ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 1 ਥੱਸਲੁਨੀਕੀਆਂ 1:1 - 5:28
  • 1 ਥੱਸਲੁਨੀਕੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1 ਥੱਸਲੁਨੀਕੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਥੱਸਲੁਨੀਕੀਆਂ

ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ

1 ਮੈਂ ਪੌਲੁਸ, ਸਿਲਵਾਨੁਸ*+ ਅਤੇ ਤਿਮੋਥਿਉਸ+ ਨਾਲ ਮਿਲ ਕੇ ਇਹ ਚਿੱਠੀ ਥੱਸਲੁਨੀਕੀਆਂ ਦੀ ਮੰਡਲੀ ਨੂੰ ਲਿਖ ਰਿਹਾ ਹਾਂ ਜਿਹੜੀ ਪਿਤਾ ਪਰਮੇਸ਼ੁਰ ਨਾਲ ਅਤੇ ਪ੍ਰਭੂ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੀ ਹੋਈ ਹੈ:

ਪਰਮੇਸ਼ੁਰ ਦੀ ਅਪਾਰ ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਹੋਵੇ।

2 ਅਸੀਂ ਪ੍ਰਾਰਥਨਾ ਵਿਚ ਤੁਹਾਡਾ ਸਾਰਿਆਂ ਦਾ ਜ਼ਿਕਰ ਕਰਦਿਆਂ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ+ 3 ਕਿਉਂਕਿ ਅਸੀਂ ਆਪਣੇ ਪਿਤਾ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਤੁਹਾਡੇ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ। ਸਾਨੂੰ ਇਹ ਵੀ ਯਾਦ ਹੈ ਕਿ ਪ੍ਰਭੂ ਯਿਸੂ ਮਸੀਹ ਉੱਤੇ ਉਮੀਦ+ ਹੋਣ ਕਰਕੇ ਤੁਸੀਂ ਕਿੰਨਾ ਧੀਰਜ ਰੱਖਿਆ ਹੈ। 4 ਭਰਾਵੋ, ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਸ ਨੇ ਤੁਹਾਨੂੰ ਚੁਣਿਆ ਹੈ 5 ਕਿਉਂਕਿ ਅਸੀਂ ਤੁਹਾਨੂੰ ਜਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਉਹ ਖੋਖਲੀ ਸਾਬਤ ਨਹੀਂ ਹੋਈ, ਸਗੋਂ ਇਸ ਨੇ ਤੁਹਾਡੇ ਉੱਤੇ ਡੂੰਘਾ ਅਸਰ ਪਾਇਆ ਅਤੇ ਇਹ ਖ਼ੁਸ਼ ਖ਼ਬਰੀ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਪੂਰੇ ਵਿਸ਼ਵਾਸ ਨਾਲ ਸੁਣਾਈ ਗਈ ਸੀ। ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਫ਼ਾਇਦੇ ਲਈ ਕੀ-ਕੀ ਕੀਤਾ ਸੀ। 6 ਤੁਸੀਂ ਬਹੁਤ ਕਸ਼ਟ ਸਹਿੰਦੇ ਹੋਏ+ ਪਰਮੇਸ਼ੁਰ ਦੇ ਬਚਨ ਨੂੰ ਖ਼ੁਸ਼ੀ ਨਾਲ ਕਬੂਲ ਕੀਤਾ ਜੋ ਪਵਿੱਤਰ ਸ਼ਕਤੀ ਦੁਆਰਾ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਸਾਡੀ ਅਤੇ ਪ੍ਰਭੂ ਦੀ ਮਿਸਾਲ ਉੱਤੇ ਚੱਲੇ+ 7 ਅਤੇ ਤੁਸੀਂ ਮਕਦੂਨੀਆ ਅਤੇ ਅਖਾਯਾ ਵਿਚ ਮਸੀਹ ਦੇ ਸਾਰੇ ਚੇਲਿਆਂ ਲਈ ਮਿਸਾਲ ਬਣੇ।

8 ਅਸਲ ਵਿਚ, ਤੁਹਾਡੇ ਕਰਕੇ ਪੂਰੇ ਮਕਦੂਨੀਆ ਅਤੇ ਅਖਾਯਾ ਵਿਚ ਲੋਕਾਂ ਨੇ ਨਾ ਸਿਰਫ਼ ਯਹੋਵਾਹ* ਦਾ ਬਚਨ ਸੁਣਿਆ, ਸਗੋਂ ਹਰ ਜਗ੍ਹਾ ਪਰਮੇਸ਼ੁਰ ਉੱਤੇ ਤੁਹਾਡੀ ਨਿਹਚਾ ਦੇ ਚਰਚੇ ਹੋ ਰਹੇ ਹਨ,+ ਇਸ ਕਰਕੇ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ। 9 ਇੱਥੋਂ ਦੇ ਲੋਕ ਆਪ ਦੱਸ ਰਹੇ ਹਨ ਕਿ ਅਸੀਂ ਪਹਿਲਾਂ ਤੁਹਾਨੂੰ ਕਿਵੇਂ ਮਿਲੇ ਸੀ ਅਤੇ ਤੁਸੀਂ ਕਿਵੇਂ ਆਪਣੀਆਂ ਮੂਰਤੀਆਂ+ ਨੂੰ ਛੱਡ ਕੇ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦੇ ਦਾਸ ਬਣੇ ਸੀ 10 ਅਤੇ ਤੁਸੀਂ ਸਵਰਗੋਂ ਉਸ ਦੇ ਪੁੱਤਰ ਯਿਸੂ ਦੇ ਆਉਣ ਦੀ ਉਡੀਕ ਕਰਦੇ ਹੋ+ ਜਿਸ ਨੂੰ ਉਸ ਨੇ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ ਅਤੇ ਉਹ ਸਾਨੂੰ ਪਰਮੇਸ਼ੁਰ ਦੇ ਕ੍ਰੋਧ ਤੋਂ ਬਚਾਵੇਗਾ ਜੋ ਜਲਦੀ ਹੀ ਭੜਕੇਗਾ।+

