ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਅਫ਼ਸੀਆਂ 1:1 - 6:24
  • ਅਫ਼ਸੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਫ਼ਸੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਅਫ਼ਸੀਆਂ

ਅਫ਼ਸੀਆਂ ਨੂੰ ਚਿੱਠੀ

1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਅਨੁਸਾਰ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਅਫ਼ਸੁਸ+ ਦੇ ਪਵਿੱਤਰ ਸੇਵਕਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜੋ ਮਸੀਹ ਯਿਸੂ ਦੇ ਵਫ਼ਾਦਾਰ ਚੇਲੇ ਹਨ:

2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।

3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਸਾਨੂੰ ਮਸੀਹ ਦੇ ਨਾਲ ਏਕਤਾ ਵਿਚ ਹੋਣ ਕਰਕੇ ਪਵਿੱਤਰ ਸ਼ਕਤੀ ਦੁਆਰਾ ਸਵਰਗ ਵਿਚ ਹਰ ਤਰ੍ਹਾਂ ਦੀ ਬਰਕਤ ਦਿੱਤੀ ਹੈ+ 4 ਕਿਉਂਕਿ ਉਸ ਨੇ ਸਾਨੂੰ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਮਸੀਹ ਦੇ ਨਾਲ ਹੋਣ ਲਈ ਚੁਣਿਆ ਸੀ ਤਾਂਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰੀਏ ਅਤੇ ਉਸ ਦੀ ਹਜ਼ੂਰੀ ਵਿਚ ਪਵਿੱਤਰ ਤੇ ਬੇਦਾਗ਼+ ਖੜ੍ਹੇ ਹੋਈਏ। 5 ਉਸ ਨੇ ਆਪਣੀ ਖ਼ੁਸ਼ੀ ਅਤੇ ਇੱਛਾ ਮੁਤਾਬਕ+ ਪਹਿਲਾਂ ਤੋਂ ਹੀ ਫ਼ੈਸਲਾ ਕੀਤਾ ਸੀ+ ਕਿ ਉਹ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਪੁੱਤਰਾਂ ਵਜੋਂ ਅਪਣਾਵੇਗਾ+ 6 ਤਾਂਕਿ ਉਸ ਨੇ ਮਿਹਰਬਾਨ ਹੋ ਕੇ ਆਪਣੇ ਪਿਆਰੇ ਪੁੱਤਰ ਰਾਹੀਂ+ ਸਾਡੇ ʼਤੇ ਜੋ ਅਪਾਰ ਕਿਰਪਾ ਕੀਤੀ, ਉਸ ਕਰਕੇ ਉਸ ਦੀ ਮਹਿਮਾ ਹੋਵੇ।+ 7 ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਸਦਕਾ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ+ ਅਤੇ ਸਾਡੇ ਪਾਪ ਮਾਫ਼ ਕੀਤੇ ਹਨ।+

8 ਉਸ ਨੇ ਸਾਡੇ ʼਤੇ ਦਿਲ ਖੋਲ੍ਹ ਕੇ ਅਪਾਰ ਕਿਰਪਾ ਕਰਨ ਦੇ ਨਾਲ-ਨਾਲ ਸਾਨੂੰ ਸਾਰੀ ਬੁੱਧ ਅਤੇ ਸਮਝ ਵੀ ਬਖ਼ਸ਼ੀ 9 ਜਦੋਂ ਉਸ ਨੇ ਸਾਨੂੰ ਆਪਣੀ ਇੱਛਾ ਬਾਰੇ ਪਵਿੱਤਰ ਭੇਤ+ ਦੱਸਿਆ। ਇਸ ਭੇਤ ਦੇ ਅਨੁਸਾਰ ਉਸ ਨੇ ਖ਼ੁਸ਼ੀ-ਖ਼ੁਸ਼ੀ ਇਹ ਮਕਸਦ ਰੱਖਿਆ ਕਿ 10 ਮਿਥਿਆ ਸਮਾਂ ਪੂਰਾ ਹੋਣ ਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ,+ ਹਾਂ, ਮਸੀਹ ਦੇ ਅਧੀਨ ਕਰੇ 11 ਜਿਸ ਦੇ ਨਾਲ ਅਸੀਂ ਏਕਤਾ ਵਿਚ ਬੱਝੇ ਹੋਏ ਹਾਂ ਅਤੇ ਸਾਨੂੰ ਉਸ ਨਾਲ ਵਾਰਸ ਬਣਾਇਆ ਗਿਆ ਹੈ।+ ਇਸ ਦਾ ਫ਼ੈਸਲਾ ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਪਹਿਲਾਂ ਹੀ ਕੀਤਾ ਸੀ। ਉਹ ਆਪਣੀ ਇੱਛਾ ਅਨੁਸਾਰ ਜੋ ਵੀ ਫ਼ੈਸਲਾ ਕਰਦਾ ਹੈ, ਉਸ ਨੂੰ ਪੂਰਾ ਕਰਦਾ ਹੈ। 12 ਸਾਨੂੰ ਇਸ ਲਈ ਚੁਣਿਆ ਗਿਆ ਹੈ ਤਾਂਕਿ ਸਾਡੇ ਰਾਹੀਂ ਪਰਮੇਸ਼ੁਰ ਦੀ ਵਡਿਆਈ ਅਤੇ ਮਹਿਮਾ ਹੋਵੇ। ਅਸੀਂ ਮਸੀਹ ʼਤੇ ਆਸ ਰੱਖਣ ਵਾਲਿਆਂ ਵਿੱਚੋਂ ਪਹਿਲੇ ਹਾਂ। 13 ਪਰ ਤੁਸੀਂ ਵੀ ਸੱਚਾਈ ਦਾ ਸੰਦੇਸ਼ ਯਾਨੀ ਆਪਣੀ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣ ਕੇ ਮਸੀਹ ਉੱਤੇ ਆਸ ਲਾਈ। ਤੁਹਾਡੇ ਵਿਸ਼ਵਾਸ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਉਸ ਰਾਹੀਂ ਤੁਹਾਡੇ ਉੱਤੇ ਵੀ ਵਾਅਦਾ ਕੀਤੀ ਗਈ ਪਵਿੱਤਰ ਸ਼ਕਤੀ ਨਾਲ ਮੁਹਰ ਲਾਈ।+ 14 ਇਹ ਪਵਿੱਤਰ ਸ਼ਕਤੀ ਸਾਨੂੰ ਵਿਰਾਸਤ ਮਿਲਣ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਦਿੱਤੀ ਜਾਂਦੀ ਹੈ।+ ਇਹ ਮੁਹਰ ਇਸ ਲਈ ਲਾਈ ਜਾਂਦੀ ਹੈ ਤਾਂਕਿ ਪਰਮੇਸ਼ੁਰ ਰਿਹਾਈ ਦੀ ਕੀਮਤ+ ਅਦਾ ਕਰ ਕੇ ਆਪਣੇ ਲੋਕਾਂ ਨੂੰ ਛੁਡਾਏ+ ਅਤੇ ਉਸ ਦੀ ਮਹਿਮਾ ਅਤੇ ਉਸਤਤ ਹੋਵੇ।

