ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 71-84
  • ਜੂਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੂਨ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਸ਼ਨੀਵਾਰ 1 ਜੂਨ
  • ਐਤਵਾਰ 2 ਜੂਨ
  • ਸੋਮਵਾਰ 3 ਜੂਨ
  • ਮੰਗਲਵਾਰ 4 ਜੂਨ
  • ਬੁੱਧਵਾਰ 5 ਜੂਨ
  • ਵੀਰਵਾਰ 6 ਜੂਨ
  • ਸ਼ੁੱਕਰਵਾਰ 7 ਜੂਨ
  • ਸ਼ਨੀਵਾਰ 8 ਜੂਨ
  • ਐਤਵਾਰ 9 ਜੂਨ
  • ਸੋਮਵਾਰ 10 ਜੂਨ
  • ਮੰਗਲਵਾਰ 11 ਜੂਨ
  • ਬੁੱਧਵਾਰ 12 ਜੂਨ
  • ਵੀਰਵਾਰ 13 ਜੂਨ
  • ਸ਼ੁੱਕਰਵਾਰ 14 ਜੂਨ
  • ਸ਼ਨੀਵਾਰ 15 ਜੂਨ
  • ਐਤਵਾਰ 16 ਜੂਨ
  • ਸੋਮਵਾਰ 17 ਜੂਨ
  • ਮੰਗਲਵਾਰ 18 ਜੂਨ
  • ਬੁੱਧਵਾਰ 19 ਜੂਨ
  • ਵੀਰਵਾਰ 20 ਜੂਨ
  • ਸ਼ੁੱਕਰਵਾਰ 21 ਜੂਨ
  • ਸ਼ਨੀਵਾਰ 22 ਜੂਨ
  • ਐਤਵਾਰ 23 ਜੂਨ
  • ਸੋਮਵਾਰ 24 ਜੂਨ
  • ਮੰਗਲਵਾਰ 25 ਜੂਨ
  • ਬੁੱਧਵਾਰ 26 ਜੂਨ
  • ਵੀਰਵਾਰ 27 ਜੂਨ
  • ਸ਼ੁੱਕਰਵਾਰ 28 ਜੂਨ
  • ਸ਼ਨੀਵਾਰ 29 ਜੂਨ
  • ਐਤਵਾਰ 30 ਜੂਨ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 71-84

ਜੂਨ

ਸ਼ਨੀਵਾਰ 1 ਜੂਨ

ਮੇਰਾ ਸਰੀਰ ਕੀੜਿਆਂ ਤੇ ਮਿੱਟੀ ਦੇ ਢੇਲਿਆਂ ਨਾਲ ਢਕਿਆ ਪਿਆ ਹੈ; ਫੋੜਿਆਂ ਨਾਲ ਭਰੀ ਮੇਰੀ ਚਮੜੀ ਦੇ ਖਰੀਂਢਾਂ ਵਿੱਚੋਂ ਪੀਕ ਵਗਦੀ ਹੈ।​—ਅੱਯੂ. 7:5.

ਅੱਯੂਬ ਦੀ ਯਹੋਵਾਹ ਨਾਲ ਗੂੜ੍ਹੀ ਦੋਸਤੀ ਸੀ। ਉਸ ਦਾ ਵੱਡਾ ਤੇ ਖ਼ੁਸ਼ ਪਰਿਵਾਰ ਸੀ ਅਤੇ ਉਹ ਬਹੁਤ ਅਮੀਰ ਸੀ। (ਅੱਯੂ. 1:1-5) ਪਰ ਸਿਰਫ਼ ਇਕ ਦਿਨ ਵਿਚ ਹੀ ਉਸ ਦੀ ਪੂਰੀ ਦੁਨੀਆਂ ਉੱਜੜ ਗਈ। ਸਭ ਤੋਂ ਪਹਿਲਾਂ, ਉਸ ਦੇ ਸਾਰੇ ਜਾਨਵਰ ਮਾਰੇ ਗਏ। (ਅੱਯੂ. 1:13-17) ਫਿਰ ਉਸ ਦੇ ਜਿਗਰ ਦੇ ਟੁਕੜੇ, ਉਸ ਦੇ ਸਾਰੇ ਬੱਚੇ ਮਾਰੇ ਗਏ। ਜ਼ਰਾ ਸੋਚੋ ਕਿ ਉਹ ਘੜੀ ਅੱਯੂਬ ਲਈ ਕਿੰਨੀ ਦੁੱਖਾਂ ਭਰੀ ਹੋਣੀ! ਜ਼ਰਾ ਸੋਚੋ ਕਿ ਅੱਯੂਬ ਅਤੇ ਉਸ ਦੀ ਪਤਨੀ ਨੂੰ ਉਦੋਂ ਕਿੰਨਾ ਜ਼ਿਆਦਾ ਦੁੱਖ ਅਤੇ ਸਦਮਾ ਲੱਗਾ ਹੋਣਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੌਤ ਨੇ ਉਨ੍ਹਾਂ ਦੇ ਦਸ ਦੇ ਦਸ ਬੱਚਿਆਂ ਨੂੰ ਨਿਗਲ਼ ਲਿਆ। ਉਹ ਪੂਰੀ ਤਰ੍ਹਾਂ ਨਿਰਾਸ਼ਾ ਵਿਚ ਡੁੱਬ ਗਏ ਹੋਣੇ। ਅੱਯੂਬ ਨੇ ਸੋਗ ਮਨਾਉਂਦਿਆਂ ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ʼਤੇ ਡਿੱਗ ਪਿਆ। (ਅੱਯੂ. 1:18-20) ਫਿਰ ਸ਼ੈਤਾਨ ਨੇ ਅੱਯੂਬ ਨੂੰ ਇਕ ਦਰਦਨਾਕ ਬੀਮਾਰੀ ਲਾ ਦਿੱਤੀ ਅਤੇ ਉਸ ਦਾ ਆਦਰ-ਮਾਣ ਖੋਹ ਲਿਆ। (ਅੱਯੂ. 2:6-8) ਇਕ ਸਮੇਂ ʼਤੇ ਲੋਕ ਉਸ ਦਾ ਬਹੁਤ ਇੱਜ਼ਤ-ਮਾਣ ਕਰਦੇ ਸਨ। ਉਹ ਉਸ ਤੋਂ ਸਲਾਹ ਲੈਣ ਆਉਂਦੇ ਸਨ। (ਅੱਯੂ. 29:7, 8, 21) ਪਰ ਹੁਣ ਉਨ੍ਹਾਂ ਸਾਰਿਆਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ। ਉਸ ਦੇ ਆਪਣੇ ਭਰਾਵਾਂ, ਕਰੀਬੀ ਦੋਸਤਾਂ ਅਤੇ ਇੱਥੋਂ ਤਕ ਕੇ ਉਸ ਦੇ ਆਪਣੇ ਨੌਕਰਾਂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਸੀ।​—ਅੱਯੂ. 19:13, 14, 16. w22.06 21 ਪੈਰੇ 5-6

ਐਤਵਾਰ 2 ਜੂਨ

‘ਪਿਆਰ ਕਰਦਿਆਂ ਸਾਰੀਆਂ ਗੱਲਾਂ ਵਿਚ ਵਧਦੇ ਜਾਈਏ।’​—ਅਫ਼. 4:15.

ਬਪਤਿਸਮੇ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪੌਲੁਸ ਦੀ ਇਸ ਸਲਾਹ ʼਤੇ ਚੱਲਣਾ ਚਾਹੀਦਾ ਹੈ ਜੋ ਉਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮਸੀਹੀਆਂ ਦੇ ਤੌਰ ਤੇ ਉਨ੍ਹਾਂ ਦਾ “ਕੱਦ-ਕਾਠ” ਪੂਰੀ ਤਰ੍ਹਾਂ ਵਧਦਾ ਜਾਵੇ। (ਅਫ਼. 4:13) ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ‘ਤਰੱਕੀ ਕਰਦੇ ਰਹਿਣ।’ ਤੁਸੀਂ ਯਹੋਵਾਹ ਨੂੰ ਪਹਿਲਾਂ ਹੀ ਬਹੁਤ ਪਿਆਰ ਕਰਦੇ ਹੋ। ਪਰ ਤੁਸੀਂ ਇਸ ਪਿਆਰ ਨੂੰ ਹੋਰ ਵੀ ਵਧਾ ਸਕਦੇ ਹੋ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਫ਼ਿਲਿੱਪੀਆਂ 1:9 ਵਿਚ ਇਸ ਬਾਰੇ ਕੀ ਦੱਸਿਆ। ਉਸ ਨੇ ਪ੍ਰਾਰਥਨਾ ਕੀਤੀ ਕਿ ਫ਼ਿਲਿੱਪੈ ਦੇ ਮਸੀਹੀਆਂ ਦਾ “ਪਿਆਰ ਹੋਰ ਵੀ ਵਧਦਾ ਜਾਵੇ।” ਉਨ੍ਹਾਂ ਵਾਂਗ ਅਸੀਂ ਵੀ ਯਹੋਵਾਹ ਲਈ ਆਪਣਾ ਪਿਆਰ ਵਧਾ ਸਕਦੇ ਹਾਂ। ਕਿਵੇਂ? “ਸਹੀ ਗਿਆਨ ਅਤੇ ਪੂਰੀ ਸਮਝ” ਹਾਸਲ ਕਰ ਕੇ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਸੁਭਾਅ ਅਤੇ ਕੰਮ ਕਰਨ ਦੇ ਤਰੀਕੇ ਨੂੰ ਹੋਰ ਚੰਗੀ ਤਰ੍ਹਾਂ ਜਾਣਾਂਗੇ, ਉੱਦਾਂ-ਉੱਦਾਂ ਯਹੋਵਾਹ ਲਈ ਸਾਡਾ ਪਿਆਰ ਅਤੇ ਸ਼ਰਧਾ ਹੋਰ ਵੀ ਵਧੇਗੀ। ਉਸ ਨੂੰ ਖ਼ੁਸ਼ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ ਅਤੇ ਅਸੀਂ ਕਦੇ ਵੀ ਉਸ ਨੂੰ ਦੁਖੀ ਨਹੀਂ ਕਰਨਾ ਚਾਹਾਂਗੇ। ਨਾਲੇ ਅਸੀਂ ਉਸ ਦੀ ਇੱਛਾ ਨੂੰ ਜਾਣਨ ਅਤੇ ਉਸ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। w22.08 2-3 ਪੈਰੇ 3-4

ਸੋਮਵਾਰ 3 ਜੂਨ

ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।​—ਪ੍ਰਕਾ. 1:1.

ਪ੍ਰਕਾਸ਼ ਦੀ ਕਿਤਾਬ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਲਈ ਲਿਖਵਾਈ ਗਈ ਹੈ, ਨਾ ਕਿ ਸਾਰੇ ਲੋਕਾਂ ਲਈ। ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਸਾਨੂੰ ਇਸ ਗੱਲੋਂ ਕੋਈ ਹੈਰਾਨੀ ਨਹੀਂ ਹੁੰਦੀ ਕਿ ਇਸ ਦਿਲਚਸਪ ਕਿਤਾਬ ਵਿਚ ਲਿਖੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਵਿਚ ਅਸੀਂ ਵੀ ਹਿੱਸਾ ਪਾ ਰਹੇ ਹਾਂ। ਸਿਆਣੀ ਉਮਰ ਦੇ ਯੂਹੰਨਾ ਰਸੂਲ ਨੇ ਇਨ੍ਹਾਂ ਭਵਿੱਖਬਾਣੀਆਂ ਦੇ ਪੂਰਾ ਹੋਣ ਦਾ ਸਮਾਂ ਦੱਸਿਆ ਜਦੋਂ ਉਸ ਨੇ ਲਿਖਿਆ: “ਪਵਿੱਤਰ ਸ਼ਕਤੀ ਮੈਨੂੰ ਪ੍ਰਭੂ ਦੇ ਦਿਨ ਵਿਚ ਲੈ ਕੇ ਆਈ।” (ਪ੍ਰਕਾ. 1:10) 96 ਈਸਵੀ ਵਿਚ ਜਦੋਂ ਯੂਹੰਨਾ ਰਸੂਲ ਨੇ ਇਹ ਸ਼ਬਦ ਲਿਖੇ, ਉਦੋਂ ‘ਪ੍ਰਭੂ ਦਾ ਦਿਨ’ ਹਾਲੇ ਬਹੁਤ ਦੂਰ ਸੀ। (ਮੱਤੀ 25:14, 19; ਲੂਕਾ 19:12) ਪਰ ਬਾਈਬਲ ਦੀ ਭਵਿੱਖਬਾਣੀ ਮੁਤਾਬਕ ਇਹ ਦਿਨ 1914 ਵਿਚ ਸ਼ੁਰੂ ਹੋਇਆ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ। ਉਦੋਂ ਤੋਂ ਪ੍ਰਕਾਸ਼ ਦੀ ਕਿਤਾਬ ਵਿਚ ਪਰਮੇਸ਼ੁਰ ਦੇ ਲੋਕਾਂ ਬਾਰੇ ਦਰਜ ਭਵਿੱਖਬਾਣੀਆਂ ਪੂਰੀਆਂ ਹੋਣੀਆਂ ਸ਼ੁਰੂ ਹੋਈਆਂ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਅਸੀਂ “ਪ੍ਰਭੂ ਦੇ ਦਿਨ” ਵਿਚ ਜੀ ਰਹੇ ਹਾਂ।​—ਪ੍ਰਕਾ. 1:3. w22.05 2 ਪੈਰੇ 2-3

ਮੰਗਲਵਾਰ 4 ਜੂਨ

ਵਹਿਸ਼ੀ ਦਰਿੰਦੇ ਨੂੰ ਅਤੇ ਉਸ ਝੂਠੇ ਨਬੀ ਨੂੰ ਫੜ ਲਿਆ ਗਿਆ।​—ਪ੍ਰਕਾ. 19:20.

