ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਰੂਥ 1:1 - 4:22
  • ਰੂਥ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੂਥ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਰੂਥ

ਰੂਥ

1 ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਵਿਚ ਨਿਆਂਕਾਰ+ ਨਿਆਂ ਕਰਦੇ ਸਨ।* ਉਦੋਂ ਦੇਸ਼ ਵਿਚ ਕਾਲ਼ ਪੈ ਗਿਆ। ਉਸ ਸਮੇਂ ਇਕ ਆਦਮੀ ਯਹੂਦਾਹ ਦੇ ਬੈਤਲਹਮ+ ਤੋਂ ਮੋਆਬ ਦੇਸ਼*+ ਵਿਚ ਪਰਦੇਸੀ ਵਜੋਂ ਰਹਿਣ ਚਲਾ ਗਿਆ। ਉਹ ਆਪਣੀ ਪਤਨੀ ਅਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ। 2 ਉਸ ਦਾ ਨਾਂ ਅਲੀਮਲਕ* ਸੀ, ਉਸ ਦੀ ਪਤਨੀ ਦਾ ਨਾਂ ਨਾਓਮੀ* ਅਤੇ ਉਸ ਦੇ ਪੁੱਤਰਾਂ ਦੇ ਨਾਂ ਮਹਿਲੋਨ* ਅਤੇ ਕਿਲਓਨ* ਸਨ। ਉਹ ਯਹੂਦਾਹ ਦੇ ਅਫਰਾਥਾਹ ਯਾਨੀ ਬੈਤਲਹਮ ਸ਼ਹਿਰ ਦੇ ਰਹਿਣ ਵਾਲੇ ਸਨ। ਉਹ ਮੋਆਬ ਦੇਸ਼ ਵਿਚ ਜਾ ਕੇ ਰਹਿਣ ਲੱਗ ਪਏ।

3 ਕੁਝ ਸਮੇਂ ਬਾਅਦ ਨਾਓਮੀ ਦੇ ਪਤੀ ਦੀ ਮੌਤ ਹੋ ਗਈ ਅਤੇ ਹੁਣ ਪਰਿਵਾਰ ਵਿਚ ਨਾਓਮੀ ਤੇ ਉਸ ਦੇ ਦੋ ਪੁੱਤਰ ਰਹਿ ਗਏ। 4 ਬਾਅਦ ਵਿਚ ਉਸ ਦੇ ਪੁੱਤਰਾਂ ਨੇ ਮੋਆਬੀ ਕੁੜੀਆਂ ਨਾਲ ਵਿਆਹ ਕਰਾ ਲਏ; ਇਕ ਦਾ ਨਾਂ ਆਰਪਾਹ ਤੇ ਦੂਜੀ ਦਾ ਨਾਂ ਰੂਥ+ ਸੀ। ਉਹ ਮੋਆਬ ਵਿਚ ਲਗਭਗ ਦਸ ਸਾਲ ਰਹੇ। 5 ਫਿਰ ਉਸ ਦੇ ਦੋਵੇਂ ਪੁੱਤਰਾਂ ਮਹਿਲੋਨ ਅਤੇ ਕਿਲਓਨ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਨਾਓਮੀ ਦਾ ਨਾ ਪਤੀ ਰਿਹਾ ਅਤੇ ਨਾ ਪੁੱਤਰ। 6 ਫਿਰ ਉਸ ਨੇ ਮੋਆਬ ਵਿਚ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਸੀ, ਇਸ ਲਈ ਉਹ ਆਪਣੀਆਂ ਨੂੰਹਾਂ ਨਾਲ ਮੋਆਬ ਦੇਸ਼ ਤੋਂ ਤੁਰ ਪਈ।

7 ਉਹ ਆਪਣੀਆਂ ਨੂੰਹਾਂ ਨਾਲ ਆਪਣੀ ਰਹਿਣ ਦੀ ਜਗ੍ਹਾ ਤੋਂ ਤੁਰ ਪਈ। ਯਹੂਦਾਹ ਦੇਸ਼ ਨੂੰ ਵਾਪਸ ਜਾਂਦਿਆਂ ਰਾਹ ਵਿਚ 8 ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ: “ਤੁਸੀਂ ਦੋਵੇਂ ਆਪੋ-ਆਪਣੀਆਂ ਮਾਵਾਂ ਦੇ ਘਰ ਮੁੜ ਜਾਓ। ਜਿਵੇਂ ਤੁਸੀਂ ਆਪਣੇ ਮਰ ਚੁੱਕੇ ਪਤੀਆਂ ਨਾਲ ਅਤੇ ਮੇਰੇ ਨਾਲ ਅਟੱਲ ਪਿਆਰ ਕੀਤਾ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਨਾਲ ਅਟੱਲ ਪਿਆਰ ਕਰੇ।+ 9 ਯਹੋਵਾਹ ਤੁਹਾਡੇ ਦੋਹਾਂ ਦੇ ਘਰ ਦੁਬਾਰਾ ਵਸਾਏ ਤੇ ਤੁਹਾਨੂੰ ਆਪਣੇ ਪਤੀਆਂ ਦੇ ਘਰ ਸੁੱਖ ਬਖ਼ਸ਼ੇ।”+ ਫਿਰ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਈਆਂ। 10 ਉਹ ਨਾਓਮੀ ਨੂੰ ਵਾਰ-ਵਾਰ ਕਹਿੰਦੀਆਂ ਰਹੀਆਂ: “ਅਸੀਂ ਵਾਪਸ ਨਹੀਂ ਜਾਣਾ, ਸਗੋਂ ਤੇਰੇ ਨਾਲ ਤੇਰੇ ਲੋਕਾਂ ਕੋਲ ਜਾਣਾ।” 11 ਪਰ ਨਾਓਮੀ ਨੇ ਕਿਹਾ: “ਧੀਓ, ਵਾਪਸ ਮੁੜ ਜਾਓ। ਤੁਸੀਂ ਮੇਰੇ ਨਾਲ ਕਿਉਂ ਜਾਣਾ ਚਾਹੁੰਦੀਆਂ ਹੋ? ਤੁਹਾਨੂੰ ਕੀ ਲੱਗਦਾ ਕਿ ਮੈਂ ਅਜੇ ਵੀ ਮੁੰਡੇ ਪੈਦਾ ਕਰ ਸਕਦੀ ਹਾਂ ਜੋ ਤੁਹਾਡੇ ਪਤੀ ਬਣਨ?+ 12 ਧੀਓ, ਵਾਪਸ ਮੁੜ ਜਾਓ। ਹੁਣ ਇਸ ਉਮਰੇ ਕਿੱਥੇ ਮੇਰਾ ਵਿਆਹ ਹੋਣਾ! ਭਲਾ ਜੇ ਅੱਜ ਰਾਤ ਮੇਰਾ ਵਿਆਹ ਹੋ ਵੀ ਜਾਵੇ ਤੇ ਮੈਂ ਮੁੰਡੇ ਜੰਮਾਂ, 13 ਤਾਂ ਵੀ ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਦੀ ਉਡੀਕ ਕਰੋਗੀਆਂ? ਕੀ ਤੁਸੀਂ ਉਨ੍ਹਾਂ ਦੀ ਖ਼ਾਤਰ ਇੱਦਾਂ ਹੀ ਬੈਠੀਆਂ ਰਹੋਗੀਆਂ? ਨਹੀਂ, ਮੇਰੀਓ ਧੀਓ, ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ+ ਅਤੇ ਤੁਹਾਡੀ ਹਾਲਤ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੈ।”

