ਤਿਮੋਥਿਉਸ ਨੂੰ ਪਹਿਲੀ ਚਿੱਠੀ
1 ਮੈਂ ਪੌਲੁਸ, ਸਾਡੇ ਮੁਕਤੀਦਾਤੇ ਪਰਮੇਸ਼ੁਰ ਅਤੇ ਮਸੀਹ ਯਿਸੂ, ਜਿਸ ਉੱਤੇ ਅਸੀਂ ਉਮੀਦ ਰੱਖੀ ਹੈ,+ ਦੇ ਹੁਕਮ ਨਾਲ ਮਸੀਹ ਯਿਸੂ ਦਾ ਰਸੂਲ ਹਾਂ 2 ਅਤੇ ਮਸੀਹੀ ਰਾਹ ਉੱਤੇ ਚੱਲ ਰਹੇ ਆਪਣੇ ਸੱਚੇ ਬੇਟੇ ਤਿਮੋਥਿਉਸ*+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ, ਦਇਆ ਤੇ ਸ਼ਾਂਤੀ ਬਖ਼ਸ਼ਣ।
3 ਜਿਵੇਂ ਮਕਦੂਨੀਆ ਜਾਣ ਤੋਂ ਪਹਿਲਾਂ ਮੈਂ ਤੈਨੂੰ ਅਫ਼ਸੁਸ ਵਿਚ ਰਹਿਣ ਲਈ ਕਿਹਾ ਸੀ, ਉਸੇ ਤਰ੍ਹਾਂ ਹੁਣ ਵੀ ਤੈਨੂੰ ਉੱਥੇ ਰਹਿਣ ਲਈ ਕਹਿੰਦਾ ਹਾਂ ਤਾਂਕਿ ਤੂੰ ਕੁਝ ਲੋਕਾਂ ਨੂੰ ਵਰਜੇਂ ਕਿ ਉਹ ਗ਼ਲਤ ਸਿੱਖਿਆਵਾਂ ਨਾ ਦੇਣ, 4 ਝੂਠੀਆਂ ਕਹਾਣੀਆਂ+ ਅਤੇ ਵੰਸ਼ਾਵਲੀਆਂ ਵੱਲ ਧਿਆਨ ਨਾ ਦੇਣ। ਇਨ੍ਹਾਂ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਅਟਕਲਾਂ ਵਿਚ ਵਾਧਾ ਹੁੰਦਾ ਹੈ। ਇਹ ਪਰਮੇਸ਼ੁਰ ਦੇ ਪ੍ਰਬੰਧਾਂ ਵਿਚ ਸ਼ਾਮਲ ਨਹੀਂ ਹਨ ਜੋ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਕੀਤੇ ਗਏ ਹਨ।+ 5 ਇਸ ਹਿਦਾਇਤ* ਦਾ ਮਕਸਦ ਇਹ ਹੈ ਕਿ ਅਸੀਂ ਸਾਫ਼ ਦਿਲ, ਸਾਫ਼ ਜ਼ਮੀਰ ਅਤੇ ਸੱਚੀ* ਨਿਹਚਾ+ ਰੱਖ ਕੇ ਪਿਆਰ ਕਰੀਏ।+ 6 ਕੁਝ ਲੋਕ ਇਹ ਸਭ ਕੁਝ ਛੱਡ ਕੇ ਫ਼ਜ਼ੂਲ ਗੱਲਾਂ ਵਿਚ ਲੱਗੇ ਹੋਏ ਹਨ।+ 7 ਉਹ ਪਰਮੇਸ਼ੁਰ ਦੇ ਕਾਨੂੰਨ ਦੇ ਸਿੱਖਿਅਕ+ ਤਾਂ ਬਣਨਾ ਚਾਹੁੰਦੇ ਹਨ, ਪਰ ਜਿਹੜੀਆਂ ਗੱਲਾਂ ਉਹ ਕਹਿੰਦੇ ਹਨ ਜਾਂ ਜਿਨ੍ਹਾਂ ʼਤੇ ਉਹ ਅੜੇ ਰਹਿੰਦੇ ਹਨ, ਉਨ੍ਹਾਂ ਨੂੰ ਆਪ ਵੀ ਨਹੀਂ ਸਮਝਦੇ।
8 ਅਸੀਂ ਜਾਣਦੇ ਹਾਂ ਕਿ ਮੂਸਾ ਦਾ ਕਾਨੂੰਨ ਚੰਗਾ ਹੈ, ਬਸ਼ਰਤੇ ਕਿ ਇਸ ਨੂੰ ਸਹੀ* ਤਰੀਕੇ ਨਾਲ ਲਾਗੂ ਕੀਤਾ ਜਾਵੇ। 9 ਯਾਦ ਰੱਖ ਕਿ ਕੋਈ ਵੀ ਕਾਨੂੰਨ ਧਰਮੀ ਲੋਕਾਂ ਲਈ ਨਹੀਂ, ਸਗੋਂ ਅਪਰਾਧੀਆਂ,+ ਬਾਗ਼ੀਆਂ, ਦੁਸ਼ਟਾਂ, ਪਾਪੀਆਂ, ਵਿਸ਼ਵਾਸਘਾਤੀਆਂ,* ਪਵਿੱਤਰ ਚੀਜ਼ਾਂ ਦੀ ਬੇਕਦਰੀ ਕਰਨ ਵਾਲਿਆਂ, ਮਾਂ-ਪਿਉ ਤੇ ਹੋਰ ਲੋਕਾਂ ਦੇ ਕਾਤਲਾਂ, 10 ਹਰਾਮਕਾਰਾਂ,* ਮੁੰਡੇਬਾਜ਼ਾਂ,* ਅਗਵਾਕਾਰਾਂ, ਝੂਠਿਆਂ, ਝੂਠੀਆਂ ਸਹੁੰਆਂ ਖਾਣ ਵਾਲਿਆਂ ਅਤੇ ਸਹੀ* ਸਿੱਖਿਆ+ ਦੇ ਖ਼ਿਲਾਫ਼ ਕੰਮ ਕਰਨ ਵਾਲਿਆਂ ਲਈ ਬਣਾਇਆ ਜਾਂਦਾ ਹੈ। 11 ਇਹ ਸਹੀ ਸਿੱਖਿਆ ਖ਼ੁਸ਼ਦਿਲ ਪਰਮੇਸ਼ੁਰ ਦੀ ਸ਼ਾਨਦਾਰ ਖ਼ੁਸ਼ ਖ਼ਬਰੀ ਦੇ ਅਨੁਸਾਰ ਹੈ ਜੋ ਮੈਨੂੰ ਸੌਂਪੀ ਗਈ ਸੀ।+
12 ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਤਾਕਤ ਬਖ਼ਸ਼ੀ ਕਿਉਂਕਿ ਉਸ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਸੇਵਾ ਦਾ ਕੰਮ ਸੌਂਪਿਆ,+ 13 ਭਾਵੇਂ ਕਿ ਪਹਿਲਾਂ ਮੈਂ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ, ਅਤਿਆਚਾਰ ਕਰਨ ਵਾਲਾ ਅਤੇ ਹੰਕਾਰੀ ਸੀ।+ ਫਿਰ ਵੀ ਮੇਰੇ ʼਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਇਹ ਸਭ ਕੁਝ ਅਣਜਾਣੇ ਵਿਚ ਅਤੇ ਨਿਹਚਾ ਨਾ ਹੋਣ ਕਰਕੇ ਕੀਤਾ ਸੀ। 14 ਪਰ ਸਾਡੇ ਪ੍ਰਭੂ ਨੇ ਦਿਲ ਖੋਲ੍ਹ ਕੇ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਅਤੇ ਮਸੀਹ ਯਿਸੂ ਤੋਂ ਮੈਨੂੰ ਨਿਹਚਾ ਅਤੇ ਪਿਆਰ ਮਿਲਿਆ। 15 ਇਹ ਗੱਲ ਸੱਚੀ ਹੈ ਅਤੇ ਇਸ ਉੱਤੇ ਪੂਰਾ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ: ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਦੁਨੀਆਂ ਵਿਚ ਆਇਆ ਸੀ+ ਅਤੇ ਸਭ ਤੋਂ ਵੱਡਾ ਪਾਪੀ ਮੈਂ ਹਾਂ।+ 16 ਪਰ ਮੇਰੇ ਵਰਗੇ ਮਹਾਂ ਪਾਪੀ ਉੱਤੇ ਇਸ ਲਈ ਰਹਿਮ ਕੀਤਾ ਗਿਆ ਤਾਂਕਿ ਮੇਰੇ ਜ਼ਰੀਏ ਮਸੀਹ ਯਿਸੂ ਦਿਖਾ ਸਕੇ ਕਿ ਉਹ ਕਿੰਨਾ ਧੀਰਜਵਾਨ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਲਈ ਮਿਸਾਲ ਬਣਾਂ ਜਿਹੜੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਸ ਉੱਤੇ ਨਿਹਚਾ ਕਰਨਗੇ।+
