ਸਤੰਬਰ
ਐਤਵਾਰ 1 ਸਤੰਬਰ
ਜਿਹੜਾ ਇਨਸਾਨ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ, ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ, ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ।—ਯਾਕੂ. 1:26.
ਜਦੋਂ ਅਸੀਂ ਬੋਲੀ ਦੇ ਤੋਹਫ਼ੇ ਨੂੰ ਚੰਗੀ ਤਰ੍ਹਾਂ ਵਰਤਦੇ ਹਾਂ, ਤਾਂ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਸੇਵਕ ਹਾਂ। ਸਾਡੀ ਬੋਲੀ ਤੋਂ ਲੋਕ “ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਚ ਫ਼ਰਕ” ਸਾਫ਼ ਦੇਖ ਸਕਦੇ ਹਨ। (ਮਲਾ. 3:18) ਜ਼ਰਾ ਭੈਣ ਕਿੰਮਬਰਲੇ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਆਪਣੀ ਕਲਾਸ ਦੀ ਇਕ ਕੁੜੀ ਨਾਲ ਮਿਲ ਕੇ ਸਕੂਲ ਦਾ ਕੰਮ ਕਰਨ ਲਈ ਕਿਹਾ ਗਿਆ। ਇਕੱਠੇ ਕੰਮ ਕਰ ਕੇ ਉਸ ਕੁੜੀ ਨੇ ਦੇਖਿਆ ਕਿ ਕਿੰਮਬਰਲੇ ਬਾਕੀ ਵਿਦਿਆਰਥੀਆਂ ਨਾਲੋਂ ਬਹੁਤ ਵੱਖਰੀ ਸੀ। ਕਿੰਮਬਰਲੇ ਪਿੱਠ ਪਿੱਛੇ ਦੂਜਿਆਂ ਦੀ ਬੁਰਾਈ ਨਹੀਂ ਕਰਦੀ ਸੀ ਅਤੇ ਨਾ ਹੀ ਗਾਲ਼ਾਂ ਕੱਢਦੀ ਸੀ, ਸਗੋਂ ਦੂਜਿਆਂ ਨਾਲ ਚੰਗੇ ਤਰੀਕੇ ਨਾਲ ਗੱਲ ਕਰਦੀ ਸੀ। ਕਿੰਮਬਰਲੇ ਦਾ ਉਸ ਕੁੜੀ ʼਤੇ ਚੰਗਾ ਅਸਰ ਪਿਆ ਜਿਸ ਕਰਕੇ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਸਾਡੀ ਬੋਲੀ ਕਰਕੇ ਲੋਕ ਸੱਚਾਈ ਵੱਲ ਖਿੱਚੇ ਆਉਂਦੇ ਹਨ! ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਦੀ ਮਹਿਮਾ ਕਰੀਏ। w22.04 5-6 ਪੈਰੇ 5-7
ਸੋਮਵਾਰ 2 ਸਤੰਬਰ
‘ਤੀਵੀਆਂ ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।’—ਲੂਕਾ 8:3.
ਯਿਸੂ ਨੇ ਮਰੀਅਮ ਮਗਦਲੀਨੀ ਵਿੱਚੋਂ ਸੱਤ ਦੁਸ਼ਟ ਦੂਤਾਂ ਨੂੰ ਕੱਢਿਆ। ਉਹ ਯਿਸੂ ਦੀ ਬਹੁਤ ਸ਼ੁਕਰਗੁਜ਼ਾਰ ਹੋਈ ਹੋਣੀ। ਇਸ ਕਰਕੇ ਉਹ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਲੱਗ ਪਈ ਅਤੇ ਪ੍ਰਚਾਰ ਵਿਚ ਉਸ ਦਾ ਸਾਥ ਦੇਣ ਪਈ। (ਲੂਕਾ 8:1-3) ਚਾਹੇ ਮਰੀਅਮ ਉਸ ਸਭ ਲਈ ਸ਼ੁਕਰਗੁਜ਼ਾਰ ਸੀ ਜੋ ਯਿਸੂ ਨੇ ਉਸ ਲਈ ਕੀਤਾ ਸੀ, ਪਰ ਉਹ ਸ਼ਾਇਦ ਇਹ ਨਹੀਂ ਜਾਣਦੀ ਸੀ ਕਿ ਯਿਸੂ ਇਸ ਤੋਂ ਵੀ ਵੱਧ ਉਸ ਲਈ ਕੁਝ ਕਰਨ ਵਾਲਾ ਸੀ। ਯਿਸੂ ਨੇ ਆਪਣੀ ਜਾਨ ਕੁਰਬਾਨ ਕਰਨੀ ਸੀ “ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ” ਦੇਵੇ, ਉਹ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਵੇ। (ਯੂਹੰ. 3:16) ਮਰੀਅਮ ਮਗਦਲੀਨੀ ਨੇ ਯਿਸੂ ਪ੍ਰਤੀ ਵਫ਼ਾਦਾਰ ਰਹਿ ਕੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ। ਜਦੋਂ ਯਿਸੂ ਨੂੰ ਤਸੀਹੇ ਦੀ ਸੂਲ਼ੀ ʼਤੇ ਟੰਗਿਆ ਗਿਆ ਸੀ ਅਤੇ ਉਹ ਬਹੁਤ ਦਰਦ ਵਿਚ ਸੀ, ਤਾਂ ਮਰੀਅਮ ਉੱਥੇ ਹੀ ਸੀ ਕਿਉਂਕਿ ਉਸ ਨੂੰ ਯਿਸੂ ਦੀ ਪਰਵਾਹ ਸੀ ਅਤੇ ਉਹ ਉੱਥੇ ਖੜ੍ਹੇ ਹੋਰ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦੀ ਸੀ। (ਯੂਹੰ. 19:25) ਯਿਸੂ ਦੀ ਮੌਤ ਤੋਂ ਬਾਅਦ ਮਰੀਅਮ ਅਤੇ ਦੋ ਹੋਰ ਔਰਤਾਂ ਮਸਾਲੇ ਲੈ ਕੇ ਉਸ ਦੀ ਕਬਰ ʼਤੇ ਗਈਆਂ ਤਾਂਕਿ ਉਸ ਦੇ ਸਰੀਰ ਨੂੰ ਦਫ਼ਨਾਉਣ ਲਈ ਤਿਆਰ ਕਰ ਸਕਣ। (ਮਰ. 16:1, 2) ਜਦੋਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਤਾਂ ਮਰੀਅਮ ਨੂੰ ਉਸ ਨੂੰ ਮਿਲਣ ਅਤੇ ਉਸ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਦ ਕਿ ਇਹ ਮੌਕਾ ਯਿਸੂ ਦੇ ਕੁਝ ਹੋਰ ਚੇਲਿਆਂ ਨੂੰ ਨਹੀਂ ਮਿਲਿਆ ਸੀ।—ਯੂਹੰ. 20:11-18. w23.01 27 ਪੈਰਾ 4
ਮੰਗਲਵਾਰ 3 ਸਤੰਬਰ
ਕਾਸ਼ ਤੂੰ ਠੰਢਾ ਹੁੰਦਾ ਜਾਂ ਗਰਮ!—ਪ੍ਰਕਾ. 3:15.
ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਯਹੋਵਾਹ ਦੀ ਬਹੁਤ ਸੇਵਾ ਕਰ ਚੁੱਕੇ ਹਾਂ ਅਤੇ ਹੁਣ ਸਾਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ। ਹੋ ਸਕਦਾ ਹੈ ਕਿ ਅੱਜ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲਾਂ ਆਉਣ, ਪਰ ਸਾਨੂੰ ਹਮੇਸ਼ਾ “ਪ੍ਰਭੂ ਦੇ ਕੰਮ” ਵਿਚ ਰੁੱਝੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਅੰਤ ਆਉਣ ਤਕ ਜਾਗਦੇ ਅਤੇ ਸਾਵਧਾਨ ਰਹੀਏ। (1 ਕੁਰਿੰ. 15:58; ਮੱਤੀ 24:13; ਮਰ. 13:33) ਸਾਨੂੰ ਪੂਰੇ ਦਿਲ ਤੇ ਪੂਰੇ ਜੋਸ਼ ਨਾਲ ਭਗਤੀ ਕਰਨੀ ਚਾਹੀਦੀ ਹੈ। ਲਾਉਦਿਕੀਆ ਦੀ ਮੰਡਲੀ ਨੂੰ ਦਿੱਤੇ ਸੰਦੇਸ਼ ਵਿਚ ਯਿਸੂ ਨੇ ਇਸ ਮੰਡਲੀ ਦੀ ਇਕ ਸਮੱਸਿਆ ਬਾਰੇ ਦੱਸਿਆ। ਇਸ ਮੰਡਲੀ ਦੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਨਾ ਤਾਂ ਠੰਢੇ ਤੇ ਨਾ ਹੀ ਗਰਮ ਸਨ, ਸਗੋਂ ਉਹ ‘ਕੋਸੇ’ ਸਨ। ਇਸ ਲਈ ਯਿਸੂ ਨੇ ਕਿਹਾ ਕਿ ਉਨ੍ਹਾਂ ਦੀ “ਹਾਲਤ ਕਿੰਨੀ ਬੁਰੀ ਅਤੇ ਤਰਸਯੋਗ” ਸੀ। ਨਾਲੇ ਯਿਸੂ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਯਹੋਵਾਹ ਅਤੇ ਭਗਤੀ ਦੇ ਕੰਮਾਂ ਲਈ ਪੂਰਾ ਜੋਸ਼ ਦਿਖਾਉਣ। (ਪ੍ਰਕਾ. 3:16, 17, 19) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਸਾਡਾ ਜੋਸ਼ ਠੰਢਾ ਪੈ ਗਿਆ ਹੈ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿਚ ਉਨ੍ਹਾਂ ਸਾਰੀਆਂ ਬਰਕਤਾਂ ਲਈ ਕਦਰ ਵਧਾਈਏ ਜੋ ਯਹੋਵਾਹ ਸਾਨੂੰ ਦਿੰਦਾ ਹੈ। (ਪ੍ਰਕਾ. 3:18) ਸਾਨੂੰ ਕਦੇ ਵੀ ਆਰਾਮਦਾਇਕ ਜ਼ਿੰਦਗੀ ਹਾਸਲ ਕਰਨ ਵਿਚ ਇੰਨਾ ਨਹੀਂ ਰੁੱਝ ਜਾਣਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ ਹੀ ਭੁੱਲ ਜਾਈਏ। w22.05 3-4 ਪੈਰੇ 7-8
ਬੁੱਧਵਾਰ 4 ਸਤੰਬਰ
‘ਯਹੋਵਾਹ ਤੋਂ ਡਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।’—ਮਲਾ. 3:16.
ਯਹੋਵਾਹ ਹਜ਼ਾਰਾਂ ਸਾਲਾਂ ਤੋਂ ਇਕ ਖ਼ਾਸ ਕਿਤਾਬ ਲਿਖਦਾ ਆ ਰਿਹਾ ਹੈ। ਇਸ ਕਿਤਾਬ ਵਿਚ ਉਸ ਨੇ ਆਪਣੇ ਵਫ਼ਾਦਾਰ ਸੇਵਕਾਂ ਦੇ ਨਾਂ ਲਿਖੇ ਹਨ। ਇਸ ਵਿਚ ਸਭ ਤੋਂ ਪਹਿਲਾਂ ਵਫ਼ਾਦਾਰ ਸੇਵਕ ਹਾਬਲ ਦਾ ਨਾਂ ਲਿਖਿਆ ਗਿਆ। (ਲੂਕਾ 11:50, 51) ਉਦੋਂ ਤੋਂ ਲੈ ਕੇ ਹੁਣ ਤਕ ਯਹੋਵਾਹ ਲੱਖਾਂ-ਕਰੋੜਾਂ ਲੋਕਾਂ ਨੂੰ “ਯਾਦ ਰੱਖਣ ਲਈ” ਇਸ ਕਿਤਾਬ ਵਿਚ ਉਨ੍ਹਾਂ ਦੇ ਨਾਂ ਦਰਜ ਕਰ ਚੁੱਕਾ ਹੈ। (ਮਲਾ. 3:16) ਬਾਈਬਲ ਵਿਚ ਇਸ ਕਿਤਾਬ ਨੂੰ “ਜੀਵਨ ਦੀ ਕਿਤਾਬ” ਕਿਹਾ ਗਿਆ ਹੈ। (ਪ੍ਰਕਾ. 3:5; 17:8) ਇਸ ਖ਼ਾਸ ਕਿਤਾਬ ਵਿਚ ਉਨ੍ਹਾਂ ਸਾਰੇ ਸੇਵਕਾਂ ਦੇ ਨਾਂ ਦਰਜ ਹਨ ਜੋ ਯਹੋਵਾਹ ਤੋਂ ਡਰਦੇ ਹਨ ਅਤੇ ਉਸ ਦੇ ਨਾਂ ਦਾ ਗਹਿਰਾ ਆਦਰ ਕਰਦੇ ਹਨ। ਉਨ੍ਹਾਂ ਸਾਰਿਆਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਹੈ। ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਫਿਰ ਧਰਤੀ ʼਤੇ ਰਹਿਣ ਦੀ, ਅਸੀਂ ਸਾਰੇ ਜਣੇ ਇਸ ਕਿਤਾਬ ਵਿਚ ਆਪਣਾ ਨਾਂ ਲਿਖਾਉਣਾ ਚਾਹੁੰਦੇ ਹਾਂ। ਜੇ ਅਸੀਂ ਯਿਸੂ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰ ਕੇ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਦੇ ਹਾਂ, ਤਾਂ ਅਸੀਂ ਇਸ ਕਿਤਾਬ ਵਿਚ ਆਪਣਾ ਨਾਂ ਲਿਖਾ ਸਕਦੇ ਹਾਂ।—ਯੂਹੰ. 3:16, 36. w22.09 14 ਪੈਰੇ 1-2
ਵੀਰਵਾਰ 5 ਸਤੰਬਰ
ਸ਼ੈਤਾਨ ਨੂੰ ਜਿਸ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਸੀ, ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ।—ਪ੍ਰਕਾ. 20:10.
