ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 1 ਪਤਰਸ 1:1 - 5:14
  • 1 ਪਤਰਸ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1 ਪਤਰਸ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਪਤਰਸ

ਪਤਰਸ ਦੀ ਪਹਿਲੀ ਚਿੱਠੀ

1 ਮੈਂ ਪਤਰਸ, ਯਿਸੂ ਮਸੀਹ ਦਾ ਰਸੂਲ ਹਾਂ+ ਅਤੇ ਚੁਣੇ ਹੋਇਆਂ ਨੂੰ ਚਿੱਠੀ ਲਿਖ ਰਿਹਾ ਹਾਂ ਜਿਹੜੇ ਪੁੰਤੁਸ, ਗਲਾਤੀਆ, ਕੱਪਦੋਕੀਆ,+ ਏਸ਼ੀਆ ਅਤੇ ਬਿਥੁਨੀਆ ਵਿਚ ਖਿੰਡੇ ਹੋਏ ਹਨ ਅਤੇ ਪਰਦੇਸੀਆਂ ਵਜੋਂ ਰਹਿ ਰਹੇ ਹਨ। 2 ਪਿਤਾ ਪਰਮੇਸ਼ੁਰ ਨੇ ਪਹਿਲਾਂ ਹੀ ਰੱਖੇ ਆਪਣੇ ਮਕਸਦ ਮੁਤਾਬਕ+ ਤੁਹਾਨੂੰ ਚੁਣ ਕੇ ਆਪਣੀ ਸ਼ਕਤੀ ਨਾਲ ਪਵਿੱਤਰ ਕੀਤਾ+ ਤਾਂਕਿ ਤੁਸੀਂ ਆਗਿਆਕਾਰ ਬਣੋ ਅਤੇ ਤੁਹਾਡੇ ਉੱਤੇ ਯਿਸੂ ਮਸੀਹ ਦਾ ਖ਼ੂਨ ਛਿੜਕਿਆ ਜਾਵੇ:+

ਪਰਮੇਸ਼ੁਰ ਤੋਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ।

3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਬੇਅੰਤ ਦਇਆ ਕਰ ਕੇ ਅਤੇ ਯਿਸੂ ਮਸੀਹ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਕੇ+ ਸਾਨੂੰ ਨਵਾਂ ਜਨਮ+ ਅਤੇ ਪੱਕੀ ਉਮੀਦ ਦਿੱਤੀ+ 4 ਤਾਂਕਿ ਸਾਨੂੰ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਵਿਰਾਸਤ ਮਿਲੇ।+ ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖੀ ਹੋਈ ਹੈ।+ 5 ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ। 6 ਇਸ ਕਰਕੇ ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋ, ਭਾਵੇਂ ਕਿ ਤੁਹਾਡੇ ਵਾਸਤੇ ਥੋੜ੍ਹੇ ਸਮੇਂ ਲਈ ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲਣਾ ਜ਼ਰੂਰੀ ਹੈ+ 7 ਤਾਂਕਿ ਇਨ੍ਹਾਂ ਰਾਹੀਂ ਤੁਹਾਡੀ ਨਿਹਚਾ ਦੀ ਪਰਖ ਹੋਵੇ+ ਅਤੇ ਇਸ ਵਿਚ ਨਿਖਾਰ ਆਵੇ। ਇਸ ਨਿਹਚਾ ਦਾ ਮੁੱਲ ਸੋਨੇ ਨਾਲੋਂ ਕਿਤੇ ਵੱਧ ਹੁੰਦਾ ਹੈ ਜੋ ਅੱਗ ਵਿਚ ਸ਼ੁੱਧ ਕੀਤੇ ਜਾਣ ਦੇ ਬਾਵਜੂਦ ਵੀ ਨਾਸ਼ ਹੋ ਜਾਂਦਾ ਹੈ। ਇਸ ਨਿਹਚਾ ਕਰਕੇ ਤੁਹਾਨੂੰ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਵਡਿਆਈ, ਮਹਿਮਾ ਅਤੇ ਆਦਰ ਮਿਲੇ।+ 8 ਭਾਵੇਂ ਤੁਸੀਂ ਮਸੀਹ ਨੂੰ ਕਦੇ ਨਹੀਂ ਦੇਖਿਆ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ʼਤੇ ਨਿਹਚਾ ਰੱਖਦੇ ਹੋ ਅਤੇ ਤੁਹਾਨੂੰ ਇੰਨੀ ਜ਼ਿਆਦਾ ਖ਼ੁਸ਼ੀ ਹੈ ਕਿ ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ 9 ਕਿਉਂਕਿ ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ।+

10 ਇਸੇ ਮੁਕਤੀ ਬਾਰੇ ਨਬੀਆਂ ਨੇ ਬੜੀ ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ਖੋਜ ਕੀਤੀ ਸੀ ਜਿਨ੍ਹਾਂ ਨੇ ਤੁਹਾਡੇ ਉੱਤੇ ਹੋਣ ਵਾਲੀ ਅਪਾਰ ਕਿਰਪਾ ਬਾਰੇ ਭਵਿੱਖਬਾਣੀ ਕੀਤੀ ਸੀ।+ 11 ਪਰਮੇਸ਼ੁਰ ਦੀ ਸ਼ਕਤੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਮਸੀਹ ਨੂੰ ਕਿਹੜੇ ਦੁੱਖ ਝੱਲਣੇ ਪੈਣਗੇ+ ਅਤੇ ਇਨ੍ਹਾਂ ਤੋਂ ਬਾਅਦ ਉਸ ਨੂੰ ਮਹਿਮਾ ਮਿਲੇਗੀ। ਇਸ ਲਈ ਇਹ ਨਬੀ ਖੋਜਬੀਨ ਕਰਦੇ ਰਹੇ ਕਿ ਉਨ੍ਹਾਂ ਨੂੰ ਪ੍ਰੇਰ ਰਹੀ ਸ਼ਕਤੀ ਮਸੀਹ ਸੰਬੰਧੀ ਕਿਹੜੇ ਸਮੇਂ ਅਤੇ ਹਾਲਾਤਾਂ ਵੱਲ ਇਸ਼ਾਰਾ ਕਰ ਰਹੀ ਸੀ।+ 12 ਨਬੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਨ੍ਹਾਂ ਲਈ ਨਹੀਂ ਸਨ, ਪਰ ਤੁਹਾਡੇ ਲਈ ਸਨ। ਇਸ ਲਈ ਉਨ੍ਹਾਂ ਨੇ ਤੁਹਾਡੇ ਸੇਵਕਾਂ ਵਜੋਂ ਇਹ ਗੱਲਾਂ ਤੁਹਾਡੇ ਤਕ ਪਹੁੰਚਾਈਆਂ ਸਨ। ਹੁਣ ਇਹ ਗੱਲਾਂ ਤੁਹਾਨੂੰ ਉਨ੍ਹਾਂ ਲੋਕਾਂ ਰਾਹੀਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਸਵਰਗੋਂ ਮਿਲੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ।+ ਦੂਤ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਬੜੀ ਤਮੰਨਾ ਰੱਖਦੇ ਹਨ।

