ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਫ਼ਿਲਿੱਪੀਆਂ 1:1 - 4:23
  • ਫ਼ਿਲਿੱਪੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਫ਼ਿਲਿੱਪੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਫ਼ਿਲਿੱਪੀਆਂ

ਫ਼ਿਲਿੱਪੀਆਂ ਨੂੰ ਚਿੱਠੀ

1 ਮੈਂ ਪੌਲੁਸ ਅਤੇ ਤਿਮੋਥਿਉਸ, ਮਸੀਹ ਯਿਸੂ ਦੇ ਦਾਸ ਹਾਂ ਅਤੇ ਅਸੀਂ ਫ਼ਿਲਿੱਪੈ+ ਵਿਚ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਸਾਰੇ ਪਵਿੱਤਰ ਸੇਵਕਾਂ, ਨਿਗਾਹਬਾਨਾਂ ਤੇ ਸਹਾਇਕ ਸੇਵਕਾਂ+ ਨੂੰ ਇਹ ਚਿੱਠੀ ਲਿਖ ਰਹੇ ਹਾਂ:

2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।

3 ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਹਾਂ, ਤਾਂ ਮੈਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। 4 ਮੈਂ ਖ਼ੁਸ਼ੀ-ਖ਼ੁਸ਼ੀ ਤੁਹਾਡੇ ਸਾਰਿਆਂ ਲਈ ਹਮੇਸ਼ਾ ਫ਼ਰਿਆਦ ਕਰਦਾ ਹਾਂ+ 5 ਕਿਉਂਕਿ ਜਿਸ ਦਿਨ ਤੋਂ ਤੁਸੀਂ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਹੈ, ਉਸ ਦਿਨ ਤੋਂ ਲੈ ਕੇ ਹੁਣ ਤਕ ਤੁਸੀਂ ਇਸ ਦਾ ਪ੍ਰਚਾਰ ਕਰਨ ਵਿਚ ਯੋਗਦਾਨ ਪਾਇਆ ਹੈ। 6 ਮੈਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਵਿਚ ਜੋ ਚੰਗਾ ਕੰਮ ਸ਼ੁਰੂ ਕੀਤਾ ਹੈ, ਉਹ ਇਸ ਨੂੰ ਮਸੀਹ ਯਿਸੂ ਦਾ ਦਿਨ+ ਆਉਣ ਤਕ ਜ਼ਰੂਰ ਪੂਰਾ ਵੀ ਕਰੇਗਾ।+ 7 ਤੁਹਾਡੇ ਸਾਰਿਆਂ ਬਾਰੇ ਮੇਰੀ ਇਹ ਸੋਚ ਬਿਲਕੁਲ ਸਹੀ ਹੈ ਕਿਉਂਕਿ ਤੁਸੀਂ ਮੇਰੇ ਦਿਲ ਵਿਚ ਵੱਸਦੇ ਹੋ। ਮੇਰੇ ਕੈਦ ਵਿਚ ਹੁੰਦਿਆਂ+ ਅਤੇ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਅਤੇ ਇਸ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ+ ਵਿਚ ਤੁਸੀਂ ਮੇਰਾ ਸਾਥ ਦਿੱਤਾ ਹੈ। ਇਸ ਤਰ੍ਹਾਂ ਮੈਨੂੰ ਅਤੇ ਤੁਹਾਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਫ਼ਾਇਦਾ ਹੋਇਆ ਹੈ।

8 ਪਰਮੇਸ਼ੁਰ ਮੇਰਾ ਗਵਾਹ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਕਿੰਨਾ ਤਰਸਦਾ ਹਾਂ ਕਿਉਂਕਿ ਮਸੀਹ ਯਿਸੂ ਵਾਂਗ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ। 9 ਮੈਂ ਹਮੇਸ਼ਾ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਸਹੀ ਗਿਆਨ+ ਅਤੇ ਪੂਰੀ ਸਮਝ+ ਦੇ ਨਾਲ-ਨਾਲ ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ+ 10 ਅਤੇ ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ+ ਤਾਂਕਿ ਮਸੀਹ ਦੇ ਦਿਨ ਤਕ ਤੁਸੀਂ ਨਿਰਦੋਸ਼ ਰਹੋ ਅਤੇ ਦੂਸਰਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰੋ+ 11 ਅਤੇ ਤੁਸੀਂ ਯਿਸੂ ਮਸੀਹ ਦੀ ਮਦਦ ਨਾਲ ਜ਼ਿਆਦਾ ਤੋਂ ਜ਼ਿਆਦਾ ਨੇਕ ਕੰਮ ਕਰੋ*+ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਅਤੇ ਵਡਿਆਈ ਹੋਵੇ।

12 ਭਰਾਵੋ, ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਹ ਗੱਲ ਜਾਣ ਲਵੋ ਕਿ ਮੇਰੇ ਨਾਲ ਜੋ ਵੀ ਹੋਇਆ ਹੈ, ਉਸ ਕਰਕੇ ਖ਼ੁਸ਼ ਖ਼ਬਰੀ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਇਆ ਹੈ 13 ਅਤੇ ਰੋਮੀ ਸਮਰਾਟ ਦੇ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ+ ਕਿ ਮੈਂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ।+ 14 ਮੇਰੇ ਕੈਦ ਵਿਚ ਹੋਣ ਕਰਕੇ ਪ੍ਰਭੂ ਦੀ ਸੇਵਾ ਕਰ ਰਹੇ ਜ਼ਿਆਦਾਤਰ ਭਰਾਵਾਂ ਨੂੰ ਹਿੰਮਤ ਮਿਲੀ ਹੈ ਤੇ ਉਹ ਨਿਡਰ ਹੋ ਕੇ ਹੋਰ ਵੀ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਹਨ।