17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।
18 ਬੇਟਾ ਤਿਮੋਥਿਉਸ, ਮੈਂ ਇਹ ਹਿਦਾਇਤ* ਤੈਨੂੰ ਇਸ ਕਰਕੇ ਦੇ ਰਿਹਾ ਹਾਂ ਕਿ ਤੇਰੇ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਅਨੁਸਾਰ ਤੂੰ ਚੰਗੀ ਲੜਾਈ ਲੜਦਾ ਰਹੇਂ,+ 19 ਆਪਣੀ ਨਿਹਚਾ ਪੱਕੀ ਰੱਖੇਂ ਅਤੇ ਆਪਣੀ ਜ਼ਮੀਰ ਸਾਫ਼ ਰੱਖੇਂ।+ ਕੁਝ ਲੋਕਾਂ ਨੇ ਆਪਣੀ ਜ਼ਮੀਰ ਸਾਫ਼ ਨਹੀਂ ਰੱਖੀ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਦੀ ਬੇੜੀ ਡੁੱਬ ਗਈ। 20 ਹਮਿਨਾਉਸ+ ਤੇ ਸਿਕੰਦਰ ਅਜਿਹੇ ਲੋਕਾਂ ਵਿੱਚੋਂ ਹਨ ਅਤੇ ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ*+ ਤਾਂਕਿ ਉਹ ਇਸ ਤਾੜਨਾ ਤੋਂ ਪਰਮੇਸ਼ੁਰ ਦੀ ਨਿੰਦਿਆ ਨਾ ਕਰਨ ਦਾ ਸਬਕ ਸਿੱਖਣ।
2 ਸਭ ਤੋਂ ਪਹਿਲਾਂ ਮੈਂ ਤਾਕੀਦ ਕਰਦਾ ਹਾਂ ਕਿ ਸਾਰੇ ਜਣੇ ਹਰ ਤਰ੍ਹਾਂ ਦੇ ਲੋਕਾਂ ਲਈ ਫ਼ਰਿਆਦਾਂ, ਪ੍ਰਾਰਥਨਾਵਾਂ, ਅਰਦਾਸਾਂ ਤੇ ਧੰਨਵਾਦ ਕਰਦੇ ਰਹਿਣ। 2 ਰਾਜਿਆਂ ਅਤੇ ਉੱਚੀਆਂ ਪਦਵੀਆਂ* ਉੱਤੇ ਬੈਠੇ ਸਾਰੇ ਲੋਕਾਂ ਲਈ ਵੀ ਇਸੇ ਤਰ੍ਹਾਂ ਕੀਤਾ ਜਾਵੇ+ ਤਾਂਕਿ ਅਸੀਂ ਅਮਨ-ਚੈਨ ਨਾਲ ਆਪਣੀ ਜ਼ਿੰਦਗੀ ਜੀਉਂਦੇ ਹੋਏ ਪੂਰੀ ਗੰਭੀਰਤਾ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ।+ 3 ਇਨ੍ਹਾਂ ਸਾਰਿਆਂ ਲਈ ਪ੍ਰਾਰਥਨਾ ਕਰਨੀ ਸਾਡੇ ਮੁਕਤੀਦਾਤੇ ਪਰਮੇਸ਼ੁਰ+ ਦੀ ਨਜ਼ਰ ਵਿਚ ਚੰਗੀ ਗੱਲ ਹੈ ਅਤੇ ਇਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। 4 ਉਸ ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ+ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ। 5 ਕਿਉਂਕਿ ਇੱਕੋ ਪਰਮੇਸ਼ੁਰ ਹੈ+ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ+ ਇੱਕੋ ਵਿਚੋਲਾ ਹੈ+ ਯਾਨੀ ਮਸੀਹ ਯਿਸੂ।+ ਇਸ ਆਦਮੀ ਨੇ 6 ਸਾਰੇ ਲੋਕਾਂ* ਦੀ ਰਿਹਾਈ ਦੀ ਬਰਾਬਰ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ+ ਅਤੇ ਸਮਾਂ ਆਉਣ ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ। 7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।
8 ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਿੱਥੇ ਕਿਤੇ ਵੀ ਇਕੱਠੇ ਹੁੰਦੇ ਹੋ, ਉੱਥੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਆਦਮੀ ਹੱਥ ਚੁੱਕ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣ+ ਅਤੇ ਗੁੱਸੇ+ ਤੇ ਬਹਿਸਬਾਜ਼ੀ+ ਤੋਂ ਦੂਰ ਰਹਿਣ। 9 ਇਸੇ ਤਰ੍ਹਾਂ ਤੀਵੀਆਂ ਨੂੰ ਸੋਚ-ਸਮਝ ਕੇ* ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ* ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ,+ 10 ਸਗੋਂ ਆਪਣੇ ਆਪ ਨੂੰ ਨੇਕ ਕੰਮਾਂ ਨਾਲ ਸ਼ਿੰਗਾਰਨ ਕਿਉਂਕਿ ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਨੂੰ ਸ਼ੋਭਾ ਦਿੰਦਾ ਹੈ।+