ਪ੍ਰਕਾਸ਼ ਦੀ ਕਿਤਾਬ ਵਿਚ ‘ਗੂੜ੍ਹੇ ਲਾਲ ਰੰਗ ਦੇ ਅਜਗਰ’ ਬਾਰੇ ਵੀ ਦੱਸਿਆ ਗਿਆ ਹੈ। (ਪ੍ਰਕਾ. 12:3) ਇਹ ਅਜਗਰ ਯਿਸੂ ਅਤੇ ਉਸ ਦੇ ਦੂਤਾਂ ਨਾਲ ਯੁੱਧ ਕਰਦਾ ਹੈ। (ਪ੍ਰਕਾ. 12:7-9) ਨਾਲੇ ਇਹ ਅਜਗਰ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਦਾ ਹੈ ਅਤੇ ਵਹਿਸ਼ੀ ਦਰਿੰਦਿਆਂ ਜਾਂ ਇਨਸਾਨੀ ਸਰਕਾਰਾਂ ਨੂੰ ਤਾਕਤ ਦਿੰਦਾ ਹੈ। (ਪ੍ਰਕਾ. 12:17; 13:4) ਇਹ ਅਜਗਰ ਕੌਣ ਹੈ? ਇਹ ਉਹੀ ‘ਪੁਰਾਣਾ ਸੱਪ ਯਾਨੀ ਤੁਹਮਤਾਂ ਲਾਉਣ ਵਾਲਾ ਸ਼ੈਤਾਨ ਹੈ।’ (ਪ੍ਰਕਾ. 12:9; 20:2) ਇਹ ਯਹੋਵਾਹ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਇਹੀ ਯਹੋਵਾਹ ਦੇ ਬਾਕੀ ਸਾਰੇ ਦੁਸ਼ਮਣਾਂ ਨੂੰ ਉਸ ਦੇ ਲੋਕਾਂ ਖ਼ਿਲਾਫ਼ ਵਰਤਦਾ ਹੈ। ਅਜਗਰ ਦਾ ਕੀ ਹਸ਼ਰ ਹੋਵੇਗਾ? ਪ੍ਰਕਾਸ਼ ਦੀ ਕਿਤਾਬ 20:1-3 ਵਿਚ ਦੱਸਿਆ ਗਿਆ ਹੈ ਕਿ ਇਕ ਦੂਤ ਸ਼ੈਤਾਨ ਨੂੰ ਅਥਾਹ ਕੁੰਡ ਵਿਚ ਸੁੱਟ ਦੇਵੇਗਾ। ਅਥਾਹ ਕੁੰਡ ਸ਼ੈਤਾਨ ਨੂੰ ਕੈਦ ਵਿਚ ਰੱਖੇ ਜਾਣ ਦੀ ਹਾਲਤ ਨੂੰ ਦਰਸਾਉਂਦਾ ਹੈ। ਕੈਦ ਵਿਚ ਹੁੰਦਿਆਂ ਸ਼ੈਤਾਨ “1,000 ਸਾਲ ਪੂਰੇ ਹੋਣ ਤਕ ਕੌਮਾਂ ਨੂੰ ਗੁਮਰਾਹ” ਨਹੀਂ ਕਰ ਸਕੇਗਾ। ਅਖ਼ੀਰ ਵਿਚ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ” ਯਾਨੀ ਉਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਵੇਗਾ। ਜ਼ਰਾ ਸੋਚੋ! ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੇ ਨਾਸ਼ ਤੋਂ ਬਾਅਦ ਸਾਰਿਆਂ ਨੂੰ ਕਿੰਨਾ ਸੁੱਖ ਦਾ ਸਾਹ ਆਵੇਗਾ! w22.05 14 ਪੈਰੇ 19-20
ਸ਼ੁੱਕਰਵਾਰ 6 ਸਤੰਬਰ
ਜਿਹੜਾ ਚੋਰੀ ਕਰਦਾ ਹੈ, ਉਹ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ।—ਅਫ਼. 4:28.
ਯਿਸੂ ਬਹੁਤ ਮਿਹਨਤੀ ਸੀ। ਉਸ ਨੇ ਆਪਣੇ ਵੱਡੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਰਖਾਣ ਦਾ ਕੰਮ ਕੀਤਾ। (ਮਰ. 6:3) ਬਿਨਾਂ ਸ਼ੱਕ, ਇਹ ਦੇਖ ਕੇ ਉਸ ਦੇ ਮਾਪੇ ਬਹੁਤ ਖ਼ੁਸ਼ ਹੋਏ ਹੋਣੇ। ਮੁਕੰਮਲ ਹੋਣ ਕਰਕੇ ਉਹ ਬਹੁਤ ਵਧੀਆ ਤਰਖਾਣ ਦਾ ਕੰਮ ਕਰਦਾ ਹੋਣਾ ਜਿਸ ਕਰਕੇ ਬਹੁਤ ਸਾਰੇ ਲੋਕ ਉਸ ਤੋਂ ਕੰਮ ਕਰਵਾਉਣਾ ਚਾਹੁੰਦੇ ਹੋਣੇ। ਉਸ ਨੂੰ ਕੰਮ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੋਣੀ, ਪਰ ਉਸ ਨੇ ਆਪਣਾ ਸਾਰਾ ਸਮਾਂ ਕੰਮ-ਧੰਦੇ ਵਿਚ ਹੀ ਨਹੀਂ ਲਾਇਆ, ਸਗੋਂ ਉਸ ਨੇ ਯਹੋਵਾਹ ਦੀ ਸੇਵਾ ਕਰਨ ਲਈ ਵੀ ਸਮਾਂ ਕੱਢਿਆ। (ਯੂਹੰ. 7:15) ਬਾਅਦ ਵਿਚ ਜਦੋਂ ਉਹ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਸੀ, ਤਾਂ ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਸਲਾਹ ਦਿੱਤੀ: “ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।” (ਯੂਹੰ. 6:27) ਨਾਲੇ ਪਹਾੜੀ ਉਪਦੇਸ਼ ਦਿੰਦਿਆਂ ਉਸ ਨੇ ਕਿਹਾ: “ਸਵਰਗ ਵਿਚ ਆਪਣੇ ਲਈ ਧਨ ਜੋੜੋ।” (ਮੱਤੀ 6:20) ਪਰਮੇਸ਼ੁਰੀ ਬੁੱਧ ਕੰਮ-ਧੰਦਿਆਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਦੀ ਹੈ। ਮਸੀਹੀ ਹੋਣ ਦੇ ਨਾਤੇ ਸਾਨੂੰ ਸਿਖਾਇਆ ਗਿਆ ਹੈ ਕਿ ਅਸੀਂ ‘ਸਖ਼ਤ ਮਿਹਨਤ ਕਰੀਏ ਅਤੇ ਈਮਾਨਦਾਰੀ ਨਾਲ ਕੰਮ ਕਰੀਏ।’ w22.05 22 ਪੈਰੇ 9-10
ਸ਼ਨੀਵਾਰ 7 ਸਤੰਬਰ
ਤੈਨੂੰ ਜਨਮ ਦੇਣ ਵਾਲੀ ਫੁੱਲੀ ਨਾ ਸਮਾਏਗੀ।—ਕਹਾ. 23:25.
ਯੂਨੀਕਾ ਨੇ ਤਿਮੋਥਿਉਸ ਲਈ ਵਧੀਆ ਮਿਸਾਲ ਰੱਖੀ। ਯੂਨੀਕਾ ਨੇ ਜੋ ਵੀ ਕੀਤਾ, ਉਸ ਨੂੰ ਦੇਖ ਕੇ ਤਿਮੋਥਿਉਸ ਚੰਗੀ ਤਰ੍ਹਾਂ ਸਮਝ ਗਿਆ ਹੋਣਾ ਕਿ ਉਸ ਦੀ ਮਾਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਉਸ ਦੀ ਸੇਵਾ ਕਰ ਕੇ ਉਸ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਇਸੇ ਤਰ੍ਹਾਂ ਅੱਜ ਬਹੁਤ ਸਾਰੀਆਂ ਮਾਵਾਂ ਨੇ “ਕੁਝ ਕਹੇ ਬਿਨਾਂ” ਆਪਣੇ ਪਰਿਵਾਰਾਂ ਦੇ ਜੀਆਂ ਦੇ ਦਿਲਾਂ ਨੂੰ ਜਿੱਤਿਆ ਹੈ। (1 ਪਤ. 3:1, 2) ਤੁਸੀਂ ਵੀ ਵਧੀਆ ਮਿਸਾਲ ਕਾਇਮ ਕਰ ਕੇ ਆਪਣੇ ਬੱਚਿਆਂ ਨੂੰ ਸਿਖਾ ਸਕਦੀਆਂ ਹੋ। ਆਓ ਦੇਖੀਏ ਕਿਵੇਂ? ਯਹੋਵਾਹ ਨਾਲ ਰਿਸ਼ਤੇ ਨੂੰ ਪਹਿਲ ਦਿਓ। (ਬਿਵ. 6:5, 6) ਬਾਕੀ ਮਾਵਾਂ ਵਾਂਗ ਤੁਸੀਂ ਵੀ ਆਪਣੇ ਬੱਚਿਆਂ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਦੀਆਂ ਹੋ। ਤੁਸੀਂ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣਾ ਸਮਾਂ, ਪੈਸਾ, ਨੀਂਦ ਅਤੇ ਹੋਰ ਚੀਜ਼ਾਂ ਦਾ ਤਿਆਗ ਕਰਦੀਆਂ ਹੋ। ਪਰ ਤੁਹਾਨੂੰ ਇਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਵਿਚ ਇੰਨਾ ਜ਼ਿਆਦਾ ਨਹੀਂ ਰੁੱਝ ਜਾਣਾ ਚਾਹੀਦਾ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੀ ਦਾਅ ʼਤੇ ਲੱਗ ਜਾਵੇ। ਇਸ ਲਈ ਬਾਕਾਇਦਾ ਪ੍ਰਾਰਥਨਾ ਕਰਨ, ਬਾਈਬਲ ਅਧਿਐਨ ਕਰਨ ਅਤੇ ਮੀਟਿੰਗਾਂ ਲਈ ਸਮਾਂ ਕੱਢੋ। ਇਸ ਤਰ੍ਹਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ-ਨਾਲ ਦੂਜਿਆਂ ਲਈ ਵੀ ਇਕ ਚੰਗੀ ਮਿਸਾਲ ਰੱਖ ਸਕਦੀਆਂ ਹੋ। w22.04 16 ਪੈਰਾ 1; 19 ਪੈਰੇ 12-13
ਐਤਵਾਰ 8 ਸਤੰਬਰ
ਤੂੰ ਦੁਸ਼ਟ ਨੂੰ ਦੋਸ਼ੀ ਕਰਾਰ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ ਅਤੇ ਧਰਮੀ ਨੂੰ ਨਿਰਦੋਸ਼ ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।—1 ਰਾਜ. 8:32.