15 ਇਹ ਸੱਚ ਹੈ ਕਿ ਕੁਝ ਲੋਕ ਈਰਖਾ ਅਤੇ ਝਗੜੇ ਦੇ ਇਰਾਦੇ ਨਾਲ ਮਸੀਹ ਦਾ ਪ੍ਰਚਾਰ ਕਰ ਰਹੇ ਹਨ, ਪਰ ਦੂਸਰੇ ਚੰਗੇ ਇਰਾਦੇ ਨਾਲ ਪ੍ਰਚਾਰ ਕਰ ਰਹੇ ਹਨ। 16 ਜਿਹੜੇ ਚੰਗੇ ਇਰਾਦੇ ਨਾਲ ਪ੍ਰਚਾਰ ਕਰ ਰਹੇ ਹਨ, ਉਹ ਮਸੀਹ ਨਾਲ ਪਿਆਰ ਹੋਣ ਕਰਕੇ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਮੈਨੂੰ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਲਈ ਚੁਣਿਆ ਗਿਆ ਹੈ;+ 17 ਪਰ ਈਰਖਾ ਅਤੇ ਝਗੜਾ ਕਰਨ ਵਾਲੇ ਲੋਕ ਨੇਕ ਇਰਾਦੇ ਨਾਲ ਪ੍ਰਚਾਰ ਨਹੀਂ ਕਰ ਰਹੇ, ਸਗੋਂ ਉਹ ਕੈਦ ਵਿਚ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਨੀਆਂ ਚਾਹੁੰਦੇ ਹਨ। 18 ਪਰ ਇਸ ਦਾ ਨਤੀਜਾ ਕੀ ਨਿਕਲਦਾ ਹੈ? ਹਰ ਤਰੀਕੇ ਨਾਲ ਮਸੀਹ ਦਾ ਪ੍ਰਚਾਰ ਹੋ ਰਿਹਾ ਹੈ, ਚਾਹੇ ਇਹ ਮਾੜੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ ਜਾਂ ਨੇਕ ਇਰਾਦੇ ਨਾਲ। ਮੈਂ ਇਸ ਗੱਲੋਂ ਖ਼ੁਸ਼ ਹਾਂ ਅਤੇ ਖ਼ੁਸ਼ ਹੁੰਦਾ ਰਹਾਂਗਾ 19 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਫ਼ਰਿਆਦਾਂ+ ਸਦਕਾ ਅਤੇ ਯਿਸੂ ਮਸੀਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ+ ਮੈਨੂੰ ਛੁਟਕਾਰਾ ਮਿਲੇਗਾ। 20 ਮੈਨੂੰ ਪੂਰਾ ਭਰੋਸਾ ਅਤੇ ਉਮੀਦ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਹੀਂ ਹੋਵਾਂਗਾ। ਦਲੇਰੀ ਨਾਲ ਗੱਲ ਕਰਨ ਕਰਕੇ ਹਮੇਸ਼ਾ ਵਾਂਗ ਹੁਣ ਵੀ ਮੇਰੇ* ਰਾਹੀਂ ਮਸੀਹ ਦੀ ਵਡਿਆਈ ਹੋਵੇਗੀ, ਫਿਰ ਚਾਹੇ ਮੈਂ ਜੀਉਂਦਾ ਰਹਾਂ ਚਾਹੇ ਮਰ ਜਾਵਾਂ।+

21 ਜੇ ਮੈਂ ਜੀਉਂਦਾ ਹਾਂ, ਤਾਂ ਮੈਂ ਮਸੀਹ ਲਈ ਜੀਉਂਦਾ ਹਾਂ+ ਅਤੇ ਜੇ ਮੈਂ ਮਰ ਜਾਂਦਾ ਹਾਂ, ਤਾਂ ਇਸ ਦਾ ਮੈਨੂੰ ਫ਼ਾਇਦਾ ਹੈ।+ 22 ਜੇ ਮੈਂ ਇਸ ਸਰੀਰ ਵਿਚ ਜੀਉਂਦਾ ਰਹਿੰਦਾ ਹਾਂ, ਤਾਂ ਮੈਂ ਆਪਣੇ ਕੰਮ ਵਿਚ ਹੋਰ ਜ਼ਿਆਦਾ ਫਲ ਪੈਦਾ ਕਰ ਸਕਦਾ ਹਾਂ। ਪਰ ਮੈਂ ਨਹੀਂ ਦੱਸਣਾ ਕਿ ਮੈਂ ਕੀ ਚੁਣਾਂਗਾ। 23 ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਇਨ੍ਹਾਂ ਦੋਵਾਂ ਵਿੱਚੋਂ ਕੀ ਚੁਣਾਂ; ਮੈਂ ਚਾਹੁੰਦਾ ਤਾਂ ਇਹ ਹਾਂ ਕਿ ਮੈਂ ਛੁਟਕਾਰਾ ਪਾ ਕੇ ਮਸੀਹ ਦੇ ਨਾਲ ਹੋਵਾਂ+ ਜੋ ਕਿ ਸਭ ਤੋਂ ਵਧੀਆ ਹੈ।+ 24 ਪਰ ਤੁਹਾਡੀ ਖ਼ਾਤਰ ਇਸ ਸਰੀਰ ਵਿਚ ਜੀਉਂਦਾ ਰਹਿਣਾ ਮੇਰੇ ਲਈ ਜ਼ਿਆਦਾ ਜ਼ਰੂਰੀ ਹੈ। 25 ਇਸ ਗੱਲ ਦਾ ਪੂਰਾ ਯਕੀਨ ਹੋਣ ਕਰਕੇ ਮੈਂ ਜਾਣਦਾ ਹਾਂ ਕਿ ਮੈਂ ਜੀਉਂਦਾ ਰਹਾਂਗਾ ਅਤੇ ਤੁਹਾਡੇ ਸਾਰਿਆਂ ਦੇ ਨਾਲ ਹੋਵਾਂਗਾ ਤਾਂਕਿ ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੀ ਤਰੱਕੀ ਹੋਵੇ ਅਤੇ ਤੁਹਾਨੂੰ ਆਪਣੀ ਨਿਹਚਾ ਤੋਂ ਖ਼ੁਸ਼ੀ ਮਿਲੇ 26 ਅਤੇ ਜਦੋਂ ਮੈਂ ਦੁਬਾਰਾ ਤੁਹਾਡੇ ਕੋਲ ਹੋਵਾਂ, ਤਾਂ ਮੇਰੇ ਕਰਕੇ ਤੁਹਾਡੀ ਇਹ ਖ਼ੁਸ਼ੀ ਦੁਗਣੀ ਹੋ ਜਾਵੇ ਕਿ ਤੁਸੀਂ ਮਸੀਹ ਯਿਸੂ ਦੇ ਚੇਲੇ ਹੋ।