ਵਹਿਸ਼ੀ ਦਰਿੰਦੇ ਨੂੰ ਅਤੇ ਉਸ ਝੂਠੇ ਨਬੀ ਨੂੰ ਜੀਉਂਦੇ-ਜੀ ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ। ਇਸ ਦਾ ਮਤਲਬ ਹੈ ਕਿ ਜਦੋਂ ਸਰਕਾਰਾਂ ਹਾਲੇ ਰਾਜ ਕਰ ਹੀ ਰਹੀਆਂ ਹੋਣਗੀਆਂ, ਉਦੋਂ ਯਹੋਵਾਹ ਆਪਣੇ ਇਨ੍ਹਾਂ ਦੁਸ਼ਮਣਾਂ ਦਾ ਹਮੇਸ਼ਾ ਲਈ ਨਾਸ਼ ਕਰ ਦੇਵੇਗਾ। ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ? ਮਸੀਹੀ ਹੋਣ ਦੇ ਨਾਤੇ ਸਾਨੂੰ ਯਹੋਵਾਹ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਯੂਹੰ. 18:36) ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪੂਰੀ ਤਰ੍ਹਾਂ ਨਿਰਪੱਖ ਰਹੀਏ ਅਤੇ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਵਿਚ ਬਿਲਕੁਲ ਵੀ ਹਿੱਸਾ ਨਾ ਲਈਏ। ਇਸ ਤਰ੍ਹਾਂ ਕਰਨਾ ਸ਼ਾਇਦ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਕਿਉਂਕਿ ਦੁਨੀਆਂ ਭਰ ਦੀਆਂ ਸਰਕਾਰਾਂ ਚਾਹੁੰਦੀਆਂ ਹਨ ਕਿ ਅਸੀਂ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਉਨ੍ਹਾਂ ਦਾ ਪੂਰਾ-ਪੂਰਾ ਸਾਥ ਦੇਈਏ। ਜਿਹੜਾ ਵੀ ਇਨਸਾਨ ਸਰਕਾਰਾਂ ਦੇ ਦਬਾਅ ਹੇਠ ਆ ਕੇ ਉਨ੍ਹਾਂ ਦਾ ਸਾਥ ਦਿੰਦਾ ਹੈ, ਉਹ ਆਪਣੇ ʼਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲਗਵਾਉਂਦਾ ਹੈ। (ਪ੍ਰਕਾ. 13:16, 17) ਜਿਸ ਵਿਅਕਤੀ ਉੱਤੇ ਇਹ ਨਿਸ਼ਾਨ ਲੱਗਾ ਹੋਵੇਗਾ, ਯਹੋਵਾਹ ਉਸ ਨੂੰ ਨਾਮਨਜ਼ੂਰ ਕਰ ਦੇਵੇਗਾ ਅਤੇ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਆਪਣੇ ਹੱਥੋਂ ਗੁਆ ਬੈਠੇਗਾ। (ਪ੍ਰਕਾ. 14:9, 10; 20:4) ਇਸ ਲਈ ਸਰਕਾਰਾਂ ਚਾਹੇ ਸਾਡੇ ʼਤੇ ਜਿੰਨਾ ਮਰਜ਼ੀ ਦਬਾਅ ਪਾਉਣ, ਫਿਰ ਵੀ ਸਾਨੂੰ ਪੂਰੀ ਤਰ੍ਹਾਂ ਨਿਰਪੱਖ ਰਹਿਣਾ ਚਾਹੀਦਾ ਹੈ। w22.05 10-11 ਪੈਰੇ 12-13

ਬੁੱਧਵਾਰ 5 ਜੂਨ

ਕੀ ਤੂੰ ਕਿਸੇ ਆਦਮੀ ਨੂੰ ਆਪਣੇ ਕੰਮ ਵਿਚ ਮਾਹਰ ਦੇਖਿਆ ਹੈ? ਉਹ ਰਾਜਿਆਂ ਸਾਮ੍ਹਣੇ ਖੜ੍ਹਾ ਹੋਵੇਗਾ; ਉਹ ਆਮ ਆਦਮੀਆਂ ਅੱਗੇ ਨਹੀਂ ਖੜ੍ਹੇਗਾ।​—ਕਹਾ. 22:29.

ਤੁਸੀਂ ਅਲੱਗ-ਅਲੱਗ ਹੁਨਰ ਸਿੱਖਣ ਦਾ ਟੀਚਾ ਰੱਖ ਸਕਦੇ ਹੋ। ਜੇ ਅਸੀਂ ਵੀ ਆਪਣੇ ਹੁਨਰ ਨਿਖਾਰਦੇ ਰਹਾਂਗੇ, ਤਾਂ ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣਾਂਗੇ। ਜ਼ਰਾ ਸੋਚੋ ਕਿ ਬੈਥਲ ਘਰਾਂ, ਸੰਮੇਲਨ ਹਾਲਾਂ ਅਤੇ ਕਿੰਗਡਮ ਹਾਲਾਂ ਦੀ ਉਸਾਰੀ ਕਰਨ ਲਈ ਬਹੁਤ ਜ਼ਿਆਦਾ ਭੈਣਾਂ-ਭਰਾਵਾਂ ਦੀ ਮਦਦ ਦੀ ਲੋੜ ਪੈਂਦੀ ਹੈ। ਉਸਾਰੀ ਦਾ ਕੰਮ ਕਰਨ ਲਈ ਜੇ ਤੁਸੀਂ ਕੋਈ ਹੁਨਰ ਨਹੀਂ ਸਿੱਖਿਆ ਹੈ, ਤਾਂ ਫ਼ਿਕਰ ਨਾ ਕਰੋ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਅਲੱਗ-ਅਲੱਗ ਹੁਨਰ ਸਿੱਖੇ ਹਨ। ਅੱਜ ਨਾ ਸਿਰਫ਼ ਭਰਾ, ਸਗੋਂ ਭੈਣਾਂ ਵੀ ਸੰਮੇਲਨ ਹਾਲਾਂ ਅਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਲਈ ਜ਼ਰੂਰੀ ਹੁਨਰ ਸਿੱਖ ਰਹੀਆਂ ਹਨ। ਇਨ੍ਹਾਂ ਤਰੀਕਿਆਂ ਨਾਲ ਅਤੇ ਹੋਰ ਕਈ ਤਰੀਕਿਆਂ ਨਾਲ ‘ਯੁਗਾਂ-ਯੁਗਾਂ ਦਾ ਰਾਜਾ’ ਯਹੋਵਾਹ ਅਤੇ “ਰਾਜਿਆਂ ਦਾ ਰਾਜਾ” ਯਿਸੂ ਮਸੀਹ ਹੁਨਰਮੰਦ ਭੈਣਾਂ-ਭਰਾਵਾਂ ਨੂੰ ਵਰਤ ਕੇ ਆਪਣੇ ਸ਼ਾਨਦਾਰ ਕੰਮਾਂ ਨੂੰ ਪੂਰਾ ਕਰਵਾ ਰਹੇ ਹਨ। (1 ਤਿਮੋ. 1:17; 6:15) ਇਸ ਲਈ ਅਸੀਂ ਸਖ਼ਤ ਮਿਹਨਤ ਕਰਨੀ ਚਾਹੁੰਦੇ ਹਾਂ ਅਤੇ ਆਪਣੇ ਹੁਨਰ ਯਹੋਵਾਹ ਦੀ ਵਡਿਆਈ ਕਰਨ ਲਈ ਵਰਤਣੇ ਚਾਹੁੰਦੇ ਹਾਂ, ਨਾ ਕਿ ਆਪਣੀ ਵਡਿਆਈ ਕਰਾਉਣ ਲਈ।​—ਯੂਹੰ. 8:54. w22.04 24 ਪੈਰਾ 7; 25 ਪੈਰਾ 11

ਵੀਰਵਾਰ 6 ਜੂਨ

ਪੈਸਾ ਸੁਰੱਖਿਆ ਦਿੰਦਾ ਹੈ।​—ਉਪ. 7:12.

ਸੁਲੇਮਾਨ ਬਹੁਤ ਜ਼ਿਆਦਾ ਅਮੀਰ ਸੀ ਅਤੇ ਉਸ ਕੋਲ ਐਸ਼ੋ-ਆਰਾਮ ਦੀਆਂ ਸਾਰੀਆਂ ਚੀਜ਼ਾਂ ਸਨ। (1 ਰਾਜ. 10:7, 14, 15) ਪਰ ਦੂਜੇ ਪਾਸੇ, ਯਿਸੂ ਕੋਲ ਬਹੁਤ ਥੋੜ੍ਹੀਆਂ ਚੀਜ਼ਾਂ ਸਨ ਅਤੇ ਉਸ ਕੋਲ ਆਪਣਾ ਘਰ ਵੀ ਨਹੀਂ ਸੀ। (ਮੱਤੀ 8:20) ਫਿਰ ਵੀ ਦੋਵਾਂ ਨੇ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖਿਆ ਕਿਉਂਕਿ ਦੋਵਾਂ ਨੂੰ ਬੁੱਧ ਦੇਣ ਵਾਲਾ ਯਹੋਵਾਹ ਪਰਮੇਸ਼ੁਰ ਸੀ। ਸੁਲੇਮਾਨ ਜਾਣਦਾ ਸੀ ਕਿ ਪੈਸੇ ਦੇ ਨਾਲ ਅਸੀਂ ਜ਼ਰੂਰਤ ਦੀਆਂ ਚੀਜ਼ਾਂ ਅਤੇ ਕੁਝ ਮਨਪਸੰਦ ਦੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹਾਂ। ਚਾਹੇ ਸੁਲੇਮਾਨ ਬਹੁਤ ਅਮੀਰ ਸੀ, ਪਰ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਉਦਾਹਰਣ ਲਈ, ਉਸ ਨੇ ਲਿਖਿਆ: “ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ [ਜਾਂ, “ਨੇਕਨਾਮੀ” ਫੁਟਨੋਟ] ਚੁਣਨਾ ਚਾਹੀਦਾ ਹੈ।” (ਕਹਾ. 22:1) ਸੁਲੇਮਾਨ ਨੇ ਆਪਣੀ ਜ਼ਿੰਦਗੀ ਵਿਚ ਦੇਖਿਆ ਸੀ ਕਿ ਪੈਸੇ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਤੋਂ ਬਹੁਤੀ ਖ਼ੁਸ਼ੀ ਨਹੀਂ ਮਿਲਦੀ। (ਉਪ. 5:10, 12) ਉਸ ਨੇ ਪੈਸੇ ʼਤੇ ਹੱਦੋਂ ਵੱਧ ਭਰੋਸਾ ਨਾ ਕਰਨ ਦੀ ਚੇਤਾਵਨੀ ਦਿੱਤੀ ਕਿਉਂਕਿ ਪੈਸਾ ਅੱਜ ਹੈ ਤੇ ਕੱਲ੍ਹ ਨਹੀਂ।​—ਕਹਾ. 23:4, 5. w22.05 21 ਪੈਰੇ 4-5

ਸ਼ੁੱਕਰਵਾਰ 7 ਜੂਨ

ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ, ਉਹ ਤੁਹਾਡੇ ʼਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ ਕਿਉਂਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ। ਖ਼ੁਸ਼ ਹਨ ਉਹ ਸਾਰੇ ਜੋ ਉਸ ʼਤੇ ਉਮੀਦ ਲਾਈ ਰੱਖਦੇ ਹਨ।​—ਯਸਾ. 30:18.

ਯਹੋਵਾਹ ਸਾਨੂੰ ਅੱਜ ਜੋ ਬਰਕਤਾਂ ਦੇ ਰਿਹਾ ਹੈ, ਉਨ੍ਹਾਂ ʼਤੇ ਸੋਚ ਵਿਚਾਰ ਕਰਨ ਨਾਲ ਸਾਡਾ ਉਸ ਨਾਲ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ। ਨਾਲੇ ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਯਹੋਵਾਹ ਸਾਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਦੇਵੇਗਾ, ਤਾਂ ਸਾਡੀ ਉਮੀਦ ਹੋਰ ਪੱਕੀ ਹੋ ਜਾਵੇਗੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਅਸੀਂ ਅੱਜ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਪਾਉਂਦੇ ਹਾਂ। ਯਹੋਵਾਹ ਸਾਡੇ ਲਈ “ਉੱਠ ਖੜ੍ਹਾ ਹੋਵੇਗਾ” ਅਤੇ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਦੇਵੇਗਾ। “ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ,” ਇਸ ਲਈ ਸਾਨੂੰ ਪੱਕਾ ਭਰੋਸਾ ਹੈ ਕਿ ਉਹ ਆਪਣੇ ਤੈਅ ਕੀਤੇ ਦਿਨ ʼਤੇ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਕਰੇਗਾ ਅਤੇ ਇਸ ਨੂੰ ਇਕ ਦਿਨ ਵੀ ਵੱਧ ਬਰਦਾਸ਼ਤ ਨਹੀਂ ਕਰੇਗਾ। (ਯਸਾ. 25:9) ਜਦ ਤਕ ਉਹ ਦਿਨ ਨਹੀਂ ਆਉਂਦਾ, ਉਦੋਂ ਤਕ ਆਓ ਆਪਾਂ ਧੀਰਜ ਰੱਖੀਏ ਅਤੇ ਯਹੋਵਾਹ ਵੱਲੋਂ ਮੁਕਤੀ ਦਾ ਦਿਨ ਆਉਣ ਤਕ ਉਸ ਨੂੰ ਪ੍ਰਾਰਥਨਾ ਕਰਦੇ ਰਹੀਏ, ਅਧਿਐਨ ਕਰਦੇ ਰਹੀਏ, ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੀਏ ਅਤੇ ਉਸ ਵੱਲੋਂ ਮਿਲੀਆਂ ਬਰਕਤਾਂ ʼਤੇ ਸੋਚ-ਵਿਚਾਰ ਕਰਦੇ ਰਹੀਏ। ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਮੁਸ਼ਕਲਾਂ ਦੌਰਾਨ ਵੀ ਖ਼ੁਸ਼ੀ-ਖ਼ੁਸ਼ੀ ਸੇਵਾ ਕਰਨ ਵਿਚ ਸਾਡੀ ਮਦਦ ਕਰੇਗਾ। w22.11 13 ਪੈਰੇ 18-19

ਸ਼ਨੀਵਾਰ 8 ਜੂਨ

ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡੀਂ।​—ਕਹਾ. 1:8.

