ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es24 ਸਫ਼ੇ 97-110
  • ਅਗਸਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਗਸਤ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
  • ਸਿਰਲੇਖ
  • ਵੀਰਵਾਰ 1 ਅਗਸਤ
  • ਸ਼ੁੱਕਰਵਾਰ 2 ਅਗਸਤ
  • ਸ਼ਨੀਵਾਰ 3 ਅਗਸਤ
  • ਐਤਵਾਰ 4 ਅਗਸਤ
  • ਸੋਮਵਾਰ 5 ਅਗਸਤ
  • ਮੰਗਲਵਾਰ 6 ਅਗਸਤ
  • ਬੁੱਧਵਾਰ 7 ਅਗਸਤ
  • ਵੀਰਵਾਰ 8 ਅਗਸਤ
  • ਸ਼ੁੱਕਰਵਾਰ 9 ਅਗਸਤ
  • ਸ਼ਨੀਵਾਰ 10 ਅਗਸਤ
  • ਐਤਵਾਰ 11 ਅਗਸਤ
  • ਸੋਮਵਾਰ 12 ਅਗਸਤ
  • ਮੰਗਲਵਾਰ 13 ਅਗਸਤ
  • ਬੁੱਧਵਾਰ 14 ਅਗਸਤ
  • ਵੀਰਵਾਰ 15 ਅਗਸਤ
  • ਸ਼ੁੱਕਰਵਾਰ 16 ਅਗਸਤ
  • ਸ਼ਨੀਵਾਰ 17 ਅਗਸਤ
  • ਐਤਵਾਰ 18 ਅਗਸਤ
  • ਸੋਮਵਾਰ 19 ਅਗਸਤ
  • ਮੰਗਲਵਾਰ 20 ਅਗਸਤ
  • ਬੁੱਧਵਾਰ 21 ਅਗਸਤ
  • ਵੀਰਵਾਰ 22 ਅਗਸਤ
  • ਸ਼ੁੱਕਰਵਾਰ 23 ਅਗਸਤ
  • ਸ਼ਨੀਵਾਰ 24 ਅਗਸਤ
  • ਐਤਵਾਰ 25 ਅਗਸਤ
  • ਸੋਮਵਾਰ 26 ਅਗਸਤ
  • ਮੰਗਲਵਾਰ 27 ਅਗਸਤ
  • ਬੁੱਧਵਾਰ 28 ਅਗਸਤ
  • ਵੀਰਵਾਰ 29 ਅਗਸਤ
  • ਸ਼ੁੱਕਰਵਾਰ 30 ਅਗਸਤ
  • ਸ਼ਨੀਵਾਰ 31 ਅਗਸਤ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2024
es24 ਸਫ਼ੇ 97-110

ਅਗਸਤ

ਵੀਰਵਾਰ 1 ਅਗਸਤ

ਯਹੋਵਾਹ ਤੋਂ ਡਰਨ ਵਾਲੇ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।​—ਮਲਾ. 3:16.

ਯਹੋਵਾਹ ਉਨ੍ਹਾਂ ਲੋਕਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਨਾਂ ਇਕ ਕਿਤਾਬ ਵਿਚ ਲਿਖਦਾ ਹੈ ਜਿਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਡਰ ਮੰਨਦੇ ਹਨ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ ਕਰਦੇ ਹਨ। ਯਹੋਵਾਹ ਇਸ ਤਰ੍ਹਾਂ ਕਿਉਂ ਕਰਦਾ ਹੈ? ਕਿਉਂਕਿ ਸਾਡੀ ਬੋਲੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਯਿਸੂ ਨੇ ਵੀ ਕਿਹਾ ਸੀ: “ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।” (ਮੱਤੀ 12:34) ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਨੂੰ ਪਿਆਰ ਕਰਨ ਵਾਲੇ ਲੋਕ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨ। ਜੇ ਅਸੀਂ ਚੰਗੀ ਬੋਲੀ ਬੋਲਾਂਗੇ, ਤਾਂ ਹੀ ਯਹੋਵਾਹ ਸਾਡੀ ਭਗਤੀ ਸਵੀਕਾਰ ਕਰੇਗਾ। (ਯਾਕੂ. 1:26) ਜਿਹੜੇ ਲੋਕ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ, ਉਹ ਗੁੱਸੇ ਤੇ ਰੁੱਖੇ ਤਰੀਕੇ ਨਾਲ ਅਤੇ ਘਮੰਡ ਵਿਚ ਆ ਕੇ ਗੱਲ ਕਰਦੇ ਹਨ। (2 ਤਿਮੋ. 3:1-5) ਅਸੀਂ ਕਦੀ ਵੀ ਉਨ੍ਹਾਂ ਵਰਗੇ ਨਹੀਂ ਬਣਨਾ ਚਾਹੁੰਦੇ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰੀਏ। ਕੀ ਯਹੋਵਾਹ ਸਾਡੀ ਭਗਤੀ ਸਵੀਕਾਰ ਕਰੇਗਾ ਜੇ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਪਿਆਰ ਨਾਲ ਗੱਲ ਕਰਦੇ ਹਾਂ, ਪਰ ਘਰ ਵਿਚ ਰੁੱਖੇ ਤਰੀਕੇ ਨਾਲ ਅਤੇ ਗੁੱਸੇ ਵਿਚ ਆ ਕੇ ਗੱਲ ਕਰਦੇ ਹਾਂ?​—1 ਪਤ. 3:7. w22.04 5 ਪੈਰੇ 4-5

ਸ਼ੁੱਕਰਵਾਰ 2 ਅਗਸਤ

ਉਹ ਉਸ ਵੇਸਵਾ ਨਾਲ ਨਫ਼ਰਤ ਕਰਨਗੇ ਅਤੇ ਉਸ ਨੂੰ ਬਰਬਾਦ ਅਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ।​—ਪ੍ਰਕਾ. 17:16.

ਪਰਮੇਸ਼ੁਰ ਦਸ ਸਿੰਗ ਅਤੇ ਵਹਿਸ਼ੀ ਦਰਿੰਦੇ ਦੇ ਮਨ ਵਿਚ ਪਾਵੇਗਾ ਕਿ ਉਹ ਮਹਾਂ ਬਾਬਲ ਦਾ ਨਾਸ਼ ਕਰ ਦੇਣ। ਜੀ ਹਾਂ, ਯਹੋਵਾਹ ਸਰਕਾਰਾਂ ਨੂੰ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਉੱਤੇ ਹਮਲਾ ਕਰਨ ਲਈ ਉਕਸਾਵੇਗਾ। ਸਰਕਾਰਾਂ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਯਾਨੀ ਸੰਯੁਕਤ ਰਾਸ਼ਟਰ-ਸੰਘ ਦੇ ਜ਼ਰੀਏ ਇਹ ਹਮਲਾ ਕਰਨਗੀਆਂ ਅਤੇ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੀਆਂ। (ਪ੍ਰਕਾ. 18:21-24) ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਡੀ ਭਗਤੀ ‘ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਅਤੇ ਪਾਕ’ ਰਹੇ। (ਯਾਕੂ. 1:27) ਇਸ ਲਈ ਸਾਨੂੰ ਮਹਾਂ ਬਾਬਲ ਨਾਲੋਂ ਪੂਰੀ ਤਰ੍ਹਾਂ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ। ਸਾਨੂੰ ਝੂਠੇ ਧਰਮਾਂ ਨਾਲ ਸੰਬੰਧਿਤ ਕੋਈ ਵੀ ਸਿੱਖਿਆ, ਰੀਤੀ-ਰਿਵਾਜ ਜਾਂ ਦਿਨ-ਤਿਉਹਾਰ ਨਹੀਂ ਮਨਾਉਣੇ ਚਾਹੀਦੇ। ਇਸ ਤੋਂ ਇਲਾਵਾ, ਸਾਨੂੰ ਆਪਣੇ ਨੈਤਿਕ ਮਿਆਰਾਂ ਨੂੰ ਡਿਗਣ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਜਾਦੂ-ਟੂਣਾ ਕਰਨਾ ਚਾਹੀਦਾ ਹੈ। ਸਾਨੂੰ ਦੂਜੇ ਲੋਕਾਂ ਦੀ ਵੀ ਮਹਾਂ ਬਾਬਲ ਵਿੱਚੋਂ ‘ਨਿਕਲਣ’ ਵਿਚ ਮਦਦ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਉਹ ਪਰਮੇਸ਼ੁਰ ਸਾਮ੍ਹਣੇ ਇਸ ਦੇ ਪਾਪਾਂ ਦੇ ਹਿੱਸੇਦਾਰ ਨਾ ਬਣਨ।​—ਪ੍ਰਕਾ. 18:4. w22.05 11 ਪੈਰਾ 17; 14 ਪੈਰਾ 18

ਸ਼ਨੀਵਾਰ 3 ਅਗਸਤ

ਮੈਂ ਯਹੋਵਾਹ ਦੇ ਅਟੱਲ ਪਿਆਰ ਦੇ ਕੰਮਾਂ ਦਾ ਐਲਾਨ ਕਰਾਂਗਾ।​—ਯਸਾ. 63:7.

ਮਾਪਿਓ, ਆਪਣੇ ਬੱਚਿਆਂ ਨਾਲ ਯਹੋਵਾਹ ਬਾਰੇ ਅਤੇ ਤੁਹਾਡੇ ਲਈ ਕੀਤੇ ਉਸ ਦੇ ਕੰਮਾਂ ਬਾਰੇ ਗੱਲ ਕਰੋ। (ਬਿਵ. 6:6, 7) ਇਸ ਤਰ੍ਹਾਂ ਕਰਨਾ ਖ਼ਾਸ ਕਰਕੇ ਉਦੋਂ ਜ਼ਿਆਦਾ ਜ਼ਰੂਰੀ ਹੈ, ਜਦੋਂ ਪਤੀ ਜਾਂ ਪਤਨੀ ਵਿੱਚੋਂ ਇਕ ਜਣਾ ਯਹੋਵਾਹ ਦਾ ਗਵਾਹ ਨਹੀਂ ਹੁੰਦਾ। ਭੈਣ ਕ੍ਰਿਸਟੀਨ ਦੱਸਦੀ ਹੈ: “ਮੇਰੇ ਲਈ ਆਪਣੇ ਬੱਚਿਆਂ ਨਾਲ ਘਰ ਵਿਚ ਯਹੋਵਾਹ ਬਾਰੇ ਗੱਲ ਕਰਨੀ ਬਹੁਤ ਔਖੀ ਸੀ, ਪਰ ਜਦੋਂ ਵੀ ਮੈਨੂੰ ਮੌਕਾ ਮਿਲਦਾ ਸੀ, ਮੈਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਂਦੀ ਸੀ।” ਇਸ ਤੋਂ ਇਲਾਵਾ, ਯਹੋਵਾਹ ਦੇ ਸੰਗਠਨ ਅਤੇ ਭੈਣਾਂ-ਭਰਾਵਾਂ ਬਾਰੇ ਚੰਗੀਆਂ ਗੱਲਾਂ ਕਰੋ। ਬਜ਼ੁਰਗਾਂ ਦੀ ਬੁਰਾਈ ਨਾ ਕਰੋ, ਨਹੀਂ ਤਾਂ ਮੁਸ਼ਕਲਾਂ ਆਉਣ ਤੇ ਬੱਚੇ ਸ਼ਾਇਦ ਬਜ਼ੁਰਗਾਂ ਤੋਂ ਮਦਦ ਨਾ ਲੈਣੀ ਚਾਹੁਣ। ਘਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਪਤੀ ਤੇ ਬੱਚਿਆਂ ਲਈ ਪਿਆਰ ਜ਼ਾਹਰ ਕਰੋ। ਆਪਣੇ ਪਤੀ ਬਾਰੇ ਪਿਆਰ ਅਤੇ ਆਦਰ ਨਾਲ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨਾ ਸਿਖਾਓ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਘਰ ਵਿਚ ਸ਼ਾਂਤੀ ਭਰਿਆ ਮਾਹੌਲ ਹੋਵੇਗਾ ਅਤੇ ਤੁਹਾਡੇ ਬੱਚਿਆਂ ਲਈ ਯਹੋਵਾਹ ਬਾਰੇ ਸਿੱਖਣਾ ਸੌਖਾ ਹੋਵੇਗਾ। ​—ਯਾਕੂ. 3:18. w22.04 18 ਪੈਰੇ 10-11

ਐਤਵਾਰ 4 ਅਗਸਤ

ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ।​—ਪ੍ਰਕਾ. 3:1.

ਅਫ਼ਸੁਸ ਦੀ ਮੰਡਲੀ ਨੂੰ ਦਿੱਤੇ ਯਿਸੂ ਦੇ ਸੰਦੇਸ਼ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਧੀਰਜ ਰੱਖਿਆ ਸੀ ਅਤੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ ਸੀ। ਪਰ ਉਹ ਯਹੋਵਾਹ ਨੂੰ ਪਹਿਲਾ ਵਾਂਗ ਪਿਆਰ ਨਹੀਂ ਕਰਦੇ ਸਨ। ਉਨ੍ਹਾਂ ਲਈ ਜ਼ਰੂਰੀ ਸੀ ਕਿ ਉਹ ਫਿਰ ਤੋਂ ਯਹੋਵਾਹ ਨੂੰ ਪਹਿਲਾ ਵਾਂਗ ਹੀ ਪਿਆਰ ਕਰਨ। ਜੇ ਉਹ ਇਸ ਤਰ੍ਹਾਂ ਨਹੀਂ ਕਰਦੇ, ਤਾਂ ਯਹੋਵਾਹ ਨੇ ਉਨ੍ਹਾਂ ਦੀ ਭਗਤੀ ਸਵੀਕਾਰ ਨਹੀਂ ਕਰਨੀ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਮੁਸ਼ਕਲਾਂ ਵੇਲੇ ਧੀਰਜ ਰੱਖਦੇ ਹਾਂ, ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਧੀਰਜ ਰੱਖਣ ਪਿੱਛੇ ਸਾਡਾ ਇਰਾਦਾ ਕੀ ਹੈ। ਸਾਡਾ ਪਰਮੇਸ਼ੁਰ ਸਿਰਫ਼ ਇਹੀ ਨਹੀਂ ਦੇਖਦਾ ਕਿ ਅਸੀਂ ਕੀ ਕਰਦੇ ਹਾਂ, ਸਗੋਂ ਇਹ ਵੀ ਦੇਖਦਾ ਹੈ ਕਿ ਅਸੀਂ ਕਿਉਂ ਕਰਦੇ ਹਾਂ। ਉਸ ਲਈ ਸਾਡੇ ਇਰਾਦੇ ਬਹੁਤ ਮਾਅਨੇ ਰੱਖਦੇ ਹਨ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਗਹਿਰਾ ਪਿਆਰ ਅਤੇ ਦਿਲੋਂ ਕਦਰ ਹੋਣ ਕਰਕੇ ਉਸ ਦੀ ਭਗਤੀ ਕਰੀਏ। (ਕਹਾ. 16:2; ਮਰ. 12:29, 30) ਸਾਨੂੰ ਹਮੇਸ਼ਾ ਜਾਗਦੇ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਸਾਰਦੀਸ ਦੀ ਮੰਡਲੀ ਵਿਚ ਇਕ ਅਲੱਗ ਸਮੱਸਿਆ ਸੀ। ਚਾਹੇ ਉਹ ਪਹਿਲਾਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਸਨ, ਪਰ ਬਾਅਦ ਵਿਚ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ ਸੀ। ਯਿਸੂ ਨੇ ਉਨ੍ਹਾਂ ਨੂੰ ‘ਜਾਗਣ’ ਲਈ ਕਿਹਾ ਸੀ। (ਪ੍ਰਕਾ. 3:1-3) ਬਿਨਾਂ ਸ਼ੱਕ, ਯਹੋਵਾਹ ਸਾਡੇ ਕੰਮਾਂ ਨੂੰ ਕਦੇ ਨਹੀਂ ਭੁੱਲਦਾ।​—ਇਬ. 6:10. w22.05 3 ਪੈਰੇ 6-7

ਸੋਮਵਾਰ 5 ਅਗਸਤ

ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕਰਨ ਦਾ ਫ਼ਾਇਦਾ ਹੁੰਦਾ ਹੈ।​—ਕਹਾ. 14:23.

