੁਸਤ ਹੋਣਗੇ ਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। (ਪ੍ਰਕਾ. 21:3, 4) ਸਾਡੇ ਲਈ ਇਹ ਉਮੀਦ ਬਹੁਤ ਮਾਅਨੇ ਰੱਖਦੀ ਹੈ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਫਿਰ ਧਰਤੀ ʼਤੇ ਰਹਿਣ ਦੀ। ਅਸੀਂ ਸਾਰੇ ਜਣੇ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਡੀ ਉਮੀਦ ਪੂਰੀ ਹੋਵੇਗੀ। ਸਾਡੀ ਉਮੀਦ ਪੱਕੀ ਹੈ ਕਿਉਂਕਿ ਇਹ ਯਹੋਵਾਹ ਨੇ ਦਿੱਤੀ ਹੈ। (ਰੋਮੀ. 15:13) ਸਾਨੂੰ ਪਤਾ ਹੈ ਕਿ ਯਹੋਵਾਹ ਨੇ ਹੁਣ ਤਕ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। (ਗਿਣ. 23:19) ਸਾਨੂੰ ਯਕੀਨ ਹੈ ਕਿ ਉਹ ਭਵਿੱਖ ਲਈ ਕੀਤੇ ਆਪਣੇ ਵਾਅਦੇ ਵੀ ਜ਼ਰੂਰ ਪੂਰੇ ਕਰੇਗਾ ਕਿਉਂਕਿ ਉਹ ਆਪਣੇ ਵਾਅਦੇ ਪੂਰੇ ਕਰਨੇ ਚਾਹੁੰਦਾ ਹੈ ਤੇ ਉਸ ਕੋਲ ਇਨ੍ਹਾਂ ਨੂੰ ਪੂਰਿਆਂ ਕਰਨ ਦੀ ਤਾਕਤ ਵੀ ਹੈ। ਸਾਡਾ ਸਵਰਗੀ ਪਿਤਾ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ। ਜਦੋਂ ਅਸੀਂ ਯਹੋਵਾਹ ʼਤੇ ਪੱਕੀ ਉਮੀਦ ਰੱਖਦੇ ਹਾਂ, ਤਾਂ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਦੇ ਅਤੇ ਖ਼ੁਸ਼ ਰਹਿ ਪਾਉਂਦੇ ਹਾਂ। w22.10 ਸਫ਼ਾ 24 ਪੈਰੇ 1-3
ਮੰਗਲਵਾਰ 20 ਫਰਵਰੀ
‘ਉਹ ਬਾਗ਼ੀ ਲੋਕ ਹਨ ਜੋ ਯਹੋਵਾਹ ਦੇ ਕਾਨੂੰਨ ਨੂੰ ਸੁਣਨਾ ਨਹੀਂ ਚਾਹੁੰਦੇ।’ —ਯਸਾ. 30:9.
ਯਹੂਦੀਆਂ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ। ਇਸ ਲਈ ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਅਤੇ ਇਸ ਤਰ੍ਹਾਂ ਹੋਇਆ ਵੀ। (ਯਸਾ. 30:5, 17; ਯਿਰ. 25:8-11) ਬਾਬਲੀ ਲੋਕ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ ਸਨ, ਪਰ ਉਨ੍ਹਾਂ ਵਿੱਚੋਂ ਕੁਝ ਯਹੂਦੀ ਵਫ਼ਾਦਾਰ ਸਨ। ਉਨ੍ਹਾਂ ਵਫ਼ਾਦਾਰ ਯਹੂਦੀਆਂ ਨੂੰ ਯਸਾਯਾਹ ਨੇ ਕਿਹਾ ਕਿ ਇਕ ਦਿਨ ਯਹੋਵਾਹ ਉਨ੍ਹਾਂ ʼਤੇ ਮਿਹਰ ਕਰੇਗਾ ਅਤੇ ਉਹ ਆਪਣੇ ਦੇਸ਼ ਵਾਪਸ ਆ ਜਾਣਗੇ। (ਯਸਾ. 30:18, 19) ਪਰ ਉਸ ਨੇ ਇਹ ਵੀ ਕਿਹਾ ਕਿ “ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ।” ਇਸ ਤੋਂ ਪਤਾ ਲੱਗਦਾ ਹੈ ਕਿ ਯਹੂਦੀਆਂ ਨੇ ਤੁਰੰਤ ਰਿਹਾ ਨਹੀਂ ਹੋ ਜਾਣਾ ਸੀ, ਸਗੋਂ ਉਨ੍ਹਾਂ ਨੂੰ ਉਡੀਕ ਕਰਨੀ ਪੈਣੀ ਸੀ ਅਤੇ ਇਸੇ ਤਰ੍ਹਾਂ ਹੋਇਆ। ਯਹੂਦੀਆਂ ਨੂੰ 70 ਸਾਲ ਬਾਬਲ ਵਿਚ ਗ਼ੁਲਾਮ ਰਹਿਣਾ ਪਿਆ ਅਤੇ ਫਿਰ ਜਾ ਕੇ ਉਨ੍ਹਾਂ ਵਿੱਚੋਂ ਕੁਝ ਯਹੂਦੀ ਆਪਣੇ ਦੇਸ਼ ਯਰੂਸ਼ਲਮ ਵਾਪਸ ਆਏ। (ਯਸਾ. 10:21; ਯਿਰ. 29:10) ਆਪਣੇ ਦੇਸ਼ ਵਾਪਸ ਆ ਕੇ ਉਨ੍ਹਾਂ ਦੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ। w22.11 9 ਪੈਰਾ 4
ਬੁੱਧਵਾਰ 21 ਫਰਵਰੀ
ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ।—ਮੱਤੀ 5:10.