11 ਤੀਵੀਆਂ ਨੂੰ ਚਾਹੀਦਾ ਹੈ ਕਿ ਉਹ ਚੁੱਪ* ਰਹਿ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲੈਣ।+ 12 ਮੈਂ ਤੀਵੀਆਂ ਨੂੰ ਸਿਖਾਉਣ ਜਾਂ ਆਦਮੀਆਂ ਉੱਤੇ ਅਧਿਕਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ, ਸਗੋਂ ਉਹ ਚੁੱਪ* ਰਹਿਣ+ 13 ਕਿਉਂਕਿ ਆਦਮ ਨੂੰ ਪਹਿਲਾਂ ਬਣਾਇਆ ਗਿਆ ਸੀ ਤੇ ਫਿਰ ਹੱਵਾਹ ਨੂੰ।+ 14 ਨਾਲੇ ਆਦਮ ਧੋਖੇ ਵਿਚ ਨਹੀਂ ਆਇਆ ਸੀ, ਪਰ ਹੱਵਾਹ ਪੂਰੀ ਤਰ੍ਹਾਂ ਧੋਖੇ ਵਿਚ ਆ ਗਈ ਸੀ+ ਤੇ ਉਸ ਨੇ ਪਾਪ ਕੀਤਾ। 15 ਇਸ ਦੇ ਬਾਵਜੂਦ, ਤੀਵੀਆਂ ਮਾਵਾਂ ਬਣਨ ਕਰਕੇ ਬਚੀਆਂ ਰਹਿਣਗੀਆਂ,*+ ਬਸ਼ਰਤੇ ਕਿ ਉਹ ਆਪਣੀ ਨਿਹਚਾ ਅਤੇ ਪਿਆਰ ਬਰਕਰਾਰ ਰੱਖਣ, ਸ਼ੁੱਧ ਰਹਿਣ ਅਤੇ ਸਮਝਦਾਰੀ ਤੋਂ ਕੰਮ ਲੈਂਦੀਆਂ ਰਹਿਣ।+
3 ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਕੋਈ ਭਰਾ ਨਿਗਾਹਬਾਨ ਵਜੋਂ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦਾ ਹੈ,+ ਤਾਂ ਉਸ ਵਿਚ ਚੰਗਾ ਕੰਮ ਕਰਨ ਦੀ ਇੱਛਾ ਹੈ। 2 ਇਸ ਲਈ ਨਿਗਾਹਬਾਨ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਹਰ ਗੱਲ ਵਿਚ ਸੰਜਮ ਰੱਖੇ, ਸਮਝਦਾਰ ਹੋਵੇ,+ ਸਲੀਕੇ ਨਾਲ ਕੰਮ ਕਰੇ, ਪਰਾਹੁਣਚਾਰੀ ਕਰੇ+ ਅਤੇ ਸਿਖਾਉਣ ਦੇ ਕਾਬਲ ਹੋਵੇ।+ 3 ਪਰ ਉਹ ਨਾ ਸ਼ਰਾਬੀ,+ ਨਾ ਮਾਰ-ਕੁਟਾਈ ਕਰਨ ਵਾਲਾ, ਨਾ ਅੜਬ,+ ਨਾ ਝਗੜਾਲੂ+ ਤੇ ਨਾ ਹੀ ਪੈਸੇ ਦਾ ਪ੍ਰੇਮੀ ਹੋਵੇ।+ 4 ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਅਗਵਾਈ* ਕਰਨ ਵਾਲਾ ਹੋਵੇ ਅਤੇ ਉਸ ਦੇ ਬੱਚੇ ਉਸ ਦੇ ਕਹਿਣੇ ਵਿਚ ਹੋਣ ਤੇ ਇੱਜ਼ਤ ਨਾਲ ਪੇਸ਼ ਆਉਣ+ 5 (ਅਸਲ ਵਿਚ, ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਅਗਵਾਈ* ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?), 6 ਉਹ ਨਵਾਂ-ਨਵਾਂ ਮਸੀਹੀ ਨਾ ਬਣਿਆ ਹੋਵੇ,+ ਕਿਤੇ ਇੱਦਾਂ ਨਾ ਹੋਵੇ ਕਿ ਉਹ ਘਮੰਡ ਨਾਲ ਫੁੱਲ ਜਾਵੇ ਜਿਸ ਕਰਕੇ ਉਸ ਨੂੰ ਵੀ ਉਹੀ ਸਜ਼ਾ ਮਿਲੇ ਜੋ ਸ਼ੈਤਾਨ ਨੂੰ ਮਿਲੇਗੀ। 7 ਇਸ ਤੋਂ ਇਲਾਵਾ, ਬਾਹਰਲੇ ਲੋਕਾਂ ਵਿਚ ਵੀ ਉਸ ਦੀ ਨੇਕਨਾਮੀ ਹੋਵੇ+ ਤਾਂਕਿ ਲੋਕ ਉਸ ਉੱਤੇ ਦੋਸ਼ ਨਾ ਲਾਉਣ* ਅਤੇ ਉਹ ਸ਼ੈਤਾਨ ਦੇ ਫੰਦੇ ਵਿਚ ਨਾ ਫਸ ਜਾਵੇ।
8 ਇਸੇ ਤਰ੍ਹਾਂ ਸਹਾਇਕ ਸੇਵਕ ਵੀ ਗੰਭੀਰ ਹੋਣ, ਦੋਗਲੀਆਂ* ਗੱਲਾਂ ਨਾ ਕਰਨ, ਹੱਦੋਂ ਵੱਧ ਸ਼ਰਾਬ ਨਾ ਪੀਣ, ਲਾਲਚ ਨਾਲ ਦੂਸਰਿਆਂ ਦਾ ਫ਼ਾਇਦਾ ਨਾ ਉਠਾਉਣ+ 9 ਅਤੇ ਸ਼ੁੱਧ ਜ਼ਮੀਰ ਨਾਲ ਪਵਿੱਤਰ ਭੇਤ ਯਾਨੀ ਨਿਹਚਾ* ਮੁਤਾਬਕ ਚੱਲਦੇ ਰਹਿਣ।+
10 ਨਾਲੇ ਉਨ੍ਹਾਂ ਨੂੰ ਪਹਿਲਾਂ ਪਰਖਿਆ ਜਾਵੇ ਕਿ ਉਹ ਇਸ ਸਨਮਾਨ ਦੇ ਕਾਬਲ ਹਨ ਜਾਂ ਨਹੀਂ। ਜੇ ਉਹ ਨਿਰਦੋਸ਼ ਸਾਬਤ ਹੋਣ, ਤਾਂ ਉਨ੍ਹਾਂ ਨੂੰ ਸੇਵਾ ਦਾ ਕੰਮ ਸੌਂਪਿਆ ਜਾਵੇ।+
11 ਇਸੇ ਤਰ੍ਹਾਂ ਭੈਣਾਂ ਗੰਭੀਰ ਹੋਣ, ਦੂਸਰਿਆਂ ਨੂੰ ਬਦਨਾਮ ਨਾ ਕਰਨ,+ ਹਰ ਗੱਲ ਵਿਚ ਸੰਜਮ ਰੱਖਣ ਅਤੇ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਰਹਿਣ।+
12 ਸਹਾਇਕ ਸੇਵਕ ਇੱਕੋ ਪਤਨੀ ਦਾ ਪਤੀ ਹੋਵੇ, ਆਪਣੇ ਬੱਚਿਆਂ ਅਤੇ ਘਰ ਦੀ ਚੰਗੀ ਤਰ੍ਹਾਂ ਅਗਵਾਈ ਕਰੇ। 13 ਜਿਹੜੇ ਭਰਾ ਚੰਗੀ ਤਰ੍ਹਾਂ ਸੇਵਾ ਕਰਦੇ ਹਨ, ਉਨ੍ਹਾਂ ਦੀ ਨੇਕਨਾਮੀ ਹੁੰਦੀ ਹੈ ਅਤੇ ਉਹ ਮਸੀਹ ਯਿਸੂ ਉੱਤੇ ਆਪਣੀ ਨਿਹਚਾ ਬਾਰੇ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਨ।