15 ਇਸ ਲਈ ਜਦੋਂ ਤੋਂ ਮੈਂ ਸੁਣਿਆ ਕਿ ਤੁਸੀਂ ਪ੍ਰਭੂ ਯਿਸੂ ਉੱਤੇ ਨਿਹਚਾ ਕਰਦੇ ਹੋ ਅਤੇ ਸਾਰੇ ਪਵਿੱਤਰ ਸੇਵਕਾਂ ਨਾਲ ਪਿਆਰ ਕਰਦੇ ਹੋ, 16 ਤਾਂ ਮੈਂ ਤੁਹਾਡੇ ਕਰਕੇ ਪਰਮੇਸ਼ੁਰ ਦਾ ਧੰਨਵਾਦ ਕਰਨ ਤੋਂ ਨਹੀਂ ਹਟਿਆ। ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ 17 ਕਿ ਮਹਿਮਾਵਾਨ ਪਿਤਾ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਹੈ, ਤੁਹਾਨੂੰ ਬੁੱਧ ਅਤੇ ਆਪਣੇ ਬਾਰੇ ਸਹੀ ਗਿਆਨ ਦੀ ਸਮਝ ਬਖ਼ਸ਼ੇ;+ 18 ਉਸ ਨੇ ਤੁਹਾਡੇ ਮਨ ਦੀਆਂ ਅੱਖਾਂ ਖੋਲ੍ਹੀਆਂ ਹਨ ਤਾਂਕਿ ਤੁਸੀਂ ਜਾਣ ਲਵੋ ਕਿ ਤੁਹਾਨੂੰ ਕਿਸ ਉਮੀਦ ਲਈ ਸੱਦਿਆ ਗਿਆ ਹੈ ਤੇ ਉਹ ਪਵਿੱਤਰ ਸੇਵਕਾਂ ਨੂੰ ਵਿਰਾਸਤ ਵਜੋਂ ਕਿਹੜੀਆਂ ਸ਼ਾਨਦਾਰ ਬਰਕਤਾਂ ਦੇਵੇਗਾ+ 19 ਅਤੇ ਤੁਸੀਂ ਇਹ ਵੀ ਜਾਣ ਲਵੋ ਕਿ ਉਸ ਦੀ ਤਾਕਤ ਕਿੰਨੀ ਬੇਜੋੜ ਅਤੇ ਮਹਾਨ ਹੈ ਜੋ ਨਿਹਚਾਵਾਨਾਂ ਉੱਤੇ ਯਾਨੀ ਸਾਡੇ ਉੱਤੇ ਅਸਰ ਪਾਉਂਦੀ ਹੈ।+ ਉਸ ਦੀ ਤਾਕਤ ਦੀ ਮਹਾਨਤਾ ਇਸ ਤੋਂ ਜ਼ਾਹਰ ਹੁੰਦੀ ਹੈ 20 ਕਿ ਉਸ ਨੇ ਇਹ ਤਾਕਤ ਵਰਤ ਕੇ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਉਸ ਨੂੰ ਸਵਰਗ ਵਿਚ ਆਪਣੇ ਸੱਜੇ ਹੱਥ ਬਿਠਾਇਆ।+ 21 ਉਸ ਨੂੰ ਹਰ ਸਰਕਾਰ, ਅਧਿਕਾਰ, ਤਾਕਤ, ਰਾਜ ਅਤੇ ਹਰ ਨਾਂ ਤੋਂ ਉੱਚਾ ਕੀਤਾ ਗਿਆ,+ ਨਾ ਸਿਰਫ਼ ਇਸ ਯੁਗ* ਵਿਚ, ਸਗੋਂ ਆਉਣ ਵਾਲੇ ਯੁਗ ਵਿਚ ਵੀ। 22 ਨਾਲੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ ਹਨ+ ਅਤੇ ਉਸ ਨੂੰ ਮੰਡਲੀ ਦਾ ਮੁਖੀ ਬਣਾ ਕੇ ਇਸ ਦੀਆਂ ਸਾਰੀਆਂ ਗੱਲਾਂ ਉੱਤੇ ਅਧਿਕਾਰ ਦਿੱਤਾ ਹੈ।+ 23 ਮੰਡਲੀ ਉਸ ਦਾ ਸਰੀਰ ਹੈ+ ਅਤੇ ਇਹ ਉਸ ਦੇ ਗੁਣਾਂ ਨਾਲ ਭਰੀ ਹੋਈ ਹੈ ਅਤੇ ਉਹ ਹਰ ਤਰ੍ਹਾਂ ਨਾਲ ਸਾਰੀਆਂ ਗੱਲਾਂ ਪੂਰੀਆਂ ਕਰਦਾ ਹੈ।

2 ਇਸ ਤੋਂ ਇਲਾਵਾ, ਤੁਸੀਂ ਆਪਣੀਆਂ ਗ਼ਲਤੀਆਂ ਅਤੇ ਪਾਪਾਂ ਕਰਕੇ ਮਰੇ ਹੋਏ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕੀਤਾ।+ 2 ਤੁਸੀਂ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਜ਼ਿੰਦਗੀ ਜੀਉਂਦੇ ਸੀ*+ ਯਾਨੀ ਇਸ ਦੁਨੀਆਂ ਦੀ ਸੋਚ ਉੱਤੇ ਅਧਿਕਾਰ ਰੱਖਣ ਵਾਲੇ ਹਾਕਮ ਮੁਤਾਬਕ ਚੱਲਦੇ ਸੀ।+ ਇਹ ਸੋਚ+ ਦੁਨੀਆਂ ਵਿਚ ਹਵਾ ਵਾਂਗ ਫੈਲੀ ਹੋਈ ਹੈ ਅਤੇ ਅਣਆਗਿਆਕਾਰ ਲੋਕਾਂ ਉੱਤੇ ਅਸਰ ਪਾਉਂਦੀ ਹੈ। 3 ਹਾਂ, ਅਸੀਂ ਸਾਰੇ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਆਪਣੇ ਸਰੀਰ ਦੀਆਂ ਇੱਛਾਵਾਂ+ ਅਤੇ ਆਪਣੀਆਂ ਸੋਚਾਂ ਮੁਤਾਬਕ ਚੱਲਦੇ ਸੀ+ ਅਤੇ ਉਨ੍ਹਾਂ ਵਾਂਗ ਜਨਮ ਤੋਂ ਹੀ ਸਾਡੇ ʼਤੇ ਵੀ ਪਰਮੇਸ਼ੁਰ ਕ੍ਰੋਧਵਾਨ ਸੀ।+ 4 ਪਰ ਪਰਮੇਸ਼ੁਰ ਦਇਆ ਦਾ ਸਾਗਰ ਹੈ+ ਅਤੇ ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ,+ ਇਸ ਕਰਕੇ 5 ਉਸ ਨੇ ਸਾਨੂੰ ਜੀਉਂਦਾ ਕੀਤਾ ਅਤੇ ਮਸੀਹ ਨਾਲ ਮਿਲਾਇਆ, ਭਾਵੇਂ ਕਿ ਅਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ।+ (ਤੁਹਾਨੂੰ ਉਸ ਦੀ ਅਪਾਰ ਕਿਰਪਾ ਦੁਆਰਾ ਬਚਾਇਆ ਗਿਆ ਹੈ।) 6 ਇਸ ਤੋਂ ਇਲਾਵਾ, ਮਸੀਹ ਯਿਸੂ ਨਾਲ ਏਕਤਾ ਵਿਚ ਹੋਣ ਕਰਕੇ ਪਰਮੇਸ਼ੁਰ ਨੇ ਸਾਨੂੰ ਜੀਉਂਦਾ ਕੀਤਾ+ ਅਤੇ ਸਵਰਗ ਵਿਚ ਉਸ ਨਾਲ ਬਿਠਾਇਆ 7 ਤਾਂਕਿ ਉਹ ਆਉਣ ਵਾਲੇ ਯੁਗ* ਵਿਚ ਸਾਡੇ ʼਤੇ ਜਿਹੜੇ ਮਸੀਹ ਯਿਸੂ ਨਾਲ ਏਕਤਾ ਵਿਚ ਹਨ, ਮਿਹਰਬਾਨ ਹੋ ਕੇ ਆਪਣੀ ਅਪਾਰ ਕਿਰਪਾ ਦਾ ਸਬੂਤ ਦੇਵੇ।

8 ਤੁਹਾਨੂੰ ਉਸ ਦੀ ਅਪਾਰ ਕਿਰਪਾ ਦੇ ਕਾਰਨ ਬਚਾਇਆ ਗਿਆ ਹੈ+ ਕਿਉਂਕਿ ਤੁਸੀਂ ਨਿਹਚਾ ਕੀਤੀ ਹੈ; ਤੁਹਾਡੀ ਮੁਕਤੀ ਤੁਹਾਡੇ ਆਪਣੇ ਕਰਕੇ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦੀ ਦਾਤ ਹੈ। 9 ਹਾਂ, ਇਹ ਮੁਕਤੀ ਕਿਸੇ ਨੂੰ ਉਸ ਦੇ ਕੰਮਾਂ ਕਰਕੇ ਨਹੀਂ ਮਿਲਦੀ+ ਤਾਂਕਿ ਕਿਸੇ ਵੀ ਇਨਸਾਨ ਕੋਲ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਾ ਹੋਵੇ। 10 ਅਸੀਂ ਪਰਮੇਸ਼ੁਰ ਦੀ ਸ੍ਰਿਸ਼ਟੀ ਹਾਂ;+ ਮਸੀਹ ਯਿਸੂ ਦੇ ਨਾਲ ਏਕਤਾ+ ਵਿਚ ਹੋਣ ਕਰਕੇ ਸਾਨੂੰ ਚੰਗੇ ਕੰਮ ਕਰਨ ਲਈ ਸ੍ਰਿਸ਼ਟ ਕੀਤਾ ਗਿਆ ਹੈ ਅਤੇ ਇਨ੍ਹਾਂ ਕੰਮਾਂ ਦਾ ਫ਼ੈਸਲਾ ਪਰਮੇਸ਼ੁਰ ਨੇ ਪਹਿਲਾਂ ਹੀ ਕੀਤਾ ਸੀ ਜੋ ਕੰਮ ਅਸੀਂ ਕਰਨੇ ਹਨ।