2 ਭਰਾਵੋ, ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਬੇਕਾਰ ਨਹੀਂ ਗਿਆ।+ 2 ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਫ਼ਿਲਿੱਪੈ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ+ ਅਤੇ ਸਾਨੂੰ ਬੇਇੱਜ਼ਤ ਕੀਤਾ ਗਿਆ, ਫਿਰ ਵੀ ਅਸੀਂ ਪਰਮੇਸ਼ੁਰ ਦੀ ਮਦਦ ਨਾਲ ਦਲੇਰ* ਹੋ ਕੇ ਸਖ਼ਤ ਵਿਰੋਧ ਦੇ ਬਾਵਜੂਦ* ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ।+ 3 ਅਸੀਂ ਤੁਹਾਨੂੰ ਜੋ ਵੀ ਨਸੀਹਤ ਦਿੰਦੇ ਹਾਂ, ਉਹ ਗ਼ਲਤ ਵਿਚਾਰਾਂ ਦੇ ਆਧਾਰ ʼਤੇ ਜਾਂ ਗ਼ਲਤ ਇਰਾਦੇ ਨਾਲ ਜਾਂ ਧੋਖਾ ਦੇਣ ਲਈ ਨਹੀਂ ਦਿੰਦੇ, 4 ਸਗੋਂ ਪਰਮੇਸ਼ੁਰ ਨੇ ਸਾਨੂੰ ਕਾਬਲ ਸਮਝ ਕੇ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਸੌਂਪਿਆ ਹੈ। ਇਸ ਲਈ ਅਸੀਂ ਜੋ ਵੀ ਕਹਿੰਦੇ ਹਾਂ, ਉਹ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕਹਿੰਦੇ ਹਾਂ ਜਿਹੜਾ ਸਾਡੇ ਦਿਲਾਂ ਨੂੰ ਜਾਂਚਦਾ ਹੈ।+

5 ਅਸਲ ਵਿਚ, ਤੁਸੀਂ ਜਾਣਦੇ ਹੋ ਕਿ ਅਸੀਂ ਨਾ ਕਿਸੇ ਦੀ ਚਾਪਲੂਸੀ ਕੀਤੀ ਅਤੇ ਨਾ ਹੀ ਲਾਲਚ ਵਿਚ ਆ ਕੇ ਕੁਝ ਕੀਤਾ ਅਤੇ ਫਿਰ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।+ ਪਰਮੇਸ਼ੁਰ ਇਸ ਗੱਲ ਦਾ ਗਵਾਹ ਹੈ! 6 ਅਸੀਂ ਨਾ ਤੁਹਾਡੇ ਤੋਂ ਅਤੇ ਨਾ ਹੀ ਦੂਸਰਿਆਂ ਤੋਂ ਆਪਣੀ ਵਾਹ-ਵਾਹ ਕਰਾਉਣੀ ਚਾਹੀ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਪਾ ਸਕਦੇ ਸੀ।+ 7 ਇਸ ਦੀ ਬਜਾਇ, ਅਸੀਂ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਏ, ਜਿਵੇਂ ਮਾਂ ਆਪਣੇ ਦੁੱਧ ਚੁੰਘਦੇ ਬੱਚੇ ਦੀ ਪਿਆਰ ਨਾਲ ਦੇਖ-ਭਾਲ ਕਰਦੀ ਹੈ। 8 ਇਸ ਲਈ ਤੁਹਾਡੇ ਨਾਲ ਬਹੁਤ ਪਿਆਰ ਅਤੇ ਮੋਹ ਹੋਣ ਕਰਕੇ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਹੀ ਨਹੀਂ,+ ਸਗੋਂ ਤੁਹਾਡੇ ਲਈ ਆਪਣੀਆਂ ਜਾਨਾਂ ਵੀ ਵਾਰਨ ਲਈ ਤਿਆਰ ਸੀ।+