14 ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਆਸ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖ ਰਿਹਾ ਹਾਂ 15 ਤਾਂਕਿ ਜੇ ਮੈਨੂੰ ਆਉਣ ਵਿਚ ਦੇਰੀ ਹੋ ਗਈ, ਤਾਂ ਤੈਨੂੰ ਪਤਾ ਰਹੇ ਕਿ ਤੂੰ ਪਰਮੇਸ਼ੁਰ ਦੇ ਪਰਿਵਾਰ ਵਿਚ ਕਿਵੇਂ ਰਹਿਣਾ ਹੈ।+ ਇਹ ਪਰਿਵਾਰ ਜੀਉਂਦੇ ਪਰਮੇਸ਼ੁਰ ਦੀ ਮੰਡਲੀ ਹੈ ਜੋ ਸੱਚਾਈ ਦਾ ਥੰਮ੍ਹ ਅਤੇ ਸਹਾਰਾ ਹੈ। 16 ਵਾਕਈ, ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ ਮਹਾਨ ਹੈ: ‘ਯਿਸੂ ਇਨਸਾਨ ਦੇ ਰੂਪ ਵਿਚ ਆਇਆ,+ ਸਵਰਗੀ ਸਰੀਰ ਵਿਚ ਨਿਰਦੋਸ਼ ਠਹਿਰਾਇਆ ਗਿਆ,+ ਉਹ ਦੂਤਾਂ ਸਾਮ੍ਹਣੇ ਪ੍ਰਗਟ ਹੋਇਆ,+ ਕੌਮਾਂ ਵਿਚ ਉਸ ਬਾਰੇ ਗਵਾਹੀ ਦਿੱਤੀ ਗਈ,+ ਦੁਨੀਆਂ ਵਿਚ ਉਸ ਉੱਤੇ ਵਿਸ਼ਵਾਸ ਕੀਤਾ ਗਿਆ+ ਅਤੇ ਉਸ ਨੂੰ ਸਵਰਗ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਮਹਿਮਾ ਦਿੱਤੀ ਗਈ।’
4 ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੁਝ ਲੋਕ ਨਿਹਚਾ ਕਰਨੀ ਛੱਡ ਦੇਣਗੇ ਕਿਉਂਕਿ ਉਹ ਦੁਸ਼ਟ ਦੂਤਾਂ ਦੀਆਂ ਗੁਮਰਾਹ ਕਰਨ ਵਾਲੀਆਂ ਗੱਲਾਂ*+ ਅਤੇ ਸਿੱਖਿਆਵਾਂ ਪਿੱਛੇ ਲੱਗ ਜਾਣਗੇ। 2 ਨਾਲੇ ਉਹ ਪਖੰਡੀ ਬੰਦਿਆਂ ਦੀਆਂ ਝੂਠੀਆਂ ਗੱਲਾਂ ਵਿਚ ਆ ਜਾਣਗੇ+ ਜਿਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ, ਜਿਵੇਂ ਤੱਤੇ ਲੋਹੇ ਨਾਲ ਦਾਗ਼ਣ ਕਰਕੇ ਚਮੜੀ ਸੁੰਨ ਹੋ ਜਾਂਦੀ ਹੈ। 3 ਉਹ ਬੰਦੇ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਣਗੇ+ ਅਤੇ ਲੋਕਾਂ ਨੂੰ ਹੁਕਮ ਦੇ ਕੇ ਕਈ ਚੀਜ਼ਾਂ ਖਾਣ ਤੋਂ ਮਨ੍ਹਾ ਕਰਨਗੇ+ ਜੋ ਪਰਮੇਸ਼ੁਰ ਨੇ ਖਾਣ ਲਈ ਬਣਾਈਆਂ ਹਨ+ ਅਤੇ ਜਿਨ੍ਹਾਂ ਨੂੰ ਨਿਹਚਾ ਕਰਨ ਵਾਲੇ ਅਤੇ ਸੱਚਾਈ ਦਾ ਸਹੀ ਗਿਆਨ ਰੱਖਣ ਵਾਲੇ ਧੰਨਵਾਦ ਕਰ ਕੇ ਖਾ ਸਕਦੇ ਹਨ।+ 4 ਪਰਮੇਸ਼ੁਰ ਦੀ ਬਣਾਈ ਹਰ ਚੀਜ਼ ਚੰਗੀ ਹੈ+ ਅਤੇ ਜੇ ਕਿਸੇ ਖਾਣ ਵਾਲੀ ਚੀਜ਼ ਲਈ ਧੰਨਵਾਦ ਕੀਤਾ ਜਾਂਦਾ ਹੈ, ਤਾਂ ਉਹ ਠੁਕਰਾਈ ਨਹੀਂ ਜਾਣੀ ਚਾਹੀਦੀ+ 5 ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਸ਼ੁੱਧ ਹੋ ਜਾਂਦੀ ਹੈ।
6 ਜੇ ਤੂੰ ਭਰਾਵਾਂ ਨੂੰ ਇਹ ਸਲਾਹ ਦੇਵੇਂਗਾ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ, ਹਾਂ, ਅਜਿਹਾ ਸੇਵਕ ਜੋ ਸੱਚਾਈ ਅਤੇ ਉੱਤਮ ਸਿੱਖਿਆ ਦੀ ਖ਼ੁਰਾਕ ਨਾਲ ਆਪਣਾ ਪੋਸ਼ਣ ਕਰਦਾ ਹੈ। ਤੂੰ ਇਸ ਸਿੱਖਿਆ ਉੱਤੇ ਧਿਆਨ ਨਾਲ ਚੱਲ ਵੀ ਰਿਹਾ ਹੈਂ।+ 7 ਪਰ ਤੂੰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ,+ ਜਿਹੋ ਜਿਹੀਆਂ ਕਹਾਣੀਆਂ ਬੁੱਢੀਆਂ ਮਾਈਆਂ ਸੁਣਾਉਂਦੀਆਂ ਹਨ। ਇਸ ਦੀ ਬਜਾਇ, ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ। 8 ਸਰੀਰਕ ਅਭਿਆਸ* ਦਾ ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ, ਪਰ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਸਾਰੀਆਂ ਗੱਲਾਂ ਵਿਚ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਕਰਕੇ ਸਾਨੂੰ ਨਾ ਸਿਰਫ਼ ਅੱਜ ਦੀ ਜ਼ਿੰਦਗੀ ਵਿਚ, ਸਗੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਵਿਚ ਵੀ ਬਰਕਤਾਂ ਮਿਲਣਗੀਆਂ।+ 9 ਇਹ ਗੱਲ ਸੱਚੀ ਹੈ ਅਤੇ ਇਸ ਉੱਤੇ ਪੂਰਾ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ। 10 ਇਸੇ ਲਈ ਅਸੀਂ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦੇ ਹਾਂ+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ ਹੋਈ ਹੈ ਜੋ ਹਰ ਤਰ੍ਹਾਂ ਦੇ ਇਨਸਾਨਾਂ+ ਦਾ ਮੁਕਤੀਦਾਤਾ ਹੈ,+ ਖ਼ਾਸ ਕਰਕੇ ਵਫ਼ਾਦਾਰ ਸੇਵਕਾਂ ਦਾ।
