ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 2 ਪਤਰਸ 1:1 - 3:18
  • 2 ਪਤਰਸ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2 ਪਤਰਸ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
2 ਪਤਰਸ

ਪਤਰਸ ਦੀ ਦੂਜੀ ਚਿੱਠੀ

1 ਮੈਂ ਸ਼ਮਊਨ ਪਤਰਸ, ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ ਅਤੇ ਉਨ੍ਹਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੇ ਸਾਡੇ ਪਰਮੇਸ਼ੁਰ ਦੇ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਨਿਆਂ ਸਦਕਾ ਨਿਹਚਾ ਕੀਤੀ ਹੈ ਅਤੇ ਜੋ ਸਾਡੇ ਵਾਂਗ ਇਸ ਨਿਹਚਾ ਨੂੰ ਅਨਮੋਲ ਸਮਝਦੇ ਹਨ:

2 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਸਹੀ ਗਿਆਨ+ ਰਾਹੀਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ 3 ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਸਾਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਭਗਤੀ ਕਰਦੇ ਹੋਏ ਜ਼ਿੰਦਗੀ ਜੀਉਣ ਲਈ ਜ਼ਰੂਰੀ ਹਨ। ਉਸ ਦੇ ਸਹੀ ਗਿਆਨ ਸਦਕਾ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲੀਆਂ ਹਨ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਨੇਕੀ ਰਾਹੀਂ ਸੱਦਿਆ ਹੈ।+ 4 ਇਸ ਮਹਿਮਾ ਅਤੇ ਨੇਕੀ ਰਾਹੀਂ ਉਸ ਨੇ ਸਾਡੇ ਨਾਲ ਅਨਮੋਲ ਅਤੇ ਬਹੁਤ ਹੀ ਸ਼ਾਨਦਾਰ ਵਾਅਦੇ ਕੀਤੇ ਹਨ+ ਤਾਂਕਿ ਇਨ੍ਹਾਂ ਰਾਹੀਂ ਤੁਸੀਂ ਪਰਮੇਸ਼ੁਰ ਦੀ ਮਹਿਮਾ ਦੇ ਹਿੱਸੇਦਾਰ ਬਣੋ।+ ਉਸ ਨੇ ਸਾਡੇ ਨਾਲ ਇਹ ਵਾਅਦੇ ਕੀਤੇ ਹਨ ਕਿਉਂਕਿ ਅਸੀਂ ਦੁਨੀਆਂ ਦੀ ਗੰਦਗੀ ਤੋਂ ਛੁਟਕਾਰਾ ਪਾ ਚੁੱਕੇ ਹਾਂ ਜੋ ਬੁਰੀ ਇੱਛਾ* ਕਰਕੇ ਪੈਦਾ ਹੋਈ ਸੀ।

5 ਇਸੇ ਕਰਕੇ ਤੁਸੀਂ ਜੀ-ਜਾਨ ਨਾਲ ਕੋਸ਼ਿਸ਼ ਕਰ ਕੇ+ ਆਪਣੀ ਨਿਹਚਾ ਦੇ ਨਾਲ-ਨਾਲ ਨੇਕੀ ਨੂੰ,+ ਨੇਕੀ ਦੇ ਨਾਲ-ਨਾਲ ਗਿਆਨ ਨੂੰ,+ 6 ਗਿਆਨ ਦੇ ਨਾਲ-ਨਾਲ ਸੰਜਮ ਨੂੰ, ਸੰਜਮ+ ਦੇ ਨਾਲ-ਨਾਲ ਧੀਰਜ ਨੂੰ, ਧੀਰਜ ਦੇ ਨਾਲ-ਨਾਲ ਭਗਤੀ ਨੂੰ,+ 7 ਭਗਤੀ ਦੇ ਨਾਲ-ਨਾਲ ਭਰਾਵਾਂ ਲਈ ਮੋਹ ਨੂੰ ਅਤੇ ਭਰਾਵਾਂ ਲਈ ਮੋਹ ਦੇ ਨਾਲ-ਨਾਲ ਪਿਆਰ ਨੂੰ ਵਧਾਓ।+ 8 ਜੇ ਤੁਹਾਡੇ ਵਿਚ ਇਹ ਗੁਣ ਹਨ ਅਤੇ ਤੁਸੀਂ ਇਨ੍ਹਾਂ ਨੂੰ ਵਧਾਉਂਦੇ ਰਹਿੰਦੇ ਹੋ, ਤਾਂ ਤੁਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਸਹੀ ਗਿਆਨ ਅਨੁਸਾਰ ਚੱਲਣ ਵਿਚ ਕਦੇ ਵੀ ਢਿੱਲੇ ਨਹੀਂ ਪਓਗੇ ਜਾਂ ਅਸਫ਼ਲ+ ਨਹੀਂ ਹੋਵੋਗੇ।