9 ਭਰਾਵੋ, ਤੁਹਾਨੂੰ ਜ਼ਰੂਰ ਯਾਦ ਹੋਣਾ ਕਿ ਅਸੀਂ ਕਿੰਨੀ ਅਣਥੱਕ ਮਿਹਨਤ ਕੀਤੀ। ਜਦੋਂ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ, ਤਾਂ ਅਸੀਂ ਦਿਨ-ਰਾਤ ਕੰਮ ਕੀਤਾ ਤਾਂਕਿ ਅਸੀਂ ਤੁਹਾਡੇ ਵਿੱਚੋਂ ਕਿਸੇ ਉੱਤੇ ਵੀ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+ 10 ਤੁਹਾਡੇ ਨਾਲ-ਨਾਲ ਪਰਮੇਸ਼ੁਰ ਵੀ ਇਸ ਗੱਲ ਦਾ ਗਵਾਹ ਹੈ ਕਿ ਤੁਹਾਡੀ ਮਦਦ ਕਰਨ ਦੇ ਸੰਬੰਧ ਵਿਚ ਅਸੀਂ ਵਫ਼ਾਦਾਰ, ਧਰਮੀ ਅਤੇ ਨਿਰਦੋਸ਼ ਸਾਬਤ ਹੋਏ। 11 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨਸੀਹਤਾਂ, ਦਿਲਾਸਾ ਅਤੇ ਸਲਾਹਾਂ ਦਿੰਦੇ ਰਹੇ,+ ਠੀਕ ਜਿਵੇਂ ਪਿਤਾ+ ਆਪਣੇ ਬੱਚਿਆਂ ਨੂੰ ਦਿੰਦਾ ਹੈ 12 ਤਾਂਕਿ ਤੁਹਾਡਾ ਚਾਲ-ਚਲਣ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ+ ਜਿਸ ਨੇ ਤੁਹਾਨੂੰ ਆਪਣੇ ਰਾਜ ਵਿਚ+ ਮਹਿਮਾ ਪਾਉਣ ਲਈ ਸੱਦਿਆ ਹੈ।+

13 ਇਸੇ ਕਰਕੇ ਅਸੀਂ ਪਰਮੇਸ਼ੁਰ ਦਾ ਵਾਰ-ਵਾਰ ਧੰਨਵਾਦ ਕਰਦੇ ਹਾਂ+ ਕਿ ਜਦੋਂ ਤੁਸੀਂ ਸਾਡੇ ਤੋਂ ਪਰਮੇਸ਼ੁਰ ਦਾ ਬਚਨ ਸੁਣਿਆ, ਤਾਂ ਤੁਸੀਂ ਇਸ ਨੂੰ ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ ਜੋ ਕਿ ਸੱਚ-ਮੁੱਚ ਹੈ ਅਤੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਪ੍ਰਭਾਵ ਪਾ ਰਿਹਾ ਹੈ। 14 ਭਰਾਵੋ, ਤੁਸੀਂ ਯਹੂਦਿਯਾ ਵਿਚ ਪਰਮੇਸ਼ੁਰ ਦੀਆਂ ਮੰਡਲੀਆਂ ਦੀ ਮਿਸਾਲ ਉੱਤੇ ਚੱਲੇ ਜਿਹੜੀਆਂ ਮਸੀਹ ਯਿਸੂ ਨਾਲ ਏਕਤਾ ਵਿਚ ਹਨ। ਜਿਵੇਂ ਉੱਥੇ ਦੇ ਭਰਾ ਯਹੂਦੀਆਂ ਦੇ ਹੱਥੋਂ+ ਅਤਿਆਚਾਰ ਸਹਿ ਰਹੇ ਹਨ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਕੌਮ ਦੇ ਲੋਕਾਂ ਦੇ ਹੱਥੋਂ ਅਤਿਆਚਾਰ ਸਹੇ ਹਨ। 15 ਯਹੂਦੀਆਂ ਨੇ ਤਾਂ ਪ੍ਰਭੂ ਯਿਸੂ+ ਅਤੇ ਨਬੀਆਂ ਨੂੰ ਵੀ ਜਾਨੋਂ ਮਾਰ ਦਿੱਤਾ ਸੀ+ ਅਤੇ ਉਨ੍ਹਾਂ ਨੇ ਸਾਡੇ ਉੱਤੇ ਅਤਿਆਚਾਰ ਕੀਤੇ। ਨਾਲੇ ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੇ, ਸਗੋਂ ਸਾਰੇ ਲੋਕਾਂ ਦੇ ਭਲੇ ਦੇ ਖ਼ਿਲਾਫ਼ ਕੰਮ ਕਰਦੇ ਹਨ। 16 ਅਸੀਂ ਹੋਰ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਤਾਂਕਿ ਉਨ੍ਹਾਂ ਦੀਆਂ ਜਾਨਾਂ ਬਚ ਸਕਣ, ਪਰ ਉਹ ਸਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਹਨ।+ ਇਸ ਤਰ੍ਹਾਂ ਉਹ ਆਪਣੇ ਪਾਪਾਂ ਦਾ ਘੜਾ ਹਮੇਸ਼ਾ ਭਰਦੇ ਰਹਿੰਦੇ ਹਨ। ਪਰ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕੇਗਾ।+