11 ਇਹ ਹੁਕਮ ਅਤੇ ਸਿੱਖਿਆਵਾਂ ਦਿੰਦਾ ਰਹਿ। 12 ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਕਦੇ ਵੀ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ। 13 ਮੇਰੇ ਆਉਣ ਤਕ ਤੂੰ ਦੂਸਰਿਆਂ ਨੂੰ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਣ,+ ਨਸੀਹਤ* ਅਤੇ ਸਿੱਖਿਆ ਦੇਣ ਵਿਚ ਮਿਹਨਤ ਕਰਦਾ ਰਹਿ। 14 ਆਪਣੀ ਉਸ ਦਾਤ ਪ੍ਰਤੀ ਲਾਪਰਵਾਹ ਨਾ ਹੋਈਂ ਜੋ ਤੈਨੂੰ ਉਦੋਂ ਬਖ਼ਸ਼ੀ ਗਈ ਸੀ ਜਦੋਂ ਤੇਰੇ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਅਤੇ ਤੇਰੇ ਉੱਤੇ ਬਜ਼ੁਰਗਾਂ ਨੇ ਆਪਣੇ ਹੱਥ ਰੱਖੇ ਸਨ।+ 15 ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ* ਕਰ ਅਤੇ ਇਨ੍ਹਾਂ ਵਿਚ ਮਗਨ ਰਹਿ ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ। 16 ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।+ ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।+
5 ਸਿਆਣੀ ਉਮਰ ਦੇ ਆਦਮੀਆਂ ਨੂੰ ਨਾ ਝਿੜਕ,+ ਸਗੋਂ ਉਨ੍ਹਾਂ ਨੂੰ ਪਿਤਾ ਸਮਝ ਕੇ ਪਿਆਰ ਨਾਲ ਸਮਝਾਵੀਂ, ਨੌਜਵਾਨਾਂ ਨੂੰ ਭਰਾ ਸਮਝ ਕੇ, 2 ਸਿਆਣੀ ਉਮਰ ਦੀਆਂ ਤੀਵੀਆਂ ਨੂੰ ਮਾਵਾਂ ਸਮਝ ਕੇ ਅਤੇ ਆਪਣੇ ਤੋਂ ਛੋਟੀਆਂ ਕੁੜੀਆਂ ਨੂੰ ਸਾਫ਼ ਦਿਲ ਨਾਲ ਭੈਣਾਂ ਸਮਝ ਕੇ ਸਮਝਾਵੀਂ।
3 ਜਿਨ੍ਹਾਂ ਵਿਧਵਾਵਾਂ ਦਾ ਸੱਚ-ਮੁੱਚ ਕੋਈ ਸਹਾਰਾ ਨਹੀਂ ਹੈ,* ਉਨ੍ਹਾਂ ਦਾ ਧਿਆਨ ਰੱਖ।*+ 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤੇ-ਪੋਤੇ ਹਨ, ਤਾਂ ਉਹ ਪਹਿਲਾਂ ਆਪਣੇ ਘਰ ਦੇ ਜੀਆਂ ਦੀ ਦੇਖ-ਭਾਲ ਕਰ+ ਕੇ ਪਰਮੇਸ਼ੁਰ ਦੀ ਭਗਤੀ ਕਰਨ। ਨਾਲੇ ਉਹ ਆਪਣੇ ਮਾਪਿਆਂ ਅਤੇ ਅੱਗੋਂ ਉਨ੍ਹਾਂ ਦੇ ਮਾਪਿਆਂ ਦਾ ਬਣਦਾ ਹੱਕ ਅਦਾ ਕਰਨ+ ਕਿਉਂਕਿ ਪਰਮੇਸ਼ੁਰ ਨੂੰ ਇਸ ਤੋਂ ਖ਼ੁਸ਼ੀ ਹੁੰਦੀ ਹੈ।+ 5 ਪਰ ਜਿਹੜੀ ਵਿਧਵਾ ਸੱਚ-ਮੁੱਚ ਬੇਸਹਾਰਾ ਅਤੇ ਲੋੜਵੰਦ ਹੈ, ਉਸ ਨੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ+ ਅਤੇ ਉਹ ਦਿਨ-ਰਾਤ ਫ਼ਰਿਆਦਾਂ ਤੇ ਪ੍ਰਾਰਥਨਾਵਾਂ ਕਰਨ ਵਿਚ ਲੱਗੀ ਰਹਿੰਦੀ ਹੈ।+ 6 ਪਰ ਜਿਹੜੀ ਵਿਧਵਾ ਅਯਾਸ਼ੀ ਕਰਦੀ ਹੈ, ਉਹ ਜੀਉਂਦੇ-ਜੀ ਮਰ ਚੁੱਕੀ ਹੈ। 7 ਇਸ ਲਈ ਉਨ੍ਹਾਂ ਨੂੰ ਇਹ ਹਿਦਾਇਤਾਂ* ਦਿੰਦਾ ਰਹਿ ਤਾਂਕਿ ਕੋਈ ਵੀ ਉਨ੍ਹਾਂ ʼਤੇ ਉਂਗਲੀ ਨਾ ਚੁੱਕ ਸਕੇ। 8 ਅਸਲ ਵਿਚ, ਜੇ ਕੋਈ ਇਨਸਾਨ ਆਪਣਿਆਂ ਦੀਆਂ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ, ਤਾਂ ਉਸ ਨੇ ਨਿਹਚਾ* ਕਰਨੀ ਛੱਡ ਦਿੱਤੀ ਹੈ ਅਤੇ ਉਹ ਇਨਸਾਨ ਅਵਿਸ਼ਵਾਸੀਆਂ ਨਾਲੋਂ ਵੀ ਬੁਰਾ ਹੈ।+
9 ਉਸ ਵਿਧਵਾ ਦਾ ਨਾਂ ਸੂਚੀ ਵਿਚ ਲਿਖਿਆ ਜਾਵੇ ਜਿਸ ਦੀ ਉਮਰ 60 ਸਾਲ ਤੋਂ ਉੱਪਰ ਹੈ, ਜੋ ਆਪਣੇ ਪਤੀ ਦੀ ਵਫ਼ਾਦਾਰ ਰਹੀ ਹੋਵੇ,* 10 ਜਿਸ ਨੇ ਚੰਗੇ ਕੰਮ ਕਰ ਕੇ ਨੇਕਨਾਮੀ ਖੱਟੀ ਹੋਵੇ+ ਯਾਨੀ ਉਸ ਨੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ ਹੋਵੇ,+ ਪਰਾਹੁਣਚਾਰੀ ਕੀਤੀ ਹੋਵੇ,+ ਪਵਿੱਤਰ ਸੇਵਕਾਂ ਦੇ ਪੈਰ ਧੋਤੇ ਹੋਣ,*+ ਦੁਖੀਆਂ ਦੀ ਮਦਦ ਕੀਤੀ ਹੋਵੇ+ ਅਤੇ ਦਿਲ ਲਾ ਕੇ ਹਰ ਤਰ੍ਹਾਂ ਦੇ ਨੇਕ ਕੰਮ ਕੀਤੇ ਹੋਣ।
11 ਪਰ ਜਵਾਨ ਵਿਧਵਾਵਾਂ ਦੇ ਨਾਂ ਸੂਚੀ ਵਿਚ ਨਾ ਲਿਖੀਂ ਕਿਉਂਕਿ ਜਦੋਂ ਉਨ੍ਹਾਂ ਦੀ ਕਾਮ-ਵਾਸ਼ਨਾ ਮਸੀਹ ਦੀ ਸੇਵਾ ਕਰਨ ਵਿਚ ਰੁਕਾਵਟ ਬਣਦੀ ਹੈ, ਤਾਂ ਉਹ ਵਿਆਹ ਕਰਾਉਣਾ ਚਾਹੁੰਦੀਆਂ ਹਨ। 12 ਆਪਣੇ ਪਹਿਲੇ ਵਾਅਦੇ ਨੂੰ ਤੋੜਨ ਕਰਕੇ ਉਹ ਦੋਸ਼ੀ ਠਹਿਰਣਗੀਆਂ। 