ਅੱਜ ਸਾਡੇ ਭੈਣਾਂ-ਭਰਾਵਾਂ ʼਤੇ ਉਸੇ ਤਰ੍ਹਾਂ ਹੀ ਅਤਿਆਚਾਰ ਕੀਤੇ ਜਾਂਦੇ ਹਨ ਜਿੱਦਾਂ ਪਹਿਲੀ ਸਦੀ ਵਿਚ ਰਸੂਲਾਂ ʼਤੇ ਕੀਤੇ ਜਾਂਦੇ ਸਨ। ਯਿਸੂ ਬਾਰੇ ਪ੍ਰਚਾਰ ਕਰਨ ਕਰਕੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾਂਦੇ ਸਨ। ਯਹੂਦੀ ਮਹਾਸਭਾ ਦੇ ਨਿਆਂਕਾਰਾਂ ਨੇ ਵਾਰ-ਵਾਰ ਰਸੂਲਾਂ ਨੂੰ “ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ਬਾਰੇ ਨਾ ਤਾਂ ਗੱਲ ਕਰਨ ਅਤੇ ਨਾ ਹੀ ਸਿੱਖਿਆ ਦੇਣ।” (ਰਸੂ. 4:18-20; 5:27, 28, 40) ਪਰ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ ਅਤੇ ਉਸੇ ਨੇ ਉਨ੍ਹਾਂ ਨੂੰ ‘ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਪ੍ਰਚਾਰ ਕਰਨ’ ਅਤੇ ਮਸੀਹ ਬਾਰੇ ‘ਚੰਗੀ ਤਰ੍ਹਾਂ ਗਵਾਹੀ ਦੇਣ।’ (ਰਸੂ. 10:42) ਸਾਰੇ ਰਸੂਲਾਂ ਵੱਲੋਂ ਪਤਰਸ ਤੇ ਯੂਹੰਨਾ ਨੇ ਦਲੇਰੀ ਨਾਲ ਜਵਾਬ ਦਿੱਤਾ ਕਿ ਉਹ ਨਿਆਂਕਾਰਾਂ ਦੀ ਬਜਾਇ ਪਰਮੇਸ਼ੁਰ ਦਾ ਕਹਿਣਾ ਮੰਨਣਗੇ ਅਤੇ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਯਿਸੂ ਬਾਰੇ ਦੂਜਿਆਂ ਨੂੰ ਦੱਸਣਾ ਬੰਦ ਨਹੀਂ ਕਰਨਗੇ। (ਰਸੂ. 5:29) ਰਸੂਲਾਂ ਨੇ ਕੁੱਟ ਖਾਣ ਦੇ ਬਾਵਜੂਦ ਆਪਣੀ ਵਫ਼ਾਦਾਰੀ ਬਣਾਈ ਰੱਖੀ। ਜਦੋਂ ਰਸੂਲ ਯਹੂਦੀ ਮਹਾਸਭਾ ਤੋਂ ਬਾਹਰ ਆਏ, ਤਾਂ ਉਹ “ਇਸ ਗੱਲੋਂ ਖ਼ੁਸ਼ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ।” ਇਸ ਕਰਕੇ ਉਹ ਪ੍ਰਚਾਰ ਕਰਨ ਵਿਚ ਲੱਗੇ ਰਹੇ।—ਰਸੂ. 5:41, 42. w22.10 12-13 ਪੈਰੇ 2-4
ਵੀਰਵਾਰ 22 ਫਰਵਰੀ
ਪਰਮੇਸ਼ੁਰ ਦੇ ਨੇੜੇ ਆਉਣਾ ਮੇਰੇ ਲਈ ਚੰਗਾ ਹੈ।—ਜ਼ਬੂ. 73:28.