14 ਉਹ ਤਿੰਨੇ ਫਿਰ ਉੱਚੀ-ਉੱਚੀ ਰੋਈਆਂ, ਇਸ ਤੋਂ ਬਾਅਦ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਆਪਣੀ ਸੱਸ ਦੇ ਨਾਲ ਹੀ ਰਹੀ। 15 ਇਸ ਲਈ ਨਾਓਮੀ ਨੇ ਕਿਹਾ: “ਦੇਖ! ਤੇਰੀ ਵਿਧਵਾ ਦਰਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਮੁੜ ਗਈ ਹੈ। ਤੂੰ ਵੀ ਆਪਣੀ ਦਰਾਣੀ ਨਾਲ ਮੁੜ ਜਾਹ।”

16 ਪਰ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਕਿ ਮੈਂ ਤੇਰੇ ਨਾਲ ਨਾ ਆਵਾਂ ਅਤੇ ਤੈਨੂੰ ਛੱਡ ਕੇ ਵਾਪਸ ਚਲੀ ਜਾਵਾਂ; ਜਿੱਥੇ ਤੂੰ ਜਾਵੇਂਗੀ, ਉੱਥੇ ਮੈਂ ਵੀ ਜਾਵਾਂਗੀ, ਜਿੱਥੇ ਤੂੰ ਰਾਤ ਕੱਟੇਂਗੀ, ਉੱਥੇ ਮੈਂ ਵੀ ਰਾਤ ਕੱਟਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।+ 17 ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਸਿਰਫ਼ ਮੌਤ ਹੀ ਮੈਨੂੰ ਤੇਰੇ ਤੋਂ ਜੁਦਾ ਕਰ ਸਕਦੀ ਹੈ। ਜੇ ਕੋਈ ਹੋਰ ਚੀਜ਼ ਮੈਨੂੰ ਤੇਰੇ ਤੋਂ ਜੁਦਾ ਕਰੇ, ਤਾਂ ਯਹੋਵਾਹ ਮੇਰੇ ਨਾਲ ਬੁਰੇ ਤੋਂ ਬੁਰਾ ਕਰੇ।”

18 ਜਦੋਂ ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣ ਦੀ ਜ਼ਿੱਦ ਕਰ ਰਹੀ ਸੀ, ਤਾਂ ਉਸ ਨੇ ਰੂਥ ਨੂੰ ਕਹਿਣਾ ਛੱਡ ਦਿੱਤਾ। 19 ਅਤੇ ਉਹ ਦੋਵੇਂ ਤੁਰਦੀਆਂ-ਤੁਰਦੀਆਂ ਬੈਤਲਹਮ ਆ ਗਈਆਂ।+ ਜਦੋਂ ਉਹ ਬੈਤਲਹਮ ਪਹੁੰਚੀਆਂ, ਤਾਂ ਪੂਰੇ ਸ਼ਹਿਰ ਵਿਚ ਉਨ੍ਹਾਂ ਬਾਰੇ ਗੱਲਾਂ ਹੋਣ ਲੱਗ ਪਈਆਂ ਅਤੇ ਤੀਵੀਆਂ ਇਕ-ਦੂਜੀ ਨੂੰ ਪੁੱਛਣ ਲੱਗ ਪਈਆਂ: “ਕੀ ਇਹ ਨਾਓਮੀ ਹੈ?” 20 ਉਹ ਤੀਵੀਆਂ ਨੂੰ ਕਹਿੰਦੀ ਸੀ: “ਮੈਨੂੰ ਨਾਓਮੀ* ਨਾ ਕਹੋ। ਮੈਨੂੰ ਮਾਰਾ* ਕਹੋ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੇਰੇ ਉੱਤੇ ਇੰਨੇ ਦੁੱਖ ਆਉਣ ਦਿੱਤੇ ਹਨ।*+ 21 ਜਦੋਂ ਮੈਂ ਇੱਥੋਂ ਗਈ ਸੀ, ਤਾਂ ਮੇਰੀ ਝੋਲ਼ੀ ਭਰੀ ਹੋਈ ਸੀ, ਪਰ ਹੁਣ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਤੁਸੀਂ ਮੈਨੂੰ ਨਾਓਮੀ ਕਿਉਂ ਬੁਲਾਉਂਦੀਆਂ ਹੋ, ਜਦ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਮੇਰੇ ਖ਼ਿਲਾਫ਼ ਹੋ ਗਿਆ ਹੈ ਅਤੇ ਉਸ ਨੇ ਮੈਨੂੰ ਇੰਨਾ ਕਸ਼ਟ ਦਿੱਤਾ ਹੈ?”+

22 ਇਹ ਨਾਓਮੀ ਅਤੇ ਉਸ ਦੀ ਮੋਆਬਣ ਨੂੰਹ ਰੂਥ ਦੇ ਮੋਆਬ+ ਤੋਂ ਵਾਪਸ ਆਉਣ ਦੀ ਕਹਾਣੀ ਹੈ। ਉਹ ਜੌਆਂ ਦੀ ਵਾਢੀ ਸ਼ੁਰੂ ਹੋਣ ਵੇਲੇ+ ਬੈਤਲਹਮ ਆਈਆਂ ਸਨ।

2 ਨਾਓਮੀ ਦੇ ਪਤੀ ਅਲੀਮਲਕ ਦੇ ਸ਼ਰੀਕੇ ਵਿੱਚੋਂ ਇਕ ਆਦਮੀ ਬਹੁਤ ਅਮੀਰ ਸੀ ਅਤੇ ਉਸ ਦਾ ਨਾਂ ਬੋਅਜ਼+ ਸੀ।