ਭਾਵੇਂ ਕਿ ਬਾਈਬਲ ਵਿਚ ਤਿਮੋਥਿਉਸ ਦੇ ਬਪਤਿਸਮੇ ਬਾਰੇ ਕੁਝ ਨਹੀਂ ਦੱਸਿਆ ਗਿਆ, ਫਿਰ ਵੀ ਅਸੀਂ ਸੋਚ ਸਕਦੇ ਹਾਂ ਕਿ ਉਸ ਦੇ ਬਪਤਿਸਮੇ ਵਾਲੇ ਦਿਨ ਉਸ ਦੀ ਮਾਂ ਯੂਨੀਕਾ ਨੂੰ ਬਹੁਤ ਖ਼ੁਸ਼ੀ ਹੋਈ ਹੋਣੀ। (ਕਹਾ. 23:25) ਯੂਨੀਕਾ ਆਪਣੇ ਮੁੰਡੇ ਦੇ ਦਿਲ ਵਿਚ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਲਈ ਪਿਆਰ ਪੈਦਾ ਕਰਨ ਵਿਚ ਸਫ਼ਲ ਹੋਈ। ਤਿਮੋਥਿਉਸ ਦੇ ਮਾਤਾ-ਪਿਤਾ ਅਲੱਗ-ਅਲੱਗ ਧਰਮ ਨੂੰ ਮੰਨਦੇ ਸਨ। ਇਸ ਕਰਕੇ ਉਸ ਨੇ ਬਚਪਨ ਤੋਂ ਉਨ੍ਹਾਂ ਦੇ ਧਰਮ ਬਾਰੇ ਸਿੱਖਿਆ ਹੋਣਾ। ਉਸ ਦਾ ਪਿਤਾ ਯੂਨਾਨੀ ਸੀ ਅਤੇ ਉਸ ਦੀ ਮਾਤਾ ਤੇ ਨਾਨੀ ਯਹੂਦਣ ਸਨ। (ਰਸੂ. 16:1) ਤਿਮੋਥਿਉਸ ਉਦੋਂ ਨੌਜਵਾਨ ਹੀ ਸੀ ਜਦੋਂ ਉਸ ਦੀ ਮਾਤਾ ਯੂਨੀਕਾ ਤੇ ਨਾਨੀ ਲੋਇਸ ਮਸੀਹੀ ਬਣੀਆਂ। ਪਰ ਉਸ ਦੇ ਪਿਤਾ ਨੇ ਮਸੀਹੀ ਧਰਮ ਨਹੀਂ ਅਪਣਾਇਆ। ਹੁਣ ਤਿਮੋਥਿਉਸ ਕਿਹੜਾ ਧਰਮ ਅਪਣਾਵੇਗਾ? ਅੱਜ ਮਸੀਹੀ ਮਾਵਾਂ ਵੀ ਯੂਨੀਕਾ ਵਾਂਗ ਆਪਣੇ ਪਰਿਵਾਰਾਂ ਨੂੰ ਪਿਆਰ ਕਰਦੀਆਂ ਹਨ। ਉਨ੍ਹਾਂ ਲਈ ਆਪਣੇ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਬਣਾਉਣਾ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ। ਪਰਮੇਸ਼ੁਰ ਉਨ੍ਹਾਂ ਦੀ ਇਸ ਮਿਹਨਤ ਦੀ ਬਹੁਤ ਕਦਰ ਕਰਦਾ ਹੈ। (ਕਹਾ. 1:8, 9) ਬਹੁਤ ਸਾਰੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ ਹੈ ਅਤੇ ਯਹੋਵਾਹ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ। w22.04 16 ਪੈਰੇ 1-3

ਐਤਵਾਰ 9 ਜੂਨ

ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ।​—ਪ੍ਰਕਾ. 17:17.

ਯਹੋਵਾਹ ਆਪਣੇ “ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ” ਦੁਨੀਆਂ ਦੀਆਂ ਸਰਕਾਰਾਂ ਦੇ ਦਿਲਾਂ ਵਿਚ ਪਾਵੇਗਾ। ਇਸ ਦਾ ਕੀ ਨਤੀਜਾ ਨਿਕਲੇਗਾ? “ਦਸ ਰਾਜੇ” ਯਾਨੀ ਦੁਨੀਆਂ ਭਰ ਦੀਆਂ ਸਰਕਾਰਾਂ ਝੂਠੇ ਧਰਮਾਂ ਦੇ ਖ਼ਿਲਾਫ਼ ਖੜ੍ਹੀਆਂ ਹੋਣਗੀਆਂ ਅਤੇ ਇਨ੍ਹਾਂ ਦਾ ਨਾਸ਼ ਕਰ ਦੇਣਗੀਆਂ। (ਪ੍ਰਕਾ. 17:1, 2, 16) ਸਾਨੂੰ ਕਿੱਦਾਂ ਪਤਾ ਹੈ ਕਿ ਬਹੁਤ ਜਲਦੀ ਮਹਾਂ ਬਾਬਲ ਦਾ ਨਾਸ਼ ਹੋਣ ਵਾਲਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਪੁਰਾਣੇ ਜ਼ਮਾਨੇ ਦੇ ਬਾਬਲ ਸ਼ਹਿਰ ਬਾਰੇ ਸੋਚੀਏ। ਇਸ ਸ਼ਹਿਰ ਦੇ ਆਲੇ-ਦੁਆਲੇ ਫਰਾਤ ਦਰਿਆ ਦਾ ਪਾਣੀ ਵਹਿੰਦਾ ਸੀ ਜਿਸ ਨਾਲ ਇਸ ਸ਼ਹਿਰ ਦੀ ਰਾਖੀ ਹੁੰਦੀ ਸੀ। ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਵੇਸਵਾ ‘ਪਾਣੀਆਂ’ ਉੱਤੇ ਬੈਠੀ ਹੋਈ ਹੈ ਜਿਸ ਕਰਕੇ ਉਹ ਸੁਰੱਖਿਅਤ ਮਹਿਸੂਸ ਕਰਦੀ ਹੈ। (ਪ੍ਰਕਾ. 17:15) ਇਹ ਪਾਣੀ ਉਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਦਰਸਾਉਂਦੇ ਹਨ ਜੋ ਉਸ ਦਾ ਸਾਥ ਦਿੰਦੇ ਹਨ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ “ਪਾਣੀ ਸੁੱਕ” ਜਾਣਗੇ ਯਾਨੀ ਬਹੁਤ ਸਾਰੇ ਲੋਕ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਦਾ ਸਾਥ ਦੇਣਾ ਛੱਡ ਦੇਣਗੇ। (ਪ੍ਰਕਾ. 16:12) ਅੱਜ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਧਰਮਾਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਅਤੇ ਉਨ੍ਹਾਂ ਲੱਗਦਾ ਹੈ ਕਿ ਧਰਮਾਂ ਕੋਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੈ। w22.07 5-6 ਪੈਰੇ 14-15

ਸੋਮਵਾਰ 10 ਜੂਨ

ਜਿਹੜਾ ਦਇਆ ਨਹੀਂ ਕਰਦਾ, ਉਸ ਦਾ ਨਿਆਂ ਬਿਨਾਂ ਦਇਆ ਦੇ ਕੀਤਾ ਜਾਵੇਗਾ। ਦਇਆ ਨਿਆਂ ਉੱਤੇ ਜਿੱਤ ਹਾਸਲ ਕਰਦੀ ਹੈ।​—ਯਾਕੂ. 2:13.

ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਯਹੋਵਾਹ ਪ੍ਰਤੀ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ। ਇਕ ਮਿਸਾਲ ਵਿਚ ਯਿਸੂ ਨੇ ਯਹੋਵਾਹ ਦੀ ਤੁਲਨਾ ਰਾਜੇ ਨਾਲ ਕੀਤੀ ਸੀ। ਉਸ ਰਾਜੇ ਨੇ ਆਪਣੇ ਇਕ ਨੌਕਰ ਦਾ ਕਾਫ਼ੀ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਕਿਉਂਕਿ ਨੌਕਰ ਕਰਜ਼ਾ ਚੁਕਾ ਨਹੀਂ ਸਕਦਾ ਸੀ। ਪਰ ਉਸ ਨੌਕਰ ਨੇ ਦੂਜੇ ਨੌਕਰ ʼਤੇ ਦਇਆ ਨਹੀਂ ਕੀਤੀ ਜਿਸ ਨੇ ਉਸ ਦਾ ਬਹੁਤ ਹੀ ਘੱਟ ਕਰਜ਼ਾ ਚੁਕਾਉਣਾ ਸੀ। (ਮੱਤੀ 18:23-35) ਇਸ ਮਿਸਾਲ ਰਾਹੀਂ ਯਿਸੂ ਸਾਨੂੰ ਕੀ ਸਿਖਾ ਰਿਹਾ ਸੀ? ਜੇ ਅਸੀਂ ਯਹੋਵਾਹ ਦੀ ਦਇਆ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ, ਤਾਂ ਅਸੀਂ ਵੀ ਦੂਜਿਆਂ ਨੂੰ ਮਾਫ਼ ਕਰਾਂਗੇ। (ਜ਼ਬੂ. 103:9) ਕੁਝ ਸਾਲ ਪਹਿਲਾਂ ਇਕ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ: “ਯਹੋਵਾਹ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸਾਨੂੰ ਮਾਫ਼ ਕਰਦਾ ਅਤੇ ਸਾਡੇ ʼਤੇ ਦਇਆ ਕਰਦਾ ਹੈ। ਇਸ ਲਈ ਚਾਹੇ ਅਸੀਂ ਦੂਜਿਆਂ ਨੂੰ ਕਿੰਨੀ ਵਾਰ ਮਾਫ਼ ਕਿਉਂ ਨਾ ਕਰ ਦੇਈਏ, ਪਰ ਅਸੀਂ ਕਦੇ ਵੀ ਇਸ ਮਾਮਲੇ ਵਿਚ ਪਰਮੇਸ਼ੁਰ ਦੀ ਬਰਾਬਰੀ ਨਹੀਂ ਕਰ ਸਕਦੇ।” ਮਾਫ਼ ਕਰਨ ਵਾਲਿਆਂ ਨੂੰ ਮਾਫ਼ ਕੀਤਾ ਜਾਵੇਗਾ। ਯਹੋਵਾਹ ਉਨ੍ਹਾਂ ʼਤੇ ਦਇਆ ਕਰਦਾ ਹੈ ਜੋ ਦੂਜਿਆਂ ʼਤੇ ਦਇਆ ਕਰਦੇ ਹਨ। (ਮੱਤੀ 5:7) ਯਿਸੂ ਨੇ ਵੀ ਇਹੀ ਗੱਲ ਆਪਣੇ ਚੇਲਿਆਂ ਨੂੰ ਸਿਖਾਈ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ।​—ਮੱਤੀ 6:14, 15. w22.06 10 ਪੈਰੇ 8-9

ਮੰਗਲਵਾਰ 11 ਜੂਨ

ਤੇਰੀ ਸੰਤਾਨ ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।​—ਉਤ. 22:18.

ਧਰਤੀ ʼਤੇ ਰਹਿੰਦਿਆਂ ਯਿਸੂ ਨੇ, ਤਾਂ ਉਸ ਨੇ ਹੂ-ਬਹੂ ਆਪਣੇ ਪਿਤਾ ਵਰਗੇ ਗੁਣ ਦਿਖਾਏ। (ਯੂਹੰ. 14:9) ਇਸ ਲਈ ਯਿਸੂ ਬਾਰੇ ਸਿੱਖ ਕੇ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਜਾਣਿਆ ਅਤੇ ਉਸ ਨੂੰ ਪਿਆਰ ਕਰਦੇ ਹਾਂ। ਨਾਲੇ ਯਿਸੂ ਨੇ ਸਾਨੂੰ ਜੋ ਗੱਲਾਂ ਸਿਖਾਈਆਂ ਹਨ ਅਤੇ ਅੱਜ ਉਹ ਜਿਸ ਤਰ੍ਹਾਂ ਸੰਗਠਨ ਦੀ ਅਗਵਾਈ ਕਰ ਰਿਹਾ ਹੈ, ਉਸ ਤੋਂ ਸਾਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਉਸ ਨੇ ਸਾਨੂੰ ਅਜਿਹੀ ਜ਼ਿੰਦਗੀ ਜੀਉਣੀ ਸਿਖਾਈ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਨਾਲੇ ਉਸ ਦੀ ਕੁਰਬਾਨੀ ਤੋਂ ਵੀ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਯਹੋਵਾਹ ਉਸ ਦੇ ਮੁਕੰਮਲ ਬਲੀਦਾਨ ਦੇ ਆਧਾਰ ʼਤੇ “ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।” (1 ਯੂਹੰ. 1:7) ਹੁਣ ਉਹ ਸਵਰਗ ਵਿਚ ਇਕ ਮਹਿਮਾਵਾਨ ਰਾਜਾ ਹੈ ਅਤੇ ਉਸ ਨੂੰ ਅਮਰ ਜੀਵਨ ਦਿੱਤਾ ਗਿਆ ਹੈ। ਜਲਦ ਹੀ ਯਿਸੂ ਸੱਪ ਦੇ ਸਿਰ ਨੂੰ ਕੁਚਲ ਦੇਵੇਗਾ। (ਉਤ. 3:15) ਉਸ ਵੇਲੇ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਸੁੱਖ ਦਾ ਸਾਹ ਆਵੇਗਾ! ਪਰ ਉਦੋਂ ਤਕ ਆਓ ਆਪਾਂ ਹਿੰਮਤ ਨਾ ਹਾਰੀਏ ਕਿਉਂਕਿ ਸਾਡਾ ਪਰਮੇਸ਼ੁਰ ਭਰੋਸੇ ਦੇ ਲਾਇਕ ਹੈ। ਉਹ “ਧਰਤੀ ਦੀਆਂ ਸਾਰੀਆਂ ਕੌਮਾਂ” ਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ। w22.07 18 ਪੈਰਾ 13; 19 ਪੈਰਾ 19

ਬੁੱਧਵਾਰ 12 ਜੂਨ

ਅਸੀਂ ਅਜਿਹੀਆਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ।​—1 ਥੱਸ. 3:3.