9 ਜਿਸ ਇਨਸਾਨ ਵਿਚ ਇਹ ਗੁਣ ਨਹੀਂ ਹਨ, ਉਹ ਅੰਨ੍ਹਾ ਹੈ ਅਤੇ ਚਾਨਣ ਤੋਂ ਜਾਣ-ਬੁੱਝ ਕੇ ਆਪਣੀਆਂ ਅੱਖਾਂ ਬੰਦ ਕਰਦਾ ਹੈ*+ ਅਤੇ ਉਹ ਭੁੱਲ ਗਿਆ ਹੈ ਕਿ ਪਰਮੇਸ਼ੁਰ ਨੇ ਉਸ ਦੇ ਪਹਿਲੇ ਪਾਪਾਂ ਨੂੰ ਧੋ ਦਿੱਤਾ ਸੀ।+ 10 ਇਸ ਲਈ ਭਰਾਵੋ, ਤੁਸੀਂ ਜੀ-ਜਾਨ ਨਾਲ ਕੋਸ਼ਿਸ਼ ਕਰੋ ਕਿ ਪਰਮੇਸ਼ੁਰ ਨੇ ਤੁਹਾਨੂੰ ਜੋ ਸੱਦਾ ਦਿੱਤਾ ਹੈ+ ਅਤੇ ਤੁਹਾਨੂੰ ਚੁਣਿਆ ਹੈ, ਤੁਸੀਂ ਉਸ ਦੇ ਕਾਬਲ ਬਣੇ ਰਹੋ। ਜੇ ਤੁਸੀਂ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾਉਂਦੇ ਰਹਿੰਦੇ ਹੋ, ਤਾਂ ਤੁਸੀਂ ਕਦੀ ਵੀ ਅਸਫ਼ਲ ਨਹੀਂ ਹੋਵੋਗੇ।+ 11 ਅਸਲ ਵਿਚ, ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ+ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ+ ਵਿਚ ਸ਼ਾਨਦਾਰ ਤਰੀਕੇ ਨਾਲ ਜਾਣ ਦਾ ਮਾਣ ਬਖ਼ਸ਼ਿਆ ਜਾਵੇਗਾ।

12 ਇਸੇ ਕਰਕੇ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ, ਭਾਵੇਂ ਕਿ ਤੁਸੀਂ ਇਨ੍ਹਾਂ ਨੂੰ ਜਾਣਦੇ ਹੋ ਅਤੇ ਸੱਚਾਈ ਸਿੱਖ ਕੇ ਇਸ ਵਿਚ ਪੱਕੇ ਹੋ ਗਏ ਹੋ। 13 ਪਰ ਮੈਂ ਜਿੰਨਾ ਚਿਰ ਇਸ ਸਰੀਰ* ਵਿਚ ਹਾਂ,+ ਤੁਹਾਨੂੰ ਇਹ ਗੱਲਾਂ ਚੇਤੇ ਕਰਾ ਕੇ ਹੱਲਾਸ਼ੇਰੀ ਦੇਣੀ ਠੀਕ ਸਮਝਦਾ ਹਾਂ+ 14 ਕਿਉਂਕਿ ਮੈਂ ਜਾਣਦਾ ਹਾਂ ਕਿ ਜਲਦੀ ਹੀ ਮੇਰੇ ਇਸ ਸਰੀਰ* ਦਾ ਅੰਤ ਹੋਣ ਵਾਲਾ ਹੈ, ਠੀਕ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਦੱਸਿਆ ਵੀ ਸੀ।+ 15 ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਚੇਤੇ ਕਰਾਉਣ ਵਿਚ ਹਮੇਸ਼ਾ ਪੂਰੀ ਵਾਹ ਲਾਉਂਦਾ ਰਹਾਂਗਾ ਤਾਂਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਆਪ ਇਹ ਗੱਲਾਂ ਯਾਦ ਕਰ ਸਕੋ।

