ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਕੁਲੁੱਸੀਆਂ 1:1 - 4:18
  • ਕੁਲੁੱਸੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੁਲੁੱਸੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕੁਲੁੱਸੀਆਂ

ਕੁਲੁੱਸੀਆਂ ਨੂੰ ਚਿੱਠੀ

1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਸਾਡੇ ਭਰਾ ਤਿਮੋਥਿਉਸ+ ਨਾਲ ਮਿਲ ਕੇ 2 ਕੁਲੁੱਸੈ ਵਿਚ ਪਵਿੱਤਰ ਸੇਵਕਾਂ ਅਤੇ ਮਸੀਹ ਨਾਲ ਏਕਤਾ ਵਿਚ ਬੱਝੇ ਵਫ਼ਾਦਾਰ ਭਰਾਵਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ:

ਸਾਡਾ ਪਿਤਾ ਪਰਮੇਸ਼ੁਰ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ।

3 ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦਿਆਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ 4 ਕਿਉਂਕਿ ਅਸੀਂ ਸੁਣਿਆ ਹੈ ਕਿ ਤੁਸੀਂ ਮਸੀਹ ਯਿਸੂ ਉੱਤੇ ਨਿਹਚਾ ਕਰਦੇ ਹੋ ਅਤੇ ਸਾਰੇ ਪਵਿੱਤਰ ਸੇਵਕਾਂ ਨੂੰ ਪਿਆਰ ਕਰਦੇ ਹੋ 5 ਜੋ ਉਸ ਉਮੀਦ ਦੇ ਕਾਰਨ ਹੈ ਜਿਹੜੀ ਸਵਰਗ ਵਿਚ ਤੁਹਾਡੇ ਲਈ ਰੱਖੀ ਗਈ ਹੈ।+ ਤੁਸੀਂ ਉਸ ਉਮੀਦ ਬਾਰੇ ਉਦੋਂ ਸੁਣਿਆ ਸੀ ਜਦੋਂ ਤੁਹਾਨੂੰ ਸੱਚਾਈ ਦਾ ਸੰਦੇਸ਼ ਯਾਨੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ। 6 ਪੂਰੀ ਦੁਨੀਆਂ ਵਾਂਗ ਤੁਹਾਡੇ ਵਿਚ ਵੀ ਖ਼ੁਸ਼ ਖ਼ਬਰੀ ਫੈਲ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ।+ ਇਹ ਉਸ ਦਿਨ ਤੋਂ ਹੋ ਰਿਹਾ ਹੈ ਜਿਸ ਦਿਨ ਤੋਂ ਤੁਸੀਂ ਪਰਮੇਸ਼ੁਰ ਦੀ ਸੱਚੀ ਅਪਾਰ ਕਿਰਪਾ ਬਾਰੇ ਸੁਣਿਆ ਅਤੇ ਸਹੀ-ਸਹੀ ਜਾਣਿਆ। 7 ਇਸੇ ਬਾਰੇ ਤੁਸੀਂ ਪਿਆਰੇ ਭਰਾ ਇਪਫ੍ਰਾਸ+ ਤੋਂ ਸਿੱਖਿਆ ਹੈ ਜਿਹੜਾ ਸਾਡੇ ਨਾਲ ਮਸੀਹ ਦਾ ਵਫ਼ਾਦਾਰ ਸੇਵਕ ਅਤੇ ਦਾਸ ਹੈ ਅਤੇ ਸਾਡੀ ਖ਼ਾਤਰ ਤੁਹਾਡੀ ਮਦਦ ਕਰਦਾ ਹੈ। 8 ਉਸ ਨੇ ਸਾਨੂੰ ਤੁਹਾਡੇ ਪਿਆਰ ਬਾਰੇ ਵੀ ਦੱਸਿਆ ਹੈ ਜੋ ਤੁਹਾਡੇ ਵਿਚ ਪਵਿੱਤਰ ਸ਼ਕਤੀ ਦੀ ਮਦਦ ਨਾਲ ਪੈਦਾ ਹੋਇਆ ਹੈ।

9 ਇਸੇ ਕਰਕੇ ਜਿਸ ਦਿਨ ਤੋਂ ਅਸੀਂ ਤੁਹਾਡੀ ਨਿਹਚਾ ਅਤੇ ਤੁਹਾਡੇ ਪਿਆਰ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਇਹ ਪ੍ਰਾਰਥਨਾ ਕਰਨੋਂ ਨਹੀਂ ਹਟੇ+ ਕਿ ਤੁਹਾਨੂੰ ਉਸ ਦੀ ਇੱਛਾ ਦੇ ਸਹੀ ਗਿਆਨ+ ਦੇ ਨਾਲ-ਨਾਲ ਪੂਰੀ ਬੁੱਧ ਅਤੇ ਪਵਿੱਤਰ ਸ਼ਕਤੀ ਰਾਹੀਂ ਸਮਝ ਮਿਲੇ+ 10 ਤਾਂਕਿ ਤੁਹਾਡਾ ਚਾਲ-ਚਲਣ ਇਹੋ ਜਿਹਾ ਹੋਵੇ ਜਿਹੋ ਜਿਹਾ ਯਹੋਵਾਹ* ਦੇ ਸੇਵਕਾਂ ਦਾ ਹੁੰਦਾ ਹੈ ਅਤੇ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰ ਸਕੋ ਅਤੇ ਹਰ ਚੰਗਾ ਕੰਮ ਕਰਦੇ ਹੋਏ ਵਧੀਆ ਨਤੀਜੇ ਹਾਸਲ ਕਰੋ ਅਤੇ ਪਰਮੇਸ਼ੁਰ ਦੇ ਸਹੀ ਗਿਆਨ ਵਿਚ ਵਧਦੇ ਜਾਓ।+ 11 ਸਾਡੀ ਇਹੀ ਦੁਆ ਹੈ ਕਿ ਤੁਸੀਂ ਉਸ ਦੀ ਸ਼ਾਨਦਾਰ ਤਾਕਤ ਦੀ ਮਦਦ ਨਾਲ ਤਕੜੇ ਹੋ ਕੇ+ ਧੀਰਜ ਅਤੇ ਖ਼ੁਸ਼ੀ ਨਾਲ ਸਭ ਕੁਝ ਸਹਿ ਸਕੋ 12 ਅਤੇ ਪਿਤਾ ਦਾ ਧੰਨਵਾਦ ਕਰੋ ਜਿਸ ਨੇ ਤੁਹਾਨੂੰ ਉਸ ਵਿਰਾਸਤ ਦੇ ਹਿੱਸੇਦਾਰ ਬਣਨ ਦੇ ਯੋਗ ਬਣਾਇਆ ਹੈ+ ਜੋ ਚਾਨਣ ਵਿਚ ਚੱਲ ਰਹੇ ਪਵਿੱਤਰ ਸੇਵਕਾਂ ਨੂੰ ਮਿਲੇਗੀ।