ਸਾਨੂੰ ਆਪਣੇ ਟੀਚਿਆਂ ਵਿਚ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਕਈ ਵਾਰ ਸਾਡੇ ਹਾਲਾਤਾਂ ʼਤੇ ਸਾਡਾ ਕੋਈ ਵੱਸ ਨਹੀਂ ਚੱਲਦਾ। ਇਸ ਨੂੰ ਸਮਝਣ ਲਈ ਜ਼ਰਾ ਪੌਲੁਸ ਰਸੂਲ ਬਾਰੇ ਸੋਚੋ। ਉਸ ਨੇ ਥੱਸਲੁਨੀਕਾ ਸ਼ਹਿਰ ਵਿਚ ਮੰਡਲੀ ਸਥਾਪਿਤ ਕਰਨ ਵਿਚ ਮਦਦ ਕੀਤੀ ਸੀ। ਪਰ ਵਿਰੋਧ ਹੋਣ ਕਰਕੇ ਪੌਲੁਸ ਨੂੰ ਇਹ ਸ਼ਹਿਰ ਛੱਡ ਕੇ ਜਾਣਾ ਪਿਆ। (ਰਸੂ. 17:1-5, 10) ਪੌਲੁਸ ਨੇ ਆਪਣੇ ਆਪ ਨੂੰ ਬਦਲਦੇ ਹਾਲਾਤਾਂ ਮੁਤਾਬਕ ਢਾਲਿਆ ਅਤੇ ਉਹ ਉਸ ਸ਼ਹਿਰ ਤੋਂ ਚਲਾ ਗਿਆ। ਜੇ ਪੌਲੁਸ ਉਸ ਸ਼ਹਿਰ ਵਿਚ ਹੀ ਰੁਕਦਾ, ਤਾਂ ਉੱਥੋਂ ਦੇ ਭੈਣਾਂ-ਭਰਾਵਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਸੀ। ਕੁਝ ਸਮੇਂ ਬਾਅਦ, ਉਸ ਨੇ ਥੱਸਲੁਨੀਕਾ ਦੇ ਨਵੇਂ ਬਣੇ ਮਸੀਹੀਆਂ ਦੀ ਨਿਹਚਾ ਪੱਕੀ ਕਰਨ ਲਈ ਤਿਮੋਥਿਉਸ ਨੂੰ ਉੱਥੇ ਭੇਜਿਆ। (1 ਥੱਸ. 3:1, 2) ਥੱਸਲੁਨੀਕਾ ਦੇ ਭੈਣ-ਭਰਾ ਇਹ ਦੇਖ ਕੇ ਬਹੁਤ ਖ਼ੁਸ਼ ਹੋਏ ਹੋਣੇ। ਥੱਸਲੁਨੀਕਾ ਵਿਚ ਹੋਏ ਪੌਲੁਸ ਦੇ ਤਜਰਬੇ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਵਿਚ ਕੋਈ ਟੀਚਾ ਰੱਖੀਏ, ਪਰ ਹਾਲਾਤ ਬਦਲਣ ਕਰਕੇ ਅਸੀਂ ਇਸ ਟੀਚੇ ਨੂੰ ਹਾਸਲ ਨਾ ਕਰ ਸਕੀਏ। (ਉਪ. 9:11) ਇਸ ਤਰ੍ਹਾਂ ਹੋਣ ਤੇ ਸਾਨੂੰ ਕੋਈ ਅਜਿਹਾ ਟੀਚਾ ਰੱਖਣਾ ਚਾਹੀਦਾ ਹੈ ਜਿਸ ਨੂੰ ਅਸੀਂ ਹਾਸਲ ਕਰ ਸਕੀਏ। w22.04 25-26 ਪੈਰੇ 14-15

ਵੀਰਵਾਰ 13 ਜੂਨ

ਖ਼ੁਸ਼ ਹੈ ਉਹ ਇਨਸਾਨ ਜਿਹੜਾ ਅਜ਼ਮਾਇਸ਼ਾਂ ਸਹਿੰਦਾ ਰਹਿੰਦਾ ਹੈ।​—ਯਾਕੂ. 1:12.

ਯਹੋਵਾਹ ਸਾਨੂੰ ਭਵਿੱਖ ਲਈ ਉਮੀਦ ਦੇ ਕੇ ਦਿਲਾਸਾ ਦਿੰਦਾ ਹੈ। ਜ਼ਰਾ ਬਾਈਬਲ ਦੀਆਂ ਕੁਝ ਆਇਤਾਂ ʼਤੇ ਗੌਰ ਕਰੋ ਜਿਨ੍ਹਾਂ ਤੋਂ ਸਾਨੂੰ ਮੁਸੀਬਤਾਂ ਦੌਰਾਨ ਦਿਲਾਸਾ ਮਿਲ ਸਕਦਾ ਹੈ। ਇਨ੍ਹਾਂ ਆਇਤਾਂ ਵਿਚ ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਵੀ ਉਸ ਨੂੰ “ਸਾਡੇ ਨਾਲ ਪਿਆਰ ਕਰਨ ਤੋਂ ਰੋਕ” ਨਹੀਂ ਸਕਦੀਆਂ। (ਰੋਮੀ. 8:38, 39) ਉਹ ਸਾਨੂੰ ਇਹ ਵੀ ਭਰੋਸਾ ਦਿਵਾਉਂਦਾ ਹੈ ਕਿ ਉਹ “ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ।” (ਜ਼ਬੂ. 145:18) ਯਹੋਵਾਹ ਸਾਨੂੰ ਦੱਸਦਾ ਹੈ ਕਿ ਜੇ ਅਸੀਂ ਉਸ ʼਤੇ ਭਰੋਸਾ ਰੱਖਾਂਗੇ, ਤਾਂ ਅਸੀਂ ਕਿਸੇ ਵੀ ਮੁਸੀਬਤ ਨੂੰ ਸਹਿ ਸਕਾਂਗੇ ਅਤੇ ਅਸੀਂ ਦੁੱਖਾਂ ਦੇ ਬਾਵਜੂਦ ਖ਼ੁਸ਼ ਰਹਿ ਸਕਾਂਗੇ। (1 ਕੁਰਿੰ. 10:13; ਯਾਕੂ. 1:2) ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਇਹ ਵੀ ਯਾਦ ਕਰਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਸਾਨੂੰ ਜੋ ਬਰਕਤਾਂ ਦੇਵੇਗਾ ਉਨ੍ਹਾਂ ਸਾਮ੍ਹਣੇ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਜਿਹੀਆਂ ਹਨ। (2 ਕੁਰਿੰ. 4:16-18) ਯਹੋਵਾਹ ਸਾਨੂੰ ਪੱਕੀ ਉਮੀਦ ਦਿੰਦਾ ਹੈ ਕਿ ਉਹ ਸਾਡੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਸਾਰੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। (ਜ਼ਬੂ. 37:10) ਕੀ ਤੁਸੀਂ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਕੁਝ ਆਇਤਾਂ ਯਾਦ ਕੀਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਭਵਿੱਖ ਵਿਚ ਮੁਸੀਬਤਾਂ ਸਹਿ ਸਕੋਗੇ? w22.08 11 ਪੈਰਾ 11

ਸ਼ੁੱਕਰਵਾਰ 14 ਜੂਨ

‘ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ।’​—ਫ਼ਿਲਿ. 4:8.

ਕੀ ਤੁਹਾਨੂੰ ਕਦੇ ਇਹ ਸੋਚ ਕੇ ਫ਼ਿਕਰ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਚੱਲਦੇ ਰਹਿ ਸਕੋਗੇ ਜਾਂ ਨਹੀਂ? ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਸਾਡੀ ਧਾਰਮਿਕਤਾ “ਸਮੁੰਦਰ ਦੀਆਂ ਲਹਿਰਾਂ ਵਾਂਗ” ਹੋਵੇਗੀ। (ਯਸਾ. 48:18) ਜ਼ਰਾ ਕਲਪਨਾ ਕਰੋ ਕਿ ਤੁਸੀਂ ਸਮੁੰਦਰੀ ਕਿਨਾਰੇ ʼਤੇ ਖੜ੍ਹੇ ਹੋ ਅਤੇ ਸਮੁੰਦਰ ਵਿਚ ਇਕ ਤੋਂ ਬਾਅਦ ਇਕ ਲਹਿਰਾਂ ਆਉਂਦੀਆਂ ਹਨ। ਕੀ ਇਸ ਸ਼ਾਂਤ ਮਾਹੌਲ ਵਿਚ ਤੁਹਾਨੂੰ ਇਸ ਗੱਲ ਦਾ ਫ਼ਿਕਰ ਹੋਵੇਗਾ ਕਿ ਇਕ ਦਿਨ ਇਹ ਲਹਿਰਾਂ ਆਉਣੀਆਂ ਬੰਦ ਹੋ ਜਾਣਗੀਆਂ? ਬਿਲਕੁਲ ਨਹੀਂ! ਕਿਉਂਕਿ ਤੁਹਾਨੂੰ ਪਤਾ ਹੈ ਕਿ ਲਹਿਰਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ। ਤੁਹਾਡੀ ਧਾਰਮਿਕਤਾ ਵੀ ਸਮੁੰਦਰ ਦੀਆਂ ਲਹਿਰਾਂ ਵਾਂਗ ਹੋ ਸਕਦੀ ਹੈ। ਕਿਵੇਂ? ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸੋਚੋ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ। ਫਿਰ ਉਸ ਮੁਤਾਬਕ ਫ਼ੈਸਲਾ ਲਓ। ਚਾਹੇ ਤੁਹਾਡੇ ਲਈ ਇਹ ਫ਼ੈਸਲਾ ਲੈਣਾ ਕਿੰਨਾ ਹੀ ਔਖਾ ਕਿਉਂ ਨਾ ਹੋਵੇ, ਯਾਦ ਰੱਖੋ ਕਿ ਤੁਹਾਡਾ ਪਿਆਰਾ ਪਿਤਾ ਯਹੋਵਾਹ ਹਮੇਸ਼ਾ ਤੁਹਾਡੇ ਨਾਲ ਰਹੇਗਾ ਅਤੇ ਤੁਹਾਨੂੰ ਹਰ ਰੋਜ਼ ਧਰਮੀ ਮਿਆਰਾਂ ਮੁਤਾਬਕ ਚੱਲਦੇ ਰਹਿਣ ਦੀ ਹਿੰਮਤ ਦੇਵੇਗਾ।​—ਯਸਾ. 40:29-31. w22.08 30 ਪੈਰੇ 15-17

ਸ਼ਨੀਵਾਰ 15 ਜੂਨ

ਜਿਉਂ ਹੀ 1,000 ਸਾਲ ਪੂਰੇ ਹੋਣਗੇ, ਸ਼ੈਤਾਨ ਨੂੰ ਕੈਦ ਵਿੱਚੋਂ ਰਿਹਾ ਕੀਤਾ ਜਾਵੇਗਾ।​—ਪ੍ਰਕਾ. 20:7.

ਹਜ਼ਾਰ ਸਾਲ ਖ਼ਤਮ ਹੋਣ ਤੇ ਉਸ ਨੂੰ ਕੈਦ ਵਿੱਚੋਂ ਰਿਹਾ ਕੀਤਾ ਜਾਵੇਗਾ। ਉਸ ਸਮੇਂ ਉਹ ਸਾਰੇ ਮੁਕੰਮਲ ਇਨਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਪਰੀਖਿਆ ਦੌਰਾਨ ਸਾਰੇ ਮੁਕੰਮਲ ਇਨਸਾਨਾਂ ਕੋਲ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਉਹ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ ਜਾਂ ਨਹੀਂ ਅਤੇ ਉਸ ਦੀ ਹਕੂਮਤ ਅਧੀਨ ਰਹਿਣਾ ਚਾਹੁੰਦੇ ਹਨ ਜਾਂ ਨਹੀਂ। (ਪ੍ਰਕਾ. 20:8-10) ਇਸ ਮਾਮਲੇ ਬਾਰੇ ਹਰ ਇਨਸਾਨ ਜੋ ਵੀ ਫ਼ੈਸਲਾ ਕਰੇਗਾ, ਉਸ ਦੇ ਆਧਾਰ ʼਤੇ ਹੀ ਤੈਅ ਕੀਤਾ ਜਾਵੇਗਾ ਕਿ ਉਸ ਦਾ ਨਾਂ ਜੀਵਨ ਦੀ ਕਿਤਾਬ ਵਿਚ ਲਿਖਿਆ ਜਾਵੇਗਾ ਜਾਂ ਨਹੀਂ। ਉਸ ਸਮੇਂ ਵੀ ਆਦਮ ਤੇ ਹੱਵਾਹ ਵਾਂਗ ਅਣਗਿਣਤ ਲੋਕ ਯਹੋਵਾਹ ਦੀ ਹਕੂਮਤ ਅਧੀਨ ਨਹੀਂ ਰਹਿਣਾ ਚਾਹੁਣਗੇ। ਉਨ੍ਹਾਂ ਲੋਕਾਂ ਦਾ ਕੀ ਅੰਜਾਮ ਹੋਵੇਗਾ? ਪ੍ਰਕਾਸ਼ ਦੀ ਕਿਤਾਬ 20:15 ਵਿਚ ਲਿਖਿਆ ਹੈ: “ਜਿਸ ਕਿਸੇ ਦਾ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਮਿਲਿਆ, ਉਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।” ਜੀ ਹਾਂ, ਬਗਾਵਤ ਕਰਨ ਵਾਲੇ ਸਾਰੇ ਇਨਸਾਨਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਪਰ ਜ਼ਿਆਦਾਤਰ ਲੋਕ ਇਸ ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਸਾਬਤ ਹੋਣਗੇ। w22.09 23-24 ਪੈਰੇ 15-16

ਐਤਵਾਰ 16 ਜੂਨ

ਜੇ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਸੁੰਨਤ ਨਹੀਂ ਕਰਾਓਗੇ, ਤਾਂ ਤੁਸੀਂ ਬਚਾਏ ਨਹੀਂ ਜਾਓਗੇ।​—ਰਸੂ. 15:1.