ਸੁਲੇਮਾਨ ਨੇ ਕਿਹਾ ਕਿ ਇਕ ਇਨਸਾਨ ਨੂੰ ਸਖ਼ਤ ਮਿਹਨਤ ਕਰਕੇ ਖ਼ੁਸ਼ੀ ਮਿਲਦੀ ਹੈ ਕਿਉਂਕਿ ਇਹ “ਪਰਮੇਸ਼ੁਰ ਦੀ ਦੇਣ ਹੈ।” (ਉਪ. 5:18, 19) ਸੁਲੇਮਾਨ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਜਾਣਦਾ ਸੀ ਕਿ ਇਹ ਗੱਲ ਬਿਲਕੁਲ ਸੱਚ ਹੈ। ਉਹ ਬਹੁਤ ਮਿਹਨਤੀ ਸੀ। ਉਸ ਨੇ ਘਰ ਬਣਾਏ, ਅੰਗੂਰਾਂ ਦੇ ਬਾਗ਼ ਤੇ ਬਾਗ਼-ਬਗ਼ੀਚੇ ਲਾਏ, ਤਲਾਬ ਬਣਾਏ ਅਤੇ ਸ਼ਹਿਰ ਵੀ ਉਸਾਰੇ। (1 ਰਾਜ. 9:19; ਉਪ. 2:4-6) ਸੱਚ-ਮੁੱਚ! ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਉਸ ਨੂੰ ਇਸ ਤੋਂ ਜ਼ਰੂਰ ਖ਼ੁਸ਼ੀ ਮਿਲੀ ਹੋਣੀ। ਪਰ ਸੁਲੇਮਾਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੱਚੀ ਖ਼ੁਸ਼ੀ ਪਾਉਣ ਲਈ ਉਸ ਨੂੰ ਹੋਰ ਵੀ ਕੁਝ ਕਰਨ ਦੀ ਲੋੜ ਸੀ। ਉਸ ਨੇ ਪਰਮੇਸ਼ੁਰ ਦੇ ਕੰਮਾਂ ਵਿਚ ਵੀ ਬਹੁਤ ਮਿਹਨਤ ਕੀਤੀ। ਉਦਾਹਰਣ ਲਈ, ਉਸ ਨੇ ਯਹੋਵਾਹ ਦੀ ਭਗਤੀ ਕਰਨ ਲਈ ਸ਼ਾਨਦਾਰ ਮੰਦਰ ਦੀ ਉਸਾਰੀ ਕਰਵਾਈ ਜਿਸ ਨੂੰ ਪੂਰਾ ਹੋਣ ਵਿਚ ਸੱਤ ਸਾਲ ਲੱਗੇ। (1 ਰਾਜ. 6:38; 9:1) ਇਹ ਸਾਰੇ ਕੰਮ-ਧੰਦੇ ਕਰਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਦੁਨਿਆਵੀ ਕੰਮ-ਧੰਦਿਆਂ ਨਾਲੋਂ ਯਹੋਵਾਹ ਦੀ ਸੇਵਾ ਕਰਨੀ ਜ਼ਿਆਦਾ ਜ਼ਰੂਰੀ ਹੈ। ਉਸ ਨੇ ਲਿਖਿਆ: “ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਨ੍ਹਾਂ ਦਾ ਨਿਚੋੜ ਇਹੀ ਹੈ: ਸੱਚੇ ਪਰਮੇਸ਼ੁਰ ਦਾ ਡਰ ਰੱਖ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ।”​—ਉਪ. 12:13. w22.05 22 ਪੈਰਾ 8

ਮੰਗਲਵਾਰ 6 ਅਗਸਤ

‘ਪਰਮੇਸ਼ੁਰ ਨੇ ਮਸੀਹ ਦੁਆਰਾ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ।’​—ਅਫ਼. 4:32.

ਬਾਈਬਲ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਖੁੱਲ੍ਹੇ ਦਿਲ ਨਾਲ ਮਾਫ਼ ਕੀਤਾ। ਤੁਹਾਡੇ ਮਨ ਵਿਚ ਕਿਸ ਵਿਅਕਤੀ ਦਾ ਖ਼ਿਆਲ ਆਉਂਦਾ ਹੈ? ਸ਼ਾਇਦ ਤੁਹਾਡੇ ਮਨ ਵਿਚ ਰਾਜਾ ਮਨੱਸ਼ਹ ਦਾ ਖ਼ਿਆਲ ਆਵੇ। ਉਸ ਦੁਸ਼ਟ ਆਦਮੀ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਹੀ ਘਿਣਾਉਣੇ ਕੰਮ ਕੀਤੇ ਸਨ। ਉਸ ਨੇ ਖ਼ੁਦ ਤਾਂ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ ਹੀ, ਸਗੋਂ ਲੋਕਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਝੂਠੇ ਦੇਵੀ-ਦੇਵਤਿਆਂ ਲਈ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਈਆਂ। ਇੰਨਾ ਹੀ ਨਹੀਂ, ਉਸ ਨੇ ਇਸ ਤੋਂ ਵੀ ਭੈੜਾ ਕੰਮ ਕੀਤਾ, ਉਸ ਨੇ ਝੂਠੇ ਦੇਵਤੇ ਦੀ ਇਕ ਘੜੀ ਹੋਈ ਮੂਰਤ ਯਹੋਵਾਹ ਦੇ ਭਵਨ ਵਿਚ ਰਖਵਾਈ। ਉਸ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ: “ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।” (2 ਇਤਿ. 33:2-7) ਫਿਰ ਵੀ ਜਦੋਂ ਮਨੱਸ਼ਹ ਨੇ ਸੱਚੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰ ਦਿੱਤਾ। (2 ਇਤਿ. 33:12, 13) ਸ਼ਾਇਦ ਤੁਹਾਡੇ ਮਨ ਵਿਚ ਰਾਜਾ ਦਾਊਦ ਦਾ ਵੀ ਖ਼ਿਆਲ ਆਵੇ ਜਿਸ ਨੇ ਯਹੋਵਾਹ ਦੇ ਖ਼ਿਲਾਫ਼ ਗੰਭੀਰ ਪਾਪ ਕੀਤੇ ਸਨ, ਜਿਵੇਂ ਕਿ ਹਰਾਮਕਾਰੀ ਅਤੇ ਕਤਲ। ਫਿਰ ਵੀ ਜਦੋਂ ਦਾਊਦ ਨੇ ਆਪਣੀਆਂ ਗ਼ਲਤੀਆਂ ਨੂੰ ਮੰਨਿਆ ਅਤੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਵੀ ਮਾਫ਼ ਕਰ ਦਿੱਤਾ। (2 ਸਮੂ. 12:9, 10, 13, 14) ਜੀ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰਨਾ ਚਾਹੁੰਦਾ ਹੈ। w22.06 3 ਪੈਰਾ 7

ਬੁੱਧਵਾਰ 7 ਅਗਸਤ

ਧੀਰਜ ਰੱਖੋ; ਆਪਣੇ ਦਿਲਾਂ ਨੂੰ ਤਕੜਾ ਕਰੋ।​—ਯਾਕੂ. 5:8.

ਕਈ ਵਾਰ ਸਾਡੇ ਲਈ ਧੀਰਜ ਰੱਖਣਾ ਔਖਾ ਹੋ ਸਕਦਾ ਹੈ ਅਤੇ ਸਾਡੀ ਉਮੀਦ ਧੁੰਦਲੀ ਪੈ ਸਕਦੀ ਹੈ। ਅਸੀਂ ਸ਼ਾਇਦ ਬੇਸਬਰੇ ਹੋ ਜਾਈਏ ਅਤੇ ਕਹੀਏ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰਨ ਵਿਚ ਦੇਰ ਕਿਉਂ ਲਾ ਰਿਹਾ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹਮੇਸ਼ਾ ਤੋਂ ਹੈ ਤੇ ਹਮੇਸ਼ਾ ਤਕ ਰਹੇਗਾ। ਇਸ ਲਈ ਸਾਨੂੰ ਜੋ ਸਮਾਂ ਲੰਬਾ ਲੱਗਦਾ ਹੈ, ਉਹ ਯਹੋਵਾਹ ਲਈ ਬਹੁਤ ਘੱਟ ਹੁੰਦਾ ਹੈ। (2 ਪਤ. 3:8, 9) ਸਾਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਹੀ ਸਮੇਂ ʼਤੇ ਆਪਣੇ ਵਾਅਦੇ ਪੂਰੇ ਕਰੇਗਾ। ਪਰ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਚਾਹੀਏ, ਉਦੋਂ ਹੀ ਇੱਦਾਂ ਹੋਵੇ। ਜਦੋਂ ਤਕ ਯਹੋਵਾਹ ਦੇ ਵਾਅਦੇ ਪੂਰੇ ਨਹੀਂ ਹੁੰਦੇ, ਉਦੋਂ ਤਕ ਅਸੀਂ ਆਪਣੀ ਉਮੀਦ ਕਿਵੇਂ ਪੱਕੀ ਰੱਖ ਸਕਦੇ ਹਾਂ? (ਯਾਕੂ. 5:7) ਯਹੋਵਾਹ ਦੇ ਨੇੜੇ ਰਹੋ ਜੋ ਸਾਡੀ ਉਮੀਦ ਨੂੰ ਪੂਰਾ ਕਰੇਗਾ। ਉਮੀਦ ਪੱਕੀ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਨਿਹਚਾ ਕਰੀਏ ਕਿ ਯਹੋਵਾਹ ਹੈ ਅਤੇ ਉਹ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬ. 11:1, 6) ਜਿੰਨੀ ਜ਼ਿਆਦਾ ਅਸੀਂ ਯਹੋਵਾਹ ʼਤੇ ਆਪਣੀ ਨਿਹਚਾ ਪੱਕੀ ਰੱਖਾਂਗੇ, ਉੱਨੀ ਜ਼ਿਆਦਾ ਸਾਡੀ ਉਮੀਦ ਇਸ ਗੱਲ ʼਤੇ ਪੱਕੀ ਹੋਵੇਗੀ ਕਿ ਉਹ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ। ਆਪਣੀ ਉਮੀਦ ਪੱਕੀ ਰੱਖਣ ਲਈ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਅਤੇ ਉਸ ਦਾ ਬਚਨ ਪੜ੍ਹਨਾ ਚਾਹੀਦਾ ਹੈ। ਚਾਹੇ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਫਿਰ ਵੀ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ। ਅਸੀਂ ਪ੍ਰਾਰਥਨਾ ਰਾਹੀਂ ਉਸ ਨਾਲ ਗੱਲ ਕਰ ਸਕਦੇ ਹਾਂ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਸੁਣੇਗਾ ਵੀ।​—ਯਿਰ. 29:11, 12. w22.10 26-27 ਪੈਰੇ 11-13

ਵੀਰਵਾਰ 8 ਅਗਸਤ

ਅੱਯੂਬ ਨੇ ਬੋਲਣਾ ਸ਼ੁਰੂ ਕੀਤਾ ਤੇ ਉਹ ਆਪਣੇ ਜੰਮਣ ਦੇ ਦਿਨ ਨੂੰ ਕੋਸਣ ਲੱਗਾ।​—ਅੱਯੂ. 3:1.

