ਅਪ੍ਰੈਲ
ਸੋਮਵਾਰ 1 ਅਪ੍ਰੈਲ
ਅਜ਼ਮਾਇਸ਼ਾਂ ਵਿਚ ਤੁਹਾਡੀ ਨਿਹਚਾ ਦੀ ਪਰਖ ਹੋਣ ਨਾਲ ਤੁਹਾਡੇ ਵਿਚ ਧੀਰਜ ਪੈਦਾ ਹੁੰਦਾ ਹੈ।—ਯਾਕੂ. 1:3.
ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਸਲਾਹ ਮਿਲਣ ਤੇ ਮੈਂ ਕਿਵੇਂ ਪੇਸ਼ ਆਉਂਦਾ ਹਾਂ? ਕੀ ਮੈਂ ਆਪਣੀ ਗ਼ਲਤੀ ਮੰਨ ਲੈਂਦਾ ਹਾਂ ਜਾਂ ਸਫ਼ਾਈ ਦੇਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਫਟਾਫਟ ਆਪਣੀ ਗ਼ਲਤੀ ਦਾ ਦੋਸ਼ ਦੂਜਿਆਂ ਦੇ ਮੱਥੇ ਮੜ੍ਹ ਦਿੰਦਾ ਹਾਂ?’ ਇਸ ਤੋਂ ਇਲਾਵਾ, ਬਾਈਬਲ ਵਿੱਚੋਂ ਹੋਰ ਵਫ਼ਾਦਾਰ ਸੇਵਕਾਂ ਬਾਰੇ ਪੜ੍ਹਦਿਆਂ ਗੌਰ ਕਰੋ ਕਿ ਉਨ੍ਹਾਂ ਨੇ ਇੱਦਾਂ ਦੇ ਹਾਲਾਤਾਂ ਵਿਚ ਕੀ ਕੀਤਾ ਸੀ। ਹਰ ਵਫ਼ਾਦਾਰ ਸੇਵਕ ਦੀ ਮਿਸਾਲ ʼਤੇ ਗੌਰ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਮੈਂ ਯਹੋਵਾਹ ਦੇ ਇਸ ਵਫ਼ਾਦਾਰ ਸੇਵਕ ਦੀ ਹੋਰ ਚੰਗੀ ਤਰ੍ਹਾਂ ਰੀਸ ਕਿਵੇਂ ਕਰ ਸਕਦਾ ਹਾਂ?’ ਅਸੀਂ ਆਪਣੇ ਭੈਣਾਂ-ਭਰਾਵਾਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ, ਫਿਰ ਚਾਹੇ ਉਹ ਜਵਾਨ ਹੋਣ ਜਾਂ ਸਿਆਣੀ ਉਮਰ ਦੇ। ਕੀ ਤੁਹਾਡੀ ਮੰਡਲੀ ਵਿਚ ਵੀ ਅਜਿਹੇ ਭੈਣ-ਭਰਾ ਹਨ ਜੋ ਵਫ਼ਾਦਾਰੀ ਨਾਲ ਮੁਸ਼ਕਲਾਂ ਝੱਲ ਰਹੇ ਹਨ? ਹੋ ਸਕਦਾ ਹੈ ਕਿ ਉਨ੍ਹਾਂ ʼਤੇ ਦੋਸਤਾਂ ਦਾ ਦਬਾਅ ਹੋਵੇ ਜਾਂ ਪਰਿਵਾਰ ਵੱਲੋਂ ਉਨ੍ਹਾਂ ਦਾ ਵਿਰੋਧ ਹੁੰਦਾ ਹੋਵੇ ਜਾਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਵੇ। ਤੁਸੀਂ ਉਨ੍ਹਾਂ ਵਿਚ ਕਿਹੜੇ ਵਧੀਆ ਗੁਣ ਦੇਖਦੇ ਹੋ ਜਿਨ੍ਹਾਂ ਦੀ ਤੁਸੀਂ ਰੀਸ ਕਰਨੀ ਚਾਹੁੰਦੇ ਹੋ? ਉਨ੍ਹਾਂ ਦੀ ਚੰਗੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਤੁਸੀਂ ਆਪਣੀਆਂ ਮੁਸ਼ਕਲਾਂ ਨਾਲ ਨਜਿੱਠਣਾ ਸਿੱਖ ਸਕਦੇ ਹੋ। ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਕਰਕੇ ਕਿੰਨੇ ਖ਼ੁਸ਼ ਹਾਂ ਜੋ ਸਾਡੇ ਸਾਮ੍ਹਣੇ ਨਿਹਚਾ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਹਨ!—ਇਬ. 13:7. w22.04 13 ਪੈਰੇ 13-14
ਮੰਗਲਵਾਰ 2 ਅਪ੍ਰੈਲ
ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।—ਰਸੂ. 20:35.
ਜਦੋਂ ਅਸੀਂ ਕਿਸੇ ਔਖੀ ਘੜੀ ਵਿੱਚੋਂ ਲੰਘ ਰਹੇ ਹੁੰਦੇ ਹਾਂ ਅਤੇ ਬਜ਼ੁਰਗ ਆਪਣਾ ਸਮਾਂ ਕੱਢ ਕੇ ਸਾਡੀ ਗੱਲ ਸੁਣਦੇ ਹਨ ਤੇ ਸਾਨੂੰ ਦਿਲਾਸਾ ਦਿੰਦੇ ਹਨ, ਤਾਂ ਸਾਨੂੰ ਬਹੁਤ ਹਿੰਮਤ ਮਿਲਦੀ ਹੈ। ਜਾਂ ਜਦੋਂ ਸਾਨੂੰ ਕਿਸੇ ਬਾਈਬਲ ਵਿਦਿਆਰਥੀ ਨੂੰ ਸਿਖਾਉਣ ਵਿਚ ਮਦਦ ਚਾਹੀਦੀ ਹੁੰਦੀ ਹੈ ਅਤੇ ਕੋਈ ਤਜਰਬੇਕਾਰ ਪਾਇਨੀਅਰ ਸਾਡੇ ਨਾਲ ਉਹ ਸਟੱਡੀ ਕਰਾਉਂਦਾ ਹੈ ਤੇ ਸਟੱਡੀ ਤੋਂ ਬਾਅਦ ਸਾਨੂੰ ਕੋਈ ਸੁਝਾਅ ਦਿੰਦਾ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਸਾਨੂੰ ਵੀ ਇਹ ਖ਼ੁਸ਼ੀ ਮਿਲ ਸਕਦੀ ਹੈ ਜੇ ਅਸੀਂ ਅੱਗੇ ਵਧ ਕੇ ਦੂਜਿਆਂ ਦੀ ਮਦਦ ਕਰਾਂਗੇ। ਜੇ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਜਾਂ ਹੋਰ ਤਰੀਕਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ, ਤਾਂ ਕਿਹੜੀ ਗੱਲ ਤੁਹਾਡੀ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵਿਚ ਮਦਦ ਕਰ ਸਕਦੀ ਹੈ? ਸ਼ਾਇਦ ਤੁਸੀਂ ਸੋਚੋ: ‘ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨੀ ਚਾਹੁੰਦਾ ਹਾਂ,’ ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਇਸ ਦੀ ਬਜਾਇ, ਇਹ ਸੋਚੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣਾ ਟੀਚਾ ਹਾਸਲ ਕਰਨ ਲਈ ਕਦਮ ਚੁੱਕ ਸਕਦੇ ਹੋ। ਨਾਲੇ ਸਹੀ-ਸਹੀ ਜਾਣ ਸਕਦੇ ਹੋ ਕਿ ਤੁਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ ਜਾਂ ਨਹੀਂ। ਤੁਸੀਂ ਲਿਖ ਕੇ ਰੱਖ ਸਕਦੇ ਹੋ ਕਿ ਤੁਸੀਂ ਕਿਹੜਾ ਟੀਚਾ ਰੱਖੋਗੇ ਅਤੇ ਉਸ ਨੂੰ ਹਾਸਲ ਕਰਨ ਲਈ ਕਿਹੜੇ ਕੁਝ ਕਦਮ ਚੁੱਕੋਗੇ। w22.04 25 ਪੈਰੇ 12-13
ਬੁੱਧਵਾਰ 3 ਅਪ੍ਰੈਲ
ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।—ਯਾਕੂ. 2:8.
ਯਹੋਵਾਹ ਅੱਜ “ਵੱਡੀ ਭੀੜ” ਦੇ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਜ ਅਧੀਨ ਰਹਿਣਾ ਸਿਖਾ ਰਿਹਾ ਹੈ। (ਪ੍ਰਕਾ. 7:9, 10) ਦੇਖਿਆ ਜਾਵੇ ਤਾਂ ਦੁਨੀਆਂ ਦੇ ਲੋਕਾਂ ਵਿਚ ਫੁੱਟ ਪਈ ਹੋਈ ਹੈ। ਉਹ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ ਅਤੇ ਹਰ ਪਾਸੇ ਯੁੱਧ ਹੋ ਰਹੇ ਹਨ। ਪਰ “ਵੱਡੀ ਭੀੜ” ਦੇ ਲੋਕ ਸਾਰਿਆਂ ਨਾਲ ਪਿਆਰ ਕਰਦੇ ਹਨ। ਉਹ ਕੌਮ ਜਾਂ ਜਾਤ ਕਰਕੇ ਕਿਸੇ ਨਾਲ ਫ਼ਰਕ ਨਹੀਂ ਕਰਦੇ, ਸਗੋਂ ਉਹ ਆਪਣੇ ਕੰਮਾਂ ਰਾਹੀਂ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਇਆ ਹੈ। (ਮੀਕਾ. 4:3) ਅੱਜ ਦੁਨੀਆਂ ਦੇ ਲੋਕ ਯੁੱਧਾਂ ਵਿਚ ਹਿੱਸਾ ਲੈ ਕਿ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਪਰ “ਵੱਡੀ ਭੀੜ” ਦੇ ਲੋਕ ਦੂਜਿਆਂ ਨੂੰ ਸੱਚੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿਖਾ ਰਹੇ ਹਨ ਤਾਂਕਿ ਲੋਕ “ਅਸਲੀ ਜ਼ਿੰਦਗੀ” ਪਾ ਸਕਣ ਅਤੇ ਧਰਤੀ ਉੱਤੇ ਹਮੇਸ਼ਾ ਲਈ ਜੀ ਸਕਣ। (1 ਤਿਮੋ. 6:19) “ਵੱਡੀ ਭੀੜ” ਦੇ ਲੋਕ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਨ। ਇਸ ਕਰਕੇ ਸ਼ਾਇਦ ਉਨ੍ਹਾਂ ਦੇ ਘਰਦੇ ਉਨ੍ਹਾਂ ਦਾ ਵਿਰੋਧ ਕਰਨ ਜਾਂ ਉਨ੍ਹਾਂ ਨੂੰ ਪੈਸਿਆਂ ਦੀ ਤੰਗੀ ਝੱਲਣੀ ਪਵੇ। ਪਰ ਯਹੋਵਾਹ ਹਮੇਸ਼ਾ ਧਿਆਨ ਰੱਖਦਾ ਹੈ ਕਿ ਉਨ੍ਹਾਂ ਨੂੰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਰਹਿਣ। (ਮੱਤੀ 6:25, 30-33; ਲੂਕਾ 18:29, 30) ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਨੂੰ ਭਰੋਸਾ ਹੁੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ ਅਤੇ ਇਸ ਰਾਹੀਂ ਯਹੋਵਾਹ ਭਵਿੱਖ ਵਿਚ ਵੀ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। w22.12 5 ਪੈਰਾ 13
ਵੀਰਵਾਰ 4 ਅਪ੍ਰੈਲ
ਆਮੀਨ! ਪ੍ਰਭੂ ਯਿਸੂ ਆ।—ਪ੍ਰਕਾ. 22:20.
ਹਜ਼ਾਰ ਸਾਲ ਪੂਰੇ ਹੋਣ ਤਕ ਧਰਤੀ ʼਤੇ ਜੀਉਂਦੇ ਸਾਰੇ ਇਨਸਾਨ ਇਕ ਹੋਰ ਅਰਥ ਵਿਚ “ਜੀਉਂਦੇ” ਹੋ ਜਾਣਗੇ। (ਪ੍ਰਕਾ. 20:5) ਉਸ ਵੇਲੇ ਆਦਮ ਦੇ ਪਾਪ ਕਰਕੇ ਮਿਲੇ ਸਰਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ ਜਿਸ ਕਰਕੇ ਉਨ੍ਹਾਂ ʼਤੇ ਆਦਮ ਦੇ ਪਾਪ ਦਾ ਕੋਈ ਅਸਰ ਨਹੀਂ ਹੋਵੇਗਾ। (ਰੋਮੀ. 5:12) ਇਸ ਤਰ੍ਹਾਂ 1,000 ਸਾਲ ਪੂਰੇ ਹੋਣ ਤਕ ਧਰਤੀ ʼਤੇ ਰਹਿੰਦੇ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ। ਅਸੀਂ ਜਾਣਦੇ ਹਾਂ ਕਿ ਸ਼ੈਤਾਨ ਨੇ ਯਿਸੂ ਦੀ ਵਫ਼ਾਦਾਰੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਹਰ ਪਰੀਖਿਆ ਵਿਚ ਯਹੋਵਾਹ ਦਾ ਵਫ਼ਾਦਾਰ ਰਿਹਾ। ਜਦੋਂ 1,000 ਸਾਲ ਪੂਰੇ ਹੋਣ ਤੇ ਸ਼ੈਤਾਨ ਨੂੰ ਅਥਾਹ ਕੁੰਡ ਵਿੱਚੋਂ ਰਿਹਾ ਕੀਤਾ ਜਾਵੇਗਾ, ਤਾਂ ਸਾਰੇ ਮੁਕੰਮਲ ਇਨਸਾਨਾਂ ਕੋਲ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਉਹ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਨ ਜਾਂ ਨਹੀਂ। (ਪ੍ਰਕਾ. 20:7) ਜੋ ਲੋਕ ਆਖ਼ਰੀ ਪਰੀਖਿਆ ਵੇਲੇ ਯਹੋਵਾਹ ਦੇ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਅਤੇ ਸ਼ਾਨਦਾਰ ਆਜ਼ਾਦੀ ਮਿਲੇਗੀ। (ਰੋਮੀ. 8:21) ਪਰ ਬਾਗ਼ੀਆਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾ. 20:8-10. w22.05 19 ਪੈਰੇ 18-19
ਸ਼ੁੱਕਰਵਾਰ 5 ਅਪ੍ਰੈਲ
ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ ਕਰੇਂਗਾ।—ਉਤ. 3:15.
ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਸ਼ੈਤਾਨ ਨੇ ਯਹੂਦੀਆਂ ਅਤੇ ਰੋਮੀਆਂ ਨੂੰ ਵਰਤ ਕੇ ਪਰਮੇਸ਼ੁਰ ਦੇ ਪੁੱਤਰ ਨੂੰ ਮਰਵਾ ਦਿੱਤਾ। (ਲੂਕਾ 23:13, 20-24) ਜਦੋਂ ਕਿਸੇ ਦੀ ਅੱਡੀ ʼਤੇ ਸੱਟ ਲੱਗੀ ਹੁੰਦੀ ਹੈ, ਤਾਂ ਉਹ ਕੁਝ ਦਿਨਾਂ ਲਈ ਜ਼ਿਆਦਾ ਤੁਰ-ਫਿਰ ਨਹੀਂ ਸਕਦਾ ਅਤੇ ਜ਼ਿਆਦਾ ਕੁਝ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਦੋਂ ਯਿਸੂ ਦੀ ਮੌਤ ਹੋਈ, ਤਾਂ ਉਹ ਥੋੜ੍ਹੇ ਸਮੇਂ ਲਈ ਕੁਝ ਨਹੀਂ ਕਰ ਸਕਿਆ ਅਤੇ ਲਗਭਗ ਤਿੰਨ ਦਿਨਾਂ ਤਕ ਕਬਰ ਵਿਚ ਬੇਜਾਨ ਪਿਆ ਰਿਹਾ। (ਮੱਤੀ 16:21) ਉਤਪਤ 3:15 ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਕਬਰ ਵਿਚ ਨਹੀਂ ਰਹਿਣਾ ਸੀ। ਕਿਉਂ? ਕਿਉਂਕਿ ਭਵਿੱਖਬਾਣੀ ਮੁਤਾਬਕ ਸੰਤਾਨ ਨੇ ਸੱਪ ਦਾ ਸਿਰ ਕੁਚਲਣਾ ਹੈ। ਇਸ ਦਾ ਮਤਲਬ ਹੈ ਕਿ ਯਿਸੂ ਦੀ ਅੱਡੀ ਦਾ ਜ਼ਖ਼ਮ ਭਰ ਜਾਣਾ ਸੀ ਅਤੇ ਇਸ ਤਰ੍ਹਾਂ ਹੋਇਆ ਵੀ। ਪਰਮੇਸ਼ੁਰ ਨੇ ਯਿਸੂ ਨੂੰ ਤੀਜੇ ਦਿਨ ਦੁਬਾਰਾ ਜੀ ਉਠਾਇਆ ਤੇ ਸਵਰਗ ਵਿਚ ਅਮਰ ਜੀਵਨ ਦਿੱਤਾ। ਯਿਸੂ ਯਹੋਵਾਹ ਦੇ ਤੈਅ ਕੀਤੇ ਸਮੇਂ ʼਤੇ ਸ਼ੈਤਾਨ ਦਾ ਨਾਸ਼ ਕਰ ਦੇਵੇਗਾ। (ਇਬ. 2:14) ਜੀ ਹਾਂ, ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲੇ ਰਾਜੇ ਧਰਤੀ ਤੋਂ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਯਾਨੀ ਸੱਪ ਦੀ ਸੰਤਾਨ ਦਾ ਨਾਸ਼ ਕਰ ਦੇਣਗੇ।—ਪ੍ਰਕਾ. 17:14; 20:4, 10. w22.07 16 ਪੈਰੇ 11-12
ਸ਼ਨੀਵਾਰ 6 ਅਪ੍ਰੈਲ
ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ।—ਕਹਾ. 13:20.
ਮਾਪਿਓ! ਚੰਗੇ ਦੋਸਤ ਬਣਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਪਰਮੇਸ਼ੁਰ ਦੇ ਬਚਨ ਵਿਚ ਇਹ ਗੱਲ ਸਾਫ਼-ਸਾਫ਼ ਦੱਸੀ ਗਈ ਹੈ ਕਿ ਦੋਸਤਾਂ ਦਾ ਜਾਂ ਤਾਂ ਸਾਡੇ ʼਤੇ ਚੰਗਾ ਅਸਰ ਪੈ ਸਕਦਾ ਹੈ ਜਾਂ ਮਾੜਾ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚਿਆਂ ਦੇ ਦੋਸਤ ਕੌਣ ਹਨ? ਤੁਸੀਂ ਆਪਣੇ ਬੱਚਿਆਂ ਦੀ ਉਨ੍ਹਾਂ ਨਾਲ ਦੋਸਤੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ? (1 ਕੁਰਿੰ. 15:33) ਆਪਣੇ ਬੱਚਿਆਂ ਦੀ ਚੰਗੇ ਦੋਸਤ ਬਣਾਉਣ ਵਿਚ ਮਦਦ ਕਰਨ ਲਈ ਕਿਉਂ ਨਾ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਪਰਿਵਾਰਕ ਸਟੱਡੀ ਜਾਂ ਕਿਸੇ ਹੋਰ ਮੌਕੇ ʼਤੇ ਆਪਣੇ ਘਰ ਬੁਲਾਓ ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ। (ਜ਼ਬੂ. 119:63) ਟੋਨੀ ਦੱਸਦਾ ਹੈ: “ਕਈ ਸਾਲਾਂ ਤੋਂ ਮੈਂ ਤੇ ਮੇਰੀ ਪਤਨੀ ਅਲੱਗ-ਅਲੱਗ ਉਮਰ ਅਤੇ ਸਭਿਆਚਾਰ ਦੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦੇ ਹਾਂ। ਅਸੀਂ ਉਨ੍ਹਾਂ ਨਾਲ ਮਿਲ ਕੇ ਖਾਣਾ ਖਾਂਦੇ ਹਾਂ ਅਤੇ ਪਰਿਵਾਰਕ ਸਟੱਡੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਸਕੇ ਜੋ ਯਹੋਵਾਹ ਨੂੰ ਪਿਆਰ ਕਰਦੇ ਅਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਦੇ ਹਨ। . . . ਉਨ੍ਹਾਂ ਦੇ ਤਜਰਬੇ ਸੁਣ ਕੇ, ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਦਾ ਜੋਸ਼ ਅਤੇ ਸਖ਼ਤ ਮਿਹਨਤ ਦੇਖ ਕੇ ਸਾਡੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਡੇ ਬੱਚੇ ਯਹੋਵਾਹ ਦੇ ਹੋਰ ਵੀ ਨੇੜੇ ਗਏ।” w22.05 29-30 ਪੈਰੇ 14-15
ਐਤਵਾਰ 7 ਅਪ੍ਰੈਲ
ਤੁਸੀਂ ਧਰਤੀ ਉੱਤੇ ਜੋ ਬੰਨ੍ਹੋਗੇ, ਉਹ ਪਹਿਲਾਂ ਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੋਵੇਗਾ।—ਮੱਤੀ 18:18.
ਜਦੋਂ ਬਜ਼ੁਰਗ ਪਾਪ ਕਰਨ ਵਾਲੇ ਵਿਅਕਤੀ ਨੂੰ ਮਿਲਦੇ ਹਨ, ਤਾਂ ਉਹ ਉਹੀ ਫ਼ੈਸਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਯਹੋਵਾਹ ਨੇ ਸਵਰਗ ਵਿਚ ਪਹਿਲਾਂ ਹੀ ਲਿਆ ਹੋਵੇਗਾ। ਯਹੋਵਾਹ ਮੁਤਾਬਕ ਫ਼ੈਸਲਾ ਕਰਨ ਲਈ ਬਜ਼ੁਰਗ ਪ੍ਰਾਰਥਨਾ ਕਰ ਕੇ ਬਾਈਬਲ ਦੇ ਅਸੂਲਾਂ ਅਤੇ ਮਾਮਲੇ ਨੂੰ ਨਜਿੱਠਣ ਸੰਬੰਧੀ ਹਿਦਾਇਤਾਂ ʼਤੇ ਸੋਚ-ਵਿਚਾਰ ਕਰਦੇ ਹਨ। ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ? ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਜਿਸ ਨਾਲ ਯਹੋਵਾਹ ਦੀਆਂ ਅਨਮੋਲ ਭੇਡਾਂ ਦੀ ਰਾਖੀ ਹੁੰਦੀ ਹੈ। (1 ਕੁਰਿੰ. 5:6, 7, 11-13; ਤੀਤੁ. 3:10, 11) ਇਸ ਫ਼ੈਸਲੇ ਕਰਕੇ ਪਾਪੀ ਨੂੰ ਵੀ ਤੋਬਾ ਕਰਨ ਅਤੇ ਯਹੋਵਾਹ ਕੋਲ ਵਾਪਸ ਆਉਣ ਦਾ ਮੌਕਾ ਮਿਲਦਾ ਹੈ। (ਲੂਕਾ 5:32) ਬਜ਼ੁਰਗ ਦਿਲੋਂ ਤੋਬਾ ਕਰਨ ਵਾਲੇ ਪਾਪੀ ਲਈ ਪ੍ਰਾਰਥਨਾ ਕਰਦੇ ਹਨ ਕਿ ਯਹੋਵਾਹ ਪਾਪੀ ਦੀ ਉਸ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਮਦਦ ਕਰੇ। (ਯਾਕੂ. 5:15) ਜੇ ਬਜ਼ੁਰਗ ਦੇਖਦੇ ਹਨ ਕਿ ਕੋਈ ਵਿਅਕਤੀ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦਾ, ਤਾਂ ਉਹ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੰਦੇ ਹਨ। ਪਰ ਜੇ ਬਾਅਦ ਵਿਚ ਉਸ ਵਿਅਕਤੀ ਦੀ ਅਕਲ ਟਿਕਾਣੇ ਆ ਜਾਂਦੀ ਹੈ ਤੇ ਉਹ ਦਿਲੋਂ ਤੋਬਾ ਕਰਦਾ ਹੈ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਦਾ ਹੈ, ਤਾਂ ਯਹੋਵਾਹ ਉਸ ਨੂੰ ਮਾਫ਼ ਕਰਨ ਲਈ ਤਿਆਰ ਹੈ, ਫਿਰ ਚਾਹੇ ਉਸ ਨੇ ਗੰਭੀਰ ਪਾਪ ਹੀ ਕਿਉਂ ਨਾ ਕੀਤਾ ਹੋਵੇ।—ਲੂਕਾ 15:17-24; 2 ਇਤਿ. 33:9, 12, 13; 1 ਤਿਮੋ. 1:15. w22.06 9 ਪੈਰੇ 5-6
ਸੋਮਵਾਰ 8 ਅਪ੍ਰੈਲ
ਹੋਸ਼ ਵਿਚ ਰਹੋ, ਖ਼ਬਰਦਾਰ ਰਹੋ! ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ਼ ਜਾਵੇ।—1 ਪਤ. 5:8.
ਯਹੋਵਾਹ ਦੀ ਮਦਦ ਨਾਲ ਦੁਨੀਆਂ ਭਰ ਦੇ ਮਸੀਹੀ ਔਖੀਆਂ ਘੜੀਆਂ ਵਿੱਚੋਂ ਨਿਕਲ ਰਹੇ ਹਨ ਅਤੇ ਸਫ਼ਲਤਾ ਨਾਲ ਸ਼ੈਤਾਨ ਦਾ ਵਿਰੋਧ ਕਰ ਰਹੇ ਹਨ। (1 ਪਤ. 5:9) ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ। ਬਹੁਤ ਜਲਦ ਯਹੋਵਾਹ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲਿਆਂ ਨੂੰ ਹੁਕਮ ਦੇਵੇਗਾ ਕਿ “ਉਹ ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰਨ। (1 ਯੂਹੰ. 3:8) ਇਸ ਤੋਂ ਬਾਅਦ ਧਰਤੀ ʼਤੇ ਪਰਮੇਸ਼ੁਰ ਦੇ ਲੋਕ ਬਿਨਾਂ ਕਿਸੇ “ਡਰ” ਤੇ “ਖ਼ੌਫ਼” ਦੇ ਉਸ ਦੀ ਸੇਵਾ ਕਰਨਗੇ। (ਯਸਾ. 54:14; ਮੀਕਾ. 4:4) ਉਦੋਂ ਤਕ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਡਰ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੀਏ। ਸਾਨੂੰ ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਨੇ ਕਿਵੇਂ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਦੀ ਰਾਖੀ ਕੀਤੀ ਸੀ। ਨਾਲੇ ਸਾਨੂੰ ਇਸ ਬਾਰੇ ਹੋਰ ਭੈਣਾਂ-ਭਰਾਵਾਂ ਨੂੰ ਵੀ ਦੱਸਣਾ ਚਾਹੀਦਾ ਹੈ। ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਕਿਵੇਂ ਮੁਸ਼ਕਲ ਘੜੀਆਂ ਵਿਚ ਸਾਡੀ ਮਦਦ ਕਰਦਾ ਹੈ। ਯਹੋਵਾਹ ਦੀ ਮਦਦ ਨਾਲ ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ।—ਜ਼ਬੂ. 34:4. w22.06 19 ਪੈਰੇ 19-20
ਮੰਗਲਵਾਰ 9 ਅਪ੍ਰੈਲ
‘ਪੱਥਰ ਮੂਰਤ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ʼਤੇ ਵੱਜਾ।’—ਦਾਨੀ. 2:34.
