ਯਾਕੂਬ ਦੀ ਚਿੱਠੀ
1 ਮੈਂ ਯਾਕੂਬ,+ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦਾ ਦਾਸ ਹਾਂ ਅਤੇ ਇਹ ਚਿੱਠੀ 12 ਗੋਤਾਂ ਨੂੰ ਲਿਖ ਰਿਹਾ ਹਾਂ ਜਿਹੜੇ ਥਾਂ-ਥਾਂ ਖਿੰਡੇ ਹੋਏ ਹਨ:
ਸਾਰਿਆਂ ਨੂੰ ਨਮਸਕਾਰ!
2 ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ+ 3 ਕਿਉਂਕਿ ਤੁਸੀਂ ਜਾਣਦੇ ਹੋ ਕਿ ਅਜ਼ਮਾਇਸ਼ਾਂ ਵਿਚ ਤੁਹਾਡੀ ਨਿਹਚਾ ਦੀ ਪਰਖ ਹੋਣ ਨਾਲ ਤੁਹਾਡੇ ਵਿਚ ਧੀਰਜ ਪੈਦਾ ਹੁੰਦਾ ਹੈ।+ 4 ਪਰ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ ਤਾਂਕਿ ਤੁਹਾਡੇ ਵਿਚ ਕੋਈ ਕਮੀ ਨਾ ਰਹੇ, ਸਗੋਂ ਤੁਸੀਂ ਹਰ ਪੱਖੋਂ ਮੁਕੰਮਲ ਅਤੇ ਬੇਦਾਗ਼ ਹੋ ਜਾਓ।+
5 ਇਸ ਲਈ ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ+ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ+ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।*+ 6 ਪਰ ਉਹ ਭਰੋਸੇ ਨਾਲ ਮੰਗਦਾ ਰਹੇ+ ਅਤੇ ਬਿਲਕੁਲ ਸ਼ੱਕ ਨਾ ਕਰੇ+ ਕਿਉਂਕਿ ਸ਼ੱਕ ਕਰਨ ਵਾਲਾ ਇਨਸਾਨ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦਾ ਹੈ ਜਿਨ੍ਹਾਂ ਨੂੰ ਹਵਾ ਇੱਧਰ-ਉੱਧਰ ਉਛਾਲ਼ਦੀ ਹੈ। 7 ਅਸਲ ਵਿਚ, ਅਜਿਹੇ ਇਨਸਾਨ ਨੂੰ ਯਹੋਵਾਹ* ਤੋਂ ਕੁਝ ਵੀ ਪਾਉਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ; 8 ਉਹ ਇਨਸਾਨ ਦੁਚਿੱਤਾ+ ਅਤੇ ਆਪਣੀਆਂ ਸਾਰੀਆਂ ਗੱਲਾਂ ਵਿਚ ਡਾਵਾਂ-ਡੋਲ ਹੁੰਦਾ ਹੈ।
9 ਪਰ ਗ਼ਰੀਬ ਭਰਾ ਇਸ ਗੱਲੋਂ ਖ਼ੁਸ਼ ਹੋਵੇ* ਕਿ ਉਸ ਨੂੰ ਉੱਚਾ ਕੀਤਾ ਗਿਆ ਹੈ+ 10 ਅਤੇ ਅਮੀਰ ਭਰਾ ਇਸ ਗੱਲੋਂ ਖ਼ੁਸ਼ ਹੋਵੇ ਕਿ ਉਸ ਨੂੰ ਨੀਵਾਂ ਕੀਤਾ ਗਿਆ ਹੈ+ ਕਿਉਂਕਿ ਉਹ ਪੇੜ-ਪੌਦਿਆਂ ਦੇ ਫੁੱਲਾਂ ਵਾਂਗ ਖ਼ਤਮ ਹੋ ਜਾਵੇਗਾ। 11 ਜਦੋਂ ਸੂਰਜ ਚੜ੍ਹਦਾ ਹੈ, ਤਾਂ ਇਸ ਦੀ ਤਿੱਖੀ ਧੁੱਪ ਨਾਲ ਪੇੜ-ਪੌਦੇ ਸੁੱਕ ਜਾਂਦੇ ਹਨ, ਉਨ੍ਹਾਂ ਦੇ ਫੁੱਲ ਝੜ ਜਾਂਦੇ ਹਨ ਅਤੇ ਫੁੱਲਾਂ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਅਮੀਰ ਆਦਮੀ ਵੀ ਆਪਣੇ ਕੰਮ-ਧੰਦੇ ਦੀ ਭੱਜ-ਦੌੜ ਵਿਚ ਖ਼ਤਮ ਹੋ ਜਾਵੇਗਾ।+
12 ਖ਼ੁਸ਼ ਹੈ ਉਹ ਇਨਸਾਨ ਜਿਹੜਾ ਅਜ਼ਮਾਇਸ਼ਾਂ ਸਹਿੰਦਾ ਰਹਿੰਦਾ ਹੈ+ ਕਿਉਂਕਿ ਖਰਾ ਸਾਬਤ ਹੋਣ ਤੋਂ ਬਾਅਦ ਉਸ ਨੂੰ ਜ਼ਿੰਦਗੀ ਦਾ ਇਨਾਮ* ਮਿਲੇਗਾ+ ਜੋ ਯਹੋਵਾਹ* ਨੇ ਉਨ੍ਹਾਂ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ ਜਿਹੜੇ ਉਸ ਨੂੰ ਹਮੇਸ਼ਾ ਪਿਆਰ ਕਰਦੇ ਹਨ।+ 13 ਜਦੋਂ ਕਿਸੇ ਉੱਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਉਹ ਇਹ ਨਾ ਕਹੇ: “ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।” ਕਿਉਂਕਿ ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ। 14 ਪਰ ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।+ 15 ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ* ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ। ਜਦੋਂ ਪਾਪ ਕਰ ਲਿਆ ਜਾਂਦਾ ਹੈ, ਤਾਂ ਇਸ ਦਾ ਅੰਜਾਮ ਮੌਤ ਹੁੰਦਾ ਹੈ।+