2 ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ: “ਮੈਨੂੰ ਇਜਾਜ਼ਤ ਦੇ ਕਿ ਮੈਂ ਖੇਤਾਂ ਵਿਚ ਜਾ ਕੇ ਸਿੱਟੇ ਚੁਗਾਂ।+ ਜਿਨ੍ਹਾਂ ਵਾਢਿਆਂ ਦੀ ਮੇਰੇ ਉੱਤੇ ਕਿਰਪਾ ਹੋਵੇਗੀ, ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਸਿੱਟੇ ਚੁਗਾਂਗੀ।” ਨਾਓਮੀ ਨੇ ਉਸ ਨੂੰ ਕਿਹਾ: “ਜਾਹ ਮੇਰੀ ਧੀ।” 3 ਉਹ ਖੇਤਾਂ ਵਿਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਪਿੱਛੇ-ਪਿੱਛੇ ਸਿੱਟੇ ਚੁਗਣ ਲੱਗ ਪਈ। ਉਸ ਨੂੰ ਪਤਾ ਨਹੀਂ ਸੀ ਕਿ ਉਹ ਖੇਤ ਅਲੀਮਲਕ+ ਦੇ ਰਿਸ਼ਤੇਦਾਰ ਬੋਅਜ਼+ ਦਾ ਸੀ। 4 ਉਸੇ ਵੇਲੇ ਬੈਤਲਹਮ ਤੋਂ ਬੋਅਜ਼ ਵੀ ਖੇਤ ਵਿਚ ਆ ਗਿਆ ਅਤੇ ਉਸ ਨੇ ਵਾਢਿਆਂ ਨੂੰ ਕਿਹਾ: “ਯਹੋਵਾਹ ਸਦਾ ਤੁਹਾਡੇ ਨਾਲ ਰਹੇ।” ਉਨ੍ਹਾਂ ਨੇ ਜਵਾਬ ਦਿੱਤਾ: “ਯਹੋਵਾਹ ਤੈਨੂੰ ਬਰਕਤ ਦੇਵੇ।”

5 ਫਿਰ ਬੋਅਜ਼ ਨੇ ਵਾਢਿਆਂ ਦੇ ਨਿਗਰਾਨ ਨੂੰ ਪੁੱਛਿਆ: “ਇਹ ਕੁੜੀ ਕੌਣ ਹੈ ਅਤੇ ਕਿਹੜੇ ਪਰਿਵਾਰ ਵਿੱਚੋਂ ਹੈ?” 6 ਨਿਗਰਾਨ ਨੇ ਜਵਾਬ ਦਿੱਤਾ: “ਇਹ ਕੁੜੀ ਮੋਆਬਣ ਹੈ+ ਅਤੇ ਨਾਓਮੀ ਨਾਲ ਮੋਆਬ ਦੇਸ਼ ਤੋਂ ਆਈ ਹੈ।+ 7 ਇਸ ਨੇ ਮੈਨੂੰ ਪੁੱਛਿਆ: ‘ਕੀ ਮੈਂ ਸਿੱਟੇ ਚੁਗ ਲਵਾਂ*+ ਜੋ ਵਾਢਿਆਂ ਨੇ ਛੱਡੇ ਹਨ?’ ਉਹ ਸਵੇਰ ਤੋਂ ਖੇਤਾਂ ਵਿਚ ਲਗਾਤਾਰ ਕੰਮ ਕਰ ਰਹੀ ਹੈ ਤੇ ਉਹ ਹੁਣੇ ਛੱਪਰ ਥੱਲੇ ਥੋੜ੍ਹਾ ਜਿਹਾ ਆਰਾਮ ਕਰਨ ਬੈਠੀ ਹੈ।”

8 ਫਿਰ ਬੋਅਜ਼ ਨੇ ਰੂਥ ਨੂੰ ਕਿਹਾ: “ਸੁਣ ਧੀਏ। ਤੂੰ ਕਿਸੇ ਹੋਰ ਦੇ ਖੇਤ ਵਿਚ ਸਿੱਟੇ ਚੁਗਣ ਨਾ ਜਾਈਂ ਤੇ ਮੇਰੇ ਖੇਤ ਵਿਚ ਮੇਰੀਆਂ ਨੌਕਰਾਣੀਆਂ ਦੇ ਨਾਲ ਹੀ ਰਹੀਂ।+ 9 ਤੂੰ ਦੇਖਦੀ ਰਹੀਂ ਕਿ ਮਜ਼ਦੂਰ ਕਿਹੜੇ ਖੇਤ ਵਿਚ ਵਾਢੀ ਕਰਦੇ ਹਨ ਅਤੇ ਨੌਕਰਾਣੀਆਂ ਦੇ ਨਾਲ ਉੱਥੇ ਚਲੀਂ ਜਾਈਂ। ਮੈਂ ਮੁੰਡਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ, ਤਾਂ ਤੂੰ ਉਨ੍ਹਾਂ ਘੜਿਆਂ ਵਿੱਚੋਂ ਪਾਣੀ ਪੀ ਲਈਂ ਜੋ ਮਜ਼ਦੂਰਾਂ ਨੇ ਭਰੇ ਹਨ।”

10 ਇਹ ਸੁਣ ਕੇ ਰੂਥ ਗੋਡਿਆਂ ਭਾਰ ਬੈਠ ਗਈ ਅਤੇ ਸਿਰ ਨਿਵਾ ਕੇ ਉਸ ਨੂੰ ਕਿਹਾ: “ਮੈਂ ਤਾਂ ਪਰਦੇਸਣ ਹਾਂ, ਫਿਰ ਤੂੰ ਮੇਰੇ ʼਤੇ ਇੰਨੀ ਕਿਰਪਾ ਕਿਉਂ ਕੀਤੀ ਅਤੇ ਮੇਰੇ ਵੱਲ ਕਿਉਂ ਧਿਆਨ ਦਿੱਤਾ?”+ 11 ਬੋਅਜ਼ ਨੇ ਉਸ ਨੂੰ ਕਿਹਾ: “ਮੈਨੂੰ ਸਾਰੀ ਗੱਲ ਪਤਾ ਲੱਗੀ ਹੈ ਕਿ ਤੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੀ ਸੱਸ ਲਈ ਕਿੰਨਾ ਕੁਝ ਕੀਤਾ। ਨਾਲੇ ਤੂੰ ਆਪਣੇ ਮਾਪੇ ਅਤੇ ਆਪਣਾ ਦੇਸ਼ ਛੱਡ ਕੇ ਉਨ੍ਹਾਂ ਲੋਕਾਂ ਵਿਚ ਰਹਿਣ ਆਈ ਜਿਨ੍ਹਾਂ ਨੂੰ ਤੂੰ ਪਹਿਲਾਂ ਜਾਣਦੀ ਤਕ ਨਹੀਂ ਸੀ।+ 12 ਤੂੰ ਜੋ ਵੀ ਕੀਤਾ ਹੈ, ਯਹੋਵਾਹ ਉਸ ਲਈ ਤੈਨੂੰ ਬਰਕਤ ਦੇਵੇ+ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਦੇ ਖੰਭਾਂ ਹੇਠ ਤੂੰ ਪਨਾਹ ਲਈ ਹੈ,+ ਤੈਨੂੰ ਪੂਰਾ ਇਨਾਮ ਦੇਵੇ।” 13 ਇਹ ਸੁਣ ਕੇ ਰੂਥ ਨੇ ਕਿਹਾ: “ਮੇਰੇ ਮਾਲਕ, ਤੇਰੀ ਕਿਰਪਾ ਦੀ ਨਜ਼ਰ ਮੇਰੇ ʼਤੇ ਬਣੀ ਰਹੇ। ਭਾਵੇਂ ਕਿ ਮੈਂ ਤੇਰੀਆਂ ਨੌਕਰਾਣੀਆਂ ਵਿੱਚੋਂ ਨਹੀਂ ਹਾਂ, ਫਿਰ ਵੀ ਤੂੰ ਆਪਣੀ ਦਾਸੀ ਨੂੰ ਦਿਲਾਸਾ ਦਿੱਤਾ ਅਤੇ ਆਪਣੀਆਂ ਗੱਲਾਂ ਨਾਲ ਮੇਰੀ ਹਿੰਮਤ ਵਧਾਈ।”