ਪਹਿਲੀ ਸਦੀ ਦੇ ਕੁਝ ਯਹੂਦੀ ਮਸੀਹੀ ਗ਼ੈਰ-ਯਹੂਦੀ ਮਸੀਹੀਆਂ ʼਤੇ ਸੁੰਨਤ ਕਰਾਉਣ ਦਾ ਜ਼ੋਰ ਪਾ ਰਹੇ ਸਨ। ਸ਼ਾਇਦ ਉਹ ਇਸ ਲਈ ਜ਼ੋਰ ਪਾ ਰਹੇ ਸਨ ਕਿਉਂਕਿ ਉਹ ਆਪਣੀ ਕੌਮ ਦੇ ਲੋਕਾਂ ਦੀ ਨੁਕਤਾਚੀਨੀ ਤੋਂ ਬਚਣਾ ਚਾਹੁੰਦੇ ਸਨ। (ਗਲਾ. 6:12) ਪੌਲੁਸ ਰਸੂਲ ਉਨ੍ਹਾਂ ਦੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ, ਪਰ ਉਸ ਨੇ ਉਨ੍ਹਾਂ ʼਤੇ ਆਪਣੀ ਰਾਇ ਨਹੀਂ ਥੋਪੀ, ਸਗੋਂ ਨਿਮਰ ਹੋਣ ਕਰਕੇ ਉਸ ਨੇ ਇਸ ਮਸਲੇ ਨੂੰ ਯਰੂਸ਼ਲਮ ਦੇ ਬਜ਼ੁਰਗਾਂ ਅਤੇ ਰਸੂਲਾਂ ਸਾਮ੍ਹਣੇ ਰੱਖਿਆ। (ਰਸੂ. 15:2) ਪੌਲੁਸ ਦੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਮਸੀਹੀਆਂ ਦੀ ਮਦਦ ਹੋਈ ਕਿ ਉਹ ਮੰਡਲੀ ਵਿਚ ਖ਼ੁਸ਼ੀ ਅਤੇ ਸ਼ਾਂਤੀ ਬਣਾਈ ਰੱਖਣ। (ਰਸੂ. 15:30, 31) ਜੇ ਸਾਡੀ ਮੰਡਲੀ ਵਿਚ ਵੀ ਕੋਈ ਅਹਿਮ ਮਸਲਾ ਖੜ੍ਹਾ ਹੋ ਜਾਂਦਾ ਹੈ, ਤਾਂ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਦੂਜਿਆਂ ʼਤੇ ਆਪਣੀ ਰਾਇ ਥੋਪਣ ਦੀ ਬਜਾਇ ਵਧੀਆ ਹੋਵੇਗਾ ਕਿ ਅਸੀਂ ਉਨ੍ਹਾਂ ਭਰਾਵਾਂ ਤੋਂ ਸਲਾਹ ਲਈਏ ਜਿਨ੍ਹਾਂ ਨੂੰ ਯਹੋਵਾਹ ਨੇ ਮੰਡਲੀ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਹੈ। ਅਸੀਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰ ਸਕਦੇ ਹਾਂ ਅਤੇ ਸੰਗਠਨ ਦੀਆਂ ਹਿਦਾਇਤਾਂ ਮੰਨ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਰਾਇ ʼਤੇ ਅੜੇ ਨਹੀਂ ਰਹਾਂਗੇ ਅਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਾਂਗੇ। w22.08 22 ਪੈਰੇ 8-9

ਸੋਮਵਾਰ 17 ਜੂਨ

ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ।​—ਕਹਾ. 17:17.

ਕਦੇ-ਨਾ-ਕਦੇ ਸਾਡਾ ਸਾਰਿਆਂ ਦਾ ਦਿਲ ਕਰਦਾ ਹੈ ਕਿ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਿਸੇ ਜਿਗਰੀ ਦੋਸਤ ਨੂੰ ਦੱਸੀਏ। ਕਈ ਵਾਰ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੁੰਦਾ। ਜ਼ਰਾ ਸੋਚੋ, ਜੇ ਅਸੀਂ ਹਿੰਮਤ ਕਰ ਕੇ ਕਿਸੇ ਦੋਸਤ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਉਸ ਨੇ ਉਹ ਗੱਲ ਕਿਸੇ ਹੋਰ ਨੂੰ ਦੱਸ ਦਿੱਤੀ ਹੈ, ਤਾਂ ਸਾਨੂੰ ਕਿੱਦਾਂ ਲੱਗਦਾ ਹੈ। ਸਾਡਾ ਉਸ ਤੋਂ ਭਰੋਸਾ ਉੱਠ ਜਾਂਦਾ ਹੈ ਤੇ ਅਸੀਂ ਬਹੁਤ ਦੁਖੀ ਹੁੰਦੇ ਹਾਂ। ਪਰ ਅਸੀਂ ਉਸ ਦੋਸਤ ਦੇ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਜੋ ਸਾਡੀਆਂ ਗੱਲਾਂ ਆਪਣੇ ਤਕ ਹੀ ਰੱਖਦਾ ਹੈ। ਬਾਈਬਲ ਵਿਚ ਅਜਿਹੇ ਇਨਸਾਨ ਨੂੰ “ਸੱਚਾ ਦੋਸਤ” ਕਿਹਾ ਗਿਆ ਹੈ। ਜਿਹੜੇ ਬਜ਼ੁਰਗ ਦੂਜਿਆਂ ਦੀਆਂ ਗੱਲਾਂ ਰਾਜ਼ ਰੱਖਦੇ ਹਨ, ਉਹ ਭੈਣਾਂ-ਭਰਾਵਾਂ ਲਈ ‘ਹਨੇਰੀ ਤੋਂ ਲੁਕਣ ਦੀ ਥਾਂ ਜਿਹੇ, ਵਾਛੜ ਤੋਂ ਬਚਣ ਦੀ ਜਗ੍ਹਾ ਜਿਹੇ’ ਹੁੰਦੇ ਹਨ। (ਯਸਾ. 32:2) ਸਾਨੂੰ ਪਤਾ ਹੈ ਕਿ ਅਸੀਂ ਬਜ਼ੁਰਗਾਂ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਅਤੇ ਸਾਨੂੰ ਪੱਕਾ ਭਰੋਸਾ ਹੁੰਦਾ ਹੈ ਕਿ ਉਹ ਸਾਡੀਆਂ ਗੱਲਾਂ ਦੂਜਿਆਂ ਨੂੰ ਨਹੀਂ ਦੱਸਣਗੇ। ਸਾਨੂੰ ਉਨ੍ਹਾਂ ʼਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਉਹ ਸਾਨੂੰ ਰਾਜ਼ ਦੀਆਂ ਗੱਲਾਂ ਦੱਸਣ। ਬਜ਼ੁਰਗਾਂ ਦੀਆਂ ਪਤਨੀਆਂ ਵੀ ਤਾਰੀਫ਼ ਦੇ ਕਾਬਲ ਹਨ ਕਿਉਂਕਿ ਉਹ ਆਪਣੇ ਪਤੀਆਂ ਦੇ ਮੂੰਹੋਂ ਕੋਈ ਰਾਜ਼ ਦੀ ਗੱਲ ਕਢਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ। ਨਾਲੇ ਜਦੋਂ ਕੋਈ ਬਜ਼ੁਰਗ ਆਪਣੀ ਪਤਨੀ ਨੂੰ ਭੈਣਾਂ-ਭਰਾਵਾਂ ਦੀਆਂ ਰਾਜ਼ ਦੀਆਂ ਗੱਲਾਂ ਨਹੀਂ ਦੱਸਦਾ, ਤਾਂ ਇਸ ਵਿਚ ਉਸ ਦੀ ਪਤਨੀ ਦੀ ਹੀ ਭਲਾਈ ਹੁੰਦੀ ਹੈ। w22.09 11 ਪੈਰੇ 10-11

ਮੰਗਲਵਾਰ 18 ਜੂਨ

ਮੈਂ ਹੀ ਪਰਮੇਸ਼ੁਰ ਹਾਂ। ਕੌਮਾਂ ਵਿਚ ਮੈਨੂੰ ਉੱਚਾ ਕੀਤਾ ਜਾਵੇਗਾ।​—ਜ਼ਬੂ. 46:10.

ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਉਣ ਵਾਲੇ “ਮਹਾਂਕਸ਼ਟ” ਵਿਚ ਆਪਣੇ ਲੋਕਾਂ ਨੂੰ ਬਚਾਵੇਗਾ। (ਮੱਤੀ 24:21; ਦਾਨੀ. 12:1) ਜਦੋਂ ਮਾਗੋਗ ਦਾ ਗੋਗ ਯਾਨੀ ਕੌਮਾਂ ਦਾ ਗਠਜੋੜ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ʼਤੇ ਹਮਲਾ ਕਰੇਗਾ, ਉਦੋਂ ਵੀ ਯਹੋਵਾਹ ਆਪਣੇ ਸੇਵਕਾਂ ਨੂੰ ਬਚਾਵੇਗਾ। ਚਾਹੇ ਸੰਯੁਕਤ ਰਾਸ਼ਟਰ ਸੰਘ ਦੇ 193 ਮੈਂਬਰ ਇਕੱਠੇ ਹੋ ਕੇ ਯਹੋਵਾਹ ਦੇ ਖ਼ਿਲਾਫ਼ ਕਿਉਂ ਨਾ ਆ ਜਾਣ, ਫਿਰ ਵੀ ਉਹ ਕਦੇ ਅੱਤ ਮਹਾਨ ਪਰਮੇਸ਼ੁਰ ਅਤੇ ਉਸ ਦੀਆਂ ਫ਼ੌਜਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ। ਯਹੋਵਾਹ ਵਾਅਦਾ ਕਰਦਾ ਹੈ: “ਮੈਂ ਜ਼ਰੂਰ ਬਹੁਤ ਸਾਰੀਆਂ ਕੌਮਾਂ ਸਾਮ੍ਹਣੇ ਆਪਣੇ ਆਪ ਨੂੰ ਉੱਚਾ ਕਰਾਂਗਾ, ਆਪਣੇ ਆਪ ਨੂੰ ਪਵਿੱਤਰ ਕਰਾਂਗਾ ਅਤੇ ਜ਼ਾਹਰ ਕਰਾਂਗਾ ਕਿ ਮੈਂ ਕੌਣ ਹਾਂ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” (ਹਿਜ਼. 38:14-16, 23) ਜਦੋਂ ਗੋਗ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ, ਤਾਂ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਵੇਗਾ। ਇਸ ਯੁੱਧ ਵਿਚ ਉਹ “ਸਾਰੀ ਧਰਤੀ ਦੇ ਰਾਜਿਆਂ” ਦਾ ਖ਼ਾਤਮਾ ਕਰ ਦੇਵੇਗਾ। (ਪ੍ਰਕਾ. 16:14, 16; 19:19-21) ਪਰ ਸਿਰਫ਼ ‘ਨੇਕ ਲੋਕ ਹੀ ਧਰਤੀ ਉੱਤੇ ਵੱਸਣਗੇ ਅਤੇ ਜੋ ਵਫ਼ਾਦਾਰੀ ਬਣਾਈ ਰੱਖਦੇ ਹਨ ਉਹੀ ਇਸ ਉੱਤੇ ਰਹਿ ਜਾਣਗੇ।’​—ਕਹਾ. 2:21, ਫੁਟਨੋਟ। w22.10 16-17 ਪੈਰੇ 16-17

ਬੁੱਧਵਾਰ 19 ਜੂਨ

[ਪਰਮੇਸ਼ੁਰ] ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।​—1 ਤਿਮੋ. 2:4.