16 ਜਦੋਂ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਤਾਕਤ ਅਤੇ ਮੌਜੂਦਗੀ ਬਾਰੇ ਦੱਸਿਆ ਸੀ, ਤਾਂ ਅਸੀਂ ਤੁਹਾਨੂੰ ਇਨਸਾਨਾਂ ਦੁਆਰਾ ਚਤਰਾਈ ਨਾਲ ਘੜੀਆਂ ਝੂਠੀਆਂ ਕਹਾਣੀਆਂ ਦਾ ਸਹਾਰਾ ਲੈ ਕੇ ਨਹੀਂ ਸਿਖਾਇਆ ਸੀ, ਸਗੋਂ ਅਸੀਂ ਉਸ ਦੀ ਮਹਾਨਤਾ ਨੂੰ ਆਪਣੀ ਅੱਖੀਂ ਦੇਖਿਆ ਸੀ।+ 17 ਉਸ ਨੂੰ ਆਪਣੇ ਪਿਤਾ ਪਰਮੇਸ਼ੁਰ ਤੋਂ ਆਦਰ ਅਤੇ ਮਹਿਮਾ ਮਿਲੀ ਸੀ ਜਦੋਂ ਉਸ ਨੂੰ ਮਹਿਮਾਵਾਨ ਪਰਮੇਸ਼ੁਰ ਨੇ ਇਹ ਸ਼ਬਦ ਕਹੇ ਸਨ:* “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।”+ 18 ਜੀ ਹਾਂ, ਅਸੀਂ ਆਕਾਸ਼ੋਂ ਇਹ ਸ਼ਬਦ ਉਦੋਂ ਸੁਣੇ ਸਨ ਜਦੋਂ ਅਸੀਂ ਉਸ ਨਾਲ ਪਵਿੱਤਰ ਪਹਾੜ ਉੱਤੇ ਸੀ।

19 ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ। ਭਵਿੱਖਬਾਣੀਆਂ ਹਨੇਰੀ ਜਗ੍ਹਾ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹੋਣ।+ ਤੁਸੀਂ (ਦਿਨ ਚੜ੍ਹਨ ਅਤੇ ਦਿਨ ਦਾ ਤਾਰਾ+ ਨਿਕਲਣ ਤਕ) ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ। 20 ਤੁਸੀਂ ਇਹ ਜ਼ਰੂਰੀ ਗੱਲ ਜਾਣਦੇ ਹੀ ਹੋ ਕਿ ਧਰਮ-ਗ੍ਰੰਥ ਦੀ ਕੋਈ ਵੀ ਭਵਿੱਖਬਾਣੀ ਇਨਸਾਨ ਦੇ ਆਪਣੇ ਵਿਚਾਰਾਂ ਅਨੁਸਾਰ ਨਹੀਂ ਕੀਤੀ ਜਾਂਦੀ। 21 ਕਿਉਂਕਿ ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ,+ ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।+

2 ਪਰ ਜਿਵੇਂ ਇਜ਼ਰਾਈਲੀਆਂ ਵਿਚ ਝੂਠੇ ਨਬੀ ਸਨ, ਉਸੇ ਤਰ੍ਹਾਂ ਤੁਹਾਡੇ ਵਿਚ ਵੀ ਝੂਠੇ ਸਿੱਖਿਅਕ ਹੋਣਗੇ।+ ਉਹ ਤੁਹਾਡੀ ਨਿਹਚਾ ਨੂੰ ਖ਼ਤਮ ਕਰਨ ਲਈ ਚੋਰੀ-ਛਿਪੇ ਤੁਹਾਡੇ ਵਿਚ ਧੜੇ ਬਣਾਉਣਗੇ ਅਤੇ ਆਪਣੇ ਮਾਲਕ ਨੂੰ ਵੀ ਠੁਕਰਾ ਦੇਣਗੇ ਜਿਸ ਨੇ ਉਨ੍ਹਾਂ ਨੂੰ ਖ਼ਰੀਦਿਆ ਸੀ।+ ਇਸ ਤਰ੍ਹਾਂ ਉਹ ਆਪ ਹੀ ਆਪਣੇ ਨਾਸ਼ ਵੱਲ ਨੂੰ ਭੱਜਣਗੇ। 2 ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਉਨ੍ਹਾਂ ਵਾਂਗ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨਗੇ+ ਜਿਸ ਕਰਕੇ ਲੋਕ ਸੱਚਾਈ ਦੇ ਰਾਹ ਬਾਰੇ ਬੁਰਾ-ਭਲਾ ਕਹਿਣਗੇ।+ 3 ਨਾਲੇ ਉਹ ਬੰਦੇ ਆਪਣੇ ਲਾਲਚ ਕਰਕੇ ਧੋਖਾ ਦੇਣ ਵਾਲੀਆਂ ਗੱਲਾਂ ਨਾਲ ਤੁਹਾਡਾ ਫ਼ਾਇਦਾ ਉਠਾਉਣਗੇ। ਪਰ ਉਨ੍ਹਾਂ ਨੂੰ ਸਜ਼ਾ ਮਿਲਣ ਵਿਚ ਦੇਰ ਨਹੀਂ ਲੱਗੇਗੀ ਜੋ ਪਰਮੇਸ਼ੁਰ ਨੇ ਬਹੁਤ ਸਮਾਂ ਪਹਿਲਾਂ ਸੁਣਾਈ ਸੀ। ਉਨ੍ਹਾਂ ਦਾ ਨਾਸ਼ ਜ਼ਰੂਰ ਹੋਵੇਗਾ।+