13 ਇਸ ਲਈ ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ,+ ਪੂਰੇ ਹੋਸ਼ ਵਿਚ ਰਹੋ;+ ਅਪਾਰ ਕਿਰਪਾ ਉੱਤੇ ਉਮੀਦ ਰੱਖੋ ਜੋ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ʼਤੇ ਕੀਤੀ ਜਾਵੇਗੀ। 14 ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਤੁਹਾਡੇ ਵਿਚ ਸਨ, 15 ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ+ 16 ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”+

17 ਇਸ ਤੋਂ ਇਲਾਵਾ, ਜੇ ਤੁਸੀਂ ਪਿਤਾ ਅੱਗੇ ਪ੍ਰਾਰਥਨਾ ਕਰਦੇ ਹੋ ਜੋ ਹਰੇਕ ਦਾ ਨਿਆਂ ਬਿਨਾਂ ਕਿਸੇ ਪੱਖਪਾਤ ਤੋਂ+ ਉਸ ਦੇ ਕੰਮਾਂ ਅਨੁਸਾਰ ਕਰਦਾ ਹੈ, ਤਾਂ ਧਰਤੀ ਉੱਤੇ ਪਰਦੇਸੀਆਂ ਵਾਂਗ ਰਹਿੰਦੇ ਹੋਏ ਪਰਮੇਸ਼ੁਰ ਦਾ ਡਰ ਰੱਖ ਕੇ ਜ਼ਿੰਦਗੀ ਬਤੀਤ ਕਰੋ।+ 18 ਤੁਸੀਂ ਜਾਣਦੇ ਹੋ ਕਿ ਤੁਸੀਂ ਪਹਿਲਾਂ ਆਪਣੇ ਪਿਉ-ਦਾਦਿਆਂ ਵਾਂਗ* ਜੋ ਵਿਅਰਥ ਜੀਵਨ ਜੀਉਂਦੇ ਸੀ,+ ਉਸ ਤੋਂ ਤੁਹਾਨੂੰ ਚਾਂਦੀ ਜਾਂ ਸੋਨੇ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਛੁਡਾਇਆ ਗਿਆ ਸੀ।* 19 ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ+ ਯਾਨੀ ਮਸੀਹ ਦੇ+ ਅਨਮੋਲ ਲਹੂ ਦੁਆਰਾ ਛੁਡਾਇਆ ਗਿਆ ਸੀ।+ 20 ਇਹ ਸੱਚ ਹੈ ਕਿ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਹੀ ਉਸ ਨੂੰ ਚੁਣਿਆ ਗਿਆ ਸੀ,+ ਪਰ ਤੁਹਾਡੀ ਖ਼ਾਤਰ ਉਸ ਨੂੰ ਇਸ ਸਮੇਂ ਦੇ ਅੰਤ ਵਿਚ ਪ੍ਰਗਟ ਕੀਤਾ ਗਿਆ।+ 21 ਤੁਸੀਂ ਉਸ ਰਾਹੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਦੇ ਹੋ।+ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ+ ਅਤੇ ਮਹਿਮਾ ਬਖ਼ਸ਼ੀ+ ਤਾਂਕਿ ਤੁਸੀਂ ਪਰਮੇਸ਼ੁਰ ਉੱਤੇ ਨਿਹਚਾ ਅਤੇ ਉਮੀਦ ਰੱਖ ਸਕੋ।

22 ਹੁਣ ਤੁਸੀਂ ਸੱਚਾਈ ਉੱਤੇ ਚੱਲ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਜਿਸ ਕਰਕੇ ਤੁਸੀਂ ਭਰਾਵਾਂ ਨਾਲ ਬਿਨਾਂ ਕਿਸੇ ਕਪਟ ਦੇ ਮੋਹ ਕਰਦੇ ਹੋ,+ ਇਸ ਲਈ ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।+ 23 ਜੀਉਂਦੇ ਅਤੇ ਅਮਰ ਪਰਮੇਸ਼ੁਰ ਦੇ ਬਚਨ ਦੇ ਜ਼ਰੀਏ+ ਤੁਹਾਨੂੰ ਨਾਸ਼ਵਾਨ ਬੀ ਦੁਆਰਾ ਨਹੀਂ, ਸਗੋਂ ਅਵਿਨਾਸ਼ੀ ਬੀ*+ ਰਾਹੀਂ ਨਵਾਂ ਜਨਮ ਦਿੱਤਾ ਗਿਆ ਹੈ।+ 24 ਜਿਵੇਂ ਲਿਖਿਆ ਹੈ, “ਸਾਰੇ ਇਨਸਾਨ ਘਾਹ ਵਰਗੇ ਹਨ ਅਤੇ ਉਨ੍ਹਾਂ ਦੀ ਸ਼ਾਨ ਮੈਦਾਨ ਦੇ ਫੁੱਲਾਂ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ, 25 ਪਰ ਯਹੋਵਾਹ* ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”+ ਹਾਂ, ਇਹ “ਬਚਨ” ਖ਼ੁਸ਼ ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ ਹੈ।+

2 ਇਸ ਲਈ ਤੁਸੀਂ ਹਰ ਤਰ੍ਹਾਂ ਦੀ ਬੁਰਾਈ, ਧੋਖੇਬਾਜ਼ੀ, ਪਖੰਡ, ਈਰਖਾ ਅਤੇ ਚੁਗ਼ਲੀਆਂ ਕਰਨੀਆਂ ਛੱਡ ਦਿਓ।+ 2 ਨਵ-ਜੰਮੇ ਬੱਚਿਆਂ ਵਾਂਗ+ ਤੁਸੀਂ ਆਪਣੇ ਅੰਦਰ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਖਾਲਸ ਦੁੱਧ ਲਈ ਭੁੱਖ ਪੈਦਾ ਕਰੋ ਤਾਂਕਿ ਤੁਸੀਂ ਵਧੋ-ਫੁੱਲੋ ਅਤੇ ਮੁਕਤੀ ਪਾਓ+ 3 ਕਿਉਂਕਿ ਤੁਸੀਂ ਆਪਣੇ ਤਜਰਬੇ ਤੋਂ* ਦੇਖ ਲਿਆ ਹੈ ਕਿ ਪ੍ਰਭੂ ਦਿਆਲੂ ਹੈ।

