ਅਕਤੂਬਰ
ਮੰਗਲਵਾਰ 1 ਅਕਤੂਬਰ
ਮੈਂ ਮੰਡਲੀ ਵਿਚ ਤੇਰੀ ਮਹਿਮਾ ਕਰਾਂਗਾ।—ਜ਼ਬੂ. 22:22.
ਜਦੋਂ ਅਸੀਂ ਸਾਰੇ ਮਿਲ ਕੇ ਗੀਤ ਗਾਉਂਦੇ ਹਾਂ ਅਤੇ ਵਧੀਆ ਤਿਆਰੀ ਕਰ ਕੇ ਜਵਾਬ ਦਿੰਦੇ ਹਾਂ, ਤਾਂ ਅਸੀਂ ਸਾਰੇ ਮੀਟਿੰਗਾਂ ਵਿਚ ਹਿੱਸਾ ਲੈਂਦੇ ਹਾਂ। ਪਰ ਕੁਝ ਭੈਣਾਂ-ਭਰਾਵਾਂ ਨੂੰ ਸਾਰਿਆਂ ਸਾਮ੍ਹਣੇ ਗੀਤ ਗਾਉਣ ਅਤੇ ਜਵਾਬ ਦੇਣ ਵਿਚ ਝਿਜਕ ਮਹਿਸੂਸ ਹੁੰਦੀ ਹੈ। ਕੀ ਤੁਹਾਨੂੰ ਵੀ ਇੱਦਾਂ ਹੀ ਮਹਿਸੂਸ ਹੁੰਦਾ ਹੈ? ਜੇ ਹਾਂ, ਤਾਂ ਸੋਚੋ ਕਿ ਕਿਹੜੀ ਗੱਲ ਨੇ ਦੂਸਰੇ ਭੈਣਾਂ-ਭਰਾਵਾਂ ਦੀ ਝਿਜਕ ਦੂਰ ਕਰਨ ਵਿਚ ਮਦਦ ਕੀਤੀ। ਜਦੋਂ ਵੀ ਅਸੀਂ ਰਾਜ ਦੇ ਗੀਤ ਗਾਉਂਦੇ ਹਾਂ, ਤਾਂ ਸਾਡਾ ਮੁੱਖ ਟੀਚਾ ਯਹੋਵਾਹ ਦੀ ਮਹਿਮਾ ਕਰਨਾ ਹੋਣਾ ਚਾਹੀਦਾ ਹੈ। ਇਸ ਲਈ ਜਿਸ ਤਰ੍ਹਾਂ ਤੁਸੀਂ ਮੀਟਿੰਗਾਂ ਦੇ ਬਾਕੀ ਭਾਗਾਂ ਦੀ ਤਿਆਰ ਕਰਦੀ ਹੋ, ਉਸੇ ਤਰ੍ਹਾਂ ਕਿਉਂ ਨਾ ਗੀਤ ਗਾਉਣ ਦੀ ਵੀ ਤਿਆਰੀ ਕਰੋ। ਇਹ ਵੀ ਦੇਖਣ ਦੀ ਕੋਸ਼ਿਸ਼ ਕਰੋ ਕਿ ਗੀਤ ਦੇ ਕਿਹੜੇ ਬੋਲ ਮੀਟਿੰਗ ਦੇ ਭਾਗ ਨਾਲ ਜੁੜੇ ਹਨ। ਨਾਲੇ ਗੀਤ ਦੇ ਬੋਲਾਂ ʼਤੇ ਧਿਆਨ ਦਿਓ, ਨਾ ਕਿ ਆਪਣੇ ਗਾਉਣ ਦੇ ਤਰੀਕੇ ʼਤੇ। ਕਈਆਂ ਨੂੰ ਮੀਟਿੰਗਾਂ ਵਿਚ ਜਵਾਬ ਦੇਣੇ ਔਖੇ ਲੱਗਦੇ ਹਨ। ਕਿਹੜੀ ਗੱਲ ਇਨ੍ਹਾਂ ਦੀ ਮਦਦ ਕਰ ਸਕਦੀ ਹੈ? ਹਰ ਮੀਟਿੰਗ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਰਹੋ। ਯਾਦ ਰੱਖੋ ਕਿ ਜੇ ਤੁਹਾਡਾ ਜਵਾਬ ਛੋਟਾ, ਸਿੱਧਾ ਅਤੇ ਢੁਕਵਾਂ ਹੁੰਦਾ ਹੈ, ਤਾਂ ਉਹ ਸਹੀ ਹੈ। ਯਹੋਵਾਹ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਘਬਰਾਹਟ ਹੋਣ ਦੇ ਬਾਵਜੂਦ ਵੀ ਮੀਟਿੰਗਾਂ ਵਿਚ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। w22.04 7-8 ਪੈਰੇ 12-15
ਬੁੱਧਵਾਰ 2 ਅਕਤੂਬਰ
ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।—ਇਬ. 13:6.
“ਸਹਾਰਾ” ਸ਼ਬਦ ਅਜਿਹੇ ਵਿਅਕਤੀ ਲਈ ਵਰਤਿਆ ਗਿਆ ਹੈ ਜੋ ਕਿਸੇ ਨੂੰ ਦੁਖੀ ਦੇਖ ਕੇ ਮਦਦ ਕਰਨ ਲਈ ਭੱਜਾ-ਭੱਜਾ ਆਉਂਦਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਦੁੱਖ ਵੇਲੇ ਯਹੋਵਾਹ ਨੂੰ ਪੁਕਾਰਦੇ ਹਾਂ, ਤਾਂ ਉਹ ਸਾਡੀ ਮਦਦ ਕਰਨ ਲਈ ਭੱਜਾ-ਭੱਜਾ ਆਉਂਦਾ ਹੈ। ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦਿਲੋਂ ਸਾਡੀ ਮਦਦ ਕਰਨੀ ਚਾਹੁੰਦਾ ਹੈ। ਜੇ ਯਹੋਵਾਹ ਸਾਡੀ ਵੱਲ ਹੈ, ਤਾਂ ਅਸੀਂ ਹਰ ਮੁਸ਼ਕਲ ਖ਼ੁਸ਼ੀ-ਖ਼ੁਸ਼ੀ ਝੱਲ ਸਕਦੇ ਹਾਂ। ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ? ਇਸ ਦਾ ਜਵਾਬ ਸਾਨੂੰ ਯਸਾਯਾਹ ਦੀ ਕਿਤਾਬ ਵਿੱਚੋਂ ਮਿਲੇਗਾ। ਕਿਉਂ? ਕਿਉਂਕਿ ਯਹੋਵਾਹ ਨੇ ਯਸਾਯਾਹ ਰਾਹੀਂ ਜੋ ਭਵਿੱਖਬਾਣੀਆਂ ਲਿਖਵਾਈਆਂ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਅੱਜ ਸਾਡੇ ਸਮੇਂ ਵਿਚ ਵੀ ਪੂਰੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਯਸਾਯਾਹ ਨੇ ਆਪਣੀ ਕਿਤਾਬ ਵਿਚ ਜਿਨ੍ਹਾਂ ਸ਼ਬਦਾਂ ਰਾਹੀਂ ਯਹੋਵਾਹ ਦੇ ਸੁਭਾਅ ਨੂੰ ਬਿਆਨ ਕੀਤਾ ਹੈ, ਉਸ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਉਦਾਹਰਣ ਲਈ, ਯਸਾਯਾਹ ਅਧਿਆਇ 30 ਵਿਚ ਦਿੱਤੀਆਂ ਦਿਲਚਸਪ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੱਦਾਂ ਮਦਦ ਕਰਦਾ ਹੈ। ਉਸ ਨੇ ਲਿਖਿਆ ਕਿ ਯਹੋਵਾਹ ਸਾਡੀ ਮਦਦ ਕਰਨ ਲਈ (1) ਸਾਡੀਆਂ ਪ੍ਰਾਰਥਨਾਵਾਂ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ, (2) ਸਾਡੀ ਅਗਵਾਈ ਕਰਦਾ ਹੈ ਅਤੇ (3) ਸਾਨੂੰ ਅੱਜ ਵੀ ਬਰਕਤਾਂ ਦਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਬਰਕਤਾਂ ਦੇਵੇਗਾ। w22.11 8 ਪੈਰੇ 2-3
ਵੀਰਵਾਰ 3 ਅਕਤੂਬਰ
‘ਤੂੰ ਜਿਹੜੇ ਕਸ਼ਟ ਸਹਿਣ ਵਾਲਾ ਹੈ, ਉਨ੍ਹਾਂ ਕਰਕੇ ਘਬਰਾਈਂ ਨਾ। ਤੂੰ ਮੌਤ ਤਕ ਵਫ਼ਾਦਾਰ ਰਹੀਂ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਇਨਾਮ ਦਿਆਂਗਾ।’—ਪ੍ਰਕਾ. 2:10.
ਯਿਸੂ ਨੇ ਸਮੁਰਨੇ ਅਤੇ ਫ਼ਿਲਦਲਫ਼ੀਆ ਦੀਆਂ ਮੰਡਲੀਆਂ ਨੂੰ ਕੀ ਸੰਦੇਸ਼ ਭੇਜੇ ਕਿ ਉਹ ਅਤਿਆਚਾਰ ਸਹਿਣ ਤੋਂ ਨਾ ਘਬਰਾਉਣ ਕਿਉਂਕਿ ਉਨ੍ਹਾਂ ਨੂੰ ਆਪਣੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਮਿਲੇਗਾ। (ਪ੍ਰਕਾ. 3:10) ਅਸੀਂ ਜਾਣਦੇ ਹਾਂ ਕਿ ਸਾਡੇ ʼਤੇ ਵੀ ਅਤਿਆਚਾਰ ਹੋਣਗੇ ਅਤੇ ਸਾਨੂੰ ਇਨ੍ਹਾਂ ਨੂੰ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 24:9, 13; 2 ਕੁਰਿੰ. 12:10) ਪ੍ਰਕਾਸ਼ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ “ਪ੍ਰਭੂ ਦੇ ਦਿਨ” ਯਾਨੀ ਸਾਡੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ʼਤੇ ਜ਼ੁਲਮ ਢਾਹੇ ਜਾਣਗੇ। (ਪ੍ਰਕਾ. 1:10) ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 12 ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਸਵਰਗ ਵਿਚ ਰਾਜਾ ਬਣਨ ਤੋਂ ਤੁਰੰਤ ਬਾਅਦ ਸਵਰਗ ਵਿਚ ਯੁੱਧ ਹੋਇਆ। ਇਹ ਯੁੱਧ ਮੀਕਾਏਲ (ਮਹਿਮਾਵਾਨ ਯਿਸੂ ਮਸੀਹ) ਤੇ ਉਸ ਦੇ ਦੂਤਾਂ ਅਤੇ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਵਿਚਕਾਰ ਹੋਇਆ ਸੀ। (ਪ੍ਰਕਾ. 12:7, 8) ਇਸ ਯੁੱਧ ਵਿਚ ਸ਼ੈਤਾਨ ਤੇ ਉਸ ਦੇ ਦੂਤਾਂ ਦੀ ਕਰਾਰੀ ਹਾਰ ਹੋਈ ਅਤੇ ਉਨ੍ਹਾਂ ਨੂੰ ਧਰਤੀ ʼਤੇ ਸੁੱਟਿਆ ਗਿਆ। ਇਸ ਕਰਕੇ ਸ਼ੈਤਾਨ ਧਰਤੀ ਦੇ ਲੋਕਾਂ ʼਤੇ ਬਹੁਤ ਜ਼ਿਆਦਾ ਜ਼ੁਲਮ ਢਾਹੁਣ ਲੱਗ ਪਿਆ।—ਪ੍ਰਕਾ. 12:9, 12. w22.05 5 ਪੈਰੇ 12-13
ਸ਼ੁੱਕਰਵਾਰ 4 ਅਕਤੂਬਰ
‘ਸਾਡਾ ਪਰਮੇਸ਼ੁਰ ਯਹੋਵਾਹ ਅਨਿਆਂ ਨਹੀਂ ਕਰਦਾ।’—2 ਇਤਿ. 19:7.
ਯਹੋਵਾਹ ਦਾ ਨਿਆਂ ਹਮੇਸ਼ਾ ਸੱਚਾ ਤੇ ਸਹੀ ਹੁੰਦਾ ਹੈ। ਉਹ ਕਦੇ ਵੀ ਪੱਖਪਾਤ ਨਹੀਂ ਕਰਦਾ। ਉਹ ਕਿਸੇ ਦਾ ਰੰਗ-ਰੂਪ, ਧਨ-ਦੌਲਤ ਜਾਂ ਕਾਬਲੀਅਤਾਂ ਦੇਖ ਕੇ ਕਿਸੇ ਨੂੰ ਮਾਫ਼ ਨਹੀਂ ਕਰਦਾ। (1 ਸਮੂ. 16:7; ਯਾਕੂ. 2:1-4) ਨਾ ਤਾਂ ਯਹੋਵਾਹ ʼਤੇ ਕੋਈ ਦਬਾਅ ਪਾ ਅਤੇ ਨਾ ਹੀ ਕੋਈ ਉਸ ਨੂੰ ਰਿਸ਼ਵਤ ਦੇ ਕੇ ਖ਼ਰੀਦ ਸਕਦਾ ਹੈ। ਉਹ ਗੁੱਸੇ ਵਿਚ ਆ ਕੇ ਜਾਂ ਜਜ਼ਬਾਤਾਂ ਵਿਚ ਵਹਿ ਕੇ ਫ਼ੈਸਲੇ ਨਹੀਂ ਕਰਦਾ। (ਕੂਚ 34:7) ਯਹੋਵਾਹ ਸਭ ਤੋਂ ਵਧੀਆ ਨਿਆਂਕਾਰ ਹੈ ਕਿਉਂਕਿ ਉਹ ਸਾਡੇ ਬਾਰੇ ਅਤੇ ਸਾਡੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। (ਬਿਵ. 32:4) ਇਬਰਾਨੀ ਲਿਖਤਾਂ ਦੇ ਲਿਖਾਰੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਮਾਫ਼ ਕਰਨ ਵਿਚ ਬੇਮਿਸਾਲ ਹੈ। ਇਸ ਲਈ ਇਬਰਾਨੀ ਲਿਖਤਾਂ ਵਿਚ ਕਈ ਵਾਰ ਉਨ੍ਹਾਂ ਨੇ ਮਾਫ਼ੀ ਲਈ ਖ਼ਾਸ ਸ਼ਬਦ ਵਰਤਿਆ ਹੈ। ਇਸ ਬਾਰੇ ਇਕ ਕਿਤਾਬ ਵਿਚ ਦੱਸਿਆ ਹੈ ਕਿ ਇਹ ਸ਼ਬਦ ‘ਸਿਰਫ਼ ਪਰਮੇਸ਼ੁਰ ਦੁਆਰਾ ਕਿਸੇ ਪਾਪੀ ਇਨਸਾਨ ਨੂੰ ਮਾਫ਼ ਕਰਨ ਲਈ ਵਰਤਿਆ ਗਿਆ ਹੈ। ਇਹ ਸ਼ਬਦ ਕਦੇ ਵੀ ਕਿਸੇ ਇਨਸਾਨ ਦੁਆਰਾ ਦੂਜੇ ਇਨਸਾਨ ਨੂੰ ਮਾਫ਼ ਕਰਨ ਲਈ ਨਹੀਂ ਵਰਤਿਆ ਗਿਆ ਹੈ।’ ਇਕ ਇਨਸਾਨ ਦੂਸਰੇ ਇਨਸਾਨ ਨੂੰ ਪੂਰੀ ਤਰ੍ਹਾਂ ਮਾਫ਼ ਨਹੀਂ ਕਰ ਸਕਦਾ। ਸਿਰਫ਼ ਯਹੋਵਾਹ ਕੋਲ ਹੀ ਦਿਲੋਂ ਤੋਬਾ ਕਰਨ ਵਾਲੇ ਪਾਪੀ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦਾ ਅਧਿਕਾਰ ਹੈ। w22.06 4 ਪੈਰੇ 10-11
ਸ਼ਨੀਵਾਰ 5 ਅਕਤੂਬਰ
ਮੁੰਡੇ ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ; ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।—ਕਹਾ. 22:6.