17 ਪਰ ਭਰਾਵੋ, ਜਦੋਂ ਸਾਨੂੰ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤਾ ਗਿਆ ਸੀ (ਨਜ਼ਰਾਂ ਤੋਂ ਦੂਰ, ਪਰ ਦਿਲਾਂ ਤੋਂ ਦੂਰ ਨਹੀਂ), ਤਾਂ ਅਸੀਂ ਤੁਹਾਨੂੰ ਦੁਬਾਰਾ ਮਿਲਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਅਸੀਂ ਤੁਹਾਨੂੰ ਮਿਲਣ ਲਈ* ਤਰਸ ਰਹੇ ਸੀ। 18 ਇਸ ਕਰਕੇ ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸੀ। ਹਾਂ, ਮੈਂ ਪੌਲੁਸ ਨੇ ਇਕ ਵਾਰ ਨਹੀਂ, ਸਗੋਂ ਦੋ ਵਾਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਸ਼ੈਤਾਨ ਨੇ ਸਾਡਾ ਰਾਹ ਰੋਕਿਆ। 19 ਸਾਡੇ ਪ੍ਰਭੂ ਯਿਸੂ ਦੀ ਮੌਜੂਦਗੀ ਦੌਰਾਨ ਉਸ ਦੇ ਸਾਮ੍ਹਣੇ ਸਾਡੀ ਉਮੀਦ, ਸਾਡੀ ਖ਼ੁਸ਼ੀ ਅਤੇ ਸਾਡੇ ਮਾਣ ਦਾ ਮੁਕਟ ਕੌਣ ਹੈ? ਕੀ ਤੁਸੀਂ ਨਹੀਂ ਹੋ?+ 20 ਹਾਂ, ਤੁਸੀਂ ਹੀ ਸਾਡਾ ਮਾਣ ਅਤੇ ਸਾਡੀ ਖ਼ੁਸ਼ੀ ਹੋ।

3 ਇਸ ਲਈ ਜਦੋਂ ਅਸੀਂ ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕੇ, ਤਾਂ ਅਸੀਂ ਐਥਿਨਜ਼+ ਵਿਚ ਹੀ ਰਹਿਣਾ ਠੀਕ ਸਮਝਿਆ 2 ਅਤੇ ਅਸੀਂ ਆਪਣੇ ਭਰਾ ਤਿਮੋਥਿਉਸ+ ਨੂੰ ਤੁਹਾਡੇ ਕੋਲ ਘੱਲਿਆ ਜੋ ਮਸੀਹ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਪਰਮੇਸ਼ੁਰ ਦਾ ਸੇਵਕ* ਹੈ। ਅਸੀਂ ਉਸ ਨੂੰ ਤੁਹਾਡੀ ਨਿਹਚਾ ਪੱਕੀ ਕਰਨ ਅਤੇ ਤੁਹਾਨੂੰ ਦਿਲਾਸਾ ਦੇਣ ਲਈ ਘੱਲਿਆ 3 ਤਾਂਕਿ ਇਨ੍ਹਾਂ ਮੁਸੀਬਤਾਂ ਕਰਕੇ ਕੋਈ ਵੀ ਡਾਵਾਂ-ਡੋਲ ਨਾ ਹੋ ਜਾਵੇ। ਤੁਸੀਂ ਜਾਣਦੇ ਹੀ ਹੋ ਕਿ ਅਸੀਂ ਅਜਿਹੀਆਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ।*+ 4 ਅਸਲ ਵਿਚ, ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਹੁਣ ਇਸੇ ਤਰ੍ਹਾਂ ਹੋ ਰਿਹਾ ਹੈ।+ 5 ਇਸ ਕਰਕੇ ਜਦੋਂ ਮੈਂ ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕਿਆ, ਤਾਂ ਮੈਂ ਤਿਮੋਥਿਉਸ ਨੂੰ ਇਹ ਪਤਾ ਕਰਨ ਲਈ ਘੱਲਿਆ ਕਿ ਤੁਸੀਂ ਅਜੇ ਵੀ ਵਫ਼ਾਦਾਰ ਹੋ ਜਾਂ ਨਹੀਂ+ ਕਿਉਂਕਿ ਮੈਨੂੰ ਡਰ ਸੀ+ ਕਿ ਕਿਤੇ ਸ਼ੈਤਾਨ ਨੇ ਤੁਹਾਨੂੰ ਕਿਸੇ ਤਰ੍ਹਾਂ ਭਰਮਾ ਕੇ ਸਾਡੀ ਮਿਹਨਤ ਬੇਕਾਰ ਨਾ ਕਰ ਦਿੱਤੀ ਹੋਵੇ।