“ਲੋਹੇ ਅਤੇ ਮਿੱਟੀ ਦੇ ਪੈਰਾਂ” ਨਾਲ ਦਰਸਾਈ ਗਈ ਵਿਸ਼ਵ ਸ਼ਕਤੀ ਨੇ ਆਖ਼ਰੀ ਵਿਸ਼ਵ ਸ਼ਕਤੀ ਹੋਣਾ ਸੀ। ਇਹ ਵਿਸ਼ਵ ਸ਼ਕਤੀ ਪਹਿਲੇ ਵਿਸ਼ਵ ਯੁੱਧ ਦੌਰਾਨ ਹੋਂਦ ਵਿਚ ਆਈ ਜਦੋਂ ਬ੍ਰਿਟੇਨ ਅਤੇ ਅਮਰੀਕਾ ਨੇ ਇਕ-ਦੂਜੇ ਨਾਲ ਖ਼ਾਸ ਦੋਸਤੀ ਕਾਇਮ ਕੀਤੀ। ਇਸ ਨੂੰ ਐਂਗਲੋ-ਅਮਰੀਕੀ ਗਠਜੋੜ ਕਿਹਾ ਗਿਆ। ਇਸ ਸੁਪਨੇ ਵਿਚ ਪਹਿਲੀਆਂ ਵਿਸ਼ਵ ਸ਼ਕਤੀਆਂ ਨਾਲੋਂ ਇਸ ਵਿਸ਼ਵ ਸ਼ਕਤੀ ਬਾਰੇ ਅਲੱਗ ਗੱਲਾਂ ਦਿਖਾਈਆਂ ਗਈਆਂ ਸਨ। ਦਰਸ਼ਣ ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਮਿੱਟੀ ਤੇ ਲੋਹੇ ਨਾਲ ਦਰਸਾਇਆ ਗਿਆ ਹੈ, ਜਦ ਕਿ ਬਾਕੀ ਵਿਸ਼ਵ ਸ਼ਕਤੀਆਂ ਨੂੰ ਸੋਨੇ-ਚਾਂਦੀ ਵਰਗੀਆਂ ਮਜ਼ਬੂਤ ਧਾਤਾਂ ਨਾਲ ਦਰਸਾਇਆ ਗਿਆ ਹੈ। ਮਿੱਟੀ “ਮਨੁੱਖਜਾਤੀ ਦੀ ਸੰਤਾਨ” ਯਾਨੀ ਆਮ ਲੋਕਾਂ ਨੂੰ ਦਰਸਾਉਂਦੀ ਹੈ। (ਦਾਨੀ. 2:43, ਫੁਟਨੋਟ) ਅੱਜ ਅਸੀਂ ਇਹ ਗੱਲ ਸਾਫ਼ ਦੇਖਦੇ ਹਾਂ ਕਿ ਆਮ ਲੋਕ ਇਸ ਵਿਸ਼ਵ ਸ਼ਕਤੀ ਦੀ ਲੋਹੇ ਵਰਗੀ ਤਾਕਤ ਨੂੰ ਕਮਜ਼ੋਰ ਕਰਦੇ ਹਨ। ਲੋਕ ਵੋਟਾਂ, ਧਰਨਿਆਂ ਮਜ਼ਦੂਰ ਯੂਨੀਅਨਾਂ ਦੇ ਜ਼ਰੀਏ ਅਤੇ ਨਾਗਰਿਕ ਹੱਕਾਂ ਲਈ ਲੜ ਕੇ ਇਸ ਵਿਸ਼ਵ ਸ਼ਕਤੀ ਨੂੰ ਆਪਣੀਆਂ ਨੀਤੀਆਂ ਲਾਗੂ ਕਰਨ ਤੋਂ ਰੋਕਦੇ ਹਨ। w22.07 4-5 ਪੈਰੇ 9-10
ਬੁੱਧਵਾਰ 10 ਅਪ੍ਰੈਲ
ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ।—ਯੂਹੰ. 4:34.
ਕੀ ਤੁਸੀਂ ਬਪਤਿਸਮਾ ਲੈਣ ਤੋਂ ਝਿਜਕ ਰਹੇ ਹੋ? ਹੋ ਸਕਦਾ ਹੈ ਕਿ ਤੁਹਾਡੀ ਮਦਦ ਹੋਵੋ ਜੇ ਤੁਸੀਂ ਖ਼ੁਦ ਨੂੰ ਪੁੱਛੋ, ‘ਕਿਹੜੀ ਗੱਲ ਮੈਨੂੰ ਬਪਤਿਸਮਾ ਲੈਣ ਤੋਂ ਰੋਕਦੀ ਹੈ?’ (ਰਸੂ. 8:36) ਧਿਆਨ ਦਿਓ ਕਿ ਯਿਸੂ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਦੀ ਤੁਲਨਾ ਭੋਜਨ ਨਾਲ ਕੀਤੀ। ਭੋਜਨ ਨਾਲ ਕਿਉਂ? ਕਿਉਂਕਿ ਭੋਜਨ ਖਾਣ ਨਾਲ ਸਾਡਾ ਭਲਾ ਹੁੰਦਾ ਹੈ। ਯਿਸੂ ਜਾਣਦਾ ਸੀ ਕਿ ਯਹੋਵਾਹ ਸਾਨੂੰ ਜੋ ਵੀ ਕਰਨ ਲਈ ਕਹਿੰਦਾ ਹੈ, ਉਸ ਨਾਲ ਹਮੇਸ਼ਾ ਸਾਡਾ ਭਲਾ ਹੁੰਦਾ ਹੈ। ਯਹੋਵਾਹ ਕਦੇ ਵੀ ਸਾਨੂੰ ਕੁਝ ਇੱਦਾਂ ਦਾ ਕਰਨ ਲਈ ਨਹੀਂ ਕਹੇਗਾ ਜਿਸ ਨਾਲ ਸਾਡਾ ਨੁਕਸਾਨ ਹੋਵੇ। ਤਾਂ ਕੀ ਯਹੋਵਾਹ ਦੀ ਇਹ ਇੱਛਾ ਹੈ ਕਿ ਤੁਸੀਂ ਬਪਤਿਸਮਾ ਲਓ? ਜੀ ਹਾਂ। (ਰਸੂ. 2:38) ਇਸ ਲਈ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਬਪਤਿਸਮਾ ਲੈਣ ਬਾਰੇ ਉਸ ਦਾ ਹੁਕਮ ਮੰਨ ਕੇ ਤੁਹਾਡਾ ਭਲਾ ਜ਼ਰੂਰ ਹੋਵੇਗਾ। ਜੇ ਤੁਸੀਂ ਕੋਈ ਵਧੀਆ ਖਾਣਾ ਖਾਣ ਤੋਂ ਨਹੀਂ ਝਿਜਕਦੇ, ਤਾਂ ਫਿਰ ਬਪਤਿਸਮਾ ਲੈਣ ਤੋਂ ਕਿਉਂ ਝਿਜਕਦੇ ਹੋ? ਕਿਹੜੀ ਗੱਲ ਤੁਹਾਨੂੰ ਬਪਤਿਸਮਾ ਲੈਣ ਤੋਂ ਰੋਕਦੀ ਹੈ? ਕਈ ਜਣੇ ਸ਼ਾਇਦ ਕਹਿਣ, “ਮੈਂ ਹਾਲੇ ਤਿਆਰ ਨਹੀਂ ਹਾਂ।” ਇਹ ਸੱਚ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਅਤੇ ਬਪਤਿਸਮਾ ਲੈਣਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਫ਼ੈਸਲਾ ਹੈ। ਇਸ ਵਿਚ ਸਮਾਂ ਤਾਂ ਲੱਗਦਾ ਹੀ ਹੈ, ਬਹੁਤ ਕੁਝ ਸੋਚਣਾ ਪੈਂਦਾ ਹੈ ਅਤੇ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। w23.03 7 ਪੈਰੇ 18-20
ਵੀਰਵਾਰ 11 ਅਪ੍ਰੈਲ
ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ ਨੂੰ,” ਜੋ ਕਿ ਮਸੀਹ ਹੈ।—ਗਲਾ. 3:16.
ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ, ਤਾਂ ਉਸ ਵੇਲੇ ਉਹ ਔਰਤ ਦੀ ਮੁੱਖ ਸੰਤਾਨ ਬਣ ਗਿਆ। ਯਿਸੂ ਦੀ ਮੌਤ ਤੋਂ ਬਾਅਦ ਜਦੋਂ ਪਰਮੇਸ਼ੁਰ ਨੇ ਉਸ ਨੂੰ ਜੀ ਉਠਾਇਆ, ਤਾਂ ਪਰਮੇਸ਼ੁਰ ਨੇ “ਉਸ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ” ਤੇ ਉਸ ਨੂੰ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਦਿੱਤਾ। ਨਾਲੇ ਉਸ ਨੂੰ “ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰਨ ਦਾ ਅਧਿਕਾਰ ਵੀ ਦਿੱਤਾ। (ਇਬ. 2:7; ਮੱਤੀ 28:18; 1 ਯੂਹੰ. 3:8.) ਪਰ ਔਰਤ ਦੀ ਸੰਤਾਨ ਵਿਚ ਯਿਸੂ ਤੋਂ ਇਲਾਵਾ ਹੋਰ ਕਈ ਜਣੇ ਵੀ ਸ਼ਾਮਲ ਹਨ। ਪੌਲੁਸ ਰਸੂਲ ਨੇ ਇਨ੍ਹਾਂ ਦੀ ਪਛਾਣ ਕਰਾਈ ਸੀ। ਉਸ ਨੇ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਕਿਹਾ ਸੀ: “ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ ਅਤੇ ਵਾਅਦੇ ਮੁਤਾਬਕ ਵਾਰਸ ਹੋ।” (ਗਲਾ. 3:28, 29) ਜਦੋਂ ਯਹੋਵਾਹ ਕਿਸੇ ਮਸੀਹੀ ਨੂੰ ਪਵਿੱਤਰ ਸ਼ਕਤੀ ਨਾਲ ਚੁਣਦਾ ਹੈ, ਤਾਂ ਉਹ ਵੀ ਔਰਤ ਦੀ ਸੰਤਾਨ ਵਿਚ ਸ਼ਾਮਲ ਹੋ ਜਾਂਦਾ ਹੈ। ਇਸ ਲਈ ਇਸ ਸੰਤਾਨ ਵਿਚ ਯਿਸੂ ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ ਸ਼ਾਮਲ ਹਨ। (ਪ੍ਰਕਾ. 14:1) ਇਹ ਸਾਰੇ ਜਣੇ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਵਰਗੇ ਗੁਣ ਜ਼ਾਹਰ ਕਰਦੇ ਹਨ। w22.07 16 ਪੈਰੇ 8-9
ਸ਼ੁੱਕਰਵਾਰ 12 ਅਪ੍ਰੈਲ
ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ; ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।—ਅੱਯੂ. 7:16.