ਭੈਣੋ, ਜੇ ਤੁਸੀਂ ਵੀ ਇਕੱਲਿਆਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀਆਂ ਹੋ ਜਾਂ ਤੁਹਾਡੇ ਪਤੀ ਸੱਚਾਈ ਵਿਚ ਨਹੀਂ ਹਨ, ਤਾਂ ਯਕੀਨ ਰੱਖੋ ਕਿ ਤੁਹਾਡੀ ਵਫ਼ਾਦਾਰੀ ਦੀ ਮਿਸਾਲ ਕਰਕੇ ਦੂਜਿਆਂ ਦੀ ਨਿਹਚਾ ਤਕੜੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਵੀ ਵਫ਼ਾਦਾਰ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ। ਪਰ ਉਦੋਂ ਕੀ ਜਦੋਂ ਤੁਹਾਡੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਬੱਚਾ ਉੱਨੀ ਤਰੱਕੀ ਨਹੀਂ ਕਰਦਾ ਜਿੰਨੀ ਤੁਸੀਂ ਸੋਚਦੇ ਹੋ? ਯਾਦ ਰੱਖੋ ਕਿ ਇਕ ਬੱਚੇ ਨੂੰ ਸਿਖਲਾਈ ਦੇਣ ਵਿਚ ਸਮਾਂ ਲੱਗਦਾ ਹੈ। ਜਦੋਂ ਤੁਸੀਂ ਇਕ ਬੀ ਬੀਜਦੇ ਹੋ, ਤਾਂ ਸ਼ਾਇਦ ਤੁਸੀਂ ਸੋਚੋ, ਕੀ ਇਹ ਕਦੇ ਉੱਗੇਗਾ ਤੇ ਵਧ ਕੇ ਫਲ ਦੇਵੇਗਾ? ਪਰ ਬੀ ਵਧੇਗਾ ਜਾਂ ਨਹੀਂ, ਇਹ ਸਾਡੇ ਹੱਥ-ਵੱਸ ਨਹੀਂ ਹੁੰਦਾ। ਫਿਰ ਵੀ ਤੁਸੀਂ ਉਸ ਨੂੰ ਪਾਣੀ ਦਿੰਦੇ ਰਹਿ ਸਕਦੇ ਹੋ ਤਾਂਕਿ ਉਸ ਨੂੰ ਵਧਣ ਦਾ ਵਧੀਆ ਮੌਕਾ ਮਿਲੇ। (ਮਰ. 4:26-29) ਬੱਚਿਆਂ ਨੂੰ ਸਿਖਾਉਣ ਲਈ ਵੀ ਇਸੇ ਤਰ੍ਹਾਂ ਕਰਨਾ ਪੈਂਦਾ ਹੈ। ਇਕ ਮਾਂ ਹੋਣ ਦੇ ਨਾਤੇ ਸ਼ਾਇਦ ਤੁਸੀਂ ਕਦੇ-ਕਦੇ ਸੋਚੋ ਕਿ ਪਤਾ ਨਹੀਂ ਤੁਹਾਡੀ ਮਿਹਨਤ ਕਰਕੇ ਤੁਹਾਡੇ ਬੱਚਿਆਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਹੋ ਰਿਹਾ ਹੈ ਜਾਂ ਨਹੀਂ। ਤੁਹਾਡੇ ਬੱਚੇ ਜੋ ਵੀ ਫ਼ੈਸਲਾ ਕਰਦੇ ਹਨ, ਉਨ੍ਹਾਂ ʼਤੇ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ। ਪਰ ਜੇ ਤੁਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਆਪਣੇ ਬੱਚਿਆਂ ਨੂੰ ਸਿਖਲਾਈ ਦਿੰਦੇ ਰਹੋਗੇ, ਤਾਂ ਤੁਸੀਂ ਉਨ੍ਹਾਂ ਨੂੰ ਯਹੋਵਾਹ ਦਾ ਦੋਸਤ ਬਣਨ ਦਾ ਵਧੀਆ ਮੌਕਾ ਦੇ ਰਹੇ ਹੋਵੋਗੇ। w22.04 19-20 ਪੈਰੇ 16-17
ਐਤਵਾਰ 6 ਅਕਤੂਬਰ
ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ ਅਤੇ ਠੇਡਾ ਖਾਣ ਤੋਂ ਪਹਿਲਾਂ ਘਮੰਡੀ ਸੋਚ ਹੁੰਦੀ ਹੈ।—ਕਹਾ. 16:18.
ਸੁਲੇਮਾਨ ਜਦ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ, ਉਦੋਂ ਤਕ ਉਸ ਨੇ ਆਪਣੇ ਬਾਰੇ ਸਹੀ ਨਜ਼ਰੀਆ ਬਣਾਈ ਰੱਖਿਆ। ਨੌਜਵਾਨ ਹੁੰਦਿਆਂ ਉਸ ਨੇ ਆਪਣੀਆਂ ਹੱਦਾਂ ਨੂੰ ਪਛਾਣਿਆ ਅਤੇ ਯਹੋਵਾਹ ਤੋਂ ਸੇਧ ਮੰਗੀ। (1 ਰਾਜ. 3:7-9) ਆਪਣੇ ਰਾਜ ਦੇ ਸ਼ੁਰੂ ਵਿਚ ਸੁਲੇਮਾਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਘਮੰਡੀ ਹੋਣ ਦੇ ਕੀ ਬੁਰੇ ਨਤੀਜੇ ਨਿਕਲ ਸਕਦੇ ਹਨ। ਦੁੱਖ ਦੀ ਗੱਲ ਹੈ ਕਿ ਬਾਅਦ ਵਿਚ ਸੁਲੇਮਾਨ ਆਪਣੀ ਹੀ ਸਲਾਹ ʼਤੇ ਨਹੀਂ ਚੱਲਿਆ। ਰਾਜਾ ਬਣਨ ਤੋਂ ਕੁਝ ਸਮੇਂ ਬਾਅਦ ਉਸ ਨੇ ਘਮੰਡ ਵਿਚ ਆ ਕੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਿਆ। ਉਦਾਹਰਣ ਲਈ, ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਇਜ਼ਰਾਈਲੀ ਰਾਜਾ “ਬਹੁਤ ਸਾਰੀਆਂ ਪਤਨੀਆਂ ਨਾ ਰੱਖੇ ਤਾਂਕਿ ਉਸ ਦਾ ਦਿਲ ਸਹੀ ਰਾਹ ਤੋਂ ਭਟਕ ਨਾ ਜਾਵੇ।” (ਬਿਵ. 17:17) ਸੁਲੇਮਾਨ ਨੇ ਇਸ ਕਾਨੂੰਨ ਦੀ ਉਲੰਘਣਾ ਕਰ ਕੇ 700 ਪਤਨੀਆਂ ਅਤੇ 300 ਰਖੇਲਾਂ ਰੱਖੀਆਂ। (1 ਰਾਜ. 11:1-3) ਫਿਰ ਵੀ ਸੁਲੇਮਾਨ ਨੂੰ ਲੱਗਦਾ ਸੀ ਕਿ ਇਸ ਨਾਲ ਕੋਈ ਮੁਸ਼ਕਲ ਨਹੀਂ ਖੜ੍ਹੀ ਹੋਵੇਗੀ। ਪਰ ਯਹੋਵਾਹ ਤੋਂ ਦੂਰ ਜਾਣ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ।—1 ਰਾਜ. 11:9-13. w22.05 23 ਪੈਰਾ 12
ਸੋਮਵਾਰ 7 ਅਕਤੂਬਰ
“ਪਰ ਮੇਰਾ ਧਰਮੀ ਸੇਵਕ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ” ਅਤੇ “ਜੇ ਉਹ ਪਿੱਛੇ ਹਟ ਜਾਂਦਾ ਹੈ, ਤਾਂ ਮੈਂ ਉਸ ਤੋਂ ਖ਼ੁਸ਼ ਨਹੀਂ ਹੋਵਾਂਗਾ।”—ਇਬ. 10:38.
ਅੱਜ ਸਾਰੇ ਲੋਕਾਂ ਨੇ ਇਕ ਜ਼ਰੂਰੀ ਫ਼ੈਸਲਾ ਲੈਣਾ ਹੈ। ਇਹ ਫ਼ੈਸਲਾ ਹੈ: ਕੀ ਉਹ ਯਹੋਵਾਹ ਪਰਮੇਸ਼ੁਰ ਦਾ ਸਾਥ ਦੇਣਗੇ ਜੋ ਪੂਰੇ ਬ੍ਰਹਿਮੰਡ ʼਤੇ ਰਾਜ ਕਰਨ ਦਾ ਹੱਕਦਾਰ ਹੈ ਜਾਂ ਉਸ ਦੇ ਦੁਸ਼ਮਣ ਜ਼ਾਲਮ ਸ਼ੈਤਾਨ ਦਾ? ਉਹ ਦੋ ਕਿਸ਼ਤੀਆਂ ਵਿਚ ਪੈਰ ਨਹੀਂ ਰੱਖ ਸਕਦੇ। ਅੱਜ ਉਹ ਜੋ ਫ਼ੈਸਲਾ ਲੈਣਗੇ, ਉਸ ʼਤੇ ਹੀ ਨਿਰਭਰ ਕਰੇਗਾ ਕਿ ਭਵਿੱਖ ਵਿਚ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜਾਂ ਨਹੀਂ। (ਮੱਤੀ 25:31-33, 46) “ਮਹਾਂਕਸ਼ਟ” ਦੌਰਾਨ ਯਹੋਵਾਹ ਦੇ ਵਫ਼ਾਦਾਰ ਸੇਵਕਾਂ ʼਤੇ ਬਚਾਅ ਲਈ ਨਿਸ਼ਾਨ ਲਾਇਆ ਜਾਵੇਗਾ। (ਪ੍ਰਕਾ. 7:14; ਹਿਜ਼. 9:4, 6) ਪਰ ਜਿਨ੍ਹਾਂ ਉੱਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲੱਗਾ ਹੋਵੇਗਾ, ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ। (ਪ੍ਰਕਾ. 14:9-11) ਜੇ ਤੁਸੀਂ ਯਹੋਵਾਹ ਦੀ ਹਕੂਮਤ ਦਾ ਸਾਥ ਦੇਣ ਦਾ ਫ਼ੈਸਲਾ ਲਿਆ ਹੈ, ਤਾਂ ਤੁਸੀਂ ਬਿਲਕੁਲ ਸਹੀ ਫ਼ੈਸਲਾ ਲਿਆ ਹੈ। ਹੁਣ ਤੁਸੀਂ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹੋ ਕਿ ਉਹ ਵੀ ਸਹੀ ਫ਼ੈਸਲਾ ਲੈਣ। ਉਨ੍ਹਾਂ ਲੋਕਾਂ ਨੂੰ ਕੀ ਬਰਕਤਾਂ ਮਿਲਣਗੀਆਂ ਜੋ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਨ। ਇਸ ਲਈ ਸਾਨੂੰ ਇਨ੍ਹਾਂ ਅਹਿਮ ਸੱਚਾਈਆਂ ਦਾ ਚੰਗੀ ਤਰ੍ਹਾਂ ਅਧਿਐਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ। ਨਾਲੇ ਅਸੀਂ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ ਕਿ ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਅਤੇ ਇਸ ਫ਼ੈਸਲੇ ʼਤੇ ਪੱਕੇ ਰਹਿਣ। w22.05 15 ਪੈਰੇ 1-2
ਮੰਗਲਵਾਰ 8 ਅਕਤੂਬਰ
‘ਖ਼ੁਸ਼ ਹੋ ਤੁਸੀਂ ਜਦ ਲੋਕ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ।’—ਮੱਤੀ 5:11.