6 ਤਿਮੋਥਿਉਸ ਹੁਣੇ-ਹੁਣੇ ਤੁਹਾਡੇ ਕੋਲੋਂ ਆਇਆ ਹੈ+ ਅਤੇ ਉਸ ਨੇ ਸਾਨੂੰ ਤੁਹਾਡੀ ਵਫ਼ਾਦਾਰੀ ਅਤੇ ਪਿਆਰ ਦੀ ਚੰਗੀ ਖ਼ਬਰ ਸੁਣਾਈ ਹੈ ਅਤੇ ਇਹ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਨਾਲ ਚੇਤੇ ਕਰਦੇ ਹੋ ਅਤੇ ਸਾਨੂੰ ਮਿਲਣ ਲਈ ਤਰਸ ਰਹੇ ਹੋ ਜਿਵੇਂ ਅਸੀਂ ਵੀ ਤੁਹਾਨੂੰ ਮਿਲਣ ਲਈ ਤਰਸਦੇ ਹਾਂ। 7 ਇਸੇ ਕਰਕੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟਾਂ* ਅਤੇ ਮੁਸੀਬਤਾਂ ਵਿਚ ਤੁਹਾਡੇ ਕਰਕੇ ਅਤੇ ਤੁਹਾਡੀ ਵਫ਼ਾਦਾਰੀ ਕਰਕੇ ਦਿਲਾਸਾ ਮਿਲਿਆ ਹੈ।+ 8 ਪ੍ਰਭੂ ਨਾਲ ਤੁਹਾਡੇ ਮਜ਼ਬੂਤ ਰਿਸ਼ਤੇ ਬਾਰੇ ਜਾਣ ਕੇ ਸਾਡੇ ਵਿਚ ਦੁਬਾਰਾ ਜਾਨ ਪੈ ਗਈ ਹੈ। 9 ਤੁਹਾਡੇ ਕਰਕੇ ਸਾਨੂੰ ਪਰਮੇਸ਼ੁਰ ਦੀ ਹਜ਼ੂਰੀ ਵਿਚ ਜੋ ਬੇਹੱਦ ਖ਼ੁਸ਼ੀ ਮਿਲੀ ਹੈ, ਉਸ ਲਈ ਅਸੀਂ ਕਿਨ੍ਹਾਂ ਸ਼ਬਦਾਂ ਵਿਚ ਉਸ ਦਾ ਧੰਨਵਾਦ ਕਰੀਏ? 10 ਅਸੀਂ ਦਿਨ-ਰਾਤ ਦਿਲੋਂ ਇਹੀ ਫ਼ਰਿਆਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੇਖ ਸਕੀਏ* ਅਤੇ ਹਰ ਤਰ੍ਹਾਂ ਤੁਹਾਡੀ ਮਦਦ ਕਰ ਕੇ ਤੁਹਾਡੀ ਨਿਹਚਾ ਪੱਕੀ ਕਰ ਸਕੀਏ।+

11 ਹੁਣ ਸਾਡੀ ਇਹੀ ਦੁਆ ਹੈ ਕਿ ਸਾਡਾ ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਤੁਹਾਡੇ ਕੋਲ ਆਉਣ ਲਈ ਸਾਡੇ ਵਾਸਤੇ ਰਾਹ ਕੱਢ ਦੇਣ। 12 ਨਾਲੇ ਸਾਡੀ ਦੁਆ ਹੈ ਕਿ ਪ੍ਰਭੂ ਦੀ ਮਦਦ ਨਾਲ ਤੁਹਾਡਾ ਇਕ-ਦੂਜੇ ਲਈ+ ਅਤੇ ਸਾਰਿਆਂ ਲਈ ਪਿਆਰ ਵਧਦਾ ਜਾਵੇ, ਜਿਵੇਂ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ 13 ਤਾਂਕਿ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਸੇਵਕਾਂ ਨਾਲ ਮੌਜੂਦ ਹੋਵੇਗਾ,+ ਤਾਂ ਉਹ ਸਾਡੇ ਪਿਤਾ ਪਰਮੇਸ਼ੁਰ ਸਾਮ੍ਹਣੇ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ+ ਅਤੇ ਤੁਹਾਨੂੰ ਨਿਰਦੋਸ਼ ਠਹਿਰਾਵੇ ਅਤੇ ਪਵਿੱਤਰ ਕਰੇ।

4 ਭਰਾਵੋ, ਅਸੀਂ ਤੁਹਾਨੂੰ ਸਿਖਾਇਆ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤੁਹਾਡਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਹੈ।+ ਅਸਲ ਵਿਚ, ਤੁਹਾਡਾ ਚਾਲ-ਚਲਣ ਅਜਿਹਾ ਹੀ ਹੈ। ਹੁਣ ਅਖ਼ੀਰ ਵਿਚ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ʼਤੇ ਬੇਨਤੀ ਅਤੇ ਤਾਕੀਦ ਕਰਦੇ ਹਾਂ ਕਿ ਤੁਸੀਂ ਆਪਣਾ ਚਾਲ-ਚਲਣ ਇਹੋ ਜਿਹਾ ਰੱਖਣ ਦੀ ਹੋਰ ਵੀ ਕੋਸ਼ਿਸ਼ ਕਰੋ। 2 ਤੁਸੀਂ ਉਨ੍ਹਾਂ ਹਿਦਾਇਤਾਂ* ਨੂੰ ਜਾਣਦੇ ਹੋ ਜਿਹੜੀਆਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਵੱਲੋਂ ਦਿੱਤੀਆਂ ਸਨ।