27 ਧਿਆਨ ਰੱਖੋ ਕਿ ਤੁਹਾਡੇ ਤੌਰ-ਤਰੀਕੇ* ਮਸੀਹ ਦੀ ਖ਼ੁਸ਼ ਖ਼ਬਰੀ ਦੇ ਯੋਗ ਹੋਣ।+ ਫਿਰ ਚਾਹੇ ਮੈਂ ਤੁਹਾਨੂੰ ਮਿਲਣ ਲਈ ਆਵਾਂ ਜਾਂ ਨਾ ਆਵਾਂ, ਮੈਂ ਤੁਹਾਡੇ ਬਾਰੇ ਇਹੀ ਸੁਣਾਂ ਤੇ ਜਾਣਾਂ ਕਿ ਤੁਸੀਂ ਇਕ ਮਨ ਹੋ ਕੇ ਮਜ਼ਬੂਤੀ ਨਾਲ ਖੜ੍ਹੇ ਹੋ+ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਬਰਕਰਾਰ ਰੱਖਣ ਲਈ ਇਕਜੁੱਟ ਹੋ ਕੇ ਮਿਹਨਤ ਕਰ ਰਹੇ ਹੋ 28 ਅਤੇ ਤੁਸੀਂ ਆਪਣੇ ਵਿਰੋਧੀਆਂ ਤੋਂ ਬਿਲਕੁਲ ਨਹੀਂ ਡਰਦੇ। ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ,+ ਪਰ ਤੁਹਾਨੂੰ ਬਚਾਇਆ ਜਾਵੇਗਾ।+ ਪਰਮੇਸ਼ੁਰ ਨੇ ਇਹ ਗੱਲ ਸਾਫ਼ ਦੱਸੀ ਹੈ। 29 ਤੁਹਾਨੂੰ ਨਾ ਸਿਰਫ਼ ਮਸੀਹ ਉੱਤੇ ਨਿਹਚਾ ਕਰਨ ਦਾ, ਸਗੋਂ ਉਸ ਦੀ ਖ਼ਾਤਰ ਦੁੱਖ ਸਹਿਣ ਦਾ ਸਨਮਾਨ ਵੀ ਬਖ਼ਸ਼ਿਆ ਗਿਆ ਹੈ।+ 30 ਇਸੇ ਕਰਕੇ ਤੁਸੀਂ ਵੀ ਉਹੀ ਲੜਾਈ ਲੜ ਰਹੇ ਹੋ ਜੋ ਲੜਾਈ ਤੁਸੀਂ ਮੈਨੂੰ ਲੜਦਿਆਂ ਦੇਖਿਆ ਹੈ।+ ਤੁਸੀਂ ਸੁਣਿਆ ਹੈ ਕਿ ਮੈਂ ਅਜੇ ਵੀ ਇਹ ਲੜਾਈ ਲੜ ਰਿਹਾ ਹਾਂ।

2 ਜੇ ਤੁਸੀਂ ਮਸੀਹ ਨਾਲ ਏਕਤਾ ਵਿਚ ਹੋਣ ਕਰਕੇ ਦੂਸਰਿਆਂ ਨੂੰ ਹੌਸਲਾ ਅਤੇ ਪਿਆਰ ਨਾਲ ਦਿਲਾਸਾ ਦੇ ਸਕਦੇ ਹੋ, ਉਨ੍ਹਾਂ ਨਾਲ ਸੰਗਤ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਮੋਹ ਤੇ ਹਮਦਰਦੀ ਰੱਖ ਸਕਦੇ ਹੋ, 2 ਤਾਂ ਤੁਸੀਂ ਇਸ ਤਰ੍ਹਾਂ ਕਰ ਕੇ ਮੇਰੀ ਖ਼ੁਸ਼ੀ ਨੂੰ ਹੋਰ ਵਧਾਓ। ਤੁਸੀਂ ਸਾਰੇ ਇਕ ਮਨ ਹੋਵੋ ਅਤੇ ਇਕ-ਦੂਜੇ ਨਾਲ ਇੱਕੋ ਜਿਹਾ ਪਿਆਰ ਕਰੋ ਅਤੇ ਆਪਸ ਵਿਚ ਏਕਾ ਅਤੇ ਇੱਕੋ ਜਿਹੀ ਸੋਚ ਰੱਖੋ।+ 3 ਲੜਾਈ-ਝਗੜੇ ਦੀ ਭਾਵਨਾ ਨਾਲ+ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ,+ ਸਗੋਂ ਨਿਮਰ* ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।+ 4 ਤੁਸੀਂ ਆਪਣੇ ਬਾਰੇ ਹੀ ਨਾ ਸੋਚੋ,+ ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।+

5 ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ।+ 6 ਭਾਵੇਂ ਉਹ ਪਰਮੇਸ਼ੁਰ ਵਰਗਾ ਸੀ,+ ਫਿਰ ਵੀ ਉਸ ਨੇ ਪਰਮੇਸ਼ੁਰ ਦੇ ਬਰਾਬਰ ਬਣਨ ਦੀ ਕੋਸ਼ਿਸ਼ ਕਰਨ ਬਾਰੇ ਸੋਚਿਆ ਤਕ ਵੀ ਨਹੀਂ।+ 7 ਇਸ ਦੀ ਬਜਾਇ, ਉਹ ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ+ ਅਤੇ ਇਨਸਾਨ ਬਣ ਗਿਆ।*+ 8 ਇਸ ਤੋਂ ਇਲਾਵਾ, ਜਦੋਂ ਉਹ ਇਨਸਾਨ ਬਣ ਕੇ ਆਇਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ,+ ਹਾਂ, ਤਸੀਹੇ ਦੀ ਸੂਲ਼ੀ*+ ਉੱਤੇ ਮਰਨ ਤਕ ਆਗਿਆਕਾਰ ਰਿਹਾ। 9 ਇਸੇ ਕਰਕੇ ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ+ ਅਤੇ ਮਿਹਰਬਾਨ ਹੋ ਕੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ+ 10 ਤਾਂਕਿ ਸਵਰਗ ਵਿਚ, ਧਰਤੀ ਉੱਤੇ ਅਤੇ ਜ਼ਮੀਨ ਵਿਚ ਸਾਰੇ ਜਣੇ ਯਿਸੂ ਦੇ ਨਾਂ ʼਤੇ ਆਪਣੇ ਗੋਡੇ ਟੇਕਣ+ 11 ਅਤੇ ਹਰ ਜ਼ਬਾਨ ਸਾਰਿਆਂ ਦੇ ਸਾਮ੍ਹਣੇ ਕਬੂਲ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ+ ਤਾਂਕਿ ਪਿਤਾ ਪਰਮੇਸ਼ੁਰ ਦੀ ਵਡਿਆਈ ਹੋਵੇ।

