ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 84-97
  • ਜੁਲਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੁਲਾਈ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਸੋਮਵਾਰ 1 ਜੁਲਾਈ
  • ਮੰਗਲਵਾਰ 2 ਜੁਲਾਈ
  • ਬੁੱਧਵਾਰ 3 ਜੁਲਾਈ
  • ਵੀਰਵਾਰ 4 ਜੁਲਾਈ
  • ਸ਼ੁੱਕਰਵਾਰ 5 ਜੁਲਾਈ
  • ਸ਼ਨੀਵਾਰ 6 ਜੁਲਾਈ
  • ਐਤਵਾਰ 7 ਜੁਲਾਈ
  • ਸੋਮਵਾਰ 8 ਜੁਲਾਈ
  • ਮੰਗਲਵਾਰ 9 ਜੁਲਾਈ
  • ਬੁੱਧਵਾਰ 10 ਜੁਲਾਈ
  • ਵੀਰਵਾਰ 11 ਜੁਲਾਈ
  • ਸ਼ੁੱਕਰਵਾਰ 12 ਜੁਲਾਈ
  • ਸ਼ਨੀਵਾਰ 13 ਜੁਲਾਈ
  • ਐਤਵਾਰ 14 ਜੁਲਾਈ
  • ਸੋਮਵਾਰ 15 ਜੁਲਾਈ
  • ਮੰਗਲਵਾਰ 16 ਜੁਲਾਈ
  • ਬੁੱਧਵਾਰ 17 ਜੁਲਾਈ
  • ਵੀਰਵਾਰ 18 ਜੁਲਾਈ
  • ਸ਼ੁੱਕਰਵਾਰ 19 ਜੁਲਾਈ
  • ਸ਼ਨੀਵਾਰ 20 ਜੁਲਾਈ
  • ਐਤਵਾਰ 21 ਜੁਲਾਈ
  • ਸੋਮਵਾਰ 22 ਜੁਲਾਈ
  • ਮੰਗਲਵਾਰ 23 ਜੁਲਾਈ
  • ਬੁੱਧਵਾਰ 24 ਜੁਲਾਈ
  • ਵੀਰਵਾਰ 25 ਜੁਲਾਈ
  • ਸ਼ੁੱਕਰਵਾਰ 26 ਜੁਲਾਈ
  • ਸ਼ਨੀਵਾਰ 27 ਜੁਲਾਈ
  • ਐਤਵਾਰ 28 ਜੁਲਾਈ
  • ਸੋਮਵਾਰ 29 ਜੁਲਾਈ
  • ਮੰਗਲਵਾਰ 30 ਜੁਲਾਈ
  • ਬੁੱਧਵਾਰ 31 ਜੁਲਾਈ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 84-97

ਜੁਲਾਈ

ਸੋਮਵਾਰ 1 ਜੁਲਾਈ

‘ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰ।’ ​—1 ਤਿਮੋ. 4:12.

ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ, ਇਸ ਕਰਕੇ ਉਸ ਨੇ ਸਾਨੂੰ ਬੋਲਣ ਦੀ ਕਾਬਲੀਅਤ ਦਿੱਤੀ ਹੈ। ਪਰ ਬੋਲੀ ਦੇ ਤੋਹਫ਼ੇ ਦਾ ਗ਼ਲਤ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ। ਸ਼ੈਤਾਨ ਨੇ ਹੱਵਾਹ ਨਾਲ ਝੂਠ ਬੋਲਿਆ ਜਿਸ ਕਰਕੇ ਇਨਸਾਨਾਂ ਵਿਚ ਪਾਪ ਅਤੇ ਨਾਮੁਕੰਮਲਤਾ ਆ ਗਈ। (ਉਤ. 3:1-4) ਆਦਮ ਨੇ ਵੀ ਆਪਣੀ ਜ਼ਬਾਨ ਦਾ ਗ਼ਲਤ ਇਸਤੇਮਾਲ ਕੀਤਾ ਜਦੋਂ ਉਸ ਨੇ ਆਪਣੀ ਗ਼ਲਤੀ ਦਾ ਦੋਸ਼ ਹੱਵਾਹ, ਇੱਥੋਂ ਤਕ ਕਿ ਯਹੋਵਾਹ ʼਤੇ ਵੀ ਲਾ ਦਿੱਤਾ। (ਉਤ. 3:12) ਕਾਇਨ ਨੇ ਆਪਣੇ ਭਰਾ ਹਾਬਲ ਦਾ ਕਤਲ ਕਰਨ ਤੋਂ ਬਾਅਦ ਯਹੋਵਾਹ ਨੂੰ ਝੂਠ ਬੋਲਿਆ। (ਉਤ. 4:9) ਅੱਜ ਜ਼ਿਆਦਾਤਰ ਫ਼ਿਲਮਾਂ ਵਿਚ ਗੰਦੀ ਬੋਲੀ ਹੀ ਸੁਣਨ ਨੂੰ ਮਿਲਦੀ ਹੈ। ਬੱਚੇ ਸਕੂਲਾਂ ਵਿਚ ਅਤੇ ਵੱਡੇ ਆਪਣੇ ਕੰਮ ਦੀ ਥਾਂ ʼਤੇ ਦੇਖਦੇ ਹਨ ਕਿ ਲੋਕ ਆਮ ਤੌਰ ਤੇ ਗਾਲ਼ਾਂ ਕੱਢਦੇ ਅਤੇ ਇਕ-ਦੂਜੇ ਨੂੰ ਗੰਦੇ ਮਜ਼ਾਕ ਕਰਦੇ ਹਨ। ਪਰ ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਸ਼ਾਇਦ ਅਸੀਂ ਵੀ ਉਹੀ ਬੋਲੀ ਬੋਲਣ ਲੱਗ ਜਾਈਏ। ਬਿਨਾਂ ਸ਼ੱਕ, ਮਸੀਹੀ ਹੋਣ ਕਰਕੇ ਅਸੀਂ ਆਪਣੀ ਬੋਲਣ ਦੀ ਸ਼ਾਨਦਾਰ ਕਾਬਲੀਅਤ ਦਾ ਵਧੀਆ ਇਸਤੇਮਾਲ ਕਰਾਂਗੇ ਅਤੇ ਇਸ ਰਾਹੀਂ ਯਹੋਵਾਹ ਦਾ ਜੀਅ ਖ਼ੁਸ਼ ਕਰਾਂਗੇ। ਅਸੀਂ ਆਪਣੀ ਬੋਲੀ ਦੇ ਇਸ ਤੋਹਫ਼ੇ ਰਾਹੀਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ। w22.04 4 ਪੈਰੇ 1-3

ਮੰਗਲਵਾਰ 2 ਜੁਲਾਈ

ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।​—ਮੱਤੀ 6:24.

ਯਿਸੂ ਦਾ ਧਨ-ਦੌਲਤ ਅਤੇ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਸੀ। ਉਹ ਖਾਣ-ਪੀਣ ਦੀਆਂ ਚੀਜ਼ਾਂ ਦਾ ਮਜ਼ਾ ਲੈਂਦਾ ਸੀ। (ਲੂਕਾ 19:2, 6, 7) ਇਕ ਮੌਕੇ ʼਤੇ ਯਿਸੂ ਨੇ ਚਮਤਕਾਰ ਕਰ ਕੇ ਬਹੁਤ ਹੀ ਵਧੀਆ ਦਾਖਰਸ ਬਣਾਇਆ। ਇਹ ਉਸ ਦਾ ਪਹਿਲਾ ਚਮਤਕਾਰ ਸੀ। (ਯੂਹੰ. 2:10, 11) ਜਿਸ ਦਿਨ ਯਿਸੂ ਦੀ ਮੌਤ ਹੋਈ, ਉਸ ਦਿਨ ਉਸ ਨੇ ਮਹਿੰਗਾ ਕੁੜਤਾ ਪਾਇਆ ਹੋਇਆ ਸੀ। (ਯੂਹੰ. 19:23, 24) ਪਰ ਯਿਸੂ ਨੇ ਆਪਣੀ ਜ਼ਿੰਦਗੀ ਵਿਚ ਚੀਜ਼ਾਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਯਿਸੂ ਨੇ ਸਿਖਾਇਆ ਕਿ ਜੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਵਾਂਗੇ, ਤਾਂ ਯਹੋਵਾਹ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ। (ਮੱਤੀ 6:31-33) ਪੈਸਿਆਂ ਬਾਰੇ ਪਰਮੇਸ਼ੁਰੀ ਬੁੱਧ ਦੀਆਂ ਸਲਾਹਾਂ ਨੂੰ ਲਾਗੂ ਕਰ ਕੇ ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋਇਆ ਹੈ। ਜ਼ਰਾ ਇਕ ਕੁਆਰੇ ਭਰਾ ਡੈਨੀਅਲ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦਾ ਹੈ: “ਮੈਂ ਅੱਲ੍ਹੜ ਉਮਰ ਵਿਚ ਹੀ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ।” ਆਪਣੀ ਜ਼ਿੰਦਗੀ ਸਾਦੀ ਰੱਖਣ ਕਰਕੇ ਉਹ ਰਾਹਤ ਕੰਮਾਂ ਅਤੇ ਬੈਥਲ ਵਿਚ ਸੇਵਾ ਕਰਨ ਲਈ ਆਪਣਾ ਸਮਾਂ ਅਤੇ ਹੁਨਰ ਵਰਤ ਸਕਿਆ। ਉਹ ਅੱਗੇ ਦੱਸਦਾ ਹੈ: “ਯਹੋਵਾਹ ਨੇ ਮੈਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ ਜਿਨ੍ਹਾਂ ਸਾਮ੍ਹਣੇ ਪੈਸਾ ਕੁਝ ਵੀ ਨਹੀਂ ਹੈ।” w22.05 21-22 ਪੈਰੇ 6-7

ਬੁੱਧਵਾਰ 3 ਜੁਲਾਈ

[ਯਹੋਵਾਹ] ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ। ​—1 ਪਤ. 2:9.

ਸੱਚਾਈ ਸਾਡੇ ਲਈ ਅਨਮੋਲ ਹੈ, ਇਹ ਦਿਖਾਉਣ ਲਈ ਸਾਨੂੰ ਬਾਕਾਇਦਾ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਚਾਹੇ ਸਾਨੂੰ ਸੱਚਾਈ ਵਿਚ ਆਏ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ, ਫਿਰ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਅਧਿਐਨ ਕਰਨ ਵਿਚ ਮਿਹਨਤ ਤਾਂ ਲੱਗਦੀ ਹੈ, ਪਰ ਸਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਸ਼ਾਇਦ ਸਾਨੂੰ ਸਾਰਿਆਂ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਪਸੰਦ ਨਾ ਹੋਵੇ। ਪਰ ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਸੱਚਾਈ ਦੀ “ਭਾਲ” ਕਰਦੇ ਰਹੀਏ ਤਾਂਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ। (ਕਹਾ. 2:4-6) ਜਦੋਂ ਅਸੀਂ ਇਸ ਤਰ੍ਹਾਂ ਕਰਨ ਵਿਚ ਮਿਹਨਤ ਕਰਦੇ ਹਾਂ, ਤਾਂ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਭਰਾ ਕੌਰੀ ਦੱਸਦਾ ਹੈ ਕਿ ਉਹ ਬਾਈਬਲ ਪੜ੍ਹਦੇ ਵੇਲੇ ਇਕ ਸਮੇਂ ʼਤੇ ਸਿਰਫ਼ ਇਕ ਆਇਤ ʼਤੇ ਧਿਆਨ ਦਿੰਦਾ ਹੈ। ਉਹ ਕਹਿੰਦਾ ਹੈ: “ਮੈਂ ਹਰ ਆਇਤ ਨਾਲ ਜੁੜਿਆ ਫੁਟਨੋਟ ਤੇ ਉਸ ਆਇਤ ਨਾਲ ਸੰਬੰਧਿਤ ਹੋਰ ਆਇਤਾਂ ਦੇਖਦਾ ਹਾਂ ਅਤੇ ਉਸ ਬਾਰੇ ਹੋਰ ਖੋਜਬੀਨ ਕਰਦਾ ਹਾਂ। ਇਸ ਤਰੀਕੇ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਸਿੱਖ ਪਾਉਂਦਾ ਹਾਂ।” ਜਦੋਂ ਅਸੀਂ ਇਸ ਤਰੀਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਅਧਿਐਨ ਕਰਨ ਵਿਚ ਆਪਣਾ ਸਮਾਂ ਲਾਉਂਦੇ ਹਾਂ ਅਤੇ ਮਿਹਨਤ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਸੱਚਾਈ ਦੀ ਕਿੰਨੀ ਕਦਰ ਹੈ।​—ਜ਼ਬੂ. 1:1-3. w22.08 17 ਪੈਰਾ 13; 18 ਪੈਰੇ 15-16

ਵੀਰਵਾਰ 4 ਜੁਲਾਈ

ਮੈਂ ਰਾਜ ਮਿਸਤਰੀ ਵਜੋਂ ਉਸ ਦੇ ਨਾਲ ਸੀ। ਹਰ ਰੋਜ਼ ਉਹ ਖ਼ਾਸ ਕਰਕੇ ਮੇਰੇ ਤੋਂ ਖ਼ੁਸ਼ ਹੁੰਦਾ ਸੀ; ਮੈਂ ਉਸ ਅੱਗੇ ਹਰ ਵੇਲੇ ਆਨੰਦ ਮਾਣਦੀ ਸੀ।​—ਕਹਾ. 8:30.

ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਸ੍ਰਿਸ਼ਟੀ ਦੀਆਂ ਮਿਸਾਲਾਂ ਦੇ ਕੇ ਆਪਣੇ ਪਿਤਾ ਬਾਰੇ ਬਹੁਤ ਕੁਝ ਸਿਖਾਇਆ। ਆਓ ਆਪਾਂ ਉਨ੍ਹਾਂ ਵਿੱਚੋਂ ਇਕ ਗੱਲ ʼਤੇ ਧਿਆਨ ਦੇਈਏ। ਯਹੋਵਾਹ ਹਰ ਇਨਸਾਨ ਨਾਲ ਪਿਆਰ ਕਰਦਾ ਹੈ। ਯਿਸੂ ਨੇ ਪਹਾੜੀ ਉਪਦੇਸ਼ ਦਿੰਦਿਆਂ ਆਪਣੇ ਚੇਲਿਆਂ ਦਾ ਧਿਆਨ ਧੁੱਪ ਅਤੇ ਮੀਂਹ ਵੱਲ ਦਿਵਾਇਆ। ਚਾਹੇ ਕਈ ਲੋਕ ਇਨ੍ਹਾਂ ਵੱਲ ਖ਼ਾਸ ਧਿਆਨ ਨਹੀਂ ਦਿੰਦੇ, ਪਰ ਜੀਉਂਦੇ ਰਹਿਣ ਲਈ ਇਹ ਬਹੁਤ ਜ਼ਰੂਰੀ ਹਨ। ਜੇ ਯਹੋਵਾਹ ਚਾਹੁੰਦਾ, ਤਾਂ ਉਹ ਕੁਝ ਅਜਿਹਾ ਕਰ ਸਕਦਾ ਸੀ ਜਿਸ ਕਰਕੇ ਬੁਰੇ ਲੋਕਾਂ ਨੂੰ ਨਾ ਤਾਂ ਧੁੱਪ ਮਿਲਦੀ ਅਤੇ ਨਾ ਹੀ ਮੀਂਹ। ਪਰ ਉਸ ਨੇ ਇੱਦਾਂ ਬਿਲਕੁਲ ਨਹੀਂ ਕੀਤਾ, ਸਗੋਂ ਪਿਆਰ ਹੋਣ ਕਰਕੇ ਉਹ ਸਾਰਿਆਂ ʼਤੇ ਸੂਰਜ ਚਾੜ੍ਹਦਾ ਹੈ ਅਤੇ ਮੀਂਹ ਵਰ੍ਹਾਉਂਦਾ ਹੈ। (ਮੱਤੀ 5:43-45) ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਸਾਰਿਆਂ ਨਾਲ ਪਿਆਰ ਕਰਨ। ਜਦੋਂ ਅਸੀਂ ਡੁੱਬਦੇ ਹੋਏ ਸੂਰਜ ਦਾ ਖ਼ੂਬਸੂਰਤ ਨਜ਼ਾਰਾ ਦੇਖਦੇ ਹਾਂ ਜਾਂ ਮੀਂਹ ਦੀਆਂ ਬੂੰਦਾਂ ਦਾ ਮਜ਼ਾ ਲੈਂਦੇ ਹਾਂ, ਤਾਂ ਆਓ ਆਪਾਂ ਯਾਦ ਰੱਖੀਏ ਕਿ ਯਹੋਵਾਹ ਹਰ ਤਰ੍ਹਾਂ ਦੇ ਲੋਕਾਂ ਨਾਲ ਪਿਆਰ ਕਰਦਾ ਹੈ। ਫਿਰ ਸਾਡਾ ਵੀ ਦਿਲ ਕਰੇਗਾ ਕਿ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਦਿਖਾਈਏ ਕਿ ਅਸੀਂ ਵੀ ਸਾਰਿਆਂ ਨਾਲ ਪਿਆਰ ਕਰਦੇ ਹਾਂ। w23.03 17 ਪੈਰੇ 9-10

ਸ਼ੁੱਕਰਵਾਰ 5 ਜੁਲਾਈ

‘ਮੈਂ ਦੇਖ ਕੇ ਬਹੁਤ ਹੈਰਾਨ ਹੋਇਆ।’​—ਪ੍ਰਕਾ. 17:6.

ਯੂਹੰਨਾ ਰਸੂਲ ਕੀ ਦੇਖ ਕੇ ਹੈਰਾਨ ਹੋਇਆ? ਇਕ ਤੀਵੀਂ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੋਈ ਹੈ। ਇਹ ਤੀਵੀਂ “ਵੱਡੀ ਵੇਸਵਾ” ਹੈ ਜਿਸ ਨੂੰ “ਮਹਾਂ ਬਾਬਲ” ਕਿਹਾ ਗਿਆ ਹੈ। ਇਸ ਤੀਵੀਂ ਨੇ “ਧਰਤੀ ਦੇ ਰਾਜਿਆਂ” ਨਾਲ “ਹਰਾਮਕਾਰੀ” ਕੀਤੀ ਹੈ। (ਪ੍ਰਕਾ. 17:1-5) “ਮਹਾਂ ਬਾਬਲ” ਕੌਣ ਹੈ? ਇਹ ਵੇਸਵਾ ਕਿਸੇ ਸਰਕਾਰ ਨੂੰ ਨਹੀਂ ਦਰਸਾ ਸਕਦੀ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਇਹ ਧਰਤੀ ਦੇ ਰਾਜਿਆਂ ਨਾਲ ਹਰਾਮਕਾਰੀ ਕਰਦੀ ਹੈ। (ਪ੍ਰਕਾ. 18:9) ਉਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਵੇਸਵਾ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੈ ਯਾਨੀ ਇਹ ਸਰਕਾਰਾਂ ਨੂੰ ਆਪਣੇ ਵੱਸ ਵਿਚ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ, ਇਹ ਵੇਸਵਾ ਸ਼ੈਤਾਨ ਦੇ ਲਾਲਚੀ ਵਪਾਰ ਜਗਤ ਨੂੰ ਵੀ ਨਹੀਂ ਦਰਸਾ ਸਕਦੀ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਵਪਾਰ ਜਗਤ ਨੂੰ “ਧਰਤੀ ਦੇ ਵਪਾਰੀ” ਕਿਹਾ ਗਿਆ ਹੈ। (ਪ੍ਰਕਾ. 18:11, 15, 16) ਪ੍ਰਾਚੀਨ ਸ਼ਹਿਰ ਬਾਬਲ ਝੂਠੀ ਭਗਤੀ ਦਾ ਮੁੱਖ ਕੇਂਦਰ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮਹਾਂ ਬਾਬਲ ਹਰ ਤਰ੍ਹਾਂ ਦੀ ਝੂਠੀ ਭਗਤੀ ਨੂੰ ਦਰਸਾਉਂਦਾ ਹੈ। ਦਰਅਸਲ ਇਹ ਵੇਸਵਾ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਹੈ।​—ਪ੍ਰਕਾ. 17:5, 18. w22.05 11 ਪੈਰੇ 14-16

ਸ਼ਨੀਵਾਰ 6 ਜੁਲਾਈ

ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ਼ ਜਾਵੇ।​—1 ਪਤ. 5:8.

ਸਾਡੀਆਂ ਭੈਣਾਂ ਨੂੰ ਫ਼ਿਕਰ ਹੈ ਕਿ ਕੀ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਕਰਨਗੇ। ਮਾਪੇ ਜਾਣਦੇ ਹਨ ਕਿ ਸ਼ੈਤਾਨ ਦੀ ਇਹ ਦੁਨੀਆਂ ਉਨ੍ਹਾਂ ਦੇ ਬੱਚਿਆਂ ʼਤੇ ਕਿੰਨਾ ਦਬਾਅ ਪਾਉਂਦੀ ਹੈ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਭੈਣਾਂ ਨੂੰ ਇਕ ਹੋਰ ਮੁਸ਼ਕਲ ਆਉਂਦੀ ਹੈ। ਉਨ੍ਹਾਂ ਨੂੰ ਜਾਂ ਤਾਂ ਇਕੱਲਿਆਂ ਜਾਂ ਆਪਣੇ ਅਵਿਸ਼ਵਾਸੀ ਪਤੀ ਨਾਲ ਮਿਲ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ। ਅੱਜ ਵੀ ਇਕੱਲਿਆਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਔਖਾ ਹੁੰਦਾ ਹੈ। ਜੇ ਮੰਮੀ-ਡੈਡੀ ਦੋਵੇਂ ਗਵਾਹ ਹੋਣ, ਤਾਂ ਵੀ ਉਨ੍ਹਾਂ ਲਈ ਆਪਣੇ ਬੱਚਿਆਂ ਦੇ ਦਿਲ ਤਕ ਪਹੁੰਚਣਾ ਅਤੇ ਉਨ੍ਹਾਂ ਦੀ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ ਵਿਚ ਮਦਦ ਕਰਨਾ ਔਖਾ ਹੋ ਸਕਦਾ ਹੈ। ਪਰ ਤੁਸੀਂ ਹੱਦੋਂ ਵੱਧ ਚਿੰਤਾ ਨਾ ਕਰੋ। ਯਹੋਵਾਹ ਤੁਹਾਡੀ ਮਦਦ ਕਰੇਗਾ। ਤੁਸੀਂ ਚਾਹੋ ਤਾਂ ਤਜਰਬੇਕਾਰ ਮਾਪਿਆਂ ਨੂੰ ਪੁੱਛ ਸਕਦੇ ਹੋ ਕਿ ਉਹ ਆਪਣੀ ਪਰਿਵਾਰਕ ਸਟੱਡੀ ਵਿਚ ਸਿਖਾਉਣ ਵਾਲੇ ਪ੍ਰਕਾਸ਼ਨਾਂ ਨੂੰ ਕਿਵੇਂ ਵਰਤਦੇ ਹਨ। (ਕਹਾ. 11:14) ਜੇ ਤੁਹਾਨੂੰ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਔਖੀ ਲੱਗਦੀ ਹੈ, ਤਾਂ ਉਸ ਮਾਮਲੇ ਵਿਚ ਵੀ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਉਹ ਬੱਚਿਆਂ ਦੇ ਮਨ ਦੀਆਂ ਗੱਲਾਂ ਜਾਣਨ ਲਈ ਸਹੀ ਸਵਾਲ ਪੁੱਛਣ ਵਿਚ ਤੁਹਾਡੀ ਮਦਦ ਕਰੇ।​—ਕਹਾ. 20:5. w22.04 17 ਪੈਰੇ 4, 7; 18 ਪੈਰਾ 9

ਐਤਵਾਰ 7 ਜੁਲਾਈ

ਮੈਂ ਹਮੇਸ਼ਾ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਸਹੀ ਗਿਆਨ ਅਤੇ ਪੂਰੀ ਸਮਝ ਦੇ ਨਾਲ-ਨਾਲ ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ।​—ਫ਼ਿਲਿ. 1:9.

ਯਹੋਵਾਹ ਲਈ ਪਿਆਰ ਵਧਾਉਣ ਦਾ ਇਕ ਹੋਰ ਤਰੀਕਾ ਹੈ, ਉਸ ਦੇ ਪੁੱਤਰ ਬਾਰੇ ਜਾਣਨਾ ਜਿਸ ਨੇ ਆਪਣੇ ਪਿਤਾ ਦੀ ਹੂ-ਬਹੂ ਨਕਲ ਕੀਤੀ। (ਇਬ. 1:3) ਇੰਜੀਲ ਦੀਆਂ ਚਾਰ ਕਿਤਾਬਾਂ ਦਾ ਅਧਿਐਨ ਕਰ ਕੇ ਅਸੀਂ ਯਿਸੂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਜੇ ਤੁਸੀਂ ਹਾਲੇ ਤਕ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਨਹੀਂ ਪਾਈ, ਤਾਂ ਕਿਉਂ ਨਾ ਹੁਣ ਤੋਂ ਹੀ ਇੱਦਾਂ ਕਰਨਾ ਸ਼ੁਰੂ ਕਰੋ। ਜਦੋਂ ਤੁਸੀਂ ਯਿਸੂ ਬਾਰੇ ਕੋਈ ਬਿਰਤਾਂਤ ਪੜ੍ਹਦੇ ਹੋ, ਤਾਂ ਖ਼ਾਸ ਕਰਕੇ ਉਸ ਦੇ ਗੁਣਾਂ ਵੱਲ ਧਿਆਨ ਦਿਓ। ਯਿਸੂ ਦਾ ਸੁਭਾਅ ਇੱਦਾਂ ਦਾ ਸੀ ਕਿ ਲੋਕ ਖ਼ੁਦ ਉਸ ਕੋਲ ਆਉਣਾ ਪਸੰਦ ਕਰਦੇ ਸਨ ਅਤੇ ਬਿਨਾਂ ਝਿਜਕੇ ਉਸ ਨਾਲ ਗੱਲ ਕਰ ਸਕਦੇ ਸਨ। ਇੱਥੋਂ ਤਕ ਕਿ ਬੱਚੇ ਵੀ ਉਸ ਵੱਲ ਖਿੱਚੇ ਚਲੇ ਆਉਂਦੇ ਸਨ ਅਤੇ ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿਚ ਲੈ ਲੈਂਦਾ ਸੀ। (ਮਰ. 10:13-16) ਯਿਸੂ ਦੇ ਚੇਲੇ ਸੌਖਿਆਂ ਹੀ ਉਸ ਨਾਲ ਗੱਲ ਕਰ ਸਕਦੇ ਸਨ। ਉਨ੍ਹਾਂ ਦੇ ਦਿਲ ਵਿਚ ਜੋ ਵੀ ਹੁੰਦਾ ਸੀ, ਉਹ ਬਿਨਾਂ ਝਿਜਕੇ ਉਸ ਨੂੰ ਦੱਸ ਦਿੰਦੇ ਸਨ। (ਮੱਤੀ 16:22) ਇੱਦਾਂ ਯਿਸੂ ਨੇ ਦਿਖਾਇਆ ਕਿ ਉਹ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਦੇ ਹਾਂ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਅਸੀਂ ਉਸ ਅੱਗੇ ਆਪਣਾ ਦਿਲ ਖੋਲ੍ਹਦੇ ਹਾਂ, ਤਾਂ ਉਹ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ। ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ।​—1 ਪਤ. 5:7. w22.08 3 ਪੈਰੇ 4-5

ਸੋਮਵਾਰ 8 ਜੁਲਾਈ

ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।​—ਜ਼ਬੂ. 86:5.

ਸਾਡਾ ਸ੍ਰਿਸ਼ਟੀਕਰਤਾ ਹੋਣ ਕਰਕੇ ਯਹੋਵਾਹ ਸਾਡੀ ਰਗ-ਰਗ ਤੋਂ ਵਾਕਫ਼ ਹੈ। ਜ਼ਰਾ ਸੋਚੋ, ਉਹ ਧਰਤੀ ʼਤੇ ਰਹਿਣ ਵਾਲੇ ਹਰੇਕ ਇਨਸਾਨ ਬਾਰੇ ਸਭ ਕੁਝ ਜਾਣਦਾ ਹੈ! (ਜ਼ਬੂ. 139:15-17) ਇਸ ਕਰਕੇ ਉਹ ਸਾਡੀਆਂ ਸਾਰੀਆਂ ਕਮੀਆਂ-ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਸਾਨੂੰ ਵਿਰਾਸਤ ਵਿਚ ਆਪਣੇ ਮਾਪਿਆਂ ਤੋਂ ਮਿਲੀਆਂ ਹਨ। ਇਸ ਤੋਂ ਇਲਾਵਾ, ਉਸ ਨੂੰ ਇਹ ਵੀ ਪਤਾ ਹੈ ਕਿ ਸਾਡੇ ਨਾਲ ਜ਼ਿੰਦਗੀ ਵਿਚ ਕੀ ਕੁਝ ਬੀਤਿਆ ਹੈ ਜਿਸ ਦਾ ਅਸਰ ਸਾਡੀ ਸ਼ਖ਼ਸੀਅਤ ʼਤੇ ਪਿਆ ਹੈ। ਜੀ ਹਾਂ, ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤਾਂ ਫਿਰ, ਉਹ ਕੀ ਕਰਨ ਲਈ ਪ੍ਰੇਰਿਤ ਹੁੰਦਾ ਹੈ? ਉਹ ਸਾਡੇ ʼਤੇ ਰਹਿਮ ਕਰਨ ਲਈ ਪ੍ਰੇਰਿਤ ਹੁੰਦਾ ਹੈ। (ਜ਼ਬੂ. 78:39; 103:13, 14) ਯਹੋਵਾਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਦਮ ਕਰਕੇ ਹੀ ਸਾਰੇ ਇਨਸਾਨਾਂ ਨੂੰ ਪਾਪ ਅਤੇ ਮੌਤ ਦਾ ਸਰਾਪ ਲੱਗਾ ਹੈ। (ਰੋਮੀ. 5:12) ਅਸੀਂ ਨਾ ਤਾਂ ਖ਼ੁਦ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ ਇਸ ਸਰਾਪ ਤੋਂ ਮੁਕਤ ਕਰਾ ਸਕਦੇ ਹਾਂ। (ਜ਼ਬੂ. 49:7-9) ਫਿਰ ਵੀ ਸਾਡੇ ਨਾਲ ਪਿਆਰ ਹੋਣ ਕਰਕੇ ਪਰਮੇਸ਼ੁਰ ਨੇ ਸਾਨੂੰ ਹਮਦਰਦੀ ਦਿਖਾਈ ਅਤੇ ਇਸ ਸਰਾਪ ਤੋਂ ਮੁਕਤ ਕਰਾਉਣ ਦਾ ਪ੍ਰਬੰਧ ਕੀਤਾ। ਯਹੋਵਾਹ ਦੇ ਇਸ ਪ੍ਰਬੰਧ ਤੋਂ ਸਬੂਤ ਮਿਲਦਾ ਹੈ ਕਿ ਉਹ ਸਾਨੂੰ ਮਾਫ਼ ਕਰਨਾ ਚਾਹੁੰਦਾ ਹੈ। ਇਹ ਗੱਲ ਯੂਹੰਨਾ 3:16 ਤੋਂ ਸਾਫ਼ ਪਤਾ ਲੱਗਦੀ ਹੈ। ਇਸ ਵਿਚ ਲਿਖਿਆ ਹੈ ਕਿ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੀ ਖ਼ਾਤਰ ਮਰਨ ਲਈ ਭੇਜਿਆ।​—ਮੱਤੀ 20:28; ਰੋਮੀ. 5:19. w22.06 3 ਪੈਰੇ 5-6

ਮੰਗਲਵਾਰ 9 ਜੁਲਾਈ

ਦਿਆਲੂ ਆਦਮੀ ਖ਼ੁਦ ਨੂੰ ਫ਼ਾਇਦਾ ਪਹੁੰਚਾਉਂਦਾ ਹੈ।​—ਕਹਾ. 11:17.

ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਹੈ ਕਿ ਮਾਫ਼ ਕਰਨ ਵਾਲਿਆਂ ਨੂੰ ਮਾਫ਼ ਕੀਤਾ ਜਾਵੇਗਾ। ਕਾਫ਼ੀ ਸਮਾਂ ਪਹਿਲਾਂ ਯਹੋਵਾਹ ਨੇ ਆਪਣੇ ਸੇਵਕ ਅੱਯੂਬ ਨੂੰ ਵੀ ਇਹੀ ਗੱਲ ਸਿਖਾਈ ਸੀ। ਅੱਯੂਬ ਦੇ ਦੋਸਤਾਂ ਅਲੀਫਾਜ਼, ਬਿਲਦਦ ਅਤੇ ਸੋਫਰ ਨੇ ਉਸ ਨੂੰ ਬੁਰਾ-ਭਲਾ ਕਹਿ ਕੇ ਉਸ ਦਾ ਦਿਲ ਦੁਖਾਇਆ। ਪਰ ਯਹੋਵਾਹ ਨੇ ਅੱਯੂਬ ਨੂੰ ਉਨ੍ਹਾਂ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ। ਜਦੋਂ ਅੱਯੂਬ ਨੇ ਇੱਦਾਂ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। (ਅੱਯੂ. 42:8-10) ਨਾਰਾਜ਼ਗੀ ਪਾਲ਼ੀ ਰੱਖਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਕਿਸੇ ਖ਼ਿਲਾਫ਼ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ਣੀ ਆਪਣੇ ਦਿਲ ਉੱਤੇ ਇਕ ਭਾਰੀ ਬੋਝ ਰੱਖਣ ਵਾਂਗ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਬੋਝ ਨੂੰ ਲਾਹ ਕੇ ਸੁੱਟ ਦੇਈਏ। (ਅਫ਼. 4:31, 32) ਇਸ ਲਈ ਉਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ‘ਗੁੱਸਾ ਕਰਨੋਂ ਹਟ ਜਾਈਏ ਅਤੇ ਕ੍ਰੋਧ ਨੂੰ ਛੱਡ ਦੇਈਏ।’ (ਜ਼ਬੂ. 37:8) ਇਸ ਸਲਾਹ ਨੂੰ ਮੰਨਣਾ ਕਿੰਨੀ ਹੀ ਸਮਝਦਾਰੀ ਦੀ ਗੱਲ ਹੈ! ਪਰ ਜੇ ਅਸੀਂ ਅੰਦਰੋਂ-ਅੰਦਰ ਖਿੱਝਦੇ ਰਹਿੰਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਜ਼ਹਿਰ ਪੀ ਰਹੇ ਹੋਈਏ। ਇਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ ਤੇ ਅਸੀਂ ਪਰੇਸ਼ਾਨ ਰਹਿਣ ਲੱਗ ਪਵਾਂਗੇ ਅਤੇ ਸਾਡੀ ਸਿਹਤ ਵੀ ਖ਼ਰਾਬ ਰਹਿਣ ਲੱਗ ਜਾਵੇਗੀ। (ਕਹਾ. 14:30) ਪਰ ਜੇ ਅਸੀਂ ਦੂਜਿਆਂ ਨੂੰ ਮਾਫ਼ ਕਰ ਦਿੰਦੇ ਹਾਂ, ਤਾਂ ਇਸ ਨਾਲ ਸਾਡਾ ਹੀ ਭਲਾ ਹੋਵੇਗਾ। ਨਾਲੇ ਸਾਡੇ ਮਨ ਤੇ ਦਿਲ ਨੂੰ ਸ਼ਾਂਤੀ ਮਿਲੇਗੀ ਅਤੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕਾਂਗੇ। w22.06 10 ਪੈਰੇ 9-10

ਬੁੱਧਵਾਰ 10 ਜੁਲਾਈ

‘ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾਓ।’​—1 ਥੱਸ. 5:8.

ਸਾਡੀ ਉਮੀਦ ਇਕ ਟੋਪ ਵਾਂਗ ਸਾਡੀਆਂ ਸੋਚਾਂ ਦੀ ਰਾਖੀ ਕਰਦੀ ਹੈ। ਇਸ ਉਮੀਦ ਕਰਕੇ ਅਸੀਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਨਹੀਂ ਲੱਗੇ ਰਹਿੰਦੇ। ਨਤੀਜੇ ਵਜੋਂ, ਯਹੋਵਾਹ ਨਾਲ ਸਾਡਾ ਰਿਸ਼ਤਾ ਬਣਿਆ ਰਹਿੰਦਾ ਹੈ। (1 ਕੁਰਿੰ. 15:33, 34) ਉਮੀਦ ਦਾ ਟੋਪ ਸਾਡੀ ਇਸ ਸੋਚ ਤੋਂ ਰਾਖੀ ਕਰਦਾ ਹੈ ਕਿ ਅਸੀਂ ਕਦੇ ਵੀ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ। ਗੌਰ ਕਰੋ ਕਿ ਅੱਯੂਬ ਨੂੰ ਝੂਠੀ ਤਸੱਲੀ ਦੇਣ ਵਾਲੇ ਉਸ ਦੇ ਇਕ ਦੋਸਤ ਅਲੀਫਾਜ਼ ਨੇ ਇੱਦਾਂ ਹੀ ਕਿਹਾ ਸੀ। ਉਸ ਨੇ ਕਿਹਾ: “ਮਾਮੂਲੀ ਇਨਸਾਨ ਹੈ ਹੀ ਕੀ ਜੋ ਉਹ ਸ਼ੁੱਧ ਹੋਵੇ?” ਉਸ ਨੇ ਅੱਗੇ ਪਰਮੇਸ਼ੁਰ ਬਾਰੇ ਇਹ ਕਿਹਾ: “ਦੇਖ! ਉਹ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ, ਇੱਥੋਂ ਤਕ ਕਿ ਆਕਾਸ਼ ਵੀ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਨਹੀਂ।” (ਅੱਯੂ. 15:14, 15) ਕਿੰਨੇ ਵੱਡੇ ਝੂਠ! ਯਾਦ ਰੱਖੋ, ਅਜਿਹੀ ਸੋਚ ਪਿੱਛੇ ਸ਼ੈਤਾਨ ਦਾ ਹੀ ਹੱਥ ਹੈ। ਉਹ ਜਾਣਦਾ ਹੈ ਕਿ ਜੇ ਅਸੀਂ ਆਪਣੇ ਮਨ ਵਿਚ ਇੱਦਾਂ ਦੇ ਖ਼ਿਆਲ ਆਉਣ ਦੇਵਾਂਗੇ, ਤਾਂ ਸਾਡੀ ਉਮੀਦ ਆਪਣੇ ਆਪ ਧੁੰਦਲੀ ਪੈ ਜਾਵੇਗੀ। ਇੱਦਾਂ ਦੀਆਂ ਝੂਠੀਆਂ ਗੱਲਾਂ ʼਤੇ ਧਿਆਨ ਨਾ ਲਾਓ। ਭਰੋਸਾ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ ਅਤੇ ਉਹ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਵੀ ਕਰੇਗਾ।​—1 ਤਿਮੋ. 2:3, 4. w22.10 25-26 ਪੈਰੇ 8-10

ਵੀਰਵਾਰ 11 ਜੁਲਾਈ

ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਹੀਂ ਕੀਤਾ।​—ਅੱਯੂ. 2:10.

ਸ਼ੈਤਾਨ ਚਾਹੁੰਦਾ ਸੀ ਕਿ ਅੱਯੂਬ ਇਹ ਸੋਚੇ ਕਿ ਉਸ ʼਤੇ ਇਹ ਸਾਰੇ ਦੁੱਖ ਇਸ ਕਰਕੇ ਆਏ ਕਿਉਂਕਿ ਯਹੋਵਾਹ ਉਸ ਤੋਂ ਗੁੱਸੇ ਸੀ। ਉਦਾਹਰਣ ਲਈ, ਸ਼ੈਤਾਨ ਨੇ ਜ਼ੋਰਦਾਰ ਹਨੇਰੀ ਵਗਾ ਕੇ ਉਸ ਘਰ ਨੂੰ ਡੇਗ ਦਿੱਤਾ ਜਿੱਥੇ ਅੱਯੂਬ ਦੇ ਸਾਰੇ ਬੱਚੇ ਇਕੱਠੇ ਖਾਣਾ ਖਾ ਰਹੇ ਸਨ। (ਅੱਯੂ. 1:18, 19) ਨਾਲੇ ਸ਼ੈਤਾਨ ਨੇ ਆਕਾਸ਼ੋਂ ਅੱਗ ਵਰ੍ਹਾ ਕੇ ਅੱਯੂਬ ਦੇ ਜਾਨਵਰਾਂ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਨੌਕਰਾਂ ਨੂੰ ਸਾੜ ਕੇ ਭਸਮ ਕਰ ਦਿੱਤਾ। (ਅੱਯੂ. 1:16) ਜ਼ੋਰਦਾਰ ਹਨੇਰੀ ਅਤੇ ਆਕਾਸ਼ੋਂ ਅੱਗ ਵਰ੍ਹਨ ਕਰਕੇ ਅੱਯੂਬ ਨੂੰ ਲੱਗਾ ਕਿ ਇਸ ਸਭ ਪਿੱਛੇ ਯਹੋਵਾਹ ਦਾ ਹੀ ਹੱਥ ਹੋਣਾ। ਇਸ ਲਈ ਉਸ ਨੇ ਸੋਚਿਆ ਕਿ ਯਹੋਵਾਹ ਉਸ ਤੋਂ ਗੁੱਸੇ ਸੀ ਅਤੇ ਉਸ ਨੂੰ ਸਜ਼ਾ ਦੇ ਰਿਹਾ ਸੀ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅੱਯੂਬ ਨੇ ਆਪਣੇ ਸਵਰਗੀ ਪਿਤਾ ਬਾਰੇ ਕੁਝ ਵੀ ਬੁਰਾ-ਭਲਾ ਨਹੀਂ ਕਿਹਾ। ਉਸ ਨੇ ਇਹ ਗੱਲ ਮੰਨੀ ਕਿ ਕਈ ਸਾਲਾਂ ਤਕ ਯਹੋਵਾਹ ਨੇ ਉਸ ਨੂੰ ਕਾਫ਼ੀ ਕੁਝ ਚੰਗਾ-ਚੰਗਾ ਦਿੱਤਾ ਸੀ। ਉਸ ਨੇ ਸੋਚਿਆ ਕਿ ਜੇ ਉਹ ਇਹ ਸਾਰਾ ਕੁਝ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਸਕਦਾ ਸੀ, ਤਾਂ ਫਿਰ ਜੋ ਕੁਝ ਵੀ ਉਸ ਨਾਲ ਬੁਰਾ ਹੋਇਆ, ਉਹ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਿਉਂ ਨਹੀਂ ਕਰ ਸਕਦਾ। ਫਿਰ ਉਸ ਨੇ ਕਿਹਾ: “ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਰਹੇ।”​—ਅੱਯੂ. 1:20, 21. w22.06 21 ਪੈਰਾ 7

ਸ਼ੁੱਕਰਵਾਰ 12 ਜੁਲਾਈ

ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ। ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।​—ਮਰ. 13:13.

ਯੂਹੰਨਾ 17:14 ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ। ਅਸੀਂ ਵੀ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਖ਼ਾਸ ਕਰਕੇ ਪਿਛਲੇ ਸੌ ਸਾਲਾਂ ਤੋਂ ਯਹੋਵਾਹ ਦੇ ਸੇਵਕਾਂ ਨਾਲ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਆਓ ਆਪਾਂ ਇਸ ਬਾਰੇ ਜਾਣੀਏ। ਸਾਲ 1914 ਵਿਚ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਸ ਤੋਂ ਜਲਦ ਬਾਅਦ ਹੀ ਉਸ ਨੇ ਸ਼ੈਤਾਨ ਨੂੰ ਸਵਰਗੋਂ ਧਰਤੀ ʼਤੇ ਸੁੱਟ ਦਿੱਤਾ। (ਪ੍ਰਕਾ. 12:9, 12) ਉਦੋਂ ਤੋਂ ਸ਼ੈਤਾਨ ਲਈ ਸਵਰਗ ਜਾਣ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਅਤੇ ਉਸ ਨੂੰ ਪਤਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। ਪਰ ਉਹ ਹੱਥ ʼਤੇ ਹੱਥ ਧਰ ਕੇ ਬੈਠਣ ਦੀ ਬਜਾਇ ਹੋਰ ਵੀ ਜ਼ਿਆਦਾ ਖ਼ਤਰਨਾਕ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਉਹ ਆਪਣਾ ਗੁੱਸਾ ਪਰਮੇਸ਼ੁਰ ਦੇ ਸੇਵਕਾਂ ʼਤੇ ਕੱਢ ਰਿਹਾ ਹੈ। (ਪ੍ਰਕਾ. 12:13, 17) ਇਸੇ ਕਰਕੇ ਸ਼ੈਤਾਨ ਦੀ ਦੁਨੀਆਂ ਪਰਮੇਸ਼ੁਰ ਦੇ ਸੇਵਕਾਂ ਨਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਫ਼ਰਤ ਕਰਦੀ ਹੈ। ਪਰ ਅਸੀਂ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲਿਆਂ ਤੋਂ ਡਰਦੇ ਨਹੀਂ, ਸਗੋਂ ਅਸੀਂ ਪੌਲੁਸ ਰਸੂਲ ਵਾਂਗ ਇਸ ਗੱਲ ʼਤੇ ਭਰੋਸਾ ਰੱਖਦੇ ਹਾਂ: “ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?” (ਰੋਮੀ. 8:31) ਜੀ ਹਾਂ, ਸਾਨੂੰ ਯਹੋਵਾਹ ʼਤੇ ਪੱਕਾ ਭਰੋਸਾ ਹੈ। w22.07 18 ਪੈਰੇ 14-15

ਸ਼ਨੀਵਾਰ 13 ਜੁਲਾਈ

ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।​—ਮੱਤੀ 24:14.