13 ਉਹ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਛੁਡਾ ਕੇ+ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਲਿਆਇਆ ਸੀ 14 ਅਤੇ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਸਾਨੂੰ ਛੁਡਾਇਆ ਹੈ ਯਾਨੀ ਸਾਡੇ ਪਾਪ ਮਾਫ਼ ਕੀਤੇ ਹਨ।+ 15 ਪੁੱਤਰ ਅਦਿੱਖ ਪਰਮੇਸ਼ੁਰ ਦਾ ਸਰੂਪ* ਹੈ+ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ+ 16 ਕਿਉਂਕਿ ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਅਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ,+ ਚਾਹੇ ਉਹ ਸਿੰਘਾਸਣ ਹੋਣ ਜਾਂ ਹਕੂਮਤਾਂ ਜਾਂ ਸਰਕਾਰਾਂ ਜਾਂ ਅਧਿਕਾਰੀ। ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।+ 17 ਨਾਲੇ ਉਹ ਬਾਕੀ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਹੋਂਦ ਵਿਚ ਸੀ+ ਅਤੇ ਉਸੇ ਰਾਹੀਂ ਬਾਕੀ ਸਾਰੀਆਂ ਚੀਜ਼ਾਂ ਹੋਂਦ ਵਿਚ ਲਿਆਂਦੀਆਂ ਗਈਆਂ ਸਨ 18 ਅਤੇ ਉਹ ਸਰੀਰ ਯਾਨੀ ਮੰਡਲੀ ਦਾ ਮੁਖੀ ਹੈ।+ ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੈ ਅਤੇ ਮਰਿਆਂ ਵਿੱਚੋਂ ਜੀਉਂਦਾ ਹੋਇਆ ਜੇਠਾ ਹੈ,+ ਇਸ ਕਰਕੇ ਉਹੀ ਹਰ ਗੱਲ ਵਿਚ ਪਹਿਲਾ ਹੈ 19 ਕਿਉਂਕਿ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਕਿ ਉਸ ਦਾ ਪੁੱਤਰ ਸਾਰੀਆਂ ਗੱਲਾਂ ਵਿਚ ਮੁਕੰਮਲ ਹੋਵੇ*+ 20 ਅਤੇ ਉਸ ਰਾਹੀਂ, ਹਾਂ, ਤਸੀਹੇ ਦੀ ਸੂਲ਼ੀ* ਉੱਤੇ ਵਹਾਏ ਉਸ ਦੇ ਖ਼ੂਨ ਰਾਹੀਂ ਧਰਤੀ ਉਤਲੀਆਂ ਅਤੇ ਸਵਰਗ ਵਿਚਲੀਆਂ ਬਾਕੀ ਸਾਰੀਆਂ ਚੀਜ਼ਾਂ ਨਾਲ ਸ਼ਾਂਤੀ+ ਕਾਇਮ ਕਰ ਕੇ ਉਨ੍ਹਾਂ ਨਾਲ ਸੁਲ੍ਹਾ ਕਰੇ।+

21 ਇਕ ਸਮੇਂ ਤੇ ਤੁਸੀਂ ਪਰਮੇਸ਼ੁਰ ਤੋਂ ਦੂਰ ਸੀ ਅਤੇ ਉਸ ਦੇ ਦੁਸ਼ਮਣ ਸੀ ਕਿਉਂਕਿ ਤੁਹਾਡੇ ਮਨ ਦੁਸ਼ਟ ਕੰਮਾਂ ਵੱਲ ਲੱਗੇ ਹੋਏ ਸਨ। 22 ਹੁਣ ਪਰਮੇਸ਼ੁਰ ਨੇ ਉਸ ਦੀ ਮੌਤ ਦੇ ਰਾਹੀਂ ਤੁਹਾਡੇ ਨਾਲ ਸੁਲ੍ਹਾ ਕਰ ਲਈ ਹੈ ਜਿਸ ਨੇ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਸੀ ਤਾਂਕਿ ਪਰਮੇਸ਼ੁਰ ਤੁਹਾਨੂੰ ਆਪਣੇ ਸਾਮ੍ਹਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਖੜ੍ਹਾ ਕਰ ਸਕੇ,+ 23 ਬਸ਼ਰਤੇ ਕਿ ਤੁਸੀਂ ਨਿਹਚਾ ਵਿਚ ਪੱਕੇ ਰਹੋ,+ ਇਸ ਦੀ ਨੀਂਹ ਉੱਤੇ ਮਜ਼ਬੂਤੀ ਨਾਲ+ ਖੜ੍ਹੇ ਰਹੋ+ ਅਤੇ ਖ਼ੁਸ਼ ਖ਼ਬਰੀ ਰਾਹੀਂ ਮਿਲੀ ਉਮੀਦ ਨਾ ਛੱਡੋ ਜਿਸ ਦਾ ਪ੍ਰਚਾਰ ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ ਗਿਆ ਸੀ।+ ਮੈਂ ਪੌਲੁਸ ਇਸ ਖ਼ੁਸ਼ ਖ਼ਬਰੀ ਦਾ ਸੇਵਕ ਬਣਿਆ।+