12 ਇਸ ਕਰਕੇ, ਮੇਰੇ ਪਿਆਰੇ ਭਰਾਵੋ, ਜਿਵੇਂ ਤੁਸੀਂ ਹਮੇਸ਼ਾ ਆਗਿਆਕਾਰੀ ਕਰਦੇ ਹੋ, ਨਾ ਸਿਰਫ਼ ਮੇਰੀ ਮੌਜੂਦਗੀ ਵਿਚ ਹੀ, ਸਗੋਂ ਮੇਰੀ ਗ਼ੈਰ-ਮੌਜੂਦਗੀ ਵਿਚ ਹੋਰ ਵੀ ਖ਼ੁਸ਼ੀ ਨਾਲ, ਉਸੇ ਤਰ੍ਹਾਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ। 13 ਕਿਉਂਕਿ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ਦਾ ਹੈ ਅਤੇ ਇਸ ਤਰ੍ਹਾਂ ਕਰ ਕੇ ਉਸ ਨੂੰ ਖ਼ੁਸ਼ੀ ਮਿਲਦੀ ਹੈ। 14 ਤੁਸੀਂ ਸਾਰੇ ਕੰਮ ਬੁੜ-ਬੁੜ+ ਜਾਂ ਬਹਿਸ ਕੀਤੇ+ ਬਿਨਾਂ ਕਰਦੇ ਰਹੋ 15 ਤਾਂਕਿ ਤੁਸੀਂ ਧੋਖੇਬਾਜ਼ ਅਤੇ ਵਿਗੜੀ ਹੋਈ ਪੀੜ੍ਹੀ ਵਿਚ ਨਿਰਦੋਸ਼, ਮਾਸੂਮ ਅਤੇ ਪਰਮੇਸ਼ੁਰ ਦੇ ਬੱਚੇ ਸਾਬਤ ਹੋ ਸਕੋ।+ ਇਸ ਪੀੜ੍ਹੀ ਵਿਚ ਬੇਦਾਗ਼ ਰਹਿੰਦੇ ਹੋਏ+ ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ।+ 16 ਤੁਸੀਂ ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ ਰੱਖੋ+ ਤਾਂਕਿ ਮਸੀਹ ਦੇ ਦਿਨ ਵਿਚ ਮੇਰੇ ਕੋਲ ਖ਼ੁਸ਼ ਹੋਣ ਦਾ ਕਾਰਨ ਹੋਵੇ ਕਿ ਮੇਰੀ ਦੌੜ ਜਾਂ ਸਖ਼ਤ ਮਿਹਨਤ ਵਿਅਰਥ ਨਹੀਂ ਗਈ। 17 ਪਰ ਜੇ ਮੈਨੂੰ ਪੀਣ ਦੀ ਭੇਟ ਵਾਂਗ ਤੁਹਾਡੀ ਪਵਿੱਤਰ ਸੇਵਾ ਦੇ ਬਲੀਦਾਨ+ ਉੱਤੇ ਡੋਲ੍ਹਿਆ ਵੀ ਜਾ ਰਿਹਾ ਹੈ+ ਜੋ ਸੇਵਾ ਤੁਸੀਂ ਆਪਣੀ ਨਿਹਚਾ ਕਰਕੇ ਕਰਦੇ ਹੋ, ਤਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਖ਼ੁਸ਼ੀਆਂ ਮਨਾਉਂਦਾ ਹਾਂ। 18 ਇਸੇ ਤਰ੍ਹਾਂ ਤੁਹਾਨੂੰ ਵੀ ਮੇਰੇ ਨਾਲ ਖ਼ੁਸ਼ੀ ਮਨਾਉਣੀ ਚਾਹੀਦੀ ਹੈ।

19 ਜੇ ਪ੍ਰਭੂ ਯਿਸੂ ਨੇ ਚਾਹਿਆ, ਤਾਂ ਮੈਂ ਜਲਦੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਾਂਗਾ+ ਤਾਂਕਿ ਤੁਹਾਡੀ ਖ਼ਬਰ-ਸਾਰ ਜਾਣ ਕੇ ਮੈਨੂੰ ਹੌਸਲਾ ਮਿਲੇ। 20 ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੋਵੇ 21 ਕਿਉਂਕਿ ਬਾਕੀ ਸਾਰੇ ਆਪਣੇ ਬਾਰੇ ਹੀ ਸੋਚਦੇ ਹਨ, ਨਾ ਕਿ ਯਿਸੂ ਮਸੀਹ ਦੇ ਕੰਮ ਬਾਰੇ। 22 ਪਰ ਤੁਸੀਂ ਉਸ ਦੀ ਚੰਗੀ ਮਿਸਾਲ ਬਾਰੇ ਜਾਣਦੇ ਹੋ ਕਿ ਜਿਵੇਂ ਇਕ ਬੱਚਾ+ ਆਪਣੇ ਪਿਤਾ ਦੀ ਮਦਦ ਕਰਦਾ ਹੈ, ਉਸੇ ਤਰ੍ਹਾਂ ਉਸ ਨੇ ਮੇਰੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮਿਹਨਤ ਕੀਤੀ ਹੈ। 23 ਇਸ ਲਈ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਨਾਲ ਕੀ ਹੋਵੇਗਾ, ਤਾਂ ਮੈਂ ਤਿਮੋਥਿਉਸ ਨੂੰ ਹੀ ਤੁਹਾਡੇ ਕੋਲ ਘੱਲਣ ਦੀ ਕੋਸ਼ਿਸ਼ ਕਰਾਂਗਾ। 24 ਅਸਲ ਵਿਚ, ਮੈਨੂੰ ਪ੍ਰਭੂ ʼਤੇ ਭਰੋਸਾ ਹੈ ਕਿ ਮੈਂ ਵੀ ਤੁਹਾਨੂੰ ਛੇਤੀ ਮਿਲਣ ਆਵਾਂਗਾ।+