16 ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ। 17 ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ+ ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ+ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।+ 18 ਇਹ ਉਸ ਦੀ ਇੱਛਾ ਸੀ ਕਿ ਅਸੀਂ ਸੱਚਾਈ ਦੇ ਸੰਦੇਸ਼ ਨਾਲ ਪੈਦਾ ਹੋਈਏ+ ਤਾਂਕਿ ਅਸੀਂ ਇਨਸਾਨਾਂ ਵਿੱਚੋਂ ਪਹਿਲੇ ਫਲ ਬਣੀਏ।+
19 ਮੇਰੇ ਪਿਆਰੇ ਭਰਾਵੋ, ਇਹ ਗੱਲ ਜਾਣ ਲਓ: ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ+ ਅਤੇ ਜਲਦੀ ਗੁੱਸਾ ਨਾ ਕਰੇ;+ 20 ਕਿਉਂਕਿ ਗੁੱਸੇ ਵਿਚ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਨਹੀਂ ਕਰਦਾ।+ 21 ਇਸ ਲਈ ਹਰ ਤਰ੍ਹਾਂ ਦੀ ਗੰਦਗੀ ਤੋਂ ਦੂਰ ਹੋ ਜਾਓ ਅਤੇ ਬੁਰਾਈ ਦੇ ਛੋਟੇ ਜਿਹੇ ਦਾਗ਼*+ ਨੂੰ ਵੀ ਸਾਫ਼ ਕਰੋ। ਨਾਲੇ ਤੁਹਾਡੇ ਦਿਲਾਂ ਵਿਚ ਜੋ ਬਚਨ ਬੀਜਿਆ ਜਾਂਦਾ ਹੈ, ਉਸ ਨੂੰ ਨਰਮਾਈ ਨਾਲ ਕਬੂਲ ਕਰੋ ਜੋ ਤੁਹਾਡੀਆਂ ਜਾਨਾਂ ਬਚਾ ਸਕਦਾ ਹੈ।
22 ਇਸ ਤੋਂ ਇਲਾਵਾ, ਤੁਸੀਂ ਬਚਨ ਉੱਤੇ ਚੱਲਣ ਵਾਲੇ ਬਣੋ,+ ਨਾ ਕਿ ਸਿਰਫ਼ ਸੁਣਨ ਵਾਲੇ ਜੋ ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਦਿੰਦੇ ਹਨ। 23 ਕਿਉਂਕਿ ਜੇ ਕੋਈ ਬਚਨ ਨੂੰ ਸਿਰਫ਼ ਸੁਣਦਾ ਹੈ, ਪਰ ਇਸ ਉੱਤੇ ਚੱਲਦਾ ਨਹੀਂ,+ ਤਾਂ ਉਹ ਉਸ ਇਨਸਾਨ ਵਰਗਾ ਹੈ ਜਿਹੜਾ ਸ਼ੀਸ਼ੇ ਵਿਚ ਆਪਣਾ ਮੂੰਹ* ਦੇਖਦਾ ਹੈ। 24 ਫਿਰ ਉਹ ਆਪਣੇ ਆਪ ਨੂੰ ਦੇਖ ਕੇ ਚਲਾ ਜਾਂਦਾ ਹੈ ਅਤੇ ਉਸੇ ਵੇਲੇ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿਸਦਾ ਹੈ। 25 ਪਰ ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ*+ ਦੀ ਜਾਂਚ ਕਰਦਾ ਹੈ ਅਤੇ ਲਗਾਤਾਰ ਉਸ ਦੀ ਪਾਲਣਾ ਕਰਦਾ ਹੈ, ਉਹ ਬਚਨ ਨੂੰ ਸੁਣ ਕੇ ਭੁੱਲਦਾ ਨਹੀਂ, ਸਗੋਂ ਉਸ ਉੱਤੇ ਅਮਲ ਕਰਦਾ ਹੈ। ਉਹ ਜੋ ਵੀ ਕਰੇਗਾ, ਉਸ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।+
26 ਜਿਹੜਾ ਇਨਸਾਨ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ,* ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ,+ ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ। 27 ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹੀ ਭਗਤੀ* ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ+ ਵਿਚ ਯਤੀਮਾਂ+ ਅਤੇ ਵਿਧਵਾਵਾਂ+ ਦਾ ਧਿਆਨ ਰੱਖਣਾ ਅਤੇ ਆਪਣੇ ਆਪ ਨੂੰ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰੱਖਣਾ।+
2 ਮੇਰੇ ਭਰਾਵੋ, ਤੁਸੀਂ ਇਹ ਕੀ ਕਰ ਰਹੇ ਹੋ? ਇਕ ਪਾਸੇ ਤਾਂ ਤੁਸੀਂ ਸਾਡੇ ਮਹਿਮਾਵਾਨ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕਰਦੇ ਹੋ, ਪਰ ਦੂਜੇ ਪਾਸੇ ਲੋਕਾਂ ਨਾਲ ਪੱਖਪਾਤ ਕਰਦੇ ਹੋ।+ 2 ਮਿਸਾਲ ਲਈ, ਇਕ ਆਦਮੀ ਸੋਨੇ ਦੀਆਂ ਮੁੰਦੀਆਂ ਅਤੇ ਸ਼ਾਨਦਾਰ ਕੱਪੜੇ ਪਾ ਕੇ ਤੁਹਾਡੀ ਸਭਾ ਵਿਚ ਆਉਂਦਾ ਹੈ ਅਤੇ ਇਕ ਗ਼ਰੀਬ ਆਦਮੀ ਗੰਦੇ ਕੱਪੜੇ ਪਾਈ ਆਉਂਦਾ ਹੈ। 3 ਜਿਸ ਆਦਮੀ ਨੇ ਸ਼ਾਨਦਾਰ ਕੱਪੜੇ ਪਾਏ ਹੁੰਦੇ ਹਨ, ਤੁਸੀਂ ਉਸ ਨੂੰ ਜ਼ਿਆਦਾ ਆਦਰ ਦਿੰਦੇ ਹੋ ਅਤੇ ਕਹਿੰਦੇ ਹੋ: “ਤੂੰ ਉੱਥੇ ਵਧੀਆ ਜਗ੍ਹਾ ʼਤੇ ਜਾ ਕੇ ਬੈਠ” ਅਤੇ ਗ਼ਰੀਬ ਆਦਮੀ ਨੂੰ ਕਹਿੰਦੇ ਹੋ: “ਤੂੰ ਖੜ੍ਹਾ ਰਹਿ” ਜਾਂ, “ਉੱਥੇ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਜਾ ਕੇ ਥੱਲੇ ਬੈਠ।”+ 4 ਤਾਂ ਫਿਰ, ਕੀ ਤੁਸੀਂ ਲੋਕਾਂ ਨਾਲ ਭੇਦ-ਭਾਵ ਨਹੀਂ ਕਰਦੇ+ ਅਤੇ ਕੀ ਤੁਸੀਂ ਉਨ੍ਹਾਂ ਨਿਆਂਕਾਰਾਂ ਵਰਗੇ ਨਹੀਂ ਬਣ ਗਏ ਹੋ ਜਿਨ੍ਹਾਂ ਦੇ ਫ਼ੈਸਲੇ ਦੁਸ਼ਟ ਹੁੰਦੇ ਹਨ?+