4 ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ,+ ਸਗੋਂ ਉਨ੍ਹਾਂ ਨੂੰ “ਟਾਰਟਰਸ”* ਦੇ ਘੁੱਪ ਹਨੇਰੇ ਵਿਚ ਬੇੜੀਆਂ ਨਾਲ ਬੰਨ੍ਹ ਕੇ* ਰੱਖਿਆ ਹੋਇਆ ਹੈ+ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।+ 5 ਉਹ ਪੁਰਾਣੇ ਜ਼ਮਾਨੇ ਦੀ ਦੁਨੀਆਂ ਨੂੰ ਵੀ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ+ ਜਦੋਂ ਉਸ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ,+ ਪਰ ਉਸ ਨੇ ਧਾਰਮਿਕਤਾ* ਦੇ ਪ੍ਰਚਾਰਕ ਨੂਹ ਨੂੰ+ ਹੋਰ ਸੱਤ ਜਣਿਆਂ ਸਣੇ ਬਚਾਇਆ ਸੀ।+ 6 ਉਸ ਨੇ ਸਦੂਮ ਅਤੇ ਗਮੋਰਾ ਨਾਂ ਦੇ ਸ਼ਹਿਰਾਂ ਨੂੰ ਅੱਗ ਨਾਲ ਭਸਮ ਕਰ ਕੇ ਸਜ਼ਾ ਦਿੱਤੀ ਸੀ+ ਅਤੇ ਬੁਰੇ ਲੋਕਾਂ ਲਈ ਨਮੂਨਾ ਕਾਇਮ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ।+ 7 ਉਸ ਨੇ ਧਰਮੀ ਲੂਤ ਨੂੰ ਵੀ ਬਚਾਇਆ+ ਜਿਹੜਾ ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸਨ। 8 ਉਨ੍ਹਾਂ ਲੋਕਾਂ ਵਿਚ ਰਹਿੰਦਿਆਂ ਇਹ ਧਰਮੀ ਬੰਦਾ ਬੁਰੇ ਕੰਮ ਦੇਖ ਕੇ ਅਤੇ ਸੁਣ ਕੇ ਰੋਜ਼ ਮਨ ਹੀ ਮਨ ਤੜਫਦਾ ਸੀ। 9 ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ* ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ,+ ਪਰ ਕੁਧਰਮੀਆਂ ਨੂੰ ਨਿਆਂ ਦੇ ਦਿਨ ਸਜ਼ਾ ਦੇਣ ਵਾਸਤੇ ਰੱਖਣਾ ਜਾਣਦਾ ਹੈ,+ 10 ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਹੜੇ ਨਾਜਾਇਜ਼ ਸਰੀਰਕ ਸੰਬੰਧਾਂ ਰਾਹੀਂ ਦੂਸਰਿਆਂ ਦੇ ਸਰੀਰਾਂ ਨੂੰ ਭ੍ਰਿਸ਼ਟ ਕਰਨ ਦੀ ਤਾਕ ਵਿਚ ਰਹਿੰਦੇ ਹਨ+ ਅਤੇ ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ।*+

ਇਹ ਝੂਠੇ ਸਿੱਖਿਅਕ ਗੁਸਤਾਖ਼ ਅਤੇ ਆਪਣੀ ਮਨ-ਮਰਜ਼ੀ ਕਰਨ ਵਾਲੇ ਹਨ ਤੇ ਮਹਿਮਾਵਾਨ ਭਰਾਵਾਂ* ਦੇ ਖ਼ਿਲਾਫ਼ ਬੁਰਾ-ਭਲਾ ਕਹਿਣ ਤੋਂ ਵੀ ਨਹੀਂ ਡਰਦੇ। 11 ਜਦ ਕਿ ਦੂਤ ਇਨ੍ਹਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਅਤੇ ਬਲਵਾਨ ਹੋਣ ਦੇ ਬਾਵਜੂਦ ਇਨ੍ਹਾਂ ʼਤੇ ਨਾ ਤਾਂ ਦੋਸ਼ ਲਾਉਂਦੇ ਹਨ ਅਤੇ ਨਾ ਹੀ ਬੁਰਾ-ਭਲਾ ਕਹਿੰਦੇ ਹਨ ਕਿਉਂਕਿ ਉਹ ਯਹੋਵਾਹ* ਦਾ ਆਦਰ ਕਰਦੇ ਹਨ।+ 12 ਜਿਵੇਂ ਬੇਅਕਲ ਜਾਨਵਰ ਆਪਣੇ ਸੁਭਾਅ ਮੁਤਾਬਕ ਚੱਲਦੇ ਹਨ ਅਤੇ ਫੜੇ ਜਾਣ ਅਤੇ ਮਾਰੇ ਜਾਣ ਲਈ ਪੈਦਾ ਹੁੰਦੇ ਹਨ,+ ਉਸੇ ਤਰ੍ਹਾਂ ਇਹ ਆਦਮੀ ਉਨ੍ਹਾਂ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ ਹਨ ਜਿਹੜੀਆਂ ਇਹ ਨਹੀਂ ਸਮਝਦੇ। ਇਹ ਆਪਣੇ ਤਬਾਹੀ ਦੇ ਰਾਹ ਉੱਤੇ ਚੱਲਦੇ-ਚੱਲਦੇ ਤਬਾਹ ਹੋ ਜਾਣਗੇ 13 ਅਤੇ ਆਪਣੇ ਗ਼ਲਤ ਰਾਹ ਉੱਤੇ ਚੱਲ ਕੇ ਬੁਰਾ ਅੰਜਾਮ ਭੁਗਤਣਗੇ।