ਸਾਨੂੰ ਇਹ ਜਾਣ ਕੇ ਕਿੰਨੀ ਰਾਹਤ ਮਿਲਦੀ ਹੈ ਕਿ ਦੂਜਿਆਂ ਦਾ ਨਿਆਂ ਕਰਨ ਦੀ ਭਾਰੀ ਜ਼ਿੰਮੇਵਾਰੀ ਯਹੋਵਾਹ ਨੇ ਸਾਨੂੰ ਨਹੀਂ ਦਿੱਤੀ ਹੈ! ਸਭ ਤੋਂ ਵੱਡਾ ਨਿਆਂਕਾਰ ਹੋਣ ਕਰਕੇ ਯਹੋਵਾਹ ਆਪ ਇਹ ਅਹਿਮ ਕੰਮ ਕਰਦਾ ਹੈ। (ਰੋਮੀ. 14:10-12) ਇਸ ਲਈ ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਨਿਆਂ ਕਰਦਿਆਂ ਯਹੋਵਾਹ ਹਮੇਸ਼ਾ ਸਹੀ ਤੇ ਗ਼ਲਤ ਬਾਰੇ ਆਪਣੇ ਮਿਆਰਾਂ ਨੂੰ ਧਿਆਨ ਵਿਚ ਰੱਖਦਾ ਹੈ। (ਉਤ. 18:25) ਉਹ ਕਦੇ ਵੀ ਅਨਿਆਂ ਨਹੀਂ ਕਰਦਾ! ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਕਈ ਵਾਰ ਅਜਿਹੇ ਕੰਮ ਕਰਦੇ ਹਾਂ ਜਿਸ ਕਰਕੇ ਦੂਜਿਆਂ ਨੂੰ ਦੁੱਖ ਲੱਗਦਾ ਹੈ ਜਾਂ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਪਰ ਅਸੀਂ ਉਸ ਸਮੇਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਯਹੋਵਾਹ ਸਾਰਾ ਕੁਝ ਠੀਕ ਕਰ ਦੇਵੇਗਾ। ਉਸ ਸਮੇਂ ਸਾਡੇ ਸਰੀਰ ਅਤੇ ਦਿਲ ਦੇ ਸਾਰੇ ਜ਼ਖ਼ਮ ਹਮੇਸ਼ਾ ਲਈ ਭਰ ਜਾਣਗੇ। ਨਾਲੇ ਸਾਨੂੰ ਕਦੇ ਵੀ ਬੁਰੀਆਂ ਯਾਦਾਂ ਨਹੀਂ ਸਤਾਉਣਗੀਆਂ। (ਜ਼ਬੂ. 72:12-14; ਪ੍ਰਕਾ. 21:3, 4) ਪਰ ਜਦ ਤਕ ਉਹ ਸਮਾਂ ਨਹੀਂ ਆਉਂਦਾ, ਆਓ ਆਪਾਂ ਸਾਰੇ ਯਹੋਵਾਹ ਦੀ ਰੀਸ ਕਰਦਿਆਂ ਇਕ-ਦੂਜੇ ਨੂੰ ਮਾਫ਼ ਕਰਦੇ ਰਹੀਏ। w22.06 13 ਪੈਰੇ 18-19
ਸੋਮਵਾਰ 9 ਸਤੰਬਰ
ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?—ਉਤ. 18:25.
ਇਕ ਚੰਗੇ ਨਿਆਂਕਾਰ ਨੂੰ ਕਾਨੂੰਨ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਉਸ ਨੂੰ ਪਤਾ ਹੋਵੇ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਚੰਗੇ ਨਿਆਂਕਾਰ ਲਈ ਜ਼ਰੂਰੀ ਹੈ ਕਿ ਕਿਸੇ ਮਾਮਲੇ ਬਾਰੇ ਕੋਈ ਵੀ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਉਸ ਨੂੰ ਮਾਮਲੇ ਬਾਰੇ ਸਾਰੀ ਸੱਚਾਈ ਪਤਾ ਹੋਵੇ। ਇਸ ਲਈ ਯਹੋਵਾਹ ਸਭ ਤੋਂ ਵਧੀਆ ਨਿਆਂਕਾਰ ਹੈ ਕਿਉਂਕਿ ਇਨਸਾਨੀ ਨਿਆਂਕਾਰਾਂ ਤੋਂ ਉਲਟ, ਯਹੋਵਾਹ ਨੂੰ ਹਰ ਮਾਮਲੇ ਬਾਰੇ ਹਮੇਸ਼ਾ ਸਾਰੀ ਸੱਚਾਈ ਪਤਾ ਹੁੰਦੀ ਹੈ। (ਉਤ. 18:20, 21; ਜ਼ਬੂ. 90:8) ਉਹ ਇਨਸਾਨਾਂ ਵਾਂਗ ਨਹੀਂ ਹੈ ਜੋ ਸਿਰਫ਼ ਦੇਖ ਜਾਂ ਸੁਣ ਕੇ ਫ਼ੈਸਲਾ ਕਰਦੇ ਹਨ। ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਨੂੰ ਆਪਣੇ ਮਾਪਿਆਂ ਤੋਂ ਕਿਹੋ ਜਿਹਾ ਸੁਭਾਅ ਅਤੇ ਗੁਣ ਮਿਲੇ ਹਨ, ਸਾਡੀ ਪਰਵਰਿਸ਼ ਕਿਵੇਂ ਹੋਈ ਹੈ ਅਤੇ ਸਾਡਾ ਆਲਾ-ਦੁਆਲਾ ਕਿਹੋ ਜਿਹਾ ਹੈ। ਨਾਲੇ ਉਹ ਸਾਡੇ ਜਜ਼ਬਾਤਾਂ ਅਤੇ ਸੋਚਾਂ ਨੂੰ ਵੀ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਸਾਡੇ ਕੰਮਾਂ ʼਤੇ ਕੀ ਅਸਰ ਪੈਂਦਾ ਹੈ। ਯਹੋਵਾਹ ਸਾਡੇ ਦਿਲਾਂ ਨੂੰ ਵੀ ਪੜ੍ਹ ਸਕਦਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਕਿਸ ਇਰਾਦੇ, ਸੋਚ ਤੇ ਇੱਛਾ ਨਾਲ ਕੋਈ ਕੰਮ ਕਰਦੇ ਹਾਂ। ਯਹੋਵਾਹ ਦੀਆਂ ਨਜ਼ਰਾਂ ਤੋਂ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ। (ਇਬ. 4:13) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਯਹੋਵਾਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਹਰ ਮਾਮਲੇ ਬਾਰੇ ਸਾਰੀ ਸੱਚਾਈ ਪਤਾ ਹੁੰਦੀ ਹੈ। w22.06 4 ਪੈਰੇ 8-9
ਮੰਗਲਵਾਰ 10 ਸਤੰਬਰ
ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ।—ਅੱਯੂ. 2:4.
ਸ਼ੈਤਾਨ ਅੱਜ ਵੀ ਉਹੀ ਚਾਲਾਂ ਚੱਲਦਾ ਹੈ ਜੋ ਉਸ ਨੇ ਅੱਯੂਬ ਦੇ ਸਮੇਂ ਵਿਚ ਚੱਲੀਆਂ ਸਨ। ਸ਼ੈਤਾਨ ਦਾਅਵਾ ਕਰਦਾ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪਿਆਰ ਨਹੀਂ ਕਰਦੇ। ਇਸ ਲਈ ਅਸੀਂ ਆਪਣੇ ਜਾਨ ਬਚਾਉਣ ਲਈ ਉਸ ਤੋਂ ਮੂੰਹ ਫੇਰ ਲਵਾਂਗੇ। ਬਾਅਦ ਵਿਚ ਸ਼ੈਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਪਰਮੇਸ਼ੁਰ ਸਾਨੂੰ ਪਿਆਰ ਨਹੀਂ ਕਰਦਾ ਅਤੇ ਅਸੀਂ ਉਸ ਨੂੰ ਖ਼ੁਸ਼ ਕਰਨ ਲਈ ਜੋ ਕੁਝ ਕਰਦੇ ਹਾਂ, ਉਹ ਸਭ ਕੁਝ ਬੇਕਾਰ ਹੈ। ਸਾਨੂੰ ਸ਼ੈਤਾਨ ਦੀਆਂ ਚਾਲਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ, ਇਸ ਲਈ ਅਸੀਂ ਉਸ ਦੇ ਝੂਠ ਵਿਚ ਫਸਣ ਦੀ ਬਜਾਇ ਯਹੋਵਾਹ ʼਤੇ ਉਮੀਦ ਲਾਈ ਰੱਖਾਂਗੇ। ਜਦੋਂ ਅੱਯੂਬ ʼਤੇ ਦੁੱਖ-ਮੁਸੀਬਤਾਂ ਆਈਆਂ, ਤਾਂ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਜਾਣ ਸਕਿਆ ਅਤੇ ਉਨ੍ਹਾਂ ਨੂੰ ਸੁਧਾਰ ਸਕਿਆ। ਅੱਯੂਬ ਜਾਣ ਸਕਿਆ ਕਿ ਉਸ ਨੂੰ ਆਪਣੇ ਵਿਚ ਹੋਰ ਵੀ ਜ਼ਿਆਦਾ ਨਿਮਰਤਾ ਪੈਦਾ ਕਰਨ ਦੀ ਲੋੜ ਸੀ। (ਅੱਯੂ. 42:3) ਜਦੋਂ ਸਾਡੇ ʼਤੇ ਵੀ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਤਾਂ ਸਾਨੂੰ ਆਪਣੇ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਜਦੋਂ ਅਸੀਂ ਜਾਣ ਜਾਂਦੇ ਹਾਂ ਕਿ ਸਾਡੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ, ਤਾਂ ਅਸੀਂ ਆਪਣੇ ਵਿਚ ਸੁਧਾਰ ਕਰ ਪਾਉਂਦੇ ਹਾਂ। w22.06 23 ਪੈਰੇ 13-14
ਬੁੱਧਵਾਰ 11 ਸਤੰਬਰ
“ਤੁਸੀਂ ਮੇਰੇ ਗਵਾਹ ਹੋ,” ਯਹੋਵਾਹ ਐਲਾਨ ਕਰਦਾ ਹੈ, “ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ।”—ਯਸਾ. 43:10.
ਯਹੋਵਾਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ। ਮਿਸਾਲ ਲਈ, “ਤੁਸੀਂ ਮੇਰੇ ਗਵਾਹ ਹੋ” ਕਹਿਣ ਤੋਂ ਪਹਿਲਾਂ ਯਹੋਵਾਹ ਨੇ ਵਾਅਦਾ ਕੀਤਾ ਸੀ: “ਜਦ ਤੂੰ ਪਾਣੀਆਂ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਨਾਲ ਹੋਵਾਂਗਾ, ਤੂੰ ਨਦੀਆਂ ਵਿੱਚੋਂ ਦੀ ਲੰਘੇਂਗਾ, ਤਾਂ ਉਹ ਤੈਨੂੰ ਡਬੋਣਗੀਆਂ ਨਹੀਂ। ਜਦ ਤੂੰ ਅੱਗ ਵਿੱਚੋਂ ਦੀ ਚੱਲੇਂਗਾ, ਤਾਂ ਤੂੰ ਸੜੇਂਗਾ ਨਹੀਂ, ਨਾ ਲਪਟਾਂ ਤੈਨੂੰ ਛੂਹਣਗੀਆਂ।” (ਯਸਾ. 43:2) ਪ੍ਰਚਾਰ ਕਰਦਿਆਂ ਕਦੇ-ਕਦੇ ਸਾਡੇ ਸਾਮ੍ਹਣੇ ਨਦੀਆਂ ਵਰਗੀਆਂ ਰੁਕਾਵਟਾਂ ਤੇ ਅੱਗ ਵਰਗੀਆਂ ਮੁਸੀਬਤਾਂ ਆਉਂਦੀਆਂ ਹਨ, ਫਿਰ ਵੀ ਅਸੀਂ ਯਹੋਵਾਹ ਦੀ ਮਦਦ ਨਾਲ ਬਿਨਾਂ ਰੁਕੇ ਪ੍ਰਚਾਰ ਕਰ ਸਕਦੇ ਹਾਂ। (ਯਸਾ. 41:13) ਅੱਜ ਵੀ ਬਹੁਤ ਸਾਰੇ ਲੋਕ ਸਾਡੀ ਗੱਲ ਨਹੀਂ ਸੁਣਦੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਗਵਾਹੀ ਨਹੀਂ ਦੇ ਰਹੇ। ਸਾਨੂੰ ਇਹ ਗੱਲ ਜਾਣ ਕੇ ਹੌਸਲਾ ਤੇ ਦਿਲਾਸਾ ਮਿਲਦਾ ਹੈ ਕਿ ਸਾਨੂੰ ਵਫ਼ਾਦਾਰੀ ਨਾਲ ਪ੍ਰਚਾਰ ਕਰਦਿਆਂ ਦੇਖ ਕੇ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪੌਲੁਸ ਰਸੂਲ ਨੇ ਵੀ ਕਿਹਾ ਸੀ: “ਹਰੇਕ ਨੂੰ ਆਪੋ-ਆਪਣੀ ਮਿਹਨਤ ਦਾ ਫਲ ਮਿਲੇਗਾ।”—1 ਕੁਰਿੰ. 3:8; 4:1, 2. w22.11 4 ਪੈਰੇ 5-6
ਵੀਰਵਾਰ 12 ਸਤੰਬਰ
ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ।—1 ਪਤ. 2:12.