14 ਰੋਟੀ ਖਾਣ ਵੇਲੇ ਬੋਅਜ਼ ਨੇ ਉਸ ਨੂੰ ਕਿਹਾ: “ਆਜਾ, ਥੋੜ੍ਹੀ ਰੋਟੀ ਖਾ ਲੈ ਅਤੇ ਸਿਰਕੇ ਵਿਚ ਆਪਣੀ ਬੁਰਕੀ ਡੋਬ।” ਇਸ ਲਈ ਉਹ ਵਾਢਿਆਂ ਦੇ ਲਾਗੇ ਬੈਠ ਗਈ। ਫਿਰ ਉਸ ਨੇ ਰੂਥ ਨੂੰ ਭੁੰਨੇ ਹੋਏ ਦਾਣੇ ਦਿੱਤੇ ਤੇ ਉਹ ਖਾ ਕੇ ਰੱਜ ਗਈ ਅਤੇ ਉਸ ਕੋਲ ਥੋੜ੍ਹੇ ਜਿਹੇ ਦਾਣੇ ਬਚ ਗਏ। 15 ਜਦੋਂ ਉਹ ਸਿੱਟੇ ਚੁਗਣ ਲਈ ਉੱਠੀ,+ ਤਾਂ ਬੋਅਜ਼ ਨੇ ਆਪਣੇ ਮਜ਼ਦੂਰਾਂ ਨੂੰ ਹੁਕਮ ਦਿੱਤਾ: “ਉਸ ਨੂੰ ਭਰੀਆਂ ਦੇ ਵਿਚ ਸਿੱਟੇ ਚੁਗਣ ਦਿਓ* ਅਤੇ ਉਸ ਨੂੰ ਤੰਗ ਨਾ ਕਰਿਓ।+ 16 ਤੁਸੀਂ ਉਹ ਦੇ ਲਈ ਭਰੀਆਂ ਦੇ ਵਿੱਚੋਂ ਵੀ ਸਿੱਟੇ ਛੱਡੀ ਜਾਇਓ ਅਤੇ ਉਸ ਨੂੰ ਚੁਗਣ ਤੋਂ ਨਾ ਰੋਕਿਓ।”

17 ਉਹ ਸ਼ਾਮ ਤਕ ਖੇਤ ਵਿਚ ਸਿੱਟੇ ਚੁਗਦੀ ਰਹੀ।+ ਜਦੋਂ ਉਸ ਨੇ ਇਕੱਠੇ ਕੀਤੇ ਸਿੱਟਿਆਂ ਨੂੰ ਕੁੱਟਿਆ, ਤਾਂ ਉਨ੍ਹਾਂ ਵਿੱਚੋਂ ਲਗਭਗ ਇਕ ਏਫਾ* ਜੌਆਂ ਦੇ ਦਾਣੇ ਨਿਕਲੇ। 18 ਫਿਰ ਉਹ ਦਾਣੇ ਲੈ ਕੇ ਸ਼ਹਿਰ ਨੂੰ ਚਲੀ ਗਈ ਅਤੇ ਉਸ ਨੇ ਆਪਣੀ ਸੱਸ ਨੂੰ ਦਾਣੇ ਦਿਖਾਏ। ਰੂਥ ਨੇ ਉਸ ਨੂੰ ਦੁਪਹਿਰ ਦਾ ਬਚਿਆ ਭੋਜਨ ਵੀ ਦਿੱਤਾ।+

19 ਫਿਰ ਉਸ ਦੀ ਸੱਸ ਨੇ ਪੁੱਛਿਆ: “ਤੂੰ ਅੱਜ ਕਿੱਥੇ ਸਿੱਟੇ ਚੁਗੇ? ਤੂੰ ਕਿਹਦੇ ਖੇਤਾਂ ਵਿਚ ਕੰਮ ਕੀਤਾ? ਰੱਬ ਉਹਨੂੰ ਅਸੀਸ ਦੇਵੇ ਜਿਸ ਨੇ ਤੇਰੇ ਵੱਲ ਧਿਆਨ ਦਿੱਤਾ।”+ ਉਸ ਨੇ ਆਪਣੀ ਸੱਸ ਨੂੰ ਦੱਸਿਆ ਕਿ ਉਸ ਨੇ ਕਿੱਥੇ ਕੰਮ ਕੀਤਾ: “ਮੈਂ ਅੱਜ ਬੋਅਜ਼ ਨਾਂ ਦੇ ਆਦਮੀ ਦੇ ਖੇਤਾਂ ਵਿਚ ਕੰਮ ਕੀਤਾ।” 20 ਇਹ ਸੁਣ ਕੇ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ: “ਜੀਉਂਦਿਆਂ ਅਤੇ ਮਰਿਆਂ ਲਈ ਅਟੱਲ ਪਿਆਰ ਦਿਖਾਉਣ ਵਾਲਾ+ ਪਰਮੇਸ਼ੁਰ ਯਹੋਵਾਹ ਉਸ ਨੂੰ ਬਰਕਤ ਦੇਵੇ।” ਨਾਓਮੀ ਨੇ ਇਹ ਵੀ ਕਿਹਾ: “ਉਹ ਸਾਡਾ ਰਿਸ਼ਤੇਦਾਰ ਹੈ।+ ਉਹ ਸਾਡਾ ਛੁਡਾਉਣ ਵਾਲਾ ਹੈ।”*+ 21 ਫਿਰ ਮੋਆਬਣ ਰੂਥ ਨੇ ਕਿਹਾ: “ਉਸ ਨੇ ਤਾਂ ਮੈਨੂੰ ਇਹ ਵੀ ਕਿਹਾ, ‘ਮੇਰੀ ਪੂਰੀ ਫ਼ਸਲ ਵੱਢਣ ਤਕ ਤੂੰ ਮੇਰੇ ਮਜ਼ਦੂਰਾਂ ਨਾਲ ਹੀ ਕੰਮ ਕਰੀਂ।’”+ 22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ: “ਹਾਂ ਧੀਏ, ਤੂੰ ਉਸ ਦੀਆਂ ਨੌਕਰਾਣੀਆਂ ਨਾਲ ਹੀ ਜਾਈਂ ਕਿਉਂਕਿ ਕਿਸੇ ਹੋਰ ਦੇ ਖੇਤਾਂ ਵਿਚ ਤੈਨੂੰ ਕੋਈ ਤੰਗ ਵੀ ਕਰ ਸਕਦਾ।”

23 ਇਸ ਲਈ ਜੌਆਂ ਅਤੇ ਕਣਕ ਦੀ ਵਾਢੀ ਦੇ ਮੁੱਕਣ ਤਕ+ ਉਹ ਬੋਅਜ਼ ਦੀਆਂ ਨੌਕਰਾਣੀਆਂ ਦੇ ਨਾਲ ਹੀ ਸਿੱਟੇ ਚੁਗਣ ਜਾਂਦੀ ਸੀ। ਰੂਥ ਆਪਣੀ ਸੱਸ ਦੇ ਨਾਲ ਹੀ ਰਹੀ।+