ਇਹ ਤਾਂ ਸੱਚ ਹੈ ਕਿ ਜਦੋਂ ਅਸੀਂ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ, ਤਾਂ ਅਸੀਂ ਸਿਰਫ਼ ਬਾਈਬਲ ਦੀਆਂ ਮੂਲ ਸਿੱਖਿਆਵਾਂ ਹੀ ਸਿੱਖੀਆਂ ਸਨ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਇਨ੍ਹਾਂ ਨੂੰ “ਬੁਨਿਆਦੀ ਗੱਲਾਂ” ਜਾਂ “ਬੁਨਿਆਦੀ ਸਿੱਖਿਆਵਾਂ” ਕਿਹਾ। ਪਰ ਇੱਦਾਂ ਕਹਿ ਕੇ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਬੁਨਿਆਦੀ ਸਿੱਖਿਆਵਾਂ ਦੀ ਅਹਿਮੀਅਤ ਘੱਟ ਹੈ, ਸਗੋਂ ਉਸ ਨੇ ਤਾਂ ਇਨ੍ਹਾਂ ਸਿੱਖਿਆਵਾਂ ਦੀ ਤੁਲਨਾ ਉਸ ਦੁੱਧ ਨਾਲ ਕੀਤੀ ਜਿਸ ਨਾਲ ਇਕ ਛੋਟੇ ਬੱਚੇ ਦਾ ਪੋਸ਼ਣ ਹੁੰਦਾ ਹੈ। (ਇਬ. 5:12; 6:1) ਪਰ ਉਸ ਨੇ ਸਾਰੇ ਮਸੀਹੀਆਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਬੁਨਿਆਦੀ ਸਿੱਖਿਆਵਾਂ ਤੋਂ ਅੱਗੇ ਵਧਣ ਅਤੇ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸੱਚਾਈਆਂ ਸਿੱਖਣ। ਕੀ ਤੁਸੀਂ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਲਈ ਭੁੱਖ ਪੈਦਾ ਕੀਤੀ ਹੈ? ਨਾਲੇ ਕੀ ਤੁਸੀਂ ਇਸ ਭੁੱਖ ਨੂੰ ਵਧਾਉਣਾ ਚਾਹੁੰਦੇ ਹੋ ਅਤੇ ਯਹੋਵਾਹ ਤੇ ਉਸ ਦੇ ਮਕਸਦ ਬਾਰੇ ਹੋਰ ਵੀ ਸਿੱਖਣਾ ਚਾਹੁੰਦੇ ਹੋ? ਕਈ ਲੋਕਾਂ ਨੂੰ ਪੜ੍ਹਨਾ ਜਾਂ ਅਧਿਐਨ ਕਰਨਾ ਬਹੁਤ ਔਖਾ ਲੱਗਦਾ ਹੈ। ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਕੀ ਤੁਸੀਂ ਸਕੂਲ ਵਿਚ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖਿਆ ਸੀ? ਕੀ ਤੁਹਾਨੂੰ ਪੜ੍ਹਾਈ-ਲਿਖਾਈ ਕਰਨੀ ਵਧੀਆ ਲੱਗਦੀ ਸੀ? ਜਾਂ ਜਦੋਂ ਤੁਸੀਂ ਕੁਝ ਨਵਾਂ ਸਿੱਖਦੇ ਸੀ, ਤਾਂ ਕੀ ਤੁਹਾਨੂੰ ਖ਼ੁਸ਼ੀ ਹੁੰਦੀ ਸੀ? ਜਾਂ ਫਿਰ ਤੁਹਾਨੂੰ ਇੱਦਾਂ ਲੱਗਦਾ ਸੀ ਕਿ ਇਹ ਮੇਰੇ ਵੱਸੋਂ ਬਾਹਰ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕਾਂ ਨੂੰ ਇੱਦਾਂ ਹੀ ਲੱਗਦਾ ਹੈ। ਪਰ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਉਹ ਦੁਨੀਆਂ ਦਾ ਸਭ ਤੋਂ ਵਧੀਆ ਸਿੱਖਿਅਕ ਹੈ ਅਤੇ ਉਸ ਦਾ ਸਿਖਾਉਣ ਦਾ ਤਰੀਕਾ ਸਭ ਤੋਂ ਵਧੀਆ ਹੈ। w23.03 9-10 ਪੈਰੇ 8-10
ਸ਼ੁੱਕਰਵਾਰ 23 ਫਰਵਰੀ
ਤੁਹਾਡੇ ਦਿਲਾਂ ਵਿਚ ਜੋ ਬਚਨ ਬੀਜਿਆ ਜਾਂਦਾ ਹੈ, ਉਸ ਨੂੰ ਨਰਮਾਈ ਨਾਲ ਕਬੂਲ ਕਰੋ ਜੋ ਤੁਹਾਡੀਆਂ ਜਾਨਾਂ ਬਚਾ ਸਕਦਾ ਹੈ।—ਯਾਕੂ. 1:21.