ਅੱਜ ਅਸੀਂ ਆਪਣੀਆਂ ਅੱਖਾਂ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਹੁੰਦਿਆਂ ਦੇਖ ਰਹੇ ਹਾਂ। “ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ” ਦੇ ਲੋਕ “ਸ਼ੁੱਧ ਭਾਸ਼ਾ ਬੋਲਣੀ” ਯਾਨੀ ਬਾਈਬਲ ਦੀਆਂ ਸੱਚਾਈਆਂ ਸਿੱਖ ਰਹੇ ਹਨ। (ਜ਼ਕ. 8:23; ਸਫ਼. 3:9) ਪ੍ਰਚਾਰ ਕਰਨ ਦੇ ਬਹੁਤ ਵਧੀਆ ਨਤੀਜੇ ਨਿਕਲ ਰਹੇ ਹਨ। ਦੁਨੀਆਂ ਦੇ 240 ਦੇਸ਼ਾਂ ਵਿਚ 80 ਲੱਖ ਤੋਂ ਜ਼ਿਆਦਾ ਲੋਕ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਨ ਅਤੇ ਹਰ ਸਾਲ ਲੱਖਾਂ ਹੀ ਲੋਕ ਬਪਤਿਸਮਾ ਲੈ ਕੇ ਇਸ ਸੰਗਠਨ ਨਾਲ ਜੁੜ ਰਹੇ ਹਨ। ਪਰ ਸਾਨੂੰ ਗਿਣਤੀ ਨਾਲੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਇਨ੍ਹਾਂ ਨਵੇਂ ਚੇਲਿਆਂ ਨੇ “ਨਵੇਂ ਸੁਭਾਅ” ਯਾਨੀ ਆਪਣੇ ਅੰਦਰ ਮਸੀਹੀ ਗੁਣਾਂ ਨੂੰ ਪੈਦਾ ਕੀਤਾ ਹੈ। (ਕੁਲੁ. 3:8-10) ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਬਦਚਲਣ, ਹਿੰਸਕ, ਪੱਖਪਾਤੀ ਅਤੇ ਦੇਸ਼ ਭਗਤ ਸਨ, ਪਰ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਬਦਲਿਆ ਹੈ। ਯਸਾਯਾਹ 2:4 ਦੀ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ: “ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।” ਜਦੋਂ ਅਸੀਂ ਨਵੇਂ ਸੁਭਾਅ ਨੂੰ ਪਹਿਨਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਦੇਖ ਕੇ ਲੋਕ ਪਰਮੇਸ਼ੁਰ ਦੇ ਸੰਗਠਨ ਵੱਲ ਖਿੱਚੇ ਆਉਂਦੇ ਹਨ। ਨਾਲੇ ਇਸ ਤੋਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਆਪਣੇ ਆਗੂ ਯਿਸੂ ਮਸੀਹ ਦੇ ਪਿੱਛੇ-ਪਿੱਛੇ ਚੱਲ ਰਹੇ ਹਾਂ। (ਯੂਹੰ. 13:35) ਪਰ ਇਹ ਸਾਰਾ ਕੁਝ ਆਪਣੇ ਆਪ ਨਹੀਂ ਹੁੰਦਾ, ਸਗੋਂ ਅਸੀਂ ਇਹ ਸਾਰਾ ਕੁਝ ਯਿਸੂ ਦੀ ਮਦਦ ਨਾਲ ਹੀ ਕਰ ਪਾ ਰਹੇ ਹਾਂ। w22.07 9 ਪੈਰੇ 7-8
ਸ਼ੁੱਕਰਵਾਰ 13 ਸਤੰਬਰ
ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੀ ਗਈ ਧੂਪ ਵਾਂਗ ਹੋਵੇ।—ਜ਼ਬੂ. 141:2.
ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਸਾਨੂੰ ਉਸ ਦੇ ਰੁਤਬੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਨੂੰ ਕਦੇ ਵੀ ਪ੍ਰਾਰਥਨਾ ਕਰਦਿਆਂ ਬਿਨਾਂ ਸੋਚੇ-ਸਮਝੇ ਕੁਝ ਵੀ ਨਹੀਂ ਕਹਿ ਦੇਣਾ ਚਾਹੀਦਾ, ਸਗੋਂ ਸਾਨੂੰ ਪੂਰੇ ਆਦਰ-ਮਾਣ ਨਾਲ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਸ਼ਾਨਦਾਰ ਦਰਸ਼ਨਾਂ ਬਾਰੇ ਸੋਚੋ ਜੋ ਯਸਾਯਾਹ, ਹਿਜ਼ਕੀਏਲ, ਦਾਨੀਏਲ ਅਤੇ ਯੂਹੰਨਾ ਨੇ ਦੇਖੇ ਸਨ। ਸਾਰਿਆਂ ਨੇ ਯਹੋਵਾਹ ਨੂੰ ਇਕ ਮਹਿਮਾਵਾਨ ਰਾਜੇ ਵਜੋਂ ਦੇਖਿਆ। ਯਸਾਯਾਹ ਨੇ “ਯਹੋਵਾਹ ਨੂੰ ਉੱਚੇ ਅਤੇ ਬੁਲੰਦ ਸਿੰਘਾਸਣ ਉੱਤੇ ਬੈਠਾ ਦੇਖਿਆ।” (ਯਸਾ. 6:1-3) ਹਿਜ਼ਕੀਏਲ ਨੇ ਦੇਖਿਆ ਕਿ ਯਹੋਵਾਹ ਆਪਣੇ ਸਵਰਗੀ ਰਥ ʼਤੇ ਬੈਠਾ ਹੋਇਆ ਸੀ ਜਿਸ ਦੇ ਆਲੇ-ਦੁਆਲੇ ‘ਤੇਜ਼ ਚਮਕ ਸੀ ਜਿਵੇਂ ਸਤਰੰਗੀ ਪੀਂਘ ਹੁੰਦੀ ਹੈ।’ (ਹਿਜ਼. 1:26-28) ਦਾਨੀਏਲ ਨੇ ਦੇਖਿਆ ਕਿ “ਅੱਤ ਪ੍ਰਾਚੀਨ” ਦੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਸ ਦੇ ਸਿੰਘਾਸਣ ਤੋਂ ਅੱਗ ਦੀਆਂ ਲਾਟਾਂ ਨਿੱਕਲ ਰਹੀਆਂ ਸਨ। (ਦਾਨੀ. 7:9, 10) ਨਾਲੇ ਯੂਹੰਨਾ ਨੇ ਦੇਖਿਆ ਕਿ ਯਹੋਵਾਹ ਇਕ ਸਿੰਘਾਸਣ ʼਤੇ ਬੈਠਾ ਹੋਇਆ ਸੀ ਜਿਸ ਦੇ ਆਲੇ-ਦੁਆਲੇ ਇਕ ਸਤਰੰਗੀ ਪੀਂਘ ਸੀ ਜੋ ਦੇਖਣ ਨੂੰ ਹਰੇ ਪੰਨੇ ਵਰਗੀ ਲੱਗਦੀ ਸੀ। (ਪ੍ਰਕਾ. 4:2-4) ਜਦੋਂ ਅਸੀਂ ਯਹੋਵਾਹ ਦੀ ਇਸ ਸ਼ਾਨਦਾਰ ਮਹਿਮਾ ਬਾਰੇ ਸੋਚਦੇ ਹਾਂ, ਤਾਂ ਅਸੀਂ ਸਮਝ ਸਕਦੇ ਹਾਂ ਕਿ ਉਸ ਨੂੰ ਪ੍ਰਾਰਥਨਾ ਕਰਨੀ ਅਨਮੋਲ ਸਨਮਾਨ ਹੈ। ਇਸ ਲਈ ਸਾਨੂੰ ਆਦਰ ਨਾਲ ਉਸ ਨਾਲ ਗੱਲ ਕਰਨੀ ਚਾਹੀਦੀ ਹੈ। w22.07 20 ਪੈਰਾ 3
ਸ਼ਨੀਵਾਰ 14 ਸਤੰਬਰ
‘ਚਾਲਬਾਜ਼ ਲੋਕਾਂ ਤੋਂ ਸਾਵਧਾਨ ਰਹੋ।’—ਅਫ਼. 4:14.
ਨੌਜਵਾਨੋ, ਸ਼ੈਤਾਨ ਕੋਸ਼ਿਸ਼ ਕਰੇਗਾ ਕਿ ਤੁਹਾਡੀ ਨਿਹਚਾ ਕਮਜ਼ੋਰ ਪੈ ਜਾਵੇ ਅਤੇ ਤੁਸੀਂ ਯਹੋਵਾਹ ਤੋਂ ਦੂਰ ਹੋ ਜਾਵੋ। ਇਸ ਤਰ੍ਹਾਂ ਕਰਨ ਲਈ ਸ਼ੈਤਾਨ ਸ਼ਾਇਦ ਬਾਈਬਲ ਦੀਆਂ ਕੁਝ ਸਿੱਖਿਆਵਾਂ ਲਈ ਤੁਹਾਡੇ ਮਨ ਵਿਚ ਸ਼ੱਕ ਪੈਦਾ ਕਰੇ। ਉਦਾਹਰਣ ਲਈ, ਕੁਝ ਲੋਕ ਸ਼ਾਇਦ ਤੁਹਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਕਿ ਸਾਨੂੰ ਬਣਾਉਣ ਵਾਲਾ ਕੋਈ ਸ੍ਰਿਸ਼ਟੀਕਰਤਾ ਨਹੀਂ ਹੈ, ਸਗੋਂ ਅਸੀਂ ਆਪਣੇ ਆਪ ਹੋਂਦ ਵਿਚ ਆਏ ਹਾਂ। ਸ਼ਾਇਦ ਛੋਟੇ ਹੁੰਦਿਆਂ ਤੁਸੀਂ ਵਿਕਾਸਵਾਦ ਬਾਰੇ ਥੋੜ੍ਹਾ-ਬਹੁਤ ਜਾਂ ਫਿਰ ਬਿਲਕੁਲ ਵੀ ਨਾ ਜਾਣਿਆ ਹੋਵੇ। ਪਰ ਹੁਣ ਵੱਡੇ ਹੋਣ ਤੇ ਤੁਹਾਨੂੰ ਇਸ ਬਾਰੇ ਸਕੂਲ ਵਿਚ ਪੜ੍ਹਾਇਆ ਜਾ ਰਿਹਾ ਹੈ। ਤੁਹਾਡੇ ਟੀਚਰ ਵਿਕਾਸਵਾਦ ਬਾਰੇ ਜੋ ਵੀ ਦਲੀਲਾਂ ਦੇ ਕੇ ਤੁਹਾਨੂੰ ਸਿਖਾਉਂਦੇ ਹਨ, ਸ਼ਾਇਦ ਉਹ ਤੁਹਾਨੂੰ ਸਹੀ ਲੱਗਦੀਆਂ ਹੋਣ। ਹੋ ਸਕਦਾ ਹੈ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਸਬੂਤਾਂ ʼਤੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਸ੍ਰਿਸ਼ਟੀਕਰਤਾ ਹੈ। ਕਹਾਉਤਾਂ 18:17 ਵਿਚ ਦਿੱਤਾ ਅਸੂਲ ਯਾਦ ਰੱਖੋ। ਇੱਥੇ ਲਿਖਿਆ ਹੈ: “ਆਪਣੇ ਮੁਕੱਦਮੇ ਵਿਚ ਪਹਿਲਾਂ ਬੋਲਣ ਵਾਲਾ ਸਹੀ ਲੱਗਦਾ ਹੈ, ਪਰ ਸਿਰਫ਼ ਉਦੋਂ ਤਕ ਜਦੋਂ ਤਕ ਦੂਜੀ ਧਿਰ ਆ ਕੇ ਉਸ ਤੋਂ ਪੁੱਛ-ਗਿੱਛ ਨਹੀਂ ਕਰਦੀ।” ਸਕੂਲ ਵਿਚ ਪੜ੍ਹਾਈਆਂ ਜਾਣ ਵਾਲੀਆਂ ਸਾਰੀਆਂ ਗੱਲਾਂ ʼਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਨ ਦੀ ਬਜਾਇ, ਕਿਉਂ ਨਾ ਪਰਮੇਸ਼ੁਰ ਦੇ ਬਚਨ ਬਾਈਬਲ ਅਤੇ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਸਿੱਖਿਆਵਾਂ ਦੀ ਧਿਆਨ ਨਾਲ ਜਾਂਚ ਕਰੋ। w22.08 2 ਪੈਰਾ 2; 4 ਪੈਰਾ 8
ਐਤਵਾਰ 15 ਸਤੰਬਰ
‘ਇਸ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰ; ਫਿਰ ਤੂੰ ਆਪਣੇ ਹਰ ਕੰਮ ਵਿਚ ਸਫ਼ਲ ਹੋਵੇਂਗਾ ਅਤੇ ਬੁੱਧ ਤੋਂ ਕੰਮ ਲਵੇਂਗਾ।’—ਯਹੋ. 1:8.
