ਮੱਤੀ
17 ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। 2 ਉਨ੍ਹਾਂ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ ਅਤੇ ਉਸ ਦਾ ਚਿਹਰਾ ਸੂਰਜ ਵਾਂਗ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਬਿਜਲੀ* ਵਾਂਗ ਲਿਸ਼ਕਣ ਲੱਗ ਪਏ। 3 ਅਤੇ ਦੇਖੋ! ਉਨ੍ਹਾਂ ਸਾਮ੍ਹਣੇ ਮੂਸਾ ਤੇ ਏਲੀਯਾਹ ਨਬੀ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲ ਕਰ ਰਹੇ ਸਨ। 4 ਇਹ ਦੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੂ, ਕਿੰਨਾ ਚੰਗਾ ਅਸੀਂ ਇੱਥੇ ਹਾਂ। ਜੇ ਤੂੰ ਕਹੇਂ, ਤਾਂ ਮੈਂ ਤਿੰਨ ਤੰਬੂ ਲਾ ਦਿੰਦਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਨਬੀ ਲਈ।” 5 ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਦੇਖੋ! ਇਕ ਚਮਕੀਲੇ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਦੇਖੋ! ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ; ਇਸ ਦੀ ਗੱਲ ਸੁਣੋ।” 6 ਇਹ ਸੁਣਦਿਆਂ ਸਾਰ ਚੇਲਿਆਂ ਨੇ ਗੋਡੇ ਟੇਕ ਕੇ ਆਪਣੇ ਸਿਰ ਨਿਵਾਏ ਅਤੇ ਉਹ ਬਹੁਤ ਹੀ ਡਰ ਗਏ। 7 ਫਿਰ ਯਿਸੂ ਨੇ ਕੋਲ ਆ ਕੇ ਉਨ੍ਹਾਂ ਨੂੰ ਥਾਪੀ ਦਿੰਦਿਆਂ ਕਿਹਾ: “ਉੱਠੋ-ਉੱਠੋ, ਡਰੋ ਨਾ।” 8 ਜਦ ਉਨ੍ਹਾਂ ਨੇ ਨਜ਼ਰਾਂ ਚੁੱਕ ਕੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। 9 ਪਹਾੜ ਤੋਂ ਥੱਲੇ ਆਉਂਦੇ ਵੇਲੇ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਇਸ ਦਰਸ਼ਣ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਿਓ ਜਿੰਨਾ ਚਿਰ ਮਨੁੱਖ ਦੇ ਪੁੱਤਰ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਕੀਤਾ ਜਾਵੇ।”
10 ਪਰ, ਚੇਲਿਆਂ ਨੇ ਉਸ ਨੂੰ ਪੁੱਛਿਆ: “ਗ੍ਰੰਥੀ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਨਬੀ ਦਾ ਆਉਣਾ ਜ਼ਰੂਰੀ ਹੈ?” 11 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਾਂ, ਏਲੀਯਾਹ ਨਬੀ ਪਹਿਲਾਂ ਜ਼ਰੂਰ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ। 12 ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਨਬੀ ਤਾਂ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਪਛਾਣਿਆ ਨਹੀਂ ਅਤੇ ਉਸ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ। ਇਸੇ ਤਰ੍ਹਾਂ, ਮਨੁੱਖ ਦੇ ਪੁੱਤਰ ਨੂੰ ਉਨ੍ਹਾਂ ਦੇ ਹੱਥੋਂ ਦੁੱਖ ਝੱਲਣੇ ਪੈਣਗੇ।” 13 ਚੇਲੇ ਸਮਝ ਗਏ ਕਿ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕਰ ਰਿਹਾ ਸੀ।