4 ਇਨਸਾਨਾਂ ਨੇ ਜੀਉਂਦੇ ਪੱਥਰ ਯਾਨੀ ਸਾਡੇ ਪ੍ਰਭੂ ਨੂੰ ਨਿਕੰਮਾ ਕਿਹਾ,*+ ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੁਣਿਆ ਹੋਇਆ ਅਤੇ ਕੀਮਤੀ ਹੈ।+ ਇਸ ਕੀਮਤੀ ਪੱਥਰ ਕੋਲ ਆਉਣ ਕਰਕੇ 5 ਤੁਸੀਂ ਵੀ ਜੀਉਂਦੇ ਪੱਥਰ ਬਣ ਗਏ ਹੋ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਰਾਹੀਂ ਬਣਾਏ ਜਾ ਰਹੇ ਘਰ ਵਿਚ ਲਾਇਆ ਜਾ ਰਿਹਾ ਹੈ+ ਤਾਂਕਿ ਤੁਸੀਂ ਪੁਜਾਰੀਆਂ ਦੀ ਪਵਿੱਤਰ ਮੰਡਲੀ ਬਣ ਸਕੋ ਅਤੇ ਯਿਸੂ ਮਸੀਹ ਰਾਹੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਅਜਿਹੀਆਂ ਬਲ਼ੀਆਂ ਚੜ੍ਹਾ ਸਕੋ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।+ 6 ਧਰਮ-ਗ੍ਰੰਥ ਵਿਚ ਲਿਖਿਆ ਹੋਇਆ ਹੈ: “ਦੇਖੋ! ਮੈਂ ਸੀਓਨ ਵਿਚ ਨੀਂਹ ਦੇ ਕੋਨੇ ਦਾ ਪੱਥਰ ਰੱਖ ਰਿਹਾ ਹਾਂ ਜੋ ਚੁਣਿਆ ਹੋਇਆ ਅਤੇ ਕੀਮਤੀ ਪੱਥਰ ਹੈ। ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼* ਨਹੀਂ ਹੋਣਗੇ।”+

7 ਉਹ ਤੁਹਾਡੇ ਲਈ ਕੀਮਤੀ ਹੈ ਕਿਉਂਕਿ ਤੁਸੀਂ ਨਿਹਚਾ ਕਰਦੇ ਹੋ; ਪਰ ਨਿਹਚਾ ਨਾ ਕਰਨ ਵਾਲਿਆਂ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਹੈ: “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,*+ ਉਹੀ ਕੋਨੇ ਦਾ ਮੁੱਖ ਪੱਥਰ”*+ 8 ਅਤੇ “ਠੋਕਰ ਦਾ ਪੱਥਰ ਅਤੇ ਰੁਕਾਵਟ ਪਾਉਣ ਵਾਲੀ ਚਟਾਨ” ਬਣ ਗਿਆ ਹੈ।+ ਉਹ ਬਚਨ ਦੀ ਪਾਲਣਾ ਨਹੀਂ ਕਰਦੇ ਜਿਸ ਕਰਕੇ ਉਹ ਠੋਕਰ ਖਾਂਦੇ ਹਨ। ਅਜਿਹੇ ਲੋਕਾਂ ਦਾ ਇਹੀ ਅੰਜਾਮ ਹੁੰਦਾ ਹੈ। 9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+ 10 ਪਹਿਲਾਂ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ;+ ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਕੀਤੀ ਗਈ ਸੀ, ਪਰ ਹੁਣ ਤੁਹਾਡੇ ਉੱਤੇ ਦਇਆ ਕੀਤੀ ਗਈ ਹੈ।+

11 ਪਿਆਰੇ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਪਰਦੇਸੀਆਂ ਵਜੋਂ+ ਰਹਿੰਦੇ ਹੋਏ ਸਰੀਰਕ ਇੱਛਾਵਾਂ ਤੋਂ ਦੂਰ ਰਹੋ+ ਜਿਹੜੀਆਂ ਤੁਹਾਡੇ ਨਾਲ ਲੜਾਈ ਲੜ ਰਹੀਆਂ ਹਨ।+ 12 ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ+ ਤਾਂਕਿ ਜਦੋਂ ਉਹ ਤੁਹਾਡੇ ਉੱਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਣ, ਤਾਂ ਉਹ ਆਪਣੀ ਅੱਖੀਂ ਤੁਹਾਡੇ ਚੰਗੇ ਕੰਮ ਦੇਖਣ+ ਅਤੇ ਉਸ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ ਜਦੋਂ ਉਹ ਜਾਂਚ-ਪੜਤਾਲ ਕਰਨ ਆਵੇਗਾ।

13 ਪ੍ਰਭੂ ਦੀ ਖ਼ਾਤਰ ਆਪਣੇ ਆਪ ਨੂੰ ਅਧਿਕਾਰ ਰੱਖਣ ਵਾਲੇ ਇਨਸਾਨਾਂ ਦੇ ਅਧੀਨ ਕਰੋ,+ ਚਾਹੇ ਉਹ ਰਾਜਾ ਹੋਵੇ+ ਕਿਉਂਕਿ ਉਹ ਦੂਸਰਿਆਂ ਤੋਂ ਵੱਡਾ ਹੁੰਦਾ ਹੈ 14 ਜਾਂ ਫਿਰ ਉਸ ਦੇ ਰਾਜਪਾਲ ਹੋਣ ਜਿਨ੍ਹਾਂ ਨੂੰ ਉਹ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਤਾਰੀਫ਼ ਕਰਨ ਲਈ ਘੱਲਦਾ ਹੈ।+ 15 ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਚੰਗੇ ਕੰਮ ਕਰ ਕੇ ਮੂਰਖਾਂ ਦੇ ਮੂੰਹ ਬੰਦ ਕਰ ਸਕੋ ਜਿਹੜੇ ਬਿਨਾਂ ਸੋਚੇ-ਸਮਝੇ ਗੱਲਾਂ ਕਰਦੇ ਹਨ।+ 16 ਆਜ਼ਾਦ ਲੋਕਾਂ ਵਾਂਗ ਜੀਓ,+ ਪਰ ਆਪਣੀ ਆਜ਼ਾਦੀ ਨੂੰ ਗ਼ਲਤ ਕੰਮ ਕਰਨ ਲਈ ਨਾ ਵਰਤੋ,*+ ਸਗੋਂ ਪਰਮੇਸ਼ੁਰ ਦੇ ਗ਼ੁਲਾਮ ਬਣੇ ਰਹੋ।+ 17 ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰੋ,+ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ,+ ਪਰਮੇਸ਼ੁਰ ਤੋਂ ਡਰੋ+ ਅਤੇ ਰਾਜੇ ਦਾ ਆਦਰ ਕਰੋ।+