ਸਾਨੂੰ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਦਾ ਮਤਲਬ ਵੀ ਸਮਝਣਾ ਚਾਹੀਦਾ ਹੈ, ਨਹੀਂ ਤਾਂ ਹੋ ਸਕਦਾ ਹੈ ਕਿ ਸਾਨੂੰ ਇਸ ਤੋਂ ਪੂਰਾ ਫ਼ਾਇਦਾ ਨਾ ਹੋਵੇ। ਜ਼ਰਾ ਯਿਸੂ ਅਤੇ ‘ਮੂਸਾ ਦੇ ਕਾਨੂੰਨ ਦੇ ਮਾਹਰ’ ਇਕ ਆਦਮੀ ਵਿਚਕਾਰ ਹੋਈ ਗੱਲਬਾਤ ʼਤੇ ਗੌਰ ਕਰੋ। (ਲੂਕਾ 10:25-29) ਉਸ ਆਦਮੀ ਨੇ ਯਿਸੂ ਨੂੰ ਪੁੱਛਿਆ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰੇ। ਯਿਸੂ ਨੇ ਉਸ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਦਿਆਂ ਉਸ ਨੂੰ ਪੁੱਛਿਆ: “ਕਾਨੂੰਨ ਵਿਚ ਕੀ ਲਿਖਿਆ ਹੈ? ਤੂੰ ਕੀ ਪੜ੍ਹਿਆ ਹੈ?” ਉਸ ਆਦਮੀ ਨੇ ਪਵਿੱਤਰ ਲਿਖਤਾਂ ਵਿੱਚੋਂ ਹਵਾਲਾ ਦੇ ਕੇ ਬਿਲਕੁਲ ਸਹੀ ਜਵਾਬ ਦਿੱਤਾ ਕਿ ਅਸੀਂ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰੀਏ। (ਲੇਵੀ. 19:18; ਬਿਵ. 6:5) ਪਰ ਜ਼ਰਾ ਧਿਆਨ ਦਿਓ ਕਿ ਉਸ ਆਦਮੀ ਨੇ ਅੱਗੇ ਕੀ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” ਉਸ ਦੇ ਇਸ ਸਵਾਲ ਤੋਂ ਪਤਾ ਲੱਗਦਾ ਹੈ ਕਿ ਉਹ ਪੜ੍ਹੀਆਂ ਗੱਲਾਂ ਦਾ ਮਤਲਬ ਨਹੀਂ ਸਮਝਦਾ ਸੀ। ਇਸ ਕਰਕੇ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਉਨ੍ਹਾਂ ਆਇਤਾਂ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਤਰੀਕੇ ਨਾਲ ਲਾਗੂ ਕਿਵੇਂ ਕਰੇ। ਬਾਈਬਲ ਨੂੰ ਸਮਝਣ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। ਇਸ ਲਈ ਅਸੀਂ ਉਸ ਤੋਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਤਾਂਕਿ ਬਾਈਬਲ ਪੜ੍ਹਦਿਆਂ ਸਾਡਾ ਧਿਆਨ ਨਾ ਭਟਕੇ। ਨਾਲੇ ਉਸ ਤੋਂ ਮਦਦ ਮੰਗੋ ਤਾਂਕਿ ਤੁਸੀਂ ਪੜ੍ਹੀਆਂ ਗੱਲਾਂ ਨੂੰ ਲਾਗੂ ਕਰ ਸਕੋ। w23.02 9 ਪੈਰੇ 4-5
ਸੋਮਵਾਰ 16 ਸਤੰਬਰ
‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ।’—3 ਯੂਹੰ. 4.
“ਤੁਸੀਂ ਸੱਚਾਈ ਵਿਚ ਕਿਵੇਂ ਆਏ?” ਬਿਨਾਂ ਸ਼ੱਕ, ਤੁਸੀਂ ਇਸ ਸਵਾਲ ਦਾ ਜਵਾਬ ਬਹੁਤ ਵਾਰ ਦਿੱਤਾ ਹੋਣਾ। ਜਦੋਂ ਅਸੀਂ ਕਿਸੇ ਭੈਣ-ਭਰਾ ਨੂੰ ਪਹਿਲੀ ਵਾਰ ਮਿਲਦੇ ਹਾਂ, ਤਾਂ ਅਕਸਰ ਅਸੀਂ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛਦੇ ਹਾਂ। ਸਾਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਕੋਈ ਭੈਣ-ਭਰਾ ਕਿਵੇਂ ਯਹੋਵਾਹ ਨੂੰ ਜਾਣਨ ਲੱਗਾ ਅਤੇ ਉਸ ਨਾਲ ਪਿਆਰ ਕਰਨ ਲੱਗਾ। ਨਾਲੇ ਸਾਨੂੰ ਵੀ ਉਨ੍ਹਾਂ ਨੂੰ ਇਹ ਦੱਸਣਾ ਚੰਗਾ ਲੱਗਦਾ ਹੈ ਕਿ ਸੱਚਾਈ ਸਾਡੇ ਲਈ ਕਿੰਨੀ ਜ਼ਿਆਦਾ ਅਨਮੋਲ ਹੈ। (ਰੋਮੀ. 1:11) ਅਜਿਹੀ ਗੱਲਬਾਤ ਕਰਕੇ ਸਾਡੇ ਦਿਲ ਵਿਚ ਸੱਚਾਈ ਦੀ ਅਹਿਮੀਅਤ ਬਣੀ ਰਹਿੰਦੀ ਹੈ। ਨਾਲੇ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ ਕਿ ਅਸੀਂ ‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੀਏ’ ਯਾਨੀ ਅਜਿਹੀ ਜ਼ਿੰਦਗੀ ਬਿਤਾਈਏ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਕਈ ਕਾਰਨਾਂ ਕਰਕੇ ਸੱਚਾਈ ਸਾਡੇ ਲਈ ਅਨਮੋਲ ਹੈ। ਸਭ ਤੋਂ ਅਹਿਮ ਕਾਰਨ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਜੋ ਸੱਚਾਈ ਦਾ ਸੋਮਾ ਹੈ। ਉਸ ਦੇ ਬਚਨ ਬਾਈਬਲ ਰਾਹੀਂ ਅਸੀਂ ਜਾਣਿਆ ਕਿ ਉਹ ਸਿਰਫ਼ ਸਵਰਗ ਅਤੇ ਧਰਤੀ ਦਾ ਬਣਾਉਣ ਵਾਲਾ ਸਰਬਸ਼ਕਤੀਮਾਨ ਪਰਮੇਸ਼ੁਰ ਹੀ ਨਹੀਂ, ਸਗੋਂ ਇਕ ਪਿਆਰ ਕਰਨ ਵਾਲਾ ਪਿਤਾ ਵੀ ਹੈ ਜੋ ਸਾਡੀ ਪਰਵਾਹ ਕਰਦਾ ਹੈ।—1 ਪਤ. 5:7. w22.08 14 ਪੈਰੇ 1, 3
ਮੰਗਲਵਾਰ 17 ਸਤੰਬਰ
‘ਗ਼ਰੀਬ ਭਰਾਵਾਂ ਦਾ ਧਿਆਨ ਰੱਖੋ।’—ਗਲਾ. 2:10.
ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਚੰਗੇ ਕੰਮ” ਕਰ ਕੇ ਦੂਜਿਆਂ ਲਈ ਆਪਣਾ ਪਿਆਰ ਜ਼ਾਹਰ ਕਰਨ। (ਇਬ. 10:24) ਪੌਲੁਸ ਨੇ ਸਿਰਫ਼ ਗੱਲੀਂ-ਬਾਤੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਉਦਾਹਰਣ ਲਈ, ਜਦੋਂ ਯਹੂਦਿਯਾ ਵਿਚ ਕਾਲ਼ ਪਿਆ, ਤਾਂ ਪੌਲੁਸ ਉੱਥੇ ਦੇ ਭੈਣਾਂ-ਭਰਾਵਾਂ ਲਈ ਰਾਹਤ ਦਾ ਸਮਾਨ ਲੈ ਕੇ ਗਿਆ ਸੀ। (ਰਸੂ. 11:27-30) ਚਾਹੇ ਪੌਲੁਸ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਬਹੁਤ ਰੁੱਝਿਆ ਰਹਿੰਦਾ ਸੀ, ਫਿਰ ਵੀ ਉਹ ਹਮੇਸ਼ਾ ਦੇਖਦਾ ਸੀ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕਰ ਸਕਦਾ ਸੀ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀ ਦੇਖ-ਭਾਲ ਕਰਦਾ ਰਹੇਗਾ। ਕੋਈ ਵੀ ਆਫ਼ਤ ਆਉਣ ʼਤੇ ਜਦੋਂ ਅਸੀਂ ਰਾਹਤ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਆਪਣਾ ਸਮਾਂ, ਤਾਕਤ ਤੇ ਹੁਨਰ ਵਰਤਦੇ ਹਾਂ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰਦੇ ਹਾਂ। ਅਸੀਂ ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਕੇ ਵੀ ਇਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਆਪਣੇ ਭੈਣਾਂ-ਭਰਾਵਾਂ ਦਾ ਇਸ ਗੱਲ ʼਤੇ ਭਰੋਸਾ ਵਧਾ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਛੱਡੇਗਾ। w22.08 24 ਪੈਰਾ 14
ਬੁੱਧਵਾਰ 18 ਸਤੰਬਰ
ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।—2 ਪਤ. 1:21.
ਬਾਈਬਲ ਵਿਚ ਲਿਖੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਕੁਝ ਤਾਂ ਲਿਖੇ ਜਾਣ ਤੋਂ ਸਦੀਆਂ ਬਾਅਦ ਜਾ ਕੇ ਪੂਰੀਆਂ ਹੋਈਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਦਾਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਬਿਲਕੁਲ ਉੱਦਾਂ ਹੀ ਪੂਰੀਆਂ ਹੋਈਆਂ। ਇਸ ਲਈ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਨੂੰ ਲਿਖਵਾਉਣ ਵਾਲਾ ਯਹੋਵਾਹ ਹੈ। ਜ਼ਰਾ ਪ੍ਰਾਚੀਨ ਬਾਬਲ ਸ਼ਹਿਰ ਦੇ ਨਾਸ਼ ਬਾਰੇ ਕੀਤੀਆਂ ਭਵਿੱਖਬਾਣੀਆਂ ʼਤੇ ਗੌਰ ਕਰੋ। ਅੱਠਵੀਂ ਸਦੀ ਈਸਵੀ ਪੂਰਵ ਵਿਚ ਯਸਾਯਾਹ ਨਬੀ ਨੇ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਭਵਿੱਖਬਾਣੀ ਕੀਤੀ ਸੀ ਕਿ ਸ਼ਕਤੀਸ਼ਾਲੀ ਬਾਬਲ ਸ਼ਹਿਰ ʼਤੇ ਕਬਜ਼ਾ ਕੀਤਾ ਜਾਵੇਗਾ। ਉਸ ਨੇ ਅੱਗੇ ਦੱਸਿਆ ਕਿ ਬਾਬਲ ਸ਼ਹਿਰ ʼਤੇ ਖੋਰੁਸ ਜਿੱਤ ਹਾਸਲ ਕਰੇਗਾ ਅਤੇ ਉਹ ਕਿਵੇਂ ਜਿੱਤ ਹਾਸਲ ਕਰੇਗਾ। (ਯਸਾ. 44:27–45:2) ਯਸਾਯਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਬਾਬਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਫਿਰ ਕਦੀ ਵੀ ਵਸਾਇਆ ਨਹੀਂ ਜਾਵੇਗਾ। (ਯਸਾ. 13:19, 20) 539 ਈਸਵੀ ਪੂਰਵ ਵਿਚ ਮਾਦੀ-ਫਾਰਸੀਆਂ ਨੇ ਇਸ ਵਿਸ਼ਾਲ ਸ਼ਹਿਰ ਦਾ ਨਾਸ਼ ਕਰ ਕੇ ਇਸ ਨੂੰ ਪੱਥਰਾਂ ਦਾ ਢੇਰ ਬਣਾ ਦਿੱਤਾ। w23.01 4 ਪੈਰਾ 10
ਵੀਰਵਾਰ 19 ਸਤੰਬਰ
ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ।—1 ਥੱਸ. 5:11.
ਸਾਡੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਡੇ ਪਰਿਵਾਰ ਦਾ ਹਿੱਸਾ ਬਣਾਇਆ ਹੈ। ਜ਼ਰਾ ਸੋਚੋ, ਇਸ ਪਰਿਵਾਰ ਦਾ ਹਿੱਸਾ ਬਣ ਕੇ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ! (ਮਰ. 10:29, 30) ਪੂਰੀ ਦੁਨੀਆਂ ਵਿਚ ਸਾਡੇ ਭੈਣ-ਭਰਾ ਸਾਡੇ ਵਾਂਗ ਹੀ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਮਿਆਰਾਂ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਚਾਹੇ ਸਾਡੀ ਭਾਸ਼ਾ, ਸਭਿਆਚਾਰ ਅਤੇ ਪਹਿਰਾਵਾ ਉਨ੍ਹਾਂ ਤੋਂ ਵੱਖਰਾ ਹੋਵੇ, ਫਿਰ ਵੀ ਸਾਡਾ ਇਕ-ਦੂਜੇ ਨਾਲ ਗੂੜ੍ਹਾ ਪਿਆਰ ਹੈ। ਉਨ੍ਹਾਂ ਨੂੰ ਪਹਿਲੀ ਵਾਰ ਮਿਲ ਕੇ ਵੀ ਸਾਨੂੰ ਓਪਰਾ ਨਹੀਂ ਲੱਗਦਾ। ਸਾਨੂੰ ਭੈਣਾਂ-ਭਰਾਵਾਂ ਨਾਲ ਮਿਲ ਕੇ ਆਪਣੇ ਪਿਆਰੇ ਸਵਰਗੀ ਪਿਤਾ ਦੀ ਮਹਿਮਾ ਅਤੇ ਭਗਤੀ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਨਾਲੇ ਸਾਨੂੰ ਏਕਤਾ ਵਿਚ ਰਹਿਣ ਦੀ ਲੋੜ ਹੈ। (ਜ਼ਬੂ. 133:1) ਕਈ ਵਾਰ ਜਦੋਂ ਅਸੀਂ ਮੁਸ਼ਕਲਾਂ ਅਤੇ ਚਿੰਤਾਵਾਂ ਦੇ ਬੋਝ ਹੇਠ ਦੱਬੇ ਹੋਏ ਮਹਿਸੂਸ ਕਰਦੇ ਹਾਂ, ਤਾਂ ਸਾਡੇ ਭੈਣ-ਭਰਾ ਸਾਡਾ ਇਹ ਬੋਝ ਉਠਾਉਣ ਵਿਚ ਮਦਦ ਕਰਦੇ ਹਨ। (ਰੋਮੀ. 15:1; ਗਲਾ. 6:2) ਉਹ ਸਾਨੂੰ ਹੱਲਾਸ਼ੇਰੀ ਵੀ ਦਿੰਦੇ ਹਨ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਜੋਸ਼ ਨਾਲ ਕਰਦੇ ਰਹੀਏ ਅਤੇ ਉਸ ਨਾਲ ਆਪਣਾ ਰਿਸ਼ਤਾ ਬਣਾਈ ਰੱਖੀਏ। (ਇਬ. 10:23-25) ਜ਼ਰਾ ਸੋਚੋ, ਜੇ ਸਾਡੇ ਭੈਣ-ਭਰਾ ਸਾਡਾ ਸਾਥ ਨਾ ਦਿੰਦੇ, ਤਾਂ ਕੀ ਅਸੀਂ ਆਪਣੇ ਦੁਸ਼ਮਣ ਸ਼ੈਤਾਨ ਅਤੇ ਇਸ ਦੁਸ਼ਟ ਦੁਨੀਆਂ ਨਾਲ ਇਕੱਲੇ ਲੜ ਸਕਦੇ ਸੀ? w22.09 2-3 ਪੈਰੇ 3-4
ਸ਼ੁੱਕਰਵਾਰ 20 ਸਤੰਬਰ
ਆਪਣੇ ਬੁੱਲ੍ਹਾਂ ਨੂੰ ਰੋਕੀ ਰੱਖਣ ਵਾਲਾ ਸਮਝਦਾਰ ਹੁੰਦਾ ਹੈ।—ਕਹਾ. 10:19.
ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਸਾਡੇ ਲਈ ਸੰਜਮ ਰੱਖਣਾ ਔਖਾ ਹੋ ਸਕਦਾ ਹੈ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਅਣਜਾਣੇ ਵਿਚ ਕੋਈ ਗੱਲ ਬਹੁਤ ਸਾਰੇ ਲੋਕਾਂ ਤਕ ਫੈਲਾ ਸਕਦੇ ਹਾਂ ਜੋ ਸਾਨੂੰ ਸਿਰਫ਼ ਆਪਣੇ ਤਕ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਕੋਈ ਜਾਣਕਾਰੀ ਇੰਟਰਨੈੱਟ ʼਤੇ ਪਾ ਦਿੰਦੇ ਹਾਂ, ਤਾਂ ਇਹ ਸਾਡੇ ਵੱਸ ਵਿਚ ਨਹੀਂ ਰਹਿੰਦਾ ਕਿ ਲੋਕ ਉਸ ਜਾਣਕਾਰੀ ਨੂੰ ਕਿੱਦਾਂ ਇਸਤੇਮਾਲ ਕਰਨਗੇ ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਉਸ ਕਰਕੇ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਸਾਨੂੰ ਉਦੋਂ ਵੀ ਸੰਜਮ ਰੱਖਦੇ ਹੋਏ ਚੁੱਪ ਰਹਿਣਾ ਚਾਹੀਦਾ ਹੈ ਜਦੋਂ ਸਾਡੇ ਵਿਰੋਧੀ ਚਲਾਕੀ ਨਾਲ ਸਾਡੇ ਕੋਲੋਂ ਜਾਣਕਾਰੀ ਕਢਾਉਣੀ ਚਾਹੁੰਦੇ ਹਨ ਜਿਸ ਨਾਲ ਸਾਡੇ ਭੈਣਾਂ-ਭਰਾਵਾਂ ਨੂੰ ਖ਼ਤਰਾ ਹੋ ਸਕਦਾ ਹੈ। ਸ਼ਾਇਦ ਅਜਿਹੇ ਦੇਸ਼ ਵਿਚ ਪੁਲਿਸ ਸਾਡੇ ਤੋਂ ਪੁੱਛ-ਗਿੱਛ ਕਰੇ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਵੇ। ਅਜਿਹੇ ਹਾਲਾਤਾਂ ਅਤੇ ਹੋਰ ਹਾਲਾਤਾਂ ਵਿਚ ਸਾਨੂੰ “ਆਪਣੇ ਮੂੰਹ ʼਤੇ ਛਿੱਕਲੀ” ਪਾਉਣੀ ਚਾਹੀਦੀ ਹੈ। (ਜ਼ਬੂ. 39:1) ਸਾਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ, ਦੋਸਤਾਂ, ਮਸੀਹੀ ਭੈਣਾਂ-ਭਰਾਵਾਂ ਅਤੇ ਹੋਰ ਲੋਕਾਂ ਦੀਆਂ ਨਜ਼ਰਾਂ ਵਿਚ ਭਰੋਸੇ ਦੇ ਲਾਇਕ ਸਾਬਤ ਕਰਨਾ ਚਾਹੀਦਾ ਹੈ। ਅਸੀਂ ਤਾਂ ਹੀ ਭਰੋਸੇਯੋਗ ਸਾਬਤ ਹੋਵਾਂਗੇ ਜੇ ਅਸੀਂ ਸੰਜਮ ਰੱਖਾਂਗੇ ਯਾਨੀ ਆਪਣੇ ਆਪ ʼਤੇ ਕਾਬੂ ਰੱਖਾਂਗੇ। w22.09 13 ਪੈਰਾ 16
ਸ਼ਨੀਵਾਰ 21 ਸਤੰਬਰ
‘ਖ਼ੁਸ਼ ਹੈ ਉਹ ਆਦਮੀ ਜਿਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।’—ਜ਼ਬੂ. 1:1, 2.
ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਦਾ ਅਧਿਐਨ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਯਿਸੂ ਨੇ ਕਿਹਾ ਸੀ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:4) ਇਸ ਲਈ ਸਾਨੂੰ ਹਰ ਰੋਜ਼ ਪਰਮੇਸ਼ੁਰ ਦੇ ਅਨਮੋਲ ਬਚਨ ਨੂੰ ਪੜ੍ਹਨਾ ਅਤੇ ਉਸ ਦਾ ਅਧਿਐਨ ਕਰਨਾ ਚਾਹੀਦਾ ਹੈ। ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਸ ਨੇ ਬਾਈਬਲ ਵਿਚ ਦੱਸਿਆ ਹੈ ਕਿ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ। ਅਸੀਂ ਬਾਈਬਲ ਵਿੱਚੋਂ ਸਿੱਖਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹਾਂ। ਅਸੀਂ ਇਹ ਵੀ ਸਿੱਖਦੇ ਹਾਂ ਕਿ ਜੇ ਅਸੀਂ ਉਸ ਤੋਂ ਆਪਣੇ ਪਾਪਾਂ ਦੀ ਮਾਫ਼ੀ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ। ਸਾਨੂੰ ਉਸ ਦੇ ਬਚਨ ਵਿੱਚੋਂ ਸੁਨਹਿਰੇ ਭਵਿੱਖ ਲਈ ਕੀਤੇ ਉਸ ਦੇ ਵਾਅਦਿਆਂ ਬਾਰੇ ਵੀ ਪਤਾ ਲੱਗਦਾ ਹੈ। (ਯਿਰ. 29:11) ਕੀ ਬਾਈਬਲ ਵਿੱਚੋਂ ਇਹ ਸਾਰੀਆਂ ਸੱਚਾਈਆਂ ਜਾਣ ਕੇ ਸਾਡਾ ਦਿਲ ਖ਼ੁਸ਼ੀ ਨਾਲ ਨਹੀਂ ਝੂਮ ਉੱਠਦਾ? ਜਦੋਂ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਕਰਕੇ ਬਹੁਤ ਪਰੇਸ਼ਾਨ ਹੁੰਦੇ ਹੋ, ਤਾਂ ਯਹੋਵਾਹ ਦੇ ਬਚਨ ਨੂੰ ਪੜ੍ਹਨ ਅਤੇ ਉਸ ʼਤੇ ਸੋਚ-ਵਿਚਾਰ ਕਰਨ ਵਿਚ ਹੋਰ ਵੀ ਜ਼ਿਆਦਾ ਸਮਾਂ ਲਾਓ। w22.10 7 ਪੈਰੇ 4-6
ਐਤਵਾਰ 22 ਸਤੰਬਰ
ਸਮਝ ਵਿਚ ਸਿਆਣੇ ਬਣੋ।—1 ਕੁਰਿੰ. 14:20.
ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਨਾਸਮਝ ਨਾ ਬਣੀਏ। ਜੇ ਅਸੀਂ ਬੁੱਧ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ। ਜਿੱਦਾਂ-ਜਿੱਦਾਂ ਅਸੀਂ ਇਨ੍ਹਾਂ ਅਸੂਲਾਂ ਨੂੰ ਲਾਗੂ ਕਰਾਂਗੇ, ਉੱਦਾਂ-ਉੱਦਾਂ ਅਸੀਂ ਦੇਖ ਸਕਾਂਗੇ ਕਿ ਇਨ੍ਹਾਂ ਨੂੰ ਲਾਗੂ ਕਰ ਕੇ ਕਿੱਦਾਂ ਅਸੀਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ ਅਤੇ ਸਹੀ ਫ਼ੈਸਲੇ ਕਰ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਫ਼ੈਸਲਿਆਂ ʼਤੇ ਗੌਰ ਕਰੀਏ। ਜੇ ਅਸੀਂ ਬਾਈਬਲ ਸਟੱਡੀ ਕਰ ਰਹੇ ਹਾਂ ਅਤੇ ਕੁਝ ਸਮੇਂ ਤੋਂ ਮੀਟਿੰਗਾਂ ਤੇ ਆ ਰਹੇ ਹਾਂ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਪੁੱਛੀਏ ਕਿ ਕਿਹੜੀ ਗੱਲ ਸਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਰੋਕ ਰਹੀ ਹੈ। ਪਰ ਜੇ ਸਾਡਾ ਬਪਤਿਸਮਾ ਹੋ ਚੁੱਕਾ ਹੈ, ਤਾਂ ਅਸੀਂ ਖ਼ੁਸ਼-ਖ਼ਬਰੀ ਦੇ ਹੋਰ ਵਧੀਆ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ? ਕੀ ਸਾਡੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਾਂ? ਕੀ ਅਸੀਂ ਦੂਸਰਿਆਂ ਨਾਲ ਯਿਸੂ ਵਾਂਗ ਪੇਸ਼ ਆਉਂਦੇ ਹਾਂ? ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਕਿਤੇ ਸੁਧਾਰ ਕਰਨ ਦੀ ਲੋੜ ਹੈ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ‘ਯਹੋਵਾਹ ਦੀ ਨਸੀਹਤ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।’—ਜ਼ਬੂ. 19:7. w22.10 20 ਪੈਰਾ 8
ਸੋਮਵਾਰ 23 ਸਤੰਬਰ
‘ਪਰਮੇਸ਼ੁਰ ਦੀ ਸ਼ਕਤੀ ਜੀਉਂਦੇ ਪ੍ਰਾਣੀਆਂ ਨੂੰ ਜਿੱਥੇ ਵੀ ਜਾਣ ਲਈ ਪ੍ਰੇਰਦੀ ਸੀ, ਉਹ ਜਾਂਦੇ ਸਨ।’—ਹਿਜ਼. 1:20.