ਸਾਨੂੰ ਪਤਾ ਹੈ ਕਿ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਡੇ ʼਤੇ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ। (2 ਤਿਮੋ. 3:1) ਕਈ ਵਾਰ ਸ਼ਾਇਦ ਅਸੀਂ ਉਦੋਂ ਨਿਰਾਸ਼ ਅਤੇ ਪਰੇਸ਼ਾਨ ਹੋ ਜਾਈਏ ਜਦੋਂ ਸਾਡੇ ʼਤੇ ਇਕ ਤੋਂ ਬਾਅਦ ਇਕ ਮੁਸ਼ਕਲ ਆਵੇ ਜਾਂ ਇੱਕੋ ਵਾਰ ਬਹੁਤ ਸਾਰੀਆਂ ਮੁਸ਼ਕਲਾਂ ਆ ਜਾਣ। ਯਾਦ ਰੱਖੋ, ਯਹੋਵਾਹ ਦੇਖਦਾ ਹੈ ਕਿ ਅਸੀਂ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਾਂ। ਨਾਲੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਮਦਦ ਨਾਲ ਅਸੀਂ ਹਰ ਮੁਸ਼ਕਲ ਝੱਲ ਸਕਦੇ ਹਾਂ। ਜ਼ਰਾ ਵਫ਼ਾਦਾਰ ਆਦਮੀ ਅੱਯੂਬ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਥੋੜ੍ਹੇ ਹੀ ਸਮੇਂ ਵਿਚ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪਈਆਂ। ਇੱਕੋ ਦਿਨ ਵਿਚ ਉਸ ਦਾ ਸਭ ਕੁਝ ਲੁੱਟ ਗਿਆ। ਉਸ ਦੇ ਸਾਰੇ ਜਾਨਵਰ ਜਾਂ ਤਾਂ ਚੋਰੀ ਹੋ ਗਏ ਜਾਂ ਮਾਰੇ ਗਏ। ਉਸ ਦੇ ਨੌਕਰ ਵੀ ਮਾਰੇ ਗਏ। ਉਸ ਨਾਲ ਸਭ ਤੋਂ ਜ਼ਿਆਦਾ ਬੁਰਾ ਉਦੋਂ ਹੋਇਆ ਜਦੋਂ ਇਕ ਹਾਦਸੇ ਵਿਚ ਉਸ ਦੇ ਸਾਰੇ ਬੱਚੇ ਮਾਰੇ ਗਏ। (ਅੱਯੂ. 1:13-19) ਅੱਯੂਬ ਹਾਲੇ ਆਪਣੇ ਗਮ ਵਿੱਚੋਂ ਨਿਕਲਿਆ ਵੀ ਨਹੀਂ ਸੀ ਕਿ ਉਸ ਨੂੰ ਇਕ ਬਹੁਤ ਹੀ ਭਿਆਨਕ ਅਤੇ ਦਰਦਨਾਕ ਬੀਮਾਰੀ ਲੱਗ ਗਈ। (ਅੱਯੂ. 2:7) ਯਹੋਵਾਹ ਅੱਯੂਬ ਨੂੰ ਦੇਖ ਰਿਹਾ ਸੀ। ਅੱਯੂਬ ਨੂੰ ਪਿਆਰ ਕਰਨ ਕਰਕੇ ਯਹੋਵਾਹ ਨੇ ਉਸ ਦੀ ਹਰ ਤਰੀਕੇ ਨਾਲ ਮਦਦ ਕੀਤੀ ਤਾਂਕਿ ਉਹ ਵਫ਼ਾਦਾਰ ਰਹਿ ਸਕੇ ਅਤੇ ਮੁਸ਼ਕਲਾਂ ਝੱਲ ਸਕੇ। w22.08 11 ਪੈਰੇ 8-10
ਸ਼ਨੀਵਾਰ 13 ਅਪ੍ਰੈਲ
ਯਹੋਵਾਹ ਉਸੇ ਨੂੰ ਅਨੁਸ਼ਾਸਨ ਦਿੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ।—ਇਬ. 12:6.
ਅਨੁਸ਼ਾਸਨ ਮਿਲਣ ਤੇ ਸਾਨੂੰ ਦੁੱਖ ਹੁੰਦਾ ਹੈ। ਅਸੀਂ ਸ਼ਾਇਦ ਸੋਚਣ ਲੱਗ ਪਈਏ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ। ਇਸ ਕਰਕੇ ਹੋ ਸਕਦਾ ਹੈ ਕਿ ਅਸੀਂ ਇਸ ਅਹਿਮ ਗੱਲ ਨੂੰ ਭੁੱਲ ਜਾਈਏ ਕਿ ਅਨੁਸ਼ਾਸਨ ਸਾਡੇ ਲਈ ਯਹੋਵਾਹ ਦੇ ਪਿਆਰ ਦਾ ਸਬੂਤ ਹੈ। (ਇਬ. 12:5, 11) ਇਸ ਲਈ ਅਨੁਸ਼ਾਸਨ ਕਬੂਲ ਕਰੋ ਅਤੇ ਜ਼ਰੂਰੀ ਬਦਲਾਅ ਕਰੋ। ਯਿਸੂ ਨੇ ਦੂਜੇ ਰਸੂਲਾਂ ਸਾਮ੍ਹਣੇ ਕਈ ਵਾਰ ਪਤਰਸ ਨੂੰ ਸੁਧਾਰਿਆ ਸੀ। (ਮਰ. 8:33; ਲੂਕਾ 22:31-34) ਹੋ ਸਕਦਾ ਹੈ ਕਿ ਇਸ ਕਰਕੇ ਪਤਰਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਹੋਵੇ। ਫਿਰ ਵੀ ਪਤਰਸ ਯਿਸੂ ਪ੍ਰਤੀ ਵਫ਼ਾਦਾਰ ਰਿਹਾ। ਉਸ ਨੇ ਅਨੁਸ਼ਾਸਨ ਨੂੰ ਕਬੂਲ ਕੀਤਾ ਅਤੇ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੇ। ਨਤੀਜੇ ਵਜੋਂ, ਯਹੋਵਾਹ ਨੇ ਪਤਰਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ ਅਤੇ ਮੰਡਲੀ ਵਿਚ ਉਸ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ। (ਯੂਹੰ. 21:15-17; ਰਸੂ. 10:24-33; 1 ਪਤ. 1:1) ਅਨੁਸ਼ਾਸਨ ਮਿਲਣ ਕਰਕੇ ਸ਼ਰਮਿੰਦਾ ਹੋਣ ਦੀ ਬਜਾਇ ਸਾਨੂੰ ਇਸ ਮੁਤਾਬਕ ਆਪਣੇ ਅੰਦਰ ਸੁਧਾਰ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਸਾਨੂੰ, ਸਗੋਂ ਦੂਜਿਆਂ ਨੂੰ ਵੀ ਫ਼ਾਇਦਾ ਹੋਵੇਗਾ। ਨਾਲੇ ਯਹੋਵਾਹ ਸਾਨੂੰ ਆਪਣੀ ਸੇਵਾ ਵਿਚ ਹੋਰ ਵੀ ਵਰਤੇਗਾ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਕੰਮ ਆਵਾਂਗੇ। w22.11 21-22 ਪੈਰੇ 6-7
ਐਤਵਾਰ 14 ਅਪ੍ਰੈਲ
[ਇਸਹਾਕ] ਨੂੰ ਹੋਮ-ਬਲ਼ੀ ਦੇ ਤੌਰ ਤੇ ਚੜ੍ਹਾ ਦੇਈਂ।—ਉਤ. 22:2.
ਅਬਰਾਹਾਮ ਜਾਣਦਾ ਸੀ ਕਿ ਯਹੋਵਾਹ ਕਦੇ ਵੀ ਕੋਈ ਗ਼ਲਤ ਕੰਮ ਨਹੀਂ ਕਰ ਸਕਦਾ ਤੇ ਉਹ ਪੱਥਰ-ਦਿਲ ਨਹੀਂ ਹੈ। ਪੌਲੁਸ ਰਸੂਲ ਨੇ ਦੱਸਿਆ ਕਿ ਅਬਰਾਹਾਮ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਦੇ ਪਿਆਰੇ ਪੁੱਤਰ ਇਸਹਾਕ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ। (ਇਬ. 11:17-19) ਅਬਰਾਹਾਮ ਨੇ ਸੋਚ-ਵਿਚਾਰ ਕੀਤਾ ਹੋਣਾ ਕਿ ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਸਹਾਕ ਇਕ ਕੌਮ ਦਾ ਪਿਤਾ ਬਣੇਗਾ। ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਇਸਹਾਕ ਦੀ ਬਲ਼ੀ ਦੇਣ ਲਈ ਕਿਹਾ ਸੀ, ਉਦੋਂ ਤਕ ਇਸਹਾਕ ਦਾ ਕੋਈ ਬੱਚਾ ਨਹੀਂ ਸੀ। ਅਬਰਾਹਾਮ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਉਸ ਨੂੰ ਆਪਣੇ ਪਿਤਾ ʼਤੇ ਭਰੋਸਾ ਸੀ ਕਿ ਉਹ ਹਮੇਸ਼ਾ ਸਹੀ ਕੰਮ ਹੀ ਕਰੇਗਾ। ਨਿਹਚਾ ਹੋਣ ਕਰਕੇ ਅਬਰਾਹਾਮ ਯਹੋਵਾਹ ਦਾ ਇਹ ਔਖਾ ਹੁਕਮ ਮੰਨਣ ਤੋਂ ਵੀ ਪਿੱਛੇ ਨਹੀਂ ਹਟਿਆ। (ਉਤ. 22:1-12) ਅਸੀਂ ਅਬਰਾਹਾਮ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਬਰਾਹਾਮ ਵਾਂਗ ਸਾਨੂੰ ਵੀ ਯਹੋਵਾਹ ਬਾਰੇ ਸਿੱਖਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਵਾਂਗੇ ਅਤੇ ਉਸ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਾਂਗੇ। (ਜ਼ਬੂ. 73:28) ਨਾਲੇ ਇਸ ਤਰ੍ਹਾਂ ਸਾਡੀ ਜ਼ਮੀਰ ਨੂੰ ਸਿਖਲਾਈ ਮਿਲੇਗੀ ਕਿ ਅਸੀਂ ਪਰਮੇਸ਼ੁਰ ਦੀ ਸੋਚ ਮੁਤਾਬਕ ਚੱਲੀਏ। (ਇਬ. 5:14) ਇਸ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ? ਜੇ ਕੋਈ ਸਾਡੇ ʼਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਵੇਗਾ, ਤਾਂ ਅਸੀਂ ਉਸ ਨੂੰ ਸਾਫ਼-ਸਾਫ਼ ਮਨ੍ਹਾਂ ਕਰ ਸਕਾਂਗੇ। ਅਸੀਂ ਅਜਿਹਾ ਕੁਝ ਵੀ ਕਰਨ ਬਾਰੇ ਨਹੀਂ ਸੋਚਾਂਗੇ ਜਿਸ ਨਾਲ ਸਾਡੇ ਪਿਤਾ ਨੂੰ ਦੁੱਖ ਪਹੁੰਚੇ ਅਤੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇ। w22.08 28-29 ਪੈਰੇ 11-12
ਸੋਮਵਾਰ 15 ਅਪ੍ਰੈਲ
ਚਿੰਤਾ ਮਨੁੱਖ ਦੇ ਦਿਲ ਨੂੰ ਝੁਕਾ ਦਿੰਦੀ ਹੈ, ਪਰ ਚੰਗੀ ਗੱਲ ਇਸ ਨੂੰ ਖ਼ੁਸ਼ ਕਰ ਦਿੰਦੀ ਹੈ।—ਕਹਾ. 12:25.
ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਦੀਆਂ ਮੰਡਲੀਆਂ ਵਿਚ ਵਾਪਸ ਆ ਕੇ ਪੌਲੁਸ ਰਸੂਲ ਅਤੇ ਬਰਨਾਬਾਸ ਨੇ “ਹਰ ਮੰਡਲੀ ਵਿਚ ਉਨ੍ਹਾਂ ਲਈ ਬਜ਼ੁਰਗ ਨਿਯੁਕਤ ਕੀਤੇ।” (ਰਸੂ. 14:21-23) ਬਿਨਾਂ ਸ਼ੱਕ, ਇਨ੍ਹਾਂ ਬਜ਼ੁਰਗਾਂ ਨੇ ਮੰਡਲੀਆਂ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਇਆ ਹੋਣਾ। ਅੱਜ ਵੀ ਬਜ਼ੁਰਗ ਇਸੇ ਤਰ੍ਹਾਂ ਕਰਦੇ ਹਨ। ਬਜ਼ੁਰਗੋ, ਉਨ੍ਹਾਂ ਭੈਣਾਂ-ਭਰਾਵਾਂ ਵੱਲ ਵੀ ਧਿਆਨ ਦਿਓ ਜਿਨ੍ਹਾਂ ਦਾ ਤੁਹਾਡੀ ਕਹੀ ਇਕ “ਚੰਗੀ ਗੱਲ” ਨਾਲ ਹੌਸਲਾ ਵਧ ਸਕਦਾ ਹੈ। ਪੌਲੁਸ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਯਾਦ ਕਰਾਇਆ ਜਿਨ੍ਹਾਂ ਨੇ ਯਹੋਵਾਹ ਦੀ ਮਦਦ ਨਾਲ ਵੱਡੀਆਂ-ਵੱਡੀਆਂ ਮੁਸ਼ਕਲਾਂ ਝੱਲੀਆਂ ਸਨ। ਪੌਲੁਸ ਨੇ ਉਨ੍ਹਾਂ ਸੇਵਕਾਂ ਨੂੰ ‘ਗਵਾਹਾਂ ਦਾ ਵੱਡਾ ਬੱਦਲ’ ਕਿਹਾ। (ਇਬ. 12:1) ਪੌਲੁਸ ਜਾਣਦਾ ਸੀ ਕਿ ਉਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਜ਼ਿੰਦਗੀਆਂ ʼਤੇ ਗੌਰ ਕਰ ਕੇ ਉਸ ਦੇ ਜ਼ਮਾਨੇ ਦੇ ਭੈਣ-ਭਰਾ ਦਲੇਰ ਬਣ ਸਕਦੇ ਸਨ। ਨਾਲੇ ਉਹ ਆਪਣਾ ਧਿਆਨ “ਜੀਉਂਦੇ ਪਰਮੇਸ਼ੁਰ ਦੇ ਸ਼ਹਿਰ” ਉੱਤੇ ਲਾਈ ਰੱਖ ਸਕਦੇ ਸਨ। (ਇਬ. 12:22) ਇਹ ਗੱਲ ਅੱਜ ਵੀ ਸੱਚ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਨੇ ਗਿਦਾਊਨ, ਬਾਰਾਕ, ਦਾਊਦ, ਸਮੂਏਲ ਅਤੇ ਹੋਰ ਵਫ਼ਾਦਾਰ ਸੇਵਕਾਂ ਦੀ ਕਿਵੇਂ ਮਦਦ ਕੀਤੀ, ਤਾਂ ਸਾਡਾ ਹੌਸਲਾ ਵਧਦਾ ਹੈ।—ਇਬ. 11:32-35. w22.08 21-22 ਪੈਰੇ 5-6
ਮੰਗਲਵਾਰ 16 ਅਪ੍ਰੈਲ
ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ।—ਪ੍ਰਕਾ. 20:13.