18 ਨੌਕਰ ਆਪਣੇ ਮਾਲਕਾਂ ਦਾ ਆਦਰ ਕਰਨ ਅਤੇ ਉਨ੍ਹਾਂ ਦੇ ਅਧੀਨ ਰਹਿਣ,+ ਸਿਰਫ਼ ਉਨ੍ਹਾਂ ਮਾਲਕਾਂ ਦੇ ਹੀ ਨਹੀਂ ਜਿਹੜੇ ਚੰਗੇ ਅਤੇ ਨਰਮ ਸੁਭਾਅ ਦੇ ਹਨ, ਸਗੋਂ ਉਨ੍ਹਾਂ ਦੇ ਵੀ ਅਧੀਨ ਰਹਿਣ ਜਿਨ੍ਹਾਂ ਨੂੰ ਖ਼ੁਸ਼ ਕਰਨਾ ਔਖਾ ਹੈ। 19 ਜੇ ਕੋਈ ਇਨਸਾਨ ਪਰਮੇਸ਼ੁਰ ਸਾਮ੍ਹਣੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਖ਼ਾਤਰ ਮੁਸੀਬਤਾਂ* ਅਤੇ ਬੇਇਨਸਾਫ਼ੀਆਂ ਝੱਲਦਾ ਹੈ, ਤਾਂ ਉਹ ਤਾਰੀਫ਼ ਦੇ ਲਾਇਕ ਹੈ।+ 20 ਪਰ ਜੇ ਤੁਸੀਂ ਪਾਪ ਕਰਨ ਕਰਕੇ ਕੁੱਟ ਸਹਿੰਦੇ ਹੋ, ਤਾਂ ਇਹ ਦੇ ਵਿਚ ਕੀ ਵਡਿਆਈ ਹੈ?+ ਇਸ ਦੀ ਬਜਾਇ, ਜੇ ਤੁਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਰੀਫ਼ ਦੇ ਲਾਇਕ ਹੋ।+

21 ਅਸਲ ਵਿਚ, ਤੁਸੀਂ ਇਸੇ ਲਈ ਸੱਦੇ ਗਏ ਸੀ ਕਿਉਂਕਿ ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ+ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।+ 22 ਉਸ ਨੇ ਕੋਈ ਪਾਪ ਨਹੀਂ ਕੀਤਾ+ ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ।+ 23 ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ,*+ ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ।*+ ਜਦੋਂ ਲੋਕ ਉਸ ਨੂੰ ਸਤਾਉਂਦੇ ਸਨ,+ ਤਾਂ ਉਹ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਨਹੀਂ ਸੀ, ਪਰ ਉਸ ਨੇ ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥਾਂ ਵਿਚ ਸੌਂਪ ਦਿੱਤਾ।+ 24 ਉਹ ਸਾਡੇ ਪਾਪ ਆਪਣੇ ਸਿਰ ਲੈ ਕੇ+ ਸੂਲ਼ੀ* ਉੱਤੇ ਚੜ੍ਹ ਗਿਆ+ ਤਾਂਕਿ ਸਾਨੂੰ ਆਪਣੇ ਪਾਪਾਂ ਤੋਂ ਛੁਟਕਾਰਾ ਮਿਲੇ ਅਤੇ ਅਸੀਂ ਨੇਕ ਕੰਮ ਕਰਦੇ ਹੋਏ ਆਪਣੀ ਜ਼ਿੰਦਗੀ ਗੁਜ਼ਾਰੀਏ। ਨਾਲੇ “ਉਸ ਦੇ ਜ਼ਖ਼ਮਾਂ ਨਾਲ ਤੁਸੀਂ ਚੰਗੇ ਹੋਏ।”+ 25 ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ,+ ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ ਕੋਲ ਮੁੜ ਆਏ ਹੋ।+

3 ਇਸੇ ਤਰ੍ਹਾਂ ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ+ ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ+ 2 ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ+ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ। 3 ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਜਿਵੇਂ ਕਿ ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ+ ਅਤੇ ਸ਼ਾਨਦਾਰ ਕੱਪੜੇ ਪਾਉਣੇ, 4 ਪਰ ਸ਼ਾਂਤ ਅਤੇ ਨਰਮ ਸੁਭਾਅ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ। ਇਹ ਲਿਬਾਸ ਕਦੀ ਪੁਰਾਣਾ ਨਹੀਂ ਹੁੰਦਾ+ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ। 5 ਪੁਰਾਣੇ ਜ਼ਮਾਨਿਆਂ ਵਿਚ ਨੇਕ ਚਾਲ-ਚਲਣ ਵਾਲੀਆਂ ਅਤੇ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਵਾਲੀਆਂ ਔਰਤਾਂ ਆਪਣੇ ਆਪ ਨੂੰ ਇਸੇ ਤਰ੍ਹਾਂ ਸ਼ਿੰਗਾਰਦੀਆਂ ਸਨ ਅਤੇ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਸਨ, 6 ਜਿਵੇਂ ਸਾਰਾਹ ਅਬਰਾਹਾਮ ਦਾ ਕਹਿਣਾ ਮੰਨਦੀ ਸੀ ਅਤੇ ਉਸ ਨੂੰ ਪ੍ਰਭੂ ਕਹਿੰਦੀ ਸੀ।+ ਜੇ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੀਆਂ ਰਹੋ ਅਤੇ ਡਰ ਕੇ ਹੌਸਲਾ ਨਾ ਹਾਰੋ, ਤਾਂ ਤੁਸੀਂ ਸਾਰਾਹ ਦੀਆਂ ਧੀਆਂ ਵਰਗੀਆਂ ਹੋ।+

7 ਇਸੇ ਤਰ੍ਹਾਂ ਪਤੀਓ, ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸੋ।* ਉਹ ਤੁਹਾਡੇ ਨਾਲੋਂ ਨਾਜ਼ੁਕ ਹਨ, ਇਸ ਲਈ ਤੁਸੀਂ ਕਿਸੇ ਨਾਜ਼ੁਕ ਚੀਜ਼ ਵਾਂਗ ਉਨ੍ਹਾਂ ਦਾ ਖ਼ਿਆਲ ਰੱਖੋ ਅਤੇ ਉਨ੍ਹਾਂ ਦੀ ਇੱਜ਼ਤ ਕਰੋ+ ਕਿਉਂਕਿ ਤੁਹਾਡੇ ਨਾਲ ਤੁਹਾਡੀਆਂ ਪਤਨੀਆਂ ਵੀ ਉਸ ਜ਼ਿੰਦਗੀ ਦੀਆਂ ਵਾਰਸ ਹਨ+ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਮਿਲੇਗੀ। ਨਹੀਂ ਤਾਂ ਤੁਹਾਡੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਆ ਜਾਵੇਗੀ।