ਜੇ ਸਾਡਾ ਸੁਭਾਅ ਨਰਮ ਹੋਵੇਗਾ, ਤਾਂ ਹੀ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਵਿਚ ਜੜ੍ਹ ਫੜੇਗਾ। ਨਾਲੇ ਜਦੋਂ ਅਸੀਂ ਬਾਈਬਲ ਵਿੱਚੋਂ ਦਇਆ, ਹਮਦਰਦੀ ਅਤੇ ਪਿਆਰ ਬਾਰੇ ਕੋਈ ਬਿਰਤਾਂਤ ਪੜ੍ਹਾਂਗੇ, ਤਾਂ ਅਸੀਂ ਖ਼ੁਦ ਨੂੰ ਉਸ ਮੁਤਾਬਕ ਢਾਲ਼ ਸਕਾਂਗੇ ਅਤੇ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾ ਸਕਾਂਗੇ। ਅਸੀਂ ਦੂਜਿਆਂ ਨਾਲ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਚਨ ਮੁਤਾਬਕ ਢਾਲ਼ਿਆ ਹੈ ਜਾਂ ਨਹੀਂ। ਫ਼ਰੀਸੀਆਂ ਨੇ ਆਪਣੇ ਦਿਲ ʼਤੇ ਪਰਮੇਸ਼ੁਰ ਦੇ ਬਚਨ ਦਾ ਅਸਰ ਨਹੀਂ ਪੈਣ ਦਿੱਤਾ ਜਿਸ ਕਰਕੇ ਉਹ ‘ਨਿਰਦੋਸ਼ ਲੋਕਾਂ ਉੱਤੇ ਦੋਸ਼ ਲਾਉਂਦੇ ਸਨ।’ (ਮੱਤੀ 12:7) ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਆਪਣੇ ʼਤੇ ਪਰਮੇਸ਼ੁਰ ਦੇ ਬਚਨ ਦਾ ਅਸਰ ਪੈਣ ਦਿੰਦੇ ਹਾਂ ਜਾਂ ਨਹੀਂ। ਇਸ ਤਰ੍ਹਾਂ ਕਰਨ ਲਈ ਸਾਨੂੰ ਖ਼ੁਦ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਦੂਜਿਆਂ ਬਾਰੇ ਕੀ ਸੋਚਦੇ ਹਾਂ ਅਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਉਦਾਹਰਣ ਲਈ, ਕੀ ਅਸੀਂ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹਾਂ ਜਾਂ ਗ਼ਲਤੀਆਂ ਕੱਢਦੇ ਰਹਿੰਦੇ ਹਾਂ? ਕੀ ਅਸੀਂ ਦੂਜਿਆਂ ʼਤੇ ਦਇਆ ਕਰਦੇ ਹਾਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦੇ ਹਾਂ ਜਾਂ ਕੀ ਅਸੀਂ ਦੂਜਿਆਂ ਵਿਚ ਨੁਕਸ ਕੱਢਦੇ ਰਹਿੰਦੇ ਹਾਂ ਅਤੇ ਨਾਰਾਜ਼ਗੀ ਪਾਲ਼ੀ ਰੱਖਦੇ ਹਾਂ? ਇਸ ਤਰ੍ਹਾਂ ਅਸੀਂ ਆਪਣੀ ਜਾਂਚ ਕਰ ਸਕਾਂਗੇ ਕਿ ਅਸੀਂ ਆਪਣੀਆਂ ਸੋਚਾਂ, ਇਰਾਦਿਆਂ ਅਤੇ ਕੰਮਾਂ ਨੂੰ ਬਾਈਬਲ ਮੁਤਾਬਕ ਢਾਲ਼ਿਆ ਹੈ ਜਾਂ ਨਹੀਂ।—1 ਤਿਮੋ. 4:12, 15; ਇਬ. 4:12. w23.02 12 ਪੈਰੇ 13-14
ਸ਼ਨੀਵਾਰ 24 ਫਰਵਰੀ
ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਕਹਿੰਦਾ ਹਾਂ, “ਨਾ ਡਰ। ਮੈਂ ਤੇਰੀ ਮਦਦ ਕਰਾਂਗਾ।”—ਯਸਾ. 41:13.
ਜ਼ਰਾ ਅਰਿਮਥੀਆ ਦੇ ਰਹਿਣ ਵਾਲੇ ਯੂਸੁਫ਼ ਦੀ ਮਿਸਾਲ ʼਤੇ ਗੌਰ ਕਰੋ। ਉਸ ਦਾ ਯਹੂਦੀ ਸਮਾਜ ਵਿਚ ਬਹੁਤ ਇੱਜ਼ਤ-ਮਾਣ ਸੀ। ਉਹ ਮਹਾਸਭਾ ਯਾਨੀ ਯਹੂਦੀਆਂ ਦੀ ਸੁਪਰੀਮ ਕੋਰਟ ਦਾ ਮੈਂਬਰ ਸੀ। ਯੂਹੰਨਾ ਨੇ ਕਿਹਾ ਕਿ “ਯੂਸੁਫ਼ ਯਿਸੂ ਦਾ ਚੇਲਾ ਸੀ, ਪਰ ਉਸ ਨੇ ਯਹੂਦੀ ਆਗੂਆਂ ਤੋਂ ਡਰ ਦੇ ਮਾਰੇ ਇਹ ਗੱਲ ਲੁਕੋ ਕੇ ਰੱਖੀ ਸੀ।” (ਯੂਹੰ. 