5 ਮੇਰੇ ਪਿਆਰੇ ਭਰਾਵੋ, ਸੁਣੋ। ਕੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਜਿਹੜੇ ਦੁਨੀਆਂ ਦੀਆਂ ਨਜ਼ਰਾਂ ਵਿਚ ਗ਼ਰੀਬ ਹਨ ਤਾਂਕਿ ਉਹ ਨਿਹਚਾ ਵਿਚ ਧਨੀ ਹੋਣ+ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਸ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ?+ 6 ਪਰ ਤੁਸੀਂ ਗ਼ਰੀਬਾਂ ਦੀ ਬੇਇੱਜ਼ਤੀ ਕੀਤੀ ਹੈ। ਕੀ ਅਮੀਰ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ+ ਅਤੇ ਤੁਹਾਨੂੰ ਅਦਾਲਤਾਂ ਵਿਚ ਨਹੀਂ ਘੜੀਸਦੇ? 7 ਨਾਲੇ ਕੀ ਉਹ ਉਸ ਉੱਤਮ ਨਾਂ ਦੀ ਨਿੰਦਿਆ ਨਹੀਂ ਕਰਦੇ ਜਿਸ ਨਾਂ ਤੋਂ ਤੁਸੀਂ ਜਾਣੇ ਜਾਂਦੇ ਹੋ? 8 ਧਰਮ-ਗ੍ਰੰਥ ਦੀ ਇਕ ਆਇਤ ਵਿਚ ਇਹ ਲਿਖਿਆ ਹੈ, “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ ਜੇ ਤੁਸੀਂ ਇਸ ਸ਼ਾਹੀ ਕਾਨੂੰਨ ʼਤੇ ਚੱਲਦੇ ਹੋ, ਤਾਂ ਤੁਸੀਂ ਬਹੁਤ ਚੰਗਾ ਕਰਦੇ ਹੋ। 9 ਪਰ ਜੇ ਤੁਸੀਂ ਪੱਖਪਾਤ ਕਰ ਰਹੇ ਹੋ,+ ਤਾਂ ਤੁਸੀਂ ਪਾਪ ਕਰਦੇ ਹੋ ਅਤੇ ਇਹ ਕਾਨੂੰਨ ਤੁਹਾਨੂੰ ਦੋਸ਼ੀ ਠਹਿਰਾਉਂਦਾ* ਹੈ।+
10 ਜੇ ਕੋਈ ਮੂਸਾ ਦੇ ਕਾਨੂੰਨ ਦੇ ਸਾਰੇ ਹੁਕਮਾਂ ਨੂੰ ਮੰਨਦਾ ਹੈ, ਪਰ ਇਕ ਹੁਕਮ ਤੋੜਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਸਾਰੇ ਹੁਕਮ ਤੋੜੇ ਹਨ।+ 11 ਪਰਮੇਸ਼ੁਰ ਜਿਸ ਨੇ ਇਹ ਕਿਹਾ ਹੈ: “ਤੂੰ ਹਰਾਮਕਾਰੀ ਨਾ ਕਰ,”+ ਉਸ ਨੇ ਇਹ ਵੀ ਕਿਹਾ ਹੈ: “ਤੂੰ ਖ਼ੂਨ ਨਾ ਕਰ।”+ ਇਸ ਲਈ ਭਾਵੇਂ ਤੂੰ ਹਰਾਮਕਾਰੀ ਨਹੀਂ ਕਰਦਾ, ਪਰ ਖ਼ੂਨ ਕਰਦਾ ਹੈਂ, ਤਾਂ ਵੀ ਤੂੰ ਕਾਨੂੰਨ ਅਨੁਸਾਰ ਅਪਰਾਧੀ ਹੈਂ। 12 ਆਪਣੀ ਬੋਲ-ਬਾਣੀ ਅਤੇ ਆਪਣਾ ਚਾਲ-ਚਲਣ ਉਨ੍ਹਾਂ ਲੋਕਾਂ ਵਰਗਾ ਬਣਾਈ ਰੱਖ ਜਿਨ੍ਹਾਂ ਦਾ ਨਿਆਂ ਆਜ਼ਾਦੀ ਦੇਣ ਵਾਲੇ ਕਾਨੂੰਨ ਅਨੁਸਾਰ ਕੀਤਾ ਜਾਵੇਗਾ।+ 13 ਕਿਉਂਕਿ ਜਿਹੜਾ ਦਇਆ ਨਹੀਂ ਕਰਦਾ, ਉਸ ਦਾ ਨਿਆਂ ਬਿਨਾਂ ਦਇਆ ਦੇ ਕੀਤਾ ਜਾਵੇਗਾ।+ ਦਇਆ ਨਿਆਂ ਉੱਤੇ ਜਿੱਤ ਹਾਸਲ ਕਰਦੀ ਹੈ।
14 ਮੇਰੇ ਭਰਾਵੋ, ਕੀ ਫ਼ਾਇਦਾ ਜੇ ਕੋਈ ਕਹੇ ਕਿ ਉਹ ਪਰਮੇਸ਼ੁਰ ਉੱਤੇ ਨਿਹਚਾ ਕਰਦਾ ਹੈ, ਪਰ ਇਸ ਮੁਤਾਬਕ ਕੰਮ ਨਹੀਂ ਕਰਦਾ?+ ਤਾਂ ਕੀ ਉਸ ਦੀ ਨਿਹਚਾ ਉਸ ਨੂੰ ਬਚਾ ਸਕਦੀ ਹੈ?+ 15 ਜੇ ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ, 16 ਪਰ ਤੁਹਾਡੇ ਵਿੱਚੋਂ ਕੋਈ ਉਸ ਨੂੰ ਕਹਿੰਦਾ ਹੈ: “ਰਾਜ਼ੀ ਰਹਿ, ਨਿੱਘਾ ਅਤੇ ਰੱਜਿਆ-ਪੁੱਜਿਆ ਰਹਿ,” ਪਰ ਉਸ ਨੂੰ ਜੀਉਂਦੇ ਰਹਿਣ ਲਈ ਲੋੜੀਂਦੀਆਂ ਚੀਜ਼ਾਂ ਨਹੀਂ ਦਿੰਦਾ, ਤਾਂ ਕੀ ਫ਼ਾਇਦਾ?+ 17 ਇਸ ਲਈ ਕੰਮਾਂ ਤੋਂ ਬਿਨਾਂ ਤੁਹਾਡੀ ਨਿਹਚਾ ਮਰੀ ਹੋਈ ਹੈ।+
