ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 33-46
  • ਮਾਰਚ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਰਚ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਸ਼ੁੱਕਰਵਾਰ 1 ਮਾਰਚ
  • ਸ਼ਨੀਵਾਰ 2 ਮਾਰਚ
  • ਐਤਵਾਰ 3 ਮਾਰਚ
  • ਸੋਮਵਾਰ 4 ਮਾਰਚ
  • ਮੰਗਲਵਾਰ 5 ਮਾਰਚ
  • ਬੁੱਧਵਾਰ 6 ਮਾਰਚ
  • ਵੀਰਵਾਰ 7 ਮਾਰਚ
  • ਸ਼ੁੱਕਰਵਾਰ 8 ਮਾਰਚ
  • ਸ਼ਨੀਵਾਰ 9 ਮਾਰਚ
  • ਐਤਵਾਰ 10 ਮਾਰਚ
  • ਸੋਮਵਾਰ 11 ਮਾਰਚ
  • ਮੰਗਲਵਾਰ 12 ਮਾਰਚ
  • ਬੁੱਧਵਾਰ 13 ਮਾਰਚ
  • ਵੀਰਵਾਰ 14 ਮਾਰਚ
  • ਸ਼ੁੱਕਰਵਾਰ 15 ਮਾਰਚ
  • ਸ਼ਨੀਵਾਰ 16 ਮਾਰਚ
  • ਐਤਵਾਰ 17 ਮਾਰਚ
  • ਸੋਮਵਾਰ 18 ਮਾਰਚ
  • ਮੰਗਲਵਾਰ 19 ਮਾਰਚ
  • ਬੁੱਧਵਾਰ 20 ਮਾਰਚ
  • ਵੀਰਵਾਰ 21 ਮਾਰਚ
  • ਸ਼ੁੱਕਰਵਾਰ 22 ਮਾਰਚ
  • ਸ਼ਨੀਵਾਰ 23 ਮਾਰਚ
  • ਮੈਮੋਰੀਅਲ ਦੀ ਤਾਰੀਖ਼
    ਸੂਰਜ ਡੁੱਬਣ ਤੋਂ ਬਾਅਦ
    ਐਤਵਾਰ 24 ਮਾਰਚ
  • ਸੋਮਵਾਰ 25 ਮਾਰਚ
  • ਮੰਗਲਵਾਰ 26 ਮਾਰਚ
  • ਬੁੱਧਵਾਰ 27 ਮਾਰਚ
  • ਵੀਰਵਾਰ 28 ਮਾਰਚ
  • ਸ਼ੁੱਕਰਵਾਰ 29 ਮਾਰਚ
  • ਸ਼ਨੀਵਾਰ 30 ਮਾਰਚ
  • ਐਤਵਾਰ 31 ਮਾਰਚ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 33-46

ਮਾਰਚ

ਸ਼ੁੱਕਰਵਾਰ 1 ਮਾਰਚ

‘ਤੁਸੀਂ ਸ਼ੇਖ਼ੀਆਂ ਕਿਉਂ ਮਾਰਦੇ ਹੋ।’​—1 ਕੁਰਿੰ. 4:7.

ਪਤਰਸ ਰਸੂਲ ਨੇ ਆਪਣੀ ਪਹਿਲੀ ਚਿੱਠੀ ਵਿਚ ਭੈਣਾਂ-ਭਰਾਵਾਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਵਰਤ ਕੇ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ। ਪਤਰਸ ਨੇ ਲਿਖਿਆ: “ਪਰਮੇਸ਼ੁਰ ਨੇ ਤੁਹਾਡੇ ʼਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕੀਤੀ ਹੈ। ਇਸ ਲਈ ਤੁਹਾਨੂੰ ਜੋ ਵੀ ਹੁਨਰ ਬਖ਼ਸ਼ੇ ਗਏ ਹਨ, ਤੁਸੀਂ ਵਧੀਆ ਪ੍ਰਬੰਧਕਾਂ ਦੇ ਤੌਰ ਤੇ ਉਨ੍ਹਾਂ ਨੂੰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।” (1 ਪਤ. 4:10) ਸਾਨੂੰ ਇਹ ਸੋਚ ਕੇ ਪਿੱਛੇ ਨਹੀਂ ਹਟ ਜਾਣਾ ਚਾਹੀਦਾ ਕਿ ਜੇ ਅਸੀਂ ਜੀ-ਜਾਨ ਲਾ ਕੇ ਆਪਣੇ ਹੁਨਰ ਵਰਤਾਂਗੇ, ਤਾਂ ਦੂਜੇ ਸਾਡੇ ਤੋਂ ਈਰਖਾ ਕਰਨਗੇ ਜਾਂ ਨਿਰਾਸ਼ ਹੋ ਜਾਣਗੇ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਇਨ੍ਹਾਂ ਬਾਰੇ ਸ਼ੇਖ਼ੀਆਂ ਨਾ ਮਾਰੀਏ। (1 ਕੁਰਿੰ. 4:6) ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਜੋ ਵੀ ਹੁਨਰ ਜਾਂ ਕਾਬਲੀਅਤਾਂ ਹਨ, ਉਹ ਪਰਮੇਸ਼ੁਰ ਨੇ ਹੀ ਸਾਨੂੰ ਦਿੱਤੀਆਂ ਹਨ। ਸਾਨੂੰ ਇਨ੍ਹਾਂ ਦੀ ਵਰਤੋਂ ਆਪਣੀ ਵਾਹ-ਵਾਹ ਕਰਾਉਣ ਲਈ ਨਹੀਂ, ਸਗੋਂ ਮੰਡਲੀ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਕਰਨੀ ਚਾਹੀਦੀ ਹੈ। (ਫ਼ਿਲਿ. 2:3) ਜਦੋਂ ਅਸੀਂ ਆਪਣੀ ਤਾਕਤ ਅਤੇ ਕਾਬਲੀਅਤਾਂ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਲਾਉਂਦੇ ਹਾਂ, ਤਾਂ ਅਸੀਂ ਆਪਣੇ ਕੰਮ ਤੋਂ ਖ਼ੁਸ਼ ਹੋਵਾਂਗੇ। ਅਸੀਂ ਇਸ ਗੱਲੋਂ ਖ਼ੁਸ਼ ਨਹੀਂ ਹੁੰਦੇ ਕਿ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਕਰ ਰਹੇ ਹਾਂ ਜਾਂ ਅਸੀਂ ਉਨ੍ਹਾਂ ਨਾਲੋਂ ਬਿਹਤਰ ਹਾਂ, ਸਗੋਂ ਇਸ ਗੱਲੋਂ ਖ਼ੁਸ਼ ਹੁੰਦੇ ਹਾਂ ਕਿ ਅਸੀਂ ਆਪਣੇ ਹੁਨਰ ਯਹੋਵਾਹ ਦੀ ਵਡਿਆਈ ਲਈ ਵਰਤ ਰਹੇ ਹਾਂ। w22.04 11-12 ਪੈਰੇ 7-9

ਸ਼ਨੀਵਾਰ 2 ਮਾਰਚ

ਮੇਰੀਆਂ ਅੱਖਾਂ ਖੋਲ੍ਹ ਤਾਂਕਿ ਮੈਂ ਤੇਰੇ ਕਾਨੂੰਨ ਦੀਆਂ ਹੈਰਾਨੀਜਨਕ ਗੱਲਾਂ ਸਾਫ਼-ਸਾਫ਼ ਦੇਖ ਸਕਾਂ।​—ਜ਼ਬੂ. 119:18.

ਯਿਸੂ ਪਵਿੱਤਰ ਲਿਖਤਾਂ ਨੂੰ ਬਹੁਤ ਪਿਆਰ ਕਰਦਾ ਸੀ। ਨਾਲੇ ਇਸ ਬਾਰੇ ਜ਼ਬੂਰ 40:8 ਵਿਚ ਭਵਿੱਖਬਾਣੀ ਕੀਤੀ ਗਈ ਸੀ। ਇੱਥੇ ਲਿਖਿਆ ਹੈ: “ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।” ਪਵਿੱਤਰ ਲਿਖਤਾਂ ਨਾਲ ਪਿਆਰ ਹੋਣ ਕਰਕੇ ਯਿਸੂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਸਕਿਆ ਅਤੇ ਆਪਣੇ ਹਰ ਕੰਮ ਵਿਚ ਕਾਮਯਾਬ ਹੋਇਆ। ਜੇ ਅਸੀਂ ਵੀ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਾਂਗੇ ਅਤੇ ਇਸ ਨਾਲ ਪਿਆਰ ਕਰਨਾ ਸਿੱਖਾਂਗੇ, ਤਾਂ ਅਸੀਂ ਵੀ ਖ਼ੁਸ਼ ਰਹਿ ਸਕਾਂਗੇ ਅਤੇ ਕਾਮਯਾਬ ਹੋ ਸਕਾਂਗੇ। (ਜ਼ਬੂ. 1:1-3) ਯਿਸੂ ਦੀ ਮਿਸਾਲ ਅਤੇ ਉਸ ਦੀਆਂ ਕਹੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਓ ਆਪਾਂ ਬਾਈਬਲ ਪੜ੍ਹਨ ਦੇ ਆਪਣੇ ਹੁਨਰ ਨੂੰ ਨਿਖਾਰਦੇ ਰਹੀਏ। ਬਾਈਬਲ ਦੇ ਕਿਸੇ ਬਿਰਤਾਂਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਭ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਫਿਰ ਹੌਲੀ-ਹੌਲੀ ਪੜ੍ਹ ਸਕਦੇ ਹਾਂ, ਸਵਾਲ ਪੁੱਛ ਸਕਦੇ ਹਾਂ ਅਤੇ ਛੋਟੇ-ਛੋਟੇ ਨੋਟ ਲਿਖ ਸਕਦੇ ਹਾਂ। ਅਸੀਂ ਸਮਝ ਤੋਂ ਕੰਮ ਲੈਂਦੇ ਹੋਏ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ ਪੜ੍ਹੀਆਂ ਗੱਲਾਂ ਦੀ ਜਾਂਚ ਕਰ ਸਕਦੇ ਹਾਂ। ਨਾਲੇ ਪਰਮੇਸ਼ੁਰ ਦੇ ਬਚਨ ਨੂੰ ਸਹੀ ਇਰਾਦੇ ਨਾਲ ਪੜ੍ਹ ਕੇ ਅਸੀਂ ਇਸ ਮੁਤਾਬਕ ਆਪਣੇ ਆਪ ਨੂੰ ਢਾਲ਼ ਪਾਉਂਦੇ ਹਾਂ। ਜਦੋਂ ਅਸੀਂ ਇਨ੍ਹਾਂ ਸੁਝਾਵਾਂ ਮੁਤਾਬਕ ਬਾਈਬਲ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਬਾਈਬਲ ਪੜ੍ਹਾਈ ਤੋਂ ਪੂਰਾ-ਪੂਰਾ ਫ਼ਾਇਦਾ ਲੈ ਸਕਾਂਗੇ ਅਤੇ ਯਹੋਵਾਹ ਦੇ ਹੋਰ ਵੀ ਨੇੜੇ ਜਾਵਾਂਗੇ।​—ਜ਼ਬੂ. 119:17; ਯਾਕੂ. 4:8. w23.02 13 ਪੈਰੇ 15-16

ਐਤਵਾਰ 3 ਮਾਰਚ

ਮਿਹਨਤੀ ਦੀਆਂ ਯੋਜਨਾਵਾਂ ਵਾਕਈ ਸਫ਼ਲ ਬਣਾਉਂਦੀਆਂ ਹਨ।​—ਕਹਾ. 21:5.

ਕੋਈ ਖ਼ਾਸ ਹੁਨਰ ਸਿੱਖਣ ਦਾ ਟੀਚਾ ਰੱਖੋ। ਫਿਰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕੋ। ਮੰਨ ਲਓ, ਤੁਸੀਂ ਆਪਣੀ ਸਿਖਾਉਣ ਦੀ ਕਲਾ ਨਿਖਾਰਨਾ ਚਾਹੁੰਦੇ ਹੋ। ਇਸ ਤਰ੍ਹਾਂ ਕਰਨ ਲਈ ਤੁਸੀਂ ਲਗਨ ਨਾਲ ਪੜ੍ਹੋ ਅਤੇ ਸਿਖਾਓ ਬਰੋਸ਼ਰ ਦਾ ਧਿਆਨ ਨਾਲ ਅਧਿਐਨ ਕਰ ਸਕਦੇ ਹੋ। ਜਦੋਂ ਤੁਹਾਨੂੰ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵਿਚ ਕੋਈ ਭਾਗ ਦਿੱਤਾ ਜਾਂਦਾ ਹੈ, ਤਾਂ ਤੁਸੀਂ ਕਿਸੇ ਤਜਰਬੇਕਾਰ ਭਰਾ ਨੂੰ ਆਪਣਾ ਭਾਗ ਪਹਿਲਾਂ ਹੀ ਸੁਣਾ ਸਕਦੇ ਹੋ ਅਤੇ ਇਸ ਵਿਚ ਹੋਰ ਸੁਧਾਰ ਕਰਨ ਲਈ ਉਸ ਤੋਂ ਸੁਝਾਅ ਪੁੱਛ ਸਕਦੇ ਹੋ। ਜੇ ਤੁਸੀਂ ਆਪਣੇ ਭਾਗ ਚੰਗੀ ਤਰ੍ਹਾਂ ਪੇਸ਼ ਕਰਨ ਲਈ ਪਹਿਲਾਂ ਤੋਂ ਹੀ ਵਧੀਆ ਤਿਆਰੀ ਕਰੋਗੇ, ਤਾਂ ਇਸ ਤੋਂ ਦੂਜੇ ਸਾਫ਼ ਦੇਖ ਸਕਣਗੇ ਕਿ ਤੁਸੀਂ ਮਿਹਨਤੀ ਅਤੇ ਭਰੋਸੇਮੰਦ ਹੋ। (2 ਕੁਰਿੰ. 8:22) ਜੇ ਤੁਹਾਨੂੰ ਕੋਈ ਹੁਨਰ ਸਿੱਖਣਾ ਔਖਾ ਲੱਗਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਹਾਰ ਨਾ ਮੰਨੋ ਅਤੇ ਸਖ਼ਤ ਮਿਹਨਤ ਕਰਦੇ ਰਹੋ। ਕੀ ਤਿਮੋਥਿਉਸ ਇਕ ਬਹੁਤ ਵਧੀਆ ਭਾਸ਼ਣਕਾਰ ਜਾਂ ਸਿੱਖਿਅਕ ਸੀ? ਬਾਈਬਲ ਵਿਚ ਇਸ ਬਾਰੇ ਨਹੀਂ ਦੱਸਿਆ ਗਿਆ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਲੁਸ ਦੀ ਸਲਾਹ ਮੰਨ ਕੇ ਉਹ ਯਹੋਵਾਹ ਦੀ ਸੇਵਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਸਕਿਆ।​—2 ਤਿਮੋ. 3:10. w22.04 24-25 ਪੈਰੇ 8-11

ਸੋਮਵਾਰ 4 ਮਾਰਚ

ਮੈਂ ਸਮੁੰਦਰ ਵਿੱਚੋਂ ਇਕ ਵਹਿਸ਼ੀ ਦਰਿੰਦਾ ਨਿਕਲਦਾ ਦੇਖਿਆ। ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ।​—ਪ੍ਰਕਾ. 13:1.

ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਕੌਣ ਹੈ? ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਇਹ ਵਹਿਸ਼ੀ ਦਰਿੰਦਾ ਚੀਤੇ ਵਰਗਾ ਹੈ, ਉਸ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਹਨ, ਉਸ ਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਹੈ ਅਤੇ ਉਸ ਦੇ ਦਸ ਸਿੰਗ ਹਨ। ਇਹ ਸਾਰੀਆਂ ਗੱਲਾਂ ਦਾਨੀਏਲ ਦੇ ਅਧਿਆਇ 7 ਵਿਚ ਦੱਸੇ ਚਾਰ ਅਲੱਗ-ਅਲੱਗ ਦਰਿੰਦਿਆਂ ਵਿਚ ਵੀ ਹਨ। ਪਰ ਜ਼ਰਾ ਗੌਰ ਕਰੋ ਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਇਸ ਇੱਕੋ ਦਰਿੰਦੇ ਵਿਚ ਇਹ ਸਾਰੀਆਂ ਗੱਲਾਂ ਹਨ। ਇਸ ਕਰਕੇ ਇਹ ਵਹਿਸ਼ੀ ਦਰਿੰਦਾ ਕਿਸੇ ਇਕ ਸਰਕਾਰ ਜਾਂ ਵਿਸ਼ਵ ਸਾਮਰਾਜ ਨੂੰ ਨਹੀਂ ਦਰਸਾਉਂਦਾ। ਇਸ ਦਰਿੰਦੇ ਨੂੰ “ਹਰ ਕਬੀਲੇ, ਹਰ ਨਸਲ, ਹਰ ਭਾਸ਼ਾ ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ।” (ਪ੍ਰਕਾ. 13:7) ਇਹ ਵਹਿਸ਼ੀ ਦਰਿੰਦਾ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਅੱਜ ਤਕ ਇਨਸਾਨਾਂ ʼਤੇ ਰਾਜ ਕੀਤਾ ਹੈ। (ਉਪ. 8:9) ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਅਕਸਰ ਦਸ ਨੰਬਰ ਸੰਪੂਰਣਤਾ ਦੀ ਨਿਸ਼ਾਨੀ ਵਜੋਂ ਵਰਤਿਆ ਗਿਆ ਹੈ। w22.05 9 ਪੈਰਾ 6

ਮੰਗਲਵਾਰ 5 ਮਾਰਚ

ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।​—ਪ੍ਰਕਾ. 21:4.

ਇਨ੍ਹਾਂ ਸ਼ਾਨਦਾਰ ਪ੍ਰਬੰਧਾਂ ਦਾ ਫ਼ਾਇਦਾ ਕਿਨ੍ਹਾਂ ਲੋਕਾਂ ਨੂੰ ਮਿਲੇਗਾ? ਸਭ ਤੋਂ ਪਹਿਲਾਂ, ਆਰਮਾਗੇਡਨ ਵਿੱਚੋਂ ਬਚ ਨਿਕਲੀ ਵੱਡੀ ਭੀੜ ਨੂੰ ਅਤੇ ਨਵੀਂ ਦੁਨੀਆਂ ਵਿਚ ਪੈਦਾ ਹੋਣ ਵਾਲੇ ਬੱਚਿਆਂ ਨੂੰ। ਇਸ ਤੋਂ ਇਲਾਵਾ, ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 20 ਵਿਚ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਪ੍ਰਕਾ. 20:11-13) “ਧਰਮੀ” ਅਤੇ “ਕੁਧਰਮੀ” ਦੋਹਾਂ ਨੂੰ ਜੀਉਂਦਾ ਕੀਤਾ ਜਾਵੇਗਾ। “ਧਰਮੀ” ਉਹ ਲੋਕ ਹਨ ਜੋ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹੇ ਅਤੇ “ਕੁਧਰਮੀ” ਲੋਕ ਉਹ ਹਨ ਜਿਨ੍ਹਾਂ ਨੂੰ ਜੀਉਂਦੇ-ਜੀ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ। (ਰਸੂ. 24:15; ਯੂਹੰ. 5:28, 29) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ? ਨਹੀਂ। ਜਿਨ੍ਹਾਂ ਦੁਸ਼ਟ ਲੋਕਾਂ ਨੇ ਜੀਉਂਦੇ-ਜੀ ਯਹੋਵਾਹ ਦੀ ਸੇਵਾ ਕਰਨ ਦਾ ਮੌਕਾ ਠੁਕਰਾ ਦਿੱਤਾ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ ਮੌਕਾ ਮਿਲਿਆ ਸੀ, ਪਰ ਉਨ੍ਹਾਂ ਨੇ ਸਾਬਤ ਕੀਤਾ ਕਿ ਉਹ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜੀਉਣ ਦੇ ਲਾਇਕ ਨਹੀਂ ਹਨ।​—ਮੱਤੀ 25:46; 2 ਥੱਸ. 1:9; ਪ੍ਰਕਾ. 17:8; 20:15. w22.05 18 ਪੈਰੇ 16-17

ਬੁੱਧਵਾਰ 6 ਮਾਰਚ

ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।​—ਯੂਹੰ. 6:68.

ਯਿਸੂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਸੰਗਠਨ ਨੂੰ ਚਲਾ ਰਿਹਾ ਹੈ ਤਾਂਕਿ ਸ਼ੁੱਧ ਭਗਤੀ ਹੁੰਦੀ ਰਹੇ। (ਮੱਤੀ 24:45) ਇਸ ਸੰਗਠਨ ਦਾ ਹਿੱਸਾ ਬਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਸ਼ਾਇਦ ਤੁਸੀਂ ਵੀ ਪਤਰਸ ਰਸੂਲ ਵਾਂਗ ਮਹਿਸੂਸ ਕਰੋ ਜਿਸ ਨੇ ਯਿਸੂ ਨੂੰ ਅੱਜ ਦੇ ਹਵਾਲੇ ਦੇ ਸ਼ਬਦ ਕਹੇ ਸਨ। ਸੱਚ-ਮੁੱਚ! ਜੇ ਅਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਨਾ ਹੁੰਦੇ, ਤਾਂ ਸਾਡਾ ਕੀ ਹੋਣਾ ਸੀ! ਇਸ ਸੰਗਠਨ ਰਾਹੀਂ ਯਿਸੂ ਪੂਰਾ ਧਿਆਨ ਰੱਖਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਭਰਪੂਰ ਭੋਜਨ ਮਿਲਦਾ ਰਹੇ। ਨਾਲੇ ਉਹ ਸਾਨੂੰ ਅੱਜ ਵਧੀਆ ਢੰਗ ਨਾਲ ਪ੍ਰਚਾਰ ਕਰਨ ਦੀ ਸਿਖਲਾਈ ਦਿੰਦਾ ਹੈ। ਇਸ ਦੇ ਨਾਲ-ਨਾਲ ਉਹ “ਨਵੇਂ ਸੁਭਾਅ” ਨੂੰ ਪਹਿਨਣ ਵਿਚ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਰਹਿ ਸਕੀਏ। (ਅਫ਼. 4:24) ਯਿਸੂ ਔਖੀਆਂ ਘੜੀਆਂ ਵਿਚ ਵੀ ਸਾਨੂੰ ਜ਼ਰੂਰੀ ਹਿਦਾਇਤਾਂ ਦਿੰਦਾ ਹੈ। ਇਸ ਦਾ ਇਕ ਸਬੂਤ ਹੈ, ਕੋਵਿਡ-19 ਮਹਾਂਮਾਰੀ। ਜਦੋਂ ਇਹ ਮਹਾਂਮਾਰੀ ਫੈਲਣੀ ਸ਼ੁਰੂ ਹੋਈ, ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰਨ ਜਾਂ ਕੀ ਨਹੀਂ। ਪਰ ਯਿਸੂ ਨੇ ਸੰਗਠਨ ਰਾਹੀਂ ਸਾਨੂੰ ਸਾਰੀਆਂ ਜ਼ਰੂਰੀ ਹਿਦਾਇਤਾਂ ਦਿੱਤੀਆਂ ਤਾਂਕਿ ਅਸੀਂ ਇਸ ਬੀਮਾਰੀ ਤੋਂ ਬਚੇ ਰਹੀਏ। w22.07 12 ਪੈਰੇ 13-14

ਵੀਰਵਾਰ 7 ਮਾਰਚ

ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।​—ਫ਼ਿਲਿ. 1:10.

ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਬਾਕਾਇਦਾ ਆਪਣੇ ਬੱਚਿਆਂ ਨੂੰ ਉਸ ਬਾਰੇ ਸਿਖਾਉਣ। (ਬਿਵ. 6:6, 7) ਇਜ਼ਰਾਈਲੀ ਮਾਪਿਆਂ ਕੋਲ ਦਿਨ ਭਰ ਆਪਣੇ ਬੱਚਿਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਦੇ ਬਹੁਤ ਸਾਰੇ ਮੌਕੇ ਹੁੰਦੇ ਸਨ। ਉਦਾਹਰਣ ਲਈ, ਇਕ ਇਜ਼ਰਾਈਲੀ ਨੌਜਵਾਨ ਮੁੰਡਾ ਸ਼ਾਇਦ ਕਈ-ਕਈ ਘੰਟੇ ਆਪਣੇ ਪਿਤਾ ਨਾਲ ਮਿਲ ਕੇ ਖੇਤਾਂ ਵਿਚ ਫ਼ਸਲ ਬੀਜਦਾ ਜਾਂ ਵਾਢੀ ਕਰਦਾ ਸੀ। ਸ਼ਾਇਦ ਉਸ ਦੀ ਭੈਣ ਘਰ ਵਿਚ ਆਪਣੀ ਮੰਮੀ ਨਾਲ ਮਿਲ ਕੇ ਸਿਲਾਈ-ਕਢਾਈ ਅਤੇ ਘਰਦੇ ਹੋਰ ਕੰਮ ਕਰਦੀ ਸੀ। ਇਕੱਠਿਆਂ ਕੰਮ ਕਰਨ ਕਰਕੇ ਮਾਪੇ ਆਪਣੇ ਬੱਚਿਆਂ ਨਾਲ ਅਹਿਮ ਵਿਸ਼ਿਆਂ ʼਤੇ ਗੱਲਬਾਤ ਕਰ ਸਕਦੇ ਸਨ, ਜਿਵੇਂ ਕਿ ਉਹ ਆਪਣੇ ਬੱਚਿਆਂ ਨੂੰ ਦੱਸ ਸਕਦੇ ਸਨ ਕਿ ਯਹੋਵਾਹ ਕਿੰਨਾ ਭਲਾ ਹੈ ਅਤੇ ਉਹ ਕਿਵੇਂ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰ ਰਿਹਾ ਸੀ। ਬਹੁਤ ਸਾਰੇ ਦੇਸ਼ਾਂ ਵਿਚ ਮਾਪੇ ਅਤੇ ਬੱਚੇ ਪੂਰਾ-ਪੂਰਾ ਦਿਨ ਇਕ-ਦੂਜੇ ਨਾਲ ਸਮਾਂ ਹੀ ਨਹੀਂ ਬਿਤਾ ਪਾਉਂਦੇ। ਸ਼ਾਇਦ ਮਾਪੇ ਕੰਮ ʼਤੇ ਹੁੰਦੇ ਹਨ ਅਤੇ ਬੱਚੇ ਸਕੂਲਾਂ ਵਿਚ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦੇ ਮੌਕੇ ਲੱਭਣੇ ਚਾਹੀਦੇ ਹਨ।​—ਅਫ਼. 5:15, 16. w22.05 28 ਪੈਰੇ 10-11

ਸ਼ੁੱਕਰਵਾਰ 8 ਮਾਰਚ

ਕੀ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ?​—1 ਕੁਰਿੰ. 6:9.