ਇਨ੍ਹਾਂ ਆਦਮੀਆਂ ਨੂੰ ਦਿਨੇ ਹੀ ਅਯਾਸ਼ੀ ਵਿਚ ਮਸਤ ਰਹਿਣਾ ਚੰਗਾ ਲੱਗਦਾ ਹੈ।+ ਇਹ ਦਾਗ਼ ਅਤੇ ਕਲੰਕ ਹਨ ਅਤੇ ਜਦੋਂ ਇਹ ਤੁਹਾਡੇ ਨਾਲ ਦਾਅਵਤਾਂ ਵਿਚ ਹੁੰਦੇ ਹਨ, ਤਾਂ ਇਨ੍ਹਾਂ ਨੂੰ ਆਪਣੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਫੈਲਾਉਣ ਵਿਚ ਬਹੁਤ ਖ਼ੁਸ਼ੀ ਹੁੰਦੀ ਹੈ।+ 14 ਇਨ੍ਹਾਂ ਦੀਆਂ ਅੱਖਾਂ ਹਵਸ ਨਾਲ ਭਰੀਆਂ ਹੋਈਆਂ ਹਨ+ ਅਤੇ ਇਹ ਆਦਮੀ ਪਾਪ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਡਾਵਾਂ-ਡੋਲ ਲੋਕਾਂ ਨੂੰ ਭਰਮਾਉਂਦੇ ਹਨ। ਇਹ ਆਪਣੇ ਮਨ ਦੀਆਂ ਲਾਲਚੀ ਇੱਛਾਵਾਂ ਪੂਰੀਆਂ ਕਰਨ ਵਿਚ ਮਾਹਰ ਹਨ। ਇਹ ਆਦਮੀ ਸਰਾਪੇ ਹੋਏ ਹਨ। 15 ਇਨ੍ਹਾਂ ਨੇ ਗੁਮਰਾਹ ਹੋ ਕੇ ਸਿੱਧੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਇਹ ਬਿਓਰ ਦੇ ਪੁੱਤਰ ਬਿਲਾਮ+ ਦੇ ਰਾਹ ਉੱਤੇ ਚੱਲ ਰਹੇ ਹਨ ਜਿਸ ਨੂੰ ਗ਼ਲਤ ਕੰਮ ਦੀ ਕਮਾਈ ਪਿਆਰੀ ਸੀ।+ 16 ਪਰ ਉਸ ਨੂੰ ਸਹੀ ਗੱਲ* ਦੇ ਖ਼ਿਲਾਫ਼ ਜਾਣ ਕਰਕੇ ਤਾੜਿਆ ਗਿਆ ਸੀ।+ ਉਸ ਦੀ ਬੇਜ਼ਬਾਨ ਗਧੀ ਨੇ ਇਨਸਾਨ ਦੀ ਆਵਾਜ਼ ਵਿਚ ਬੋਲ ਕੇ ਉਸ ਨੂੰ ਪਾਗਲਪੁਣੇ ਵਾਲੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।+