11 ਇਸ ਲਈ ਯਾਦ ਰੱਖੋ ਕਿ ਤੁਸੀਂ ਜਨਮ ਤੋਂ ਹੀ ਗ਼ੈਰ-ਯਹੂਦੀ ਕੌਮਾਂ ਵਿੱਚੋਂ ਸੀ ਅਤੇ ਜਿਨ੍ਹਾਂ ਲੋਕਾਂ ਨੇ ਇਨਸਾਨਾਂ ਦੇ ਹੱਥੀਂ ਸਰੀਰ ਦੀ ਸੁੰਨਤ ਕਰਵਾਈ ਸੀ, ਉਹ ਲੋਕ ਪਹਿਲਾਂ ਤੁਹਾਨੂੰ “ਬੇਸੁੰਨਤੇ” ਕਹਿੰਦੇ ਸਨ। 12 ਉਸ ਸਮੇਂ ਤੁਸੀਂ ਮਸੀਹ ਨੂੰ ਨਹੀਂ ਜਾਣਦੇ ਸੀ, ਇਜ਼ਰਾਈਲ ਕੌਮ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਸੀ, ਅਜਨਬੀ ਹੋਣ ਕਰਕੇ ਵਾਅਦੇ ਦੇ ਇਕਰਾਰਾਂ ਵਿਚ ਤੁਹਾਡਾ ਕੋਈ ਹਿੱਸਾ ਨਹੀਂ ਸੀ,+ ਤੁਹਾਡੇ ਕੋਲ ਕੋਈ ਉਮੀਦ ਨਹੀਂ ਸੀ ਅਤੇ ਦੁਨੀਆਂ ਵਿਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।+ 13 ਤੁਸੀਂ ਪਹਿਲਾਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ, ਪਰ ਹੁਣ ਮਸੀਹ ਯਿਸੂ ਨਾਲ ਏਕਤਾ ਵਿਚ ਹੋਣ ਕਰਕੇ ਤੁਸੀਂ ਮਸੀਹ ਦੇ ਲਹੂ ਸਦਕਾ ਪਰਮੇਸ਼ੁਰ ਦੇ ਨੇੜੇ ਆ ਗਏ ਹੋ। 14 ਮਸੀਹ ਨੇ ਦੋ ਸਮੂਹਾਂ ਦਾ ਮੇਲ ਕਰਾ ਕੇ ਸਾਡੇ ਵਿਚ ਸ਼ਾਂਤੀ ਕਾਇਮ ਕੀਤੀ ਹੈ+ ਅਤੇ ਜੁਦਾਈ ਦੀ ਕੰਧ ਢਾਹ ਦਿੱਤੀ ਹੈ।+ 15 ਉਸ ਨੇ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਦੁਸ਼ਮਣੀ ਦੀ ਵਜ੍ਹਾ ਨੂੰ ਯਾਨੀ ਮੂਸਾ ਦੇ ਕਾਨੂੰਨ ਨੂੰ ਉਸ ਦੇ ਹੁਕਮਾਂ ਅਤੇ ਨਿਯਮਾਂ ਸਣੇ ਖ਼ਤਮ ਕਰ ਦਿੱਤਾ ਹੈ ਤਾਂਕਿ ਉਹ ਇਨ੍ਹਾਂ ਦੋਹਾਂ ਸਮੂਹਾਂ ਨੂੰ ਮਿਲਾ ਕੇ ਇਕ ਨਵਾਂ ਸਮੂਹ* ਬਣਾਵੇ ਅਤੇ ਇਸ ਸਮੂਹ ਨੂੰ ਆਪਣੇ ਨਾਲ ਏਕਤਾ ਵਿਚ ਬੰਨ੍ਹੇ+ ਅਤੇ ਸ਼ਾਂਤੀ ਕਾਇਮ ਕਰੇ। 16 ਨਾਲੇ ਉਹ ਤਸੀਹੇ ਦੀ ਸੂਲ਼ੀ*+ ਉੱਤੇ ਆਪਣੀ ਜਾਨ ਦੇ ਕੇ ਇਨ੍ਹਾਂ ਦੋਹਾਂ ਸਮੂਹਾਂ ਦੀ ਇਕ ਸਮੂਹ* ਵਜੋਂ ਪਰਮੇਸ਼ੁਰ ਨਾਲ ਪੂਰੀ ਤਰ੍ਹਾਂ ਸੁਲ੍ਹਾ ਕਰਾਏ ਕਿਉਂਕਿ ਉਸ ਨੇ ਆਪਣੀ ਮੌਤ ਦੁਆਰਾ ਦੁਸ਼ਮਣੀ ਦੀ ਵਜ੍ਹਾ ਨੂੰ ਖ਼ਤਮ ਕਰ ਦਿੱਤਾ ਸੀ।+ 17 ਉਸ ਨੇ ਆ ਕੇ ਤੁਹਾਨੂੰ ਜੋ ਪਰਮੇਸ਼ੁਰ ਤੋਂ ਦੂਰ ਸੀ, ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਈ ਅਤੇ ਉਨ੍ਹਾਂ ਨੂੰ ਵੀ ਸੁਣਾਈ ਜੋ ਪਰਮੇਸ਼ੁਰ ਦੇ ਨੇੜੇ ਸਨ 18 ਕਿਉਂਕਿ ਉਸ ਦੀ ਕੁਰਬਾਨੀ ਕਰਕੇ ਅਸੀਂ ਦੋਵੇਂ ਸਮੂਹ ਇੱਕੋ ਪਵਿੱਤਰ ਸ਼ਕਤੀ ਦੇ ਜ਼ਰੀਏ ਪਿਤਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਰਥਨਾ ਕਰ ਸਕਦੇ ਹਾਂ।

19 ਇਸ ਲਈ ਤੁਸੀਂ ਹੁਣ ਅਜਨਬੀ ਅਤੇ ਪਰਦੇਸੀ ਨਹੀਂ ਹੋ,+ ਪਰ ਤੁਸੀਂ ਪਵਿੱਤਰ ਸੇਵਕਾਂ ਦੇ ਹਮਵਤਨੀ ਹੋ+ ਅਤੇ ਪਰਮੇਸ਼ੁਰ ਦੇ ਪਰਿਵਾਰ ਦੇ ਜੀਅ ਹੋ+ 20 ਅਤੇ ਤੁਹਾਨੂੰ ਇਕ ਇਮਾਰਤ ਵਾਂਗ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਉਸਾਰਿਆ ਗਿਆ ਹੈ।+ ਇਸ ਨੀਂਹ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹੈ।+ 21 ਇਸ ਪੂਰੀ ਇਮਾਰਤ ਦੇ ਸਾਰੇ ਹਿੱਸੇ ਇਕ-ਦੂਜੇ ਨਾਲ ਠੀਕ ਤਰ੍ਹਾਂ ਜੁੜੇ ਹੋਏ ਹਨ+ ਅਤੇ ਮਸੀਹ ਦੇ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਹ ਇਮਾਰਤ ਯਹੋਵਾਹ* ਲਈ ਇਕ ਪਵਿੱਤਰ ਮੰਦਰ ਬਣਦੀ ਜਾ ਰਹੀ ਹੈ।+ 22 ਉਸ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਤੁਹਾਨੂੰ ਸਾਰਿਆਂ ਨੂੰ ਵੀ ਇਕ ਇਮਾਰਤ ਦੇ ਰੂਪ ਵਿਚ ਉਸਾਰਿਆ ਜਾ ਰਿਹਾ ਹੈ ਤਾਂਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦੁਆਰਾ ਉੱਥੇ ਵੱਸੇ।+