24 ਮੈਨੂੰ ਤੁਹਾਡੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ੀ ਹੁੰਦੀ ਹੈ+ ਅਤੇ ਮਸੀਹ ਕਰਕੇ ਮੈਂ ਉਸ ਦੇ ਸਰੀਰ ਯਾਨੀ ਮੰਡਲੀ+ ਦੀ ਖ਼ਾਤਰ ਆਪਣੇ ਸਰੀਰ ਵਿਚ ਹੋਰ ਦੁੱਖ ਝੱਲਦੇ ਰਹਿਣ ਲਈ ਤਿਆਰ ਹਾਂ।+ 25 ਮੈਂ ਇਸ ਮੰਡਲੀ ਦਾ ਸੇਵਕ ਇਸ ਲਈ ਬਣਿਆ ਹਾਂ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ+ ਕਿ ਮੈਂ ਤੁਹਾਡੀ ਖ਼ਾਤਰ ਉਸ ਦੇ ਬਚਨ ਦਾ ਪੂਰੀ ਤਰ੍ਹਾਂ ਪ੍ਰਚਾਰ ਕਰਾਂ 26 ਯਾਨੀ ਪਵਿੱਤਰ ਭੇਤ+ ਦਾ ਪ੍ਰਚਾਰ ਜੋ ਬੀਤੇ ਜ਼ਮਾਨਿਆਂ*+ ਅਤੇ ਪੀੜ੍ਹੀਆਂ ਤੋਂ ਲੁਕਾ ਕੇ ਰੱਖਿਆ ਗਿਆ ਸੀ। ਪਰ ਹੁਣ ਇਹ ਭੇਤ ਉਸ ਦੇ ਪਵਿੱਤਰ ਸੇਵਕਾਂ ਨੂੰ ਦੱਸਿਆ ਗਿਆ ਹੈ।+ 27 ਇਨ੍ਹਾਂ ਸੇਵਕਾਂ ਨੂੰ ਇਸ ਪਵਿੱਤਰ ਭੇਤ+ ਦੇ ਸ਼ਾਨਦਾਰ ਖ਼ਜ਼ਾਨੇ ਬਾਰੇ ਦੱਸ ਕੇ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ ਹੈ ਅਤੇ ਇਸ ਬਾਰੇ ਹੋਰ ਕੌਮਾਂ ਨੂੰ ਦੱਸਿਆ ਜਾ ਰਿਹਾ ਹੈ। ਇਹ ਭੇਤ ਮਸੀਹ ਨਾਲ ਤੁਹਾਡੀ ਏਕਤਾ ਹੈ ਯਾਨੀ ਤੁਹਾਡੇ ਕੋਲ ਉਸ ਨਾਲ ਮਹਿਮਾ ਪਾਉਣ ਦੀ ਉਮੀਦ ਹੈ।+ 28 ਅਸੀਂ ਸਾਰਿਆਂ ਸਾਮ੍ਹਣੇ ਉਸ ਬਾਰੇ ਪ੍ਰਚਾਰ ਕਰ ਰਹੇ ਹਾਂ ਯਾਨੀ ਸਾਰਿਆਂ ਨੂੰ ਸਮਝਾਉਂਦੇ ਅਤੇ ਪੂਰੀ ਬੁੱਧੀਮਾਨੀ ਨਾਲ ਸਿੱਖਿਆ ਦਿੰਦੇ ਹਾਂ ਤਾਂਕਿ ਅਸੀਂ ਸਾਰਿਆਂ ਨੂੰ ਮਸੀਹ ਦੇ ਸਮਝਦਾਰ ਚੇਲਿਆਂ ਵਜੋਂ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਕਰ ਸਕੀਏ।+ 29 ਇਸੇ ਕਰਕੇ ਮੈਂ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦਾ ਹਾਂ। ਮੈਂ ਉਸ ਦੀ ਤਾਕਤ ਦੇ ਸਹਾਰੇ ਇਹ ਕੰਮ ਕਰਦਾ ਹਾਂ ਜੋ ਮੈਨੂੰ ਅੰਦਰੋਂ ਤਕੜਾ ਕਰਦੀ ਹੈ।+

2 ਮੈਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ, ਲਾਉਦਿਕੀਆ+ ਦੇ ਭਰਾਵਾਂ ਦੀ ਖ਼ਾਤਰ ਅਤੇ ਉਨ੍ਹਾਂ ਸਾਰਿਆਂ ਦੀ ਖ਼ਾਤਰ ਜਿਹੜੇ ਮੈਨੂੰ ਕਦੀ ਨਹੀਂ ਮਿਲੇ, ਕਿੰਨਾ ਸੰਘਰਸ਼ ਕਰ ਰਿਹਾ ਹਾਂ। 2 ਮੈਂ ਇਸ ਕਰਕੇ ਸੰਘਰਸ਼ ਕਰ ਰਿਹਾ ਹਾਂ ਤਾਂਕਿ ਉਨ੍ਹਾਂ ਦੇ ਦਿਲਾਂ ਨੂੰ ਦਿਲਾਸਾ ਮਿਲੇ+ ਅਤੇ ਉਹ ਪਿਆਰ ਨਾਲ ਏਕਤਾ ਦੇ ਬੰਧਨ ਵਿਚ ਬੱਝੇ ਰਹਿਣ।+ ਨਾਲੇ ਉਨ੍ਹਾਂ ਨੂੰ ਉਹ ਸਾਰੇ ਖ਼ਜ਼ਾਨੇ ਮਿਲਣ ਜੋ ਇਸ ਗੱਲ ਦਾ ਪੱਕਾ ਭਰੋਸਾ ਹੋਣ ਤੇ ਮਿਲਦੇ ਹਨ ਕਿ ਉਨ੍ਹਾਂ ਦੀ ਸਮਝ ਸਹੀ ਹੈ। ਫਿਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਭੇਤ ਯਾਨੀ ਮਸੀਹ ਦਾ ਸਹੀ ਗਿਆਨ ਮਿਲੇਗਾ।+ 3 ਉਸ ਵਿਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਧਿਆਨ ਨਾਲ ਲੁਕਾ ਕੇ ਰੱਖੇ ਗਏ ਹਨ।+ 4 ਮੈਂ ਇਹ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਕੋਈ ਤੁਹਾਨੂੰ ਆਪਣੀਆਂ ਕਾਇਲ ਕਰਨ ਵਾਲੀਆਂ ਦਲੀਲਾਂ ਨਾਲ ਭਰਮਾ ਨਾ ਲਵੇ। 5 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਪਰ ਮੈਂ ਤੁਹਾਡੇ ਬਾਰੇ ਸੋਚ ਰਿਹਾ ਹਾਂ। ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਤੁਸੀਂ ਸਲੀਕੇ ਨਾਲ ਚੱਲ ਰਹੇ ਹੋ+ ਅਤੇ ਮਸੀਹ ਉੱਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਿਆ ਹੋਇਆ ਹੈ।+