17 ਇਹ ਆਦਮੀ ਸੁੱਕੇ ਹੋਏ ਖੂਹ ਵਾਂਗ ਹਨ ਅਤੇ ਤੇਜ਼ ਹਨੇਰੀ ਨਾਲ ਉੱਡਦੇ ਬੱਦਲ ਵਾਂਗ ਹਨ। ਇਨ੍ਹਾਂ ਨੂੰ ਘੁੱਪ ਹਨੇਰੇ ਵਿਚ ਰੱਖਿਆ ਜਾਵੇਗਾ।+ 18 ਇਹ ਆਦਮੀ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਹਨ, ਪਰ ਇਹ ਸਾਰੀਆਂ ਫੋਕੀਆਂ ਹਨ। ਇਹ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਹੱਲਾਸ਼ੇਰੀ ਦੇ ਕੇ+ ਅਤੇ ਬੇਸ਼ਰਮੀ* ਭਰੇ ਕੰਮ ਕਰ ਕੇ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ ਜਿਹੜੇ ਬੁਰਾਈ ਦੀ ਜ਼ਿੰਦਗੀ ਜੀਉਣ ਵਾਲਿਆਂ ਵਿੱਚੋਂ ਹੁਣੇ-ਹੁਣੇ ਨਿਕਲੇ ਹਨ।+ 19 ਭਾਵੇਂ ਇਹ ਆਦਮੀ ਉਨ੍ਹਾਂ ਨਾਲ ਆਜ਼ਾਦੀ ਦਾ ਵਾਅਦਾ ਕਰਦੇ ਹਨ, ਪਰ ਇਹ ਆਪ ਹੀ ਬੁਰਾਈ ਦੇ ਗ਼ੁਲਾਮ ਹਨ।+ ਜੇ ਕੋਈ ਕਿਸੇ ਇਨਸਾਨ* ਦੇ ਵੱਸ ਵਿਚ ਆ ਜਾਂਦਾ ਹੈ, ਤਾਂ ਉਹ ਉਸ ਇਨਸਾਨ ਦਾ ਗ਼ੁਲਾਮ ਬਣ ਜਾਂਦਾ ਹੈ।+ 20 ਇਸ ਲਈ ਜੇ ਉਹ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦਾ ਸਹੀ ਗਿਆਨ ਲੈ ਕੇ ਦੁਨੀਆਂ ਦੀ ਬਦਕਾਰੀ ਦੇ ਚਿੱਕੜ ਵਿੱਚੋਂ ਨਿਕਲਣ ਤੋਂ ਬਾਅਦ+ ਦੁਬਾਰਾ ਇਹੀ ਕੰਮ ਕਰਨ ਲੱਗ ਪੈਂਦੇ ਹਨ ਅਤੇ ਇਨ੍ਹਾਂ ਕੰਮਾਂ ਦੇ ਗ਼ੁਲਾਮ ਬਣ ਜਾਂਦੇ ਹਨ, ਤਾਂ ਉਨ੍ਹਾਂ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।+ 21 ਇਨ੍ਹਾਂ ਲਈ ਚੰਗਾ ਹੁੰਦਾ ਕਿ ਇਹ ਧਾਰਮਿਕਤਾ ਦੇ ਰਾਹ ਦਾ ਸਹੀ ਗਿਆਨ ਲੈਂਦੇ ਹੀ ਨਾ ਕਿਉਂਕਿ ਇਨ੍ਹਾਂ ਨੇ ਇਸ ਬਾਰੇ ਸਿੱਖਣ ਤੋਂ ਬਾਅਦ ਪਵਿੱਤਰ ਕਾਨੂੰਨ ਮੁਤਾਬਕ ਚੱਲਣਾ ਛੱਡ ਦਿੱਤਾ ਹੈ ਜੋ ਇਨ੍ਹਾਂ ਨੂੰ ਮਿਲਿਆ ਸੀ।+ 22 ਇਨ੍ਹਾਂ ਉੱਤੇ ਇਹ ਸੱਚੀ ਕਹਾਵਤ ਢੁਕਦੀ ਹੈ: “ਕੁੱਤਾ ਵਾਪਸ ਆ ਕੇ ਆਪਣੀ ਹੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਵ੍ਹਾਈ ਹੋਈ ਸੂਰਨੀ ਦੁਬਾਰਾ ਚਿੱਕੜ ਵਿਚ ਲਿਟਣ ਲੱਗ ਪੈਂਦੀ ਹੈ।”+