ਯਿਸੂ ਨੂੰ ਇਸ ਗੱਲ ਦੀ ਫ਼ਿਕਰ ਨਹੀਂ ਸੀ ਕਿ ਯੁਗ ਦੇ ਆਖ਼ਰੀ ਸਮੇਂ ਵਿਚ ਰਾਜ ਦੇ ਪ੍ਰਚਾਰਕਾਂ ਦੀ ਕਮੀ ਹੋਵੇਗੀ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਜ਼ਬੂਰਾਂ ਦੇ ਲਿਖਾਰੀ ਦੀ ਇਹ ਭਵਿੱਖਬਾਣੀ ਪੂਰੀ ਹੋਵੇਗੀ: “ਜਿਸ ਦਿਨ ਤੂੰ ਆਪਣੀ ਫ਼ੌਜ ਯੁੱਧ ਵਿਚ ਲੈ ਕੇ ਜਾਵੇਂਗਾ ਉਸ ਦਿਨ ਤੇਰੇ ਲੋਕ ਆਪਣੇ ਆਪ ਨੂੰ ਖ਼ੁਸ਼ੀ-ਖ਼ੁਸ਼ੀ ਪੇਸ਼ ਕਰਨਗੇ।” (ਜ਼ਬੂ. 110:3) ਜੇ ਤੁਸੀਂ ਵੀ ਪ੍ਰਚਾਰ ਦਾ ਕੰਮ ਕਰ ਰਹੇ ਹੋ, ਤਾਂ ਤੁਸੀਂ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਲੈ ਰਹੇ ਹੋ ਅਤੇ ਯਿਸੂ ਤੇ ਵਫ਼ਾਦਾਰ ਨੌਕਰ ਦਾ ਸਾਥ ਦੇ ਰਹੇ ਹੋ। ਹਾਲਾਂਕਿ ਅੱਜ ਇਹ ਕੰਮ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ, ਫਿਰ ਵੀ ਇਸ ਕੰਮ ਵਿਚ ਕਈ ਮੁਸ਼ਕਲਾਂ ਆਉਂਦੀਆਂ ਹਨ। ਇਕ ਮੁਸ਼ਕਲ ਇਹ ਹੈ ਕਿ ਰਾਜ ਦੇ ਪ੍ਰਚਾਰਕਾਂ ਦਾ ਵਿਰੋਧ ਕੀਤਾ ਜਾਂਦਾ ਹੈ। ਧਰਮ-ਤਿਆਗੀ, ਧਾਰਮਿਕ ਆਗੂ ਅਤੇ ਨੇਤਾ ਸਾਡੇ ਕੰਮ ਬਾਰੇ ਬਹੁਤ ਸਾਰੀਆਂ ਝੂਠੀਆਂ ਗੱਲਾਂ ਫੈਲਾਉਂਦੇ ਹਨ। ਜੇ ਸਾਡੇ ਰਿਸ਼ਤੇਦਾਰ, ਜਾਣ-ਪਛਾਣ ਵਾਲੇ ਅਤੇ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਆ ਜਾਣ, ਤਾਂ ਉਹ ਸ਼ਾਇਦ ਸਾਡੇ ʼਤੇ ਦਬਾਅ ਪਾਉਣ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ ਅਤੇ ਪ੍ਰਚਾਰ ਕਰਨਾ ਬੰਦ ਕਰ ਦੇਈਏ। ਕਈ ਦੇਸ਼ਾਂ ਵਿਚ ਤਾਂ ਸਾਡੇ ਭੈਣਾਂ-ਭਰਾਵਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ, ਗਿਰਫ਼ਤਾਰ ਕੀਤਾ ਜਾਂਦਾ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਜੇਲ੍ਹਾਂ ਵਿਚ ਵੀ ਸੁੱਟਿਆ ਜਾਂਦਾ ਹੈ। w22.07 8 ਪੈਰਾ 1; 9 ਪੈਰੇ 5-6

ਐਤਵਾਰ 14 ਜੁਲਾਈ

ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।​—ਰਸੂ. 14:22.

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਮਾਂ ਕੱਢ ਕੇ ਬਾਕਾਇਦਾ ਬਾਈਬਲ ਦਾ ਅਧਿਐਨ ਕਰੀਏ ਅਤੇ ਪੜ੍ਹੀਆਂ ਗੱਲਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰੀਏ। ਜਦੋਂ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ ਅਤੇ ਅਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਵੀ ਨੇੜੇ ਜਾਂਦੇ ਹਾਂ। ਨਤੀਜੇ ਵਜੋਂ, ਸਾਨੂੰ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਮਿਲਦੀ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਪਵਿੱਤਰ ਸ਼ਕਤੀ ਵੀ ਦਿੰਦਾ ਹੈ ਜੋ ਉਸ ਦੇ ਬਚਨ ʼਤੇ ਭਰੋਸਾ ਰੱਖਦੇ ਹਨ। ਇਹ ਸ਼ਕਤੀ ਸਾਨੂੰ ਕਿਸੇ ਵੀ ਮੁਸ਼ਕਲ ਨੂੰ ਸਹਿਣ ਦੀ ਉਹ ਤਾਕਤ ਦਿੰਦੀ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” (2 ਕੁਰਿੰ. 4:7-10) ਯਹੋਵਾਹ ਦੀ ਮਦਦ ਨਾਲ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਹੁਤ ਸਾਰੇ ਲੇਖ, ਵੀਡੀਓ ਅਤੇ ਗੀਤ ਤਿਆਰ ਕਰਦਾ ਹੈ। ਇਨ੍ਹਾਂ ਕਰਕੇ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ ਅਤੇ ਅਸੀਂ ਯਹੋਵਾਹ ਦੇ ਨੇੜੇ ਰਹਿੰਦੇ ਹਾਂ। (ਮੱਤੀ 24:45) ਯਹੋਵਾਹ ਨੇ ਆਪਣੇ ਲੋਕਾਂ ਨੂੰ ਔਖੇ ਸਮਿਆਂ ਵਿਚ ਵੀ ਇਕ-ਦੂਜੇ ਨੂੰ ਪਿਆਰ ਕਰਨ ਅਤੇ ਦਿਲਾਸਾ ਦੇਣ ਦੀ ਸਿਖਲਾਈ ਦਿੱਤੀ ਹੈ। (2 ਕੁਰਿੰ. 1:3, 4; 1 ਥੱਸ. 4:9) ਸਾਡੇ ਭੈਣ-ਭਰਾ ਉਸ ਸਮੇਂ ਵੀ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਜਦੋਂ ਅਸੀਂ ਮੁਸ਼ਕਲਾਂ ਝੱਲਦੇ ਹਾਂ। w22.08 12 ਪੈਰੇ 12-14

ਸੋਮਵਾਰ 15 ਜੁਲਾਈ

‘ਇਕ-ਦੂਜੇ ਨਾਲ ਸ਼ਾਂਤੀ ਭਰਿਆ ਰਿਸ਼ਤਾ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।’​—ਅਫ਼. 4:3.

ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਨਾਲ ਸਾਡਾ ਉਨ੍ਹਾਂ ਨਾਲ ਰਿਸ਼ਤਾ ਹੋਰ ਵੀ ਪੱਕਾ ਹੋਵੇਗਾ ਅਤੇ ਮੰਡਲੀ ਵਿਚ ਪਿਆਰ ਵਧੇਗਾ। ਕਈ ਵਾਰੀ ਸਮਝਦਾਰ ਤੇ ਤਜਰਬੇਕਾਰ ਭੈਣਾਂ-ਭਰਾਵਾਂ ਵਿਚ ਵੀ ਮਨ-ਮੁਟਾਵ ਜਾਂ ਝਗੜੇ ਹੋ ਜਾਂਦੇ ਹਨ। ਪੌਲੁਸ ਰਸੂਲ ਅਤੇ ਉਸ ਦੇ ਜਿਗਰੀ ਦੋਸਤ ਬਰਨਾਬਾਸ ਵਿਚ ਵੀ ਕੁਝ ਇਸੇ ਤਰ੍ਹਾਂ ਹੋਇਆ। ਜਦੋਂ ਉਨ੍ਹਾਂ ਨੇ ਆਪਣੇ ਅਗਲੇ ਮਿਸ਼ਨਰੀ ਦੌਰੇ ਤੇ ਜਾਣਾ ਸੀ, ਤਾਂ ਬਰਨਾਬਾਸ ਮਰਕੁਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ, ਪਰ ਪੌਲੁਸ ਬਰਨਾਬਾਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ। ਇਸ ਕਰਕੇ “ਉਨ੍ਹਾਂ ਦੋਹਾਂ ਵਿਚ ਬਹੁਤ ਝਗੜਾ ਹੋਇਆ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਗਏ।” (ਰਸੂ. 15:37-39) ਪਰ ਪੌਲੁਸ, ਬਰਨਾਬਾਸ ਅਤੇ ਮਰਕੁਸ ਨੇ ਆਪਸੀ ਝਗੜੇ ਨੂੰ ਸੁਲਝਾਇਆ ਅਤੇ ਆਪਸ ਵਿਚ ਸ਼ਾਂਤੀ ਕਾਇਮ ਕੀਤੀ। ਪੌਲੁਸ ਨੇ ਬਾਅਦ ਵਿਚ ਬਰਨਾਬਾਸ ਅਤੇ ਮਰਕੁਸ ਬਾਰੇ ਚੰਗੀਆਂ ਗੱਲਾਂ ਲਿਖੀਆਂ। (1 ਕੁਰਿੰ. 9:6; ਕੁਲੁ. 4:10) ਜੇ ਮੰਡਲੀ ਵਿਚ ਸਾਡੀ ਵੀ ਕਿਸੇ ਨਾਲ ਅਣਬਣ ਹੋ ਜਾਂਦੀ ਹੈ, ਤਾਂ ਸਾਨੂੰ ਵੀ ਉਸ ਨਾਲ ਸੁਲ੍ਹਾ ਕਰਨੀ ਚਾਹੀਦੀ ਹੈ ਅਤੇ ਉਸ ਦੇ ਚੰਗੇ ਗੁਣਾਂ ʼਤੇ ਧਿਆਨ ਲਾਈ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਾਂਗੇ। w22.08 23 ਪੈਰੇ 10-11

ਮੰਗਲਵਾਰ 16 ਜੁਲਾਈ

ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ। ​—ਮੱਤੀ 7:1.

ਇਹ ਵਧੀਆ ਗੱਲ ਹੈ ਕਿ ਅਸੀਂ ਹਰ ਰੋਜ਼ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਪਰ ਸਾਨੂੰ ਹੱਦੋਂ ਵੱਧ ਧਰਮੀ ਨਹੀਂ ਬਣਨਾ ਚਾਹੀਦਾ ਯਾਨੀ ਸਾਨੂੰ ਦੂਜਿਆਂ ਦਾ ਨਿਆਂ ਨਹੀਂ ਕਰਨਾ ਚਾਹੀਦਾ ਕਿ ਦੂਜੇ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਚੱਲਦੇ ਹਨ ਜਾਂ ਨਹੀਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹੀ “ਸਾਰੀ ਦੁਨੀਆਂ ਦਾ ਨਿਆਂਕਾਰ” ਹੈ। (ਉਤ. 18:25) ਯਹੋਵਾਹ ਨੇ ਸਾਨੂੰ ਦੂਜਿਆਂ ਦਾ ਨਿਆਂ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਹੈ। ਜ਼ਰਾ ਯੂਸੁਫ਼ ਦੀ ਮਿਸਾਲ ʼਤੇ ਗੌਰ ਕਰੋ। ਉਹ ਇਕ ਧਰਮੀ ਆਦਮੀ ਸੀ। ਚਾਹੇ ਉਸ ਨਾਲ ਦੂਜਿਆਂ ਨੇ ਬਹੁਤ ਬੁਰਾ ਸਲੂਕ ਕੀਤਾ, ਪਰ ਉਸ ਨੇ ਕਦੇ ਵੀ ਉਨ੍ਹਾਂ ਦਾ ਨਿਆਂ ਨਹੀਂ ਕੀਤਾ। ਉਸ ਦੇ ਆਪਣੇ ਭਰਾਵਾਂ ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗ਼ੁਲਾਮੀ ਲਈ ਵੇਚ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਯਕੀਨ ਦਿਵਾ ਦਿੱਤਾ ਕਿ ਯੂਸੁਫ਼ ਮਰ ਚੁੱਕਾ ਸੀ। ਕਈ ਸਾਲਾਂ ਬਾਅਦ ਯੂਸੁਫ਼ ਉਨ੍ਹਾਂ ਨੂੰ ਦੁਬਾਰਾ ਮਿਲਿਆ। ਹੁਣ ਉਹ ਇਕ ਵੱਡਾ ਅਧਿਕਾਰੀ ਬਣ ਚੁੱਕਾ ਸੀ। ਜੇ ਯੂਸੁਫ਼ ਚਾਹੁੰਦਾ, ਤਾਂ ਉਹ ਆਪਣੇ ਭਰਾਵਾਂ ਨੂੰ ਸਜ਼ਾ ਦੇ ਕੇ ਉਨ੍ਹਾਂ ਤੋਂ ਬਦਲਾ ਲੈ ਸਕਦਾ ਸੀ। ਉਸ ਦੇ ਭਰਾਵਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਤੋਂ ਬਦਲਾ ਲਵੇਗਾ, ਚਾਹੇ ਕਿ ਉਨ੍ਹਾਂ ਨੂੰ ਆਪਣੀ ਕੀਤੀ ʼਤੇ ਦਿਲੋਂ ਪਛਤਾਵਾ ਸੀ। ਪਰ ਯੂਸੁਫ਼ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਡਰੋ ਨਾ। ਕੀ ਮੈਂ ਪਰਮੇਸ਼ੁਰ ਹਾਂ?” (ਉਤ. 37:18-20, 27, 28, 31-35; 50:15-21) ਯੂਸੁਫ਼ ਨਿਮਰ ਸੀ, ਇਸ ਲਈ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੇ ਭਰਾਵਾਂ ਦਾ ਨਿਆਂ ਕਰਨ ਦਾ ਹੱਕ ਸਿਰਫ਼ ਯਹੋਵਾਹ ਕੋਲ ਹੈ। w22.08 30 ਪੈਰੇ 18-19

ਬੁੱਧਵਾਰ 17 ਜੁਲਾਈ

ਜੇ ਤੇਰੇ ਹੱਥ-ਵੱਸ ਹੋਵੇ, ਤਾਂ ਉਨ੍ਹਾਂ ਦਾ ਭਲਾ ਕਰਨੋਂ ਪਿੱਛੇ ਨਾ ਹਟੀਂ ਜਿਨ੍ਹਾਂ ਦਾ ਭਲਾ ਕਰਨਾ ਚਾਹੀਦਾ ਹੈ।​—ਕਹਾ. 3:27.