3 ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਕਿਹਾ: “ਧੀਏ, ਮੈਂ ਤੇਰਾ ਘਰ ਵਸਾਉਣਾ ਚਾਹੁੰਦੀ ਹਾਂ+ ਤਾਂਕਿ ਤੈਨੂੰ ਸੁੱਖ ਮਿਲੇ। 2 ਸੁਣ, ਆਪਣਾ ਰਿਸ਼ਤੇਦਾਰ ਬੋਅਜ਼,+ ਜਿਸ ਦੀਆਂ ਨੌਕਰਾਣੀਆਂ ਨਾਲ ਤੂੰ ਕੰਮ ਕੀਤਾ ਸੀ, ਅੱਜ ਸ਼ਾਮ ਨੂੰ ਖੇਤਾਂ ਵਿਚ ਜੌਆਂ ਦੀ ਛਟਾਈ ਕਰੇਗਾ। 3 ਇਸ ਲਈ ਨਹਾ-ਧੋ, ਖ਼ੁਸ਼ਬੂਦਾਰ ਤੇਲ ਮਲ਼ ਅਤੇ ਤਿਆਰ ਹੋ ਕੇ ਖੇਤਾਂ ਨੂੰ ਚਲੀ ਜਾਹ। ਜਦ ਤਕ ਉਹ ਖਾ-ਪੀ ਨਾ ਹਟੇ, ਉਦੋਂ ਤਕ ਉਸ ਨੂੰ ਆਪਣੇ ਆਉਣ ਦਾ ਪਤਾ ਨਾ ਲੱਗਣ ਦੇਈਂ। 4 ਧਿਆਨ ਰੱਖੀਂ ਕਿ ਉਹ ਕਿੱਥੇ ਲੰਮਾ ਪੈਂਦਾ ਹੈ; ਉਸ ਦੇ ਸੌਂ ਜਾਣ ਤੋਂ ਬਾਅਦ ਤੂੰ ਜਾ ਕੇ ਉਸ ਦੇ ਪੈਰਾਂ ਉੱਤੋਂ ਚਾਦਰ ਚੁੱਕ ਦੇਈਂ ਅਤੇ ਉੱਥੇ ਲੰਮੀ ਪੈ ਜਾਈਂ। ਫਿਰ ਉਹ ਤੈਨੂੰ ਦੱਸੇਗਾ ਕਿ ਤੂੰ ਕੀ ਕਰਨਾ ਹੈ।”

5 ਇਹ ਸੁਣ ਕੇ ਰੂਥ ਨੇ ਕਿਹਾ: “ਤੂੰ ਜੋ ਵੀ ਕਿਹਾ ਹੈ, ਮੈਂ ਕਰਾਂਗੀ।” 6 ਇਸ ਲਈ ਉਹ ਖੇਤਾਂ ਵਿਚ ਗਈ ਅਤੇ ਆਪਣੀ ਸੱਸ ਦੇ ਕਹੇ ਅਨੁਸਾਰ ਕੀਤਾ। 7 ਇਸ ਸਮੇਂ ਦੌਰਾਨ ਬੋਅਜ਼ ਨੇ ਖਾਧਾ-ਪੀਤਾ ਅਤੇ ਉਹ ਖ਼ੁਸ਼ ਸੀ। ਫਿਰ ਉਹ ਦਾਣਿਆਂ ਦੇ ਢੇਰ ਦੇ ਇਕ ਪਾਸੇ ਲੰਮਾ ਪੈ ਗਿਆ। ਇਸ ਤੋਂ ਬਾਅਦ ਰੂਥ ਦੱਬੇ-ਪੈਰੀਂ ਆਈ ਅਤੇ ਉਸ ਦੇ ਪੈਰਾਂ ਉੱਤੋਂ ਚਾਦਰ ਚੁੱਕੀ ਅਤੇ ਉੱਥੇ ਲੰਮੀ ਪੈ ਗਈ। 8 ਅੱਧੀ ਰਾਤ ਨੂੰ ਉਹ ਤ੍ਰਭਕ ਕੇ ਉੱਠਿਆ ਅਤੇ ਬੈਠੇ-ਬੈਠੇ ਅੱਗੇ ਨੂੰ ਹੋ ਕੇ ਦੇਖਿਆ ਕਿ ਇਕ ਔਰਤ ਉਸ ਦੇ ਪੈਰਾਂ ਕੋਲ ਪਈ ਸੀ। 9 ਉਸ ਨੇ ਪੁੱਛਿਆ: “ਤੂੰ ਕੌਣ ਹੈਂ?” ਔਰਤ ਨੇ ਜਵਾਬ ਦਿੱਤਾ: “ਮੈਂ ਤੇਰੀ ਦਾਸੀ ਰੂਥ ਹਾਂ। ਆਪਣੀ ਚਾਦਰ ਆਪਣੀ ਦਾਸੀ ਉੱਤੇ ਪਾ ਦੇ ਕਿਉਂਕਿ ਤੂੰ ਛੁਡਾਉਣ ਵਾਲਾ ਹੈਂ।”+ 10 ਇਹ ਸੁਣ ਕੇ ਬੋਅਜ਼ ਨੇ ਕਿਹਾ: “ਧੀਏ, ਯਹੋਵਾਹ ਤੈਨੂੰ ਬਰਕਤ ਦੇਵੇ। ਤੂੰ ਜਿੰਨਾ ਅਟੱਲ ਪਿਆਰ ਪਹਿਲਾਂ ਦਿਖਾਇਆ ਸੀ,+ ਉਸ ਨਾਲੋਂ ਕਿਤੇ ਜ਼ਿਆਦਾ ਪਿਆਰ ਹੁਣ ਦਿਖਾਇਆ ਹੈ ਕਿਉਂਕਿ ਤੂੰ ਕਿਸੇ ਜਵਾਨ ਮੁੰਡੇ ਨਾਲ ਵਿਆਹ ਕਰਾਉਣ ਬਾਰੇ ਨਹੀਂ ਸੋਚਿਆ, ਭਾਵੇਂ ਉਹ ਅਮੀਰ ਹੋਵੇ ਜਾਂ ਗ਼ਰੀਬ। 11 ਤੂੰ ਡਰ ਨਾ ਧੀਏ। ਤੂੰ ਜੋ ਕਿਹਾ ਹੈ, ਮੈਂ ਕਰਾਂਗਾ+ ਕਿਉਂਕਿ ਸ਼ਹਿਰ ਵਿਚ ਹਰ ਕੋਈ ਜਾਣਦਾ ਹੈ ਕਿ ਤੂੰ ਇਕ ਨੇਕ ਔਰਤ ਹੈਂ। 12 ਇਹ ਸੱਚ ਹੈ ਕਿ ਮੈਂ ਤੁਹਾਡਾ ਛੁਡਾਉਣ ਵਾਲਾ ਹਾਂ,+ ਪਰ ਤੁਹਾਨੂੰ ਛੁਡਾਉਣ ਦਾ ਹੱਕ ਪਹਿਲਾਂ ਤੁਹਾਡੇ ਇਕ ਹੋਰ ਨੇੜਲੇ ਰਿਸ਼ਤੇਦਾਰ ਦਾ ਬਣਦਾ ਹੈ।+ 13 ਰਾਤ ਇੱਥੇ ਰਹਿ। ਜੇ ਸਵੇਰੇ ਉਹ ਤੁਹਾਨੂੰ ਛੁਡਾਉਂਦਾ ਹੈ, ਤਾਂ ਵਧੀਆ ਗੱਲ ਹੈ!+ ਪਰ ਜੇ ਉਹ ਤੁਹਾਨੂੰ ਨਹੀਂ ਛੁਡਾਉਂਦਾ, ਤਾਂ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਆਪ ਤੁਹਾਨੂੰ ਛੁਡਾਵਾਂਗਾ। ਹੁਣ ਇੱਥੇ ਸੌਂ ਜਾ, ਸਵੇਰੇ ਚਲੀ ਜਾਈਂ।”