ਅਸੀਂ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ, ਸਿਰਫ਼ “ਯਹੋਵਾਹ ਇਰਾਦਿਆਂ ਨੂੰ ਜਾਂਚਦਾ ਹੈ।” (ਕਹਾ. 16:2) ਉਹ ਸਾਰੇ ਇਨਸਾਨਾਂ ਨੂੰ ਪਿਆਰ ਕਰਦਾ ਹੈ, ਫਿਰ ਚਾਹੇ ਉਹ ਕਿਸੇ ਵੀ ਪਿਛੋਕੜ ਜਾਂ ਸਭਿਆਚਾਰ ਵਿੱਚੋਂ ਕਿਉਂ ਨਾ ਹੋਣ। ਨਾਲੇ ਯਹੋਵਾਹ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ‘ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੀਏ।’ (2 ਕੁਰਿੰ. 6:13) ਸਾਨੂੰ ਕਦੇ ਵੀ ਆਪਣੇ ਕਿਸੇ ਭੈਣ-ਭਰਾ ਦਾ ਨਿਆਂ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਆਪਣੇ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਉਨ੍ਹਾਂ ਲੋਕਾਂ ਦਾ ਵੀ ਨਿਆਂ ਨਹੀਂ ਕਰਨਾ ਚਾਹੀਦਾ ਜੋ ਸੱਚਾਈ ਵਿਚ ਨਹੀਂ ਹਨ। ਕੀ ਤੁਹਾਨੂੰ ਆਪਣੇ ਕਿਸੇ ਅਵਿਸ਼ਵਾਸੀ ਰਿਸ਼ਤੇਦਾਰ ਦਾ ਨਿਆਂ ਕਰਦਿਆਂ ਇਹ ਕਹਿਣਾ ਚਾਹੀਦਾ, ‘ਉਹ ਕਦੇ ਵੀ ਸੱਚਾਈ ਵਿਚ ਨਹੀਂ ਆਵੇਗਾ?’ ਨਹੀਂ, ਬਿਲਕੁਲ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ਦਾ ਮਤਲਬ ਹੈ, ਹੰਕਾਰੀ ਹੋਣਾ ਜਾਂ ਆਪਣੇ ਆਪ ਨੂੰ ਬਹੁਤਾ ਧਰਮੀ ਸਮਝਣਾ। ਯਹੋਵਾਹ ਹਾਲੇ ਵੀ “ਸਾਰੀ ਦੁਨੀਆਂ ਨੂੰ ਤੋਬਾ ਕਰਨ” ਦਾ ਮੌਕਾ ਦੇ ਰਿਹਾ ਹੈ। (ਰਸੂ. 17:30) ਇਸ ਲਈ ਹਮੇਸ਼ਾ ਯਾਦ ਰੱਖੋ ਕਿ ਜੋ ਆਪਣੇ ਆਪ ਨੂੰ ਬਹੁਤਾ ਧਰਮੀ ਸਮਝਦਾ ਹੈ, ਯਹੋਵਾਹ ਉਸ ਨੂੰ ਧਰਮੀ ਨਹੀਂ ਸਮਝਦਾ। ਆਓ ਆਪਾਂ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਦੇ ਰਹਿਣ ਦੇ ਆਪਣੇ ਇਰਾਦੇ ਨੂੰ ਪੱਕਾ ਕਰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਸਾਡੇ ਤੋਂ ਦੂਜਿਆਂ ਨੂੰ ਵੀ ਪਰਮੇਸ਼ੁਰ ਦੇ ਧਰਮੀ ਮਿਆਰਾਂ ʼਤੇ ਚੱਲਣ ਦੀ ਹੱਲਾਸ਼ੇਰੀ ਮਿਲੇਗੀ। ਨਾਲੇ ਉਹ ਸਾਡੇ ਨਾਲ ਅਤੇ ਪਰਮੇਸ਼ੁਰ ਨਾਲ ਹੋਰ ਵੀ ਪਿਆਰ ਕਰਨਗੇ। w22.08 31 ਪੈਰੇ 20-22

ਵੀਰਵਾਰ 20 ਜੂਨ

ਉਨ੍ਹਾਂ ਨੂੰ ਇਹ ਜ਼ਰੂਰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ।​—ਹਿਜ਼. 2:5.

ਸਾਨੂੰ ਪਤਾ ਹੈ ਕਿ ਪ੍ਰਚਾਰ ਕਰਦਿਆਂ ਸਾਡਾ ਵਿਰੋਧ ਹੋ ਸਕਦਾ ਹੈ ਅਤੇ ਭਵਿੱਖ ਵਿਚ ਸ਼ਾਇਦ ਸਾਡਾ ਹੋਰ ਵੀ ਜ਼ਿਆਦਾ ਵਿਰੋਧ ਹੋਵੇ। (ਦਾਨੀ. 11:44; 2 ਤਿਮੋ. 3:12; ਪ੍ਰਕਾ. 16:21) ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ। ਕਿਉਂ? ਕਿਉਂਕਿ ਯਹੋਵਾਹ ਨੇ ਹਮੇਸ਼ਾ ਆਪਣੇ ਸੇਵਕਾਂ ਦੀ ਔਖੀਆਂ ਤੋਂ ਔਖੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਮਦਦ ਕੀਤੀ ਹੈ। ਉਦਾਹਰਣ ਲਈ, ਯਹੋਵਾਹ ਨੇ ਆਪਣੇ ਸੇਵਕ ਹਿਜ਼ਕੀਏਲ ਦੀ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਪ੍ਰਚਾਰ ਕਰਨ ਵਿਚ ਮਦਦ ਕੀਤੀ ਸੀ। ਹਿਜ਼ਕੀਏਲ ਨੇ ਕਿਹੋ ਜਿਹੇ ਲੋਕਾਂ ਨੂੰ ਪ੍ਰਚਾਰ ਕਰਨਾ ਸੀ? ਯਹੋਵਾਹ ਨੇ ਉਨ੍ਹਾਂ ਬਾਰੇ ਦੱਸਿਆ ਕਿ ਉਹ “ਢੀਠ,” “ਪੱਥਰ-ਦਿਲ” ਅਤੇ “ਬਾਗ਼ੀ” ਸਨ। ਉਹ ਕੰਡਿਆਂ ਅਤੇ ਜ਼ਹਿਰੀਲੇ ਬਿੱਛੂਆਂ ਵਰਗੇ ਸਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਹਿਜ਼ਕੀਏਲ ਨੂੰ ਵਾਰ-ਵਾਰ ਇਹ ਕਿਉਂ ਕਿਹਾ ਸੀ: “ਤੂੰ ਉਨ੍ਹਾਂ ਤੋਂ ਨਾ ਡਰੀਂ”! (ਹਿਜ਼. 2:3-6) ਹਿਜ਼ਕੀਏਲ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰ ਸਕਿਆ ਕਿਉਂਕਿ (1) ਉਸ ਨੂੰ ਯਹੋਵਾਹ ਨੇ ਭੇਜਿਆ ਸੀ, (2) ਉਸ ʼਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੀ ਅਤੇ (3) ਉਸ ਨੂੰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲੀ ਸੀ। w22.11 2 ਪੈਰੇ 1-2

ਸ਼ੁੱਕਰਵਾਰ 21 ਜੂਨ

ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ, ਤੂੰ ਜ਼ਰੂਰ ਮਰ ਜਾਵੇਂਗਾ।​—ਉਤ. 2:17.

ਯਹੋਵਾਹ ਨੇ ਪੇੜ-ਪੌਦਿਆਂ ਅਤੇ ਜਾਨਵਰਾਂ ਨੂੰ ਥੋੜ੍ਹੇ ਸਮੇਂ ਲਈ ਜੀਉਂਦਾ ਰਹਿਣ ਲਈ ਬਣਾਇਆ ਸੀ। ਇਸ ਤੋਂ ਉਲਟ, ਪਰਮੇਸ਼ੁਰ ਨੇ ਇਨਸਾਨਾਂ ਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਸ਼ਾਨਦਾਰ ਉਮੀਦ ਦਿੱਤੀ ਸੀ। ਯਹੋਵਾਹ ਨੇ ਸਾਡੇ ਅੰਦਰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਜ਼ਬਰਦਸਤ ਇੱਛਾ ਪਾਈ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਦੇ ‘ਮਨਾਂ ਵਿਚ ਹਮੇਸ਼ਾ ਤਕ ਜੀਉਂਦੇ ਰਹਿਣ ਦਾ ਵਿਚਾਰ ਪਾਇਆ ਹੈ।’ (ਉਪ. 3:11) ਇਸ ਕਰਕੇ ਅਸੀਂ ਮੌਤ ਨੂੰ ਆਪਣਾ ਦੁਸ਼ਮਣ ਸਮਝਦੇ ਹਾਂ। (1 ਕੁਰਿੰ. 15:26) ਜ਼ਰਾ ਸੋਚੋ, ਬਹੁਤ ਜ਼ਿਆਦਾ ਬੀਮਾਰ ਪੈਣ ਤੇ ਕੀ ਅਸੀਂ ਹੱਥ ʼਤੇ ਹੱਥ ਧਰ ਕੇ ਬੈਠੇ ਰਹਿੰਦੇ ਹਾਂ ਅਤੇ ਮੌਤ ਦਾ ਇੰਤਜ਼ਾਰ ਕਰਦੇ ਹਾਂ? ਬਿਲਕੁਲ ਨਹੀਂ, ਅਸੀਂ ਡਾਕਟਰ ਕੋਲ ਜਾਂਦੇ ਹਾਂ ਅਤੇ ਆਪਣਾ ਇਲਾਜ ਕਰਾਉਣ ਲਈ ਦਵਾਈ ਲੈਂਦੇ ਹਾਂ। ਦਰਅਸਲ, ਅਸੀਂ ਮੌਤ ਤੋਂ ਬਚਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ, ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਅਸੀਂ ਲੰਬੇ ਸਮੇਂ ਤਕ ਉਸ ਦਾ ਸੋਗ ਮਨਾਉਂਦੇ ਰਹਿੰਦੇ ਹਾਂ, ਫਿਰ ਚਾਹੇ ਉਹ ਜਵਾਨ ਹੋਵੇ ਜਾਂ ਸਿਆਣੀ ਉਮਰ ਦਾ। (ਯੂਹੰ. 11:32, 33) ਇਸ ਤੋਂ ਅਸੀਂ ਸੋਚ ਸਕਦੇ ਹਾਂ ਕਿ ਜੇ ਸਾਡੇ ਪਿਆਰੇ ਸ੍ਰਿਸ਼ਟੀਕਰਤਾ ਨੇ ਸਾਨੂੰ ਹਮੇਸ਼ਾ ਜੀਉਂਦੇ ਰਹਿਣ ਦੇ ਮਕਸਦ ਨਾਲ ਨਾ ਬਣਾਇਆ ਹੁੰਦਾ, ਤਾਂ ਉਸ ਨੇ ਸਾਡੇ ਅੰਦਰ ਇਹ ਇੱਛਾ ਕਿਉਂ ਪਾਉਣੀ ਸੀ ਅਤੇ ਸਾਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਕਾਬਲੀਅਤ ਨਾਲ ਕਿਉਂ ਬਣਾਉਣਾ ਸੀ। w22.12 3 ਪੈਰਾ 5; 4 ਪੈਰਾ 7

ਸ਼ਨੀਵਾਰ 22 ਜੂਨ

ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।​—1 ਪਤ. 5:9.

ਇਨ੍ਹਾਂ ਮੁਸ਼ਕਲ ਘੜੀਆਂ ਵਿਚ ਬਹੁਤ ਸਾਰੇ ਭੈਣ-ਭਰਾ ਸ਼ਾਇਦ ਬੀਮਾਰ ਹੋਣ, ਡਰੇ ਹੋਏ ਹੋਣ ਜਾਂ ਇਕੱਲਾਪਣ ਮਹਿਸੂਸ ਕਰ ਰਹੇ ਹੋਣ। ਕੋਈ ਬੀਮਾਰੀ ਫੈਲਣ ʼਤੇ ਸ਼ਾਇਦ ਸਾਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਪਵੇ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਮਿਲ ਨਾ ਸਕੀਏ। ਫਿਰ ਵੀ ਸਾਨੂੰ ਇਕ-ਦੂਜੇ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਇੱਦਾਂ ਦੇ ਹਾਲਾਤਾਂ ਵਿਚ ਸ਼ਾਇਦ ਅਸੀਂ ਯੂਹੰਨਾ ਰਸੂਲ ਵਾਂਗ ਮਹਿਸੂਸ ਕਰੀਏ। ਉਹ ਗਾਉਸ ਨਾਲ ਆਹਮੋ-ਸਾਮ੍ਹਣੇ ਬੈਠ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। (3 ਯੂਹੰ. 13, 14) ਪਰ ਹਾਲਾਤ ਇੱਦਾਂ ਦੇ ਸਨ ਕਿ ਉਹ ਗਾਉਸ ਨੂੰ ਮਿਲ ਨਹੀਂ ਸਕਦਾ ਸੀ। ਇਸ ਲਈ ਉਸ ਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦਾ ਸੀ। ਉਸ ਨੇ ਗਾਉਸ ਨੂੰ ਚਿੱਠੀ ਲਿਖੀ। ਜੇ ਤੁਹਾਡੇ ਵੀ ਹਾਲਾਤ ਇੱਦਾਂ ਦੇ ਹਨ, ਤਾਂ ਕਿਉਂ ਨਾ ਭੈਣਾਂ-ਭਰਾਵਾਂ ਨਾਲ ਹੋਰ ਤਰੀਕਿਆਂ ਨਾਲ ਗੱਲਬਾਤ ਕਰਦੇ ਰਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਘੱਟ ਇਕੱਲਾਪਣ ਮਹਿਸੂਸ ਕਰੋਗੇ ਅਤੇ ਤੁਹਾਨੂੰ ਹੋਰ ਵੀ ਸ਼ਾਂਤੀ ਮਿਲੇਗੀ। ਜਦੋਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹੋ, ਤਾਂ ਬਜ਼ੁਰਗਾਂ ਨਾਲ ਗੱਲ ਕਰੋ ਅਤੇ ਉਹ ਤੁਹਾਨੂੰ ਹੌਸਲਾ ਦੇਣਗੇ।​—ਯਸਾ. 32:1, 2. w22.12 17-18 ਪੈਰੇ 6-7

ਐਤਵਾਰ 23 ਜੂਨ

ਯੂਸੁਫ਼ ਦੇ ਮਾਲਕ ਨੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਿੱਥੇ ਰਾਜਾ ਕੈਦੀਆਂ ਨੂੰ ਰੱਖਦਾ ਸੀ। ​—ਉਤ. 39:20.