6 ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਹੈ, ਇਸ ਲਈ ਹੁਣ ਤੁਸੀਂ ਉਸ ਦੇ ਨਾਲ-ਨਾਲ ਚੱਲਦੇ ਰਹੋ 7 ਅਤੇ ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ, ਉਸ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਰੱਖੋ+ ਅਤੇ ਉਸ ਉੱਤੇ ਆਪਣੀ ਉਸਾਰੀ ਕਰਦੇ ਜਾਓ+ ਅਤੇ ਨਿਹਚਾ* ਵਿਚ ਪੱਕੇ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੋ।+

8 ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਦਾ ਗ਼ੁਲਾਮ ਨਾ ਬਣਾ ਲਵੇ*+ ਜੋ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ 9 ਕਿਉਂਕਿ ਮਸੀਹ ਪਰਮੇਸ਼ੁਰ ਦੇ ਸਾਰੇ ਗੁਣਾਂ ਨਾਲ ਭਰਪੂਰ ਹੈ।+ 10 ਇਸ ਲਈ ਉਸ ਕਰਕੇ ਤੁਹਾਡੇ ਕੋਲ ਸਭ ਕੁਝ ਹੈ ਜਿਹੜਾ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦਾ ਮੁਖੀ ਹੈ।+ 11 ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਡੀ ਸੁੰਨਤ ਵੀ ਹੋਈ, ਪਰ ਇਨਸਾਨੀ ਹੱਥਾਂ ਨਾਲ ਨਹੀਂ, ਸਗੋਂ ਪਾਪੀ ਸਰੀਰ ਦੇ ਕੰਮਾਂ ਦਾ ਤਿਆਗ ਕਰਨ ਨਾਲ ਤੁਹਾਡੀ ਸੁੰਨਤ ਹੋਈ,+ ਜਿਵੇਂ ਮਸੀਹ ਦੇ ਸੇਵਕਾਂ ਦੀ ਹੋਣੀ ਚਾਹੀਦੀ ਹੈ।+ 12 ਉਸ ਵਾਂਗ ਬਪਤਿਸਮਾ ਲੈਣ ਕਰਕੇ ਤੁਹਾਨੂੰ ਉਸ ਨਾਲ ਦਫ਼ਨਾਇਆ ਗਿਆ ਸੀ+ ਅਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਨੂੰ ਉਸ ਨਾਲ ਜੀਉਂਦਾ ਵੀ ਕੀਤਾ ਗਿਆ ਸੀ+ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਹਚਾ ਕੀਤੀ ਸੀ।+

13 ਇਸ ਤੋਂ ਇਲਾਵਾ, ਭਾਵੇਂ ਤੁਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ ਅਤੇ ਤੁਹਾਡੇ ਸਰੀਰ ਦੀ ਸੁੰਨਤ ਨਹੀਂ ਹੋਈ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਇਆ।+ ਪਰਮੇਸ਼ੁਰ ਨੇ ਦਇਆ ਕਰ ਕੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ+ 14 ਅਤੇ ਹੱਥ ਨਾਲ ਲਿਖੇ ਉਸ ਕਾਨੂੰਨ ਨੂੰ ਉਸ ਦੇ ਫ਼ਰਮਾਨਾਂ ਸਮੇਤ ਹਟਾ* ਦਿੱਤਾ+ ਜੋ ਸਾਡੇ ਖ਼ਿਲਾਫ਼ ਸੀ।+ ਉਸ ਨੇ ਉਸ ਕਾਨੂੰਨ ਨੂੰ ਤਸੀਹੇ ਦੀ ਸੂਲ਼ੀ* ਉੱਤੇ ਕਿੱਲਾਂ ਨਾਲ ਠੋਕ ਕੇ ਖ਼ਤਮ ਕਰ ਦਿੱਤਾ।+ 15 ਉਸ ਨੇ ਤਸੀਹੇ ਦੀ ਸੂਲ਼ੀ* ਦੇ ਜ਼ਰੀਏ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਹਰਾ ਦਿੱਤਾ+ ਅਤੇ ਜਿੱਤ ਦੇ ਜਲੂਸ ਵਿਚ ਕੈਦੀਆਂ ਵਜੋਂ ਉਨ੍ਹਾਂ ਦੀ ਨੁਮਾਇਸ਼ ਲਾਈ।

16 ਇਸ ਲਈ ਕੋਈ ਵੀ ਇਨਸਾਨ ਤੁਹਾਡੇ ਉੱਤੇ ਖਾਣ-ਪੀਣ,+ ਕੋਈ ਤਿਉਹਾਰ, ਮੱਸਿਆ*+ ਜਾਂ ਸਬਤ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ।+ 17 ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ,+ ਪਰ ਅਸਲੀਅਤ ਮਸੀਹ ਹੈ।+ 18 ਉਸ ਇਨਸਾਨ ਤੋਂ ਖ਼ਬਰਦਾਰ ਰਹੋ ਜੋ ਤੁਹਾਨੂੰ ਇਨਾਮ ਤੋਂ ਵਾਂਝਾ ਕਰ ਸਕਦਾ ਹੈ।+ ਅਜਿਹੇ ਇਨਸਾਨ ਨੂੰ ਨਿਮਰਤਾ ਦਾ ਦਿਖਾਵਾ ਕਰ ਕੇ ਅਤੇ ਦੂਤਾਂ ਦੀ ਭਗਤੀ ਕਰ ਕੇ* ਖ਼ੁਸ਼ੀ ਹੁੰਦੀ ਹੈ ਅਤੇ ਉਹ ਆਪਣੇ ਹੀ ਦਰਸ਼ਣਾਂ ਉੱਤੇ “ਅੜਿਆ ਰਹਿੰਦਾ ਹੈ।”* ਅਸਲ ਵਿਚ, ਉਹ ਆਪਣੀ ਇਨਸਾਨੀ ਸੋਚ ਕਰਕੇ ਬਿਨਾਂ ਵਜ੍ਹਾ ਘਮੰਡ ਨਾਲ ਫੁੱਲਿਆ ਰਹਿੰਦਾ ਹੈ 19 ਅਤੇ ਉਹ ਸਿਰ* ਨਾਲ ਜੁੜਿਆ ਹੋਇਆ ਨਹੀਂ ਹੈ+ ਜਿਸ ਰਾਹੀਂ ਸਾਰੇ ਸਰੀਰ ਨੂੰ ਲੋੜੀਂਦੀਆਂ ਚੀਜ਼ਾਂ ਮਿਲਦੀਆਂ ਹਨ ਅਤੇ ਜੋ ਜੋੜਾਂ ਅਤੇ ਮਾਸ-ਪੇਸ਼ੀਆਂ ਦੀ ਮਦਦ ਨਾਲ ਪੂਰੇ ਸਰੀਰ ਨੂੰ ਜੋੜੀ ਰੱਖਦਾ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਇਸ ਨੂੰ ਵਧਾਉਂਦਾ ਹੈ।+