3 ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ+ ਅਤੇ ਹਰਾਮਕਾਰੀ*+ ਤੋਂ ਦੂਰ ਰਹੋ। 4 ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਸਰੀਰ+ ਨੂੰ ਪਵਿੱਤਰ+ ਅਤੇ ਆਦਰਯੋਗ ਤਰੀਕੇ ਨਾਲ ਕਿਵੇਂ ਕਾਬੂ ਵਿਚ ਰੱਖਣਾ ਹੈ। 5 ਤੁਸੀਂ ਲਾਲਚ ਵਿਚ ਆ ਕੇ ਆਪਣੀ ਕਾਮ-ਵਾਸ਼ਨਾ ਨੂੰ ਬੇਕਾਬੂ ਨਾ ਹੋਣ ਦਿਓ,+ ਜਿਵੇਂ ਦੁਨੀਆਂ ਦੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।+ 6 ਕਿਸੇ ਨੂੰ ਵੀ ਇਸ ਮਾਮਲੇ ਵਿਚ ਆਪਣੀ ਹੱਦ ਪਾਰ ਕਰਦੇ ਹੋਏ ਆਪਣੇ ਭਰਾ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਕਿਉਂਕਿ ਯਹੋਵਾਹ* ਅਜਿਹੇ ਸਾਰੇ ਪਾਪਾਂ ਦੀ ਸਜ਼ਾ ਜ਼ਰੂਰ ਦੇਵੇਗਾ, ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਅਤੇ ਸਖ਼ਤ ਚੇਤਾਵਨੀ ਦਿੱਤੀ ਸੀ। 7 ਪਰਮੇਸ਼ੁਰ ਨੇ ਸਾਨੂੰ ਗੰਦੀ ਜ਼ਿੰਦਗੀ ਜੀਉਣ ਲਈ ਨਹੀਂ, ਸਗੋਂ ਪਵਿੱਤਰ ਜ਼ਿੰਦਗੀ ਜੀਉਣ ਲਈ ਸੱਦਿਆ ਹੈ।+ 8 ਇਸ ਲਈ ਜਿਹੜਾ ਇਸ ਸਿੱਖਿਆ ਦੇ ਖ਼ਿਲਾਫ਼ ਜਾਂਦਾ ਹੈ, ਉਹ ਇਨਸਾਨਾਂ ਦੇ ਖ਼ਿਲਾਫ਼ ਨਹੀਂ, ਸਗੋਂ ਪਰਮੇਸ਼ੁਰ ਦੇ ਖ਼ਿਲਾਫ਼ ਜਾਂਦਾ ਹੈ+ ਜਿਹੜਾ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ।+

9 ਪਰ ਜਿੱਥੋਂ ਤਕ ਭਰਾਵਾਂ ਨੂੰ ਪਿਆਰ ਕਰਨ ਦੀ ਗੱਲ ਹੈ,+ ਸਾਨੂੰ ਇਸ ਬਾਰੇ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ।+ 10 ਅਸਲ ਵਿਚ, ਤੁਸੀਂ ਮਕਦੂਨੀਆ ਦੇ ਸਾਰੇ ਭਰਾਵਾਂ ਨਾਲ ਪਿਆਰ ਕਰ ਰਹੇ ਹੋ। ਪਰ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ। 11 ਜਿਵੇਂ ਅਸੀਂ ਤੁਹਾਨੂੰ ਸਿਖਾਇਆ ਸੀ, ਤੁਸੀਂ ਸ਼ਾਂਤੀ ਨਾਲ ਜ਼ਿੰਦਗੀ ਜੀਉਣ+ ਅਤੇ ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਉਣ+ ਅਤੇ ਹੱਥੀਂ ਮਿਹਨਤ ਕਰਨ ਦੀ ਪੂਰੀ ਕੋਸ਼ਿਸ਼ ਕਰੋ+ 12 ਤਾਂਕਿ ਬਾਹਰਲੇ ਲੋਕਾਂ ਦੀਆਂ ਨਜ਼ਰਾਂ ਵਿਚ ਤੁਸੀਂ ਨੇਕੀ ਨਾਲ ਚੱਲ ਸਕੋ+ ਅਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ।

13 ਇਸ ਤੋਂ ਇਲਾਵਾ ਭਰਾਵੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਗੱਲੋਂ ਵੀ ਅਣਜਾਣ ਨਾ ਰਹੋ ਕਿ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਨਾਲ ਕੀ ਹੋਵੇਗਾ+ ਤਾਂਕਿ ਤੁਸੀਂ ਬਾਕੀ ਲੋਕਾਂ ਵਾਂਗ ਸੋਗ ਨਾ ਮਨਾਓ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।+ 14 ਜੇ ਸਾਨੂੰ ਨਿਹਚਾ ਹੈ ਕਿ ਯਿਸੂ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਸੀ,+ ਤਾਂ ਸਾਨੂੰ ਇਹ ਵੀ ਨਿਹਚਾ ਹੈ ਕਿ ਜਿਹੜੇ ਲੋਕ ਯਿਸੂ ਪ੍ਰਤੀ ਵਫ਼ਾਦਾਰ ਰਹਿੰਦਿਆਂ ਮੌਤ ਦੀ ਨੀਂਦ ਸੌਂ ਗਏ ਹਨ, ਉਨ੍ਹਾਂ ਨੂੰ ਵੀ ਪਰਮੇਸ਼ੁਰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਵੇਗਾ।+ 15 ਅਸੀਂ ਤੁਹਾਨੂੰ ਯਹੋਵਾਹ* ਦੇ ਬਚਨ ਅਨੁਸਾਰ ਹੀ ਦੱਸ ਰਹੇ ਹਾਂ ਕਿ ਸਾਡੇ ਵਿੱਚੋਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਣਗੇ, ਉਨ੍ਹਾਂ ਨੂੰ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਤੋਂ ਪਹਿਲਾਂ ਸਵਰਗ ਨਹੀਂ ਲਿਜਾਇਆ ਜਾਵੇਗਾ 16 ਕਿਉਂਕਿ ਪ੍ਰਭੂ ਆਪ ਮਹਾਂ ਦੂਤ+ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲੈ ਕੇ ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ।+ 17 ਇਸ ਤੋਂ ਬਾਅਦ ਅਸੀਂ ਜਿਹੜੇ ਜੀਉਂਦੇ ਹਾਂ ਅਤੇ ਬਾਕੀ ਬਚੇ ਹਾਂ, ਬੱਦਲਾਂ ਵਿਚ ਉਠਾਏ ਜਾਵਾਂਗੇ+ ਤਾਂਕਿ ਅਸੀਂ ਉਨ੍ਹਾਂ ਦੇ ਨਾਲ ਹੋਈਏ ਅਤੇ ਹਵਾ ਵਿਚ ਪ੍ਰਭੂ ਨੂੰ ਮਿਲੀਏ।+ ਫਿਰ ਅਸੀਂ ਹਮੇਸ਼ਾ ਪ੍ਰਭੂ ਦੇ ਨਾਲ ਰਹਾਂਗੇ।+ 18 ਇਸ ਲਈ ਇਨ੍ਹਾਂ ਗੱਲਾਂ ਨਾਲ ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।