3 ਇਸੇ ਕਰਕੇ ਮੈਂ ਪੌਲੁਸ, ਯਿਸੂ ਮਸੀਹ ਦੀ ਖ਼ਾਤਰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਯਾਨੀ ਤੁਹਾਡੇ ਭਲੇ ਲਈ ਕੈਦੀ ਹਾਂ+ . . .* 2 ਤੁਸੀਂ ਜ਼ਰੂਰ ਸੁਣਿਆ ਹੋਣਾ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਤੋਂ ਫ਼ਾਇਦਾ ਲੈਣ ਵਿਚ ਤੁਹਾਡੀ ਮਦਦ ਕਰਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ+ 3 ਕਿਉਂਕਿ ਮੈਨੂੰ ਪਵਿੱਤਰ ਭੇਤ ਦੀ ਸਮਝ ਦਿੱਤੀ ਗਈ ਹੈ, ਜਿਵੇਂ ਮੈਂ ਪਹਿਲਾਂ ਤੁਹਾਨੂੰ ਥੋੜ੍ਹੇ ਸ਼ਬਦਾਂ ਵਿਚ ਲਿਖਿਆ ਸੀ। 4 ਇਸ ਲਈ ਇਹ ਚਿੱਠੀ ਪੜ੍ਹ ਕੇ ਤੁਸੀਂ ਦੇਖ ਸਕੋਗੇ ਕਿ ਮਸੀਹ ਬਾਰੇ ਪਵਿੱਤਰ ਭੇਤ+ ਦੀ ਮੈਨੂੰ ਕਿੰਨੀ ਸਮਝ ਹੈ। 5 ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਨੂੰ ਇਸ ਭੇਤ ਦੀ ਸਮਝ ਨਹੀਂ ਦਿੱਤੀ ਗਈ ਸੀ, ਜਿਵੇਂ ਹੁਣ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਨੂੰ ਦਿੱਤੀ ਗਈ ਹੈ।+ 6 ਭੇਤ ਇਹ ਹੈ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕ ਮਸੀਹ ਯਿਸੂ ਨਾਲ ਏਕਤਾ ਵਿਚ ਬੱਝ ਕੇ ਅਤੇ ਖ਼ੁਸ਼ ਖ਼ਬਰੀ ਸੁਣ ਕੇ ਸਾਂਝੇ ਵਾਰਸ, ਇੱਕੋ ਸਰੀਰ ਦੇ ਅੰਗ+ ਅਤੇ ਸਾਡੇ ਨਾਲ ਪਰਮੇਸ਼ੁਰ ਦੇ ਵਾਅਦੇ ਦੇ ਹਿੱਸੇਦਾਰ ਬਣਨ। 7 ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਇਸ ਪਵਿੱਤਰ ਭੇਤ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਰਿਹਾ ਹਾਂ।* ਉਸ ਨੇ ਮੈਨੂੰ ਅਪਾਰ ਕਿਰਪਾ ਦੀ ਦਾਤ ਆਪਣੀ ਤਾਕਤ ਦੇ ਸਬੂਤ ਵਜੋਂ ਦਿੱਤੀ ਸੀ।+

8 ਭਾਵੇਂ ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ,+ ਫਿਰ ਵੀ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਗਈ ਸੀ+ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਮਸੀਹ ਦੇ ਬੇਸ਼ੁਮਾਰ ਖ਼ਜ਼ਾਨੇ ਬਾਰੇ ਖ਼ੁਸ਼ ਖ਼ਬਰੀ ਸੁਣਾਵਾਂ 9 ਅਤੇ ਲੋਕਾਂ ਨੂੰ ਇਹ ਦੱਸਾਂ ਕਿ ਇਸ ਭੇਤ ਦੀਆਂ ਗੱਲਾਂ ਕਿਵੇਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ+ ਜਿਸ ਭੇਤ ਨੂੰ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲੇ ਪਰਮੇਸ਼ੁਰ ਨੇ ਸਦੀਆਂ ਤੋਂ ਗੁਪਤ ਰੱਖਿਆ ਸੀ। 10 ਇਹ ਇਸ ਲਈ ਕੀਤਾ ਗਿਆ ਤਾਂਕਿ ਮੰਡਲੀ ਰਾਹੀਂ+ ਹੁਣ ਸਵਰਗ ਵਿਚਲੀਆਂ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਪਰਮੇਸ਼ੁਰ ਦੀ ਬੁੱਧ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਪਤਾ ਲੱਗੇ,+ 11 ਇਹ ਸਦੀਆਂ ਤੋਂ ਚੱਲਦੇ ਆ ਰਹੇ ਉਸ ਦੇ ਮਕਸਦ ਮੁਤਾਬਕ ਹੈ ਜੋ ਉਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਸੰਬੰਧ ਵਿਚ ਤੈਅ ਕੀਤਾ ਸੀ।+ 12 ਮਸੀਹ ਰਾਹੀਂ ਅਸੀਂ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਾਂ ਅਤੇ ਮਸੀਹ ਉੱਤੇ ਨਿਹਚਾ ਕਰਨ ਕਰਕੇ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਭਰੋਸੇ ਨਾਲ ਪਰਮੇਸ਼ੁਰ ਦੇ ਹਜ਼ੂਰ ਆ ਸਕਦੇ ਹਾਂ।+ 13 ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ ਜੋ ਦੁੱਖ ਝੱਲ ਰਿਹਾ ਹਾਂ, ਉਨ੍ਹਾਂ ਕਰਕੇ ਤੁਸੀਂ ਹਿੰਮਤ ਨਾ ਹਾਰੋ ਕਿਉਂਕਿ ਮੇਰੇ ਦੁੱਖਾਂ ਕਾਰਨ ਤੁਹਾਡੀ ਵਡਿਆਈ ਹੋਵੇਗੀ।+

14 ਇਸ ਲਈ ਮੈਂ ਉਸ ਪਿਤਾ ਅੱਗੇ ਗੋਡੇ ਟੇਕਦਾ ਹਾਂ 15 ਜਿਸ ਦੁਆਰਾ ਸਵਰਗ ਵਿਚ ਅਤੇ ਧਰਤੀ ਉੱਤੇ ਹਰ ਪਰਿਵਾਰ ਹੋਂਦ ਵਿਚ ਆਇਆ ਹੈ। 16 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਮਹਿਮਾ ਨਾਲ ਭਰਪੂਰ ਹੈ, ਆਪਣੀ ਪਵਿੱਤਰ ਸ਼ਕਤੀ* ਦੀ ਤਾਕਤ ਨਾਲ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ+ 17 ਅਤੇ ਤੁਹਾਡੀ ਨਿਹਚਾ ਕਰਕੇ ਤੁਹਾਡੇ ਦਿਲਾਂ ਵਿਚ ਮਸੀਹ ਅਤੇ ਪਿਆਰ ਵੱਸੇ।+ ਜਿਸ ਤਰ੍ਹਾਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਦਰਖ਼ਤ ਮਜ਼ਬੂਤ ਖੜ੍ਹਾ ਰਹਿੰਦਾ ਹੈ,+ ਉਸੇ ਤਰ੍ਹਾਂ ਤੁਸੀਂ ਨਿਹਚਾ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ+ 18 ਤਾਂਕਿ ਸਾਰੇ ਪਵਿੱਤਰ ਸੇਵਕਾਂ ਦੇ ਨਾਲ ਤੁਸੀਂ ਵੀ ਸੱਚਾਈ ਦੀ ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝ ਸਕੋ 19 ਅਤੇ ਮਸੀਹ ਦੇ ਪਿਆਰ+ ਨੂੰ ਜਾਣ ਸਕੋ ਜੋ ਗਿਆਨ ਤੋਂ ਕਿਤੇ ਉੱਤਮ ਹੈ ਤਾਂਕਿ ਤੁਸੀਂ ਪਰਮੇਸ਼ੁਰ ਦੇ ਗੁਣਾਂ ਨਾਲ ਭਰਪੂਰ ਹੋ ਜਾਓ।

20 ਪਰਮੇਸ਼ੁਰ ਦੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ+ ਤੇ ਉਹ ਇਸੇ ਸ਼ਕਤੀ ਨੂੰ ਵਰਤ ਕੇ ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।+ 21 ਮੰਡਲੀ ਅਤੇ ਮਸੀਹ ਯਿਸੂ ਦੁਆਰਾ ਪਰਮੇਸ਼ੁਰ ਦੀ ਮਹਿਮਾ ਪੀੜ੍ਹੀਓ-ਪੀੜ੍ਹੀ ਹਮੇਸ਼ਾ ਹੁੰਦੀ ਰਹੇ। ਆਮੀਨ।

4 ਇਸ ਲਈ ਮੈਂ, ਜੋ ਪ੍ਰਭੂ ਦੀ ਖ਼ਾਤਰ ਕੈਦੀ ਹਾਂ,+ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਹਾਡਾ ਚਾਲ-ਚਲਣ ਉਸ ਸੱਦੇ ਦੇ ਯੋਗ ਹੋਵੇ+ ਜੋ ਤੁਹਾਨੂੰ ਦਿੱਤਾ ਗਿਆ ਹੈ 2 ਯਾਨੀ ਤੁਸੀਂ ਪੂਰੀ ਨਿਮਰਤਾ,+ ਨਰਮਾਈ ਅਤੇ ਧੀਰਜ ਨਾਲ ਪੇਸ਼ ਆਓ,+ ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ,+ 3 ਇਕ-ਦੂਜੇ ਨਾਲ ਸ਼ਾਂਤੀ ਭਰਿਆ ਰਿਸ਼ਤਾ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।+ 4 ਇਕ ਹੀ ਸਰੀਰ ਹੈ+ ਅਤੇ ਇਕ ਹੀ ਪਵਿੱਤਰ ਸ਼ਕਤੀ* ਹੈ,+ ਠੀਕ ਜਿਵੇਂ ਇਕ ਹੀ ਉਮੀਦ ਹੈ+ ਜਿਸ ਲਈ ਤੁਹਾਨੂੰ ਸੱਦਿਆ ਗਿਆ ਹੈ; 5 ਇਕ ਹੀ ਪ੍ਰਭੂ ਹੈ,+ ਇਕ ਹੀ ਨਿਹਚਾ* ਹੈ ਅਤੇ ਇਕ ਹੀ ਬਪਤਿਸਮਾ ਹੈ; 6 ਅਤੇ ਸਾਰਿਆਂ ਦਾ ਇਕ ਹੀ ਪਰਮੇਸ਼ੁਰ ਅਤੇ ਪਿਤਾ ਹੈ ਜਿਸ ਦਾ ਸਾਰਿਆਂ ਉੱਤੇ ਅਧਿਕਾਰ ਹੈ ਅਤੇ ਜੋ ਸਾਰਿਆਂ ਰਾਹੀਂ ਕੰਮ ਕਰਦਾ ਹੈ ਅਤੇ ਜਿਸ ਦੀ ਪਵਿੱਤਰ ਸ਼ਕਤੀ ਸਾਰਿਆਂ ਵਿਚ ਕੰਮ ਕਰਦੀ ਹੈ।