20 ਜੇ ਤੁਸੀਂ ਦੁਨੀਆਂ ਦੇ ਬੁਨਿਆਦੀ ਅਸੂਲਾਂ ਨੂੰ ਠੁਕਰਾ ਕੇ ਮਸੀਹ ਦੇ ਨਾਲ ਮਰ ਗਏ ਸੀ,+ ਤਾਂ ਫਿਰ ਤੁਸੀਂ ਕਿਉਂ ਅਜੇ ਵੀ ਦੁਨੀਆਂ ਦੇ ਲੋਕਾਂ ਵਾਂਗ ਆਪਣੀ ਜ਼ਿੰਦਗੀ ਜੀ ਰਹੇ ਹੋ ਅਤੇ ਕਿਉਂ ਇਨ੍ਹਾਂ ਫ਼ਰਮਾਨਾਂ ਉੱਤੇ ਚੱਲ ਰਹੇ ਹੋ:+ 21 “ਇਸ ਨੂੰ ਨਾ ਫੜੋ, ਨਾ ਚੱਖੋ ਤੇ ਨਾ ਹੀ ਹੱਥ ਲਾਓ”? 22 ਇਹ ਫ਼ਰਮਾਨ ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਹਨ ਜਿਹੜੀਆਂ ਇਸਤੇਮਾਲ ਕਰਨ ਨਾਲ ਖ਼ਤਮ ਹੋ ਜਾਂਦੀਆਂ ਹਨ ਅਤੇ ਇਹ ਇਨਸਾਨਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਉੱਤੇ ਆਧਾਰਿਤ ਹਨ।+ 23 ਭਾਵੇਂ ਕਿ ਉਨ੍ਹਾਂ ਲੋਕਾਂ ਲਈ ਇਨ੍ਹਾਂ ਫ਼ਰਮਾਨਾਂ ਉੱਤੇ ਚੱਲਣਾ ਬੁੱਧੀਮਾਨੀ ਹੈ ਜਿਹੜੇ ਆਪਣੀ ਮਰਜ਼ੀ ਮੁਤਾਬਕ ਭਗਤੀ ਕਰਦੇ ਹਨ ਅਤੇ ਨਿਮਰ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਆਪਣੇ ਸਰੀਰ ਨੂੰ ਦੁੱਖ ਦਿੰਦੇ ਹਨ,+ ਪਰ ਇਹ ਫ਼ਰਮਾਨ ਪਾਪੀ ਸਰੀਰ ਦੀਆਂ ਇੱਛਾਵਾਂ ਨਾਲ ਲੜਨ ਵਿਚ ਕੋਈ ਮਦਦ ਨਹੀਂ ਕਰਦੇ।

3 ਪਰ ਜੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਗਿਆ ਸੀ,+ ਤਾਂ ਸਵਰਗ ਦੀਆਂ ਗੱਲਾਂ ਪਿੱਛੇ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਹੱਥ ਬੈਠਾ ਹੋਇਆ ਹੈ।+ 2 ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ,+ ਨਾ ਕਿ ਦੁਨਿਆਵੀ ਗੱਲਾਂ ਉੱਤੇ।+ 3 ਕਿਉਂਕਿ ਤੁਸੀਂ ਮਰ ਗਏ ਸੀ ਅਤੇ ਹੁਣ ਤੁਹਾਡੀ ਜ਼ਿੰਦਗੀ ਮਸੀਹ ਦੇ ਹੱਥਾਂ ਵਿਚ ਹੈ ਜੋ ਪਿਤਾ ਨਾਲ ਏਕਤਾ ਵਿਚ ਬੱਝਾ ਹੋਇਆ ਹੈ। 4 ਜਦੋਂ ਮਸੀਹ, ਜਿਸ ਰਾਹੀਂ ਸਾਨੂੰ ਜ਼ਿੰਦਗੀ ਮਿਲਦੀ ਹੈ,+ ਪ੍ਰਗਟ ਹੋਵੇਗਾ, ਤਾਂ ਤੁਸੀਂ ਵੀ ਉਸ ਨਾਲ ਮਹਿਮਾ ਵਿਚ ਪ੍ਰਗਟ ਹੋਵੋਗੇ।+