13 ਨਾਲੇ ਉਹ ਵਿਹਲੀਆਂ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਤੇ ਘਰੋ-ਘਰੀ ਫਿਰਦੀਆਂ ਰਹਿੰਦੀਆਂ ਹਨ। ਉਹ ਸਿਰਫ਼ ਵਿਹਲੀਆਂ ਹੀ ਨਹੀਂ ਰਹਿੰਦੀਆਂ, ਸਗੋਂ ਚੁਗ਼ਲੀਆਂ ਵੀ ਕਰਦੀਆਂ ਹਨ ਤੇ ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੀਆਂ ਹਨ+ ਅਤੇ ਉਹ ਅਜਿਹੀਆਂ ਗੱਲਾਂ ਕਰਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਵਿਆਹ ਕਰਾ ਲੈਣ,+ ਮਾਵਾਂ ਬਣਨ,+ ਆਪਣਾ ਘਰ-ਬਾਰ ਸਾਂਭਣ ਤਾਂਕਿ ਵਿਰੋਧੀਆਂ ਨੂੰ ਸਾਡੇ ਬਾਰੇ ਕੁਝ ਬੁਰਾ-ਭਲਾ ਕਹਿਣ ਦਾ ਮੌਕਾ ਨਾ ਮਿਲੇ। 15 ਅਸਲ ਵਿਚ, ਕੁਝ ਵਿਧਵਾਵਾਂ ਪਹਿਲਾਂ ਹੀ ਸਹੀ ਰਾਹ ਤੋਂ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ। 16 ਜੇ ਕਿਸੇ ਭੈਣ ਦੀ ਰਿਸ਼ਤੇਦਾਰੀ ਵਿਚ ਵਿਧਵਾਵਾਂ ਹਨ, ਤਾਂ ਉਹ ਉਨ੍ਹਾਂ ਦੀ ਮਦਦ ਕਰੇ ਤਾਂਕਿ ਮੰਡਲੀ ʼਤੇ ਬੋਝ ਨਾ ਪਵੇ। ਫਿਰ ਮੰਡਲੀ ਉਨ੍ਹਾਂ ਵਿਧਵਾਵਾਂ ਦੀ ਮਦਦ ਕਰ ਸਕਦੀ ਹੈ ਜਿਹੜੀਆਂ ਸੱਚ-ਮੁੱਚ ਬੇਸਹਾਰਾ* ਹਨ।+
17 ਜਿਹੜੇ ਬਜ਼ੁਰਗ ਵਧੀਆ ਤਰੀਕੇ ਨਾਲ ਅਗਵਾਈ ਕਰਦੇ ਹਨ,+ ਉਨ੍ਹਾਂ ਦਾ ਦੁਗਣਾ ਆਦਰ ਕੀਤਾ ਜਾਵੇ,+ ਖ਼ਾਸ ਕਰਕੇ ਉਨ੍ਹਾਂ ਦਾ ਜਿਹੜੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।+ 18 ਧਰਮ-ਗ੍ਰੰਥ ਕਹਿੰਦਾ ਹੈ, “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ,”+ ਨਾਲੇ, “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”+ 19 ਜੇ ਕੋਈ ਸਿਆਣੀ ਉਮਰ ਦੇ ਆਦਮੀ ਉੱਤੇ ਦੋਸ਼ ਲਾਉਂਦਾ ਹੈ, ਤਾਂ ਤੂੰ ਦੋ ਜਾਂ ਤਿੰਨ ਜਣਿਆਂ ਦੀ ਗਵਾਹੀ ਤੋਂ ਬਿਨਾਂ ਦੋਸ਼ ਸਵੀਕਾਰ ਨਾ ਕਰੀਂ।+ 20 ਪਾਪ ਕਰਨ ਵਿਚ ਲੱਗੇ+ ਲੋਕਾਂ ਨੂੰ ਸਾਰਿਆਂ ਦੇ ਸਾਮ੍ਹਣੇ ਤਾੜ+ ਤਾਂਕਿ ਬਾਕੀ ਸਾਰਿਆਂ ਨੂੰ ਵੀ ਚੇਤਾਵਨੀ ਮਿਲੇ।* 21 ਮੈਂ ਤੈਨੂੰ ਪਰਮੇਸ਼ੁਰ, ਮਸੀਹ ਯਿਸੂ ਅਤੇ ਚੁਣੇ ਹੋਏ ਦੂਤਾਂ ਸਾਮ੍ਹਣੇ ਪੂਰੀ ਗੰਭੀਰਤਾ ਨਾਲ ਹੁਕਮ ਦਿੰਦਾ ਹਾਂ ਕਿ ਤੂੰ ਤਰਫ਼ਦਾਰੀ ਜਾਂ ਪੱਖਪਾਤ ਕੀਤੇ ਬਿਨਾਂ ਇਨ੍ਹਾਂ ਹਿਦਾਇਤਾਂ ਉੱਤੇ ਚੱਲੀਂ।+
22 ਕਦੀ ਵੀ ਜਲਦਬਾਜ਼ੀ ਵਿਚ ਕਿਸੇ ਨੂੰ ਜ਼ਿੰਮੇਵਾਰੀਆਂ ਨਾ ਸੌਂਪੀਂ;*+ ਨਾ ਹੀ ਦੂਸਰਿਆਂ ਦੇ ਪਾਪਾਂ ਵਿਚ ਭਾਗੀਦਾਰ ਬਣੀਂ; ਆਪਣੇ ਆਪ ਨੂੰ ਬੇਦਾਗ਼ ਰੱਖੀਂ।
23 ਤੂੰ ਅੱਗੇ ਤੋਂ ਪਾਣੀ ਨਾ ਪੀਵੀਂ,* ਸਗੋਂ ਵਾਰ-ਵਾਰ ਬੀਮਾਰ ਹੋਣ ਕਰਕੇ ਥੋੜ੍ਹਾ ਜਿਹਾ ਦਾਖਰਸ ਪੀ ਲਿਆ ਕਰ। ਦਾਖਰਸ ਢਿੱਡ ਲਈ ਵੀ ਚੰਗਾ ਹੈ।
24 ਕੁਝ ਲੋਕਾਂ ਦੇ ਪਾਪਾਂ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਅਤੇ ਉਨ੍ਹਾਂ ਦਾ ਤੁਰੰਤ ਨਿਆਂ ਹੋ ਜਾਂਦਾ ਹੈ, ਪਰ ਕਈ ਲੋਕਾਂ ਦੇ ਪਾਪ ਬਾਅਦ ਵਿਚ ਸਾਮ੍ਹਣੇ ਆਉਂਦੇ ਹਨ।+ 25 ਇਸੇ ਤਰ੍ਹਾਂ ਨੇਕ ਕੰਮਾਂ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ,+ ਪਰ ਜਿਹੜੇ ਨੇਕ ਕੰਮ ਸਾਮ੍ਹਣੇ ਨਹੀਂ ਵੀ ਆਉਂਦੇ, ਉਹ ਵੀ ਲੁਕੇ ਨਹੀਂ ਰਹਿ ਸਕਦੇ।+
6 ਗ਼ੁਲਾਮ ਆਪਣੇ ਮਾਲਕਾਂ ਦਾ ਦਿਲੋਂ ਆਦਰ ਕਰਦੇ ਰਹਿਣ+ ਤਾਂਕਿ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਸਿੱਖਿਆ ਦੀ ਨਿੰਦਿਆ ਨਾ ਹੋਵੇ।+ 2 ਇਸ ਤੋਂ ਇਲਾਵਾ, ਜਿਨ੍ਹਾਂ ਦੇ ਮਾਲਕ ਮਸੀਹੀ ਹਨ, ਉਹ ਇਹ ਸੋਚ ਕੇ ਆਪਣੇ ਮਾਲਕਾਂ ਦਾ ਨਿਰਾਦਰ ਨਾ ਕਰਨ ਕਿ ਉਹ ਉਨ੍ਹਾਂ ਦੇ ਮਸੀਹੀ ਭਰਾ ਹਨ। ਇਸ ਦੀ ਬਜਾਇ, ਉਨ੍ਹਾਂ ਨੂੰ ਹੋਰ ਵੀ ਮਨ ਲਾ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਚੰਗੇ ਕੰਮਾਂ ਤੋਂ ਉਨ੍ਹਾਂ ਦੇ ਪਿਆਰੇ ਮਸੀਹੀ ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ।