ਗੰਭੀਰ ਪਾਪ ਕਰ ਕੇ ਇਕ ਵਿਅਕਤੀ ਪਰਮੇਸ਼ੁਰ ਦੇ ਕਾਨੂੰਨ ਦੀ ਘੋਰ ਉਲੰਘਣਾ ਕਰਦਾ ਹੈ। ਜੇ ਕੋਈ ਮਸੀਹੀ ਅਜਿਹਾ ਪਾਪ ਕਰਦਾ ਹੈ, ਤਾਂ ਉਸ ਨੂੰ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਨੇ ਚਾਹੀਦੇ ਹਨ ਅਤੇ ਇਸ ਬਾਰੇ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਵੀ ਦੱਸਣਾ ਚਾਹੀਦਾ ਹੈ। (ਜ਼ਬੂ. 32:5; ਯਾਕੂ. 5:14) ਸਿਰਫ਼ ਯਹੋਵਾਹ ਕੋਲ ਹੀ ਕਿਸੇ ਦੇ ਪਾਪ ਮਾਫ਼ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਉਹ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਇਸ ਤਰ੍ਹਾਂ ਕਰਦਾ ਹੈ। ਪਰ ਯਹੋਵਾਹ ਨੇ ਮੰਡਲੀ ਦੇ ਬਜ਼ੁਰਗਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਬਾਈਬਲ ਦੇ ਅਸੂਲਾਂ ਦੇ ਆਧਾਰ ʼਤੇ ਇਹ ਫ਼ੈਸਲਾ ਕਰਨ ਕਿ ਗੰਭੀਰ ਪਾਪ ਕਰਨ ਵਾਲਾ ਵਿਅਕਤੀ ਮੰਡਲੀ ਵਿਚ ਰਹਿ ਸਕਦਾ ਹੈ ਜਾਂ ਨਹੀਂ। (1 ਕੁਰਿੰ. 5:12) ਇਹ ਫ਼ੈਸਲਾ ਕਰਦੇ ਹੋਏ ਬਜ਼ੁਰਗ ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖਦੇ ਹਨ: ਕੀ ਉਸ ਮਸੀਹੀ ਨੇ ਜਾਣ-ਬੁੱਝ ਕੇ ਪਾਪ ਕੀਤਾ? ਕੀ ਉਸ ਨੇ ਸਕੀਮ ਘੜ ਕੇ ਪਾਪ ਕੀਤਾ? ਕੀ ਉਹ ਲੰਬੇ ਸਮੇਂ ਤੋਂ ਇਹ ਪਾਪ ਕਰ ਰਿਹਾ ਸੀ? ਸਭ ਤੋਂ ਜ਼ਰੂਰੀ ਗੱਲ, ਕੀ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਦਿਲੋਂ ਤੋਬਾ ਕੀਤੀ ਹੈ? ਨਾਲੇ ਕੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ?​—ਰਸੂ. 3:19. w22.06 9 ਪੈਰਾ 4

ਸ਼ਨੀਵਾਰ 9 ਮਾਰਚ

‘ਸੱਚਾਈ ਨਾਲ ਪਿਆਰ ਕਰੋ।’​—ਜ਼ਕ. 8:19.

ਯਿਸੂ ਨੇ ਆਪਣੇ ਚੇਲਿਆਂ ਨੂੰ ਧਾਰਮਿਕਤਾ ਦੇ ਰਾਹ ʼਤੇ ਚੱਲਣ ਲਈ ਕਿਹਾ। (ਮੱਤੀ 5:6) ਇਸ ਦਾ ਮਤਲਬ ਹੈ ਕਿ ਸਾਡੇ ਵਿਚ ਇਹ ਜ਼ਬਰਦਸਤ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਉਹੀ ਕੰਮ ਕਰੀਏ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਅਤੇ ਸ਼ੁੱਧ ਹੋਣ। ਕੀ ਤੁਸੀਂ ਸੱਚਾਈ ਅਤੇ ਧਾਰਮਿਕਤਾ ਨੂੰ ਪਿਆਰ ਕਰਦੇ ਹੋ? ਸਾਨੂੰ ਯਕੀਨ ਹੈ ਕਿ ਤੁਸੀਂ ਇੱਦਾਂ ਕਰਦੇ ਹੋ। ਨਾਲੇ ਤੁਸੀਂ ਝੂਠ ਤੇ ਹਰ ਤਰ੍ਹਾਂ ਦੀ ਬੁਰਾਈ ਨਾਲ ਨਫ਼ਰਤ ਕਰਦੇ ਹੋ। (ਜ਼ਬੂ. 119:128, 163) ਜੋ ਲੋਕ ਝੂਠ ਬੋਲਦੇ ਹਨ, ਉਹ ਇਸ ਦੁਨੀਆਂ ਦੇ ਹਾਕਮ ਸ਼ੈਤਾਨ ਦੀ ਰੀਸ ਕਰ ਰਹੇ ਹੁੰਦੇ ਹਨ। (ਯੂਹੰ. 8:44; 12:31) ਸ਼ੈਤਾਨ ਦਾ ਮਕਸਦ ਹੈ ਕਿ ਉਹ ਹਰ ਹਾਲਾਤ ਵਿਚ ਯਹੋਵਾਹ ਦੇ ਪਵਿੱਤਰ ਨਾਂ ਨੂੰ ਬਦਨਾਮ ਕਰੇ। ਜਦੋਂ ਤੋਂ ਅਦਨ ਦੇ ਬਾਗ਼ ਵਿਚ ਬਗਾਵਤ ਹੋਈ ਹੈ, ਉਦੋਂ ਤੋਂ ਹੀ ਉਹ ਸਾਡੇ ਪਰਮੇਸ਼ੁਰ ਬਾਰੇ ਝੂਠ ਫੈਲਾਉਂਦਾ ਆ ਰਿਹਾ ਹੈ। ਉਸ ਵੇਲੇ ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕ ਇਹ ਸੋਚਣ ਕਿ ਯਹੋਵਾਹ ਸੁਆਰਥੀ ਅਤੇ ਝੂਠਾ ਹਾਕਮ ਹੈ ਜੋ ਇਨਸਾਨਾਂ ਤੋਂ ਚੰਗੀਆਂ ਚੀਜ਼ਾਂ ਲੁਕਾ ਕੇ ਰੱਖਦਾ ਹੈ। (ਉਤ. 3:1, 4, 5) ਸ਼ੈਤਾਨ ਅੱਜ ਵੀ ਯਹੋਵਾਹ ਬਾਰੇ ਝੂਠ ਫੈਲਾ ਕੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰ ਰਿਹਾ ਹੈ। ਇਸ ਕਰਕੇ ਜਦੋਂ ਲੋਕ ‘ਸੱਚਾਈ ਨਾਲ ਪਿਆਰ’ ਨਹੀਂ ਕਰਦੇ, ਤਾਂ ਸ਼ੈਤਾਨ ਸੌਖਿਆਂ ਹੀ ਉਨ੍ਹਾਂ ਨੂੰ ਗ਼ਲਤ ਰਾਹ ʼਤੇ ਪਾ ਦਿੰਦਾ ਹੈ ਅਤੇ ਉਹ ਹਰ ਤਰ੍ਹਾਂ ਦੇ ਬੁਰੇ ਕੰਮ ਕਰਨ ਲੱਗ ਪੈਂਦੇ ਹਨ।​—ਰੋਮੀ. 1:25-31. w23.03 2 ਪੈਰਾ 3

ਐਤਵਾਰ 10 ਮਾਰਚ

[ਯਹੋਵਾਹ] ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।​—ਜ਼ਬੂ. 100:5.

ਹੋ ਸਕਦਾ ਹੈ ਕਿ ਤੁਸੀਂ ਕੋਈ ਬੁਰੀ ਆਦਤ ਛੱਡਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਦੁਬਾਰਾ ਉਹੀ ਗ਼ਲਤੀ ਕਰ ਬੈਠਦੇ ਹੋ। ਜਾਂ ਸ਼ਾਇਦ ਤੁਸੀਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਜਾਓ ਅਤੇ ਤੁਹਾਨੂੰ ਖਿਝ ਚੜ੍ਹੇ ਕਿ ਪਤਾ ਨਹੀਂ ਤੁਸੀਂ ਬਪਤਿਸਮਾ ਲੈਣ ਦਾ ਟੀਚਾ ਕਦੋਂ ਹਾਸਲ ਕਰੋਗੇ। ਤਾਂ ਫਿਰ ਕਿਹੜਾ ਗੁਣ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਹਾਰ ਨਾ ਮੰਨੋ? ਯਹੋਵਾਹ ਲਈ ਪਿਆਰ। ਤੁਹਾਡੇ ਵਿਚ ਬਹੁਤ ਸਾਰੇ ਗੁਣ ਹਨ, ਪਰ ਯਹੋਵਾਹ ਲਈ ਤੁਹਾਡਾ ਪਿਆਰ, ਤੁਹਾਡਾ ਸਭ ਤੋਂ ਵਧੀਆ ਗੁਣ ਹੈ। (ਕਹਾ. 3:3-6) ਪਰਮੇਸ਼ੁਰ ਲਈ ਗੂੜ੍ਹਾ ਪਿਆਰ ਹੋਣ ਕਰਕੇ ਤੁਸੀਂ ਹਰ ਮੁਸ਼ਕਲ ਸਹਿ ਸਕਦੇ ਹੋ। ਬਾਈਬਲ ਵਿਚ ਕਈ ਵਾਰ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਨਾਲ ਅਟੱਲ ਪਿਆਰ ਕਰਦਾ ਹੈ। ਅਟੱਲ ਪਿਆਰ ਦਾ ਮਤਲਬ ਹੈ ਕਿ ਉਹ ਆਪਣੇ ਸੇਵਕਾਂ ਨੂੰ ਤਿਆਗਦਾ ਨਹੀਂ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਪਿਆਰ ਕਰਨਾ ਛੱਡਦਾ ਹੈ। ਤੁਹਾਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਹੈ। (ਉਤ. 1:26) ਤਾਂ ਫਿਰ ਤੁਸੀਂ ਉਸ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹੋ? ਸਭ ਤੋਂ ਪਹਿਲਾਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਵੋ। (1 ਥੱਸ. 5:18) ਹਰ ਰੋਜ਼ ਆਪਣੇ ਆਪ ਤੋਂ ਪੁੱਛੋ, ‘ਅੱਜ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਮੇਰੇ ਨਾਲ ਪਿਆਰ ਕਰਦਾ ਹੈ?’ ਫਿਰ ਪ੍ਰਾਰਥਨਾ ਵਿਚ ਯਹੋਵਾਹ ਦਾ ਖ਼ਾਸ ਕਰਕੇ ਉਨ੍ਹਾਂ ਗੱਲਾਂ ਲਈ ਧੰਨਵਾਦ ਕਰੋ ਜੋ ਉਸ ਨੇ ਤੁਹਾਡੇ ਲਈ ਕੀਤੀਆਂ ਹਨ। ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਖ਼ਾਸ ਕਰਕੇ ਤੁਹਾਡੇ ਲਈ ਕੀ ਕੁਝ ਕੀਤਾ ਹੈ। w23.03 12 ਪੈਰੇ 17-19

ਸੋਮਵਾਰ 11 ਮਾਰਚ

[ਯਿਸੂ] ਆਪ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਸੀ।​—ਯੂਹੰ. 2:25.

ਯਿਸੂ ਨੇ ਆਪਣੇ 12 ਰਸੂਲਾਂ ਲਈ ਪਿਆਰ ਅਤੇ ਪਰਵਾਹ ਦਿਖਾਈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਿਰਫ਼ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਦੂਜੇ ਕੀ ਕਰਦੇ, ਸਗੋਂ ਇਹ ਗੱਲ ਵੀ ਮਾਅਨੇ ਰੱਖਦੀ ਹੈ ਕਿ ਦੂਜਿਆਂ ਦੀਆਂ ਗ਼ਲਤੀਆਂ ਅਤੇ ਕਮੀਆਂ-ਕਮਜ਼ੋਰੀਆਂ ਕਰਕੇ ਅਸੀਂ ਕਿਵੇਂ ਪੇਸ਼ ਆਉਂਦੇ ਹਾਂ। ਜਦੋਂ ਅਸੀਂ ਕਿਸੇ ਭੈਣ ਜਾਂ ਭਰਾ ਨਾਲ ਨਾਰਾਜ਼ ਹੁੰਦੇ ਹਾਂ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਨੂੰ ਉਸ ਦੀ ਗੱਲ ਦਾ ਇੰਨਾ ਬੁਰਾ ਕਿਉਂ ਲੱਗ ਰਿਹਾ ਹੈ? ਕਿਤੇ ਇੱਦਾਂ ਤਾਂ ਨਹੀਂ ਮੇਰੇ ਵਿਚ ਹੀ ਕੋਈ ਕਮੀ ਹੈ ਅਤੇ ਮੈਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ? ਕਿਤੇ ਉਹ ਭੈਣ-ਭਰਾ ਕਿਸੇ ਮੁਸ਼ਕਲ ਵਿੱਚੋਂ ਤਾਂ ਨਹੀਂ ਲੰਘ ਰਿਹਾ? ਚਾਹੇ ਕਿ ਮੈਨੂੰ ਲੱਗਦਾ ਕਿ ਮੇਰੇ ਕੋਲ ਗੁੱਸੇ ਹੋਣ ਦਾ ਜਾਇਜ਼ ਕਾਰਨ ਹੈ, ਫਿਰ ਵੀ ਕੀ ਪਿਆਰ ਦੀ ਖ਼ਾਤਰ ਮੈਂ ਉਸ ਨੂੰ ਮਾਫ਼ ਕਰ ਸਕਦਾ ਹਾਂ?’ ਅਸੀਂ ਜਿੰਨਾ ਜ਼ਿਆਦਾ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਵਾਂਗੇ, ਉੱਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਯਿਸੂ ਦੇ ਸੱਚੇ ਚੇਲੇ ਸਾਬਤ ਕਰਾਂਗੇ। ਯਿਸੂ ਦੀ ਮਿਸਾਲ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਕਹਾ. 20:5) ਮੰਨਿਆ ਕਿ ਅਸੀਂ ਯਿਸੂ ਵਾਂਗ ਲੋਕਾਂ ਦਾ ਦਿਲ ਤਾਂ ਨਹੀਂ ਪੜ੍ਹ ਸਕਦੇ, ਪਰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਖਿਝਣ ਦੀ ਬਜਾਇ ਸਾਨੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। (ਅਫ਼. 4:1, 2; 1 ਪਤ. 3:8) ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਜਾਣਾਂਗੇ, ਤਾਂ ਸਾਡੇ ਲਈ ਇੱਦਾਂ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। w23.03 30 ਪੈਰੇ 14-16

ਮੰਗਲਵਾਰ 12 ਮਾਰਚ

ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।​—ਲੂਕਾ 20:38.