19:38) ਚਾਹੇ ਯੂਸੁਫ਼ ਨੂੰ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਸੀ, ਪਰ ਉਸ ਨੇ ਦੂਜਿਆਂ ਤੋਂ ਇਹ ਗੱਲ ਲੁਕੋ ਕੇ ਰੱਖੀ ਕਿ ਉਸ ਨੂੰ ਯਿਸੂ ʼਤੇ ਨਿਹਚਾ ਸੀ। ਬਿਨਾਂ ਸ਼ੱਕ, ਉਸ ਨੂੰ ਡਰ ਸੀ ਕਿ ਸਮਾਜ ਵਿਚ ਉਸ ਦਾ ਜੋ ਉੱਚਾ ਰੁਤਬਾ ਸੀ, ਉਸ ਨੂੰ ਕਿਤੇ ਉਹ ਗੁਆ ਨਾ ਬੈਠੇ। ਪਰ ਬਾਈਬਲ ਦੱਸਦੀ ਹੈ ਕਿ ਅਖ਼ੀਰ ਯੂਸੁਫ਼ ਨੇ ਦਲੇਰੀ ਦਿਖਾਈ। ਯਿਸੂ ਦੀ ਮੌਤ ਤੋਂ ਬਾਅਦ ਉਹ “ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।” (ਮਰ. 15:42, 43) ਫਿਰ ਕਿਸੇ ਤੋਂ ਵੀ ਇਹ ਗੱਲ ਲੁਕੀ ਨਹੀਂ ਰਹੀ ਕਿ ਯੂਸੁਫ਼ ਯਿਸੂ ਦਾ ਚੇਲਾ ਸੀ। ਕੀ ਤੁਹਾਨੂੰ ਵੀ ਯੂਸੁਫ਼ ਵਾਂਗ ਇਨਸਾਨਾਂ ਦਾ ਡਰ ਹੈ? w23.01 30 ਪੈਰੇ 13-14
ਐਤਵਾਰ 25 ਫਰਵਰੀ
ਖ਼ੁਸ਼ ਹਨ ਤੇਰੇ ਆਦਮੀ ਤੇ ਧੰਨ ਹਨ ਤੇਰੇ ਸੇਵਕ ਜੋ ਸਦਾ ਤੇਰੀ ਹਜ਼ੂਰੀ ਵਿਚ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧ ਦੀਆਂ ਗੱਲਾਂ ਸੁਣਦੇ ਹਨ!—1 ਰਾਜ. 10:8.
ਸੁਲੇਮਾਨ ਦੇ ਰਾਜ ਵਿਚ ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਉਸ ਦੇ ਰਾਜ ਵਿਚ ਇੰਨੀ ਸ਼ਾਂਤੀ ਤੇ ਖ਼ੁਸ਼ਹਾਲੀ ਸੀ ਕਿ ਇਸ ਦੀਆਂ ਧੁੰਮਾਂ ਸ਼ਬਾ ਦੀ ਰਾਣੀ ਦੇ ਕੰਨਾਂ ਤਕ ਵੀ ਪਹੁੰਚੀਆਂ। ਉਹ ਕਾਫ਼ੀ ਲੰਬਾ ਸਫ਼ਰ ਕਰ ਕੇ ਯਰੂਸ਼ਲਮ ਆਈ ਤਾਂਕਿ ਉਹ ਆਪਣੀ ਅੱਖੀਂ ਸਭ ਕੁਝ ਦੇਖ ਸਕੇ। (1 ਰਾਜ. 10:1) ਸੁਲੇਮਾਨ ਦਾ ਰਾਜ ਦੇਖਣ ਤੋਂ ਬਾਅਦ ਉਸ ਨੇ ਅੱਜ ਦੇ ਹਵਾਲੇ ਵਿਚ ਦਿੱਤੇ ਸ਼ਬਦ ਕਹੇ। ਸੁਲੇਮਾਨ ਦਾ ਰਾਜ ਪਰਮੇਸ਼ੁਰ ਦੇ ਰਾਜ ਦੀ ਸਿਰਫ਼ ਇਕ ਝਲਕ ਹੀ ਸੀ। ਪਰ ਯਹੋਵਾਹ ਆਪਣੇ ਪੁੱਤਰ ਯਿਸੂ ਦੇ ਰਾਜ ਅਧੀਨ ਮਨੁੱਖਜਾਤੀ ਲਈ ਇਸ ਨਾਲੋਂ ਕਿਤੇ ਵਧ ਕੇ ਕਰੇਗਾ। ਯਿਸੂ ਸੁਲੇਮਾਨ ਨਾਲੋਂ ਹਰ ਮਾਮਲੇ ਵਿਚ ਮਹਾਨ ਹੈ। ਸੁਲੇਮਾਨ ਨਾਮੁਕੰਮਲ ਸੀ। ਉਸ ਨੇ ਕਈ ਗ਼ਲਤ ਫ਼ੈਸਲੇ ਕੀਤੇ ਜਿਨ੍ਹਾਂ ਕਰਕੇ ਪਰਮੇਸ਼ੁਰ ਦੇ ਲੋਕਾਂ ʼਤੇ ਦੁੱਖ-ਮੁਸੀਬਤਾਂ ਆਈਆਂ। ਪਰ ਯਿਸੂ ਮੁਕੰਮਲ ਰਾਜਾ ਹੈ ਅਤੇ ਉਹ ਕੋਈ ਵੀ ਗ਼ਲਤੀ ਨਹੀਂ ਕਰਦਾ। (ਲੂਕਾ 1:32; ਇਬ. 4:14, 15) ਮਸੀਹ ਨੇ ਸਾਬਤ ਕੀਤਾ ਕਿ ਉਹ ਕਦੇ ਵੀ ਪਾਪ ਨਹੀਂ ਕਰੇਗਾ ਅਤੇ ਨਾ ਹੀ ਇੱਦਾਂ ਦਾ ਕੁਝ ਕਰੇਗਾ ਜਿਸ ਨਾਲ ਉਸ ਦੀ ਪਰਜਾ ʼਤੇ ਦੁੱਖ ਆਉਣ। ਸੱਚ-ਮੁੱਚ, ਸਾਡੇ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਯਿਸੂ ਸਾਡਾ ਰਾਜਾ ਹੈ! w22.12 11 ਪੈਰੇ 9-10
ਸੋਮਵਾਰ 26 ਫਰਵਰੀ
ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ ਕਿਉਂਕਿ ਉਹ ਤੁਹਾਡਾ ਧਿਆਨ ਰੱਖਦੇ ਹਨ।—ਇਬ. 13:17.