5 ਇਸ ਲਈ ਧਰਤੀ ਉਤਲੇ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ+ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ,+ ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ। 6 ਅਜਿਹੇ ਕੰਮਾਂ ਕਰਕੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ। 7 ਪਹਿਲਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਇਹੋ ਜਿਹੇ ਕੰਮ ਕਰਦੇ ਹੁੰਦੇ ਸੀ।*+ 8 ਪਰ ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ: ਕ੍ਰੋਧ, ਗੁੱਸਾ, ਬੁਰਾਈ,+ ਗਾਲ਼ੀ-ਗਲੋਚ+ ਅਤੇ ਅਸ਼ਲੀਲ ਗੱਲਾਂ।+ 9 ਇਕ-ਦੂਜੇ ਨਾਲ ਝੂਠ ਨਾ ਬੋਲੋ।+ ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਲਾਹ ਕੇ ਸੁੱਟ ਦਿਓ+ 10 ਅਤੇ ਪਰਮੇਸ਼ੁਰ ਵੱਲੋਂ ਸਿਰਜੇ ਨਵੇਂ ਸੁਭਾਅ* ਨੂੰ ਪਹਿਨ ਲਓ+ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸਰੂਪ ਅਨੁਸਾਰ ਨਵਾਂ ਬਣਾਉਂਦੇ ਰਹੋ।+ 11 ਨਵੇਂ ਸੁਭਾਅ ਅਨੁਸਾਰ ਨਾ ਕੋਈ ਯੂਨਾਨੀ ਹੈ, ਨਾ ਯਹੂਦੀ, ਨਾ ਸੁੰਨਤ ਕੀਤਾ ਹੋਇਆ, ਨਾ ਬੇਸੁੰਨਤਾ, ਨਾ ਵਿਦੇਸ਼ੀ, ਨਾ ਸਕੂਥੀ,* ਨਾ ਗ਼ੁਲਾਮ ਅਤੇ ਨਾ ਹੀ ਕੋਈ ਆਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਹੈ ਅਤੇ ਅਸੀਂ ਸਾਰੇ ਉਸ ਦੇ ਅਧੀਨ ਹਾਂ।+

12 ਇਸ ਕਰਕੇ ਪਰਮੇਸ਼ੁਰ ਦੇ ਚੁਣੇ ਹੋਏ+ ਪਵਿੱਤਰ ਅਤੇ ਪਿਆਰੇ ਸੇਵਕ ਹੋਣ ਦੇ ਨਾਤੇ ਮੋਹ, ਹਮਦਰਦੀ,+ ਦਇਆ, ਨਿਮਰਤਾ,*+ ਨਰਮਾਈ+ ਅਤੇ ਧੀਰਜ+ ਨੂੰ ਪਹਿਨ ਲਓ। 13 ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ,+ ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।+ ਜਿਵੇਂ ਯਹੋਵਾਹ* ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।+ 14 ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਪਿਆਰ ਨੂੰ ਪਹਿਨ ਲਓ+ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।+

15 ਨਾਲੇ ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ*+ ਕਿਉਂਕਿ ਤੁਹਾਨੂੰ ਇਕ ਸਰੀਰ ਦੇ ਅੰਗ ਹੋਣ ਦੇ ਨਾਤੇ ਇਹ ਸ਼ਾਂਤੀ ਪਾਉਣ ਲਈ ਹੀ ਸੱਦਿਆ ਗਿਆ ਸੀ। ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ। 16 ਮਸੀਹ ਦੇ ਬਚਨ ਨੂੰ ਆਪਣੇ ਦਿਲਾਂ ਵਿਚ ਪੂਰੀ ਤਰ੍ਹਾਂ ਬਿਠਾਓ ਤਾਂਕਿ ਤੁਸੀਂ ਬੁੱਧੀਮਾਨ ਬਣ ਜਾਓ। ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ* ਦਿੰਦੇ ਰਹੋ+ ਅਤੇ ਆਪਣੇ ਦਿਲਾਂ ਵਿਚ ਯਹੋਵਾਹ* ਲਈ ਗੀਤ ਗਾਉਂਦੇ ਰਹੋ।+ 17 ਤੁਸੀਂ ਜੋ ਵੀ ਕਹਿੰਦੇ ਹੋ ਜਾਂ ਕਰਦੇ ਹੋ, ਸਭ ਕੁਝ ਪ੍ਰਭੂ ਯਿਸੂ ਦੇ ਨਾਂ ʼਤੇ ਕਰੋ ਅਤੇ ਉਸ ਰਾਹੀਂ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ।+

18 ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ+ ਕਿਉਂਕਿ ਪ੍ਰਭੂ ਦੇ ਸੇਵਕਾਂ ਲਈ ਇਹੋ ਯੋਗ ਹੈ। 19 ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ+ ਅਤੇ ਉਨ੍ਹਾਂ ਉੱਤੇ ਗੁੱਸੇ ਵਿਚ ਨਾ ਭੜਕੋ।*+ 20 ਬੱਚਿਓ, ਹਰ ਗੱਲ ਵਿਚ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ+ ਕਿਉਂਕਿ ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ। 21 ਪਿਤਾਓ, ਆਪਣੇ ਬੱਚਿਆਂ ਨੂੰ ਗੁੱਸਾ ਨਾ ਚੜ੍ਹਾਓ*+ ਤਾਂਕਿ ਉਹ ਦਿਲ* ਨਾ ਹਾਰ ਬੈਠਣ। 22 ਗ਼ੁਲਾਮੋ, ਤੁਸੀਂ ਹਰ ਗੱਲ ਵਿਚ ਆਪਣੇ ਇਨਸਾਨੀ ਮਾਲਕਾਂ ਦਾ ਕਹਿਣਾ ਮੰਨੋ।+ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਸਿਰਫ਼ ਉਦੋਂ ਹੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਦੇਖ ਰਹੇ ਹੋਣ।* ਤੁਸੀਂ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਬਜਾਇ ਯਹੋਵਾਹ* ਦਾ ਡਰ ਰੱਖਦੇ ਹੋਏ ਦਿਲੋਂ ਉਨ੍ਹਾਂ ਦਾ ਕਹਿਣਾ ਮੰਨੋ। 23 ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ* ਲਈ ਕਰਦੇ ਹੋ,+ ਨਾ ਕਿ ਇਨਸਾਨਾਂ ਲਈ 24 ਕਿਉਂਕਿ ਤੁਸੀਂ ਜਾਣਦੇ ਹੋ ਕਿ ਯਹੋਵਾਹ* ਹੀ ਤੁਹਾਨੂੰ ਇਨਾਮ ਵਿਚ ਵਿਰਾਸਤ ਦੇਵੇਗਾ।+ ਤੁਸੀਂ ਦਾਸ ਬਣ ਕੇ ਆਪਣੇ ਮਾਲਕ ਮਸੀਹ ਦੀ ਸੇਵਾ ਕਰੋ। 25 ਜਿਹੜਾ ਇਨਸਾਨ ਗ਼ਲਤ ਕੰਮ ਕਰਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਜ਼ਰੂਰ ਭੁਗਤਣਾ ਪਵੇਗਾ+ ਕਿਉਂਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।+