ਕਈ ਵਾਰ ਜਦੋਂ ਅਸੀਂ ਅਚਾਨਕ ਬਹੁਤ ਜ਼ਿਆਦਾ ਬੀਮਾਰ ਹੋ ਜਾਂਦੇ ਹਾਂ, ਤਾਂ ਸ਼ੈਤਾਨ ਉਸ ਮੌਕੇ ਦਾ ਵੀ ਫ਼ਾਇਦਾ ਉਠਾਉਂਦਾ ਹੈ। ਉਹ ਡਾਕਟਰਾਂ ਅਤੇ ਅਵਿਸ਼ਵਾਸੀ ਰਿਸ਼ਤੇਦਾਰਾਂ ਰਾਹੀਂ ਸਾਡੇ ʼਤੇ ਖ਼ੂਨ ਲੈਣ ਦਾ ਦਬਾਅ ਪਾਉਂਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਤੋੜ ਦੇਈਏ। ਜਾਂ ਕਈ ਜਣੇ ਸਾਡੇ ʼਤੇ ਅਜਿਹੇ ਤਰੀਕੇ ਨਾਲ ਇਲਾਜ ਕਰਾਉਣ ਦਾ ਜੋਰ ਪਾਉਣ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੋਵੇ। ਚਾਹੇ ਅਸੀਂ ਮਰਨਾ ਨਹੀਂ ਚਾਹੁੰਦੇ, ਪਰ ਸਾਨੂੰ ਪਤਾ ਹੈ ਕਿ ਜੇ ਅਸੀਂ ਮਰ ਵੀ ਗਏ, ਤਾਂ ਵੀ ਯਹੋਵਾਹ ਸਾਨੂੰ ਪਿਆਰ ਕਰਨਾ ਨਹੀਂ ਛੱਡੇਗਾ। (ਰੋਮੀ. 8:37-39) ਜੇ ਯਹੋਵਾਹ ਦਾ ਕੋਈ ਦੋਸਤ ਮਰ ਜਾਂਦਾ ਹੈ, ਤਾਂ ਵੀ ਉਹ ਉਸ ਨੂੰ ਭੁੱਲਦਾ ਨਹੀਂ। ਉਹ ਉਸ ਦੀ ਯਾਦ ਵਿਚ ਹਮੇਸ਼ਾ ਮਹਿਫੂਜ਼ ਰਹਿੰਦਾ ਹੈ। (ਲੂਕਾ 20:37) ਉਹ ਉਸ ਨੂੰ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:15) ਯਹੋਵਾਹ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ ਤਾਂਕਿ ਅਸੀਂ “ਹਮੇਸ਼ਾ ਦੀ ਜ਼ਿੰਦਗੀ ਪਾ” ਸਕੀਏ। (ਯੂਹੰ. 3:16) ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਇਸ ਲਈ ਜਦੋਂ ਅਸੀਂ ਬੀਮਾਰ ਪੈਂਦੇ ਹਾਂ ਜਾਂ ਸਾਨੂੰ ਮੌਤ ਦਾ ਡਰ ਹੁੰਦਾ ਹੈ, ਤਾਂ ਯਹੋਵਾਹ ਨੂੰ ਛੱਡਣ ਦੀ ਬਜਾਇ ਸਾਨੂੰ ਦਿਲਾਸੇ, ਬੁੱਧ ਅਤੇ ਤਾਕਤ ਲਈ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ।​—ਜ਼ਬੂ. 41:3. w22.06 18 ਪੈਰੇ 16-17

ਬੁੱਧਵਾਰ 13 ਮਾਰਚ

ਬੁੱਧ ਗਲੀਆਂ ਵਿਚ ਪੁਕਾਰਦੀ ਹੈ।​—ਕਹਾ. 1:20.

ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ ਅਤੇ ਅੱਤ ਪਵਿੱਤਰ ਪਰਮੇਸ਼ੁਰ ਦਾ ਗਿਆਨ ਹੀ ਸਮਝ ਹੈ।” (ਕਹਾ. 9:10) ਇਸ ਲਈ ਅਸੀਂ ਜਦੋਂ ਵੀ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਉਸ ਬਾਰੇ ਯਹੋਵਾਹ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯਾਨੀ ‘ਅੱਤ ਪਵਿੱਤਰ ਪਰਮੇਸ਼ੁਰ ਦੇ ਗਿਆਨ’ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰ ਕੇ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੱਚੀ ਬੁੱਧ ਤੋਂ ਕੰਮ ਲੈ ਰਹੇ ਹਾਂ। (ਕਹਾ. 2:5-7) ਸਿਰਫ਼ ਯਹੋਵਾਹ ਹੀ ਸਾਨੂੰ ਸੱਚੀ ਬੁੱਧ ਦੇ ਸਕਦਾ ਹੈ। (ਰੋਮੀ. 16:27) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਸ ਦੇ ਤਿੰਨ ਕਾਰਨਾਂ ʼਤੇ ਧਿਆਨ ਦਿਓ: ਪਹਿਲਾ, ਉਹ ਸ੍ਰਿਸ਼ਟੀਕਰਤਾ ਹੈ, ਇਸ ਲਈ ਉਹ ਆਪਣੀ ਸ੍ਰਿਸ਼ਟੀ ਬਾਰੇ ਹਰ ਗੱਲ ਜਾਣਦਾ ਹੈ। (ਜ਼ਬੂ. 104:24) ਦੂਜਾ, ਯਹੋਵਾਹ ਦੇ ਕੰਮਾਂ ਤੋਂ ਉਸ ਦੀ ਬੁੱਧ ਝਲਕਦੀ ਹੈ। (ਰੋਮੀ. 11:33) ਤੀਜਾ, ਯਹੋਵਾਹ ਦੀਆਂ ਬੁੱਧ ਦੀਆਂ ਗੱਲਾਂ ʼਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। (ਕਹਾ. 2:10-12) ਜੇ ਅਸੀਂ ਸੱਚੀ ਬੁੱਧ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਤਿੰਨ ਸੱਚਾਈਆਂ ਨੂੰ ਸਵੀਕਾਰ ਕਰੀਏ ਅਤੇ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਜਾਂ ਕੰਮ ਕਰੀਏ। w22.10 19 ਪੈਰੇ 3-4

ਵੀਰਵਾਰ 14 ਮਾਰਚ

ਸਵਰਗ ਵਿਚ ਯੁੱਧ ਹੋਇਆ: ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ, ਪਰ ਉਹ ਹਾਰ ਗਏ ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ।​—ਪ੍ਰਕਾ. 12:7, 8.

ਪ੍ਰਕਾਸ਼ ਦੀ ਕਿਤਾਬ ਅਧਿਆਇ 12 ਵਿਚ ਦੱਸੇ ਯੁੱਧ ਵਿਚ ਸ਼ੈਤਾਨ ਹਾਰ ਗਿਆ ਅਤੇ ਉਸ ਨੂੰ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਧਰਤੀ ʼਤੇ ਸੁੱਟ ਦਿੱਤਾ ਗਿਆ। ਇਸ ਲਈ ਸ਼ੈਤਾਨ ਗੁੱਸੇ ਵਿਚ ਪਾਗਲ ਹੋ ਗਿਆ ਤੇ ਉਸ ਨੇ ਆਪਣਾ ਗੁੱਸਾ ਇਨਸਾਨਾਂ ʼਤੇ ਕੱਢਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਬਾਈਬਲ ਵਿਚ ਲਿਖਿਆ ਗਿਆ ਹੈ: ‘ਧਰਤੀ ਉੱਤੇ ਹਾਇ! ਹਾਇ!’ (ਪ੍ਰਕਾ. 12:9-12) ਇਨ੍ਹਾਂ ਭਵਿੱਖਬਾਣੀਆਂ ਦੀ ਸਮਝ ਹਾਸਲ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਲੋਕਾਂ ਦੇ ਬਦਲਦੇ ਰਵੱਈਏ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਯਿਸੂ ਸਵਰਗ ਵਿਚ ਰਾਜਾ ਬਣ ਚੁੱਕਾ ਹੈ। ਇਸ ਲਈ ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਸੁਆਰਥੀ ਅਤੇ ਜ਼ਾਲਮ ਹਨ, ਤਾਂ ਅਸੀਂ ਜ਼ਿਆਦਾ ਪਰੇਸ਼ਾਨ ਨਹੀਂ ਹੁੰਦੇ, ਸਗੋਂ ਅਸੀਂ ਯਾਦ ਰੱਖਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸ਼ੁਰੂ ਹੋ ਚੁੱਕਾ ਹੈ! (ਜ਼ਬੂ. 37:1) ਨਾਲੇ ਸਾਨੂੰ ਇਹ ਵੀ ਪਤਾ ਹੈ ਕਿ ਆਰਮਾਗੇਡਨ ਆਉਣ ਤਕ ਦੁਨੀਆਂ ਦੇ ਹਾਲਾਤ ਬੁਰੇ ਤੋਂ ਬੁਰੇ ਹੁੰਦੇ ਜਾਣਗੇ। (ਮਰ. 13:8; 2 ਤਿਮੋ. 3:13) ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਅੱਜ ਹਾਲਾਤ ਇੰਨੇ ਖ਼ਰਾਬ ਕਿਉਂ ਹਨ। w22.07 3-4 ਪੈਰੇ 7-8

ਸ਼ੁੱਕਰਵਾਰ 15 ਮਾਰਚ

ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।​—ਯਾਕੂ. 5:16.

ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਬੀਮਾਰੀਆਂ, ਕੁਦਰਤੀ ਆਫ਼ਤਾਂ, ਦੰਗੇ-ਫ਼ਸਾਦਾਂ, ਜ਼ੁਲਮਾਂ ਅਤੇ ਹੋਰ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੇ ਭੈਣਾਂ-ਭਰਾਵਾਂ ਦੀ ਮਦਦ ਕਰੇ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਜੋ ਔਖੀਆਂ ਘੜੀਆਂ ਦੌਰਾਨ ਦੂਜਿਆਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਸ਼ਾਇਦ ਤੁਸੀਂ ਕੁਝ ਭੈਣਾਂ-ਭਰਾਵਾਂ ਨੂੰ ਜਾਣਦੇ ਹੋਵੋ ਜੋ ਅਜਿਹੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ। ਕਿਉਂ ਨਾ ਤੁਸੀਂ ਉਨ੍ਹਾਂ ਦਾ ਨਾਂ ਲੈ ਕੇ ਪ੍ਰਾਰਥਨਾ ਕਰੋ। ਜਦੋਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਇਨ੍ਹਾਂ ਭੈਣਾਂ-ਭਰਾਵਾਂ ਦੀ ਮੁਸ਼ਕਲਾਂ ਸਹਿਣ ਵਿਚ ਮਦਦ ਕਰੇ, ਤਾਂ ਅਸੀਂ ਉਨ੍ਹਾਂ ਲਈ ਆਪਣੇ ਸੱਚੇ ਪਿਆਰ ਦਾ ਸਬੂਤ ਦਿੰਦੇ ਹਾਂ। ਸਾਨੂੰ ਅਗਵਾਈ ਕਰਨ ਵਾਲੇ ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਜ਼ਿੰਮੇਵਾਰੀਆਂ ਸੰਭਾਲਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਨਾਲੇ ਉਹ ਭਰਾ ਇਸ ਗੱਲ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ। ਪੌਲੁਸ ਰਸੂਲ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਨੂੰ ਵੀ ਦੂਜਿਆਂ ਦੀਆਂ ਪ੍ਰਾਰਥਨਾਵਾਂ ਦੀ ਲੋੜ ਸੀ। ਇਸ ਲਈ ਉਸ ਨੇ ਲਿਖਿਆ: “ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦ ਮੈਂ ਗੱਲ ਕਰਾਂ, ਤਾਂ ਮੇਰੀ ਜ਼ਬਾਨ ʼਤੇ ਸਹੀ ਸ਼ਬਦ ਆਉਣ ਅਤੇ ਮੈਂ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪਵਿੱਤਰ ਭੇਤ ਸੁਣਾ ਸਕਾਂ।” (ਅਫ਼. 6:19) ਅੱਜ ਸਾਡੀਆਂ ਮੰਡਲੀਆਂ ਵਿਚ ਵੀ ਪੌਲੁਸ ਵਾਂਗ ਅਗਵਾਈ ਕਰਨ ਵਾਲੇ ਬਹੁਤ ਸਾਰੇ ਭਰਾ ਹਨ ਜੋ ਸਾਡੇ ਲਈ ਸਖ਼ਤ ਮਿਹਨਤ ਕਰਦੇ ਹਨ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਉਨ੍ਹਾਂ ਦੇ ਕੰਮਾਂ ʼਤੇ ਬਰਕਤ ਪਾਵੇ, ਤਾਂ ਅਸੀਂ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। w22.07 23-24 ਪੈਰੇ 14-16

ਸ਼ਨੀਵਾਰ 16 ਮਾਰਚ

‘ਮੁਕਤੀ ਦੀ ਉਮੀਦ ਦਾ ਟੋਪ ਪਾਓ।’​—1 ਥੱਸ. 5:8.