ਜ਼ਰਾ ਕਲਪਨਾ ਕਰੋ ਕਿ ਅੱਯੂਬ ਸੁਆਹ ਵਿਚ ਬੈਠਾ ਹੋਇਆ ਹੈ ਅਤੇ ਦਰਦ ਨਾਲ ਤੜਫ਼ ਰਿਹਾ ਹੈ। (ਅੱਯੂ. 2:8) ਉਹ ਦੁੱਖਾਂ ਦੇ ਭਾਰ ਹੇਠ ਦੱਬਿਆ ਹੋਇਆ ਹੈ ਅਤੇ ਉਸ ਨੂੰ ਆਪਣੇ ਬੱਚਿਆਂ ਦੀ ਮੌਤ ਦਾ ਗਮ ਸਤਾ ਰਿਹਾ ਹੈ। ਉਸ ਦੇ ਤਿੰਨੇ ਦੋਸਤ ਬੇਦਰਦੀ ਨਾਲ ਉਸ ਨੂੰ ਬੁਰਾ-ਭਲਾ ਕਹਿ ਰਹੇ ਹਨ ਅਤੇ ਉਸ ਦਾ ਚੰਗਾ ਨਾਂ ਮਿੱਟੀ ਵਿਚ ਰੋਲ਼ ਰਹੇ ਹਨ। ਪਹਿਲਾਂ-ਪਹਿਲ ਤਾਂ ਅੱਯੂਬ ਚੁੱਪ ਕਰ ਕੇ ਬੈਠਾ ਰਹਿੰਦਾ ਹੈ। (ਅੱਯੂ. 2:13) ਅੱਯੂਬ ਦੀ ਖ਼ਾਮੋਸ਼ੀ ਕਰਕੇ ਜੇ ਉਸ ਦੇ ਦੋਸਤਾਂ ਨੂੰ ਲੱਗਦਾ ਹੈ ਕਿ ਉਹ ਪਰਮੇਸ਼ੁਰ ਨੂੰ ਬੁਰਾ-ਭਲਾ ਕਹੇਗਾ ਅਤੇ ਉਸ ਨੂੰ ਛੱਡ ਦੇਵੇਗਾ, ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਗ਼ਲਤਫ਼ਹਿਮੀ ਹੈ। ਅੱਯੂਬ ਛੇਤੀ ਹੀ ਉਨ੍ਹਾਂ ਦੀ ਇਸ ਗ਼ਲਤਫ਼ਹਿਮੀ ਨੂੰ ਦੂਰ ਕਰਦਾ ਹੈ। ਉਹ ਆਪਣਾ ਸਿਰ ਉੱਪਰ ਚੁੱਕਦਾ ਹੈ ਅਤੇ ਉਨ੍ਹਾਂ ਵੱਲ ਦੇਖ ਕੇ ਕਹਿੰਦਾ ਹੈ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!” (ਅੱਯੂ. 27:5) ਇੰਨੇ ਦੁੱਖਾਂ ਦੇ ਬਾਵਜੂਦ ਵੀ ਕਿਹੜੀ ਗੱਲ ਨੇ ਅੱਯੂਬ ਦੀ ਹਿੰਮਤ ਰੱਖਣ ਅਤੇ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ? ਉਸ ਨੇ ਔਖੀਆਂ ਤੋਂ ਔਖੀਆਂ ਘੜੀਆਂ ਵਿਚ ਵੀ ਉਮੀਦ ਨਹੀਂ ਛੱਡੀ। ਉਸ ਨੂੰ ਪੂਰੀ ਉਮੀਦ ਸੀ ਕਿ ਪਰਮੇਸ਼ੁਰ ਉਸ ਨੂੰ ਜ਼ਰੂਰ ਦੁੱਖਾਂ ਵਿੱਚੋਂ ਕੱਢੇਗਾ ਅਤੇ ਉਸ ਨੂੰ ਇਸ ਗੱਲ ʼਤੇ ਵੀ ਪੱਕਾ ਭਰੋਸਾ ਸੀ ਕਿ ਜੇ ਉਹ ਮਰ ਵੀ ਗਿਆ, ਤਾਂ ਵੀ ਯਹੋਵਾਹ ਉਸ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ।​—ਅੱਯੂ. 14:13-15. w22.06 22 ਪੈਰਾ 9

ਸ਼ੁੱਕਰਵਾਰ 9 ਅਗਸਤ

ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਪੂਰੀ ਹੋਵੇ।”​—ਮੱਤੀ 6:9, 10.

ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਅਨਮੋਲ ਸਨਮਾਨ ਦਿੱਤਾ ਹੈ। ਜ਼ਰਾ ਸੋਚੋ, ਅਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਭਾਸ਼ਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ। ਅਸੀਂ ਜਦੋਂ ਮਰਜ਼ੀ ਉਸ ਨਾਲ ਗੱਲ ਕਰ ਸਕਦੇ ਹਾਂ। ਚਾਹੇ ਅਸੀਂ ਹਸਪਤਾਲ ਵਿਚ ਦਾਖ਼ਲ ਹਾਂ ਜਾਂ ਜੇਲ੍ਹ ਵਿੱਚ ਹਾਂ, ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਯਕੀਨ ਰੱਖਦੇ ਹਾਂ ਕਿ ਉਹ ਜ਼ਰੂਰ ਸੁਣੇਗਾ। ਅਸੀਂ ਪ੍ਰਾਰਥਨਾ ਦੇ ਇਸ ਤੋਹਫ਼ੇ ਲਈ ਯਹੋਵਾਹ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਪਰ ਸਾਨੂੰ ਕਦੇ ਵੀ ਪ੍ਰਾਰਥਨਾ ਦੀ ਅਹਿਮੀਅਤ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਰਾਜਾ ਦਾਊਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਇਕ ਅਨਮੋਲ ਸਨਮਾਨ ਸੀ। ਇਸੇ ਕਰਕੇ ਉਸ ਨੇ ਪਰਮੇਸ਼ੁਰ ਲਈ ਗਾਇਆ: “ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੀ ਗਈ ਧੂਪ ਵਾਂਗ ਹੋਵੇ।” (ਜ਼ਬੂ. 141:1, 2) ਦਾਊਦ ਦੇ ਸਮੇਂ ਵਿਚ ਸ਼ੁੱਧ ਭਗਤੀ ਵਿਚ ਵਰਤੀ ਜਾਣ ਵਾਲੀ ਪਵਿੱਤਰ ਧੂਪ ਨੂੰ ਪੁਜਾਰੀ ਬਹੁਤ ਧਿਆਨ ਨਾਲ ਤਿਆਰ ਕਰਦੇ ਸਨ। (ਕੂਚ 30:34, 35) ਇਸ ਲਈ ਜਦੋਂ ਦਾਊਦ ਨੇ ਕਿਹਾ ਕਿ ਉਸ ਦੀਆਂ ਪ੍ਰਾਰਥਨਾਵਾਂ ਧੂਪ ਵਾਂਗ ਹੋਣ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਸੀ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਉਹ ਸੋਚ-ਵਿਚਾਰ ਕਰੇ ਕਿ ਉਸ ਨੇ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਕੀ ਕਹਿਣਾ ਸੀ। ਦਾਊਦ ਵਾਂਗ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਤੋਂ ਖ਼ੁਸ਼ ਹੋਵੇ, ਇਸ ਲਈ ਸਾਨੂੰ ਵੀ ਪ੍ਰਾਰਥਨਾ ਕਰਨ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। w22.07 20 ਪੈਰੇ 1-2; 21 ਪੈਰਾ 4

ਸ਼ਨੀਵਾਰ 10 ਅਗਸਤ

“ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ,” ਯਹੋਵਾਹ ਕਹਿੰਦਾ ਹੈ। ​—ਰੋਮੀ. 12:19.

ਬਦਲਾ ਲੈਣਾ ਯਹੋਵਾਹ ਦਾ ਕੰਮ ਹੈ। ਯਹੋਵਾਹ ਨੇ ਸਾਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਅਸੀਂ ਆਪਣੇ ਖ਼ਿਲਾਫ਼ ਪਾਪ ਕਰਨ ਵਾਲਿਆਂ ਤੋਂ ਬਦਲਾ ਲਈਏ। (ਰੋਮੀ. 12:20, 21) ਨਾਮੁਕੰਮਲ ਹੋਣ ਕਰਕੇ ਸਾਡੇ ਕੋਲ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। (ਇਬ. 4:13) ਨਾਲੇ ਕਈ ਵਾਰ ਸਾਡੀਆਂ ਭਾਵਨਾਵਾਂ ਸਾਡੇ ʼਤੇ ਇੰਨੀਆਂ ਹਾਵੀ ਹੋ ਜਾਂਦੀਆਂ ਹਨ ਕਿ ਅਸੀਂ ਪਰਮੇਸ਼ੁਰ ਵਾਂਗ ਸਹੀ-ਸਹੀ ਨਿਆਂ ਨਹੀਂ ਕਰ ਪਾਉਂਦੇ। ਯਹੋਵਾਹ ਨੇ ਯਾਕੂਬ ਨੂੰ ਇਹ ਲਿਖਣ ਲਈ ਉਕਸਾਇਆ: “ਗੁੱਸੇ ਵਿਚ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਨਹੀਂ ਕਰਦਾ।” (ਯਾਕੂ. 1:20) ਅਸੀਂ ਇਸ ਗੱਲ ਦਾ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਹੀ ਕਦਮ ਚੁੱਕੇਗਾ ਅਤੇ ਇਸ ਗੱਲ ਦਾ ਧਿਆਨ ਰੱਖੇਗਾ ਕਿ ਸਾਨੂੰ ਬਿਲਕੁਲ ਸਹੀ ਨਿਆਂ ਮਿਲੇ। ਮਾਫ਼ ਕਰ ਕੇ ਅਸੀਂ ਯਹੋਵਾਹ ਦੇ ਨਿਆਂ ʼਤੇ ਪੂਰਾ ਭਰੋਸਾ ਦਿਖਾਉਂਦੇ ਹਾਂ। ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਕੇ ਅਸੀਂ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਪਾਪ ਕਰਕੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ। ਉਸ ਨੇ ਵਾਅਦਾ ਕੀਤਾ ਹੈ ਕਿ ਨਵੀਂ ਦੁਨੀਆਂ ਵਿਚ ਦੁੱਖ ਪਹੁੰਚਾਉਣ ਵਾਲੀਆਂ ਬੁਰੀਆਂ ਯਾਦਾਂ ਕਦੇ ਵੀ ਸਾਡੇ “ਮਨ ਵਿਚ ਨਹੀਂ ਆਉਣਗੀਆਂ, ਨਾ ਹੀ ਉਹ ਦਿਲ ਵਿਚ ਆਉਣਗੀਆਂ।”​—ਯਸਾ. 65:17. w22.06 10-11 ਪੈਰੇ 11-12

ਐਤਵਾਰ 11 ਅਗਸਤ

ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।​—ਮੱਤੀ 24:9.

ਸੱਚਾਈ ਤਾਂ ਇਹ ਹੈ ਕਿ ਜਦੋਂ ਸਾਡੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਹੈ। (ਮੱਤੀ 5:11, 12) ਸਾਡਾ ਜੋ ਵੀ ਵਿਰੋਧ ਕੀਤਾ ਜਾਂਦਾ ਹੈ, ਉਸ ਸਾਰੇ ਪਿੱਛੇ ਸ਼ੈਤਾਨ ਦਾ ਹੀ ਹੱਥ ਹੁੰਦਾ ਹੈ। ਪਰ ਯਾਦ ਰੱਖੋ ਕਿ ਯਿਸੂ ਸ਼ੈਤਾਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਯਿਸੂ ਦੀ ਮਦਦ ਨਾਲ ਅੱਜ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ। ਆਓ ਇਸ ਦੇ ਕੁਝ ਸਬੂਤ ਦੇਖੀਏ। ਇਕ ਮੁਸ਼ਕਲ ਇਹ ਹੈ ਕਿ ਦੁਨੀਆਂ ਭਰ ਵਿਚ ਲੋਕ ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਹਨ। ਇਸ ਕਰਕੇ ਰਾਜ ਦੇ ਪ੍ਰਚਾਰਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਚਾਰ ਕਰਨਾ ਔਖਾ ਹੋ ਸਕਦਾ ਹੈ। ਪਰ ਯਿਸੂ ਨੇ ਪ੍ਰਕਾਸ਼ ਦੀ ਕਿਤਾਬ ਵਿਚ ਯੂਹੰਨਾ ਰਸੂਲ ਨੂੰ ਦੱਸਿਆ ਸੀ ਕਿ ਸਾਡੇ ਦਿਨਾਂ ਵਿਚ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਵੇਗੀ। (ਪ੍ਰਕਾ. 14:6, 7) ਅੱਜ ਬਹੁਤ ਸਾਰੇ ਲੋਕ ਸਾਡੀ ਵੈੱਬਸਾਈਟ jw.org ʼਤੇ ਬਾਈਬਲ ਆਧਾਰਿਤ ਪ੍ਰਕਾਸ਼ਨ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਪੜ੍ਹ ਸਕਦੇ ਹਨ। ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇ ਰਹੇ ਹਾਂ। ਨਾਲੇ ਪ੍ਰਬੰਧਕ ਸਭਾ ਨੇ ਇਜਾਜ਼ਤ ਦਿੱਤੀ ਹੈ ਕਿ ਲੋਕਾਂ ਨੂੰ ਬਾਈਬਲ ਤੋਂ ਸਿਖਾਉਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ 700 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇ। w22.07 9 ਪੈਰੇ 6-7

ਸੋਮਵਾਰ 12 ਅਗਸਤ

ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ ਮਿਲਦੀ ਹੈ।​—ਕਹਾ. 11:14.

ਯਿਸੂ ਨੂੰ ਲੋਕਾਂ ਨਾਲ ਬਹੁਤ ਹਮਦਰਦੀ ਸੀ, ਇਸ ਲਈ ਲੋਕਾਂ ਦਾ ਦੁੱਖ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਉਂਦਾ ਸੀ। ਮੱਤੀ ਰਸੂਲ ਨੇ ਇਸ ਬਾਰੇ ਦੱਸਿਆ: “ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36) ਯਹੋਵਾਹ ਇਨਸਾਨਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਇਸ ਬਾਰੇ ਯਿਸੂ ਨੇ ਦੱਸਿਆ: “ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।” (ਮੱਤੀ 18:14) ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ! ਕੀ ਇਹ ਗੱਲ ਸਾਡੇ ਦਿਲਾਂ ਨੂੰ ਨਹੀਂ ਛੂਹ ਜਾਂਦੀ? ਜਿੰਨਾ ਜ਼ਿਆਦਾ ਅਸੀਂ ਯਿਸੂ ਬਾਰੇ ਜਾਣਾਂਗੇ, ਉੱਨਾ ਜ਼ਿਆਦਾ ਯਹੋਵਾਹ ਲਈ ਸਾਡਾ ਪਿਆਰ ਵਧੇਗਾ। ਜੇ ਤੁਸੀਂ ਯਹੋਵਾਹ ਨਾਲ ਆਪਣਾ ਪਿਆਰ ਹੋਰ ਵਧਾਉਣਾ ਚਾਹੁੰਦੇ ਹੋ ਅਤੇ ਮਸੀਹੀਆਂ ਵਜੋਂ ਤਰੱਕੀ ਕਰਦੇ ਰਹਿਣਾ ਚਾਹੁੰਦੇ ਹੋ, ਤਾਂ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਨੂੰ ਜਾਣੋ। ਧਿਆਨ ਦਿਓ ਕਿ ਉਹ ਕਿੰਨੇ ਖ਼ੁਸ਼ ਹਨ! ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਫ਼ੈਸਲੇ ਦਾ ਕੋਈ ਪਛਤਾਵਾ ਨਹੀਂ ਹੈ। ਯਹੋਵਾਹ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਜੋ ਵੀ ਤਜਰਬੇ ਹੋਏ ਹਨ. ਕਿਉਂ ਨਾ ਤੁਸੀਂ ਉਨ੍ਹਾਂ ਬਾਰੇ ਉਨ੍ਹਾਂ ਤੋਂ ਪੁੱਛੋ। ਜਦੋਂ ਤੁਸੀਂ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਉਨ੍ਹਾਂ ਤੋਂ ਸਲਾਹ ਲਓ। ਯਾਦ ਰੱਖੋ, “ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ ਮਿਲਦੀ ਹੈ।” w22.08 3 ਪੈਰੇ 6-7

ਮੰਗਲਵਾਰ 13 ਅਗਸਤ

ਯਹੋਵਾਹ ਦੀਆਂ ਅੱਖਾਂ ਧਰਮੀਆਂ ਉੱਤੇ ਲੱਗੀਆਂ ਹੋਈਆਂ ਹਨ।​—1 ਪਤ. 3:12.