ਜੀਉਂਦੇ ਕੀਤੇ ਗਏ ਲੋਕਾਂ ਦਾ ਨਿਆਂ ਕਿਨ੍ਹਾਂ “ਕੰਮਾਂ” ਦੇ ਆਧਾਰ ʼਤੇ ਕੀਤਾ ਜਾਵੇਗਾ? ਕੀ ਉਨ੍ਹਾਂ ਕੰਮਾਂ ਦੇ ਆਧਾਰ ʼਤੇ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ? ਨਹੀਂ। ਯਾਦ ਰੱਖੋ, ਮਰਨ ਤੋਂ ਬਾਅਦ ਇਕ ਇਨਸਾਨ ਆਪਣੇ ਪਾਪਾਂ ਤੋਂ ਬਰੀ ਹੋ ਜਾਂਦਾ ਹੈ। ਇਸ ਲਈ ਉਨ੍ਹਾਂ “ਕੰਮਾਂ” ਦੇ ਆਧਾਰ ʼਤੇ ਉਨ੍ਹਾਂ ਦਾ ਨਿਆਂ ਨਹੀਂ ਕੀਤਾ ਜਾਵੇਗਾ। ਇਸ ਦੀ ਬਜਾਇ, ਨਵੀਂ ਦੁਨੀਆਂ ਵਿਚ ਯਹੋਵਾਹ ਬਾਰੇ ਸਿੱਖਣ ਤੋਂ ਬਾਅਦ ਉਹ ਜੋ ਕੰਮ ਕਰਨਗੇ, ਉਸ ਦੇ ਆਧਾਰ ʼਤੇ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ। ਉਸ ਵੇਲੇ ਨੂਹ, ਸਮੂਏਲ, ਦਾਊਦ ਅਤੇ ਦਾਨੀਏਲ ਵਰਗੇ ਵਫ਼ਾਦਾਰ ਆਦਮੀਆਂ ਨੂੰ ਵੀ ਯਿਸੂ ਮਸੀਹ ਬਾਰੇ ਸਿੱਖਣਾ ਪਵੇਗਾ ਅਤੇ ਉਸ ਦੀ ਕੁਰਬਾਨੀ ʼਤੇ ਨਿਹਚਾ ਕਰਨੀ ਪਵੇਗੀ। ਜੇ ਧਰਮੀ ਲੋਕਾਂ ਨੂੰ ਇੰਨਾ ਕੁਝ ਸਿੱਖਣਾ ਪਵੇਗਾ, ਤਾਂ ਜ਼ਰਾ ਸੋਚੋ ਕਿ ਕੁਧਰਮੀ ਲੋਕਾਂ ਨੂੰ ਕਿੰਨਾ ਜ਼ਿਆਦਾ ਸਿੱਖਣ ਦੀ ਲੋੜ ਪਵੇਗੀ! ਨਵੀਂ ਦੁਨੀਆਂ ਵਿਚ ਸਾਰੇ ਲੋਕਾਂ ਨੂੰ ਜੀਵਨ ਦੀ ਕਿਤਾਬ ਵਿਚ ਆਪਣਾ ਨਾਂ ਪੱਕੇ ਤੌਰ ਤੇ ਲਿਖਵਾਉਣ ਦਾ ਮੌਕਾ ਦਿੱਤਾ ਜਾਵੇਗਾ। ਪਰ ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਇਸ ਸ਼ਾਨਦਾਰ ਮੌਕੇ ਦਾ ਫ਼ਾਇਦਾ ਨਹੀਂ ਉਠਾਉਣਗੇ? ਪ੍ਰਕਾਸ਼ ਦੀ ਕਿਤਾਬ 20:15 ਵਿਚ ਲਿਖਿਆ ਹੈ: “ਜਿਸ ਕਿਸੇ ਦਾ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਮਿਲਿਆ, ਉਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।” ਜੀ ਹਾਂ, ਅਜਿਹੇ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਧਿਆਨ ਰੱਖੀਏ ਕਿ ਸਾਡੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਜਾਣ ਅਤੇ ਕਦੇ ਮਿਟਾਏ ਨਾ ਜਾਣ! w22.09 19 ਪੈਰੇ 17-19
ਬੁੱਧਵਾਰ 17 ਅਪ੍ਰੈਲ
‘ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼ ਰੱਖੋ।’—ਰਸੂ. 24:16.
ਸਿਹਤ ਅਤੇ ਇਲਾਜ ਨਾਲ ਜੁੜੇ ਇਸ ਤਰ੍ਹਾਂ ਦੇ ਕਈ ਫ਼ੈਸਲੇ ਹੁੰਦੇ ਹਨ ਜੋ ਅਸੀਂ ਬਾਈਬਲ ਦੁਆਰਾ ਸਿਖਾਈ ਆਪਣੀ ਜ਼ਮੀਰ ਮੁਤਾਬਕ ਕਰਦੇ ਹਾਂ। (1 ਤਿਮੋ. 3:9) ਇਸ ਲਈ ਕੋਈ ਫ਼ੈਸਲਾ ਕਰਦਿਆਂ ਅਤੇ ਇਸ ਬਾਰੇ ਦੂਜਿਆਂ ਨਾਲ ਗੱਲ ਕਰਦਿਆਂ ਅਸੀਂ ਫ਼ਿਲਿੱਪੀਆਂ 4:5 ਵਿਚ ਦਿੱਤਾ ਅਸੂਲ ਲਾਗੂ ਕਰਦੇ ਹਾਂ। ਇੱਥੇ ਲਿਖਿਆ ਹੈ: “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।” ਸਮਝਦਾਰੀ ਤੋਂ ਕੰਮ ਲੈਂਦੇ ਹੋਏ ਅਸੀਂ ਆਪਣੀ ਸਿਹਤ ਦਾ ਹੱਦੋਂ ਵੱਧ ਫ਼ਿਕਰ ਨਹੀਂ ਕਰਦੇ। ਭਾਵੇਂ ਸਾਡੇ ਭੈਣਾਂ-ਭਰਾਵਾਂ ਦੇ ਫ਼ੈਸਲੇ ਸਾਡੇ ਨਾਲੋਂ ਵੱਖਰੇ ਹੋਣ, ਫਿਰ ਵੀ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ। (ਰੋਮੀ. 14:10-12) ਅਸੀਂ ਜ਼ਿੰਦਗੀ ਦੇ ਸੋਮੇ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਇਸ ਕਰਕੇ ਅਸੀਂ ਆਪਣੀ ਜਾਨ ਦੀ ਹਿਫਾਜ਼ਤ ਕਰਦੇ ਹਾਂ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਾਂ। (ਪ੍ਰਕਾ. 4:11) ਅੱਜ ਇਸ ਦੁਨੀਆਂ ਵਿਚ ਸਾਨੂੰ ਕਈ ਬੀਮਾਰੀਆਂ ਅਤੇ ਆਫ਼ਤਾਂ ਸਹਿਣੀਆਂ ਪੈਂਦੀਆਂ ਹਨ। ਪਰ ਸਾਡਾ ਸਿਰਜਣਹਾਰ ਸਾਡੇ ਲਈ ਇਹ ਜ਼ਿੰਦਗੀ ਨਹੀਂ ਚਾਹੁੰਦਾ ਸੀ। ਇਸ ਲਈ ਉਹ ਸਾਨੂੰ ਬਹੁਤ ਜਲਦੀ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿੱਥੇ ਕੋਈ ਦੁੱਖ-ਦਰਦ ਅਤੇ ਮੌਤ ਨਹੀਂ ਹੋਵੇਗੀ। (ਪ੍ਰਕਾ. 21:4) ਪਰ ਉਦੋਂ ਤਕ ਆਓ ਆਪਾਂ ਆਪਣੀ ਸਿਹਤ ਦਾ ਧਿਆਨ ਰੱਖੀਏ ਅਤੇ ਆਪਣੇ ਪਿਆਰੇ ਸਵਰਗੀ ਪਿਤਾ ਯਹੋਵਾਹ ਦੀ ਸੇਵਾ ਕਰਦੇ ਰਹੀਏ! w23.02 25 ਪੈਰੇ 17-18
ਵੀਰਵਾਰ 18 ਅਪ੍ਰੈਲ
ਤੇਰਾ ਰਾਜ ਵੰਡ ਦਿੱਤਾ ਗਿਆ ਹੈ ਅਤੇ ਇਹ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ਹੈ।—ਦਾਨੀ. 5:28.
ਯਹੋਵਾਹ ਨੇ ਇਹ ਗੱਲ ਸਾਫ਼ ਜ਼ਾਹਰ ਕੀਤੀ ਕਿ ਉਹ ਦੁਨੀਆਂ ਦੇ “ਉੱਚ ਅਧਿਕਾਰੀਆਂ” ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। (ਰੋਮੀ. 13:1) ਇਸ ਬਾਰੇ ਤਿੰਨ ਮਿਸਾਲਾਂ ʼਤੇ ਗੌਰ ਕਰੋ। ਪਹਿਲੀ, ਮਿਸਰ ਦੇ ਫਿਰਊਨ ਨੇ ਯਹੋਵਾਹ ਦੇ ਲੋਕਾਂ ਨੂੰ ਗ਼ੁਲਾਮ ਬਣਾਇਆ ਸੀ ਅਤੇ ਉਹ ਵਾਰ-ਵਾਰ ਉਨ੍ਹਾਂ ਨੂੰ ਆਜ਼ਾਦ ਕਰਨ ਤੋਂ ਮਨ੍ਹਾ ਕਰ ਰਿਹਾ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਜ਼ਾਦ ਕਰਾ ਲਿਆ ਅਤੇ ਫਿਰਊਨ ਨੂੰ ਲਾਲ ਸਮੁੰਦਰ ਵਿਚ ਡੁਬੋ ਕੇ ਮਾਰ ਦਿੱਤਾ। (ਕੂਚ 14:26-28; ਜ਼ਬੂ. 136:15) ਦੂਜੀ, ਬਾਬਲ ਦੇ ਰਾਜਾ ਬੇਲਸ਼ੱਸਰ ਨੇ “ਖ਼ੁਦ ਨੂੰ ਸਵਰਗ ਦੇ ਮਾਲਕ ਦੇ ਖ਼ਿਲਾਫ਼ ਉੱਚਾ ਕੀਤਾ।” ਉਸ ਨੇ ਯਹੋਵਾਹ ਦੀ ਬਜਾਇ “ਆਪਣੇ ਚਾਂਦੀ, ਸੋਨੇ” ਦੇ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ। (ਦਾਨੀ. 5:22, 23) ਪਰ ਯਹੋਵਾਹ ਨੇ ਉਸ ਘਮੰਡੀ ਰਾਜੇ ਦਾ ਘਮੰਡ ਚੂਰ-ਚੂਰ ਕਰ ਦਿੱਤਾ। “ਉਸੇ ਰਾਤ” ਬੇਲਸ਼ੱਸਰ ਮਾਰਿਆ ਗਿਆ ਅਤੇ ਉਸ ਦਾ ਰਾਜ ਮਾਦੀਆਂ ਤੇ ਫਾਰਸੀਆਂ ਨੂੰ ਦੇ ਦਿੱਤਾ ਗਿਆ। (ਦਾਨੀ. 5:30, 31) ਤੀਜੀ, ਫਲਸਤੀਨ ਦੇ ਰਾਜੇ ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਰਸੂਲ ਯਾਕੂਬ ਨੂੰ ਮਰਵਾ ਦਿੱਤਾ ਅਤੇ ਪਤਰਸ ਰਸੂਲ ਨੂੰ ਵੀ ਮਰਵਾਉਣ ਦੇ ਇਰਾਦੇ ਨਾਲ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਪਰ ਯਹੋਵਾਹ ਨੇ ਹੇਰੋਦੇਸ ਦੀ ਸਕੀਮ ʼਤੇ ਪਾਣੀ ਫੇਰ ਦਿੱਤਾ। “ਯਹੋਵਾਹ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ” ਅਤੇ ਉਹ ਮਰ ਗਿਆ।—ਰਸੂ. 12:1-5, 21-23. w22.10 15 ਪੈਰਾ 12
ਸ਼ੁੱਕਰਵਾਰ 19 ਅਪ੍ਰੈਲ
ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ।—ਯਿਰ. 29:12.