ਹਿਜ਼ਕੀਏਲ ਦੇਖ ਸਕਦਾ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਵਿਚ ਕਿੰਨੀ ਤਾਕਤ ਸੀ। ਹਿਜ਼ਕੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਸ਼ਕਤੀਸ਼ਾਲੀ ਸਵਰਗੀ ਪ੍ਰਾਣੀ ਅਤੇ ਪਰਮੇਸ਼ੁਰ ਦੇ ਰਥ ਦੇ ਵੱਡੇ-ਵੱਡੇ ਪਹੀਏ ਕਿਵੇਂ ਅੱਗੇ ਵਧ ਰਹੇ ਸਨ। (ਹਿਜ਼. 1:21) ਇਸ ਸ਼ਾਨਦਾਰ ਦਰਸ਼ਣ ਦਾ ਹਿਜ਼ਕੀਏਲ ʼਤੇ ਕੀ ਅਸਰ ਪਿਆ? ਉਸ ਨੇ ਲਿਖਿਆ: “ਜਦ ਮੈਂ ਇਹ ਸਭ ਕੁਝ ਦੇਖਿਆ, ਤਾਂ ਮੈਂ ਮੂੰਹ ਭਾਰ ਡਿਗ ਪਿਆ।” ਉਸ ਦਾ ਦਿਲ ਸ਼ਰਧਾ ਨਾਲ ਇੰਨਾ ਜ਼ਿਆਦਾ ਭਰ ਗਿਆ ਕਿ ਉਹ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਗਿਆ। (ਹਿਜ਼. 1:28) ਜਦੋਂ ਵੀ ਹਿਜ਼ਕੀਏਲ ਨੇ ਇਸ ਦਰਸ਼ਣ ʼਤੇ ਸੋਚ-ਵਿਚਾਰ ਕੀਤਾ ਹੋਣਾ, ਤਾਂ ਉਸ ਦਾ ਇਰਾਦਾ ਹੋਰ ਵੀ ਪੱਕਾ ਹੋਇਆ ਹੋਣਾ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਹ ਪ੍ਰਚਾਰ ਦਾ ਕੰਮ ਪੂਰਾ ਕਰ ਸਕੇਗਾ। ਇਹ ਦਰਸ਼ਣ ਦਿਖਾਉਣ ਤੋਂ ਬਾਅਦ ਯਹੋਵਾਹ ਨੇ ਹਿਜ਼ਕੀਏਲ ਨੂੰ ਹੁਕਮ ਦਿੱਤਾ: “ਹੇ ਮਨੁੱਖ ਦੇ ਪੁੱਤਰ, ਆਪਣੇ ਪੈਰਾਂ ʼਤੇ ਖੜ੍ਹਾ ਹੋ ਤਾਂਕਿ ਮੈਂ ਤੇਰੇ ਨਾਲ ਗੱਲ ਕਰਾਂ।” ਇਸ ਹੁਕਮ ਤੇ ਪਰਮੇਸ਼ੁਰ ਦੀ “ਸ਼ਕਤੀ” ਕਰਕੇ ਹਿਜ਼ਕੀਏਲ ਨੂੰ ਤਾਕਤ ਮਿਲੀ ਅਤੇ ਉਹ ਖੜ੍ਹਾ ਹੋ ਗਿਆ। (ਹਿਜ਼. 2:1, 2) ਇਸ ਤੋਂ ਬਾਅਦ ਯਹੋਵਾਹ ਦੀ ਸ਼ਕਤੀ ਸੇਵਕਾਈ ਦੌਰਾਨ ਹਿਜ਼ਕੀਏਲ ਦੀ ਅਗਵਾਈ ਕਰਦੀ ਰਹੀ।—ਹਿਜ਼. 3:22; 8:1; 33:22; 37:1; 40:1. w22.11 4 ਪੈਰੇ 7-8
ਮੰਗਲਵਾਰ 24 ਸਤੰਬਰ
ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ।—ਯਸਾ. 30:21.
ਯਸਾਯਾਹ ਨਬੀ ਨੇ ਦੱਸਿਆ ਕਿ ਯਹੋਵਾਹ ਇਕ ਅਜਿਹਾ ਸਿੱਖਿਅਕ ਹੈ ਜੋ ਆਪਣੇ ਵਿਦਿਆਰਥੀਆਂ ਦੇ ਪਿੱਛੇ-ਪਿੱਛੇ ਚੱਲ ਕੇ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਨੇ ਕਿਸ ਰਾਹ ʼਤੇ ਜਾਣਾ ਹੈ। ਅੱਜ ਅਸੀਂ ਵੀ ਯਹੋਵਾਹ ਦੀ ਆਵਾਜ਼ ਪਿੱਛੋਂ ਸੁਣਦੇ ਹਾਂ। ਕਿਵੇਂ? ਪਰਮੇਸ਼ੁਰ ਨੇ ਆਪਣਾ ਬਚਨ ਹਜ਼ਾਰਾਂ ਸਾਲ ਪਹਿਲਾਂ ਲਿਖਵਾਇਆ ਸੀ। ਇਸ ਲਈ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਪਰਮੇਸ਼ੁਰ ਦੀ ਆਵਾਜ਼ ਪਿੱਛੋਂ ਸੁਣ ਰਹੇ ਹੋਈਏ। (ਯਸਾ. 51:4) ਯਹੋਵਾਹ ਸਾਡੀ ਅਗਵਾਈ ਕਰਨ ਲਈ ਜੋ ਕਰਦਾ ਹੈ, ਅਸੀਂ ਉਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਜ਼ਰਾ ਗੌਰ ਕਰੋ ਕਿ ਯਸਾਯਾਹ ਨੇ ਦੋ ਕਦਮ ਚੁੱਕਣ ਲਈ ਕਿਹਾ ਸੀ। ਪਹਿਲਾ ਕਦਮ, “ਰਾਹ ਇਹੋ ਹੀ ਹੈ।” ਦੂਜਾ ਕਦਮ, “ਇਸ ਉੱਤੇ ਚੱਲੋ।” ਇਸ ਦਾ ਮਤਲਬ ਹੈ ਕਿ ਸਿਰਫ਼ “ਰਾਹ” ਬਾਰੇ ਜਾਣਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ‘ਰਾਹ ਉੱਤੇ ਚੱਲਣਾ’ ਵੀ ਚਾਹੀਦਾ ਹੈ। ਬਾਈਬਲ ਅਤੇ ਯਹੋਵਾਹ ਦੇ ਸੰਗਠਨ ਰਾਹੀਂ ਅਸੀਂ ਜਾਣ ਪਾਉਂਦੇ ਹਾਂ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਅਸੀਂ ਇਹ ਵੀ ਜਾਣ ਪਾਉਂਦੇ ਹਾਂ ਕਿ ਅਸੀਂ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਜੇ ਅਸੀਂ ਇਹ ਦੋਵੇਂ ਕਦਮ ਚੁੱਕਾਂਗੇ, ਤਾਂ ਅਸੀਂ ਮੁਸ਼ਕਲਾਂ ਦੌਰਾਨ ਵੀ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕਾਂਗੇ। ਨਾਲੇ ਅਸੀਂ ਪੱਕਾ ਭਰੋਸਾ ਰੱਖ ਸਕਾਂਗੇ ਕਿ ਯਹੋਵਾਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ। w22.11 11 ਪੈਰੇ 10-11
ਬੁੱਧਵਾਰ 25 ਸਤੰਬਰ
ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿਚ ਆ ਜਾਣਗੇ।—ਰਸੂ. 20:29.
ਯਿਸੂ ਦੇ ਰਸੂਲਾਂ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਹੀ ਝੂਠੇ ਮਸੀਹੀ ਮੰਡਲੀ ਵਿਚ ਆ ਵੜੇ। (ਮੱਤੀ 13:24-27, 37-39) ਉਹ “ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼” ਕਰਨ ਲੱਗੇ। (ਰਸੂ. 20:30) ਉਦਾਹਰਣ ਲਈ, ਬਾਈਬਲ ਵਿਚ ਲਿਖਿਆ ਹੈ ਕਿ ਯਿਸੂ ਨੇ “ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।” (ਇਬ. 9:27, 28) ਪਰ ਝੂਠੇ ਮਸੀਹੀ ਕਹਿੰਦੇ ਹਨ ਕਿ ਸਾਡੇ ਪਾਪਾਂ ਦੀ ਮਾਫ਼ੀ ਲਈ ਯਿਸੂ ਦੀ ਕੁਰਬਾਨੀ ਵਾਰ-ਵਾਰ ਦਿੱਤੀ ਜਾਣੀ ਚਾਹੀਦੀ ਹੈ। ਅੱਜ ਬਹੁਤ ਸਾਰੇ ਲੋਕ ਝੂਠੇ ਮਸੀਹੀਆਂ ਦੀ ਇਸ ਗ਼ਲਤ ਸਿੱਖਿਆ ʼਤੇ ਯਕੀਨ ਕਰਦੇ ਹਨ। ਇਸ ਲਈ ਉਹ ਹਰ ਹਫ਼ਤੇ ਜਾਂ ਹਰ ਰੋਜ਼ ਚਰਚਾਂ ਵਿਚ “ਯੂਖਾਰਿਸਤ” ਮਨਾਉਂਦੇ ਹਨ। ਹੋਰ ਚਰਚਾਂ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਇੰਨੀ ਵਾਰ ਨਹੀਂ ਮਨਾਈ ਜਾਂਦੀ, ਪਰ ਉਨ੍ਹਾਂ ਦੇ ਜ਼ਿਆਦਾਤਰ ਮੈਂਬਰਾਂ ਨੂੰ ਇਸ ਦੀ ਅਹਿਮੀਅਤ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ। w23.01 21 ਪੈਰਾ 5
ਵੀਰਵਾਰ 26 ਸਤੰਬਰ
ਦੂਸਰਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ।—ਇਬ. 13:16.
ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ ਅਤੇ ਆਗਿਆਕਾਰ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰੇਗਾ। ਯਹੋਵਾਹ ਜਿਨ੍ਹਾਂ ਲੋਕਾਂ ਨੂੰ ਧਰਮੀ ਠਹਿਰਾਵੇਗਾ ਉਹ “ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂ. 37:10, 11, 29) ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ “ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰ. 15:26) ਅਸੀਂ ਬਾਈਬਲ ਵਿੱਚੋਂ ਜਾਣਿਆ ਕਿ ਅਸੀਂ ਹਮੇਸ਼ਾ ਤਕ ਜੀਉਂਦੇ ਰਹਿ ਸਕਦੇ ਹਾਂ। ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਡੀ ਇਹ ਉਮੀਦ ਪੂਰੀ ਹੋਵੇਗੀ। ਆਪਣੀ ਇਸ ਉਮੀਦ ਬਾਰੇ ਸੋਚਣ ਕਰਕੇ ਅਸੀਂ ਮੁਸ਼ਕਲਾਂ ਦੌਰਾਨ ਵੀ ਵਫ਼ਾਦਾਰ ਰਹਿ ਪਾਉਂਦੇ ਹਾਂ। ਪਰ ਅਸੀਂ ਯਹੋਵਾਹ ਨੂੰ ਸਿਰਫ਼ ਇਸ ਲਈ ਖ਼ੁਸ਼ ਨਹੀਂ ਕਰਦੇ ਕਿਉਂਕਿ ਅਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ। ਯਹੋਵਾਹ ਅਤੇ ਯਿਸੂ ਦੇ ਵਫ਼ਾਦਾਰ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ। (2 ਕੁਰਿੰ. 5:14, 15) ਨਾਲੇ ਇਸੇ ਕਰਕੇ ਅਸੀਂ ਉਨ੍ਹਾਂ ਵਾਂਗ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਲੋਕਾਂ ਨੂੰ ਆਪਣੀ ਇਸ ਉਮੀਦ ਬਾਰੇ ਦੱਸਦੇ ਹਾਂ। (ਰੋਮੀ. 10:13-15) ਜਦੋਂ ਅਸੀਂ ਸਿਰਫ਼ ਆਪਣੇ ਬਾਰੇ ਨਹੀਂ ਸੋਚਾਂਗੇ ਅਤੇ ਦੂਸਰਿਆਂ ਨੂੰ ਯਹੋਵਾਹ ਦੇ ਮਕਸਦਾਂ ਬਾਰੇ ਦੱਸਾਂਗੇ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਚਾਹੇਗਾ ਕਿ ਅਸੀਂ ਹਮੇਸ਼ਾ-ਹਮੇਸ਼ਾ ਲਈ ਉਸ ਦੇ ਦੋਸਤ ਬਣੇ ਰਹੀਏ। w22.12 6-7 ਪੈਰੇ 15-16
ਸ਼ੁੱਕਰਵਾਰ 27 ਸਤੰਬਰ
ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।—2 ਤਿਮੋ. 3:12.