14 ਇਸ ਲਈ ਉਹ ਸਵੇਰ ਹੋਣ ਤਕ ਉਸ ਦੇ ਪੈਰਾਂ ਕੋਲ ਲੰਮੀ ਪਈ ਰਹੀ ਅਤੇ ਫਿਰ ਰੌਸ਼ਨੀ ਹੋਣ ਤੋਂ ਪਹਿਲਾਂ ਉੱਠ ਖੜ੍ਹੀ ਹੋਈ ਤਾਂਕਿ ਕੋਈ ਉਸ ਨੂੰ ਦੇਖ ਨਾ ਲਵੇ। ਬੋਅਜ਼ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਪਤਾ ਲੱਗੇ ਕਿ ਕੋਈ ਔਰਤ ਖੇਤਾਂ ਵਿਚ ਆਈ ਸੀ। 15 ਉਸ ਨੇ ਕਿਹਾ: “ਆਪਣੀ ਚਾਦਰ ਦਾ ਪੱਲਾ ਅੱਗੇ ਕਰ।” ਰੂਥ ਨੇ ਚਾਦਰ ਦਾ ਪੱਲਾ ਅੱਗੇ ਕੀਤਾ ਅਤੇ ਉਸ ਨੇ ਪੱਲੇ ਵਿਚ ਛੇ ਸੇਆਹ* ਜੌਂ ਪਾ ਕੇ ਉਸ ਦੇ ਸਿਰ ʼਤੇ ਰੱਖ ਦਿੱਤੇ ਅਤੇ ਫਿਰ ਬੋਅਜ਼ ਸ਼ਹਿਰ ਚਲਾ ਗਿਆ।

16 ਰੂਥ ਆਪਣੀ ਸੱਸ ਕੋਲ ਚਲੀ ਗਈ। ਉਸ ਦੀ ਸੱਸ ਨੇ ਉਸ ਨੂੰ ਪੁੱਛਿਆ: “ਧੀਏ, ਕੀ ਹੋਇਆ?”* ਉਸ ਨੇ ਆਪਣੀ ਸੱਸ ਨੂੰ ਸਾਰੀ ਗੱਲ ਦੱਸ ਦਿੱਤੀ। 17 ਰੂਥ ਨੇ ਇਹ ਵੀ ਦੱਸਿਆ: “ਉਸ ਨੇ ਮੈਨੂੰ ਛੇ ਸੇਆਹ ਜੌਂ ਦਿੱਤੇ ਅਤੇ ਕਿਹਾ, ‘ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਈਂ।’” 18 ਇਹ ਸੁਣ ਕੇ ਨਾਓਮੀ ਨੇ ਕਿਹਾ: “ਧੀਏ, ਹੁਣ ਤੂੰ ਘਰ ਬੈਠ ਕੇ ਉਡੀਕ ਕਰ ਅਤੇ ਦੇਖ ਕਿ ਅੱਗੇ ਕੀ ਹੁੰਦਾ ਹੈ। ਅੱਜ ਜਦ ਤਕ ਇਹ ਮਾਮਲਾ ਨਿੱਬੜ ਨਹੀਂ ਜਾਂਦਾ, ਉਹ ਆਦਮੀ ਚੈਨ ਨਾਲ ਨਹੀਂ ਬੈਠੇਗਾ।”

4 ਫਿਰ ਬੋਅਜ਼ ਸ਼ਹਿਰ ਦੇ ਦਰਵਾਜ਼ੇ+ ʼਤੇ ਗਿਆ ਅਤੇ ਉੱਥੇ ਬੈਠ ਗਿਆ। ਅਤੇ ਦੇਖੋ! ਉਹ ਰਿਸ਼ਤੇਦਾਰ* ਉੱਧਰੋਂ ਦੀ ਲੰਘ ਰਿਹਾ ਸੀ ਜਿਸ ਬਾਰੇ ਬੋਅਜ਼ ਨੇ ਰੂਥ ਨੂੰ ਦੱਸਿਆ ਸੀ।+ ਉਸ ਆਦਮੀ* ਨੂੰ ਬੋਅਜ਼ ਨੇ ਕਿਹਾ: “ਇੱਥੇ ਆ ਕੇ ਬੈਠ ਜਾ।” ਅਤੇ ਉਹ ਆਦਮੀ ਬੈਠ ਗਿਆ। 2 ਫਿਰ ਬੋਅਜ਼ ਨੇ ਸ਼ਹਿਰ ਦੇ ਦਸ ਬਜ਼ੁਰਗਾਂ+ ਨੂੰ ਸੱਦਿਆ ਅਤੇ ਕਿਹਾ: “ਇੱਥੇ ਬੈਠ ਜਾਓ।” ਉਹ ਸਾਰੇ ਉੱਥੇ ਬੈਠ ਗਏ।