ਜਦੋਂ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਵਫ਼ਾਦਾਰ ਸੇਵਕਾਂ ਦੀ ਕਿਵੇਂ ਦੇਖ-ਭਾਲ ਕੀਤੀ, ਤਾਂ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ। ਪਰਮੇਸ਼ੁਰ ਦੇ ਬਚਨ ਵਿਚ ਜੋ ਵੀ ਲਿਖਿਆ ਗਿਆ, “ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ ਹਨ। ਜ਼ਰਾ ਗੌਰ ਕਰੋ ਕਿ ਪਰਮੇਸ਼ੁਰ ਨੇ ਅਬਰਾਹਾਮ ਤੇ ਸਾਰਾਹ ਲਈ ਕੀ ਕੀਤਾ ਸੀ। ਉਹ ਬੁੱਢੇ ਹੋ ਚੁੱਕੇ ਸਨ ਤੇ ਉਨ੍ਹਾਂ ਦੇ ਬੱਚਾ ਹੋਣਾ ਨਾਮੁਮਕਿਨ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੇ ਬੱਚਾ ਹੋਵੇਗਾ। (ਉਤ. 18:10) ਕੀ ਅਬਰਾਹਾਮ ਨੇ ਯਹੋਵਾਹ ਦੀ ਇਸ ਗੱਲ ʼਤੇ ਨਿਹਚਾ ਕੀਤੀ? ਬਾਈਬਲ ਦੱਸਦੀ ਹੈ: “ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ।” (ਰੋਮੀ. 4:18) ਚਾਹੇ ਕਿ ਇਨਸਾਨੀ ਨਜ਼ਰੀਏ ਤੋਂ ਇੱਦਾਂ ਹੋਣ ਦੀ ਕੋਈ ਉਮੀਦ ਨਹੀਂ ਸੀ, ਫਿਰ ਵੀ ਅਬਰਾਹਾਮ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਅਖ਼ੀਰ, ਇਸ ਵਫ਼ਾਦਾਰ ਆਦਮੀ ਦੀ ਉਮੀਦ ਪੂਰੀ ਹੋਈ। (ਰੋਮੀ. 4:19-21) ਇੱਦਾਂ ਦੇ ਬਿਰਤਾਂਤਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। w22.10 27 ਪੈਰੇ 13-14
ਸ਼ਨੀਵਾਰ 20 ਅਪ੍ਰੈਲ
ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।—ਯਸਾ. 30:20.
ਯਸਾਯਾਹ ਦੀ ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਆਪਣੇ ਦੇਸ਼ ਵਾਪਸ ਆਏ। ਯਹੋਵਾਹ ਉਨ੍ਹਾਂ ਦਾ ਮਹਾਨ ਸਿੱਖਿਅਕ ਸਾਬਤ ਹੋਇਆ ਅਤੇ ਉਸ ਦੀ ਅਗਵਾਈ ਅਧੀਨ ਉਸ ਦੇ ਲੋਕ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕਰ ਪਾਏ। ਇਹ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਅੱਜ ਸਾਡਾ ਵੀ ਮਹਾਨ ਸਿੱਖਿਅਕ ਹੈ। ਯਸਾਯਾਹ ਨੇ ਸਾਡੀ ਤੁਲਨਾ ਵਿਦਿਆਰਥੀਆਂ ਨਾਲ ਕੀਤੀ ਜਿਨ੍ਹਾਂ ਦਾ ਸਿੱਖਿਅਕ ਯਹੋਵਾਹ ਹੈ। ਯਸਾਯਾਹ ਨੇ ਕਿਹਾ: “ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।” ਇਸ ਮਿਸਾਲ ਵਿਚ ਯਸਾਯਾਹ ਨੇ ਕਿਹਾ ਕਿ ਸਿੱਖਿਅਕ ਆਪਣੇ ਵਿਦਿਆਰਥੀਆਂ ਦੇ ਸਾਮ੍ਹਣੇ ਖੜ੍ਹਾ ਹੈ। ਸੱਚ-ਮੁੱਚ! ਯਹੋਵਾਹ ਵੱਲੋਂ ਸਿਖਾਏ ਜਾਣਾ ਸਾਡੇ ਲਈ ਸਨਮਾਨ ਦੀ ਗੱਲ ਹੈ। ਯਹੋਵਾਹ ਸਾਨੂੰ ਕਿਵੇਂ ਸਿੱਖਿਆ ਦਿੰਦਾ ਹੈ? ਆਪਣੇ ਸੰਗਠਨ ਦੇ ਜ਼ਰੀਏ। ਉਹ ਮੀਟਿੰਗਾਂ, ਪ੍ਰਕਾਸ਼ਨਾਂ, ਬ੍ਰਾਡਕਾਸਟਿੰਗ ਅਤੇ ਹੋਰ ਕਈ ਤਰੀਕਿਆਂ ਨਾਲ ਸਾਨੂੰ ਸਾਫ਼-ਸਾਫ਼ ਹਿਦਾਇਤਾਂ ਦਿੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਖ਼ੁਸ਼ੀ-ਖ਼ੁਸ਼ੀ ਮੁਸ਼ਕਲਾਂ ਸਹਿ ਪਾਉਂਦੇ ਹਾਂ। ਇਨ੍ਹਾਂ ਹਿਦਾਇਤਾਂ ਲਈ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ! w22.11 10 ਪੈਰੇ 8-9
ਐਤਵਾਰ 21 ਅਪ੍ਰੈਲ
ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?—ਮੱਤੀ 24:3.
ਯਰੂਸ਼ਲਮ ਤੇ ਉਸ ਦੇ ਮੰਦਰ ਦੇ ਨਾਸ਼ ਅਤੇ “ਇਸ ਯੁਗ ਦੇ ਆਖ਼ਰੀ ਸਮੇਂ” ਬਾਰੇ ਦੱਸਦਿਆਂ ਯਿਸੂ ਨੇ ਕਿਹਾ: “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” ਫਿਰ ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ‘ਜਾਗਦੇ ਰਹਿਣ’ ਅਤੇ “ਖ਼ਬਰਦਾਰ ਰਹਿਣ।” (ਮਰ. 13:32-37) ਪਹਿਲੀ ਸਦੀ ਦੇ ਯਹੂਦੀ ਮਸੀਹੀਆਂ ਨੂੰ ਖ਼ਬਰਦਾਰ ਰਹਿਣ ਦੀ ਲੋੜ ਸੀ ਕਿਉਂਕਿ ਉਨ੍ਹਾਂ ਦੀਆਂ ਜਾਨਾਂ ਦਾ ਸਵਾਲ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ: “ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ, ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ।” ਉਸ ਮੌਕੇ ʼਤੇ ਯਹੂਦੀਆਂ ਲਈ ਜ਼ਰੂਰੀ ਸੀ ਕਿ ਉਹ ਯਿਸੂ ਦੀ ਚੇਤਾਵਨੀ ਮੁਤਾਬਕ ਕਦਮ ਚੁੱਕਣ ਅਤੇ “ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।” (ਲੂਕਾ 21:20, 21) ਜਿਨ੍ਹਾਂ ਨੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ, ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ? ਜਦੋਂ ਰੋਮੀ ਫ਼ੌਜ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਉਦੋਂ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। ਅੱਜ ਅਸੀਂ ਇਸ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। ਇਸ ਲਈ ਸਾਨੂੰ ਵੀ ਹੋਸ਼ ਵਿਚ ਅਤੇ ਖ਼ਬਰਦਾਰ ਰਹਿਣਾ ਚਾਹੀਦਾ ਹੈ। w23.02 14 ਪੈਰੇ 1-2; 16 ਪੈਰਾ 3
ਸੋਮਵਾਰ 22 ਅਪ੍ਰੈਲ
‘ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ।’—ਜ਼ਬੂ. 31:5.
ਯਹੋਵਾਹ ਆਪਣੇ ਸੇਵਕਾਂ ਨੂੰ ਇਹ ਸਿਖਾਉਂਦਾ ਹੈ ਕਿ ਉਹ ਹਮੇਸ਼ਾ ਸੱਚ ਬੋਲਣ ਅਤੇ ਧਾਰਮਿਕਤਾ ਦੇ ਰਾਹ ʼਤੇ ਚੱਲਣ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਇੱਜ਼ਤ ਵਧਦੀ ਹੈ ਅਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ। (ਕਹਾ. 13:5, 6) ਜਦੋਂ ਤੁਸੀਂ ਬਾਈਬਲ ਸਟੱਡੀ ਕਰ ਰਹੇ ਸੀ, ਤਾਂ ਕੀ ਤੁਹਾਨੂੰ ਵੀ ਇੱਦਾਂ ਹੀ ਲੱਗਾ? ਤੁਸੀਂ ਸਿੱਖਿਆ ਕਿ ਸਿਰਫ਼ ਯਹੋਵਾਹ ਦਾ ਰਾਹ ਹੀ ਸਾਰੇ ਇਨਸਾਨਾਂ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਰਾਹ ਹੈ। (ਜ਼ਬੂ. 77:13) ਇਸ ਲਈ ਤੁਸੀਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣਾ ਚਾਹੁੰਦੇ ਹੋ। (ਮੱਤੀ 6:33) ਤੁਸੀਂ ਸੱਚਾਈ ਦਾ ਪੱਖ ਲੈਣਾ ਚਾਹੁੰਦੇ ਹੋ ਅਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਸ਼ੈਤਾਨ ਨੇ ਸਾਡੇ ਪਰਮੇਸ਼ੁਰ ਯਹੋਵਾਹ ʼਤੇ ਜੋ ਵੀ ਦੋਸ਼ ਲਾਏ ਹਨ, ਉਹ ਸਰਾਸਰ ਝੂਠ ਹਨ। ਪਰ ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਤੁਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਓਗੇ, ਉਸ ਤੋਂ ਇਹ ਸਾਬਤ ਹੋਵੇਗਾ ਕਿ ਤੁਸੀਂ ਸੱਚਾਈ ਅਤੇ ਧਾਰਮਿਕਤਾ ਨਾਲ ਪਿਆਰ ਕਰਦੇ ਹੋ। ਇਸ ਤਰ੍ਹਾਂ ਤੁਸੀਂ ਇਕ ਤਰ੍ਹਾਂ ਨਾਲ ਕਹਿ ਰਹੇ ਹੋਵੋਗੇ: “ਮੈਂ ਸ਼ੈਤਾਨ ਦੇ ਫੈਲਾਏ ਝੂਠ ʼਤੇ ਯਕੀਨ ਨਹੀਂ ਕਰਾਂਗਾ, ਸਗੋਂ ਮੈਂ ਸੱਚਾਈ ਦਾ ਸਾਥ ਦੇਵਾਂਗਾ। ਯਹੋਵਾਹ ਮੇਰਾ ਰਾਜਾ ਹੈ ਅਤੇ ਮੈਂ ਉਹੀ ਕਰਾਂਗਾ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ।” ਪਰ ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਤੁਸੀਂ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਸਕਦੇ ਹੋ ਅਤੇ ਫਿਰ ਸਾਰਿਆਂ ਸਾਮ੍ਹਣੇ ਆਪਣਾ ਸਮਰਪਣ ਜ਼ਾਹਰ ਕਰਨ ਲਈ ਬਪਤਿਸਮਾ ਲੈ ਸਕਦੇ ਹੋ। ਸੱਚਾਈ ਅਤੇ ਧਾਰਮਿਕਤਾ ਨਾਲ ਪਿਆਰ ਹੋਣ ਕਰਕੇ ਤੁਸੀਂ ਬਪਤਿਸਮਾ ਲੈਣ ਦਾ ਫ਼ੈਸਲਾ ਕਰੋਗੇ। w23.03 3 ਪੈਰੇ 4-5
ਮੰਗਲਵਾਰ 23 ਅਪ੍ਰੈਲ
ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ।—ਯੂਹੰ. 14:27.
ਇਕ ਅਜਿਹੀ ਸ਼ਾਂਤੀ ਹੈ ਜਿਸ ਬਾਰੇ ਦੁਨੀਆਂ ਦੇ ਲੋਕ ਕੁਝ ਵੀ ਨਹੀਂ ਜਾਣਦੇ। ਉਹ ਹੈ “ਪਰਮੇਸ਼ੁਰ ਦੀ ਸ਼ਾਂਤੀ” ਜੋ ਸਾਨੂੰ ਆਪਣੇ ਸਵਰਗੀ ਪਿਤਾ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਮਿਲਦੀ ਹੈ। ਇਸ ਸ਼ਾਂਤੀ ਕਰਕੇ ਸਾਡਾ ਮਨ ਸ਼ਾਂਤ ਰਹਿੰਦਾ ਹੈ ਅਤੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਫ਼ਿਲਿ. 4:6, 7) ਨਾਲੇ ਸਾਡਾ ਉਨ੍ਹਾਂ ਲੋਕਾਂ ਨਾਲ ਚੰਗਾ ਰਿਸ਼ਤਾ ਬਣਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ‘ਸ਼ਾਂਤੀ ਦੇ ਪਰਮੇਸ਼ੁਰ’ ਨਾਲ ਕਰੀਬੀ ਰਿਸ਼ਤਾ ਹੋਣ ਕਰਕੇ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। (1 ਥੱਸ. 5:23) ਇਹ ਸੱਚ ਹੈ ਕਿ ਦੁੱਖ-ਮੁਸੀਬਤਾਂ ਆਉਣ ʼਤੇ ਅਸੀਂ ਪਰੇਸ਼ਾਨ ਜ਼ਰੂਰ ਹੁੰਦੇ ਹਾਂ। ਪਰ ਪਰਮੇਸ਼ੁਰ ਨੂੰ ਜਾਣਨ, ਉਸ ʼਤੇ ਭਰੋਸਾ ਰੱਖਣ ਅਤੇ ਉਸ ਦਾ ਕਹਿਣਾ ਮੰਨਣ ਕਰਕੇ ਉਹ ਸਾਨੂੰ ਆਪਣੀ ਸ਼ਾਂਤੀ ਦਿੰਦਾ ਹੈ ਜਿਸ ਕਰਕੇ ਔਖੀਆਂ ਘੜੀਆਂ ਦੌਰਾਨ ਅਸੀਂ ਸ਼ਾਂਤ ਰਹਿ ਪਾਉਂਦੇ ਹਾਂ। ਜਦੋਂ ਕੋਈ ਬੀਮਾਰੀ ਫੈਲਦੀ ਹੈ, ਕੋਈ ਆਫ਼ਤ ਆਉਂਦੀ ਹੈ, ਦੰਗੇ-ਫ਼ਸਾਦ ਹੁੰਦੇ ਹਨ ਜਾਂ ਜ਼ੁਲਮ ਕੀਤੇ ਜਾਂਦੇ ਹਨ, ਤਾਂ ਡਰ ਤਾਂ ਲੱਗਦਾ ਹੀ ਹੈ। ਪਰ ਕੀ ਇਨ੍ਹਾਂ ਦੁੱਖ-ਮੁਸੀਬਤਾਂ ਵੇਲੇ ਸਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲ ਸਕਦੀ ਹੈ? ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਯਿਸੂ ਦੀ ਇਸ ਸਲਾਹ ਨੂੰ ਮੰਨਿਆ ਹੈ ਜਿਸ ਦਾ ਜ਼ਿਕਰ ਅੱਜ ਦੇ ਹਵਾਲੇ ਵਿਚ ਕੀਤਾ ਗਿਆ ਹੈ। ਉਹ ਪਰਮੇਸ਼ੁਰ ਦੀ ਮਦਦ ਸਦਕਾ ਔਖੀਆਂ ਤੋਂ ਔਖੀਆਂ ਘੜੀਆਂ ਦੌਰਾਨ ਸ਼ਾਂਤ ਰਹਿ ਪਾਏ ਹਨ। w22.12 16 ਪੈਰੇ 1-2
ਬੁੱਧਵਾਰ 24 ਅਪ੍ਰੈਲ
ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ ਬਣੋ। ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ।—ਰੋਮੀ. 12:11.