25 ਫਿਲਹਾਲ ਮੈਂ ਸੋਚਦਾ ਹਾਂ ਕਿ ਇਪਾਫ੍ਰੋਦੀਤੁਸ ਨੂੰ ਤੁਹਾਡੇ ਕੋਲ ਵਾਪਸ ਘੱਲਣਾ ਜ਼ਰੂਰੀ ਹੈ ਜਿਹੜਾ ਮੇਰਾ ਭਰਾ, ਸਹਿਕਰਮੀ, ਮੇਰੇ ਨਾਲ ਮਸੀਹ ਦਾ ਫ਼ੌਜੀ ਹੈ ਅਤੇ ਜਿਸ ਨੂੰ ਤੁਸੀਂ ਮੇਰੀ ਸੇਵਾ ਕਰਨ ਲਈ ਘੱਲਿਆ ਹੈ।+ 26 ਉਹ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਤਰਸ ਰਿਹਾ ਹੈ ਅਤੇ ਇਸ ਗੱਲੋਂ ਨਿਰਾਸ਼ ਹੈ ਕਿ ਤੁਹਾਨੂੰ ਉਸ ਦੇ ਬੀਮਾਰ ਹੋਣ ਦੀ ਖ਼ਬਰ ਮਿਲੀ ਸੀ। 27 ਉਹ ਇੰਨਾ ਬੀਮਾਰ ਹੋ ਗਿਆ ਸੀ ਕਿ ਮਰਨ ਕਿਨਾਰੇ ਪਹੁੰਚ ਗਿਆ ਸੀ, ਪਰ ਪਰਮੇਸ਼ੁਰ ਨੇ ਉਸ ਉੱਤੇ ਦਇਆ ਕੀਤੀ। ਅਸਲ ਵਿਚ, ਇਕੱਲੇ ਉਸ ਉੱਤੇ ਹੀ ਨਹੀਂ, ਸਗੋਂ ਮੇਰੇ ਉੱਤੇ ਵੀ ਦਇਆ ਕੀਤੀ ਤਾਂਕਿ ਮੇਰੇ ਦੁੱਖਾਂ ਵਿਚ ਵਾਧਾ ਨਾ ਹੋਵੇ। 28 ਇਸ ਲਈ ਮੈਂ ਉਸ ਨੂੰ ਛੇਤੀ ਤੋਂ ਛੇਤੀ ਘੱਲ ਰਿਹਾ ਹਾਂ ਤਾਂਕਿ ਉਸ ਨੂੰ ਮਿਲ ਕੇ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ ਅਤੇ ਮੇਰੀ ਵੀ ਚਿੰਤਾ ਘਟੇ। 29 ਇਸ ਲਈ ਉਸ ਦਾ ਖਿੜੇ ਮੱਥੇ ਸੁਆਗਤ ਕਰੋ ਜਿਵੇਂ ਤੁਸੀਂ ਪ੍ਰਭੂ ਦੇ ਚੇਲਿਆਂ ਦਾ ਕਰਦੇ ਹੋ ਅਤੇ ਉਸ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ+ 30 ਕਿਉਂਕਿ ਮਸੀਹ* ਦੇ ਕੰਮ ਦੀ ਖ਼ਾਤਰ ਉਹ ਮਰਨ ਕਿਨਾਰੇ ਪਹੁੰਚ ਗਿਆ ਸੀ ਅਤੇ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ ਤਾਂਕਿ ਉਹ ਇੱਥੇ ਤੁਹਾਡੀ ਕਮੀ ਪੂਰੀ ਕਰੇ ਅਤੇ ਤੁਹਾਡੇ ਬਦਲੇ ਮੇਰੀ ਸੇਵਾ ਕਰੇ।+

3 ਅਖ਼ੀਰ ਵਿਚ, ਮੇਰੇ ਭਰਾਵੋ, ਪ੍ਰਭੂ ਕਰਕੇ ਖ਼ੁਸ਼ ਰਹੋ।+ ਤੁਹਾਨੂੰ ਇਹੀ ਗੱਲਾਂ ਦੁਬਾਰਾ ਲਿਖਣ ਵਿਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਇਹ ਤੁਹਾਡੀ ਹਿਫਾਜ਼ਤ ਲਈ ਹਨ।

2 ਕੁੱਤਿਆਂ* ਤੋਂ ਖ਼ਬਰਦਾਰ ਰਹੋ, ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਖ਼ਬਰਦਾਰ ਰਹੋ, ਸੁੰਨਤ* ਕਰਨ ਦੀ ਹੱਲਾਸ਼ੇਰੀ ਦੇਣ ਵਾਲਿਆਂ ਤੋਂ ਖ਼ਬਰਦਾਰ ਰਹੋ।+ 3 ਅਸਲੀ ਸੁੰਨਤ ਤਾਂ ਸਾਡੀ ਹੋਈ ਹੈ+ ਅਤੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਰਾਹੀਂ ਸੇਵਾ ਕਰਦੇ ਹਾਂ ਅਤੇ ਮਸੀਹ ਯਿਸੂ ਉੱਤੇ ਮਾਣ ਕਰਦੇ ਹਾਂ+ ਅਤੇ ਅਸੀਂ ਸਰੀਰ ਦੀਆਂ ਗੱਲਾਂ ਉੱਤੇ ਭਰੋਸਾ ਨਹੀਂ ਰੱਖਦੇ 4 ਜਦ ਕਿ ਮੇਰੇ ਕੋਲ ਸਰੀਰ ਦੀਆਂ ਗੱਲਾਂ ਉੱਤੇ ਭਰੋਸਾ ਰੱਖਣ ਦੇ ਕਾਰਨ ਹਨ।