ਯੁੱਧ ਦੇ ਮੈਦਾਨ ਵਿਚ ਫ਼ੌਜੀ ਟੋਪ ਪਾਉਂਦੇ ਹਨ ਤਾਂਕਿ ਉਨ੍ਹਾਂ ਦੇ ਸਿਰ ਦੀ ਰਾਖੀ ਹੋਵੇ। ਬਿਲਕੁਲ ਉਸੇ ਤਰ੍ਹਾਂ ਸਾਡਾ ਦੁਸ਼ਮਣ ਸ਼ੈਤਾਨ ਸਾਡੀ ਸੋਚ ਨੂੰ ਭ੍ਰਿਸ਼ਟ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤਦਾ ਹੈ। ਉਮੀਦ ਦਾ ਟੋਪ ਪਾਈ ਰੱਖਣ ਕਰਕੇ ਸਾਡੀਆਂ ਸੋਚਾਂ ਦੀ ਰਾਖੀ ਹੁੰਦੀ ਹੈ। ਜਿਵੇਂ ਟੋਪ ਫ਼ੌਜੀ ਦੇ ਸਿਰ ਦੀ ਰਾਖੀ ਕਰਦਾ ਹੈ, ਉਸੇ ਤਰ੍ਹਾਂ ਉਮੀਦ ਸਾਡੀ ਸੋਚ ਦੀ ਰਾਖੀ ਕਰਦੀ ਹੈ ਤਾਂਕਿ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਸਕੀਏ। ਜੇ ਸਾਡੀ ਉਮੀਦ ਧੁੰਦਲੀ ਪੈ ਜਾਵੇ ਤੇ ਅਸੀਂ ਸਿਰਫ਼ ਆਪਣੀਆਂ ਸਰੀਰਕ ਇੱਛਾਵਾਂ ਬਾਰੇ ਸੋਚਣ ਲੱਗ ਪਈਏ, ਤਾਂ ਅਸੀਂ ਯਹੋਵਾਹ ਵੱਲੋਂ ਕੀਤੇ ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਨੂੰ ਭੁੱਲ ਸਕਦੇ ਹਾਂ। ਕੁਰਿੰਥੁਸ ਵਿਚ ਰਹਿਣ ਵਾਲੇ ਪਹਿਲੀ ਸਦੀ ਦੇ ਕੁਝ ਮਸੀਹੀਆਂ ʼਤੇ ਗੌਰ ਕਰੋ। ਉਨ੍ਹਾਂ ਨੇ ਪਰਮੇਸ਼ੁਰ ਦੇ ਇਕ ਅਹਿਮ ਵਾਅਦੇ ਯਾਨੀ ਮਰੇ ਹੋਇਆ ਦੇ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਨਿਹਚਾ ਕਰਨੀ ਛੱਡ ਦਿੱਤੀ ਸੀ। (1 ਕੁਰਿੰ. 15:12) ਪੌਲੁਸ ਨੇ ਲਿਖਿਆ ਕਿ ਜਿਹੜੇ ਲੋਕ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਨਿਹਚਾ ਨਹੀਂ ਕਰਦੇ, ਉਹ ਸਿਰਫ਼ ਆਪਣੇ ਆਪ ਨੂੰ ਖ਼ੁਸ਼ ਕਰਨ ਲਈ ਜੀਉਂਦੇ ਹਨ। (1 ਕੁਰਿੰ. 15:32) ਅੱਜ ਵੀ ਜਿਹੜੇ ਲੋਕ ਯਹੋਵਾਹ ਦੇ ਵਾਅਦਿਆਂ ʼਤੇ ਉਮੀਦ ਨਹੀਂ ਰੱਖਦੇ, ਉਹ ਸਿਰਫ਼ ਆਪਣੇ ਆਪ ਨੂੰ ਖ਼ੁਸ਼ ਕਰਨ ਲਈ ਜੀਉਂਦੇ ਹਨ। ਉਹ ਕਹਿੰਦੇ ਹਨ, ‘ਜੋ ਕਰਨਾ ਅੱਜ ਹੀ ਕਰ ਲਓ, ਕੱਲ੍ਹ ਕਿਹਨੇ ਦੇਖਿਆ।’ ਪਰ ਅਸੀਂ ਉਨ੍ਹਾਂ ਨਾਲੋਂ ਵੱਖਰੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਵੱਲੋਂ ਦਿੱਤੀ ਉਮੀਦ ਅਤੇ ਵਾਅਦਿਆਂ ʼਤੇ ਭਰੋਸਾ ਰੱਖਦੇ ਹਾਂ। w22.10 25-26 ਪੈਰੇ 8-9

ਐਤਵਾਰ 17 ਮਾਰਚ

ਲਗਾਤਾਰ ਪ੍ਰਾਰਥਨਾ ਕਰਦੇ ਰਹੋ।​—1 ਥੱਸ. 5:17.

ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਪ੍ਰਾਰਥਨਾ ਕਰੋ। ਉਹ ਦੇਖਦਾ ਹੈ ਕਿ ਤੁਸੀਂ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹੋ ਅਤੇ ਉਹ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਹਰ ਸਮੇਂ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ। ਉਸ ਨੂੰ ਆਪਣੇ ਸੇਵਕਾਂ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ। (ਕਹਾ. 15:8) ਜਦੋਂ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ, ਤਾਂ ਤੁਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ? ਯਹੋਵਾਹ ਅੱਗੇ ਪੂਰੀ ਤਰ੍ਹਾਂ ਆਪਣਾ ਦਿਲ ਖੋਲ੍ਹ ਦਿਓ। (ਜ਼ਬੂ. 62:8) ਯਹੋਵਾਹ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸੋ ਤੇ ਇਹ ਵੀ ਦੱਸੋ ਕਿ ਇਨ੍ਹਾਂ ਚਿੰਤਾਵਾਂ ਕਰਕੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ। ਨਾਲੇ ਯਹੋਵਾਹ ਤੋਂ ਮਦਦ ਮੰਗੋ ਤਾਂਕਿ ਤੁਸੀਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕੋ ਅਤੇ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੋ। ਤੁਸੀਂ ਬੁੱਧ ਲਈ ਵੀ ਬੇਨਤੀ ਕਰ ਸਕਦੇ ਹੋ ਤਾਂਕਿ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਦਾਰੀ ਨਾਲ ਦੱਸ ਸਕੋ। (ਲੂਕਾ 21:14, 15) ਜੇ ਤੁਸੀਂ ਨਿਰਾਸ਼ ਹੋ, ਤਾਂ ਤੁਸੀਂ ਯਹੋਵਾਹ ਨੂੰ ਇਹ ਕਹਿ ਸਕਦੇ ਹੋ ਕਿ ਉਹ ਕਿਸੇ ਸਮਝਦਾਰ ਮਸੀਹੀ ਨਾਲ ਗੱਲ ਕਰਨ ਵਿਚ ਤੁਹਾਡੀ ਮਦਦ ਕਰੇ ਤੇ ਉਹ ਮਸੀਹੀ ਤੁਹਾਨੂੰ ਸਮਝ ਵੀ ਸਕੇ। ਦੇਖੋ ਕਿ ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ। ਨਾਲੇ ਦੂਜਿਆਂ ਦੀ ਮਦਦ ਸਵੀਕਾਰ ਕਰੋ। ਇੱਦਾਂ ਕਰਨ ਨਾਲ ਤੁਹਾਡਾ ਇਕੱਲਾਪਣ ਘਟੇਗਾ। w22.08 10 ਪੈਰਾ 6

ਸੋਮਵਾਰ 18 ਮਾਰਚ

‘ਇਹ ਸਾਰੇ ਆਦਮੀ ਸਮਰਾਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ।’ ​—ਰਸੂ. 17:7.

ਥੱਸਲੁਨੀਕਾ ਵਿਚ ਬਣੀ ਨਵੀਂ ਮੰਡਲੀ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਦੁਸ਼ਟ ਬੰਦਿਆਂ ਦੀ ਭੀੜ “ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ” ਗਈ। (ਰਸੂ. 17:6) ਜ਼ਰਾ ਸੋਚੋ ਕਿ ਉਦੋਂ ਨਵੇਂ ਬਣੇ ਮਸੀਹੀ ਕਿੰਨਾ ਡਰ ਗਏ ਹੋਣੇ। ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਦਾ ਜੋਸ਼ ਠੰਢਾ ਪੈ ਸਕਦਾ ਸੀ, ਪਰ ਪੌਲੁਸ ਰਸੂਲ ਨਹੀਂ ਚਾਹੁੰਦਾ ਸੀ ਕਿ ਇੱਦਾਂ ਹੋਵੇ। ਉਸ ਨੇ ਧਿਆਨ ਰੱਖਿਆ ਕਿ ਇਸ ਨਵੀਂ ਮੰਡਲੀ ਦੀ ਚੰਗੀ ਤਰ੍ਹਾਂ ਦੇਖ-ਭਾਲ ਹੁੰਦੀ ਰਹੇ। ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਯਾਦ ਕਰਾਇਆ: ‘ਅਸੀਂ ਆਪਣੇ ਭਰਾ ਤਿਮੋਥਿਉਸ ਨੂੰ ਤੁਹਾਡੇ ਕੋਲ ਤੁਹਾਡੀ ਨਿਹਚਾ ਪੱਕੀ ਕਰਨ ਅਤੇ ਤੁਹਾਨੂੰ ਦਿਲਾਸਾ ਦੇਣ ਲਈ ਘੱਲਿਆ ਤਾਂਕਿ ਇਨ੍ਹਾਂ ਮੁਸੀਬਤਾਂ ਕਰਕੇ ਕੋਈ ਵੀ ਡਾਵਾਂ-ਡੋਲ ਨਾ ਹੋ ਜਾਵੇ।’ (1 ਥੱਸ. 3:2, 3) ਤਿਮੋਥਿਉਸ ਨੇ ਦੇਖਿਆ ਸੀ ਕਿ ਪੌਲੁਸ ਨੇ ਲੁਸਤ੍ਰਾ ਦੇ ਭੈਣਾਂ-ਭਰਾਵਾਂ ਨੂੰ ਕਿੱਦਾਂ ਹੌਸਲਾ ਦਿੱਤਾ ਸੀ ਅਤੇ ਯਹੋਵਾਹ ਨੇ ਕਿੱਦਾਂ ਉਨ੍ਹਾਂ ਦੀ ਮਦਦ ਕੀਤੀ ਸੀ। ਇਸ ਲਈ ਤਿਮੋਥਿਉਸ ਥੱਸਲੁਨੀਕਾ ਦੇ ਨਵੇਂ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾ ਸਕਿਆ ਕਿ ਯਹੋਵਾਹ ਉਨ੍ਹਾਂ ਦੇ ਹਾਲਾਤ ਵੀ ਜ਼ਰੂਰ ਸੁਧਾਰੇਗਾ।​—ਰਸੂ. 14:8, 19-22; ਇਬ. 12:2. w22.08 21 ਪੈਰਾ 4

ਮੰਗਲਵਾਰ 19 ਮਾਰਚ

‘ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲਦੀ ਹੈ।’​—1 ਯੂਹੰ. 4:9.

ਸਾਲ 1870 ਵਿਚ ਚਾਰਲਸ ਟੇਜ਼ ਰਸਲ ਦੀ ਅਗਵਾਈ ਅਧੀਨ ਬਾਈਬਲ ਸਟੂਡੈਂਟਸ ਨੇ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ। ਉਹ ਇਨ੍ਹਾਂ ਗੱਲਾਂ ਬਾਰੇ ਸੱਚਾਈ ਜਾਣਨੀ ਚਾਹੁੰਦੇ ਸਨ ਕਿ ਯਿਸੂ ਦੀ ਕੁਰਬਾਨੀ ਦੀ ਕੀ ਅਹਿਮੀਅਤ ਹੈ ਅਤੇ ਉਸ ਦੀ ਮੌਤ ਦੀ ਯਾਦਗਾਰ ਕਿੱਦਾਂ ਮਨਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਜੋ ਖੋਜਬੀਨ ਕੀਤੀ ਸੀ, ਅੱਜ ਉਸ ਤੋਂ ਸਾਨੂੰ ਵੀ ਫ਼ਾਇਦਾ ਹੋ ਰਿਹਾ ਹੈ। ਉਹ ਕਿਵੇਂ? ਯਹੋਵਾਹ ਦੀ ਬਰਕਤ ਸਦਕਾ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਅਸੀਂ ਜਾਣ ਪਾਏ ਕਿ ਯਿਸੂ ਕਿਉਂ ਮਰਿਆ ਤੇ ਉਸ ਦੀ ਕੁਰਬਾਨੀ ਕਰਕੇ ਕੀ ਕੁਝ ਮੁਮਕਿਨ ਹੋਇਆ ਹੈ। (1 ਯੂਹੰ. 2:1, 2) ਅਸੀਂ ਬਾਈਬਲ ਵਿੱਚੋਂ ਇਹ ਵੀ ਜਾਣਿਆ ਕਿ ਜੋ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਗੇ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸਵਰਗ ਵਿਚ ਅਮਰ ਜੀਵਨ ਮਿਲੇਗਾ ਅਤੇ ਹੋਰ ਲੱਖਾਂ ਲੋਕਾਂ ਨੂੰ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ, ਤਾਂ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਂਦੇ ਹਾਂ। (1 ਪਤ. 3:18) ਇਸ ਲਈ ਅਸੀਂ ਆਪਣੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਰਾਵਾਂ ਵਾਂਗ ਦੂਜਿਆਂ ਨੂੰ ਸਾਡੇ ਨਾਲ ਮਿਲ ਕੇ ਮੈਮੋਰੀਅਲ ਮਨਾਉਣ ਦਾ ਸੱਦਾ ਦਿੰਦੇ ਹਾਂ। ਨਾਲੇ ਅਸੀਂ ਬਿਲਕੁਲ ਉਸੇ ਤਰ੍ਹਾਂ ਮੈਮੋਰੀਅਲ ਮਨਾਉਂਦੇ ਹਾਂ ਜਿੱਦਾਂ ਯਿਸੂ ਨੇ ਮਨਾਉਣਾ ਸਿਖਾਇਆ ਸੀ। w23.01 21 ਪੈਰੇ 6-7

ਮੈਮੋਰੀਅਲ ਬਾਈਬਲ ਪੜ੍ਹਾਈ: (ਸੂਰਜ ਡੁੱਬਣ ਤੋਂ ਬਾਅਦ 9 ਨੀਸਾਨ ਦੀਆਂ ਘਟਨਾਵਾਂ) ਮਰਕੁਸ 14:3-9

ਬੁੱਧਵਾਰ 20 ਮਾਰਚ

ਉਹ ਸਾਰਿਆਂ ਦੀ ਖ਼ਾਤਰ ਮਰਿਆ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਹੀਂ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ।​—2 ਕੁਰਿੰ. 5:15.