ਕਈ ਵਾਰ ਸਾਡੀ ਜ਼ਿੰਦਗੀ ਵਿਚ ਜੋ ਹੁੰਦਾ ਹੈ, ਸਾਡਾ ਉਸ ʼਤੇ ਕੋਈ ਵੱਸ ਨਹੀਂ ਚੱਲਦਾ। ਹੋ ਸਕਦਾ ਹੈ ਕਿ ਜੋ ਜ਼ਿੰਮੇਵਾਰੀ ਅੱਜ ਸਾਡੇ ਕੋਲ ਹੈ, ਉਹ ਸ਼ਾਇਦ ਕੱਲ੍ਹ ਸਾਡੇ ਕੋਲ ਨਾ ਹੋਵੇ। ਜੇ ਇੱਦਾਂ ਹੁੰਦਾ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀਆਂ ਜ਼ਿੰਮੇਵਾਰੀਆਂ ਕਰਕੇ ਸਾਨੂੰ ਪਿਆਰ ਨਹੀਂ ਕਰਦਾ ਅਤੇ ਨਾ ਹੀ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਚਾਹੀਦੀ ਹੈ। (ਗਲਾ. 6:4) ਇਸ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਅਤੇ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਭਾਲੀਏ। ਜੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਸਾਦੀ ਰੱਖੋ ਅਤੇ ਬਿਨਾਂ ਮਤਲਬ ਦਾ ਕਰਜ਼ਾ ਨਾ ਲਓ। ਕਿਸੇ ਵੱਡੇ ਟੀਚੇ ਨੂੰ ਹਾਸਲ ਕਰਨ ਲਈ ਪਹਿਲਾਂ ਛੋਟੇ-ਛੋਟੇ ਟੀਚੇ ਰੱਖੋ। ਉਦਾਹਰਣ ਲਈ, ਜੇ ਤੁਸੀਂ ਰੈਗੂਲਰ ਪਾਇਨੀਅਰਿੰਗ ਕਰਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਪਹਿਲਾਂ ਤੁਸੀਂ ਕੁਝ ਮਹੀਨਿਆਂ ਤਕ ਲਗਾਤਾਰ ਔਗਜ਼ੀਲਰੀ ਪਾਇਨੀਅਰਿੰਗ ਕਰੋ? ਜਾਂ ਜੇ ਤੁਸੀਂ ਸਹਾਇਕ ਸੇਵਕ ਬਣਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਤੁਸੀਂ ਪ੍ਰਚਾਰ ਵਿਚ ਹੋਰ ਜ਼ਿਆਦਾ ਸਮਾਂ ਲਾਓ? ਛੋਟੇ-ਛੋਟੇ ਟੀਚਿਆਂ ਨੂੰ ਹਾਸਲ ਕਰਨ ਨਾਲ ਤੁਸੀਂ ਹੋਰ ਵੀ ਕਾਬਲ ਬਣੋਗੇ ਅਤੇ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਜ਼ਿੰਮੇਵਾਰੀਆਂ ਮਿਲਣਗੀਆਂ। ਇਸ ਲਈ ਪੱਕਾ ਇਰਾਦਾ ਕਰੋ ਕਿ ਤੁਹਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤੁਸੀਂ ਉਸ ਨੂੰ ਜੀ-ਜਾਨ ਲਾ ਕੇ ਪੂਰੀ ਕਰੋਗੇ। w22.04 26 ਪੈਰੇ 16-17
ਵੀਰਵਾਰ 25 ਅਪ੍ਰੈਲ
ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ ਕਿਉਂਕਿ ਉਹ ਮੇਰੀ ਆਵਾਜ਼ ਸੁਣਦਾ ਹੈ, ਹਾਂ, ਉਹ ਮਦਦ ਲਈ ਮੇਰੀਆਂ ਫ਼ਰਿਆਦਾਂ ਸੁਣਦਾ ਹੈ।—ਜ਼ਬੂ. 116:1.
ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਨੂੰ ਝੱਲ ਸਕੀਏ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਰਹੀਏ। ਜਦੋਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਕਿਸੇ ਪਰੇਸ਼ਾਨੀ ਬਾਰੇ ਦੱਸਦੇ ਹਾਂ, ਤਾਂ ਸ਼ਾਇਦ ਯਹੋਵਾਹ ਸਾਡੀ ਪਰੇਸ਼ਾਨੀ ਨੂੰ ਉਸੇ ਵੇਲੇ ਖ਼ਤਮ ਕਰਨ ਦੀ ਬਜਾਇ ਉਸ ਨੂੰ ਸਹਿਣ ਦੀ ਤਾਕਤ ਦੇਵੇ। ਜੇ ਸਾਡੀ ਪਰੇਸ਼ਾਨੀ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀ, ਤਾਂ ਸਾਨੂੰ ਤਾਕਤ ਲਈ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਹੋਵਾਹ ਵੀ ਸਾਡੇ ਤੋਂ ਇਹੀ ਚਾਹੁੰਦਾ ਹੈ। ਯਸਾਯਾਹ ਨਬੀ ਨੇ ਯਹੋਵਾਹ ਬਾਰੇ ਲਿਖਿਆ: ‘ਯਹੋਵਾਹ ਨੂੰ ਆਰਾਮ ਨਾ ਕਰਨ ਦਿਓ।’ (ਯਸਾ. 62:7) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਇੰਨੀ ਵਾਰ ਪ੍ਰਾਰਥਨਾ ਕਰੀਏ ਕਿ ਇਕ ਤਰੀਕੇ ਨਾਲ ਯਹੋਵਾਹ ਨੂੰ ਆਰਾਮ ਕਰਨ ਦਾ ਮੌਕਾ ਹੀ ਨਾ ਮਿਲੇ। ਯਸਾਯਾਹ ਦੇ ਸ਼ਬਦਾਂ ਤੋਂ ਸਾਨੂੰ ਲੂਕਾ 11:8-10, 13 ਵਿਚ ਦਰਜ ਯਿਸੂ ਵੱਲੋਂ ਦਿੱਤੀ ਮਿਸਾਲ ਯਾਦ ਆਉਂਦੀ ਹੈ। ਇਸ ਮਿਸਾਲ ਰਾਹੀਂ ਯਿਸੂ ਨੇ ਸਿਖਾਇਆ ਕਿ ਸਾਨੂੰ ਪ੍ਰਾਰਥਨਾ ਕਰਦਿਆਂ ਯਹੋਵਾਹ ਤੋਂ ਪਵਿੱਤਰ ਸ਼ਕਤੀ ‘ਮੰਗਦੇ ਰਹਿਣਾ’ ਚਾਹੀਦਾ ਹੈ। ਸਾਨੂੰ ਯਹੋਵਾਹ ਅੱਗੇ ਤਰਲੇ ਵੀ ਕਰਨੇ ਚਾਹੀਦੇ ਹਨ ਕਿ ਉਹ ਸਹੀ ਫ਼ੈਸਲੇ ਲੈਣ ਵਿਚ ਸਾਡੀ ਮਦਦ ਕਰੇ। w22.11 8 ਪੈਰਾ 1; 9 ਪੈਰੇ 6-7
ਸ਼ੁੱਕਰਵਾਰ 26 ਅਪ੍ਰੈਲ
ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।—ਰਸੂ. 14:22.
ਤੁਸੀਂ ਤੇ ਤੁਹਾਡਾ ਪਰਿਵਾਰ ਹੁਣ ਤੋਂ ਹੀ ਤਿਆਰੀ ਕਿਵੇਂ ਕਰ ਸਕਦੇ ਹੋ ਤਾਂਕਿ ਤੁਸੀਂ ਜ਼ੁਲਮਾਂ ਨੂੰ ਝੱਲ ਸਕੋ? ਪਹਿਲਾਂ ਤੋਂ ਹੀ ਇਹ ਨਾ ਸੋਚੋ ਕਿ ਤੁਹਾਡੇ ਨਾਲ ਕੀ ਬੁਰਾ ਹੋ ਸਕਦਾ ਹੈ। ਇਸ ਦੀ ਬਜਾਇ, ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰੋ ਅਤੇ ਆਪਣੇ ਬੱਚਿਆਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੋ। ਜੇ ਤੁਸੀਂ ਕਦੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹੋ, ਤਾਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਜ਼ਬੂ. 62:7, 8) ਆਪਣੇ ਪਰਿਵਾਰ ਨਾਲ ਮਿਲ ਕੇ ਗੱਲ ਕਰੋ ਕਿ ਤੁਸੀਂ ਯਹੋਵਾਹ ʼਤੇ ਭਰੋਸਾ ਕਿਉਂ ਕਰ ਸਕਦੇ ਹੋ। ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰ ਕਰਦੇ ਹੋ, ਉਸੇ ਤਰ੍ਹਾਂ ਉਨ੍ਹਾਂ ਨੂੰ ਜ਼ੁਲਮਾਂ ਨੂੰ ਸਹਿਣ ਲਈ ਵੀ ਪਹਿਲਾਂ ਤੋਂ ਹੀ ਤਿਆਰ ਕਰੋ ਅਤੇ ਯਹੋਵਾਹ ʼਤੇ ਭਰੋਸਾ ਰੱਖਣਾ ਸਿਖਾਓ। ਇਸ ਤਰ੍ਹਾਂ ਉਹ ਦਲੇਰ ਬਣਨਗੇ ਅਤੇ ਸ਼ਾਂਤ ਰਹਿ ਸਕਣਗੇ। ਪਰਮੇਸ਼ੁਰ ਦੀ ਸ਼ਾਂਤੀ ਕਰਕੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਫ਼ਿਲਿ. 4:6, 7) ਚਾਹੇ ਕੋਈ ਬੀਮਾਰੀ ਫੈਲੇ, ਆਫ਼ਤ ਆਵੇ ਜਾਂ ਸਾਡੇ ʼਤੇ ਜ਼ੁਲਮ ਕੀਤੇ ਜਾਣ, ਪਰ ਯਹੋਵਾਹ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ। ਉਹ ਮਿਹਨਤੀ ਬਜ਼ੁਰਗਾਂ ਨੂੰ ਸਾਡਾ ਹੌਸਲਾ ਵਧਾਉਣ ਲਈ ਅਤੇ ਸਾਡੀ ਦੇਖ-ਭਾਲ ਕਰਨ ਲਈ ਵਰਤਦਾ ਹੈ। ਉਸ ਨੇ ਸਾਨੂੰ ਇਕ-ਦੂਜੇ ਦੀ ਮਦਦ ਕਰਨ ਦਾ ਮੌਕਾ ਦਿੱਤਾ ਹੈ। ਜੇ ਅਸੀਂ ਅੱਜ ਮੁਸ਼ਕਲਾਂ ਦੌਰਾਨ ਸ਼ਾਂਤ ਰਹਿੰਦੇ ਹਾਂ, ਤਾਂ ਅਸੀਂ ਭਵਿੱਖ ਵਿਚ ਵੱਡੀਆਂ-ਵੱਡੀਆਂ ਮੁਸ਼ਕਲਾਂ ਝੱਲਣ ਅਤੇ “ਮਹਾਂਕਸ਼ਟ” ਲਈ ਤਿਆਰ ਹੋਵਾਂਗੇ।—ਮੱਤੀ 24:21. w22.12 27 ਪੈਰੇ 17-18
ਸ਼ਨੀਵਾਰ 27 ਅਪ੍ਰੈਲ
ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।—ਮੱਤੀ 9:13.