8 ਅਖ਼ੀਰ ਵਿਚ, ਤੁਸੀਂ ਸਾਰੇ ਜਣੇ ਇੱਕੋ ਜਿਹੀ ਸੋਚ ਰੱਖੋ,+ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿਓ, ਭਰਾਵਾਂ ਵਾਂਗ ਪਿਆਰ ਕਰੋ, ਇਕ-ਦੂਜੇ ਲਈ ਹਮਦਰਦੀ ਦਿਖਾਓ+ ਅਤੇ ਨਿਮਰ ਬਣੋ।+ 9 ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ+ ਅਤੇ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਬਦਲੇ ਵਿਚ ਉਸ ਦੀ ਬੇਇੱਜ਼ਤੀ ਨਾ ਕਰੋ।+ ਇਸ ਦੀ ਬਜਾਇ, ਉਨ੍ਹਾਂ ਦਾ ਭਲਾ ਕਰੋ*+ ਕਿਉਂਕਿ ਪਰਮੇਸ਼ੁਰ ਨੇ ਤੁਹਾਨੂੰ ਇਸੇ ਲਈ ਸੱਦਿਆ ਹੈ, ਫਿਰ ਉਹ ਤੁਹਾਨੂੰ ਬਰਕਤ ਦੇਵੇਗਾ।

10 “ਜਿਹੜਾ ਇਨਸਾਨ ਜ਼ਿੰਦਗੀ ਨਾਲ ਪਿਆਰ ਕਰਦਾ ਹੈ ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈ, ਉਹ ਆਪਣੀ ਜ਼ਬਾਨ ਨੂੰ ਬੁਰੀਆਂ ਗੱਲਾਂ ਕਹਿਣ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਧੋਖੇ ਭਰੀਆਂ ਗੱਲਾਂ ਕਰਨ ਤੋਂ ਰੋਕੇ।+ 11 ਉਹ ਬੁਰਾਈ ਕਰਨ ਤੋਂ ਹਟ ਜਾਵੇ+ ਅਤੇ ਨੇਕੀ ਕਰੇ;+ ਉਹ ਸ਼ਾਂਤੀ ਕਾਇਮ ਕਰਨ ਅਤੇ ਇਸ ਨੂੰ ਬਣਾਈ ਰੱਖਣ ਦਾ ਜਤਨ ਕਰੇ।+ 12 ਯਹੋਵਾਹ* ਦੀਆਂ ਅੱਖਾਂ ਧਰਮੀਆਂ ਉੱਤੇ ਲੱਗੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਵੱਲ ਲੱਗੇ ਹੋਏ ਹਨ,+ ਪਰ ਯਹੋਵਾਹ* ਬੁਰੇ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਹੈ।”+

13 ਵਾਕਈ, ਜੇ ਤੁਸੀਂ ਜੋਸ਼ ਨਾਲ ਚੰਗੇ ਕੰਮ ਕਰਦੇ ਹੋ, ਤਾਂ ਕੌਣ ਤੁਹਾਡਾ ਨੁਕਸਾਨ ਕਰੇਗਾ?+ 14 ਪਰ ਜੇ ਤੁਹਾਨੂੰ ਨੇਕ ਕੰਮ ਕਰਨ ਕਰਕੇ ਦੁੱਖ ਝੱਲਣੇ ਵੀ ਪੈਂਦੇ ਹਨ, ਤਾਂ ਵੀ ਤੁਸੀਂ ਖ਼ੁਸ਼ ਹੋ।+ ਤੁਸੀਂ ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਲੋਕ ਡਰਦੇ ਹਨ* ਤੇ ਨਾ ਹੀ ਉਨ੍ਹਾਂ ਕਰਕੇ ਪਰੇਸ਼ਾਨ ਹੋਵੋ।+ 15 ਇਸ ਦੀ ਬਜਾਇ, ਆਪਣੇ ਦਿਲਾਂ ਵਿਚ ਸਵੀਕਾਰ ਕਰੋ ਕਿ ਮਸੀਹ ਹੀ ਪ੍ਰਭੂ ਹੈ ਅਤੇ ਉਹ ਪਵਿੱਤਰ ਹੈ। ਜੇ ਕੋਈ ਤੁਹਾਡੇ ਤੋਂ ਪੁੱਛਦਾ ਹੈ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ, ਤਾਂ ਉਸ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ+ ਅਤੇ ਪੂਰੇ ਆਦਰ ਨਾਲ ਜਵਾਬ ਦਿਓ।+

16 ਆਪਣੀ ਜ਼ਮੀਰ ਨੂੰ ਸਾਫ਼ ਰੱਖੋ+ ਤਾਂਕਿ ਜਿਹੜੇ ਲੋਕ ਕਿਸੇ ਵੀ ਗੱਲ ਵਿਚ ਤੁਹਾਡੇ ਖ਼ਿਲਾਫ਼ ਬੋਲਦੇ ਹਨ, ਉਹ ਇਹ ਦੇਖ ਕੇ ਸ਼ਰਮਿੰਦੇ ਹੋਣ+ ਕਿ ਮਸੀਹ ਦੇ ਚੇਲੇ ਹੋਣ ਕਰਕੇ ਤੁਹਾਡਾ ਚਾਲ-ਚਲਣ ਚੰਗਾ ਹੈ।+ 17 ਚੰਗਾ ਹੈ ਕਿ ਤੁਸੀਂ ਬੁਰੇ ਕੰਮਾਂ+ ਦੀ ਬਜਾਇ ਭਲੇ ਕੰਮਾਂ ਕਰਕੇ ਦੁੱਖ ਝੱਲੋ,+ ਭਾਵੇਂ ਪਰਮੇਸ਼ੁਰ ਇਸ ਤਰ੍ਹਾਂ ਹੋਣ ਦਿੰਦਾ ਹੈ। 18 ਇਕ ਧਰਮੀ ਇਨਸਾਨ+ ਯਾਨੀ ਮਸੀਹ ਵੀ ਕੁਧਰਮੀਆਂ ਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ ਇੱਕੋ ਵਾਰ ਮਰਿਆ+ ਤਾਂਕਿ ਉਹ ਤੁਹਾਨੂੰ ਪਰਮੇਸ਼ੁਰ ਕੋਲ ਲੈ ਜਾਵੇ।+ ਉਸ ਨੂੰ ਇਨਸਾਨੀ ਸਰੀਰ ਵਿਚ ਮਾਰਿਆ ਗਿਆ,+ ਪਰ ਸਵਰਗੀ ਸਰੀਰ* ਵਿਚ ਦੁਬਾਰਾ ਜੀਉਂਦਾ ਕੀਤਾ ਗਿਆ।+ 19 ਫਿਰ ਉਸ ਨੇ ਸਵਰਗੀ ਸਰੀਰ ਵਿਚ ਜਾ ਕੇ ਕੈਦੀ ਦੂਤਾਂ ਨੂੰ ਪ੍ਰਚਾਰ ਕੀਤਾ+ 20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ+ ਜਦੋਂ ਕਿਸ਼ਤੀ* ਬਣਾਈ ਜਾ ਰਹੀ ਸੀ+ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।+