ਧਰਤੀ ʼਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਸਿਖਾਇਆ। ਅਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਕਰਕੇ ਯਹੋਵਾਹ ਅਤੇ ਯਿਸੂ ਨਾਲ ਰਿਸ਼ਤਾ ਜੋੜਨ ਦਾ ਰਾਹ ਖੁੱਲ੍ਹ ਗਿਆ। ਜਿਹੜੇ ਲੋਕ ਯਿਸੂ ʼਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਨ, ਉਨ੍ਹਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਅਤੇ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲਣ ਦੀ ਵੀ ਉਮੀਦ ਹੈ। (ਯੂਹੰ. 5:28, 29; ਰੋਮੀ. 6:23) ਅਸੀਂ ਇਨ੍ਹਾਂ ਵਿੱਚੋਂ ਕੋਈ ਵੀ ਬਰਕਤ ਪਾਉਣ ਦੇ ਲਾਇਕ ਨਹੀਂ ਹਾਂ ਅਤੇ ਨਾ ਹੀ ਅਸੀਂ ਇਨ੍ਹਾਂ ਦੇ ਬਦਲੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਕੁਝ ਦੇ ਸਕਦੇ ਹਾਂ। (ਰੋਮੀ. 5:8, 20, 21) ਪਰ ਅਸੀਂ ਉਨ੍ਹਾਂ ਨੂੰ ਦਿਲੋਂ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਕਿਵੇਂ? ਆਪਣਾ ਪੈਸਾ ਤੇ ਚੀਜ਼ਾਂ ਯਹੋਵਾਹ ਦੀ ਸੇਵਾ ਵਿਚ ਲਾ ਕੇ। ਉਦਾਹਰਣ ਲਈ, ਅਸੀਂ ਯਹੋਵਾਹ ਦੀ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਾਂ। w23.01 26 ਪੈਰਾ 3; 28 ਪੈਰਾ 5

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 9 ਨੀਸਾਨ ਦੀਆਂ ਘਟਨਾਵਾਂ) ਮਰਕੁਸ 11:1-11

ਵੀਰਵਾਰ 21 ਮਾਰਚ

‘ਮੈਂ ਲੇਲੇ ਅਤੇ ਉਸ ਦੇ ਨਾਲ 1,44,000 ਜਣਿਆਂ ਨੂੰ ਦੇਖਿਆ।’​—ਪ੍ਰਕਾ. 14:1.

ਪਰਮੇਸ਼ੁਰ ਦੇ ਰਾਜ ਦੇ ਰਾਜੇ ਪੂਰੀ ਧਰਤੀ ʼਤੇ ਅਰਬਾਂ ਲੋਕਾਂ ਦੀ ਦੇਖ-ਭਾਲ ਕਰਨਗੇ। ਯਿਸੂ ਵਾਂਗ 1,44,000 ਜਣੇ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨਗੇ। (ਪ੍ਰਕਾ. 5:10) ਮੂਸਾ ਦੇ ਕਾਨੂੰਨ ਮੁਤਾਬਕ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਰਾਖੀ ਕਰਨੀ ਖ਼ਾਸ ਕਰਕੇ ਪੁਜਾਰੀਆਂ ਦੀ ਜ਼ਿੰਮੇਵਾਰੀ ਸੀ। “ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ” ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਅਤੇ 1,44,000 ਰਾਜੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਸਾਰੇ ਲੋਕਾਂ ਦੀ ਸਿਹਤ ਚੰਗੀ ਰਹੇ ਅਤੇ ਉਹ ਯਹੋਵਾਹ ਦੇ ਨੇੜੇ ਰਹਿਣ। (ਇਬ. 10:1) ਅਸੀਂ ਨਹੀਂ ਜਾਣਦੇ ਕਿ ਜ਼ਿੰਦਗੀ ਦੇ ਬਾਗ਼ ਵਿਚ ਇਹ ਰਾਜੇ ਅਤੇ ਪੁਜਾਰੀ ਪਰਮੇਸ਼ੁਰ ਦੀ ਪਰਜਾ ਨਾਲ ਕਿਵੇਂ ਗੱਲ ਕਰਨਗੇ ਜਾਂ ਉਨ੍ਹਾਂ ਦੀ ਕਿਵੇਂ ਅਗਵਾਈ ਕਰਨਗੇ। ਪਰ ਅਸੀਂ ਇਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਜ਼ਿੰਦਗੀ ਦੇ ਬਾਗ਼ ਵਿਚ ਸਾਡੀ ਅਗਵਾਈ ਕਰਨ ਲਈ ਜ਼ਰੂਰ ਲੋੜੀਂਦੇ ਪ੍ਰਬੰਧ ਕਰੇਗਾ।​—ਪ੍ਰਕਾ. 21:3, 4. w22.12 11 ਪੈਰੇ 11-13

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 10 ਨੀਸਾਨ ਦੀਆਂ ਘਟਨਾਵਾਂ) ਮਰਕੁਸ 11:12-19

ਸ਼ੁੱਕਰਵਾਰ 22 ਮਾਰਚ

ਤੁਸੀਂ ਪ੍ਰਭੂ ਦੇ ਆਉਣ ਤਕ ਉਸ ਦੀ ਮੌਤ ਦਾ ਐਲਾਨ ਕਰਦੇ ਹੋ।​—1 ਕੁਰਿੰ. 11:26.

ਇਸ ਤਰ੍ਹਾਂ ਕਰਨ ਦਾ ਇਕ ਕਾਰਨ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪਹਿਲੀ ਵਾਰ ਮੈਮੋਰੀਅਲ ਵਿਚ ਆਉਣ ਵਾਲੇ ਲੋਕ ਜਾਣ ਸਕਣ ਕਿ ਯਹੋਵਾਹ ਅਤੇ ਯਿਸੂ ਨੇ ਸਾਰੇ ਇਨਸਾਨਾਂ ਲਈ ਕੀ ਕੁਝ ਕੀਤਾ ਹੈ। (ਯੂਹੰ. 3:16) ਅਸੀਂ ਉਮੀਦ ਰੱਖਦੇ ਹਾਂ ਕਿ ਉਹ ਮੈਮੋਰੀਅਲ ਵਿਚ ਜੋ ਵੀ ਸੁਣਦੇ ਅਤੇ ਦੇਖਦੇ ਹਨ, ਉਸ ਕਰਕੇ ਉਨ੍ਹਾਂ ਅੰਦਰ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣ ਅਤੇ ਉਸ ਦੀ ਸੇਵਾ ਕਰਨ ਦੀ ਇੱਛਾ ਪੈਦਾ ਹੋਵੇ। ਅਸੀਂ ਉਨ੍ਹਾਂ ਨੂੰ ਵੀ ਸੱਦਾ ਦਿੰਦੇ ਹਾਂ ਜੋ ਹੁਣ ਯਹੋਵਾਹ ਦੀ ਸੇਵਾ ਨਹੀਂ ਕਰਦੇ। ਇਸ ਤਰ੍ਹਾਂ ਕਰ ਕੇ ਅਸੀਂ ਉਨ੍ਹਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਯਹੋਵਾਹ ਹਾਲੇ ਵੀ ਉਨ੍ਹਾਂ ਨੂੰ ਪਿਆਰ ਕਰਦਾ ਹੈ। ਕਈ ਜਣੇ ਸਾਡਾ ਸੱਦਾ ਕਬੂਲ ਕਰ ਕੇ ਮੈਮੋਰੀਅਲ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੈਮੋਰੀਅਲ ਵਿਚ ਹਾਜ਼ਰ ਹੋ ਕੇ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਸੀ। (ਜ਼ਬੂ. 103:1-4) ਚਾਹੇ ਲੋਕ ਮੈਮੋਰੀਅਲ ਵਿਚ ਆਉਣ ਜਾਂ ਨਾ ਆਉਣ, ਫਿਰ ਵੀ ਅਸੀਂ ਪੂਰੀ ਵਾਹ ਲਾ ਕੇ ਉਨ੍ਹਾਂ ਨੂੰ ਸੱਦਾ ਦਿੰਦੇ ਰਹਾਂਗੇ। ਕਿਉਂ? ਕਿਉਂਕਿ ਅਸੀਂ ਯਾਦ ਰੱਖਦੇ ਹਾਂ ਕਿ ਯਹੋਵਾਹ ਲੋਕਾਂ ਵਿਚ ਦਿਲਚਸਪੀ ਲੈਂਦਾ ਹੈ।​—ਲੂਕਾ 15:7; 1 ਤਿਮੋ. 2:3, 4. w23.01 20 ਪੈਰਾ 1; 22-23 ਪੈਰੇ 9-11

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 11 ਨੀਸਾਨ ਦੀਆਂ ਘਟਨਾਵਾਂ) ਮਰਕੁਸ 11:20–12:27, 41-44

ਸ਼ਨੀਵਾਰ 23 ਮਾਰਚ

ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ʼਤੇ ਰਹਿੰਦੀਆਂ ਹਨ।​—ਜ਼ਬੂ. 33:18.

ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਇਕ ਖ਼ਾਸ ਗੱਲ ਲਈ ਫ਼ਰਿਆਦ ਕੀਤੀ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਦੇ ਚੇਲਿਆਂ ਦੀ ਰਾਖੀ ਕਰੇ। (ਯੂਹੰ. 17:15, 20) ਬਿਨਾਂ ਸ਼ੱਕ, ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। ਪਰ ਯਿਸੂ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਸ਼ੈਤਾਨ ਉਸ ਦੇ ਚੇਲਿਆਂ ʼਤੇ ਬਹੁਤ ਜ਼ਿਆਦਾ ਜ਼ੁਲਮ ਢਾਹੇਗਾ। ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਦੀ ਮਦਦ ਨਾਲ ਹੀ ਚੇਲੇ ਸ਼ੈਤਾਨ ਦਾ ਵਿਰੋਧ ਕਰ ਸਕਣਗੇ। ਅੱਜ ਸ਼ੈਤਾਨ ਦੀ ਇਸ ਦੁਨੀਆਂ ਕਰਕੇ ਸੱਚੇ ਮਸੀਹੀਆਂ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਇਨ੍ਹਾਂ ਮੁਸ਼ਕਲਾਂ ਕਰਕੇ ਕਈ ਵਾਰ ਅਸੀਂ ਨਿਰਾਸ਼ ਹੋ ਸਕਦੇ ਹਾਂ ਅਤੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਯਹੋਵਾਹ ਦੀ ਨਜ਼ਰਾਂ ਹਮੇਸ਼ਾ ਸਾਡੇ ʼਤੇ ਰਹਿੰਦੀਆਂ ਹਨ। ਉਹ ਧਿਆਨ ਰੱਖਦਾ ਹੈ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਾਂ ਤੇ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਜੀ ਹਾਂ, ‘ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ʼਤੇ ਰਹਿੰਦੀਆਂ ਹਨ ਤਾਂਕਿ ਉਹ ਉਨ੍ਹਾਂ ਨੂੰ ਛੁਡਾਵੇ।’​—ਜ਼ਬੂ. 33:18-20. w22.08 8 ਪੈਰੇ 1-2

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 12 ਨੀਸਾਨ ਦੀਆਂ ਘਟਨਾਵਾਂ) ਮਰਕੁਸ 14:1, 2, 10, 11; ਮੱਤੀ 26:1-5, 14-16

ਮੈਮੋਰੀਅਲ ਦੀ ਤਾਰੀਖ਼
ਸੂਰਜ ਡੁੱਬਣ ਤੋਂ ਬਾਅਦ
ਐਤਵਾਰ 24 ਮਾਰਚ

ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।​—ਲੂਕਾ 22:19.