ਅਸੀਂ ਜਿਸ ਇਲਾਕੇ ਵਿਚ ਰਹਿ ਰਹੇ ਹਾਂ ਜੇ ਉੱਥੇ ਕੋਈ ਛੂਤ ਦੀ ਬੀਮਾਰੀ ਫੈਲ ਰਹੀ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਅਧਿਕਾਰੀਆਂ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ, ਜਿਵੇਂ ਕਿ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ, ਹੱਥ ਧੋਣੇ, ਮਾਸਕ ਪਾਉਣਾ, ਬੀਮਾਰੀ ਦੇ ਲੱਛਣ ਹੋਣ ʼਤੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰਨਾ। ਇਨ੍ਹਾਂ ਹਿਦਾਇਤਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਦਿਲੋਂ ਕਦਰ ਕਰਦੇ ਹਾਂ। ਇਨ੍ਹਾਂ ਹਾਲਾਤਾਂ ਵਿਚ ਸ਼ਾਇਦ ਸਾਨੂੰ ਆਪਣੇ ਦੋਸਤਾਂ ਜਾਂ ਗੁਆਂਢੀਆਂ ਤੋਂ ਅਤੇ ਖ਼ਬਰਾਂ ਵਿਚ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਜੋ ਸੱਚ ਨਹੀਂ ਹੁੰਦੀਆਂ। ਲੋਕਾਂ ਦੀ “ਹਰ ਗੱਲ” ਉੱਤੇ ਅੱਖਾਂ ਬੰਦ ਕਰ ਕੇ ਯਕੀਨ ਕਰਨ ਦੀ ਬਜਾਇ ਸਾਨੂੰ ਭਰੋਸੇਮੰਦ ਸਰਕਾਰੀ ਅਧਿਕਾਰੀਆਂ ਅਤੇ ਡਾਕਟਰਾਂ ਤੋਂ ਮਿਲਣ ਵਾਲੀ ਜਾਣਕਾਰੀ ʼਤੇ ਧਿਆਨ ਦੇਣਾ ਚਾਹੀਦਾ ਹੈ। (ਕਹਾ. 14:15) ਪ੍ਰਬੰਧਕ ਸਭਾ ਅਤੇ ਬ੍ਰਾਂਚ ਆਫ਼ਿਸ ਦੇ ਭਰਾ ਸਹੀ ਜਾਣਕਾਰੀ ਇਕੱਠੀ ਕਰਨ ਲਈ ਬਹੁਤ ਮਿਹਨਤ ਕਰਦੇ ਹਨ ਅਤੇ ਇਸ ਤੋਂ ਬਾਅਦ ਹੀ ਉਹ ਮੀਟਿੰਗਾਂ ਜਾਂ ਪ੍ਰਚਾਰ ਬਾਰੇ ਕੋਈ ਹਿਦਾਇਤ ਦਿੰਦੇ ਹਨ। ਜੇ ਅਸੀਂ ਇਨ੍ਹਾਂ ਹਿਦਾਇਤਾਂ ਨੂੰ ਮੰਨਾਂਗੇ, ਤਾਂ ਸਾਡੀ ਅਤੇ ਦੂਜਿਆਂ ਦੀ ਹਿਫਾਜ਼ਤ ਹੋਵੇਗੀ। ਨਾਲੇ ਹੋ ਸਕਦਾ ਹੈ ਕਿ ਇਸ ਕਰਕੇ ਸਾਡੇ ਇਲਾਕੇ ਦੇ ਲੋਕ ਯਹੋਵਾਹ ਦੇ ਗਵਾਹਾਂ ਦੀ ਹੋਰ ਵੀ ਇੱਜ਼ਤ ਕਰਨ ਲੱਗ ਪੈਣ।—1 ਪਤ. 2:12. w23.02 23 ਪੈਰੇ 11-12
ਮੰਗਲਵਾਰ 27 ਫਰਵਰੀ
‘ਸੁਣੋ ਅਤੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਣਾ ਸਿੱਖੋ।’—ਬਿਵ. 31:13.