21 ਇਹ ਘਟਨਾ ਬਪਤਿਸਮੇ ਨੂੰ ਦਰਸਾਉਂਦੀ ਹੈ ਅਤੇ ਯਿਸੂ ਮਸੀਹ ਦੇ ਦੁਬਾਰਾ ਜੀਉਂਦਾ ਹੋਣ ਕਰਕੇ ਬਪਤਿਸਮਾ ਹੁਣ (ਸਰੀਰ ਦੀ ਮੈਲ਼ ਲਾਹ ਕੇ ਨਹੀਂ, ਸਗੋਂ ਪਰਮੇਸ਼ੁਰ ਨੂੰ ਸਾਫ਼ ਜ਼ਮੀਰ ਵਾਸਤੇ ਫ਼ਰਿਆਦ ਕਰ ਕੇ) ਤੁਹਾਨੂੰ ਵੀ ਬਚਾ ਰਿਹਾ ਹੈ।+ 22 ਹੁਣ ਯਿਸੂ ਸਵਰਗ ਨੂੰ ਚਲਾ ਗਿਆ ਹੈ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਹੈ।+ ਦੂਤ ਅਤੇ ਅਧਿਕਾਰ ਅਤੇ ਤਾਕਤ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।+

4 ਇਸ ਲਈ ਇਹ ਜਾਣਦੇ ਹੋਏ ਕਿ ਮਸੀਹ ਨੇ ਇਨਸਾਨ ਹੁੰਦਿਆਂ ਦੁੱਖ ਝੱਲੇ ਸਨ,+ ਤੁਹਾਡੇ ਮਨ ਦਾ ਸੁਭਾਅ* ਵੀ ਉਸ ਵਰਗਾ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਇਨਸਾਨ ਨੇ ਦੁੱਖ ਝੱਲੇ ਹਨ, ਉਹ ਪਾਪ ਕਰਨ ਤੋਂ ਹਟ ਗਿਆ ਹੈ+ 2 ਤਾਂਕਿ ਉਹ ਬਾਕੀ ਦੀ ਜ਼ਿੰਦਗੀ ਇਨਸਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ,+ ਸਗੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲਾਵੇ।+ 3 ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ।+ ਉਸ ਵੇਲੇ ਤੁਸੀਂ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀ ਲਾਲਸਾ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।+ 4 ਪਰ ਹੁਣ ਤੁਸੀਂ ਲੋਕਾਂ ਨਾਲ ਅਯਾਸ਼ੀ ਦੇ ਰਾਹ ਉੱਤੇ ਨਹੀਂ ਭੱਜ ਰਹੇ ਹੋ, ਇਸ ਲਈ ਉਹ ਬੌਂਦਲੇ ਹੋਏ ਹਨ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ।+ 5 ਪਰ ਇਹ ਲੋਕ ਉਸ ਨਿਆਂਕਾਰ ਨੂੰ ਆਪਣਾ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨ ਲਈ ਤਿਆਰ ਹੈ।+ 6 ਅਸਲ ਵਿਚ, ਮਰੇ ਹੋਏ ਲੋਕਾਂ* ਨੂੰ ਵੀ ਇਸੇ ਲਈ ਖ਼ੁਸ਼ ਖ਼ਬਰੀ ਸੁਣਾਈ ਗਈ ਸੀ+ ਤਾਂਕਿ ਭਾਵੇਂ ਦੂਸਰੇ ਇਨਸਾਨਾਂ ਵਾਂਗ ਉਨ੍ਹਾਂ ਦਾ ਨਿਆਂ ਬਾਹਰੀ ਰੂਪ ਅਨੁਸਾਰ ਕੀਤਾ ਜਾਂਦਾ ਹੈ, ਪਰ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਆਪਣੀ ਜ਼ਿੰਦਗੀ ਜੀਉਣ।

7 ਪਰ ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ। ਇਸ ਲਈ ਸਮਝਦਾਰ ਬਣੋ+ ਅਤੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ* ਰਹੋ।+ 8 ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ+ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।*+ 9 ਬੁੜ-ਬੁੜ ਕੀਤੇ ਬਿਨਾਂ ਇਕ-ਦੂਜੇ ਦੀ ਪਰਾਹੁਣਚਾਰੀ ਕਰੋ।+ 10 ਪਰਮੇਸ਼ੁਰ ਨੇ ਤੁਹਾਡੇ ʼਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕੀਤੀ ਹੈ। ਇਸ ਲਈ ਤੁਹਾਨੂੰ ਜੋ ਵੀ ਹੁਨਰ ਬਖ਼ਸ਼ੇ ਗਏ ਹਨ, ਤੁਸੀਂ ਵਧੀਆ ਪ੍ਰਬੰਧਕਾਂ ਦੇ ਤੌਰ ਤੇ ਉਨ੍ਹਾਂ ਨੂੰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।+ 11 ਜੇ ਕੋਈ ਗੱਲ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਬਚਨ ਬਾਰੇ ਗੱਲ ਕਰੇ ਅਤੇ ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ+ ਤਾਂਕਿ ਯਿਸੂ ਮਸੀਹ ਰਾਹੀਂ ਸਾਰੀਆਂ ਗੱਲਾਂ ਵਿਚ ਪਰਮੇਸ਼ੁਰ ਦੀ ਮਹਿਮਾ ਹੋਵੇ।+ ਮਹਿਮਾ ਅਤੇ ਤਾਕਤ ਯੁਗੋ-ਯੁਗ ਉਸੇ ਦੀ ਹੋਵੇ। ਆਮੀਨ।