14 ਜਦ ਉਹ ਭੀੜ ਵੱਲ ਆਏ, ਤਾਂ ਇਕ ਆਦਮੀ ਨੇ ਉਸ ਅੱਗੇ ਗੋਡੇ ਟੇਕ ਕੇ ਕਿਹਾ: 15 “ਪ੍ਰਭੂ, ਮੇਰੇ ਪੁੱਤਰ ʼਤੇ ਦਇਆ ਕਰ। ਕਿਉਂਕਿ ਜਦ ਉਸ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ, ਤਾਂ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਉਹ ਅਕਸਰ ਅੱਗ ਅਤੇ ਪਾਣੀ ਵਿਚ ਡਿਗ ਪੈਂਦਾ ਹੈ, 16 ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਠੀਕ ਨਹੀਂ ਕਰ ਪਾਏ।” 17 ਯਿਸੂ ਨੇ ਕਿਹਾ: “ਹੇ ਅਵਿਸ਼ਵਾਸੀ ਤੇ ਅੜਬ ਪੀੜ੍ਹੀ, ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ ਤਾਂਕਿ ਤੁਸੀਂ ਨਿਹਚਾ ਕਰ ਸਕੋ? ਮੈਂ ਤੁਹਾਡਾ ਇਹ ਰਵੱਈਆ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲਿਆਓ।” 18 ਫਿਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕਿਆ ਅਤੇ ਉਹ ਉਸ ਮੁੰਡੇ ਵਿੱਚੋਂ ਨਿਕਲ ਗਿਆ, ਅਤੇ ਮੁੰਡਾ ਉਸੇ ਵੇਲੇ ਠੀਕ ਹੋ ਗਿਆ। 19 ਫਿਰ ਜਦੋਂ ਯਿਸੂ ਇਕੱਲਾ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਪੁੱਛਿਆ: “ਅਸੀਂ ਉਸ ਵਿੱਚੋਂ ਦੁਸ਼ਟ ਦੂਤ ਨੂੰ ਕਿਉਂ ਨਹੀਂ ਕੱਢ ਸਕੇ?” 20 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਘੱਟ ਨਿਹਚਾ ਕਰਕੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ ਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਉੱਥੇ ਚਲਾ ਜਾਹ,’ ਤਾਂ ਉਹ ਚਲਾ ਜਾਵੇਗਾ। ਤੁਹਾਡੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੋਵੇਗਾ।” 21 *——
22 ਜਦ ਯਿਸੂ ਅਤੇ ਉਸ ਦੇ ਚੇਲੇ ਗਲੀਲ ਵਿਚ ਸਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ, 23 ਅਤੇ ਉਹ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਤਿੰਨਾਂ ਦਿਨਾਂ ਬਾਅਦ ਉਸ ਨੂੰ ਜੀਉਂਦਾ ਕੀਤਾ ਜਾਵੇਗਾ।” ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ।
24 ਜਦ ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਪਹੁੰਚੇ, ਤਾਂ ਮੰਦਰ ਦਾ ਟੈਕਸ* ਵਸੂਲਣ ਵਾਲਿਆਂ ਨੇ ਪਤਰਸ ਕੋਲ ਆ ਕੇ ਪੁੱਛਿਆ: “ਕੀ ਤੁਹਾਡਾ ਗੁਰੂ ਮੰਦਰ ਦਾ ਟੈਕਸ ਦਿੰਦਾ ਹੈ?” 25 ਉਸ ਨੇ ਕਿਹਾ: “ਹਾਂ, ਦਿੰਦਾ ਹੈ।” ਪਰ ਜਦ ਪਤਰਸ ਘਰ ਪਹੁੰਚਿਆ, ਤਾਂ ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਯਿਸੂ ਨੇ ਉਸ ਨੂੰ ਪੁੱਛਿਆ: “ਸ਼ਮਊਨ, ਤੇਰੇ ਖ਼ਿਆਲ ਵਿਚ ਦੁਨੀਆਂ ਦੇ ਰਾਜੇ ਕਿਨ੍ਹਾਂ ਤੋਂ ਚੁੰਗੀ ਤੇ ਟੈਕਸ* ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਫਿਰ ਲੋਕਾਂ ਤੋਂ?” 26 ਜਦ ਪਤਰਸ ਨੇ ਕਿਹਾ: “ਲੋਕਾਂ ਤੋਂ,” ਤਾਂ ਯਿਸੂ ਨੇ ਉਸ ਨੂੰ ਕਿਹਾ: “ਤਾਂ ਫਿਰ ਪੁੱਤਰਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ। 27 ਪਰ ਇੱਦਾਂ ਨਾ ਹੋਵੇ ਕਿ ਉਹ ਸਾਡੇ ਉੱਤੇ ਕੋਈ ਤੁਹਮਤ ਲਾਉਣ। ਇਸ ਲਈ ਜਾ ਕੇ ਝੀਲ ਵਿਚ ਕੁੰਡੀ ਪਾ ਅਤੇ ਜਿਹੜੀ ਵੀ ਮੱਛੀ ਪਹਿਲਾਂ ਫਸੇ, ਉਸ ਦਾ ਮੂੰਹ ਖੋਲ੍ਹੀਂ, ਉਸ ਵਿੱਚੋਂ ਤੈਨੂੰ ਚਾਂਦੀ ਦਾ ਸਿੱਕਾ* ਮਿਲੇਗਾ। ਉਨ੍ਹਾਂ ਕੋਲ ਜਾਹ ਤੇ ਉਸ ਸਿੱਕੇ ਨਾਲ ਆਪਣਾ ਅਤੇ ਮੇਰਾ ਟੈਕਸ ਭਰ ਦੇ।”