ਜੇ ਅਸੀਂ ਬੀਤੇ ਸਮੇਂ ਵਿਚ ਕੋਈ ਗੰਭੀਰ ਪਾਪ ਕੀਤਾ ਸੀ, ਤਾਂ ਸਾਨੂੰ ਉਸ ਬਾਰੇ ਸੋਚ-ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ। ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਸਾਡੇ ਸਾਰੇ ਪਾਪ ਮਾਫ਼ ਹੋ ਸਕਦੇ ਹਨ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਯਹੋਵਾਹ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਸਾਡੇ ਉਹ ਪਾਪ ਵੀ ਮਾਫ਼ ਕਰੇਗਾ ਜੋ ਅਸੀਂ “ਜਾਣ-ਬੁੱਝ ਕੇ” ਕਰਦੇ ਹਾਂ। (ਇਬ. 10:26-31) ਪਰ ਜੇ ਅਸੀਂ ਸੱਚੇ ਦਿਲੋਂ ਤੋਬਾ ਕੀਤੀ ਹੈ, ਯਹੋਵਾਹ ਤੋਂ ਮਾਫ਼ੀ ਮੰਗੀ ਹੈ, ਬਜ਼ੁਰਗਾਂ ਤੋਂ ਮਦਦ ਲਈ ਹੈ ਅਤੇ ਆਪਣੇ ਅੰਦਰ ਬਦਲਾਅ ਕੀਤੇ ਹਨ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਵੱਡੇ ਤੋਂ ਵੱਡੇ ਪਾਪ ਵੀ ਮਾਫ਼ ਕਰ ਦਿੱਤੇ ਹਨ। (ਯਸਾ. 55:7; ਰਸੂ. 3:19) ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਨਵੀਂ ਦੁਨੀਆਂ ਵਿਚ ਜ਼ਿੰਦਗੀ ਮਿਲੇਗੀ। ਉੱਥੇ ਅਸੀਂ ਕਦੇ ਵੀ ਅੱਕਾਂਗੇ ਨਹੀਂ। ਅਸੀਂ ਹਮੇਸ਼ਾ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਰਹਾਂਗੇ। ਸਾਡੇ ਕੋਲ ਕਰਨ ਲਈ ਢੇਰ ਸਾਰਾ ਕੰਮ ਵੀ ਹੋਵੇਗਾ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਸਭ ਤੋਂ ਵਧੀਆ ਗੱਲ, ਅਸੀਂ ਹਰ ਰੋਜ਼ ਆਪਣੇ ਸਵਰਗੀ ਪਿਤਾ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗੇ ਅਤੇ ਉਸ ਵੱਲੋਂ ਮਿਲੀਆਂ ਬਰਕਤਾਂ ਦਾ ਆਨੰਦ ਮਾਣਾਂਗੇ। ਅਸੀਂ ਹਮੇਸ਼ਾ ਪਰਮੇਸ਼ੁਰ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਦੇ ਰਹਾਂਗੇ। ਨਾਲੇ ਸਾਡੇ ਕੋਲ ਉਸ ਦੀ ਸ੍ਰਿਸ਼ਟੀ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਹੋਵੇਗਾ। w22.12 13 ਪੈਰੇ 17, 19
ਐਤਵਾਰ 28 ਅਪ੍ਰੈਲ
‘ਮੈਂ ਤੇਰੇ ਅਤੇ ਔਰਤ ਦੀ ਸੰਤਾਨ ਵਿਚ ਦੁਸ਼ਮਣੀ ਪੈਦਾ ਕਰਾਂਗਾ।’—ਉਤ. 3:15.
“ਇਹ ਔਰਤ” ਹੱਵਾਹ ਨਹੀਂ ਹੋ ਸਕਦੀ। ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਔਰਤ ਦੀ ਸੰਤਾਨ ਸੱਪ ਦੇ ਸਿਰ ਨੂੰ ‘ਕੁਚਲੇਗੀ।’ ਇਹ ਸੱਪ ਇਕ ਦੁਸ਼ਟ ਦੂਤ ਹੈ ਅਤੇ ਹੱਵਾਹ ਦੀ ਸੰਤਾਨ ਨੇ ਇਕ ਇਨਸਾਨ ਹੋਣਾ ਸੀ ਤੇ ਇਕ ਇਨਸਾਨ ਦੂਤ ਦਾ ਸਿਰ ਨਹੀਂ ਕੁਚਲ ਸਕਦਾ। ਤਾਂ ਫਿਰ ਕੌਣ ਸ਼ੈਤਾਨ ਦਾ ਨਾਸ਼ ਕਰੇਗਾ? ਉਤਪਤ 3:15 ਦੀ ਭਵਿੱਖਬਾਣੀ ਵਿਚ ਦੱਸੀ ਔਰਤ ਦੀ ਪਛਾਣ ਬਾਈਬਲ ਦੀ ਆਖ਼ਰੀ ਕਿਤਾਬ ਵਿਚ ਕਰਾਈ ਗਈ ਹੈ। (ਪ੍ਰਕਾ. 12:1, 2, 5, 10) ਇਹ ਔਰਤ ਕੋਈ ਆਮ ਔਰਤ ਨਹੀਂ ਹੈ! ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਚੰਦ ਉਸ ਦੇ ਪੈਰਾਂ ਹੇਠ ਹੈ ਅਤੇ ਉਸ ਦੇ ਸਿਰ ʼਤੇ 12 ਤਾਰਿਆਂ ਵਾਲਾ ਇਕ ਮੁਕਟ ਹੈ। ਇਹ ਔਰਤ ਇਕ ਬੱਚੇ ਨੂੰ ਜਨਮ ਦਿੰਦੀ ਹੈ ਜੋ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹੈ, ਇਸ ਲਈ ਇਹ ਔਰਤ ਵੀ ਜ਼ਰੂਰ ਸਵਰਗ ਵਿਚ ਹੀ ਹੋਣੀ। ਇਹ ਔਰਤ ਪਰਮੇਸ਼ੁਰ ਦੇ ਸੰਗਠਨ ਦੇ ਸਵਰਗੀ ਹਿੱਸੇ ਨੂੰ ਦਰਸਾਉਂਦੀ ਹੈ ਜੋ ਕਿ ਵਫ਼ਾਦਾਰ ਦੂਤਾਂ ਨਾਲ ਮਿਲ ਕੇ ਬਣਿਆ ਹੋਇਆ ਹੈ। (ਗਲਾ. 4:26) ਪਰਮੇਸ਼ੁਰ ਦਾ ਬਚਨ ਔਰਤ ਦੀ ਮੁੱਖ ਸੰਤਾਨ ਦੀ ਪਛਾਣ ਕਰਨ ਵਿਚ ਵੀ ਸਾਡੀ ਮਦਦ ਕਰਦਾ ਹੈ। ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਇਹ ਸੰਤਾਨ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਆਵੇਗੀ।—ਉਤ. 22:15-18. w22.07 15-16 ਪੈਰੇ 6-8
ਸੋਮਵਾਰ 29 ਅਪ੍ਰੈਲ
ਤੁਸੀਂ ਇਸ ਨੂੰ ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ ਜੋ ਕਿ ਸੱਚ-ਮੁੱਚ ਹੈ।—1 ਥੱਸ. 2:13.
ਯਹੋਵਾਹ ਨੇ ਸਾਨੂੰ ਤੋਹਫ਼ੇ ਵਿਚ ਬਾਈਬਲ ਦਿੱਤੀ ਹੈ ਜੋ ਬੁੱਧ ਦੀਆਂ ਸਲਾਹਾਂ ਨਾਲ ਭਰਪੂਰ ਹੈ। ਇਸ ਵਿਚ ਦਿੱਤੀਆਂ ਸਲਾਹਾਂ ਨੂੰ ਮੰਨ ਕੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ ਅਤੇ ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਜਦੋਂ ਮੂਸਾ ਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਲਿਖੀਆਂ, ਤਾਂ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ: “ਇਹ ਫੋਕੀਆਂ ਗੱਲਾਂ ਨਹੀਂ ਹਨ, ਸਗੋਂ ਤੁਹਾਡੀ ਜ਼ਿੰਦਗੀ ਇਨ੍ਹਾਂ ʼਤੇ ਨਿਰਭਰ ਕਰਦੀ ਹੈ।” (ਬਿਵ. 32:47) ਜਿਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਵਿਚ ਦਰਜ ਸਲਾਹਾਂ ਨੂੰ ਮੰਨਿਆ, ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਏ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ਹਾਲ ਸੀ। (ਜ਼ਬੂ. 1:2, 3) ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੇ ਬਚਨ ਦੀ ਤਾਕਤ ਘਟੀ ਨਹੀਂ ਹੈ, ਸਗੋਂ ਅੱਜ ਵੀ ਇਹ ਲੋਕਾਂ ਦੀਆਂ ਜ਼ਿੰਦਗੀਆਂ ʼਤੇ ਅਸਰ ਪਾ ਰਹੀ ਹੈ। ਇਸ ਲਈ ਬਾਈਬਲ ਵਿਚ ਦਿੱਤੀਆਂ ਸਲਾਹਾਂ ਅਤੇ ਅਸੂਲ ਹਮੇਸ਼ਾ ਕੰਮ ਆਉਂਦੇ ਹਨ ਅਤੇ ਹਰ ਜ਼ਮਾਨੇ ਦੇ ਲੋਕਾਂ ਨੂੰ ਇਸ ਤੋਂ ਫ਼ਾਇਦਾ ਹੁੰਦਾ ਹੈ। ਜਦੋਂ ਅਸੀਂ ਇਸ ਪਵਿੱਤਰ ਕਿਤਾਬ ਨੂੰ ਪੜ੍ਹਦੇ ਹਾਂ ਅਤੇ ਇਸ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਇਸ ਦਾ ਲਿਖਾਰੀ ਸਾਨੂੰ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਦਿੰਦਾ ਹੈ ਤਾਂਕਿ ਅਸੀਂ ਸਮਝ ਸਕੀਏ ਕਿ ਬਾਈਬਲ ਵਿਚ ਦਿੱਤੀਆਂ ਸਲਾਹਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ। (ਜ਼ਬੂ. 119:27; ਮਲਾ. 3:16; ਇਬ. 4:12) ਜੀ ਹਾਂ, ਬਾਈਬਲ ਦਾ ਲਿਖਾਰੀ ਸਾਡੀ ਮਦਦ ਕਰਨ ਲਈ ਬੇਤਾਬ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਬਾਕਾਇਦਾ ਉਸ ਦਾ ਬਚਨ ਪੜ੍ਹੀਏ। w23.02 3 ਪੈਰੇ 5-6
ਮੰਗਲਵਾਰ 30 ਅਪ੍ਰੈਲ
ਉਹ ਪੂਰੀ ਤਰ੍ਹਾਂ ਨਾਲ ਤਬਾਹੀ ਮਚਾਵੇਗਾ।—ਦਾਨੀ. 8:24.
ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 13 ਵਿਚ ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਨੂੰ (ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ) ਉਸ ਵਹਿਸ਼ੀ ਦਰਿੰਦੇ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ਜਿਸ ਦੇ ਸਿਰ ʼਤੇ ‘ਲੇਲੇ ਦੇ ਸਿੰਗਾਂ ਵਰਗੇ ਦੋ ਸਿੰਗ ਹਨ, ਪਰ ਉਹ ਇਕ ਅਜਗਰ ਵਾਂਗ ਬੋਲਦਾ ਹੈ।’ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 16 ਅਤੇ 19 ਵਿਚ ਇਸ ਵਹਿਸ਼ੀ ਦਰਿੰਦੇ ਨੂੰ ‘ਝੂਠਾ ਨਬੀ’ ਕਿਹਾ ਗਿਆ ਹੈ। (ਪ੍ਰਕਾ. 16:13; 19:20) ਇਹ ਵਹਿਸ਼ੀ ਦਰਿੰਦਾ “ਵੱਡੀਆਂ-ਵੱਡੀਆਂ ਨਿਸ਼ਾਨੀਆਂ ਦਿਖਾਉਂਦਾ ਹੈ, ਇੱਥੋਂ ਤਕ ਕਿ ਇਹ ਲੋਕਾਂ ਸਾਮ੍ਹਣੇ ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ।” (ਪ੍ਰਕਾ. 13:11-15) ਦਾਨੀਏਲ ਨੇ ਵੀ ਅਜਿਹੀ ਗੱਲ ਦਾ ਜ਼ਿਕਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ‘ਪੂਰੀ ਤਰ੍ਹਾਂ ਨਾਲ ਤਬਾਹੀ ਮਚਾਵੇਗੀ।’ (ਦਾਨੀ. 8:19, 23, 24) ਦੂਜੇ ਵਿਸ਼ਵ ਯੁੱਧ ਦੌਰਾਨ ਬਿਲਕੁਲ ਇਸੇ ਤਰ੍ਹਾਂ ਹੋਇਆ। ਬਰਤਾਨੀਆ ਤੇ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਸਮੇਂ ਮਿਲ ਕੇ ਪਰਮਾਣੂ ਬੰਬ ਬਣਾਏ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਨੇ ਇਹ ਬੰਬ ਜਪਾਨ ʼਤੇ ਸੁੱਟ ਕੇ ਇਸ ਯੁੱਧ ਵਿਚ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਸੱਚ-ਮੁੱਚ ‘ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਈ’ ਸੀ। w22.05 10 ਪੈਰਾ 9