12 ਪਿਆਰੇ ਭਰਾਵੋ, ਇਸ ਗੱਲੋਂ ਹੈਰਾਨ ਨਾ ਹੋਵੋ ਕਿ ਤੁਹਾਨੂੰ ਅਗਨੀ ਪਰੀਖਿਆਵਾਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ,+ ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਹੋ ਰਹੀ ਹੋਵੇ। 13 ਇਸ ਦੀ ਬਜਾਇ, ਖ਼ੁਸ਼ੀਆਂ ਮਨਾਉਂਦੇ ਰਹੋ+ ਕਿਉਂਕਿ ਤੁਸੀਂ ਮਸੀਹ ਦੇ ਦੁੱਖਾਂ ਦੇ ਹਿੱਸੇਦਾਰ ਹੋ+ ਤਾਂਕਿ ਉਸ ਦੀ ਮਹਿਮਾ ਪ੍ਰਗਟ ਹੋਣ ਦੇ ਸਮੇਂ ਵੀ ਤੁਹਾਨੂੰ ਹੱਦੋਂ ਵੱਧ ਖ਼ੁਸ਼ੀ ਮਿਲੇ।+ 14 ਜੇ ਤੁਹਾਨੂੰ ਮਸੀਹ ਦੇ ਨਾਂ ਕਰਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਤੁਸੀਂ ਖ਼ੁਸ਼ ਹੋ+ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਇਸ ਸ਼ਕਤੀ ਦੀ ਮਹਿਮਾ ਤੁਹਾਡੇ ਉੱਤੇ ਰਹਿੰਦੀ ਹੈ।

15 ਪਰ ਇੱਦਾਂ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਕਤਲ ਕਰਨ ਕਰਕੇ ਜਾਂ ਚੋਰੀ ਕਰਨ ਕਰਕੇ ਜਾਂ ਬੁਰਾ ਕੰਮ ਕਰਨ ਕਰਕੇ ਜਾਂ ਦੂਜੇ ਲੋਕਾਂ ਦੇ ਮਾਮਲੇ ਵਿਚ ਲੱਤ ਅੜਾਉਣ ਕਰਕੇ ਦੁੱਖ ਝੱਲੇ।+ 16 ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਝੱਲਦਾ ਹੈ, ਤਾਂ ਉਹ ਸ਼ਰਮਿੰਦਗੀ ਮਹਿਸੂਸ ਨਾ ਕਰੇ,+ ਸਗੋਂ ਮਸੀਹੀ ਦੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਰਹੇ। 17 ਨਿਆਂ ਕਰਨ ਦਾ ਮਿਥਿਆ ਸਮਾਂ ਆ ਗਿਆ ਹੈ ਅਤੇ ਨਿਆਂ ਪਰਮੇਸ਼ੁਰ ਦੇ ਘਰੋਂ ਸ਼ੁਰੂ ਹੋਵੇਗਾ।+ ਜੇ ਨਿਆਂ ਸਾਡੇ ਤੋਂ ਸ਼ੁਰੂ ਹੋਵੇਗਾ,+ ਤਾਂ ਉਨ੍ਹਾਂ ਲੋਕਾਂ ਦਾ ਕੀ ਹਸ਼ਰ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਮੁਤਾਬਕ ਨਹੀਂ ਚੱਲਦੇ?+ 18 “ਜੇ ਧਰਮੀ ਇਨਸਾਨ ਮੁਸ਼ਕਲ ਨਾਲ ਬਚੇਗਾ, ਤਾਂ ਦੁਸ਼ਟ ਅਤੇ ਪਾਪੀ ਇਨਸਾਨ ਦਾ ਕੀ ਹਸ਼ਰ ਹੋਵੇਗਾ?”+ 19 ਇਸ ਲਈ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਕਰਕੇ ਦੁੱਖ ਝੱਲ ਰਹੇ ਹਨ, ਉਹ ਚੰਗੇ ਕੰਮ ਕਰਦੇ ਹੋਏ ਹਮੇਸ਼ਾ ਆਪਣੀਆਂ ਜ਼ਿੰਦਗੀਆਂ ਆਪਣੇ ਸਿਰਜਣਹਾਰ ਨੂੰ ਸੌਂਪਣ ਜਿਹੜਾ ਵਫ਼ਾਦਾਰ ਹੈ।+

5 ਇਸ ਲਈ ਮੈਂ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਦੇ ਨਾਤੇ ਅਤੇ ਪ੍ਰਗਟ ਕੀਤੀ ਜਾਣ ਵਾਲੀ ਮਹਿਮਾ+ ਦਾ ਹਿੱਸੇਦਾਰ ਹੋਣ ਦੇ ਨਾਤੇ ਅਤੇ ਬਜ਼ੁਰਗ ਹੋਣ ਦੇ ਨਾਤੇ ਤੁਹਾਡੇ ਬਜ਼ੁਰਗਾਂ ਨੂੰ ਬੇਨਤੀ ਕਰਦਾ* ਹਾਂ: 2 ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ+ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਨਿਗਾਹਬਾਨ ਹੋਣ ਦੇ ਨਾਤੇ* ਆਪਣਾ ਕੰਮ ਮਜਬੂਰੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੇ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਕਰੋ+ ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ,+ ਸਗੋਂ ਜੀ-ਜਾਨ ਨਾਲ ਕਰੋ; 3 ਨਾ ਹੀ ਉਨ੍ਹਾਂ ਉੱਤੇ ਹੁਕਮ ਚਲਾਓ ਜਿਹੜੇ ਪਰਮੇਸ਼ੁਰ ਦੀ ਅਮਾਨਤ* ਹਨ,+ ਸਗੋਂ ਭੇਡਾਂ ਲਈ ਮਿਸਾਲ ਬਣੋ।+ 4 ਜਦੋਂ ਮੁੱਖ ਚਰਵਾਹਾ+ ਪ੍ਰਗਟ ਹੋਵੇਗਾ, ਤਾਂ ਤੁਹਾਨੂੰ ਮਹਿਮਾ ਦਾ ਮੁਕਟ ਮਿਲੇਗਾ ਜਿਸ ਦੀ ਸੁੰਦਰਤਾ ਕਦੀ ਖ਼ਤਮ ਨਹੀਂ ਹੋਵੇਗੀ।+

5 ਇਸੇ ਤਰ੍ਹਾਂ ਨੌਜਵਾਨੋ, ਵੱਡੀ ਉਮਰ ਦੇ ਭਰਾਵਾਂ* ਦੇ ਅਧੀਨ ਰਹੋ।+ ਪਰ ਤੁਸੀਂ ਸਾਰੇ ਇਕ-ਦੂਸਰੇ ਨਾਲ ਨਿਮਰਤਾ* ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।+