ਬਾਈਬਲ ਦੱਸਦੀ ਹੈ ਕਿ ਕੁਝ ਸਮੇਂ ਲਈ ਯੂਸੁਫ਼ ਦੇ ਪੈਰ ਬੇੜੀਆਂ ਨਾਲ ਜਕੜ ਦਿੱਤੇ ਗਏ ਅਤੇ ਉਸ ਦੀ ਧੌਣ ʼਤੇ ਲੋਹੇ ਦੀਆਂ ਜ਼ੰਜੀਰਾਂ ਪਾ ਦਿੱਤੀਆਂ ਗਈਆਂ। (ਜ਼ਬੂ. 105:17, 18) ਯੂਸੁਫ਼ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਯੂਸੁਫ਼ ਇਕ ਭਰੋਸੇਮੰਦ ਗ਼ੁਲਾਮ ਤੋਂ ਇਕ ਮਾਮੂਲੀ ਜਿਹਾ ਕੈਦੀ ਬਣ ਕੇ ਰਹਿ ਗਿਆ। ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਕਿਸੇ ਮੁਸੀਬਤ ਵੇਲੇ ਮਦਦ ਵਾਸਤੇ ਯਹੋਵਾਹ ਅੱਗੇ ਤਰਲੇ ਕੀਤੇ, ਪਰ ਤੁਹਾਡੇ ਹਾਲਾਤ ਸੁਧਰਨ ਦੀ ਬਜਾਇ ਹੋਰ ਵੀ ਬਦਤਰ ਹੋ ਗਏ? ਬਿਨਾਂ ਸ਼ੱਕ, ਸ਼ੈਤਾਨ ਦੀ ਦੁਨੀਆਂ ਵਿਚ ਰਹਿੰਦਿਆਂ ਇੱਦਾਂ ਹੋ ਸਕਦਾ ਹੈ। (1 ਯੂਹੰ. 5:19) ਚਾਹੇ ਯਹੋਵਾਹ ਚਮਤਕਾਰ ਕਰ ਕੇ ਤੁਹਾਨੂੰ ਕਿਸੇ ਮੁਸ਼ਕਲ ਤੋਂ ਬਚਾਉਂਦਾ ਨਹੀਂ, ਪਰ ਤੁਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ ਅਤੇ ਉਸ ਨੂੰ ਤੁਹਾਡੀ ਬਹੁਤ ਪਰਵਾਹ ਹੈ। (ਮੱਤੀ 10:29-31; 1 ਪਤ. 5:6, 7) ਇਸ ਤੋਂ ਇਲਾਵਾ, ਉਹ ਵਾਅਦਾ ਕਰਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬ. 13:5) ਚਾਹੇ ਕਿਸੇ ਮੁਸ਼ਕਲ ਵਿੱਚੋਂ ਨਿਕਲਣ ਦੀ ਤੁਹਾਨੂੰ ਕੋਈ ਉਮੀਦ ਨਜ਼ਰ ਨਾ ਆਵੇ, ਪਰ ਯਹੋਵਾਹ ਉਸ ਨੂੰ ਸਹਿਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। w23.01 16 ਪੈਰੇ 7-8

ਸੋਮਵਾਰ 24 ਜੂਨ

‘ਸਾਡਾ ਪਰਮੇਸ਼ੁਰ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।’​—ਯਸਾ. 55:7.

ਇਹ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜਦੋਂ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ, ਤਾਂ ਪਰਮੇਸ਼ੁਰ ਸਾਨੂੰ ਤਿਆਗਦਾ ਨਹੀਂ। ਇਜ਼ਰਾਈਲੀਆਂ ਨੇ ਯਹੋਵਾਹ ਖ਼ਿਲਾਫ਼ ਵਾਰ-ਵਾਰ ਪਾਪ ਕੀਤਾ, ਪਰ ਜਦੋਂ ਉਨ੍ਹਾਂ ਨੇ ਸੱਚੇ ਦਿਲੋਂ ਤੋਬਾ ਕੀਤੀ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਪਹਿਲੀ ਸਦੀ ਦੇ ਮਸੀਹੀ ਵੀ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ। ਜ਼ਰਾ ਉਸ ਸਮੇਂ ਦੇ ਇਕ ਆਦਮੀ ਬਾਰੇ ਸੋਚੋ ਜੋ ਗ਼ਲਤ ਰਾਹ ʼਤੇ ਤੁਰ ਪਿਆ ਸੀ ਅਤੇ ਉਸ ਨੇ ਬਹੁਤ ਵੱਡਾ ਪਾਪ ਕੀਤਾ ਸੀ। ਬਾਅਦ ਵਿਚ ਜਦੋਂ ਉਸ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਪੌਲੁਸ ਰਸੂਲ ਰਾਹੀਂ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਨੂੰ “ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ।” (2 ਕੁਰਿੰ. 2:6, 7; 1 ਕੁਰਿੰ. 5:1-5) ਇਹ ਕਿੰਨੀ ਵੱਡੀ ਗੱਲ ਹੈ ਕਿ ਯਹੋਵਾਹ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਕਦੇ ਨਹੀਂ ਤਿਆਗਿਆ ਜਿਨ੍ਹਾਂ ਤੋਂ ਗ਼ਲਤੀਆਂ ਹੋ ਗਈਆਂ ਸਨ। ਇਸ ਦੀ ਬਜਾਇ, ਉਸ ਨੇ ਪਿਆਰ ਨਾਲ ਉਨ੍ਹਾਂ ਦੀ ਮਦਦ ਕੀਤੀ, ਉਨ੍ਹਾਂ ਨੂੰ ਸੁਧਾਰਿਆ ਅਤੇ ਫਿਰ ਤੋਂ ਉਨ੍ਹਾਂ ਦਾ ਦੋਸਤ ਬਣ ਗਿਆ। ਅੱਜ ਵੀ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨਾਲ ਇਸੇ ਤਰ੍ਹਾਂ ਕਰਨ ਦਾ ਵਾਅਦਾ ਕਰਦਾ ਹੈ। (ਯਾਕੂ. 4:8-10) ਬਾਈਬਲ ਤੋਂ ਸਾਨੂੰ ਪਰਮੇਸ਼ੁਰ ਦੀ ਬੁੱਧ, ਉਸ ਦੇ ਨਿਆਂ ਅਤੇ ਪਿਆਰ ਬਾਰੇ ਪਤਾ ਲੱਗਦਾ ਹੈ। ਨਾਲੇ ਇਸ ਕਿਤਾਬ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਨਾਲ ਦੋਸਤੀ ਕਰੀਏ। w23.02 7 ਪੈਰੇ 16-17

ਮੰਗਲਵਾਰ 25 ਜੂਨ

ਤੁਸੀਂ ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ।​—2 ਪਤ. 1:19.

ਸਾਨੂੰ ਇਸ ਗੱਲ ਵਿਚ ਦਿਲਚਸਪੀ ਹੈ ਕਿ ਅੱਜ ਦੁਨੀਆਂ ਵਿਚ ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਵਿਚ ਦਿਲਚਸਪੀ ਲੈਣੀ ਗ਼ਲਤ ਨਹੀਂ ਹੈ। ਇਨ੍ਹਾਂ ਤੋਂ ਅਸੀਂ ਜਾਣ ਪਾਉਂਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਮਿਸਾਲ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ ਕੁਝ ਖ਼ਾਸ ਘਟਨਾਵਾਂ ਬਾਰੇ ਦੱਸਿਆ ਸੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। (ਮੱਤੀ 24:3-14) ਪਤਰਸ ਰਸੂਲ ਨੇ ਵੀ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਵੱਲ ਧਿਆਨ ਦੇਈਏ ਤਾਂਕਿ ਸਾਡੀ ਨਿਹਚਾ ਪੱਕੀ ਰਹੇ। (2 ਪਤ. 1:20, 21) ਉਹ ਚਾਹੁੰਦਾ ਸੀ ਕਿ ਅਸੀਂ ਸਹੀ ਇਰਾਦੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ʼਤੇ ਗੌਰ ਕਰੀਏ। ਉਹ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ‘ਯਹੋਵਾਹ ਦੇ ਦਿਨ ਨੂੰ ਯਾਦ ਰੱਖੀਏ।’ (2 ਪਤ. 3:11-13) ਕਿਉਂ? ਇਸ ਲਈ ਨਹੀਂ ਕਿ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰੀਏ ਕਿ ਉਹ ‘ਦਿਨ ਜਾਂ ਘੜੀ’ ਕਦੋਂ ਆਵੇਗੀ ਜਦੋਂ ਯਹੋਵਾਹ ਆਰਮਾਗੇਡਨ ਲੈ ਕੇ ਆਵੇਗਾ। ਇਸ ਦੀ ਬਜਾਇ, ਅਸੀਂ ਧਿਆਨ ਰੱਖੀਏ ਕਿ ਸਾਡੇ ਕੋਲ ਜੋ ਸਮਾਂ ਰਹਿ ਗਿਆ ਹੈ, ਉਸ ਵਿਚ ਅਸੀਂ ‘ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖੀਏ ਅਤੇ ਭਗਤੀ ਦੇ ਕੰਮ ਕਰਨ’ ਵਿਚ ਲੱਗੇ ਰਹੀਏ। (ਮੱਤੀ 24:36; ਲੂਕਾ 12:40) ਅਸੀਂ ਚਾਹੁੰਦੇ ਹਾਂ ਕਿ ਸਾਡਾ ਚਾਲ-ਚਲਣ ਯਹੋਵਾਹ ਦੇ ਅਸੂਲਾਂ ਮੁਤਾਬਕ ਹੋਵੇ ਅਤੇ ਉਸ ਦੀ ਸੇਵਾ ਵਿਚ ਅਸੀਂ ਜੋ ਵੀ ਕਰਦੇ ਹਾਂ, ਉਸ ਤੋਂ ਜ਼ਾਹਰ ਹੋਵੇ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ। ਇਸ ਤਰ੍ਹਾਂ ਕਰਦੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਵੱਲ ਧਿਆਨ ਦਿੰਦੇ ਰਹੀਏ। w23.02 16 ਪੈਰੇ 4, 6

ਬੁੱਧਵਾਰ 26 ਜੂਨ

‘ਮੇਰੀਆਂ ਹੋਰ ਭੇਡਾਂ ਵੀ ਹਨ; ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਨ੍ਹਾਂ ਨੂੰ ਵੀ ਲਿਆਵਾਂ।’ ​—ਯੂਹੰ. 10:16.

“ਹੋਰ ਭੇਡਾਂ” ਨੂੰ ਅੱਜ ਕੀ ਕਰਨਾ ਚਾਹੀਦਾ ਹੈ ਤਾਂਕਿ ਉਹ ਜ਼ਿੰਦਗੀ ਦੇ ਬਾਗ਼ ਵਿਚ ਜੀਉਣ ਦੇ ਲਾਇਕ ਬਣ ਸਕਣ? ਸਾਨੂੰ ਯਿਸੂ ਲਈ ਕਦਰਦਾਨੀ ਦਿਖਾਉਣ ਦੀ ਲੋੜ ਹੈ। ਉਦਾਹਰਣ ਲਈ, ਅਸੀਂ ਚੁਣੇ ਹੋਏ ਭਰਾਵਾਂ ਦਾ ਸਾਥ ਦੇ ਕੇ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਯਿਸੂ ਨੇ ਕਿਹਾ ਸੀ ਕਿ ਸਾਡਾ ਨਿਆਂ ਵੀ ਇਸ ਆਧਾਰ ਤੇ ਕੀਤਾ ਜਾਵੇਗਾ ਕਿ ਅਸੀਂ ਚੁਣੇ ਹੋਏ ਮਸੀਹੀਆਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ। (ਮੱਤੀ 25:31-40) ਸਾਨੂੰ ਪੂਰੇ ਜੋਸ਼ ਨਾਲ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ। (ਮੱਤੀ 28:18-20) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਨਵੀਂ ਦੁਨੀਆਂ ਵਿਚ ਜਾ ਕੇ ਹੀ ਉਸ ਤਰ੍ਹਾਂ ਦੇ ਇਨਸਾਨ ਬਣਾਂਗੇ ਜਿੱਦਾਂ ਦੇ ਯਹੋਵਾਹ ਚਾਹੁੰਦਾ ਹੈ। ਇਸ ਦੀ ਬਜਾਇ, ਅਸੀਂ ਹੁਣ ਤੋਂ ਹੀ ਆਪਣੇ ਅੰਦਰ ਚੰਗੇ ਗੁਣ ਵਧਾ ਸਕਦੇ ਹਾਂ। ਅਸੀਂ ਈਮਾਨਦਾਰ ਬਣ ਸਕਦੇ ਹਾਂ, ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਚੰਗੀਆਂ ਆਦਤਾਂ ਪਾ ਸਕਦੇ ਹਾਂ। ਨਾਲੇ ਅਸੀਂ ਯਹੋਵਾਹ, ਆਪਣੇ ਜੀਵਨ ਸਾਥੀ ਅਤੇ ਆਪਣੇ ਭੈਣਾਂ-ਭਰਾਵਾਂ ਦੇ ਵਫ਼ਾਦਾਰ ਰਹਿ ਸਕਦੇ ਹਾਂ। ਅਸੀਂ ਇਸ ਦੁਸ਼ਟ ਦੁਨੀਆਂ ਵਿਚ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜਿੰਨਾ ਜ਼ਿਆਦਾ ਚੱਲਾਂਗੇ, ਸਾਡੇ ਲਈ ਜ਼ਿੰਦਗੀ ਦੇ ਬਾਗ਼ ਵਿਚ ਇਸ ਤਰ੍ਹਾਂ ਕਰਨਾ ਉੱਨਾ ਜ਼ਿਆਦਾ ਸੌਖਾ ਹੋਵੇਗਾ। ਇਸ ਤੋਂ ਇਲਾਵਾ, ਸਾਨੂੰ ਅਜਿਹੇ ਹੁਨਰ ਸਿੱਖਣੇ ਅਤੇ ਗੁਣ ਪੈਦਾ ਕਰਨੇ ਚਾਹੀਦੇ ਹਨ ਜੋ ਜ਼ਿੰਦਗੀ ਦੇ ਬਾਗ਼ ਵਿਚ ਸਾਡੇ ਕੰਮ ਆਉਣਗੇ। w22.12 11-12 ਪੈਰੇ 14-16

ਵੀਰਵਾਰ 27 ਜੂਨ

ਜਿਹੜਾ ਇਨਸਾਨ ਮੈਨੂੰ ਪਿਆਰ ਕਰਦਾ ਹੈ, ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ।​—ਯੂਹੰ. 14:21.