7 ਮਸੀਹ ਨੇ ਜਿਸ ਮਾਪ ਨਾਲ ਅਪਾਰ ਕਿਰਪਾ ਦਾ ਵਰਦਾਨ ਦਿੱਤਾ ਹੈ, ਉਸੇ ਦੇ ਮੁਤਾਬਕ ਸਾਡੇ ਸਾਰਿਆਂ ʼਤੇ ਅਪਾਰ ਕਿਰਪਾ ਕੀਤੀ ਗਈ ਹੈ।+ 8 ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਜਦੋਂ ਉਹ ਉੱਚੀ ਥਾਂ ʼਤੇ ਚੜ੍ਹਿਆ, ਤਾਂ ਉਹ ਆਪਣੇ ਨਾਲ ਕੈਦੀਆਂ ਨੂੰ ਲੈ ਗਿਆ; ਉਸ ਨੇ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ।”+ 9 ਇਸ ਦਾ ਮਤਲਬ ਕੀ ਹੈ ਕਿ ‘ਉਹ ਚੜ੍ਹਿਆ’? ਇਹੀ ਕਿ ਉਹ ਪਹਿਲਾਂ ਥੱਲੇ ਯਾਨੀ ਧਰਤੀ ʼਤੇ ਉੱਤਰਿਆ ਸੀ। 10 ਜਿਹੜਾ ਉੱਤਰਿਆ ਸੀ, ਉਹ ਸਵਰਗ ਤੋਂ ਵੀ ਉੱਚਾ ਚੜ੍ਹਿਆ+ ਤਾਂਕਿ ਉਹ ਸਾਰੀਆਂ ਗੱਲਾਂ ਪੂਰੀਆਂ ਕਰੇ।

11 ਉਸ ਨੇ ਮੰਡਲੀ ਨੂੰ ਕੁਝ ਆਦਮੀ ਰਸੂਲਾਂ ਵਜੋਂ,+ ਕੁਝ ਨਬੀਆਂ ਵਜੋਂ,+ ਕੁਝ ਪ੍ਰਚਾਰਕਾਂ ਵਜੋਂ,+ ਕੁਝ ਚਰਵਾਹਿਆਂ ਵਜੋਂ ਤੇ ਕੁਝ ਸਿੱਖਿਅਕਾਂ ਵਜੋਂ+ ਦਿੱਤੇ 12 ਤਾਂਕਿ ਉਹ ਪਵਿੱਤਰ ਸੇਵਕਾਂ ਦੀ ਸਹੀ ਰਾਹ ʼਤੇ ਚੱਲਣ ਵਿਚ ਮਦਦ ਕਰਨ, ਦੂਸਰਿਆਂ ਦੀ ਸੇਵਾ ਕਰਨ ਅਤੇ ਮਸੀਹ ਦੇ ਸਰੀਰ* ਨੂੰ ਤਕੜਾ* ਕਰਨ।+ 13 ਉਹ ਤਦ ਤਕ ਇਸ ਤਰ੍ਹਾਂ ਕਰਦੇ ਰਹਿਣਗੇ ਜਦ ਤਕ ਅਸੀਂ ਸਾਰੇ ਨਿਹਚਾ* ਅਤੇ ਪਰਮੇਸ਼ੁਰ ਦੇ ਪੁੱਤਰ ਬਾਰੇ ਸਹੀ ਗਿਆਨ ਵਿਚ ਏਕਤਾ ਹਾਸਲ ਨਾ ਕਰ ਲਈਏ+ ਅਤੇ ਸਾਡਾ ਕੱਦ-ਕਾਠ ਪੂਰੀ ਤਰ੍ਹਾਂ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਨਹੀਂ ਹੋ ਜਾਂਦਾ। 14 ਇਸ ਲਈ ਹੁਣ ਸਾਨੂੰ ਬੱਚੇ ਨਹੀਂ ਰਹਿਣਾ ਚਾਹੀਦਾ ਜੋ ਚਾਲਬਾਜ਼ ਅਤੇ ਮੱਕਾਰ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਪਿੱਛੇ ਲੱਗ ਕੇ ਇੱਧਰ-ਉੱਧਰ ਡੋਲਦੇ ਹਨ,+ ਜਿਵੇਂ ਲਹਿਰਾਂ ਤੇ ਹਵਾ ਕਰਕੇ ਕਿਸ਼ਤੀ ਸਮੁੰਦਰ ਵਿਚ ਇੱਧਰ-ਉੱਧਰ ਡੋਲਦੀ ਹੈ। 15 ਪਰ ਆਓ ਆਪਾਂ ਸੱਚ ਬੋਲੀਏ ਅਤੇ ਪਿਆਰ ਕਰਦਿਆਂ ਮਸੀਹ ਦੇ ਅਧੀਨ ਸਾਰੀਆਂ ਗੱਲਾਂ ਵਿਚ ਵਧਦੇ ਜਾਈਏ ਜੋ ਸਾਡਾ ਸਿਰ* ਹੈ।+ 16 ਮਸੀਹ ਦੇ ਰਾਹੀਂ ਸਰੀਰ+ ਦੇ ਸਾਰੇ ਅੰਗ ਇਕ-ਦੂਜੇ ਨਾਲ ਠੀਕ-ਠੀਕ ਜੁੜੇ ਹੋਏ ਹਨ ਅਤੇ ਹਰ ਜੋੜ ਦੀ ਮਦਦ ਨਾਲ ਸਾਰੇ ਅੰਗ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ ਅਤੇ ਪਿਆਰ ਵਿਚ ਮਜ਼ਬੂਤ ਹੁੰਦਾ ਹੈ।+

17 ਇਸ ਲਈ ਮੈਂ ਪ੍ਰਭੂ ਦੇ ਨਾਂ ʼਤੇ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਚੱਲਣੋ ਹਟ ਜਾਓ+ ਜਿਹੜੇ ਆਪਣੇ ਮਨ ਦੇ ਖੋਖਲੇ ਵਿਚਾਰਾਂ ਮੁਤਾਬਕ ਚੱਲਦੇ ਹਨ।+ 18 ਉਨ੍ਹਾਂ ਦੇ ਮਨ ਹਨੇਰੇ ਵਿਚ ਹਨ ਅਤੇ ਉਹ ਉਸ ਜ਼ਿੰਦਗੀ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਤੋਂ ਹੈ ਕਿਉਂਕਿ ਉਹ ਪਰਮੇਸ਼ੁਰ ਨੂੰ ਜਾਣਨਾ ਨਹੀਂ ਚਾਹੁੰਦੇ ਤੇ ਉਨ੍ਹਾਂ ਦੇ ਮਨ ਕਠੋਰ ਹੋ ਚੁੱਕੇ ਹਨ। 19 ਉਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ ਅਤੇ ਢੀਠ*+ ਹੋ ਕੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮ ਕਰਦੇ ਹਨ ਜਿਨ੍ਹਾਂ ਤੋਂ ਉਹ ਕਦੇ ਰੱਜਦੇ ਨਹੀਂ।

20 ਪਰ ਤੁਸੀਂ ਇਹ ਸਿੱਖਿਆ ਕਿ ਮਸੀਹ ਇਹੋ ਜਿਹਾ ਨਹੀਂ ਹੈ। 21 ਯਿਸੂ ਹੀ ਸੱਚਾਈ ਹੈ। ਇਸ ਲਈ ਜੇ ਤੁਸੀਂ ਉਸ ਨੂੰ ਸੁਣਿਆ ਹੁੰਦਾ ਅਤੇ ਉਸ ਤੋਂ ਸਿੱਖਿਆ ਹੁੰਦਾ, ਤਾਂ ਤੁਹਾਨੂੰ ਇਹ ਗੱਲਾਂ ਪਤਾ ਹੁੰਦੀਆਂ। 22 ਤੁਹਾਨੂੰ ਸਿਖਾਇਆ ਗਿਆ ਸੀ ਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿਓ+ ਜੋ ਤੁਹਾਡੇ ਪੁਰਾਣੇ ਚਾਲ-ਚਲਣ ਮੁਤਾਬਕ ਹੈ ਅਤੇ ਧੋਖਾ ਦੇਣ ਵਾਲੀਆਂ ਇੱਛਾਵਾਂ ਕਰਕੇ ਖ਼ਰਾਬ ਹੁੰਦਾ ਜਾਂਦਾ ਹੈ।+ 23 ਤੁਸੀਂ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ+ 24 ਅਤੇ ਨਵੇਂ ਸੁਭਾਅ ਨੂੰ ਪਹਿਨ ਲਓ+ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਧਾਰਮਿਕਤਾ ਅਤੇ ਸੱਚੀ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।