ਦੇਖਿਆ ਜਾਵੇ ਤਾਂ ਹੋਰ ਕਿਸੇ ਵੀ ਇਨਸਾਨ ਨਾਲੋਂ ਮੇਰੇ ਕੋਲ ਸਰੀਰ ਦੀਆਂ ਗੱਲਾਂ ਉੱਤੇ ਭਰੋਸਾ ਰੱਖਣ ਦੇ ਜ਼ਿਆਦਾ ਕਾਰਨ ਹਨ: 5 ਅੱਠਵੇਂ ਦਿਨ ਮੇਰੀ ਸੁੰਨਤ ਹੋਈ ਸੀ,+ ਮੈਂ ਇਜ਼ਰਾਈਲ ਕੌਮ ਵਿਚ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ ਅਤੇ ਇਬਰਾਨੀ ਮਾਤਾ-ਪਿਤਾ ਦਾ ਇਬਰਾਨੀ ਪੁੱਤਰ ਹਾਂ;+ ਮੈਂ ਮੂਸਾ ਦੇ ਕਾਨੂੰਨ ਨੂੰ ਮੰਨਣ ਵਾਲਾ ਫ਼ਰੀਸੀ ਸੀ;+ 6 ਜਿੱਥੋਂ ਤਕ ਜੋਸ਼ ਦੀ ਗੱਲ ਹੈ, ਤਾਂ ਮੈਂ ਮੰਡਲੀ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ;+ ਜਿੱਥੋਂ ਤਕ ਮੂਸਾ ਦੇ ਕਾਨੂੰਨ ਨੂੰ ਮੰਨ ਕੇ ਧਰਮੀ ਠਹਿਰਾਏ ਜਾਣ ਦੀ ਗੱਲ ਹੈ, ਤਾਂ ਮੈਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ। 7 ਇਹ ਚੀਜ਼ਾਂ ਮੇਰੇ ਫ਼ਾਇਦੇ ਲਈ ਸਨ, ਫਿਰ ਵੀ ਮੈਂ ਇਨ੍ਹਾਂ ਨੂੰ ਮਸੀਹ ਦੀ ਖ਼ਾਤਰ ਵਿਅਰਥ ਸਮਝਦਾ ਹਾਂ।*+ 8 ਇਸ ਤੋਂ ਇਲਾਵਾ, ਮੈਂ ਆਪਣੇ ਪ੍ਰਭੂ ਮਸੀਹ ਯਿਸੂ ਦੇ ਅਨਮੋਲ ਗਿਆਨ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੱਚ-ਮੁੱਚ ਫ਼ਜ਼ੂਲ ਸਮਝਦਾ ਹਾਂ। ਉਸੇ ਦੀ ਖ਼ਾਤਰ ਮੈਂ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰੀ ਹੈ ਅਤੇ ਮੈਂ ਇਨ੍ਹਾਂ ਨੂੰ ਕੂੜੇ ਦਾ ਢੇਰ ਸਮਝਦਾ ਹਾਂ ਤਾਂਕਿ ਮੈਂ ਮਸੀਹ ਨੂੰ ਪਾ ਲਵਾਂ 9 ਅਤੇ ਉਸ ਨਾਲ ਏਕਤਾ ਵਿਚ ਬੱਝ ਜਾਵਾਂ, ਪਰ ਇਸ ਕਰਕੇ ਨਹੀਂ ਕਿ ਮੈਨੂੰ ਮੂਸਾ ਦੇ ਕਾਨੂੰਨ ਉੱਤੇ ਚੱਲਣ ਕਰਕੇ ਧਰਮੀ ਠਹਿਰਾਇਆ ਗਿਆ ਹੈ, ਸਗੋਂ ਇਸ ਕਰਕੇ ਕਿ ਮੈਨੂੰ ਮਸੀਹ ʼਤੇ+ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ ਹੈ,+ ਹਾਂ, ਨਿਹਚਾ ਕਰਨ ਕਰਕੇ ਪਰਮੇਸ਼ੁਰ ਨੇ ਮੈਨੂੰ ਧਰਮੀ ਠਹਿਰਾਇਆ ਹੈ।+ 10 ਮੇਰਾ ਟੀਚਾ ਹੈ ਕਿ ਮੈਂ ਉਸ ਨੂੰ ਜਾਣਾਂ ਅਤੇ ਉਸ ਨੂੰ ਜੀਉਂਦਾ ਕਰਨ ਵਾਲੇ ਦੀ ਤਾਕਤ ਨੂੰ ਜਾਣਾਂ+ ਤੇ ਉਸ ਵਾਂਗ ਦੁੱਖ ਝੱਲਾਂ+ ਅਤੇ ਉਸ ਵਰਗੀ ਮੌਤ ਮਰਾਂ+ 11 ਤਾਂਕਿ ਜੇ ਹੋ ਸਕੇ, ਤਾਂ ਮੈਂ ਉਨ੍ਹਾਂ ਲੋਕਾਂ ਵਿਚ ਹੋਵਾਂ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ।+

12 ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇਹ ਇਨਾਮ ਮਿਲ ਗਿਆ ਹੈ ਜਾਂ ਮੈਂ ਮੁਕੰਮਲ ਬਣ ਗਿਆ ਹਾਂ, ਪਰ ਮੈਂ ਇਸ ਨੂੰ ਜ਼ਰੂਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ+ ਜਿਸ ਵਾਸਤੇ ਮਸੀਹ ਯਿਸੂ ਨੇ ਮੈਨੂੰ ਚੁਣਿਆ ਹੈ।+ 13 ਭਰਾਵੋ, ਮੈਂ ਨਹੀਂ ਸੋਚਦਾ ਕਿ ਮੈਂ ਇਹ ਇਨਾਮ ਹਾਸਲ ਕਰ ਲਿਆ ਹੈ, ਪਰ ਇਕ ਗੱਲ ਪੱਕੀ ਹੈ: ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਲਗਾਤਾਰ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ+ ਜਿਹੜੀਆਂ ਮੇਰੇ ਅੱਗੇ ਹਨ,+ 14 ਮੈਂ ਆਪਣਾ ਟੀਚਾ ਯਾਨੀ ਸਵਰਗੀ ਸੱਦੇ ਦਾ ਇਨਾਮ+ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ+ ਜੋ ਪਰਮੇਸ਼ੁਰ ਨੇ ਮਸੀਹ ਯਿਸੂ ਰਾਹੀਂ ਦਿੱਤਾ ਹੈ। 15 ਤਾਂ ਫਿਰ, ਆਓ ਆਪਾਂ ਜਿਹੜੇ ਸਮਝਦਾਰ ਹਾਂ,+ ਆਪਣੇ ਅੰਦਰ ਮਨ ਦਾ ਇਹੀ ਸੁਭਾਅ ਪੈਦਾ ਕਰੀਏ। ਜੇ ਕਿਸੇ ਗੱਲ ਵਿਚ ਤੁਹਾਡੇ ਮਨ ਦਾ ਸੁਭਾਅ ਹੋਰ ਹੈ, ਤਾਂ ਉੱਪਰ ਜਿਸ ਸੁਭਾਅ ਦੀ ਗੱਲ ਕੀਤੀ ਹੈ, ਉਸ ਬਾਰੇ ਪਰਮੇਸ਼ੁਰ ਤੁਹਾਨੂੰ ਦੱਸੇਗਾ। 16 ਜੋ ਵੀ ਹੈ, ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।