3 ਬੋਅਜ਼ ਨੇ ਉਸ ਰਿਸ਼ਤੇਦਾਰ+ ਨੂੰ ਕਿਹਾ: “ਨਾਓਮੀ ਮੋਆਬ ਦੇਸ਼ ਤੋਂ ਮੁੜ ਆਈ ਹੈ+ ਅਤੇ ਉਸ ਨੂੰ ਮਜਬੂਰ ਹੋ ਕੇ ਜ਼ਮੀਨ ਵੇਚਣੀ ਪੈ ਰਹੀ ਹੈ ਜੋ ਸਾਡੇ ਭਰਾ ਅਲੀਮਲਕ+ ਦੀ ਹੈ। 4 ਇਸ ਲਈ ਮੈਂ ਸੋਚਿਆ ਕਿ ਮੈਂ ਇਸ ਬਾਰੇ ਤੇਰੇ ਨਾਲ ਗੱਲ ਕਰ ਲਵਾਂ, ‘ਤੂੰ ਸ਼ਹਿਰ ਦੇ ਲੋਕਾਂ ਅਤੇ ਬਜ਼ੁਰਗਾਂ ਦੇ ਸਾਮ੍ਹਣੇ ਇਸ ਨੂੰ ਛੁਡਾ ਲੈ।+ ਜੇ ਤੂੰ ਜ਼ਮੀਨ ਛੁਡਾਉਣੀ ਚਾਹੁੰਦਾ ਹੈਂ, ਤਾਂ ਛੁਡਾ ਲੈ। ਜੇ ਤੂੰ ਨਹੀਂ ਚਾਹੁੰਦਾਂ, ਤਾਂ ਮੈਨੂੰ ਦੱਸ। ਇਸ ਨੂੰ ਛੁਡਾਉਣ ਦਾ ਹੱਕ ਪਹਿਲਾਂ ਤੇਰਾ ਹੈ ਅਤੇ ਬਾਅਦ ਵਿਚ ਮੇਰਾ।’” ਉਸ ਨੇ ਕਿਹਾ: “ਮੈਂ ਛੁਡਾਉਣੀ ਚਾਹੁੰਦਾ ਹਾਂ।”+ 5 ਫਿਰ ਬੋਅਜ਼ ਨੇ ਕਿਹਾ: “ਯਾਦ ਰੱਖ ਕਿ ਇਹ ਜ਼ਮੀਨ ਸਿਰਫ਼ ਨਾਓਮੀ ਦੀ ਹੀ ਨਹੀਂ, ਸਗੋਂ ਉਸ ਦੇ ਮਰ ਚੁੱਕੇ ਪੁੱਤਰ ਦੀ ਵਿਧਵਾ ਮੋਆਬਣ ਰੂਥ ਦੀ ਵੀ ਹੈ। ਇਸ ਲਈ ਤੈਨੂੰ ਉਨ੍ਹਾਂ ਦੋਹਾਂ ਤੋਂ ਜ਼ਮੀਨ ਛੁਡਾਉਣੀ ਪਵੇਗੀ। ਇਸ ਤਰ੍ਹਾਂ ਮਰ ਚੁੱਕੇ ਆਦਮੀ ਦੀ ਵਿਰਾਸਤ ਉਸੇ ਦੇ ਨਾਂ ਹੀ ਰਹੇਗੀ।”+ 6 ਇਹ ਸੁਣ ਕੇ ਉਸ ਰਿਸ਼ਤੇਦਾਰ ਨੇ ਕਿਹਾ: “ਮੈਂ ਇਸ ਨੂੰ ਛੁਡਾ ਨਹੀਂ ਸਕਦਾ, ਕਿਤੇ ਮੇਰਾ ਆਪਣਾ ਹੀ ਨੁਕਸਾਨ ਨਾ ਹੋ ਜਾਵੇ। ਤੂੰ ਇਸ ਨੂੰ ਛੁਡਾ ਲੈ। ਮੈਂ ਆਪਣਾ ਹੱਕ ਛੱਡ ਦਿੰਦਾ ਹਾਂ ਕਿਉਂਕਿ ਮੈਂ ਇਹ ਜ਼ਮੀਨ ਛੁਡਾ ਨਹੀਂ ਸਕਦਾ।”

7 ਉਨ੍ਹਾਂ ਪੁਰਾਣੇ ਸਮਿਆਂ ਵਿਚ ਇਜ਼ਰਾਈਲ ਵਿਚ ਛੁਡਾਉਣ ਦੇ ਹੱਕ ਅਤੇ ਜਾਇਦਾਦ ਕਿਸੇ ਹੋਰ ਦੇ ਨਾਂ ਕਰਨ ਲਈ ਇਹ ਰਿਵਾਜ ਹੁੰਦਾ ਸੀ: ਇਕ ਆਦਮੀ ਨੂੰ ਆਪਣੀ ਜੁੱਤੀ ਲਾਹ ਕੇ+ ਦੂਜੀ ਧਿਰ ਨੂੰ ਦੇਣੀ ਪੈਂਦੀ ਸੀ ਅਤੇ ਇਸ ਤਰ੍ਹਾਂ ਇਜ਼ਰਾਈਲ ਵਿਚ ਕਿਸੇ ਇਕਰਾਰ ਨੂੰ ਪੱਕਾ ਕੀਤਾ ਜਾਂਦਾ ਸੀ। 8 ਇਸ ਲਈ ਜਦੋਂ ਉਸ ਰਿਸ਼ਤੇਦਾਰ ਨੇ ਬੋਅਜ਼ ਨੂੰ ਕਿਹਾ, “ਤੂੰ ਛੁਡਾ ਲੈ,” ਤਾਂ ਉਸ ਨੇ ਆਪਣੀ ਜੁੱਤੀ ਲਾਹ ਦਿੱਤੀ। 9 ਫਿਰ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਅੱਜ ਤੁਸੀਂ ਇਸ ਗੱਲ ਦੇ ਗਵਾਹ ਹੋ+ ਕਿ ਮੈਂ ਨਾਓਮੀ ਤੋਂ ਉਹ ਸਭ ਕੁਝ ਖ਼ਰੀਦ ਰਿਹਾ ਹਾਂ ਜੋ ਅਲੀਮਲਕ, ਕਿਲਓਨ ਅਤੇ ਮਹਿਲੋਨ ਦਾ ਸੀ। 10 ਮੈਂ ਮਹਿਲੋਨ ਦੀ ਵਿਧਵਾ ਮੋਆਬਣ ਰੂਥ ਨੂੰ ਆਪਣੀ ਪਤਨੀ ਬਣਾ ਰਿਹਾ ਹਾਂ ਤਾਂਕਿ ਉਸ ਮਰ ਚੁੱਕੇ ਆਦਮੀ ਦੀ ਵਿਰਾਸਤ ਉਸ ਦੇ ਨਾਂ ਹੀ ਰਹੇ+ ਅਤੇ ਉਸ ਦੇ ਭਰਾਵਾਂ ਅਤੇ ਸ਼ਹਿਰ ਦੇ ਲੋਕਾਂ ਵਿੱਚੋਂ ਉਸ ਦਾ ਨਾਂ ਮਿਟ ਨਾ ਜਾਵੇ। ਤੁਸੀਂ ਅੱਜ ਇਸ ਗੱਲ ਦੇ ਗਵਾਹ ਹੋ।”+