ਸਾਨੂੰ ਯਹੋਵਾਹ ਦੀ ਗੱਲ ਸੁਣਨ ਦੀ ਲੋੜ ਹੈ, ਨਾ ਕਿ ਆਪਣੇ ਦੁਸ਼ਮਣਾਂ ਦੀ। ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲ ਕੀਤੀ, ਤਾਂ ਉਸ ਨੇ ਬੜੇ ਧਿਆਨ ਨਾਲ ਯਹੋਵਾਹ ਦੀ ਗੱਲ ਸੁਣੀ। ਪਰਮੇਸ਼ੁਰ ਨੇ ਸਵਾਲ ਪੁੱਛ-ਪੁੱਛ ਕੇ ਉਸ ਨਾਲ ਗੱਲ ਕੀਤੀ। ਦਰਅਸਲ, ਯਹੋਵਾਹ ਅੱਯੂਬ ਨੂੰ ਕਹਿ ਰਿਹਾ ਸੀ: ‘ਮੈਨੂੰ ਪਤਾ ਹੈ ਕਿ ਤੇਰੇ ʼਤੇ ਕੀ ਬੀਤ ਰਹੀ ਹੈ। ਕੀ ਤੈਨੂੰ ਲੱਗਦਾ ਕਿ ਮੈਨੂੰ ਤੇਰੀ ਕੋਈ ਪਰਵਾਹ ਨਹੀਂ?’ ਅੱਯੂਬ ਨੇ ਯਹੋਵਾਹ ਦੀ ਭਲਿਆਈ ਲਈ ਦਿਲੋਂ ਕਦਰ ਦਿਖਾਈ ਅਤੇ ਨਿਮਰਤਾ ਨਾਲ ਜਵਾਬ ਦਿੱਤਾ: “ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਹੈ, ਪਰ ਹੁਣ ਮੈਂ ਆਪਣੀ ਅੱਖੀਂ ਤੈਨੂੰ ਦੇਖਦਾ ਹਾਂ।” (ਅੱਯੂ. 42:5) ਜਦੋਂ ਅੱਯੂਬ ਨੇ ਇਹ ਗੱਲ ਕਹੀ, ਤਾਂ ਸ਼ਾਇਦ ਉਸ ਵੇਲੇ ਵੀ ਉਹ ਸੁਆਹ ਵਿਚ ਹੀ ਬੈਠਾ ਹੋਇਆ ਸੀ ਤੇ ਉਸ ਦਾ ਪੂਰਾ ਸਰੀਰ ਦਰਦਨਾਕ ਫੋੜਿਆਂ ਨਾਲ ਭਰਿਆ ਹੋਇਆ ਸੀ। ਉਸ ਵੇਲੇ ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ। (ਅੱਯੂ. 42:7, 8) ਅੱਜ ਵੀ ਸ਼ਾਇਦ ਲੋਕ ਸਾਡੀ ਬੇਇੱਜ਼ਤੀ ਕਰਨ ਅਤੇ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਣ ਜਿਵੇਂ ਅਸੀਂ ਬੇਕਾਰ ਹੋਈਏ। ਉਹ ਸ਼ਾਇਦ ਸਾਡਾ ਜਾਂ ਸਾਡੇ ਸੰਗਠਨ ਦਾ ਨਾਂ ਮਿੱਟੀ ਵਿਚ ਰੋਲ਼ਣ ਦੀ ਕੋਸ਼ਿਸ਼ ਕਰਨ। ਅੱਯੂਬ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨੂੰ ਸਾਡੇ ʼਤੇ ਪੂਰਾ ਭਰੋਸਾ ਹੈ ਕਿ ਅਸੀਂ ਮੁਸ਼ਕਲਾਂ ਦੌਰਾਨ ਉਸ ਦੇ ਵਫ਼ਾਦਾਰ ਰਹਾਂਗੇ। w22.06 24 ਪੈਰੇ 15-16
ਬੁੱਧਵਾਰ 9 ਅਕਤੂਬਰ
ਲੇਲੇ ਦਾ ਵਿਆਹ ਆ ਗਿਆ ਹੈ।—ਪ੍ਰਕਾ. 19:7.
ਮਹਾਂ ਬਾਬਲ ਦਾ ਨਾਸ਼ ਹੋਣ ਕਰਕੇ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ, ਫਿਰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਦਾ ਮੌਕਾ ਆਵੇਗਾ। (ਪ੍ਰਕਾ. 19:1-3) ਪ੍ਰਕਾਸ਼ ਦੀ ਕਿਤਾਬ ਦੇ ਅਖ਼ੀਰ ਵਿਚ ਦੱਸਿਆ ਗਿਆ ਹੈ ਕਿ “ਲੇਲੇ ਦਾ ਵਿਆਹ” ਹੋਵੇਗਾ। ਆਰਮਾਗੇਡਨ ਦਾ ਯੁੱਧ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸਾਰੇ 1,44,000 ਜਣੇ ਸਵਰਗ ਵਿਚ ਇਕੱਠੇ ਹੋ ਜਾਣਗੇ। ਪਰ ਵਿਆਹ ਉਦੋਂ ਨਹੀਂ ਹੋਵੇਗਾ। (ਪ੍ਰਕਾ. 21:1, 2) ਆਰਮਾਗੇਡਨ ਦੇ ਯੁੱਧ ਵਿਚ ਸਾਰੇ ਦੁਸ਼ਮਣਾਂ ਦੇ ਨਾਸ਼ ਤੋਂ ਬਾਅਦ ਲੇਲੇ ਦਾ ਵਿਆਹ ਹੋਵੇਗਾ। (ਜ਼ਬੂ. 45:3, 4, 13-17) ਲੇਲੇ ਦੇ ਵਿਆਹ ਦਾ ਕੀ ਮਤਲਬ ਹੈ? ਜਦੋਂ ਇਕ ਆਦਮੀ ਅਤੇ ਔਰਤ ਦਾ ਵਿਆਹ ਹੁੰਦਾ ਹੈ, ਤਾਂ ਉਹ ਇਕ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਲੇਲੇ ਦਾ ਵਿਆਹ ਹੋਵੇਗਾ, ਤਾਂ ਰਾਜਾ ਯਿਸੂ ਮਸੀਹ ਅਤੇ “ਲਾੜੀ” ਯਾਨੀ 1,44,000 ਜਣੇ ਇਕ ਹੋ ਜਾਣਗੇ। ਉਹ ਮਿਲ ਕੇ ਨਵੀਂ ਸਰਕਾਰ ਵਜੋਂ 1,000 ਸਾਲ ਲਈ ਪੂਰੀ ਧਰਤੀ ʼਤੇ ਰਾਜ ਕਰਨਾ ਸ਼ੁਰੂ ਕਰਨਗੇ।—ਪ੍ਰਕਾ. 20:6. w22.05 17 ਪੈਰੇ 11-13
ਵੀਰਵਾਰ 10 ਅਕਤੂਬਰ
‘ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਉਸ ਨੂੰ ਅਜਿਹਾ ਕਰਦਿਆਂ ਦੇਖੇ।’—ਮੱਤੀ 24:46.
ਯਿਸੂ ਨੇ ਦੱਸਿਆ ਸੀ ਕਿ ਉਹ ਅੰਤ ਦੇ ਸਮੇਂ ਵਿਚ ਪਰਮੇਸ਼ੁਰ ਦੇ ਬਚਨ ਤੋਂ ਹਿਦਾਇਤਾਂ ਦੇਣ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕਰੇਗਾ। (ਮੱਤੀ 24:45) ਅੱਜ ਅਸੀਂ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਾਂ। ਯਿਸੂ ਚੁਣੇ ਹੋਏ ਭਰਾਵਾਂ ਦੇ ਇਕ ਛੋਟੇ ਜਿਹੇ ਸਮੂਹ ਰਾਹੀਂ ਪਰਮੇਸ਼ੁਰ ਦੇ ਲੋਕਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ “ਸਹੀ ਸਮੇਂ ਤੇ ਭੋਜਨ” ਦੇ ਰਿਹਾ ਹੈ। ਇਹ ਭਰਾ ਨਿਹਚਾ ਦੇ ਸੰਬੰਧ ਵਿਚ ਦੂਜਿਆਂ ʼਤੇ ਹੁਕਮ ਨਹੀਂ ਚਲਾਉਂਦੇ। (2 ਕੁਰਿੰ. 1:24) ਇਸ ਦੀ ਬਜਾਇ, ਉਹ ਯਾਦ ਰੱਖਦੇ ਹਨ ਕਿ ਯਿਸੂ ਮਸੀਹ ਹੀ ਆਪਣੇ ਲੋਕਾਂ ਦਾ “ਆਗੂ ਤੇ ਹਾਕਮ” ਹੈ। (ਯਸਾ. 55:4) ਸਾਲ 1919 ਤੋਂ ਇਸ ਵਫ਼ਾਦਾਰ ਨੌਕਰ ਨੇ ਅਜਿਹੇ ਕਈ ਪ੍ਰਕਾਸ਼ਨ ਤਿਆਰ ਕੀਤੇ ਜਿਨ੍ਹਾਂ ਕਰਕੇ ਲੋਕ ਪਰਮੇਸ਼ੁਰ ਦੇ ਬਚਨ ਵਿਚ ਦਰਜ ਸੱਚਾਈਆਂ ਸਿੱਖ ਸਕੇ। ਇਹ ਪ੍ਰਕਾਸ਼ਨ ਬਿਲਕੁਲ ਸਹੀ ਸਮੇਂ ʼਤੇ ਮਿਲੇ ਭੋਜਨ ਵਾਂਗ ਸਨ ਅਤੇ ਇਨ੍ਹਾਂ ਨੂੰ ਪੜ੍ਹ ਕੇ ਲੋਕ ਬਾਈਬਲ ਬਾਰੇ ਸਿੱਖਣ ਲੱਗ ਪਏ। 1921 ਵਿਚ ਇਸ ਨੌਕਰ ਨੇ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਤਿਆਰ ਕੀਤੀ। ਨਾਲੇ ਜਿੱਦਾਂ-ਜਿੱਦਾਂ ਸਮਾਂ ਬਦਲਦਾ ਗਿਆ, ਇਸ ਨੌਕਰ ਨੇ ਬਾਈਬਲ ਸਟੱਡੀ ਕਰਵਾਉਣ ਲਈ ਕਈ ਨਵੇਂ ਪ੍ਰਕਾਸ਼ਨ ਤਿਆਰ ਕੀਤੇ ਹਨ। ਤੁਸੀਂ ਕਿਹੜੀ ਕਿਤਾਬ ਤੋਂ ਸਟੱਡੀ ਕਰ ਕੇ ਆਪਣੇ ਸਵਰਗੀ ਪਿਤਾ ਬਾਰੇ ਜਾਣ ਸਕੇ ਅਤੇ ਉਸ ਨੂੰ ਪਿਆਰ ਕਰਨ ਲੱਗੇ? w22.07 10 ਪੈਰੇ 9-10
ਸ਼ੁੱਕਰਵਾਰ 11 ਅਕਤੂਬਰ
ਤੂੰ ਮੈਨੂੰ ਹਮੇਸ਼ਾ ਆਪਣੀ ਹਜ਼ੂਰੀ ਵਿਚ ਰੱਖੇਂਗਾ।—ਜ਼ਬੂ. 41:12.
ਯਹੋਵਾਹ ਜਿੰਨਾ ਖੁੱਲ੍ਹੇ ਦਿਲ ਵਾਲਾ ਕੋਈ ਨਹੀਂ ਹੈ। ਜੇ ਤੁਸੀਂ ਉਸ ਲਈ ਕੁਝ ਕਰੋਗੇ, ਤਾਂ ਬਦਲੇ ਵਿਚ ਉਹ ਤੁਹਾਡੇ ਲਈ ਕਿਤੇ ਜ਼ਿਆਦਾ ਕਰੇਗਾ। (ਮਰ. 10:29, 30) ਇਸ ਦੁਸ਼ਟ ਦੁਨੀਆਂ ਵਿਚ ਵੀ ਉਹ ਤੁਹਾਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਵੇਗਾ, ਬੇਸ਼ੁਮਾਰ ਬਰਕਤਾਂ ਦੇਵੇਗਾ ਅਤੇ ਤੁਹਾਡੀਆਂ ਲੋੜਾਂ ਪੂਰੀ ਕਰੇਗਾ। ਪਰ ਇਹ ਤਾਂ ਬਸ ਸ਼ੁਰੂਆਤ ਹੈ! ਨਾਲੇ ਤੁਹਾਡਾ ਆਪਣੇ ਪਿਤਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋਵੇਗਾ ਅਤੇ ਤੁਸੀਂ ਹਮੇਸ਼ਾ ਉਸ ਦੀ ਸੇਵਾ ਕਰਦੇ ਰਹਿ ਸਕੋਗੇ। ਇਸ ਤੋਂ ਇਲਾਵਾ, ਤੁਸੀਂ ਵੀ ਯਹੋਵਾਹ ਵਾਂਗ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿ ਸਕੋਗੇ। ਯਹੋਵਾਹ ਜ਼ਮੀਨ-ਆਸਮਾਨ ਦਾ ਮਾਲਕ ਹੈ। ਅੱਜ ਤੁਸੀਂ ਜਿਨ੍ਹਾਂ ਚੰਗੀਆਂ ਚੀਜ਼ਾਂ ਅਤੇ ਖ਼ੁਸ਼ੀਆਂ ਭਰੇ ਪਲਾਂ ਦਾ ਮਜ਼ਾ ਲੈ ਰਹੇ ਹੋ, ਉਹ ਸਭ ਯਹੋਵਾਹ ਦੀ ਹੀ ਦੇਣ ਹੈ। ਪਰ ਜਦੋਂ ਤੁਸੀਂ ਸਮਰਪਣ ਕਰ ਕੇ ਬਪਤਿਸਮਾ ਲੈਂਦੇ ਹੋ, ਤਾਂ ਤੁਹਾਡੇ ਕੋਲ ਆਪਣੇ ਪਿਤਾ ਲਈ ਕੁਝ ਅਜਿਹਾ ਕਰਨ ਦਾ ਮੌਕਾ ਹੁੰਦਾ ਹੈ ਜੋ ਉਹ ਆਪ ਨਹੀਂ ਕਰ ਸਕਦਾ। ਤੁਸੀਂ ਆਪਣੀ ਮਰਜ਼ੀ ਨਾਲ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰ ਸਕਦੇ ਹੋ। (ਅੱਯੂ. 1:8; 41:11; ਕਹਾ. 27:11) ਕੀ ਜ਼ਿੰਦਗੀ ਜੀਉਣ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਹੋ ਸਕਦਾ ਹੈ? w23.03 6 ਪੈਰੇ 16-17
ਸ਼ਨੀਵਾਰ 12 ਅਕਤੂਬਰ
ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦਾ ਹੈ? ਤੇਰੇ ਬਚਨ ਮੁਤਾਬਕ ਚੌਕਸ ਰਹਿ ਕੇ।—ਜ਼ਬੂ. 119:9.