ਕੀ ਤੁਹਾਨੂੰ ਪਤਾ ਹੈ ਕਿ ਯਹੋਵਾਹ ਤੁਹਾਨੂੰ ਵਰਤ ਕੇ ਆਪਣੇ ਕਿਸੇ ਸੇਵਕ ਦੀ ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ ਦੇ ਸਕਦਾ ਹੈ? ਚਾਹੇ ਤੁਸੀਂ ਇਕ ਬਜ਼ੁਰਗ ਹੋ, ਸਹਾਇਕ ਸੇਵਕ ਹੋ, ਪਾਇਨੀਅਰ ਹੋ, ਪ੍ਰਚਾਰਕ ਹੋ, ਸਿਆਣੀ ਉਮਰ ਦੇ ਜਾਂ ਜਵਾਨ ਹੋ, ਕੋਈ ਭੈਣ ਜਾਂ ਭਰਾ ਹੋ ਤੁਸੀਂ ਸਾਰੇ ਜਣੇ ਹੀ ਮਦਦ ਕਰ ਸਕਦੇ ਹੋ। ਜਦੋਂ ਯਹੋਵਾਹ ਨੂੰ ਪਿਆਰ ਕਰਨ ਵਾਲਾ ਕੋਈ ਸੇਵਕ ਮਦਦ ਲਈ ਉਸ ਨੂੰ ਪੁਕਾਰਦਾ ਹੈ, ਤਾਂ ਸਾਡਾ ਪਰਮੇਸ਼ੁਰ ਅਕਸਰ ਬਜ਼ੁਰਗਾਂ ਅਤੇ ਹੋਰ ਵਫ਼ਾਦਾਰ ਸੇਵਕਾਂ ਰਾਹੀਂ ਉਸ ਵਿਅਕਤੀ ਨੂੰ “ਬਹੁਤ ਦਿਲਾਸਾ” ਦਿੰਦਾ ਹੈ। (ਕੁਲੁ. 4:11) ਇਸ ਤਰ੍ਹਾਂ ਯਹੋਵਾਹ ਦੀ ਸੇਵਾ ਕਰਨੀ ਅਤੇ ਉਸ ਦੇ ਸੇਵਕਾਂ ਦੀ ਮਦਦ ਕਰਨੀ ਕਿੰਨੇ ਹੀ ਸਨਮਾਨ ਦੀ ਗੱਲ ਹੈ। ਅਸੀਂ ਉਦੋਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਜਦੋਂ ਕੋਈ ਬੀਮਾਰੀ ਫੈਲਦੀ ਹੈ, ਆਫ਼ਤ ਆਉਂਦੀ ਹੈ ਜਾਂ ਜ਼ੁਲਮ ਕੀਤੇ ਜਾਂਦੇ ਹਨ। ਇਹ ਵੀ ਹੋ ਸਕਦਾ ਹੈ ਕਿ ਸਾਡੇ ਆਪਣੇ ਘਰ ਵਿਚ ਹੀ ਕੋਈ ਬੀਮਾਰ ਹੈ ਜਿਸ ਕਰਕੇ ਅਸੀਂ ਚਾਹ ਕੇ ਵੀ ਦੂਜਿਆਂ ਦੀ ਮਦਦ ਨਾ ਕਰ ਪਾਈਏ। ਇਨ੍ਹਾਂ ਹਾਲਾਤਾਂ ਦੇ ਬਾਵਜੂਦ ਜਦੋਂ ਅਸੀਂ ਆਪਣੇ ਵੱਲੋਂ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ।​—ਕਹਾ. 19:17. w22.12 22 ਪੈਰੇ 1-2

ਵੀਰਵਾਰ 18 ਜੁਲਾਈ

ਮੇਰਾ ਹੁਕਮ ਹੈ ਕਿ ਤੁਸੀਂ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ।​—ਯੂਹੰ. 15:12.

ਇਕ ਭਰੋਸੇਯੋਗ ਇਨਸਾਨ ਬਣਨ ਲਈ ਦੂਜਿਆਂ ਨੂੰ ਪਿਆਰ ਕਰਨਾ ਜ਼ਰੂਰੀ ਹੈ। ਯਿਸੂ ਨੇ ਕਿਹਾ ਸੀ ਕਿ ਦੋ ਸਭ ਤੋਂ ਵੱਡੇ ਹੁਕਮ ਹਨ: ਯਹੋਵਾਹ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਨਾ। (ਮੱਤੀ 22:37-39) ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਉਸ ਵਾਂਗ ਭਰੋਸੇਯੋਗ ਬਣਨਾ ਚਾਹੁੰਦੇ ਹਾਂ। ਅਸੀਂ ਭੈਣਾਂ-ਭਰਾਵਾਂ ਨਾਲ ਪਿਆਰ ਕਰਦੇ ਹਾਂ, ਇਸ ਲਈ ਅਸੀਂ ਉਨ੍ਹਾਂ ਦੀਆਂ ਰਾਜ਼ ਦੀਆਂ ਗੱਲਾਂ ਦੂਜਿਆਂ ਨੂੰ ਨਹੀਂ ਦੱਸਦੇ। ਅਸੀਂ ਕਦੇ ਵੀ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਕਰਕੇ ਭੈਣਾਂ-ਭਰਾਵਾਂ ਨੂੰ ਕੋਈ ਨੁਕਸਾਨ ਪਹੁੰਚੇ, ਉਹ ਸ਼ਰਮਿੰਦਾ ਹੋਣ ਜਾਂ ਉਨ੍ਹਾਂ ਨੂੰ ਦੁੱਖ ਲੱਗੇ। ਭਰੋਸੇਯੋਗ ਇਨਸਾਨ ਬਣਨ ਲਈ ਨਿਮਰ ਹੋਣਾ ਵੀ ਜ਼ਰੂਰੀ ਹੈ। ਇਕ ਨਿਮਰ ਇਨਸਾਨ ਕੋਈ ਗੱਲ ਦੱਸਣ ਵਿਚ ਕਦੇ ਕਾਹਲੀ ਨਹੀਂ ਕਰਦਾ। ਉਹ ਇਹ ਨਹੀਂ ਸੋਚਦਾ ਕਿ ਜੇ ਉਹ ਸਭ ਤੋਂ ਪਹਿਲਾਂ ਗੱਲ ਦੱਸੇਗਾ, ਤਾਂ ਸਾਰੇ ਉਸ ਦੀ ਵਾਹ-ਵਾਹੀ ਕਰਨਗੇ। (ਫ਼ਿਲਿ. 2:3) ਉਹ ਆਪਣੇ ਆਪ ਨੂੰ ਵੱਡਾ ਬਣਾਉਣ ਲਈ ਦੂਜਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਨੂੰ ਰਾਜ਼ ਦੀ ਗੱਲ ਪਤਾ ਹੈ। ਨਾਲੇ ਜਿਨ੍ਹਾਂ ਗੱਲਾਂ ਬਾਰੇ ਬਾਈਬਲ ਜਾਂ ਸਾਡੇ ਪ੍ਰਕਾਸ਼ਨਾਂ ਵਿਚ ਨਹੀਂ ਸਮਝਾਇਆ ਗਿਆ, ਉਹ ਉਨ੍ਹਾਂ ਬਾਰੇ ਤੀਰ-ਤੁੱਕੇ ਲਾ ਕੇ ਦੂਜਿਆਂ ਨੂੰ ਨਹੀਂ ਦੱਸਦਾ ਫਿਰਦਾ। w22.09 12 ਪੈਰੇ 12-13

ਸ਼ੁੱਕਰਵਾਰ 19 ਜੁਲਾਈ

ਸੱਚਾ ਗਿਆਨ ਬਹੁਤ ਵਧ ਜਾਵੇਗਾ।​—ਦਾਨੀ. 12:4.

ਦੂਤ ਨੇ ਦਾਨੀਏਲ ਨੂੰ ਕਿਹਾ ਕਿ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਦਾਨੀਏਲ ਦੀ ਕਿਤਾਬ ਵਿਚ ਦਰਜ ਭਵਿੱਖਬਾਣੀਆਂ ਦੀ ਹੋਰ ਵੀ ਚੰਗੀ ਸਮਝ ਹਾਸਲ ਹੋਵੇਗੀ। ਪਰ “ਕੋਈ ਦੁਸ਼ਟ ਇਨਸਾਨ ਇਨ੍ਹਾਂ ਗੱਲਾਂ ਨੂੰ ਨਹੀਂ ਸਮਝੇਗਾ।” (ਦਾਨੀ. 12:10) ਅੱਜ ਸਾਡੇ ਕੋਲ ਇਹ ਸਾਬਤ ਕਰਨ ਦਾ ਮੌਕਾ ਹੈ ਕਿ ਅਸੀਂ ਦੁਸ਼ਟ ਇਨਸਾਨ ਨਹੀਂ ਹਾਂ। (ਮਲਾ. 3:16-18) ਯਹੋਵਾਹ ਉਨ੍ਹਾਂ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ ਜਿਨ੍ਹਾਂ ਨੂੰ ਉਹ ਆਪਣੇ “ਖ਼ਾਸ ਲੋਕ” ਜਾਂ “ਆਪਣੀ ਕੀਮਤੀ ਜਾਇਦਾਦ” ਸਮਝਦਾ ਹੈ। ਬਿਨਾਂ ਸ਼ੱਕ, ਅਸੀਂ ਵੀ ਇਨ੍ਹਾਂ ਖ਼ਾਸ ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ। ਅਸੀਂ ਅਹਿਮ ਸਮੇਂ ਵਿਚ ਰਹਿ ਰਹੇ ਹਾਂ ਕਿਉਂਕਿ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਾਡੇ ਸਮੇਂ ਵਿਚ ਪੂਰੀਆਂ ਹੋਈਆਂ ਹਨ। ਬਹੁਤ ਜਲਦ ਸ਼ਾਨਦਾਰ ਘਟਨਾਵਾਂ ਵਾਪਰਨਗੀਆਂ। ਅਸੀਂ ਆਪਣੀਆਂ ਅੱਖਾਂ ਸਾਮ੍ਹਣੇ ਦੁਸ਼ਟ ਲੋਕਾਂ ਦਾ ਨਾਮੋ-ਨਿਸ਼ਾਨ ਮਿਟਦਾ ਦੇਖਾਂਗੇ। ਇਸ ਤੋਂ ਬਾਅਦ, ਅਸੀਂ ਦਾਨੀਏਲ ਨਾਲ ਕੀਤਾ ਯਹੋਵਾਹ ਦਾ ਇਹ ਵਾਅਦਾ ਪੂਰਾ ਹੁੰਦਾ ਦੇਖਾਂਗੇ: “ਤੂੰ ਆਪਣਾ ਹਿੱਸਾ ਲੈਣ ਲਈ ਉੱਠ ਖੜ੍ਹਾ ਹੋਵੇਂਗਾ।” (ਦਾਨੀ. 12:13) ਕੀ ਤੁਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਦਾਨੀਏਲ ਅਤੇ ਤੁਹਾਡੇ ਆਪਣੇ ਪਿਆਰੇ ਮੌਤ ਦੀ ਨੀਂਦ ਤੋਂ ਜਾਗ ਉੱਠਣਗੇ? ਜੇ ਹਾਂ, ਤਾਂ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਪੂਰੀ ਕੋਸ਼ਿਸ਼ ਕਰੋ। ਜੇ ਤੁਸੀਂ ਵਫ਼ਾਦਾਰ ਰਹੋਗੇ, ਤਾਂ ਭਰੋਸਾ ਰੱਖੋ ਕਿ ਤੁਹਾਡੇ ਨਾਂ ਯਹੋਵਾਹ ਦੀ ਜੀਵਨ ਦੀ ਕਿਤਾਬ ਵਿਚ ਲਿਖੇ ਰਹਿਣਗੇ। w22.09 24 ਪੈਰਾ 17; 25 ਪੈਰੇ 19-20

ਸ਼ਨੀਵਾਰ 20 ਜੁਲਾਈ

‘ਮੈਂ ਤੈਨੂੰ ਘੱਲ ਰਿਹਾ ਹਾਂ।’​—ਹਿਜ਼. 2:3.

ਇਨ੍ਹਾਂ ਸ਼ਬਦਾਂ ਤੋਂ ਹਿਜ਼ਕੀਏਲ ਨੂੰ ਜ਼ਰੂਰ ਹੌਸਲਾ ਮਿਲਿਆ ਹੋਣਾ। ਕਿਉਂ? ਕਿਉਂਕਿ ਹਿਜ਼ਕੀਏਲ ਨੂੰ ਯਾਦ ਆਇਆ ਹੋਣਾ ਕਿ ਯਹੋਵਾਹ ਨੇ ਮੂਸਾ ਅਤੇ ਯਸਾਯਾਹ ਨੂੰ ਵੀ ਇਹੀ ਕਿਹਾ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਨਬੀਆਂ ਵਜੋਂ ਚੁਣਿਆ ਸੀ। (ਕੂਚ 3:10; ਯਸਾ. 6:8) ਹਿਜ਼ਕੀਏਲ ਇਹ ਵੀ ਜਾਣਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਦੋਹਾਂ ਨਬੀਆਂ ਦੀ ਔਖੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਕਿਵੇਂ ਮਦਦ ਕੀਤੀ ਸੀ। ਇਸ ਲਈ ਜਦੋਂ ਯਹੋਵਾਹ ਨੇ ਹਿਜ਼ਕੀਏਲ ਨੂੰ ਦੋ ਵਾਰ ਕਿਹਾ: ‘ਮੈਂ ਤੈਨੂੰ ਘੱਲ ਰਿਹਾ ਹਾਂ,’ ਤਾਂ ਹਿਜ਼ਕੀਏਲ ਨੂੰ ਪੂਰਾ ਭਰੋਸਾ ਹੋ ਗਿਆ ਹੋਣਾ ਕਿ ਯਹੋਵਾਹ ਉਸ ਦਾ ਸਾਥ ਜ਼ਰੂਰ ਦੇਵੇਗਾ। ਇਸ ਤੋਂ ਇਲਾਵਾ, ਹਿਜ਼ਕੀਏਲ ਨੇ ਆਪਣੀ ਕਿਤਾਬ ਵਿਚ ਇਹ ਗੱਲ ਕਈ ਵਾਰ ਲਿਖੀ: “ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ।” (ਹਿਜ਼. 3:16) ਉਸ ਨੇ ਇਹ ਵੀ ਕਈ ਵਾਰ ਲਿਖਿਆ: “ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ।” (ਹਿਜ਼. 6:1) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਨੇ ਉਸ ਨੂੰ ਭੇਜਿਆ ਸੀ। ਨਾਲੇ ਉਸ ਦੇ ਪਿਤਾ ਨੇ ਪੁਜਾਰੀ ਹੋਣ ਦੇ ਨਾਤੇ ਉਸ ਨੂੰ ਜ਼ਰੂਰ ਸਿਖਾਇਆ ਹੋਣਾ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਆਪਣੇ ਨਬੀਆਂ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ ਸੀ। ਮਿਸਾਲ ਲਈ, ਯਹੋਵਾਹ ਨੇ ਆਪਣੇ ਸੇਵਕਾਂ ਇਸਹਾਕ, ਯਾਕੂਬ ਅਤੇ ਯਿਰਮਿਯਾਹ ਨੂੰ ਵੀ ਕਿਹਾ ਸੀ: “ਮੈਂ ਤੇਰੇ ਨਾਲ ਹਾਂ।”​—ਉਤ. 26:24; 28:15; ਯਿਰ. 1:8. w22.11 2 ਪੈਰਾ 3

ਐਤਵਾਰ 21 ਜੁਲਾਈ

ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਹਮੇਸ਼ਾ ਦੀ ਜ਼ਿੰਦਗੀ।​—ਰੋਮੀ. 6:23.