18 ਫਿਰ ਵੀ, ਕੋਈ ਕਹਿ ਸਕਦਾ ਹੈ: “ਤੂੰ ਸਿਰਫ਼ ਨਿਹਚਾ ਕਰਦਾ ਹੈਂ, ਪਰ ਮੈਂ ਨਿਹਚਾ ਮੁਤਾਬਕ ਕੰਮ ਵੀ ਕਰਦਾ ਹਾਂ। ਤੂੰ ਮੈਨੂੰ ਕੰਮਾਂ ਤੋਂ ਬਿਨਾਂ ਆਪਣੀ ਨਿਹਚਾ ਦਾ ਸਬੂਤ ਦੇ ਅਤੇ ਮੈਂ ਤੈਨੂੰ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿਆਂਗਾ।” 19 ਤੂੰ ਮੰਨਦਾ ਹੈਂ ਕਿ ਇਕ ਹੀ ਪਰਮੇਸ਼ੁਰ ਹੈ। ਇਹ ਵਧੀਆ ਗੱਲ ਹੈ। ਪਰ ਦੁਸ਼ਟ ਦੂਤ ਵੀ ਤਾਂ ਇਹ ਗੱਲ ਮੰਨਦੇ ਹਨ ਅਤੇ ਡਰ ਨਾਲ ਥਰ-ਥਰ ਕੰਬਦੇ ਹਨ।+ 20 ਪਰ ਹੇ ਮੂਰਖ ਇਨਸਾਨ, ਕੀ ਤੂੰ ਜਾਣਨਾ ਨਹੀਂ ਚਾਹੁੰਦਾ ਕਿ ਕੰਮਾਂ ਤੋਂ ਬਿਨਾਂ ਨਿਹਚਾ ਵਿਅਰਥ ਹੈ? 21 ਕੀ ਸਾਡੇ ਪਿਤਾ ਅਬਰਾਹਾਮ ਨੂੰ ਉਦੋਂ ਆਪਣੇ ਕੰਮਾਂ ਕਰਕੇ ਧਰਮੀ ਨਹੀਂ ਠਹਿਰਾਇਆ ਗਿਆ ਸੀ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਦੀ ਬਲ਼ੀ ਦੇਣ ਲਈ ਉਸ ਨੂੰ ਵੇਦੀ ਉੱਤੇ ਪਾਇਆ ਸੀ?+ 22 ਤੂੰ ਜਾਣਦਾ ਹੈਂ ਕਿ ਉਸ ਨੇ ਨਿਹਚਾ ਦੇ ਨਾਲ-ਨਾਲ ਕੰਮ ਵੀ ਕੀਤੇ ਅਤੇ ਉਸ ਦੇ ਕੰਮਾਂ ਨਾਲ ਉਸ ਦੀ ਨਿਹਚਾ ਮੁਕੰਮਲ ਹੋਈ।+ 23 ਇਸ ਤਰ੍ਹਾਂ ਇਹ ਆਇਤ ਪੂਰੀ ਹੋਈ: “ਅਬਰਾਹਾਮ ਨੇ ਯਹੋਵਾਹ* ਉੱਤੇ ਨਿਹਚਾ ਕੀਤੀ ਜਿਸ ਕਰਕੇ ਉਸ ਨੂੰ ਧਰਮੀ ਗਿਣਿਆ ਗਿਆ”+ ਅਤੇ ਉਹ ਯਹੋਵਾਹ* ਦਾ ਦੋਸਤ ਕਹਾਇਆ।+
24 ਤੁਸੀਂ ਜਾਣਦੇ ਹੋ ਕਿ ਕਿਸੇ ਇਨਸਾਨ ਨੂੰ ਸਿਰਫ਼ ਨਿਹਚਾ ਰੱਖਣ ਕਰਕੇ ਨਹੀਂ, ਸਗੋਂ ਉਸ ਦੇ ਕੰਮਾਂ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ। 25 ਇਸੇ ਤਰ੍ਹਾਂ, ਕੀ ਰਾਹਾਬ ਵੇਸਵਾ ਨੂੰ ਵੀ ਉਸ ਦੇ ਕੰਮਾਂ ਕਰਕੇ ਧਰਮੀ ਨਹੀਂ ਠਹਿਰਾਇਆ ਗਿਆ ਸੀ ਜਿਸ ਨੇ ਜਾਸੂਸਾਂ* ਦੀ ਪਰਾਹੁਣਚਾਰੀ ਕੀਤੀ ਸੀ ਅਤੇ ਫਿਰ ਉਨ੍ਹਾਂ ਨੂੰ ਦੂਸਰੇ ਰਸਤਿਓਂ ਘੱਲਿਆ ਸੀ?+ 26 ਵਾਕਈ, ਜਿਵੇਂ ਸਾਹ* ਤੋਂ ਬਿਨਾਂ ਸਰੀਰ ਮੁਰਦਾ ਹੁੰਦਾ ਹੈ,+ ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।+
3 ਮੇਰੇ ਭਰਾਵੋ, ਤੁਹਾਡੇ ਵਿੱਚੋਂ ਜ਼ਿਆਦਾ ਜਣੇ ਸਿੱਖਿਅਕ ਨਾ ਬਣਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿੱਖਿਅਕ ਹੋਣ ਦੇ ਨਾਤੇ ਸਾਡਾ ਨਿਆਂ ਜ਼ਿਆਦਾ ਸਖ਼ਤੀ ਨਾਲ ਕੀਤਾ ਜਾਵੇਗਾ।+ 2 ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।+ ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ ਅਤੇ ਆਪਣੇ ਪੂਰੇ ਸਰੀਰ ਨੂੰ ਕਾਬੂ ਵਿਚ ਰੱਖ ਸਕਦਾ ਹੈ। 3 ਅਸੀਂ ਘੋੜੇ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਮੂੰਹ ਵਿਚ ਲਗਾਮ ਪਾਉਂਦੇ ਹਾਂ ਤਾਂਕਿ ਅਸੀਂ ਉਸ ਨੂੰ ਜਿੱਧਰ ਚਾਹੀਏ, ਲਿਜਾ ਸਕੀਏ। 4 ਸਮੁੰਦਰੀ ਜਹਾਜ਼ ਬਾਰੇ ਵੀ ਸੋਚੋ। ਭਾਵੇਂ ਜਹਾਜ਼ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾਵਾਂ ਨਾਲ ਚੱਲਦਾ ਹੈ, ਪਰ ਮਲਾਹ ਛੋਟੀ ਜਿਹੀ ਪਤਵਾਰ ਦੀ ਮਦਦ ਨਾਲ ਇਸ ਨੂੰ ਜਿੱਧਰ ਚਾਹੇ, ਲਿਜਾ ਸਕਦਾ ਹੈ।
5 ਇਸੇ ਤਰ੍ਹਾਂ ਭਾਵੇਂ ਜੀਭ ਸਰੀਰ ਦਾ ਇਕ ਛੋਟਾ ਜਿਹਾ ਅੰਗ ਹੈ, ਪਰ ਇਹ ਕਿੰਨੀਆਂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀ ਹੈ। ਧਿਆਨ ਦਿਓ ਕਿ ਇਕ ਛੋਟੀ ਜਿਹੀ ਚੰਗਿਆੜੀ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ! 6 ਜੀਭ ਅੱਗ ਹੈ।+ ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਜੀਭ ਸਾਰੀ ਬੁਰਾਈ ਦੀ ਜੜ੍ਹ ਹੈ ਕਿਉਂਕਿ ਇਹ ਪੂਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ+ ਅਤੇ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਅਤੇ “ਗ਼ਹੈਨਾ”* ਦੀ ਅੱਗ ਵਾਂਗ ਤਬਾਹੀ ਮਚਾਉਂਦੀ ਹੈ। 