ਪਹਿਲਾ ਇਤਿਹਾਸ
14 ਸੋਰ ਦੇ ਰਾਜੇ ਹੀਰਾਮ+ ਨੇ ਦਾਊਦ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ, ਨਾਲੇ ਉਸ ਨੇ ਦਿਆਰ ਦੀ ਲੱਕੜ, ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀਆਂ* ਅਤੇ ਤਰਖਾਣਾਂ ਨੂੰ ਉਸ ਲਈ ਇਕ ਘਰ* ਬਣਾਉਣ ਲਈ ਘੱਲਿਆ।+ 2 ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਕਿਉਂਕਿ ਉਸ ਦੀ ਪਰਜਾ ਇਜ਼ਰਾਈਲ ਦੀ ਖ਼ਾਤਰ ਉਸ ਦੇ ਰਾਜ ਨੂੰ ਬੁਲੰਦ ਕੀਤਾ ਗਿਆ ਸੀ।+
3 ਦਾਊਦ ਨੇ ਯਰੂਸ਼ਲਮ ਵਿਚ ਕੁਝ ਹੋਰ ਔਰਤਾਂ ਨਾਲ ਵਿਆਹ ਕਰਾਏ+ ਅਤੇ ਉਸ ਦੇ ਹੋਰ ਧੀਆਂ-ਪੁੱਤਰ ਪੈਦਾ ਹੋਏ।+ 4 ਯਰੂਸ਼ਲਮ ਵਿਚ ਪੈਦਾ ਹੋਏ ਉਸ ਦੇ ਬੱਚਿਆਂ ਦੇ ਨਾਂ ਇਹ ਸਨ:+ ਸ਼ਮੂਆ, ਸ਼ੋਬਾਬ, ਨਾਥਾਨ,+ ਸੁਲੇਮਾਨ,+ 5 ਯਿਬਹਾਰ, ਅਲੀਸ਼ੂਆ, ਅਲਪਾਲਟ, 6 ਨੋਗਹ, ਨਫਗ, ਯਾਫੀਆ, 7 ਅਲੀਸ਼ਾਮਾ, ਬੇਲਯਾਦਾ ਅਤੇ ਅਲੀਫਾਲਟ।
8 ਜਦੋਂ ਫਲਿਸਤੀਆਂ ਨੇ ਸੁਣਿਆ ਕਿ ਦਾਊਦ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕੀਤਾ ਗਿਆ ਸੀ,+ ਤਾਂ ਸਾਰੇ ਫਲਿਸਤੀ ਦਾਊਦ ਨੂੰ ਲੱਭਣ ਆਏ।+ ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਹ ਉਨ੍ਹਾਂ ਨਾਲ ਲੜਨ ਤੁਰ ਪਿਆ। 9 ਫਿਰ ਫਲਿਸਤੀ ਆਏ ਤੇ ਰਫ਼ਾਈਮ ਵਾਦੀ+ ਵਿਚ ਲੁੱਟ-ਮਾਰ ਕਰਦੇ ਰਹੇ। 10 ਦਾਊਦ ਨੇ ਪਰਮੇਸ਼ੁਰ ਤੋਂ ਇਹ ਸਲਾਹ ਮੰਗੀ: “ਕੀ ਮੈਂ ਜਾ ਕੇ ਫਲਿਸਤੀਆਂ ʼਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਵਿਚ ਦੇ ਦੇਵੇਂਗਾ?” ਯਹੋਵਾਹ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਚੜ੍ਹਾਈ ਕਰ ਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਜ਼ਰੂਰ ਦਿਆਂਗਾ।”+ 11 ਇਸ ਲਈ ਦਾਊਦ ਬਆਲ-ਪਰਾਸੀਮ+ ਗਿਆ ਤੇ ਉਸ ਨੇ ਉੱਥੇ ਫਲਿਸਤੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਕਿਹਾ: “ਸੱਚਾ ਪਰਮੇਸ਼ੁਰ ਮੇਰੇ ਹੱਥੀਂ ਦੁਸ਼ਮਣਾਂ ʼਤੇ ਇਵੇਂ ਟੁੱਟ ਪਿਆ ਜਿਵੇਂ ਪਾਣੀ ਆਪਣੇ ਜ਼ੋਰ ਨਾਲ ਕੰਧ ਢਾਹ ਦਿੰਦਾ ਹੈ।” ਇਸੇ ਕਰਕੇ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਬਆਲ-ਪਰਾਸੀਮ* ਰੱਖਿਆ। 12 ਫਲਿਸਤੀ ਆਪਣੇ ਦੇਵਤੇ ਉੱਥੇ ਛੱਡ ਗਏ ਅਤੇ ਦਾਊਦ ਦੇ ਹੁਕਮ ʼਤੇ ਇਨ੍ਹਾਂ ਨੂੰ ਅੱਗ ਵਿਚ ਸਾੜ ਦਿੱਤਾ ਗਿਆ।+
13 ਬਾਅਦ ਵਿਚ ਫਲਿਸਤੀ ਦੁਬਾਰਾ ਵਾਦੀ ਵਿਚ ਹਮਲਾ ਕਰਨ ਆਏ।+ 14 ਦਾਊਦ ਨੇ ਦੁਬਾਰਾ ਪਰਮੇਸ਼ੁਰ ਤੋਂ ਸਲਾਹ ਪੁੱਛੀ, ਪਰ ਇਸ ਵਾਰ ਸੱਚੇ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਸਿੱਧਾ ਜਾ ਕੇ ਉਨ੍ਹਾਂ ʼਤੇ ਹਮਲਾ ਨਾ ਕਰੀਂ। ਇਸ ਦੀ ਬਜਾਇ, ਤੂੰ ਉਨ੍ਹਾਂ ਦੇ ਪਿੱਛਿਓਂ ਦੀ ਘੁੰਮ ਕੇ ਜਾਈਂ ਅਤੇ ਬਾਕਾ ਝਾੜੀਆਂ ਦੇ ਸਾਮ੍ਹਣਿਓਂ ਦੀ ਉਨ੍ਹਾਂ ʼਤੇ ਹਮਲਾ ਕਰੀਂ।+ 15 ਜਦੋਂ ਤੂੰ ਬਾਕਾ ਝਾੜੀਆਂ ਉੱਪਰੋਂ ਫ਼ੌਜੀਆਂ ਦੇ ਤੁਰਨ ਦੀ ਆਵਾਜ਼ ਸੁਣੇਂਗਾ, ਉਦੋਂ ਤੂੰ ਹਮਲਾ ਕਰੀਂ ਕਿਉਂਕਿ ਸੱਚਾ ਪਰਮੇਸ਼ੁਰ ਫਲਿਸਤੀਆਂ ਦੀ ਫ਼ੌਜ ਨੂੰ ਮਾਰਨ ਲਈ ਤੇਰੇ ਅੱਗੇ-ਅੱਗੇ ਜਾ ਚੁੱਕਾ ਹੋਵੇਗਾ।”+ 16 ਇਸ ਲਈ ਦਾਊਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਸੱਚੇ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ+ ਤੇ ਉਹ ਗਬਾ ਤੋਂ ਲੈ ਕੇ ਗਜ਼ਰ ਤਕ ਫਲਿਸਤੀ ਫ਼ੌਜ ਨੂੰ ਮਾਰਦੇ ਗਏ।+ 17 ਦਾਊਦ ਸਾਰੇ ਦੇਸ਼ਾਂ ਵਿਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਵਿਚ ਉਸ ਦਾ ਡਰ ਫੈਲਾ ਦਿੱਤਾ।+