25 ਇਸ ਲਈ ਹੁਣ ਜਦ ਤੁਸੀਂ ਛਲ-ਕਪਟ ਕਰਨਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ+ ਕਿਉਂਕਿ ਅਸੀਂ ਇੱਕੋ ਸਰੀਰ ਦੇ ਅੰਗ ਹਾਂ।+ 26 ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਪਾਪ ਨਾ ਕਰੋ;+ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ;+ 27 ਸ਼ੈਤਾਨ ਨੂੰ ਮੌਕਾ ਨਾ ਦਿਓ।+ 28 ਜਿਹੜਾ ਚੋਰੀ ਕਰਦਾ ਹੈ, ਉਹ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ+ ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ।+ 29 ਤੁਹਾਡੇ ਮੂੰਹੋਂ ਇਕ ਵੀ ਬੁਰੀ* ਗੱਲ ਨਾ ਨਿਕਲੇ,+ ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।+ 30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਦੁਖੀ* ਨਾ ਕਰੋ+ ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ+ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।+

31 ਹਰ ਤਰ੍ਹਾਂ ਦਾ ਵੈਰ,+ ਗੁੱਸਾ, ਕ੍ਰੋਧ, ਚੀਕ-ਚਿਹਾੜਾ ਅਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ,+ ਨਾਲੇ ਕਿਸੇ ਵੀ ਤਰ੍ਹਾਂ ਬੁਰਾ ਨਾ ਕਰੋ।+ 32 ਇਸ ਦੀ ਬਜਾਇ, ਇਕ-ਦੂਜੇ ਲਈ ਦਇਆ ਦਿਖਾਓ ਅਤੇ ਹਮਦਰਦੀ ਨਾਲ ਪੇਸ਼ ਆਓ+ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ, ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਦੁਆਰਾ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ।+

5 ਇਸ ਲਈ ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ+ 2 ਅਤੇ ਪਿਆਰ ਦੇ ਰਾਹ ʼਤੇ ਚੱਲਦੇ ਰਹੋ,+ ਜਿਵੇਂ ਮਸੀਹ ਨੇ ਸਾਡੇ* ਨਾਲ ਪਿਆਰ ਕੀਤਾ+ ਅਤੇ ਸਾਡੀ* ਖ਼ਾਤਰ ਆਪਣੀ ਜਾਨ ਦੀ ਬਲ਼ੀ ਦਿੱਤੀ ਜੋ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।+

3 ਤੁਹਾਡੇ ਵਿਚ ਹਰਾਮਕਾਰੀ* ਦਾ ਅਤੇ ਕਿਸੇ ਵੀ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲਾਲਚ ਦਾ ਜ਼ਿਕਰ ਤਕ ਨਾ ਕੀਤਾ ਜਾਵੇ+ ਕਿਉਂਕਿ ਪਵਿੱਤਰ ਸੇਵਕਾਂ+ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ। 4 ਨਾਲੇ ਤੁਸੀਂ ਬੇਸ਼ਰਮੀ ਭਰੇ ਕੰਮ ਨਾ ਕਰੋ ਅਤੇ ਨਾ ਬੇਹੂਦਾ ਗੱਲਾਂ ਤੇ ਨਾ ਹੀ ਗੰਦੇ ਮਜ਼ਾਕ ਕਰੋ+ ਕਿਉਂਕਿ ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦੇ, ਇਸ ਦੀ ਬਜਾਇ ਪਰਮੇਸ਼ੁਰ ਦਾ ਧੰਨਵਾਦ ਕਰੋ।+ 5 ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਹਰਾਮਕਾਰ*+ ਜਾਂ ਗੰਦੇ ਕੰਮ ਕਰਨ ਵਾਲਾ ਜਾਂ ਲਾਲਚ ਕਰਨ ਵਾਲਾ,+ ਜੋ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਹੋਵੇਗਾ।+

6 ਤੁਸੀਂ ਕਿਸੇ ਵੀ ਇਨਸਾਨ ਦੀਆਂ ਖੋਖਲੀਆਂ ਗੱਲਾਂ ਦੇ ਧੋਖੇ ਵਿਚ ਨਾ ਆਓ ਕਿਉਂਕਿ ਅਜਿਹੇ ਕੰਮਾਂ ਕਰਕੇ ਅਣਆਗਿਆਕਾਰ ਲੋਕਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ। 7 ਇਸ ਲਈ ਉਨ੍ਹਾਂ ਦੇ ਕੰਮਾਂ ਵਿਚ ਹਿੱਸੇਦਾਰ ਨਾ ਬਣੋ* 8 ਕਿਉਂਕਿ ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ+ ਚਾਨਣ ਵਿਚ ਹੋ।+ ਇਸ ਕਰਕੇ ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ 9 ਕਿਉਂਕਿ ਚਾਨਣ ਵਿਚ ਚੱਲ ਕੇ ਅਸੀਂ ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਦੇ ਹਾਂ, ਧਰਮੀ ਅਸੂਲਾਂ ਅਤੇ ਸੱਚਾਈ ਮੁਤਾਬਕ ਜ਼ਿੰਦਗੀ ਜੀ ਸਕਦੇ ਹਾਂ।+ 10 ਤੁਸੀਂ ਹਮੇਸ਼ਾ ਇਹ ਪੱਕਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ+ 11 ਅਤੇ ਹਨੇਰੇ ਦੇ ਵਿਅਰਥ ਕੰਮ ਕਰਨੇ ਛੱਡ ਦਿਓ,+ ਸਗੋਂ ਇਨ੍ਹਾਂ ਕੰਮਾਂ ਦਾ ਪਰਦਾਫ਼ਾਸ਼ ਕਰੋ। 12 ਉਹ ਲੋਕ ਚੋਰੀ-ਛਿਪੇ ਜਿਹੜੇ ਕੰਮ ਕਰਦੇ ਹਨ, ਉਨ੍ਹਾਂ ਦਾ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ। 13 ਚਾਨਣ ਸਾਰੇ ਕੰਮਾਂ ਦਾ ਪਰਦਾਫ਼ਾਸ਼ ਕਰਦਾ ਹੈ ਕਿਉਂਕਿ ਜਿਨ੍ਹਾਂ ਕੰਮਾਂ ਦੀ ਅਸਲੀਅਤ ਸਾਮ੍ਹਣੇ ਆਉਂਦੀ ਹੈ, ਉਹ ਚਾਨਣ ਹੈ। 14 ਇਸ ਲਈ ਕਿਹਾ ਗਿਆ ਹੈ: “ਹੇ ਸੌਣ ਵਾਲਿਆ, ਜਾਗ ਅਤੇ ਮਰੇ ਹੋਇਆਂ ਵਿੱਚੋਂ ਉੱਠ ਖੜ੍ਹ+ ਅਤੇ ਮਸੀਹ ਤੇਰੇ ਉੱਤੇ ਚਾਨਣ ਪਾਵੇਗਾ।”+

15 ਇਸ ਲਈ ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। 16 ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ*+ ਕਿਉਂਕਿ ਜ਼ਮਾਨਾ ਖ਼ਰਾਬ ਹੈ। 17 ਇਸ ਲਈ ਹੁਣ ਮੂਰਖ ਨਾ ਬਣੋ, ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ* ਦੀ ਕੀ ਇੱਛਾ ਹੈ।+ 18 ਨਾਲੇ ਸ਼ਰਾਬੀ ਨਾ ਹੋਵੋ+ ਕਿਉਂਕਿ ਸ਼ਰਾਬੀ ਇਨਸਾਨ ਅਯਾਸ਼ੀ ਕਰਨ ਲੱਗ ਪੈਂਦਾ ਹੈ,* ਸਗੋਂ ਪਵਿੱਤਰ ਸ਼ਕਤੀ ਨਾਲ ਭਰਪੂਰ ਹੁੰਦੇ ਜਾਓ। 19 ਇਕ-ਦੂਜੇ ਨਾਲ ਮਿਲ ਕੇ ਜ਼ਬੂਰ ਅਤੇ ਭਜਨ ਗਾਓ, ਪਰਮੇਸ਼ੁਰ ਦਾ ਗੁਣਗਾਨ ਕਰੋ ਅਤੇ ਆਪਣੇ ਦਿਲਾਂ ਵਿਚ ਸੰਗੀਤ+ ਨਾਲ ਯਹੋਵਾਹ* ਲਈ ਗੀਤ ਗਾਓ+ 20 ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਸਾਰੀਆਂ ਚੀਜ਼ਾਂ ਲਈ ਸਾਡੇ ਪਿਤਾ ਪਰਮੇਸ਼ੁਰ ਦਾ ਹਮੇਸ਼ਾ ਧੰਨਵਾਦ ਕਰਦੇ ਰਹੋ।+