4 ਮਾਲਕੋ, ਤੁਸੀਂ ਆਪਣੇ ਗ਼ੁਲਾਮਾਂ ਨਾਲ ਸਹੀ ਅਤੇ ਜਾਇਜ਼ ਢੰਗ ਨਾਲ ਪੇਸ਼ ਆਓ ਕਿਉਂਕਿ ਤੁਸੀਂ ਜਾਣਦੇ ਹੋ ਕਿ ਸਵਰਗ ਵਿਚ ਤੁਹਾਡਾ ਵੀ ਇਕ ਮਾਲਕ ਹੈ।+

2 ਪ੍ਰਾਰਥਨਾ ਕਰਨ ਵਿਚ ਲੱਗੇ ਰਹੋ+ ਅਤੇ ਇਸ ਮਾਮਲੇ ਵਿਚ ਸਚੇਤ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰੋ।+ 3 ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ+ ਕਿ ਪਰਮੇਸ਼ੁਰ ਆਪਣੇ ਬਚਨ ਦਾ ਪ੍ਰਚਾਰ ਕਰਨ ਲਈ ਰਾਹ ਖੋਲ੍ਹੇ ਤਾਂਕਿ ਅਸੀਂ ਮਸੀਹ ਬਾਰੇ ਪਵਿੱਤਰ ਭੇਤ ਦਾ ਐਲਾਨ ਕਰ ਸਕੀਏ (ਅਸਲ ਵਿਚ ਮੈਂ ਇਸੇ ਕਰਕੇ ਕੈਦ ਵਿਚ ਹਾਂ)+ 4 ਅਤੇ ਇਹ ਵੀ ਪ੍ਰਾਰਥਨਾ ਕਰੋ ਕਿ ਮੈਂ ਇਸ ਭੇਤ ਬਾਰੇ ਸਾਫ਼-ਸਾਫ਼ ਗੱਲ ਕਰ ਸਕਾਂ ਜਿਵੇਂ ਮੈਨੂੰ ਕਰਨੀ ਚਾਹੀਦੀ ਹੈ।

5 ਬਾਹਰਲੇ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਸਮਝਦਾਰੀ ਤੋਂ ਕੰਮ ਲਓ ਅਤੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।*+ 6 ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਹਮੇਸ਼ਾ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।+ ਫਿਰ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।+

7 ਤੁਖੀਕੁਸ+ ਤੁਹਾਨੂੰ ਮੇਰੇ ਬਾਰੇ ਸਭ ਕੁਝ ਦੱਸੇਗਾ ਜਿਹੜਾ ਮੇਰਾ ਪਿਆਰਾ ਭਰਾ ਅਤੇ ਸਾਡੇ ਨਾਲ ਪ੍ਰਭੂ ਦਾ ਵਫ਼ਾਦਾਰ ਸੇਵਕ ਅਤੇ ਦਾਸ ਹੈ। 8 ਮੈਂ ਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਤਾਂਕਿ ਤੁਹਾਨੂੰ ਸਾਡਾ ਹਾਲ-ਚਾਲ ਪਤਾ ਲੱਗੇ ਅਤੇ ਉਹ ਤੁਹਾਡੇ ਦਿਲਾਂ ਨੂੰ ਦਿਲਾਸਾ ਦੇਵੇ। 9 ਉਹ ਮੇਰੇ ਵਫ਼ਾਦਾਰ ਅਤੇ ਪਿਆਰੇ ਭਰਾ ਉਨੇਸਿਮੁਸ+ ਨਾਲ ਆ ਰਿਹਾ ਹੈ ਜਿਹੜਾ ਤੁਹਾਡੇ ਇਲਾਕੇ ਦਾ ਹੈ ਅਤੇ ਉਹ ਦੋਵੇਂ ਤੁਹਾਨੂੰ ਇੱਥੇ ਦੀ ਸਾਰੀ ਖ਼ਬਰ ਦੇਣਗੇ।

10 ਕੈਦ ਵਿਚ ਮੇਰੇ ਸਾਥੀ ਅਰਿਸਤਰਖੁਸ+ ਵੱਲੋਂ ਤੁਹਾਨੂੰ ਨਮਸਕਾਰ। ਨਾਲੇ ਬਰਨਾਬਾਸ ਦੇ ਰਿਸ਼ਤੇਦਾਰ ਮਰਕੁਸ+ (ਜਿਸ ਬਾਰੇ ਤੁਹਾਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਉਹ ਤੁਹਾਡੇ ਕੋਲ ਆਇਆ, ਤਾਂ ਉਸ ਦਾ ਸੁਆਗਤ ਕੀਤਾ ਜਾਵੇ)+ 11 ਅਤੇ ਯਿਸੂ ਉਰਫ਼ ਯੂਸਤੁਸ ਵੱਲੋਂ ਨਮਸਕਾਰ। ਇਹ ਭਰਾ ਉਨ੍ਹਾਂ ਵਿੱਚੋਂ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਸੀ ਅਤੇ ਸਿਰਫ਼ ਇਹੀ ਭਰਾ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਦਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ ਹੈ।* 12 ਮਸੀਹ ਯਿਸੂ ਦੇ ਦਾਸ ਇਪਫ੍ਰਾਸ+ ਵੱਲੋਂ ਨਮਸਕਾਰ ਜਿਹੜਾ ਤੁਹਾਡੇ ਇਲਾਕੇ ਦਾ ਹੈ। ਉਹ ਹਮੇਸ਼ਾ ਤੁਹਾਡੇ ਲਈ ਜੋਸ਼ ਨਾਲ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਅੰਤ ਵਿਚ ਸਮਝਦਾਰੀ ਨਾਲ ਮਜ਼ਬੂਤ ਖੜ੍ਹੇ ਰਹੋ ਅਤੇ ਪਰਮੇਸ਼ੁਰ ਦੀ ਇੱਛਾ ਨਾਲ ਸੰਬੰਧਿਤ ਹਰ ਗੱਲ ਉੱਤੇ ਤੁਹਾਡਾ ਭਰੋਸਾ ਪੱਕਾ ਰਹੇ। 13 ਮੈਂ ਇਸ ਗੱਲ ਦੀ ਹਾਮੀ ਭਰਦਾ ਹਾਂ ਕਿ ਉਹ ਤੁਹਾਡੀ ਖ਼ਾਤਰ ਅਤੇ ਲਾਉਦਿਕੀਆ ਅਤੇ ਹੀਏਰਪੁਲਿਸ ਦੇ ਭਰਾਵਾਂ ਦੀ ਖ਼ਾਤਰ ਸਖ਼ਤ ਮਿਹਨਤ ਕਰਦਾ ਹੈ।