7 ਇਨਸਾਨ ਹਰ ਕਿਸਮ ਦੇ ਜੰਗਲੀ ਜਾਨਵਰ, ਪੰਛੀ, ਘਿਸਰਨ ਵਾਲੇ ਜੀਵ-ਜੰਤੂ ਅਤੇ ਜਲ-ਜੰਤੂ ਨੂੰ ਕਾਬੂ ਕਰ ਕੇ ਪਾਲਤੂ ਬਣਾ ਸਕਦਾ ਹੈ ਅਤੇ ਬਣਾਇਆ ਵੀ ਹੈ। 8 ਪਰ ਕੋਈ ਵੀ ਇਨਸਾਨ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਜੀਭ ਬੇਲਗਾਮ, ਖ਼ਤਰਨਾਕ ਅਤੇ ਜ਼ਹਿਰੀਲੀ ਹੁੰਦੀ ਹੈ।+ 9 ਇਕ ਪਾਸੇ ਤਾਂ ਅਸੀਂ ਇਸ ਦੇ ਨਾਲ ਆਪਣੇ ਪਿਤਾ ਯਹੋਵਾਹ* ਦੀ ਮਹਿਮਾ ਕਰਦੇ ਹਾਂ ਅਤੇ ਦੂਜੇ ਪਾਸੇ ਇਸ ਦੇ ਨਾਲ ਅਸੀਂ ਇਨਸਾਨਾਂ ਨੂੰ ਬਦ-ਦੁਆ ਦਿੰਦੇ ਹਾਂ ਜਿਨ੍ਹਾਂ ਨੂੰ “ਪਰਮੇਸ਼ੁਰ ਵਰਗਾ” ਬਣਾਇਆ ਗਿਆ ਹੈ।+ 10 ਇੱਕੋ ਮੂੰਹ ਵਿੱਚੋਂ ਦੁਆਵਾਂ ਅਤੇ ਬਦ-ਦੁਆਵਾਂ ਨਿਕਲਦੀਆਂ ਹਨ।
ਮੇਰੇ ਭਰਾਵੋ, ਇਸ ਤਰ੍ਹਾਂ ਕਰਨਾ ਚੰਗੀ ਗੱਲ ਨਹੀਂ ਹੈ।+ 11 ਕੀ ਕਦੇ ਇੱਕੋ ਚਸ਼ਮੇ ਵਿੱਚੋਂ ਮਿੱਠਾ* ਅਤੇ ਖਾਰਾ ਪਾਣੀ ਫੁੱਟਦਾ ਹੈ? 12 ਮੇਰੇ ਭਰਾਵੋ, ਖਾਰੇ ਪਾਣੀ ਦੇ ਚਸ਼ਮੇ ਵਿੱਚੋਂ ਕਦੇ ਵੀ ਮਿੱਠਾ ਪਾਣੀ ਨਹੀਂ ਨਿਕਲਦਾ। ਨਾਲੇ ਕੀ ਕਦੇ ਅੰਜੀਰ ਦੇ ਦਰਖ਼ਤ ਨੂੰ ਜ਼ੈਤੂਨ ਅਤੇ ਅੰਗੂਰੀ ਵੇਲਾਂ ਨੂੰ ਅੰਜੀਰਾਂ ਲੱਗਦੀਆਂ ਹਨ?+
13 ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਉਹ ਆਪਣੇ ਚੰਗੇ ਚਾਲ-ਚਲਣ ਰਾਹੀਂ ਦਿਖਾਵੇ ਕਿ ਉਹ ਸਾਰੇ ਕੰਮ ਨਰਮਾਈ ਨਾਲ ਕਰਦਾ ਹੈ ਜੋ ਬੁੱਧ ਦੀ ਮਦਦ ਨਾਲ ਪੈਦਾ ਹੁੰਦੀ ਹੈ। 14 ਪਰ ਜੇ ਤੁਹਾਡੇ ਮਨਾਂ ਵਿਚ ਇੰਨੀ ਜ਼ਿਆਦਾ ਈਰਖਾ+ ਅਤੇ ਲੜਾਈ-ਝਗੜਾ ਕਰਨ ਦੀ ਭਾਵਨਾ*+ ਹੈ, ਤਾਂ ਆਪਣੇ ਬੁੱਧੀਮਾਨ ਹੋਣ ਬਾਰੇ ਸ਼ੇਖ਼ੀਆਂ ਨਾ ਮਾਰੋ।+ ਜੇ ਤੁਸੀਂ ਸ਼ੇਖ਼ੀਆਂ ਮਾਰਦੇ ਹੋ, ਤਾਂ ਤੁਸੀਂ ਝੂਠ ਬੋਲਦੇ ਹੋ। 15 ਇਹ ਉਹ ਬੁੱਧ ਨਹੀਂ ਜਿਹੜੀ ਸਵਰਗੋਂ ਮਿਲਦੀ ਹੈ, ਸਗੋਂ ਇਹ ਦੁਨਿਆਵੀ,+ ਸਰੀਰਕ* ਅਤੇ ਸ਼ੈਤਾਨੀ ਹੈ। 16 ਜਿੱਥੇ ਈਰਖਾ ਅਤੇ ਲੜਾਈ-ਝਗੜਾ* ਹੁੰਦਾ ਹੈ, ਉੱਥੇ ਗੜਬੜ ਅਤੇ ਹਰ ਤਰ੍ਹਾਂ ਦੀ ਬੁਰਾਈ ਵੀ ਹੁੰਦੀ ਹੈ।+
17 ਪਰ ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁੱਧ,+ ਫਿਰ ਸ਼ਾਂਤੀ-ਪਸੰਦ,+ ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ,+ ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ+ ਅਤੇ ਉਹ ਪੱਖਪਾਤ+ ਅਤੇ ਪਖੰਡ ਨਹੀਂ ਕਰਦਾ।+ 18 ਇਸ ਤੋਂ ਇਲਾਵਾ, ਸ਼ਾਂਤੀ-ਪਸੰਦ ਲੋਕਾਂ+ ਲਈ* ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਧਾਰਮਿਕਤਾ ਦੇ ਫਲ ਦਾ ਬੀ ਬੀਜਿਆ ਜਾਂਦਾ ਹੈ।+
4 ਤੁਸੀਂ ਆਪਸ ਵਿਚ ਲੜਾਈ-ਝਗੜੇ ਕਿਉਂ ਕਰਦੇ ਹੋ? ਕੀ ਇਨ੍ਹਾਂ ਦਾ ਕਾਰਨ ਤੁਹਾਡੀਆਂ ਸਰੀਰਕ ਇੱਛਾਵਾਂ ਨਹੀਂ ਹਨ ਜੋ ਤੁਹਾਨੂੰ ਵੱਸ ਵਿਚ ਕਰਨ ਲਈ ਤੁਹਾਡੇ ਅੰਦਰ* ਲੜਦੀਆਂ ਰਹਿੰਦੀਆਂ ਹਨ?+ 2 ਤੁਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹੋ, ਪਰ ਤੁਹਾਨੂੰ ਨਹੀਂ ਮਿਲਦੀ। ਤੁਸੀਂ ਨਫ਼ਰਤ* ਅਤੇ ਲਾਲਚ ਕਰਦੇ ਹੋ, ਪਰ ਤੁਹਾਡੇ ਹੱਥ ਕੁਝ ਨਹੀਂ ਆਉਂਦਾ। ਤੁਸੀਂ ਲੜਦੇ-ਝਗੜਦੇ ਰਹਿੰਦੇ ਹੋ।+ ਤੁਹਾਨੂੰ ਕੁਝ ਨਹੀਂ ਮਿਲਦਾ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਜਦੋਂ ਤੁਸੀਂ ਮੰਗਦੇ ਵੀ ਹੋ, ਤਾਂ ਤੁਹਾਨੂੰ ਮਿਲਦਾ ਨਹੀਂ ਕਿਉਂਕਿ ਤੁਸੀਂ ਮਾੜੀ ਨੀਅਤ ਨਾਲ ਮੰਗਦੇ ਹੋ ਤਾਂਕਿ ਤੁਸੀਂ ਇਸ ਨਾਲ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰ ਸਕੋ।