6 ਇਸ ਲਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਪਰਮੇਸ਼ੁਰ* ਦੇ ਅਧੀਨ ਕਰੋ ਤਾਂਕਿ ਸਮਾਂ ਆਉਣ ਤੇ ਉਹ ਤੁਹਾਨੂੰ ਉੱਚਾ ਕਰੇ।+ 7 ਨਾਲੇ ਆਪਣੀਆਂ ਸਾਰੀਆਂ ਚਿੰਤਾਵਾਂ* ਦਾ ਬੋਝ ਉਸ ਉੱਤੇ ਪਾ ਦਿਓ+ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।+ 8 ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!+ ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ਼ ਜਾਵੇ।+ 9 ਪਰ ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ ਉਸ ਦਾ ਮੁਕਾਬਲਾ ਕਰੋ+ ਅਤੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।+ 10 ਫਿਰ ਜਦੋਂ ਤੁਸੀਂ ਥੋੜ੍ਹੇ ਚਿਰ ਲਈ ਦੁੱਖ ਝੱਲ ਲਵੋਗੇ, ਤਾਂ ਸਾਰੀ ਅਪਾਰ ਕਿਰਪਾ ਦਾ ਪਰਮੇਸ਼ੁਰ, ਜਿਸ ਨੇ ਤੁਹਾਨੂੰ ਮਸੀਹ ਦੇ ਰਾਹੀਂ ਆਪਣੀ ਹਮੇਸ਼ਾ ਕਾਇਮ ਰਹਿਣ ਵਾਲੀ ਮਹਿਮਾ ਲਈ ਸੱਦਿਆ ਹੈ,+ ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ+ ਅਤੇ ਤੁਹਾਨੂੰ ਤਕੜਾ ਕਰੇਗਾ+ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ। 11 ਯੁਗੋ-ਯੁਗ ਤਾਕਤ ਉਸੇ ਦੀ ਹੋਵੇ। ਆਮੀਨ।

12 ਮੈਂ ਸਿਲਵਾਨੁਸ*+ ਦੇ ਹੱਥੀਂ, ਜਿਸ ਨੂੰ ਮੈਂ ਵਫ਼ਾਦਾਰ ਭਰਾ ਮੰਨਦਾ ਹਾਂ, ਇਹ ਥੋੜ੍ਹੇ ਜਿਹੇ ਸ਼ਬਦ ਲਿਖਵਾ ਕੇ ਤੁਹਾਨੂੰ ਹੱਲਾਸ਼ੇਰੀ ਅਤੇ ਪੱਕੀ ਗਵਾਹੀ ਦੇ ਰਿਹਾ ਹਾਂ ਕਿ ਤੁਹਾਡੇ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਸੱਚੀ ਹੈ। ਤੁਸੀਂ ਇਸ ਅਪਾਰ ਕਿਰਪਾ ਨੂੰ ਮਜ਼ਬੂਤੀ ਨਾਲ ਫੜੀ ਰੱਖੋ। 13 ਬਾਬਲ ਵਿਚ ਤੁਹਾਡੇ ਵਾਂਗ ਚੁਣੀ ਹੋਈ ਭੈਣ* ਨੇ ਅਤੇ ਮੇਰੇ ਪੁੱਤਰ ਮਰਕੁਸ+ ਨੇ ਤੁਹਾਨੂੰ ਨਮਸਕਾਰ ਕਿਹਾ ਹੈ। 14 ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ।

ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਬਖ਼ਸ਼ੇ ਜਿਹੜੇ ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹਨ।

ਜਾਂ, “ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ਮੁਤਾਬਕ।”

ਯੂਨਾ, “ਰਿਹਾ ਕਰਾਇਆ ਗਿਆ ਸੀ।”

ਮੱਤੀ 13:​35, ਫੁਟਨੋਟ ਦੇਖੋ।

ਯਾਨੀ, ਅਜਿਹਾ ਬੀ ਜੋ ਫਲ ਪੈਦਾ ਕਰ ਸਕਦਾ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਚੱਖ ਕੇ।”

ਜਾਂ, “ਠੁਕਰਾ ਦਿੱਤਾ।”

ਯੂਨਾ, “ਸ਼ਰਮਿੰਦੇ।”

ਜਾਂ, “ਠੁਕਰਾ ਦਿੱਤਾ।”

ਯੂਨਾ, “ਕੋਨੇ ਦਾ ਸਿਰਾ।”

ਯਾਨੀ, ਉਸ ਦੀਆਂ ਸ਼ਲਾਘਾਯੋਗ ਖੂਬੀਆਂ ਅਤੇ ਕੰਮ।

ਜਾਂ, “ਦਾ ਬਹਾਨਾ ਨਾ ਬਣਾਓ।”

ਜਾਂ, “ਦੁੱਖ।”

ਜਾਂ, “ਗਾਲ਼ਾਂ ਕੱਢਦੇ ਸਨ।”

ਜਾਂ, “ਗਾਲ਼ਾਂ ਨਹੀਂ ਕੱਢਦਾ ਸੀ।”

ਜਾਂ, “ਰੁੱਖ।”

ਜਾਂ, “ਗਿਆਨ ਅਨੁਸਾਰ ਵੱਸੋ; ਲਈ ਲਿਹਾਜ਼ ਦਿਖਾਓ।”

ਜਾਂ, “ਉਨ੍ਹਾਂ ਨੂੰ ਬਰਕਤ ਦਿਓ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ ਸੰਭਵ ਹੈ, “ਉਨ੍ਹਾਂ ਦੀਆਂ ਧਮਕੀਆਂ ਤੋਂ ਨਾ ਡਰੋ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਮੱਤੀ 24:​38, ਫੁਟਨੋਟ ਦੇਖੋ।

ਜਾਂ, “ਇਰਾਦਾ।”

ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।

ਇੱਥੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਆਪਣੇ ਪਾਪਾਂ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮਰਿਆਂ ਵਰਗੇ ਸਨ। ਅਫ਼ 2:1 ਦੇਖੋ।

ਜਾਂ, “ਖ਼ਬਰਦਾਰ; ਸਚੇਤ।”

ਜਾਂ, “ਇਕ-ਦੂਜੇ ਦੇ ਬਹੁਤ ਸਾਰੇ ਪਾਪ ਢਕ ਲੈਂਦੇ ਹਨ।”

ਜਾਂ, “ਹੱਲਾਸ਼ੇਰੀ ਦਿੰਦਾ।”

ਜਾਂ, “ਧਿਆਨ ਨਾਲ ਉਨ੍ਹਾਂ ਦੀ ਨਿਗਰਾਨੀ ਕਰਦੇ ਹੋਏ।”

ਜਾਂ, “ਵਿਰਾਸਤ।”

ਜਾਂ, “ਬਜ਼ੁਰਗਾਂ।”

ਜਾਂ, “ਮਨ ਦੀ ਹਲੀਮੀ।”

ਯੂਨਾ, “ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ।”

ਜਾਂ, “ਪਰੇਸ਼ਾਨੀਆਂ।”

ਸੀਲਾਸ ਦਾ ਇਕ ਹੋਰ ਨਾਂ।

ਜ਼ਾਹਰ ਹੈ ਕਿ ਇੱਥੇ “ਭੈਣ” ਮੰਡਲੀ ਨੂੰ ਦਰਸਾਉਂਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