ਜਦੋਂ ਇਜ਼ਰਾਈਲੀ ਵਾਅਦਾ ਕੀਤੇ ਦੇਸ਼ ਵਿਚ ਪਹੁੰਚੇ, ਤਾਂ ਉਹ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿਣ ਲੱਗ ਪਏ ਅਤੇ ਵੱਖੋ-ਵੱਖਰੇ ਕੰਮ-ਧੰਦੇ ਕਰਨ ਲੱਗ ਪਏ। ਇਸ ਕਰਕੇ ਇਕ ਇਲਾਕੇ ਵਿਚ ਰਹਿੰਦੇ ਇਜ਼ਰਾਈਲੀ ਦੇਸ਼ ਦੇ ਦੂਜੇ ਇਲਾਕਿਆਂ ਵਿਚ ਰਹਿੰਦੇ ਇਜ਼ਰਾਈਲੀਆਂ ਦੀ ਪਰਵਾਹ ਕਰਨੀ ਸੌਖਿਆਂ ਹੀ ਭੁੱਲ ਸਕਦੇ ਸਨ। ਪਰ ਯਹੋਵਾਹ ਨੇ ਇੱਦਾਂ ਹੋਣ ਨਹੀਂ ਦਿੱਤਾ। ਉਸ ਨੇ ਪ੍ਰਬੰਧ ਕੀਤਾ ਕਿ ਇਜ਼ਰਾਈਲੀ ਅਲੱਗ-ਅਲੱਗ ਮੌਕਿਆਂ ʼਤੇ ਇਕੱਠੇ ਹੋਣ ਅਤੇ ਉਨ੍ਹਾਂ ਨੂੰ ਉਸ ਦੇ ਬਚਨ ਵਿਚਲੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਤੇ ਸਮਝਾਈਆਂ ਜਾਣ। (ਬਿਵ. 31:10-12; ਨਹ. 8:2, 8, 18) ਜ਼ਰਾ ਕਲਪਨਾ ਕਰੋ ਕਿ ਜਦੋਂ ਇਕ ਵਫ਼ਾਦਾਰ ਇਜ਼ਰਾਈਲੀ ਯਰੂਸ਼ਲਮ ਪਹੁੰਚ ਕੇ ਅਲੱਗ-ਅਲੱਗ ਇਲਾਕਿਆਂ ਤੋਂ ਆਏ ਸ਼ਾਇਦ ਲੱਖਾਂ ਹੋਰ ਸੇਵਕਾਂ ਨੂੰ ਦੇਖਦਾ ਹੋਣਾ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! ਇਸ ਤਰ੍ਹਾਂ ਯਹੋਵਾਹ ਨੇ ਆਪਣੇ ਲੋਕਾਂ ਵਿਚ ਏਕਤਾ ਬਣਾਈ ਰੱਖਣ ਵਿਚ ਮਦਦ ਕੀਤੀ। ਬਾਅਦ ਵਿਚ ਜਦੋਂ ਮਸੀਹੀ ਮੰਡਲੀ ਬਣੀ, ਤਾਂ ਉਸ ਵਿਚ ਵੀ ਬਹੁਤ ਜਣੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਸਨ, ਅਮੀਰ-ਗ਼ਰੀਬ ਸਨ, ਕਈਆਂ ਦਾ ਸਮਾਜ ਵਿਚ ਉੱਚਾ ਰੁਤਬਾ ਸੀ ਤੇ ਕਈ ਮਾਮੂਲੀ ਲੋਕ ਸਨ। ਪਰ ਉਹ ਏਕਤਾ ਨਾਲ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਜਿਨ੍ਹਾਂ ਨੇ ਨਵਾਂ-ਨਵਾਂ ਬਪਤਿਸਮਾ ਲਿਆ ਸੀ, ਉਹ ਦੂਜੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਅਤੇ ਉਨ੍ਹਾਂ ਦੀ ਮਦਦ ਲੈ ਕੇ ਹੀ ਪਰਮੇਸ਼ੁਰ ਦੇ ਬਚਨ ਨੂੰ ਸਮਝ ਸਕਦੇ ਸਨ।—ਰਸੂ. 2:42; 8:30, 31. w23.02 3 ਪੈਰਾ 7
ਬੁੱਧਵਾਰ 28 ਫਰਵਰੀ
ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਹਮੇਸ਼ਾ ਦੀ ਜ਼ਿੰਦਗੀ। —ਰੋਮੀ. 6:23.
ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਜੋ ਲੋਕ ਉਸ ਦਾ ਕਹਿਣਾ ਮੰਨਣਗੇ, ਉਨ੍ਹਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ। (ਰੋਮੀ. 6:23) ਜਦੋਂ ਅਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡੇ ਦਿਲ ਵਿਚ ਉਸ ਲਈ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ। ਜ਼ਰਾ ਸੋਚੋ ਕਿ ਸਾਡਾ ਸਵਰਗੀ ਪਿਤਾ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਕਦੇ ਵੀ ਉਸ ਤੋਂ ਦੂਰ ਨਾ ਜਾਈਏ। ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਨੂੰ ਯਾਦ ਰੱਖ ਕੇ ਅਸੀਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਜਾਂ ਜ਼ੁਲਮਾਂ ਨੂੰ ਸਹਿ ਸਕਦੇ ਹਾਂ। ਅਸੀਂ ਯਹੋਵਾਹ ਦੀ ਭਗਤੀ ਕਰਨੀ ਉਦੋਂ ਵੀ ਨਹੀਂ ਛੱਡਦੇ ਜਦੋਂ ਸਾਡੇ ਦੁਸ਼ਮਣ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹਨ। ਕਿਉਂ? ਇਸ ਦਾ ਇਕ ਕਾਰਨ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਜੇ ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਅਸੀਂ ਮਰ ਵੀ ਗਏ, ਤਾਂ ਪਰਮੇਸ਼ੁਰ ਸਾਨੂੰ ਜ਼ਰੂਰ ਜੀਉਂਦਾ ਕਰੇਗਾ ਅਤੇ ਅਸੀਂ ਫਿਰ ਕਦੇ ਨਹੀਂ ਮਰਾਂਗੇ। (ਯੂਹੰ. 5:28, 29; 1 ਕੁਰਿੰ. 15:55-58; ਇਬ. 2:15) ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਜ਼ਿੰਦਗੀ ਦਾ ਸੋਮਾ ਹੈ ਅਤੇ ਉਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ। ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਹਮੇਸ਼ਾ ਲਈ ਜੀਉਂਦਾ ਰੱਖ ਸਕਦਾ ਹੈ। (ਜ਼ਬੂ. 36:9) ਬਾਈਬਲ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਯਹੋਵਾਹ ਯੁਗਾਂ-ਯੁਗਾਂ ਦਾ ਪਰਮੇਸ਼ੁਰ ਹੈ।—ਜ਼ਬੂ. 90:2; 102:12, 24, 27. w22.12 2 ਪੈਰੇ 1-3
ਵੀਰਵਾਰ 29 ਫਰਵਰੀ
ਕਿਹੜੀ ਚੀਜ਼ ਮਸੀਹ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ? ਕੀ ਮੁਸੀਬਤਾਂ ਜਾਂ ਕਸ਼ਟ ਜਾਂ ਅਤਿਆਚਾਰ?—ਰੋਮੀ. 8:35.
ਯਹੋਵਾਹ ਦੇ ਲੋਕ ਹੋਣ ਕਰਕੇ ਅਸੀਂ ਉਦੋਂ ਹੈਰਾਨ ਨਹੀਂ ਹੁੰਦੇ ਜਦੋਂ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਬਾਈਬਲ ਵਿਚ ਇਹ ਲਿਖਿਆ ਹੈ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” (ਰਸੂ. 14:22) ਅਸੀਂ ਇਹ ਗੱਲ ਵੀ ਜਾਣਦੇ ਹਾਂ ਕਿ ਕੁਝ ਮੁਸ਼ਕਲਾਂ ਪਰਮੇਸ਼ੁਰ ਦੇ ਰਾਜ ਵਿਚ ਜਾ ਕੇ ਹੀ ਪੂਰੀ ਤਰ੍ਹਾਂ ਖ਼ਤਮ ਹੋਣਗੀਆਂ। ਉਸ ਦੇ ਰਾਜ ਵਿਚ “ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾ. 21:4) ਯਹੋਵਾਹ ਸਾਡੇ ʼਤੇ ਮੁਸ਼ਕਲਾਂ ਆਉਣ ਤੋਂ ਰੋਕਦਾ ਨਹੀਂ ਹੈ, ਪਰ ਉਹ ਇਨ੍ਹਾਂ ਨੂੰ ਸਹਿਣ ਲਈ ਸਾਨੂੰ ਤਾਕਤ ਜ਼ਰੂਰ ਦਿੰਦਾ ਹੈ। ਗੌਰ ਕਰੋ ਕਿ ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਕੀ ਕਿਹਾ। ਉਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੁੱਖ-ਮੁਸੀਬਤਾਂ ਬਾਰੇ ਗੱਲ ਕੀਤੀ ਜੋ ਉੱਥੇ ਦੇ ਮਸੀਹੀ ਝੱਲ ਰਹੇ ਸਨ। ਫਿਰ ਉਸ ਨੇ ਲਿਖਿਆ: “ਅਸੀਂ ਇਨ੍ਹਾਂ ਸਾਰੇ ਦੁੱਖਾਂ ਉੱਤੇ ਪੂਰੀ ਤਰ੍ਹਾਂ ਫਤਹਿ ਪਾਉਂਦੇ ਹਾਂ।” (ਰੋਮੀ. 8:36, 37) ਇਸ ਦਾ ਮਤਲਬ ਹੈ ਕਿ ਯਹੋਵਾਹ ਮੁਸੀਬਤਾਂ ਦੌਰਾਨ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਸਕਦਾ ਹੈ। w23.01 14 ਪੈਰੇ 1-2