17 ਭਰਾਵੋ, ਤੁਸੀਂ ਸਾਰੇ ਮੇਰੀ ਰੀਸ ਕਰੋ+ ਅਤੇ ਉਨ੍ਹਾਂ ਲੋਕਾਂ ਵੱਲ ਧਿਆਨ ਦਿੰਦੇ ਰਹੋ ਜੋ ਸਾਡੀ ਮਿਸਾਲ ਉੱਤੇ ਚੱਲਦੇ ਹਨ ਜਿਹੜੀ ਅਸੀਂ ਤੁਹਾਡੇ ਲਈ ਕਾਇਮ ਕੀਤੀ ਹੈ। 18 ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਬਾਰੇ ਮੈਂ ਅਕਸਰ ਗੱਲ ਕਰਦਾ ਹੁੰਦਾ ਸੀ, ਪਰ ਹੁਣ ਉਨ੍ਹਾਂ ਬਾਰੇ ਗੱਲ ਕਰਦਿਆਂ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ ਕਿਉਂਕਿ ਉਹ ਮਸੀਹ ਦੀ ਤਸੀਹੇ ਦੀ ਸੂਲ਼ੀ* ਦੇ ਦੁਸ਼ਮਣ ਬਣ ਗਏ ਹਨ। 19 ਉਨ੍ਹਾਂ ਦਾ ਅੰਤ ਵਿਨਾਸ਼ ਹੈ ਅਤੇ ਉਨ੍ਹਾਂ ਦਾ ਰੱਬ ਉਨ੍ਹਾਂ ਦਾ ਢਿੱਡ* ਹੈ। ਜਿਨ੍ਹਾਂ ਗੱਲਾਂ ʼਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਉਨ੍ਹਾਂ ਗੱਲਾਂ ʼਤੇ ਹੀ ਉਨ੍ਹਾਂ ਨੂੰ ਘਮੰਡ ਹੈ ਅਤੇ ਉਨ੍ਹਾਂ ਨੇ ਆਪਣੇ ਮਨ ਦੁਨਿਆਵੀ ਚੀਜ਼ਾਂ ਉੱਤੇ ਲਾਏ ਹੋਏ ਹਨ।+ 20 ਪਰ ਅਸੀਂ ਸਵਰਗ ਦੇ+ ਨਾਗਰਿਕ ਹਾਂ+ ਅਤੇ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਸਵਰਗੋਂ ਆਵੇ।+ 21 ਉਹ ਆਪਣੀ ਵਿਸ਼ਾਲ ਤਾਕਤ ਵਰਤ ਕੇ ਸਾਡੇ ਮਾਮੂਲੀ ਸਰੀਰਾਂ ਨੂੰ ਬਦਲ ਕੇ ਆਪਣੇ ਮਹਿਮਾਵਾਨ ਸਰੀਰ ਵਰਗਾ ਬਣਾ ਦੇਵੇਗਾ+ ਅਤੇ ਸਾਰੀਆਂ ਚੀਜ਼ਾਂ ਨੂੰ ਆਪਣੇ ਅਧੀਨ ਕਰ ਲਵੇਗਾ।+

4 ਇਸ ਕਰਕੇ ਮੇਰੇ ਪਿਆਰੇ ਭਰਾਵੋ, ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਅਨੁਸਾਰ ਮਜ਼ਬੂਤੀ ਨਾਲ ਖੜ੍ਹੇ+ ਰਹਿ ਕੇ ਪ੍ਰਭੂ ਦੀ ਸੇਵਾ ਕਰੋ। ਤੁਸੀਂ ਮੇਰੀ ਖ਼ੁਸ਼ੀ ਤੇ ਮੇਰਾ ਇਨਾਮ* ਹੋ+ ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਦੇਖਣ ਲਈ ਤਰਸਦਾ ਹਾਂ।

2 ਯੂਓਦੀਆ ਅਤੇ ਸੁੰਤੁਖੇ ਨੂੰ ਮੇਰੀ ਨਸੀਹਤ ਹੈ ਕਿ ਉਹ ਪ੍ਰਭੂ ਦੀ ਸੇਵਾ ਕਰਦਿਆਂ ਇਕ ਮਨ ਹੋਣ।+ 3 ਮੇਰਾ ਸੱਚਾ ਸਾਥੀ ਹੋਣ ਕਰਕੇ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਇਨ੍ਹਾਂ ਭੈਣਾਂ ਦੀ ਮਦਦ ਕਰਦਾ ਰਹਿ। ਇਨ੍ਹਾਂ ਦੋਵਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮੇਰੇ ਨਾਲ, ਕਲੈਮੰਸ ਨਾਲ ਅਤੇ ਮੇਰੇ ਬਾਕੀ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਹੁਤ ਮਿਹਨਤ ਕੀਤੀ ਹੈ। ਇਨ੍ਹਾਂ ਸਾਰਿਆਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ।+

4 ਪ੍ਰਭੂ ਕਰਕੇ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖ਼ੁਸ਼ ਰਹੋ!+ 5 ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ+ ਦਾ ਸਬੂਤ ਦਿਓ।* ਪ੍ਰਭੂ ਨੇੜੇ ਹੈ। 6 ਕਿਸੇ ਗੱਲ ਦੀ ਚਿੰਤਾ ਨਾ ਕਰੋ,+ ਸਗੋਂ ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ+ 7 ਅਤੇ ਪਰਮੇਸ਼ੁਰ ਦੀ ਸ਼ਾਂਤੀ+ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ+ ਅਤੇ ਮਨਾਂ* ਦੀ ਰਾਖੀ ਕਰੇਗੀ।

8 ਅਖ਼ੀਰ ਵਿਚ, ਭਰਾਵੋ, ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।+ 9 ਤੁਸੀਂ ਮੇਰੇ ਤੋਂ ਜਿਹੜੀਆਂ ਗੱਲਾਂ ਸਿੱਖੀਆਂ, ਸਵੀਕਾਰ ਕੀਤੀਆਂ, ਸੁਣੀਆਂ ਅਤੇ ਮੇਰੇ ਵਿਚ ਦੇਖੀਆਂ ਹਨ, ਉਨ੍ਹਾਂ ਗੱਲਾਂ ਉੱਤੇ ਚੱਲਦੇ ਰਹੋ।+ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਰਹੇਗਾ।

10 ਪ੍ਰਭੂ ਦਾ ਸੇਵਕ ਹੋਣ ਦੇ ਨਾਤੇ ਮੈਂ ਇਸ ਗੱਲੋਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਦੁਬਾਰਾ ਮੇਰਾ ਫ਼ਿਕਰ ਕਰ ਰਹੇ ਹੋ।+ ਭਾਵੇਂ ਤੁਹਾਨੂੰ ਹਮੇਸ਼ਾ ਮੇਰਾ ਫ਼ਿਕਰ ਰਹਿੰਦਾ ਸੀ, ਪਰ ਤੁਹਾਨੂੰ ਇਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਸੀ। 11 ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਹੈ। ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ।+ 12 ਮੈਂ ਥੋੜ੍ਹੇ ਵਿਚ ਵੀ ਅਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ।+ ਜ਼ਿੰਦਗੀ ਵਿਚ ਮੇਰੇ ਹਾਲਾਤ ਚਾਹੇ ਜੋ ਵੀ ਹੋਣ, ਭਾਵੇਂ ਮੇਰੇ ਕੋਲ ਕੁਝ ਖਾਣ ਲਈ ਹੋਵੇ ਜਾਂ ਨਾ ਹੋਵੇ, ਚਾਹੇ ਮੇਰੇ ਕੋਲ ਬਹੁਤ ਕੁਝ ਹੋਵੇ ਜਾਂ ਫਿਰ ਮੈਂ ਤੰਗੀਆਂ ਕੱਟਦਾ ਹੋਵਾਂ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣ ਲਿਆ ਹੈ 13 ਕਿਉਂਕਿ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।+