5 ਭਰਾਵੋ, ਅਸੀਂ ਤੁਹਾਨੂੰ ਇਸ ਬਾਰੇ ਲਿਖਣਾ ਜ਼ਰੂਰੀ ਨਹੀਂ ਸਮਝਦੇ ਕਿ ਇਨ੍ਹਾਂ ਘਟਨਾਵਾਂ ਦੇ ਵਾਪਰਨ ਦਾ ਮਿਥਿਆ ਸਮਾਂ ਕਿਹੜਾ ਹੈ। 2 ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ* ਦਾ ਦਿਨ+ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।+ 3 ਜਦੋਂ ਲੋਕ ਕਹਿ ਰਹੇ ਹੋਣਗੇ: “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ,+ ਜਿਵੇਂ ਗਰਭਵਤੀ ਤੀਵੀਂ ਨੂੰ ਅਚਾਨਕ ਜਣਨ-ਪੀੜਾਂ ਲੱਗਦੀਆਂ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਣਗੇ। 4 ਪਰ ਭਰਾਵੋ, ਤੁਸੀਂ ਹਨੇਰੇ ਵਿਚ ਨਹੀਂ ਹੋ, ਇਸ ਲਈ ਤੁਹਾਡੇ ਉੱਤੇ ਉਹ ਦਿਨ ਅਚਾਨਕ ਨਹੀਂ ਆਵੇਗਾ, ਜਿਵੇਂ ਦਿਨ ਦਾ ਚਾਨਣ ਚੋਰਾਂ ਉੱਤੇ ਅਚਾਨਕ ਆ ਪੈਂਦਾ ਹੈ 5 ਕਿਉਂਕਿ ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਪੁੱਤਰ ਹੋ।+ ਅਸੀਂ ਰਾਤ ਅਤੇ ਹਨੇਰੇ ਦੇ ਪੁੱਤਰ ਨਹੀਂ ਹਾਂ।+

6 ਇਸ ਲਈ ਆਓ ਆਪਾਂ ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹੀਏ,+ ਸਗੋਂ ਆਓ ਆਪਾਂ ਜਾਗਦੇ ਰਹੀਏ+ ਅਤੇ ਹੋਸ਼ ਵਿਚ ਰਹੀਏ।+ 7 ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੁੰਦੇ ਹਨ।+ 8 ਪਰ ਅਸੀਂ ਦਿਨ ਦੇ ਪੁੱਤਰ ਹਾਂ, ਇਸ ਲਈ ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾਈਏ+ 9 ਕਿਉਂਕਿ ਪਰਮੇਸ਼ੁਰ ਨੇ ਸਾਨੂੰ ਸਜ਼ਾ ਪਾਉਣ ਲਈ ਨਹੀਂ, ਸਗੋਂ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ ਹੈ।+ 10 ਉਹ ਸਾਡੀ ਖ਼ਾਤਰ ਮਰਿਆ+ ਤਾਂਕਿ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰੀਏ, ਭਾਵੇਂ ਅਸੀਂ ਜਾਗਦੇ ਰਹੀਏ ਜਾਂ ਸੌਂ ਜਾਈਏ।*+ 11 ਇਸ ਲਈ ਇਕ-ਦੂਜੇ ਨੂੰ ਹੌਸਲਾ* ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ,+ ਠੀਕ ਜਿਵੇਂ ਤੁਸੀਂ ਕਰ ਰਹੇ ਹੋ।

12 ਹੁਣ ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਦੀ ਸੇਵਾ ਵਿਚ ਤੁਹਾਡੀ ਅਗਵਾਈ ਕਰਦੇ ਹਨ ਅਤੇ ਤੁਹਾਨੂੰ ਸਲਾਹਾਂ ਦਿੰਦੇ ਹਨ। 13 ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦੀ ਜ਼ਿਆਦਾ ਇੱਜ਼ਤ ਕਰੋ।+ ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖੋ।+ 14 ਦੂਜੇ ਪਾਸੇ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਅਣਆਗਿਆਕਾਰ ਮਸੀਹੀਆਂ ਨੂੰ ਚੇਤਾਵਨੀ ਦਿਓ,*+ ਨਿਰਾਸ਼ ਲੋਕਾਂ* ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।+ 15 ਧਿਆਨ ਰੱਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਵੱਟੇ ਬੁਰਾਈ ਨਾ ਕਰੇ,+ ਸਗੋਂ ਤੁਸੀਂ ਇਕ-ਦੂਜੇ ਦਾ ਅਤੇ ਸਾਰਿਆਂ ਦਾ ਭਲਾ ਕਰਨ ਵਿਚ ਲੱਗੇ ਰਹੋ।+