ਤੂੰ ਇਹ ਗੱਲਾਂ ਸਿਖਾਉਂਦਾ ਰਹਿ ਅਤੇ ਨਸੀਹਤਾਂ ਦਿੰਦਾ ਰਹਿ। 3 ਜੇ ਕੋਈ ਇਨਸਾਨ ਗ਼ਲਤ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਹੀ* ਸਿੱਖਿਆ ਨਾਲ ਅਤੇ ਉਸ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ+ ਜਿਸ ਅਨੁਸਾਰ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ,+ 4 ਤਾਂ ਉਹ ਘਮੰਡ ਨਾਲ ਫੁੱਲ ਗਿਆ ਹੈ ਅਤੇ ਉਸ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਹੈ।+ ਉਹ ਵਾਦ-ਵਿਵਾਦ ਕਰਨ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਵਿਚ ਲੱਗਾ ਰਹਿੰਦਾ ਹੈ।*+ ਇਨ੍ਹਾਂ ਗੱਲਾਂ ਕਰਕੇ ਲੋਕ ਈਰਖਾ, ਝਗੜੇ ਅਤੇ ਇਕ-ਦੂਜੇ ਨੂੰ ਬਦਨਾਮ ਕਰਦੇ ਹਨ,* ਉਨ੍ਹਾਂ ਵਿਚ ਸ਼ੱਕ ਕਰਨ ਦੀ ਬੁਰੀ ਭਾਵਨਾ ਪੈਦਾ ਹੁੰਦੀ ਹੈ 5 ਅਤੇ ਉਹ ਛੋਟੀਆਂ-ਛੋਟੀਆਂ ਗੱਲਾਂ ʼਤੇ ਲੜਦੇ ਰਹਿੰਦੇ ਹਨ। ਇਹ ਸਾਰੇ ਕੰਮ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਮਨ ਭ੍ਰਿਸ਼ਟ ਹਨ+ ਅਤੇ ਜਿਨ੍ਹਾਂ ਨੇ ਸੱਚਾਈ ਨੂੰ ਛੱਡ ਦਿੱਤਾ ਹੈ। ਨਾਲੇ ਉਹ ਆਪਣੇ ਫ਼ਾਇਦੇ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ।+ 6 ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ,+ ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੁਸ਼ਟ ਰਹੀਏ। 7 ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ।+ 8 ਇਸ ਲਈ ਜੇ ਸਾਡੇ ਕੋਲ ਰੋਟੀ ਅਤੇ ਕੱਪੜਾ* ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।+
9 ਪਰ ਜਿਹੜੇ ਇਨਸਾਨ ਅਮੀਰ ਬਣਨ ʼਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਫਸ ਜਾਂਦੇ ਹਨ+ ਅਤੇ ਬਹੁਤ ਸਾਰੀਆਂ ਮੂਰਖਤਾ ਭਰੀਆਂ ਅਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ ਜਿਹੜੀਆਂ ਉਨ੍ਹਾਂ ਨੂੰ ਵਿਨਾਸ਼ ਅਤੇ ਬਰਬਾਦੀ ਦੇ ਸਮੁੰਦਰ ਵਿਚ ਡੋਬ ਦਿੰਦੀਆਂ ਹਨ।+ 10 ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ। ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ ਗੁਮਰਾਹ ਹੋ ਕੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।+
11 ਪਰ ਤੂੰ, ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜ। ਇਸ ਦੀ ਬਜਾਇ, ਸਹੀ ਕੰਮ ਕਰਨ, ਪਰਮੇਸ਼ੁਰ ਦੀ ਭਗਤੀ ਕਰਨ ਅਤੇ ਨਿਹਚਾ, ਪਿਆਰ, ਧੀਰਜ ਤੇ ਨਰਮਾਈ ਵਰਗੇ ਗੁਣ ਪੈਦਾ ਕਰਨ ਦਾ ਜਤਨ ਕਰਦਾ ਰਹਿ।+ 12 ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਚੰਗੀ ਲੜਾਈ ਲੜ। ਹਮੇਸ਼ਾ ਦੀ ਜ਼ਿੰਦਗੀ ਨੂੰ ਘੁੱਟ ਕੇ ਫੜ ਜਿਸ ਲਈ ਤੈਨੂੰ ਸੱਦਿਆ ਗਿਆ ਸੀ ਅਤੇ ਜਿਸ ਬਾਰੇ ਤੂੰ ਬਹੁਤ ਸਾਰੇ ਗਵਾਹਾਂ ਸਾਮ੍ਹਣੇ ਖੁੱਲ੍ਹ ਕੇ ਐਲਾਨ ਕੀਤਾ ਸੀ।
13 ਸਾਰਿਆਂ ਨੂੰ ਜੀਉਂਦਾ ਰੱਖਣ ਵਾਲੇ ਪਰਮੇਸ਼ੁਰ ਅਤੇ ਮਸੀਹ ਯਿਸੂ ਦੀ ਹਜ਼ੂਰੀ ਵਿਚ, ਜਿਸ ਨੇ ਪੁੰਤੀਅਸ ਪਿਲਾਤੁਸ ਸਾਮ੍ਹਣੇ ਵਧੀਆ ਢੰਗ ਨਾਲ ਗਵਾਹੀ ਦਿੱਤੀ ਸੀ,+ ਮੈਂ ਤੈਨੂੰ ਕਹਿੰਦਾ ਹਾਂ 14 ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤਕ ਤੂੰ ਬੇਦਾਗ਼ ਅਤੇ ਨਿਰਦੋਸ਼ ਰਹਿ ਕੇ ਉਸ ਹੁਕਮ ਦੀ ਪਾਲਣਾ ਕਰ ਜੋ ਮੈਂ ਤੈਨੂੰ ਦਿੱਤਾ ਸੀ।+ 15 ਖ਼ੁਸ਼ਦਿਲ ਅਤੇ ਇੱਕੋ-ਇਕ ਤਾਕਤਵਰ ਪ੍ਰਭੂ ਮਿਥੇ ਹੋਏ ਸਮੇਂ ਤੇ ਪ੍ਰਗਟ ਹੋਵੇਗਾ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।+ 16 ਸਿਰਫ਼ ਉਹੀ ਅਮਰ ਹੈ+ ਅਤੇ ਉਹ ਉਸ ਚਾਨਣ ਵਿਚ ਵੱਸਦਾ ਹੈ ਜਿਸ ਦੇ ਨੇੜੇ ਜਾਣਾ ਨਾਮੁਮਕਿਨ ਹੈ।+ ਉਸ ਨੂੰ ਕਿਸੇ ਇਨਸਾਨ ਨੇ ਨਾ ਹੀ ਦੇਖਿਆ ਹੈ ਅਤੇ ਨਾ ਹੀ ਦੇਖ ਸਕਦਾ ਹੈ।+ ਉਸੇ ਦਾ ਆਦਰ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ।