14 ਫਿਰ ਵੀ ਤੁਸੀਂ ਮੇਰੇ ਦੁੱਖਾਂ ਵਿਚ ਮੇਰੀ ਮਦਦ ਕਰ ਕੇ ਬਹੁਤ ਚੰਗਾ ਕੀਤਾ। 15 ਅਸਲ ਵਿਚ, ਫ਼ਿਲਿੱਪੈ ਦੇ ਭਰਾਵੋ, ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਬਾਰੇ ਸਿੱਖਿਆ ਸੀ ਅਤੇ ਬਾਅਦ ਵਿਚ ਜਦੋਂ ਮੈਂ ਮਕਦੂਨੀਆ ਤੋਂ ਤੁਰਿਆ ਸੀ, ਉਸ ਵੇਲੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਮੰਡਲੀ ਨੇ ਨਾ ਮੇਰੀ ਮਦਦ ਕੀਤੀ ਅਤੇ ਨਾ ਹੀ ਮੇਰੀ ਮਦਦ ਕਬੂਲ ਕੀਤੀ;+ 16 ਜਦੋਂ ਮੈਂ ਥੱਸਲੁਨੀਕਾ ਵਿਚ ਸੀ, ਉੱਥੇ ਵੀ ਤੁਸੀਂ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਵਾਰ ਨਹੀਂ, ਸਗੋਂ ਦੋ ਵਾਰ ਕੁਝ ਘੱਲਿਆ। 17 ਇਹ ਗੱਲ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਤੋਹਫ਼ੇ ਚਾਹੁੰਦਾ ਹਾਂ, ਸਗੋਂ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਤੁਹਾਨੂੰ ਬਰਕਤਾਂ ਮਿਲਣ ਜਿਸ ਨਾਲ ਤੁਹਾਡੇ ਖਾਤੇ* ਵਿਚ ਹੋਰ ਵਾਧਾ ਹੋਵੇ। 18 ਪਰ ਮੇਰੇ ਕੋਲ ਲੋੜ ਜੋਗਾ ਸਭ ਕੁਝ ਹੈ, ਸਗੋਂ ਵਾਧੂ ਹੈ। ਮੈਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਉਂਕਿ ਤੁਹਾਡੀਆਂ ਘੱਲੀਆਂ ਚੀਜ਼ਾਂ ਮੈਨੂੰ ਇਪਾਫ੍ਰੋਦੀਤੁਸ+ ਤੋਂ ਮਿਲ ਗਈਆਂ ਹਨ। ਇਹ ਸਭ ਕੁਝ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਹੈ+ ਜਿਸ ਨੂੰ ਪਰਮੇਸ਼ੁਰ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ। 19 ਬਦਲੇ ਵਿਚ, ਮੇਰਾ ਪਰਮੇਸ਼ੁਰ, ਜਿਹੜਾ ਬਹੁਤ ਧਨਵਾਨ ਹੈ, ਮਸੀਹ ਯਿਸੂ ਰਾਹੀਂ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।+ 20 ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।

21 ਮਸੀਹ ਯਿਸੂ ਦੇ ਸਾਰੇ ਪਵਿੱਤਰ ਸੇਵਕਾਂ ਨੂੰ ਮੇਰੇ ਵੱਲੋਂ ਨਮਸਕਾਰ। ਮੇਰੇ ਨਾਲ ਜਿਹੜੇ ਭਰਾ ਹਨ, ਉਨ੍ਹਾਂ ਵੱਲੋਂ ਵੀ ਤੁਹਾਨੂੰ ਨਮਸਕਾਰ। 22 ਤੁਹਾਨੂੰ ਸਾਰੇ ਪਵਿੱਤਰ ਸੇਵਕਾਂ ਵੱਲੋਂ ਨਮਸਕਾਰ, ਖ਼ਾਸ ਕਰਕੇ ਉਨ੍ਹਾਂ ਵੱਲੋਂ ਜਿਹੜੇ ਸਮਰਾਟ* ਦੇ ਘਰਾਣੇ ਵਿੱਚੋਂ ਹਨ।+

23 ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।

ਯੂਨਾ, “ਧਰਮੀ ਫਲ ਪੈਦਾ ਕਰੋ।”

ਯੂਨਾ, “ਮੇਰੇ ਸਰੀਰ।”

ਜਾਂ, “ਨਾਗਰਿਕਾਂ ਵਜੋਂ ਤੁਹਾਡੇ ਤੌਰ-ਤਰੀਕੇ।”

ਜਾਂ, “ਮਨ ਦੇ ਹਲੀਮ।”

ਯੂਨਾ, “ਇਨਸਾਨ ਦੇ ਰੂਪ ਵਿਚ ਆਇਆ।”

ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਪ੍ਰਭੂ।”

ਯਾਨੀ, ਉਹ ਲੋਕ ਜਿਨ੍ਹਾਂ ਦਾ ਚਾਲ-ਚਲਣ ਬਹੁਤ ਗੰਦਾ ਹੁੰਦਾ ਹੈ।

ਯੂਨਾ, “ਸਰੀਰ ਦੀ ਕੱਟ-ਵੱਢ।”

ਜਾਂ ਸੰਭਵ ਹੈ, “ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖ਼ੁਸ਼ੀ-ਖ਼ੁਸ਼ੀ ਤਿਆਗ ਦਿੱਤਾ।”

ਸ਼ਬਦਾਵਲੀ ਦੇਖੋ।

ਜਾਂ, “ਸਰੀਰ ਦੀਆਂ ਇੱਛਾਵਾਂ।”

ਯੂਨਾ, “ਮੁਕਟ।”

ਜਾਂ, “ਸਾਰਿਆਂ ਨੂੰ ਦਿਖਾਓ ਕਿ ਤੁਸੀਂ ਅੜਬ ਨਹੀਂ ਹੋ।”

ਜਾਂ, “ਤੁਹਾਡੀਆਂ ਸੋਚਾਂ।”

ਇੱਥੇ ਖਾਤਾ ਪਰਮੇਸ਼ੁਰ ਨਾਲ ਮਸੀਹੀਆਂ ਦੇ ਚੰਗੇ ਰਿਕਾਰਡ ਨੂੰ ਦਰਸਾਉਂਦਾ ਹੈ।

ਯੂਨਾ, “ਕੈਸਰ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