16 ਹਮੇਸ਼ਾ ਖ਼ੁਸ਼ ਰਹੋ।+ 17 ਲਗਾਤਾਰ ਪ੍ਰਾਰਥਨਾ ਕਰਦੇ ਰਹੋ।+ 18 ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ।+ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਤੁਹਾਡੇ ਤੋਂ ਇਹੀ ਚਾਹੁੰਦਾ ਹੈ। 19 ਪਵਿੱਤਰ ਸ਼ਕਤੀ* ਦੇ ਕੰਮ ਵਿਚ ਰੁਕਾਵਟ ਨਾ ਬਣੋ।*+ 20 ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ।+ 21 ਸਾਰੀਆਂ ਗੱਲਾਂ ਨੂੰ ਪਰਖੋ+ ਅਤੇ ਜਿਹੜੀਆਂ ਚੰਗੀਆਂ ਹਨ, ਉਨ੍ਹਾਂ ਉੱਤੇ ਪੱਕੇ ਰਹੋ। 22 ਹਰ ਤਰ੍ਹਾਂ ਦੀ ਦੁਸ਼ਟਤਾ ਤੋਂ ਦੂਰ ਰਹੋ।+

23 ਭਰਾਵੋ, ਮੈਂ ਦੁਆ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ ਦੌਰਾਨ ਤੁਹਾਡਾ ਮਨ,* ਜੀਵਨ ਅਤੇ ਸਰੀਰ ਪੂਰੀ ਤਰ੍ਹਾਂ ਨਿਰਦੋਸ਼ ਰਹੇ।+ 24 ਤੁਹਾਨੂੰ ਸੱਦਣ ਵਾਲਾ ਪਰਮੇਸ਼ੁਰ ਵਫ਼ਾਦਾਰ ਹੈ, ਇਸ ਲਈ ਉਹ ਜ਼ਰੂਰ ਇਸ ਤਰ੍ਹਾਂ ਕਰੇਗਾ।

25 ਭਰਾਵੋ, ਸਾਡੇ ਲਈ ਪ੍ਰਾਰਥਨਾ ਕਰਦੇ ਰਹੋ।+

26 ਪਿਆਰ ਨਾਲ ਚੁੰਮ ਕੇ ਸਾਰੇ ਭਰਾਵਾਂ ਦਾ ਸੁਆਗਤ ਕਰੋ।

27 ਮੈਂ ਪ੍ਰਭੂ ਦੇ ਨਾਂ ʼਤੇ ਤੁਹਾਨੂੰ ਇਹ ਗੰਭੀਰ ਜ਼ਿੰਮੇਵਾਰੀ ਸੌਂਪਦਾ ਹਾਂ ਕਿ ਇਹ ਚਿੱਠੀ ਸਾਰੇ ਭਰਾਵਾਂ ਨੂੰ ਪੜ੍ਹ ਕੇ ਸੁਣਾਈ ਜਾਵੇ।+

28 ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।

ਸੀਲਾਸ ਦਾ ਇਕ ਹੋਰ ਨਾਂ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਨਿਡਰ।”

ਜਾਂ ਸੰਭਵ ਹੈ, “ਕਾਫ਼ੀ ਜੱਦੋ-ਜਹਿਦ ਕਰਦੇ ਹੋਏ।”

ਯੂਨਾ, “ਤੁਹਾਡਾ ਮੂੰਹ ਦੇਖਣ ਲਈ।”

ਜਾਂ ਸੰਭਵ ਹੈ, “ਪਰਮੇਸ਼ੁਰ ਦੇ ਨਾਲ ਮਿਲ ਕੇ ਕੰਮ ਕਰਨ ਵਾਲਾ।”

ਜਾਂ, “ਮੁਸੀਬਤਾਂ ਸਹਿਣ ਲਈ ਠਹਿਰਾਏ ਗਏ ਹਾਂ।”

ਯੂਨਾ, “ਤੰਗੀਆਂ।”

ਯੂਨਾ, “ਤੁਹਾਡਾ ਮੂੰਹ ਦੇਖ ਸਕੀਏ।”

ਜਾਂ, “ਹੁਕਮਾਂ।”

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮੌਤ ਦੀ ਨੀਂਦ ਸੌਂ ਜਾਈਏ।”

ਜਾਂ, “ਦਿਲਾਸਾ।”

ਜਾਂ, “ਸਖ਼ਤੀ ਨਾਲ ਸਮਝਾਓ।”

ਜਾਂ, “ਹਿੰਮਤ ਹਾਰ ਚੁੱਕੇ ਲੋਕਾਂ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਯੂਨਾ, “ਪਵਿੱਤਰ ਸ਼ਕਤੀ ਦੀ ਅੱਗ ਨਾ ਬੁਝਾਓ।”

ਯੂਨਾ, “ਪਨੈਵਮਾ।” ਸ਼ਬਦਾਵਲੀ “ਰੂਆਖ; ਪਨੈਵਮਾ” ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