4 ਬਦਚਲਣ ਲੋਕੋ,* ਕੀ ਤੁਹਾਨੂੰ ਪਤਾ ਨਹੀਂ ਕਿ ਦੁਨੀਆਂ ਨਾਲ ਦੋਸਤੀ ਕਰਨ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ ਕਰਨੀ? ਇਸ ਲਈ ਜਿਹੜਾ ਵੀ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾਉਂਦਾ ਹੈ।+ 5 ਜਾਂ ਕੀ ਤੁਹਾਡੇ ਖ਼ਿਆਲ ਵਿਚ ਧਰਮ-ਗ੍ਰੰਥ ਐਵੇਂ ਹੀ ਕਹਿੰਦਾ ਹੈ: “ਸਾਡਾ ਈਰਖਾਲੂ ਸੁਭਾਅ ਸਾਡੇ ਅੰਦਰ ਵੱਖੋ-ਵੱਖਰੀਆਂ ਚੀਜ਼ਾਂ ਦੀ ਲਾਲਸਾ ਪੈਦਾ ਕਰਦਾ ਹੈ”?+ 6 ਪਰ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਮਦਦ ਨਾਲ ਅਸੀਂ ਆਪਣੇ ਇਸ ਸੁਭਾਅ ਨੂੰ ਕਾਬੂ ਵਿਚ ਰੱਖਦੇ ਹਾਂ। ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ,+ ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”+
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰੋ;+ ਪਰ ਸ਼ੈਤਾਨ ਦਾ ਵਿਰੋਧ ਕਰੋ+ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।+ 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।+ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ+ ਅਤੇ ਦੁਚਿੱਤਿਓ, ਆਪਣੇ ਦਿਲਾਂ ਨੂੰ ਸ਼ੁੱਧ ਕਰੋ।+ 9 ਦੁਖੀ ਹੋਵੋ, ਸੋਗ ਮਨਾਓ ਅਤੇ ਰੋਵੋ।+ ਤੁਸੀਂ ਆਪਣੇ ਹਾਸੇ ਨੂੰ ਸੋਗ ਵਿਚ ਅਤੇ ਆਪਣੀ ਖ਼ੁਸ਼ੀ ਨੂੰ ਉਦਾਸੀ ਵਿਚ ਬਦਲ ਦਿਓ। 10 ਆਪਣੇ ਆਪ ਨੂੰ ਯਹੋਵਾਹ* ਦੀਆਂ ਨਜ਼ਰਾਂ ਵਿਚ ਨਿਮਰ ਕਰੋ+ ਅਤੇ ਉਹ ਤੁਹਾਨੂੰ ਉੱਚਾ ਕਰੇਗਾ।+
11 ਭਰਾਵੋ, ਇਕ-ਦੂਜੇ ਦੇ ਵਿਰੁੱਧ ਬੋਲਣੋਂ ਹਟ ਜਾਓ।+ ਜਿਹੜਾ ਆਪਣੇ ਭਰਾ ਦੇ ਖ਼ਿਲਾਫ਼ ਬੋਲਦਾ ਹੈ ਜਾਂ ਆਪਣੇ ਭਰਾ ਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਕਾਨੂੰਨ* ਦੇ ਖ਼ਿਲਾਫ਼ ਬੋਲਦਾ ਹੈ ਅਤੇ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈਂ, ਤਾਂ ਤੂੰ ਕਾਨੂੰਨ ਉੱਤੇ ਨਹੀਂ ਚੱਲਦਾ, ਸਗੋਂ ਇਸ ਵਿਚ ਨੁਕਸ ਕੱਢਦਾ ਹੈਂ। 12 ਇਕ ਹੈ ਜਿਹੜਾ ਕਾਨੂੰਨ ਬਣਾਉਂਦਾ ਹੈ ਅਤੇ ਸਾਰਿਆਂ ਦਾ ਨਿਆਂ ਕਰਦਾ ਹੈ।+ ਉਹ ਲੋਕਾਂ ਨੂੰ ਬਚਾ ਵੀ ਸਕਦਾ ਹੈ ਅਤੇ ਖ਼ਤਮ ਵੀ ਕਰ ਸਕਦਾ ਹੈ।+ ਪਰ ਤੂੰ ਕੌਣ ਹੁੰਦਾ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲਾ?+
13 ਹੁਣ ਮੇਰੀ ਗੱਲ ਸੁਣੋ। ਤੁਸੀਂ ਕਹਿੰਦੇ ਹੋ: “ਅਸੀਂ ਅੱਜ-ਕੱਲ੍ਹ ਵਿਚ ਉਸ ਸ਼ਹਿਰ ਜਾਵਾਂਗੇ ਅਤੇ ਉੱਥੇ ਸਾਲ ਭਰ ਰਹਾਂਗੇ ਅਤੇ ਕਾਰੋਬਾਰ ਕਰ ਕੇ ਪੈਸਾ ਕਮਾਵਾਂਗੇ,”+ 14 ਜਦ ਕਿ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।+ ਤੁਹਾਡੀ ਜ਼ਿੰਦਗੀ ਤਾਂ ਧੁੰਦ ਵਰਗੀ ਹੈ ਜੋ ਥੋੜ੍ਹੇ ਚਿਰ ਲਈ ਪੈਂਦੀ ਹੈ ਅਤੇ ਫਿਰ ਉੱਡ ਜਾਂਦੀ ਹੈ।+ 15 ਇਸ ਦੀ ਬਜਾਇ, ਤੁਹਾਨੂੰ ਕਹਿਣਾ ਚਾਹੀਦਾ ਹੈ: “ਜੇ ਯਹੋਵਾਹ* ਨੇ ਚਾਹਿਆ,+ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਕਰਾਂਗੇ ਜਾਂ ਉਹ ਕਰਾਂਗੇ।” 16 ਪਰ ਤੁਸੀਂ ਆਪਣੇ ਬਾਰੇ ਸ਼ੇਖ਼ੀਆਂ ਮਾਰਦੇ ਹੋ, ਉੱਪਰੋਂ ਦੀ ਇਸ ਗੱਲ ʼਤੇ ਘਮੰਡ ਕਰਦੇ ਹੋ! ਸ਼ੇਖ਼ੀਆਂ ਮਾਰਨੀਆਂ ਬਹੁਤ ਹੀ ਬੁਰੀ ਗੱਲ ਹੈ। 17 ਇਸ ਲਈ ਜੇ ਕੋਈ ਸਹੀ ਕੰਮ ਕਰਨਾ ਜਾਣਦਾ ਹੈ, ਪਰ ਨਹੀਂ ਕਰਦਾ, ਤਾਂ ਉਹ ਪਾਪ ਕਰਦਾ ਹੈ।+