21 ਮਸੀਹ ਦਾ ਡਰ ਰੱਖਦੇ ਹੋਏ ਇਕ-ਦੂਜੇ ਦੇ ਅਧੀਨ ਹੋਵੋ।+ 22 ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ,+ ਜਿਵੇਂ ਤੁਸੀਂ ਪ੍ਰਭੂ ਦੇ ਅਧੀਨ ਹੋ 23 ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ* ਹੈ,+ ਠੀਕ ਜਿਵੇਂ ਮਸੀਹ ਆਪਣੇ ਸਰੀਰ ਯਾਨੀ ਮੰਡਲੀ ਦਾ ਸਿਰ+ ਅਤੇ ਮੁਕਤੀਦਾਤਾ ਹੈ। 24 ਅਸਲ ਵਿਚ ਜਿਵੇਂ ਮੰਡਲੀ ਮਸੀਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀਆਂ ਨੂੰ ਹਰ ਗੱਲ ਵਿਚ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ। 25 ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ,+ ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ+ 26 ਤਾਂਕਿ ਉਹ ਇਸ ਨੂੰ ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਸ਼ੁੱਧ ਅਤੇ ਪਵਿੱਤਰ ਕਰੇ।+ 27 ਉਹ ਚਾਹੁੰਦਾ ਹੈ ਕਿ ਮੰਡਲੀ ਉਸ ਦੀਆਂ ਨਜ਼ਰਾਂ ਵਿਚ ਸ਼ਾਨਦਾਰ ਬਣ ਜਾਵੇ ਅਤੇ ਉਸ ʼਤੇ ਕੋਈ ਦਾਗ਼ ਨਾ ਹੋਵੇ ਜਾਂ ਉਸ ਵਿਚ ਕੋਈ ਨੁਕਸ ਜਾਂ ਹੋਰ ਕੋਈ ਇਹੋ ਜਿਹੀ ਗੱਲ ਨਾ ਹੋਵੇ।+ ਹਾਂ, ਉਹ ਚਾਹੁੰਦਾ ਹੈ ਕਿ ਮੰਡਲੀ ਪਵਿੱਤਰ ਅਤੇ ਬੇਦਾਗ਼ ਹੋਵੇ।+

28 ਇਸੇ ਤਰ੍ਹਾਂ ਪਤੀ ਆਪਣੀ ਪਤਨੀ ਨਾਲ ਆਪਣੇ ਸਰੀਰ ਵਾਂਗ ਪਿਆਰ ਕਰੇ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ। 29 ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ, ਸਗੋਂ ਉਹ ਇਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਇਸ ਦੀ ਦੇਖ-ਭਾਲ ਕਰਦਾ ਹੈ, ਠੀਕ ਜਿਵੇਂ ਮਸੀਹ ਮੰਡਲੀ ਦੀ ਦੇਖ-ਭਾਲ ਕਰਦਾ ਹੈ 30 ਕਿਉਂਕਿ ਅਸੀਂ ਸਾਰੇ ਉਸ ਦੇ ਸਰੀਰ ਦੇ ਅੰਗ ਹਾਂ।+ 31 “ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।”+ 32 ਇਹ ਪਵਿੱਤਰ ਭੇਤ+ ਮਹਾਨ ਹੈ। ਇੱਥੇ ਤਾਂ ਮੈਂ ਮਸੀਹ ਅਤੇ ਮੰਡਲੀ ਬਾਰੇ ਗੱਲ ਕਰ ਰਿਹਾ ਹਾਂ।+ 33 ਪਰ ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ+ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।+

6 ਬੱਚਿਓ, ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ+ ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ ਅਤੇ ਉਸ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਕਰਨਾ ਸਹੀ ਹੈ। 2 “ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ”+ ਕਿਉਂਕਿ ਇਹ ਪਹਿਲਾ ਹੁਕਮ ਹੈ ਜਿਸ ਦੇ ਨਾਲ ਇਹ ਵਾਅਦਾ ਵੀ ਕੀਤਾ ਗਿਆ ਹੈ: 3 “ਤਾਂਕਿ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਬੀ ਹੋਵੇ।” 4 ਹੇ ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ,+ ਸਗੋਂ ਯਹੋਵਾਹ ਦਾ ਅਨੁਸ਼ਾਸਨ+ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।+

5 ਗ਼ੁਲਾਮੋ, ਆਪਣੇ ਇਨਸਾਨੀ ਮਾਲਕਾਂ ਦਾ ਡਰ ਅਤੇ ਆਦਰ ਨਾਲ ਦਿਲੋਂ ਕਹਿਣਾ ਮੰਨੋ,+ ਠੀਕ ਜਿਵੇਂ ਤੁਸੀਂ ਮਸੀਹ ਦਾ ਕਹਿਣਾ ਮੰਨਦੇ ਹੋ। 6 ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਇਸ ਤਰ੍ਹਾਂ ਸਿਰਫ਼ ਉਦੋਂ ਹੀ ਨਹੀਂ ਕਰਨਾ ਚਾਹੀਦਾ ਜਦੋਂ ਉਹ ਤੁਹਾਨੂੰ ਦੇਖ ਰਹੇ ਹੋਣ,+ ਸਗੋਂ ਮਸੀਹ ਦੇ ਦਾਸ ਹੋਣ ਕਰਕੇ ਜੀ-ਜਾਨ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ।+ 7 ਸਹੀ ਰਵੱਈਆ ਰੱਖਦੇ ਹੋਏ ਆਪਣੇ ਮਾਲਕ ਦੀ ਇਸ ਤਰ੍ਹਾਂ ਸੇਵਾ ਕਰੋ ਜਿਵੇਂ ਤੁਸੀਂ ਇਨਸਾਨਾਂ ਦੀ ਨਹੀਂ, ਬਲਕਿ ਯਹੋਵਾਹ ਦੀ ਸੇਵਾ ਕਰ ਰਹੇ ਹੋ+ 8 ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਇਨਸਾਨ ਜੋ ਵੀ ਭਲਾ ਕੰਮ ਕਰਦਾ ਹੈ, ਉਸ ਦਾ ਫਲ ਉਸ ਨੂੰ ਯਹੋਵਾਹ ਤੋਂ ਮਿਲੇਗਾ,+ ਚਾਹੇ ਉਹ ਗ਼ੁਲਾਮ ਹੋਵੇ ਜਾਂ ਆਜ਼ਾਦ। 9 ਮਾਲਕੋ, ਤੁਸੀਂ ਵੀ ਆਪਣੇ ਗ਼ੁਲਾਮਾਂ ਨਾਲ ਇਸੇ ਤਰ੍ਹਾਂ ਪੇਸ਼ ਆਓ ਅਤੇ ਉਨ੍ਹਾਂ ਨੂੰ ਧਮਕਾਓ ਨਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਅਤੇ ਉਨ੍ਹਾਂ ਦਾ ਮਾਲਕ ਸਵਰਗ ਵਿਚ ਹੈ+ ਅਤੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ।

10 ਅਖ਼ੀਰ ਵਿਚ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਪ੍ਰਭੂ ਤੋਂ ਤਾਕਤ ਪਾਉਂਦੇ ਰਹੋ+ ਅਤੇ ਉਸ ਦੇ ਡਾਢੇ ਬਲ ਦੀ ਮਦਦ ਨਾਲ ਤਕੜੇ ਹੁੰਦੇ ਜਾਓ। 11 ਤੁਸੀਂ ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਬਸਤਰ ਪਹਿਨ ਲਓ+ ਅਤੇ ਹਥਿਆਰ ਚੁੱਕ ਲਓ 12 ਕਿਉਂਕਿ ਸਾਡੀ ਲੜਾਈ*+ ਇਨਸਾਨਾਂ ਨਾਲ ਨਹੀਂ, ਸਗੋਂ ਸਰਕਾਰਾਂ, ਅਧਿਕਾਰ ਰੱਖਣ ਵਾਲਿਆਂ ਅਤੇ ਇਸ ਹਨੇਰੀ ਦੁਨੀਆਂ ਦੇ ਹਾਕਮਾਂ ਯਾਨੀ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ+ ਜੋ ਸਵਰਗੀ ਥਾਵਾਂ ਵਿਚ ਹਨ। 13 ਇਸ ਲਈ ਤੁਸੀਂ ਪਰਮੇਸ਼ੁਰ ਵੱਲੋਂ ਦਿੱਤੇ ਸਾਰੇ ਹਥਿਆਰ ਚੁੱਕੋ ਅਤੇ ਬਸਤਰ ਪਹਿਨ ਲਓ+ ਤਾਂਕਿ ਤੁਸੀਂ ਬੁਰੇ ਸਮੇਂ ਵਿਚ ਮੁਕਾਬਲਾ ਕਰ ਸਕੋ ਅਤੇ ਪੂਰੀ ਤਿਆਰੀ ਕਰਨ ਤੋਂ ਬਾਅਦ ਮਜ਼ਬੂਤੀ ਨਾਲ ਖੜ੍ਹੇ ਰਹਿ ਸਕੋ।