ਸਾਨੂੰ ਸਾਰਿਆਂ ਨੂੰ ਕਦੇ-ਨਾ-ਕਦੇ ਕੋਈ ਮੁਸ਼ਕਲ ਆਉਂਦੀ ਹੈ। ਪਰ ਅਸੀਂ ਮੁਸ਼ਕਲਾਂ ਦੌਰਾਨ ਇਕੱਲੇ ਨਹੀਂ ਹਾਂ, ਯਹੋਵਾਹ ਸਾਡੇ ਨਾਲ ਹੈ। ਜਿੱਦਾਂ ਇਕ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਨ੍ਹਾਂ ਦਾ ਧਿਆਨ ਰੱਖਦਾ ਹੈ, ਉਸੇ ਤਰ੍ਹਾਂ ਯਹੋਵਾਹ ਵੀ ਸਾਨੂੰ ਪਿਆਰ ਕਰਦਾ ਹੈ ਅਤੇ ਹਰ ਪਲ ਸਾਡਾ ਧਿਆਨ ਰੱਖਦਾ ਹੈ। ਅਸੀਂ ਜਦੋਂ ਵੀ ਉਸ ਨੂੰ ਪੁਕਾਰਦੇ ਹਾਂ, ਉਹ ਸਾਡੀ ਸੁਣਦਾ ਹੈ ਅਤੇ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। (ਯਸਾ. 43:2) ਸਾਡੀ ਮਦਦ ਕਰਨ ਲਈ ਯਹੋਵਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਸ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਸਨਮਾਨ ਦਿੱਤਾ ਹੈ, ਸਾਨੂੰ ਬਾਈਬਲ ਅਤੇ ਬਹੁਤ ਸਾਰੇ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੱਤੇ ਹਨ। ਨਾਲੇ ਉਸ ਨੇ ਸਾਨੂੰ ਮਸੀਹੀ ਪਰਿਵਾਰ ਦਿੱਤਾ ਹੈ ਜੋ ਮੁਸ਼ਕਲਾਂ ਦੌਰਾਨ ਸਾਡੀ ਮਦਦ ਕਰਦਾ ਹੈ। ਇਸ ਕਰਕੇ ਅਸੀਂ ਕਿਸੇ ਵੀ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਾਂ। ਸੱਚ-ਮੁੱਚ, ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਦੀਆਂ ਨਜ਼ਰਾਂ ਹਮੇਸ਼ਾ ਸਾਡੇ ʼਤੇ ਰਹਿੰਦੀਆਂ ਹਨ। ਇਸ ਕਰਕੇ “ਸਾਡੇ ਦਿਲ ਉਸ ਤੋਂ ਖ਼ੁਸ਼ ਹਨ।” (ਜ਼ਬੂ. 33:21) ਜਦੋਂ ਅਸੀਂ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਲੈਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਿੰਨੀ ਕਦਰ ਕਰਦੇ ਹਾਂ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਦੇਖ-ਭਾਲ ਕਰੇ, ਤਾਂ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਰਹੀਏ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ, ਉਹ ਕਰਦੇ ਰਹੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਹੀ ਉਸ ਦੀਆਂ ਨਜ਼ਰਾਂ ਹਮੇਸ਼ਾ ਸਾਡੇ ʼਤੇ ਰਹਿਣਗੀਆਂ! w22.08 13 ਪੈਰੇ 15-16

ਬੁੱਧਵਾਰ 14 ਅਗਸਤ

ਤੇਰਾ ਬਚਨ ਸੱਚਾਈ ਹੀ ਹੈ।​—ਜ਼ਬੂ. 119:160.

ਅੱਜ ਬਹੁਤ ਸਾਰੇ ਲੋਕਾਂ ਨੂੰ ਦੂਜਿਆਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ। ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ʼਤੇ ਭਰੋਸਾ ਕਰਨ ਜਾਂ ਕਿਸ ʼਤੇ ਨਹੀਂ। ਉਹ ਉਨ੍ਹਾਂ ਲੋਕਾਂ ʼਤੇ ਵੀ ਭਰੋਸਾ ਨਹੀਂ ਕਰ ਪਾਉਂਦੇ ਜਿਨ੍ਹਾਂ ਦਾ ਉਹ ਬਹੁਤ ਆਦਰ ਕਰਦੇ ਹਨ, ਜਿਵੇਂ ਕਿ ਨੇਤਾ, ਵਿਗਿਆਨੀ ਅਤੇ ਵਪਾਰੀ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਲੋਕ ਸੱਚ-ਮੁੱਚ ਉਨ੍ਹਾਂ ਦਾ ਭਲਾ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਬਾਈਬਲ ਤੋਂ ਸਿਖਾਉਣ ਦਾ ਦਾਅਵਾ ਕਰਨ ਵਾਲੇ ਪਾਦਰੀਆਂ ਤੋਂ ਵੀ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਬਾਈਬਲ ʼਤੇ ਭਰੋਸਾ ਨਹੀਂ ਕਰ ਪਾਉਂਦੇ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ “ਸੱਚਾਈ ਦਾ ਪਰਮੇਸ਼ੁਰ ਹੈ” ਅਤੇ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। (ਜ਼ਬੂ. 31:5; ਯਸਾ. 48:17) ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ʼਤੇ ਭਰੋਸਾ ਕਰ ਸਕਦੇ ਹਾਂ। ਅਸੀਂ ਬਾਈਬਲ ਦੇ ਇਕ ਮਾਹਰ ਦੀ ਇਸ ਗੱਲ ਨਾਲ ਸਹਿਮਤ ਹਾਂ: “ਪਰਮੇਸ਼ੁਰ ਕਦੇ ਝੂਠ ਨਹੀਂ ਬੋਲਦਾ ਅਤੇ ਉਸ ਦੀ ਹਰ ਗੱਲ ਸੱਚ ਸਾਬਤ ਹੁੰਦੀ ਹੈ। ਪਰਮੇਸ਼ੁਰ ਦੇ ਲੋਕ ਉਸ ʼਤੇ ਭਰੋਸਾ ਕਰਦੇ ਹਨ, ਇਸ ਲਈ ਉਹ ਉਸ ਦੀ ਕਹੀ ਹਰ ਗੱਲ ʼਤੇ ਵੀ ਭਰੋਸਾ ਕਰ ਸਕਦੇ ਹਨ।” w23.01 2 ਪੈਰੇ 1-2

ਵੀਰਵਾਰ 15 ਅਗਸਤ

ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ।​—ਇਬ. 10:24.

ਯਹੋਵਾਹ ʼਤੇ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਪੱਕੀ ਕਰ ਕੇ ਅਸੀਂ ਉਨ੍ਹਾਂ ਨੂੰ ਮਜ਼ਬੂਤ ਕਰ ਸਕਦੇ ਹਾਂ। ਹੋ ਸਕਦਾ ਹੈ ਕਿ ਕੁਝ ਭੈਣਾਂ-ਭਰਾਵਾਂ ਦਾ ਯਹੋਵਾਹ ਨੂੰ ਨਾ ਮੰਨਣ ਵਾਲੇ ਲੋਕ ਮਜ਼ਾਕ ਉਡਾਉਂਦੇ ਹੋਣ। ਜਾਂ ਕਈ ਭੈਣਾਂ-ਭਰਾਵਾਂ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋਵੇ। ਜਾਂ ਕੁਝ ਭੈਣਾਂ-ਭਰਾਵਾਂ ਨੂੰ ਕਿਸੇ ਦੀ ਗੱਲ ਬੁਰੀ ਲੱਗੀ ਹੈ ਅਤੇ ਉਨ੍ਹਾਂ ਨੂੰ ਆਪਣੇ ਮਨ ਵਿੱਚੋਂ ਨਾਰਾਜ਼ਗੀ ਕੱਢਣੀ ਮੁਸ਼ਕਲ ਲੱਗ ਰਹੀ ਹੈ। ਕੁਝ ਭੈਣ-ਭਰਾ ਕਾਫ਼ੀ ਲੰਬੇ ਸਮੇਂ ਤੋਂ ਇਸ ਦੁਸ਼ਟ ਦੁਨੀਆਂ ਦੇ ਨਾਸ਼ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲੀ ਸਦੀ ਦੇ ਮਸੀਹੀਆਂ ਨੂੰ ਵੀ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪਿਆ ਸੀ। ਪੌਲੁਸ ਰਸੂਲ ਨੇ ਪਰਮੇਸ਼ੁਰ ਦਾ ਬਚਨ ਵਰਤ ਕੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕੀਤੀ। ਉਦਾਹਰਣ ਲਈ, ਕੁਝ ਯਹੂਦੀ ਮਸੀਹੀਆਂ ਦੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰ ਦਾਅਵਾ ਕਰਦੇ ਸਨ ਕਿ ਯਹੂਦੀ ਧਰਮ ਮਸੀਹੀ ਧਰਮ ਨਾਲੋਂ ਜ਼ਿਆਦਾ ਵਧੀਆ ਸੀ। ਇਨ੍ਹਾਂ ਭੈਣਾਂ-ਭਰਾਵਾਂ ਨੂੰ ਸ਼ਾਇਦ ਪਤਾ ਨਹੀਂ ਸੀ ਲੱਗਦਾ ਕਿ ਉਹ ਆਪਣੇ ਘਰਦਿਆਂ ਨੂੰ ਕੀ ਜਵਾਬ ਦੇਣ। ਬਿਨਾਂ ਸ਼ੱਕ, ਇਬਰਾਨੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਤੋਂ ਇਨ੍ਹਾਂ ਮਸੀਹੀਆਂ ਦੀ ਬਹੁਤ ਮਦਦ ਹੋਈ ਹੋਣੀ। (ਇਬ. 1:5, 6; 2:2, 3; 9:24, 25) ਪੌਲੁਸ ਨੇ ਠੋਸ ਦਲੀਲਾਂ ਦੇ ਕੇ ਇਸ ਚਿੱਠੀ ਵਿਚ ਜੋ ਗੱਲਾਂ ਲਿਖੀਆਂ ਸਨ, ਉਨ੍ਹਾਂ ਨੂੰ ਵਰਤ ਕੇ ਉਹ ਆਪਣੇ ਘਰਦਿਆਂ ਨੂੰ ਜਵਾਬ ਦੇ ਸਕੇ ਹੋਣੇ। w22.08 23-24 ਪੈਰੇ 12-14

ਸ਼ੁੱਕਰਵਾਰ 16 ਅਗਸਤ

ਉਸ ਇਨਸਾਨ ਨੂੰ ਬਰਕਤ ਮਿਲਦੀ ਹੈ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈ। ​—ਯਿਰ. 17:7.

ਸ਼ੈਤਾਨ ਦੀ ਦੁਨੀਆਂ ਵਿਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ʼਤੇ ਭਰੋਸਾ ਕਰਨ ਅਤੇ ਕਿਸ ਤੇ ਨਹੀਂ। ਇਸ ਦੁਨੀਆਂ ਦੇ ਵਪਾਰੀਆਂ, ਰਾਜਨੀਤਿਕ ਤੇ ਧਾਰਮਿਕ ਆਗੂਆਂ ਦੇ ਕੰਮਾਂ ਅਤੇ ਰਵੱਈਏ ਨੂੰ ਦੇਖ ਕੇ ਲੋਕਾਂ ਦਾ ਉਨ੍ਹਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਆਪਣੇ ਦੋਸਤਾਂ, ਗੁਆਂਢੀਆਂ, ਇੱਥੋਂ ਤਕ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਭਰੋਸਾ ਉੱਠ ਚੁੱਕਾ ਹੈ। ਇਹ ਸਭ ਕੁਝ ਦੇਖ ਕੇ ਸਾਨੂੰ ਹੈਰਾਨੀ ਨਹੀਂ ਹੁੰਦੀ ਕਿਉਂਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ ‘ਵਿਸ਼ਵਾਸਘਾਤੀ, ਬਦਨਾਮ ਕਰਨ ਵਾਲੇ ਅਤੇ ਧੋਖੇਬਾਜ਼ ਹੋਣਗੇ।’ ਦੁਨੀਆਂ ਦੇ ਲੋਕਾਂ ਦਾ ਰਵੱਈਆ ਬਿਲਕੁਲ ਇਸ ਦੁਨੀਆਂ ਦੇ ਈਸ਼ਵਰ ਸ਼ੈਤਾਨ ਵਰਗਾ ਹੈ ਜੋ ਸਭ ਤੋਂ ਵੱਡਾ ਧੋਖੇਬਾਜ਼ ਹੈ। (2 ਤਿਮੋ. 3:1-4; 2 ਕੁਰਿੰ. 4:4) ਇਸ ਦੁਨੀਆਂ ਦੇ ਉਲਟ, ਮਸੀਹੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਯਹੋਵਾਹ ʼਤੇ ਪੂਰਾ ਭਰੋਸਾ ਕਰ ਸਕਦੇ ਹਨ। ਸਾਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ‘ਕਦੇ ਨਹੀਂ ਤਿਆਗੇਗਾ।’ (ਜ਼ਬੂ. 9:10) ਅਸੀਂ ਯਿਸੂ ਮਸੀਹ ʼਤੇ ਵੀ ਪੂਰਾ ਭਰੋਸਾ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਡੇ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ ਹੈ। (1 ਪਤ. 3:18) ਅਸੀਂ ਬਾਈਬਲ ਵਿਚ ਦਿੱਤੀਆਂ ਸਲਾਹਾਂ ʼਤੇ ਵੀ ਪੂਰਾ ਭਰੋਸਾ ਕਰ ਸਕਦੇ ਹਾਂ ਕਿਉਂਕਿ ਅਸੀਂ ਖ਼ੁਦ ਇਹ ਗੱਲ ਦੇਖੀ ਹੈ ਕਿ ਜ਼ਿੰਦਗੀ ਵਿਚ ਬਾਈਬਲ ਦੀ ਸੇਧ ਮੁਤਾਬਕ ਚੱਲ ਕੇ ਸਾਨੂੰ ਹਮੇਸ਼ਾ ਫ਼ਾਇਦਾ ਹੋਇਆ ਹੈ।​—2 ਤਿਮੋ. 3:16, 17. w22.09 2 ਪੈਰੇ 1-2

ਸ਼ਨੀਵਾਰ 17 ਅਗਸਤ

ਖ਼ੁਸ਼ ਹੈ ਹਰ ਉਹ ਇਨਸਾਨ ਜਿਹੜਾ ਯਹੋਵਾਹ ਦਾ ਡਰ ਮੰਨਦਾ ਹੈ, ਜਿਹੜਾ ਉਸ ਦੇ ਰਾਹਾਂ ʼਤੇ ਚੱਲਦਾ ਹੈ।​—ਜ਼ਬੂ. 128:1.