ਜਵਾਨੀ ਵਿਚ ਸਰੀਰਕ ਸੰਬੰਧ ਬਣਾਉਣ ਦੀਆਂ ਇੱਛਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਸ਼ਾਇਦ ਲੋਕ ਵੀ ਤੁਹਾਡੇ ʼਤੇ ਦਬਾਅ ਪਾਉਣ ਕਿ ਤੁਸੀਂ ਆਪਣੀਆਂ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰੋ। ਸ਼ੈਤਾਨ ਵੀ ਇਹੀ ਚਾਹੁੰਦਾ ਹੈ ਕਿ ਤੁਸੀਂ ਇਨ੍ਹਾਂ ਇੱਛਾਵਾਂ ਅੱਗੇ ਗੋਡੇ ਟੇਕ ਦਿਓ। ਕਿਹੜੀ ਗੱਲ ਚਾਲ-ਚਲਣ ਪਵਿੱਤਰ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ? (1 ਥੱਸ. 4:3, 4) ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੀਆਂ ਭਾਵਨਾਵਾਂ ਬਾਰੇ ਦੱਸੋ। ਉਸ ਨੂੰ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅਤੇ ਇਨ੍ਹਾਂ ਇੱਛਾਵਾਂ ਨਾਲ ਲੜਨ ਲਈ ਉਸ ਤੋਂ ਮਦਦ ਮੰਗੋ। (ਮੱਤੀ 6:13) ਯਾਦ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ, ਨਾ ਕਿ ਤੁਹਾਨੂੰ ਸਜ਼ਾ ਦੇਣੀ ਚਾਹੁੰਦਾ ਹੈ। (ਜ਼ਬੂ. 103:13, 14) ਇਹ ਨਾ ਸੋਚੋ ਕਿ ਤੁਸੀਂ ਆਪਣੀਆਂ ਇਨ੍ਹਾਂ ਭਾਵਨਾਵਾਂ ʼਤੇ ਖ਼ੁਦ ਕਾਬੂ ਪਾ ਸਕਦੇ ਹੋ। ਇਨ੍ਹਾਂ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ। ਇੱਦਾਂ ਦੀਆਂ ਭਾਵਨਾਵਾਂ ਬਾਰੇ ਦੂਜਿਆਂ ਨਾਲ ਗੱਲ ਕਰਨੀ ਸੌਖੀ ਨਹੀਂ ਹੁੰਦੀ, ਪਰ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਬਾਈਬਲ ਪੜ੍ਹ ਕੇ ਅਤੇ ਇਸ ਵਿਚ ਦਿੱਤੇ ਅਸੂਲਾਂ ʼਤੇ ਸੋਚ-ਵਿਚਾਰ ਕਰ ਕੇ ਤੁਸੀਂ ਸੌਖਿਆਂ ਹੀ ਉਹ ਫ਼ੈਸਲੇ ਕਰ ਸਕਦੇ ਹੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਤੁਸੀਂ ਖ਼ੁਦ ਇਹ ਗੱਲ ਦੇਖੋਗੇ ਕਿ ਯਹੋਵਾਹ ਦੀ ਸੋਚ ਨੂੰ ਸਮਝਣ ਕਰਕੇ ਤੁਸੀਂ ਸਹੀ ਫ਼ੈਸਲੇ ਲੈ ਸਕਦੇ ਹੋ ਅਤੇ ਤੁਹਾਨੂੰ ਹਰ ਵਾਰ ਕਾਇਦੇ-ਕਾਨੂੰਨਾਂ ਦੀ ਲੋੜ ਨਹੀਂ ਹੁੰਦੀ। w22.08 5 ਪੈਰੇ 10-12
ਐਤਵਾਰ 13 ਅਕਤੂਬਰ
ਜੇ ਕੋਈ ਇਨਸਾਨ ਆਪਣਿਆਂ ਦੀਆਂ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ, ਤਾਂ ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ।—1 ਤਿਮੋ. 5:8.
ਮਸੀਹੀ ਪਰਿਵਾਰ ਦੇ ਮੁਖੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਬੜੀ ਗੰਭੀਰਤਾ ਨਾਲ ਨਿਭਾਉਂਦੇ ਹਨ। ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਸ਼ਾਇਦ ਤੁਹਾਨੂੰ ਇਸ ਗੱਲ ਦੀ ਚਿੰਤਾ ਸਤਾਵੇ ਕਿ ਤੁਸੀਂ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰੋਗੇ ਅਤੇ ਆਪਣੇ ਘਰ ਦਾ ਕਿਰਾਇਆ ਜਾਂ ਆਪਣੇ ਘਰ ਦੀਆਂ ਕਿਸ਼ਤਾਂ ਕਿਵੇਂ ਭਰੋਗੇ। ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦਾ ਵੀ ਡਰ ਹੋਵੇ ਕਿ ਜੇ ਤੁਹਾਡਾ ਕੰਮ ਛੁੱਟ ਗਿਆ, ਤਾਂ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲੇਗਾ। ਜਾਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਅਤੇ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਸ਼ੈਤਾਨ ਨੇ ਇਨ੍ਹਾਂ ਗੱਲਾਂ ਦਾ ਫ਼ਾਇਦਾ ਉਠਾਉਂਦੇ ਹੋਏ ਬਹੁਤ ਜਣਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਿਆ ਹੈ। ਸ਼ੈਤਾਨ ਸਾਨੂੰ ਇਸ ਗੱਲ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਸਾਡੇ ਪਰਿਵਾਰ ਦਾ ਗੁਜ਼ਾਰਾ ਤੋਰਨ ਵਿਚ ਸਾਡੀ ਮਦਦ ਨਹੀਂ ਕਰੇਗਾ। ਇਸ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਸਾਨੂੰ ਹੀ ਆਪਣੇ ਹੱਥ-ਪੈਰ ਮਾਰਨੇ ਪੈਣੇ। ਨਤੀਜੇ ਵਜੋਂ, ਸ਼ਾਇਦ ਅਸੀਂ ਆਪਣੀ ਨੌਕਰੀ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰੀਏ, ਫਿਰ ਚਾਹੇ ਇਸ ਕਰਕੇ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਹੀ ਦਾਅ ʼਤੇ ਕਿਉਂ ਨਾ ਲੱਗ ਜਾਵੇ। w22.06 15 ਪੈਰੇ 5-6
ਸੋਮਵਾਰ 14 ਅਕਤੂਬਰ
ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।—ਇਬ. 6:19.
ਅਸੀਂ ਜਾਣਦੇ ਹਾਂ ਕਿ ਸਾਡਾ ਪਰਮੇਸ਼ੁਰ ‘ਦਇਆਵਾਨ ਅਤੇ ਰਹਿਮਦਿਲ ਹੈ ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਅਤੇ ਸੱਚਾਈ ਨਾਲ ਭਰਪੂਰ ਹੈ।’ (ਕੂਚ 34:6) ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹੈ। (ਯਸਾ. 61:8) ਸਾਨੂੰ ਦੁੱਖ ਝੱਲਦਿਆਂ ਦੇਖ ਕੇ ਉਸ ਨੂੰ ਬਹੁਤ ਦੁੱਖ ਲੱਗਦਾ ਹੈ। ਇਸ ਲਈ ਉਹ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ ਉਹ ਸਾਡੇ ਸਾਰੇ ਦੁੱਖਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਯਿਰ. 29:11) ਕਿੰਨੀ ਹੀ ਵਧੀਆ ਉਮੀਦ! ਇਸ ਗੱਲ ਕਰਕੇ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ। ਹੋਰ ਕਿਹੜੇ ਕਾਰਨ ਕਰਕੇ ਅਸੀਂ ਸੱਚਾਈ ਨੂੰ ਅਨਮੋਲ ਸਮਝਦੇ ਹਾਂ? ਸੱਚਾਈ ਤੋਂ ਸਾਨੂੰ ਬਹੁਤ ਫ਼ਾਇਦੇ ਹੁੰਦੇ ਹਨ। ਉਦਾਹਰਣ ਲਈ, ਬਾਈਬਲ ਤੋਂ ਸਾਨੂੰ ਚੰਗੇ ਭਵਿੱਖ ਦੀ ਉਮੀਦ ਮਿਲਦੀ ਹੈ। ਜਿਸ ਤਰ੍ਹਾਂ ਲੰਗਰ ਸਮੁੰਦਰੀ ਜਹਾਜ਼ ਨੂੰ ਸਥਿਰ ਰੱਖਦਾ ਹੈ, ਬਿਲਕੁਲ ਉਸੇ ਤਰ੍ਹਾਂ ਬਾਈਬਲ ਵਿੱਚੋਂ ਮਿਲੀ ਉਮੀਦ ਕਰਕੇ ਅਸੀਂ ਮੁਸ਼ਕਲਾਂ ਦੌਰਾਨ ਵੀ ਸ਼ਾਂਤ ਰਹਿ ਪਾਉਂਦੇ ਹਾਂ। ਅੱਜ ਦੇ ਹਵਾਲੇ ਵਿਚ ਪੌਲੁਸ ਰਸੂਲ ਚੁਣੇ ਹੋਏ ਮਸੀਹੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ। ਪਰ ਇਹ ਗੱਲ ਉਨ੍ਹਾਂ ਮਸੀਹੀਆਂ ʼਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਕੋਲ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਉਮੀਦ ਹੈ। (ਯੂਹੰ. 3:16) ਬਿਨਾਂ ਸ਼ੱਕ, ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਣ ਕਰਕੇ ਸਾਡੀ ਜ਼ਿੰਦਗੀ ਨੂੰ ਮਕਸਦ ਮਿਲ ਗਿਆ ਹੈ। w22.08 14-15 ਪੈਰੇ 3-5
ਮੰਗਲਵਾਰ 15 ਅਕਤੂਬਰ
ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।—ਅਫ਼. 4:26.
ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ʼਤੇ ਭਰੋਸਾ ਕਰ ਸਕਾਂਗੇ। ਪਹਿਲਾ ਕੁਰਿੰਥੀਆਂ ਅਧਿਆਇ 13 ਵਿਚ ਦੱਸਿਆ ਗਿਆ ਹੈ ਕਿ ਪਿਆਰ ਕੀ ਕਰਦਾ ਹੈ ਤੇ ਕੀ ਨਹੀਂ। ਇਸ ਬਾਰੇ ਜਾਣ ਕੇ ਅਸੀਂ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਸਿੱਖਾਂਗੇ। ਨਾਲੇ ਜੇ ਕਿਸੇ ਵਜ੍ਹਾ ਕਰਕੇ ਸਾਡਾ ਭਰੋਸਾ ਭੈਣਾਂ-ਭਰਾਵਾਂ ਤੋਂ ਉੱਠ ਗਿਆ ਹੈ, ਤਾਂ ਅਸੀਂ ਉਨ੍ਹਾਂ ʼਤੇ ਫਿਰ ਤੋਂ ਭਰੋਸਾ ਕਰ ਸਕਾਂਗੇ। (1 ਕੁਰਿੰ. 13:4-8) ਉਦਾਹਰਣ ਲਈ, ਆਇਤ 4 ਵਿਚ ਦੱਸਿਆ ਗਿਆ ਹੈ ਕਿ “ਪਿਆਰ ਧੀਰਜਵਾਨ ਅਤੇ ਦਿਆਲੂ ਹੈ।” ਚਾਹੇ ਅਸੀਂ ਯਹੋਵਾਹ ਖ਼ਿਲਾਫ਼ ਪਾਪ ਕਰਦੇ ਹਾਂ, ਫਿਰ ਵੀ ਉਹ ਸਾਡੇ ਨਾਲ ਧੀਰਜ ਨਾਲ ਪੇਸ਼ ਆਉਂਦਾ ਹੈ। ਇਸ ਲਈ ਜਦੋਂ ਭੈਣ-ਭਰਾ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਨ ਜਿਸ ਨਾਲ ਸਾਨੂੰ ਖਿਝ ਚੜ੍ਹਦੀ ਜਾਂ ਠੇਸ ਲੱਗਦੀ ਹੈ, ਤਾਂ ਸਾਨੂੰ ਵੀ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। ਆਇਤ 5 ਵਿਚ ਦੱਸਿਆ ਹੈ: “[ਪਿਆਰ] ਗੁੱਸੇ ਵਿਚ ਭੜਕਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” ਅਸੀਂ ਆਪਣੇ ਭੈਣਾਂ-ਭਰਾਵਾਂ ʼਤੇ ਦੋਸ਼ ਲਾਉਣ ਲਈ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਯਾਦ ਨਹੀਂ ਰੱਖਦੇ। ਨਾਲੇ ਉਪਦੇਸ਼ਕ ਦੀ ਕਿਤਾਬ 7:9 ਵਿਚ ਕਿਹਾ ਹੈ: “ਕਿਸੇ ਦੀ ਗੱਲ ਦਾ ਛੇਤੀ ਬੁਰਾ ਨਾ ਮਨਾ।” ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੋ। ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਹ ਉਨ੍ਹਾਂ ਦੀਆਂ ਗ਼ਲਤੀਆਂ ਦਾ ਹਿਸਾਬ ਨਹੀਂ ਰੱਖਦਾ। ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਦਾ ਹਿਸਾਬ ਨਹੀਂ ਰੱਖਣਾ ਚਾਹੀਦਾ। (ਜ਼ਬੂ. 130:3) ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਲਗਾਉਣ ਦੀ ਬਜਾਇ ਦੇਖੋ ਕਿ ਉਨ੍ਹਾਂ ਵਿਚ ਕਿਹੜੇ ਚੰਗੇ ਗੁਣ ਹਨ।—ਮੱਤੀ 7:1-5. w22.09 4-5 ਪੈਰੇ 6-7
ਬੁੱਧਵਾਰ 16 ਅਕਤੂਬਰ
ਕਸ਼ਟ ਦਾ ਅਜਿਹਾ ਸਮਾਂ ਆਵੇਗਾ।—ਦਾਨੀ. 12:1.