5 ਹੇ ਅਮੀਰ ਲੋਕੋ, ਮੇਰੀ ਗੱਲ ਸੁਣੋ। ਤੁਸੀਂ ਆਪਣੇ ਉੱਤੇ ਆਉਣ ਵਾਲੀਆਂ ਆਫ਼ਤਾਂ ਕਰਕੇ ਰੋਵੋ-ਪਿੱਟੋ।+ 2 ਤੁਹਾਡੀ ਧਨ-ਦੌਲਤ ਗਲ਼-ਸੜ ਗਈ ਹੈ ਅਤੇ ਤੁਹਾਡੇ ਕੱਪੜੇ ਕੀੜੇ ਖਾ ਗਏ ਹਨ।+ 3 ਤੁਹਾਡੇ ਸੋਨੇ-ਚਾਂਦੀ ਨੂੰ ਜੰਗਾਲ ਲੱਗ ਗਿਆ ਹੈ ਅਤੇ ਇਹ ਜੰਗਾਲ ਤੁਹਾਡੀ ਗ਼ਲਤੀ ਦੀ ਗਵਾਹੀ ਦੇਵੇਗਾ ਅਤੇ ਤੁਹਾਡੇ ਸਰੀਰ ਨੂੰ ਖਾ ਜਾਵੇਗਾ। ਤੁਹਾਡੀਆਂ ਜਮ੍ਹਾ ਕੀਤੀਆਂ ਚੀਜ਼ਾਂ ਆਖ਼ਰੀ ਦਿਨਾਂ ਵਿਚ ਅੱਗ ਸਾਬਤ ਹੋਣਗੀਆਂ।+ 4 ਦੇਖੋ! ਜਿਨ੍ਹਾਂ ਵਾਢਿਆਂ ਨੇ ਤੁਹਾਡੇ ਖੇਤਾਂ ਵਿਚ ਵਾਢੀ ਕੀਤੀ ਸੀ, ਤੁਸੀਂ ਉਨ੍ਹਾਂ ਦੀ ਮਜ਼ਦੂਰੀ ਮਾਰ ਲਈ ਹੈ। ਵਾਢੇ ਮਦਦ ਲਈ ਲਗਾਤਾਰ ਦੁਹਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਦੁਹਾਈ ਸੈਨਾਵਾਂ ਦੇ ਯਹੋਵਾਹ* ਦੇ ਕੰਨਾਂ ਤਕ ਪਹੁੰਚ ਗਈ ਹੈ।+ 5 ਤੁਸੀਂ ਧਰਤੀ ਉੱਤੇ ਆਪਣੀ ਪੂਰੀ ਜ਼ਿੰਦਗੀ ਐਸ਼ੋ-ਆਰਾਮ ਕੀਤਾ ਹੈ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕੀਤੀਆਂ ਹਨ। ਤੁਹਾਡੇ ਦਿਲ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਵੱਢੇ ਜਾਣ ਦੇ ਦਿਨ+ ਤਕ ਖਾ-ਖਾ ਕੇ ਮੋਟੇ ਹੁੰਦੇ ਜਾਂਦੇ ਹਨ। 6 ਤੁਸੀਂ ਧਰਮੀ ਇਨਸਾਨ ਨੂੰ ਦੋਸ਼ੀ ਠਹਿਰਾਇਆ ਹੈ, ਤੁਸੀਂ ਉਸ ਦਾ ਕਤਲ ਕਰ ਦਿੱਤਾ ਹੈ। ਇਸੇ ਲਈ ਉਹ ਤੁਹਾਡਾ ਵਿਰੋਧ ਕਰਦਾ ਹੈ।
7 ਇਸ ਲਈ ਭਰਾਵੋ, ਪ੍ਰਭੂ ਦੀ ਮੌਜੂਦਗੀ ਦੇ ਸ਼ੁਰੂ ਹੋਣ ਤਕ ਧੀਰਜ ਰੱਖੋ!+ ਕਿਸਾਨ ਜ਼ਮੀਨ ਦੀ ਵਧੀਆ ਫ਼ਸਲ ਵਾਸਤੇ ਧੀਰਜ ਨਾਲ ਪਹਿਲੀ ਅਤੇ ਅਖ਼ੀਰਲੀ ਵਰਖਾ ਦੀ ਉਡੀਕ ਕਰਦਾ ਹੈ।+ 8 ਤੁਸੀਂ ਵੀ ਧੀਰਜ ਰੱਖੋ;+ ਆਪਣੇ ਦਿਲਾਂ ਨੂੰ ਤਕੜਾ ਕਰੋ ਕਿਉਂਕਿ ਮਸੀਹ ਦੀ ਮੌਜੂਦਗੀ ਦਾ ਸਮਾਂ ਲਾਗੇ ਆ ਗਿਆ ਹੈ।+
9 ਭਰਾਵੋ, ਤੁਸੀਂ ਇਕ-ਦੂਜੇ ਦੇ ਖ਼ਿਲਾਫ਼ ਬੁੜ-ਬੁੜ ਨਾ ਕਰੋ* ਤਾਂਕਿ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ।+ ਦੇਖੋ! ਨਿਆਂਕਾਰ ਦਰਵਾਜ਼ੇ ʼਤੇ ਖੜ੍ਹਾ ਹੈ। 10 ਭਰਾਵੋ, ਤੁਸੀਂ ਦੁੱਖ ਝੱਲਣ+ ਅਤੇ ਧੀਰਜ ਰੱਖਣ ਦੇ ਮਾਮਲੇ ਵਿਚ+ ਨਬੀਆਂ ਦੀ ਮਿਸਾਲ ਉੱਤੇ ਚੱਲੋ ਜਿਨ੍ਹਾਂ ਨੇ ਯਹੋਵਾਹ* ਦੇ ਨਾਂ ʼਤੇ ਸੰਦੇਸ਼ ਦਿੱਤਾ ਸੀ।+ 11 ਧਿਆਨ ਦਿਓ! ਅਸੀਂ ਮੁਸ਼ਕਲਾਂ ਸਹਿਣ ਵਾਲਿਆਂ ਨੂੰ ਖ਼ੁਸ਼* ਕਹਿੰਦੇ ਹਾਂ।+ ਤੁਸੀਂ ਸੁਣਿਆ ਹੈ ਕਿ ਅੱਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ+ ਅਤੇ ਇਸ ਕਰਕੇ ਯਹੋਵਾਹ* ਨੇ ਉਸ ਨੂੰ ਬਰਕਤਾਂ ਦਿੱਤੀਆਂ ਸਨ।+ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ* ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।+
12 ਪਰ ਭਰਾਵੋ, ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਸਵਰਗ ਦੀ ਜਾਂ ਧਰਤੀ ਦੀ ਜਾਂ ਕਿਸੇ ਹੋਰ ਚੀਜ਼ ਦੀ ਸਹੁੰ ਖਾਣੀ ਛੱਡ ਦਿਓ। ਪਰ ਤੁਹਾਡੀ “ਹਾਂ” ਦੀ ਹਾਂ ਅਤੇ “ਨਾਂਹ” ਦੀ ਨਾਂਹ+ ਹੋਵੇ ਤਾਂਕਿ ਤੁਸੀਂ ਦੋਸ਼ੀ ਨਾ ਠਹਿਰਾਏ ਜਾਓ।
13 ਕੀ ਤੁਹਾਡੇ ਵਿੱਚੋਂ ਕੋਈ ਦੁੱਖ ਝੱਲ ਰਿਹਾ ਹੈ? ਉਹ ਪ੍ਰਾਰਥਨਾ ਕਰਦਾ ਰਹੇ।+ ਕੀ ਤੁਹਾਡੇ ਵਿੱਚੋਂ ਕੋਈ ਚੜ੍ਹਦੀਆਂ ਕਲਾਂ ਵਿਚ ਹੈ? ਉਹ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਵੇ।+ 14 ਕੀ ਤੁਹਾਡੇ ਵਿੱਚੋਂ ਕੋਈ ਬੀਮਾਰ* ਹੈ? ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ+ ਅਤੇ ਬਜ਼ੁਰਗ ਉਸ ਲਈ ਪ੍ਰਾਰਥਨਾ ਕਰਨ ਅਤੇ ਯਹੋਵਾਹ* ਦੇ ਨਾਂ ʼਤੇ ਉਸ ਦੇ ਸਿਰ ਉੱਤੇ ਤੇਲ* ਝੱਸਣ।+ 15 ਨਿਹਚਾ ਨਾਲ ਕੀਤੀ ਪ੍ਰਾਰਥਨਾ ਉਸ ਬੀਮਾਰ* ਨੂੰ ਠੀਕ ਕਰ ਦੇਵੇਗੀ ਅਤੇ ਯਹੋਵਾਹ* ਉਸ ਨੂੰ ਤਕੜਾ ਕਰੇਗਾ। ਨਾਲੇ ਜੇ ਉਸ ਨੇ ਪਾਪ ਕੀਤੇ ਹਨ, ਤਾਂ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।