ਚਾਹੇ ਆਦਮ ਅਤੇ ਹੱਵਾਹ ਨੇ ਪਾਪ ਕੀਤਾ ਅਤੇ ਆਪਣੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ, ਫਿਰ ਵੀ ਇਨਸਾਨਾਂ ਲਈ ਯਹੋਵਾਹ ਦਾ ਮਕਸਦ ਬਦਲਿਆ ਨਹੀਂ। (ਯਸਾ. 55:11) ਯਹੋਵਾਹ ਅੱਜ ਵੀ ਇਹੀ ਚਾਹੁੰਦਾ ਹੈ ਕਿ ਵਫ਼ਾਦਾਰ ਲੋਕ ਹਮੇਸ਼ਾ ਲਈ ਜੀਉਂਦੇ ਰਹਿਣ। ਧਿਆਨ ਦਿਓ ਕਿ ਉਸ ਨੇ ਆਪਣਾ ਇਹ ਮਕਸਦ ਪੂਰਾ ਕਰਨ ਲਈ ਕੀ ਕਿਹਾ ਅਤੇ ਕੀਤਾ। ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦੇਵੇਗਾ। (ਰਸੂ. 24:15; ਤੀਤੁ. 1:1, 2) ਵਫ਼ਾਦਾਰ ਸੇਵਕ ਅੱਯੂਬ ਨੂੰ ਇਸ ਗੱਲ ਦਾ ਪੱਕਾ ਭਰੋਸਾ ਸੀ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:14, 15) ਦਾਨੀਏਲ ਨਬੀ ਵੀ ਇਸ ਗੱਲ ਤੋਂ ਵਾਕਫ਼ ਸੀ ਕਿ ਇਨਸਾਨਾਂ ਕੋਲ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਹੈ ਅਤੇ ਨਵੀਂ ਦੁਨੀਆਂ ਵਿਚ ਉਨ੍ਹਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੋਵੇਗਾ। (ਜ਼ਬੂ. 37:29; ਦਾਨੀ. 12:2, 13) ਯਿਸੂ ਦੇ ਜ਼ਮਾਨੇ ਦੇ ਯਹੂਦੀ ਵੀ ਜਾਣਦੇ ਸਨ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਦੇਵੇਗਾ। (ਲੂਕਾ 10:25; 18:18) ਯਿਸੂ ਨੇ ਵਾਰ-ਵਾਰ ਇਸ ਵਾਅਦੇ ਬਾਰੇ ਦੱਸਿਆ ਸੀ। ਨਾਲੇ ਜਦੋਂ ਯਿਸੂ ਦੀ ਮੌਤ ਹੋ ਗਈ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਸੀ।​—ਮੱਤੀ 19:29; 22:31, 32; ਲੂਕਾ 18:30; ਯੂਹੰ. 11:25. w22.12 4-5 ਪੈਰੇ 8-9

ਸੋਮਵਾਰ 22 ਜੁਲਾਈ

ਹੇ ਯਹੋਵਾਹ, ਮੈਨੂੰ ਤੇਰੇ ʼਤੇ ਭਰੋਸਾ ਹੈ।​—ਜ਼ਬੂ. 31:14.

ਯਹੋਵਾਹ ਖ਼ੁਦ ਸਾਨੂੰ ਆਪਣੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। (ਯਾਕੂ. 4:8) ਉਹ ਸਾਡਾ ਪਰਮੇਸ਼ੁਰ, ਪਿਤਾ ਅਤੇ ਸਾਡਾ ਦੋਸਤ ਬਣਨਾ ਚਾਹੁੰਦਾ ਹੈ। ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਅਤੇ ਔਖੀਆਂ ਘੜੀਆਂ ਵਿਚ ਸਾਡੀ ਮਦਦ ਕਰਦਾ ਹੈ। ਨਾਲੇ ਉਹ ਆਪਣੇ ਸੰਗਠਨ ਰਾਹੀਂ ਸਾਨੂੰ ਸਿਖਾਉਂਦਾ ਹੈ ਤੇ ਸਾਡੀ ਰਾਖੀ ਕਰਦਾ ਹੈ। ਯਹੋਵਾਹ ਦੇ ਨੇੜੇ ਜਾਣ ਲਈ ਅਸੀਂ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ, ਉਸ ਦਾ ਬਚਨ ਪੜ੍ਹ ਸਕਦੇ ਹਾਂ ਅਤੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਡੇ ਦਿਲ ਉਸ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਹਨ। ਨਾਲੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਸ ਦੇ ਆਗਿਆਕਾਰ ਰਹੀਏ ਅਤੇ ਉਸ ਦੀ ਮਹਿਮਾ-ਵਡਿਆਈ ਕਰੀਏ ਜਿਸ ਦਾ ਉਹ ਹੱਕਦਾਰ ਹੈ। (ਪ੍ਰਕਾ. 4:11) ਅਸੀਂ ਯਹੋਵਾਹ ਨੂੰ ਜਿੰਨਾ ਜਾਣਾਂਗੇ, ਸਾਡਾ ਉਸ ʼਤੇ ਭਰੋਸਾ ਉੱਨਾ ਵਧੇਗਾ। ਨਾਲੇ ਅਸੀਂ ਉਸ ਦੇ ਸੰਗਠਨ ʼਤੇ ਵੀ ਭਰੋਸਾ ਕਰਾਂਗੇ ਜਿਸ ਰਾਹੀਂ ਉਹ ਸਾਡੀ ਮਦਦ ਕਰਦਾ ਹੈ। ਪਰ ਸ਼ੈਤਾਨ ਅਜਿਹੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਕਰਕੇ ਹੌਲੀ-ਹੌਲੀ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਸਾਡਾ ਭਰੋਸਾ ਉੱਠ ਸਕਦਾ ਹੈ। ਪਰ ਅਸੀਂ ਉਸ ਦੀਆਂ ਚਾਲਾਂ ਤੋਂ ਕਿਵੇਂ ਬਚ ਸਕਦੇ ਹਾਂ? ਜੇ ਸਾਡੀ ਨਿਹਚਾ ਪੱਕੀ ਹੈ ਅਤੇ ਯਹੋਵਾਹ ʼਤੇ ਸਾਡਾ ਅਟੁੱਟ ਭਰੋਸਾ ਹੈ, ਤਾਂ ਅਸੀਂ ਕਦੇ ਵੀ ਪਰਮੇਸ਼ੁਰ ਅਤੇ ਉਸ ਦੇ ਸੰਗਠਨ ਨੂੰ ਛੱਡ ਕੇ ਨਹੀਂ ਜਾਵਾਂਗੇ।​—ਜ਼ਬੂ. 31:13, 14. w22.11 14 ਪੈਰੇ 1-3

ਮੰਗਲਵਾਰ 23 ਜੁਲਾਈ

ਉਹ ਆਪਣੇ ਪਰਮੇਸ਼ੁਰ ਤੋਂ ਸਿਵਾਇ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਜਾਂ ਉਸ ਨੂੰ ਮੱਥਾ ਟੇਕਣ ਦੀ ਬਜਾਇ ਮਰਨ ਲਈ ਤਿਆਰ ਸਨ।​—ਦਾਨੀ. 3:28.

ਬਹੁਤ ਸਾਰੇ ਸੱਚੇ ਮਸੀਹੀ ਮੰਨਦੇ ਆਏ ਹਨ ਕਿ ਸਾਰੇ ਜਹਾਨ ਦੇ ਮਾਲਕ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਹ ਉਸ ਨੂੰ ਪਿਆਰ ਕਰਦੇ ਹਨ। ਇਸ ਕਰਕੇ ਉਨ੍ਹਾਂ ਨੇ ਆਪਣੀ ਆਜ਼ਾਦੀ, ਇੱਥੋਂ ਤਕ ਕਿ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾਈਆਂ ਹਨ। ਇਨ੍ਹਾਂ ਵਫ਼ਾਦਾਰ ਮਸੀਹੀਆਂ ਨੇ ਯਹੋਵਾਹ ਲਈ ਆਪਣੀ ਖਰਿਆਈ ਯਾਨੀ ਵਫ਼ਾਦਾਰੀ ਬਣਾਈ ਰੱਖਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ। ਇਹ ਵਫ਼ਾਦਾਰ ਮਸੀਹੀ ਉਨ੍ਹਾਂ ਤਿੰਨ ਇਬਰਾਨੀ ਮੁੰਡਿਆਂ ਵਾਂਗ ਹਨ ਜਿਨ੍ਹਾਂ ਦੀ ਵਫ਼ਾਦਾਰੀ ਕਰਕੇ ਅੱਤ ਮਹਾਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਲ਼ਦੀ ਹੋਈ ਭੱਠੀ ਵਿੱਚੋਂ ਬਚਾਇਆ ਸੀ। ਜ਼ਬੂਰਾਂ ਦਾ ਲਿਖਾਰੀ ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਪ੍ਰਤੀ ਖਰਿਆਈ ਬਣਾਈ ਰੱਖਣੀ ਕਿੰਨੀ ਜ਼ਿਆਦਾ ਜ਼ਰੂਰੀ ਹੈ, ਇਸ ਲਈ ਉਸ ਨੇ ਕਿਹਾ: “ਯਹੋਵਾਹ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਸੁਣਾਵੇਗਾ। ਹੇ ਯਹੋਵਾਹ, ਮੇਰੀ ਨੇਕੀ ਅਤੇ ਵਫ਼ਾਦਾਰੀ ਦੇ ਅਨੁਸਾਰ ਮੇਰਾ ਨਿਆਂ ਕਰ।” (ਜ਼ਬੂ. 7:8) ਦਾਊਦ ਨੇ ਫਿਰ ਤੋਂ ਲਿਖਿਆ: “ਮੇਰੀ ਵਫ਼ਾਦਾਰੀ ਅਤੇ ਨੇਕ ਚਾਲ-ਚਲਣ ਮੇਰੀ ਰੱਖਿਆ ਕਰਨ।” (ਜ਼ਬੂ. 25:21) ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਯਹੋਵਾਹ ਪ੍ਰਤੀ ਆਪਣੀ ਖਰਿਆਈ ਅਤੇ ਵਫ਼ਾਦਾਰੀ ਬਣਾਈ ਰੱਖੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਗੱਲ ਕਹਿ ਸਕਾਂਗੇ: “ਖ਼ੁਸ਼ ਹਨ ਉਹ ਲੋਕ ਜਿਹੜੇ ਖਰਿਆਈ ਬਣਾਈ ਰੱਖਦੇ ਹਨ ਅਤੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ।”​—ਜ਼ਬੂ. 119:1, ਫੁਟਨੋਟ। w22.10 17 ਪੈਰੇ 18-19

ਬੁੱਧਵਾਰ 24 ਜੁਲਾਈ

‘ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਦੇ ਗੁਣ ਦੇਖੇ ਜਾ ਸਕਦੇ ਹਨ।’​—ਰੋਮੀ. 1:20.

ਅੱਯੂਬ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੋਣੀ, ਪਰ ਉਹ ਯਹੋਵਾਹ ਪਰਮੇਸ਼ੁਰ ਨਾਲ ਹੋਈ ਗੱਲਬਾਤ ਕਦੇ ਨਹੀਂ ਭੁੱਲਿਆ ਹੋਣਾ। ਇਸ ਗੱਲਬਾਤ ਕਰਕੇ ਅੱਯੂਬ ਜਾਣ ਸਕਿਆ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ ਅਤੇ ਉਸ ਦਾ ਭਰੋਸਾ ਵਧਿਆ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਹਰ ਉਹ ਚੀਜ਼ ਦਿੰਦਾ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਯਹੋਵਾਹ ਨੇ ਅੱਯੂਬ ਨੂੰ ਕਿਹਾ ਸੀ ਕਿ ਉਹ ਉਸ ਦੀਆਂ ਬਣਾਈਆਂ ਕੁਝ ਸ਼ਾਨਦਾਰ ਚੀਜ਼ਾਂ ਵੱਲ ਧਿਆਨ ਦੇਵੇ। ਉਦਾਹਰਣ ਲਈ, ਪਰਮੇਸ਼ੁਰ ਨੇ ਅੱਯੂਬ ਨੂੰ ਯਾਦ ਕਰਾਇਆ ਕਿ ਜਿਵੇਂ ਉਹ ਜਾਨਵਰਾਂ ਦੀ ਦੇਖ-ਭਾਲ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਉਹ ਅੱਯੂਬ ਦੀ ਵੀ ਦੇਖ-ਭਾਲ ਕਰ ਸਕਦਾ ਹੈ। (ਅੱਯੂ. 38:39-41; 39:1, 5, 13-16) ਸ੍ਰਿਸ਼ਟੀ ਦੀਆਂ ਇਨ੍ਹਾਂ ਚੀਜ਼ਾਂ ʼਤੇ ਗੌਰ ਕਰ ਕੇ ਅੱਯੂਬ ਆਪਣੇ ਪਰਮੇਸ਼ੁਰ ਦੇ ਗੁਣਾਂ ਬਾਰੇ ਬਹੁਤ ਕੁਝ ਜਾਣ ਸਕਿਆ। ਅਸੀਂ ਵੀ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇ ਕੇ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਕਈ ਵਾਰ ਸ਼ਾਇਦ ਸਾਨੂੰ ਇੱਦਾਂ ਕਰਨਾ ਮੁਸ਼ਕਲ ਲੱਗੇ। ਹੋ ਸਕਦਾ ਹੈ ਕਿ ਅਸੀਂ ਸ਼ਹਿਰ ਵਿਚ ਰਹਿੰਦੇ ਹੋਈਏ ਜਿੱਥੇ ਆਲੇ-ਦੁਆਲੇ ਕੁਦਰਤੀ ਨਜ਼ਾਰੇ ਘੱਟ ਹੀ ਦੇਖਣ ਨੂੰ ਮਿਲਦੇ ਹਨ। ਜਾਂ ਸ਼ਾਇਦ ਅਸੀਂ ਕਿਸੇ ਅਜਿਹੀ ਜਗ੍ਹਾ ਰਹਿੰਦੇ ਹਾਂ ਜਿੱਥੇ ਕੁਦਰਤੀ ਨਜ਼ਾਰੇ ਆਮ ਹੀ ਦੇਖਣ ਨੂੰ ਮਿਲਦੇ ਹਨ, ਪਰ ਸਾਨੂੰ ਲੱਗੇ ਕਿ ਸਾਡੇ ਕੋਲ ਇਨ੍ਹਾਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਹੈ। ਪਰ ਇਹ ਜ਼ਰੂਰੀ ਹੈ ਕਿ ਅਸੀਂ ਸਮਾਂ ਕੱਢ ਕੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇਈਏ। w23.03 15 ਪੈਰੇ 1-2

ਵੀਰਵਾਰ 25 ਜੁਲਾਈ

ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ।​—ਕਹਾ. 22:3.