ਸੱਚੀ ਖ਼ੁਸ਼ੀ ਥੋੜ੍ਹੇ ਸਮੇਂ ਲਈ ਨਹੀਂ, ਸਗੋਂ ਹਮੇਸ਼ਾ ਲਈ ਰਹਿੰਦੀ ਹੈ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਮਝਾਇਆ ਸੀ ਕਿ ਸਾਨੂੰ ਸੱਚੀ ਖ਼ੁਸ਼ੀ ਕਿੱਦਾਂ ਮਿਲ ਸਕਦੀ ਹੈ। ਉਸ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਯਿਸੂ ਜਾਣਦਾ ਸੀ ਕਿ ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ‘ਉਸ ਦੀ ਅਗਵਾਈ ਲਈ ਤਰਸਦੇ’ ਹਨ। ਇਸ ਦਾ ਮਤਲਬ ਹੈ ਕਿ ਸਾਡੇ ਅੰਦਰ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਭਗਤੀ ਕਰਨ ਦੀ ਇੱਛਾ ਹੁੰਦੀ ਹੈ। ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ, ਇਸ ਲਈ ਉਸ ਦੀ ਭਗਤੀ ਕਰਨ ਵਾਲੇ ਹੀ ਖ਼ੁਸ਼ ਰਹਿ ਸਕਦੇ ਹਨ। (1 ਤਿਮੋ. 1:11) ਕੀ ਅਸੀਂ ਸਿਰਫ਼ ਉਦੋਂ ਹੀ ਖ਼ੁਸ਼ ਰਹਿ ਸਕਦੇ ਹਾਂ ਜਦੋਂ ਸਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਜਾਂ ਦੁੱਖ-ਤਕਲੀਫ਼ ਨਹੀਂ ਹੁੰਦੀ? ਨਹੀਂ, ਇਸ ਤਰ੍ਹਾਂ ਨਹੀਂ ਹੈ। ਯਿਸੂ ਨੇ ਪਹਾੜੀ ਉਪਦੇਸ਼ ਵਿਚ ਕਿਹਾ ਸੀ ਕਿ “ਜਿਹੜੇ ਸੋਗ ਮਨਾਉਂਦੇ ਹਨ,” ਉਹ ਵੀ ਖ਼ੁਸ਼ ਰਹਿ ਸਕਦੇ ਹਨ। ਉਸ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ‘ਸਹੀ ਕੰਮ ਕਰਨ ਕਰਕੇ ਸਤਾਇਆ’ ਜਾਂਦਾ ਹੈ, ਉਨ੍ਹਾਂ ਨੂੰ ਵੀ ਖ਼ੁਸ਼ੀ ਮਿਲ ਸਕਦੀ ਹੈ। (ਮੱਤੀ 5:4, 10, 11) ਯਿਸੂ ਇੱਥੇ ਇਹ ਨਹੀਂ ਸਿਖਾ ਰਿਹਾ ਸੀ ਕਿ ਸਾਨੂੰ ਸੱਚੀ ਖ਼ੁਸ਼ੀ ਤਾਂ ਹੀ ਮਿਲੇਗੀ ਜੇ ਸਾਡੀ ਜ਼ਿੰਦਗੀ ਵਿਚ ਦੁੱਖ-ਮੁਸੀਬਤਾਂ ਨਾ ਹੋਣ। ਇਸ ਦੀ ਬਜਾਇ ਉਹ ਸਿਖਾ ਰਿਹਾ ਸੀ ਕਿ ਸੱਚੀ ਖ਼ੁਸ਼ੀ ਪਾਉਣ ਲਈ ਪਰਮੇਸ਼ੁਰ ਬਾਰੇ ਗਿਆਨ ਲੈਣਾ ਅਤੇ ਉਸ ਦੇ ਨੇੜੇ ਰਹਿਣਾ ਜ਼ਰੂਰੀ ਹੈ।​—ਯਾਕੂ. 4:8. w22.10 6 ਪੈਰੇ 1-3

ਐਤਵਾਰ 18 ਅਗਸਤ

ਸੂਝ-ਬੂਝ ਵਾਲਾ ਆਦਮੀ ਚੁੱਪ ਰਹਿੰਦਾ ਹੈ।​—ਕਹਾ. 11:12.

ਇਕ ਸਮਝਦਾਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ “ਇਕ ਚੁੱਪ ਰਹਿਣ ਦਾ ਸਮਾਂ ਹੈ ਅਤੇ ਇਕ ਬੋਲਣ ਦਾ ਸਮਾਂ ਹੈ।” (ਉਪ. 3:7) ਸ਼ਾਇਦ ਤੁਸੀਂ ਇਹ ਕਹਾਵਤ ਸੁਣੀ ਹੋਣੀ, “ਇਕ ਚੁੱਪ, ਸੌ ਸੁੱਖ।” ਇਸ ਦਾ ਮਤਲਬ ਹੈ ਕਿ ਕਈ ਮੌਕਿਆਂ ʼਤੇ ਚੁੱਪ ਰਹਿਣਾ ਸਹੀ ਹੁੰਦਾ ਹੈ। ਜ਼ਰਾ ਇਕ ਤਜਰਬੇਕਾਰ ਬਜ਼ੁਰਗ ਦੀ ਮਿਸਾਲ ʼਤੇ ਗੌਰ ਕਰੋ। ਕਈ ਵਾਰ ਉਸ ਨੂੰ ਹੋਰ ਮੰਡਲੀਆਂ ਵਿਚ ਮਾਮਲੇ ਸੁਲਝਾਉਣ ਲਈ ਕਿਹਾ ਜਾਂਦਾ ਹੈ। ਉਸ ਦੀ ਮੰਡਲੀ ਦੇ ਇਕ ਬਜ਼ੁਰਗ ਨੇ ਉਸ ਬਾਰੇ ਕਿਹਾ: “ਉਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਹ ਦੂਜੀ ਮੰਡਲੀ ਦੀਆਂ ਰਾਜ਼ ਦੀਆਂ ਗੱਲਾਂ ਸਾਨੂੰ ਨਾ ਦੱਸੇ।” ਉਹ ਬਜ਼ੁਰਗ ਸਮਝਦਾਰ ਹੈ ਅਤੇ ਸੋਚ-ਸਮਝ ਕੇ ਗੱਲ ਕਰਦਾ ਹੈ। ਇਸ ਕਰਕੇ ਉਸ ਦੀ ਮੰਡਲੀ ਦੇ ਬਜ਼ੁਰਗ ਉਸ ਦੀ ਬਹੁਤ ਇੱਜ਼ਤ ਕਰਦੇ ਹਨ। ਨਾਲੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਦੀ ਮੰਡਲੀ ਦੀਆਂ ਗੱਲਾਂ ਵੀ ਦੂਜਿਆਂ ਨੂੰ ਨਹੀਂ ਦੱਸੇਗਾ। ਭਰੋਸੇਯੋਗ ਬਣਨ ਲਈ ਸਾਨੂੰ ਈਮਾਨਦਾਰ ਬਣਨਾ ਚਾਹੀਦਾ ਹੈ। ਅਸੀਂ ਈਮਾਨਦਾਰ ਇਨਸਾਨ ʼਤੇ ਭਰੋਸਾ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਹ ਹਮੇਸ਼ਾ ਸੱਚ ਬੋਲਦਾ ਹੈ।​—ਅਫ਼. 4:25; ਇਬ. 13:18. w22.09 12 ਪੈਰੇ 14-15

ਸੋਮਵਾਰ 19 ਅਗਸਤ

ਨਾ ਕੋਈ ਬੁੱਧ, ਨਾ ਕੋਈ ਸੂਝ-ਬੂਝ ਤੇ ਨਾ ਹੀ ਕੋਈ ਅਜਿਹੀ ਸਲਾਹ ਹੈ ਜੋ ਯਹੋਵਾਹ ਅੱਗੇ ਟਿਕ ਸਕੇ।​—ਕਹਾ. 21:30.

ਜਦੋਂ “ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ,” ਤਾਂ ਬਹੁਤ ਸਾਰੇ ਲੋਕ ਇਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੰਦੇ ਹਨ। (ਕਹਾ. 1:20) ਬਾਈਬਲ ਮੁਤਾਬਕ ਤਿੰਨ ਤਰ੍ਹਾਂ ਦੇ ਲੋਕ ਬੁੱਧ ਦੀ ਆਵਾਜ਼ ਨੂੰ ਨਹੀਂ ਸੁਣਦੇ। ਇਹ ਲੋਕ ਹਨ: ‘ਨਾਸਮਝ,’ ‘ਮਖੌਲ ਉਡਾਉਣ ਵਾਲੇ’ ਅਤੇ ‘ਮੂਰਖ।’ (ਕਹਾ. 1:22-25) ‘ਨਾਸਮਝ’ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਦੀਆਂ ਗੱਲਾਂ ਵਿਚ ਛੇਤੀ ਆ ਜਾਂਦੇ ਅਤੇ ਸੌਖਿਆਂ ਹੀ ਗੁਮਰਾਹ ਹੋ ਜਾਂਦੇ ਹਨ। (ਕਹਾ. 14:15) ਜ਼ਰਾ ਸੋਚੋ, ਧਾਰਮਿਕ ਤੇ ਰਾਜਨੀਤਿਕ ਆਗੂ ਲੱਖਾਂ ਹੀ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਦੋਂ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਮੂਰਖ ਬਣਾਇਆ ਹੈ, ਤਾਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਦਾ ਹੈ। ਪਰ ਕਹਾਉਤਾਂ 1:22 ਵਿਚ ਜਿਨ੍ਹਾਂ ਨਾਸਮਝ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਜਾਣ-ਬੁੱਝ ਕੇ ਨਾਸਮਝ ਬਣਦੇ ਹਨ। (ਯਿਰ. 5:31) ਉਹ ਬਾਈਬਲ ਦੇ ਮਿਆਰਾਂ ਮੁਤਾਬਕ ਚੱਲਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰਨਾ ਚਾਹੁੰਦੇ ਹਨ। ਬਿਨਾਂ ਸ਼ੱਕ, ਅਸੀਂ ਕਦੇ ਵੀ ਇਨ੍ਹਾਂ ਨਾਸਮਝ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ!​—ਕਹਾ. 1:32; 27:12. w22.10 19 ਪੈਰੇ 5-7

ਮੰਗਲਵਾਰ 20 ਅਗਸਤ

ਆਪਣੇ ਆਪ ਨੂੰ ਅਧਿਕਾਰ ਰੱਖਣ ਵਾਲੇ ਇਨਸਾਨਾਂ ਦੇ ਅਧੀਨ ਕਰੋ।​—1 ਪਤ. 2:13.

ਪਰਮੇਸ਼ੁਰ ਦਾ ਸੰਗਠਨ ਸਾਡੀ ਸੁਰੱਖਿਆ ਵਾਸਤੇ ਸਾਨੂੰ ਹਿਦਾਇਤਾਂ ਦਿੰਦਾ ਹੈ। ਸਾਨੂੰ ਵਾਰ-ਵਾਰ ਯਾਦ ਕਰਾਇਆ ਜਾਂਦਾ ਹੈ ਕਿ ਅਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਆਪਣਾ ਫ਼ੋਨ ਨੰਬਰ ਅਤੇ ਪਤਾ ਦੇਈਏ ਤਾਂਕਿ ਉਹ ਐਮਰਜੈਂਸੀ ਵੇਲੇ ਸਾਡੇ ਨਾਲ ਸੰਪਰਕ ਕਰ ਸਕਣ। ਹੋ ਸਕਦਾ ਹੈ ਕਿ ਸਾਨੂੰ ਇਹ ਹਿਦਾਇਤ ਵੀ ਮਿਲੇ ਕਿ ਅਸੀਂ ਆਪਣੇ ਘਰ ਵਿਚ ਹੀ ਰਹੀਏ ਜਾਂ ਆਪਣੇ ਘਰ ਨੂੰ ਛੱਡ ਕੇ ਕਿਤੇ ਹੋਰ ਜਾਈਏ। ਜਾਂ ਫਿਰ ਸ਼ਾਇਦ ਸਾਨੂੰ ਇਹ ਵੀ ਦੱਸਿਆ ਜਾਵੇ ਕਿ ਸਾਨੂੰ ਖਾਣ-ਪੀਣ ਅਤੇ ਜ਼ਰੂਰਤ ਦੀਆਂ ਚੀਜ਼ਾਂ ਕਿਵੇਂ ਮਿਲ ਸਕਦੀਆਂ ਹਨ ਜਾਂ ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਜੇ ਅਸੀਂ ਇਨ੍ਹਾਂ ਹਿਦਾਇਤਾਂ ਨੂੰ ਨਹੀਂ ਮੰਨਦੇ, ਤਾਂ ਹੋ ਸਕਦਾ ਹੈ ਕਿ ਅਸੀਂ ਆਪਣੀ ਤੇ ਬਜ਼ੁਰਗਾਂ ਦੀ ਜਾਨ ਖ਼ਤਰੇ ਵਿਚ ਪਾ ਦੇਈਏ ਜੋ ਸਾਡਾ ਧਿਆਨ ਰੱਖਦੇ ਹਨ। (ਇਬ. 13:17) ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਆਫ਼ਤਾਂ ਅਤੇ ਦੰਗੇ-ਫ਼ਸਾਦਾਂ ਕਰਕੇ ਆਪਣੇ ਘਰ-ਬਾਰ ਛੱਡ ਕੇ ਕਿਸੇ ਦੂਜੀ ਜਗ੍ਹਾ ਜਾ ਕੇ ਰਹਿਣਾ ਪਿਆ। ਪਹਿਲੀ ਸਦੀ ਦੇ ਮਸੀਹੀਆਂ ਨਾਲ ਵੀ ਕੁਝ ਅਜਿਹਾ ਹੀ ਹੋਇਆ। ਅਤਿਆਚਾਰ ਹੋਣ ਕਰਕੇ ਜਦੋਂ ਉਹ ਖਿੰਡ-ਪੁੰਡ ਗਏ, ਤਾਂ ਵੀ ਉਨ੍ਹਾਂ ਨੇ ਬਚਨ ਦੀ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਨਹੀਂ ਛੱਡਿਆ। (ਰਸੂ. 8:4) ਸਾਡੇ ਸਮੇਂ ਵਿਚ ਵੀ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪਿਆ, ਉਨ੍ਹਾਂ ਨੇ ਆਪਣੇ ਆਪ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲਿਆ ਅਤੇ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹੇ। ਪ੍ਰਚਾਰ ਵਿਚ ਲੱਗੇ ਰਹਿਣ ਕਰਕੇ ਉਹ ਆਪਣਾ ਧਿਆਨ ਮੁਸ਼ਕਲਾਂ ʼਤੇ ਲਾਉਣ ਦੀ ਬਜਾਇ ਪਰਮੇਸ਼ੁਰ ਦੇ ਰਾਜ ʼਤੇ ਲਾਈ ਰੱਖ ਸਕੇ। ਇਸ ਕਰਕੇ ਉਨ੍ਹਾਂ ਦੀ ਖ਼ੁਸ਼ੀ ਅਤੇ ਸ਼ਾਂਤੀ ਬਣੀ ਰਹੀ। w22.12 19 ਪੈਰੇ 12-13

ਬੁੱਧਵਾਰ 21 ਅਗਸਤ

ਯਹੋਵਾਹ ਮੇਰੇ ਵੱਲ ਹੈ; ਮੈਂ ਨਹੀਂ ਡਰਾਂਗਾ।​—ਜ਼ਬੂ. 118:6.