17 ਜਿਹੜੇ ਇਸ ਜ਼ਮਾਨੇ* ਵਿਚ ਅਮੀਰ ਹਨ, ਉਨ੍ਹਾਂ ਨੂੰ ਹਿਦਾਇਤ* ਦੇ ਕਿ ਉਹ ਹੰਕਾਰ ਨਾ ਕਰਨ ਅਤੇ ਨਾ ਹੀ ਧਨ-ਦੌਲਤ ਉੱਤੇ ਉਮੀਦ ਰੱਖਣ ਜਿਸ ਦਾ ਕੋਈ ਭਰੋਸਾ ਨਹੀਂ ਹੈ,+ ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖਣ ਜਿਹੜਾ ਸਾਨੂੰ ਦਿਲ ਖੋਲ੍ਹ ਕੇ ਸਾਰੀਆਂ ਚੀਜ਼ਾਂ ਦਿੰਦਾ ਹੈ ਜਿਨ੍ਹਾਂ ਦਾ ਅਸੀਂ ਮਜ਼ਾ ਲੈਂਦੇ ਹਾਂ।+ 18 ਨਾਲੇ ਉਨ੍ਹਾਂ ਨੂੰ ਕਹਿ ਕਿ ਉਹ ਭਲਾਈ ਕਰਨ, ਚੰਗੇ ਕੰਮਾਂ ਵਿਚ ਲੱਗੇ ਰਹਿਣ, ਖੁੱਲ੍ਹੇ ਦਿਲ ਵਾਲੇ ਬਣਨ ਅਤੇ ਦੂਸਰਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਨ ਲਈ ਤਿਆਰ ਰਹਿਣ।+ 19 ਇਸ ਤਰ੍ਹਾਂ ਕਰ ਕੇ ਉਹ ਆਪਣੇ ਲਈ ਪਰਮੇਸ਼ੁਰ ਵੱਲੋਂ ਮਿਲਿਆ ਖ਼ਜ਼ਾਨਾ ਇਕੱਠਾ ਕਰਦੇ ਹਨ ਯਾਨੀ ਭਵਿੱਖ ਲਈ ਇਕ ਚੰਗੀ ਨੀਂਹ ਧਰਦੇ ਹਨ+ ਤਾਂਕਿ ਉਹ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ।+
20 ਪਿਆਰੇ ਤਿਮੋਥਿਉਸ, ਉਸ ਅਮਾਨਤ ਦੀ ਰਾਖੀ ਕਰ ਜੋ ਤੈਨੂੰ ਸੌਂਪੀ ਗਈ ਹੈ,+ ਉਨ੍ਹਾਂ ਖੋਖਲੀਆਂ ਗੱਲਾਂ ਤੋਂ ਦੂਰ ਰਹਿ ਜੋ ਪਵਿੱਤਰ ਗੱਲਾਂ ਦੇ ਉਲਟ ਹਨ ਅਤੇ ਝੂਠੇ “ਗਿਆਨ” ਦੇ ਉਲਟ ਵਿਚਾਰਾਂ ਤੋਂ ਵੀ ਦੂਰ ਰਹਿ।+ 21 ਅਜਿਹੇ ਗਿਆਨ ਦਾ ਦਿਖਾਵਾ ਕਰ ਕੇ ਕੁਝ ਲੋਕਾਂ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ।
ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ।
ਮਤਲਬ “ਪਰਮੇਸ਼ੁਰ ਦਾ ਆਦਰ ਕਰਨ ਵਾਲਾ।”
ਜਾਂ, “ਫ਼ਰਮਾਨ; ਹੁਕਮ।”
ਜਾਂ, “ਬਿਨਾਂ ਕਿਸੇ ਛਲ-ਕਪਟ ਦੇ।”
ਯੂਨਾ, “ਜਾਇਜ਼।”
ਜਾਂ, “ਅਟੱਲ ਪਿਆਰ ਨਾ ਕਰਨ ਵਾਲੇ।”
ਸ਼ਬਦਾਵਲੀ, “ਹਰਾਮਕਾਰੀ” ਦੇਖੋ।
ਯਾਨੀ, ਜਿਹੜੇ ਆਦਮੀ ਦੂਜੇ ਆਦਮੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ।
ਜਾਂ, “ਗੁਣਕਾਰੀ; ਫ਼ਾਇਦੇਮੰਦ।”
ਜਾਂ, “ਫ਼ਰਮਾਨ; ਹੁਕਮ।”
ਯਾਨੀ, ਉਨ੍ਹਾਂ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਸੀ।
ਜਾਂ, “ਅਧਿਕਾਰ ਵਾਲੀਆਂ ਪਦਵੀਆਂ।”
ਜਾਂ, “ਹਰ ਤਰ੍ਹਾਂ ਦੇ ਲੋਕਾਂ।”
ਜਾਂ, “ਸਮਝਦਾਰੀ ਨਾਲ।”
ਯੂਨਾ, “ਵਾਲ਼ ਨਾ ਗੁੰਦਣ।”
ਜਾਂ, “ਸ਼ਾਂਤ।”
ਜਾਂ, “ਸ਼ਾਂਤ।”
ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਨਿਹਚਾ ਪੱਕੀ ਰਹੇਗੀ।
ਜਾਂ, “ਪ੍ਰਬੰਧ।”
ਜਾਂ, “ਪ੍ਰਬੰਧ।”
ਜਾਂ, “ਲੋਕਾਂ ਸਾਮ੍ਹਣੇ ਉਸ ਨੂੰ ਬੇਇੱਜ਼ਤ ਨਾ ਹੋਣਾ ਪਵੇ।”
ਜਾਂ, “ਛਲ-ਕਪਟ ਵਾਲੀਆਂ।”
ਇੱਥੇ ਨਿਹਚਾ ਦਾ ਮਤਲਬ ਹੈ ਸਾਰੀਆਂ ਮਸੀਹੀ ਸਿੱਖਿਆਵਾਂ।
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਜਾਂ, “ਕਸਰਤ।”
ਜਾਂ, “ਹੱਲਾਸ਼ੇਰੀ।”
ਜਾਂ, “ਮਨਨ।”
ਜਾਂ, “ਜੋ ਵਿਧਵਾਵਾਂ ਸੱਚ-ਮੁੱਚ ਲੋੜਵੰਦ ਹਨ।”
ਯੂਨਾ, “ਆਦਰ ਕਰ।”
ਜਾਂ, “ਹੁਕਮ।”
ਇੱਥੇ ਨਿਹਚਾ ਦਾ ਮਤਲਬ ਹੈ ਸਾਰੀਆਂ ਮਸੀਹੀ ਸਿੱਖਿਆਵਾਂ।
ਯੂਨਾ, “ਇੱਕੋ ਪਤੀ ਦੀ ਪਤਨੀ ਹੋਵੇ।”
ਪੁਰਾਣੇ ਸਮਿਆਂ ਵਿਚ ਪਰਾਹੁਣਚਾਰੀ ਕਰਨ ਲਈ ਘਰ ਆਏ ਮਹਿਮਾਨ ਦੇ ਪੈਰ ਧੋਤੇ ਜਾਂਦੇ ਸਨ।
ਜਾਂ, “ਲੋੜਵੰਦ।”
ਯੂਨਾ, “ਬਾਕੀ ਸਾਰੇ ਵੀ ਡਰਨ।”
ਜਾਂ, “ਕਿਸੇ ਉੱਤੇ ਆਪਣੇ ਹੱਥ ਨਾ ਰੱਖੀਂ।”
ਜਾਂ, “ਤੂੰ ਅੱਗੇ ਤੋਂ ਸਿਰਫ਼ ਪਾਣੀ ਨਾ ਪੀਵੀਂ।”
ਜਾਂ, “ਗੁਣਕਾਰੀ; ਫ਼ਾਇਦੇਮੰਦ।”
ਜਾਂ, “ਦਾ ਜਨੂਨ ਸਵਾਰ ਰਹਿੰਦਾ ਹੈ।”
ਜਾਂ, “ਗਾਲ਼ੀ-ਗਲੋਚ ਕਰਦੇ ਹਨ।”
ਜਾਂ ਸੰਭਵ ਹੈ, “ਸਿਰ ਢਕਣ ਲਈ ਥਾਂ।”
ਜਾਂ, “ਯੁਗ।” ਸ਼ਬਦਾਵਲੀ ਦੇਖੋ।
ਜਾਂ, “ਹੁਕਮ।”