ਯਿਸੂ ਨੇ ਕਿਹਾ ਸੀ ਕਿ ਅੰਤ ਆਉਣ ਤੋਂ ਪਹਿਲਾਂ “ਵੱਡੇ-ਵੱਡੇ ਭੁਚਾਲ਼” ਅਤੇ ਹੋਰ ਕਈ ਆਫ਼ਤਾਂ ਆਉਣਗੀਆਂ। (ਲੂਕਾ 21:11) ਉਸ ਨੇ ਇਹ ਵੀ ਕਿਹਾ ਸੀ ਕਿ ‘ਬੁਰਾਈ ਵਧ’ ਜਾਵੇਗੀ। ਅੱਜ ਅਸੀਂ ਇਸ ਦਾ ਸਬੂਤ ਆਪਣੀ ਅੱਖੀਂ ਦੇਖਦੇ ਹਾਂ, ਜਿਵੇਂ ਅਪਰਾਧ, ਹਿੰਸਾ ਅਤੇ ਅੱਤਵਾਦੀ ਹਮਲੇ। (ਮੱਤੀ 24:12) ਯਿਸੂ ਨੇ ਕਦੇ ਨਹੀਂ ਕਿਹਾ ਸੀ ਕਿ ਇਹ ਆਫ਼ਤਾਂ ਸਿਰਫ਼ ਉਨ੍ਹਾਂ ਲੋਕਾਂ ʼਤੇ ਆਉਣਗੀਆਂ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਹੈ। ਅਸਲ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਵੀ ਆਫ਼ਤਾਂ ਦੇ ਸ਼ਿਕਾਰ ਹੋਏ ਹਨ। (ਯਸਾ. 57:1; 2 ਕੁਰਿੰ. 11:25) ਯਹੋਵਾਹ ਸ਼ਾਇਦ ਚਮਤਕਾਰ ਕਰ ਕੇ ਸਾਨੂੰ ਹਰ ਆਫ਼ਤ ਤੋਂ ਨਾ ਬਚਾਵੇ, ਪਰ ਉਹ ਲੋੜ ਮੁਤਾਬਕ ਸਾਡੀ ਮਦਦ ਜ਼ਰੂਰ ਕਰੇਗਾ ਤਾਂਕਿ ਅਸੀਂ ਸ਼ਾਂਤ ਰਹਿ ਸਕੀਏ। ਜੇ ਅਸੀਂ ਅੱਜ ਤੋਂ ਹੀ ਆਫ਼ਤਾਂ ਲਈ ਤਿਆਰੀ ਕਰਦੇ ਹਾਂ, ਤਾਂ ਸਾਡੇ ਲਈ ਇੱਦਾਂ ਕਰਨਾ ਸੌਖਾ ਹੋਵੇਗਾ। ਕੀ ਤਿਆਰੀ ਕਰਨ ਦਾ ਇਹ ਮਤਲਬ ਹੈ ਕਿ ਸਾਨੂੰ ਯਹੋਵਾਹ ʼਤੇ ਨਿਹਚਾ ਨਹੀਂ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ। ਦਰਅਸਲ ਆਫ਼ਤਾਂ ਦੀ ਤਿਆਰੀ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਪਰਮੇਸ਼ੁਰ ʼਤੇ ਭਰੋਸਾ ਹੈ ਕਿ ਉਹ ਸਾਡੀ ਦੇਖ-ਭਾਲ ਕਰੇਗਾ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ? ਪਰਮੇਸ਼ੁਰ ਦਾ ਬਚਨ ਸਾਨੂੰ ਸਲਾਹ ਦਿੰਦਾ ਹੈ ਕਿ ਅਸੀਂ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰੀ ਕਰੀਏ। w22.12 18 ਪੈਰੇ 9-10

ਸ਼ੁੱਕਰਵਾਰ 26 ਜੁਲਾਈ

ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ-ਅੱਗੇ ਘੱਲਿਆ ਤਾਂਕਿ ਅਸੀਂ ਸਾਰੇ ਜੀਉਂਦੇ ਰਹੀਏ।​—ਉਤ. 45:5.

ਜਦੋਂ ਯੂਸੁਫ਼ ਜੇਲ੍ਹ ਵਿਚ ਸੀ, ਤਾਂ ਯਹੋਵਾਹ ਨੇ ਫ਼ਿਰਊਨ ਨੂੰ ਦੋ ਸੁਪਨੇ ਦਿਖਾਏ। ਇਨ੍ਹਾਂ ਸੁਪਨਿਆਂ ਕਰਕੇ ਫ਼ਿਰਊਨ ਬਹੁਤ ਪਰੇਸ਼ਾਨ ਹੋ ਗਿਆ। ਜਦੋਂ ਫ਼ਿਰਊਨ ਨੂੰ ਪਤਾ ਲੱਗਾ ਕਿ ਯੂਸੁਫ਼ ਸੁਪਨਿਆਂ ਦਾ ਮਤਲਬ ਦੱਸ ਸਕਦਾ ਸੀ, ਤਾਂ ਉਸ ਨੇ ਯੂਸੁਫ਼ ਨੂੰ ਬੁਲਵਾਇਆ। ਯਹੋਵਾਹ ਦੀ ਮਦਦ ਨਾਲ ਯੂਸੁਫ਼ ਨੇ ਉਨ੍ਹਾਂ ਸੁਪਨਿਆਂ ਦਾ ਮਤਲਬ ਦੱਸਿਆ ਅਤੇ ਫ਼ਿਰਊਨ ਨੂੰ ਵਧੀਆ ਸਲਾਹ ਦਿੱਤੀ। ਇਸ ਤੋਂ ਫ਼ਿਰਊਨ ਖ਼ੁਸ਼ ਹੋ ਗਿਆ ਅਤੇ ਸਮਝ ਗਿਆ ਹੋਣਾ ਕਿ ਇਸ ਨੌਜਵਾਨ ਮੁੰਡੇ ʼਤੇ ਯਹੋਵਾਹ ਦੀ ਮਿਹਰ ਸੀ। ਇਸ ਲਈ ਉਸ ਨੇ ਯੂਸੁਫ਼ ਨੂੰ ਪੂਰੇ ਮਿਸਰ ਦੇ ਅਨਾਜ ਦੇ ਭੰਡਾਰਾਂ ਦਾ ਮੁਖਤਿਆਰ ਬਣਾ ਦਿੱਤਾ। (ਉਤ. 41:38, 41-44) ਬਾਅਦ ਵਿਚ ਮਿਸਰ ਅਤੇ ਕਨਾਨ ਵਿਚ ਭਾਰੀ ਕਾਲ਼ ਪਿਆ। ਉਸ ਵੇਲੇ ਯੂਸੁਫ਼ ਦਾ ਪਰਿਵਾਰ ਕਨਾਨ ਵਿਚ ਰਹਿੰਦਾ ਸੀ ਅਤੇ ਉਹ ਇਕ ਵੱਡਾ ਅਧਿਕਾਰੀ ਬਣ ਚੁੱਕਾ ਸੀ। ਉੱਚਾ ਰੁਤਬਾ ਹੋਣ ਕਰਕੇ ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦਾ ਸੀ। ਇਸ ਤਰ੍ਹਾਂ ਉਸ ਘਰਾਣੇ ਦੀ ਹਿਫਾਜ਼ਤ ਹੋ ਸਕੀ ਜਿਸ ਵਿੱਚੋਂ ਅੱਗੇ ਜਾ ਕੇ ਮਸੀਹ ਪੈਦਾ ਹੋਣਾ ਸੀ। ਬਿਨਾਂ ਸ਼ੱਕ, ਇਸ ਸਭ ਪਿੱਛੇ ਯਹੋਵਾਹ ਦਾ ਹੀ ਹੱਥ ਸੀ। ਯਹੋਵਾਹ ਨੇ ਹੀ ਯੂਸੁਫ਼ ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ੀ ਸੀ। ਯੂਸੁਫ਼ ਦੇ ਭਰਾ ਤਾਂ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਪਰ ਯਹੋਵਾਹ ਨੇ ਯੂਸੁਫ਼ ਦੇ ਭਰਾਵਾਂ ਦੀ ਘਟੀਆ ਸਕੀਮ ʼਤੇ ਪਾਣੀ ਫੇਰ ਕੇ ਹਾਲਾਤ ਪੂਰੀ ਤਰ੍ਹਾਂ ਬਦਲ ਦਿੱਤੇ ਅਤੇ ਯੂਸੁਫ਼ ਰਾਹੀਂ ਆਪਣਾ ਮਕਸਦ ਪੂਰਾ ਕਰਾਇਆ। w23.01 17 ਪੈਰੇ 11-12

ਸ਼ਨੀਵਾਰ 27 ਜੁਲਾਈ

ਤੁਸੀਂ ਧਿਆਨ ਰੱਖੋ।​—ਲੂਕਾ 21:34.

ਜਿਹੜਾ ਵਿਅਕਤੀ ਆਪਣੇ ਆਪ ਵੱਲ ਧਿਆਨ ਦਿੰਦਾ ਹੈ, ਉਹ ਅਜਿਹੀ ਹਰ ਗੱਲ ਤੋਂ ਖ਼ਬਰਦਾਰ ਰਹਿੰਦਾ ਹੈ ਅਤੇ ਉਸ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖਦਾ ਹੈ। (ਕਹਾ. 22:3; ਯਹੂ. 20, 21) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਆਪ ਵੱਲ ਧਿਆਨ ਦਿੰਦੇ ਰਹਿਣ। ਮਿਸਾਲ ਲਈ, ਉਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਕਿਹਾ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ।” (ਅਫ਼. 5:15, 16) ਸ਼ੈਤਾਨ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਦੇਵੇ। ਇਸ ਲਈ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ‘ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ ਕਿ ਯਹੋਵਾਹ ਦੀ ਕੀ ਇੱਛਾ ਹੈ’ ਤਾਂਕਿ ਅਸੀਂ ਆਪਣੇ ਆਪ ਨੂੰ ਸ਼ੈਤਾਨ ਦੇ ਸਾਰੇ ਹਮਲਿਆਂ ਤੋਂ ਬਚਾ ਸਕੀਏ। (ਅਫ਼. 5:17) ਇਸ ਲਈ ਸਹੀ ਫ਼ੈਸਲੇ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਤਾ ਕਰੀਏ ਕਿ “ਯਹੋਵਾਹ ਦੀ ਕੀ ਇੱਛਾ ਹੈ।” ਅਸੀਂ ਇਹ ਕਿੱਦਾਂ ਪਤਾ ਕਰ ਸਕਦੇ ਹਾਂ? ਸਾਨੂੰ ਬਾਕਾਇਦਾ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਦੀ ਇੱਛਾ ਨੂੰ ਸਮਝਾਂਗੇ, ਉੱਨਾ ਜ਼ਿਆਦਾ ਸਾਡੇ ਵਿਚ “ਮਸੀਹ ਦਾ ਮਨ” ਪੈਦਾ ਹੋਵੇਗਾ ਅਤੇ ਅਸੀਂ “ਬੁੱਧੀਮਾਨ ਇਨਸਾਨਾਂ ਵਾਂਗ” ਚੱਲ ਸਕਾਂਗੇ। ਇਸ ਤਰ੍ਹਾਂ ਅਸੀਂ ਉਨ੍ਹਾਂ ਮਾਮਲਿਆਂ ਬਾਰੇ ਵੀ ਸਹੀ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਬਾਰੇ ਬਾਈਬਲ ਵਿਚ ਸਿੱਧਾ-ਸਿੱਧਾ ਕੋਈ ਕਾਨੂੰਨ ਨਹੀਂ ਦਿੱਤਾ ਗਿਆ।​—1 ਕੁਰਿੰ. 2:14-16. w23.02 16-17 ਪੈਰੇ 7-9

ਐਤਵਾਰ 28 ਜੁਲਾਈ

ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।​—ਰੋਮੀ. 12:2.