ਯਹੋਵਾਹ ਸਾਡੇ ਵਿੱਚੋਂ ਹਰ ਇਕ ਨੂੰ ਅਨਮੋਲ ਸਮਝਦਾ ਹੈ। ਜਦੋਂ ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਸ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਤਾਂਕਿ ਉਹ ਵਿਰੋਧ ਹੋਣ ʼਤੇ ਨਾ ਡਰਨ। (ਮੱਤੀ 10:29-31) ਇੱਦਾਂ ਕਰਨ ਲਈ ਉਸ ਨੇ ਉਨ੍ਹਾਂ ਨੂੰ ਚਿੜੀਆਂ ਦੀ ਮਿਸਾਲ ਦਿੱਤੀ ਜੋ ਇਜ਼ਰਾਈਲ ਵਿਚ ਆਮ ਦੇਖਣ ਨੂੰ ਮਿਲਦੀਆਂ ਸਨ। ਯਿਸੂ ਦੇ ਦਿਨਾਂ ਵਿਚ ਇਨ੍ਹਾਂ ਚਿੜੀਆਂ ਦੀ ਕੀਮਤ ਬਹੁਤ ਘੱਟ ਹੁੰਦੀ ਸੀ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਵਿੱਚੋਂ ਇਕ ਵੀ ਚਿੜੀ ਜ਼ਮੀਨ ʼਤੇ ਡਿਗੇ ਤੇ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਨਾ ਲੱਗੇ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।” ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਨ੍ਹਾਂ ਵਿੱਚੋਂ ਹਰੇਕ ਨੂੰ ਅਨਮੋਲ ਸਮਝਦਾ ਹੈ। ਇਸ ਲਈ ਵਿਰੋਧ ਹੋਣ ʼਤੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਸੀ। ਚੇਲੇ ਜਦੋਂ ਵੀ ਪ੍ਰਚਾਰ ਕਰਦਿਆਂ ਪਿੰਡਾਂ ਵਿਚ ਚਿੜੀਆਂ ਨੂੰ ਦੇਖਦੇ ਹੋਣੇ, ਤਾਂ ਉਨ੍ਹਾਂ ਨੂੰ ਜ਼ਰੂਰ ਯਿਸੂ ਦੇ ਇਹ ਸ਼ਬਦ ਯਾਦ ਆਉਂਦੇ ਹੋਣੇ। ਤਾਂ ਫਿਰ ਜਦ ਤੁਸੀਂ ਕੋਈ ਛੋਟਾ ਜਿਹਾ ਪੰਛੀ ਦੇਖਦੇ ਹੋ, ਤਾਂ ਯਾਦ ਰੱਖੋ ਕਿ ਤੁਸੀਂ ਯਹੋਵਾਹ ਲਈ ਬਹੁਤ ਖ਼ਾਸ ਹੋ ਕਿਉਂਕਿ ਤੁਸੀਂ ਵੀ ਉਸ ਲਈ “ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।” ਯਹੋਵਾਹ ਦੀ ਮਦਦ ਨਾਲ ਤੁਸੀਂ ਹਰ ਤਰ੍ਹਾਂ ਦੇ ਵਿਰੋਧ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹੋ। w23.03 18 ਪੈਰਾ 12

ਵੀਰਵਾਰ 22 ਅਗਸਤ

ਤੁਹਾਡੇ ਕਰਕੇ ਫ਼ਿਰਊਨ ਤੇ ਉਸ ਦੇ ਨੌਕਰ ਸਾਡੇ ਨਾਲ ਨਫ਼ਰਤ ਕਰਦੇ ਹਨ। ਤੁਸੀਂ ਉਨ੍ਹਾਂ ਦੇ ਹੱਥ ਤਲਵਾਰ ਦੇ ਦਿੱਤੀ ਹੈ ਤਾਂਕਿ ਉਹ ਸਾਨੂੰ ਮਾਰ ਦੇਣ।​—ਕੂਚ 5:21.

ਕਈ ਵਾਰ ਸਾਡੇ ʼਤੇ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਜਿਵੇਂ ਕਿ ਪਰਿਵਾਰ ਵੱਲੋਂ ਵਿਰੋਧ ਅਤੇ ਨੌਕਰੀ ਜਾਂ ਕੰਮ-ਧੰਦਾ ਛੁੱਟ ਜਾਣਾ। ਜਦੋਂ ਇਹ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ, ਤਾਂ ਸ਼ਾਇਦ ਸਾਡੀ ਉਮੀਦ ਟੁੱਟ ਜਾਵੇ ਅਤੇ ਅਸੀਂ ਨਿਰਾਸ਼ ਹੋ ਜਾਈਏ। ਸ਼ੈਤਾਨ ਇੱਦਾਂ ਦੇ ਮੌਕਿਆਂ ਦਾ ਫ਼ਾਇਦਾ ਚੁੱਕਦਾ ਹੈ ਅਤੇ ਸਾਡੇ ਮਨ ਵਿਚ ਸ਼ੱਕ ਪੈਦਾ ਕਰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ। ਸ਼ੈਤਾਨ ਸਾਡੇ ਮਨ ਵਿਚ ਇਹ ਗੱਲ ਬਿਠਾਉਣੀ ਚਾਹੁੰਦਾ ਹੈ ਕਿ ਯਹੋਵਾਹ ਅਤੇ ਉਸ ਦੇ ਸੰਗਠਨ ਮੁਤਾਬਕ ਚੱਲਣ ਕਰ ਕੇ ਹੀ ਸਾਡੇ ʼਤੇ ਦੁੱਖ-ਮੁਸੀਬਤਾਂ ਆ ਰਹੀਆਂ ਹਨ। ਮਿਸਰ ਵਿਚ ਕੁਝ ਇਜ਼ਰਾਈਲੀਆਂ ਨਾਲ ਵੀ ਇਸੇ ਤਰ੍ਹਾਂ ਹੋਇਆ। ਪਹਿਲਾਂ-ਪਹਿਲ ਤਾਂ ਉਨ੍ਹਾਂ ਨੇ ਯਕੀਨ ਕੀਤਾ ਕਿ ਯਹੋਵਾਹ ਨੇ ਹੀ ਮੂਸਾ ਤੇ ਹਾਰੂਨ ਨੂੰ ਉਨ੍ਹਾਂ ਨੂੰ ਗ਼ੁਲਾਮੀ ਤੋਂ ਛੁਡਾਉਣ ਲਈ ਭੇਜਿਆ ਸੀ। (ਕੂਚ 4:29-31) ਪਰ ਬਾਅਦ ਵਿਚ ਜਦੋਂ ਫ਼ਿਰਊਨ ਨੇ ਉਨ੍ਹਾਂ ʼਤੇ ਹੋਰ ਵੀ ਜ਼ਿਆਦਾ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ, ਤਾਂ ਉਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਲਈ ਮੂਸਾ ਤੇ ਹਾਰੂਨ ਨੂੰ ਦੋਸ਼ੀ ਠਹਿਰਾਇਆ। (ਕੂਚ 5:19-20) ਕਿੰਨੀ ਹੀ ਦੁੱਖ ਦੀ ਗੱਲ ਹੈ ਕਿ ਇਜ਼ਰਾਈਲੀਆਂ ਨੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ʼਤੇ ਭਰੋਸਾ ਕਰਨ ਦੀ ਬਜਾਇ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾ ਦਿੱਤਾ। ਜੇ ਤੁਹਾਡੀਆਂ ਵੀ ਦੁੱਖ-ਮੁਸੀਬਤਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ, ਤਾਂ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ ਅਤੇ ਮਦਦ ਲਈ ਉਸ ʼਤੇ ਭਰੋਸਾ ਰੱਖੋ। w22.11 15 ਪੈਰੇ 5-6

ਸ਼ੁੱਕਰਵਾਰ 23 ਅਗਸਤ

ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ੁਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਉਸ ਦੀ ਗੱਲ ਵੱਲ ਧਿਆਨ ਦੇਣਗੇ, ਉਹ ਜੀਉਂਦੇ ਰਹਿਣਗੇ।​—ਯੂਹੰ. 5:25.

ਯਹੋਵਾਹ ਜੀਵਨ ਦਾਤਾ ਹੈ ਅਤੇ ਉਸ ਕੋਲ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ। ਉਸ ਨੇ ਏਲੀਯਾਹ ਨਬੀ ਨੂੰ ਤਾਕਤ ਦਿੱਤੀ ਸੀ ਜਿਸ ਕਰਕੇ ਉਹ ਸਾਰਫਥ ਦੀ ਇਕ ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕਰ ਸਕਿਆ। (1 ਰਾਜ. 17:21-23) ਇਸ ਤੋਂ ਇਲਾਵਾ, ਅਲੀਸ਼ਾ ਨਬੀ ਨੇ ਪਰਮੇਸ਼ੁਰ ਦੀ ਮਦਦ ਨਾਲ ਸ਼ੂਨੰਮੀ ਔਰਤ ਦੇ ਮੁੰਡੇ ਨੂੰ ਜੀਉਂਦਾ ਕੀਤਾ ਸੀ। (2 ਰਾਜ. 4:18-20, 34-37) ਬਾਈਬਲ ਵਿਚ ਕੁਝ ਹੋਰ ਵੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਕੋਲ ਮਰੇ ਹੋਇਆ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ। ਉਸ ਨੇ ਇਹ ਤਾਕਤ ਆਪਣੇ ਪੁੱਤਰ ਯਿਸੂ ਨੂੰ ਵੀ ਦਿੱਤੀ ਸੀ। ਇਸ ਲਈ ਧਰਤੀ ʼਤੇ ਹੁੰਦਿਆਂ ਯਿਸੂ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰ ਸਕਿਆ। (ਯੂਹੰ. 11:23-25, 43, 44) ਹੁਣ ਯਿਸੂ ਸਵਰਗ ਵਿਚ ਹੈ ਅਤੇ ਉਸ ਨੂੰ ‘ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਦਿੱਤਾ ਗਿਆ ਹੈ।’ ਇਸ ਕਰਕੇ ਯਿਸੂ ਆਪਣਾ ਇਹ ਵਾਅਦਾ ਪੂਰਾ ਕਰਨ ਦੇ ਕਾਬਲ ਹੈ ਕਿ “ਕਬਰਾਂ ਵਿਚ ਪਏ ਸਾਰੇ ਲੋਕ” ਜੀਉਂਦੇ ਕੀਤੇ ਜਾਣਗੇ ਅਤੇ ਜੀਉਂਦੇ ਕੀਤੇ ਲੋਕਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੋਵੇਗਾ।​—ਮੱਤੀ 28:18; ਯੂਹੰ. 5:26-29. w22.12 5 ਪੈਰਾ 10

ਸ਼ਨੀਵਾਰ 24 ਅਗਸਤ

ਇਜ਼ਰਾਈਲ ਦੇ ਘਰਾਣੇ ਦੇ ਲੋਕ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ ਕਿਉਂਕਿ ਉਹ ਮੇਰੀ ਗੱਲ ਨਹੀਂ ਸੁਣਨੀ ਚਾਹੁੰਦੇ।​—ਹਿਜ਼. 3:7.