16 ਇਸ ਲਈ ਇਕ-ਦੂਜੇ ਸਾਮ੍ਹਣੇ ਖੁੱਲ੍ਹ ਕੇ ਆਪਣੇ ਪਾਪ ਕਬੂਲ ਕਰੋ+ ਅਤੇ ਇਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਠੀਕ ਹੋ ਜਾਓ। ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।+ 17 ਏਲੀਯਾਹ ਨਬੀ ਵੀ ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ, ਪਰ ਜਦੋਂ ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਤਾਂ ਦੇਸ਼ ਵਿਚ ਸਾਢੇ ਤਿੰਨ ਸਾਲ ਮੀਂਹ ਨਾ ਪਿਆ।+ 18 ਫਿਰ ਜਦੋਂ ਉਸ ਨੇ ਦੁਬਾਰਾ ਪ੍ਰਾਰਥਨਾ ਕੀਤੀ, ਤਾਂ ਆਕਾਸ਼ੋਂ ਮੀਂਹ ਪਿਆ ਅਤੇ ਜ਼ਮੀਨ ਨੇ ਆਪਣੀ ਪੈਦਾਵਾਰ ਦਿੱਤੀ।+
19 ਮੇਰੇ ਭਰਾਵੋ, ਜੇ ਤੁਹਾਡੇ ਵਿੱਚੋਂ ਕਿਸੇ ਭਰਾ ਨੂੰ ਕੋਈ ਗੁਮਰਾਹ ਕਰ ਕੇ ਸੱਚਾਈ ਤੋਂ ਦੂਰ ਲੈ ਜਾਵੇ ਅਤੇ ਕੋਈ ਹੋਰ ਭਰਾ ਉਸ ਨੂੰ ਵਾਪਸ ਲੈ ਆਵੇ, 20 ਤਾਂ ਜਾਣ ਲਓ ਕਿ ਉਸ ਪਾਪੀ ਨੂੰ ਗ਼ਲਤ ਰਾਹ ਤੋਂ ਵਾਪਸ ਲਿਆਉਣ ਵਾਲਾ+ ਭਰਾ ਉਸ ਨੂੰ ਮਰਨ ਤੋਂ ਬਚਾਵੇਗਾ ਅਤੇ ਉਸ ਦੇ ਬਹੁਤ ਸਾਰੇ ਪਾਪ ਮਾਫ਼ ਕੀਤੇ ਜਾਣਗੇ।*+
ਜਾਂ, “ਉੱਤੇ ਦੋਸ਼ ਨਹੀਂ ਲਾਉਂਦਾ।”
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਇਸ ਗੱਲ ʼਤੇ ਮਾਣ ਕਰੇ।”
ਯੂਨਾ, “ਮੁਕਟ।”
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਗਰਭਵਤੀ ਹੁੰਦੀ ਹੈ।”
ਜਾਂ ਸੰਭਵ ਹੈ, “ਹਰ ਪਾਸੇ ਫੈਲੀ ਬੁਰਾਈ।”
ਜਾਂ, “ਆਪਣਾ ਅਸਲੀ ਮੂੰਹ।”
ਯਾਨੀ, ਪਰਮੇਸ਼ੁਰ ਦਾ ਬਚਨ।
ਜਾਂ, “ਉਹ ਧਰਮ ਨੂੰ ਮੰਨਦਾ ਹੈ।”
ਜਾਂ, “ਧਰਮ।”
ਜਾਂ, “ਤਾੜਨਾ ਦਿੰਦਾ।”
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਸੰਦੇਸ਼ਵਾਹਕਾਂ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਸ਼ਬਦਾਵਲੀ ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਤਾਜ਼ਾ।”
ਜਾਂ ਸੰਭਵ ਹੈ, “ਵੱਡਾ ਬਣਨ ਦੀ ਸੁਆਰਥੀ ਭਾਵਨਾ।”
ਜਾਂ, “ਜਾਨਵਰਾਂ ਵਰਗੀ।”
ਜਾਂ ਸੰਭਵ ਹੈ, “ਵੱਡਾ ਬਣਨ ਦੀ ਸੁਆਰਥੀ ਭਾਵਨਾ।”
ਜਾਂ ਸੰਭਵ ਹੈ, “ਵੱਲੋਂ।”
ਯੂਨਾ, “ਤੁਹਾਡੇ ਅੰਗਾਂ ਵਿਚ।”
ਯੂਨਾ, “ਕਤਲ।” 1 ਯੂਹੰ 3:15 ਦੇਖੋ।
ਜਾਂ, “ਬੇਵਫ਼ਾ ਲੋਕੋ।”
ਵਧੇਰੇ ਜਾਣਕਾਰੀ 1.5 ਦੇਖੋ।
ਇੱਥੇ ਪਰਮੇਸ਼ੁਰ ਦੇ ਸਾਰੇ ਕਾਨੂੰਨਾਂ ਦੀ ਗੱਲ ਕੀਤੀ ਗਈ ਹੈ।
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਸ਼ਿਕਾਇਤ ਨਾ ਕਰੋ।” ਯੂਨਾ, “ਹਉਕੇ ਨਾ ਭਰੋ।”
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਧੰਨ।”
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਉਹ ਮਸੀਹੀ ਜਿਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੈ।
ਵਧੇਰੇ ਜਾਣਕਾਰੀ 1.5 ਦੇਖੋ।
ਇੱਥੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਲਾਹ ਦੇਣ ਦੀ ਗੱਲ ਕੀਤੀ ਗਈ ਹੈ।
ਜਾਂ ਸੰਭਵ ਹੈ, “ਥੱਕੇ ਹੋਏ।”
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਪਾਪ ਢਕੇ ਜਾਣਗੇ।”