ਤੁਸੀਂ ਕਿੰਨੀ ਵਾਰ ਆਪਣੇ ਘਰ ਦੀ ਸਫ਼ਾਈ ਕਰਦੇ ਹੋ? ਸ਼ਾਇਦ ਜਦੋਂ ਤੁਸੀਂ ਪਹਿਲੀ ਵਾਰ ਆਪਣੇ ਘਰ ਆਏ ਸੀ, ਤਾਂ ਤੁਸੀਂ ਰਗੜ-ਰਗੜ ਕੇ ਘਰ ਦੀ ਸਫ਼ਾਈ ਕੀਤੀ ਹੋਣੀ। ਪਰ ਜੇ ਉਸ ਤੋਂ ਬਾਅਦ ਤੁਸੀਂ ਕਦੇ ਵੀ ਆਪਣੇ ਘਰ ਦੀ ਸਫ਼ਾਈ ਨਹੀਂ ਕਰੋਗੇ, ਤਾਂ ਘਰ ਦੀ ਹਾਲਤ ਕਿਹੋ ਜਿਹੀ ਹੋ ਜਾਵੇਗੀ? ਤੁਸੀਂ ਜਾਣਦੇ ਹੋ ਕਿ ਤੁਹਾਡਾ ਘਰ ਛੇਤੀ ਹੀ ਫਿਰ ਤੋਂ ਗੰਦਾ ਹੋ ਜਾਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਹਮੇਸ਼ਾ ਸੋਹਣਾ ਲੱਗੇ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ? ਤੁਹਾਨੂੰ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਆਪਣੇ ਘਰ ਦੀ ਸਫ਼ਾਈ ਕਰਨ ਦੀ ਲੋੜ ਹੈ। ਇਹੀ ਗੱਲ ਸਾਡੀ ਸੋਚ ਅਤੇ ਰਵੱਈਏ ਬਾਰੇ ਵੀ ਸੱਚ ਹੈ। ਬਿਨਾਂ ਸ਼ੱਕ, ਬਪਤਿਸਮਾ ਲੈਣ ਤੋਂ ਪਹਿਲਾਂ ਅਸੀਂ ਜ਼ਰੂਰੀ ਬਦਲਾਅ ਕਰਨ ਲਈ ਸਖ਼ਤ ਮਿਹਨਤ ਕੀਤੀ ਤਾਂਕਿ ਅਸੀਂ “ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।” (2 ਕੁਰਿੰ. 7:1) ਸਾਨੂੰ ਬਪਤਿਸਮੇ ਤੋਂ ਬਾਅਦ ਵੀ ਪੌਲੁਸ ਰਸੂਲ ਦੀ ਸਲਾਹ ਮੰਨ ਕੇ ਆਪਣੇ ਆਪ ਨੂੰ ‘ਨਵਾਂ ਬਣਾਉਂਦੇ ਰਹਿਣਾ’ ਚਾਹੀਦਾ ਹੈ। (ਅਫ਼. 4:23) ਜੇ ਅਸੀਂ ਇੱਦਾਂ ਨਹੀਂ ਕਰਦੇ ਰਹਾਂਗੇ, ਤਾਂ ਦੁਨੀਆਂ ਦੀ ਗੰਦੀ ਸੋਚ ਦਾ ਅਸਰ ਛੇਤੀ ਹੀ ਸਾਡੇ ʼਤੇ ਪੈ ਸਕਦਾ ਹੈ ਅਤੇ ਸਾਡੀ ਸੋਚ ਵੀ ਗੰਦੀ ਹੋ ਸਕਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਨਾ ਹੋਵੇ ਅਤੇ ਅਸੀਂ ਹਮੇਸ਼ਾ ਯਹੋਵਾਹ ਦੀਆਂ ਨਜ਼ਰਾਂ ਵਿਚ ਸੋਹਣੇ ਲੱਗੀਏ, ਤਾਂ ਸਾਨੂੰ ਆਪਣੀ ਸੋਚ, ਸੁਭਾਅ ਅਤੇ ਇੱਛਾਵਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। w23.01 8 ਪੈਰੇ 1-2

ਸੋਮਵਾਰ 29 ਜੁਲਾਈ

ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦਿਆਂ ਦੇਖਿਆ।​—ਮੱਤੀ 3:16.

ਜ਼ਰਾ ਕਲਪਨਾ ਕਰੋ ਕਿ ਜਦੋਂ ਯਿਸੂ ਲੋਕਾਂ ਨੂੰ ਸਿਖਾਉਂਦਾ ਹੋਣਾ, ਤਾਂ ਉਸ ਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਕਿੱਦਾਂ ਲੱਗਦਾ ਹੋਣਾ। ਉਹ ਅਕਸਰ ਮੂੰਹ-ਜ਼ਬਾਨੀ ਪਵਿੱਤਰ ਲਿਖਤਾਂ ਦੇ ਹਵਾਲੇ ਦਿੰਦਾ ਹੁੰਦਾ ਸੀ। ਜਦੋਂ ਯਿਸੂ ਨੇ ਬਪਤਿਸਮਾ ਲਿਆ ਅਤੇ ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ, ਤਾਂ ਉਸ ਵੇਲੇ ਪਰਮੇਸ਼ੁਰ ਨੇ ਉਸ ਨੂੰ ਉਸ ਦੀ ਸਵਰਗੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਯਾਦ ਕਰਾ ਦਿੱਤੀਆਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਆਪਣੇ ਬਪਤਿਸਮੇ ਤੋਂ ਬਾਅਦ ਜੋ ਸਭ ਤੋਂ ਪਹਿਲਾਂ ਸ਼ਬਦ ਕਹੇ ਅਤੇ ਆਪਣੀ ਮੌਤ ਤੋਂ ਪਹਿਲਾਂ ਜੋ ਆਖ਼ਰੀ ਸ਼ਬਦ ਕਹੇ ਸਨ, ਉਨ੍ਹਾਂ ਵਿਚ ਉਸ ਨੇ ਪਵਿੱਤਰ ਲਿਖਤਾਂ ਤੋਂ ਹਵਾਲੇ ਦਿੱਤੇ ਸਨ। (ਬਿਵ. 8:3; ਜ਼ਬੂ. 31:5; ਲੂਕਾ 4:4; 23:46) ਬਪਤਿਸਮਾ ਲੈਣ ਤੋਂ ਬਾਅਦ ਯਿਸੂ ਨੇ ਆਪਣੀ ਸਾਢੇ ਤਿੰਨ ਸਾਲਾਂ ਦੀ ਸੇਵਕਾਈ ਦੌਰਾਨ ਅਕਸਰ ਦੂਸਰਿਆਂ ਸਾਮ੍ਹਣੇ ਪਵਿੱਤਰ ਲਿਖਤਾਂ ਪੜ੍ਹੀਆਂ, ਉਨ੍ਹਾਂ ਵਿੱਚੋਂ ਹਵਾਲੇ ਦਿੱਤੇ ਅਤੇ ਉਨ੍ਹਾਂ ਦਾ ਮਤਲਬ ਸਮਝਾਇਆ। (ਮੱਤੀ 5:17, 18, 21, 22, 27, 28; ਲੂਕਾ 4:16-20) ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਕਾਫ਼ੀ ਸਾਲ ਪਹਿਲਾਂ ਯਿਸੂ ਅਕਸਰ ਪਰਮੇਸ਼ੁਰ ਦਾ ਬਚਨ ਪੜ੍ਹਦਾ ਅਤੇ ਸੁਣਦਾ ਹੁੰਦਾ ਸੀ। ਜਦੋਂ ਉਹ ਛੋਟਾ ਸੀ, ਤਾਂ ਉਸ ਦੇ ਮਾਤਾ-ਪਿਤਾ ਮਰੀਅਮ ਤੇ ਯੂਸੁਫ਼ ਅਕਸਰ ਪਵਿੱਤਰ ਲਿਖਤਾਂ ਬਾਰੇ ਗੱਲ ਕਰਦੇ ਹੋਣੇ ਅਤੇ ਯਿਸੂ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਦਾ ਹੋਣਾ। (ਬਿਵ. 6:6, 7) ਨਾਲੇ ਯਿਸੂ ਹਰ ਸਬਤ ʼਤੇ ਆਪਣੇ ਪਰਿਵਾਰ ਨਾਲ ਸਭਾ ਘਰ ਵੀ ਜਾਂਦਾ ਹੋਣਾ। (ਲੂਕਾ 4:16) ਉੱਥੇ ਜਦੋਂ ਪਵਿੱਤਰ ਲਿਖਤਾਂ ਵਿੱਚੋਂ ਗੱਲਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹੋਣੀਆਂ, ਤਾਂ ਉਹ ਬੜੇ ਧਿਆਨ ਨਾਲ ਸੁਣਦਾ ਹੋਣਾ। w23.02 8 ਪੈਰੇ 1-2

ਮੰਗਲਵਾਰ 30 ਜੁਲਾਈ

‘ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ।’​—ਮਰ. 12:30.

ਯਹੋਵਾਹ ਨੂੰ ਪਿਆਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਜਿਵੇਂ ਕਿ ਹੁਣ ਤਕ ਤੁਸੀਂ ਇਹ ਜਾਣ ਗਏ ਹੋਣੇ ਕਿ ਉਹ “ਜ਼ਿੰਦਗੀ ਦਾ ਸੋਮਾ” ਹੈ ਅਤੇ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਉਸ ਤੋਂ ਮਿਲਦੀ ਹੈ। (ਜ਼ਬੂ. 36:9; ਯਾਕੂ. 1:17) ਹਰ ਉਹ ਚੀਜ਼ ਜਿਸ ਦਾ ਅੱਜ ਤੁਸੀਂ ਮਜ਼ਾ ਲੈਂਦੇ ਹੋ, ਉਹ ਸਾਡੇ ਪਿਆਰੇ ਤੇ ਖੁੱਲ੍ਹ-ਦਿਲੇ ਪਰਮੇਸ਼ੁਰ ਤੋਂ ਹੀ ਮਿਲਦੀ ਹੈ। ਰਿਹਾਈ ਦੀ ਕੀਮਤ ਵੀ ਯਹੋਵਾਹ ਵੱਲੋਂ ਮਿਲਿਆ ਇਕ ਬੇਮਿਸਾਲ ਤੋਹਫ਼ਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਸੋਚੋ ਕਿ ਯਹੋਵਾਹ ਅਤੇ ਉਸ ਦੇ ਪੁੱਤਰ ਵਿਚ ਕਿੰਨੀ ਗੂੜ੍ਹੀ ਦੋਸਤੀ ਸੀ। ਯਿਸੂ ਨੇ ਕਿਹਾ: “ਪਿਤਾ ਮੈਨੂੰ ਪਿਆਰ ਕਰਦਾ ਹੈ” ਅਤੇ “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰ. 10:17; 14:31) ਉਹ ਦੋਵੇਂ ਅਰਬਾਂ-ਖਰਬਾਂ ਸਾਲਾਂ ਦੌਰਾਨ ਇਕ-ਦੂਜੇ ਦੇ ਨਾਲ ਰਹੇ ਅਤੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦਾ ਆਪਸੀ ਰਿਸ਼ਤਾ ਕਿੰਨਾ ਮਜ਼ਬੂਤ ਹੋਇਆ ਹੋਣਾ। (ਕਹਾ. 8:22, 23, 30) ਹੁਣ ਜ਼ਰਾ ਸੋਚੋ, ਜਦੋਂ ਪਰਮੇਸ਼ੁਰ ਨੇ ਦੇਖਿਆ ਹੋਣਾ ਕਿ ਉਸ ਦੇ ਪੁੱਤਰ ਨੂੰ ਕਿਵੇਂ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ, ਤਾਂ ਉਸ ʼਤੇ ਕੀ ਬੀਤੀ ਹੋਣੀ ਅਤੇ ਉਸ ਨੂੰ ਕਿੰਨਾ ਦੁੱਖ ਲੱਗਾ ਹੋਣਾ। ਯਹੋਵਾਹ ਸਾਰੇ ਇਨਸਾਨਾਂ ਅਤੇ ਤੁਹਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਵੀ ਕੁਰਬਾਨ ਕਰ ਦਿੱਤਾ ਤਾਂਕਿ ਤੁਸੀਂ ਅਤੇ ਬਾਕੀ ਸਾਰੇ ਇਨਸਾਨ ਹਮੇਸ਼ਾ ਤਕ ਜੀਉਂਦੇ ਰਹਿ ਸਕਣ। (ਯੂਹੰ. 3:16; ਗਲਾ. 2:20) ਕੀ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਇਸ ਤੋਂ ਵੱਡਾ ਕੋਈ ਹੋਰ ਕਾਰਨ ਹੋ ਸਕਦਾ ਹੈ? w23.03 4-5 ਪੈਰੇ 11-13

ਬੁੱਧਵਾਰ 31 ਜੁਲਾਈ

ਉਹ ਸਭ ਕੁਝ ਘੁੱਟ ਕੇ ਫੜੀ ਰੱਖੋ ਜੋ ਤੁਹਾਡੇ ਕੋਲ ਹੈ।​—ਪ੍ਰਕਾ. 2:25.

ਸਾਨੂੰ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਠੁਕਰਾਉਣਾ ਚਾਹੀਦਾ ਹੈ। ਪਰਗਮੁਮ ਦੇ ਕੁਝ ਮਸੀਹੀ ਅਲੱਗ-ਅਲੱਗ ਪੰਥਾਂ ਦੀਆਂ ਸਿੱਖਿਆਵਾਂ ʼਤੇ ਚੱਲ ਰਹੇ ਸਨ ਅਤੇ ਮੰਡਲੀ ਵਿਚ ਫੁੱਟ ਪਾ ਰਹੇ ਸਨ ਜਿਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ। (ਪ੍ਰਕਾ. 2:14-16) ਉਸ ਨੇ ਥੂਆਤੀਰਾ ਦੇ ਉਨ੍ਹਾਂ ਮਸੀਹੀਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਆਪਣੇ ਆਪ ਨੂੰ “ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ” ਤੋਂ ਬਚਾਇਆ ਸੀ। ਯਿਸੂ ਨੇ ਉਨ੍ਹਾਂ ਨੂੰ ਸੱਚਾਈ ਦੀਆਂ ਗੱਲਾਂ “ਘੁੱਟ ਕੇ ਫੜੀ” ਰੱਖਣ ਲਈ ਕਿਹਾ। (ਪ੍ਰਕਾ. 2:24-26) ਉਨ੍ਹਾਂ ਮਸੀਹੀਆਂ ਨੂੰ ਤੋਬਾ ਕਰਨ ਦੀ ਲੋੜ ਸੀ ਜੋ ਆਪਣੀ ਕਮਜ਼ੋਰ ਨਿਹਚਾ ਕਰਕੇ ਝੂਠੀਆਂ ਸਿੱਖਿਆਵਾਂ ਮਗਰ ਲੱਗ ਗਏ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਸਾਨੂੰ ਉਨ੍ਹਾਂ ਸਾਰੀਆਂ ਸਿੱਖਿਆਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਯਹੋਵਾਹ ਦੀ ਸੋਚ ਤੋਂ ਉਲਟ ਹਨ। ਧਰਮ-ਤਿਆਗੀ ‘ਭਗਤੀ ਦਾ ਦਿਖਾਵਾ ਤਾਂ ਕਰਦੇ ਹਨ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਂਦੇ।’ (2 ਤਿਮੋ. 3:5) ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰ ਕੇ ਅਸੀਂ ਸੌਖਿਆਂ ਹੀ ਝੂਠੀਆਂ ਸਿੱਖਿਆਵਾਂ ਨੂੰ ਪਛਾਣ ਸਕਾਂਗੇ ਅਤੇ ਇਨ੍ਹਾਂ ਨੂੰ ਠੁਕਰਾ ਦੇਵਾਂਗੇ। (2 ਤਿਮੋ. 3:14-17; ਯਹੂ. 3, 4) ਸਾਨੂੰ ਯਹੋਵਾਹ ਦੀ ਮਰਜ਼ੀ ਮੁਤਾਬਕ ਹੀ ਭਗਤੀ ਕਰਨੀ ਚਾਹੀਦੀ ਹੈ। ਜੇ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਹਾਂ ਜਿਸ ਤੋਂ ਯਹੋਵਾਹ ਨੂੰ ਸਖ਼ਤ ਨਫ਼ਰਤ ਹੈ, ਤਾਂ ਸਾਨੂੰ ਉਸੇ ਵੇਲੇ ਉਹ ਕੰਮ ਛੱਡ ਦੇਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ, ਤਾਂ ਯਹੋਵਾਹ ਸਾਡੀ ਭਗਤੀ ਨੂੰ ਨਾਮਨਜ਼ੂਰ ਕਰ ਦੇਵੇਗਾ।​—ਪ੍ਰਕਾ. 2:5, 16; 3:3, 16. w22.05 4 ਪੈਰਾ 9; 5 ਪੈਰਾ 11

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