ਅਸੀਂ ਆਪਣੇ ਰਾਜੇ ਯਿਸੂ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਸਭ ਤੋਂ ਚੰਗਾ ਰਾਜਾ ਹੈ। ਉਸ ਨੂੰ ਖ਼ੁਦ ਯਹੋਵਾਹ ਨੇ ਸਿਖਾਇਆ ਹੈ ਅਤੇ ਸਾਡਾ ਰਾਜਾ ਬਣਾਇਆ ਹੈ। (ਯਸਾ. 50:4, 5) ਯਿਸੂ ਸਾਡੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਸਾਡੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। (ਯੂਹੰ. 13:1) ਕੌਣ ਇੱਦਾਂ ਦੇ ਰਾਜੇ ਨੂੰ ਪਿਆਰ ਨਹੀਂ ਕਰੇਗਾ? ਯਿਸੂ ਨੇ ਉਨ੍ਹਾਂ ਨੂੰ ਆਪਣੇ ਦੋਸਤ ਕਿਹਾ ਜਿਹੜੇ ਉਸ ਨੂੰ ਸੱਚ-ਮੁੱਚ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮ ਮੰਨਦੇ ਹਨ। (ਯੂਹੰ. 14:15; 15:14, 15) ਸੋਚੋ ਕਿ ਯਹੋਵਾਹ ਦੇ ਪੁੱਤਰ ਦੇ ਦੋਸਤ ਹੋਣਾ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ! ਤੁਸੀਂ ਸਿੱਖਿਆ ਹੈ ਕਿ ਯਿਸੂ ਨਿਮਰ ਹੈ ਅਤੇ ਆਪਣੇ ਪਿਤਾ ਦੀ ਰੀਸ ਕਰਦਾ ਹੈ। ਤੁਸੀਂ ਇਹ ਵੀ ਸਿੱਖਿਆ ਕਿ ਉਸ ਨੇ ਭੁੱਖਿਆਂ ਨੂੰ ਖਾਣਾ ਖੁਆਇਆ, ਨਿਰਾਸ਼ ਲੋਕਾਂ ਨੂੰ ਦਿਲਾਸਾ ਦਿੱਤਾ, ਇੱਥੋਂ ਤਕ ਕਿ ਬੀਮਾਰ ਲੋਕਾਂ ਨੂੰ ਠੀਕ ਕੀਤਾ। (ਮੱਤੀ 14:14-21) ਤੁਸੀਂ ਇਹ ਵੀ ਦੇਖਿਆ ਹੈ ਕਿ ਉਹ ਅੱਜ ਮੰਡਲੀਆਂ ਦੀ ਕਿਵੇਂ ਅਗਵਾਈ ਕਰ ਰਿਹਾ ਹੈ। (ਮੱਤੀ 23:10) ਨਾਲੇ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਭਵਿੱਖ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਹੋਰ ਵੀ ਬਹੁਤ ਕੁਝ ਕਰੇਗਾ। ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ? ਉਸ ਦੀ ਮਿਸਾਲ ʼਤੇ ਚੱਲ ਕੇ। ਇੱਦਾਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਪਵੇਗਾ। w23.03 4 ਪੈਰੇ 8, 10

ਸ਼ੁੱਕਰਵਾਰ 28 ਜੂਨ

ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ। ਕਿਹਨੇ ਇਨ੍ਹਾਂ ਨੂੰ ਸਾਜਿਆ?​—ਯਸਾ. 40:26.

ਯਹੋਵਾਹ ਨੇ ਨਾ ਸਿਰਫ਼ ਆਕਾਸ਼ ਵਿਚ, ਸਗੋਂ ਸਮੁੰਦਰ ਅਤੇ ਧਰਤੀ ʼਤੇ ਵੀ ਅਜਿਹੀਆਂ ਬਹੁਤ ਸਾਰੀਆਂ ਬੇਮਿਸਾਲ ਚੀਜ਼ਾਂ ਬਣਾਈਆਂ ਹਨ ਜਿਨ੍ਹਾਂ ਤੋਂ ਅਸੀਂ ਉਸ ਬਾਰੇ ਸਿੱਖ ਸਕਦੇ ਹਾਂ। (ਜ਼ਬੂ. 104:24, 25) ਨਾਲੇ ਜ਼ਰਾ ਸੋਚੋ ਕਿ ਉਸ ਨੇ ਇਨਸਾਨਾਂ ਨੂੰ ਕਿਵੇਂ ਬਣਾਇਆ ਹੈ। ਉਸ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਕੁਦਰਤੀ ਨਜ਼ਾਰਿਆਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਉਸ ਨੇ ਸਾਨੂੰ ਪੰਜ ਗਿਆਨ ਇੰਦਰੀਆਂ ਦਿੱਤੀਆਂ ਹਨ। ਇਨ੍ਹਾਂ ਗਿਆਨ ਇੰਦਰੀਆਂ ਦੀ ਮਦਦ ਨਾਲ ਅਸੀਂ ਸੋਹਣੇ-ਸੋਹਣੇ ਨਜ਼ਾਰੇ ਦੇਖ ਸਕਦੇ ਹਾਂ, ਵੱਖੋ-ਵੱਖਰੀਆਂ ਆਵਾਜ਼ਾਂ ਸੁਣ ਸਕਦੇ ਹਾਂ, ਅਲੱਗ-ਅਲੱਗ ਚੀਜ਼ਾਂ ਦਾ ਸੁਆਦ ਚੱਖ ਸਕਦੇ ਹਾਂ, ਉਨ੍ਹਾਂ ਦੀ ਖ਼ੁਸ਼ਬੂ ਲੈ ਸਕਦੇ ਹਾਂ ਅਤੇ ਉਨ੍ਹਾਂ ਨੂੰ ਛੂਹ ਕੇ ਮਹਿਸੂਸ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਪੂਰਾ-ਪੂਰਾ ਮਜ਼ਾ ਲੈ ਸਕਦੇ ਹਾਂ। ਬਾਈਬਲ ਵਿਚ ਸ੍ਰਿਸ਼ਟੀ ʼਤੇ ਧਿਆਨ ਦੇਣ ਦਾ ਇਕ ਹੋਰ ਜ਼ਰੂਰੀ ਕਾਰਨ ਦੱਸਿਆ ਗਿਆ ਹੈ। ਉਹ ਇਹ ਹੈ ਕਿ ਸ੍ਰਿਸ਼ਟੀ ਤੋਂ ਅਸੀਂ ਜਾਣ ਪਾਉਂਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। (ਰੋਮੀ. 1:20) ਉਦਾਹਰਣ ਲਈ, ਯਹੋਵਾਹ ਦੀ ਬਣਾਈ ਕਿਸੇ ਚੀਜ਼ ਨੂੰ ਦੇਖੋ ਅਤੇ ਉਸ ਦੀ ਬਣਾਵਟ ʼਤੇ ਧਿਆਨ ਦਿਓ। ਕੀ ਇਸ ਤੋਂ ਪਰਮੇਸ਼ੁਰ ਦੀ ਬੁੱਧ ਨਹੀਂ ਪਤਾ ਲੱਗਦੀ? ਫਿਰ ਸੋਚੋ ਕਿ ਯਹੋਵਾਹ ਨੇ ਸਾਨੂੰ ਖਾਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਿਉਂ ਦਿੱਤੀਆਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਜਦੋਂ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਉਸ ਬਾਰੇ ਸੋਚਦੇ ਹਾਂ, ਤਾਂ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਪਾਉਂਦੇ ਹਾਂ ਅਤੇ ਉਸ ਦੇ ਹੋਰ ਨੇੜੇ ਆਉਂਦੇ ਹਾਂ। w23.03 16 ਪੈਰੇ 4-5

ਸ਼ਨੀਵਾਰ 29 ਜੂਨ

ਤੇਰਾ ਬਚਨ ਸੱਚਾਈ ਹੀ ਹੈ।​—ਜ਼ਬੂ. 119:160.

ਦੁਨੀਆਂ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ, ਇਸ ਕਰਕੇ ਪਰਮੇਸ਼ੁਰ ਦੇ ਬਚਨ ʼਤੇ ਸਾਡੇ ਭਰੋਸੇ ਦੀ ਹੋਰ ਵੀ ਜ਼ਿਆਦਾ ਪਰਖ ਹੋਵੇਗੀ। ਲੋਕ ਸਾਡੇ ਦਿਲ ਵਿਚ ਸ਼ਾਇਦ ਇਹ ਸ਼ੱਕ ਪੈਦਾ ਕਰਨ ਕਿ ਬਾਈਬਲ ਸੱਚੀ ਵੀ ਹੈ ਜਾਂ ਨਹੀਂ। ਜਾਂ ਫਿਰ ਉਹ ਇਹ ਸ਼ੱਕ ਪੈਦਾ ਕਰਨ ਕਿ ਯਹੋਵਾਹ ਸੱਚ-ਮੁੱਚ ਵਫ਼ਾਦਾਰ ਅਤੇ ਸਮਝਦਾਰ ਨੌਕਰ ਰਾਹੀਂ ਸਾਡੀ ਅਗਵਾਈ ਕਰ ਰਿਹਾ ਹੈ ਜਾਂ ਨਹੀਂ। ਜੇ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦਾ ਬਚਨ ਸੱਚਾ ਹੈ, ਤਾਂ ਅਸੀਂ ਅਜਿਹੇ ਹਾਲਾਤਾਂ ਵਿਚ ਡੋਲਾਂਗੇ ਨਹੀਂ। ਅਸੀਂ ‘ਸਾਰੀ ਜ਼ਿੰਦਗੀ [ਯਹੋਵਾਹ ਦੇ] ਨਿਯਮਾਂ ਦੀ ਪਾਲਣਾ ਕਰਨ ਅਤੇ ਮਰਨ ਤਕ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ।’ (ਜ਼ਬੂ. 119:112) ਅਸੀਂ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸਣ ਅਤੇ ਇਸ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦੇਣ ਵਿਚ “ਸ਼ਰਮਿੰਦਾ ਮਹਿਸੂਸ” ਨਹੀਂ ਕਰਾਂਗੇ। (ਜ਼ਬੂ. 119:46) ਅਸੀਂ ਵੱਡੀਆਂ-ਵੱਡੀਆਂ ਮੁਸ਼ਕਲਾਂ, ਇੱਥੋਂ ਤਕ ਜ਼ੁਲਮਾਂ ਨੂੰ ਵੀ “ਧੀਰਜ ਅਤੇ ਖ਼ੁਸ਼ੀ ਨਾਲ” ਸਹਿ ਸਕਾਂਗੇ। (ਕੁਲੁ. 1:11; ਜ਼ਬੂ. 119:143, 157) ਸੱਚਾਈ ਜਾਣਨ ਕਰਕੇ ਅਸੀਂ ਸ਼ਾਂਤ ਰਹਿ ਪਾਉਂਦੇ ਹਾਂ ਅਤੇ ਅਸੀਂ ਕਦੇ ਡਾਵਾਂ-ਡੋਲ ਨਹੀਂ ਹੁੰਦੇ। ਨਾਲੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਕਿਵੇਂ ਜੀਉਣੀ ਹੈ। ਇਸ ਕਰਕੇ ਸਾਨੂੰ ਇਹ ਉਮੀਦ ਵੀ ਮਿਲਦੀ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ ਸਾਡਾ ਭਵਿੱਖ ਬਹੁਤ ਵਧੀਆ ਹੋਵੇਗਾ। w23.01 7 ਪੈਰੇ 16-17

ਐਤਵਾਰ 30 ਜੂਨ

ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।​—ਯੂਹੰ. 13:34.

ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਲਈ ਕਾਫ਼ੀ ਲੰਬੀ ਪ੍ਰਾਰਥਨਾ ਕੀਤੀ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ “ਸ਼ੈਤਾਨ ਤੋਂ ਉਨ੍ਹਾਂ ਦੀ ਰੱਖਿਆ” ਕਰੇ। (ਯੂਹੰ. 17:15) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਚੇਲਿਆਂ ਨੂੰ ਕਿੰਨਾ ਪਿਆਰ ਕਰਦਾ ਸੀ! ਚਾਹੇ ਉਸ ਨੂੰ ਪਤਾ ਸੀ ਕਿ ਬਹੁਤ ਜਲਦ ਉਸ ਨੂੰ ਇਕ ਔਖੀ ਘੜੀ ਵਿੱਚੋਂ ਲੰਘਣਾ ਪੈਣਾ, ਫਿਰ ਵੀ ਉਸ ਨੂੰ ਆਪਣੀ ਬਜਾਇ ਆਪਣੇ ਰਸੂਲਾਂ ਦੀ ਫ਼ਿਕਰ ਸੀ। ਸਾਨੂੰ ਸਿਰਫ਼ ਆਪਣੀਆਂ ਲੋੜਾਂ ਬਾਰੇ ਹੀ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਯਿਸੂ ਦੀ ਰੀਸ ਕਰਦਿਆਂ ਬਾਕਾਇਦਾ ਆਪਣੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦਾ ਇਹ ਹੁਕਮ ਮੰਨ ਰਹੇ ਹੋਵਾਂਗੇ ਕਿ ਇਕ-ਦੂਜੇ ਨੂੰ ਪਿਆਰ ਕਰੋ। ਨਾਲੇ ਅਸੀਂ ਯਹੋਵਾਹ ਨੂੰ ਵੀ ਦਿਖਾਵਾਂਗੇ ਕਿ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕਿੰਨਾ ਪਿਆਰ ਕਰਦੇ ਹਾਂ। ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਨਾਲ ਉਨ੍ਹਾਂ ਦੀ ਮਦਦ ਹੁੰਦੀ ਹੈ ਕਿਉਂਕਿ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।” (ਯਾਕੂ. 5:16) ਸਾਡੇ ਭੈਣ-ਭਰਾ ਬਹੁਤ ਸਾਰੀਆਂ ਮੁਸ਼ਕਲਾਂ ਝੱਲ ਰਹੇ ਹਨ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰੀਏ। w22.07 23-24 ਪੈਰੇ 13-15

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