ਹਰ ਸਾਲ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਅਸੀਂ ਉਸ ਲਈ ਕਦਰਦਾਨੀ ਜ਼ਾਹਰ ਕਰਦੇ ਹਾਂ। ਕਿਵੇਂ? ਅਸੀਂ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਦੇ ਹਾਂ ਕਿ ਮਸੀਹ ਦੀ ਕੁਰਬਾਨੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ। ਨਾਲੇ ਇਸ ਖ਼ਾਸ ਮੌਕੇ ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਉਣ ਦਾ ਸੱਦਾ ਦਿੰਦੇ ਹਾਂ। ਬਿਨਾਂ ਸ਼ੱਕ, ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਹਰ ਹਾਲ ਵਿਚ ਮੈਮੋਰੀਅਲ ਵਿਚ ਹਾਜ਼ਰ ਹੋਵਾਂਗੇ। ਅਸੀਂ ਮੈਮੋਰੀਅਲ ਵਿਚ ਸਿੱਖਦੇ ਹਾਂ ਕਿ ਮਨੁੱਖਜਾਤੀ ਨੂੰ ਰਿਹਾਈ ਦੀ ਕੀਮਤ ਦੀ ਲੋੜ ਕਿਉਂ ਪਈ। ਨਾਲੇ ਅਸੀਂ ਸਿੱਖਦੇ ਹਾਂ ਕਿ ਇਕ ਆਦਮੀ ਦੀ ਮੌਤ ਨਾਲ ਅਣਗਿਣਤ ਲੋਕਾਂ ਦੇ ਪਾਪ ਮਾਫ਼ ਕਿੱਦਾਂ ਹੋ ਸਕਦੇ ਹਨ। ਸਾਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਰੋਟੀ ਅਤੇ ਦਾਖਰਸ ਕਿਸ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਨੂੰ ਕੌਣ ਲੈ ਸਕਦੇ ਹਨ। (ਲੂਕਾ 22:19, 20) ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਬਰਕਤਾਂ ʼਤੇ ਵੀ ਸੋਚ-ਵਿਚਾਰ ਕਰ ਪਾਉਂਦੇ ਹਾਂ ਜੋ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਣ ਵਾਲਿਆਂ ਨੂੰ ਮਿਲਣਗੀਆਂ। (ਯਸਾ. 35:5, 6; 65:17, 21-23) ਸਾਡੇ ਲਈ ਇਹ ਸੱਚਾਈਆਂ ਬਹੁਤ ਅਹਿਮ ਹਨ ਅਤੇ ਅਸੀਂ ਕਦੇ ਵੀ ਇਨ੍ਹਾਂ ਸੱਚਾਈਆਂ ਨੂੰ ਐਵੇਂ ਨਹੀਂ ਸਮਝਦੇ। w23.01 20 ਪੈਰਾ 2; 21 ਪੈਰਾ 4

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 13 ਨੀਸਾਨ ਦੀਆਂ ਘਟਨਾਵਾਂ) ਮਰਕੁਸ 14:12-16; ਮੱਤੀ 26:17-19 (ਸੂਰਜ ਡੁੱਬਣ ਤੋਂ ਬਾਅਦ 14 ਨੀਸਾਨ ਦੀਆਂ ਘਟਨਾਵਾਂ) ਮਰਕੁਸ 14:17-72

ਸੋਮਵਾਰ 25 ਮਾਰਚ

‘ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।’​—ਯੂਹੰ. 3:16.

ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਰਿਹਾਈ ਦੀ ਕੀਮਤ ਵਜੋਂ ਕੁਰਬਾਨ ਕਰ ਕੇ ਸਾਡੇ ਸਾਰੇ ਪਾਪਾਂ ਨੂੰ ਢੱਕ ਲਿਆ। ਇਸ ਤਰ੍ਹਾਂ ਪਰਮੇਸ਼ੁਰ ਨੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਮੁਮਕਿਨ ਕੀਤਾ। (ਮੱਤੀ 20:28) ਪੌਲੁਸ ਰਸੂਲ ਨੇ ਲਿਖਿਆ: “ਜਿਵੇਂ ਇਕ ਆਦਮੀ ਦੇ ਜ਼ਰੀਏ ਮੌਤ ਆਈ ਸੀ, ਉਸੇ ਤਰ੍ਹਾਂ ਇਕ ਆਦਮੀ ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।” (1 ਕੁਰਿੰ. 15:21, 22) ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਅਤੇ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਦੇ ਪੂਰਾ ਹੋਣ ਬਾਰੇ ਪ੍ਰਾਰਥਨਾ ਕਰਨ। (ਮੱਤੀ 6:9, 10) ਪਰਮੇਸ਼ੁਰ ਦਾ ਮਕਸਦ ਹੈ ਕਿ ਇਨਸਾਨ ਧਰਤੀ ʼਤੇ ਹਮੇਸ਼ਾ ਲਈ ਜੀਉਂਦੇ ਰਹਿਣ। ਯਹੋਵਾਹ ਨੇ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਆਪਣੇ ਪੁੱਤਰ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ ਹੈ। ਨਾਲੇ ਪਰਮੇਸ਼ੁਰ 1,44,000 ਲੋਕਾਂ ਨੂੰ ਧਰਤੀ ਤੋਂ ਇਕੱਠਾ ਕਰ ਰਿਹਾ ਹੈ ਤਾਂਕਿ ਉਹ ਯਿਸੂ ਨਾਲ ਮਿਲ ਕੇ ਉਸ ਦੀ ਮਰਜ਼ੀ ਪੂਰੀ ਕਰਨ।​—ਪ੍ਰਕਾ. 5:9, 10. w22.12 5 ਪੈਰੇ 11-12

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 14 ਨੀਸਾਨ ਦੀਆਂ ਘਟਨਾਵਾਂ) ਮਰਕੁਸ 15:1-47

ਮੰਗਲਵਾਰ 26 ਮਾਰਚ

‘ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ।’​—2 ਕੁਰਿੰ. 5:14, 15.

ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਸਾਨੂੰ ਉਸ ਦੀਆਂ ਯਾਦਾਂ ਬਹੁਤ ਸਤਾਉਂਦੀਆਂ ਹਨ! ਸ਼ੁਰੂ-ਸ਼ੁਰੂ ਵਿਚ ਅਸੀਂ ਸ਼ਾਇਦ ਬਹੁਤ ਦੁਖੀ ਹੁੰਦੇ ਹਾਂ। ਖ਼ਾਸ ਕਰਕੇ ਸਾਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਜਦੋਂ ਉਸ ਦੀ ਮੌਤ ਬਹੁਤ ਦੁੱਖ ਝੱਲ ਕੇ ਹੋਈ ਹੁੰਦੀ ਹੈ। ਸਮੇਂ ਦੇ ਬੀਤਣ ਨਾਲ ਉਸ ਦੀਆਂ ਕੁਝ ਮਿੱਠੀਆਂ ਯਾਦਾਂ ਬਾਰੇ ਸੋਚ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਸ਼ਾਇਦ ਸਾਨੂੰ ਉਸ ਦੀਆਂ ਕਹੀਆਂ ਗੱਲਾਂ ਯਾਦ ਆਉਣ ਜਾਂ ਉਹ ਕੰਮ ਯਾਦ ਆਉਣ ਜੋ ਉਸ ਨੇ ਸਾਨੂੰ ਹੌਸਲਾ ਦੇਣ ਲਈ ਜਾਂ ਸਾਡੇ ਚਿਹਰੇ ʼਤੇ ਮੁਸਕਰਾਹਟ ਲਿਆਉਣ ਲਈ ਕੀਤੇ ਸਨ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਦੀ ਮੌਤ ਕਿੰਨੇ ਦੁੱਖ ਝੱਲ ਕੇ ਹੋਈ, ਤਾਂ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ। ਪਰ ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਨੇ ਧਰਤੀ ʼਤੇ ਹੁੰਦਿਆਂ ਕੀ ਕੁਝ ਕਿਹਾ ਤੇ ਕੀਤਾ, ਤਾਂ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਵੀ ਮਿਲਦੀ ਹੈ। ਖ਼ਾਸ ਕਰਕੇ ਸਾਨੂੰ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਰਿਹਾਈ ਦੀ ਕੀਮਤ ਦੀ ਅਹਿਮੀਅਤ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (1 ਕੁਰਿੰ. 11:24, 25) ਜਦੋਂ ਅਸੀਂ ਇਸ ਗੱਲ ʼਤੇ ਵੀ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਅੱਜ ਕੀ ਕਰ ਰਿਹਾ ਹੈ ਅਤੇ ਉਹ ਭਵਿੱਖ ਵਿਚ ਸਾਡੇ ਲਈ ਕੀ ਕਰੇਗਾ, ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। w23.01 26 ਪੈਰੇ 1-2

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 15 ਨੀਸਾਨ ਦੀਆਂ ਘਟਨਾਵਾਂ) ਮੱਤੀ 27:62-66 (ਸੂਰਜ ਡੁੱਬਣ ਤੋਂ ਬਾਅਦ 16 ਨੀਸਾਨ ਦੀਆਂ ਘਟਨਾਵਾਂ) ਮਰਕੁਸ 16:1

ਬੁੱਧਵਾਰ 27 ਮਾਰਚ

‘ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿਓ।’​—ਮੱਤੀ 6:33.

ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਚੇਲੇ ਬਹੁਤ ਦੁਖੀ ਸਨ। ਆਪਣੇ ਜਿਗਰੀ ਦੋਸਤ ਦੀ ਮੌਤ ਹੋਣ ਤੇ ਉਨ੍ਹਾਂ ਨੂੰ ਲੱਗਾ ਕਿ ਹੁਣ ਕੋਈ ਉਮੀਦ ਨਹੀਂ ਬਚੀ ਸੀ। (ਲੂਕਾ 24:17-21) ਪਰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਜਦੋਂ ਯਿਸੂ ਉਨ੍ਹਾਂ ਨੂੰ ਆ ਕੇ ਮਿਲਿਆ, ਤਾਂ ਉਹ ਕਿੰਨੇ ਖ਼ੁਸ਼ ਹੋਏ ਹੋਣੇ! ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਸ ਦੀ ਕੁਰਬਾਨੀ ਕਰਕੇ ਬਾਈਬਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ। ਉਸ ਨੇ ਉਨ੍ਹਾਂ ਨੂੰ ਇਕ ਅਹਿਮ ਕੰਮ ਵੀ ਕਰਨ ਲਈ ਦਿੱਤਾ। (ਲੂਕਾ 24:26, 27, 45-48) ਯਿਸੂ ਦੇ ਸਵਰਗ ਉਠਾਏ ਜਾਣ ਤਕ ਚੇਲਿਆਂ ਦਾ ਗਮ ਖ਼ੁਸ਼ੀ ਵਿਚ ਬਦਲ ਚੁੱਕਾ ਸੀ। ਉਹ ਖ਼ੁਸ਼ ਸਨ ਕਿ ਉਨ੍ਹਾਂ ਦਾ ਗੁਰੂ ਜੀਉਂਦਾ ਸੀ ਅਤੇ ਉਹ ਉਸ ਕੰਮ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ ਜੋ ਯਿਸੂ ਨੇ ਉਨ੍ਹਾਂ ਨੂੰ ਦਿੱਤਾ ਸੀ। ਇਸ ਖ਼ੁਸ਼ੀ ਨੇ ਉਨ੍ਹਾਂ ਨੂੰ ਪ੍ਰੇਰਿਆ ਕਿ ਉਹ ਬਿਨਾਂ ਰੁਕੇ ਯਹੋਵਾਹ ਦੀ ਮਹਿਮਾ ਕਰਦੇ ਰਹਿਣ। (ਲੂਕਾ 24:52, 53; ਰਸੂ. 5:42) ਯਿਸੂ ਦੇ ਚੇਲਿਆਂ ਦੀ ਰੀਸ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਈਏ। ਇਹ ਤਾਂ ਸੱਚ ਹੈ ਕਿ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਧੀਰਜ ਦੀ ਬਹੁਤ ਲੋੜ ਹੁੰਦੀ ਹੈ। ਪਰ ਉਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਜੇ ਅਸੀਂ ਇੱਦਾਂ ਕਰਾਂਗੇ, ਤਾਂ ਉਹ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।​—ਕਹਾ. 10:22. w23.01 30-31 ਪੈਰੇ 15-16

ਮੈਮੋਰੀਅਲ ਬਾਈਬਲ ਪੜ੍ਹਾਈ: (ਦਿਨ ਵੇਲੇ 16 ਨੀਸਾਨ ਦੀਆਂ ਘਟਨਾਵਾਂ) ਮਰਕੁਸ 16:2-8

ਵੀਰਵਾਰ 28 ਮਾਰਚ

‘ਤੂੰ ਮਿੱਟੀ ਵਿਚ ਮੁੜ ਜਾਵੇਂਗਾ।’​—ਉਤ. 3:19.