ਅੱਜ ਦੇ ਹਵਾਲੇ ਵਿਚ ਕਹੇ ਸ਼ਬਦਾਂ ਨੂੰ ਸੁਣ ਕੇ ਹਿਜ਼ਕੀਏਲ ਸਮਝ ਗਿਆ ਹੋਣਾ ਕਿ ਜਦੋਂ ਲੋਕ ਉਸ ਦੀ ਗੱਲ ਨਹੀਂ ਸੁਣਨਗੇ, ਤਾਂ ਅਸਲ ਵਿਚ ਉਹ ਯਹੋਵਾਹ ਦੀ ਗੱਲ ਸੁਣਨ ਤੋਂ ਇਨਕਾਰ ਕਰ ਰਹੇ ਹੋਣਗੇ। ਇਸ ਲਈ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਨਬੀ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕੇਗਾ। ਇਸ ਤੋਂ ਇਲਾਵਾ, ਯਹੋਵਾਹ ਨੇ ਹਿਜ਼ਕੀਏਲ ਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਕਿ ਜਦੋਂ ਉਸ ਦੇ ਸੰਦੇਸ਼ ਮੁਤਾਬਕ ਉਹ ਲੋਕਾਂ ਨੂੰ ਸਜ਼ਾ ਦੇਵੇਗਾ, ਤਾਂ ਉਨ੍ਹਾਂ ਨੂੰ ਇਹ ਜ਼ਰੂਰ “ਪਤਾ ਲੱਗ ਜਾਵੇਗਾ ਕਿ ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ।” (ਹਿਜ਼. 2:5; 33:33) ਬਿਨਾਂ ਸ਼ੱਕ, ਇਨ੍ਹਾਂ ਗੱਲਾਂ ਤੋਂ ਹਿਜ਼ਕੀਏਲ ਨੂੰ ਪ੍ਰਚਾਰ ਦਾ ਆਪਣਾ ਕੰਮ ਪੂਰਾ ਕਰਨ ਦਾ ਹੌਸਲਾ ਜ਼ਰੂਰ ਮਿਲਿਆ ਹੋਣਾ। ਸਾਨੂੰ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਸਾਨੂੰ ਵੀ ਯਹੋਵਾਹ ਹੀ ਪ੍ਰਚਾਰ ਕਰਨ ਲਈ ਭੇਜਦਾ ਹੈ। ਉਹ ਸਾਨੂੰ ਆਪਣੇ “ਗਵਾਹ” ਬਣਨ ਦਾ ਮਾਣ ਬਖ਼ਸ਼ਦਾ ਹੈ। (ਯਸਾ. 43:10) ਇਹ ਸਾਡੇ ਲਈ ਕਿੰਨੇ ਹੀ ਵੱਡੇ ਸਨਮਾਨ ਦੀ ਗੱਲ ਹੈ! ਜਦੋਂ ਪ੍ਰਚਾਰ ਕਰਦਿਆਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਹਿਜ਼ਕੀਏਲ ਵਾਂਗ ਸਾਨੂੰ ਵੀ ਪ੍ਰਚਾਰ ਕਰਨ ਲਈ ਯਹੋਵਾਹ ਹੀ ਭੇਜਦਾ ਹੈ ਅਤੇ ਉਹ ਸਾਡੇ ਨਾਲ ਹੈ। ਜਿੱਦਾਂ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਸੀ: “ਤੂੰ ਉਨ੍ਹਾਂ ਤੋਂ ਨਾ ਡਰੀਂ,” ਉੱਦਾਂ ਹੀ ਉਹ ਅੱਜ ਸਾਨੂੰ ਵੀ ਕਹਿੰਦਾ ਹੈ: “ਖ਼ੌਫ਼ ਨਾ ਖਾਓ।”​—ਹਿਜ਼ 2:6; ਯਸਾ. 44:8. w22.11 3-4 ਪੈਰੇ 4-5

ਐਤਵਾਰ 25 ਅਗਸਤ

ਭਰੋਸੇਯੋਗ ਇਨਸਾਨ ਰਾਜ਼ ਨੂੰ ਰਾਜ਼ ਹੀ ਰੱਖਦਾ ਹੈ।​—ਕਹਾ. 11:13.

ਅਸੀਂ ਆਪਣੀ ਮੰਡਲੀ ਦੇ ਭਰੋਸੇਯੋਗ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਵਫ਼ਾਦਾਰ ਭਰਾ ਸਾਡੀਆਂ ਲੋੜਾਂ ਦਾ ਧਿਆਨ ਰੱਖਦੇ ਹਨ। ਇਨ੍ਹਾਂ ਵਾਂਗ ਭਰੋਸੇਯੋਗ ਬਣਨ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦੀ ਬਹੁਤ ਪਰਵਾਹ ਹੈ। ਇਸ ਲਈ ਅਸੀਂ ਅਕਸਰ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਾਂ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਹੱਦੋਂ-ਵੱਧ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਨਾ ਦੇਈਏ। ਪਹਿਲੀ ਸਦੀ ਦੀ ਮਸੀਹੀ ਮੰਡਲੀ ਵਿਚ ਕੁਝ ਲੋਕ “ਚੁਗ਼ਲੀਆਂ” ਕਰਦੇ ਸਨ ਅਤੇ ‘ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੇ’ ਸਨ ਅਤੇ ‘ਉਹ ਅਜਿਹੀਆਂ ਗੱਲਾਂ ਕਰਦੇ ਸਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ’ ਸਨ। (1 ਤਿਮੋ. 5:13) ਬਿਨਾਂ ਸ਼ੱਕ, ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ। ਜੇ ਕੋਈ ਭੈਣ ਜਾਂ ਭਰਾ ਸਾਨੂੰ ਆਪਣੀ ਕੋਈ ਗੱਲ ਦੱਸਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਅਸੀਂ ਉਸ ਦੀ ਗੱਲ ਕਿਸੇ ਹੋਰ ਨੂੰ ਦੱਸੀਏ, ਤਾਂ ਸਾਨੂੰ ਉਸ ਦੀ ਗੱਲ ਆਪਣੇ ਤਕ ਹੀ ਰੱਖਣੀ ਚਾਹੀਦੀ। ਹੋ ਸਕਦਾ ਹੈ ਕਿ ਕੋਈ ਭੈਣ ਸਾਨੂੰ ਆਪਣੀ ਕਿਸੇ ਬੀਮਾਰੀ ਬਾਰੇ ਜਾਂ ਕਿਸੇ ਹੋਰ ਮੁਸ਼ਕਲ ਬਾਰੇ ਦੱਸੇ ਅਤੇ ਉਹ ਚਾਹੁੰਦੀ ਹੋਵੇ ਕਿ ਅਸੀਂ ਉਸ ਦੀ ਗੱਲ ਕਿਸੇ ਹੋਰ ਕੋਲ ਨਾ ਕਰੀਏ। ਚੰਗਾ ਹੋਵੇਗਾ ਕਿ ਅਸੀਂ ਉਸ ਭੈਣ ਦੀ ਗੱਲ ਕਿਸੇ ਨੂੰ ਵੀ ਨਾ ਦੱਸੀਏ। w22.09 10 ਪੈਰੇ 7-8

ਸੋਮਵਾਰ 26 ਅਗਸਤ

ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।​—ਰੋਮੀ. 12:2.

ਆਪਣੀ ਸੋਚ ਨੂੰ ਬਦਲਦੇ ਰਹਿਣ ਲਈ ਸਾਡੇ ਵਾਸਤੇ ਥੋੜ੍ਹੇ-ਬਹੁਤੇ ਚੰਗੇ ਕੰਮ ਕਰਨੇ ਹੀ ਕਾਫ਼ੀ ਨਹੀਂ ਹਨ। ਇਸ ਦੀ ਬਜਾਇ, ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ ਅਤੇ ਫਿਰ ਸਾਨੂੰ ਜ਼ਰੂਰੀ ਬਦਲਾਅ ਵੀ ਕਰਨੇ ਚਾਹੀਦੇ ਹਨ ਤਾਂਕਿ ਅਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀ ਸਕੀਏ। ਸਾਨੂੰ ਆਪਣੀ ਜਾਂਚ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਮੁਕੰਮਲ ਹੋ ਜਾਵਾਂਗੇ, ਤਾਂ ਅਸੀਂ ਹਮੇਸ਼ਾ ਅਜਿਹੇ ਕੰਮ ਕਰ ਸਕਾਂਗੇ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਪਰ ਉਹ ਸਮਾਂ ਆਉਣ ਤਕ ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਜ਼ਰਾ ਧਿਆਨ ਦਿਓ ਕਿ ਰੋਮੀਆਂ 12:2 ਵਿਚ ਪੌਲੁਸ ਨੇ ਕੀ ਦੱਸਿਆ ਸੀ। ਉਸ ਨੇ ਦੱਸਿਆ ਕਿ ਪਰਮੇਸ਼ੁਰ ਦੀ ਇੱਛਾ ਜਾਣਨ ਲਈ ਸਾਨੂੰ ਆਪਣੀ ਸੋਚ ਨੂੰ ਬਦਲਦੇ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਪਹਿਲਾਂ ਸਾਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਾਡੇ ਟੀਚੇ ਅਤੇ ਫ਼ੈਸਲੇ ਪਰਮੇਸ਼ੁਰ ਦੀ ਸੋਚ ਮੁਤਾਬਕ ਹੋਣ, ਨਾ ਕਿ ਇਸ ਦੁਨੀਆਂ ਦੀ। ਜੇ ਅਸੀਂ ਇੱਦਾਂ ਨਹੀਂ ਕਰਾਂਗੇ, ਤਾਂ ਸਾਡੀ ਸੋਚ ʼਤੇ ਇਸ ਦੁਸ਼ਟ ਦੁਨੀਆਂ ਦਾ ਅਸਰ ਪੈ ਸਕਦਾ ਹੈ। w23.01 8-9 ਪੈਰੇ 3-4

ਮੰਗਲਵਾਰ 27 ਅਗਸਤ

ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ ਦੇ ਅਤੇ ਉਹ ਤੈਨੂੰ ਸੰਭਾਲੇਗਾ। ਉਹ ਧਰਮੀ ਨੂੰ ਕਦੇ ਵੀ ਡਿਗਣ ਨਹੀਂ ਦੇਵੇਗਾ।​—ਜ਼ਬੂ. 55:22.

ਕੀ ਯਹੋਵਾਹ ਹਰ ਮੁਸ਼ਕਲ ਵਿਚ ਦਖ਼ਲ ਦੇ ਕੇ ਸਾਨੂੰ ਬਚਾਉਂਦਾ ਹੈ? ਕੀ ਯਹੋਵਾਹ ਹਮੇਸ਼ਾ ਸਾਡੇ ਹਾਲਾਤਾਂ ਦਾ ਰੁਖ ਮੋੜ ਦਿੰਦਾ ਹੈ ਤਾਂਕਿ ਸਾਡੇ ਨਾਲ ਜੋ ਵੀ ਬੁਰਾ ਹੁੰਦਾ ਹੈ, ਉਸ ਦਾ ਚੰਗਾ ਨਤੀਜਾ ਨਿਕਲੇ? ਨਹੀਂ, ਬਾਈਬਲ ਇੱਦਾਂ ਦਾ ਕੁਝ ਨਹੀਂ ਕਹਿੰਦੀ। (ਉਪ. 8:9; 9:11) ਪਰ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡੇ ਉੱਤੇ ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਤਾਂ ਯਹੋਵਾਹ ਨੂੰ ਪਤਾ ਹੁੰਦਾ ਹੈ ਅਤੇ ਉਹ ਮਦਦ ਲਈ ਕੀਤੀਆਂ ਸਾਡੀਆਂ ਬੇਨਤੀਆਂ ਵੀ ਸੁਣਦਾ ਹੈ। (ਜ਼ਬੂ. 34:15; ਯਸਾ. 59:1) ਇੰਨਾ ਹੀ ਨਹੀਂ, ਯਾਦ ਰੱਖੋ ਕਿ ਯਹੋਵਾਹ ਹਰ ਮੁਸ਼ਕਲ ਨੂੰ ਸਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਕਿਵੇਂ? ਯਹੋਵਾਹ ਸਹੀ ਸਮੇਂ ʼਤੇ ਸਾਨੂੰ ਦਿਲਾਸਾ ਅਤੇ ਹੌਸਲਾ ਦੇ ਕੇ ਵੀ ਸਾਡੀ ਮਦਦ ਕਰਦਾ ਹੈ। (2 ਕੁਰਿੰ. 1:3, 4) ਕੀ ਤੁਹਾਨੂੰ ਉਹ ਘੜੀ ਯਾਦ ਹੈ ਜਦੋਂ ਯਹੋਵਾਹ ਨੇ ਤੁਹਾਨੂੰ ਦਿਲਾਸਾ ਦਿੱਤਾ ਸੀ ਅਤੇ ਤੁਹਾਡਾ ਹੌਸਲਾ ਵਧਾਇਆ ਸੀ, ਉਹ ਵੀ ਉਦੋਂ, ਜਦੋਂ ਤੁਹਾਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ? ਅਕਸਰ ਕਿਸੇ ਮੁਸ਼ਕਲ ਦੌਰਾਨ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਯਹੋਵਾਹ ਉਸ ਮੁਸ਼ਕਲ ਨੂੰ ਝੱਲਣ ਵਿਚ ਸਾਡੀ ਕਿਵੇਂ ਮਦਦ ਕਰ ਰਿਹਾ ਹੈ। w23.01 17-18 ਪੈਰੇ 13-15

ਬੁੱਧਵਾਰ 28 ਅਗਸਤ

‘ਉਹ ਵਹਿਸ਼ੀ ਦਰਿੰਦਾ, ਜਿਹੜਾ ਸੀ, ਪਰ ਹੁਣ ਨਹੀਂ ਹੈ, ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ।’​—ਪ੍ਰਕਾ. 17:11.

ਇਹ ਵਹਿਸ਼ੀ ਦਰਿੰਦਾ ਦੇਖਣ ਨੂੰ ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਵਰਗਾ ਹੈ। ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਇਹ ਦਰਿੰਦਾ ਗੂੜ੍ਹੇ ਲਾਲ ਰੰਗ ਦਾ ਹੈ। ਇਸ ਨੂੰ “ਵਹਿਸ਼ੀ ਦਰਿੰਦੇ ਦੀ ਮੂਰਤੀ” ਅਤੇ “ਅੱਠਵਾਂ ਰਾਜਾ” ਕਿਹਾ ਗਿਆ ਹੈ। (ਪ੍ਰਕਾ. 13:14, 15; 17:3, 8) ਇਸ ‘ਰਾਜੇ’ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਇਹ ਰਾਜਾ ਹੋਂਦ ਵਿਚ ਆਵੇਗਾ, ਫਿਰ ਖ਼ਤਮ ਹੋ ਜਾਵੇਗਾ ਅਤੇ ਫਿਰ ਦੁਬਾਰਾ ਵਾਪਸ ਆਵੇਗਾ। ਇਹ ਗੱਲ ਸੰਯੁਕਤ ਰਾਸ਼ਟਰ-ਸੰਘ ਬਾਰੇ ਬਿਲਕੁਲ ਸਹੀ ਹੈ ਜੋ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਦਾ ਸਮਰਥਨ ਕਰਦਾ ਹੈ। ਪਹਿਲਾਂ ਇਹ ਰਾਸ਼ਟਰ-ਸੰਘ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਫਿਰ ਦੂਜੇ ਵਿਸ਼ਵ ਯੁੱਧ ਦੌਰਾਨ ਇਹ ਖ਼ਤਮ ਹੋ ਗਿਆ ਸੀ। ਪਰ ਇਹ ਦੁਬਾਰਾ ਵਾਪਸ ਆਇਆ ਅਤੇ ਅੱਜ ਇਹ ਸੰਯੁਕਤ ਰਾਸ਼ਟਰ-ਸੰਘ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਵਹਿਸ਼ੀ ਦਰਿੰਦੇ ਯਾਨੀ ਸਰਕਾਰਾਂ ਗ਼ਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਸੇਵਕਾਂ ਦਾ ਵਿਰੋਧ ਕਰਨ ਲਈ ਭੜਕਾਉਣਗੀਆਂ। ਇਹ ਵਹਿਸ਼ੀ ਦਰਿੰਦੇ ‘ਸਾਰੀ ਧਰਤੀ ਦੇ ਰਾਜਿਆਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ [ਆਰਮਾਗੇਡਨ] ਲਈ ਇਕੱਠਾ’ ਕਰਨਗੇ।​—ਪ੍ਰਕਾ. 16:13, 14, 16. w22.05 10 ਪੈਰੇ 10-11

ਵੀਰਵਾਰ 29 ਅਗਸਤ

ਤੂੰ ਕੀ ਪੜ੍ਹਿਆ ਹੈ?​—ਲੂਕਾ 10:26.