14 ਇਸ ਲਈ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦਾ ਕਮਰਬੰਦ* ਬੰਨ੍ਹੋ,+ ਧਾਰਮਿਕਤਾ* ਦਾ ਸੀਨਾਬੰਦ ਪਹਿਨੋ+ 15 ਅਤੇ ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾ ਕੇ ਤਿਆਰ ਰਹੋ।+ 16 ਇਨ੍ਹਾਂ ਤੋਂ ਇਲਾਵਾ ਆਪਣੇ ਕੋਲ ਨਿਹਚਾ ਦੀ ਵੱਡੀ ਢਾਲ ਰੱਖੋ+ ਜਿਸ ਨਾਲ ਤੁਸੀਂ ਸ਼ੈਤਾਨ* ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ ਸਕੋਗੇ।+ 17 ਨਾਲੇ ਆਪਣੇ ਸਿਰ ʼਤੇ ਮੁਕਤੀ ਦਾ ਟੋਪ ਪਹਿਨੋ+ ਅਤੇ ਹੱਥ ਵਿਚ ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦਾ ਬਚਨ ਲਓ।+ 18 ਇਸ ਦੇ ਨਾਲ-ਨਾਲ ਹਰ ਮੌਕੇ ʼਤੇ ਪਵਿੱਤਰ ਸ਼ਕਤੀ ਦੁਆਰਾ+ ਪਰਮੇਸ਼ੁਰ ਨੂੰ ਹਰ ਤਰ੍ਹਾਂ ਦੀ ਪ੍ਰਾਰਥਨਾ ਅਤੇ ਫ਼ਰਿਆਦ ਕਰਦੇ ਰਹੋ।+ ਇਸ ਤਰ੍ਹਾਂ ਕਰਨ ਲਈ ਜਾਗਦੇ ਰਹੋ ਅਤੇ ਸਾਰੇ ਪਵਿੱਤਰ ਸੇਵਕਾਂ ਲਈ ਹਰ ਵੇਲੇ ਫ਼ਰਿਆਦ ਕਰਦੇ ਰਹੋ। 19 ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦ ਮੈਂ ਗੱਲ ਕਰਾਂ, ਤਾਂ ਮੇਰੀ ਜ਼ਬਾਨ ʼਤੇ ਸਹੀ ਸ਼ਬਦ ਆਉਣ ਅਤੇ ਮੈਂ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪਵਿੱਤਰ ਭੇਤ ਸੁਣਾ ਸਕਾਂ+ 20 ਕਿਉਂਕਿ ਮੈਂ ਖ਼ੁਸ਼ ਖ਼ਬਰੀ ਦਾ ਰਾਜਦੂਤ+ ਹਾਂ ਅਤੇ ਇਸ ਕਰਕੇ ਮੈਨੂੰ ਬੇੜੀਆਂ ਨਾਲ ਜਕੜਿਆ ਗਿਆ ਹੈ; ਮੇਰੇ ਲਈ ਦੁਆ ਕਰੋ ਕਿ ਮੈਂ ਦਲੇਰੀ ਨਾਲ ਖ਼ੁਸ਼ ਖ਼ਬਰੀ ਸੁਣਾ ਸਕਾਂ ਜਿਵੇਂ ਮੈਨੂੰ ਸੁਣਾਉਣੀ ਚਾਹੀਦੀ ਹੈ।

21 ਹੁਣ ਮੇਰਾ ਪਿਆਰਾ ਭਰਾ ਅਤੇ ਪ੍ਰਭੂ ਦਾ ਵਫ਼ਾਦਾਰ ਸੇਵਕ ਤੁਖੀਕੁਸ+ ਤੁਹਾਨੂੰ ਮੇਰੇ ਬਾਰੇ ਸਾਰਾ ਕੁਝ ਦੱਸੇਗਾ ਤਾਂਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੇਰਾ ਕੀ ਹਾਲ ਹੈ ਅਤੇ ਮੈਂ ਕੀ ਕਰ ਰਿਹਾ ਹਾਂ।+ 22 ਮੈਂ ਉਸ ਨੂੰ ਤੁਹਾਡੇ ਕੋਲ ਇਸੇ ਲਈ ਘੱਲ ਰਿਹਾ ਹਾਂ ਤਾਂਕਿ ਉਹ ਤੁਹਾਨੂੰ ਸਾਡਾ ਹਾਲ-ਚਾਲ ਦੱਸ ਸਕੇ ਅਤੇ ਤੁਹਾਡੇ ਦਿਲਾਂ ਨੂੰ ਦਿਲਾਸਾ ਦੇ ਸਕੇ।

23 ਮੇਰੀ ਦੁਆ ਹੈ ਕਿ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਭਰਾਵਾਂ ਨੂੰ ਨਿਹਚਾ ਦੇ ਨਾਲ-ਨਾਲ ਪਿਆਰ ਅਤੇ ਸ਼ਾਂਤੀ ਬਖ਼ਸ਼ਣ। 24 ਉਨ੍ਹਾਂ ਸਾਰਿਆਂ ʼਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ ਜੋ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਕਰਦੇ ਹਨ।

ਮੱਤੀ 13:​35, ਫੁਟਨੋਟ ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਦੁਨੀਆਂ ਦੇ ਰਾਹ ʼਤੇ ਚੱਲਦੇ ਸੀ।”

ਸ਼ਬਦਾਵਲੀ ਦੇਖੋ।

ਯੂਨਾ, “ਇਕ ਨਵਾਂ ਇਨਸਾਨ।”

ਸ਼ਬਦਾਵਲੀ ਦੇਖੋ।

ਯੂਨਾ, “ਇਕ ਸਰੀਰ।”

ਵਧੇਰੇ ਜਾਣਕਾਰੀ 1.5 ਦੇਖੋ।

ਇਸ ਤਰ੍ਹਾਂ ਲੱਗਦਾ ਹੈ ਕਿ ਇਸ ਆਇਤ ਦੀ ਗੱਲ ਇਸੇ ਅਧਿਆਇ ਦੀ 14ਵੀਂ ਆਇਤ ਵਿਚ ਜਾਰੀ ਹੈ।

ਯੂਨਾ, “ਭੇਤ ਦਾ ਸੇਵਕ ਬਣਿਆ ਹਾਂ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਇੱਥੇ ਨਿਹਚਾ ਦਾ ਮਤਲਬ ਹੈ ਸਾਰੀਆਂ ਮਸੀਹੀ ਸਿੱਖਿਆਵਾਂ।

ਯਾਨੀ, ਮੰਡਲੀ।

ਯੂਨਾ, “ਦੀ ਉਸਾਰੀ।”

ਜਾਂ, “ਜਦ ਤਕ ਅਸੀਂ ਸਾਰੇ ਆਪਸ ਵਿਚ ਏਕਤਾ ਹਾਸਲ ਨਾ ਕਰ ਲਈਏ।”

ਯਾਨੀ, ਮੁਖੀ।

ਜਾਂ, “ਬੇਸ਼ਰਮ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।

ਜਾਂ, “ਗਲ਼ੀ-ਸੜੀ।”

ਜਾਂ, “ਉਦਾਸ।”

ਜਾਂ ਸੰਭਵ ਹੈ, “ਤੁਹਾਡੇ।”

ਜਾਂ ਸੰਭਵ ਹੈ, “ਤੁਹਾਡੀ।”

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਉਨ੍ਹਾਂ ਨਾਲ ਕੋਈ ਵਾਸਤਾ ਨਾ ਰੱਖੋ।”

ਯੂਨਾ, “ਢੁਕਵੇਂ ਸਮੇਂ ਨੂੰ ਖ਼ਰੀਦੋ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਬੇਕਾਬੂ ਹੋ ਜਾਂਦਾ ਹੈ।”

ਵਧੇਰੇ ਜਾਣਕਾਰੀ 1.5 ਦੇਖੋ।

ਯਾਨੀ, ਮੁਖੀ।

ਜਾਂ, “ਕੁਸ਼ਤੀ।”

ਯਾਨੀ, ਬੈੱਲਟ।

ਸ਼ਬਦਾਵਲੀ ਦੇਖੋ।

ਯੂਨਾ, “ਉਸ ਦੁਸ਼ਟ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