ਅਸੀਂ ਕਦੇ ਵੀ ਆਦਮ ਅਤੇ ਹੱਵਾਹ ਵਾਂਗ ਗ਼ਲਤੀ ਨਹੀਂ ਕਰਨੀ ਚਾਹਾਂਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ, ਉਸ ਦੇ ਗੁਣਾਂ ਅਤੇ ਉਸ ਦੀ ਸੋਚ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ। ਇਸ ਤਰ੍ਹਾਂ ਯਹੋਵਾਹ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ। ਜ਼ਰਾ ਅਬਰਾਹਾਮ ਦੀ ਮਿਸਾਲ ʼਤੇ ਗੌਰ ਕਰੋ। ਉਹ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ। ਜਦੋਂ ਉਸ ਨੂੰ ਯਹੋਵਾਹ ਦਾ ਕੋਈ ਫ਼ੈਸਲਾ ਸਮਝ ਨਹੀਂ ਸੀ ਆਉਂਦਾ, ਤਾਂ ਵੀ ਉਸ ਨੇ ਯਹੋਵਾਹ ਖ਼ਿਲਾਫ਼ ਬਗਾਵਤ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ। ਮਿਸਾਲ ਲਈ, ਜਦੋਂ ਯਹੋਵਾਹ ਨੇ ਸਦੂਮ ਅਤੇ ਗਮੋਰਾ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਅਬਰਾਹਾਮ ਪਹਿਲਾਂ-ਪਹਿਲ ਬਹੁਤ ਡਰ ਗਿਆ ਕਿ “ਸਾਰੀ ਦੁਨੀਆਂ ਦਾ ਨਿਆਂਕਾਰ” ਦੁਸ਼ਟਾਂ ਦੇ ਨਾਲ-ਨਾਲ ਧਰਮੀਆਂ ਨੂੰ ਵੀ ਨਾਸ਼ ਕਰ ਦੇਵੇਗਾ। ਅਬਰਾਹਾਮ ਨੂੰ ਪਤਾ ਸੀ ਕਿ ਯਹੋਵਾਹ ਲਈ ਇਸ ਤਰ੍ਹਾਂ ਕਰਨ ਬਾਰੇ ਸੋਚਣਾ ਵੀ ਨਾਮੁਮਕਿਨ ਸੀ। ਇਸ ਲਈ ਉਸ ਨੇ ਨਿਮਰ ਹੋ ਕੇ ਯਹੋਵਾਹ ਤੋਂ ਕੁਝ ਸਵਾਲ ਪੁੱਛੇ। ਯਹੋਵਾਹ ਨੇ ਧੀਰਜ ਨਾਲ ਅਬਰਾਹਾਮ ਦੀ ਗੱਲ ਸੁਣੀ। ਅਖ਼ੀਰ ਅਬਰਾਹਾਮ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਯਹੋਵਾਹ ਦਿਲਾਂ ਦਾ ਪਰਖਣ ਵਾਲਾ ਹੈ। ਇਸ ਕਰਕੇ ਉਹ ਕਦੇ ਵੀ ਕਸੂਰਵਾਰ ਲੋਕਾਂ ਦੇ ਨਾਲ ਬੇਕਸੂਰ ਲੋਕਾਂ ਨੂੰ ਸਜ਼ਾ ਨਹੀਂ ਦਿੰਦਾ।​—ਉਤ. 18:20-32. w22.08 28 ਪੈਰੇ 9-10

ਸ਼ੁੱਕਰਵਾਰ 29 ਮਾਰਚ

ਭਰੋਸੇਯੋਗ ਇਨਸਾਨ ਰਾਜ਼ ਨੂੰ ਰਾਜ਼ ਹੀ ਰੱਖਦਾ ਹੈ।​—ਕਹਾ. 11:13.

455 ਈਸਵੀ ਪੂਰਵ ਵਿਚ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਉਣ ਤੋਂ ਬਾਅਦ ਰਾਜਪਾਲ ਨਹਮਯਾਹ ਅਜਿਹੇ ਆਦਮੀ ਲੱਭਣ ਲੱਗਾ ਜੋ ਸ਼ਹਿਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦੇ ਸਨ। ਨਹਮਯਾਹ ਨੇ ਜਿਨ੍ਹਾਂ ਆਦਮੀਆਂ ਨੂੰ ਚੁਣਿਆ, ਉਨ੍ਹਾਂ ਵਿਚ ਕਿਲ੍ਹੇ ਦਾ ਮੁਖੀ ਹਨਨਯਾਹ ਵੀ ਸੀ। ਬਾਈਬਲ ਹਨਨਯਾਹ ਬਾਰੇ ਦੱਸਦੀ ਹੈ ਕਿ “ਉਹ ਸਭ ਤੋਂ ਭਰੋਸੇਯੋਗ ਆਦਮੀ ਸੀ ਅਤੇ ਹੋਰ ਕਈਆਂ ਨਾਲੋਂ ਜ਼ਿਆਦਾ ਸੱਚੇ ਪਰਮੇਸ਼ੁਰ ਦਾ ਡਰ ਮੰਨਦਾ ਸੀ।” (ਨਹ. 7:2) ਹਨਨਯਾਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਇਸ ਕਰਕੇ ਉਹ ਆਪਣੀ ਹਰ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਸੀ। ਜੇ ਅਸੀਂ ਵੀ ਯਹੋਵਾਹ ਨੂੰ ਪਿਆਰ ਕਰਾਂਗੇ ਤੇ ਉਸ ਦਾ ਡਰ ਮੰਨਾਂਗੇ, ਤਾਂ ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਭਰੋਸੇਯੋਗ ਸਾਬਤ ਹੋਵਾਂਗੇ। ਜ਼ਰਾ ਤੁਖੀਕੁਸ ਦੀ ਮਿਸਾਲ ʼਤੇ ਗੌਰ ਕਰੋ। ਉਹ ਪੌਲੁਸ ਰਸੂਲ ਦਾ ਭਰੋਸੇਯੋਗ ਸਾਥੀ ਸੀ। ਤੁਖੀਕੁਸ ਨੇ ਪੌਲੁਸ ਦਾ ਬਹੁਤ ਸਾਥ ਦਿੱਤਾ। ਪੌਲੁਸ ਨੇ ਤੁਖੀਕੁਸ ਬਾਰੇ ਕਿਹਾ ਕਿ ਉਹ ਇਕ ‘ਵਫ਼ਾਦਾਰ ਸੇਵਕ ਹੈ।’ (ਅਫ਼. 6:21, 22) ਪੌਲੁਸ ਨੂੰ ਤੁਖੀਕੁਸ ʼਤੇ ਬਹੁਤ ਭਰੋਸਾ ਸੀ। ਇਸ ਲਈ ਉਸ ਨੇ ਤੁਖੀਕੁਸ ਨੂੰ ਅਫ਼ਸੁਸ ਅਤੇ ਕੁਲੁੱਸੈ ਦੀਆਂ ਮੰਡਲੀਆਂ ਨੂੰ ਚਿੱਠੀਆਂ ਪਹੁੰਚਾਉਣ ਦੇ ਨਾਲ-ਨਾਲ ਉੱਥੇ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਅਤੇ ਦਿਲਾਸਾ ਦੇਣ ਲਈ ਵੀ ਵਰਤਿਆ। ਤੁਖੀਕੁਸ ਵਾਂਗ ਅੱਜ ਵੀ ਅਜਿਹੇ ਕਈ ਵਫ਼ਾਦਾਰ ਤੇ ਭਰੋਸੇਯੋਗ ਭਰਾ ਹਨ ਜੋ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ।​—ਕੁਲੁ. 4:7-9. w22.09 9-10 ਪੈਰੇ 5-6

ਸ਼ਨੀਵਾਰ 30 ਮਾਰਚ

ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।​—1 ਪਤ. 4:8.

ਯੂਸੁਫ਼ ਨੂੰ ਲਗਭਗ 13 ਸਾਲ ਬਹੁਤ ਜ਼ੁਲਮ ਸਹਿਣੇ ਪਏ। ਯੂਸੁਫ਼ ਦੇ ਮਨ ਵਿਚ ਆ ਸਕਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਵੀ ਹੈ ਜਾਂ ਨਹੀਂ? ਜਾਂ ਉਹ ਸੋਚ ਸਕਦਾ ਸੀ ਕਿ ਯਹੋਵਾਹ ਲੋੜ ਵੇਲੇ ਉਸ ਨੂੰ ਛੱਡ ਗਿਆ। ਪਰ ਯੂਸੁਫ਼ ਨੇ ਆਪਣੇ ਦਿਲ ਵਿਚ ਕੁੜੱਤਣ ਨਹੀਂ ਭਰੀ। ਉਹ ਹੋਸ਼ ਵਿਚ ਰਿਹਾ ਅਤੇ ਉਸ ਨੇ ਸ਼ਾਂਤੀ ਬਣਾਈ ਰੱਖੀ। ਜਦੋਂ ਉਸ ਕੋਲ ਆਪਣੇ ਭਰਾਵਾਂ ਤੋਂ ਬਦਲਾ ਲੈਣ ਦਾ ਮੌਕਾ ਸੀ, ਉਦੋਂ ਵੀ ਉਸ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਤੇ ਉਸ ਨੇ ਉਨ੍ਹਾਂ ਲਈ ਪਿਆਰ ਦਿਖਾਇਆ ਅਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। (ਉਤ. 45:4, 5) ਯੂਸੁਫ਼ ਆਪਣੇ ਭਰਾਵਾਂ ਨਾਲ ਇਸ ਤਰ੍ਹਾਂ ਕਿਉਂ ਪੇਸ਼ ਆਇਆ? ਕਿਉਂਕਿ ਉਸ ਨੇ ਸੋਚ-ਸਮਝ ਕੇ ਫ਼ੈਸਲੇ ਕੀਤੇ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਯਹੋਵਾਹ ਦੀ ਮਰਜ਼ੀ ਬਾਰੇ ਸੋਚਿਆ। (ਉਤ. 50:19-21) ਤੁਸੀਂ ਯੂਸੁਫ਼ ਤੋਂ ਕੀ ਸਿੱਖ ਸਕਦੇ ਹੋ? ਜੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਆਪਣੇ ਦਿਲ ਵਿਚ ਯਹੋਵਾਹ ਲਈ ਕੁੜੱਤਣ ਨਹੀਂ ਭਰਨੀ ਚਾਹੀਦੀ। ਜਾਂ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਤੁਹਾਨੂੰ ਛੱਡ ਗਿਆ ਹੈ। ਇਸ ਦੀ ਬਜਾਇ, ਤੁਹਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਜ਼ੁਲਮ ਸਹਿਣ ਵਿਚ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ, ਬੁਰਾ ਸਲੂਕ ਹੋਣ ਤੇ ਦੂਜਿਆਂ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰੋ ਅਤੇ ਯਾਦ ਰੱਖੋ ਕਿ ਪਿਆਰ ਬਹੁਤ ਸਾਰੇ ਪਾਪ ਢੱਕ ਲੈਂਦਾ ਹੈ। w22.11 21 ਪੈਰਾ 4

ਐਤਵਾਰ 31 ਮਾਰਚ

ਸਾਰੀਆਂ ਸਰਕਾਰਾਂ ਉਨ੍ਹਾਂ ਦੀ ਸੇਵਾ ਕਰਨਗੀਆਂ ਅਤੇ ਉਨ੍ਹਾਂ ਦਾ ਕਹਿਣਾ ਮੰਨਣਗੀਆਂ। ​—ਦਾਨੀ. 7:27.

ਦਾਨੀਏਲ ਨਬੀ ਨੇ ਜੋ ਦਰਸ਼ਣ ਦੇਖੇ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕੋਲ ਹੀ ਸਭ ਤੋਂ ਜ਼ਿਆਦਾ ਅਧਿਕਾਰ ਹੈ। ਦਾਨੀਏਲ ਨੇ ਸਭ ਤੋਂ ਪਹਿਲਾਂ ਚਾਰ ਵਹਿਸ਼ੀ ਦਰਿੰਦਿਆਂ ਨੂੰ ਦੇਖਿਆ ਜੋ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ ਯਾਨੀ ਬਾਬਲ, ਮਾਦੀ-ਫਾਰਸੀ, ਯੂਨਾਨ, ਰੋਮ ਅਤੇ ਇਸ ਵਿੱਚੋਂ ਨਿਕਲੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਜੋ ਹੁਣ ਰਾਜ ਕਰ ਰਹੀ ਹੈ। (ਦਾਨੀ. 7:1-3, 17) ਫਿਰ ਦਾਨੀਏਲ ਨੇ ਦੇਖਿਆ ਕਿ ਯਹੋਵਾਹ ਆਪਣੇ ਸਵਰਗੀ ਸਿੰਘਾਸਣ ʼਤੇ ਬੈਠਾ ਹੋਇਆ ਹੈ ਅਤੇ ਉਸ ਅੱਗੇ ਅਦਾਲਤ ਦੀ ਕਾਰਵਾਈ ਸ਼ੁਰੂ ਕੀਤੀ ਗਈ। (ਦਾਨੀ. 7:9, 10) ਪਰਮੇਸ਼ੁਰ ਇਨਸਾਨੀ ਹਕੂਮਤਾਂ ਤੋਂ ਰਾਜ ਲੈ ਕੇ ਉਨ੍ਹਾਂ ਨੂੰ ਦੇਵੇਗਾ ਜਿਹੜੇ ਇਸ ਦੇ ਕਾਬਲ ਹਨ ਅਤੇ ਜਿਨ੍ਹਾਂ ਕੋਲ ਇਨਸਾਨੀ ਹਕੂਮਤਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਹੈ। ਪਰਮੇਸ਼ੁਰ ਕਿਨ੍ਹਾਂ ਨੂੰ ਇਹ ਰਾਜ ਦੇਵੇਗਾ? ਉਹ ਇਹ ਰਾਜ ‘ਮਨੁੱਖ ਦੇ ਪੁੱਤਰ ਵਰਗੇ’ ਯਾਨੀ ਯਿਸੂ ਮਸੀਹ ਨੂੰ ਅਤੇ “ਅੱਤ ਮਹਾਨ ਦੇ ਪਵਿੱਤਰ ਸੇਵਕਾਂ” ਯਾਨੀ 1,44,000 ਨੂੰ ਦੇਵੇਗਾ ਤੇ ਉਹ “ਹਮੇਸ਼ਾ-ਹਮੇਸ਼ਾ ਲਈ” ਰਾਜ ਕਰਨਗੇ। (ਦਾਨੀ. 7:13, 14, 18) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਹੀ “ਅੱਤ ਮਹਾਨ” ਹੈ। ਦਾਨੀਏਲ ਨੇ ਦਰਸ਼ਣ ਵਿਚ ਜੋ ਦੇਖਿਆ ਸੀ, ਉਸ ਨਾਲ ਮਿਲਦੀ-ਜੁਲਦੀ ਗੱਲ ਉਸ ਨੇ ਪਹਿਲਾਂ ਕਹੀ ਸੀ। ਉਸ ਨੇ ਕਿਹਾ ਸੀ: ‘ਸਵਰਗ ਦਾ ਪਰਮੇਸ਼ੁਰ ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ।’​—ਦਾਨੀ. 2:19-21. w22.10 14-15 ਪੈਰੇ 9-11

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