14 ਸਾਡੇ ਪਿਆਰੇ ਭਰਾ ਅਤੇ ਹਕੀਮ ਲੂਕਾ+ ਵੱਲੋਂ ਅਤੇ ਦੇਮਾਸ+ ਵੱਲੋਂ ਤੁਹਾਨੂੰ ਨਮਸਕਾਰ। 15 ਮੇਰੇ ਵੱਲੋਂ ਲਾਉਦਿਕੀਆ ਦੇ ਭਰਾਵਾਂ ਨੂੰ ਅਤੇ ਭੈਣ ਨੁਮਫ਼ਾਸ ਨੂੰ ਅਤੇ ਉਸ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਨਮਸਕਾਰ।+ 16 ਇਹ ਚਿੱਠੀ ਤੁਹਾਡੇ ਵਿਚ ਪੜ੍ਹੇ ਜਾਣ ਤੋਂ ਬਾਅਦ ਲਾਉਦਿਕੀਆ ਦੀ ਮੰਡਲੀ ਵਿਚ ਵੀ ਇਸ ਨੂੰ ਪੜ੍ਹਨ ਦਾ ਇੰਤਜ਼ਾਮ ਕੀਤਾ ਜਾਵੇ।+ ਜੋ ਚਿੱਠੀ ਉਸ ਮੰਡਲੀ ਨੂੰ ਘੱਲੀ ਗਈ ਹੈ, ਉਹ ਤੁਸੀਂ ਵੀ ਪੜ੍ਹੋ। 17 ਨਾਲੇ ਅਰਖਿਪੁੱਸ+ ਨੂੰ ਕਹੋ: “ਧਿਆਨ ਰੱਖ ਕਿ ਪ੍ਰਭੂ ਦਾ ਚੇਲਾ ਹੋਣ ਦੇ ਨਾਤੇ ਤੂੰ ਸੇਵਾ ਦੀ ਜੋ ਜ਼ਿੰਮੇਵਾਰੀ ਕਬੂਲ ਕੀਤੀ ਹੈ, ਉਸ ਨੂੰ ਪੂਰਾ ਵੀ ਕਰੀਂ।”

18 ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।+ ਯਾਦ ਰੱਖੋ ਕਿ ਮੈਂ ਕੈਦ ਵਿਚ ਹਾਂ।+ ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਹੂ-ਬਹੂ ਅਦਿੱਖ ਪਰਮੇਸ਼ੁਰ ਵਰਗਾ।”

ਕੁਲੁ 2:9 ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਯੁਗਾਂ।” ਸ਼ਬਦਾਵਲੀ ਦੇਖੋ।

ਯਾਨੀ, ਮਸੀਹੀ ਸਿੱਖਿਆਵਾਂ।

ਜਾਂ, “ਰਾਹੀਂ ਆਪਣਾ ਸ਼ਿਕਾਰ ਬਣਾ ਕੇ ਨਾ ਲੈ ਜਾਵੇ।”

ਜਾਂ, “ਮਿਟਾ।”

ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਉਸ।”

ਜਾਂ, “ਨਵਾਂ ਚੰਦ।”

ਜਾਂ, “ਦੂਤਾਂ ਦੇ ਭਗਤੀ ਕਰਨ ਦੇ ਤਰੀਕੇ ਤੋਂ।”

ਪੌਲੁਸ ਨੇ ਇੱਥੇ ਝੂਠੀ ਭਗਤੀ ਨਾਲ ਜੁੜੇ ਰਹੱਸਮਈ ਰੀਤਾਂ-ਰਿਵਾਜਾਂ ਦਾ ਹਵਾਲਾ ਦਿੱਤਾ ਸੀ।

ਯਾਨੀ, ਮਸੀਹ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਜਾਂ, “ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਦੇ ਤੌਰ-ਤਰੀਕੇ ਮੁਤਾਬਕ ਇਸੇ ਤਰ੍ਹਾਂ ਚੱਲਦੇ ਸੀ।”

ਯੂਨਾ, “ਆਦਮੀ।”

“ਸਕੂਥੀ” ਸ਼ਬਦ ਉਨ੍ਹਾਂ ਲੋਕਾਂ ਲਈ ਵੀ ਵਰਤਿਆ ਜਾਂਦਾ ਸੀ ਜਿਨ੍ਹਾਂ ਦੀ ਜ਼ਿੰਦਗੀ ਦੇ ਤੌਰ-ਤਰੀਕੇ ਜੰਗਲੀ ਹੁੰਦੇ ਸਨ।

ਜਾਂ, “ਮਨ ਦੀ ਹਲੀਮੀ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਨੂੰ ਵੱਸ ਵਿਚ ਕਰੇ।”

ਜਾਂ, “ਨਸੀਹਤਾਂ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਉਨ੍ਹਾਂ ਨਾਲ ਕਠੋਰਤਾ ਨਾਲ ਪੇਸ਼ ਨਾ ਆਓ।”

ਜਾਂ, “ਨਾ ਖਿਝਾਓ।”

ਜਾਂ, “ਹੌਸਲਾ।”

ਜਾਂ, “ਕਹਿਣਾ ਮੰਨਣ ਦਾ ਦਿਖਾਵਾ ਨਾ ਕਰੋ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਢੁਕਵੇਂ ਸਮੇਂ ਨੂੰ ਖ਼ਰੀਦੋ।”

ਜਾਂ, “ਹੌਸਲਾ ਅਤੇ ਮਦਦ ਮਿਲੀ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