3 ਪਿਆਰੇ ਭਰਾਵੋ, ਮੈਂ ਤੁਹਾਨੂੰ ਇਹ ਦੂਸਰੀ ਚਿੱਠੀ ਲਿਖ ਰਿਹਾ ਹਾਂ। ਮੈਂ ਪਹਿਲੀ ਚਿੱਠੀ ਵਾਂਗ ਇਸ ਚਿੱਠੀ ਰਾਹੀਂ ਵੀ ਤੁਹਾਨੂੰ ਕੁਝ ਗੱਲਾਂ ਚੇਤੇ ਕਰਾ ਕੇ ਇਹ ਹੱਲਾਸ਼ੇਰੀ ਦੇ ਰਿਹਾ ਹਾਂ ਕਿ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਚੰਗੀ ਤਰ੍ਹਾਂ ਵਰਤੋ+ 2 ਅਤੇ ਤੁਸੀਂ ਪਵਿੱਤਰ ਨਬੀਆਂ ਦੁਆਰਾ ਪਹਿਲਾਂ ਕਹੀਆਂ ਗਈਆਂ ਗੱਲਾਂ ਨੂੰ ਅਤੇ ਤੁਹਾਡੇ ਰਸੂਲਾਂ ਰਾਹੀਂ ਦਿੱਤੇ ਗਏ ਪ੍ਰਭੂ ਅਤੇ ਮੁਕਤੀਦਾਤੇ ਦੇ ਹੁਕਮਾਂ ਨੂੰ ਯਾਦ ਰੱਖੋ। 3 ਸਭ ਤੋਂ ਪਹਿਲਾਂ, ਤੁਸੀਂ ਜਾਣ ਲਓ ਕਿ ਆਖ਼ਰੀ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਲੋਕ ਚੰਗੀਆਂ ਗੱਲਾਂ ਦਾ ਮਖੌਲ ਉਡਾਉਣਗੇ ਅਤੇ ਉਹ ਆਪਣੀਆਂ ਇੱਛਾਵਾਂ ਮੁਤਾਬਕ ਚੱਲਣਗੇ+ 4 ਅਤੇ ਕਹਿਣਗੇ: “ਉਸ ਨੇ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ ਹੁਣ?+ ਸਾਡੇ ਦਾਦੇ-ਪੜਦਾਦੇ ਆਏ ਅਤੇ ਚਲੇ ਗਏ, ਪਰ ਦੁਨੀਆਂ ਦੇ ਬਣਨ ਤੋਂ ਲੈ ਕੇ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।”+

5 ਉਹ ਜਾਣ-ਬੁੱਝ ਕੇ ਇਸ ਗੱਲ ਨੂੰ ਅਣਗੌਲਿਆਂ ਕਰਦੇ ਹਨ ਕਿ ਪਰਮੇਸ਼ੁਰ ਦੇ ਕਹੇ ਬਚਨ ਮੁਤਾਬਕ ਹੀ ਲੰਬੇ ਸਮੇਂ ਤੋਂ ਆਕਾਸ਼ ਸੀ ਅਤੇ ਧਰਤੀ* ਪਾਣੀ ਤੋਂ ਉੱਪਰ ਸੀ ਅਤੇ ਪਾਣੀ ਨਾਲ ਘਿਰੀ ਹੋਈ ਸੀ;+ 6 ਇਸ ਰਾਹੀਂ ਉਸ ਜ਼ਮਾਨੇ ਦੀ ਦੁਨੀਆਂ ਤਬਾਹ ਹੋਈ ਜਦੋਂ ਧਰਤੀ ਉੱਤੇ ਹੜ੍ਹ ਆਇਆ ਸੀ।+ 7 ਇਸੇ ਬਚਨ ਦੇ ਅਨੁਸਾਰ, ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ ਅਤੇ ਇਨ੍ਹਾਂ ਨੂੰ ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ ਤਕ ਰਹਿਣ ਦਿੱਤਾ ਹੈ।+

8 ਪਰ ਪਿਆਰੇ ਭਰਾਵੋ, ਤੁਸੀਂ ਇਹ ਗੱਲ ਨਾ ਭੁੱਲੋ ਕਿ ਯਹੋਵਾਹ* ਲਈ ਇਕ ਦਿਨ ਇਕ ਹਜ਼ਾਰ ਸਾਲ ਦੇ ਬਰਾਬਰ ਹੈ ਅਤੇ ਇਕ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਹੈ।+ 9 ਯਹੋਵਾਹ* ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ,+ ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।+ 10 ਪਰ ਯਹੋਵਾਹ* ਦਾ ਦਿਨ+ ਇਕ ਚੋਰ ਵਾਂਗ ਆਵੇਗਾ।+ ਉਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।+

11 ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਿਘਲ ਜਾਣਗੀਆਂ, ਇਸ ਲਈ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ 12 ਅਤੇ ਯਹੋਵਾਹ* ਦੇ ਦਿਨ ਨੂੰ ਯਾਦ* ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।+ ਇਸ ਦਿਨ ਆਕਾਸ਼ ਅੱਗ ਵਿਚ ਸਾੜ ਦਿੱਤਾ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। 13 ਪਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ+ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ* ਰਹੇਗੀ।+