ਦਾਨੀਏਲ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਅੰਤ ਦੇ ਸਮੇਂ ਦੌਰਾਨ ਇਕ ਤੋਂ ਬਾਅਦ ਇਕ ਕਿਹੜੀਆਂ ਘਟਨਾਵਾਂ ਵਾਪਰਨਗੀਆਂ। ਉਦਾਹਰਣ ਲਈ, ਦਾਨੀਏਲ 12:1 ਵਿਚ ਦੱਸਿਆ ਗਿਆ ਹੈ ਕਿ ਮੀਕਾਏਲ ਯਾਨੀ ਯਿਸੂ ਮਸੀਹ ਪਰਮੇਸ਼ੁਰ ਦੇ ਲੋਕਾਂ ਦੇ “ਪੱਖ ਵਿਚ ਖੜ੍ਹਾ ਹੈ।” ਭਵਿੱਖਬਾਣੀ ਦਾ ਇਹ ਹਿੱਸਾ 1914 ਵਿਚ ਪੂਰਾ ਹੋਣਾ ਸ਼ੁਰੂ ਹੋਇਆ ਜਦੋਂ ਯਿਸੂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ। ਦਾਨੀਏਲ ਨੂੰ ਇਹ ਵੀ ਦੱਸਿਆ ਗਿਆ ਕਿ “ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ” ਹੋਵੇਗਾ ਅਤੇ ਉਸ ਸਮੇਂ ਦੌਰਾਨ ਯਿਸੂ “ਖੜ੍ਹਾ ਹੋਵੇਗਾ।” ਇਹ ‘ਕਸ਼ਟ ਦਾ ਸਮਾਂ’ “ਮਹਾਂਕਸ਼ਟ” ਹੈ ਜਿਸ ਬਾਰੇ ਮੱਤੀ 24:21 ਵਿਚ ਦੱਸਿਆ ਗਿਆ ਹੈ। ਕਸ਼ਟ ਦੇ ਸਮੇਂ ਦੇ ਅਖ਼ੀਰ ਵਿਚ ਯਾਨੀ ਆਰਮਾਗੇਡਨ ਦੇ ਯੁੱਧ ਵੇਲੇ ਯਿਸੂ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਨ ਲਈ ਖੜ੍ਹਾ ਹੋਵੇਗਾ। ਪ੍ਰਕਾਸ਼ ਦੀ ਕਿਤਾਬ ਵਿਚ ਇਨ੍ਹਾਂ ਲੋਕਾਂ ਨੂੰ “ਵੱਡੀ ਭੀੜ” ਕਿਹਾ ਗਿਆ ਹੈ ਜੋ ‘ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇਗੀ।’—ਪ੍ਰਕਾ. 7:9, 14. w22.09 21 ਪੈਰੇ 4-5
ਵੀਰਵਾਰ 17 ਅਕਤੂਬਰ
ਜਿਸ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ, ਮੈਂ ਉਸੇ ਦਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾਵਾਂਗਾ।—ਕੂਚ 32:33.
ਇਸ ਦਾ ਮਤਲਬ ਹੈ ਕਿ ਫਿਲਹਾਲ ਯਹੋਵਾਹ ਸਾਡੇ ਨਾਂ ਇਸ ਕਿਤਾਬ ਵਿਚ ਕੱਚੇ ਤੌਰ ਤੇ ਲਿਖਦਾ ਹੈ, ਮਾਨੋ ਕਿ ਪੈਂਸਿਲ ਨਾਲ ਲਿਖਦਾ ਹੈ ਜਿਨ੍ਹਾਂ ਨੂੰ ਕਦੇ ਵੀ ਮਿਟਾਇਆ ਜਾ ਸਕਦਾ ਹੈ। (ਪ੍ਰਕਾ. 3:5) ਜਦੋਂ ਤਕ ਯਹੋਵਾਹ ਸਾਡੇ ਨਾਂ ਪੱਕੇ ਤੌਰ ਤੇ ਨਹੀਂ ਲਿਖ ਦਿੰਦਾ, ਉਦੋਂ ਤਕ ਸਾਨੂੰ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਸਾਡੇ ਨਾਂ ਇਸ ਕਿਤਾਬ ਵਿੱਚੋਂ ਮਿਟਾਏ ਨਾ ਜਾਣ। ਜਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ, ਉਨ੍ਹਾਂ ਵਿੱਚੋਂ ਇਕ ਸਮੂਹ ਹੈ ਜਿਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਗਿਆ ਹੈ। ਪੌਲੁਸ ਰਸੂਲ ਨੇ ਫ਼ਿਲਿੱਪੈ ਵਿਚ ਆਪਣੇ ‘ਸਾਥੀਆਂ’ ਨੂੰ ਜੋ ਚਿੱਠੀ ਲਿਖੀ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਨਾਲ ਰਾਜ ਕਰਨ ਲਈ ਚੁਣੇ ਗਏ ਮਸੀਹੀਆਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਦਰਜ ਹਨ। (ਫ਼ਿਲਿ. 4:3) ਪਰ ਜੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਂ ਇਸ ਕਿਤਾਬ ਵਿਚ ਹਮੇਸ਼ਾ ਲਿਖੇ ਰਹਿਣ, ਤਾਂ ਉਨ੍ਹਾਂ ਲਈ ਵਫ਼ਾਦਾਰ ਰਹਿਣਾ ਜ਼ਰੂਰੀ ਹੈ। ਫਿਰ ਜਦੋਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ʼਤੇ ਆਖ਼ਰੀ ਮੁਹਰ ਲੱਗੇਗੀ, ਉਦੋਂ ਉਨ੍ਹਾਂ ਦੇ ਨਾਂ ਇਸ ਕਿਤਾਬ ਵਿਚ ਪੱਕੇ ਤੌਰ ਤੇ ਲਿਖੇ ਜਾਣਗੇ।—ਪ੍ਰਕਾ. 7:3. w22.09 14 ਪੈਰਾ 3; 15 ਪੈਰੇ 5-6
ਸ਼ੁੱਕਰਵਾਰ 18 ਅਕਤੂਬਰ
ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!—ਲੂਕਾ 11:28.
ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਕਿਸੇ ਨੇ ਤੁਹਾਡਾ ਮਨਪਸੰਦ ਖਾਣਾ ਬਣਾਇਆ, ਪਰ ਤੁਹਾਡੇ ਕੋਲ ਬਹੁਤਾ ਸਮਾਂ ਨਹੀਂ ਸੀ ਜਾਂ ਤੁਸੀਂ ਪਹਿਲਾਂ ਹੀ ਕਿਸੇ ਗੱਲ ਬਾਰੇ ਸੋਚ ਰਹੇ ਸੀ ਜਿਸ ਕਰਕੇ ਤੁਸੀਂ ਬਿਨਾਂ ਸੁਆਦ ਲਏ ਫਟਾਫਟ ਖਾਣਾ ਖਾ ਲਿਆ। ਪਰ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੋਇਆ ਕਿ ਤੁਹਾਨੂੰ ਖਾਣਾ ਫਟਾਫਟ ਨਹੀਂ, ਸਗੋਂ ਸੁਆਦ ਨਾਲ ਹੌਲੀ-ਹੌਲੀ ਖਾਣਾ ਚਾਹੀਦਾ ਸੀ। ਬਾਈਬਲ ਪੜ੍ਹਨ ਵੇਲੇ ਵੀ ਇਸ ਤਰ੍ਹਾਂ ਹੋ ਸਕਦਾ ਹੈ। ਜਦੋਂ ਤੁਸੀਂ ਕਾਹਲੀ-ਕਾਹਲੀ ਵਿਚ ਬਾਈਬਲ ਪੜ੍ਹਦੇ ਹੋ, ਤਾਂ ਤੁਸੀਂ ਇਸ ਵਿਚਲਾ ਸੰਦੇਸ਼ ਸਮਝ ਨਹੀਂ ਪਾਉਂਦੇ ਅਤੇ ਤੁਹਾਨੂੰ ਬਾਈਬਲ ਪੜ੍ਹਨ ਦਾ ਮਜ਼ਾ ਨਹੀਂ ਆਉਂਦਾ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮਾਂ ਲਾ ਕੇ ਪਰਮੇਸ਼ੁਰ ਦੇ ਬਚਨ ਨੂੰ ਪੂਰੇ ਮਜ਼ੇ ਨਾਲ ਪੜ੍ਹੋ। ਤੁਸੀਂ ਜੋ ਪੜ੍ਹ ਰਹੇ ਹੋ ਉਸ ਬਾਰੇ ਕਲਪਨਾ ਕਰੋ, ਆਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਅਤੇ ਸੋਚੋ ਕਿ ਤੁਸੀਂ ਉਸ ਤੋਂ ਕੀ ਸਿੱਖ ਸਕਦੇ ਹੋ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲੇਗੀ। ਸਾਨੂੰ ਸਹੀ ਸਮੇਂ ਤੇ ਪਰਮੇਸ਼ੁਰ ਦਾ ਗਿਆਨ ਦੇਣ ਲਈ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਠਹਿਰਾਇਆ ਹੈ। ਇਹ ਨੌਕਰ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਿਹਾ ਹੈ ਅਤੇ ਸਾਨੂੰ ਭਰਪੂਰ ਮਾਤਰਾ ਵਿਚ ਪਰਮੇਸ਼ੁਰ ਬਾਰੇ ਗਿਆਨ ਦੇ ਰਿਹਾ ਹੈ। (ਮੱਤੀ 24:45) ਇਹ ਨੌਕਰ ਜਿਹੜੇ ਵੀ ਪ੍ਰਕਾਸ਼ਨ ਤਿਆਰ ਕਰਦਾ ਹੈ, ਉਹ ਬਾਈਬਲ ʼਤੇ ਆਧਾਰਿਤ ਹੁੰਦੇ ਹਨ।—1 ਥੱਸ. 2:13. w22.10 7-8 ਪੈਰੇ 6-8
ਸ਼ਨੀਵਾਰ 19 ਅਕਤੂਬਰ
ਅਸੀਂ ਆਕੜਬਾਜ਼ਾਂ ਦੇ ਤਾਅਨੇ ਸਹਿੰਦੇ-ਸਹਿੰਦੇ ਥੱਕ ਗਏ ਹਾਂ।—ਜ਼ਬੂ. 123:4.
ਬਾਈਬਲ ਵਿਚ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਆਖ਼ਰੀ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਹੋਣਗੇ। (2 ਪਤ. 3:3, 4) ਮਖੌਲ ਉਡਾਉਣ ਵਾਲੇ ਲੋਕ “ਆਪਣੀਆਂ ਦੁਸ਼ਟ ਇੱਛਾਵਾਂ ਅਨੁਸਾਰ” ਚੱਲਦੇ ਹਨ। (ਯਹੂ. 7, 17, 18) ਅਸੀਂ ਮਖੌਲ ਉਡਾਉਣ ਵਾਲਿਆਂ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ? ਇਕ ਤਰੀਕਾ ਹੈ, ਨੁਕਤਾਚੀਨੀ ਕਰਨ ਵਾਲਿਆਂ ਨਾਲ ਸੰਗਤ ਨਾ ਕਰ ਕੇ। (ਜ਼ਬੂ. 1:1) ਧਰਮ-ਤਿਆਗੀਆਂ ਨਾਲ ਸੰਗਤ ਨਾ ਕਰਨ ਦਾ ਮਤਲਬ ਹੈ ਕਿ ਅਸੀਂ ਨਾ ਤਾਂ ਉਨ੍ਹਾਂ ਦੀਆਂ ਗੱਲਾਂ ਸੁਣੀਏ ਅਤੇ ਨਾ ਹੀ ਪੜ੍ਹੀਏ। ਸਾਨੂੰ ਪਤਾ ਹੈ ਕਿ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਵੀ ਸੌਖਿਆਂ ਹੀ ਨੁਕਤਾਚੀਨੀ ਕਰਨ ਲੱਗ ਸਕਦੇ ਹਾਂ ਅਤੇ ਅਸੀਂ ਯਹੋਵਾਹ ਤੇ ਉਸ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ʼਤੇ ਸ਼ੱਕ ਕਰਨ ਲੱਗ ਸਕਦੇ ਹਾਂ। ਅਜਿਹੇ ਰਵੱਈਏ ਤੋਂ ਬਚਣ ਲਈ ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਜਦੋਂ ਕੋਈ ਨਵੀਂ ਹਿਦਾਇਤ ਮਿਲਦੀ ਹੈ ਜਾਂ ਕਿਸੇ ਸਮਝ ਵਿਚ ਸੁਧਾਰ ਕੀਤਾ ਜਾਂਦਾ ਹੈ, ਤਾਂ ਕੀ ਮੈਂ ਨੁਕਤਾਚੀਨੀ ਕਰਦਾ ਹਾਂ? ਕੀ ਮੈਂ ਅਗਵਾਈ ਕਰਨ ਵਾਲਿਆਂ ਵਿਚ ਕਮੀਆਂ ਲੱਭਦਾ ਰਹਿੰਦਾ ਹਾਂ?’ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਉਸੇ ਵੇਲੇ ਆਪਣੇ ਆਪ ਵਿਚ ਸੁਧਾਰ ਕਰਨਾ ਚਾਹੀਦਾ ਹੈ। ਜੇ ਅਸੀਂ ਸੁਧਾਰ ਕਰਦੇ ਹਾਂ, ਤਾਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।—ਕਹਾ. 3:34, 35. w22.10 20 ਪੈਰੇ 9-10
ਐਤਵਾਰ 20 ਅਕਤੂਬਰ
ਇਜ਼ਰਾਈਲ ਦੇ ਘਰਾਣੇ ਦੇ ਲੋਕ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ।—ਹਿਜ਼. 3:7.
ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਰਕੇ ਹੀ ਉਸ ਨੂੰ “ਢੀਠ ਅਤੇ ਪੱਥਰ-ਦਿਲ” ਲੋਕਾਂ ਨੂੰ ਪ੍ਰਚਾਰ ਕਰਨ ਦੀ ਹਿੰਮਤ ਮਿਲੀ। ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ: “ਮੈਂ ਤੇਰਾ ਚਿਹਰਾ ਉਨ੍ਹਾਂ ਦੇ ਚਿਹਰੇ ਵਾਂਗ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥੇ ਵਾਂਗ ਸਖ਼ਤ ਬਣਾਇਆ ਹੈ। ਮੈਂ ਤੇਰਾ ਮੱਥਾ ਹੀਰੇ ਵਾਂਗ ਕਠੋਰ ਅਤੇ ਚਕਮਾਕ ਪੱਥਰ ਨਾਲੋਂ ਜ਼ਿਆਦਾ ਸਖ਼ਤ ਬਣਾ ਦਿੱਤਾ ਹੈ। ਉਨ੍ਹਾਂ ਤੋਂ ਨਾ ਡਰੀਂ ਅਤੇ ਨਾ ਹੀ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਖਾਈਂ।” (ਹਿਜ਼. 3:8 ਫੁਟਨੋਟ, 9) ਦਰਅਸਲ, ਯਹੋਵਾਹ ਹਿਜ਼ਕੀਏਲ ਨੂੰ ਕਹਿ ਰਿਹਾ ਸੀ: ‘ਤੈਨੂੰ ਢੀਠ ਲੋਕਾਂ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਤੈਨੂੰ ਤਕੜਾ ਕਰਾਂਗਾ।’ ਇਸ ਤੋਂ ਬਾਅਦ ਦਰਸ਼ਣ ਵਿਚ ਪਰਮੇਸ਼ੁਰ ਦੀ ਸ਼ਕਤੀ ਹਿਜ਼ਕੀਏਲ ਨੂੰ ਉਸ ਇਲਾਕੇ ਵਿਚ ਲੈ ਗਈ ਜਿੱਥੇ ਉਸ ਨੇ ਪ੍ਰਚਾਰ ਕਰਨਾ ਸੀ। ਹਿਜ਼ਕੀਏਲ ਨੇ ਲਿਖਿਆ: “ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਜ਼ਬਰਦਸਤ ਢੰਗ ਨਾਲ ਕੰਮ ਕਰ ਰਹੀ ਸੀ।” ਲੋਕਾਂ ਨੂੰ ਪ੍ਰਚਾਰ ਕਰਨ ਲਈ ਜ਼ਰੂਰੀ ਸੀ ਕਿ ਉਹ ਖ਼ੁਦ ਪਹਿਲਾਂ ਆਪ ਇਸ ਸੰਦੇਸ਼ ਨੂੰ ਸਮਝੇ। ਉਸ ਨੂੰ ਇਹ ਸੰਦੇਸ਼ ਸਮਝਣ ਵਿਚ ਸੱਤ ਦਿਨ ਲੱਗੇ। (ਹਿਜ਼. 3:14, 15) ਫਿਰ ਯਹੋਵਾਹ ਨੇ ਉਸ ਨੂੰ ਘਾਟੀ ਵਿਚ ਜਾਣ ਲਈ ਕਿਹਾ ਜਿੱਥੇ “ਪਰਮੇਸ਼ੁਰ ਦੀ ਸ਼ਕਤੀ [ਉਸ ਦੇ] ਅੰਦਰ ਆ ਗਈ।” (ਹਿਜ਼. 3:23, 24) ਇਸ ਤੋਂ ਬਾਅਦ ਹਿਜ਼ਕੀਏਲ ਸੇਵਾ ਦਾ ਕੰਮ ਕਰਨ ਲਈ ਤਿਆਰ ਸੀ। w22.11 4-5 ਪੈਰੇ 8-9
ਸੋਮਵਾਰ 21 ਅਕਤੂਬਰ
‘ਹੇ ਯਹੋਵਾਹ, ਹੋਰ ਕਿੰਨੀ ਦੇਰ ਤਕ ਮੈਂ ਮਦਦ ਲਈ ਦੁਹਾਈ ਦਿਆਂ, ਪਰ ਤੂੰ ਨਾ ਸੁਣੇਂਗਾ? ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ?’—ਹੱਬ. 1:2, 3.
ਹੱਬਕੂਕ ਨਬੀ ਨੇ ਬਹੁਤ ਸਾਰੀਆਂ ਦੁੱਖ-ਮੁਸੀਬਤਾਂ ਝੱਲੀਆਂ ਸਨ। ਲੱਗਦਾ ਹੈ ਕਿ ਇਕ ਸਮੇਂ ʼਤੇ ਉਹ ਸ਼ੱਕ ਕਰਨ ਲੱਗ ਪਿਆ ਕਿ ਯਹੋਵਾਹ ਉਸ ਦੀ ਪਰਵਾਹ ਕਰਦਾ ਵੀ ਹੈ ਜਾਂ ਨਹੀਂ। ਇਸ ਲਈ ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ। ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕ ਦੀ ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ ਦਿੱਤਾ। (ਹੱਬ. 2:2, 3) ਜਦੋਂ ਹੱਬਕੂਕ ਨੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ, ਤਾਂ ਉਹ ਫਿਰ ਤੋਂ ਖ਼ੁਸ਼ ਰਹਿਣ ਲੱਗ ਪਿਆ। ਉਸ ਨੂੰ ਭਰੋਸਾ ਹੋ ਗਿਆ ਕਿ ਯਹੋਵਾਹ ਉਸ ਦੀ ਪਰਵਾਹ ਕਰਦਾ ਹੈ ਅਤੇ ਉਹ ਕਿਸੇ ਵੀ ਮੁਸ਼ਕਲ ਨੂੰ ਝੱਲਣ ਵਿਚ ਉਸ ਦੀ ਮਦਦ ਕਰੇਗਾ। (ਹੱਬ. 3:17-19) ਹੱਬਕੂਕ ਨਬੀ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਤੁਹਾਡੇ ʼਤੇ ਕੋਈ ਦੁੱਖ-ਮੁਸੀਬਤ ਆਉਂਦੀ ਹੈ, ਤਾਂ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ ਅਤੇ ਮਦਦ ਲਈ ਉਸ ਉੱਤੇ ਭਰੋਸਾ ਰੱਖੋ। ਇਸ ਗੱਲ ʼਤੇ ਵੀ ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਪਹਿਲਾਂ ਕਿਵੇਂ ਤੁਹਾਡੀ ਮਦਦ ਕੀਤੀ ਸੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਨੂੰ ਭਰੋਸਾ ਹੋ ਜਾਵੇਗਾ ਕਿ ਯਹੋਵਾਹ ਜ਼ਰੂਰ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਦੇਵੇਗਾ। ਨਾਲੇ ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ, ਤਾਂ ਉਸ ʼਤੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋ ਜਾਵੇਗੀ। ਜੇ ਤੁਸੀਂ ਭਗਤੀ ਦੇ ਕੰਮਾਂ ਵਿਚ ਲੱਗੇ ਰਹੋਗੇ, ਤਾਂ ਦੁੱਖ-ਮੁਸੀਬਤਾਂ ਜਾਂ ਸ਼ੱਕ ਤੁਹਾਨੂੰ ਯਹੋਵਾਹ ਤੋਂ ਦੂਰ ਨਹੀਂ ਕਰ ਸਕਣਗੇ।—1 ਤਿਮੋ. 6:6-8. w22.11 15 ਪੈਰੇ 6-7
ਮੰਗਲਵਾਰ 22 ਅਕਤੂਬਰ
ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।—ਲੂਕਾ 23:43.
ਯਿਸੂ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਦੋ ਅਪਰਾਧੀਆਂ ਨੂੰ ਵੀ ਟੰਗਿਆ ਗਿਆ ਹੈ। ਉਹ ਦਰਦ ਨਾਲ ਤੜਫ ਰਹੇ ਹਨ ਅਤੇ ਉਨ੍ਹਾਂ ਦੀ ਜਾਨ ਹੌਲੀ-ਹੌਲੀ ਨਿਕਲ ਰਹੀ ਹੈ। (ਲੂਕਾ 23:32, 33) ਉਹ ਦੋਵੇਂ ਅਪਰਾਧੀ ਯਿਸੂ ਦੀ ਬੇਇੱਜ਼ਤੀ ਕਰ ਰਹੇ ਹਨ। (ਮੱਤੀ 27:44; ਮਰ. 15:32) ਫਿਰ ਉਨ੍ਹਾਂ ਵਿੱਚੋਂ ਇਕ ਅਪਰਾਧੀ ਦਾ ਮਨ ਬਦਲ ਜਾਂਦਾ ਹੈ ਅਤੇ ਉਹ ਯਿਸੂ ਨੂੰ ਕਹਿੰਦਾ ਹੈ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” ਫਿਰ ਯਿਸੂ ਉਸ ਨੂੰ ਅੱਜ ਦੇ ਹਵਾਲੇ ਵਿਚ ਲਿਖੇ ਸ਼ਬਦ ਕਹਿੰਦਾ ਹੈ। (ਲੂਕਾ 23:39-42) ਅਪਰਾਧੀ ਨੂੰ ਕਹੇ ਯਿਸੂ ਦੇ ਸ਼ਬਦਾਂ ਕਰਕੇ ਸਾਨੂੰ ਵੀ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜ਼ਿੰਦਗੀ ਦੀ ਕਲਪਨਾ ਕਰਨੀ ਚਾਹੀਦੀ ਹੈ। ਅਜਿਹੀ ਜ਼ਿੰਦਗੀ ਦੀ ਇਕ ਝਲਕ ਸਾਨੂੰ ਸੁਲੇਮਾਨ ਦੇ ਰਾਜ ਤੋਂ ਮਿਲਦੀ ਹੈ। ਸੁਲੇਮਾਨ ਦੇ ਰਾਜ ਵਿਚ ਬਹੁਤ ਸ਼ਾਂਤੀ ਸੀ। ਯਿਸੂ ਸੁਲੇਮਾਨ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਿਸੂ 1,44,000 ਜਣਿਆਂ ਨਾਲ ਮਿਲ ਕੇ ਇਸ ਧਰਤੀ ਨੂੰ ਖ਼ੂਬਸੂਰਤ ਬਣਾ ਦੇਵੇਗਾ। ਉਸ ਦੇ ਰਾਜ ਵਿਚ ਹਰ ਪਾਸੇ ਸ਼ਾਂਤੀ ਹੋਵੇਗੀ। (ਮੱਤੀ 12:42) ਇਸ ਲਈ “ਹੋਰ ਭੇਡਾਂ” ਨੂੰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਬਾਗ਼ ਵਿਚ ਰਹਿਣ ਦੇ ਲਾਇਕ ਬਣਨ ਲਈ ਉਨ੍ਹਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ।—ਯੂਹੰ. 10:16. w22.12 8 ਪੈਰਾ 1; 9 ਪੈਰਾ 4
ਬੁੱਧਵਾਰ 23 ਅਕਤੂਬਰ
ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ।—ਯਸਾ. 30:19.
ਯਸਾਯਾਹ ਦੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦੇਵਾਂਗੇ, ਤਾਂ ਉਹ ਧਿਆਨ ਨਾਲ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਜਵਾਬ ਦੇਵੇਗਾ। ਯਸਾਯਾਹ ਨੇ ਅੱਗੇ ਕਿਹਾ: “ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।” ਇਨ੍ਹਾਂ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਸਾਡਾ ਪਿਤਾ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਬੇਤਾਬ ਰਹਿੰਦਾ ਹੈ ਜੋ ਉਸ ਨੂੰ ਪੁਕਾਰਦੇ ਹਨ। ਇਹ ਗੱਲ ਜਾਣ ਕੇ ਸਾਨੂੰ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ ਰਹਿਣ ਵਿਚ ਮਦਦ ਮਿਲਦੀ ਹੈ। ਯਹੋਵਾਹ ਸਾਡੇ ਵਿੱਚੋਂ ਹਰ ਇਕ ਦੀ ਪ੍ਰਾਰਥਨਾ ਧਿਆਨ ਨਾਲ ਸੁਣਦਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਧਿਆਨ ਦਿਓ ਯਸਾਯਾਹ ਅਧਿਆਇ 30 ਦੇ ਪਹਿਲੇ ਹਿੱਸੇ ਵਿਚ ਯਸਾਯਾਹ ਨੇ “ਤੁਸੀਂ” ਅਤੇ “ਤੁਹਾਡੇ” ਸ਼ਬਦ ਵਰਤੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਹੋਵਾਹ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਰਿਹਾ ਹੈ। ਪਰ ਆਇਤ 19 ਵਿਚ ਉਸ ਨੇ “ਤੂੰ,” “ਤੇਰੇ” ਅਤੇ “ਤੈਨੂੰ” ਸ਼ਬਦ ਵਰਤੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਹੋਵਾਹ ਇਕ-ਇਕ ਇਨਸਾਨ ਨਾਲ ਗੱਲ ਕਰ ਰਿਹਾ ਹੈ। ਯਸਾਯਾਹ ਨੇ ਲਿਖਿਆ: “ਤੂੰ ਫਿਰ ਕਦੇ ਨਾ ਰੋਵੇਂਗਾ”; “ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ;” ‘ਉਹ ਤੈਨੂੰ ਜਵਾਬ ਦੇਵੇਗਾ।’ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ, ਇਸ ਕਰਕੇ ਉਹ ਸਾਡੇ ਇਕੱਲੇ-ਇਕੱਲੇ ਦੀ ਪਰਵਾਹ ਕਰਦਾ ਹੈ ਅਤੇ ਧਿਆਨ ਨਾਲ ਹਰੇਕ ਦੀ ਪ੍ਰਾਰਥਨਾ ਸੁਣਦਾ ਹੈ।—ਜ਼ਬੂ. 116:1; ਯਸਾ. 57:15. w22.11 9 ਪੈਰੇ 5-6
ਵੀਰਵਾਰ 24 ਅਕਤੂਬਰ
ਤੁਸੀਂ ਸੱਪਾਂ ਵਾਂਗ ਸਾਵਧਾਨ ਰਹੋ ਅਤੇ ਕਬੂਤਰਾਂ ਵਾਂਗ ਮਾਸੂਮ ਬਣੋ।—ਮੱਤੀ 10:16.