11 ਇਹ ਸੁਣ ਕੇ ਸ਼ਹਿਰ ਦੇ ਦਰਵਾਜ਼ੇ ਕੋਲ ਮੌਜੂਦ ਸਾਰੇ ਲੋਕਾਂ ਅਤੇ ਬਜ਼ੁਰਗਾਂ ਨੇ ਕਿਹਾ: “ਹਾਂ ਅਸੀਂ ਗਵਾਹ ਹਾਂ! ਯਹੋਵਾਹ ਤੇਰੀ ਪਤਨੀ ਨੂੰ ਬਰਕਤ ਦੇਵੇ ਜੋ ਤੇਰੇ ਘਰ ਆਏਗੀ ਅਤੇ ਉਹ ਰਾਕੇਲ ਅਤੇ ਲੇਆਹ ਵਰਗੀ ਹੋਵੇ ਜਿਨ੍ਹਾਂ ਤੋਂ ਇਜ਼ਰਾਈਲ ਕੌਮ ਪੈਦਾ ਹੋਈ।+ ਤੂੰ ਅਫਰਾਥਾਹ+ ਵਿਚ ਖ਼ੁਸ਼ਹਾਲ ਹੋਵੇਂ ਅਤੇ ਬੈਤਲਹਮ+ ਵਿਚ ਤੇਰੀ ਨੇਕਨਾਮੀ ਹੋਵੇ।* 12 ਯਹੋਵਾਹ ਦੀ ਮਿਹਰ ਨਾਲ ਇਸ ਔਰਤ ਦੀ ਕੁੱਖੋਂ ਜੋ ਬੱਚਾ ਪੈਦਾ ਹੋਵੇਗਾ,+ ਉਸ ਰਾਹੀਂ ਤੇਰਾ ਪਰਿਵਾਰ ਤਾਮਾਰ ਅਤੇ ਯਹੂਦਾਹ ਦੇ ਮੁੰਡੇ ਪਰਸ ਦੇ ਪਰਿਵਾਰ ਵਰਗਾ ਬਣੇ।”+

13 ਫਿਰ ਬੋਅਜ਼ ਨੇ ਰੂਥ ਨੂੰ ਆਪਣੀ ਪਤਨੀ ਬਣਾ ਲਿਆ। ਉਸ ਨੇ ਉਸ ਨਾਲ ਸੰਬੰਧ ਕਾਇਮ ਕੀਤੇ ਅਤੇ ਯਹੋਵਾਹ ਦੀ ਮਿਹਰ ਨਾਲ ਉਹ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। 14 ਫਿਰ ਔਰਤਾਂ ਨੇ ਨਾਓਮੀ ਨੂੰ ਕਿਹਾ: “ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਅੱਜ ਤੈਨੂੰ ਇਕ ਛੁਡਾਉਣ ਵਾਲਾ ਦਿੱਤਾ ਹੈ। ਪੂਰੇ ਇਜ਼ਰਾਈਲ ਵਿਚ ਇਸ ਬੱਚੇ ਦਾ ਨਾਂ ਹੋਵੇ। 15 ਇਸ* ਨੇ ਤੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਇਹ ਤੇਰੇ ਬੁਢਾਪੇ ਦਾ ਸਹਾਰਾ ਬਣੇਗਾ ਕਿਉਂਕਿ ਇਹ ਤੇਰੀ ਨੂੰਹ ਦੀ ਕੁੱਖੋਂ ਪੈਦਾ ਹੋਇਆ ਹੈ ਜੋ ਤੈਨੂੰ ਪਿਆਰ ਕਰਦੀ ਹੈ+ ਅਤੇ ਤੇਰੇ ਲਈ ਸੱਤਾਂ ਪੁੱਤਰਾਂ ਤੋਂ ਵੀ ਕਿਤੇ ਵਧ ਕੇ ਹੈ।” 16 ਨਾਓਮੀ ਨੇ ਬੱਚੇ ਨੂੰ ਬਾਹਾਂ ਵਿਚ ਲਿਆ ਅਤੇ ਉਸ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਲਈ। 17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।

18 ਇਹ ਪਰਸ ਦੀ ਵੰਸ਼ਾਵਲੀ ਹੈ:+ ਪਰਸ ਤੋਂ ਹਸਰੋਨ ਪੈਦਾ ਹੋਇਆ;+ 19 ਹਸਰੋਨ ਤੋਂ ਰਾਮ ਪੈਦਾ ਹੋਇਆ; ਰਾਮ ਤੋਂ ਅਮੀਨਾਦਾਬ ਪੈਦਾ ਹੋਇਆ;+ 20 ਅਮੀਨਾਦਾਬ+ ਤੋਂ ਨਹਸ਼ੋਨ ਪੈਦਾ ਹੋਇਆ; ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ; 21 ਸਲਮੋਨ ਤੋਂ ਬੋਅਜ਼ ਪੈਦਾ ਹੋਇਆ; ਬੋਅਜ਼ ਤੋਂ ਓਬੇਦ ਪੈਦਾ ਹੋਇਆ; 22 ਓਬੇਦ ਤੋਂ ਯੱਸੀ ਪੈਦਾ ਹੋਇਆ+ ਅਤੇ ਯੱਸੀ ਤੋਂ ਦਾਊਦ ਪੈਦਾ ਹੋਇਆ।+

ਇਬ, “ਰਾਜ ਕਰਦੇ ਹੁੰਦੇ ਸਨ।”

ਜਾਂ, “ਦੇ ਇਲਾਕੇ।”

ਮਤਲਬ “ਮੇਰਾ ਪਰਮੇਸ਼ੁਰ ਰਾਜਾ ਹੈ।”

ਮਤਲਬ “ਮੇਰੇ ਮਨ ਨੂੰ ਭਾਉਣ ਵਾਲੀ।”

ਸੰਭਵ ਤੌਰ ਤੇ ਇਕ ਇਬਰਾਨੀ ਸ਼ਬਦ ਤੋਂ ਜਿਸ ਦਾ ਮਤਲਬ ਹੈ “ਕਮਜ਼ੋਰ ਹੋਣਾ; ਬੀਮਾਰ ਪੈਣਾ।”

ਮਤਲਬ “ਜੋ ਕਮਜ਼ੋਰ ਹੈ; ਖ਼ਤਮ ਹੋਣ ਵਾਲਾ ਹੈ।”

ਮਤਲਬ “ਮੇਰੇ ਮਨ ਨੂੰ ਭਾਉਣ ਵਾਲੀ।”

ਮਤਲਬ “ਕੁੜੱਤਣ।”

ਜਾਂ, “ਮੇਰੀ ਜ਼ਿੰਦਗੀ ਵਿਚ ਕੁੜੱਤਣ ਭਰ ਦਿੱਤੀ ਹੈ।”

ਜਾਂ ਸੰਭਵ ਹੈ, “ਪੂਲੇ ਚੁੱਕ ਲਵਾਂ।”

ਜਾਂ ਸੰਭਵ ਹੈ, “ਪੂਲੇ ਲੈ ਲੈਣ ਦਿਓ।”

ਲਗਭਗ 22 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।

ਸ਼ਬਦਾਵਲੀ ਦੇਖੋ।

ਲਗਭਗ 44 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਤੂੰ ਕੌਣ ਹੈਂ?”

ਇਬ, “ਛੁਡਾਉਣ ਵਾਲਾ।”

ਇਸ ਆਦਮੀ ਦਾ ਨਾਂ ਜਾਣ-ਬੁੱਝ ਕੇ ਨਹੀਂ ਦੱਸਿਆ ਗਿਆ ਹੈ।

ਇਬ, “ਨਾਂ ਦਾ ਐਲਾਨ ਕਰੇ।”

ਯਾਨੀ, ਨਾਓਮੀ ਦਾ ਪੋਤਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