14 ਇਸ ਲਈ ਪਿਆਰੇ ਭਰਾਵੋ, ਇਨ੍ਹਾਂ ਚੀਜ਼ਾਂ ਦੀ ਉਡੀਕ ਕਰਦੇ ਹੋਏ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਅਖ਼ੀਰ ਵਿਚ ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਸਾਬਤ ਹੋਵੋ।+ 15 ਨਾਲੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਪਾਉਣ ਦਾ ਮੌਕਾ ਸਮਝੋ, ਠੀਕ ਜਿਵੇਂ ਸਾਡੇ ਪਿਆਰੇ ਭਰਾ ਪੌਲੁਸ ਨੇ ਵੀ ਪਰਮੇਸ਼ੁਰ ਤੋਂ ਮਿਲੀ ਬੁੱਧ ਦੀ ਮਦਦ ਨਾਲ ਤੁਹਾਨੂੰ ਇਸ ਬਾਰੇ ਲਿਖਿਆ ਸੀ।+ 16 ਅਸਲ ਵਿਚ, ਉਸ ਨੇ ਆਪਣੀਆਂ ਸਾਰੀਆਂ ਚਿੱਠੀਆਂ ਵਿਚ ਇਨ੍ਹਾਂ ਗੱਲਾਂ ਬਾਰੇ ਲਿਖਿਆ ਹੈ। ਪਰ ਇਨ੍ਹਾਂ ਚਿੱਠੀਆਂ ਦੀਆਂ ਕੁਝ ਗੱਲਾਂ ਸਮਝਣੀਆਂ ਔਖੀਆਂ ਹਨ ਅਤੇ ਇਨ੍ਹਾਂ ਗੱਲਾਂ ਨੂੰ ਅਣਜਾਣ ਅਤੇ ਡਾਵਾਂ-ਡੋਲ ਲੋਕ ਤੋੜ-ਮਰੋੜ ਰਹੇ ਹਨ। ਇਹ ਲੋਕ ਧਰਮ-ਗ੍ਰੰਥ ਦੀਆਂ ਬਾਕੀ ਗੱਲਾਂ ਨੂੰ ਵੀ ਤੋੜਦੇ-ਮਰੋੜਦੇ ਹਨ ਤੇ ਇਸ ਤਰ੍ਹਾਂ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰਦੇ ਹਨ।

17 ਪਿਆਰੇ ਭਰਾਵੋ, ਤੁਸੀਂ ਪਹਿਲਾਂ ਤੋਂ ਹੀ ਇਹ ਗੱਲਾਂ ਜਾਣਦੇ ਹੋ, ਇਸ ਲਈ ਤੁਸੀਂ ਖ਼ਬਰਦਾਰ ਰਹੋ ਕਿ ਤੁਸੀਂ ਵੀ ਬੁਰੇ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਵਾਂਗ ਗੁਮਰਾਹ ਨਾ ਹੋ ਜਾਇਓ ਅਤੇ ਡਾਵਾਂ-ਡੋਲ ਹੋ ਕੇ ਡਿਗ ਨਾ ਜਾਇਓ।+ 18 ਇਸ ਦੀ ਬਜਾਇ, ਤੁਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਜੀਓ ਕਿ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਵੱਧ ਤੋਂ ਵੱਧ ਅਪਾਰ ਕਿਰਪਾ ਮਿਲੇ ਅਤੇ ਤੁਸੀਂ ਉਸ ਦੇ ਗਿਆਨ ਵਿਚ ਵਧਦੇ ਜਾਓ। ਹੁਣ ਅਤੇ ਯੁਗੋ-ਯੁਗ ਉਸ ਦੀ ਮਹਿਮਾ ਹੁੰਦੀ ਰਹੇ। ਆਮੀਨ।

ਜਾਂ, “ਕਾਮ-ਵਾਸ਼ਨਾ।”

ਜਾਂ ਸੰਭਵ ਹੈ, “ਉਸ ਦੀ ਦੂਰ ਦੀ ਨਜ਼ਰ ਕਮਜ਼ੋਰ ਹੈ।”

ਯੂਨਾ, “ਤੰਬੂ।”

ਯੂਨਾ, “ਤੰਬੂ।”

ਯੂਨਾ, “ਦੀ ਆਵਾਜ਼ ਸੁਣਾਈ ਦਿੱਤੀ।”

ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।

ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਦੇ ਹਨੇਰੇ ਟੋਇਆਂ ਵਿਚ।”

ਸ਼ਬਦਾਵਲੀ ਦੇਖੋ।

ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਹਕੂਮਤ ਨੂੰ ਤੁੱਛ ਸਮਝਦੇ ਹਨ।”

ਯਾਨੀ, ਜਿਨ੍ਹਾਂ ਨੂੰ ਮੰਡਲੀ ਵਿਚ ਭਾਰੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਕਾਨੂੰਨ।”

ਸ਼ਬਦਾਵਲੀ ਦੇਖੋ।

ਜਾਂ, “ਚੀਜ਼।”

ਯਾਨੀ, ਜ਼ਮੀਨ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਦੀ ਜ਼ਬਰਦਸਤ ਇੱਛਾ।” ਯੂਨਾ, “ਤੇਜ਼ੀ ਨਾਲ ਲਿਆਉਣਾ।”

ਸ਼ਬਦਾਵਲੀ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