ਸਾਨੂੰ ਵਿਰੋਧ ਦੇ ਬਾਵਜੂਦ ਵੀ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਨੂੰ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਪਹਿਲੀ ਸਦੀ ਵਿਚ ਜਦੋਂ ਯਹੂਦੀ ਅਧਿਕਾਰੀਆਂ ਨੇ ਰਸੂਲਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ, ਤਾਂ ਵੀ ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ। ਉਹ ਪ੍ਰਚਾਰ ਕਰਦੇ ਰਹੇ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੀ। (ਰਸੂ. 5:27-29, 41, 42) ਇਹ ਤਾਂ ਸੱਚ ਹੈ ਕਿ ਜਦੋਂ ਸਾਡੇ ਕੰਮ ʼਤੇ ਪਾਬੰਦੀ ਲੱਗ ਜਾਂਦੀ ਹੈ, ਤਾਂ ਸਾਨੂੰ ਪ੍ਰਚਾਰ ਕਰਦਿਆਂ ਬੜਾ ਧਿਆਨ ਰੱਖਣਾ ਪੈਂਦਾ ਹੈ। ਪਰ ਜਦੋਂ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਸ਼ਾਂਤੀ ਮਿਲੇਗੀ ਕਿਉਂਕਿ ਅਸੀਂ ਉਹ ਕੰਮ ਕਰ ਰਹੇ ਹੋਵਾਂਗੇ ਜਿਸ ਨਾਲ ਲੋਕਾਂ ਦੀ ਜਾਨ ਬਚਦੀ ਹੈ ਅਤੇ ਇਸ ਨਾਲ ਅਸੀਂ ਯਹੋਵਾਹ ਨੂੰ ਵੀ ਖ਼ੁਸ਼ ਕਰ ਰਹੇ ਹੋਵਾਂਗੇ। ਪੂਰਾ ਭਰੋਸਾ ਰੱਖੋ ਕਿ ਔਖੀਆਂ ਘੜੀਆਂ ਦੌਰਾਨ ਵੀ ਤੁਹਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲ ਸਕਦੀ ਹੈ। ਇੱਦਾਂ ਦੇ ਹਾਲਾਤਾਂ ਵਿਚ ਯਾਦ ਰੱਖੋ ਕਿ ਤੁਹਾਨੂੰ ਜਿਸ ਸ਼ਾਂਤੀ ਦੀ ਲੋੜ ਹੈ, ਉਹ ਸ਼ਾਂਤੀ ਸਿਰਫ਼ ਯਹੋਵਾਹ ਹੀ ਤੁਹਾਨੂੰ ਦੇ ਸਕਦਾ ਹੈ। ਜਦੋਂ ਕੋਈ ਬੀਮਾਰੀ ਫੈਲਦੀ ਹੈ, ਕੋਈ ਆਫ਼ਤ ਜਾਂ ਬਿਪਤਾ ਆਉਂਦੀ ਹੈ ਜਾਂ ਤੁਹਾਡੇ ʼਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਯਹੋਵਾਹ ʼਤੇ ਭਰੋਸਾ ਰੱਖੋ ਅਤੇ ਉਸ ਦੇ ਸੰਗਠਨ ਦੇ ਨੇੜੇ ਰਹੋ। ਨਾਲੇ ਇਹ ਗੱਲ ਯਾਦ ਰੱਖੋ ਕਿ ਤੁਹਾਡਾ ਭਵਿੱਖ ਬਹੁਤ ਸੁਨਹਿਰਾ ਹੋਵੇਗਾ। ਜੇ ਤੁਸੀਂ ਇੱਦਾਂ ਕਰੋਗੇ, ਤਾਂ “ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਰਹੇਗਾ।”—ਫ਼ਿਲਿ. 4:9. w22.12 21 ਪੈਰੇ 17-18
ਸ਼ੁੱਕਰਵਾਰ 25 ਅਕਤੂਬਰ
ਨਵੇਂ ਸੁਭਾਅ ਨੂੰ ਪਹਿਨ ਲਓ।—ਅਫ਼. 4:24.
ਇਸ ਤਰ੍ਹਾਂ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਕਿਉਂ? ਕਿਉਂਕਿ ਕੁਝ ਔਗੁਣ ਇੱਦਾਂ ਦੇ ਹੁੰਦੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਸਾਡੇ ਅੰਦਰ ਬਹੁਤ ਡੂੰਘੀਆਂ ਹੁੰਦੀਆਂ ਹਨ, ਜਿਵੇਂ ਕਿ ਵੈਰ, ਗੁੱਸਾ ਅਤੇ ਕ੍ਰੋਧ। (ਅਫ਼. 4:31, 32) ਇਨ੍ਹਾਂ ਔਗੁਣਾਂ ਨੂੰ ਜੜ੍ਹੋਂ ਪੁੱਟ ਸੁੱਟਣਾ ਬਹੁਤ ਔਖਾ ਹੋ ਸਕਦਾ ਹੈ। ਉਦਾਹਰਣ ਲਈ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਕੁਝ ਲੋਕ “ਝੱਟ ਕ੍ਰੋਧ” ਕਰ ਲੈਂਦੇ ਹਨ ਜਾਂ ‘ਗੱਲ-ਗੱਲ ʼਤੇ ਭੜਕ’ ਉੱਠਦੇ ਹਨ। (ਕਹਾ. 29:22) ਸ਼ਾਇਦ ਕੁਝ ਭੈਣਾਂ-ਭਰਾਵਾਂ ਨੂੰ ਬਪਤਿਸਮੇ ਤੋਂ ਬਾਅਦ ਵੀ ਅਜਿਹੇ ਔਗੁਣਾਂ ਨੂੰ ਜੜ੍ਹੋਂ ਪੁੱਟਣ ਲਈ ਲਗਾਤਾਰ ਮਿਹਨਤ ਕਰਨੀ ਪਵੇ। (ਰੋਮੀ. 7:21-23) ਜੇ ਤੁਹਾਨੂੰ ਕੋਈ ਔਗੁਣ ਛੱਡਣ ਵਿਚ ਮੁਸ਼ਕਲ ਆ ਰਹੀ ਹੈ, ਤਾਂ ਯਹੋਵਾਹ ਨੂੰ ਉਸ ਬਾਰੇ ਪ੍ਰਾਰਥਨਾ ਕਰੋ। ਨਾਲੇ ਭਰੋਸਾ ਰੱਖੋ ਕਿ ਉਹ ਤੁਹਾਡੀ ਪ੍ਰਾਰਥਨਾ ਸੁਣੇਗਾ ਅਤੇ ਤੁਹਾਡੀ ਮਦਦ ਵੀ ਕਰੇਗਾ। (1 ਯੂਹੰ. 5:14, 15) ਉਹ ਤੁਹਾਡੇ ਵਿੱਚੋਂ ਉਹ ਔਗੁਣ ਕੱਢਣ ਲਈ ਕੋਈ ਚਮਤਕਾਰ ਨਹੀਂ ਕਰੇਗਾ। ਇਸ ਦੀ ਬਜਾਇ, ਉਹ ਤੁਹਾਨੂੰ ਇਸ ʼਤੇ ਕਾਬੂ ਪਾਉਣ ਦੀ ਤਾਕਤ ਦੇਵੇਗਾ। (1 ਪਤ. 5:10) ਇਸ ਦੇ ਨਾਲ-ਨਾਲ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕਦਮ ਵੀ ਚੁੱਕਣੇ ਪੈਣਗੇ। ਤੁਹਾਨੂੰ ਉਨ੍ਹਾਂ ਸਾਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਤੁਹਾਡਾ ਪੁਰਾਣਾ ਸੁਭਾਅ ਫਿਰ ਤੋਂ ਵਾਪਸ ਆ ਸਕਦਾ ਹੈ। ਨਾਲੇ ਸਾਨੂੰ ਆਪਣੇ ਮਨ ਵਿਚ ਬੁਰੀਆਂ ਇੱਛਾਵਾਂ ਨੂੰ ਨਹੀਂ ਪਲ਼ਣ ਦੇਣਾ ਚਾਹੀਦਾ।—ਫ਼ਿਲਿ. 4:8; ਕੁਲੁ. 3:2. w23.01 10 ਪੈਰੇ 7, 9-10
ਸ਼ਨੀਵਾਰ 26 ਅਕਤੂਬਰ
ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ।—1 ਯੂਹੰ. 4:21.
ਪਿਆਰ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਪੂਰੇ ਜੋਸ਼ ਨਾਲ ਅਤੇ ਹਰੇਕ ਨੂੰ ਪ੍ਰਚਾਰ ਕਰਦੇ ਹਾਂ। ਅਸੀਂ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦੇ, ਫਿਰ ਚਾਹੇ ਕੋਈ ਕਿਸੇ ਵੀ ਜਾਤ ਜਾਂ ਕੌਮ ਦਾ ਹੋਵੇ, ਅਮੀਰ ਜਾਂ ਗ਼ਰੀਬ ਹੋਵੇ, ਪੜ੍ਹਿਆ-ਲਿਖਿਆ ਜਾਂ ਅਨਪੜ੍ਹ ਹੋਵੇ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਇਹ ਇੱਛਾ ਪੂਰੀ ਕਰ ਰਹੇ ਹੁੰਦੇ ਹਾਂ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:4) ਭੈਣਾਂ-ਭਰਾਵਾਂ ਲਈ ਪਿਆਰ ਜ਼ਾਹਰ ਕਰ ਕੇ ਵੀ ਅਸੀਂ ਯਹੋਵਾਹ ਤੇ ਯਿਸੂ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਜਦੋਂ ਭੈਣਾਂ-ਭਰਾਵਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਦਿਲੋਂ ਉਨ੍ਹਾਂ ਲਈ ਪਰਵਾਹ ਦਿਖਾਉਂਦੇ ਹੋਏ ਉਨ੍ਹਾਂ ਦੀ ਮਦਦ ਕਰਦੇ ਹਾਂ। ਨਾਲੇ ਜਦੋਂ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਦਿਲਾਸਾ ਦਿੰਦੇ ਹਾਂ। ਜਦੋਂ ਉਹ ਬੀਮਾਰ ਹੁੰਦੇ ਹਨ ਜਾਂ ਕਿਸੇ ਗੱਲੋਂ ਨਿਰਾਸ਼ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ। (2 ਕੁਰਿੰ. 1:3-7; 1 ਥੱਸ. 5:11, 14) ਅਸੀਂ ਹਮੇਸ਼ਾ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।”—ਯਾਕੂ. 5:16. w23.01 28-29 ਪੈਰੇ 7-8
ਐਤਵਾਰ 27 ਅਕਤੂਬਰ
ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।—1 ਥੱਸ. 5:11.
ਜਿਸ ਤਰ੍ਹਾਂ ਉਸਾਰੀ ਦਾ ਕੰਮ ਕਰਨ ਵਾਲੇ ਸਮੇਂ ਦੇ ਬੀਤਣ ਨਾਲ ਆਪਣੇ ਹੁਨਰ ਨੂੰ ਨਿਖਾਰਦੇ ਰਹਿੰਦੇ ਹਨ, ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਦੇ ਆਪਣੇ ਹੁਨਰ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਵਰਤ ਸਕਦੇ ਹਾਂ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਵਫ਼ਾਦਾਰੀ ਨਾਲ ਮੁਸ਼ਕਲਾਂ ਝੱਲੀਆਂ ਸਨ। (ਇਬ. 11:32-35; 12:1) ਅਸੀਂ ਖੁੱਲ੍ਹ ਕੇ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ਬਾਰੇ ਗੱਲ ਕਰ ਕੇ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਜਦੋਂ ਸਾਡੀ ਰਾਇ ਦੂਜਿਆਂ ਨਾਲੋਂ ਵੱਖਰੀ ਹੋਣ ਕਰਕੇ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੁੰਦਾ ਹੈ, ਤਾਂ ਅਸੀਂ ਅੜੇ ਰਹਿਣ ਦੀ ਬਜਾਇ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਜਾਂ ਫਿਰ ਕਿਸੇ ਨਾਲ ਅਣਬਣ ਹੋਣ ਤੇ ਅਸੀਂ ਉਸ ਨੂੰ ਮਾਫ਼ ਕਰ ਕੇ ਦੁਬਾਰਾ ਸ਼ਾਂਤੀ ਕਾਇਮ ਕਰ ਸਕਦੇ ਹਾਂ। (ਅਫ਼. 4:3) ਅਸੀਂ ਭੈਣਾਂ-ਭਰਾਵਾਂ ਦੀ ਨਿਹਚਾ ਪੱਕੀ ਕਰਦੇ ਰਹਿ ਸਕਦੇ ਹਾਂ ਜਦੋਂ ਅਸੀਂ ਉਨ੍ਹਾਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰਦੇ ਹਾਂ, ਲੋੜ ਵੇਲੇ ਉਨ੍ਹਾਂ ਦੀ ਮਦਦ ਕਰਦੇ ਹਾਂ ਅਤੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਪੈਣ ʼਤੇ ਵੀ ਉਨ੍ਹਾਂ ਦਾ ਸਾਥ ਦਿੰਦੇ ਹਾਂ। ਉਸੇ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰ ਕੇ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਜਿਨ੍ਹਾਂ ਇਮਾਰਤਾਂ ਦੀ ਅਸੀਂ ਉਸਾਰੀ ਕਰਦੇ ਹਾਂ, ਉਹ ਇਕ ਦਿਨ ਢਹਿ ਜਾਣਗੀਆਂ। ਪਰ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਦੇ ਫ਼ਾਇਦੇ ਹਮੇਸ਼ਾ ਤਕ ਰਹਿਣਗੇ! w22.08 22 ਪੈਰਾ 6; 25 ਪੈਰੇ 17-18
ਸੋਮਵਾਰ 28 ਅਕਤੂਬਰ
ਬੁੱਧ ਯਹੋਵਾਹ ਹੀ ਦਿੰਦਾ ਹੈ; ਗਿਆਨ ਤੇ ਸੂਝ-ਬੂਝ ਦੀਆਂ ਗੱਲਾਂ ਉਸੇ ਦੇ ਮੂੰਹੋਂ ਨਿਕਲਦੀਆਂ ਹਨ।—ਕਹਾ. 2:6.
ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦਾ ਬਚਨ ਪੜ੍ਹਦੇ ਹੋਏ ਸਮਝ ਤੋਂ ਕੰਮ ਲੈਣਾ ਜ਼ਰੂਰੀ ਹੈ। (ਮੱਤੀ 24:15) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਸਮਝ ਤੋਂ ਕੰਮ ਲੈਣ ਦਾ ਮਤਲਬ ਹੈ ਕਿ ਅਸੀਂ ਪੜ੍ਹਦੇ ਵੇਲੇ ਦੇਖੀਏ ਕਿ ਕੋਈ ਗੱਲ ਕਿਸੇ ਹੋਰ ਗੱਲ ਨਾਲ ਕਿਵੇਂ ਮੇਲ ਖਾਂਦੀ ਹੈ ਜਾਂ ਕਿਵੇਂ ਵੱਖਰੀ ਹੈ। ਨਾਲੇ ਜਿਨ੍ਹਾਂ ਗੱਲਾਂ ਬਾਰੇ ਬਾਈਬਲ ਵਿਚ ਸਿੱਧਾ-ਸਿੱਧਾ ਨਹੀਂ ਦੱਸਿਆ ਗਿਆ ਹੈ, ਉਨ੍ਹਾਂ ਬਾਰੇ ਵੀ ਜਾਣਨ ਲਈ ਸਾਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਜਿਵੇਂ ਯਿਸੂ ਨੇ ਕਿਹਾ ਸੀ, ਸਾਨੂੰ ਸਮਝ ਤੋਂ ਕੰਮ ਲੈਂਦੇ ਹੋਏ ਦੇਖਣ ਦੀ ਲੋੜ ਹੈ ਕਿ ਬਾਈਬਲ ਦੀ ਕੋਈ ਭਵਿੱਖਬਾਣੀ ਕਿੱਦਾਂ-ਕਿੱਦਾਂ ਪੂਰੀ ਹੋ ਰਹੀ ਹੈ। ਬਾਈਬਲ ਦੀਆਂ ਹੋਰ ਗੱਲਾਂ ਤੋਂ ਵੀ ਪੂਰਾ-ਪੂਰਾ ਫ਼ਾਇਦਾ ਲੈਣ ਲਈ ਸਮਝ ਤੋਂ ਕੰਮ ਲੈਣਾ ਜ਼ਰੂਰੀ ਹੈ। ਯਹੋਵਾਹ ਆਪਣੇ ਸੇਵਕਾਂ ਨੂੰ ਸਮਝ ਦਿੰਦਾ ਹੈ। ਇਸ ਲਈ ਪ੍ਰਾਰਥਨਾ ਵਿਚ ਉਸ ਤੋਂ ਮਦਦ ਮੰਗੋ ਤਾਂਕਿ ਤੁਸੀਂ ਸਮਝ ਜਾਂ ਸੂਝ-ਬੂਝ ਤੋਂ ਕੰਮ ਲੈ ਸਕੋ। ਤੁਸੀਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਿਵੇਂ ਕਰ ਸਕਦੇ ਹੋ? ਜਦੋਂ ਤੁਸੀਂ ਬਾਈਬਲ ਤੋਂ ਕੁਝ ਪੜ੍ਹਦੇ ਹੋ, ਤਾਂ ਧਿਆਨ ਨਾਲ ਇਸ ਦੀ ਜਾਂਚ ਕਰੋ ਅਤੇ ਦੇਖੋ ਕਿ ਇਸ ਜਾਣਕਾਰੀ ਬਾਰੇ ਤੁਸੀਂ ਪਹਿਲਾਂ ਹੀ ਕੀ ਜਾਣਦੇ ਹੋ। ਇੱਦਾਂ ਤੁਸੀਂ ਬਾਈਬਲ ਦੀਆਂ ਗੱਲਾਂ ਦਾ ਮਤਲਬ ਸਮਝੋਗੇ ਅਤੇ ਦੇਖ ਸਕੋਗੇ ਕਿ ਉਹ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ। (ਇਬ. 5:14) ਜਦੋਂ ਤੁਸੀਂ ਪੜ੍ਹਦੇ ਵੇਲੇ ਸੂਝ-ਬੂਝ ਤੋਂ ਕੰਮ ਲਓਗੇ, ਤਾਂ ਪਰਮੇਸ਼ੁਰ ਦੇ ਬਚਨ ਬਾਰੇ ਤੁਹਾਡੀ ਸਮਝ ਹੋਰ ਵੀ ਵਧੇਗੀ। w23.02 10 ਪੈਰੇ 7-8
ਮੰਗਲਵਾਰ 29 ਅਕਤੂਬਰ
ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।—ਰਸੂ. 17:28.
ਜ਼ਰਾ ਕਲਪਨਾ ਕਰੋ ਕਿ ਤੁਹਾਡੇ ਡੈਡੀ ਨੇ ਤੁਹਾਨੂੰ ਤੋਹਫ਼ੇ ਵਿਚ ਇਕ ਘਰ ਦਿੱਤਾ ਹੈ। ਇਹ ਘਰ ਬਹੁਤ ਹੀ ਸੋਹਣਾ ਅਤੇ ਮਜ਼ਬੂਤ ਹੈ। ਚਾਹੇ ਕਿ ਕਿਸੇ ਨਾ ਕਿਸੇ ਜਗ੍ਹਾ ਤੋਂ ਇਸ ਦਾ ਪੇਂਟ ਥੋੜ੍ਹਾ-ਬਹੁਤ ਲਹਿ ਗਿਆ ਹੈ, ਫਿਰ ਵੀ ਇਸ ਘਰ ਦੀ ਕੀਮਤ ਲੱਖਾਂ ਵਿਚ ਹੈ। ਤਾਂ ਫਿਰ ਕੀ ਤੁਸੀਂ ਇਸ ਤੋਹਫ਼ੇ ਦੀ ਕਦਰ ਨਹੀਂ ਕਰੋਗੇ? ਕੀ ਤੁਸੀਂ ਉਸ ਨੂੰ ਚੰਗੀ ਹਾਲਤ ਵਿਚ ਰੱਖਣ ਦੀ ਕੋਸ਼ਿਸ਼ ਨਹੀਂ ਕਰੋਗੇ? ਯਹੋਵਾਹ ਨੇ ਵੀ ਸਾਨੂੰ ਇਕ ਕੀਮਤੀ ਤੋਹਫ਼ਾ ਦਿੱਤਾ ਹੈ, ਉਹ ਹੈ ਸਾਡੀ ਜ਼ਿੰਦਗੀ। ਅਸਲ ਵਿਚ, ਯਹੋਵਾਹ ਲਈ ਸਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਕਿ ਉਸ ਨੇ ਸਾਡੀ ਖ਼ਾਤਰ ਆਪਣੇ ਪੁੱਤਰ ਤਕ ਦੀ ਕੁਰਬਾਨੀ ਦੇ ਦਿੱਤੀ। (ਯੂਹੰ. 3:16) ਯਹੋਵਾਹ ਜ਼ਿੰਦਗੀ ਦਾ ਸੋਮਾ ਹੈ। (ਜ਼ਬੂ. 36:9) ਪੌਲੁਸ ਰਸੂਲ ਇਹ ਗੱਲ ਮੰਨਦਾ ਸੀ, ਇਸ ਲਈ ਉਸ ਨੇ ਕਿਹਾ: “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” (ਰਸੂ. 17:25, 28) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਨੂੰ ਜੀਉਂਦੇ ਰੱਖਣ ਲਈ ਹਰ ਜ਼ਰੂਰੀ ਚੀਜ਼ ਦਿੰਦਾ ਹੈ। (ਰਸੂ. 14:15-17) ਪਰ ਸਾਡੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਯਹੋਵਾਹ ਅੱਜ ਕੋਈ ਚਮਤਕਾਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਆਪਣੀ ਸਿਹਤ ਦਾ ਖ਼ਿਆਲ ਰੱਖੀਏ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਰਹੀਏ।—2 ਕੁਰਿੰ. 7:1. w23.02 20 ਪੈਰੇ 1-2
ਬੁੱਧਵਾਰ 30 ਅਕਤੂਬਰ
ਮੈਂ ਜੋ ਗੱਲਾਂ ਤੈਨੂੰ ਕਹੀਆਂ ਹਨ, ਉਹ ਸਾਰੀਆਂ ਗੱਲਾਂ ਇਕ ਕਿਤਾਬ ਵਿਚ ਲਿਖ ਲੈ।—ਯਿਰ. 30:2.
ਅਸੀਂ ਬਾਈਬਲ ਲਈ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ! ਆਪਣੇ ਬਚਨ ਰਾਹੀਂ ਉਸ ਨੇ ਸਾਨੂੰ ਵਧੀਆ ਸਲਾਹਾਂ ਦਿੱਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਨੂੰ ਸਹਿ ਪਾਉਂਦੇ ਹਾਂ। ਉਸ ਨੇ ਸਾਨੂੰ ਭਵਿੱਖ ਲਈ ਸ਼ਾਨਦਾਰ ਉਮੀਦ ਦਿੱਤੀ ਹੈ। ਪਰ ਸਭ ਤੋਂ ਜ਼ਿਆਦਾ ਉਸ ਨੇ ਬਾਈਬਲ ਦੇ ਜ਼ਰੀਏ ਸਾਨੂੰ ਦੱਸਿਆ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਵਿਚ ਕਿਹੜੇ ਗੁਣ ਹਨ। ਜਦੋਂ ਅਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਇਹ ਸਾਡੇ ਦਿਲਾਂ ਨੂੰ ਛੂਹ ਜਾਂਦੇ ਹਨ। ਫਿਰ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਸ ਨਾਲ ਗੂੜ੍ਹੀ ਦੋਸਤੀ ਕਰ ਕੇ ਉਸ ਦੇ ਹੋਰ ਵੀ ਨੇੜੇ ਜਾਈਏ। (ਜ਼ਬੂ. 25:14) ਯਹੋਵਾਹ ਚਾਹੁੰਦਾ ਹੈ ਕਿ ਇਨਸਾਨ ਉਸ ਬਾਰੇ ਜਾਣਨ। ਇਸ ਲਈ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਸੁਪਨੇ ਤੇ ਦਰਸ਼ਣ ਦਿਖਾ ਕੇ ਅਤੇ ਦੂਤਾਂ ਰਾਹੀਂ ਆਪਣੇ ਬਾਰੇ ਦੱਸਿਆ। ਪਰ ਜ਼ਰਾ ਸੋਚੋ, ਜੇ ਯਹੋਵਾਹ ਉਨ੍ਹਾਂ ਸੁਪਨਿਆਂ, ਦਰਸ਼ਣਾਂ ਅਤੇ ਦੂਤਾਂ ਰਾਹੀਂ ਦਿੱਤੇ ਸੰਦੇਸ਼ਾਂ ਨੂੰ ਨਾ ਲਿਖਵਾਉਂਦਾ, ਤਾਂ ਕੀ ਸਾਨੂੰ ਉਨ੍ਹਾਂ ਬਾਰੇ ਪਤਾ ਲੱਗਣਾ ਸੀ? (ਗਿਣ. 12:6; ਰਸੂ. 10:3, 4) ਇਸੇ ਕਰਕੇ ਯਹੋਵਾਹ ਆਪਣੇ ਬਾਰੇ ਜੋ ਵੀ ਇਨਸਾਨਾਂ ਨੂੰ ਦੱਸਣਾ ਚਾਹੁੰਦਾ ਸੀ, ਉਹ ਸਭ ਉਸ ਨੇ ਕੁਝ ਆਦਮੀਆਂ ਰਾਹੀਂ “ਇਕ ਕਿਤਾਬ ਵਿਚ” ਲਿਖਵਾ ਦਿੱਤਾ। “ਸੱਚੇ ਪਰਮੇਸ਼ੁਰ ਦਾ ਕੰਮ ਖਰਾ ਹੈ,” ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਨੇ ਇਨਸਾਨਾਂ ਨਾਲ ਗੱਲ ਕਰਨ ਲਈ ਬਾਈਬਲ ਲਿਖਵਾ ਕੇ ਬਿਲਕੁਲ ਸਹੀ ਕੀਤਾ। ਨਾਲੇ ਉਸ ਦੇ ਬਚਨ ਵਿਚ ਦਰਜ ਗੱਲਾਂ ʼਤੇ ਚੱਲ ਕੇ ਸਾਡਾ ਭਲਾ ਹੁੰਦਾ ਹੈ।—ਜ਼ਬੂ. 18:30. w23.02 2 ਪੈਰੇ 1-2
ਵੀਰਵਾਰ 31 ਅਕਤੂਬਰ
ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।—ਰਸੂ. 20:35.
ਉਹ ਟੀਚੇ ਰੱਖੋ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦਾ ਹੋਵੇ। ਟੀਚੇ ਰੱਖਣ ਨਾਲ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ ਅਤੇ ਤੁਸੀਂ ਹੋਰ ਵੀ ਸਮਝਦਾਰ ਮਸੀਹੀ ਬਣ ਸਕੋਗੇ। (ਅਫ਼. 3:16) ਉਦਾਹਰਣ ਲਈ, ਸ਼ਾਇਦ ਤੁਸੀਂ ਬਾਈਬਲ ਪੜ੍ਹਨ ਤੇ ਬਾਈਬਲ ਦਾ ਅਧਿਐਨ ਕਰਨ ਦੀ ਆਪਣੀ ਆਦਤ ਵਿਚ ਹੋਰ ਸੁਧਾਰ ਕਰ ਸਕਦੇ ਹੋ। (ਜ਼ਬੂ. 1:2, 3) ਜਾਂ ਤੁਸੀਂ ਟੀਚਾ ਰੱਖ ਸਕਦੇ ਹੋ ਕਿ ਤੁਸੀਂ ਦਿਨ ਵਿਚ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਵਾਰ ਅਤੇ ਦਿਲੋਂ ਪ੍ਰਾਰਥਨਾ ਕਰੋਗੇ। ਜਾਂ ਤੁਸੀਂ ਇਹ ਵੀ ਟੀਚਾ ਰੱਖ ਸਕਦੇ ਹੋ ਕਿ ਤੁਸੀਂ ਅੱਗੇ ਤੋਂ ਹੋਰ ਵੀ ਧਿਆਨ ਰੱਖੋਗੇ ਕਿ ਤੁਸੀਂ ਕਿਹੋ ਜਿਹਾ ਮਨੋਰੰਜਨ ਕਰਦੇ ਹੋ ਜਾਂ ਆਪਣੇ ਸਮੇਂ ਨੂੰ ਕਿਵੇਂ ਵਰਤਦੇ ਹੋ। (ਅਫ਼. 5:15, 16) ਦੂਜਿਆਂ ਦੀ ਮਦਦ ਕਰ ਕੇ ਵੀ ਤੁਸੀਂ ਇਕ ਮਸੀਹੀ ਵਜੋਂ ਤਰੱਕੀ ਕਰਦੇ ਰਹਿ ਸਕਦੇ ਹੋ। ਉਦਾਹਰਣ ਲਈ, ਤੁਸੀਂ ਆਪਣੀ ਮੰਡਲੀ ਦੇ ਸਿਆਣੀ ਉਮਰ ਦੇ ਜਾਂ ਬੀਮਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਦਾ ਟੀਚਾ ਰੱਖ ਸਕਦੇ ਹੋ। ਤੁਸੀਂ ਉਨ੍ਹਾਂ ਲਈ ਖ਼ਰੀਦਾਰੀ ਕਰ ਸਕਦੇ ਹੋ ਜਾਂ ਫਿਰ ਮੋਬਾਇਲ ਜਾਂ ਟੈਬਲੇਟ ਵਗੈਰਾ ਚਲਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਤੁਸੀਂ ਹੋਰ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਵੀ ਪਿਆਰ ਦਿਖਾ ਸਕਦੇ ਹੋ। (ਮੱਤੀ 9:36, 37) ਜੇ ਹੋ ਸਕੇ, ਤਾਂ ਕਿਉਂ ਨਾ ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨ ਦਾ ਟੀਚਾ ਰੱਖੋ। w22.08 6 ਪੈਰੇ 16-17