ਜਦੋਂ ਯਿਸੂ ਨੇ ਖ਼ੁਦ ਪਵਿੱਤਰ ਲਿਖਤਾਂ ਪੜ੍ਹਨੀਆਂ ਸਿੱਖ ਲਈਆਂ, ਤਾਂ ਉਹ ਨਾ ਸਿਰਫ਼ ਪਵਿੱਤਰ ਲਿਖਤਾਂ ਨੂੰ ਜਾਣ ਸਕਿਆ, ਸਗੋਂ ਉਹ ਉਨ੍ਹਾਂ ਨੂੰ ਪਿਆਰ ਕਰਨ ਲੱਗ ਪਿਆ ਅਤੇ ਉਸ ਨੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਵੀ ਕੀਤਾ। ਉਦਾਹਰਣ ਲਈ, ਜ਼ਰਾ ਮੰਦਰ ਵਿਚ ਹੋਈ ਉਸ ਘਟਨਾ ʼਤੇ ਗੌਰ ਕਰੋ ਜਦੋਂ ਯਿਸੂ ਸਿਰਫ਼ 12 ਸਾਲਾਂ ਦਾ ਸੀ। ਮੂਸਾ ਦੇ ਕਾਨੂੰਨ ਦੇ ਮਾਹਰਾਂ ਨੂੰ “[ਯਿਸੂ] ਦੀ ਸਮਝ ਦੇਖ ਕੇ ਅਤੇ ਉਸ ਦੇ ਜਵਾਬ ਸੁਣ ਕੇ ਅਚੰਭਾ ਹੋ ਰਿਹਾ ਸੀ।” (ਲੂਕਾ 2:46, 47, 52) ਅਸੀਂ ਵੀ ਪਰਮੇਸ਼ੁਰ ਦੇ ਬਚਨ ਨੂੰ ਬਾਕਾਇਦਾ ਪੜ੍ਹ ਕੇ ਇਸ ਨੂੰ ਸਮਝ ਸਕਦੇ ਹਾਂ ਅਤੇ ਇਸ ਲਈ ਪਿਆਰ ਪੈਦਾ ਕਰ ਸਕਦੇ ਹਾਂ। ਯਿਸੂ ਨੇ ਮੂਸਾ ਦੇ ਕਾਨੂੰਨ ਨੂੰ ਜਾਣਨ ਵਾਲੇ ਗ੍ਰੰਥੀਆਂ, ਫ਼ਰੀਸੀਆਂ, ਸਦੂਕੀਆਂ ਅਤੇ ਹੋਰ ਲੋਕਾਂ ਨੂੰ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ʼਤੇ ਗੌਰ ਕਰ ਕੇ ਅਸੀਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਧਾਰਮਿਕ ਆਗੂ ਪਰਮੇਸ਼ੁਰ ਦੇ ਬਚਨ ਨੂੰ ਅਕਸਰ ਪੜ੍ਹਦੇ ਤਾਂ ਸਨ, ਪਰ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਸਨ ਜਿਸ ਕਰਕੇ ਉਹ ਇਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਨਹੀਂ ਪਾ ਸਕੇ। ਯਿਸੂ ਨੇ ਦੱਸਿਆ ਸੀ ਕਿ ਕਿਹੜੀਆਂ ਤਿੰਨ ਗੱਲਾਂ ਕਰਕੇ ਉਹ ਪਰਮੇਸ਼ੁਰ ਦੇ ਬਚਨ ਤੋਂ ਪੂਰਾ ਫ਼ਾਇਦਾ ਨਹੀਂ ਲੈ ਸਕੇ। ਉਨ੍ਹਾਂ ਨੂੰ ਕਹੀਆਂ ਯਿਸੂ ਦੀਆਂ ਗੱਲਾਂ ʼਤੇ ਗੌਰ ਕਰ ਕੇ ਸਾਡੀ ਮਦਦ ਹੋਵੇਗੀ ਕਿ ਅਸੀਂ ਕਿਵੇਂ (1) ਪਰਮੇਸ਼ੁਰ ਦੇ ਬਚਨ ਦੀਆਂ ਪੜ੍ਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ, (2) ਉਸ ਵਿੱਚੋਂ ਅਨਮੋਲ ਸੱਚਾਈਆਂ ਲੱਭ ਸਕਦੇ ਹਾਂ ਅਤੇ (3) ਉਸ ਮੁਤਾਬਕ ਆਪਣੇ ਆਪ ਨੂੰ ਢਾਲ਼ ਸਕਦੇ ਹਾਂ। w23.02 8-9 ਪੈਰੇ 2-3

ਸ਼ੁੱਕਰਵਾਰ 30 ਅਗਸਤ

ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ।​—ਕਹਾ. 22:3.

ਜਿਨ੍ਹਾਂ ਗੱਲਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ, ਉਨ੍ਹਾਂ ਵਿੱਚੋਂ ਕੁਝ ਹਨ: ਇਸ਼ਕਬਾਜ਼ੀ ਜਾਂ ਫਲਰਟ ਕਰਨਾ, ਬੇਹਿਸਾਬੀ ਸ਼ਰਾਬ ਪੀਣੀ, ਹੱਦੋਂ ਵੱਧ ਖਾਣਾ-ਪੀਣਾ, ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕਹਿਣੀਆਂ, ਮਾਰ-ਧਾੜ ਵਾਲੇ ਪ੍ਰੋਗ੍ਰਾਮ ਜਾਂ ਫ਼ਿਲਮਾਂ ਦੇਖਣੀਆਂ, ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਅਤੇ ਹੋਰ ਇਹੋ ਜਿਹੇ ਕੰਮ। ਸਾਨੂੰ ਅਜਿਹੇ ਸਾਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। (ਜ਼ਬੂ. 101:3) ਸ਼ੈਤਾਨ ਹਮੇਸ਼ਾ ਇਸੇ ਤਾਕ ਵਿਚ ਰਹਿੰਦਾ ਹੈ ਕਿ ਉਹ ਕਿਸੇ ਤਰ੍ਹਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਦੇਵੇ। (1 ਪਤ. 5:8) ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਸ਼ੈਤਾਨ ਸਾਡੇ ਮਨ ਵਿਚ ਜ਼ਹਿਰੀਲੇ ਬੀ ਬੀਜ ਸਕਦਾ ਹੈ, ਜਿਵੇਂ ਕਿ ਸ਼ਾਇਦ ਅਸੀਂ ਦੂਜਿਆਂ ਨਾਲ ਈਰਖਾ ਕਰਨ ਲੱਗ ਪਈਏ, ਝੂਠ ਬੋਲਣ ਜਾਂ ਬੇਈਮਾਨੀ ਕਰਨ ਲੱਗ ਪਈਏ, ਲਾਲਚ ਕਰਨ ਲੱਗ ਪਈਏ, ਘਮੰਡੀ ਬਣ ਜਾਈਏ, ਦੂਜਿਆਂ ਪ੍ਰਤੀ ਨਾਰਾਜ਼ਗੀ ਪਾਲ਼ੀ ਰੱਖੀਏ ਜਾਂ ਉਨ੍ਹਾਂ ਨਾਲ ਨਫ਼ਰਤ ਕਰਨ ਲੱਗ ਪਈਏ। (ਗਲਾ. 5:19-21) ਜੇ ਅਸੀਂ ਉਸੇ ਵੇਲੇ ਆਪਣੇ ਮਨ ਵਿੱਚੋਂ ਇਨ੍ਹਾਂ ਨੂੰ ਨਹੀਂ ਕੱਢਦੇ, ਤਾਂ ਇਹ ਜ਼ਹਿਰੀਲੇ ਬੀ ਵਧਦੇ ਜਾਣਗੇ ਅਤੇ ਇਨ੍ਹਾਂ ਨਾਲ ਸਾਡਾ ਬਹੁਤ ਨੁਕਸਾਨ ਹੋ ਸਕਦਾ ਹੈ। (ਯਾਕੂ. 1:14, 15) ਇਕ ਗੁੱਝਾ ਖ਼ਤਰਾ ਹੈ, ਬੁਰੀ ਸੰਗਤੀ। ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਉਨ੍ਹਾਂ ਨਾਲ ਜਿੰਨਾ ਸਮਾਂ ਬਿਤਾਵਾਂਗੇ, ਅਸੀਂ ਉੱਨਾ ਹੀ ਉਨ੍ਹਾਂ ਵਰਗੇ ਬਣਦੇ ਜਾਵਾਂਗੇ। (1 ਕੁਰਿੰ. 15:33) ਇਸ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਵੱਲ ਧਿਆਨ ਦਿੰਦੇ ਰਹੀਏ। ਫਿਰ ਅਸੀਂ ਅਜਿਹੇ ਲੋਕਾਂ ਨਾਲ ਬੇਵਜ੍ਹਾ ਸਮਾਂ ਨਹੀਂ ਬਿਤਾਵਾਂਗੇ ਜੋ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ। (ਲੂਕਾ 21:34; 2 ਕੁਰਿੰ. 6:15) ਇਸ ਲਈ ਅਸੀਂ ਜਦੋਂ ਵੀ ਕੋਈ ਖ਼ਤਰਾ ਦੇਖਦੇ ਹਾਂ, ਤਾਂ ਸਾਨੂੰ ਉਸ ਤੋਂ ਦੂਰ ਭੱਜਣਾ ਚਾਹੀਦਾ ਹੈ। w23.02 16 ਪੈਰਾ 7; 17 ਪੈਰੇ 10-11

ਸ਼ਨੀਵਾਰ 31 ਅਗਸਤ

ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।​—1 ਯੂਹੰ. 5:3.

ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਬਾਰੇ ਸਿੱਖਦੇ ਗਏ, ਉੱਦਾਂ-ਉੱਦਾਂ ਤੁਹਾਡਾ ਉਸ ਲਈ ਪਿਆਰ ਵਧਦਾ ਗਿਆ। ਬਿਨਾਂ ਸ਼ੱਕ, ਹੁਣ ਤਕ ਉਸ ਨਾਲ ਤੁਹਾਡਾ ਇਕ ਵਧੀਆ ਰਿਸ਼ਤਾ ਬਣਾ ਗਿਆ ਹੋਣਾ। ਨਾਲੇ ਤੁਸੀਂ ਚਾਹੁੰਦੇ ਹੋਣੇ ਕਿ ਇਹ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਜਾਵੇ। ਜੀ ਹਾਂ, ਤੁਸੀਂ ਇੱਦਾਂ ਕਰ ਸਕਦੇ ਹੋ! ਯਹੋਵਾਹ ਆਪ ਵੀ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਦਿਲ ਖ਼ੁਸ਼ ਕਰੋ ਅਤੇ ਉਸ ਦੇ ਹੋਰ ਨੇੜੇ ਆਓ। (ਕਹਾ. 23:15, 16) ਤੁਸੀਂ ਨਾ ਸਿਰਫ਼ ਆਪਣੀਆਂ ਗੱਲਾਂ ਰਾਹੀਂ, ਸਗੋਂ ਕੰਮਾਂ ਰਾਹੀਂ ਵੀ ਇੱਦਾਂ ਕਰ ਸਕਦੇ ਹੋ। ਤੁਸੀਂ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਦਿਖਾ ਸਕਦੇ ਹੋ ਕਿ ਤੁਸੀਂ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਉਸ ਦਾ ਦਿਲ ਖ਼ੁਸ਼ ਕਰਨਾ ਚਾਹੁੰਦੇ ਹੋ। ਇਸ ਤੋਂ ਵਧੀਆ ਟੀਚਾ ਹੋਰ ਕੀ ਹੋ ਸਕਦਾ? ਤੁਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹੋ? ਸਭ ਤੋਂ ਪਹਿਲਾਂ, ਤੁਸੀਂ ਇਕ ਖ਼ਾਸ ਪ੍ਰਾਰਥਨਾ ਵਿਚ ਸੱਚੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ। (ਜ਼ਬੂ. 40:8) ਫਿਰ ਆਪਣੇ ਸਮਰਪਣ ਨੂੰ ਸਾਰਿਆਂ ਸਾਮ੍ਹਣੇ ਜ਼ਾਹਰ ਕਰਨ ਲਈ ਬਪਤਿਸਮਾ ਲਓ। ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀਆਂ ਭਰਿਆਂ ਮੌਕਾ ਹੋਵੇਗਾ। ਹੁਣ ਤੁਸੀਂ ਆਪਣੀ ਜ਼ਿੰਦਗੀ ਦਾ ਇਕ ਨਵਾਂ ਸਫ਼ਰ ਸ਼ੁਰੂ ਕਰੋਗੇ। ਹੁਣ ਤੋਂ ਤੁਸੀਂ ਆਪਣੇ ਲਈ ਨਹੀਂ, ਸਗੋਂ ਯਹੋਵਾਹ ਲਈ ਜੀਓਗੇ। (ਰੋਮੀ. 14:8; 1 ਪਤ. 4:1, 2) ਤੁਹਾਨੂੰ ਸ਼ਾਇਦ ਲੱਗੇ ਕਿ ਇਹ ਤਾਂ ਬਹੁਤ ਵੱਡਾ ਕਦਮ ਹੈ। ਇਹ ਗੱਲ ਸੱਚ ਹੈ, ਪਰ ਘਬਰਾਓ ਨਾ। ਇਹ ਕਦਮ ਚੁੱਕਣ ਕਰਕੇ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਜੀਓਗੇ। w23.03 5-6 ਪੈਰੇ 14-15

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