ਜ਼ੁਲਮ ਹੋਣ ਕਰਕੇ ਸ਼ਾਇਦ ਅਸੀਂ ਉਹ ਕੰਮ ਨਾ ਕਰ ਪਾਈਏ ਜਿਨ੍ਹਾਂ ਕਰਕੇ ਸਾਨੂੰ ਸ਼ਾਂਤੀ ਮਿਲਦੀ ਹੈ। ਅਸੀਂ ਪਰੇਸ਼ਾਨ ਹੋ ਸਕਦੇ ਹਾਂ ਅਤੇ ਸ਼ਾਇਦ ਸਾਨੂੰ ਫ਼ਿਕਰ ਪੈ ਜਾਵੇ ਕਿ ਹੁਣ ਅੱਗੇ ਕੀ ਹੋਵੇਗਾ। ਇਸ ਤਰ੍ਹਾਂ ਮਹਿਸੂਸ ਕਰਨਾ ਜਾਇਜ਼ ਹੈ। ਫਿਰ ਵੀ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਸੀ ਕਿ ਜ਼ੁਲਮ ਹੋਣ ਤੇ ਅਸੀਂ ਨਿਹਚਾ ਕਰਨੀ ਛੱਡ ਸਕਦੇ ਹਾਂ। (ਯੂਹੰ. 16:1, 2) ਜਦੋਂ ਯਿਸੂ ਨੇ ਕਿਹਾ ਸੀ ਕਿ ਸਾਡੇ ʼਤੇ ਜ਼ੁਲਮ ਹੋਣਗੇ, ਤਾਂ ਉਸ ਨੇ ਸਾਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਸੀ ਕਿ ਅਸੀਂ ਵਫ਼ਾਦਾਰ ਰਹਿ ਸਕਾਂਗੇ। (ਯੂਹੰ. 15:20; 16:33) ਜੇ ਸਾਡੇ ਇਲਾਕੇ ਵਿਚ ਸਾਡੇ ਕੰਮ ʼਤੇ ਪਾਬੰਦੀ ਜਾਂ ਰੋਕ ਲੱਗ ਜਾਂਦੀ ਹੈ, ਤਾਂ ਹੋ ਸਕਦਾ ਹੈ ਕਿ ਬ੍ਰਾਂਚ ਆਫ਼ਿਸ ਅਤੇ ਮੰਡਲੀ ਦੇ ਬਜ਼ੁਰਗ ਸਾਨੂੰ ਹਿਦਾਇਤਾਂ ਦੇਣ। ਉਹ ਸਾਨੂੰ ਹਿਦਾਇਤਾਂ ਇਸ ਲਈ ਦਿੰਦੇ ਹਨ ਤਾਂਕਿ ਸਾਡੀ ਰਾਖੀ ਹੋਵੇ, ਸਾਨੂੰ ਪਰਮੇਸ਼ੁਰ ਦਾ ਗਿਆਨ ਮਿਲਦਾ ਰਹੇ ਅਤੇ ਅਸੀਂ ਪੂਰਾ ਧਿਆਨ ਰੱਖਦੇ ਹੋਏ ਪ੍ਰਚਾਰ ਦਾ ਕੰਮ ਕਰਦੇ ਰਹਿ ਸਕੀਏ। ਹਿਦਾਇਤਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰੋ। (ਯਾਕੂ. 3:17) ਭੈਣਾਂ-ਭਰਾਵਾਂ ਬਾਰੇ ਕੋਈ ਵੀ ਜਾਣਕਾਰੀ ਉਨ੍ਹਾਂ ਲੋਕਾਂ ਨਾਲ ਸਾਂਝੀ ਨਾ ਕਰੋ ਜਿਨ੍ਹਾਂ ਨੂੰ ਇਸ ਬਾਰੇ ਜਾਣਨ ਦਾ ਕੋਈ ਹੱਕ ਨਹੀਂ ਹੈ।—ਉਪ. 3:7. w22.12 20-21 ਪੈਰੇ 14-16
ਸ਼ਨੀਵਾਰ 28 ਸਤੰਬਰ
ਪਹਿਲਾਂ ਵਾਂਗ ਮਿਹਨਤ ਕਰਦੇ ਰਹੋ।—ਇਬ. 6:11.
ਯਿਸੂ ਦੇ ਚੇਲੇ ਅੱਜ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰ ਰਹੇ ਹਨ ਅਤੇ ਯਿਸੂ ਲਗਾਤਾਰ ਉਨ੍ਹਾਂ ਦੀ ਅਗਵਾਈ ਕਰ ਰਿਹਾ ਹੈ। ਸਾਡੀਆਂ ਮੀਟਿੰਗਾਂ ਅਤੇ ਪ੍ਰਕਾਸ਼ਨਾਂ ਰਾਹੀਂ ਯਿਸੂ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਿਖਲਾਈ ਦੇ ਰਿਹਾ ਹੈ। ਨਾਲੇ ਉਹ ਇਸ ਕੰਮ ਨੂੰ ਕਰਨ ਲਈ ਸਾਨੂੰ ਹਰ ਜ਼ਰੂਰੀ ਚੀਜ਼ ਦੇ ਰਿਹਾ ਹੈ। (ਮੱਤੀ 28:18-20) ਪਰ ਉਹ ਸਾਡੇ ਤੋਂ ਕੀ ਉਮੀਦ ਕਰਦਾ ਹੈ? ਇਹੀ ਕਿ ਜਦ ਤਕ ਯਹੋਵਾਹ ਇਸ ਦੁਨੀਆਂ ਦਾ ਅੰਤ ਨਹੀਂ ਕਰ ਦਿੰਦਾ, ਉਦੋਂ ਤਕ ਅਸੀਂ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਸਖ਼ਤ ਮਿਹਨਤ ਕਰਦੇ ਰਹੀਏ ਅਤੇ ਖ਼ਬਰਦਾਰ ਰਹੀਏ। ਇਸ ਤਰ੍ਹਾਂ ਅਸੀਂ ਇਬਰਾਨੀਆਂ 6:11, 12 ਵਿਚ ਦਿੱਤੀ ਸਲਾਹ ਮੰਨ ਕੇ “ਅਖ਼ੀਰ ਤਕ” ਪੱਕਾ ਭਰੋਸਾ ਰੱਖਾਂਗੇ ਕਿ ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ। ਯਹੋਵਾਹ ਨੇ ਉਸ ਦਿਨ ਅਤੇ ਘੜੀ ਨੂੰ ਤੈਅ ਕਰ ਦਿੱਤਾ ਹੈ ਜਦੋਂ ਉਹ ਸ਼ੈਤਾਨ ਦੀ ਦੁਨੀਆਂ ਦਾ ਅੰਤ ਕਰੇਗਾ। ਉਸ ਤੋਂ ਬਾਅਦ ਯਹੋਵਾਹ ਨਵੀਂ ਦੁਨੀਆਂ ਬਾਰੇ ਉਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕਰੇਗਾ ਜੋ ਉਸ ਨੇ ਆਪਣੇ ਬਚਨ ਵਿਚ ਲਿਖਵਾਈਆਂ ਹਨ। ਉਦੋਂ ਤਕ ਸ਼ਾਇਦ ਕਦੇ-ਕਦੇ ਸਾਨੂੰ ਲੱਗੇ ਕਿ ਅੰਤ ਆਉਣ ਵਿਚ ਹਾਲੇ ਬਹੁਤ ਸਮਾਂ ਪਿਆ ਹੈ। ਪਰ ਯਹੋਵਾਹ ਦਾ ਦਿਨ ਤੈਅ ਕੀਤੇ ਸਮੇਂ ʼਤੇ ਜ਼ਰੂਰ ਆਵੇਗਾ, “ਇਹ ਦੇਰ ਨਾ ਕਰੇਗਾ!” (ਹੱਬ. 2:3) ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ‘ਯਹੋਵਾਹ ਦਾ ਰਾਹ ਤੱਕਦੇ ਰਹਾਂਗੇ’ ਅਤੇ “ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ” ਕਰਦੇ ਰਹਾਂਗੇ।—ਮੀਕਾ. 7:7. w23.02 19 ਪੈਰੇ 15-16
ਐਤਵਾਰ 29 ਸਤੰਬਰ
ਤੇਰੇ ਤੁੱਲ ਕੋਈ ਨਹੀਂ ਹੈ।—ਜ਼ਬੂ. 40:5.
ਪਹਾੜ ʼਤੇ ਚੜ੍ਹਨ ਵਾਲੇ ਮਾਹਰ ਦਾ ਟੀਚਾ ਪਹਾੜ ਦੀ ਟੀਸੀ ʼਤੇ ਪਹੁੰਚਣ ਦਾ ਹੁੰਦਾ ਹੈ। ਪਰ ਉਹ ਚੜ੍ਹਦੇ ਵੇਲੇ ਰਸਤੇ ਵਿਚ ਰੁਕ-ਰੁਕ ਕੇ ਅਲੱਗ-ਅਲੱਗ ਨਜ਼ਾਰਿਆਂ ਦਾ ਮਜ਼ਾ ਲੈ ਸਕਦਾ ਹੈ। ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬਾਕਾਇਦਾ ਸਮਾਂ ਕੱਢ ਕੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਕਿਵੇਂ ਔਖੀਆਂ ਘੜੀਆਂ ਵਿਚ ਸਾਨੂੰ ਕਾਮਯਾਬੀ ਦਿੱਤੀ। ਹਰ ਰੋਜ਼ ਦਿਨ ਦੇ ਅਖ਼ੀਰ ਵਿਚ ਆਪਣੇ ਆਪ ਤੋਂ ਪੁੱਛੋ: ‘ਅੱਜ ਯਹੋਵਾਹ ਨੇ ਕਿਵੇਂ ਮੈਨੂੰ ਬਰਕਤ ਦਿੱਤੀ ਹੈ? ਚਾਹੇ ਮੇਰੀ ਮੁਸ਼ਕਲ ਖ਼ਤਮ ਨਹੀਂ ਹੋਈ, ਪਰ ਯਹੋਵਾਹ ਉਸ ਨੂੰ ਸਹਿਣ ਵਿਚ ਮੇਰੀ ਕਿਵੇਂ ਮਦਦ ਕਰ ਰਿਹਾ ਹੈ?’ ਯਹੋਵਾਹ ਵੱਲੋਂ ਮਿਲੀ ਘੱਟੋ-ਘੱਟ ਇਕ ਬਰਕਤ ਬਾਰੇ ਸੋਚੋ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਾਮਯਾਬ ਹੋਏ। ਤੁਸੀਂ ਜ਼ਰੂਰ ਇਸ ਗੱਲ ਬਾਰੇ ਪ੍ਰਾਰਥਨਾ ਕਰਦੇ ਹੋਣੇ ਕਿ ਤੁਹਾਡੀ ਮੁਸ਼ਕਲ ਖ਼ਤਮ ਹੋ ਜਾਵੇ। (ਫ਼ਿਲਿ. 4:6) ਪਰ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਅੱਜ ਸਾਨੂੰ ਕਿਹੜੀਆਂ ਬਰਕਤਾਂ ਦੇ ਰਿਹਾ ਹੈ। ਯਹੋਵਾਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਮੁਸ਼ਕਲਾਂ ਨੂੰ ਸਹਿਣ ਵਿਚ ਸਾਡੀ ਮਦਦ ਕਰੇਗਾ ਅਤੇ ਸਾਨੂੰ ਤਕੜਾ ਕਰੇਗਾ। ਇਸ ਗੱਲ ਦੀ ਹਮੇਸ਼ਾ ਕਦਰ ਕਰੋ ਕਿ ਯਹੋਵਾਹ ਤੁਹਾਡਾ ਸਾਥ ਦੇ ਰਿਹਾ ਹੈ। ਫਿਰ ਤੁਸੀਂ ਜਾਣ ਸਕੋਗੇ ਕਿ ਯਹੋਵਾਹ ਔਖੀਆਂ ਘੜੀਆਂ ਦੌਰਾਨ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਰਿਹਾ ਹੈ।—ਉਤ. 41:51, 52. w23.01 19 ਪੈਰੇ 17-18
ਸੋਮਵਾਰ 30 ਸਤੰਬਰ
‘ਯਹੋਵਾਹ ਦੇ ਦਿਨ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।’—2 ਪਤ. 3:12.
ਖ਼ੁਦ ਤੋਂ ਪੁੱਛੋ: ‘ਕੀ ਮੇਰੇ ਜੀਉਣ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਮੈਂ ਮੰਨਦਾ ਹਾਂ ਕਿ ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ? ਕੀ ਪੜ੍ਹਾਈ-ਲਿਖਾਈ ਅਤੇ ਕੰਮ-ਧੰਦੇ ਬਾਰੇ ਕੀਤੇ ਮੇਰੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਮੇਰੇ ਲਈ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਜ਼ਿਆਦਾ ਅਹਿਮ ਹੈ? ਕੀ ਮੈਨੂੰ ਭਰੋਸਾ ਹੈ ਕਿ ਯਹੋਵਾਹ ਮੇਰੀਆਂ ਤੇ ਮੇਰੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇਗਾ?’ ਜ਼ਰਾ ਸੋਚੋ, ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਅਸੀਂ ਹਰ ਛੋਟਾ-ਵੱਡਾ ਫ਼ੈਸਲਾ ਉਸ ਦੀ ਇੱਛਾ ਮੁਤਾਬਕ ਕਰਦੇ ਹਾਂ। (ਮੱਤੀ 6:25-27, 33; ਫ਼ਿਲਿ. 4:12, 13) ਸਾਨੂੰ ਬਾਕਾਇਦਾ ਆਪਣੀ ਸੋਚ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਫਿਰ ਜ਼ਰੂਰੀ ਬਦਲਾਅ ਵੀ ਕਰਨੇ ਚਾਹੀਦੇ ਹਨ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ; ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।” (2 ਕੁਰਿੰ. 13:5) ਇਸ ਲਈ ਆਪਣੀ ਸੋਚ ਨੂੰ ਬਦਲਦੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹੀਏ, ਉਸ ਵਾਂਗ ਸੋਚੀਏ ਅਤੇ ਯਹੋਵਾਹ ਦੀ ਇੱਛਾ ਮੁਤਾਬਕ ਹੀ ਹਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹੀਏ।—1 ਕੁਰਿੰ. 2:14-16. w23.01 9 ਪੈਰੇ 5-6